.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਨੇਕ ਮਨੁੱਖ ਦੀਆਂ ਨਿਸ਼ਾਨੀਆਂ

ਕਿਸੇ ਸਰਕਾਰੀ ਮਹਿਕਮੇ ਦਾ ਅਧਕਾਰੀ ਬਿਨਾਂ ਪੈਸੇ ਲਏ ਸਾਡਾ ਸਹੀ ਕੰਮ ਕਰ ਦਏ ਤਾਂ ਫੱਟ ਮੂੰਹੋਂ ਇਹ ਸ਼ਬਦ ਨਿਕਲ ਜਾਂਦੇ ਹਨ ਕਿ ਇਹ ਮਨੁੱਖ ਕਿਸੇ ਚੰਗੇ ਘਰ ਘਰਾਣੇ ਤੇ ਉਸਤਾਦ ਦਾ ਚੰਡਿਆ ਲੱਗਦਾ ਹੈ। ਬੱਸ ਕੰਡੈਕਟਰ ਨੇ ਪੂਰੇ ਪੈਸੇ ਵਾਪਸ ਨਾ ਕੀਤੇ ਹੋਣ, ਬਿਜਲੀ ਬੋਰਡ ਦੇ ਦਫ਼ਤਰ ਵਿੱਚ ਬਿੱਲ ਜਮ੍ਹਾਂ ਕਰਾਉਣ ਤੇ ਬਿਨਾਂ ਮਤਲਬ ਖ਼ਜ਼ਾਨਚੀ ਆਨ੍ਹੇ ਕੱਢਦਾ ਹੋਵੇ, ਥਾਣੇ ਵਿੱਚ ਪੁਲੀਸ ਇਤਲਾਹ ਦਰਜ ਕਰਾਉਣ ਤੇ ਮੁਨਸ਼ੀ ਗਲ਼ ਦੇ ਸਾਰੇ ਕਪੜੇ ਲਹੁੰਣ ਨੂੰ ਫਿਰਦਾ ਹੋਵੇ, ਅਧਿਆਪਕ ਬੱਚਿਆਂ ਨੂੰ ਤੰਗ ਪਰੇਸ਼ਾਨ ਕਰਕੇ ਟਿਊਸ਼ਨ ਰੱਖਣ ਲਈ ਦਾਬੇ ਮਾਰਦਾ ਹੋਵੇ ਤਾਂ ਓਦੋਂ ਬੰਦਾ ਕਹਿ ਉਠਦਾ ਹੈ ਕਿ ਨਾ ਇਹ ਕਿਸੇ ਚੰਗੇ ਘਰ ਘਰਾਣੇ ਦਾ ਹੈ ਤੇ ਨਾ ਹੀ ਕਿਸੇ ਚੰਗੇ ਉਸਤਾਦ ਪਾਸੋਂ ਪੜ੍ਹਿਆ ਹੋਇਆ ਹੈ।

ਕਹਿੰਦੇ ਨੇ ਇੱਕ ਬੰਦੇ ਨੂੰ ਸਾਰਾ ਪਿੰਡ ਬੁੱਧੂ ਨਾਂ ਬਲਾਉਣ ਲੱਗ ਪਿਆ। ਵਿਚਾਰਾ ਬੰਦਾ ਆਪਣੇ ਪੁੱਠੇ ਨਾਂ ਤੋਂ ਅੱਕ ਗਿਆ। ਉਸ ਨੇ ਸੋਚਿਆ ਚਲੋ ਆਪਣੇ ਪਿੰਡੋਂ ਦੂਰ ਚਲੇ ਜਾਂਦੇ ਆਂ ਘੱਟੋ ਘੱਟ ਲੋਕ ਮੈਨੂੰ ਮੇਰਾ ਨਾਂ ਲੈ ਕੇ ਤਾਂ ਬੁਲਾਇਆ ਕਰਨਗੇ। ਪਿੰਡੋਂ ਦੂਰ ਸ਼ਹਿਰ ਜਾ ਕੇ ਉਸ ਨੇ ਕੋਈ ਛੋਟੀ ਮੋਟੀ ਨੌਕਰੀ ਲੱਭ ਲਈ। ਪਹਿਲੇ ਦਿਨ ਜਾ ਕੇ ਅਜੇ ਪਹਿਲਾ ਕੰਮ ਕੀਤਾ ਹੀ ਸੀ ਕਿ ਉਸ ਦਾ ਮਾਲਕ ਕਹਿਣ ਲੱਗਾ, ‘ਓਏ! ਬੁੱਧੂਆ ਕੰਮ ਵਲ ਧਿਆਨ ਦੇ ਧਿਆਨ ਦੇ’। ਉਸ ਵਿਚਾਰੇ ਨੇ ਕੰਮ ਛੱਡ ਦਿੱਤਾ ਤੇ ਕਹਿਣ ਲੱਗਾ, ‘ਮਾਲਕ ਜੀ! ਕੰਮ ਤਾਂ ਮੈਂ ਫਿਰ ਕਰਾਂਗਾ ਪਹਿਲਾਂ ਇਹ ਦੱਸੋ ਕਿ ਮੇਰਾ ਨਾਂ ਤੁਹਾਨੂੰ ਕੀਨ੍ਹੇ ਦੱਸਿਆ ਐ’ ? ਮਾਲਕ ਕਹਿਣ ਲੱਗਾ, `ਤੇਰੇ ਕੰਮ ਕਰਨ ਦੇ ਲੱਛਣਾਂ ਤੋਂ ਪਤਾ ਲੱਗਦਾ ਹੈ ਕਿ ਤੂੰ ਨਿਰਾ ਬੁੱਧੂ ਹੀ ਏਂ’।

