ੴਸਤਿਗੁਰਪ੍ਰਸਾਦਿ
ਨਾਮ ਸਿਮਰਨ (ਗੁਰਮਤਿ ਅਨੁਸਾਰ)
(ਕਿਸ਼ਤ ਨੰ: 06)
ਸੁਆਸ-ਸੁਆਸ
ਨਾਮ ਸਿਮਰਨ ਕਿਵੇਂ ਹੁੰਦਾ ਹੈ?
ਅਕਾਲ-ਪੁਰਖ ਦੀ ਰਜ਼ਾ ਨੂੰ ਸਮਝਣ
ਅਤੇ ਰਜ਼ਾ ਵਿੱਚ ਚਲਣ ਦੀ ਜਾਚ, ਕੇਵਲ ਤੇ ਕੇਵਲ ਗੁਰਬਾਣੀ ਨੂੰ ਵਿਚਾਰ ਕੇ ਪੜ੍ਹਨ ਨਾਲ ਹੀ ਆਉਂਦੀ
ਹੈ। ਇਥੇ ਇਹ ਗਲ ਵੀ ਸਪਸ਼ਟ ਸਮਝ ਲੈਣੀ ਚਾਹੀਦੀ ਹੈ ਕਿ ਕੇਵਲ ਗੁਰਬਾਣੀ ਵੀਚਾਰ ਲੈਣਾ, ਸਮਝ ਲੈਣਾ ਹੀ
ਕਾਫੀ ਨਹੀਂ ਹੈ। ਬੇਸ਼ਕ ਇਹ ਇੱਕ ਅਤਿ ਮਹੱਤਵ ਪੂਰਨ ਪਉੜੀ ਹੈ, ਪਰ ਅਸਲ ਗਲ ਤਾਂ ਇਹ ਹੈ ਕਿ ਗੁਰਬਾਣੀ
ਸਾਡਾ ਜੀਵਨ ਬਣ ਜਾਵੇ। ਜਿਵੇਂ ਸਤਿਗੁਰੂ ਰਾਮ ਦਾਸ ਪਾਤਿਸ਼ਾਹ ਫੁਰਮਾਂਉਂਦੇ ਹਨ:
“ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥ ” (ਪੰਨਾ 304)
ਅਸੀਂ ਗੁਰਬਾਣੀ ਕਿਵੇਂ ਬਣਾਗੇ? ਕੀ ਸਾਨੂੰ ਕੋਈ ਕਿਤਾਬੀ ਯਾ ਅਖਰੀ ਰੂਪ ਧਾਰਨ ਕਰਨਾ
ਪਵੇਗਾ? ਨਹੀਂ ਜਿਸ ਦਿਨ ਅਸੀਂ ਗੁਰਬਾਣੀ ਦੇ ਗੁਣ ਆਪਨੇ ਜੀਵਨ ਵਿੱਚ ਧਾਰਨ ਕਰ ਲਏ, ਅਸੀਂ ਗੁਰਬਾਣੀ
ਬਣ ਗਏ।
ਫੇਰ ਜਿਸ ਵੇਲੇ ਮਨੁੱਖ ਕੇਵਲ ਗਿਆਨ ਪ੍ਰਾਪਤ ਕਰਨ ਦੀ ਸੀਮਾਂ ਤੋਂ ਅਗੇ ਜਾਕੇ ਗੁਰਬਾਣੀ ਤੇ ਪੂਰਨ
ਸ਼ਰਧਾ, ਪੂਰਨ ਵਿਸ਼ਵਾਸ ਲੈ ਆਉਂਦਾ ਹੈ, ਉਸ ਦਾ ਅਚਾਰ, ਵਿਹਾਰ, ਕਿਰਦਾਰ ਸਭ ਗੁਰਮਤਿ ਅਨੁਸਾਰ ਹੋ
ਜਾਂਦਾ ਹੈ, ਸਾਡਾ ਇਹ ਭਾਂਡਾ ਅਕਾਲ-ਪੁਰਖ ਦਾ ਇਲਾਹੀ ਨਾਮ ਆਪਣੇ ਹਿਰਦੇ ਘਰ ਵਿੱਚ ਸਮੇਟਣ ਲਈ ਤਿਆਰ
ਹੈ। ਫੇਰ ਪਤਾ ਹੀ ਨਹੀਂ ਚਲਦਾ ਕਦੋਂ ਅਕਾਲ-ਪੁਰਖ ਦੀ ਬਖਸ਼ਿਸ਼ ਹੋ ਜਾਂਦੀ ਹੈ, ਆਪਣੇ ਅੰਦਰ, ਬਾਹਰ,
