ਕੀ ਵਾਹਿਗੁਰੂ ਵਾਹਿਗੁਰੂ ਤੋਤੇ ਵਾਂਗ ਰਟਣ ਦੀ ਕੋਈ ਲੋੜ ਨਹੀਂ?
ਹੁਣ ਇੱਕ ਵੱਡਾ ਸੁਆਲ ਸਾਹਮਣੇ ਆ ਗਿਆ, ਕਿ ਕੀ ਫਿਰ ਵਾਹਿਗੁਰੂ ਵਾਹਿਗੁਰੂ
ਰਟਣ ਦੀ ਕੋਈ ਲੋੜ ਨਹੀਂ?
ਦੂਸਰਾ ਉਸ ਤੋਂ ਵੀ ਪਹਿਲਾਂ ਵਿਚਾਰਨ, ਸਮਝਣ ਵਾਲੀ ਗੱਲ ਹੈ, ਕਿ ਕੀ
ਵਾਹਿਗੁਰੂ ਹੀ ਨਾਮ ਹੈ? ਆਓ ਸਭ ਤੋਂ ਪਹਿਲਾਂ ਸਤਿਗੁਰੂ ਨਾਨਕ ਪਾਤਿਸ਼ਾਹ ਦੀਆਂ ਹੇਠਲੀਆਂ ਪੰਕਤੀਆਂ
ਵੇਖੀਏ:
“ਨਾਨਕੁ ਵੇਚਾਰਾ ਕਿਆ ਕਹੈ॥ ਸਭੁ ਲੋਕੁ ਸਲਾਹੇ ਏਕਸੈ॥ ਸਿਰੁ ਨਾਨਕ ਲੋਕਾ
ਪਾਵ ਹੈ॥ ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ॥ 4॥ 2॥” {ਮਹਲਾ 1 ਬਸੰਤੁ, ਪੰਨਾ 1168}
(ਨਿਰਾ ਮੈਂ ਨਾਨਕ ਹੀ ਨਹੀਂ ਆਖ ਰਿਹਾ ਕਿ ਤੂੰ ਬੇਅੰਤ ਹੈਂ) ਗ਼ਰੀਬ ਨਾਨਕ
ਕੀਹ ਆਖ ਸਕਦਾ ਹੈ ? ਸਾਰਾ ਸੰਸਾਰ ਹੀ ਤੈਨੂੰ ਇੱਕ ਨੂੰ ਸਲਾਹ ਰਿਹਾ ਹੈ (ਤੇਰੀਆਂ ਸਿਫ਼ਤਾਂ ਕਰ ਰਿਹਾ
ਹੈ) । ਹੇ ਪ੍ਰਭੂ ! ਜੇਹੜੇ ਬੰਦੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਮੈਂ ਨਾਨਕ ਦਾ ਸਿਰ ਉਹਨਾਂ ਦੇ
ਕਦਮਾਂ ਤੇ ਹੈ । ਹੇ ਪ੍ਰਭੂ
! ਜਿਤਨੇ
ਭੀ ਤੇਰੇ ਨਾਮ ਹਨ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ (ਤੇਰੇ ਇਹ ਬੇਅੰਤ ਨਾਮ ਤੇਰੇ ਬੇਅੰਤ
ਗੁਣਾਂ ਨੂੰ ਵੇਖ ਵੇਖ ਕੇ ਤੇਰੇ ਬੰਦਿਆਂ ਨੇ ਬਣਾਏ ਹਨ)
। 4. 2.
“ਤਉ ਕਾਰਣਿ ਸਾਹਿਬਾ ਰੰਗਿ ਰਤੇ॥ ਤੇਰੇ ਨਾਮ ਅਨੇਕਾ ਰੂਪ ਅਨੰਤਾ
ਕਹਣੁ ਨ ਜਾਹੀ ਤੇਰੇ ਗੁਣ ਕੇਤੇ॥ 1॥” {ਆਸਾ ਘਰੁ 4 ਮਹਲਾ 1, ਪੰਨਾ 358}
ਹੇ ਮੇਰੇ ਮਾਲਿਕ ! ਤੈਨੂੰ ਮਿਲਣ ਲਈ ਅਨੇਕਾਂ ਬੰਦੇ ਤੇਰੇ ਪਿਆਰ ਵਿੱਚ ਰੰਗੇ
ਰਹਿੰਦੇ ਹਨ। ਤੇਰੇ ਅਨੇਕਾਂ ਨਾਮ ਹਨ, ਤੇਰੇ ਬੇਅੰਤ ਰੂਪ ਹਨ, ਤੇਰੇ ਬੇਅੰਤ ਹੀ ਗੁਣ ਹਨ,
ਕਿਸੇ ਭੀ ਪਾਸੋਂ ਬਿਆਨ ਨਹੀਂ ਕੀਤੇ ਜਾ ਸਕਦੇ। 1.
ਸਤਿਗੁਰੂ ਨੇ ਗਲ ਸਪਸ਼ਟ ਕਰ ਦਿੱਤੀ ਹੈ ਕਿ ਅਕਾਲ-ਪੁਰਖ ਦੇ ਬੇਅੰਤ ਨਾਮ ਹਨ।
ਕਿਉਂਕਿ ਅਕਾਲ-ਪੁਰਖ ਬੇਅੰਤ ਗੁਣਾਂ ਦਾ ਮਾਲਕ ਹੈ, ਇਹ ਨਾਮ ਅਸੀਂ ਜੀਵਾਂ ਨੇ ਅਕਾਲ-ਪੁਰਖ ਦੇ ਗੁਣਾਂ
ਨੂੰ ਵੇਖ ਕੇ ਰਖ ਲਏ ਹਨ:
“ਕਿਰਤਮ ਨਾਮ ਕਥੇ ਤੇਰੇ ਜਿਹਬਾ॥ ਸਤਿ ਨਾਮੁ ਤੇਰਾ ਪਰਾ ਪੂਰਬਲਾ॥” {ਮਾਰੂ
ਮਹਲਾ 5, ਪੰਨਾ 1083}
ਹੇ ਪ੍ਰਭੂ ! (ਸਾਡੀ ਜੀਵਾਂ ਦੀ) ਜੀਭ ਤੇਰੇ ਉਹ ਨਾਮ ਉਚਾਰਦੀ ਹੈ ਜੋ ਨਾਮ
(ਤੇਰੇ ਗੁਣ ਵੇਖ ਵੇਖ ਕੇ ਜੀਵਾਂ ਨੇ) ਬਣਾਏ ਹੋਏ ਹਨ । ਪਰ ‘ਸਤਿਨਾਮੁ` ਤੇਰਾ ਮੁੱਢ-ਕਦੀਮਾਂ ਦਾ
ਨਾਮ ਹੈ (ਭਾਵ, ਤੂੰ ‘ਹੋਂਦ ਵਾਲਾ` ਹੈਂ, ਤੇਰੀ ਇਹ ‘ਹੋਂਦ` ਜਗਤ-ਰਚਨਾ ਤੋਂ ਪਹਿਲਾਂ ਭੀ ਮੌਜੂਦ
ਸੀ) ।
ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ-ਪੁਰਖ ਨੂੰ ਕਈ ਨਾਵਾਂ
ਨਾਲ ਯਾਦ ਕੀਤਾ ਗਿਆ ਹੈ। ਜਿਵੇਂ:
“ਹਰਿ ਬਿਨੁ ਜੀਉ ਜਲਿ ਬਲਿ ਜਾਉ॥ ਮੈ ਆਪਣਾ ਗੁਰੁ ਪੂਛਿ ਦੇਖਿਆ
ਅਵਰੁ ਨਾਹੀ ਥਾਉ॥ “ {ਰਾਗੁ ਸਿਰੀਰਾਗੁ ਮਹਲਾ ਪਹਿਲਾ 1, ਪੰਨਾ 14} ਹਰਿ- ਹਰਿਆਵਲ ਕਰਨ ਵਾਲਾ।
“ਜੀਅ ਰੇ, ਰਾਮ ਜਪਤ ਮਨੁ ਮਾਨੁ॥” {ਸਿਰਿ ਰਾਗੁ ਮਹਲਾ 1, ਪੰਨਾ
21} ਰਾਮ- ਰਮਿਆ ਹੋਇਆ, ਕਣ ਕਣ ਵਿੱਚ ਸਮਾਇਆ ਹੋਇਆ।
“ਰਸ ਕਸ ਆਪੁ ਸਲਾਹਣਾ, ਏ ਕਰਮ ਮੇਰੇ ਕਰਤਾਰ॥” {ਸਿਰੀ ਰਾਗੁ ਮਹਲਾ
1, ਪੰਨਾ 15} ਕਰਤਾਰ- ਕਰਨ ਵਾਲਾ, ਰਚਨ ਵਾਲਾ।
“ਗਿਆਨ ਧਿਆਨ ਪੂਰਨ ਪਰਮੇਸੁਰ ਪ੍ਰਭੁ ਸਭਨਾ ਗਲਾ ਜੋਗਾ ਜੀਉ॥” {ਮਾਝ
ਮਹਲਾ 5, ਪੰਨਾ 108} ਪਰਮੇਸੁਰ—ਪਰਮ ਈਸ਼੍ਵਰ, ਸਭ ਤੋਂ ਵੱਡਾ ਮਾਲਕ ।
“ਮਧੁਸੂਦਨ ਮੇਰੇ ਮਨ ਤਨ ਪ੍ਰਾਨਾ॥ ਹਉ ਹਰਿ ਬਿਨੁ ਦੂਜਾ ਅਵਰੁ ਨ
ਜਾਨਾ॥” {ਮਾਝ ਮਹਲਾ 4, ਪੰਨਾ 94} ਮਧੁਸੂਦਨ—ਮਧੂ ਦੈਂਤ ਨੂੰ ਮਾਰਨ ਵਾਲਾ, ਭਾਵ ਸਭ ਤੋਂ
