. |
|
ਗੁਰੂ ਨਾਨਕ ਪਾਤਸ਼ਾਹ ਦੀ ਅਜ਼ਮਤ ਸਬੰਧੀ ਕੁੱਝ ਟੂਕਾਂ:
“ਗੁਰੁ ਨਾਨਕੁ ਜਿਨ ਸੁਣਿਆ ਪੇਖਿਆ. .”
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ
ਮਿਸ਼ਨਰੀ ਲਹਿਰ 1956
ਆਦਿ ਗੁਰੂ, ਗੁਰੂ ਨਾਨਕ ਸਾਹਿਬ ਦੀ ਅਜ਼ਮਤ ਤਾਂ ਕਈ ਜਨਮ ਲਗਾ ਕੇ ਵੀ ਬਿਆਨ
ਕਰਣੀ ਅਸੰਭਵ ਹੈ, ਫ਼ਿਰ ਵੀ ਵਿਸ਼ੇ ਨੂੰ ਸਮਝਣ ਲਈ ਇਥੇ ਕੁੱਝ ਟੂਕਾਂ ਤੇ ਨੁੱਕਤੇ ਦੇ ਰਹੇ ਹਾਂ।
ਗੁਰਬਾਣੀ ਅਨੁਸਾਰ ‘ਗੁਰੂ’ ? -ਜੇ ਕਰ ਅਸੀਂ ਤਨੋ ਮਨੋ
“ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਸਿੱਖ ਹਾਂ ਤਾਂ ਜਿਸ ਅਕਾਲਪੁਰਖੀ ‘ਗੁਰੂ’ ਨਾਲ ਸਾਨੂੰ
ੴ ਤੋਂ ਲੈ ਕੇ “ਤਨੁ ਮਨੁ ਥੀਵੈ ਹਰਿਆ” ਤੀਕ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੋੜ ਰਹੇ ਹਨ;
ਸਪਸ਼ਟ ਹੈ ਉਸ ‘ਗੁਰੂ’ ਪਦ ਦੇ ਅਰਥ, ਵਿਆਖਿਆ, ਪ੍ਰੀਭਾਸ਼ਾ ਵੀ ਸਾਨੂੰ ਗੁਰਬਾਣੀ ਚੋਂ ਹੀ ਮਿਲੇਗੀ,
ਬਾਹਰੋਂ ਕਿਧਰੋਂ ਨਹੀਂ। ਗੁਰਬਾਣੀ `ਚ ਉਸ ‘ਗੁਰੂ’ ਲਈ ਹੀ ਲਫ਼ਜ਼ ‘ਸਤਿਗੁਰੂ’, ‘ਸ਼ਬਦ ਗੁਰੂ’ ‘ਸ਼ਬਦ’
ਆਦਿ ਵੀ ਆਏ ਹਨ। ਸਿੱਖ ਲਈ ਦ੍ਰਿੜਾਏ ਗੁਰਬਾਣੀ ਵਿਚਲੇ ‘ਗੁਰੂ’ ਪਦ ਦੇ ਅਰਥ ਸਮਝਣ ਵੇਲੇ ਜੇ ਅਸਾਂ
ਉਸ `ਚ ਰਾਈ ਮਾਤ੍ਰ ਵੀ ਪੁਰਾਤਨ ਜਾਂ ਪ੍ਰਚਲਤ ‘ਗੁਰੂ’ ਵਾਲੇ ਅਰਥਾਂ ਦੀ ਮਿਲਾਵਟ ਕਰ ਲਈ ਤਾਂ ਯਕੀਨ
ਜਾਣੋ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦੇ ਬਾਰ ਬਾਰ ਪਾਠ ਤੇ ਅਧਿਐਨ ਵੀ, ਸਾਨੂੰ ਪਾਤਸ਼ਾਹ
ਰਾਹੀਂ ਪ੍ਰਗਟਾਏ ‘ਗੁਰੂ’ ਤੀਕ ਨਹੀਂ ਪਹੁੰਚਾ ਸਕਣਗੇ। ਉਸ ‘ਗੁਰੂ ਜੀਵਨ” ਤੀਕ ਕਿਸੇ ਤਰ੍ਹਾਂ ਵੀ
ਨਹੀਂ ਪੁੱਜ ਸਕਾਂਗੇ, ਜਿਸ ਨਾਲ ਗੁਰੂ ਨਾਨਕ ਪਾਤਸ਼ਾਹ ਤੇ ਉਨ੍ਹਾਂ ਦੇ ਨੌਂ ਸਰੂਪ ਸਾਨੂੰ ਜੋੜ ਰਹੇ
ਹਨ।
੧. ਇੱਕ ਗੁਰੂ ਦਸ ਦਰਸ਼ਨ- ਇਸ `ਚ ਵੀ ਅਤਿ ਕਥਨੀ ਨਹੀਂ ਤੇ ਅੱਗੇ ਜਾ
ਕੇ ਇਹ ਵੀ ਦੇਖਾਂਗੇ ਕਿ ਗੁਰਬਾਣੀ ਰਾਹੀਂ ਪ੍ਰਗਟਾਏ ‘ਗੁਰੂ’ ਵਾਲੇ ਇਲਾਹੀ ਅਰਥ, ਜੇ ਸਰੀਰਾਂ `ਤੇ
ਪੂਰੇ ਉਤਰਦੇ ਵੀ ਹਨ ਤਾਂ ਉਹ ਕੇਵਲ ‘ਗੁਰੂ ਨਾਨਕ ਪਾਤਸ਼ਾਹ’ ਤੇ ਉਨ੍ਹਾਂ ਦੇ ਬਾਕੀ ਜਾਮਿਆਂ `ਤੇ,
ਹੋਰ ਕਿਧਰੇ ਲਾਗੂ ਨਹੀਂ ਹੁੰਦੇ। ਇਸ ਨਾਲ ਇਹ ਵੀ ਜ਼ਰੂਰੀ ਹੈ ਕਿ ਉਸ ਰੱਬੀ ਸੱਚ ਤੀਕ ਅਪੜਣ ਲਈ
ਗੁਰਬਾਣੀ ਸਮੁੰਦਰ `ਚ ਹੀ ਚੁੱਭੀਆਂ ਮਾਰੀਆਂ ਜਾਣ। ਦੋਹਰਾ ਦੇਣਾ ਚਾਹੁੰਦੇ ਹਾਂ, ਸਿੱਖ ਲਈ,
ਗੁਰਬਾਣੀ `ਚ ਪ੍ਰਗਟਾਏ ‘ਗੁਰੂ’ ਦੇ ਅਰਥ ਕੇਵਲ ਸੌ ਨਹੀਂ ਬਲਕਿ ਦੋ ਸੌ ਪ੍ਰਤੀਸ਼ਤ ਨਿਵੇਕਲੇ, ਨਿਰੋਏ
ਤੇ ਨਵੇਂ ਹਨ। ‘ਗੁਰੂ’ ਪਦ ਦੇ ਅਰਥ ਜੋ ਸੰਸਾਰ ਭਰ ਦੇ ਧਰਮ ਗ੍ਰੰਥਾਂ ਜਾਂ ਪ੍ਰਚਲਣਾ `ਚ ਲੰਮੇ ਸਮੇਂ
ਤੋਂ ਮਿਲਦੇ ਹਨ, ਇਥੇ ਮੇਲ ਨਹੀਂ ਖਾਂਦੇ ਤੇ ਨਾ ਲਾਗੂ ਹੁੰਦੇ ਹਨ।
੨. ਸਭ ਤੇ ਵਡਾ ਸਤਿਗੁਰੁ ਨਾਨਕੁ
(ਪੰ: ੭੫੦) - ਸਦੀਆਂ ਬੀਤ ਚੁੱਕੀਆਂ ਹਨ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਨੂੰ;
ਉਪ੍ਰੰਤ ਉਨ੍ਹਾਂ ਰਾਹੀਂ ਆਪਣੇ ਭਿੰਨ ਭਿੰਨ ਜਾਮਿਆਂ `ਚ ਰਚੀ ਜਾਂ ਪ੍ਰਵਾਣ ਕੀਤੀ ਬਾਣੀ ਨੂੰ।
ਉਪ੍ਰੰਤ ਉਸ ਸਾਰੀ ਗੁਰਬਾਣੀ ਰਚਨਾ ਦੇ ਸੰਪੂਣਤਾ ਪ੍ਰਾਪਤ ਭੰਡਾਰ ਹਨ ‘ਸਾਹਿਬ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ’। ਇਸ ਦੌਰਾਨ, ਸੰਸਾਰ ਇੱਕ ਵੱਡਾ ਫੈਲਾਅ ਲੈਣ ਤੋਂ ਬਾਅਦ ਵੀ ਛੋਟੇ ਜਿਹੇ ਪ੍ਰਵਾਰ ਦਾ
ਰੂਪ ਲੈ ਚੁੱਕਾ ਹੈ। ਖਗੋਲ, ਭੌਤਿਕ ਅਦਿ ਕਈ ਸੰਸਾਰਿਕ ਵਿਗਿਆਨ ਪਲਾਂਘਾਂ ਪੁੱਟ ਕੇ ਕਿੱਥੇ ਦਾ
ਕਿੱਥੇ ਪੁੱਜ ਚੁੱਕੇ ਹਨ। ਇਸ ਦੌਰਾਨ, ਸੰਸਾਰ `ਚ ਵੱਡੇ ਵੱਡੇ ਵਿਚਾਰਵਾਨ, ਦਾਰਸ਼ਨਿਕ, ਧਾਰਮਿਕ ਆਗੂ,
ਮਹਾਪੁਰਸ਼, ਸੋਝੀਵਾਣ, ਰਾਜਸੀ ਆਗੂ ਤੇ ਅਨੇਕਾਂ ਸਤਿਕਾਰਜੋਗ ਹਸਤੀਆਂ ਵੀ ਪੈਦਾ ਹੋਈਆਂ ਹਨ। ਇਨ੍ਹਾਂ
ਚੋਂ ਬਹੁਤੇ ਹਨ ਜਿਨ੍ਹਾਂ, ਗੁਰੂ ਨਾਨਕ ਪਾਤਸ਼ਾਹ ਭਾਵ ਗੁਰਬਾਣੀ ਰਾਹੀਂ ਪ੍ਰਗਟ ਸੱਚ ਦੇ ਸੋਹਿਲੇ ਤਾਂ
ਬਹੁਤ ਗਾਏ ਹਨ ਜਾਂ ਗੁਰਬਾਣੀ ਸੋਝੀ ਨਾਲ ਆਪਣੇ ਜੀਵਨਾਂ ਨੂੰ ਚਮਕਾਇਆ, ਸ਼ਿੰਗਾਇਆ ਤੇ ਇਸ ਰੱਬੀ ਸੱਚ
ਦਾ ਅਨੰਦ ਵੀ ਮਾਣਿਆ ਹੈ।
ਇਸ ਦੇ ਬਾਵਜੂਦ ਇੱਕ ਮਿਸਾਲ ਵੀ ਅਜਿਹੀ ਨਹੀਂ ਮਿਲੇਗੀ ਜਿੱਥੇ ਕਿਸੇ ਨੇ
ਗੁਰਬਾਣੀ ਰਾਹੀਂ ਪ੍ਰਗਟ ਕਿਸੇ ਇੱਕ ਵੀ ਜੀਵਨ ਦੇ ਸਿਧਾਂਤ `ਤੇ ਉਂਗਲੀ ਕੀਤੀ ਹੋਵੇ, ਉਸ `ਚੋਂ ਖੋਟ
ਕੱਢੀ ਹੋਵੇ ਜਾਂ ਕਿਹਾ ਹੋਵੇ ਕਿ ਅਮੁੱਕਾ ਸਿਧਾਂਤ ਅੱਜ ਲਾਗੂ ਨਹੀਂ ਹੁੰਦਾ।
੩.”ਇਕਾ ਬਾਣੀ ਇਕੁ ਗੁਰੁ. .” - ਸੰਸਾਰ ਭਰ `ਚ ਕਿਸੇ ਵੀ ਰਚਨਾ ਦਾ
ਕੋਈ ਲਿਖਾਰੀ ਜਦੋਂ ਆਪਣੀ ਲਿਖਿਤ ਨੂੰ ਦਿੰਦਾ ਹੈ। ਉਪ੍ਰੰਤ ਉਸੇ ਰਚਨਾ ਦੀ ਅਗਲੀ ਛਾਪ ਸਮੇਂ, ਕੁੱਝ
ਵਾਧੇ-ਘਾਟੇ ਤੇ ਸੋਧਾਂ ਵੀ ਜ਼ਰੂਰ ਕਰਦਾ ਹੈ। ਇਹ ਸਬੂਤ ਹੈ ਕਿ ਹਰੇਕ ਆਉਣ ਵਾਲੀ ਲਿਖਤ ਦੇਣ ਤੋਂ
ਪਹਿਲਾਂ ਦਿੱਤੀ ਜਾ ਚੁੱਕੀ ਲਿਖਿਤ ਸਮੇਂ ਉਸ ਵਿਸ਼ੇ `ਤੇ ਲਿਖਾਰੀ ਦੀ ਉਨੀਂ ਹੀ ਤਿਆਰੀ ਸੀ। ਇਹ ਤਾਂ
ਹੈ ਇਕੱਲੇ ਲਿਖਾਰੀ ਦੀ ਗੱਲ ਜੋ ਉਸ ਨੂੰ ਹਰੇਕ ਅਗਲੀ ਛਾਪ `ਚ ਲੋੜ ਅਨੁਸਾਰ ਸੋਧਾਂ ਤੇ ਵਾਧੇ-ਘਾਟੇ
