ੴਸਤਿਗੁਰਪ੍ਰਸਾਦਿ
ਨਾਮ ਸਿਮਰਨ (ਗੁਰਮਤਿ ਅਨੁਸਾਰ)
(ਕਿਸ਼ਤ ਨੰ: 04)
ਸਤਿਗੁਰੂ ਪਾਸੋਂ ਨਾਮ ਧਨੁ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ?
ਨਾਮ ਧਨੁ ਕੇਵਲ ਗੁਰੂ ਤੋਂ ਮਿਲਦਾ ਹੈ ਅਤੇ ਗੁਰੂ, ਪਾਵਨ ਗੁਰਬਾਣੀ ਹੈ। ਇਸ ਲਈ ਸਤਿਗੁਰੂ
ਫੁਰਮਾਂਉਂਦੇ ਹਨ:
“ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ॥ 3॥”
{ਮਾਰੂ ਮਹਲਾ 3, ਪੰਨਾ 1066}
ਆਓ ਹੁਣ ਗੁਰਬਾਣੀ ਗੁਰੂ ਤੋਂ ਪੁਛੀਏ ਕਿ ਸਤਿਗੁਰੂ ਜੀ ਆਪ ਪਾਸੋਂ ਨਾਮ ਧਨੁ ਕਿਵੇਂ ਪ੍ਰਾਪਤ
ਕੀਤਾ ਜਾ ਸਕਦਾ ਹੈ? ਇਹ ਇਲਾਹੀ ਨਾਮ ਸਾਡੇ ਹਿਰਦੇ ਵਿੱਚ ਕਿਵੇਂ ਵੱਸੇਗਾ। ਸਤਿਗੁਰੂ ਬਖਸ਼ਿਸ਼ ਕਰਦੇ
ਸਮਝਾਉਂਦੇ ਹਨ:
ਬਿਖੁ ਮਾਇਆ ਚਿਤੁ ਮੋਹਿਆ ਭਾਈ ਚਤੁਰਾਈ ਪਤਿ ਖੋਇ॥ ਚਿਤ ਮਹਿ ਠਾਕੁਰੁ
ਸਚਿ ਵਸੈ ਭਾਈ ਜੇ ਗੁਰ ਗਿਆਨੁ ਸਮੋਇ॥ {ਸੋਰਠਿ ਮਹਲਾ 1, ਪੰਨਾ 637}
ਹੇ ਪ੍ਰਭੂ ! (ਜੀਵ ਦਾ) ਚਿੱਤ ਆਤਮਕ ਮੌਤ ਲਿਆਉਣ ਵਾਲੀ ਮਾਇਆ ਵਿੱਚ ਮੋਹਿਆ ਰਹਿੰਦਾ ਹੈ
(ਮਾਇਆ ਰੁਚੀ ਵਾਲੀ) ਸਿਆਣਪ ਨਾਲ ਆਪਣੀ ਇੱਜ਼ਤ ਗਵਾ ਲੈਂਦਾ ਹੈ। ਪਰ ਜੇ ਗੁਰੂ ਦਾ (ਦਿੱਤਾ) ਗਿਆਨ
ਜੀਵ (ਦੇ ਮਨ ਵਿਚ) ਟਿਕ ਜਾਏ ਤਾਂ ਇਸ ਦੇ ਚਿੱਤ ਵਿੱਚ ਠਾਕੁਰ ਵੱਸ ਪੈਂਦਾ ਹੈ, ਤਾਂ ਜੀਵ ਸਦਾ-ਥਿਰ
ਪ੍ਰਭੂ ਵਿੱਚ ਜੁੜਿਆ ਰਹਿੰਦਾ ਹੈ।
ਜਿਤਨਾ ਗੁਰਬਾਣੀ ਵਿਚਾਰ ਕੇ ਪੜ੍ਹਾਂਗੇ, ਅਤੇ ਉਸ ਉਤੇ ਵਿਸ਼ਵਾਸ ਲਿਆਵਾਂਗੇ, ਉਤਨਾ ਹੀ ਗੁਰੂ ਦਾ
ਗਿਆਨ ਮਨ ਵਿੱਚ ਟਿਕੇਗਾ। ਸਤਿਗੁਰੂ ਨਿਰਣਾ ਦੇ ਰਹੇ ਹਨ ਕਿ ਜੇ ਸਤਿਗੁਰੂ ਦਾ ਗਿਆਨ ਮਨ ਵਿੱਚ
ਟਿਕੇਗਾ ਤਾਂ ਅਕਾਲ ਪੁਰਖੁ ਮਨ ਵਿੱਚ ਵੱਸ ਪਵੇਗਾ। ਜੋ ਅਸਲ ਵਿੱਚ ਨਾਮ ਸਿਮਰਨ ਹੈ। ਹੇਠਲੀਆਂ
ਪੰਕਤੀਆਂ ਵਿੱਚ ਵੀ ਸਤਿਗੁਰੂ ਇਹੀ ਸਮਝਾ ਰਹੇ ਹਨ ਕਿ ਨਾਮ ਧਨੁ ਦੇ ਖਜਾਨੇ ਉਸੇ ਨੂੰ ਪ੍ਰਾਪਤ ਹੋਣਗੇ
ਜਿਸਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵੱਸ ਜਾਵੇਗਾ, ਭਾਵ ਜੋ ਗੁਰੂ ਸ਼ਬਦ ਤੋਂ ਗੁਰੂ ਦਾ ਗਿਆਨ ਪ੍ਰਾਪਤ
ਕਰਕੇ ਮਨ ਵਿੱਚ ਨਾਮ ਵਸਾ ਲਵੇਗਾ।
“ਨਾਮ ਨਿਧਾਨ ਤਿਸਹਿ ਪਰਾਪਤਿ ਜਿਸੁ ਸਬਦੁ ਗੁਰੂ ਮਨਿ ਵੂਠਾ ਜੀਉ॥” {ਮਾਝ
ਮਹਲਾ 5, ਪੰਨਾ 101}
ਪ੍ਰਭੂ-) ਨਾਮ ਦੇ ਖ਼ਜ਼ਾਨੇ ਸਿਰਫ਼ ਉਸ ਨੂੰ ਮਿਲਦੇ ਹਨ, ਜਿਸ ਦੇ ਮਨ ਵਿੱਚ ਗੁਰੂ ਦਾ ਸ਼ਬਦ ਆ
ਵੱਸਦਾ ਹੈ। 2.
