ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਭਟਕਣਾ
ਘਰਵਾਲੀ ਨੇ ਸਵੇਰੇ ਪ੍ਰਸ਼ਾਦਾ ਪਾਣੀ
ਤਿਆਰ ਕਰਕੇ ਆਪਣੇ ਪਤੀ ਜੀ ਨੂੰ ਕੰਮ ਤੇ ਭੇਜਿਆ ਹੈ। ਪਤੀ ਜੀ ਵੀ ਆਪਣੇ ਪਰਵਾਰ ਸਬੰਧੀ ਪੂਰੀ
ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆ ਸਮੇਂ ਸਿਰ ਘਰ ਪਰਤ ਆਉਂਦੇ ਹਨ। ਇੱਕ ਦੂਜੇ ਪ੍ਰਤੀ ਪੂਰੀ ਵਫ਼ਾਦਾਰੀ
ਹੈ। ਕੁੱਝ ਸਮੇਂ ਤੋਂ ਪਤੀ ਜੀ ਘਰ ਵਿੱਚ ਲੇਟ ਆਉਣ ਲੱਗ ਪਏ। ਘਰ ਵਾਲੀ ਪੁੱਛਦੀ ਹੈ ਕਿ, “ਤੁਸੀਂ
ਲੇਟ ਕਿਉਂ ਆਏ ਹੋ” ? ਪਤੀ ਜੀ ਮਸਕਰਾ ਜੇਹਾ ਹਾਸਾ ਹੱਸਦਿਆਂ ਕਹਿੰਦੇ ਨੇ, “ਦਫਤਰੀ ਕੰਮ ਵਧ ਗਿਆ ਹੈ
ਤੇ ਸਾਹਿਬ ਨਹੀਂ ਸੀ ਗਏ ਇਸ ਲਈ ਮੈਨੂੰ ਬੈਠਣਾ ਪਿਆ”। ਭੋਲ਼ੀ ਘਰ ਵਾਲੀ ਮੰਨ ਗਈ। ਹੁਣ ਲੇਟ ਹੋਣ ਦਾ
ਸਿਲਸਲਾ ਵੱਧਦਾ ਹੀ ਜਾ ਰਿਹਾ ਸੀ ਤੇ ਨਾਲ ਦਾਰੂ ਦੀ ਸੜਹਾਂਦ ਵੀ ਆਉਣ ਲੱਗ ਪਈ। ਤਨਖਾਹ ਖੁਲ੍ਹੀ ਤੇ
ਉਪਰਲੀ ਕਮਾਈ ਵਾਧੂ ਹੋਣ ਕਰਕੇ ਪਤੀ ਜੀ ਬਾਹਰ ਵੀ ਮੂੰਹ ਮਾਰਨ ਲੱਗ ਪਏ। ਘਰ ਵਿੱਚ ਕਲੇਸ਼ ਰਹਿਣ ਲੱਗ
ਪਿਆ। ਕੁਦਰਤੀ ਦੂਸਰੇ ਦੋਸਤ ਦੀ ਘਰਵਾਲੀ ਮਿਲਣ ਲਈ ਆਈ ਤਾਂ ਉਹ ਪੁੱਛਦੀ ਹੈ, ਕਿ ‘ਭਾਈ ਸਾਹਿਬ ਜੀ
ਕੰਮ ਤੋਂ ਨਹੀਂ ਪਰਤੇ’ ਦੂਜੀ ਭੈਣ ਉੱਤਰ ਦੇਂਦੀ ਹੈ, ਕਿ ‘ਭੈਣਾ ਉਹ ਭਟਕ ਗਏ ਹਨ’। ਭਾਵ ਆਪਣੀ
ਪਰਵਾਰਕ ਜ਼ਿੰਦਗੀ ਦੀ ਲੀਹ ਤੋਂ ਲਹਿ ਗਏ ਹਨ।
ਦੂਰ-ਅੰਦੇਸ਼ੀ ਮੁਲਕਾਂ ਵਿੱਚ ਹਰ ਸੜਕ `ਤੇ ਪੂਰੇ ਸਾਈਨ ਬੋਰਡ ਲੱਗੇ ਹੋਏ ਹਨ ਕਿ ਆਮ ਸ਼ਹਿਰੀ ਕਿਤੇ
ਰਾਹ ਖਹਿੜੇ ਤੋਂ ਭਟਕ ਨਾ ਜਾਏ। ਹੁਣ ਤਾਂ ਜੀ. ਪੀ. ਐਸ. ਦੀ ਕਾਢ ਨੇ ਬਿਲਕੁਲ ਮਨੁੱਖ ਨੂੰ ਭਟਕਣਾ
ਤੋਂ ਬਚਾ ਲਿਆ ਹੈ। ਪਰ ਫਿਰ ਵੀ ਰਾਹ ਤੋਂ ਭਟਕੇ ਹੋਏ ਮਨੁੱਖ ਟੱਕਰਾਂ ਮਾਰਦੇ ਹੀ ਨਜ਼ਰ ਆਉਣਗੇ।
ਸਮੁੰਦਰੀ ਜਹਾਜ਼ ਦੀ ਕੰਪਾਸ ਕੰਮ ਕਰਨਾ ਬੰਦ ਕਰ ਦਏ ਤਾਂ ਉਹ ਬੇੜਾ ਸਮੁੰਦਰ ਦੇ ਘੋਤੇ ਖਾਣ ਜੋਗਾ ਹੀ
ਰਹਿ ਜਾਂਦਾ ਹੈ।
ਵਿਕੀਆਂ ਹੋਈਆਂ ਕਲਮਾਂ ਵਕਤੀ ਸੋਹਲੇ ਗਾਉਣ ਜੋਗੀਆਂ ਰਹਿ ਜਾਂਦੀਆਂ ਹਨ। ਆਪਣੀ ਉਮਤ ਨੂੰ ਰਾਹ
ਦਿਖਾਉਣ ਦੀ ਬਜਾਏ ਭਟਕਾਅ ਦੇਣ ਵਿੱਚ ਪੂਰਾ ਜੋਗਦਾਨ ਪਾ ਦੇਂਦੀਆਂ ਹਨ। ਰਾਹ ਤੋਂ ਭਟਕਿਆ ਹੋਇਆ
ਡਾਕਟਰ ਨਕਲੀ ਦਵਾਈਆਂ ਬਣਾ ਬਣਾ ਕੇ ਆਪਣੀਆਂ ਬੁਰਜੀਆਂ ਤਾਂ ਉੱਚੀਆਂ ਕਰ ਲਏਗਾ ਪਰ ਕਈ ਭੈਣਾਂ ਦੇ
ਵੀਰ, ਜਵਾਨ ਪਤਨੀਆਂ ਦੇ ਪਤੀ, ਬੁੱਢੇ ਮਾਂ ਪਿਓ ਦੀ ਡੰਗੋਰੀ ਜਵਾਨ ਸਾਡੀਆਂ ਅੱਖਾਂ ਸਾਹਮਣੇ ਸਦਾ ਲਈ
ਚਲੇ ਜਾਂਦੇ ਹਨ।
ਗੁਰਬਾਣੀ ਵਿਚਾਰ ਨੇ ਹਰ ਖੇਤਰ ਵਿੱਚ ਭਟਕੇ ਹੋਏ ਮਨੁੱਖਾਂ ਨੂੰ ਨਵਾਂ ਜੀਵਨ ਦਿੱਤਾ ਹੈ। ਧਰਮ ਦੀ
ਦੁਨੀਆਂ ਵਿੱਚ ਭਟਕਿਆ ਹੋਇਆ ਮਨੁੱਖ ਅੰਧਵਿਸ਼ਵਾਸੀ ਤੇ ਪੂਰਾ ਪੂਰਾ ਕਰਮ ਕਾਂਡੀ ਬਣ ਜਾਂਦਾ ਹੈ। ਧਰਮ
ਦੇ ਨਾਂ `ਤੇ ਭਟਕੇ ਹੋਏ ਮਨੁੱਖ ਨੂੰ ਨਵੀਂ ਸੇਧ ਦੇਂਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ
ਮਿੱਤਰੋ ਵਰਤ ਰੱਖਣੇ, ਤੀਰਥਾਂ `ਤੇ ਇਸ਼ਨਾਨ ਕਰ ਲੈਣਾ, ਤਿਲਕ ਲਗਾ ਲੈਣਾ, ਮਾਲ਼ਾ ਘੁਮਾ ਲੈਣੀ ਸਿਰਫ