ਦੇਣੇ, ਉਸ ਦੀ ਮਜਬੂਰੀ ਹੁੰਦੀ ਹੈ। ਦੂਜੇ ਪਾਸੇ ਖਰੀਦਣ ਵਾਲਾ ਵੀ ਦੇਖਦਾ ਹੈ ਕਿ ਅਮੁੱਕੇ ਵਿਸ਼ੇ `ਤੇ
ਲਿਖਾਰੀ ਦੀ ਕਿੰਨਵੀਂ ਤੇ ਕਿਹੜੀ ਛਾਪ (ਐਡੀਸ਼ਨ) ਅਖੀਰਲੀ ਹੈ। ਇਹੀ ਅਸੂਲ ਵਿਗਿਆਨ ਦੀਆਂ ਖੋਜਾਂ `ਤੇ
ਵੀ ਲਾਗੂ ਹੁੰਦਾ ਹੈ। ਵਿਗਿਆਨ ਦੀ ਹਰੇਕ ਆਉਣ ਵਾਲੀ ਕਾਢ ਪਹਿਲਾਂ ਹੋ ਚੁੱਕੀ ਕਾਢ `ਤੇ ਹੀ ਨਿਰਭਰ
ਹੁੰਦੀ ਹੈ।
ਇਹ ਅਸੂਲ ਜੇ ਕਰ ਸੰਸਾਰ ਭਰ `ਚ ਕਿਧਰੇ ਲਾਗੂ ਨਹੀਂ ਹੁੰਦਾ ਤਾਂ ਗੁਰੂ ਨਾਨਕ
ਪਾਤਸ਼ਾਹ ਦੀ ਸੰਸਾਰ ਨੂੰ ਇੱਕੋ ਇੱਕ ਦੇਣ “ਸਾਹਿਬ ਸ੍ਰੀ ਗੁਰੂ ਗ੍ਰੰਥ” ਜੀ `ਤੇ ਲਾਗੂ ਨਹੀਂ ਹੁੰਦਾ।
ਇਹੀ ਕਾਰਨ ਹੈ, ਸੰਸਾਰ ਭਰ `ਚ “ਜੁਗੋ-ਜੁਗ ਅਟੱਲ” ਵਾਲਾ ਸਤਿਕਾਰ ਜੇਕਰ ਪ੍ਰਾਪਤ ਹੈ ਤਾਂ ਕੇਵਲ ਤੇ
ਕੇਵਲ “ਸਾਹਿਬ ਸ੍ਰੀ ਗੁਰੂ ਗ੍ਰੰਥ” ਜੀ ਨੂੰ। “ਸਾਹਿਬ ਸ੍ਰੀ ਗੁਰੂ ਗ੍ਰੰਥ” ਹੀ ਹਨ ਜਿੱਥੇ ਗੁਰੂ
ਨਾਨਕ ਪਾਤਸ਼ਾਹ ਦੀ ਆਪਣੇ ਭਿੰਨ ਭਿੰਨ ਜਾਮਿਆਂ `ਚ ਰਚੀ ਜਾਂ ਪ੍ਰਵਾਣ ਕੀਤੀ ੧੫ ਭਗਤ, ਯਾਰ੍ਹਾਂ ਭੱਟ
ਤੇ ਤਿੰਨ ਸਿੱਖਾਂ ਦੀ ਬਾਣੀ ਵੀ ਪ੍ਰਾਪਤ ਹੈ। ਇਥੇ ਇੱਕ ਨਹੀਂ ਬਲਕਿ ੩੫ ਲਿਖਾਰੀ ਹਨ ਫ਼ਿਰ ਵੀ ਸਦੀਵ
ਕਾਲ ਲਈ “ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਸਚਾ ਸਉਦਾ, ਹਟੁ ਸਚੁ, ਰਤਨੀ ਭਰੇ
ਭੰਡਾਰ” (ਪੰ: ੬੪੬) ਵਾਲਾ ਅਸੂਲ ਹੀ ਲਾਗੂ ਹੁੰਦਾ ਹੈ ਦੂਜਾ ਨਹੀਂ। ਕਿਉਂਕਿ ਗੁਰੂ ਨਾਨਕ
ਪਾਤਸ਼ਾਹ, ਅਕਾਲਪੁਰਖ ਦੇ ਨਿਜ ਗੁਣ ‘ਸ਼ਬਦ ਗੁਰੂ’ ‘ਇਕ ਗੁਰੂ ਦਸ ਸਰੂਪ’ ਦੇ ਤੌਰ `ਤੇ ਸਰੀਰਕ
ਪ੍ਰਗਟਾਵਾ ਹਨ।
੪.”ਨਾਨਕ ਮੇਰੁ ਸਰੀਰ ਕਾ” - (ਪੰ: ੪੭੦) “ਪ੍ਰਾਣੀ ਤੂੰ
ਆਇਆ ਲਾਹਾ ਲੈਣਿ” (ਪੰ: ੪੩) “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ
ਬਰੀਆ” (ਪੰ: ੧੨) ਇਸ ਤਰ੍ਹਾਂ ਬੇ ਸ਼ੁਮਾਰ ਗੁਰਬਾਣੀ ਪ੍ਰਮਾਣ ਹਨ ਜੋ ਸਪਸ਼ਟ ਕਰ ਰਹੇ ਹਨ ਕਿ
ਸਚਿਆਰਾ, ਜੀਵਨ ਮੁੱਕਤ, ਜੀਵਨ ਅੰਦਰ ਇਲਾਹੀ ਪੱਧਰ ਦੀ ਆਤਮਿਕ ਉੱਚਤਾ, ਜੀਵਨ `ਚ ਇਲਾਹੀ ਗੁਣ ਅਥਵਾ
‘ਗੁਰੂ ਗਿਆਨ’ ਦੀ ਲੋੜ ਕੇਵਲ ਮਨੁੱਖਾ ਜੂਨ `ਚ ਹੀ ਹੈ। ਇਸ ਦੇ ਉਲਟ ਬਾਕੀ ਅਰਬਾਂ-ਖਰਬਾਂ ਜੂਨੀਆ ਵੀ
ਹਨ, ਜਦ ਕਿ ਹੋਰ ਕਿਸੇ ਵੀ ਜੂਨ `ਚ ਅਜਿਹੀ ਲੋੜ ਨਹੀਂ। ਸਪਸ਼ਟ ਹੈ ਜਦੋਂ ਇਹ ਮਸਲਾ ਹੀ ਕੇਵਲ ਮਨੁੱਖਾ
ਜੂਨ ਦਾ ਹੈ ਤਾਂ ਉਸ ਦੀ ਪ੍ਰਾਪਤੀ ਤੇ ਸੋਝੀ ਨੂੰ ਪ੍ਰਕਟ ਕਰਣ ਲਈ ਸਾਧਨ ਵੀ ਮਨੁੱਖਾ ਸਰੀਰ ਹੀ ਹੋ
ਸਕਦਾ ਸੀ।
ਇਸ ਤਰ੍ਹਾਂ ਇਹ ‘ਗੁਰੂ ਸਰੀਰ’ ਸੀ ਗੁਰੂ ਨਾਨਕ ਪਾਤਸ਼ਾਹ ਦਾ। ਉਪ੍ਰੰਤ
ਮਨੁੱਖਾ ਸਰੀਰ ਦੀ ਵੀ ਸੀਮਾ ਹੁੰਦੀ ਹੈ। ਇਸ ਲਈ ਇਸ ਰੱਬੀ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਪਾਤਸ਼ਾਹ
ਨੇ ਇੱਕ ਤੋਂ ਬਾਅਦ ਇੱਕ, ਦਸ ਜਾਮੇ ਧਾਰਣ ਕੀਤੇ। ਉਪ੍ਰੰਤ ਜਦੋਂ ਮਨੁੱਖ ਲਈ ਸੱਚ ਧਰਮ ਵਾਲਾ ਇਹ
ਜਹਾਜ਼ ਤਿਆਰ ਹੋ ਗਿਆ ਤਾਂ ਆਪ ਨੇ ਇਸ ਨੂੰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦੇ ਰੂਪ `ਚ
ਸਥਾਪਿਤ ਕਰ ਦਿੱਤਾ। ਗੁਰਬਾਣੀ `ਚ ਇਸ ਬਾਰੇ ਸੇਧ ਵੀ ਹੈ ਜਿਵੇਂ “ਮਾਇਆ ਮੋਹੁ ਮੇਰੈ ਪ੍ਰਭਿ
ਕੀਨਾ, ਆਪੇ ਭਰਮਿ ਭੁਲਾਏ॥ ਮਨਮੁਖਿ ਕਰਮ ਕਰਹਿ ਨਹੀ ਬੂਝਹਿ, ਬਿਰਥਾ ਜਨਮੁ ਗਵਾਏ” (ਪੰ: ੬੭)
ਇਸ ਲਈ “ਗੁਰਬਾਣੀ ਇਸੁ ਜਗ ਮਹਿ ਚਾਨਣੁ, ਕਰਮਿ ਵਸੈ ਮਨਿ ਆਏ” (ਪੰ: ੬੭) ਭਾਵ ਗੁਰਬਾਣੀ
ਸੰਸਾਰ ਭਰ ਲਈ ਚਾਨਣ ਮੁਨਾਰਾ ਹੈ। ਫ਼ਿਰ ਵੀ ਲਾਭ ਉਹੀ ਲੈਣਗੇ ਜਿਹੜੇ ਮੋਹ-ਮਾਇਆ ਵਿਕਾਰਾਂ ਦਾ ਤਿਅਗ
ਕਰਕੇ, ਸਮ੍ਰਪਣ ਦੀ ਭਾਵਨਾ ਨਾਲ ਇਸ ਦੀ ਸ਼ਰਣ `ਚ ਆਉਣਗੇ ਤੇ ਪ੍ਰਭੂ ਬਖਸ਼ਿਸ਼ ਦੇ ਪਾਤ੍ਰ ਬਨਣਗੇ।
੫.”ਸਚੁ ਸੁਣਾਇਸੀ ਸਚ ਕੀ ਬੇਲਾ” (ਪੰ: ੭੨੨) - ਸੰਸਾਰ ਪੱਧਰ `ਤੇ ਇਹ
ਮਾਣ ਵੀ ਗੁਰੂ ਨਾਨਕ ਪਾਤਸ਼ਾਹ ਦੇ ਹਿੱਸੇ ਹੀ ਆਉਂਦਾ ਹੈ। ਹਦੋਂ ਵੱਧ ਹੈਰਾਨੀ ਹੁੰਦੀ ਹੈ ਜਦੋਂ
ਮਨੁੱਖ ਦੀ ਸੋਚ ਇਸ ਪਾਸੇ ਮੁੜੇ ਤਾਂ। ਆਖਿਰ ਗੁਰੂ ਨਾਨਕ ਪਾਤਸ਼ਾਹ ਕੋਲ ਅਕਾਲਪੁਰਖ ਰਾਹੀਂ ਬਖ਼ਸ਼ੀ ਉਹ
ਕਿਹੜੀ ਦਿਵਯ ਦ੍ਰਿਸ਼ਟੀ ਤੇ ਦੂਰ ਦੀ ਨਜ਼ਰ ਸੀ? ਉਹ ਦ੍ਰਿਸ਼ਟੀ ਜਿਸ ਤੋਂ ਆਪ ਨੇ ਆਪਣੇ ਪਹਿਲੇ ਜਾਮੇ `ਚ
ਹੀ ਇੰਨੇ ਵੱਡੇ ਸੰਸਾਰ `ਚ ਵਿਚਰ ਕੇ, ਕੇਵਲ ਉਨ੍ਹਾਂ 15
ਭਗਤਾਂ ਦੀਆਂ ਰਚਨਾਵਾਂ ਚੁੱਕੀਆਂ, ਜੋ ਸਮੇਂ ਨਾਲ
“ਸਚੁ ਸੁਣਾਇਸੀ ਸਚ ਕੀ ਬੇਲਾ” (ਪੰ: ੭੨੨) ਅਤੇ “ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ
ਵੀਚਾਰਿ॥ ਸਚਾ ਸਉਦਾ, ਹਟੁ ਸਚੁ, ਰਤਨੀ ਭਰੇ ਭੰਡਾਰ” (ਪੰ: 646)
ਦੀ ਕਸਵੱਟੀ ਤੇ ਪੂਰੀਆਂ ਉਤਰਣੀਆਂ ਸਨ। ਇਹ ਆਪਣੇ ਆਪ `ਚ ਪਾਤਸ਼ਾਹ ਦੀ ਗ਼ੈਬੀ ਤਾਕਤ ਤੇ ਪਰਖ ਦੀ ਕਮਾਲ
ਨਹੀਂ ਤਾਂ ਹੋਰ ਕੀ ਹੈ? ਹਾਲਾਂਕਿ ਪਾਖੰਡੀਆਂ ਤੋਂ ਇਲਾਵਾ, ਉੱਚੀ ਆਤਮਕ ਅਵਸਥਾ ਵਾਲੇ
ਭਗਤਾਂ-ਮਹਾਪੁਰਖਾਂ ਦਾ ਵੀ ਘਾਟਾ ਨਹੀਂ ਸੀ। ਫ਼ਿਰ ਵੀ ਇਹੀ ੧੫ ਭਗਤ ਹੀ ਕਿਉਂ? ਇਸ ਤੋਂ ਵੱਡੀ
ਹੈਰਾਨੀ-ਗੁਰਦੇਵ ਨੇ ਜਿਨ੍ਹਾਂ ਭਗਤਾਂ ਦੀਆਂ ਰਚਨਾਵਾਂ ਚੁੱਕੀਆਂ; ਉਨ੍ਹਾਂ ਦੀਆਂ ਜਾਤਾਂ, ਜਨਮ