ਸ਼ਕਤੀਸ਼ਾਲੀ, ਅਕਾਲ-ਪੁਰਖ।
“ਮੋਹਨ ਨਾਮੁ ਸਦਾ ਰਵਿ ਰਹਿਓ॥ ਕੋਟਿ ਮਧੇ ਕਿਨੈ ਗੁਰਮੁਖਿ ਲਹਿਓ॥”
{ਗਉੜੀ ਮਹਲਾ 5, ਪੰਨਾ 241} ਮੋਹਨ—ਮਨ ਨੂੰ ਮੋਹ ਲੈਣ ਵਾਲਾ ।
“ਪੇਈਅੜੈ ਜਗ ਜੀਵਨੁ ਦਾਤਾ ਮਨਮੁਖਿ ਪਤਿ ਗਵਾਈ॥” {ਸਿਰੀਰਾਗੁ ਮਹਲਾ
3, ਪੰਨਾ 64} ਜਗ ਜੀਵਨ—ਜਗਤ ਦਾ ਜੀਵਨ-ਆਸਰਾ ।
“ਮੇਰੇ ਮਾਧਉ ਜੀ, ਸਤਸੰਗਤਿ ਮਿਲੇ ਸੁ ਤਰਿਆ॥” {ਰਾਗੁ ਗੂਜਰੀ ਮਹਲਾ
5, ਪੰਨਾ 10} ਮਾਧਉ ਜੀ—ਹੇ ਪ੍ਰਭੂ ਜੀ! ਹੇ ਮਾਇਆ ਦੇ ਪਤੀ ਜੀ! {ਮਾਧਉ—ਮਾ-ਧਵ। ਮਾ—ਮਾਇਆ।
ਧਵ—ਪਤੀ}
“ਮਿਲੁ ਮੇਰੇ ਬੀਠੁਲਾ, ਲੈ ਬਾਹੜੀ ਵਲਾਇ॥ ਮਿਲੁ ਮੇਰੇ ਰਮਈਆ,
ਮੈ ਲੇਹਿ ਛਡਾਇ”॥ {ਸਿਰੀ ਰਾਗੁ ਤ੍ਰਿਲੋਚਨ ਕਾ, ਪੰਨਾ 92} ਲਫ਼ਜ਼ “ਬੀਠਲ” ਸੰਸਕ੍ਰਿਤ ਦੇ ਲਫ਼ਜ਼ (
‘ਵਿਸ਼ਠਲ`) ਦਾ ਪ੍ਰਾਕ੍ਰਿਤ ਰੂਪ ਹੈ। “ਵਿ+ਸਥਲ”। ਵਿ—ਪਰੇ, ਮਾਇਆ ਤੋਂ ਪਰੇ। ਸਥਲ-ਟਿਕਿਆ ਹੋਇਆ ਹੈ।
ਵਿ+ਸਥਲ, ਵਿਸ਼ਠਲ, ਬੀਠਲਾ—ਉਹ ਪ੍ਰਭੂ ਜੋ ਮਾਇਆ ਦੇ ਪ੍ਰਭਾਵ ਤੋਂ ਦੂਰ ਪਰੇ ਟਿਕਿਆ ਹੋਇਆ ਹੈ। ਇਹ
ਲਫ਼ਜ਼ ਸਤਿਗੁਰੂ ਜੀ ਨੇ ਭੀ ਕਈ ਵਾਰੀ ਵਰਤਿਆ ਹੈ, ਤੇ, ਸਰਬ-ਵਿਆਪਕ ਪਰਮਾਤਮਾ ਵਾਸਤੇ ਹੀ ਵਰਤਿਆ ਹੈ।
ਰਮਈਆ- ਰਮਿਆ ਹੋਇਆ, ਸਰਬਵਿਆਪੀ।
ਸਤਿਗੁਰੂ ਨੇ ਆਪ ਹੀ ਬੜਾ ਸਪਸ਼ਟ ਨਿਰਣਾ ਕੀਤਾ ਹੋਇਆ ਹੈ ਕਿ ਅਕਾਲ-ਪੁਰਖ ਦਾ
ਕੋਈ ਇੱਕ ਨਾਮ ਨਹੀਂ। ਉਂਜ ਵੀ ਅਸੀਂ ਦੁਨਿਆਵੀ ਪੱਖ ਤੋਂ ਵੇਖੀਏ, ਤਾਂ ਨਾਂਅ ਕਿਸੇ ਵਿਅਕਤੀ ਦੀ
ਸਮੁਚੀ ਸ਼ਖਸੀਅਤ ਦਾ ਪ੍ਰਤੀਕ ਹੁੰਦਾ ਹੈ। ਪ੍ਰਮਾਣ ਦੇ ਤੌਰ ਤੇ: ਜੇ ਸਾਡੇ ਕਿਸੇ ਮਿੱਤਰ ਦਾ ਨਾਂਅ
ਰਵਿੰਦਰ ਸਿੰਘ ਹੋਵੇ। ਜਿਵੇਂ ਹੀ ਰਵਿੰਦਰ ਸਿੰਘ ਨਾਂਅ ਅਸੀਂ ਬੋਲਦੇ ਹਾਂ ਜਾਂ ਉਸ ਦਾ ਧਿਆਨ ਕਰਦੇ
ਹਾਂ, ਰਵਿੰਦਰ ਸਿੰਘ ਦੀ ਪੂਰੀ ਸ਼ਖਸੀਅਤ ਸਾਡੇ ਸਾਹਮਣੇ ਆ ਜਾਂਦੀ ਹੈ। ਮਨ ਲਓ ਕਿ ਉਸ ਦਾ ਨਾਂਅ
ਰਵਿੰਦਰ ਸਿੰਘ ਦੀ ਬਜਾਏ ਬਲਬੀਰ ਸਿੰਘ ਹੋਵੇ ਤਾਂ ਵੀ ਕੋਈ ਫਰਕ ਨਹੀਂ ਪਵੇਗਾ, ਜਦੋਂ ਅਸੀਂ ਬਲਬੀਰ
ਸਿੰਘ ਨਾਂਅ ਲਵਾਂਗੇ ਜਾਂ ਉਸ ਦਾ ਧਿਆਨ ਕਰਾਂਗੇ, ਉਹੀ ਸ਼ਖਸੀਅਤ ਸਾਡੇ ਸਾਹਮਣੇ ਆ ਜਾਵੇਗੀ। ਇਸੇ
ਤਰ੍ਹਾਂ ਕੋਈ ਵੀ ਨਾਂਅ ਜਿਸ ਦਾ ਧਿਆਨ ਆਉਂਦਿਆਂ, ਅਸੀਂ, ਅਕਾਲ-ਪੁਰਖ ਦੇ ਉਹ ਅਟੱਲ ਨੇਮ, ਜਿਨ੍ਹਾਂ
ਨਾਲ ਸੰਸਾਰ ਦਾ ਸਾਰਾ ਸਿਲਸਿਲਾ ਚਲ ਰਿਹਾ ਹੈ, ਉਹ ਹੁਕਮ ਜੋ ਸਦੀਵ ਕਾਲ ਤੋਂ ਸ੍ਰਿਸ਼ਟੀ ਵਿੱਚ ਵਰਤ
ਰਿਹਾ ਹੈ, ਅਕਾਲ-ਪੁਰਖ ਦੇ ਉਹ ਬੇਅੰਤ ਗੁਣ ਜਿਨ੍ਹਾਂ ਦੀ ਕੋਈ ਥਾਹ ਨਹੀਂ ਪਾਈ ਜਾ ਸਕਦੀ, ਨਾਲ ਜੁੜ
ਜਾਂਦੇ ਹਾਂ, ਉਹੀ ਸ਼ਬਦ ਨਾਮ ਹੈ। ਇਸ ਲਈ ਇਹ ਸਮਝਣਾ ਕਿ ਕੇਵਲ ਵਾਹਿਗੁਰੂ ਸ਼ਬਦ ਹੀ ਨਾਮ ਹੈ ਅਤੇ
ਕੇਵਲ ਵਾਹਿਗੁਰੂ ਵਾਹਿਗੁਰੂ ਰਟਨ ਵਾਲਿਆਂ ਦਾ ਜੀਵਨ ਹੀ ਸਫਲ ਹੋਵੇਗਾ, ਵੱਡੀ ਭੁੱਲ ਹੈ। ਸਾਰੇ ਸ੍ਰੀ
ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਇੱਕ ਵਾਰੀ ਵੀ ਨਹੀਂ ਆਉਂਦਾ ਕਿ ਕੇਵਲ ਵਾਹਿਗੁਰੂ ਹੀ
ਗੁਰਮੰਤ੍ਰ ਹੈ, ਬਲਕਿ ਪਾਵਨ ਗੁਰਬਾਣੀ ਤਾਂ ਫੁਰਮਾਂਉਂਦੀ ਹੈ:
“ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥ ਜਿਤੁ ਦੁਆਰੈ ਉਬਰੈ ਤਿਤੈ ਲੈਹੁ
ਉਬਾਰਿ”॥ {ਸਲੋਕ ਮਃ 3, ਪੰਨਾ 853}
ਹੇ ਪ੍ਰਭੂ ! (ਵਿਕਾਰਾਂ ਵਿਚ) ਸੜ ਰਹੇ ਸੰਸਾਰ ਨੂੰ ਆਪਣੀ ਮਿਹਰ ਕਰ ਕੇ ਬਚਾ
ਲੈ, ਜਿਸ ਭੀ ਤਰੀਕੇ ਨਾਲ ਇਹ ਬਚ ਸਕਦਾ ਹੋਵੇ ਉਸੇ ਤਰ੍ਹਾਂ ਬਚਾ ਲੈ।
ਹਰ ਕੌਮ ਨੇ ਅਕਾਲ-ਪੁਰਖ ਵਾਸਤੇ ਆਪਣਾ ਕੋਈ ਨਾਮ ਨੀਯਤ ਕੀਤਾ ਹੁੰਦਾ ਹੈ। ਇਹ
ਕੌਮ ਨੂੰ ਇੱਕ ਨੇਮ ਵਿੱਚ ਨੇਮਬੰਦ ਕਰਨ ਲਈ ਜ਼ਰੂਰੀ ਵੀ ਹੈ। ਜਿਵੇਂ ਮੁਸਲਮਾਨ ਅਕਾਲ-ਪੁਰਖ ਨੂੰ ਅੱਲਾ
ਯਾ ਖੁਦਾ ਕਹਿੰਦੇ ਹਨ, ਇਸਾਈ ਗਾਡ ਕਹਿੰਦੇ ਹਨ, ਹਿੰਦੂ ਕੌਮ ਵਿੱਚ ਕਿਉਂਕਿ ਇੱਕ ਪ੍ਰਮਾਤਮਾ ਦੀ