ਹਰ ਜਗ੍ਹਾ ਵਾਹਿਗੁਰੂ ਵਾਹਿਗੁਰੂ ਹੀ ਨਜ਼ਰ ਆਉਂਦਾ ਹੈ, ਕਣ-ਕਣ ਵਿੱਚ ਵਸਿਆ ਵਾਹਿਗੁਰੂ ਸਾਖਸ਼ਾਤ
ਪ੍ਰਗਟ ਹੋ ਜਾਂਦਾ ਹੈ। ਸਤਿਗੁਰੂ ਅਮਰ ਪਾਤਿਸ਼ਾਹ ਦੀਆਂ ਇਹ ਪਾਵਨ ਪੰਕਤੀਆਂ ਅਮਲੀ ਬਣ ਜਾਂਦੀਆਂ ਹਨ:
“ਏਹੁ ਵਿਸੁ ਸੰਸਾਰੁ ਤੁਮ ਦੇਖਦੇ, ਏਹੁ ਹਰਿ ਕਾ ਰੂਪੁ ਹੈ, ਹਰਿ ਰੂਪੁ
ਨਦਰੀ ਆਇਆ॥ ਗੁਰ ਪਰਸਾਦੀ ਬੁਝਿਆ, ਜਾ ਵੇਖਾ ਹਰਿ ਇਕੁ ਹੈ, ਹਰਿ ਬਿਨੁ ਅਵਰੁ ਨ ਕੋਈ॥” {ਰਾਮਕਲੀ
ਮਹਲਾ 3, ਅਨੰਦੁ, ਪੰਨਾ 922}
(ਹੇ ਅੱਖੀਓ !) ਇਹ ਸਾਰਾ ਸੰਸਾਰ ਜੋ ਤੁਸੀ ਵੇਖ ਰਹੀਆਂ ਹੋ, ਇਹ ਪ੍ਰਭੂ ਦਾ ਹੀ ਰੂਪ ਹੈ,
ਪ੍ਰਭੂ ਦਾ ਹੀ ਰੂਪ ਦਿੱਸ ਰਿਹਾ ਹੈ। ਗੁਰੂ ਦੀ ਕਿਰਪਾ ਨਾਲ ਮੈਨੂੰ ਸਮਝ ਪਈ ਹੈ, ਹੁਣ ਮੈਂ ਜਦੋਂ
(ਚੁਫੇਰੇ) ਵੇਖਦਾ ਹਾਂ, ਹਰ ਥਾਂ ਇੱਕ ਪਰਮਾਤਮਾ ਹੀ ਦਿੱਸਦਾ ਹੈ, ਉਸ ਤੋਂ ਬਿਨਾ ਹੋਰ ਕੁੱਝ ਨਹੀਂ।
ਇਹ ਅਵਸਥਾ ਕਿਸੇ ਇੱਕ ਸ਼ਬਦ ਦੇ ਰਟਨ ਨਾਲ ਨਹੀਂ ਆ ਸਕਦੀ। ਬਲਕਿ ਰਟਨ ਦੀ ਗੱਲ ਤਾਂ ਨਾ ਪਹਿਲੇ ਹੈ ਨਾ
ਬਾਅਦ ਵਿੱਚ। ਬਾਅਦ ਦੀ ਅਵਸਥਾ ਤਾਂ ਹੋਰ ਵੀ ਲਾਜੁਆਬ ਹੈ, ਜਿਥੇ ਜ਼ੁਬਾਨ ਵਰਤਨ ਦੀ ਲੋੜ ਹੀ ਨਹੀਂ
ਪੈਂਦੀ। ਇਹੀ ਉਹ ਅਵਸਥਾ ਹੈ ਜਿਸ ਨੂੰ ਅਸੀਂ ਸੁਆਸ ਸੁਆਸ ਸਿਮਰਨ ਦੀ ਅਵਸਥਾ ਕਹਿੰਦੇ ਹਾਂ। ਜਿਸ
ਬਾਰੇ ਗੁਰਬਾਣੀ ਇੰਜ ਫੁਰਮਾਂਉਂਦੀ ਹੈ:
“ਬਿਨੁ ਜਿਹਵਾ ਜੋ ਜਪੈ ਹਿਆਇ॥ ਕੋਈ ਜਾਣੈ ਕੈਸਾ ਨਾਉ॥ ” (ਮਲਾਰ ਮਹਲਾ
1, ਪੰਨਾ 1256)