“ਮਨ ਮੇਰੇ, ਗੁਰ ਕੀ ਮੰਨਿ ਲੈ ਰਜਾਇ॥ ਮਨੁ ਤਨੁ ਸੀਤਲੁ ਸਭੁ ਥੀਐ ਨਾਮੁ
ਵਸੈ ਮਨਿ ਆਇ॥” {ਸਿਰੀ ਰਾਗੁ ਮਹਲਾ 3, ਪੰਨਾ 37}
ਹੇ ਮੇਰੇ ਮਨ ! ਗੁਰੂ ਦੇ ਹੁਕਮ ਵਿੱਚ ਤੁਰ। (ਜੇਹੜਾ ਮਨੁੱਖ ਗੁਰੂ ਦਾ ਹੁਕਮ ਮੰਨਦਾ ਹੈ ਉਸ
ਦਾ) ਮਨ (ਉਸ ਦਾ ਸਰੀਰ) ਸ਼ਾਂਤ ਹੋ ਜਾਂਦਾ ਹੈ, (ਉਸ ਦੇ) ਮਨ ਵਿੱਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।
ਗੁਰੂ ਸ਼ਬਦ ਦੁਆਰਾ, ਗੁਰੂ ਦਾ ਗਿਆਨ ਪ੍ਰਾਪਤ ਕਰਕੇ, ਉਸ ੳਨੁਸਾਰ ਜੀਵਨ ਨੂੰ ਢਾਲ ਲੈਣਾ ਹੀ ਗੁਰੂ ਦੀ
ਰਜ਼ਾ ਮੰਨਣਾ ਹੈ। ਅਤੇ ਸਤਿਗੁਰੂ ਨੇ ਉਪਰੋਕਤ ਪ੍ਰਮਾਣ ਵਿੱਚ ਸਪਸ਼ਟ ਕਰ ਦਿੱਤਾ ਹੈ ਕਿ ਗੁਰੂ ਹੁਕਮ
ਅਨੁਸਾਰ ਜੀਵਨ ਜੀਣ ਨਾਲ ਨਾਮ ਸਹਿਜੇ ਹੀ ਮਨ ਵਿੱਚ ਆ ਵਸਦਾ ਹੈ। ਅਸਲ ਵਿੱਚ ਜਿਵੇਂ ਜਿਵੇਂ ਆਪਣੇ
ਜੀਵਨ ਨੂੰ ਗੁਰੂ ਸ਼ਬਦ ਦੀ ਕਸਵਟੀ ਤੇ ਪਰਖਾਂਗੇ, ਆਪਣੇ ਵਿਕਾਰਾਂ ਦੀ ਪਹਿਚਾਣ ਕਰਕੇ, ਉਨ੍ਹਾਂ ਨੂੰ
ਗੁਰੂ ਗਿਆਨ ਨਾਲ ਕਾਬੂ ਵਿੱਚ ਕਰ ਲਵਾਂਗੇ। ਨਾਮ ਨਾਲ ਸਾਂਝ ਬਣ ਜਾਵੇਗੀ। ਬਸ ਲੋੜ ਗੁਰੂ ਸ਼ਬਦ ਦੀ
ਕਸਵੱਟੀ ਤੇ ਅੰਦਰ ਭਾਲਣ ਦੀ, ਭਾਵ, ਸਵੈ ਪੜਚੋਲ ਕਰਨ ਦੀ ਹੈ ਕਿ ਜੋ ਕਰਮ, ਨਿਤ ਦਾ ਆਚਾਰ ਵਿਹਾਰ,
ਅਸੀਂ ਕਰ ਰਹੇ ਹਾਂ, ਕੀ ਉਹ ਗੁਰਮਤਿ ਅਨੁਸਾਰ ਹੈ?
“ਜਿਨੀ ਅੰਦਰੁ ਭਾਲਿਆ ਗੁਰ ਸਬਦਿ ਸੁਹਾਵੈ॥ ਜੋ ਇਛਨਿ ਸੋ ਪਾਇਦੇ ਹਰਿ
ਨਾਮੁ ਧਿਆਵੈ॥” {ਮਾਰੂ ਵਾਰ ਮਹਲਾ 3, ਪੰਨਾ 1091}
ਸਤਿਗੁਰੂ ਦੇ ਸੋਹਣੇ ਸ਼ਬਦ ਦੀ ਰਾਹੀਂ ਜਿਨ੍ਹਾਂ ਨੇ ਆਪਣਾ ਮਨ ਖੋਜਿਆ ਹੈ, ਉਹ ਹਰਿ-ਨਾਮ
ਸਿਮਰਦੇ ਹਨ ਤੇ ਮਨ-ਇੱਛਤ ਫਲ ਪਾਂਦੇ ਹਨ।
“ਗੁਰਬਾਣੀ ਸੁਣਿ ਮੈਲੁ ਗਵਾਏ॥ ਸਹਜੇ ਹਰਿ ਨਾਮੁ ਮੰਨਿ ਵਸਾਏ॥” {ਧਨਾਸਰੀ
ਮਹਲਾ 3, ਪੰਨਾ 665}
ਹੇ ਭਾਈ ! ਗੁਰੂ ਦੀ ਬਾਣੀ ਸੁਣਿਆ ਕਰ, (ਇਹ ਬਾਣੀ ਮਨ ਵਿਚੋਂ ਵਿਕਾਰਾਂ ਦੀ) ਮੈਲ ਦੂਰ ਕਰ
ਦੇਂਦੀ ਹੈ। (ਇਹ ਬਾਣੀ) ਆਤਮਕ ਅਡੋਲਤਾ ਵਿੱਚ (ਟਿਕਾ ਕੇ) ਪਰਮਾਤਮਾ ਦਾ ਨਾਮ ਮਨ ਵਿੱਚ ਵਸਾ ਦੇਂਦੀ
ਹੈ।
“ਗੁਰ ਤੇ ਗਿਆਨੁ ਪਾਇਆ ਅਤਿ ਖੜਗੁ ਕਰਾਰਾ॥ ਦੂਜਾ ਭ੍ਰਮੁ ਗੜੁ ਕਟਿਆ
ਮੋਹੁ ਲੋਭੁ ਅਹੰਕਾਰਾ॥ ਹਰਿ ਕਾ ਨਾਮੁ ਮਨਿ ਵਸਿਆ ਗੁਰ ਸਬਦਿ ਵੀਚਾਰਾ॥” {ਮਾਰੂ ਵਾਰ ਮਹਲਾ 3, ਪੰਨਾ
1087}
(ਗਿਆਨ, ਮਾਨੋ) ਬੜਾ ਤੇਜ਼ ਖੰਡਾ ਹੈ, ਇਹ ਗਿਆਨ ਗੁਰੂ ਤੋਂ ਮਿਲਦਾ ਹੈ, (ਜਿਸ ਨੂੰ ਮਿਲਿਆ
ਹੈ ਉਸ ਦਾ) ਮਾਇਆ ਦੀ ਖ਼ਾਤਰ ਭਟਕਣਾ, ਮੋਹ, ਲੋਭ ਤੇ ਅਹੰਕਾਰ-ਰੂਪ ਕਿਲ੍ਹਾ (ਜਿਸ ਵਿੱਚ ਉਹ ਘਿਰਿਆ
ਪਿਆ ਸੀ, ਇਸ ਗਿਆਨ-ਖੜਗ ਨਾਲ) ਕੱਟਿਆ ਜਾਂਦਾ ਹੈ; ਗੁਰੂ ਦੇ ਸ਼ਬਦ ਵਿੱਚ ਸੁਰਤਿ ਜੋੜਿਆਂ ਉਸ ਦੇ ਮਨ
ਵਿੱਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ ।
ਜਦ ਗੁਰੂ ਸ਼ਬਦ ਦੀ ਵਿਚਾਰ ਨਾਲ ਸਤਿਗੁਰੂ ਕੋਲੋਂ ਗਿਆਨ ਦੀ ਖੜਗ ਹਾਸਲ ਕਰ ਲਈ, ਫੇਰ ਗਿਆਨ ਖੜਗ ਦੀ
ਸ਼ਕਤੀ ਨਾਲ, ਗਿਆਨ ਖੜਗ ਦੇ ਵਾਰ ਨਾਲ, ਸਾਰੀ ਦੁਬਿਧਾ ਦੂਰ ਹੋ ਗਈ, ਜਿਹੜੇ ਵਿਕਾਰ ਜੀਵਨ ਤੇ ਭਾਰੂ
ਸਨ, ਜਿਨ੍ਹਾਂ ਦਾ ਗੁਲਾਮ ਬਣ ਕੇ ਜੀਵਨ ਬਤੀਤ ਕਰ ਰਹੇ ਸਾਂ, ਉਹ ਵਿਕਾਰ ਵੀ ਵੱਸ ਵਿੱਚ ਆ ਗਏ, ਫਿਰ
ਜੀਵਨ ਵਿੱਚੋਂ ਔਗੁਣ ਨਿਕਲ ਗਏ ਤੇ ਮਨ ਸੁੱਚਾ ਹੋ ਗਿਆ। ਔਗੁਣਾਂ ਦੀ ਜਗ੍ਹਾ ਜੀਵਨ ਗੁਣਾਂ ਨਾਲ
ਸ਼ਿੰਗਾਰਿਆ ਗਿਆ। ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਜੀਵਨ ਨੂੰ ਗੁਣਾਂ ਨਾਲ ਸ਼ਿੰਗਾਰਨ ਨਾਲ ਹੀ ਨਾਮ ਧਨੁ
ਪ੍ਰਾਪਤ ਹੋ ਜਾਵੇਗਾ।
“ਸਾਚੀ ਬਾਣੀ ਸੂਚਾ ਹੋਇ॥ ਗੁਣ ਤੇ ਨਾਮੁ ਪਰਾਪਤਿ ਹੋਇ॥” {ਆਸਾ ਮਹਲਾ 3,
ਪੰਨਾ 361}
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਣਾਲਾਹ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ
ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ। ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਉਸ ਨੂੰ ਪਰਮਾਤਮਾ ਦੇ ਨਾਮ ਦਾ
ਸੌਦਾ ਮਿਲ ਜਾਂਦਾ ਹੈ।
ਜਦੋਂ ਨਾਮ ਹਿਰਦੇ ਵਿੱਚ ਵੱਸ ਗਿਆ, ਜੀਵਨ ਪਵਿੱਤਰ ਹੋ ਗਿਆ, ਫਿਰ ਮਨੁੱਖ ਜੋ ਕਰਮ ਕਰਦਾ ਹੈ, ਧਰਮ
ਦਾ ਕਰਦਾ ਹੈ। ਵਾਹਿਗੁਰੂ ਦੇ ਭਓ ਅਤੇ ਭਾਓ ਵਿੱਚ ਕੀਤਾ ਉਸ ਦਾ ਹਰ ਕਰਮ, ਭਾਵੇਂ ਉਹ ਆਪਣੀ
ਗ੍ਰਹਿਸਥੀ ਨੂੰ ਪਾਲਣ ਲਈ ਸੁਕਿਰਤ ਹੋਵੇ, ਭਾਵੇਂ ਕੌਮ ਦੀ ਅਣੱਖ ਵਾਸਤੇ ਯਾ ਕਿਸੇ ਮਜਲੂਮ ਦੀ ਰੱਖਿਆ
ਲਈ ਮੈਦਾਨੇ ਜੰਗ ਵਿੱਚ ਜੂਝ ਰਿਹਾ ਹੋਵੇ, ਭਾਵੇਂ ਉਹ ਦੀਨ ਦੁੱਖੀ ਦੀ ਸੇਵਾ ਕਰ ਰਿਹਾ ਹੋਵੇ, ਉਸ ਦਾ
ਹਰ ਕਰਮ ਨਾਮ ਸਿਮਰਨ ਹੁੰਦਾ ਹੈ
ਕੀ ਨਾਮ ਸਿਮਰਨ ਲਈ ਕਿਸੇ ਖਾਸ ਵਿਧੀ ਦੀ ਲੋੜ ਹੈ?
ਵੈਸੇ ਤਾਂ ਜੇ ਉਪਰੋਕਤ ਵਿਚਾਰ ਦੀ ਸਮਝ ਲੱਗ ਗਈ ਹੋਵੇ ਤਾਂ ਇਹ ਸੁਆਲ ਕੋਈ ਮਹਤੱਤਾ ਹੀ
ਨਹੀਂ ਰਖਦਾ। ਪਰ ਅਜ ਸਿੱਖ ਕੌਮ ਵਿੱਚ ਵੱਡੇ ਭੁਲੇਖੇ ਪਾਏ ਜਾ ਰਹੇ ਹਨ, ਥਾਂ ਥਾਂ ਤੇ ਨਾਮ ਦੇ
ਵਪਾਰੀ ਤੁਰੇ ਫਿਰਦੇ ਹਨ ਜੋ ਨਵੇਂ ਨਵੇਂ ਤਰੀਕੇ ਦਸ ਰਹੇ ਹਨ। ਕੋਈ ਕਹਿੰਦਾ ਹੈ ਨਾਮ ਇੰਜ ਜਪਣਾ ਹੈ
ਤੇ ਕੋਈ ਕਹਿੰਦਾ ਹੈ ਨਾਮ ਉਂਜ ਜਪਣਾ ਹੈ। ਜੋਗ ਮੱਤ ਦੇ ਪ੍ਰਾਣਾਯਾਮ ਦੇ ਤਰੀਕਿਆਂ ਨੂੰ ਜਿਨ੍ਹਾਂ
ਨੂੰ ਗੁਰਮਤਿ ਪੂਰਨਤਾ ਰੱਦ ਕਰਦੀ ਹੈ, ਨੂੰ ਹੀ ਗੁਰਮਤਿ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਉਸੇ
ਅਨੁਸਾਰ ਨਾਮ ਸਿਮਰਨ ਕਰਾਏ ਜਾ ਰਹੇ ਹਨ, ਜਦੋਂ ਸਾਹ ਅੰਦਰ ਜਾਵੇ, ਵਾਹਿ ਅੰਦਰ ਲੈ ਜਾਓ, ਜਦੋਂ ਸਾਹ
ਬਾਹਰ ਕੱਢੋ, ਗੁਰੂ ਬਾਹਰ ਕੱਢ ਦਿਓ। ਕੋਈ ਕਹਿੰਦਾ ਹੈ ਸੱਜੀ ਨਾਸ ਰਾਹੀਂ ਸਾਹ ਖਿਚਦਿਆਂ ਵਾਹਿ ਅੰਦਰ
ਲਿਜਾਓ ਅਤੇ ਖੱਬੀ ਨਾਸ ਰਾਹੀਂ ਸਾਹ ਨਾਲ ਗੁਰੂ ਨੂੰ ਬਾਹਰ ਕੱਢ ਦਿਓ। ਕੋਈ ਕਹਿੰਦਾ ਹੈ, ਬਿਲਕੁਲ
ਹਨੇਰਾ ਕਰ ਲਵੋ, ਕੋਈ ਕਹਿੰਦਾ ਹੈ ਰੋਸ਼ਨੀ ਮੱਧਮ ਕਰ ਲਓ ਅਤੇ ਕੋਈ ਕਹਿੰਦਾ ਹੈ ਨਾਮ ਸਿਮਰਨ ਲਈ ਬਹੁਤ
ਤੇਜ਼ ਰੋਸ਼ਨੀ ਹੋਣੀ ਚਾਹੀਦੀ ਹੈ, ਹਜ਼ਾਰ ਹਜ਼ਾਰ ਵਾਟ ਦੇ ਬਲਬ ਜਗਾ ਲਓ, ਬੈਠਣ ਦੇ, ਆਸਣ ਲਾਉਣ ਦੇ, ਕਈ
ਕਈ ਤਰੀਕੇ ਦਸੇ ਜਾ ਰਹੇ ਹਨ, ਇਸ ਲਈ ਜ਼ਰੂਰੀ ਹੈ ਕਿ ਇਸ ਬਾਰੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਸੋਂ ਹੀ ਅਗਵਾਈ ਲੈ ਲਈ ਜਾਵੇ। ਸਤਿਗੁਰੂ ਦੀ ਬਾਣੀ ਵਿੱਚ ਇਸ ਬਾਰੇ ਸਪਸ਼ਟ ਅਤੇ ਲਾਜੁਆਬ ਪ੍ਰਮਾਣ
ਹਨ। ਹੇਠਲਾ ਪ੍ਰਮਾਣ ਭਗਤ ਕਬੀਰ ਜੀ ਦੇ ਸਲੋਕਾਂ ਵਿੱਚੋਂ ਹੈ, ਜੋ ਉਨ੍ਹਾਂ ਭਗਤ ਨਾਮ ਦੇਵ ਜੀ ਅਤੇ
ਭਗਤ ਤਰਲੋਚਨ ਜੀ ਬਾਰੇ ਲਿਖਿਆ ਹੈ। ਜਿਸ ਤੋਂ ਸਾਨੂੰ ਇੱਕ ਤਾਂ ਇਹ ਪਤਾ ਲਗਦਾ ਹੈ ਕਿ ਭਗਤ ਨਾਮ ਦੇਵ
ਜੀ ਅਤੇ ਭਗਤ ਤ੍ਰਿਲੋਚਨ ਜੀ ਨਾ ਕੇਵਲ ਸਮਕਾਲੀ ਸਨ, ਸਗੋਂ ਚੰਗੇ ਮਿੱਤਰ ਵੀ ਸਨ ਅਤੇ ਨੇੜੇ-ਨੇੜੇ
ਰਹਿੰਦੇ ਸਨ। ਇਹ ਵੀ ਸਪਸ਼ਟ ਹੁੰਦਾ ਹੈ ਕਿ ਜਿਨ੍ਹਾਂ ਨੂੰ ਅਕਾਲ-ਪੁਰਖ ਨਾਲ ਪਿਆਰ ਪੈ ਗਿਆ, ਉਹ ਸਾਰੇ
ਜਾਤਿ-ਪਾਤਿ ਦੇ ਬੰਧਨਾਂ ਤੋਂ ਮੁਕਤ ਹੋ ਗਏ, ਤਾਂਹੀ ਤਾਂ ਬ੍ਰਾਹਮਣੀ ਵਿਵਸਥਾ ਅਨੁਸਾਰ ਉੱਚ ਜਾਤ ਦੇ
ਕਹੇ ਜਾਂਦੇ (ਬ੍ਰਾਹਮਣ) ਤ੍ਰਿਲੋਚਨ ਜੀ, ਨੀਚ ਜਾਤ ਦੇ ਸਮਝੇ ਜਾਂਦੇ (ਛੀਪੇ) ਨਾਮ ਦੇਵ ਜੀ ਕੋਲੋਂ
ਧਾਰਮਿਕ ਅਗਵਾਈ ਲੈਣ ਜਾਂਦੇ ਹਨ। ਭਗਤ ਕਬੀਰ ਜੀ ਦੱਸਦੇ ਹਨ ਕਿ ਇੱਕ ਦਿਨ ਭਗਤ ਤ੍ਰਿਲੋਚਨ ਜੀ ਮਨ
ਵਿੱਚ ਇਹ ਵਿਚਾਰ ਬਣਾਕੇ ਭਗਤ ਨਾਮ ਦੇਵ ਜੀ ਕੋਲ ਗਏ ਕਿ ਦੋਵੇਂ ਕਿਧਰੇ ਬੈਠ ਕੇ ਪਰਮਾਤਮਾ ਦਾ ਨਾਮ
ਜਪਾਂਗੇ ਪਰ ਜਦੋਂ ਭਗਤ ਨਾਮ ਦੇਵ ਜੀ ਆਪਣੇ ਛਪਾਈ ਦੇ ਕੰਮ ਵਿੱਚ ਹੀ ਲੱਗੇ ਰਹੇ ਤਾਂ ਭਗਤ ਤ੍ਰਿਲੋਚਨ
ਜੀ ਨੇ ਇੱਕ ਮਿਹਣਾ ਮਾਰਿਆ:
“ਨਾਮਾ ਮਾਇਆ ਮੋਹਿਆ, ਕਹੈ ਤਿਲੋਚਨੁ ਮੀਤ॥
ਕਾਹੇ ਛੀਪਹੁ ਛਾਇਲੈ, ਰਾਮ ਨ ਲਾਵਹੁ ਚੀਤੁ॥”
ਤ੍ਰਿਲੋਚਨ ਆਖਦਾ ਹੈ …. . ਹੇ ਮਿੱਤ੍ਰ ਨਾਮਦੇਵ! ਤੂੰ ਤਾਂ ਮਾਇਆ ਵਿੱਚ ਫਸਿਆ ਜਾਪਦਾ ਹੈਂ।
ਇਹ ਅੰਬਰੇ ਕਿਉਂ ਠੇਕ ਰਿਹਾ ਹੈਂ? ਪਰਮਾਤਮਾ ਦੇ (ਚਰਨਾਂ) ਨਾਲ ਕਿਉਂ ਚਿੱਤ ਨਹੀਂ ਜੋੜਦਾ?