ਬਜਾਏ ਕਈ ਦੇਵੀ, ਦੇਵਤਿਆਂ, ਅਵਤਾਰਾਂ ਦੀ ਪੂਜਾ ਦਾ ਵਿਧਾਨ ਹੈ, ਇਸ ਲਈ ਉਹ ਕਈ ਨਾਵਾਂ ਵਿੱਚ ਉਲਝੇ
ਰਹਿੰਦੇ ਹਨ। ਸਿੱਖ ਕੌਮ ਪੂਰੀ ਤਰ੍ਹਾਂ ਇੱਕ ਇਸ਼ਵਰੀਵਾਦ ਵਿੱਚ ਵਿਸ਼ਵਾਸ ਰੱਖਦੀ ਹੈ, ਸਿੱਖ ਕੌਮ ਨੇ
ਵਾਹਿਗੁਰੂ ਸ਼ਬਦ ਮਿਥਿਆ ਹੋਇਆ ਹੈ। ਭਾਈ ਗੁਰਦਾਸ ਜੀ ਦੀਆਂ ਇਹ ਪੰਕਤੀਆਂ, ‘ਵਾਹਿਗੁਰੂ ਗੁਰੂ ਮੰਤ੍ਰ
ਹੈ ਜਪ ਹਉਮੈਂ ਖੋਈ॥ ` (13-2-5) ਦਾ ਵੀ ਇਹੀ ਭਾਵ ਹੈ ਕਿ ਸਿੱਖ ਨੇ ਜਿਸ ਸ਼ਬਦ ਦੁਆਰਾ ਅਕਾਲ ਪੁਰਖ
ਨੂੰ ਧਿਆਉਣਾ ਹੈ ਉਹ ‘ਸ਼ਬਦ` ਵਾਹਿਗੁਰੂ ਹੈ। ਏਥੇ ਲਫ਼ਜ਼ ‘ਵਾਹਿਗੁਰੂ` ‘ਗੁਰਮੰਤਰ` ਨਹੀਂ। ਵਾਹਿਗੁਰੂ
ਨੂੰ ਚੇਤੇ ਰੱਖਣਾ ‘ਗੁਰਮੰਤਰ` ਹੈ। ਹੁਣ ਸਾਡੀ ਇਹ ਅਲੱਗ ਸਮੱਸਿਆ ਹੈ ਕਿ ਜਪਣ ਦਾ ਤਰੀਕਾ ਸਤਿਗੁਰੂ
ਕੋਲੋਂ ਪੁੱਛਣ ਦੀ ਬਜਾਏ, ਅਸੀਂ ਸਥਾਪਤ ਬ੍ਰਾਹਮਣੀ ਕਿਰਿਆ ਅਨੁਸਾਰ ਹੀ ਰਟੀ ਜਾ ਰਹੇ ਹਾਂ।
ਇਹ ਵੀ ਇੱਕ ਅਲੱਗ ਵੱਡਾ ਵਿਸ਼ਾ ਹੈ, ਜਿਸਨੂੰ ਇਥੇ ਬਹੁਤੇ ਵਿਸਥਾਰ ਨਾਲ ਤਾਂ
ਨਹੀਂ ਵਿਚਾਰਿਆ ਜਾ ਸਕਦਾ ਪਰ ਕੁੱਝ ਸੰਕੇਤਕ ਗੱਲਾਂ ਕਰਨੀਆਂ ਜ਼ਰੂਰੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ
ਵਿੱਚ ਬਹੁਤ ਸਾਰੇ ਐਸੇ ਸ਼ਬਦ ਆਉਂਦੇ ਹਨ, ਜੋ ਪੁਰਾਤਨ ਬ੍ਰਾਹਮਣੀ ਗ੍ਰੰਥਾਂ ਵਿੱਚੋਂ ਹਨ, ਪਰ ਜਦੋਂ
ਉਨ੍ਹਾਂ ਨੂੰ ਗੁਰਬਾਣੀ ਵਿੱਚ ਵਰਤਿਆ ਗਿਆ ਹੈ, ਤਾਂ ਉਨ੍ਹਾਂ ਦੇ ਭਾਵ ਅਰਥ ਜਾਂ ਸੰਕਲਪ ਬਿਲਕੁਲ
ਅਲੱਗ ਹੈ। ਜਿਵੇਂ ਬ੍ਰਾਹਮਣੀ ਵਿਚਾਧਾਰਾ ਵਿੱਚ ‘ਮੁਕਤੀ` ਮਰਨ ਤੋਂ ਬਾਅਦ ਦੀ ਕਿਰਿਆ ਹੈ, ਜਦਕਿ
ਗੁਰਮਤਿ, ‘ਜੀਵਨ ਮੁਕਤਿ` ਦਾ ਸਿਧਾਂਤ ਮੰਨਦੀ ਹੈ:
“ਆਪੁ ਪਛਾਣੈ ਮਨੁ ਨਿਰਮਲੁ ਹੋਇ॥ ਜੀਵਨ ਮੁਕਤਿ ਹਰਿ ਪਾਵੈ ਸੋਇ”॥
{ਗਉੜੀ ਮਹਲਾ 3 ਗੁਆਰੇਰੀ, ਪੰਨਾ 161}
“ਪ੍ਰਭ ਕੀ ਆਗਿਆ ਆਤਮ ਹਿਤਾਵੈ॥ ਜੀਵਨ ਮੁਕਤਿ ਸੋਊ ਕਹਾਵੈ॥ ਤੈਸਾ
ਹਰਖੁ ਤੈਸਾ ਉਸੁ ਸੋਗੁ॥ ਸਦਾ ਅਨੰਦੁ ਤਹ ਨਹੀ ਬਿਓਗੁ॥ ਤੈਸਾ ਸੁਵਰਨੁ ਤੈਸੀ ਉਸੁ ਮਾਟੀ॥ ਤੈਸਾ
ਅੰਮ੍ਰਿਤੁ ਤੈਸੀ ਬਿਖੁ ਖਾਟੀ
॥ ਤੈਸਾ ਮਾਨੁ ਤੈਸਾ ਅਭਿਮਾਨੁ॥ ਤੈਸਾ ਰੰਕੁ ਤੈਸਾ ਰਾਜਾਨੁ॥ ਜੋ ਵਰਤਾਏ ਸਾਈ ਜੁਗਤਿ॥ ਨਾਨਕ ਓਹੁ
ਪੁਰਖੁ
ਕਹੀਐ ਜੀਵਨ ਮੁਕਤਿ॥ 7॥ “ {ਗਉੜੀ ਸੁਖਮਨੀ ਮਃ 5, ਪੰਨਾ 275}
ਇਸੇ ਤਰ੍ਹਾਂ ਬ੍ਰਾਹਮਣੀ ਵਿਚਾਰਧਾਰਾ ਵਿੱਚ
‘ਮੰਤ੍ਰ`
ਦਾ ਸੰਕਲਪ ਕਰਾਮਾਤ ਤੇ ਜਾਦੂ ਵਾਲਾ ਸਿਧਾਂਤ ਹੈ, ਜਿਸ ਅਨੁਸਾਰ ਕੁੱਝ ਸ਼ਬਦ, ਪੰਕਤੀਆਂ ਜਾਂ ਬੰਦ,
ਅਲੱਗ ਅਲੱਗ ਫਲ ਪ੍ਰਾਪਤ ਕਰਨ ਲਈ ਮਿੱਥੇ ਹੋਏ ਹਨ। ਸਮਝਿਆ ਜਾਂਦਾ ਹੈ ਕਿ ਇਨ੍ਹਾਂ ਸ਼ਬਦਾਂ ਜਾਂ
ਪੰਕਤੀਆਂ ਦਾ ਗਿਣਤੀਆਂ ਮਿਣਤੀਆਂ ਅਨੁਸਾਰ ਬਾਰ ਬਾਰ ਰਟਨ ਕਰਨ ਨਾਲ ਸੰਬੰਧਤ ਫਲ ਦੀ ਪ੍ਰਾਪਤੀ
ਹੋਵੇਗੀ। ਗੁਰਬਾਣੀ ਇਸ ਤਰ੍ਹਾਂ ਦੇ ਕਿਸੇ
‘ਮੰਤ੍ਰ
ਜਾਪ`
ਦਾ ਪੂਰਨ ਰੂਪ ਵਿੱਚ ਖੰਡਨ ਕਰਦੀ ਹੈ:
“ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ॥ ਅੰਜਨੁ ਨਾਮੁ ਤਿਸੈ
ਤੇ ਸੂਝੈ ਗੁਰਸਬਦੀ ਸਚੁ ਜਾਨਿਆ॥ 4॥ “ {ਸੂਹੀ ਮਹਲਾ 1, ਪੰਨਾ 766}
(ਪਰਮਾਤਮਾ ਦਾ ਪਿਆਰ ਪ੍ਰਾਪਤ ਕਰਨ ਲਈ) ਮੈਂ ਕੋਈ ਜਾਦੂ-ਟੂਣਾ ਕੋਈ ਮੰਤਰ
ਆਦਿਕ ਪਖੰਡ ਕਰਨਾ ਨਹੀਂ ਜਾਣਦੀ। ਮੈਂ ਤਾਂ ਕੇਵਲ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ,
ਮੇਰਾ ਮਨ ਉਸ ਦੀ ਯਾਦ ਵਿੱਚ ਗਿੱਝ ਗਿਆ ਹੈ। ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਵਾਸਤੇ ਉਸ ਦਾ ਨਾਮ ਹੀ
ਸੁਰਮਾ ਹੈ, ਇਸ ਸੁਰਮੇ ਦੀ ਸੂਝ ਭੀ ਉਸੇ ਪਾਸੋਂ ਮਿਲਦੀ ਹੈ। (ਜਿਸ ਜੀਵ ਨੂੰ ਇਹ ਸੂਝ ਪੈ ਜਾਂਦੀ ਹੈ
ਉਹ) ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ। 4.