ਸਥਾਨ, ਪ੍ਰਾਂਤ, ਧਰਮ ਵੀ ਇੱਕ ਨਹੀਂ ਬਲਕਿ ਵੱਖ ਵੱਖ ਸਨ।
ਵਿਸ਼ੇ ਅਨੁਸਾਰ ਇੱਕ ਹੋਰ ਪੱਖੋਂ ਵੀ ਧਿਆਨ ਦੇਣ ਦੀ ਲੋੜ ਹੈ। ਦਰਅਸਲ ਇਨ੍ਹਾਂ
ਭਗਤਾਂ `ਚੋਂ ਕੁੱਝ ਦੀਆਂ ਰਚਨਾਵਾਂ ਅੱਜ ਵੀ ਮਿਲਦੀਆਂ ਹਨ ਜਿਹੜੀਆਂ “ਗੁਰੂ ਗ੍ਰੰਥ ਸਾਹਿਬ ਜੀ”
ਅੰਦਰ ਦਰਜ ਨਹੀਂ ਕੀਤੀਆਂ। ਦਰਅਸਲ, ਉਹ ਰਚਨਾਵਾਂ ਹਨ, ਜਿਹੜੀਆਂ ਉਨ੍ਹਾਂ ਭਗਤਾਂ ਦੇ ਕੱਚੇ ਤੇ ਸਫ਼ਲ
ਜੀਵਨ ਦੀ ਪ੍ਰਾਪਤੀ ਤੋਂ ਪਹਿਲਾਂ ਨਾਲ ਸਬੰਧਤ ਸਨ। ਫ਼ਿਰ ਸੰਪਾਦਨਾ ਸਮੇਂ ਭਗਤਾਂ ਦੀਆਂ ਰਚਨਾਵਾਂ ਨੂੰ
ਜੋ ਸਿਰਲੇਖ ਬਖਸ਼ਿਆ ਉਹ ਹੈ ‘ਬਾਣੀ ਭਗਤਾਂ ਕੀ’ ਜਿਸਦਾ ਅਰਥ ਹੈ ਗੁਰਬਾਣੀ `ਚ ਪ੍ਰਵਾਣਤ ਭਗਤ ਜਨਮ
ਤੋਂ ਸਫ਼ਲ ਅਵਸਥਾ `ਚ ਨਹੀਂ ਸਨ। ਇਹ ਸਾਰੇ ਭਗਤੀ ਭਾਵਨਾ ਤੇ ਇੱਕ ਦੂਜੇ ਦੀ ਸੰਗਤ `ਚ ਆ ਕੇ
“ਪੰਚਾ ਕਾ ਗੁਰੁ ਏਕੁ ਧਿਆਨੁ” (ਬਾਣੀ ਜਪੁ) ਵਾਲੀ ਜੀਵਨ ਦੀ ਇਸ ਉੱਚਤਮ ਅਵਸਥਾ ਨੂੰ ਪ੍ਰਾਪਤ
ਹੋਏ। ਗੁਰਬਾਣੀ `ਚ ਇਸ ਸੱਚ ਦੀ ਪਛਾਣ ਲਈ ਵੀ ਬਹੁਤ ਸਬੂਤ ਹਨ।
ਸਪਸ਼ਟ ਹੈ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਹੀ ਬਖ਼ਸ਼ਿਸ਼ ਹੈ ਜੋ ਇਨ੍ਹਾਂ
ਭਗਤਾਂ ਨੂੰ ਆਪਣੀ ਛਾਤੀ ਨਾਲ ਲਗਾ ਕੇ ਬਰਾਬਰੀ ਦਿੱਤੀ ਤੇ ਇਨ੍ਹਾਂ ਦੀਆਂ ਪੱਕੀਆਂ ਰਚਨਾਵਾਂ ਨੂੰ
ਸਤਿਸੰਗੀਆਂ ਲਈ ਆਪ ਸੰਭਾਲਿਆ। ਜੇ ਅਜਿਹਾ ਨਾ ਹੋਇਆ ਹੁੰਦਾ ਤਾਂ ਸ਼ਰਾਰਤੀ ਲੋਕਾਂ ਨੇ ਤਾਂ ਕਹਾਣੀਆਂ
ਰਚ ਰਚ ਕੇ ਆਪਣੇ ਢੰਗ ਨਾਲ, ਇਨ੍ਹਾਂ ਨੂੰ ਪੱਥਰ ਪੂਜਕ, ਮੂਰਤੀ ਪੂਜਕ, ਡਰਪੋਕ, ਦੇਵੀ-ਦੇਵਤਾ,
ਭਗਵਾਨ-ਵਾਦ ਦੇ ਪੂਜਾਰੀ ਤੇ ਬ੍ਰਾਹਮਣ ਭਗਤ ਸਾਬਿਤ ਕਰ ਹੀ ਦਿੱਤਾ ਸੀ, ਜਿਸ ਦੇ ਪ੍ਰਭਾਵ ਅੱਜ ਵੀ
ਦੇਖੇ ਜਾ ਸਕਦੇ ਹਨ। ਇਸੇ ਦਾ ਨਤੀਜਾ, ਨਹੀਂ ਤਾਂ ਇਹ ਵੀ ਸੰਭਵ ਸੀ ਕਿ ਇਨ੍ਹਾਂ ਦੇ ਜੀਵਨ ਦੀ ਉੱਚਤਾ
ਵੀ, ਵਿਰੋਧੀਆਂ ਕਾਰਨ ਅਗਿਆਣਤਾ ਦੇ ਹਨੇਰੇ `ਚ ਹੀ ਅਲੋਪ ਹੋ ਚੁੱਕੀ ਹੁੰਦੀ। ਜਦਕਿ ਸਰੀਰਕ ਤੌਰ `ਤੇ
ਇਨ੍ਹਾਂ `ਚੋਂ ਕਿਸੇ ਭਗਤ ਦਾ ਵੀ ਗੁਰੂ ਨਾਨਕ ਪਾਤਸ਼ਾਹ ਨਾਲ ਮਿਲਾਪ ਨਹੀਂ ਹੋਇਆ। ਇਹ ਸਾਰੇ, ਗੁਰੂ
ਨਾਨਕ ਸਾਹਿਬ ਤੋਂ ਡੇੜ੍ਹ-ਦੋ ਸੌ ਸਾਲ ਪਹਿਲਾਂ ਹੋਏ ਤੇ ਸਮਕਾਲੀ ਵੀ ਸਨ।
੬.”ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ” - ਫ਼ੈਸਲਾ ਹੈ “ਜੋ
ਉਪਜਿਓ ਸੋ ਬਿਨਸਿ ਹੈ” (ਪੰ: ੧੪੨੯) ਅਤੇ “ਰਹਣੁ ਪਾਵਹਿ ਸੁਰਿ ਨਰ ਦੇਵਾ” (ਪੰ: ੭੪੦)
ਭਾਵ ਮਨੁੱਖ ਸੰਸਾਰ `ਚ ਆਉਂਦਾ ਵੀ ਹੈ ਤੇ ਜਾਂਦਾ ਵੀ ਅਵੱਸ਼ ਹੈ। ਇਸ ਲਈ ਕੋਈ ਔਲੀਆ, ਪੈਗ਼ੰਬਰ,
ਮਹਾਪੁਰਸ਼ ਹੈ ਜਾਂ ਸਾਧਾਰਣ ਮਨੁੱਖ, ਸਰੀਰ ਸਾਰਿਆਂ ਨੇ ਤਿਆਗਣਾ ਹੈ। ਅਨੇਕਾਂ ਵਾਰੀ ਹੁੰਦਾ ਹੈ ਜਦੋਂ
ਡਾਕਟਰ ਕਹਿ ਦਿੰਦੇ ਹਨ, ਮਰੀਜ਼ ਬਿਲਕੁਲ ਠੀਕ ਹੈ ਪਰ ਨਤੀਜਾ ਹੋਰ ਹੀ ਹੁੰਦਾ ਹੈ। ਕਈ ਵਾਰੀ ਚੰਗਾ
ਭਲਾ ਗੱਲ ਬਾਤ ਕਰਦਾ ਮਨੁੱਖ ਵੀ ਮਿੱਟੀ ਦਾ ਢੇਰ ਹੋ ਜਾਂਦਾ ਹੈ, ਕਿਸੇ ਦਾ ਵੱਸ ਨਹੀਂ ਚਲਦਾ।
ਗੁਰਦੇਵ ਚੇਤਾਵਣੀ ਦਿੰਦੇ ਹਨ “ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ” (ਪੰ: ੧੨) ਭਾਵ
ਐ ਮਨੁੱਖ! ਪ੍ਰਭੂ ਦੇ ਇਸ ਚਲਣ ਨੂੰ ਦੇਖ, ਇਹ ਸੱਦੇ ਤਾਂ ਹਰ ਸਮੇਂ ਆ ਰਹੇ ਹਨ। ਉਪ੍ਰੰਤ ਇਹ ਵੀ ਸੱਚ
ਹੈ ਕਿ “ਮਰਣੁ ਨ ਜਾਪੈ ਮੂਲਿਆ, ਆਵੈ ਕਿਤੈ ਥਾਇ” (ਪੰ: ੧੪੧੨) ਕੇਵਲ ਇਨਾਂ ਹੀ ਨਹੀਂ ਬਲਕਿ
“ਨਾਨਕ ਕਿਸ ਨੋ ਆਖੀਐ, ਵਿਣੁ ਪੁਛਿਆ ਹੀ ਲੈ ਜਾਇ” (ਪੰ: ੧੪੧੨) ਕਿਸੇ ਨੂੰ ਨਹੀਂ ਪਤਾ ਕਿ ਕਿਸੇ
ਨਾਲ, ਪ੍ਰਭੂ ਵੱਲੋਂ ਇਹ ਭਾਣਾ ਕਦੋਂ, ਕਿਸ ਵੇਲੇ ਤੇ ਕਿੱਥੇ ਵਰਤ ਜਾਣਾ ਹੈ।
ਵਿਸ਼ੇ ਨੂੰ ਸਮਝਣ ਤੋਂ ਬਾਅਦ ਜਦੋਂ ਇਸੇ ਪੱਖੋਂ ਗੁਰੂ ਨਾਨਕ ਪਾਤਸ਼ਾਹ ਦੇ
ਚਰਨਾਂ ਵੱਲ ਮੁੜਦੇ ਹਾਂ ਤਾਂ ਇਥੇ ਵੀ ਪ੍ਰਭੂ ਵੱਲੋਂ ਵਿਸਮਾਦੀ ਖੇਡ ਹੀ ਵਰਤ ਰਹੀ ਹੈ। ਕਿਸੇ ਇੱਕ
ਜਾਂ ਆਪਣੇ ਸਰੀਰ ਬਾਰੇ ਤਾਂ ਸ਼ਾਇਦ ਕੋਈ ਅੰਦਾਜ਼ਾ ਦੇ ਦੇਵੇ। ਕਮਾਲ ਹੈ! ਕਿ, ਦਸ ਦੇ ਦਸ ਗੁਰੂ ਜਾਮੇ,
ਦਸ ਸਰੀਰ। ਸੰਸਾਰਿਕ ਉਮਰਾਂ `ਚ ਵੀ ਭਿੰਣਤਾ ਅਜਿਹੀ, ਕਿਧਰੇ ੭੦ ਸਾਲ, ਕਿਧਰੇ ੯੬ ਸਾਲ, ਕਿਧਰੇ ੪੮
ਸਾਲ ਤੇ ਕਿਧਰੇ ਕੇਵਲ ਸਵਾ ਅੱਠ ਸਾਲ। ਇਹ ਵੀ ਨਹੀਂ ਕਿ ਵਕਤੋਂ ਬਹੁਤ ਪਹਿਲਾਂ, ਕਿਧਰੇ ਇੱਕ ਦਿਨ ਤੇ
ਕਿਧਰੇ ਕੇਵਲ ਕੁੱਝ ਦਿਨ ਪਹਿਲਾਂ “ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥ ਸਹਿ ਟਿਕਾ
ਦਿਤੋਸੁ ਜੀਵਦੈ” (ਪੰ: ੯੬੬) ਅਨੁਸਾਰ ਗੁਰੂ ਨਾਨਕ ਪਾਤਸ਼ਾਹ ਰਾਹੀਂ, ਦੂਜੇ ਪਾਤਸ਼ਾਹ ਨੂੰ ਫ਼ਿਰ
“ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ” (ਪੰ: ੯੨੩) ਭਾਵ ਹਰੇਕ ਗੁਰੂ
ਵਿਅਕਤੀ ਨੇ ਆਪਣੇ ਜੀਵਨ ਕਾਲ `ਚ ਹੀ ਆਪਣੇ ਹਸਤ ਕਮਲਾਂ ਨਾਲ ਅਗਲੀ ਜ਼ਿੰਮੇਵਾਰੀ ਵੀ ਸੌਂਪ ਦਿੱਤੀ।
ਅਜਿਹੀ ਵਿਸਮਾਦੀ ਮਿਸਾਲ ਜੇ ਮਿਲਦੀ ਹੈ ਤਾਂ ਉਹ ਵੀ ਧੁਰੋਂ ਗੁਰੂ ਥਾਪੇ, ਗੁਰੂ ਨਾਨਕ ਪਾਤਸ਼ਾਹ ਦੇ
ਦਸਾਂ ਗੁਰੂ ਸਰੀਰਾਂ ਤੋਂ, ਬਾਹਿਰੋਂ ਨਹੀਂ।
