.

ਸਾਹਿਬ

ਧਰਮ ਦਾ ਧੁਰਾ ਹੈ ਯਕੀਨ, ਨਿਸ਼ਚਾ, ਸ਼੍ਰੱਧਾ, ਵਿਸ਼ਵਾਸ। ਜੇ ਇਸ ਵਿਸ਼ਵਾਸ ਦਾ ਸ੍ਰੋਤ ਗਿਆਨ ਹੈ ਤਾਂ ਇਹ ਵਿਸ਼ਵਾਸੀਆਂ ਨੂੰ ਸੱਚ ਦੇ ਰਾਹ ਤੋਰੇਗਾ; ਅਤੇ, ਜੇ ਇਸ ਦਾ ਮੂਲ ਅਗਿਆਨਤਾ ਹੈ ਤਾਂ ਇਹ ਵਿਸ਼ਵਾਸ ਨਾਂ ਰਹਿਕੇ ਅੰਧਵਿਸ਼ਵਾਸ/ਅੰਨ੍ਹੀ ਸ਼੍ਰਧਾ/ਕਾਣਾ ਯਕੀਨ ਬਣ ਕੇ ਰਹਿ ਜਾਂਦਾ ਹੈ। ਅੰਧਵਿਸ਼ਵਾਸ ਮਨੁਖਤਾ ਨੂੰ ਧਰਮ/ਸੱਚ ਤੋਂ ਦੁਰੇਡੇ ਕਰੀ ਜਾਂਦਾ ਹੈ। ਅਤੇ, ਹੌਲੀ ਹੌਲੀ ਅੰਧਵਿਸ਼ਵਾਸ ਹੀ ਧਰਮ ਬਣ ਜਾਂਦਾ ਹੈ। ਭਗਤੀ ਕਾਲ ਵਿੱਚ ਵਿੱਚਰੇ ਮਹਾਂਪੁਰਖਾਂ ਨੇ ਆਪਣੀ ਬਾਣੀ ਰਾਹੀਂ ਸਾਨੂੰ ਅੰਧਵਿਸ਼ਵਾਸ ਦੀ ਦਲਦਲ ਵਿੱਚੋਂ ਕੱਢਕੇ ਨਿਰੋਲ ਗਿਆਨ ਦਾ ਰਾਹ ਦਰਸਾਇਆ ਅਤੇ ਇਸ ਉਤੱੇ ਤੁਰਨ ਦੀ ਪ੍ਰੇਰਣਾ ਦਿੱਤੀ। ਪਰ ਇਹ ਸੱਚ ਅਤਿ ਦੁਖਦਾਈ ਹੈ ਕਿ ਧਰਮ ਦੇ ਮਾਇਆ-ਮੂਠੇ ਤੇ ਹਉਮੈ-ਕੁੱਠੇ ਸੁਆਰਥੀ ਠੇਕੇਦਾਰਾਂ ਨੇ ਗੁਰੂਆਂ ਦੁਆਰਾ ਦਿਖਾਏ ਗਿਆਨ-ਮਾਰਗ ਨੂੰ ਅਗਿਆਨਤਾ ਅਤੇ ਅੰਨ੍ਹੀਂ ਸ਼੍ਰੱਧਾ ਦੀ ਧੂੜ ਨਾਲ ਧੁੰਧਲਾ ਕਰ ਦਿੱਤਾ ਹੈ। ਇਹ ਅਧਰਮ ਕਮਾਉਣ ਲਈ ਇਨ੍ਹਾਂ ਨੇਂ ਕਈ ਸ਼ੜਯੰਤ੍ਰ ਰਚੇ। ਇਨ੍ਹਾਂ ਵਿੱਚੋਂ ਇੱਕ ਚਤੁਰ ਢੰਗ ਜੋ ਇਹ ਵਰਤਦੇ ਹਨ ਉਹ ਹੈ ਗੁਰਬਾਣੀ ਦੇ ਪਵਿੱਤਰ ਸਿਧਾਂਤਕ ਸ਼ਬਦਾਂ ਦੀ ਕੁਵਰਤੋਂ, ਜਿਵੇਂਕਿ:- ਨਾਮ, ਅਮ੍ਰਿਤ, ਪ੍ਰਸਾਦ, ਸੰਗਤ, ਸਾਧ ਸਭਾ, ਸਾਧ ਸੰਗਤ, ਸੰਤ ਸਭਾ, ਸਿਖ ਸਭਾ, ਸੰਤ, ਬਾਬਾ, ਸਾਧ, ਅਤੇ ਸਾਹਿਬ ਆਦਿ। ਇਸ ਲੇਖ ਵਿੱਚ ਅਸੀਂ ਗੁਰੂਆਂ ਦੁਆਰਾ ਸਤਿਕਾਰਿਤ ਅਤੇ ਪੂਜਿਤ ਸ਼ਬਦ ‘ਸਾਹਿਬ’ ਤੇ ਵਿਚਾਰ ਕਰਨੀਂ ਹੈ।

ਸਾਹਿਬ ਅਰਬੀ/ਫ਼ਾਰਿਸੀ ਬੋਲੀ ਦਾ ਲਫ਼ਜ਼ ਹੈ। ਅਰਬੀ ਬੋਲੀ ਵਿੱਚ ਇਸ ਦੇ ਅਰਥ ਹਨ: ਦੋਸਤ, ਯਾਰ, ਸਾਥੀ (companion)। ਕੁਰਾਨ ਵਿੱਚ ਇਹ ਲਫ਼ਜ਼ ਇਨ੍ਹਾਂ ਅਰਥਾਂ ਵਿੱਚ ਹੀ ਵਰਤਿਆ ਗਿਆ ਹੈ। ਇਸ ਲਫ਼ਜ਼ ਨੂੰ ਰੱਬ, ਦੀਨ, ਜਾਂ ਰੂਹਾਨੀਯਤ ਨਾਲ ਜੋੜਣ ਨੂੰ ਗ਼ਲਤ ਮੰਨਦੇ ਹਨ। ਫ਼ਾਰਿਸੀ ਬੋਲੀ ਵਿੱਚ ਸਾਹਿਬ ਦੇ ਮਅਨੇ ਹਨ: ਮਾਲਿਕ, ਖ਼ਾਵੰਦ (ਪਤੀ), ਵਜ਼ੀਰ। ਫ਼ਾਰਿਸੀ ਲੋਕ ਇਸ ਲਫ਼ਜ਼ ਨੂੰ ਰੱਬ ਲਈ ਵਰਤਦੇ ਹਨ, ਅਤੇ ਜਾਂ ਫ਼ਿਰ ਬਜ਼ੁਰਗਾਂ ਵਾਸਤੇ ਸਤਿਕਾਰ ਵਜੋਂ।