“ਜਿਨੀੑ ਨਾਮੁ ਵਿਸਾਰਿਆ, ਕਿਆ ਜਪੁ ਜਾਪਹਿ ਹੋਰਿ॥ ਬਿਸਟਾ ਅੰਦਰਿ ਕੀਟ ਸੇ,
ਮੁਠੇ ਧੰਧੈ ਚੋਰਿ॥ ਨਾਨਕ ਨਾਮੁ ਨ ਵੀਸਰੈ ਝੂਠੇ ਲਾਲਚ ਹੋਰਿ”॥ (ਮਃ 3 -ਪੰਨਾ 1247)
ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਵਿਸਾਰਿਆ ਹੈ, ਕਿਸੇ ਹੋਰ ਰਸ ਵਿੱਚ
ਪੈ ਕੇ ਜਪ, ਜਪਣ ਦਾ, ਉਹਨਾਂ ਨੂੰ ਕੋਈ ਲਾਭ ਨਹੀਂ ਹੋ ਸਕਦਾ, ਕਿਉਂਕਿ ਜਿਨ੍ਹਾਂ ਨੂੰ ਦੁਨੀਆ ਦੇ
ਜੰਜਾਲ-ਰੂਪ ਚੋਰ ਨੇ ਠੱਗਿਆ ਹੋਇਆ ਹੈ ਉਹ (ਇਉਂ ਵਿਲੂੰ ਵਿਲੂੰ ਕਰਦੇ) ਹਨ ਜਿਵੇਂ ਵਿਸ਼ਟੇ ਵਿੱਚ
ਕੀੜੇ। ਹੇ ਨਾਨਕ! (ਇਹੀ ਅਰਦਾਸ ਕਰ ਕਿ) ਪ੍ਰਭੂ ਦਾ ਨਾਮ ਨਾਹ ਭੁੱਲੇ, ਹੋਰ ਸਾਰੇ ਲਾਲਚ ਵਿਅਰਥ ਹਨ।
ਇਤਨੇ ਸਪਸ਼ਟ ਪ੍ਰਮਾਣਾਂ ਦੇ ਬਾਵਜੂਦ ਅਜ ਵੀ ਬਹੁਤਾ ਸਿੱਖ ਜਗਤ ਗੁਰਬਾਣੀ ਨੂੰ
ਵੀ ਮੰਤ੍ਰਾਂ ਵਾਂਗ ਰਟਨ ਤੇ ਲੱਗਾ ਹੋਇਆ ਹੈ। ਦੁਸਰੇ ਪਾਸੇ ਜਿਨ੍ਹਾਂ ਨੂੰ ਇਸ ਗਲ ਦੀ ਕੁੱਝ ਸੋਝੀ ਆ
ਗਈ, ਉਹ ਅਕਸਰ ਹਰ ਉਹ ਸ਼ਬਦ ਜਿਥੇ ਵੀ ਮੰਤੁ ਜਾਂ ਮੰਤ੍ਰ ਸ਼ਬਦ ਆਉਂਦਾ ਹੈ, ਉਸ ਨੂੰ ਰੱਦ ਕਰ ਦੇਂਦੇ
ਹਨ। ਜਿਵੇਂ ਕਿ ਅਜ ਕਲ ਗੁਰਮੰਤ੍ਰ ਜਾਂ ਮੂਲਮੰਤ੍ਰ ਬਾਰੇ ਅਕਸਰ ਹੋ ਰਿਹਾ ਹੈ। ਗੁਰਬਾਣੀ ਵਿੱਚ ਜਦੋਂ
ਮੰਤ੍ਰ ਸ਼ਬਦ ਵਰਤਿਆ ਜਾਂਦਾ ਹੈ ਤਾਂ ਇਸ ਦਾ ਭਾਵ ਹੈ ਗੁਰੂ ਦਾ ਉਪਦੇਸ਼:
“ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ॥ ਖੋਜਿ ਲਹਿਓ ਨਾਨਕ
ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ”॥ 2॥ {ਸਾਰਗ ਮਹਲਾ 5, ਪੰਨਾ 1208}
ਹੇ ਭਾਈ ! ਮਹਾਂ ਪੁਰਖਾਂ ਦੀ ਬਾਣੀ, ਮਹਾਂ ਪੁਰਖਾਂ ਦਾ ਉਪਦੇਸ਼ ਹੀ ਮਨ ਦਾ
ਮਾਣ ਦੂਰ ਕਰਨ ਲਈ ਸਮਰਥ ਹੈ । ਹੇ ਨਾਨਕ ! (ਆਖ
—ਹੇ
ਭਾਈ !) ਆਤਮਕ ਸ਼ਾਂਤੀ ਵਾਸਤੇ ਪਰਮਾਤਮਾ ਦਾ ਨਾਮ ਹੀ ਸੁਖਾਂ ਦਾ ਥਾਂ ਹੈ (ਇਹ ਥਾਂ ਸਾਧ ਸੰਗਤਿ ਵਿਚ)
ਖੋਜ ਕੀਤਿਆਂ ਲੱਭਦੀ ਹੈ । 2. 1. 20.
“ਸੁਨਤ ਜਪਤ ਹਰਿ ਨਾਮ ਜਸੁ ਤਾ ਕੀ ਦੂਰਿ ਬਲਾਈ॥ ਮਹਾ ਮੰਤ੍ਰੁ ਨਾਨਕੁ ਕਥੈ
ਹਰਿ ਕੇ ਗੁਣ ਗਾਈ॥ 4॥ “ {ਬਿਲਾਵਲੁ ਮਹਲਾ 5, ਪੰਨਾ 814}
ਹੇ ਭਾਈ ! ਨਾਨਕ (ਇਕ) ਸਭ ਤੋਂ ਵੱਡਾ ਮੰਤ੍ਰ ਦੱਸਦਾ ਹੈ (ਮੰਤ੍ਰ ਇਹ ਹੈ ਕਿ
ਜੇਹੜਾ ਮਨੁੱਖ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਪਰਮਾਤਮਾ ਦੇ ਨਾਮ ਦੀ ਵਡਿਆਈ ਸੁਣਦਿਆਂ ਤੇ
ਜਪਦਿਆਂ ਉਸ ਮਨੁੱਖ ਦੀ ਹਰੇਕ ਬਲਾ (ਬਿਪਤਾ) ਦੂਰ ਹੋ ਜਾਂਦੀ ਹੈ। 4.
“ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ॥ ਕਹੁ ਨਾਨਕ ਗੁਰਿ ਮੰਤ੍ਰੁ
ਦ੍ਰਿੜਾਇਆ॥ 3॥ 2॥” {ਭੈਰਉ ਮਹਲਾ 5, ਪੰਨਾ 1136}
ਹੇ ਨਾਨਕ ! ਆਖ
—ਗੁਰੂ
ਨੇ ਜਿਸ ਮਨੁੱਖ ਦੇ ਹਿਰਦੇ ਵਿੱਚ (ਇਹ) ਉਪਦੇਸ਼ ਪੱਕਾ ਕਰ ਦਿੱਤਾ (ਕਿ ਪਰਮਾਤਮਾ ਹੀ ਅਸਾਂ ਸਭ ਜੀਵਾਂ
ਦਾ ਰਾਖਾ ਹੈ,) ਉਹ ਮਨੁੱਖ ਆਪਣੇ ਘਰ ਵਿੱਚ (ਭੀ) ਸੁਖੀ ਵੱਸਦਾ ਹੈ, ਉਹ ਘਰੋਂ ਬਾਹਰ (ਜਾ ਕੇ) ਭੀ
ਆਨੰਦ ਮਾਣਦਾ ਹੈ । 3. 2.