ਜੇ ਕੋਈ ਮਨੁੱਖ ਵਿਖਾਵਾ ਛੱਡ ਕੇ ਆਪਣੇ ਹਿਰਦੇ ਵਿੱਚ ਉਸ ਦਾ ਨਾਮ ਜਪਦਾ ਰਹੇ, ਤਾਂ ਕੋਈ
ਇਹੋ ਜਿਹਾ ਮਨੁੱਖ ਹੀ ਇਹ ਸਮਝ ਲੈਂਦਾ ਹੈ ਕਿ ਉਸ ਪਰਮਾਤਮਾ ਦਾ ਨਾਮ ਜਪਣ ਵਿੱਚ ਆਨੰਦ ਕਿਹੋ ਜਿਹਾ
ਹੈ।
“ਹਿਰਦੈ ਜਪਉ ਨੇਤ੍ਰ ਧਿਆਨੁ ਲਾਵਉ ਸ੍ਰਵਨੀ ਕਥਾ ਸੁਨਾਏ॥ ਚਰਣੀ ਚਲਉ
ਮਾਰਗਿ ਠਾਕੁਰ ਕੈ ਰਸਨਾ ਹਰਿ ਗੁਣ ਗਾਏ॥” {ਸਾਰਗ ਮਹਲਾ 5-ਪੰਨਾ 1204}
ਹੇ ਭਾਈ ! (ਜਦੋਂ ਦਾ ਮੈਂ ਪਰਮਾਤਮਾ ਦੀ ਸਰਨ ਪਿਆ ਹਾਂ, ਤਦੋਂ ਤੋਂ ਹੁਣ) ਮੈਂ ਆਪਣੇ
ਹਿਰਦੇ ਵਿੱਚ (ਪਰਮਾਤਮਾ ਦਾ ਨਾਮ) ਜਪਦਾ ਹਾਂ, ਅੱਖਾਂ ਵਿੱਚ ਉਸ ਦਾ ਧਿਆਨ ਧਰਦਾ ਹਾਂ, ਕੰਨਾਂ ਨਾਲ
ਉਸ ਦੀ ਸਿਫ਼ਤਿ-ਸਾਲਾਹ ਸੁਣਦਾ ਹਾਂ, ਪੈਰਾਂ ਨਾਲ ਉਸ ਮਾਲਕ-ਪ੍ਰਭੂ ਦੇ ਰਸਤੇ ਤੇ ਤੁਰਦਾ ਹਾਂ, ਮੇਰੀ
ਜੀਭ ਉਸ ਦੇ ਗੁਣ ਗਾਂਦੀ ਰਹਿੰਦੀ ਹੈ ।
ਐਸੀ ਅਵਸਥਾ ਵਿੱਚ ਸਭ ਪਾਪ ਕਰਮਾਂ ਦਾ ਨਾਸ ਹੋ ਜਾਂਦਾ ਹੈ, ਸਭ ਵੈਰ, ਵਿਰੋਧ, ਈਰਖਾ, ਦਵੈਸ਼ ਮਿੱਟ
ਜਾਂਦੇ ਹਨ। ਪੈਰ ਸਿਰਫ ਧਰਮ ਦੇ ਮਾਰਗ ਤੇ ਚਲਣਾ ਲੋਚਦੇ ਹਨ, ਕੰਨਾਂ ਵਿੱਚ ਹਰ ਸਮੇਂ ਕੇਵਲ
ਅਕਾਲ-ਪੁਰਖ ਦੀ ਸਿਫਤ ਸਲਾਹ ਦੀ ਇਲਾਹੀ ਬਾਣੀ ਭਾਵ ਗੁਰਬਾਣੀ ਦੀਆਂ ਹੀ ਗੂੰਜਾਂ ਪੈਂਦੀਆਂ ਹਨ। ਇਸ
ਅਵਸਥਾ ਨੂੰ ਭਗਤ ਰਵਿਦਾਸ ਜੀ ਇੰਜ ਬਿਆਨ ਕਰਦੇ ਹਨ:
“ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ॥”
{ਧਨਾਸਰੀ ਭਗਤ ਰਵਿਦਾਸ ਜੀ ਕੀ, ਪੰਨਾ 694}
ਮੈਂ ਚਿੱਤ ਨਾਲ ਪ੍ਰਭੂ ਦਾ ਸਿਮਰਨ ਕਰਦਾ ਰਹਾਂ, ਅੱਖਾਂ ਨਾਲ ਉਸ ਦਾ ਦੀਦਾਰ ਕਰਦਾ ਰਹਾਂ, ਕੰਨਾਂ