ਸਾਹਿਬ ਦਾ ਵਿਪਰੀਤਾਰਥਕ ਸ਼ਬਦ (antonym) ਹੈ ਗ਼ੁਲਾਮ, ਦਾਸ ਆਦਿ। ਅੱਠਵੀਂ ਸਦੀ ਦੇ ਸ਼ੁਰੂਹ ਵਿੱਚ ਹੀ ਹਿੰਦੁਸਤਾਨ ਫ਼ਾਰਿਸੀ ਮੁਸਲਮਾਨਾਂ ਦਾ ਗ਼ੁਲਾਮ ਹੋ ਗਿਆ ਸੀ। ਅੰਗ੍ਰੇਜ਼ਾਂ ਦੇ ਭਾਰਤ ਉਤੇ ਕਾਬਜ਼ ਹੋਣ ਤਕ ਸਾਹਿਬ ਸ਼ਬਦ ਗ਼ੁਲਾਮ ਭਾਰਤੀਆਂ ਦੇ ਖ਼ੂਨ ਵਿੱਚ ਅਤੇ ਭਾਰਤ ਦੀਆਂ ਭਾਸ਼ਾਵਾਂ ਵਿੱਚ ਚੰਗੀ ਤਰ੍ਹਾਂ ਰਚ ਚੁਕਿਆ ਸੀ। ਇਹੀ ਕਾਰਣ ਹੈ ਕਿ ਅੰਗ੍ਰੇਜ਼ਾਂ ਨੂੰ ਸਾਹਿਬ ਦੇ ਨਾਂ ਨਾਲ ਸੰਬੋਧਨ ਕੀਤਾ ਜਾਂਦਾ ਸੀ। ਅੰਗ੍ਰੇਜ਼ ਚਲੇ ਗਏ ਪਰ ਸਾਹਿਬ ਸ਼ਬਦ ਸਾਨੂੰ ਭਾਰਤੀਆਂ ਨੂੰ ਅਜੇ ਤਕ ਲਸੂੜੇ ਵਾਂਗ ਚੰਬੜਿਆ ਹੋਇਆ ਹੈ। ਲਫ਼ਜ਼ ਸਾਹਿਬ ਜੀਵਨ ਦੇ ਹਰ ਖੇਤੱਰ, ਵਰਗ, ਤੇ ਵਿਭਾਗ ਆਦਿ ਵਿੱਚ ਨਿਗੁਣੀ ਨਦੀਨ ਅਤੇ ਕੰਡਿਆਲੀ ਪੋਹਲੀ ਵਾਂਗ ਫ਼ੈਲਿਆ ਹੋਇਆ ਹੈ। ਸੱਭ ਪਾਸੇ ਸਾਹਿਬ ਹੀ ਸਾਹਿਬ ਨਜ਼ਰ ਆਉਂਦੇ ਹਨ। ਇਸ ਲੇਖ ਵਿੱਚ ਅਸੀਂ ਸੰਸਾਰਕ ਸਾਹਿਬ ਵੱਲ ਪਿੱਠ ਕਰਕੇ, ਸਾਹਿਬ ਬਾਰੇ ਧਰਮ ਦੇ ਪ੍ਰਸੰਗ ਵਿੱਚ ਵਿਚਾਰ ਕਰਨੀ ਹੈ।

ਗੁਰਬਾਣੀ ਨੂੰ ਜੇ ਵਿਵੇਕ ਨਾਲ ਵਿਚਾਰੀਏ ਤਾਂ ਇਹ ਸੱਚ ਸਪਸ਼ਟ ਹੁੰਦਾ ਹੈ ਕਿ ਬਾਣੀ ਰਚਣ ਵਾਲੇ ਸਾਰੇ ਮਹਾਂਪੁਰਖ ਦੁਨਿਆਵੀ ਗ਼ੁਲਾਮੀ ਤੋਂ ਬਾਗ਼ੀ ਸਨ। ਉਨ੍ਹਾਂ ਦੇ ਫ਼ਲਸਫ਼ੇ ਅਨੁਸਾਰ ਕ੍ਰਿਤ ਕਰਣ ਅਤੇ ਰੱਬ ਦਾ ਸ਼ੁਕਰ ਕਰਨ ਵਾਲਾ ਕ੍ਰਿਤੀ ਕਿਸੇ ਦਾ ਮੁਹਤਾਜ/ਗ਼ੁਲਾਮ ਨਹੀਂ ਹੁੰਦਾ। ਦੂਜਾ, ਸੰਸਾਰੀ ਸਾਹਿਬ ਅੰਤ ਨੂੰ ਮਿੱਟੀ ਵਿੱਚ ਮਿਲ ਜਾਂਦੇ ਹਨ ਅਤੇ ਉਨ੍ਹਾਂ ਦੀ ਮਲਕੀਯਤ ਦੇ ਮਹਿਲ ਖੰਡਰਾਂ ਵਿੱਚ ਬਦਲ ਜਾਂਦੇ ਹਨ। ਇਸ ਲਈ ਇਨ੍ਹਾਂ ਝੂਠੇ ਸਾਹਿਬਾਂ ਤੋਂ ਸੱਚੇ ਸੁੱਖ ਦੀ ਆਸ ਕਰਨੀਂ ਵੱਡੀ ਭੁੱਲ ਹੈ। ਗੁਰਵਾਕ ਹੈ:

“ਗਿਰੰਬਾਰੀ ਵਡਸਾਹਬੀ ਸਭੁ ਨਾਨਕ ਸੁਪਨੁ ਥੀਆ॥” ਸ੍ਰੀ ਰਾਗੁ ਮ: ੫

ਭਾਵ: ਸਾਰੀ ਧਰਤੀ ਅਤੇ ਸਮੂਹ ਸਾਗਰ ਦੀ ਮਾਲਕੀ ਵੀ ਅੰਤ ਨੂੰ ਸੁਪਨਾ ਸਿੱਧ ਹੁੰਦੀ ਹੈ।

ਦੈਵੀ ਪੁਰਸ਼ ਵਕਤ ਦੇ ਧਾੜਵੀ ਰਾਜਿਆਂ/ਹਾਕਿਮਾ/ਸਾਹਿਬਾਂ ਦੀ ਸਾਹਿਬੀ ਕਬੂਲਣ ਤੋਂ ਪੂਰੀ ਦ੍ਰਿੜਤਾ ਨਾਲ ਮੁਨਕਰ ਹੋਏ; ਅਤੇ, ਝੂਠੇ, ਨਾਸ਼ਮਾਨ ਅਤੇ ਮੌਤ ਦੇ ਮੁਥਾਜ ਰਾਜਿਆਂ ਦੀ ਬਜਾਏ ਸ੍ਰਿਸ਼ਟੀ ਅਤੇ ਇਸ ਦੀਆਂ ਸਾਰੀਆਂ ਹੋਂਦਾਂ ਦੇ ਸਿਰਜਨਹਾਰ ਅਤੇ ਪਾਲਣਹਾਰ ਪਰਮਆਤਮਾ ਨੂੰ ਸਾਹਿਬ ਕਿਹਾ, ਕਬੂਲਿਆ ਅਤੇ ਮੰਨਿਆ। ਉਹ ਮਨੁਖਤਾ ਨੂੰ ਇਹੋ ਸਿਧਾਂਤ ਦ੍ਰਿੜਾਉਂਦੇ ਹੋਏ, ਆਪਣੇ ਸਿੱਖ/ਸੇਵਕਾਂ ਸਮੇਤ ਓਸ ਸਾਹਿਬ ਦੇ ਦਾਸ/ਗ਼ੁਲਾਮ ਬਣੇ। ਗੁਰੂ ਨਾਨਕ ਦੇਵ ਜੀ ਦਾ ਸੰਦੇਸ ਹੈ:-

“ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ॥

ਸੋ ਪਾਤਿਸਾਹੁ ਸਾਹਾ ਪਤਿ ਸਾਹਿਬੁ ਨਾਨਕ ਰਹਣੁ ਰਜਾਈ॥” ਸੋਦਰੁ ਆਸਾ ਮ: ੧

ਭਾਵ: ਜੋ ਉਸ ਅਕਾਲਪੁਰਖ ਨੂੰ ਚੰਗਾ ਲਗਦਾ ਹੈ ਉਹੀ ਓਹ ਕਰੇਗਾ। ਉਸ ਦੇ ਭਾਣੇ/ਹੁਕਮ ਨੂੰ ਟਾਲਿਆ ਨਹੀਂ ਜਾ ਸਕਦਾ। ਉਹ ਅਕਾਲਪੁਰਖ ਸੰਸਾਰੀ ਰਾਜਿਆਂ ਦਾ ਵੀ ਸਾਹਿਬ/ਮਾਲਿਕ ਹੈ, ਇਸ ਲਈ ਸਾਡਾ ਜੀਵਾਂ ਦਾ ਓਸ ਸੱਚੇ ਸਾਹਿਬ ਦੇ ਹੁਕਮ/ਭਾਣੇ/ਰਜ਼ਾ ਵਿੱਚ ਰਹਿਣਾ ਹੀ ਸ਼ੋਭਾ ਦਿੰਦਾ ਹੈ।

ਗੁਰਬਾਣੀ ਵਿੱਚ ‘ਸਾਹਿਬ’ ਕੇਵਲ ਇੱਕ ਵਿਸ਼ੇਸ਼ ਨਾਂਵ ਦੇ ਤੌਰ ਤੇ ਹੀ, ਸਿਰਫ਼ ਇੱਕ ਵਿਸ਼ੇਸ਼ ਲਾਸਾਨੀ ਹਸਤੀ ਲਈ ਹੀ ਵਰਤਿਆ ਗਿਆ ਹੈ। ਉਹ ਹਸਤੀ ਹੈ ‘ੴ ਅਕਾਲਪੁਰਖ’। ਇਸ ਅਦੁੱਤੀ ਸਾਹਿਬ ਨੂੰ ਸਮਝ ਕੇ ਇਸ ਨਾਲ ਸਾਂਝ ਪਾਉਣ ਲਈ ਗੁਰਬਾਣੀ ਦੀਆਂ ਕੁੱਝ ਤੁਕਾਂ ਤੇ ਵਿਸਤ੍ਰਿਤ ਵਿਚਾਰ ਕਰਦੇ ਹਾਂ:-

“ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥” ਆਸਾ ਮ: ੧

ਭਾਵ: ਮੇਰੀ ਹੋਂਦ ਦਾ ਸਾਹਿਬ (ਮਾਲਿਕ) ਕੇਵਲ, ਕੇਵਲ ਇੱਕ (ਅਕਾਲਪੁਰਖ) ਹੀ ਹੈ। ਸਿਰਫ਼, ਸਿਰਫ਼ ਇੱਕੋ ਇੱਕ (ਪ੍ਰਭੂ) ਹੀ ਹੈ।

“ਸਾਹਿਬ ਮੇਰਾ ਏਕੁ ਹੈ ਅਵਰੁ ਨਹੀ ਭਾਈ॥

ਕਿਰਪਾ ਤੇ ਸੁਖੁ ਪਾਇਆ ਸਚੇ ਪਰਥਾਈ॥” ਆਸਾ ਮ: ੧ ਅ:

ਭਾਵ: ਹੇ ਭਾਈ! ਮੇਰਾ ਮਾਲਿਕ (ਪਰਮਾਤਮਾ) ਅਦੁੱਤੀ ਹੈ। ਕੋਈ ਹੋਰ (ਸਾਹਿਬ) ਨਹੀਂ ਹੋ ਸਕਦਾ। ਉਸੇ ਦੀ ਬਖ਼ਸ਼ਿਸ਼ ਸਦਕਾ ਆਤਮ-ਸੁੱਖ ਦੀ ਪ੍ਰਾਪਤੀ ਹੁੰਦੀ ਹੈ।

“ਸਸੈ ਸੋਇ ਸ੍ਰਿਸਟਿ ਜਿਨਿ ਸਾਜੀ, ਸਭਨਾ ਸਾਹਿਬੁ ਏਕੁ ਭਇਆ॥

ਸੇਵਤ ਰਹੇ ਚਿਤੁ ਜਿਨੑ ਕਾ ਲਾਗਾ, ਆਇਆ ਤਿਨੑ ਕਾ ਸਫਲੁ ਭਇਆ॥” ਆਸਾ ਅ: ਮ: ੧

ਭਾਵ: ਜਿਸ ਕਰਤਾਰ ਨੇ ਵਿਸ਼ਵ ਦੀ ਸਿਰਜਨਾਂ ਕੀਤੀ ਹੈ, ਇੱਕ ਓਹੀ ਸੱਭ ਜੀਵਾਂ ਦਾ ਸਾਹਿਬ/ਮਾਲਿਕ ਹੈ। ਜਿਹੜੇ ਮਨੁੱਖ ਉਸ ਦੀ ਸੇਵਾ-ਭਗਤੀ ਵਿੱਚ ਮਨ ਜੋੜੀ ਰੱਖਦੇ ਹਨ ਉਹ ਮਾਨਵ-ਜੀਵਨ-ਮਨੋਰਥ ਵਿੱਚ ਸਫ਼ਲ ਹੁੰਦੇ ਹਨ।

“ਪੂਰਿ ਰਹਿਆ ਸ੍ਰਬ ਠਾਇ ਹਮਾਰਾ ਖਸਮੁ ਸੋਇ॥

ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ॥” ਆਸਾ ਮ: ੫

ਭਾਵ: ਸਾਡਾ ਜੀਵਾਂ ਦਾ ਮਾਲਕ ਉਹ (ਪਰਮਾਤਮਾ) ਹੀ ਹੈ ਜੋ ਸਰਬਵਿਆਪਕ ਹੈ। ਸਾਰੀ ਕਾਇਨਾਤ ਦੀ ਹਕੂਮਤ ਦਾ ਛਤ੍ਰ ਉਸੇ ਦੇ ਸਿਰ ਉੱਤੇ ਹੈ। ਉਸ ਦਾ ਕੋਈ ਦੂਸਰਾ ਸ਼ਰੀਕ ਨਹੀਂ ਹੈ।

“ਮਨ ਏਕੋ ਸਾਹਿਬ ਭਾਈ ਰੇ॥ ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ ਅਲਖੁ ਨ ਲਖਣਾ ਜਾਈ ਹੇ॥” ਗਉੜੀ ਚੇਤੀ ਮ: ੧

ਭਾਵ: ਹੇ ਭਾਈ! ਮਨੁੱਖ ਦੇ ਮਨ ਦਾ ਸਾਹਿਬ (ਮਾਲਿਕ) ਕੇਵਲ ਕਰਤਾਰ ਹੀ ਹੈ। ਜਦ ਤਕ ਮਨੁੱਖ ਦਾ ਮਨ ਮਾਇਆ ਦੇ ਤ੍ਰੈ ਗੁਣਾਂ (ਰਜੋ, ਤਮੋ, ਸਤੋ) ਵਿੱਚ ਉਲਝਿਆ ਹੋਇਆ ਹੈ, ਉਹ ਅਲੱਖ/ਅਦ੍ਰਿਸ਼ਟ ਅਕਾਲਪੁਰਖ ਨੂੰ ਵੇਖ ਨਹੀਂ ਸਕਦਾ (ਸਾਂਝ ਨਹੀਂ ਪਾ ਸਕਦਾ)।

“ਸਭਨਾੑ ਸਾਹਿਬੁ ਏਕੁ ਹੈ ਗੁਰ ਸਬਦੀ ਰਚਾ॥” ਮਾਰੂ ਮ: ੩

ਭਾਵ: ਸਾਰੇ ਜੀਵਾਂ ਦਾ ਸਾਹਿਬ ਸਿਰਫ਼ ਇੱਕ (ਪਰਮਾਤਮਾ) ਹੀ ਹੈ। ਉਸ ਸਾਹਿਬ ਨੂੰ ਗੁਰੂ ਦਾ ਸ਼ਬਦ/ਉਪਦੇਸ/ਹੁਕਮ ਮੰਨ ਕੇ ਹੀ ਮਿਲਿਆ ਜਾ ਸਕਦਾ ਹੈ।