ਬੰਦੇ ਦੇ ਸੁਭਾਅ ਤੋਂ ਪਤਾ ਲੱਗਦਾ ਹੈ ਕਿ ਇਹ ਕਿਹੋ ਜੇਹਾ ਇਨਸਾਨ ਹੈ। ਗੁਰਬਾਣੀ ਸੱਚ ਨੇ ਸਾਡੇ ਸਾਹਮਣੇ ਨੇਕ ਮਨੁੱਖ ਦੀਆਂ ਕੁੱਝ ਨਿਸ਼ਾਨੀਆਂ ਰੱਖੀਆਂ ਹਨ ਤਾਂ ਕਿ ਸਾਨੂੰ ਵੀ ਕੋਈ ਬੁੱਧੂ ਨਾ ਕਹੇ—

ਮੰਤ੍ਰੰ ਰਾਮ ਰਾਮ ਨਾਮੰ, ਧ੍ਯ੍ਯਾਨੰ ਸਰਬਤ੍ਰ ਪੂਰਨਹ॥

ਗ੍ਯ੍ਯਾਨੰ ਸਮ ਦੁਖ ਸੁਖੰ, ਜੁਗਤਿ ਨਿਰਮਲ ਨਿਰਵੈਰਣਹ॥

ਦਯਾਲੰ ਸਰਬਤ੍ਰ ਜੀਆ, ਪੰਚ ਦੋਖ ਬਿਵਰਜਿਤਹ॥

ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਹ॥

ਉਪਦੇਸੰ ਸਮ ਮਿਤ੍ਰ ਸਤ੍ਰਹ, ਭਗਵੰਤ ਭਗਤਿ ਭਾਵਨੀ॥

ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ ਆਪੁ ਤਿ੍ਯ੍ਯਾਗਿ ਸਗਲ ਰੇਣੁਕਹ॥

ਖਟ ਲਖ੍ਯ੍ਯਣ ਪੂਰਨੰ ਪੁਰਖਹ, ਨਾਨਕ ਨਾਮ ਸਾਧ ਸ੍ਵਜਨਹ॥ 40॥

ਸਲੋਕ ਸਹਸਕ੍ਰਿਤੀ ਮ: ੫ ਪੰਨਾ ੧੩੫੭

ਪਹਿਲੀ ਤੁਕ ਵਿੱਚ ਮੰਤ੍ਰ ਸ਼ਬਦ ਆਇਆ ਹੈ ਜਿਸ ਦਾ ਆਮ ਕਰਕੇ ਅਸੀਂ ਇਹ ਅਰਥ ਕਰਦੇ ਹਾਂ ਕਿ ਕਿਸੇ ਸ਼ਬਦ ਦਾ ਬਾਰ ਬਾਰ ਰਟਨ ਕਰਨਾ। ਪਰ ਮਹਾਨ ਕੋਸ਼ ਵਿੱਚ ਗੁਪਤ ਬਾਤ ਕਰਨਾ, ਆਦਰ ਕਰਨਾ, ਬਲਾਉਣਾ, ਸੱਦਣਾ ਤੇ ਵਿਚਾਰ ਕਰਨਾ ਦੂਜਾ ਸਲਾਹ ਮਸ਼ਵਰਾ ਤੀਜਾ ਗੁਰ-ਉਦੇਸ਼ ਦੇ ਰੂਪ ਵਿੱਚ ਆਇਆ ਹੈ। ਨੇਕ ਪੁਰਖ ਦੀ ਪਹਿਲੀ ਨਿਸ਼ਾਨੀ ਹੈ ਕਿ ਪਰਮਾਤਮਾ ਦੇ ਨਾਮ ਦੀ ਵਿਚਾਰ ਕਰੇ ਤੇ ਉਸ ਨੂੰ ਸਰਬ ਵਿਆਪਕ ਜਾਣਦਾ ਹੋਇਆ ਉਸ ਦਾ ਧਿਆਨ ਧਰੇ-- ‘ਮੰਤ੍ਰੰ ਰਾਮ ਰਾਮ ਨਾਮੰ, ਧ੍ਯ੍ਯਾਨੰ ਸਰਬਤ੍ਰ ਪੂਰਨਹ’ ‘ਮੰਤ੍ਰੰ ਰਾਮ ਰਾਮ ਨਾਮੰ’ ਪਰਮਾਤਮਾ ਦੇ ਸਦੀਵ ਕਾਲ ਗੁਣਾਂ ਦੀ ਵਿਚਾਰ ਕਰੇ ਜੋ ਸਾਰੀ ਦੁਨੀਆਂ ਲਈ ਸਾਂਝੇ ਹਨ। ਇਹ ਗੁਣ ਕਦੇ ਵੀ ਸਾਡੇ ਧਿਆਨ ਵਿਚੋਂ ਵਿਸਰਨੇ ਨਹੀਂ ਚਾਹੀਦੇ। ਪਰਮਾਤਮਾ ਦਾ ਇੱਕ ਗੁਣ ਹੈ ਕਿ ਉਹ ਮਿੱਠਾ ਬੋਲਦਾ ਹੈ। ਹੁਣ ਸਾਡਾ ਵੀ ਫ਼ਰਜ਼ ਬਣਦਾ ਹੈ ਇਸ ਮਿੱਠਾ ਬੋਲਣ ਦਾ ਰੱਬੀ ਗੁਣ ਜੋ ਹਰ ਥਾਂ ਤੇ ਪਿਆ ਹੋਇਆ ਹੈ ਉਸ ਨੂੰ ਆਪਣੇ ਸੁਭਾਅ ਵਿੱਚ ਢਾਲਿਆ ਜਾਏ। ਸੁ ਨੇਕ ਮਨੁੱਖ ਦਾ ਪਹਿਲਾ ਗੁਣ ਹੈ ਕਿ ਹਰ ਵੇਲੇ ਪਰਮਾਤਮਾ ਦੇ ਗੁਣਾਂ ਦਾ ਧਿਆਨ ਧਰ ਕੇ ਉਹਨਾਂ ਦੀ ਵਰਤੋਂ ਕਰਦਾ ਰਹੇ। ਉਨ੍ਹੀ ਸੌ ਬਹੱਤਰ ਵਿੱਚ ਭਗਤ ਪੂਰਨ ਸਿੰਘ ਜੀ ਨੂੰ ਵੀਰ ਇੰਦਰਜੀਤ ਸਿੰਘ ਜੀ ਬਾਗੀ ਤੇ ਵੀਰ ਸੁਰਜੀਤ ਸਿੰਘ ‘ਰਾਹੀ’ ਹੁਰਾਂ ਨਾਲ ਮਿਲਣ ਦਾ ਮੌਕਾ ਬਣਿਆ ਜੋ ਨਿੰਰਤਰ ਰਿਹਾ। ਰਾਮਗੜ੍ਹੀਆ ਸੀਨੀਅਰ ਸਕੂਲ ਲੁਧਿਆਣਾ ਵਿੱਚ ਉਹਨਾਂ ਦੇ ਲੈਕਚਰ ਵੀ ਕਰਾਏ। ਉਹਨਾਂ ਦੇ ਹੱਥ ਵਿੱਚ ਹਮੇਸ਼ਾਂ ਇੱਕ ਕੌਲਾ ਫੜਿਆ ਹੁੰਦਾ ਸੀ। ਰਾਹ ਵਿਚੋਂ ਕੰਡਾ-ਪੱਥਰ ਚੁੱਕ ਕੇ ਆਪਣੇ ਕੌਲੇ ਵਿੱਚ ਪਾ ਲੈਂਦੇ ਸਨ ਜੋ ਇੱਕ ਪ੍ਰਤੀਕ ਸੀ ਕਿ ਸਾਨੂੰ ਹਰ ਵੇਲੇ ਮਨੁੱਖਤਾ ਦੇ ਭਲੇ ਵਿੱਚ ਲੱਗੇ ਰਹਿਣਾ ਚਾਹੀਦਾ ਹੈ। ਹੋਰ ਇੱਕ ਦੋ ਪੱਥਰ ਜਾਂ ਕੰਡੇ ਚੁੱਕਣ ਨਾਲ ਸੰਸਾਰ ਨਹੀਂ ਬਦਲਿਆ ਜਾ ਸਕਦਾ ਨਾ ਹੀ ਸਾਰੇ ਸੰਸਾਰ ਦੀ ਸਫ਼ਾਈ ਕੀਤੀ ਜਾ ਸਕਦੀ ਪਰ ਸਾਡੇ ਲਈ ਇਹ ਕੰਮ ਸਾਡੇ ਲਈ ਪ੍ਰੇਰਨਾ ਸਰੋਤ ਜ਼ਰੂਰ ਹੈ। ਉਹਨਾਂ ਦੇ ਸਾਹਮਣੇ ਕੇਵਲ ਇੱਕ ਮਨੁੱਖਤਾ ਹੀ ਸੀ ਜਿਸ ਦੀ ਸੇਵਾ ਵਿੱਚ ਹਰ ਸਮੇਂ ਲੱਗੇ ਰਹਿੰਦੇ ਸਨ। ਅੱਜ ਕੇਵਲ ਪਰਮਾਤਮਾ ਦਾ ਨਾਮ ਮੂੰਹ ਤੀਕ ਹੀ ਸੀਮਤ ਰਹਿ ਗਿਆ ਹੈ ਅਮਲੀ ਜੀਵਨ ਵਿੱਚ ਨਹੀਂ--ਮੰਤ੍ਰੰ ਰਾਮ ਰਾਮ ਨਾਮੰ ਹਰ ਸਮੇਂ ਸੇਵਾ ਵਿੱਚ ਤਤਪਰ ਰਹਿਣਾ ਤੇ--ਧ੍ਯ੍ਯਾਨੰ ਸਰਬਤ੍ਰ ਪੂਰਨਹ ਰੂਪ, ਰੰਗ, ਨਸਲ, ਜਾਤ-ਪਾਤ ਦੀ ਭਿੰਨਤਾ ਤੋਂ ਉੱਪਰ ਉੱਠ ਕੇ, ਦੇਸ ਦਸਾਂਤਰਾਂ ਦੀਆਂ ਸੀਮਾਵਾਂ ਨੂੰ ਤੋੜ ਕੇ ਸੇਵਾ ਵਿੱਚ ਲੱਗੇ ਰਹਿਣਾ ਭਗਤ ਪੂਰਨ ਸਿੰਘ ਦਾ ਹੀ ਕੰਮ ਸੀ। ਅਸੀਂ ਆਖਦੇ ਜ਼ਰੂਰ ਹਾਂ ਕਿ ਪਰਮਾਤਮਾ ਸਰਬ ਵਿਆਪਕ ਹੈ ਪਰ ਵਿਤਕਰਿਆਂ ਨਾਲ ਭਰੇ ਹੋਏ ਹਾਂ।