ਅਗੋਂ ਜੋ ਜੁਆਬ ਭਗਤ ਨਾਮ ਦੇਵ ਜੀ ਨੇ ਭਗਤ ਤ੍ਰਿਲੋਚਨ ਜੀ ਨੂੰ ਦਿੱਤਾ, ਜੇ ਸਾਨੂੰ ਵੀ ਸਮਝ ਲੱਗ
ਜਾਵੇ ਤਾਂ ਸ਼ਾਇਦ ਸਾਡੀਆਂ ਨਾਮ ਸਿਮਰਨ ਦੇ ਤਰੀਕਿਆਂ ਬਾਰੇ ਸਾਰੀਆਂ ਸਮੱਸਿਆਵਾਂ ਹੀ ਖਤਮ ਹੋ ਜਾਣ:
“ਨਾਮਾ ਕਹੈ ਤਿਲੋਚਨਾ, ਮੁਖ ਤੇ ਰਾਮੁ ਸੰਮਾੑਲਿ॥ ਹਾਥ ਪਾਉ ਕਰਿ ਕਾਮੁ
ਸਭੁ, ਚੀਤੁ ਨਿਰੰਜਨ ਨਾਲਿ॥” (ਸਲੋਕ ਭਗਤ ਕਬੀਰ ਜੀਉ ਕੇ ਪੰਨਾ 1375-1376)
ਨਾਮਦੇਵ (ਅੱਗੋਂ) ਉੱਤਰ ਦੇਂਦਾ ਹੈ—
ਹੇ ਤ੍ਰਿਲੋਚਨ! ਮੂੰਹ ਨਾਲ ਪਰਮਾਤਮਾ ਦਾ ਨਾਮ ਲੈ; ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ, ਅਤੇ
ਆਪਣਾ ਚਿੱਤ ਮਾਇਆ-ਰਹਿਤ ਪਰਮਾਤਮਾ ਨਾਲ ਜੋੜ।
ਸਿੱਖ ਧਰਮ ਗ੍ਰਿਹਸਤੀਆਂ ਅਤੇ ਕਿਰਤੀਆਂ ਦਾ ਧਰਮ ਹੈ। ਇਥੇ ਤਾਂ ਅਕਾਲ-ਪੁਰਖ ਨੂੰ ਹਿਰਦੇ ਵਿੱਚ ਵਸਾ
ਕੇ, ਆਪਣੀ ਸੁਕਿਰਤ ਕਰਦੇ ਹੋਏ, ਗ੍ਰਿਹਸਤ ਪਾਲਣ ਦਾ ਸਿਧਾਂਤ ਹੈ। ਸਾਰੀ ਗੱਲ ਤਾਂ ਇਹ ਹੈ ਕਿ ਇਹ
ਸਾਰੇ ਫਰਜ਼ ਨਿਬਾਹੁੰਦੇ ਹੋਏ, ਕਦੇ ਵਾਹਿਗੁਰੂ ਨਾ ਭੁੱਲੇ, ਸਾਡੇ ਚਿੱਤ ਵਿੱਚ ਰਹੇ ਤਾਂਕਿ ਸਾਡੇ ਕਰਮ
ਨਿਰਮਲ ਕਰਮ ਰਹਿਣ, ਪਾਪ ਕਰਮ ਨਾ ਬਣ ਜਾਣ। ਆਪਣੇ ਗ੍ਰਿਹਸਤ ਦੇ ਫਰਜ਼ ਨਿਭਾਂਉਂਦੇ ਹੋਏ, ਵਾਹਿਗੁਰੂ
ਨੁੰ ਕਿਵੇਂ ਚਿੱਤ ਵਿੱਚ ਵਸਾ ਕੇ ਰਖਣਾ ਹੈ, ਇਸ ਗਲ ਨੂੰ ਹੋਰ ਸਪਸ਼ਟ ਕਰਦਾ ਹੋਇਆ, ਭਗਤ ਤ੍ਰਿਲੋਚਨ
ਜੀ ਨੂੰ ਹੀ ਮੁਖਾਤਿਬ ਕਰਕੇ ਉਚਾਰਣ ਕੀਤਾ ਭਗਤ ਨਾਮਦੇਉ ਜੀ ਦਾ ਇੱਕ ਹੋਰ ਸ਼ਬਦ ਪੰਨਾ 972 ਤੇ
ਰਾਮਕਲੀ ਰਾਗ ਵਿੱਚ ਸੁਸ਼ੋਭਿਤ ਹੈ:
“ਮਨੁ ਰਾਮ ਨਾਮਾ ਬੇਧੀਅਲੇ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ॥”
ਜਿਵੇਂ ਸੁਨਿਆਰੇ ਦਾ ਮਨ (ਹੋਰਨਾਂ ਨਾਲ ਗੱਲਾਂ-ਬਾਤਾਂ ਕਰਦਿਆਂ ਭੀ, ਕੁਠਾਲੀ ਵਿੱਚ ਪਾਏ
ਹੋਏ ਸੋਨੇ ਵਿਚ) ਜੁੜਿਆ ਰਹਿੰਦਾ ਹੈ, ਤਿਵੇਂ ਮੇਰਾ ਮਨ ਪਰਮਾਤਮਾ ਦੇ ਨਾਮ ਵਿੱਚ ਵਿੱਝਾ ਹੋਇਆ ਹੈ।
ਇਸ ਸ਼ਬਦ ਵਿੱਚ ਭਗਤ ਨਾਮ ਦੇਵ ਜੀ ਆਮ ਜੀਵਨ ਵਿੱਚੋਂ ਪੰਜ ਕਮਾਲ ਦੇ ਪ੍ਰਮਾਣ ਦੇਕੇ ਗੱਲ ਨੂੰ ਸਪਸ਼ਟ
ਕਰਦੇ ਹਨ। ਪਹਿਲੇ ਰਹਾਉ ਦੇ ਬੰਦ ਵਿੱਚ ਜਿੱਥੇ ਸੁਨਿਆਰੇ ਦਾ ਪ੍ਰਮਾਣ ਦਿੱਤਾ ਹੈ, ਦੂਸਰਾ ਬੱਚਿਆਂ
ਦੇ ਪਤੰਗ ਉਡਾਉਣ ਦਾ ਪ੍ਰਮਾਣ ਦੇਕੇ ਫੁਰਮਾਂਉਂਦੇ ਹਨ, ਜਿਵੇਂ ਬੱਚਾ ਪਤੰਗ ਉਡਾਉਂਦਾ ਹੋਇਆ, ਯਾਰਾਂ
ਦੋਸਤਾਂ ਨਾਲ ਗੱਲਾਂ ਬਾਤਾਂ ਕਰਦਾ ਹੋਇਆ, ਧਿਆਨ ਪਤੰਗ ਦੀ ਡੋਰ ਵਿੱਚ ਰਖਦਾ ਹੈ: “ਪੰਚ ਜਨਾ ਸਿਉ
ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ॥ 1॥”, ਅਜ ਸ਼ਹਿਰਾਂ ਵਿੱਚ ਭਾਵੇਂ ਪਾਣੀ ਦੇ ਨਲਕੇ ਸਾਡੇ ਘਰਾਂ
ਦੇ ਅੰਦਰ ਵੱਗ ਰਹੇ ਹਨ, ਪਰ ਪੁਰਾਤਨ ਸਮਿਆਂ ਵਿੱਚ ਪਾਣੀ ਦੂਰੋਂ ਖੂਹਾਂ, ਤਲਾਬਾਂ ਤੋਂ ਭਰ ਕੇ