ਭਟਕਣਾ ਹੀ ਹੈ। ਜੀਵਨ ਦੀ ਸੰਪੂਰਨਤਾ ਨਾਲ ਇਹਨਾਂ ਦਾ ਕੋਈ ਵਾਹ-ਵਾਸਤਾ ਨਹੀਂ ਹੈ। ਪੁਜਾਰੀ ਦੀ ਇਸ
ਘੁੰਮਣ ਘੇਰੀ ਵਿੱਚ ਪਿਆ ਹੋਇਆ ਮਨੁੱਖ ਕਿਸੇ ਵੀ ਮੰਜ਼ਿਲ `ਤੇ ਨਹੀਂ ਪਹੁੰਚ ਸਕਦਾ—
ਸਚੁ ਵਰਤੁ, ਸੰਤੋਖੁ ਤੀਰਥੁ, ਗਿਆਨੁ ਧਿਆਨੁ ਇਸਨਾਨੁ॥
ਦਇਆ ਦੇਵਤਾ, ਖਿਮਾ ਜਪਮਾਲੀ, ਤੇ ਮਾਣਸ ਪਰਧਾਨ॥
ਜੁਗਤਿ ਧੋਤੀ, ਸੁਰਤਿ ਚਉਕਾ, ਤਿਲਕੁ ਕਰਣੀ ਹੋਇ॥
ਭਾਉ ਭੋਜਨੁ ਨਾਨਕਾ, ਵਿਰਲਾ ਤ ਕੋਈ ਕੋਇ॥ 1॥
ਸਲੋਕ ਮ: ੧ ਪੰਨਾ ੧੨੪੫
ਪਹਿਲਾ ਨੁਕਤਾ ਕਿ ਵਰਤ ਰੱਖਿਆਂ ਰੱਬ ਜੀ ਨਾਲ ਬਹੁਤ ਛੇਤੀ ਮਿਲਾਪ ਹੋ ਜਾਏਗਾ। ਦੂਸਰਾ ਬੀਬੀਆਂ ਵਰਤ
ਇਸ ਲਈ ਰੱਖਦੀਆਂ ਹਨ ਸਾਡੇ ਪਤੀ-ਪ੍ਰਮੇਸ਼ਰ ਦੀ ਉੱਮਰ ਵੱਡੀ ਹੋ ਜਾਏਗੀ। ਕਦੀ ਕਿਸੇ ਪਤੀ ਸਾਹਿਬ ਜੀ
ਨੇ ਵਰਤ ਨਹੀਂ ਰੱਖਿਆ ਕਿ ਸਾਡੀ ਘਰਵਾਲੀ ਦੀ ਉੱਮਰ ਵੀ ਵੱਡੀ ਹੋ ਜਾਏ। ਗੁਰੂ ਸਾਹਿਬ ਜੀ ਫਰਮਾ ਰਹੇ
ਹਨ ਕਿ ਭਲਿਆ ਰੋਟੀ ਦਾ ਤਿਆਗ ਵਰਤ ਨਹੀਂ ਹੈ। ਜੇ ਵਰਤ ਰੱਖਣਾ ਹੀ ਤਾਂ ਆ ਮੈਂ ਤੈਨੂੰ ਸਮਝਾ ਦੇਂਦਾ
ਹਾਂ ਕਿ ਵਰਤ ਕਿਹੜਾ ਰੱਖਣਾ ਹੈ? ਸੱਚ ਬੋਲਣ ਦਾ ਵਰਤ ਰੱਖ, ਭਾਵ ਕਿ ਮੈਂ ਝੂਠ ਨਹੀਂ ਖਾਣਾ ਜਨੀ ਕਿ
ਝੂਠ ਬੋਲਣਾ ਨਹੀਂ ਹੈ। ਅਸੀਂ ਗੱਲ ਗੱਲ `ਤੇ ਝੂਠ ਮਾਰਨ ਦਾ ਹਮੇਸ਼ਾਂ ਯਤਨ ਕਰਦੇ ਰਹਿੰਦੇ ਹਾਂ। ਮੰਨ
ਲਓ ਕਿਸੇ ਦਫ਼ਤਰ ਵਿੱਚ ਸੂਝਵਾਨ ਕਲਰਕ ਨੂੰ ਕੋਈ ਆਦਮੀ ਗਲਤ ਕੰਮ ਕਰਣਾਉ ਦੇ ਪੈਸੇ ਦੇ ਰਿਹਾ ਹੈ ਤਾਂ
ਅੱਗੋਂ ਸਿਆਣਾ ਕਲਰਕ ਕਹਿੰਦਾ ਹੈ ਕਿ ਭਾਅ ਜੀ ਮੈਂ ਅਜੇਹੇ ਪੈਸੇ ਲੈਣ ਤੋਂ ਵਰਤ ਰੱਖਿਆ ਹੋਇਆ ਹੈ।