ਨੇਕ ਮਨੁੱਖ ਦੀ ਦੂਜੀ ਨਿਸ਼ਾਨੀ ਦੁੱਖ ਸੁੱਖ ਨੂੰ ਬਰਾਬਰ ਜਾਨਣ ਦਾ ਗਿਆਨ ਹੋਣਾ, ਪਵਿੱਤ੍ਰਤਾ ਤੇ ਵੈਰ-ਭਾਵਨਾ ਤੋਂ ਬਿਨਾ ਜੀਵਨ ਜਿਉਣਾ— ‘ਗ੍ਯ੍ਯਾਨੰ ਸਮ ਦੁਖ ਸੁਖੰ, ਜੁਗਤਿ ਨਿਰਮਲ ਨਿਰਵੈਰਣਹ’ ਸਰਕਾਰੀ ਨੌਕਰੀ ਕਰ ਰਿਹਾ ਵੀਰ ਬਹੁਤ ਹੀ ਖੁਸ਼ ਹੈ ਕਿ ਜੀ ਮੈਂ ਤਾਂ ਇੱਕ ਕਿਸਮ ਦਾ ਘਰ ਵਿੱਚ ਹੀ ਹਾਂ। ਓਸੇ ਹੀ ਵੀਰ ਦੀ ਕਿਤੇ ਲੁਧਿਆਣਿਓਂ ਫਿਲੌਰ ਦੀ ਬਦਲੀ ਹੋ ਤਾਂ ਜਾਏ ਮਰਨ ਵਾਲਾ ਹੋ ਜਾਂਦਾ ਹੈ ਤੇ ਕਹਿੰਦਾ ਹੈ, ‘ਦੇਖੋ ਜੀ ਸਰਕਾਰ ਨੇ ਬਹੁਤ ਹੀ ਦੁਖੀ ਕੀਤਾ ਹੋਇਆ ਏ, ਹੁਣ ਮੈਨੂੰ ਚੰਗੇ ਭਲੇ ਨੂੰ ਫਿਲੌਰ ਭੇਜ ਦਿਤਾ ਜੇ’। ਹੁਣ ਜੇ ਉਸ ਨੂੰ ਗਿਆਨ ਹੋਵੇ ਤਾਂ ਇਹ ਸਮਝ ਸਕਦਾ ਹੈ ਕਿ ਸਰਕਾਰ ਜਿੱਥੇ ਚਾਹੇ ਭੇਜ ਸਕਦੀ ਹੈ। ਦੁੱਖ ਸੁੱਖ ਨੂੰ ਬਰਾਬਰ ਜਾਨਣ ਦਾ ਗਿਆਨ ਹੋਵੇ। ਇਸ ਤੁਕ ਵਿੱਚ ਦੂਜਾ ਵਿਚਾਰ ਜੀਵਨ ਵਿਚੋਂ ਵੈਰ-ਭਾਵਨਾ ਨੂੰ ਮਕਾਉਣ ਤੇ ਨਿਰਮਲਤਾ ਲਿਆੳਣ ਦੀ ਪ੍ਰੇਰਨਾ ਹੈ। ਦਿੱਲੀ ਗੁਰਦੁਆਰਾ ਬੰਗਲਾ ਸਾਹਿਬ ਤੋਂ ਸ਼ਬਦ ਦੀ ਵਿਚਾਰ ਕਰਨ ਦਾ ਮੌਕਾ ਬਣਦਾ ਰਹਿੰਦਾ ਹੈ ਜੋ ਟਾਈਮ ਟੀ ਵੀ ਤੋਂ ਨਾਲ ਦੀ ਨਾਲ ਸਣਿਆ ਵੀ ਜਾ ਸਕਦਾ ਹੈ। ਦਾਸ ਨੇ ਸਿੱਖ ਰਹਿਤ-ਮਰਯਾਦਾ ਸਬੰਧੀ ਵਿਚਾਰ ਕਰਦਿਆਂ ਕਿਹਾ ਕਿ ਸੰਪਟ ਪਾਠ ਕਰਨੇ ਮਨਮਤ ਹੈ। ਇੱਕ ਵੀਰ ਦਾ ਟੈਲੀਫੂਨ ਆਇਆ ਤੇ ਕਹਿੰਦਾ, ‘ਤੂੰ ਮੈਨੂੰ ਜਾਣਦਾ ਨਹੀਂ ਏਂ ਅੱਗੇ ਜੋ ਕੁੱਝ ਬੋਲਿਆ ਉਸ ਨੂੰ ਦਰਾਹੁੰਣ ਦੀ ਮੈਂ ਲੋੜ ਨਹੀਂ ਸਮਝਦਾ, ਕਹਿੰਦਾ ਸੰਪਟ ਪਾਠ ਤੋਂ ਬਿਨਾ ਤਾਂ ਫਲ਼ ਦੀ ਪ੍ਰਾਪਤੀ ਹੀ ਨਹੀਂ ਹੋ ਸਕਦੀ’। ਬਾਣੀ ਪੜ੍ਹਨ ਵਾਲਿਆਂ ਦੇ ਮਨਾਂ ਵਿੱਚ ਵੈਰ ਭਾਵਨਾ ਮੁੱਕੀ ਕੋਈ ਨਹੀਂ ਹੈ। ਇਸ ਤੁਕ ਵਿੱਚ ਗੁਰ-ਗਿਆਨ ਦੁਆਰਾ ਸੁੱਖ ਦੁੱਖ ਨੂੰ ਸਮਝਣਾ, ਜ਼ਿੰਦਗੀ ਵਿੱਚ ਸਾਫ਼ਗੋਈ ਤੇ ਵੈਰ ਭਾਵਨਾ ਦੀ ਬਿਰਤੀ ਦਾ ਤਿਆਗ ਕਰਨ ਵਾਲੇ ਨੂੰ ਜੀਵਨ ਜਿਉਣ ਦੀ ਜਾਚ ਆ ਜਾਂਦੀ ਹੈ। ਇਹ ਨੇਕ ਪੁਰਖ ਦੀ ਦੂਜੀ ਨਿਸ਼ਾਨੀ ਹੈ।