ਜਦੋਂ ਅਸੀਂ ਮੰਤ੍ਰ ਅਤੇ ਜਪ ਦੇ ਅਰਥ ਗੁਰਮਤਿ ਅਨੁਸਾਰ ਲਵਾਂਗੇ ਤਾਂ ਭਾਈ
ਗੁਰਦਾਸ ਜੀ ਦੀ ਉਪਰੋਕਤ ਪੰਕਤੀ ਸਾਨੂੰ ਵਧੇਰੇ ਸਪਸ਼ਟ ਸਮਝ ਆਵੇਗੀ।
ਇਹ ਵਿਚਾਰ ਵੀ ਅਕਸਰ ਆਉਂਦਾ ਹੈ, ਕਿ ਵਾਹਿਗੁਰੂ ਸ਼ਬਦ ਤਾਂ ਸ੍ਰੀ ਗੁਰੂ
ਗ੍ਰੰਥ ਸਾਹਿਬ ਵਿੱਚ ਬਹੁਤ ਥੋੜੀ ਵਾਰੀ ਆਉਂਦਾ ਹੈ, ਅਤੇ ਜਦੋਂ ਆਉਂਦਾ ਵੀ ਹੈ ਤਾਂ ਅਕਾਲ-ਪੁਰਖ
ਵਾਸਤੇ ਨਹੀਂ, ਗੁਰੂ ਵਾਸਤੇ ਆਉਂਦਾ ਹੈ।
ਸਿੱਖ ਵਾਸਤੇ ਗੁਰੂ ਅਤੇ ਅਕਾਲ ਪੁਰਖ ਵਿੱਚ ਕੋਈ ਭੇਦ ਨਹੀਂ, ਗੁਰਬਾਣੀ ਵਿੱਚ
ਇਸ ਗਲ ਨੂੰ ਸਪਸ਼ਟ ਕਰਦੇ ਕਈ ਪ੍ਰਮਾਣ ਹਨ:
“ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ॥ ਸਤਿਗੁਰ ਵਿਚਿ
ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ॥ “ {ਆਸਾ ਮਹਲਾ 1, ਪੰਨਾ 466}
“ਪਾਰਬ੍ਰਹਮੁ ਪਰਮੇਸਰੁ ਅਨੂਪੁ॥ ਸਫਲ ਮੂਰਤਿ ਗੁਰੁ ਤਿਸ ਕਾ ਰੂਪੁ॥” {ਭੈਰਉ
ਮਹਲਾ 5, ਪੰਨਾ 1152}
“ਗੁਰੁ ਪਰਮੇਸਰੁ ਏਕੋ ਜਾਣੁ॥ ਜੋ ਤਿਸੁ ਭਾਵੈ ਸੋ ਪਰਵਾਣੁ॥” {ਗੋਂਡ ਮਹਲਾ
5, ਪੰਨਾ 864}
“ਨਾਨਕ ਸੋਧੇ ਸਿੰਮ੍ਰਿਤਿ ਬੇਦ॥ ਪਾਰਬ੍ਰਹਮ ਗੁਰ ਨਾਹੀ ਭੇਦ॥” {ਭੈਰਉ ਮਹਲਾ
5, ਪੰਨਾ 1142}
ਬਲਕਿ ਗੁਰਬਾਣੀ ਦੀਆਂ ਹੇਠ ਲਿਖੀਆਂ ਪੰਕਤੀਆਂ ਤਾਂ ਵਿਸ਼ੇਸ਼ ਧਿਆਨ ਮੰਗਦੀਆਂ
ਹਨ। ਸਿੱਖ ਦਾ ਗੁਰੂ ਸ਼ਬਦ ਹੈ, ਗੁਰਬਾਣੀ ਹੈ। ਸਿੱਖ ਵਾਸਤੇ ਗੁਰੂ ਅਤੇ ਅਕਾਲ-ਪੁਰਖ ਵਿੱਚ ਕੋਈ ਭੇਦ
ਨਹੀਂ। ਇਸੇ ਵਾਸਤੇ ਇਨ੍ਹਾਂ ਪੰਕਤੀਆਂ ਵਿੱਚ ਸਤਿਗੁਰੂ ਨੇ ਗਲ ਸਪਸ਼ਟ ਕਰ ਦਿੱਤੀ ਹੈ:
“ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥ ਵਾਹੁ ਵਾਹੁ
ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ॥ “ {ਸਲੋਕੁ ਮਃ 3, ਪੰਨਾ 515}
ਉਂਜ ਵੀ ਸਿੱਖ ਅਕਾਲ-ਪੁਰਖ ਦੇ ਦਰਸ਼ਨ ਕੁਦਰਤ ਵਿੱਚੋਂ ਕਰਦਾ ਹੈ:
“ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥” (ਸਲੋਕੁ ਮਃ 1,
ਪੰਨਾ 469)
ਕੁਦਰਤਿ ਕਾਦਰ ਕਰਣ ਕਰੀਮਾ॥ ਸਿਫਤਿ ਮੁਹਬਤਿ ਅਥਾਹ ਰਹੀਮਾ॥ (ਮਾਰੂ ਮਹਲਾ 5,
ਪੰਨਾ 1084)
ਜਦੋਂ ਸਿੱਖ ਅਕਾਲ-ਪੁਰਖ ਦੀ ਕੁਦਰਤ ਨਾਲ ਜੁੜਦਾ ਹੈ, ਤਾਂ ਵਾਹੁ ਤਾਂ ਉਸ ਦੇ
ਅੰਦਰੋਂ ਸੁਭਾਵਿਕ ਨਿਕਲ ਆਉਂਦੀ ਹੈ, ਇਸ ਲਈ ਇੱਕ ਕੌਮੀ ਨੇਮ ਅਨੁਸਾਰ ਵਾਹਿਗੁਰੂ ਗੁਰਮੰਤ੍ਰ ਨਾਲ
ਕੋਈ ਸਮੱਸਿਆ ਨਹੀਂ ਹੈ। ਅਸਲ ਸਮੱਸਿਆ ਤਾਂ ਇਹ ਹੈ ਕਿ ਕੀ ਵਾਹਿਗੁਰੂ ਸ਼ਬਦ ਦਾ ਬਾਰ ਬਾਰ ਰਟਨ ਕਰਨਾ
ਨਾਮ ਸਿਮਰਨ ਹੈ? ਆਓ ਵੇਖੀਏ ਇਸ ਬਾਰੇ ਸਤਿਗੁਰੂ ਦੀ ਬਾਣੀ ਕੀ ਫੁਰਮਾਂਉਂਦੀ ਹੈ:
“ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ॥ ਗੁਰ ਪਰਸਾਦੀ ਰਾਮੁ ਮਨਿ ਵਸੈ
ਤਾ ਫਲੁ ਪਾਵੈ ਕੋਇ॥” {ਗੂਜਰੀ ਮਹਲਾ 3, ਪੰਨਾ 491}
(ਜੇ) ਹਰੇਕ ਮਨੁੱਖ (ਨਿਰੀ ਜੀਭ ਨਾਲ ਹੀ) ਪਰਮਾਤਮਾ ਦਾ ਨਾਮ ਆਖਦਾ ਰਹੇ,
(ਤਾਂ ਨਿਰਾ ਜੀਭ ਨਾਲ) ਪਰਮਾਤਮਾ ਦਾ ਨਾਮ ਆਖਿਆਂ (ਸਫਲਤਾ) ਨਹੀਂ ਹੁੰਦੀ। ਜਦੋਂ ਕਿਸੇ ਮਨੁੱਖ ਦੇ
ਮਨ ਵਿੱਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਆ ਵੱਸੇ, ਤਦੋਂ ਉਸ ਨੂੰ ਉਸ ਸਿਮਰਨ ਦਾ ਫਲ ਮਿਲਦਾ ਹੈ।
ਅਕਸਰ ਇਹ ਗਲ ਕਹੀ ਜਾਂਦੀ ਹੈ ਕਿ ਵਾਹਿਗੁਰੂ ਵਾਹਿਗੁਰੂ, ਰਾਮ ਰਾਮ ਜਾਂ
ਅੱਲਾ ਅੱਲਾ ਰਟਨ ਨਾਲ ਪ੍ਰਮਾਤਮਾਂ ਹਿਰਦੇ ਵਿੱਚ ਵਸ ਜਾਂਦਾ ਹੈ, ਜਦਕਿ ਉਪਰੋਕਤ ਪੰਕਤੀਆਂ ਵਿੱਚ
ਸਤਿਗੁਰੂ ਅਮਰ ਪਾਤਿਸ਼ਾਹ ਇਸ ਗਲ ਨੂੰ ਪੂਰਨਤਾ ਰੱਦ ਕਰ ਰਹੇ ਹਨ। ਗੁਰੂ ਬਖਸ਼ਿਸ਼ ਨਾਲ ਉਹ ਕਿਵੇਂ
ਹਿਰਦੇ ਵਿੱਚ ਵਸਦਾ ਹੈ, ਇਹ ਉਪਰ ਵਿਸਥਾਰ ਨਾਲ ਵਿਚਾਰਿਆ ਜਾ ਚੁੱਕਾ ਹੈ। ਬਲਕਿ ਹੇਠਲੀਆਂ ਪੰਕਤੀਆਂ
ਵਿੱਚ ਸਤਿਗੁਰੂ ਅਰਜਨ ਪਾਤਿਸ਼ਾਹ ਇਸਨੂੰ ਇੱਕ ਵਿਖਾਵੇ ਦਾ ਪਾਖੰਡ ਕਰਮ ਦਸਦੇ ਹਨ:
“
ਜਿਨਿ
ਕੀਆ ਤਿਸੁ ਚੀਤਿ ਨ ਆਣੈ॥ ਕੂੜੀ ਕੂੜੀ ਮੁਖਹੁ ਵਖਾਣੈ॥
“
{ਭੈਰਉ ਮਹਲਾ 5, ਪੰਨਾ 1151}
ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ, ਉਸ ਨੂੰ ਆਪਣੇ ਚਿੱਤ ਵਿੱਚ ਨਹੀਂ
ਵਸਾਂਦਾ (ਹਾਂ) ਝੂਠ-ਮੂਠ (ਲੋਕਾਂ ਨੂੰ ਠੱਗਣ ਲਈ ਆਪਣੇ) ਮੂੰਹੋਂ (ਰਾਮ ਰਾਮ) ਉਚਾਰਦਾ ਰਹਿੰਦਾ
ਹੈ ।
“ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ॥ ਅਨਦਿਨੁ ਕਰਮ
ਕਰਹਿ ਬਹੁਤੇਰੇ ਸੁਪਨੈ ਸੁਖੁ ਨ ਹੋਈ॥” {ਸੂਹੀ ਮਹਲਾ 4, ਪੰਨਾ 732}
ਹੇ ਭਾਈ ! (ਜੇਹੜੇ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ ਉਂਞ) ਜ਼ਬਾਨੀ ਰਾਮ
ਰਾਮ ਉਚਾਰਦੇ ਹਨ, ਸਦਾ ਧੋਖਾ-ਫਰੇਬ (ਭੀ) ਕਰਦੇ ਰਹਿੰਦੇ ਹਨ, ਉਹਨਾਂ ਦਾ ਦਿਲ ਪਵਿਤ੍ਰ ਨਹੀਂ ਹੋ
ਸਕਦਾ। ਉਹ ਮਨੁੱਖ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਅਨੇਕਾਂ ਧਾਰਮਿਕ ਕਰਮ ਹਰ ਵੇਲੇ ਕਰਦੇ ਰਹਿੰਦੇ
ਹਨ, ਪਰ ਉਹਨਾਂ ਨੂੰ ਕਦੇ ਸੁਪਨੇ ਵਿੱਚ ਭੀ ਆਤਮਕ ਆਨੰਦ ਨਹੀਂ ਮਿਲਦਾ।
ਗਲ ਹੈ ਵੀ ਬਹੁਤ ਸੱਪਸ਼ਟ, ਕੇਵਲ ਵਾਹਿਗੁਰੂ ਵਾਹਿਗੁਰੂ, ਰਾਮ ਰਾਮ ਜਾਂ ਅੱਲਾ
ਅੱਲਾ ਰਟਨ ਨਾਲ ਹਿਰਦਾ ਸ਼ੁਧ ਨਹੀਂ ਹੋਣਾ, ਤੇ ਜੇ ਹਿਰਦਾ ਸ਼ੁਧ ਨਹੀਂ ਤਾਂ ਕਰਮ ਨਿਰਮਲ ਨਹੀਂ ਹੋ
ਸਕਦੇ। ਫਿਰ ਜਿਤਨੇ ਪਾਪ ਕਰਮ ਸੁਖਾਂ ਦੀ ਭਾਲ ਵਿੱਚ ਕਰਦੇ ਹਾਂ ਉਹ ਦੁਖ ਦੇ ਰੂਪ ਵਿੱਚ ਹੀ ਪ੍ਰਗਟ
ਹੁੰਦੇ ਹਨ। ਕਰਮ ਨਿਰਮਲ ਤਾਂ ਗੁਰਬਾਣੀ ਨੂੰ ਵਿਚਾਰ ਕੇ, ਪੜ੍ਹ ਕੇ, ਜੀਵਨ ਵਿੱਚ ਅਪਨਾਉਣ ਨਾਲ ਹੋਣੇ
ਹਨ, ਅਤੇ ਇਸ ਨਾਲ ਹੀ ਵਾਹਿਗੁਰੂ ਹਿਰਦੇ ਵਿੱਚ ਵਸਣਾ ਹੈ। ਵਾਹਿਗੁਰੂ ਹਿਰਦੇ ਵਿੱਚ ਵਸ ਗਿਆ ਤਾਂ
ਜੀਵਨ ਮਾਇਆ ਦੇ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਵੇਗਾ।
“ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ॥ ਨਾਨਕ ਜਿਨ ਕੈ
ਹਿਰਦੈ ਵਸਿਆ ਮੋਖ ਮੁਕਤਿ ਤਿਨੑ ਪਾਇਆ॥” {ਵਡਹੰਸੁ ਮਹਲਾ 3, ਪੰਨਾ 565}
ਹੇ ਭਾਈ ! ਮੂੰਹ ਨਾਲ (ਬਾਹਰੋਂ ਬਾਹਰੋਂ) ਤਾਂ ਹਰੇਕ ਪਰਮਾਤਮਾ ਦਾ ਨਾਮ
ਉਚਾਰ ਦੇਂਦਾ ਹੈ, ਪਰ ਕਿਸੇ ਵਿਰਲੇ ਨੇ ਹਰਿ-ਨਾਮ ਆਪਣੇ ਹਿਰਦੇ ਵਿੱਚ ਵਸਾਇਆ ਹੈ। ਹੇ ਨਾਨਕ !