“ਸਚੁ ਕਰਤਾ ਸਚੁ ਕਰਣਹਾਰੁ ਸਚੁ ਸਾਹਿਬੁ ਸਚੁ ਟੇਕ॥

ਸਚੋ ਸਚੁ ਵਖਾਣੀਐ ਸਚੋ ਬੁਧਿ ਬਿਬੇਕ॥

ਸਰਬ ਨਿਰੰਤਰਿ ਰਵਿ ਰਹਿਆ ਜਪਿ ਨਾਨਕ ਜੀਵੈ ਏਕ॥” ਸਿਰੀ ਰਾਗੁ ਮ: ੫

ਭਾਵ: ਸਦ-ਸਥਿਰ ਸਾਹਿਬ ਪ੍ਰਭੂ ਸੱਚਾ ਸਿਰਜਨਹਾਰ ਹੈ, ਅਤੇ ਉਹੋ ਹੀ ਆਪਣੀ ਸਿਰਜੀ ਸ੍ਰਿਸ਼ਟੀ ਨੂੰ ਸੰਭਾਲਨ ਦੇ ਸਮਰਥ ਹੈ। ਕੇਵਲ ਉਹੋ ਹੀ ਤਰਕਸ਼ੀਲ ਬੁਧਿ ਦਾ ਸੱਚਾ ਮਾਲਕ ਹੈ। (ਇਨ੍ਹਾਂ ਗੁਣਾਂ ਸਦਕਾ ਹੀ) ਉਸ ਨੂੰ ‘ਸੱਚ’ ਕਿਹਾ ਜਾਂਦਾ ਹੈ। ਸਾਰੇ ਵਿਸ਼ਵ ਵਿੱਚ ਰਮੇ ਹੋਏ ਉਸ ਇੱਕ ਅਦੁੱਤੀ ਸਾਹਿਬ ਦਾ ਨਾਮ-ਸਿਮਰਨ ਕਰਕੇ ਹੀ ਮਨੁੱਖ ਆਤਮਿਕ ਤੌਰ ਤੇ ਜੀਉਂਦਾ ਰਹਿ ਸਕਦਾ ਹੈ।

“ਸੁਰਿ ਨਰ ਨਾਥ ਸਾਹਿਬ ਸਭਨ ਸਿਰਿ ਭਾਇ ਮਿਲੈ ਭਉ ਜਾਈ ਹੇ॥” ਮਾਰੂ ਮ: ੫

ਭਾਵ: (ਦੇਵੀ ਦੇਵਤਿਆਂ ਅਤੇ ਢੌਂਗੀ ਸੰਸਾਰੀਆਂ ਦੀ ਪੂਜਾ/ਸਤਿਕਾਰ, ਅਤੇ ਦਿਖਾਵੇ ਦੇ ਧਰਮ-ਕਰਮਾਂ ਨਾਲ ਵਿਕਾਰਾਂ ਤੋਂ ਮੁਕਤਿ ਨਹੀਂ ਮਿਲਦੀ ਕਿਉਂਕਿ) ਪ੍ਰਭੂ ਸਾਰੇ ਦੇਵੀ ਦੇਵਤਿਆਂ ਅਤੇ ਮਨੁੱਖਾਂ ਦਾ ਸਾਹਿਬ/ਮਾਲਿਕ/ਨਾਥ ਹੈ। (ਇਸ ਲਈ) ਪ੍ਰੇਮਾ-ਭਗਤੀ ਰਾਹੀਂ ਜਿਸ ਪ੍ਰਾਣੀ ਨੂੰ ਉਹ ਮਿਲ ਜਾਂਦਾ ਹੈ, ਉਸ ਅੰਦਰੋਂ (ਵਿਕਾਰਾਂ ਕਾਰਣ ਉਪਜਿਆ) ਡਰ ਖ਼ਤਮ ਹੋ ਜਾਂਦਾ ਹੈ।

“ਵਜਹੁ ਸਾਹਿਬ ਕਾ ਸੇਵ ਬਿਰਾਨੀ॥ ਐਸੇ ਗੁਨਹ ਅਛਾਦਿਓ ਪ੍ਰਾਨੀ॥” ਆਸਾ ਮ: ੫

ਭਾਵ: ਜੀਵ (ਮਨਮੁੱਖ) ਵਿਕਾਰਾਂ/ਪਾਪਾਂ ਨਾਲ ਇਤਨਾ ਲਥ ਪਥ ਹੈ ਕਿ ਉਹ ਖਾਂਦਾ ਤਾਂ ਪਾਲਣਹਾਰ ਪਰਮਾਤਮਾ ਦਾ ਦਿੱਤਾ ਹੈ, ਪਰ ਸੇਵਾ/ਸਤਿਕਾਰ ਕਿਸੇ ਹੋਰ (ਮਿਥਿਹਾਸਕ ਹਸਤੀਆਂ, ਮਾਇਆ ਅਤੇ ਮਾਇਆ-ਧਾਰੀਆਂ) ਦਾ ਕਰਦਾ ਹੈ।

“ਸਾਚੋ ਸਾਹਿਬੁ ਨਿਰਮਲੋ ਮਨਿ ਮਾਨੈ ਏਕਾ॥” ਮਾਰੂ ਅ: ਮ: ੧

ਭਾਵ: ਸਦ-ਸਥਿਰ, ਤ੍ਰੈਗੁਣਾਤੀਤ, ਮਾਇਆ ਦੀ ਮੈਲ ਤੋਂ ਨਿਰਲੇਪ ਸਾਹਿਬ ਪ੍ਰਭੂ ਸਿਰਫ਼ ਸੁੱਚੇ, ਵਿਕਾਰ-ਰਹਿਤ ਮਨ ਨਾਲ ਹੀ ਪਤੀਜਦਾ ਹੈ।

“ਮਿਹਰਵਾਨੁ ਸਾਹਿਬੁ ਮਿਹਰਵਾਨੁ॥

ਜੀਅ ਸਗਲ ਕਉ ਦੇਇ ਦਾਨੁ॥” ਤਿਲੰਗ ਮ: ੫

ਭਾਵ: ਸਾਹਿਬ ਦਇਆਲੂ ਹੈ; (ਜੀਵਾਂ ਦਾ ਮਾਲਿਕ) ਕ੍ਰਿਪਾਲੂ ਹੈ। (ਦਇਆ ਦੇ ਗੁਣ ਕਰਕੇ) ਉਹ ਜੀਵਾਂ ਨੂੰ (ਜੀਵਨ-ਸਾਮਗ੍ਰੀ) ਦਾ ਦਾਨ ਦਿੰਦਾ ਹੈ। (ਇਸ ਦਾਨ ਦੇ ਬਦਲੇ) ਮੰਗਦਾ ਕੁੱਝ ਨਹੀਂ)।

“ਸਿਖ ਮਤਿ ਸਭ ਬੁਧਿ ਤੁਮਾੑਰੀ ਮੰਦਰਿ ਛਾਵਾ ਤੇਰੇ॥

ਤੁਝੁ ਬਿਨੁ ਅਵਰੁ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ॥” ਬਿਲਾਵਲ ਮ: ੧