ਨੇਕ ਪੁਰਖ ਦੀ ਤੀਸਰੀ ਨਿਸ਼ਾਨੀ—ਸਾਰਿਆਂ ਜੀਵਾਂ ਨਾਲ ਪਿਆਰ ਰੱਖਣਾ ਤੇ ਪੰਜਾਂ ਵਿਕਾਰਾਂ ਤੋਂ ਦੂਰੀ ਬਣਾ ਕਿ ਰੱਖਣਾ--- ‘ਦਯਾਲੰ ਸਰਬਤ੍ਰ ਜੀਆ, ਪੰਚ ਦੋਖ ਬਿਵਰਜਿਤਹ’॥ ਦਸਵੀਂ ਜਮਾਤ ਵਿੱਚ ਇੱਕ ਅੰਗਰੇਜ਼ੀ ਦੀ ਅਬੂ ਬਿਨ-ਅਦਮ ਦੀ ਦੀ ਕਵਿਤਾ ਹੁੰਦੀ ਸੀ। ਇੱਕ ਦਿਨ ਰਬ ਜੀ ਦਾ ਦੂਤ ਅਬੂਬਿਨ ਅਦਮ ਨੂੰ ਮਿਲਣ ਲਈ ਆਇਆ ਤੇ ਆ ਕੇ ਕਹਿੰਦਾ ਕਿ ‘ਮੈਂ ਉਹਨਾਂ ਮਨੁੱਖਾਂ ਦੇ ਨਾਂ ਲਿਖਦਾ ਹਾਂ ਜੋ ਰੱਬ ਜੀ ਦੀ ਬੰਦਗੀ ਕਰਦੇ ਹਨ’ ਅਬੂ ਕਹਿੰਦਾ, ਕੀ `ਤੇਰੀ ਇਸ ਪੁਸਤਕ ਵਿੱਚ ਮੇਰਾ ਨਾਂ ਵੀ ਲਿਖਿਆ ਹੋਇਆ ਹੈ’ ਤਾਂ ਰੱਬ ਜੀ ਦੇ ਦੂਤ ਨੇ ਸਾਰੀ ਕਿਤਾਬ ਫੋਲ ਕੇ ਕਿਹਾ, ‘ਮਿੱਤਰਾ! ਤੇਰਾ ਨਾਮ ਇਸ ਪੁਸਤਕ ਵਿੱਚ ਨਹੀਂ ਹੈ’। ਅਬੂ ਕਹਿਣ ਲੱਗਾ, `ਚੱਲ ਕੋਈ ਗੱਲ ਨਹੀਂ, ਤੂੰ ਮੇਰਾ ਉਸ ਪੁਸਤਕ ਵਿੱਚ ਲਿਖ ਲੈ ਕਿ ਮੈਂ ਰੱਬ ਦੇ ਬਣਾਏ ਹੋਏ ਬੰਦਿਆਂ ਨੂੰ ਪਿਆਰ ਕਰਦਾ ਹਾਂ’। ਦੂਤ ਕਹਿਣ ਲੱਗਾ, ਕਿ ‘ਇਹ ਮੇਰੇ ਅਧਿਕਾਰ ਖੇਤਰ ਵਿੱਚ ਨਹੀਂ ਹੈ ਮੈਂ ਰੱਬ ਜੀ ਨੂੰ ਪੁੱਛ ਕੇ ਤੇਰਾ ਨਾਮ ਲਿਖ ਸਕਦਾ ਹਾਂ’। ਫ਼ਰਿਸ਼ਤਾ ਚਲਾ ਗਿਆ ਤੇ ਅਗਲੇ ਦਿਨ ਫਿਰ ਆਇਆ ਤੇ ਕਹਿਣ ਲੱਗਾ, ‘ਅਬੂ ਮੇਰੀ ਕਿਤਾਬ ਵਿੱਚ ਰੱਬ ਜੀ ਨੇ ਤੇਰਾ ਨਾਂ ਪਹਿਲੇ ਨੰਬਰ `ਤੇ ਲਿਖਣ ਲਈ ਆਖਿਆ ਹੈ’ ਭਾਵੇਂ ਇਹ ਕੇਵਲ ਇੱਕ ਕਹਾਣੀ ਹੀ ਹੈ ਪਰ ਇਸ ਵਿਚੋਂ ਤੱਤ ਮਿਲਦਾ ਹੈ ਰੱਬ ਜੀ ਦੇ ਬਣਾਏ ਹੋਏ ਬੰਦਿਆਂ ਨਾਲ ਅਥਾਹ ਪਿਆਰ ਕਰਨਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਤੇ ਇਸ ਸਬੰਧੀ ਬੜਾ ਸੁੰਦਰ ਸਿਧਾਂਤ ਹੈ, ਜਿਸਨੂੰ ਇੰਜ ਕਿਹਾ ਗਿਆ ਹੈ--- ‘ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ’। ਏਸੇ ਤੁਕ ਦੇ ਦੂਸਰੇ ਭਾਗ ਵਿੱਚ ਪੰਜ ਵਿਕਾਰਾਂ ਨੂੰ ਸਮਝਣ ਲਈ ਕਿਹਾ ਗਿਆ ਹੈ। ‘ਪੰਚ ਦੋਖ ਬਿਵਰਜਿਤਹ’ ਹਰ ਵਿਕਾਰੀ ਸੋਚ ਤੋਂ ਦੂਰੀ ਬਣਾ ਕੇ ਰੱਖਣ ਵਾਲ ਨੇਕ ਇਨਸਾਨ ਹੈ।