ਲਿਆਉਣਾ ਪੈਂਦਾ ਸੀ ਅਤੇ ਅਕਸਰ ਇਹ ਕੰਮ ਘਰ ਦੀਆਂ ਔਰਤਾਂ ਕਰਦੀਆਂ। ਅਜ ਵੀ ਰਾਜਸਥਾਨ ਆਦਿ ਦੇ ਕਈ
ਇਲਾਕਿਆਂ ਵਿੱਚ ਇੰਜ ਹੀ ਹੁੰਦਾ ਹੈ। ਤੀਸਰਾ ਪ੍ਰਮਾਣ ਬੀਬੀਆਂ ਦੇ ਪਾਣੀ ਭਰਨ ਜਾਣ ਦਾ ਦੇਕੇ
ਸਮਝਾਂਉਂਦੇ ਹਨ, ਜਿਵੇਂ ਪਾਣੀ ਦੀ ਗਾਗਰ ਚੁੱਕੀ ਔਰਤਾਂ, ਸਹੇਲੀਆਂ ਨਾਲ ਹੱਸਦੀਆਂ ਖੇਡਦੀਆਂ ਹੋਈਆਂ
ਵੀ ਧਿਆਨ ਸਿਰ ਤੇ ਚੁੱਕੀ ਗਾਗਰ ਵਿੱਚ ਰਖਦੀਆਂ ਹਨ ਅਤੇ ਉਸ ਨੂੰ ਡਿਗਣ ਨਹੀਂ ਦੇਂਦੀਆਂ: “ਹਸਤ
ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ॥ 2॥”, ਕਈ ਮੀਲਾਂ ਤੇ ਚਰਦੀ ਹੋਈ ਗਊ ਦਾ ਧਿਆਨ
ਆਪਣੇ ਵਛੇਰੇ ਵਿੱਚ ਰਹਿੰਦਾ ਹੈ: “ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ॥ 3॥”, ਘਰ
ਦੇ ਕੰਮ ਕਾਜ ਵਿੱਚ ਰੁਝੀ ਔਰਤ ਦਾ ਧਿਆਨ ਪਾਲਣੇ ਵਿੱਚ ਪਾਏ ਆਪਣੇ ਬੱਚੇ ਵਿੱਚ ਰਹਿੰਦਾ ਹੈ: “ਅੰਤਰਿ
ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ॥ 4॥ 1॥”, ਤਿਵੇਂ ਜੀਵਨ ਦੇ ਕਾਰ ਵਿਹਾਰ ਕਰਦਿਆਂ
ਸਾਡਾ ਚਿੱਤ ਅਕਾਲ-ਪੁਰਖ ਨਾਲ ਜੁੜਿਆ ਰਹਿਣਾ ਚਾਹੀਦਾ ਹੈ। ਇਥੇ ਕਿਸੇ ਆਸਣਾਂ ਦੀ ਗੱਲ ਤਾਂ ਸੋਚੀ ਵੀ
ਨਹੀਂ ਜਾ ਸਕਦੀ।
ਨੌਵੇਂ ਨਾਨਕ ਸਤਿਗੁਰੂ ਤੇਗ ਬਹਾਦੁਰ ਪਾਤਿਸ਼ਾਹ ਨੇ ਤਾਂ ਆਪਣੇ ਦੋ ਸਲੋਕਾਂ ਵਿੱਚ ਜਿਵੇਂ ਸਾਰੀ ਗੱਲ
ਦਾ ਤੱਤਸਾਰ ਕੱਢ ਦਿੱਤਾ ਹੈ। ਜਿਥੇ ਸਤਿਗੁਰੂ ਇਸ ਗਲ ਦੀ ਚੇਤਾਵਨੀ ਦੇਂਦੇ ਹਨ ਕਿ ਜੇ ਅਕਾਲ-ਪੁਰਖ
ਦੀ ਸਿਫਤ ਸਲਾਹ ਨਹੀਂ ਕੀਤੀ, ਭਾਵ ਸਿਮਰਨ ਨਹੀਂ ਕੀਤਾ, ਤਾਂ ਇਹ ਮਨੁੱਖਾ ਜਨਮ ਅਜਾਈਂ ਗੁਆ ਲਿਆ,
ਉਥੇ ਨਾਲ ਹੀ ਪ੍ਰਮਾਤਮਾਂ ਨੂੰ ਸਿਮਰਨ, ਦੀ ਜਾਚ ਮੱਛੀ ਕੋਲੋਂ ਸਿਖਣ ਦੀ ਸਲਾਹ ਦੇਂਦੇ ਹਨ:
“ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ॥ ਕਹੁ ਨਾਨਕ ਹਰਿ ਭਜੁ ਮਨਾ
ਜਿਹ ਬਿਧਿ ਜਲ ਕਉ ਮੀਨੁ॥” (ਸਲੋਕ ਮਹਲਾ 9, ਪੰਨਾ 1426)
ਹੇ ਭਾਈ! ਜੇ ਤੂੰ ਪਰਮਾਤਮਾ ਦੇ ਗੁਣ ਕਦੇ ਨਹੀਂ ਗਾਏ, ਤਾਂ ਤੂੰ ਆਪਣਾ ਮਨੁੱਖਾ ਜਨਮ
ਨਿਕੰਮਾ ਕਰ ਲਿਆ। ਹੇ ਨਾਨਕ! ਆਖ—ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ (ਉਸ ਨੂੰ ਇਉਂ ਜ਼ਿੰਦਗੀ ਦਾ
ਆਸਰਾ ਬਣਾ) ਜਿਵੇਂ ਪਾਣੀ ਨੂੰ ਮੱਛੀ (ਆਪਣੀ ਜਿੰਦ ਦਾ ਆਸਰਾ ਬਣਾਈ ਰੱਖਦੀ ਹੈ)।
ਭਲਾ ਮੱਛੀ ਕਿਥੇ ਕਿਹੜੇ ਆਸਣ ਵਿੱਚ ਬੈਠ ਕੇ ਪਾਣੀ ਪਾਣੀ ਰਟਦੀ ਹੈ? ਮੱਛੀ ਦਾ ਜੀਵਨ ਪਾਣੀ ਹੈ, ਜੇ
ਉਸ ਨੂੰ ਇੱਕ ਪਲ ਲਈ ਪਾਣੀ ਤੋਂ ਵਿਛੋੜ ਦਿਓ, ਉਹ ਤੜਫਣਾ ਸ਼ੁਰੂ ਕਰ ਦੇਂਦੀ ਹੈ, ਕੁੱਝ ਪਲ ਪਾਣੀ ਨਾਲ
ਮਿਲਾਪ ਨਾ ਹੋਵੇ, ਉਸ ਦੀ ਮੌਤ ਹੋ ਜਾਂਦੀ ਹੈ। ਅਸਲ ਗਲ ਤਾਂ ਇਹ ਹੈ ਕਿ ਸਾਡਾ ਵੀ ਅਕਾਲ-ਪੁਰਖ ਨਾਲ
ਐਸਾ ਪਿਆਰ ਪੈ ਜਾਵੇ ਕਿ ਇੱਕ ਪਲ ਵੀ ਉਸ ਦੀ ਯਾਦ ਭੁਲਣਾ ਬਰਦਾਸ਼ਤ ਨਾ ਹੋਵੇ।