ਵਿੱਚ ਉਸ ਦੀ ਬਾਣੀ ਤੇ ਉਸ ਦਾ ਸੋਹਣਾ ਜਸ ਭਰੀ ਰੱਖਾਂ।
ਫਿਰ ਮਨੁੱਖ ਹਰ ਵੇਲੇ ਵਾਹਿਗੁਰੂ ਦੀ ਕੁਦਰਤ ਰਾਹੀਂ ਵਾਹਿਗੁਰੂ ਦੇ ਨਾਲ ਜੁੜਿਆ ਰਹਿੰਦਾ ਹੈ। ਕੁਦਰਤ
ਦੇ ਉਹ ਭੇਦ ਜਿਹੜੇ ਕੱਲ ਤਕ ਆਮ ਗਲਾਂ ਨਜ਼ਰ ਆਉਂਦੀਆਂ ਸਨ, ਅਜ ਸਾਖਸ਼ਾਤ ਅਚੰਭੇ ਨਜ਼ਰ ਆਉਣ ਲੱਗ ਪੈਂਦੇ
ਹਨ। ਕਦੋਂ ਦੀ ਸ੍ਰਿਸ਼ਟੀ ਬਣੀ ਹੈ, ਕਿਤਨੇ ਜੀਵ, ਮਨੁੱਖਾਂ ਦੇ ਕਿਤਨੇ ਰੂਪ, ਕਿਤਨੇ ਰੰਗ, ਕਿਤਨੀਆਂ
ਅਵਾਜ਼ਾਂ? ਸਾਡਾ ਕੋਈ ਮਿੱਤਰ ਮਿਲਣ ਆਉਂਦਾ ਹੈ, ਬੰਦ ਦਰਵਾਜ਼ੇ ਦੇ ਬਾਹਰੋਂ ਅਵਾਜ਼ ਦੇਂਦਾ ਹੈ, ਸਾਨੂੰ
ਅੰਦਰੋਂ ਅਵਾਜ਼ ਤੋਂ ਪਹਿਚਾਣ ਹੋ ਜਾਂਦੀ ਹੈ। ਆਵਾਜ਼ਾਂ ਦੇ ਕਿਤਨੇ ਭੇਦ? ਜਦੋਂ ਦੀ ਸ੍ਰਿਸ਼ਟੀ ਸਜੀ ਹੈ,
ਧਰਤੀ ਦੀ ਕੁੱਖ ਚੋਂ ਅੰਨ ਉਪਜੀ ਹੀ ਜਾਂਦਾ ਹੈ, ਕਿੰਨਾ ਕੁ ਅੰਨ ਭਰਿਆ ਹੈ, ਅਕਾਲ-ਪੁਰਖ ਨੇ ਇਸ
ਧਰਤੀ ਦੀ ਕੁੱਖ ਵਿੱਚ? ਬੰਦ ਪੱਥਰ ਵਿੱਚ ਜਨਮੇਂ ਕੀੜੇ ਦੀ ਵੀ ਪਾਲਨਾ ਹੋ ਰਹੀ ਹੈ:
“ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ॥ 1॥”
ਅਜ ਦੇ ਵਿਗਿਆਨਕ ਯੁਗ ਵਿੱਚ ਸਾਡੇ ਜੀਵਨ ਵਿੱਚ ਵਰਤੀਆਂ ਜਾ ਰਹੀਆਂ ਭਾਂਤ-ਭਾਂਤ ਦੀਆਂ
ਮਸ਼ੀਨਾਂ, ਟੀਵੀ ਨਾਂ ਦੇ ਡਿੱਬੇ ਵਿੱਚ ਜਿਉਂਦੇ ਇਨਸਾਨਾਂ ਵਾਂਗੂੰ ਮੂਰਤਾਂ ਦਾ ਬੋਲਣਾ, ਨੱਚਣਾ,
ਟੱਪਣਾ, ਜਿਸਦਾ ਕੇਂਦਰ ਪਤਾ ਨਹੀਂ ਕਿਥੇ ਹੈ, ਦੂਜੇ ਗ੍ਰਹਾਂ ਦੀ ਖੋਜ ਲਈ ਪੁਲਾੜ ਯੰਤ੍ਰਾਂ ਦਾ ਜਾਣਾ