ਚੰਗਾ ਕੀਰਤਨੀਆ ਬਣਨ ਲਈ ਮਨੁੱਖ ਨੂੰ ਪੰਜ ਸੱਤ ਸਾਲ ਲੱਗ ਜਾਂਦੇ ਹਨ ਪਰ ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਨੇਕ ਮਨੁੱਖ ਕੀਰਤਨ ਦਾ ਭੋਜਨ ਕਰਦਾ ਹੈ। ਸਾਰੇ ਅਸੀਂ ਕੀਰਤਨ ਕਰ ਨਹੀਂ ਸਕਦੇ। ਫਿਰ ਇਹਨਾਂ ਤੁਕਾਂ ਦਾ ਭਾਵ ਅਰਥ ਲਿਆ ਜਾਏਗਾ ਕਿ ਪਰਮੇਸ਼ਰੀ ਦੀ ਗੁਣਾਂ ਦੀ ਹਰ ਵੇਲੇ ਵਰਤੋਂ ਕਰਦਾ ਰਹਿੰਦਾ ਹੈ— ‘ਭੋਜਨੰ ਗੋਪਾਲ ਕੀਰਤਨ’ ਐਸਾ ਇਨਸਾਨ ਦੁਨੀਆਂ ਵਿੱਚ ਇੰਜ ਵਿਚਰਦਾ ਹੈ ਜਿਵੇਂ ਪਾਣੀ ਵਿੱਚ ਕਮਲ ਦਾ ਫੁੱਲ ਰਹਿੰਦਾ ਹੋਇਆ ਵੀ ਭਿੱਜਦਾ ਨਹੀਂ ਹੈ— ‘ਅਲਪ ਮਾਯਾ ਜਲ ਕਮਲ ਰਹਤਹ’ ਨਿਜੀ ਸੁਆਰਥ ਤੇ ਪਰਵਾਰਕ ਮੋਹ ਦੀ ਜਕੜ ਤੋਂ ਊਪਰ ਉੱਠ ਜਾਂਦਾ ਹੈ ਜੋ ਨੇਕ ਮਨੁੱਖ ਦੀ ਚੌਥੀ ਨਿਸ਼ਾਨੀ ਹੈ।