ਭਾਵ: ਹੇ ਮੇਰੇ ਸਾਹਿਬ! ਸਾਡੀ ਸਮੁੱਚੀ ਹੋਂਦ -ਮਨ ਅਤੇ ਤਨ- ਅਤੇ (ਇਸ ਵਿੱਚ ਜੋ) ਸਿਖਿਆ, ਗਿਆਨ ਤੇ ਬੁਧਿ ਹੈ, ਉਹ ਵੀ ਤੇਰੀ ਬਖ਼ਸ਼ਿਸ਼ ਹੀ ਹੈ। (ਕਿਉਂਕਿ ਤੂੰ ਹੀ ਜੀਵਾਂ ਦੀ ਸਮੁੱਚੀ ਹੋਂਦ ਦਾ ਮਾਲਿਕ ਹੈਂ ਇਸ ਲਈ) ਮੈਂ ਤੇਰੇ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਸਿਆਣਦਾ; ਅਤੇ, ਸਦਾ ਤੇਰੀ ਸਿਫ਼ਤ-ਸਾਲਾਹ ਵਿੱਚ ਹੀ ਲੀਨ ਰਹਿੰਦਾ ਹਾਂ।

“ਮੈ ਅੰਧੁਲੇ ਹਰਿ ਨਾਮੁ ਲਕੁਟੀ ਟੋਹਣੀ॥

ਰਹਉ ਸਾਹਿਬ ਕੀ ਟੇਕ ਨ ਮੋਹੈ ਮੋਹਣੀ॥” ਸੂਹੀ ਮ: ੧

ਭਾਵ: (ਮੋਹ ਮਾਇਆ ਤੇ ਤ੍ਰਿਸ਼ਨਾ ਵਿੱਚ ਭਟਕੇ ਹੋਏ) ਮੇਰਾ ਅੰਨ੍ਹੇ ਦਾ ਹਰਿ-ਨਾਮ-ਸਿਮਰਨ ਹੀ ਪਥ-ਪਰਦਰਸ਼ਕ (ਟੋਹਣੀ) ਹੈ। ਮੈਂ ਹਮੇਸ਼ਾ ਹਰਿ-ਸਰਨਿ ਰਹਿੰਦਾ ਹਾਂ, ਇਸ ਲਈ ਕੁਲੱਖਣੀ ਮਾਇਆ ਮੈਨੂੰ ਕੁਰਾਹੇ ਨਹੀਂ ਪਾ ਸਕਦੀ।

“ਹਮ ਮਸਕੀਨ ਖੁਦਾਈ ਬੰਦੇ, ਤੁਮ ਰਾਜਸੁ ਮਨਿ ਭਾਵੇ॥

ਅਲਹ ਅਵਲਿ ਦੀਨ ਕੋ ਸਾਹਿਬੁ, ਜੋਰੁ ਨਹੀ ਫੁਰਮਾਵੈ॥

ਕਾਜੀ, ਬੋਲਿਆ ਬਨ ਨਹੀ ਆਵੈ॥” ਆਸਾ ਕਬੀਰ ਜੀ

ਭਾਵ: (ਕਬੀਰ ਜੀ ਕਾਜ਼ੀ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ) ਅਸੀਂ ਵੀ (ਤੁਹਾਡੇ ਵਾਂਗ) ਰੱਬ ਦੇ ਬਣਾਏ ਨਿਮਾਣੇ ਜਿਹੇ ਬੰਦੇ ਹਾਂ। (ਪਰ ਸਾਡੇ ਅਤੇ ਤੁਹਾਡੇ ਵਿੱਚ ਇਹ ਫ਼ਰਕ ਹੈ ਕਿ) ਤੁਸਾਂਨੂੰ (ਰੱਬ ਦੇ ਨਾਂ ਤੇ) ਹੋਰਾਂ ਉਤੇ ਹੁਕਮ ਚਲਾਉਣਾ ਚੰਗਾ ਲੱਗਦਾ ਹੈ। ਦੀਨ/ਧਰਮ ਦਾ ਮੂਲ ਅਤੇ ਮਾਲਿਕ/ਸਾਹਿਬ ਤਾਂ ਅਲ੍ਹਾ ਆਪ ਹੈ; ਅਤੇ, ਉਸ ਦੇ ਬੰਦਿਆਂ ਤੇ (ਅਲ੍ਹਾ ਤੇ ਮਜ਼ਹਬ ਦੇ ਨਾਂ ਤੇ) ਜ਼ੋਰ ਅਤੇ ਧੱਕਾ ਕਰਨਾਂ ਉਸ ਦਾ ਹੁਕਮ ਨਹੀਂ। ਇਸ ਲਈ ਐ ਕਾਜ਼ੀ! ਤੇਰੀਆਂ (ਦੀਨ ਦੇ ਨਾਂ ਤੇ ਰੱਬ ਦੀ ਰਿਆਇਆ ਨਾਲ ਕੀਤੀਆਂ ਧੱਕੇ ਜ਼ੋਰੀ ਅਤੇ ਠੱਗੀ ਦੀਆਂ) ਗੱਲਾਂ ਜਚਦੀਆਂ ਨਹੀਂ। (ਗੁਰਮਤਿ ਦੇ ਖੇਖਣਹਾਰੇ ਸਰਪਰਸਤਾਂ ਤੇ ਵੀ ਇਹ ਹੁਕਮ ਲਾਗੂ ਹੋਣਾ ਚਾਹੀਦਾ ਹੈ)।

ਉਪਰੋਕਤ ਗੁਰਬਾਣੀ-ਵਿਚਾਰ ਦਾ ਸਰਲ ਸਾਰੰਸ਼:-

ਧਰਮ ਦੇ ਸੰਧਰਬ ਵਿੱਚ ‘ਸਾਹਿਬ’ ਕੇਵਲ ਇੱਕ ਅਕਾਲਪੁਰਖ ਹੈ। ਕੋਈ ਹੋਰ ਸਾਹਿਬ ਅਖਵਾਉਣ ਦਾ ਅਧਿਕਾਰੀ ਨਹੀਂ। ਉਹ ਸਭਨਾਂ-ਸਾਹਿਬ ਸਿਰਜਨਹਾਰ, ਪਾਲਣਹਾਰ, ਅਤੇ ਨਿਆਂਕਾਰ ਹੈ। ਤ੍ਰੈਗੁਣਾਤੀਤ ਹੋਣ ਦੇ ਬਾਵਜੂਦ ਉਹ ਸਾਹਿਬ ਸਰਬ-ਵਿਆਪਕ (omnipresent), ਸਰਬ-ਸ਼ਕਤੀਮਾਨ (omnipotent) ਅਤੇ, ਸਰਬ-ਗਿਆਨੀ (omniscient) ਹੈ। ਉਹ ਪਰਮ ਕ੍ਰਿਪਾਲੂ, ਅਤੇ ਮਿਹਰਾਂ ਬਖ਼ਸ਼ਿਸ਼ਾਂ ਦਾ ਅਥਾਹ ਸਾਗਰ ਹੈ। ਸਿਰਫ਼ ਉਹ ਸਾਹਿਬ ਹੀ ਮੁਕਤਿ-ਦਾਤਾ ਹੈ। ਇਸ ਲਈ ਕੇਵਲ ਉਸੇ ਸਾਹਿਬ ਦੀ ਸੇਵਾ-ਭਗਤੀ ਕਰਨੀ ਲੋੜੀਏ। …. . ਅਦਿ ਆਦਿ।

ਹੁਣ ਅਸੀਂ ਇਹ ਦੇਖਣਾ ਹੈ ਕਿ ਕੀ ਅਸੀਂ ਉਪਰੋਕਤ ਗੁਰ-ਹੁਕਮਾਂ ਨੂੰ ਸਿਰ ਮੱਥੇ ਮੰਨਦੇ ਹਾਂ ਕਿ ਨਹੀਂ? ਬਿਨਾਂ ਸ਼ੱਕ, ਇਸ ਦਾ ਉਤੱਰ ਹੈ, ਨਹੀਂ!