ਅਤੇ ਉਨ੍ਹਾਂ ਦਾ ਸਾਰਾ ਕੰਟਰੋਲ ਧਰਤੀ ਤੇ ਬੈਠੇ ਇਨਸਾਨ ਦੇ ਹੱਥ ਵਿੱਚ ਹੋਣਾ। ਕੁਦਰਤ ਦੀ ਕੇਹੜੀ
ਚੀਜ਼ ਹੈ ਜੋ ਅਚੰਭਤ ਕਰ ਦੇਣ ਵਾਲੀ ਨਹੀਂ? ਇਥੇ ਇੱਕ ਖਿਆਲ ਆਵੇਗਾ, ਇਹ ਮਸ਼ੀਨਾਂ ਤਾਂ ਇਨਸਾਨ ਨੇ
ਬਣਾਈਆਂ ਹਨ। ਬੇਸ਼ਕ ਮਸ਼ੀਨਾਂ ਇਨਸਾਨ ਨੇ ਬਣਾਈਆਂ ਹਨ ਪਰ ਜਿਥੇ ਇਨ੍ਹਾਂ ਨੂੰ ਬਣਾਉਣ ਦੀ ਸੂਝ ਮੇਰੇ
ਅਕਾਲ-ਪੁਰਖ ਨੇ ਬਖਸ਼ੀ ਹੈ, ਉਹ ਮਾਧਿਅਮ ਜਿਨ੍ਹਾਂ ਰਾਹੀ ਮਸ਼ੀਨਾਂ ਕੰਮ ਕਰ ਰਹੀਆਂ ਹਨ, ਅਕਾਲ ਪੁਰਖ
ਨੇ ਹੀ ਬਣਾਏ ਹਨ, ਉਸ ਦੀ ਕੁਦਰਤ ਦਾ ਹੀ ਹਿੱਸਾ ਹਨ। ਅਕਾਲ-ਪੁਰਖ ਦੇ ਇਨ੍ਹਾਂ ਅਚੰਭਤ ਕਰ ਦੇਣ ਵਾਲੇ
ਗੁਣਾਂ ਦਾ ਵਰਨਣ ਸਤਿਗੁਰੂ ਗੁਰਬਾਣੀ ਵਿੱਚ ਇੰਜ ਕਰਦੇ ਹਨ:
“ਵਿਸਮਾਦੁ ਨਾਦ ਵਿਸਮਾਦੁ ਵੇਦ॥ ਵਿਸਮਾਦੁ ਜੀਅ ਵਿਸਮਾਦੁ ਭੇਦ॥ ਵਿਸਮਾਦੁ
ਰੂਪ ਵਿਸਮਾਦੁ ਰੰਗ॥ ਵਿਸਮਾਦੁ ਨਾਗੇ ਫਿਰਹਿ ਜੰਤ॥ ਵਿਸਮਾਦੁ ਪਉਣੁ ਵਿਸਮਾਦੁ ਪਾਣੀ॥ ਵਿਸਮਾਦੁ ਅਗਨੀ
ਖੇਡਹਿ ਵਿਡਾਣੀ॥ ਵਿਸਮਾਦੁ ਧਰਤੀ ਵਿਸਮਾਦੁ ਖਾਣੀ॥ ਵਿਸਮਾਦੁ ਸਾਦਿ ਲਗਹਿ ਪਰਾਣੀ॥ ਵਿਸਮਾਦੁ ਸੰਜੋਗੁ
ਵਿਸਮਾਦੁ ਵਿਜੋਗੁ॥ ਵਿਸਮਾਦੁ ਭੁਖ ਵਿਸਮਾਦੁ ਭੋਗੁ॥ ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ॥ ਵਿਸਮਾਦੁ
ਉਝੜ ਵਿਸਮਾਦੁ ਰਾਹ॥ ਵਿਸਮਾਦੁ ਨੇੜੈ ਵਿਸਮਾਦੁ ਦੂਰਿ॥ ਵਿਸਮਾਦੁ ਦੇਖੈ ਹਾਜਰਾ ਹਜੂਰਿ॥ ਵੇਖਿ
ਵਿਡਾਣੁ ਰਹਿਆ ਵਿਸਮਾਦੁ॥ ਨਾਨਕ ਬੁਝਣੁ ਪੂਰੈ ਭਾਗਿ॥ 1॥ ” {ਸਲੋਕ ਮ:1, ਪੰਨਾ 463-464}