ਹੈਰਾਨੀ ਹੁੰਦੀ ਜਦੋਂ ਸਾਡੇ ਹੀ ਕੁੱਝ ਅਜੋਕੇ ਵਿਦਵਾਨ, ਇਸ ਪੱਖੋਂ ਥਿੜਕੇ
ਪਏ ਹਨ। ਕਹਿ ਰਹੇ ਹਨ, ਗੁਰੂ ਨਾਨਕ ਪਾਤਸ਼ਾਹ ਨੇ ਅਗੋਂ ਗੁਰਗੱਦੀ ਸੌਂਪਣਾ ਕਿਸੇ ਨੂੰ ਕੀਤੀ ਹੀ ਨਹੀਂ
ਸੀ। ਅਕਾਲਪੁਰਖ ਹੀ ਜਾਣਦਾ ਹੈ ਕਿ ਅਜਿਹੇ ਸੱਜਣ ਆਪ ਥਿੱੜਕੇ ਪਏ ਹਨ ਜਾਂ ਉਨ੍ਹਾਂ ਪਿਛੇ ਇਸ ਚਾਬੀ
ਨੂੰ ਕੋਈ ਦੂਜੇ ਘੁਮਾਅ ਰਹੇ ਹਨ। ਉਨ੍ਹਾਂ ਨੂੰ ਅੰਦਾਜ਼ਾ ਹੋਣਾ ਚਾਹੀਦਾ ਹੈ ਕਿ ਇਸ ਤਰੀਕੇ ਉਹ
ਸਾਧਾਰਣ ਸੰਗਤ ਦਾ ਕਿਨਾਂ ਵੱਡਾ ਨੁਕਸਾਨ ਕਰ ਰਹੇ ਹਨ। ਇਸ ਤੋਂ ਬਾਅਦ ਬਹੁਤੇ ਅਣ-ਅਧੀਕਾਰੀ ਪ੍ਰਚਾਰਕ
ਤਾਂ ਖੁੱਲੇ ਆਮ ਗੁਰਗੱਦੀ ਸੌਂਪਣਾ ਸਮੇਂ ਬ੍ਰਾਹਮਣੀ ਤਿਲਕ-ਨਾਰੀਅਲ ਦੀਆਂ ਕਹਾਣੀਆਂ ਸੁਨਾਈ ਫ਼ਿਰਦੇ
ਹਨ। ਸਜਨੋਂ! ਇਹ ਗੱਦੀ ਕਿਸੇ ਰਾਜ-ਦਰਬਾਰ ਜਾਂ ਗੱਦੀਦਾਰ ਦੀ ਨਹੀਂ। ਇਥੇ ਗੁਰਗੱਦੀ ਸੌਪਣਾ, “ਸਹਿ
ਟਿਕਾ ਦਿਤੋਸੁ” ਜਾਂ “ਰਾਮਦਾਸ ਸੋਢੀ ਤਿਲਕੁ ਦੀਆ” ਟਿਕਾ, ਤਿਲਕ ਦਾ ਅਰਥ ਹੈ ਇਹੀ ਹਨ ਕਿ
ਗੁਰੂ ਨਾਨਕ ਦਰ ਦੀ ਗੁਰੂ ਸਰੀਰ ਵਾਲੀ ਜ਼ਿੰਮੇਵਾਰੀ। ਇਸ ਦਾ ਢੰਗ ਦਸਿਆ ਹੈ “ਗੁਰ ਸਬਦੁ ਸਚੁ ਨੀਸਾਣੁ
ਜੀਉ” ਮਨੁੱਖ ਦੀ ਰਾਹਦਾਰੀ ਕਰਣ ਵਾਲੇ ਗੁਰਬਾਣੀ ਦੇ ਖਜ਼ਾਨੇ ਨਾਲ।
੭. ਧੰਨ ਹਨ ਗੁਰੂ ਨਾਨਕ ਪਾਤਸ਼ਾਹ- ਹੋਰ ਕਮਾਲ, ਉਹ ਵੀ ਗੁਰੂ ਨਾਨਕ ਦਰ
`ਤੇ। ਸੰਸਾਰ ਦੇ ਇਤਿਹਾਸ `ਚੋਂ ਕੇਵਲ ਗੁਰੂ ਨਾਨਕ ਪਾਤਸ਼ਾਹ ਹੀ ਹਨ ਜਿਨ੍ਹਾਂ ਨੇ ਜਿਸ `ਤੇ ਇੱਕ
ਵਾਰੀ ਮਿਹਰ ਦੀ ਨਜ਼ਰ ਕਰ ਦਿੱਤੀ, ਪਹਿਲਾਂ ਉਹ ਕੁੱਝ ਵੀ ਰਿਹਾ ਹੋਵੇ, ਉਪ੍ਰੰਤ ਗੁਰੂ ਨਾਨਕ ਹੀ ਹੋ
ਨਿਬੜਿਆ। “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਛੇ ਗੁਰੂ ਵਿਅਕਤੀਆਂ ਦੀ ਬਾਣੀ ਦਰਜ ਹੈ।
ਖੁੱਲੀ ਵੰਗਾਰ ਹੈ ਜੇ ਸੰਸਾਰ ਦਾ ਕੋਈ ਵੱਡੇ ਤੋਂ ਵੱਡਾ ਵਿਦਵਾਨ ਵੀ, ਇਨ੍ਹਾਂ ਗੁਰੂ ਵਿਅਕਤੀਆਂ
ਦੀਆਂ ਰਚਨਾਵਾਂ `ਚ ਇੱਕ ਪ੍ਰਤੀਸ਼ਤ ਵਿਚਾਰ-ਅੰਤਰ ਸਾਬਿਤ ਕਰ ਦੇਵੇ ਜਾਂ ਇਨ੍ਹਾਂ `ਚੋਂ ਕਿਸੇ ਗੁਰੂ
ਵਿਅਕਤੀ ਦੀ ਕਿਸੇ ਰਚਨਾ ਨੂੰ ਸੱਚ ਧਰਮ ਦੀ ਮੂਲ ਧਾਰਾ ਤੋਂ ਲਾਂਬੇ ਜਾਂਦੀ ਸਾਬਿਤ ਕਰ ਦੇਵੇ; ਕਿਨਾਂ
ਹੈਰਾਣਕੁਣ ਹੈ ਇਸ ਦਰ ਦਾ ਇਹ ਸੱਚ। ਦੂਜੇ ਪਾਤਸ਼ਾਹ ਆਖਿਰ ਉਹੀ ਲਹਿਣਾ ਜੀ ਸਨ ਜਿਹੜੇ ਗੁਰੂ
ਚਰਨਾਂ `ਚ ਆਉਣ ਤੋਂ ਪਹਿਲਾਂ ਪਿਤਾ ਪੁਰਖੀ ਦੇਵੀ ਪੂਜਕ ਹੀ ਨਹੀਂ, ਦੇਵੀ ਪੂਜਕਾਂ ਦੇ ਆਗੂ ਵੀ ਸਨ।
ਗੁਰੂ ਨਾਨਕ ਦਰ `ਤੇ ਆਉਣ ਬਾਅਦ ਗੁਰਦੇਵ ਨੇ, ਲਹਿਣਾ ਜੀ ਦਾ ਜੀਵਨ ਹੀ ਬਦਲ ਦਿੱਤਾ। ਇਥੋਂ ਤੀਕ ਬਦਲ
ਦਿੱਤਾ ਕਿ ਇੱਕ ਦਿਨ “ਗੁਰਿ ਚੇਲੇ ਰਹਰਾਸਿ ਕੀਈ, ਨਾਨਕਿ ਸਲਾਮਤਿ ਥੀਵਦੈ॥ ਸਹਿ ਟਿਕਾ ਦਿਤੋਸੁ
ਜੀਵਦੈ” (ਪੰ: ੯੬੬)। ਇਸ ਦਾ ਮੂਲ ਇਕੋ ਸੀ “ਸਤਿਗੁਰ ਵਿਚਿ ਆਪੁ ਰਖਿਓਨੁ, ਕਰਿ ਪਰਗਟੁ ਆਖਿ
ਸੁਣਾਇਆ” (ਪੰ: ੪੬੬) ਅਕਾਲਪੁਰਖ ਦੀ ਪ੍ਰਤੱਖ ਹੋਂਦ, ਜਿਹੜੀ ਅਰੰਭ ਤੋਂ ਹੀ ਗੁਰੂ ਨਾਨਕ
ਪਾਤਸ਼ਾਹ ਦੀ ਸਮੂਹ ਕਰਣੀ ਤੇ ਜੀਵਨ `ਚੋਂ ਪ੍ਰਗਟ ਹੁੰਦੀ ਆ ਰਹੀ ਸੀ ਤੇ ਅੱਜ ਵੀ ਇਹ ਪ੍ਰਗਟਾਵਾ,
ਪਾਤਸ਼ਾਹ ਦੀ ਉਸੇ ਗੁਰੂ ਵਾਲੀ ਆਤਮਿਕ ਸਮ੍ਰਥਾ ਦਾ ਹੀ ਸੀ। ਉਸੇ ਦਾ ਨਤੀਜਾ ਸੀ “ਲਹਣੇ ਧਰਿਓਨੁ
ਛਤੁ ਸਿਰਿ, ਕਰਿ ਸਿਫਤੀ ਅੰਮ੍ਰਿਤੁ ਪੀਵਦੈ॥ ਮਤਿ ਗੁਰ ਆਤਮ ਦੇਵ ਦੀ, ਖੜਗਿ ਜੋਰਿ ਪਰਾਕੁਇ ਜੀਅ ਦੈ”
(ਪੰ: ੯੬੬) ਜਿਹੜੀ ਗੁਰੂ ਜੋਤ, ਗੁਰੂ ਨਾਨਕ ਪਾਤਸ਼ਾਹ `ਚ ਕੰਮ ਕਰ ਰਹੀ ਸੀ ਉਸੇ
ਰੱਬੀ ਆਤਮਕ ਗਿਆਨ ਦੀ ਉੱਚਤਾ ਤੇ ਕਰਣੀ ਅਥਵਾ ਗੁਰੂ ਜੋਤ, ਹੁਣ ਲਹਿਣਾ ਤੋਂ ‘ਗੁਰੂ ਅੰਗਦ’ ਬਣ
ਚੁੱਕੇ ਸਰੀਰ ਅੰਦਰ ਕੰਮ ਕਰਣ ਲੱਗ ਪਈ।
ਕੇਵਲ ਇਨ੍ਹਾਂ ਹੀ ਨਹੀਂ, ਫ਼ਿਰ ਗੁਰੂ ਅੰਗਦ ਸਾਹਿਬ “ਲਹਣੇ ਦੀ
ਫੇਰਾਈਐ ਨਾਨਕਾ ਦੋਹੀ ਖਟੀਐ” (ਪੰ: ੯੬੬) ਆਪ ਨੇ ਵੀ ਜਿਸ `ਤੇ ਮਿਹਰ ਦੀ ਨਜ਼ਰ ਕਰ
ਦਿੱਤੀ। ਇਸੇ ਦਾ ਨਤੀਜਾ, ਕੱਟਰ ਤੀਰਥ ਇਸ਼ਨਾਨੀ, ਸਨਾਤਨੀ ਵਿਚਾਰਧਾਰਾ ਦੇ ਬਾਬਾ ਅਮਰ ਦਾਸ ਜੀ ਦਾ
ਜੀਵਨ ਬਦਲਣ ਬਾਅਦ ਜਦੋਂ 72
ਸਾਲ ਦੇ ਸਰੀਰ `ਚ ਪ੍ਰਵੇਸ਼ ਕੀਤਾ ਜਾਂ ਸਮੇਂ ਨਾਲ
ਸਵਾ ਪੰਜ ਸਾਲ ਦੇ ਬਾਲਕ ਸਰੀਰ `ਚ; ਉਥੇ ਵੀ “ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ”
(ਪੰ: ੯੬੬) ਵਾਲੀ ਗੱਲ ਹੀ ਸਾਬਤ ਹੋਈ। ਜਦਕਿ ਨੰਬਰਵਾਰ ਬਾਕੀ ਨੌ ਗੁਰੂ ਵਿਅਕਤੀ ਤਾਂ ਹੈਣ ਹੀ
ਸਿੱਖਾਂ `ਚੋਂ ਸਨ, ਫ਼ਿਰ ਵੀ ਗੁਰਗੱਦੀ ਪ੍ਰਾਪਤੀ ਉਪ੍ਰੰਤ ਸਾਰੇ ਆਪਣੇ ਆਪਣੇ ਸਮੇਂ ‘ਗੁਰੂ ਨਾਨਕ’ ਹੀ
ਸਾਬਤ ਹੋਏ।
ਨਾ ਕਰਣੀ `ਚ ਅੰਤਰ, ਨਾ ਵਿਚਾਰਾਂ `ਚ। ਉਹੀ ਬਖਸ਼ਿਸ਼ ਤੇ ਮਿਹਰ ਵਾਲਾ ਮੁਬਾਰਕ
ਹੱਥ ਗੁਰੂ ਨਾਨਕ ਪਾਤਸ਼ਾਹ ਨੇ ਲਹਿਣਾ ਜੀ ਦੇ ਸਿਰ `ਤੇ ਰਖਿਆ ਤਾਂ ਆਪ ਗੁਰੂ ਅੰਗਦ ਬਣ ਗਏ।
ਦਰਜਾ-ਬਦਰਜਾ ਇਹੀ ਇਲਾਹੀ ‘ਗੁਰੂ’ ਵਾਲੀ ਅਕਾਲਪੁਰਖੀ ਬਖ਼ਸ਼ਿਸ਼ ਦਸਮੇਸ਼ ਪਿਤਾ ਤੀਕ ਪੁੱਜੀ। ਇਸ ਦੌਰਾਨ
ਕਿਸੇ ਗੁਰੂ ਜਾਮੇ ਨੇ ਗੁਰਬਾਣੀ ਰਚਨਾ ਵਧ ਕੀਤੀ, ਘੱਟ ਜਾਂ ਉੱਕਾ ਨਹੀਂ ਤਾਂ ਵੀ ਕਰਣੀ-ਵਿਚਾਰਾਂ,
ਜੀਵਨ `ਚ ਫ਼ਰਕ ਨਹੀਂ ਸੀ। ਪਹਿਲੇ ਜਾਮੇ ਸਮੇਂ ਜਿਸ ਰੱਬੀ ਪ੍ਰੋਗਰਾਮ ਦੀ ਅਰੰਭਤਾ ਹੋਈ, ਦਸਵੇਂ ਜਾਮੇ