ਨੇਕ ਇਨਸਾਨ ਦੀ ਪੰਜਵੀਂ ਨਿਸ਼ਾਨੀ ਮਿੱਤਰ ਤੇ ਵੈਰੀ ਨਾਲ ਇਕੋ ਜੇਹੀ ਦ੍ਰਿਸ਼ਟੀ ਹੈ ‘ਉਪਦੇਸੰ ਸਮ ਮਿਤ੍ਰ ਸਤ੍ਰਹ’ ਉਹ ਗਵਾਂਢੀਆਂ ਨਾਲ ਵਾਹ ਲੱਗਦੀ ਕੋਈ ਝਗੜਾ-ਕਲੇਸ਼ ਨਹੀਂ ਕਰੇਗਾ। ਸਾਡੇ ਮੁਲਕ ਵਿੱਚ ਜੇ ਕਿਸੇ ਪਿੰਡ ਨੇ ਵਜ਼ੀਰ ਨੂੰ ਵੋਟਾਂ ਨਹੀਂ ਪਾਈਆਂ ਹੁੰਦੀਆਂ ਤਾਂ ਉਹ ਉਸ ਪਿੰਡ ਨੂੰ ਲੱਗਦੇ ਚਾਰੇ ਕੋਈ ਗ੍ਰਾਂਟ ਨਹੀਂ ਪੁਜੱਣ ਦੇਂਦਾ। ਸਿੱਖੀ ਧਰਮ ਵਿੱਚ ਇਹ ਆਮ ਦੇਖਿਆ ਗਿਆ ਹੈ ਕਿ ਜੇ ਇਸ ਮਨੁੱਖ ਨੇ ਸਾਡੇ ਜੱਥੇ ਦਾ ਅੰਮ੍ਰਿਤ ਨਹੀਂ ਛੱਕਿਆ ਹੈ ਤਾਂ ਅਸੀਂ ਉਸ ਦਾ ਬਣਿਆ ਹੋਇਆ ਲੰਗਰ ਵੀ ਛੱਕਣ ਲਈ ਤਿਆਰ ਨਹੀਂ ਹੁੰਦੇ। ਉਂਝ ਅਸੀਂ ਸਾਰੇ ਆਖਣ ਨੂੰ ਗੁਰੂ ਦੇ ਸਿੱਖ ਹਾਂ ਪਰ ਈਰਖਾ ਨਾਲ ਭਰੇ ਪਏ ਹਾਂ। ਏੱਥੇ ਬਸ ਨਹੀਂ ਜੇ ਸਾਡਾ ਕਿਤੇ ਖ਼ਿਆਲਾਂ ਦਾ ਮਤ ਭੇਦ ਹੈ ਤਾਂ ਆਪਸ ਵਿੱਚ ਸਮਝਣ ਦੀ ਥਾਂ `ਤੇ ਮਰਨ ਮਾਰਨ ਲਈ ਤਿਆਰ ਹੁੰਦੇ ਹਾਂ। ਨੇਕ ਮਨੁੱਖ ਕਰਤਾਰੀ ਗੁਣਾਂ ਨਾਲ ਹਰ ਵੇਲੇ ਭਰਪੂਰ ਰਹਿੰਦਾ ਹੈ— ‘ਭਗਵੰਤ ਭਗਤਿ ਭਾਵਨੀ’।