ਹੇ ਨਾਨਕ ! (ਰੱਬ ਦੀ) ਅਚਰਜ ਕੁਦਰਤ ਨੂੰ ਪੂਰੇ ਭਾਗਾਂ ਨਾਲ ਸਮਝਿਆ ਜਾ ਸਕਦਾ ਹੈ; ਇਸ ਨੂੰ ਵੇਖ ਕੇ
ਮਨ ਵਿੱਚ ਕਾਂਬਾ ਜਿਹਾ ਛਿੜ ਰਿਹਾ ਹੈ।
ਕਈ ਨਾਦ ਤੇ ਕਈ ਵੇਦ; ਬੇਅੰਤ ਜੀਵ ਤੇ ਜੀਵਾਂ ਦੇ ਕਈ ਭੇਦ; ਜੀਵਾਂ ਦੇ ਤੇ ਹੋਰ ਪਦਾਰਥਾਂ ਦੇ ਕਈ
ਰੂਪ ਤੇ ਕਈ ਰੰਗ—ਇਹ ਸਭ ਕੁੱਝ ਵੇਖ ਕੇ ਵਿਸਮਾਦ ਅਵਸਥਾ ਬਣ ਰਹੀ ਹੈ।
ਕਈ ਜੰਤ (ਸਦਾ) ਨੰਗੇ ਹੀ ਫਿਰ ਰਹੇ ਹਨ; ਕਿਤੇ ਪਉਣ ਹੈ ਅਤੇ ਕਿਤੇ ਪਾਣੀ ਹੈ, ਕਿਤੇ ਕਈ ਅਗਨੀਆਂ
ਅਚਰਜ ਖੇਡਾਂ ਕਰ ਰਹੀਆਂ ਹਨ; ਧਰਤੀ ਤੇ ਧਰਤੀ ਦੇ ਜੀਵਾਂ ਦੀ ਉਤਪੱਤੀ ਦੀਆਂ ਚਾਰ ਖਾਣੀਆਂ—ਇਹ ਕੁਦਰਤ
ਵੇਖ ਕੇ ਮਨ ਵਿੱਚ ਥੱਰਾਹਟ ਪੈਦਾ ਹੋ ਰਹੀ ਹੈ।
ਜੀਵ ਪਦਾਰਥਾਂ ਦੇ ਸੁਆਦ ਵਿੱਚ ਲੱਗ ਰਹੇ ਹਨ; ਕਿਤੇ ਜੀਵਾਂ ਦਾ ਮੇਲ ਹੈ, ਕਿਤੇ ਵਿਛੋੜਾ ਹੈ; ਕਿਤੇ
ਭੁੱਖ (ਸਤਾ ਰਹੀ ਹੈ), ਕਿਤੇ ਪਦਾਰਥਾਂ ਦਾ ਭੋਗ ਹੈ (ਭਾਵ, ਕਿਤੇ ਕਈ ਪਦਾਰਥ ਛਕੇ ਜਾ ਰਹੇ ਹਨ),
ਕਿਤੇ (ਕੁਦਰਤ ਦੇ ਮਾਲਕ ਦੀ) ਸਿਫ਼ਤਿ-ਸਾਲਾਹ ਹੋ ਰਹੀ ਹੈ, ਕਿਤੇ ਔਝੜ ਹੈ, ਕਿਤੇ ਰਸਤੇ ਹਨ—ਇਹ ਅਚਰਜ
ਖੇਡ ਵੇਖ ਕੇ ਮਨ ਵਿੱਚ ਹੈਰਤ ਹੋ ਰਹੀ ਹੈ।
(ਕੋਈ ਆਖਦਾ ਹੈ ਰੱਬ) ਨੇੜੇ ਹੈ (ਕੋਈ ਆਖਦਾ ਹੈ) ਦੂਰ ਹੈ; (ਕੋਈ ਆਖਦਾ ਹੈ ਕਿ) ਸਭ ਥਾਈਂ ਵਿਆਪਕ
ਹੋ ਕੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ—ਇਸ ਅਚਰਜ ਕੌਤਕ ਨੂੰ ਤੱਕ ਕੇ ਝਰਨਾਟ ਛਿੜ ਰਹੀ ਹੈ। ਹੇ
ਨਾਨਕ ! ਇਸ ਇਲਾਹੀ ਤਮਾਸ਼ੇ ਨੂੰ ਵੱਡੇ ਭਾਗਾਂ ਨਾਲ ਸਮਝਿਆ ਜਾ ਸਕਦਾ ਹੈ। 1.