`ਚ ਇਸੇ ਨੂੰ ਮਨੁੱਖ ਸਰੀਰਾਂ ਤੋਂ ਬਦਲ ਕੇ ਸਦੀਵ ਕਾਲ ਲਈ ਅੱਖਰ ਰੂਪ ‘ਸਾਹਿਬ ਸ੍ਰੀ ਗੁਰੂ ਗ੍ਰੰਥ
ਸਾਹਿਬ ਦੇ ਰੂਪ `ਚ ਸੰਪੂਰਣਤਾ ਵੀ ਆਪ ਬਖ਼ਸੀ।
੮. ਅਜੋਕਾ ਵਿਗਿਆਨ ਤੇ ਗੁਰੂ ਨਾਨਕ ਪਾਤਸ਼ਾਹ- ਸਚਮੁਚ ਅਕਾਲਪੁਰਖੀ
ਗੁਰੂ ਜੋਤ ਦਾ ਪ੍ਰਗਟਾਵਾ ਹਨ “ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ” (੧੩੯੫) ਗੁਰੂ
ਨਾਨਕ ਪਾਤਸ਼ਾਹ ਤੇ ਉਨ੍ਹਾਂ ਦੇ ਬਾਕੀ ਨੌਂ ਸਰੂਪ। ਅਜੋਕੇ ਵਿਗਿਆਨ ਦੇ ਜੁੱਗ `ਚ ਵਿਗਿਆਨੀ ਤਾਂ
ਬੇਅੰਤ ਮਿਹਨਤਾਂ, ਤਜੁਰਬੇ ਤੇ ਖੋਜਾਂ ਤੋਂ ਬਾਅਦ ਜਿਸ ਕਾਢ ਨੂੰ ਸੰਸਾਰ ਸਾਹਮਣੇ ਪ੍ਰਗਟ ਕਰਦੇ ਹਨ,
ਬਾਣੀ `ਚ ਉਸ ਦੀ ਵਿਆਖਿਆ ਪਹਿਲਾਂ ਤੋਂ ਹੀ ਮੌਜੂਦ ਹੁੰਦੀ ਹੈ। “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ”
ਜੋ ਗੁਰੂ ਨਾਨਕ ਪਾਤਸ਼ਾਹ ਦਾ ਹੀ ਅੱਖਰ ਰੂਪ ਪ੍ਰਗਟਾਵਾ ਹਨ, ਉਨ੍ਹਾਂ ਰੱਬੀ ਸੱਚਾਈਆਂ ਨੂੰ ਵੀ ਪ੍ਰਗਟ
ਕਰਦੇ ਹਨ, ਜਿਨ੍ਹਾਂ ਤੀਕ ਸਾਇੰਸ ਦਾ ਪੁੱਜਣਾ ਸ਼ਾਇਦ ਕਦੇ ਵੀ ਸੰਭਵ ਨ ਹੋ ਪਾਏ। ਦਰਅਸਲ ਗੁਰਬਾਣੀ
ਅਕਾਲਪੁਰਖ ਦੇ ਨਿਜ ਗੁਣ ‘ਗੁਰੂ’ ਤੇ ‘ਸ਼ਬਦ ਗੁਰ’ ੂ ਦਾ ਅਖਰ ਰੂਪ ਪ੍ਰਗਟਾਵਾ ਹੈ ਜਦਕਿ ਸਾਇੰਸ ਕੇਵਲ
ਉਸ ਕਰਤੇ-ਕਾਦਿਰ ਦੀ ਕੁੱਦਰਤ `ਚੋਂ ਖੋਜ ਮਾਤਰ ਕੇਵਲ ਇੱਕ ਮਾਮੂਲੀ ਕਾਢ।
੯. ਧੁਰ ਦਰਗਾਹੀ ਪ੍ਰੋਗਰਾਮ-ਇਹ ਵਿਲਖਣਤਾ ਵੀ ਗੁਰੂ ਨਾਨਕ ਦਰ `ਤੇ ਹੈ,
ਹੋਰ ਕਿਧਰੇ ਨਹੀਂ। ਸੰਸਾਰ ਤੱਲ `ਤੇ ਜਿੰਨੇ ਰਾਜੇ, ਮਹਾਰਾਜੇ, ਬਾਦਸ਼ਾਹ, ਗੱਦੀਦਾਰ ਹੋਏ ਤੇ ਹੋ ਰਹੇ
ਹਨ। ਕਦੇ ਨਹੀਂ ਹੋਇਆ, ਇੱਕ ਦਾ ਕਾਰਜ ਢੰਗ, ਲਿਆਕਤ, ਸੋਚਣੀ ਆਪਣੇ ਤੋਂ ਪਹਿਲੇ ਜਾਂ ਬਾਅਦ ਵਾਲੇ
ਨਾਲ ਇਕੋ ਜਹੀ ਤੇ ਲੜੀ `ਚ ਚੱਲੀ ਹੋਵੇ। ਕਦੇ ਸੰਭਵ ਨਹੀਂ ਹੋਇਆ ਕਿ ਇੱਕ ਨੇ ਜਿੱਥੇ ਕਾਰਜ ਛੱਡਿਆ,
ਆਉਣ ਵਾਲੇ ਨੇ ਉਸੇ ਕਾਰਜ ਨੂੰ ਉਸੇ ਤਰ੍ਹਾਂ ਅਗੇ ਟੋਰਿਆ। ਇਹ ਵਿਲੱਖਣਤਾ ਵੀ ਕੇਵਲ ਇਲਾਹੀ ਗੁਰੂ
ਜੋਤ, ਗੁਰੂ ਨਾਨਕ ਪਾਤਸ਼ਾਹ ਦੇ ਦਰ `ਤੇ ਹੀ ਹੈ। ਦਸ ਜਾਮਿਆਂ ਦੌਰਾਨ ਬੇਅੰਤ ਸੰਸਾਰਿਕ ਉਤਾਰ-ਝੜਾਵ,
ਪ੍ਰਵਾਰਿਕ ਝਮੇਲੇ, ਬਗ਼ਾਵਤਾਂ, ਸਮਾਜਿਕ ਤੇ ਰਾਜਸੀ ਵਾਧੇ-ਘਾਟੇ ਚੱਲੇ। ਤਸੀਹੇ ਭਰਪੂਰ ਸ਼ਹੀਦੀਆਂ
ਵਾਲੇ ਸਮੇਂ ਵੀ ਆਏ, ਮਾਸੂਮ ਸਾਹਿਬਜ਼ਾਦਿਆਂ ਦੀਆਂ ਰੋਂਗਟੇ ਖੜੇ ਕਰਣ ਵਾਲੀਆਂ ਸ਼ਹਾਦਤਾਂ ਤੇ ਪ੍ਰਵਾਰ
ਵੀ ਖੇਰੂੰ ਖੇਰੂ ਹੋਏ, ਸਰਬੰਸ ਨਿਉਛਾਵਰ ਕਰਣ ਤੀਕ ਨੋਬਤਾਂ ਆਈਆਂ ਤੇ ਹੋਰ ਬਹੁਤ ਕੁੱਝ ਹੋਇਆ। ਕਮਾਲ
ਇਹ, ਜਿਹੜਾ ਇਲਾਹੀ ਪ੍ਰੋਗਰਾਮ ਗੁਰੂ ਨਾਨਕ ਪਾਤਸ਼ਾਹ, ਮਨੁੱਖ ਮਾਤ੍ਰ ਲਈ ਧੁਰੋਂ ਲੈ ਕੇ ਆਏ ਸਨ;
ਪਹਿਲੇ ਜਾਮੇ `ਚ ਅਰੰਭਿਆ ਤੇ ਲੜੀਵਾਰ ਚੱਲਾ ਕੇ, ਦਸਵੇਂ ਜਾਮੇ ਸਮੇਂ ਉਸ ਦੀ ਸੰਪੂਰਣਤਾ ਵੀ ਆਪ
ਕੀਤੀ।
੧੦.”ਜਿਨਿ ਸੀਧਾ ਮਾਰਗੁ ਦਿਖਾਯਾ” - ਗੁਰਬਾਣੀ ਰਾਹੀਂ ਪ੍ਰਗਟ
ਮਨੁੱਖ ਮਾਤ੍ਰ ਲਈ ਜੀਵਨ ਦੇ ਇਸ ਸਿਧੇ-ਪਧਰੇ ਰਾਹ ਲਈ ਪੰਜਵੇਂ ਪਾਤਸ਼ਾਹ ਫ਼ੁਰਮਾਉਂਦੇ ਹਨ “ਬਾਰਿ
ਜਾਉ ਗੁਰ ਅਪੁਨੇ ਊਪਰਿ, ਜਿਨਿ ਹਰਿ ਹਰਿ ਨਾਮੁ ਦ੍ਰਿੜਾੑਯਾ॥ ਮਹਾ ਉਦਿਆਨ ਅੰਧਕਾਰ ਮਹਿ, ਜਿਨਿ ਸੀਧਾ
ਮਾਰਗੁ ਦਿਖਾਯਾ” (ਪੰ: ੬੭੨)। ਗੁਰੂ ਨਾਨਕ ਸਾਹਿਬ ਚੂੰਕਿ ਇਲਾਹੀ ‘ਗੁਰੂ’ ਦਾ ਹੀ ਸਰੀਰਕ
ਪ੍ਰਗਟਾਵਾ ਹਨ, ਇਹੀ ਕਾਰਨ ਹੈ, ਉਨ੍ਹਾਂ ਰਾਹੀਂ ਪ੍ਰਗਟ ਸੱਚ ਧਰਮ ਅਥਵਾ ਸਿੱਖ ਜੀਵਨ ਜਾਚ `ਚ ਨਾ
ਰੀਤੀ ਰਿਵਾਜ ਹਨ, ਨਾ ਦਿਖਾਵੇ ਨਾ ਓਜੜ ਰਾਹ, ਨਾ ਵਹਿਮ, ਭਰਮ ਤੇ ਸਹਿਮ। ਇਥੇ ਕੇਵਲ ਇੱਕੋ
ਅਕਾਲਪੁਰਖ ਨਾਲ ਜੀਊਂਦੇ ਜੀਅ ਮਿਲਾਪ ਜਾਂ ਵਿੱਛੜੇ ਰਹਿ ਜਾਣ ਦੀ ਗੱਲ ਹੈ। ਇਥੇ ਸਾਰੇ ਸੰਸਾਰ ਲਈ
ਇਕੋ ਪਰਮ ਪਿਤਾ ਪ੍ਰਮਾਤਮਾ ਤੇ ਇੱਕੋ ਸਦੀਵੀ ਗੁਰੂ ਦੀ ਗੱਲ ਹੈ। ਸਾਰੇ ਮਨੁੱਖ ਮਾਤ੍ਰ ਦੇ ਵੀ ਕੇਵਲ
ਦੋ ਹੀ ਜੀਵਨ ਦਰਸਾਏ ਹਨ, ਸਫ਼ਲ ਤੇ ਅਸਫ਼ਲ, ਵਡਭਾਗੀ ਤੇ ਭਾਗਹੀਨ, ਗੁਰਮੁਖ ਤੇ ਮਨਮੁਖ। ਇੱਕ ਸਚਿਆਰਾ,
ਜੀਵਨਮੁੱਕਤ ਤੇ ਦੂਜਾ ਫ਼ਿਰ ਤੋਂ ਜੂਨਾ ਦੇ ਗੇੜ੍ਹ `ਚ।
੧੧. ਹੈਰਾਣਕੁਣ ਪਰ ਰੱਬੀ ਸੱਚ-ਇਸ ਧਰਤੀ `ਤੇ ਮਨੁੱਖ ਦੀ ਹੋਂਦ ਲਖਾਂ
ਨਹੀਂ ਤਾਂ ਹਜ਼ਾਰਾਂ ਸਾਲ ਪੁਰਾਨੀ ਜ਼ਰੂਰ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਵੀ ਸੰਸਾਰ `ਚ
ਬਥੇਰੇ ਓਲੀਏ, ਰਹਿਬਰ, ਧਾਰਮਿਕ ਆਗੂ, ਸਮਾਜ-ਸੁਧਾਰਕ ਤੇ ਦਾਰਸ਼ਨਿਕ ਆਏ। ਉਨ੍ਹਾਂ `ਚੋਂ ਵੀ ਅਨੇਕਾਂ
ਸਤਿਕੋਰਜੋਗ ਹੱਸਤੀਆਂ ਨੇ ਜਨਮ ਲਿਆ। ਖੂਬੀ ਇਹ ਕਿ ਅੱਜ ਤੀਕ ਕਿਸੇ ਦੀ ਸਮਝ `ਚ ਨਹੀਂ ਸੀ ਆਇਆ ਕਿ
ਮਾਨਵ ਨਸਲ ਤੇਜ਼ੀ ਨਾਲ ਪੂਰਣ ਤੱਬਾਹੀ ਵਾਲੇ ਪਾਸੇ ਵੱਧ ਰਹੀ ਹੈ। ਇਹ ਸੱਚ ਵੀ ਜੇਕਰ ਪਹਿਲੀ ਵਾਰ
ਕਿਸੇ ਦੀ ਸਮਝ `ਚ ਆਇਆ ਤਾਂ ਉਹ ਅਕਾਲਪੁਰਖ ਦੇ ਨਿਜ ਗੁਣ, ਸ਼ਬਦ ਗੁਰੂ ਦਾ ਸਰੀਰਕ ਪ੍ਰਗਟਾਵਾ ਤੇ
ਸ਼ਬਦਾ-ਅਵਤਾਰ, ਗੁਰੂ ਨਾਨਕ ਪਾਤਸ਼ਾਹ ਤੇ ਉਨ੍ਹਾਂ ਦੇ ਬਾਕੀ ਨੌਂ ਜਾਮੇ ਹੀ ਹਨ।
ਮਨੁੱਖ ਤਾਂ ਆਪਣੇ ਇਕੋ ਇੱਕ ਇਲਾਹੀ ‘ਸੱਚ-ਧਰਮ’ ਤੇ ਮਨੁੱਖੀ ਸ਼ਕਲ ਤੀਕ ਨੂੰ
ਗੁਆ ਚੁੱਕਾ ਸੀ। ਮਨੁੱਖ ਨਾ ਆਪਣੀ ਸ਼ਕਲ `ਚ ਕਾਇਮ ਸੀ ਤੇ ਨਾ ਇਸ ਅੰਦਰ ਸੁਭਾਅ ਕਰਕੇ ਇਨਸਾਨੀ ਗੁਣ