ਅਸੀਂ ਗੁਰੂ ਜੀਆਂ ਅਤੇ ਮਹਾਂਪੁਰਖਾਂ ਲਈ ਸਾਹਿਬ ਸ਼ਬਦ ਵਰਤਦੇ ਹਾਂ। ਜੇ ਅਸੀਂ ਇਉਂ ਨਹੀਂ ਕਰਦੇ ਤਾਂ ਸਾਨੂੰ ਆਪਣੇ ਆਪ ਨੂੰ ਚੰਗਾ ਨਹੀਂ ਲਗਦਾ, ਅਸੀਂ ਆਪਣੇ ਆਪ ਨੂੰ ਅਧਰਮੀ/ਪਾਪੀ ਸਮਝਦੇ ਹਾਂ। ਕਈ ਸਜਨ ਤਾਂ ਦੈਵੀ ਪੁਰਸ਼ਾਂ ਵਾਸਤੇ ਸਾਹਿਬ ਪਦ ਨਾਂਹ ਵਰਤਨ ਕਾਰਣ ਅੱਗ-ਭਬੂਕਾ ਹੋ ਜਾਂਦੇ ਹਨ ਕਿ ਸਾਨੂੰ ਗੁਰੁ ਜੀਆਂ ਦਾ ਸਤਿਕਾਰ ਕਰਨਾਂ ਨਹੀਂ ਆਉਂਦਾ। ਇਸ ਦਾ ਕਾਰਣ ਸਾਡੇ ਮਨਾਂ ਵਿੱਚ ਪੈਦਾ ਕੀਤਾ ਗਿਆ ਅੰਧਵਿਸ਼ਵਾਸ ਅਤੇ ਅਗਿਆਨਤਾ ਹੈ। ਆਓ ਇਸ ਨੁਕਤੇ ਨੂੰ ਗੁਰਬਾਣੀ ਦੀ ਰੌਸ਼ਨੀ ਵਿੱਚ ਵਿਵੇਕ ਨਾਲ ਵਿਚਾਰੀਏ:-

ਜੇ ਅਸੀਂ ਇੱਕ ਅਕਾਲਪੁਰਖ ਤੋਂ ਬਿਨਾਂ ਕਿਸੇ ਵੀ ਹੋਰ ਹੋਂਦ/ਹਸਤੀ ਲਈ ਸਾਹਿਬ ਪਦ ਵਰਤਦੇ ਹਾਂ ਤਾਂ ਗੁਰ-ਹੁਕਮ ਦੀ ਅਵੱਗਿਆ ਹੈ।

ਗੁਰੂ ਸਾਡਾ ਸਤਿਕਾਰਯੋਗ, ਪੂਜਯ ਪਥ-ਪ੍ਰਦਰਸ਼ਕ ਹੈ; ਪਰ, ਸਾਡੀ ਹੋਂਦ ਦਾ ਸਾਹਿਬ/ਮਾਲਿਕ ਨਹੀਂ।

ਗੁਰੂਆਂ ਨੇਂ ਸਾਰੀ ਬਾਣੀ ਵਿੱਚ ਸਾਹਿਬ ਕੇਵਲ ਪਰਮਾਤਮਾ ਲਈ ਹੀ ਵਰਤਿਆ ਹੈ; ਕਿਸੇ ਹੋਰ ਜੀਵ/ਵਸਤੂ ਲਈ ਨਹੀਂ।

ਜੇ ਗੁਰੂ ਜੀਆਂ ਅਤੇ ਦੈਵੀ ਪੁਰਸ਼ਾਂ ਦੇ ਨਾਂਵਾਂ ਨਾਲ ਸਾਹਿਬ ਪਦ ਨਾਂ ਜੋੜਨ ਨਾਲ ਉਨ੍ਹਾਂ ਦਾ ਅਪਮਾਨ ਹੁੰਦਾ ਹੈ, ਤਾਂ ਕੀ ਪ੍ਰਭੂ ਦੇ ਨਾਂਵਾਂ ਨਾਲ ਸਾਹਿਬ ਪਦ ਨਾਂਹ ਜੋੜ ਕੇ ਅਸੀਂ ਪ੍ਰਭੂ ਦਾ ਅਪਮਾਨ ਕਰਦੇ ਹਾਂ? ਕਦੇ ਵੀ ਕਿਸੇ ਨੂੰ ਵੀ ਕਹਿੰਦੇ ਨਹੀਂ ਸੁਣਿਆਂ: ਪ੍ਰਭੁ ਸਾਹਿਬ, ਭਗਵਾਨ ਸਾਹਿਬ, ਹਰਿ ਸਾਹਿਬ, ਰੱਬ ਸਾਹਿਬ, ਅਲ੍ਹਾ ਸਾਹਿਬ, ਖ਼ੁਦਾ ਸਾਹਿਬ, ਵਾਹਿਗੁਰੂ ਸਾਹਿਬ ਅਦਿ ਆਦਿ! ! ਗੁਰਬਾਣੀ ਵਿੱਚ ਪ੍ਰਭੂ ਨੂੰ ਤੂੰ, ਤੈ, ਤੇਰਾ, ਤੇਰੀ ਆਦਿ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਕੀ ਇਸ ਵਿੱਚ ਪ੍ਰਭੂ ਦੀ ਬੇ-ਅਦਬੀ ਹੈ? ਭੱਟਾਂ ਨੇਂ ਗੁਰੂਆਂ ਨੂੰ ਉਨ੍ਹਾਂ ਦੇ ਨਾਂਵਾਂ ਨਾਲ ਸੰਬੋਧਨ ਕੀਤਾ ਹੈ, ਕੀ ਇਸ ਵਿੱਚ ਗੁਰੂਆਂ ਦਾ ਨਿਰਾਦਰ ਹੈ?

ਕਈ ਨਾਂਵ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਭਾਵਅਰਥਾਂ ਵਿੱਚ ਹੀ ਆਦਰ ਸਤਿਕਾਰ ਰਚਿਆ ਹੁੰਦਾ ਹੈ। ਪਰਮਾਤਮਾ ਦੇ ਅਨੇਕ ਨਾਮ ਅਤੇ ਗੁਰੂਆਂ, ਪੀਰਾਂ, ਮਹਾਂਪੁਰਖਾਂ ਦੇ ਆਮ/ਖ਼ਾਸ ਨਾਮ ਸਤਿਕਾਰ-ਯੁਕਤ ਹਨ। ਇਸ ਲਈ ਜੇ ਇਨ੍ਹਾਂ ਦੇ ਨਾਂਵਾਂ ਨਾਲ ਸਾਹਿਬ ਜਾਂ ਜੀ ਨਹੀਂ ਵੀ ਵਰਤਿਆ ਗਿਆ ਤਾਂ ਇਸ ਨੂੰ ਅਪਮਾਨ-ਸੂਚਕ ਨਹੀਂ ਸਮਝਣਾ ਚਾਹੀਦਾ।