(ਆਖ—) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਮਨੁੱਖ ਵਿਕਾਰਾਂ
ਤੋਂ ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ।
ਸਭ ਤੋਂ ਵੱਧ ਭੁਲੇਖਾ ‘ਜਪੁ` ਬਾਣੀ ਦੀ ਬਤੀਵੀਂ ਪਉੜੀ ਬਾਰੇ ਪਾਇਆ ਜਾਂਦਾ
ਹੈ, ਜਿਥੇ ਪੂਰੀ ਪਉੜੀ ਨੂੰ ਸਮਝਣ ਦੀ ਬਜਾਏ ਕੇਵਲ ਪਹਿਲੀਆਂ ਤਿੰਨ ਪੰਕਤੀਆਂ ਦੇ ਅਰਥ ਆਪਣੀ ਭਾਵਨਾ
ਅਨੁਸਾਰ ਕਰਕੇ ਬਹੁਤੇ ਲੋਕ ਰਟਨ ਦੀ ਵਕਾਲਤ ਕਰਨ ਲੱਗ ਜਾਂਦੇ ਹਨ:
“ਇਕ ਦੂ ਜੀਭੌ ਲਖ ਹੋਹਿ, ਲਖ ਹੋਵਹਿ ਲਖ ਵੀਸ॥ ਲਖੁ ਲਖੁ ਗੇੜਾ ਆਖੀਅਹਿ ਏਕੁ
ਨਾਮੁ ਜਗਦੀਸ॥ ਏਤੁ ਰਾਹਿ ਪਤਿ ਪਵੜੀਆ, ਚੜੀਐ ਹੋਇ ਇਕੀਸ॥ ਸੁਣਿ ਗਲਾ ਆਕਾਸ ਕੀ, ਕੀਟਾ ਆਈ ਰੀਸ॥
ਨਾਨਕ, ਨਦਰੀ ਪਾਈਐ, ਕੂੜੀ ਕੂੜੈ ਠੀਸ॥ 32॥”
ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ
ਜਾਣ, (ਇਹਨਾਂ ਵੀਹ ਲੱਖ ਜੀਭਾਂ ਨਾਲ ਜੇ) ਅਕਾਲ ਪੁਰਖ ਦੇ ਇੱਕ ਨਾਮ ਨੂੰ ਇੱਕ ਇਕ ਲੱਖ ਵਾਰੀ ਆਖੀਏ
(ਤਾਂ ਭੀ ਕੂੜੇ ਮਨੁੱਖ ਦੀ ਇਹ ਕੂੜੀ ਹੀ ਠੀਸ ਹੈ, ਭਾਵ, ਜੇ ਮਨੁੱਖ ਇਹ ਖ਼ਿਆਲ ਕਰੇ ਕਿ ਮੈਂ ਆਪਣੇ
ਉੱਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਝੂਠਾ ਅਹੰਕਾਰ
ਹੈ)। ਇਸ ਰਸਤੇ ਵਿੱਚ (ਪਰਮਾਤਮਾ ਨਾਲੋਂ ਵਿੱਥ ਦੂਰ ਕਰਨ ਵਾਲੇ ਰਾਹ ਵਿਚ) ਅਕਾਲ ਪੁਰਖ ਨੂੰ ਮਿਲਣ
ਵਾਸਤੇ ਜੋ ਪਉੜੀਆਂ ਹਨ, ਉਹਨਾਂ ਉੱਤੇ ਆਪਾ-ਭਾਵ ਗਵਾ ਕੇ ਹੀ ਚੜ੍ਹ ਸਕੀਦਾ ਹੈ। (ਲੱਖਾਂ ਜੀਭਾਂ ਨਾਲ
ਭੀ ਗਿਣਤੀ ਦੇ ਸਿਮਰਨ ਨਾਲ ਕੁੱਝ ਨਹੀਂ ਬਣਦਾ। ਆਪਾ-ਭਾਵ ਦੂਰ ਕਰਨ ਤੋਂ ਬਿਨਾ ਇਹ ਗਿਣਤੀ ਦੇ ਪਾਠਾਂ
ਵਾਲਾ ਉੱਦਮ ਇਉਂ ਹੈ, ਮਾਨੋ,) ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਭੀ ਇਹ ਰੀਸ ਆ ਗਈ ਹੈ (ਕਿ
ਅਸੀਂ ਭੀ ਆਕਾਸ਼ ਤੇ ਅੱਪੜ ਜਾਈਏ)। ਹੇ ਨਾਨਕ! ਜੇ ਅਕਾਲ ਪੁਰਖ ਮਿਹਰ ਦੀ ਨਜ਼ਰ ਕਰੇ, ਤਾਂ ਹੀ ਉਸ ਨੂੰ
ਮਿਲੀਦਾ ਹੈ, (ਨਹੀਂ ਤਾਂ) ਕੂੜੇ ਮਨੁੱਖ ਦੀ ਆਪਣੇ ਆਪ ਦੀ ਨਿਰੀ ਕੂੜੀ ਹੀ ਵਡਿਆਈ ਹੈ (ਕਿ ਮੈਂ
ਸਿਮਰਨ ਕਰ ਰਿਹਾ ਹਾਂ)। 32.