ਸਤਿਗੁਰੂ ਦਾ ਦੂਸਰਾ ਪ੍ਰਮਾਣ ਵੀ ਲਾਮਿਸਾਲ ਹੈ, ਜਿਥੇ ਸਤਿਗੁਰੂ ਨੇ ਕੁੱਤੇ ਦਾ ਪ੍ਰਮਾਣ ਦਿੱਤਾ ਹੈ।
ਸਤਿਗੁਰੂ ਨੇ ਆਪਣੀ ਬਾਣੀ ਵਿੱਚ ਕੁੱਤੇ ਦੇ ਦੋ ਪ੍ਰਮਾਣ ਦਿੱਤੇ ਹਨ। ਪਹਿਲਾ ਇੱਕ ਅਵਾਰਾ ਕੁੱਤੇ ਦਾ
ਹੈ, ਜਿਸਦਾ ਕੋਈ ਮਾਲਕ ਨਹੀਂ, ਅਤੇ ਉਹ ਤ੍ਰਿਸ਼ਨਾ ਦਾ ਮਾਰਿਆ ਥਾਂ ਥਾਂ ਭਟਕਦਾ ਫਿਰਦਾ ਹੈ:
“ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ॥ ਦੁਆਰਹਿ
ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ॥ 1॥” {ਰਾਗੁ ਆਸਾ ਮਹਲਾ 9, ਪੰਨਾ 411}
(ਹੇ ਭਾਈ !) ਸੁਖ ਹਾਸਲ ਕਰਨ ਵਾਸਤੇ (ਇਹ ਮਨ) ਧਿਰ ਧਿਰ ਦੀ ਖ਼ੁਸ਼ਾਮਦ ਕਰਦਾ ਫਿਰਦਾ ਹੈ (ਤੇ
ਇਸ ਤਰ੍ਹਾਂ ਸੁਖ ਦੇ ਥਾਂ ਸਗੋਂ) ਦੁੱਖ ਸਹਾਰਦਾ ਹੈ। ਕੁੱਤੇ ਵਾਂਗ ਹਰੇਕ ਦੇ ਦਰ ਤੇ ਭਟਕਦਾ ਫਿਰਦਾ
ਹੈ ਇਸ ਨੂੰ ਪਰਮਾਤਮਾ ਦਾ ਭਜਨ ਕਰਨ ਦੀ ਕਦੇ ਸੂਝ ਹੀ ਨਹੀਂ ਪੈਂਦੀ। 1.
ਕਿਉਂਕਿ ਬਹੁਤੇ ਸਿੱਖਾਂ ਨੇ ਵੀ ਅਜੇ ਗੁਰਬਾਣੀ ਗੁਰੂ ਤੇ ਪੂਰਨ ਵਿਸ਼ਵਾਸ ਨਹੀਂ ਲਿਆਂਦਾ, ਜੀਵਨ ਪੂਰੀ
ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਨਹੀਂ ਹੋਇਆ, ਸਾਡੇ ਵਿੱਚੋਂ ਵੀ ਬਹੁਤਿਆਂ ਦੀ
ਅਵਸਥਾ ਇਸ ਲਾਵਾਰਸ ਕੁੱਤੇ ਵਰਗੀ ਹੈ। ਦੂਸਰਾ ਪ੍ਰਮਾਣ ਸਤਿਗੁਰੂ ਨੇ ਉਸ ਕੁੱਤੇ ਦਾ ਦਿੱਤਾ ਹੈ ਜੋ
ਮਾਲਕ ਦਾ ਪਾਲਤੂ ਹੈ, ਜੋ ਇੱਕ ਮਾਲਕ ਦਾ ਵਫਾਦਾਰ ਹੈ:
“ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ॥ ਨਾਨਕ ਇਹ ਬਿਧਿ
ਹਰਿ ਭਜਉ ਇੱਕ ਮਨਿ ਹੁਇ ਇਕਿ ਚਿਤਿ॥” (ਸਲੋਕ ਮਹਲਾ 9, ਪੰਨਾ 1428)
ਹੇ ਨਾਨਕ! (ਆਖ—ਹੇ ਭਾਈ!) ਇਕ-ਮਨ ਹੋ ਕੇ ਇਕ-ਚਿੱਤ ਹੋ ਕੇ ਪਰਮਾਤਮਾ ਦਾ ਭਜਨ ਇਸੇ ਤਰੀਕੇ
ਨਾਲ ਕਰਿਆ ਕਰੋ (ਕਿ ਉਸ ਦਾ ਦਰ ਕਦੇ ਛੱਡਿਆ ਹੀ ਨਾਹ ਜਾਏ) ਜਿਵੇਂ ਕੁੱਤਾ (ਆਪਣੇ) ਮਾਲਕ ਦਾ ਘਰ
(ਘਰ ਦਾ ਬੂਹਾ) ਸਦਾ (ਮੱਲੀ ਰੱਖਦਾ ਹੈ) ਕਦੇ ਭੀ ਛੱਡਦਾ ਨਹੀਂ ਹੈ।
ਹੁਣ ਸੋਚੀਏ ਕੁੱਤਾ ਕਿਹੜੇ ਆਸਣ ਵਿੱਚ ਬੈਠ ਕੇ ਮਾਲਕ ਦੇ ਨਾਂ ਦੇ ਰੱਟੇ ਲਾਉਂਦਾ ਹੈ? ਮੇਰਾ ਇੱਕ
ਨਿਜੀ ਤਜਰਬਾ ਹੈ, ਬਹੁਤ ਪਹਿਲੇ ਮੈਂ ਇੱਕ ਕੁੱਤਾ ਪਾਲਿਆ ਹੋਇਆ, ਜਿਸ ਦੇ ਪਿੰਡੇ ਤੇ ਬਹੁਤ ਵੱਡੀ
ਜੱਤ ਸੀ। ਘਰ ਵਿੱਚ ਛੋਟੇ ਬੱਚੇ ਹੋ ਗਏ ਜੋ ਹਰ ਵੇਲੇ ਕੁੱਤੇ ਨਾਲ ਖੇਡਦੇ। ਇੱਕ ਡਾਕਟਰ ਨੇ ਸਮਝਾਇਆ
ਕਿ ਛੋਟੇ ਬੱਚਿਆਂ ਵਾਸਤੇ ਇਹ ਬਹੁਤ ਨੁਕਸਾਨ ਦੇਹ ਹੋ ਸਕਦਾ ਹੈ। ਜੇ ਕੁੱਤੇ ਦਾ ਵਾਲ ਕਿਸੇ ਬੱਚੇ ਦੇ
ਅੰਦਰ ਚਲਾ ਗਿਆ ਤਾਂ ਉਸ ਨੂੰ ਕੋਈ ਵੱਡੀ ਬਿਮਾਰੀ ਲੱਗ ਸਕਦੀ ਹੈ। ਮੇਰਾ ਇੱਕ ਮਿੱਤਰ ਅਕਸਰ ਐਸੇ ਹੀ
ਇੱਕ ਕੁੱਤੇ ਦੀ ਮੰਗ ਕਰਦਾ ਰਹਿੰਦਾ ਸੀ, ਮੈਂ ਉਸ ਨੂੰ ਪੁਛਿਆ ਕਿ ਕੀ ਉਹ ਇਹ ਕੁੱਤਾ ਰਖਣਾ ਚਾਹੇਗਾ?