ਅਕਾਲ ਪੁਰਖ ਦੀ ਕੁਦਰਤਿ ਦੀ ਹਰ ਚੀਜ਼ ਅਚੰਭਤ ਕਰ ਦੇਣ ਵਾਲੀ ਹੈ। ਅਸਲ ਵਿੱਚ ਤਾਂ ਜਦੋਂ ਅਕਾਲ ਪੁਰਖੁ
ਦੇ ਐਸੇ ਅਚੰਭਤ ਕਰ ਦੇਣ ਵਾਲੇ ਬੇਅੰਤ ਗੁਣਾਂ ਨੂੰ ਵੇਖਦੇ ਅਤੇ ਮਹਿਸੂਸ ਕਰਦੇ ਹੋਏ ਮਨ ਵਿਸਮਾਦ ਦੀ
ਅਵਸਥਾ ਵਿੱਚ ਆਂਦਾ ਹੈ ਤੇ ਮੂਹੋਂ ਆਪ ਮੁਹਾਰੇ ਵਾਹਿਗੁਰੂ ਵਾਹਿਗੁਰੂ ਨਿਕਲਣ ਲਗ ਪੈਂਦਾ ਹੈ, ਇਹ ਹੈ
ਵਾਹਿਗੁਰੂ ਸ਼ਬਦ ਦੁਆਰਾ ਵਾਹਿਗੁਰੂ ਦਾ ਸਿਮਰਨ ਕਰਨਾ। ਫਿਰ ਤਾਂ ਹਰ ਵੇਲੇ ਹਿਰਦੇ ਵਿੱਚ ਵੀ
ਅਕਾਲ-ਪੁਰਖੁ ਵਸਿਆ ਰਹਿੰਦਾ ਹੈ ਅਤੇ ਰਸਨਾ ‘ਚੋਂ ਵੀ ਹਰ ਵੇਲੇ ਵਾਹਿਗੁਰੂ ਹੀ ਨਿਕਲਦਾ ਹੈ। ਇਸ
ਅਵਸਥਾ ਨੂੰ ਭਗਤ ਕਬੀਰ ਜੀ ਇੰਜ ਬਿਆਨ ਕਰਦੇ ਹਨ:
“ਕਬੀਰ ਸੁਪਨੈ ਹੂ ਬਰੜਾਇ ਕੈ, ਜਿਹ ਮੁਖਿ ਨਿਕਸੈ ਰਾਮੁ॥ ਤਾ ਕੇ ਪਗ ਕੀ
ਪਾਨਹੀ, ਮੇਰੇ ਤਨ ਕੋ ਚਾਮੁ॥ 63॥” (ਪੰਨਾ 1367)
ਹੇ ਕਬੀਰ! ਸੁੱਤੇ ਪਿਆਂ ਸੁਪਨੇ ਵਿੱਚ ਉੱਚੀ ਬੋਲਿਆਂ ਜੇ ਕਿਸੇ ਮਨੁੱਖ ਦੇ ਮੂੰਹੋਂ
ਪਰਮਾਤਮਾ ਦਾ ਨਾਮ ਨਿਕਲੇ ਤਾਂ ਉਸ ਦੇ ਪੈਰਾਂ ਦੀ ਜੁੱਤੀ ਵਾਸਤੇ ਮੇਰੇ ਸਰੀਰ ਦੀ ਖੱਲ ਹਾਜ਼ਰ ਹੈ
(ਭਾਵ, ਮੈਂ ਹਰ ਤਰ੍ਹਾਂ ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ)। 63.
ਇਹੀ ਨਾਮ ਸਿਮਰਨ ਦੀ ਸਿਖਰ ਅਵਸਥਾ ਹੈ, ਜਿਥੇ ਅਮੋਲਕ ਨਾਮ ਧਨੁ ਹਿਰਦੇ ਵਿੱਚ ਵੱਸ ਗਿਆ, ਫਿਰ ਮਨ
ਮਾਇਆ ਦੇ ਬੰਧਨਾਂ ਤੋਂ ਮੁਕਤਿ ਹੋ ਕੇ, ਹਰ ਵੇਲੇ, ਹਰ ਪਲ, ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਹੀ
ਜੁੜਿਆ ਰਹਿਣਾ ਚਾਹੁੰਦਾ ਹੈ, ਜਿਹਬਾ ਹਰ ਵੇਲੇ ਆਪਣੇ ਪਿਆਰੇ ਦੇ ਗੁਣ ਗਾਉਣਾ ਚਾਹੁੰਦੀ ਹੈ:
“ਮੀਠੇ ਹਰਿ ਗੁਣ ਗਾਉ ਜਿੰਦੂ ਤੂੰ ਮੀਠੇ ਹਰਿ ਗੁਣ ਗਾਉ॥ ਸਚੇ ਸੇਤੀ
ਰਤਿਆ ਮਿਲਿਆ ਨਿਥਾਵੇ ਥਾਉ॥ 1॥” {ਗਉੜੀ ਮਾਝ ਮਹਲਾ 5, ਪੰਨਾ 218}
ਹੇ ਮੇਰੀ ਜਿੰਦੇ ! ਤੂੰ ਹਰੀ ਦੇ ਪਿਆਰੇ ਲੱਗਣ ਵਾਲੇ ਗੁਣ ਗਾਂਦੀ ਰਿਹਾ ਕਰ। ਸਦਾ-ਥਿਰ
ਰਹਿਣ ਵਾਲੇ ਪਰਮਾਤਮਾ ਦੇ ਨਾਲ ਰੱਤੇ ਰਿਹਾਂ ਉਸ ਮਨੁੱਖ ਨੂੰ ਭੀ (ਹਰ ਥਾਂ) ਆਦਰ ਮਿਲ ਜਾਂਦਾ ਹੈ
ਜਿਸ ਨੂੰ ਪਹਿਲਾਂ ਕਿਤੇ ਕਦੇ ਢੋਈ ਨਹੀਂ ਮਿਲਦੀ। 1.