ਸਤਿਗੁਰੂ ਨੇ ਤਾਂ ਪਹਿਲੀਆਂ ਤਿੰਨ ਪੰਕਤੀਆਂ ਵਿੱਚ ਇਹ ਦਸਿਆ ਹੈ ਕਿ ਇਹ
ਸਮਝਿਆ ਜਾਂਦਾ ਹੈ। ਪਰ ਇਹ ਗੁਰਮਤਿ ਨਹੀਂ ਹੈ। ਸਤਿਗੁਰੂ ਨੇ ਗੁਰਮਤਿ ਦ੍ਰਿੜ ਕਰਾਂਉਂਦੇ ਹੋਏ, ਆਖਰੀ
ਦੋ ਲਾਈਨਾਂ ਵਿੱਚ ਬਾਰ-ਬਾਰ ਰਟਨ ਦੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਰੱਦ ਕਰਕੇ ਇਹ ਗੱਲ ਸਪਸ਼ਟ ਕਰ
ਦਿੱਤੀ ਹੈ ਕਿ ਰਟਨ ਦੇ ਉਪਰਾਲੇ ਤਾਂ ਕੇਵਲ ਆਪਣੀ ਹਉਮੈਂ ਨੂੰ ਪੱਠੇ ਪਾਉਣ ਵਾਲੀ ਗਲ ਹੈ। ਨਾਮ ਧਨੁ
ਤਾਂ ਕੇਵਲ ਅਤੇ ਕੇਵਲ ਅਕਾਲ-ਪੁਰਖ ਦੀ ਬਖਸ਼ਿਸ਼ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਸਤਿਗੁਰੂ ਦੇ
ਉਪਰ ਦੱਸੇ ਸਾਰੇ ਸਾਧਨ ਤਾਂ ਸਾਡੇ ਆਪਣੇ ਭਾਂਡੇ ਨੂੰ ਨਾਮ ਧਨੁ ਸਮੇਟਣ ਦੇ ਕਾਬਲ ਬਨਾਉਣ ਦੇ ਸਾਧਨ
ਹਨ। ਜੇ ਬਾਰਸ਼ ਵਿੱਚ ਕੋਈ ਭਾਂਡਾ ਮੂਧਾ ਪਿਆ ਹੋਵੇ, ਜਿਤਨੀ ਮਰਜ਼ੀ ਬਾਰਸ਼ ਹੋ ਜਾਵੇ, ਉਸ ਵਿੱਚ ਬੂੰਦ
ਵੀ ਨਹੀਂ ਆ ਸਕਦੀ, ਜਦਕਿ ਸਿੱਧਾ ਭਾਂਡਾ ਅਕਾਲ-ਪੁਰਖ ਦੀ ਬਖਸ਼ਿਸ਼ ਸਮੇਟ ਕੇ ਨਾਮ ਅੰਮ੍ਰਿਤ ਨਾਲ
ਸਰੋਸ਼ਾਰ ਹੋ ਜਾਂਦਾ ਹੈ।
ਗੁਰਬਾਣੀ ਦੇ ਕੁੱਝ ਹੋਰ ਪ੍ਰਮਾਣ ਵੀ ਸਪਸ਼ਟ ਕਰਦੇ ਹਨ ਕਿ ਸਿਮਰਨ ਦਾ ਰਟਨ
ਨਾਲ ਕੋਈ ਸੰਬੰਧ ਨਹੀਂ। ਜਿਵੇਂ:
“ਊਠਤ ਬੈਠਤ ਸੋਵਤ ਜਾਗਤ ਹਰਿ ਧਿਆਈਐ ਸਗਲ ਅਵਰਦਾ ਜੀਉ॥” {ਮਾਝ ਮਹਲਾ 5,
ਪੰਨਾ 101}
(ਹੇ ਭਾਈ!) ਉਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਸਾਰੀ (ਹੀ) ਉਮਰ
ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।
ਹੁਣ ਆਪ ਹੀ ਸੋਚੀਏ ਕਿ ਕੀ ਇਹ ਅਮਲੀ ਰੂਪ ਵਿੱਚ ਹੋ ਸਕਦਾ ਹੈ ਕਿ ਕੋਈ
ਵਿਅਕਤੀ ਉਠਦਿਆਂ, ਬਹਿੰਦਿਆਂ, ਸੁਤਿਆਂ, ਜਾਗਦਿਆਂ, ਕਿਸੇ ਇੱਕ ਸ਼ਬਦ ਦਾ ਰਟਨ ਹੀ ਕਰਦਾ ਰਹੇ? ਸੋ
ਸਪਸ਼ਟ ਹੈ ਕਿ ਇਸ ਦਾ ਭਾਵ ਇਹੀ ਹੈ ਕਿ ਵਾਹਿਗੁਰੂ ਦਾ ਨਾਮ, ਉਸ ਦੀ ਯਾਦ ਹਰ ਵੇਲੇ ਸਾਡੇ ਹਿਰਦੇ
ਵਿੱਚ ਟਿਕੀ ਰਹੇ। ਸਾਡਾ ਭਰੋਸਾ ਹਰ ਵੇਲੇ ਹਰ ਹਾਲਾਤ ਵਿੱਚ ਉਸ ਤੇ ਬਣਿਆ ਰਹੇ। ਇੱਕ ਹੋਰ ਪ੍ਰਮਾਣ
ਵੇਖੀਏ:
ਸਿਮਰੈ ਧਰਤੀ ਅਰੁ ਆਕਾਸਾ॥ ਸਿਮਰਹਿ ਚੰਦ ਸੂਰਜ ਗੁਣਤਾਸਾ॥ ਪਉਣ ਪਾਣੀ
ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ॥ 1॥ ਸਿਮਰਹਿ ਖੰਡ ਦੀਪ ਸਭਿ ਲੋਆ॥ ਸਿਮਰਹਿ ਪਾਤਾਲ ਪੁਰੀਆ
ਸਚੁ ਸੋਆ॥ ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ॥ {ਮਾਰੂ ਸੋਲਹੇ ਮਹਲਾ 5, ਪੰਨਾ
1078}
ਭਲਾ ਇਹ ਧਰਤੀ, ਅਕਾਸ਼, ਚੰਦ, ਸੂਰਜ, ਹਵਾ, ਪਾਣੀ, ਅੱਗ ਆਦਿ ਪਰਮਾਤਮਾ ਨੂੰ
ਕਿਵੇਂ ਸਿਮਰ ਰਹੇ ਹਨ? ਕਿਥੇ ਆਸਨ ਲਾਕੇ ਕਿਹੜੇ ਮੂੰਹ ਨਾਲ ਕਿਹੜੀ ਭਾਸ਼ਾ ਵਿੱਚ, ਕਿਹੜੇ ਸ਼ਬਦ ਦਾ
ਰਟਨ ਕਰ ਰਹੇ ਹਨ। ਪ੍ਰੋ. ਸਾਹਿਬ ਸਿੰਘ ਜੀ ਇਨ੍ਹਾਂ ਪੰਕਤੀਆਂ ਦੇ ਅਰਥ ਇੰਜ ਕਰਦੇ ਹਨ:
ਹੇ ਭਾਈ ! ਧਰਤੀ ਪਰਮਾਤਮਾ ਦੀ ਰਜ਼ਾ ਵਿੱਚ ਤੁਰ ਰਹੀ ਹੈ ਆਕਾਸ਼ ਉਸ ਦੀ ਰਜ਼ਾ
ਵਿੱਚ ਹੈ । ਚੰਦ ਅਤੇ ਸੂਰਜ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਰਜ਼ਾ ਵਿੱਚ ਤੁਰ ਰਹੇ ਹਨ । ਹਵਾ ਪਾਣੀ
ਅੱਗ (ਆਦਿਕ ਤੱਤ) ਪ੍ਰਭੂ ਦੀ ਰਜ਼ਾ ਵਿੱਚ ਕੰਮ ਕਰ ਰਹੇ ਹਨ । ਸਾਰੀ ਸ੍ਰਿਸ਼ਟੀ ਉਸ ਦੀ ਰਜ਼ਾ ਵਿੱਚ ਕੰਮ
ਕਰ ਰਹੀ ਹੈ । 1. ਹੇ ਭਾਈ ! ਸਾਰੇ ਖੰਡ ਦੀਪ ਮੰਡਲ, ਪਾਤਾਲ ਅਤੇ ਸਾਰੀਆਂ ਪੁਰੀਆਂ, ਸਾਰੀਆਂ
ਖਾਣੀਆਂ ਅਤੇ ਬਾਣੀਆਂ (ਦੇ ਜੀਵ), ਸਾਰੇ ਪ੍ਰਭੂ ਦੇ ਸੇਵਕ ਸਦਾ-ਥਿਰ ਪ੍ਰਭੂ ਦੀ ਰਜ਼ਾ ਵਿੱਚ ਵਰਤ ਰਹੇ
ਹਨ । 2.
ਮਨੂੱਖ ਦਾ ਵੀ ਨਾਮੀ ਦੇ ਭਾਣੇ ਵਿੱਚ ਚੱਲਣਾ ਨਾਮ ਸਿਮਰਨ ਹੈ। ਉਸ ਦੀ ਹਰ
ਰਜ਼ਾ ਨੂੰ ਮਿੱਠਾ ਕਰਕੇ ਮਨਣਾ ਨਾਮ ਸਿਮਰਨ ਹੈ। ਜਪੁ ਬਾਣੀ ਦੀ ਪਹਿਲੀ ਪੌੜੀ ਵਿੱਚ ਹੀ ਸਤਿਗੁਰੂ ਨੇ
ਜਿਥੇ ਮਨੁੱਖ ਨੂੰ ਇਹ ਚੇਤਨ ਕਰਾਇਆ ਹੈ ਕਿ ਆਪਣੇ ਹੀ ਹਿਰਦੇ ਘਰ ਵਿੱਚ ਵਸ ਰਹੇ ਅਕਾਲ-ਪੁਰਖ ਨਾਲ
ਸਾਡੀ ਸਾਂਝ ਇਸ ਕਰਕੇ ਨਹੀਂ ਬਣ ਰਹੀ ਕਿਉਂਕਿ ਸਾਡੇ ਅਤੇ ਅਕਾਲ-ਪੁਰਖ ਵਿਚਕਾਰ ਇੱਕ ਕੂੜ ਦੀ ਦੀਵਾਰ
ਖੜੀ ਹੈ, ਅਤੇ ਇਸ ਦੀਵਾਰ ਨੂੰ ਢਾਹੁਣ ਦਾ ਇਹੀ ਤਰੀਕਾ ਦਸਿਆ ਹੈ:
“ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ, ਨਾਨਕ
ਲਿਖਿਆ ਨਾਲਿ॥ 1॥”
(ਤਾਂ ਫਿਰ) ਅਕਾਲ ਪੁਰਖ ਦਾ ਪ੍ਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ
(ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ? ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ
ਵਿੱਚ ਤੁਰਨਾ- (ਇਹੀ ਇੱਕ ਵਿਧੀ ਹੈ)। ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ,
ਲਿਖੀ ਚਲੀ ਆ ਰਹੀ ਹੈ। 1.