ਉਸ ਖੁਸ਼ੀ ਖੁਸ਼ੀ ਹਾਂ ਕਰ ਦਿੱਤੀ। ਮੈਂ ਆਪਣੇ ਪਾਲਤੂ ਕੁੱਤੇ ਨੂੰ ਉਸ ਦੇ ਘਰ ਛੱਡ ਆਇਆ, ਜੋ ਮੇਰੇ ਘਰ
ਤੋਂ ਤਕਰੀਬਨ ਅਠ ਦਸ ਕਿਲੋਮੀਟਰ ਦੂਰ ਸੀ। ਕੁੱਝ ਘੰਟਿਆਂ ਬਾਅਦ ਮੇਰੇ ਮਿੱਤਰ ਦਾ ਫੋਨ ਆਇਆ ਕਿ ਜਿਸ
ਵੇਲੇ ਦਾ ਆਇਆ ਹੈ ਕੁੱਤਾ ਚਊਂ ਚਊਂ ਕਰੀ ਜਾਂਦਾ ਹੈ। ਮੈਂ ਕਿਹਾ, ਕੁਦਰਤੀ ਹਾਜਤ ਨਾ ਹੋਵੇ ਸੂੰ,
ਸੰਗਲੀ ਫੱੜ ਕੇ ਥੋੜ੍ਹੀ ਦੇਰ ਬਾਹਰ ਘੁਮਾ ਲਿਆਓ। ਥੋੜ੍ਹੀ ਦੇਰ ਬਾਅਦ ਹੀ ਮਿੱਤਰ ਦਾ ਫੋਨ ਫਿਰ ਆਇਆ,
ਬਾਹਰ ਲਿਜਾਣ ਲਈ ਜਿਉਂ ਹੀ ਮੈਂ ਸੰਗਲੀ ਖੋਲੀ, ਕੁੱਤੇ ਨੇ ਅਚਾਨਕ ਦੌੜ ਲਗਾ ਦਿੱਤੀ, ਤੇ ਪਤਾ ਨਹੀਂ
ਕਿੱਥੇ ਦੌੜ ਗਿਆ ਹੈ। ਦੋ ਤਿਨ ਘੰਟਿਆਂ ਬਾਅਦ ਉਹ ਕੁੱਤਾ, ਪਤਾ ਨਹੀਂ ਕਿੱਥੋਂ, ਕਿਵੇਂ ਲੱਭ ਲਭਾ ਕੇ
ਮੇਰੇ ਘਰ ਦੇ ਬਾਹਰ ਬੈਠਾ ਚਊਂ ਚਊਂ ਕਰ ਰਿਹਾ ਸੀ। ਨਾਮ ਸਿਮਰਨ ਤਾਂ ਇਹ ਹੈ ਕਿ ਸਾਡਾ ਵੀ ਉਸ ਸੱਚੇ
ਮਾਲਕ ਨਾਲ ਐਸਾ ਪਿਆਰ ਬਣ ਆਵੇ, ਅਸੀਂ ਵੀ ਉਸ ਮਾਲਕ ਦਾ ਦਰ ਕਦੇ ਨਾ ਛੱਡੀਏ, ਉਸ ਮਾਲਕ ਤੋਂ ਵਿਸ਼ਵਾਸ
ਕਦੇ ਨਾ ਡੋਲੇ ਅਤੇ ਉਸ ਦੀ ਯਾਦ ਇੱਕ ਪਲ ਲਈ ਵੀ ਹਿਰਦੇ ਚੋਂ ਨਾ ਵਿਸਰੇ।
ਅਸਲ ਵਿੱਚ ਗੁਰਬਾਣੀ ਵਿਚਾਰ ਕੇ ਸ਼ਰਧਾ ਨਾਲ ਪੜ੍ਹਨ ਨਾਲ ਹਰ ਦਿਨ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ
ਅਤੇ ਸਮਰੱਥਾ ਤੇ ਪੂਰਨ ਵਿਸ਼ਵਾਸ ਹੋਈ ਜਾਂਦਾ ਹੈ, ਹਰ ਦਿਨ ਕਰਮ ਨਿਰਮਲ ਹੋਈ ਜਾਂਦੇ ਹਨ, ਜੀਵਨ ਵਿੱਚ
ਮਿਠਾਸ ਭਰੀ ਜਾਂਦੀ ਹੈ। ਫਿਰ ਪਤਾ ਹੀ ਨਹੀਂ ਲਗਦਾ ਕਦੋਂ ਅਕਾਲ-ਪੁਰਖ ਦੀ ਮਿਹਰਮਤ ਹੋ ਜਾਂਦੀ ਹੈ
ਅਤੇ ਵਾਹਿਗੁਰੂ (ਨਾਮ) ਹਿਰਦੇ ਵਿੱਚ ਵੱਸ ਜਾਂਦਾ ਹੈ। ਫਿਰ ਮਨ ਸਦਾ ਉਸ ਦੇ ਭਾਣੇ ਵਿੱਚ ਵਿਗਾਸ ਦੀ
ਅਵਸਥਾ ਵਿੱਚ ਰਹਿਦਾ ਹੈ।
---ਚਲਦਾ
ਰਾਜਿੰਦਰ ਸਿੰਘ,
(ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