“ਕਾਲੁ ਮਾਰਿ ਮਨਸਾ ਮਨਹਿ ਸਮਾਣੀ ਅੰਤਰਿ ਨਿਰਮਲੁ ਨਾਉ॥ ਅਨਦਿਨੁ ਜਾਗੈ ਕਦੇ ਨ ਸੋਵੈ ਸਹਜੇ
ਅੰਮ੍ਰਿਤੁ ਪਿਆਉ॥ ਮੀਠਾ ਬੋਲੇ ਅੰਮ੍ਰਿਤ ਬਾਣੀ ਅਨਦਿਨੁ ਹਰਿ ਗੁਣ ਗਾਉ॥ ਨਿਜ ਘਰਿ ਵਾਸਾ ਸਦਾ ਸੋਹਦੇ
ਨਾਨਕ ਤਿਨ ਮਿਲਿਆ ਸੁਖੁ ਪਾਉ॥ 2॥ ” {ਮ: 3, ਪੰਨਾ 853}
ਹੇ ਭਾਈ ! ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਪਵਿੱਤਰ ਨਾਮ ਵੱਸਦਾ ਹੈ ਉਹ ਆਤਮਕ ਮੌਤ ਨੂੰ
ਮੁਕਾ ਕੇ ਮਨ ਦੇ ਮਾਇਕ ਫੁਰਨੇ ਨੂੰ ਮਨ ਵਿੱਚ ਹੀ ਦੱਬ ਦੇਂਦਾ ਹੈ। ਉਹ ਮਨੁੱਖ (ਮਾਇਆ ਦੇ ਹੱਲਿਆਂ
ਵਲੋਂ) ਹਰ ਵੇਲੇ ਸੁਚੇਤ ਰਹਿੰਦਾ ਹੈ, ਕਦੇ ਉਹ (ਗ਼ਫ਼ਲਤ ਦੀ ਨੀਂਦ ਵਿਚ) ਨਹੀਂ ਸੌਂਦਾ। ਆਤਮਕ ਅਡੋਲਤਾ
ਵਿੱਚ ਟਿਕ ਕੇ ਪਰਮਾਤਮਾ ਦਾ ਨਾਮ-ਅੰਮ੍ਰਿਤ (ਉਸ ਦੀ) ਖ਼ੁਰਾਕ ਹੁੰਦਾ ਹੈ। ਉਹ ਮਨੁੱਖ (ਸਦਾ) ਮਿੱਠਾ
ਬੋਲਦਾ ਹੈ, (ਸਤਿਗੁਰੂ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ ਉਹ ਹਰ ਵੇਲੇ ਪਰਮਾਤਮਾ ਦੇ
ਗੁਣ ਗਾਂਦਾ ਹੈ।
ਇਹੋ ਜਿਹੇ ਮਨੁੱਖ ਸਦਾ ਪਰਮਾਤਮਾ ਦੇ ਚਰਨਾਂ ਵਿੱਚ ਟਿਕੇ ਰਹਿੰਦੇ ਹਨ, ਉਹਨਾਂ ਦਾ ਜੀਵਨ ਸੋਹਣਾ ਬਣ
ਜਾਂਦਾ ਹੈ। ਹੇ ਨਾਨਕ ! (ਆਖ—ਹੇ ਭਾਈ !) ਇਹੋ ਜਿਹੇ ਮਨੁੱਖਾਂ ਨੂੰ ਮਿਲ ਕੇ ਮੈਂ ਭੀ ਆਤਮਕ ਆਨੰਦ
ਮਾਣਦਾ ਹਾਂ। 2.
---ਚਲਦਾ
ਰਾਜਿੰਦਰ ਸਿੰਘ,
(ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ
(ਨੋਟ:- ਰਾਜਿੰਦਰ ਸਿੰਘ ਵਲੋਂ ਬੇਨਤੀ ਹੈ ਕਿ ਜੇ ਕਰ ਕੋਈ ਗੁਰਸਿੱਖ ਇਸ ਨੂੰ
ਪੜ੍ਹ ਕੇ ਗੁਰਬਾਣੀ ਅਨੁਸਾਰ ਕੋਈ ਚੰਗਾ ਸੁਝਾਓ ਦੇਣਾ ਚਾਹੇ ਜਾਂ ਕੋਈ ਟਿੱਪਣੀ ਕਰਨਾ ਚਾਹੇ ਤਾਂ ਕਰ
ਸਕਦਾ ਹੈ। ਇਹ ਅੰਤਮ ਨਹੀਂ ਹੈ ਇਸ ਵਿਚ ਲੋੜ ਅਨੁਸਾਰ ਸੋਧ ਵੀ ਕੀਤੀ ਜਾ ਸਕਦੀ ਹੈ)