ਭੁਲੇਖਾ
ਕਈ ਵੀਰ ਆਖਦੇ ਹਨ ਕਿ ਆਪ ਤਾਂ ਸੰਗਤਾਂ ਨੂੰ ਨਾਮ ਸਿਮਰਨ ਨਾਲੋਂ ਤੋੜ ਰਹੇ
ਹੋ, ਜਦਕਿ ਗੁਰਬਾਣੀ ਤਾਂ ਬਾਰ ਬਾਰ ਰਟਨ ਦੀ ਗਲ ਕਰਦੀ ਹੈ। ਇਸ ਪੱਖ ਵਿੱਚ ਗੁਰਬਾਣੀ ਦੇ ਕਈ ਪ੍ਰਮਾਣ
ਵੀ ਦਿਤੇ ਜਾਂਦੇ ਹਨ, ਜਿਵੇਂ:
“ਬਾਰੰਬਾਰ ਬਾਰ ਪ੍ਰਭੁ ਜਪੀਐ॥ ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ॥”
{ਗਉੜੀ ਸੁਖਮਨੀ ਮਃ 5, ਪੰਨਾ 286}
(ਹੇ ਭਾਈ !) ਘੜੀ ਮੁੜੀ ਪ੍ਰਭੂ ਨੂੰ ਸਿਮਰੀਏ, ਤੇ (ਨਾਮ-) ਅੰਮ੍ਰਿਤ ਪੀ ਕੇ
ਇਸ ਮਨ ਨੂੰ ਤੇ ਸਰੀਰਕ ਇੰਦ੍ਰਿਆਂ ਨੂੰ ਰਜਾ ਦੇਵੀਏ।
“ਰਸਨਾ ਜਪੈ ਨ ਨਾਮੁ ਤਿਲੁ ਤਿਲੁ ਕਰਿ ਕਟੀਐ॥ ਹਰਿਹਾਂ ਜਬ ਬਿਸਰੈ ਗੋਬਿਦ
ਰਾਇ ਦਿਨੋ ਦਿਨੁ ਘਟੀਐ॥ 14॥” (ਫੁਨਹੇ ਮਹਲਾ 5, ਪੰਨਾ 1362)
ਜਿਹੜੀ ਜੀਭ ਪਰਮਾਤਮਾ ਦਾ ਨਾਮ ਨਹੀਂ ਜਪਦੀ, ਉਹ ਜੀਭ (ਦੁਨੀਆ ਦੇ ਝੰਬੇਲਿਆਂ
ਦੀਆਂ ਗੱਲਾਂ ਅਤੇ ਨਿੰਦਾ ਆਦਿਕ ਦੀ ਕੈਂਚੀ ਨਾਲ ਹਰ ਵੇਲੇ) ਕੱਟੀ ਜਾ ਰਹੀ ਹੈ। ਹੇ ਸਹੇਲੀਏ! ਜਦੋਂ
ਪ੍ਰਭੂ-ਪਾਤਿਸ਼ਾਹ (ਦੀ ਯਾਦ) ਭੁੱਲ ਜਾਏ, ਤਦੋਂ ਦਿਨੋ ਦਿਨ (ਆਤਮਕ ਜੀਵਨ ਵਲੋਂ) ਕਮਜ਼ੋਰ ਹੁੰਦੇ
ਜਾਈਦਾ ਹੈ।
ਇਹ ਕਹਿ ਦੇਣਾ ਕਿ ਨਾਮ ਸਿਮਰਨ ਕਰਨ ਤੋਂ ਰੋਕਿਆ ਜਾ ਰਿਹਾ ਹੈ, ਵਿਸ਼ੇ ਨੂੰ
ਸਮਝੇ, ਵਿਚਾਰੇ ਬਿਨਾ ਦਿੱਤਾ ਗਿਆ ਕੋਈ ਫੈਸਲਾ ਹੀ ਹੋ ਸਕਦਾ ਹੈ, ਜਦਕਿ ਇਹ ਲੇਖ ਤਾਂ ਸ਼ੁਰੂ ਹੀ ਨਾਮ
ਸਿਮਰਨ ਦੀ ਮਹੱਤਤਾ ਅਤੇ ਮਹਿਮਾ ਨਾਲ ਹੁੰਦਾ ਹੈ। ਇਸ ਲਈ ਐਸਾ ਕੋਈ ਨਿਰਣਾ ਆਪਣੇ ਮਨ ਦੀਆਂ ਗੁਰੂ
ਗਿਆਨ ਤੋਂ ਵਿਹੂਣੀਆਂ, ਅੰਧੀਆਂ ਭਾਵਨਾਵਾਂ ਜਾਂ ਕਿਸੇ ਵਿਅਕਤੀ ਪ੍ਰਤੀ ਸਤਿਗੁਰੂ ਨਾਲੋਂ ਵੀ ਵਧੇਰੇ
ਵਿਸ਼ਵਾਸ ਵਿਚੋਂ ਹੀ ਪੈਦਾ ਹੋ ਸਕਦਾ ਹੈ। ਇਸ ਲੇਖ ਦਾ ਅਸਲੀ ਮਕਸਦ ਤਾਂ ਗੁਰਸਿੱਖ ਨੂੰ ਬਲਕਿ ਪ੍ਰਾਣੀ
ਮਾਤਰ ਨੂੰ ਵਾਹਿਗੁਰੂ ਦੇ ਇਲਾਹੀ ਨਾਮ ਨਾਲ ਜੋੜਨਾ ਹੈ। ਜੇ ਕੋਈ ਮਤਭੇਦ ਹੈ ਤਾਂ ਕੇਵਲ ਨਾਮ ਸਿਮਰਨ
ਦੇ ਤਰੀਕੇ ਬਾਰੇ ਹੈ। ਸਾਰਾ ਲੇਖ ਕੇਵਲ ਤੇ ਕੇਵਲ ਗੁਰਬਾਣੀ ਤੇ ਅਧਾਰਤ ਹੈ, ਇਸ ਵਿੱਚ ਆਪਣੀ ਕੋਈ
ਨਿਜੀ ਭਾਵਨਾ ਜਾਂ ਵਿਚਾਰ ਨਹੀਂ ਵਰਤੇ ਗਏ। ਹਾਂ ਕੋਈ ਗੁਰਬਾਣੀ ਦੀ ਸਨਾਤਨੀ ਵਿਆਖਿਆ ਕਰਕੇ ਕੋਈ ਹੋਰ
ਨਿਰਣੇ ਕਰਨੇ ਚਾਹੇ ਤਾਂ ਉਸ ਤੇ ਕੇਵਲ ਤਰਸ ਹੀ ਖਾਧਾ ਜਾ ਸਕਦਾ ਹੈ। ਉਪਰੋਕਤ ਪੰਕਤੀਆਂ ਜਿਥੇ ਸਾਨੂੰ
ਬਾਰ-ਬਾਰ, ਹਰ ਸਮੇਂ ਅਕਾਲ-ਪੁਰਖ ਦੀ ਸਿਫਤ-ਸਲਾਹ ਵਿੱਚ ਲੀਨ ਰਹਿਣ ਦੀ ਪ੍ਰੇਰਨਾ ਦੇਂਦੀਆਂ ਹਨ,
ਕਿਤੇ ਵੀ ਕਿਸੇ ਇੱਕ ਸ਼ਬਦ ਦੇ ਰਟਨ ਦੀ ਗੱਲ ਨਹੀਂ ਕੀਤੀ ਗਈ, ਇਹ ਕਿਸੇ ਦੇ ਆਪੇ, ਅਪਣੀ ਭਾਵਨਾ ਚੋਂ
ਕੱਢੇ ਹੋਏ ਅਰਥ ਹੋ ਸਕਦੇ ਹਨ।
“ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ॥”
ਇਨ੍ਹਾਂ ਪੰਕਤੀਆਂ ਨੂੰ ਲੈਕੇ ਵੀ ਅਕਸਰ ਕਿਹਾ ਜਾਂਦਾ ਹੈ ਕਿ ਵੇਖੋ ਸਤਿਗੁਰੂ
ਸਾਨੂੰ ਬਾਰ ਬਾਰ ਵਾਹਿਗੂਰੂ ਨਾਮ ਰਟਨ ਲਈ ਕਹਿ ਰਹੇ ਹਨ ਅਤੇ ਕਈ ਰਾਗੀਆਂ ਵਲੋਂ ਉਥੇ ਪੂਰੇ ਜੋਰ ਨਾਲ
ਰੱਟੇ ਲਾਏ ਲੁਆਏ ਜਾਂਦੇ ਹਨ। ਆਓ ਹੁਣ ਜ਼ਰਾ ਪੂਰਾ ਸ਼ਬਦ ਵੇਖੀਏ:
“ਧੁਰਿ ਖਸਮੈ ਕਾ ਹੁਕਮੁ ਪਇਆ ਵਿਣੁ ਸਤਿਗੁਰ ਚੇਤਿਆ ਨ ਜਾਇ॥ ਸਤਿਗੁਰਿ
ਮਿਲਿਐ ਅੰਤਰਿ ਰਵਿ ਰਹਿਆ ਸਦਾ ਰਹਿਆ ਲਿਵ ਲਾਇ॥ ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ॥ ਜਨਮ
ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ॥ ਨਾਨਕ ਇਹੁ ਮਰਤਬਾ ਤਿਸ ਨੋ ਦੇਇ ਜਿਸ ਨੋ ਕਿਰਪਾ ਕਰੇ ਰਜਾਇ॥
2॥” {ਮਃ 3, ਪੰਨਾ 556}
ਧੁਰੋਂ ਹੀ ਪ੍ਰਭੂ ਦਾ ਹੁਕਮ ਚਲਿਆ ਆਉਂਦਾ ਹੈ ਕਿ ਸਤਿਗੁਰੂ ਤੋਂ ਬਿਨਾਂ
ਪ੍ਰਭੂ ਸਿਮਰਿਆ ਨਹੀਂ ਜਾ ਸਕਦਾ; ਸਤਿਗੁਰੂ ਦੇ ਮਿਲਿਆਂ ਪ੍ਰਭੂ ਮਨੁੱਖ ਦੇ ਹਿਰਦੇ ਵਿੱਚ ਵੱਸ ਪੈਂਦਾ
ਹੈ ਤੇ ਮਨੁੱਖ ਸਦਾ ਉਸ ਵਿੱਚ ਬਿਰਤੀ ਜੋੜੀ ਰੱਖਦਾ ਹੈ; ਸੁਆਸ ਸੁਆਸ ਉਸ ਨੂੰ ਚੇਤਦਾ ਹੈ, ਇੱਕ ਭੀ
ਸੁਆਸ ਖ਼ਾਲੀ ਨਹੀਂ ਜਾਂਦਾ; (ਇਸ ਤਰ੍ਹਾਂ ਉਸ ਦਾ) ਜੰਮਣ ਮਰਨ ਦਾ ਡਰ ਮੁੱਕ ਜਾਂਦਾ ਹੈ ਤੇ ਉਸ ਨੂੰ
(ਅਸਲ ਮਨੁੱਖਾ) ਜੀਵਨ ਦਾ ਮਰਤਬਾ ਮਿਲ ਜਾਂਦਾ ਹੈ।
ਹੇ ਨਾਨਕ! ਪ੍ਰਭੂ ਇਹ ਦਰਜਾ (ਭਾਵ, ਜੀਵਨ-ਪਦਵੀ) ਉਸ ਮਨੁੱਖ ਨੂੰ ਦੇਂਦਾ ਹੈ ਜਿਸ ਤੇ ਆਪਣੀ
ਰਜ਼ਾ ਵਿੱਚ ਮੇਹਰ ਕਰਦਾ ਹੈ। 2.