ਬਾਕੀ ਸਨ। ਇੱਕ ਪਰਮ ਪਿਤਾ ਪ੍ਰਮਾਤਮਾ ਦੀ ਔਲਾਦ, ਬੇਅੰਤ ਧਰਮਾਂ, ਮਜ਼ਹਬਾਂ `ਚ ਵੰਡੀ ਪਈ ਸੀ।
ਭਾਸ਼ਾਵਾਂ ਦੇ ਆਧਾਰ `ਤੇ ਮਨੁੱਖ, ਮਨੁੱਖ ਦੇ ਖੂਨ ਦਾ ਪਿਆਸਾ ਬਣ ਚੁੱਕ ਸੀ। ਇੱਕ ਕਰਤੇ ਦੀ ਟੇਕ ਛੱਡ
ਕੇ ਇਸ ਨੇ ਕਰੋੜਾਂ ਇਸ਼ਟ, ਦੇਵੀਆਂ ਦੇਵਤੇ ਤੇ ਭਗਵਾਨ ਮਿਥ ਰਖੇ ਸਨ। ਅਕਾਲਪੁਰਖ ਦੀ ਅਮੁਲੀ ਕਿਰਤ
ਨਰ-ਮਾਦਾ ਵਾਲੇ ਪਵਿਤ੍ਰ ਰਿਸ਼ਤੇ ਨੂੰ ਵਿਗਾੜ ਕੇ, ਇਸਤ੍ਰੀ ਵਰਗ `ਤੇ ਹਾਵੀ ਹੋਣ ਦੇ ਨਸ਼ੇ `ਚ ਮਨੁੱਖ
ਵਿਭਚਾਰ ਤੇ ਨਸ਼ਿਆਂ ਦੀ ਗਹਿਰੀ ਖੱਡ `ਚ ਡਿੱਗ ਚੁੱਕਾ ਸੀ। ਨਿਜੀ ਸੁਆਰਥਾਂ ਹਿਤ ਇਸਤ੍ਰੀ ਵਰਗ ਨੂੰ
ਸਦਾ ਦਬੋਚ ਕੇ ਰਖਣ ਦੀ ਬਦਨੀਯਤੀ ਕਾਰਨ, ਇਸ ਨੇ ਕਈ ਧਰਮਾਂ, ਤਿਉਹਾਰਾਂ, ਰੀਤੀ-ਰਿਵਾਜਾਂ,
ਸਗਣਾ-ਅਪਸਗਣਾ, ਵਹਿਮਾਂ-ਭਰਮਾਂ ਤੇ ਡੱਰਾਂ-ਸਹਿਮਾਂ ਨੂੰ ਪਾਲ ਰਖਿਆ ਸੀ। ਮਨੁੱਖ ਪ੍ਰਧਾਨ ਸਮਾਜ ਨੇ
ਇਸਤ੍ਰੀ ਵਰਗ ਨੂੰ ਆਪਣੇ ਅਧੀਨ ਰਖਣ ਲਈ ਤਾਂ ਪਤੀ-ਪਤਨੀ ਤੇ ਭੈਣ-ਭਰਾ ਤੀਕ ਦੇ ਪਵਿਤ੍ਰ ਰਿਸ਼ਤਿਆਂ
ਨੂੰ ਵੀ ਦੂਸ਼ਿਤ ਕਰ ਰਖਿਆ ਸੀ।
ਗਹਿਰਾਈ `ਚ ਜਾਵੋ, ਸਮਝ ਆਉਂਦੇ ਦੇਰ ਨਹੀਂ ਲਗੇਗੀ ਕਿ ਸੰਸਾਰ `ਚ ਹੋ ਰਹੇ
ਵੱਡੇ ਤੋਂ ਵੱਡੇ ਖੂਨ-ਖਰਾਬੇ, ਜੰਗ, ਜੁਰਮ ਤੇ ਗੁਨਾਹ; ਮਨੁੱਖ ਨੂੰ ਅਕਾਲਪੁਰਖ ਦੀ ਦੇਣ ਨਹੀਂ ਹਨ
ਬਲਕਿ ਇਨਸਾਨ ਅੰਦਰੋਂ ਇਨਸਾਨੀਅਤ ਦਾ ਪੈ ਚੁੱਕਾ ਭੋਗ ਸਨ। ਇਥੋਂ ਤੀਕ, ਅੱਜ ਜੋ ਮਨੁੱਖ ਸਮਾਜ ਅੰਦਰ
ਏਡਜ਼ ਵਰਗੇ ਲਾ-ਇਲਾਜ ਰੋਗ ਜਨਮ ਲੈ ਰਹੇ ਹਨ, ਜਨਮ ਤੋਂ ਬੱਚੇ ਅਪੰਗ ਤੇ ਲਾ-ਇਲਾਜ ਰੋਗਾਂ ਦੀ ਜੱਕੜ
`ਚ ਹਨ। ਇਹ ਕਰਤੇ ਵਲੋਂ ਮਨੁੱਖ ਨੂੰ ਸੂਚਨਾ ਹੈ, ਐ ਮਨੁੱਖ! ਜੇਕਰ ਤੂੰ ਅਜੇ ਵੀ ਨਾ ਸੰਭਲਿਆ ਤਾਂ
ਇਸ ਧਰਤੀ `ਤੇ ਤੇਰੀ ਹੋਂਦ ਆਖਰੀ ਸੁਆਸ ਹੀ ਪੂਰੇ ਕਰ ਰਹੀ ਹੈ। ਆਖਿਰ! ਅਪੰਗ ਤੇ ਲਾ-ਇਲਾਜ ਰੋਗਾਂ
ਦੀ ਜੱਕੜ `ਚ ਪੈਦਾ ਹੋ ਰਹੇ ਬਚਿਆਂ ਦੀ ਅਗਲੀ ਪੀੜ੍ਹੀ ਕੀ ਹੋ ਸਕਦੀ ਹੈ, ਵਿਚਾਰਦੇ ਦੇਰ ਨਹੀਂ
ਲਗਦੀ। ਇਸ ਸਾਰੇ ਲਈ ਅਸਲ ਦੋਸ਼ੀ ਹਨ ਨਸ਼ਿਆਂ, ਵਿਭਚਾਰ ਤੇ ਗ਼ਲੀਜ਼ ਸੋਚਣੀ-ਰਹਿਣੀ `ਚ ਜੀਅ ਰਹੇ ਉਨ੍ਹਾਂ
ਦੇ ਮੌਜੂਦਾ ਮਾਂ-ਬਾਪ।
ਉਪ੍ਰੰਤ ਸਚਾਈ ਇਹੀ ਕਿ ਮਨੁੱਖ ਜੇ ਅਜੇ ਵੀ ਸੰਭਲਣਾ ਚਾਹੇ ਤਾਂ ਇਸ ਸਾਰੀ
ਤਬਾਹੀ ਦਾ ਇਲਾਜ ਤੇ ਸਮਾਧਾਨ ਹਨ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ; ਜਿਨ੍ਹਾਂ ਦੀ ਹੋਂਦ
ਨੂੰ ਸੰਸਾਰ `ਚ ਪ੍ਰਕਟ ਕੀਤਾ ਤਾਂ ਪ੍ਰਭੂ ਵਲੋਂ ਧੁਰੋਂ ਥਾਪੇ ਸ਼ਬਦਾ-ਅਵਤਾਰ, ਗੁਰੂ ਨਾਨਕ ਪਾਤਸ਼ਾਹ
ਤੇ ਉਨ੍ਹਾਂ ਦੇ ਬਾਕੀ ਨੌਂ ਜਾਮਿਆਂ ਨੇ।
੧੩.”ਗੁਰੂ’ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ” (ਪੰ: ੫੮) -ਆਖਿਰ ਕੀ
ਕਾਰਨ ਹੈ ਕਿ ਜਿਨੇਂ ਵੀ ਦੰਭੀ-ਪਖੰਡੀ ਗੁਰੂ ਤੇ ਬਾਬੇ ਹਨ, ਲੋਕਾਈ ਨੂੰ ਲੁਟੱਣ ਲਈ ਸਾਰਿਆਂ ਨੂੰ
ਸੰਸਾਰ ਭਰ ਦਾ ਕੋਈ ਹੋਰ ਹਿੱਸਾ ਨਹੀਂ ਬਲਕਿ ਪੰਜਾਬ ਹੀ ਨਜ਼ਰ ਆਉਂਦਾ ਹੈ ਜਾਂ ਫ਼ਿਰ ਸਿੱਖ ਧਰਮ। ਇੱਕ
ਅੰਦਾਜ਼ੇ ਮੁਤਾਬਕ ਪੰਜਾਬ ਦੇ ੧੨, ੦੦੦ ਪਿੰਡਾਂ `ਤੇ ੧੬. ੦੦੦ ਤੋਂ ਵਧ ਇਹ ਦੰਭੀ-ਪਾਖੰਡੀ ਛਾਏ
ਪਏ ਹਨ। ਜਿਸ ਨੂੰ ਦੇਖੋ ਗੁਰਬਾਣੀ ਦਾ ਬੁਰਕਾ ਪਾ ਕੇ ਆਪਣੀ ਦੁਕਾਨ ਚਲਾ ਰਿਹਾ ਹੈ। ਯਕੀਨਣ ਗੁਰਬਾਣੀ
ਦੇ ਰੱਬੀ ਸੱਚ ਵਾਲਾ ਚੋਗ਼ਾ ਜੋ ਇਨ੍ਹਾਂ ਪਾ ਰਖਿਆ ਹੈ, ਅੱਜ ਉਤਾਰ ਦੇਣ ਤਾਂ ਇਨ੍ਹਾਂ ਨੂੰ ਆਪਣੀ
ਕੀਮਤ ਬਾਰੇ ਭੁਲੇਖਾ ਨਹੀਂ ਰਹੇਗਾ। ਅੱਜ ਤਾਂ ਇਹ ਪੰਜਾਬ ਨੂੰ ਜੋਕਾਂ ਬਣ ਕੇ ਚੂਸ ਰਹੇ ਹਨ, ਫ਼ਿਰ
ਇਨ੍ਹਾਂ ਨੂੰ ਕੋਈ ਘਾਅ ਵੀ ਨਹੀਂ ਪਾਵੇਗਾ। ਇਹੀ ਕਾਰਨ ਹੈ ਤੇ ਸੱਚ ਵੀ ਇਹੀ ਹੈ ਕਿ ਇਨ੍ਹਾਂ ਚੋਂ
ਹਰੇਕ ਨੂੰ ਸੰਸਾਰ ਭਰ ਚੋਂ, ਆਪਣੀਆਂ ਦੁਕਾਨਾਂ ਖੋਲਣ ਲਈ ਤੇ ਲੁੱਟਣ ਲਈ ਜੇ ਕੋਈ ਵਸੋਂ ਚਾਹੀਦੀ ਹੈ
ਤਾਂ ਗੁਰਬਾਣੀ ਜੀਵਨ ਤੋਂ ਦੁਰੇਡੇ ਜਾ ਚੁੱਕੀ ਸਿੱਖ ਵਸੋਂ ਹੀ, ਜਦਕਿ ਸੰਸਾਰ ਹੋਰ ਧਰਮਾਂ ਦਾ ਘਾਟਾ
ਹੈ ਨਾ ਇਲਾਕਿਆਂ ਦਾ। ਸੰਸਾਰ ਪੱਧਰ `ਤੇ ਮੰਣਿਆ-ਪ੍ਰਮਣਿਆਂ ਸੱਚ ਵੀ ਇਹੀ ਹੈ ਕਿ ਜੇਕਰ ਨਕਲ ਹੁੰਦੀ
ਹੈ ਤਾਂ ਉਹ ਵੀ ਕਿਸੇ ਬਹੁਤ ਵਧੀਆ ਤੇ ਅਸਲ ਵਸਤ ਦੀ ਹੀ। ਦੂਜੇ ਪਾਸੇ ਕਿਸੇ ਘਟੀਆ ਵਸਤ ਦੀ ਨਕਲ ਵੀ
ਕੋਈ ਨਹੀਂ ਕਰਦਾ।
ਕੀ ਇਸ ਤੋਂ ਬਾਅਦ ਵੀ ਭੁਲੇਖਾ ਰਹਿ ਜਾਂਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੇ
ਉਨ੍ਹਾਂ ਦੇ ਬਾਕੀ ਨੌ ਜਾਮੇ ਹੀ ਸ਼ਬਦਾ-ਅਵਤਾਰ ਧੁਰੋਂ ਥਾਪੇ ਗੁਰੂ ਹਨ, ਹੋਰ ਕੋਈ ਨਹੀਂ। ਇਸੇ ਲਈ
ਉਨ੍ਹਾਂ ਰਾਹੀਂ ਹੀ ਸਥਾਪਿਤ ਸਦਾ ਥਿਰ “ੴ ਤੋਂ “ਤਨੁ ਮਨੁ ਥੀਵੈ ਹਰਿਆ” ਤੀਕ ਗੁਰਬਾਣੀ ਦਾ
ਖਜ਼ਾਨਾ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸੰਸਾਰ ਪੱਧਰ ਦੇ ਇਕੋ ਇੱਕ ਤੇ ਸਦੀਵੀ ਗੁਰੂ ਹਨ।
ਦੂਜੇ ਪਾਸੇ, ਹਰੇਕ ਬੇਈਮਾਨ ਤੇ ਪਖੰਡੀ, ਇਸ ਕੰਮ ਲਈ ਜੇ ਕਰ ਪਹੁੰਚਦਾ ਹੈ ਤਾਂ ਉਹ ਵੀ ਕੇਵਲ ਪੰਜਾਬ
ਤੇ ਗੁਰਬਾਣੀ ਦੇ ਵਾਤਾਵਰਣ `ਚ ਹੀ। ਬੇਸ਼ੱਕ ਪਖੰਡ ਦੀ ਦੀਆਂ ਦੁਕਾਨਾਂ ਗੁਰੂ ਸਾਹਿਬਾਨ ਸਮੇਂ ਵੀ