ਆਪਣੀ ਉਸਤਤ ਹੁੰਦੀ ਹੋਵੇ ਜਾਂ ਕਿਸੇ ਦੀ ਨਿੰਦਿਆ ਹੁੰਦੀ ਹੋਵੇ ਤਾਂ ਅਸੀਂ ਘੰਟਿਆਂ ਬੱਧੀ ਸੁਣ ਸਕਦੇ ਹਾਂ। ਪਰ ਨੇਕ ਮਨੁੱਖ ਦੀ ਛੇਵੀਂ ਨਿਸ਼ਾਨੀ ਹੀ ਇਹ ਹੈ ਕਿ ਉਹ ਪਰਾਈ ਨਿੰਦਿਆ ਤੇ ਬੇ-ਲੋੜੀ ਆਪਣੀ ਉਸਤਤ ਨੂੰ ਆਪਣੇ ਕੰਨਾ ਨਾਲ ਨਹੀਂ ਸੁਣਦਾ ਹੈ— ‘ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ’। ਅਜੇਹਾ ਮਨੁੱਖ ਤੇ ਆਪਾ ਭਾਵ ਤਿਆਗ ਕੇ ਸਭ ਦੀ ਚਰਨ ਧੂੜ ਬਣਿਆ ਰਹਿੰਦਾ ਹੈ— ‘ਆਪੁ ਤਿ੍ਯ੍ਯਾਗਿ ਸਗਲ ਰੇਣੁਕਹ’ ਇਸ ਸਲੋਕ ਵਿੱਚ ਨੇਕ ਪੁਰਖ ਦੀਆਂ ਛੇ ਨਿਸ਼ਾਨੀਆਂ ਦੱਸੀਆਂ ਗਈਆਂ ਹਨ ਜਿੰਨ੍ਹਾਂ ਨੂੰ ਗੁਰਮੁਖ ਜਨ ਆਖੀ ਦਾ ਹੈ--- ‘ਖਟ ਲਖ੍ਯ੍ਯਣ ਪੂਰਨੰ ਪੁਰਖਹ, ਨਾਨਕ ਨਾਮ ਸਾਧ ਸ੍ਵਜਨਹ’॥

ਨੇਕ ਮਨੁੱਖ ਦੀਆਂ ਇਹਨਾਂ ਛੇ ਨਿਸ਼ਾਨੀਆਂ ਵਿੱਚ ਜੀਵਨ ਜਾਚ ਲਈ ਮਿੱਠੀਆਂ ਰਮਜ਼ਾਂ ਲੁਕੀਆਂ ਪਈਆਂ ਹਨ। ਜਿੱਥੇ ਗੁਰਬਾਣੀ ਉਪਦੇਸ਼ ਦੁਆਰਾ ਮੇਰ- ਤੇਰ ਦੀਆਂ ਦੀਵਾਰਾਂ ਢਹਿ ਢੇਰੀ ਹੋ ਜਾਂਦੀਆਂ ਹਨ, ਓੱਥੇ ਜੀਵਨ ਵਿੱਚ ਖੇੜਾ ਤੇ ਖੁਸ਼ਹਾਲੀ ਜਨਮ ਲੈਂਦੀ ਹੈ।

ਨਾਨਕ ਦੁਖੁ ਸੁਖੁ ਵਿਆਪਤ ਨਹੀ ਜਿਥੈ ਆਤਮ ਰਾਮ ਪ੍ਰਗਾਸੁ॥ 16॥

(ਪੰਨਾ 1414)




.