ਉਂਨ੍ਹੀਵੀਂ, ਵੀਹਵੀਂ ਅਤੇ ਹੁਣ ਇੱਕੀਵੀਂ ਸਦੀ ਵਿੱਚ, ਧਰਮ ਦਾ ਵਪਾਰੀਕਰਣ ਕਰਨ ਵਾਲੇ ਮਾਇਆ-ਧਾਰੀ ਮਲਿਕ ਭਾਗੋਆਂ ਨੇ ਆਪਣੇ ਮਇਕ ਮਤਲਬਾਂ ਲਈ ‘ਸਾਹਿਬ’ ਜਿਹੇ ਪਵਿੱਤ-ਪੁਨੀਤ ਪਦ ਨੂੰ ਇੱਕ ਤੋਂ ਅਨੇਕ ਬਣਾ ਦਿੱਤਾ। ਗੁਰਮੱਤ ਅਨੁਸਾਰ ‘ਸਾਹਿਬ’ (ਪ੍ਰਭੁ) ਸਾਡਾ ਇੱਕੋ ਇੱਕ, ਅਦੁੱਤੀ ਇਸ਼ਟ/ਪੂਜਯ ਹੈ। ਇਸ ਇਸ਼ਟ ਪ੍ਰਤਿ ਸਾਡੇ ਹਿਰਦਿਆਂ ਵਿੱਚ ਅਥਾਹ ਸ਼੍ਰਧਾ ਤੇ ਯਕੀਨ ਹੈ। ਸਾਡੇ ਸੱਚੇ ਵਿਸ਼ਵਾਸ ਨੂੰ ਸਾਡੀ ਮਾਨਸਿਕ ਕਮਜ਼ੋਰੀ ਬਣਾਉਣ ਵਿੱਚ ਠੱਗਾਂ ਦਾ ਟੋਲਾ ਸਫ਼ਲ ਰਿਹਾ ਹੈ। ਉਹ ‘ਸਾਹਿਬ’ ਨੂੰ ਧਿਆਨ-ਖਿੱਚੂ ਸ਼ਬਦ (catch word) ਦੇ ਤੌਰ ਤੇ ਵਰਤਦੇ ਹਨ। ਅਸੀਂ, ਅਗਿਆਨਤਾ ਅਤੇ ਅੰਧਵਿਸ਼ਵਾਸ ਦੇ ਅੰਧੇਰੇ ਵਿੱਚ ਭਟਕੇ ਹੋਏ, ਜਿੱਧਰ ਸਾਹਿਬ ਦਿਖਾਈ ਦੇਵੇ ਉਧੱਰ ਖਿਚੇ ਤੁਰੇ ਚਲੇ ਜਾਂਦੇ ਹਾਂ; ਅਤੇ, ਖੇਖਣਹਾਰਿਆਂ ਦੇ ਬਣਾਏ ਝੂਠੇ ਸਾਹਿਬਾਂ ਨੂੰ ਆਪਣਾ ਸਤਿਕਾਰ ਤੇ ਮਾਇਆ ਭੇਟ ਕਰੀ ਜਾਂਦੇ ਹਾਂ। ਸਾਡੀ ਸਾਹਿਬਾਂ ਦੇ ਨਾਂ ਭੇਟ ਕੀਤੀ ਮਾਇਆ ਨਾਲ ਭੇਖੀ ਠੱਗਾਂ ਦੀ ਮੰਡਲੀ ਮੌਜ ਮੇਲਾ ਕਰਦੀ ਹੈ।

ਆਓ, ਹੁਣ ਜ਼ਰਾ ਝੂਠੇ ਸਾਹਿਬਾਂ ਬਾਰੇ ਵਿਚਾਰ ਕਰੀਏ:-

ਸੱਭ ਤੋਂ ਪਹਿਲਾਂ ਮਖੱਟੂ ਟੋਲੇ ਦਾ ਵਰਣਨ ਜ਼ਰੂਰੀ ਹੈ ਜੋ ਸੱਚੇ ਸਾਹਿਬ ਦੇ ਘਰ ਦਾ ਸਾਹਿਬ ਬਣਿਆ ਹੋਇਆ ਹੈ। ਇਹ ਸਾਰੇ ਹੱਡ-ਰੱਖ ਆਪਣੇ ਆਪ ਨੂੰ ਸਾਹਿਬ ਆਖਦੇ ਅਤੇ ਅਖਵਾਉਂਦੇ ਹਨ। ਇਹ ਹਨ: ਜਥੇਦਾਰ ਸਾਹਿਬ, ਸਿੰਘ ਸਾਹਿਬ, ਨਿਹੰਗ ਸਾਹਿਬ, ਭਾਈ ਸਾਹਿਬ, ਗ੍ਰੰਥੀ ਸਾਹਿਬ, ਕੀਰਤਨੀਏ ਸਾਹਿਬ, ਅਤੇ ਪ੍ਰਚਾਰਕ ਸਾਹਿਬ ……ਆਦਿ। ਸਾਹਿਬ ਦੇ ਘਰਾਂ ਦੀਆਂ ਗੋਲਕ ਪ੍ਰਬੰਧਕ ਕਮੇਟੀਆਂ ਦੇ ਮੈਂਬਰ: ਪ੍ਰਧਾਨ ਸਾਹਿਬ, ਸਕੱਤਰ ਸਾਹਿਬ, ਖ਼ਜ਼ਾਨਚੀ ਸਾਹਿਬ………. ਆਦਿ।

ਇੱਥੇ ਹੀ ਬੱਸ ਨਹੀਂ, ਇਨ੍ਹਾਂ ਨੇ ਗੁਰੂ ਘਰਾਂ ਦੇ ਮਾਹੋਲ ਅਤੇ ਆਲੇ ਦੁਆਲੇ ਨੂੰ ਝੂਠੇ ਸਾਹਿਬਾਂ ਨਾਲ ਭਰਪੂਰ ਕਰ ਦਿੱਤਾ ਹੈ। ਗੁਰੂ (ਗ੍ਰੰਥ) ਨਾਲ ਸੰਬੰਧਿਤ ਹਰ ਚੀਜ਼ ਸਾਹਿਬ ਬਣਾ ਦਿੱਤੀ ਗਈ ਹੈ। ਗੁਰੂਦਵਾਰਿਆਂ ਦਾ ਸਾਰਾ ਸਾਜ਼-ਸਾਮਾਨ ਸਾਹਿਬ ਨਾਲ ਸਜਾ ਦਿੱਤਾ ਗਿਆ ਹੈ। ਜਿਵੇਂ ਕਿ:-ਗੁਰੁਦਵਾਰਾ ਸਾਹਿਬ, ਪੋਥੀ/ਗ੍ਰੰਥ/ਬੀੜ ਸਾਹਿਬ, ਥੜ੍ਹਾ ਸਾਹਿਬ, ਪੀੜ੍ਹਾ/ਮੰਜੀ ਸਾਹਿਬ, ਪਾਲਕੀ ਸਾਹਿਬ, ਚੰਦੋਆ/ਚਾਂਦਨੀ ਸਾਹਿਬ, ਚੌਰ ਸਾਹਿਬ, ਨਿਸ਼ਾਨ ਸਾਹਿਬ………. ਆਦਿ।

ਚੋਣਵੀਆਂ ਬਾਣੀਆਂ: ਜਪੁ ਸਾਹਿਬ, ਸੁਖਮਨੀ ਸਾਹਿਬ, ਅਨੰਦ ਸਾਹਿਬ, ਰਹਿਰਾਸ ਸਾਹਿਬ…. . । ਜਿਹੜੀਆਂ ਬਾਣੀਆਂ ਗੁ: ਗ੍ਰੰਥ ਵਿੱਚ ਨਹੀਂ ਉਹ ਵੀ ਸਾਹਿਬ ਬਣਾ ਦਿੱਤੀਆਂ ਗਈਆਂ ਹਨ: ਜਾਪ ਸਾਹਿਬ, ਚੌਪਈ ਸਾਹਿਬ ਆਦਿ। (ਇੱਥੇ ਦੋ ਸ਼ੰਕੇ ਵਿਚਾਰਣਯੋਗ ਹਨ। ਇੱਕ ਤਾਂ ਇਹ ਕਿ ਸਾਰੀਆਂ ਬਾਣੀਆਂ ਸਾਹਿਬ ਕਿਉਂ ਨਹੀਂ? ਦੂਸਰਾ, ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਗੁਰਬਾਣੀ ਵਿੱਚ ਇੱਕ ਵੀ ਅੱਖਰ ਦੀ ਵਾਧ ਘਾਟ ਅਣਉਚਿਤ ਹੈ, ਬਾਣੀ ਦਾ ਅਪਮਾਨ ਹੈ! ! !)