ਖੁਲੀਆਂ ਪਰ ਅਸਫ਼ਲ ਹੋਈਆਂ ਕਿਉਂਕਿ ਉਸ ਸਮੇਂ ਗੁਰਬਾਣੀ ਜੀਵਨ ਪੱਖੋਂ ਸੰਗਤਾਂ ਜਾਗਦੀਆਂ ਸਨ, ਅੱਜ ਦੀ
ਤਰ੍ਹਾਂ ਸੁੱਤੀਆਂ ਹੋਈਆਂ ਨਹੀਂ ਸਨ।
੧੪.”ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ-ਸਮਝਣਾ ਹੈ ਕਿ ਗੁਰੂ
ਨਾਨਕ ਸਾਹਿਬ ਤੇ ਉਨ੍ਹਾਂ ਦੇ ਬਾਕੀ ਜਾਮੇ, ਉਸੇ ਇਲਾਹੀ ਸ਼ਬਦ ਗੁਰੂ, ਸਤਿਗੁਰੂ ਦਾ ਹੀ ਸਰੀਰਕ
ਪ੍ਰਗਟਾਵਾ ਹਨ। ਇਹੀ ਦਸ ਪਾਤਸ਼ਾਹੀਆਂ ਕਰਤੇ ਵਲੋਂ ਸਾਧਨ ਤੇ ਮੀਡੀਆ
(Media) ਹਨ, ਅੱਖਰ ਰੂਪ “ਸਾਹਿਬ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ” ਨੂੰ ਸੰਸਾਰ `ਚ, ਪ੍ਰਗਟ ਕਰਣ ਲਈ। ਇਹੀ ਕਾਰਨ ਹੈ, ਗੁਰਬਾਣੀ ਦੀ ਇੱਕ ਇੱਕ
ਪੰਕਤੀ ਮਨੁੱਖ ਨੂੰ ਅਕਾਲਪੁਰਖ ਨਾਲ ਜੋੜ ਰਹੀ ਹੈ, ਕਿਸੇ ਸਰੀਰ ਨਾਲ ਨਹੀਂ। ਜੀਵਨ ਅੰਦਰੋਂ
ਤ੍ਰਿਸ਼ਨਾ, ਭਟਕਣਾ, ਵਿਕਾਰਾਂ ਦਾ ਨਾਸ ਕਰ ਕੇ ਦੁੱਲਭ ਮਨੁੱਖਾ ਸਰੀਰ ਨੂੰ ਕੁੰਦਨ ਬਣਾਉਂਦੀ ਹੈ। ਫ਼ਿਰ
ਵੀ ਗੁਰੂ ਸਾਹਿਬਾਨ ਨੇ ਆਪਣੇ ਮਹਾਨਤਮ ਸਰੀਰਾਂ ਨੂੰ ਵੀ ‘ਸਦਾ ਥਿਰ’ ਇਲਾਹੀ ਗੁਰੂ ਨੂੰ ਪ੍ਰਗਟਾਉਣ
ਵਾਲਾ ਹੀ ਦਸਿਆ ਹੈ, ਗੁਰੂ ਨਹੀਂ ਜਿਵੇਂ “ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ
ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ” (ਪੰ: ੭੫੯)
ਸਪਸ਼ਟ ਹੈ “ਗੁਰੂ ਨਾਨਕ ਪਾਤਸ਼ਾਹ ਤੇ ਉਨ੍ਹਾਂ ਦੇ ਉਤਰਾਧਿਕਾਰੀ” ਪ੍ਰਭੂ ਦੇ
ਨਿਜ ਗੁਣ ‘ਗੁਰੂ’ ਦਾ ਹੀ ਪ੍ਰਗਟਾਵਾ ਹਨ। ਫ਼ਿਰ ਵੀ ਜੇ ਕਰ ਇਸ ਰੱਬੀ ਸੱਚ ਨੂੰ ਸਪਸ਼ਟ ਕਰਣ ਦੀ ਜਾਂ
ਇਸ ਬਾਰੇ ਕੁੱਝ ਕਹਿਣ ਦੀ ਲੋੜ ਪਈ ਤਾਂ ਉਸ ਪਿਛੇ ਵੀ ਕਰਤਾ ਅਕਾਲਪੁਰਖ ਨੂੰ ਹੀ ਦਸਿਆ ਹੈ, ਕਿਸੇ
ਗੁਰੂ ਵਿਅਕਤੀ ਨੂੰ ਨਹੀਂ। ਜਿਵੇਂ ਕਿ ਦੂਜੇ, ਤੀਜੇ, ਚੌਥੇ, ਪੰਜਵੇ ਪਾਤਸ਼ਾਹ ਦੀ ਬਾਣੀ ਤੇ ਭੱਟਾਂ
ਦੇ ਸਵੈਯਾਂ `ਚ’।
੧੫.”ਗੁਰਮੁਖ ਗਾਡੀ ਰਾਹ ਚਲਾਯਾ” -ਭਾਈ ਗੁਰਦਾਸ ਜੀ ਫ਼ੁਰਮਾਉਂਦੇ ਹਨ
“ਸਤਿਗੁਰ ਸਚਾ ਪਾਤਿਸ਼ਾਹ, ਗੁਰਮੁਖ ਗਾਡੀ ਰਾਹ ਚਲਾਯਾ” ਤੇ ਨਾਲ ਹੀ ਸਪਸ਼ਟ ਕਰਦੇ ਹਨ ਕਿ ਗ੍ਰੁਰੂ
ਨਾਨਕ ਪਾਤਸ਼ਾਹ ਨੇ ‘ਗੁਰਬਾਣੀ’ ਗਾਡੀ ਰਾਗ ਚਲਾ ਕੇ ਵੀ ਆਪਣੇ ਸਰੀਰ (ਦਸਾਂ ਸਰੀਰਾਂ) ਨੂੰ ਹੀ “ਆਪ
ਗਵਾਇ ਨ ਆਪਾ ਗਣਾਯਾ” ਭਾਵ ਪ੍ਰਭੂ ਦਾ ਵਿਚੋਲਾ ਬਣਾ ਕੇ ਵਰਤਿਆ, ਗੁਰੂ ਨਹੀਂ। ਪੂਰੀ ਪਉੜੀ ਇਸ
ਤਰ੍ਹਾਂ ਹੈ:-
“ਸਤਿਗੁਰ ਸਚਾ ਪਾਤਿਸ਼ਾਹ ਗੁਰਮੁਖ ਗਾਡੀ ਰਾਹ ਚਲਾਯਾ॥ ਪੰਚ ਦੂਤ ਕਰ ਭੂਤ ਵਸ
ਦੁਰਮਤ ਦੂਜਾ ਭਾਉ ਮਿਟਾਯਾ॥ ਸ਼ਬਦ ਸੁਰਤਿ ਨਿਵ ਚਲਣਾ ਜਮਜਾਗਾਤੀ ਨੇੜ ਨ ਆਯਾ॥ ਬੇਮੁਖ ਬਾਰਹ ਬਾਟ ਕਰ
ਸਾਧ ਸੰਗਤ ਸਚ ਖੰਡ ਵਸਾਯਾ॥ ਭਾਉ ਭਗਤਿ ਭਉ ਮੰਤ੍ਰ ਦੇ ਨਾਮ ਦਾਨ ਇਸ਼ਨਾਨ ਦ੍ਰਿੜਾਯਾ॥ ਜਿਉਂ ਜਲ ਅੰਦਰ
ਕਮਲ ਹੈ ਮਾਯਾ ਵਿੱਚ ਉਦਾਸ ਰਹਾਯਾ॥ ਆਪ ਗਵਾਇ ਨ ਆਪਾ ਗਣਾਯਾ॥ ੫/੧੩॥”
ਤਾਂ ਤੇ ਗੁਰਬਾਣੀ ਦੇ ਸਿੱਖ ਹੋਣ ਦੇ ਨਾਤੇ ਸਮਝਣਾ ਹੈ ਕਿ ਕੇਵਲ ਸਿੱਖ ਦਾ
ਹੀ ਨਹੀਂ, ਸੰਸਾਰ ਭਰ ਦਾ ਗੁਰੂ ਇਕੋ ਹੀ ਹੈ, ਵਧੇਰੇ ਨਹੀਂ। ‘ਗੁਰੂ’ ਅਕਾਲਪੁਰਖ ਦਾ ਹੀ ਨਿਜ ਗੁਣ
ਹੈ ਤੇ ਸਦੀਵੀ ਹੈ, ਇਸ ਗੁਰੂ ਬਿਨਾ ਮਨੁੱਖਾ ਜੀਵਨ `ਚ ਇਲਾਹੀ ਸੱਚ ਦਾ ਉਜਾਲਾ ਹੀ ਸੰਭਵ ਨਹੀਂ ਤੇ
ਨਾ ਮਨੁੱਖਾ ਜੀਵਨ `ਚੋਂ ਵਿਕਾਰਾਂ ਆਦਿ ਅਉਗੁਣਾਂ ਦਾ ਨਾਸ ਹੀ ਹੋ ਸਕਦਾ ਹੈ। ਗੁਰੂ ਨਾਨਕ ਪਾਤਸ਼ਾਹ
ਤੇ ਉਨ੍ਹਾਂ ਦੇ ਬਾਕੀ ਨੌ ਸਰੂਪ ਉਪ੍ਰੰਤ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਉਸੇ ਇਕੋ ਇੱਕ
ਇਲਾਹੀ ਗੁਰੂ ਦਾ ਮਨੁੱਖ ਮਾਤ੍ਰ ਲਈ ਪ੍ਰਗਟਾਵਾ ਤੇ ਵਿਸਤਾਰ ਹਨ।
੧੬. ਗੁਰੂ ਨਾਨਕ ਸਾਹਿਬ ਦਾ ਗੁਰੂ? ਗੁਰੂ ਨਾਨਕ ਪਾਤਸ਼ਾਹ ਨੂੰ ਸਿੱਧਾਂ
ਨੇ ਸੁਆਲ ਕੀਤਾ “ਕਵਣ ਮੂਲੁ ਕਵਣ ਮਤਿ ਵੇਲਾ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ” ਤਾਂ
ਗੁਰਦੇਵ ਦਾ ਉੱਤਰ ਸੀ “ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ (ਪੰ:
942)।
ਭਾਵ ਐ ਜੋਗੀਓ! ਤੁਸਾਂ ਮੇਰੇ ਤੋਂ ਇਹ ਸੁਆਲ
ਕੇਵਲ ਚਲਦੀ ਆ ਰਹੀ ਪਰੀਪਾਟੀ ਅਨੁਸਾਰ ਹੀ ਕੀਤਾ ਹੈ। ਜਦਕਿ ‘ਮੇਰਾ ਗੁਰੂ ਤਾਂ ਤੱਦ ਤੋਂ ਮੌਜੂਦ ਹੈ
ਜੱਦ ਤੋਂ ਸੁਆਸਾਂ ਦਾ ਅਰੰਭ ਹੋਇਆ ਹੈ ਤੇ ਉਹ ਮੇਰਤਾ ਗੁਰੂ ‘ਸ਼ਬਦ’ (ਇਲਾਹੀ ਗਿਆਨ, ਆਤਮਿਕ ਉੱਚਤਾ)
ਹੈ, ਸਰੀਰ ਨਹੀਂ। ਦੂਜਾ, ਜੋ ਤੁਸਾਂ ਪੁਛਿਆ ਕਿ ਮੈਂ ਚੇਲਾ ਕਿਸ ਦਾ ਹਾਂ, ਦਰਅਸਲ ਤੁਹਾਡਾ ਇਹ ਸੁਆਲ
ਵੀ ਸਰੀਰ ਦੀ ਸੀਮਾ ਤੀਕ ਹੀ ਬੱਝਾ ਹੈ। ਸਮਝਣਾ ਹੈ ਕਿ ਜਦੋਂ ਤੀਕ ਸੁਰਤ ਦਾ ਟਿਕਾਅ, ਸ਼ਬਦ `ਚ ਨਾ
ਹੋਵੇ, ਤਦ ਤੀਕ ਸਰੀਰ ਵੀ ਉਸ ਸ਼ਬਦ-ਗੁਰੂ ਦਾ ਚੇਲਾ ਨਹੀਂ ਹੋ ਸਕਦਾ। ਇਸ ਲਈ ਜੋਗੀਓ! ਇਥੇ ਗੁਰੂ
ਹੋਵੇ ਜਾਂ ਚੇਲਾ, ਵਿਸ਼ਾ ‘ਸਰੀਰ’ ਦਾ ਹੈ ਹੀ ਨਹੀਂ। ਇਥੇ ਵਿਸ਼ਾ ਹੀ ‘ਸ਼ਬਦ-ਸੁਰਤ’ ਦੇ ਮਿਲਾਪ
ਦਾ ਹੈ। ਗੁਰਬਾਣੀ `ਚ ਹੀ “ਤਤੁ ਨਿਰੰਜਨੁ ਜੋਤਿ ਸਬਾਈ, ਸੋਹੰ ਭੇਦੁ ਨ ਕੋਈ ਜੀਉ॥ ਅਪਰੰਪਰ
ਪਾਰਬ੍ਰਹਮੁ ਪਰਮੇਸਰੁ, ਨਾਨਕ ਗੁਰੁ ਮਿਲਿਆ ਸੋਈ ਜੀਉ” (ਪੰ:
599)
ਭਾਵ ਉਹ ਅਕਾਲਪੁਰਖ ਜੋ ਸਾਰੀ ਰਚਨਾ `ਚ ਵਿਆਪਕ ਤੇ ‘ਸਦਾ
ਥਿੱਰ’ ਹੈ ਮੇਰਾ ‘ਗੁਰੂ’ ਉਹੀ ਹੈ। ਇਸ ਤਰ੍ਹਾਂ ਗੁਰਬਾਣੀ `ਚ ਹੋਰ ਬਹੁਤ ਥਾਵੇਂ ਗੁਰੂ
ਨਾਨਕ ਸਾਹਿਬ ਨੇ ਕਰਤੇ ਨੂੰ ਹੀ ਆਪਣਾ ਤੇ ਸੰਸਾਰ ਦਾ ‘ਗੁਰੂ’ ਦਸਿਆ ਹੈ, ਸਰੀਰ ਨੂੰ ਨਹੀਂ।
੧੭. ਪੰਚਮ ਪਾਤਸ਼ਾਹ ਦੇ ਦਰਸ਼ਨ- ਇਸ ਪੱਖੋਂ ਪੰਚਮ ਪਿਤਾ ਫ਼ੁਰਮਾਉਂਦੇ ਹਨ
“ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ॥ ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ
ਫਿਰਿ ਗਰਭਾਸਿ ਨ ਪਰਿਆ ਰੇ” (ਪੰ: ੬੧੨) ਧਿਆਣ ਦੇਣ ਦੀ ਲੋੜ ਹੈ, ਵਿਆਕਰਣ ਅਨੁਸਾਰ ‘ਗੁਰੁ’ ਤੇ
‘ਨਾਨਕੁ’ ਦੋਨਾਂ ਦੇ ਪੈਰਾਂ `ਚ ਓਂਕੜ (ੁ) ਤੇ ਦੋਵੇਂ ਸਬੰਧਕ ਹਨ, ਅੱਡ ਅੱਡ ਨਹੀਂ ਹਨ। ਅਰਥ ਹਨ,
ਨਿਰਮਾਣਤਾ ਦੀ ਹੱਦ ਕਿ ਗੁਰਦੇਵ ਆਪਣੇ `ਤੇ ਘਟਾ ਕੇ ਹੀ ਕਹਿ ਰਹੇ ਹਨ “ਹੇ ਭਾਈ! ਮੈਨੂੰ ਮੂਰਖ ਨੂੰ
ਪਾਰ ਲੰਘਾਣਾ, ਗੁਰੂ ਵਾਸਤੇ ਕੋਈ ਵੱਡੀ ਗੱਲ ਨਹੀਂ। ਉਸ ਦੇ ਦਰ ਤੇ ਆ ਕੇ ਤਾਂ ਕ੍ਰੋੜਾਂ ਪਾਪੀ
ਸੰਸਾਰ-ਸਮੁੰਦਰ ਤੋਂ ਪਾਰ ਲੰਘ ਰਹੇ ਹਨ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਨਾਨਕ ਨੂੰ ਸੁਣਿਆ
ਹੈ ਗੁਰੂ ਨਾਨਕ ਦਾ ਦਰਸ਼ਨ ਕੀਤਾ ਹੈ, ਉਹ ਮੁੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ। ੪। (ਪ੍ਰੋ:
ਸਾਹਿਬ ਸਿੰਘ)। ਇਸ ਤਰ੍ਹਾਂ ਜਦੋਂ ਪੰਜਵੇਂ ਪਾਤਸ਼ਾਹ, ਗੁਰੂ ਨਾਨਕ ਪਾਤਸ਼ਾਹ ਨੂੰ ਸੁਨਣ ਤੇ ਉਨ੍ਹਾਂ
ਦੇ ਦਰਸ਼ਨਾ ਦੀ ਗੱਲ ਕਰ ਰਹੇ ਹਨ ਤਾਂ ਫ਼ਿਰ ਉਨ੍ਹਾਂ ਲਈ ਪਹਿਲੇ ਪਾਤਸ਼ਾਹ ਦੇ ਦਰਸ਼ਨ ਤੇ ਉਨ੍ਹਾਂ ਨੂੰ
ਸੁਨਣਾ ਕੀ ਹੈ? ਇਹ ਹੈ, ਗੁਰਬਾਣੀ ਰੂਪ ਉਨ੍ਹਾਂ ਦੇ ਉਪਦੇਸ਼ਾਂ ਰਾਹੀਂ ਆਪਣੇ ਜੀਵਨ ਦੀ ਸਾਂਝ ਪਾਉਣੀ।
ਸਪਸ਼ਟ ਹੈ ਕਿ ਪੰਚਮ ਪਿਤਾ ਗੁਰੂ ਨਾਨਕ ਪਾਤਸ਼ਾਹ ਨੂੰ ਹੀ “ਗੁਰੁ ਪਰਮੇਸਰੁ
ਏਕੋ ਜਾਣੁ. .” (ਪੰ: ੮੬੪) “ਗੁਰ ਗੋਵਿੰਦੁ, ਗ+ਵਿੰਦੁ ਗੁਰੂ ਹੈ, ਨਾਨਕ ਭੇਦੁ ਨ ਭਾਈ”
(ਪੰ: ੪੪੨) ਭਾਵ ਉਹ ਜੋ ਸਾਰੇ ਮਨੁੱਖ ਮਾਤ੍ਰ ਲਈ ਅਕਾਲਪੁਰੀ ਤੇ ਸਦੀਵੀ ਗੁਰੂ ਹੈ ਉਸੇ ਗੁਰੂ
ਦਾ ਸਰੀਰਕ ਪ੍ਰਗਟਾਵਾ ਦੱਸ ਰਹੇ ਹਨ। ਇਸੇ ਤਰ੍ਹਾਂ ਹੋਰ ਬਹੁਤ ਗੁਰਬਾਣੀ ਪ੍ਰਮਾਣ ਹਨ ਜਦੋ ਗੁਰੂ
ਨਾਨਕ ਜਾਮਿਆਂ ਲਈ ਹੀ ਸਪਸ਼ਟ ਲਫ਼ਜ਼ਾਂ `ਚ “ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ
ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ” (ਪੰ: ੭੫੯) ਵਾਲੇ ਸਦੀਵੀ ਗੁਰੂ ਦਾ ਸਰੀਰਕ
ਪ੍ਰਗਟਾਵਾ ਕਿਹਾ ਹੀ ਨਹੀਂ ਬਲਕਿ ਸਾਬਤ ਵੀ ਕੀਤਾ ਹੈ।
ਇਸ ਲਈ ਮਨੁੱਖ ਮਾਤ੍ਰ ਦੀ ਸੰਭਾਲ ਲਈ ਬੇਸ਼ਕ ਗੁਰੂ ਨਾਨਕ ਪਾਤਸ਼ਾਹ ਮਨੁੱਖਾ
ਸਰੀਰ ਦੇ ਰੂਪ `ਚ ਪ੍ਰਗਟ ਹੋਏ ਪਰ ਉਹ ਅਕਾਲਪੁਰਖ ਦੇ ਉਸ ਸਦੀਵੀ, ਸਰਬਕਾਲੀ ਅਤੇ ਸਰਬਵਿਆਪਕ ਗੁਣ,
‘ਗੁਰੂ, ਸਤਿਗੁਰੂ ਜਾਂ ਸ਼ਬਦ ਗੁਰੂ’ ਦੇ ਹੀ ਸ਼ਬਦਾ-ਅਵਤਾਰ ਤੇ ਪ੍ਰਗਟਾਵਾ ਹਨ। ਇਸੇ
ਲਈ ਉਹ ਜਮਾਂਦਰੂ ਗੁਰੂ ਹਨ, ਉਨ੍ਹਾਂ ਨੂੰ ਕਿਸੇ ਸੰਸਾਰਕ ‘ਗੁਰੂ’ ਨੂੰ ਧਾਰਣ ਕਰਨ ਦੀ ਲੋੜ ਨਹੀਂ
ਸੀ। ਇਸ ਤੋਂ ਬਾਅਦ ਅੱਜ ਸਾਡੇ ਵਿਚੋਂ ਹੀ ਕੁੱਝ ਉਹ ਉਬਰ ਰਹੇ ਹਨ ਜੋ ਕਹਿ ਰਹੇ ਹਨ ਕਿ ਗੁਰੂ
ਹਸਤੀਆਂ ਨੂੰ ਗੁਰੂ ਨਾ ਕਹੋ। ਨਹੀਂ ਭਾਈ ਗੁਰਮੁਖੌ! ਨਿਡੱਰ ਹੋ ਕੇ ਗੁਰੂ ਸਾਹਿਬਾਨ ਨੂੰ ਗੁਰੂ ਕਹੋ
ਤੇ ਉਹੀ ਗੁਰੂ ਹਨ ਹੋਰ ਕੋਈ ਨਹੀਂ। ਦੂਜਾ-ਗੁਰੂ ਪਦ ਦੇ ਅਰਥ ਵੀ ਇਧਰੋਂ-ਓਧਰੋਂ ਨ ਲਵੋ ਬਲਕਿ
ਗੁਰਬਾਣੀ ਚੋਂ ਹੀ ਲੈ ਕੇ ਸਾਬਤ ਕਰੋ ਤਾ ਕਿ ਗੁਰੂ ਪਦ ਦੇ ਸਾਰੇ ਪ੍ਰਚਲਤ ਅਰਥ ਉਸ ਇਲਾਹੀ ਤੇ ਸਦੀਵੀ
ਗੁਰੂ ਦੇ ਅਰਥਾਂ ਸਾਹਮਣੇ ਬਿਲਕੁਲ ਫਿਕੇ ਹਨ `ਤੇ ਗੁਰਬਾਣੀ `ਚ ਪ੍ਰਗਟਾਏ ‘ਗੁਰੂ’ ਪਦ ਦੇ ਅਰਥਾਂ
ਨਾਲ ਉੱਕਾ ਮੇਲ ਨਹੀਂ ਖਾਂਦੇ। #179s09.02s09#
Including this Self Learning Gurmat Lesson No 179
“ਗੁਰੁ ਨਾਨਕੁ ਜਿਨ ਸੁਣਿਆ ਪੇਖਿਆ. .”
For all the Gurmat Lessons written upon Self Learning base by
‘Principal Giani Surjit Singh’ Sikh Missionary, Delhi, all the rights are
reserved with the writer, but easily available for Distribution within ‘Guru Ki
Sangat’ with an intention of Gurmat Parsar, at quite a nominal printing cost
i.e. mostly Rs 200/- to 300/- per hundred copies. (+P&P.Extra) From ‘Gurmat
Education Centre, Delhi’, Postal Address- A/16 Basement, Dayanand Colony,
Lajpat Nagar IV, N. Delhi-24 Ph 91-11-26236119 & ® J-IV/46 Old D/S Lajpat
Nagar-4 New Delhi-110024 Ph. 91-11-26236119 Cell 9811292808
web site-
www.gurbaniguru.org
|
. |