ਝਾੜੀਆਂ, ਬੂਟੇ, ਰੁੱਖ ਆਦਿ ਵੀ ਸਾਹਿਬ ਪਦ ਨਾਲ ਸ਼ਿੰਗਾਰੇ ਗਏ: ਝਾੜ ਸਾਹਿਬ, ਬੜ ਸਾਹਿਬ, ਪਿਪਲੀ ਸਾਹਿਬ, ਟਾਹਲੀ ਸਾਹਿਬ, ਬੇਰ ਸਾਹਿਬ, ਜੰਡ ਸਾਹਿਬ……। ਪਿੰਡ, ਗ੍ਰਾਂਅ, ਸ਼ਹਿਰ: ਚਮਕੌਰ ਸਾਹਿਬ, ਅਨੰਦਪੁਰ ਸਾਹਿਬ, ਪਟਨਾਂ ਸਾਹਿਬ, ਪਾਂਉਂਟਾ ਸਾਹਿਬ, ਪੰਜਾ ਸਾਹਿਬ, ਨੰਦੇੜ ਸਾਹਿਬ……. . ਆਦਿ। ਡੇਰਾ-ਅਸਥਾਨ ਵੀ ਸਾਹਿਬ: ਭੈਣੀ ਸਾਹਿਬ, ਮਸਤੂਆਣਾ ਸਾਹਿਬ, ਰਾੜਾ ਸਾਹਿਬ, ਬੜੂ ਸਾਹਿਬ………ਆਦਿ। ਕਈ ਅਜਿਹੇ ਨਿਗੁਣੇ ਨਾਂਵਾਂ ਨਾਲ ਸਾਹਿਬ ਗੁੰਦਿਆ ਗਿਆ ਹੈ ਕਿ ਬੋਲਿਆਂ ਆਪਣੇ ਆਪ ਤੇ ਹਾਸਾ ਆਉਂਦਾ ਹੈ, ਜਿਵੇਂ:- ਧੂਣਾ ਸਾਹਿਬ, ਭੋਰਾ ਸਾਹਿਬ, ਭੰਡਾਰਾ ਸਾਹਿਬ, ਦਾਤਣ ਸਾਹਿਬ, ਬਾਉਲੀ ਸਾਹਿਬ……. !

ਸੰਖੇਪ ਵਿੱਚ, ਮਾਇਆ-ਮਾਰੇ, ਹਉਮੈ-ਗਾਲੇ, ਵਿਕਾਰੀ, ਝੂਠੇ ਸਾਹਿਬਾਂ ਨੇਂ ਨਾਸ਼ਮਾਨ ਨਿਗੁਣੇ ਸਾਹਿਬਾਂ ਦੀ ਇਤਨੀ ਧੂੜ ਉਡਾਈ ਹੈ ਕਿ ਸੱਚਾ ਸਾਹਿਬ ਕਿਧਰੇ ਨਜ਼ਰ ਨਹੀਂ ਆਉਂਦਾ! ! ! ! !

ਜਿਤਨੀ ਅੰਨ੍ਹੀਂ ਤੇ ਝੂਠੀ ਸ਼ੱ੍ਰਧਾ ਅਤੇ ਅਗਿਆਨਤਾ, ਉਤਨਾਂ ਹੀ ਜ਼ਿਆਦਾ ਢੌਂਗ ਅਤੇ ਦਿਖਾਵਾ; ਜਿਨਾਂ ਹਾਰਦਿਕ ਤੇ ਸੱਚਾ ਵਿਸ਼ਵਾਸ, ਓਨਾਂ ਹੀ ਦਿਖਾਵੇ ਅਤੇ ਲੋਕਾਚਾਰ ਦਾ ਅਭਾਵ। ਇਹ ਮਾਨਵ ਸੁਭਾ ਦੀ ਅਟਲ ਸਚਾਈ ਹੈ।

“ਦੁਨੀਆਂ ਨ ਸਾਲਾਹਿ ਜੋ ਮਰਿ ਵੰਞਸੀ॥ ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ॥

ਵਾਹੁ ਮੇਰੇ ਸਾਹਿਬ ਵਾਹੁ॥ ਗੁਰਮੁਖਿ ਸਦਾ ਸਲਾਹੀਐ ਸਚਾ ਵੇਪਰਵਾਹੁ॥” ਸੂਹੀ ਮ: ੩

ਭਾਵ: ਦੁਨੀਆਂ (ਦੁਨਿਅਵੀ ਵਸਤੂਆਂ ਤੇ ਜੀਵ) ਨਾਸ਼ਮਾਨ ਹੈ, (ਇਸ ਲਈ) ਇਸ ਦੀ ਵਡਿਆਈ/ਉਪਾਸਨਾ ਕਰਨੀਂ ਉਚਿਤ ਨਹੀਂ। ਦੁਨਿਆਵੀ ਲੋਕਾਂ ਦਾ ਮਾਨ/ਸਨਮਾਨ ਵੀ ਵਿਅਰਥ ਹੈ, ਕਿਉਂਕਿ ਇਹ ਲੋਕ ਅੰਤ ਨੂੰ ਮਰ ਕੇ ਮਿੱਟੀ ਹੋ ਜਾਂਦੇ ਹਨ। ਹੇ ਮੇਰੇ ਸਾਹਿਬ (ਪ੍ਰਭੂ)! ਤੂੰ ਧੰਨ ਹੈਂ, ਤੂੰ (ਹੀ) ਸਾਲਾਹੁਣਯੋਗ ਹੈਂ। ਸਾਨੂੰ ਗੁਰ-ਉਪਦੇਸ ਅਨੁਸਾਰ ਉਸੇ ਸੱਚੇ ਸਾਹਿਬ ਦੇ ਹੀ ਗੁਣ ਗਾਉਣੇ ਚਾਹੀਦੇ ਹਨ ਜਿਹੜਾ ਸਦਾ ਸਲਾਮਤ ਹੈ, ਅਤੇ ਜਿਸ ਨੂੰ (ਸਰਬਸ਼ਕਤੀਮਾਨ ਹੋਣ ਕਰਕੇ) ਕਿਸੇ ਦੀ ਪਰਵਾਹ/ਮੁਥਾਜੀ ਨਹੀਂ।

“ਸਾਸਤੁ ਬੇਦੁ ਨ ਮਾਨੈ ਕੋਇ॥ ਆਪੋ ਆਪੈ ਪੂਜਾ ਹੋਇ॥” ਸਲੋਕ ਮ: ੧

ਭੁੱਲ ਚੁਕ ਲਈ ਖਿਮਾ ਦਾ ਜਾਚਕ

ਦਾਸ,

ਗੁਰਇੰਦਰ ਸਿੰਘ ਪਾਲ

ਦਸੰਬਰ 6, 2009.




.