ਵਰਤ ਰੱਖਣ ਵਾਲੀਆਂ ਬੀਬੀਆਂ ਜਾਂ ਬੀਬੇ ਨੇ ਘੱਟੋ ਘੱਟੋ ਇੱਕ ਪ੍ਰਣ ਤਾਂ ਕੀਤਾ ਹੀ ਹੁੰਦਾ ਹੈ ਕਿ
ਅਸੀਂ ਸਾਰਾ ਦਿਨ ਪਾਣੀ ਤੋਂ ਬਿਨਾਂ ਕੁੱਝ ਵੀ ਮੂੰਹ ਨੂੰ ਲਾਉਣਾ। ਇੰਜ ਹੀ ਹਰ ਮਨੁੱਖ ਸਚਾਈ ਨੂੰ
ਵਰਤਦਾ ਹੋਇਆ ਇਹ ਪ੍ਰਣ ਕਰੇ ਕਿ ਮੈਂ ਝੂਠ, ਫਰੇਬ, ਠੱਗੀ-ਠੋਰੀ, ਧੱਕਾ, ਚੋਰੀ-ਜਾਰੀ ਨੂੰ ਸਦਾ ਲਈ
ਛੱਡ ਰਿਹਾਂ ਹਾਂ। ਵਰਤ ਹੈ ਕਿ ਖਾਣਾ ਪੀਣਾ ਕੁੱਝ ਨਹੀਂ ਹੈ ਤੇ ਆਤਮਕ ਵਰਤ ਏ ਚੰਗਿਆਈਆਂ ਨੂੰ ਇਕੱਠਾ
ਕਰਨਾ ਤੇ ਬੁਰਿਆਈਆਂ ਤੋਂ ਹਮੇਸ਼ਾਂ ਦੂਰੀ ਬਣਾ ਕਿ ਚੱਲਣਾ।
ਦੂਸਰੀ ਭਟਕਣਾ ਮਨੁੱਖ ਨੇ ਤੀਰਥਾਂ ਦੇ ਇਸ਼ਨਾਨ ਦੀ ਪਾਲ਼ੀ ਹੋਈ ਹੈ, ਕਿ ਜੇ ਮੈਂ ਤੀਰਥਾਂ ਤੇ ਜਾ ਕੇ
ਪਿੰਡੇ ਨੂੰ ਰਗੜ ਰਗੜ ਕੇ ਇਸ਼ਨਾਨ ਕਰ ਲਵਾਂਗਾ ਤਾਂ ਮੇਰੇ ਲਈ ਜ਼ਰੂਰ ਸਵਰਗ ਦਾ ਦਰਵਾਜ਼ਾ ਖੁਲ੍ਹ ਜਾਏਗਾ
ਜਾਂ ਦੁਨੀਆਂ ਦੀਆਂ ਨਿਆਮਤਾਂ ਮਿਲ ਜਾਣਗੀਆਂ। ਤੀਰਥਾਂ ਤੇ ਜਾ ਕੇ ਬੰਦਾ ਜਿੱਥੇ ਮੰਗਾਂ ਦੀਆਂ ਪੰਡਾਂ
ਖੋਹਲ ਕੇ ਰੱਖਦਾ ਹੈ। ਓੱਥੇ ਆਪਣਿਆਂ ਦੁੱਖਾਂ ਦੀ ਨਿਵਰਤੀ ਲਈ ਸੌਦੇ ਬਾਜ਼ੀ ਵੀ ਕਰਦਾ ਹੈ ਕਿ ਜੇ
ਮੇਰਾ ਇਹ ਦੁੱਖ ਦੂਰ ਹੋ ਗਿਆ ਜਾਂ ਮੇਰਾ ਇਹ ਕੰਮ ਬਣ ਗਿਆ ਤਾਂ ਮੈਂ ਇਤਨਾ ਕੁ ਚੜ੍ਹਾਵਾ ਚੜ੍ਹਾ
ਦਿਆਂਗਾ। ਤੀਰਥਾਂ `ਤੇ ਜਾ ਕੇ ਮੰਗਾਂ ਦਾ ਖਲਾਰਾ ਪਾਉਣ ਦੀ ਬਜਾਏ ਆਪਣੀ ਸੋਚ ਵਿੱਚ ਸੰਤੋਖ ਵਰਗੇ
ਦੈਵੀ ਗੁਣਾਂ ਨਾਲ ਸਾਂਝ ਪਾਉਣ ਵਿੱਚ ਭਲਾ ਹੈ।
ਤੀਰਥਾਂ ਦੀ ਯਾਤਰਾ `ਤੇ ਕੁੱਝ ਲੋਕ ਸੁੱਖਣਾ ਸੁੱਖਣ ਲਈ ਜਾਂਦੇ ਹਨ ਜਾਂ ਜਿੰਨ੍ਹਾਂ ਦੀ ਕੋਈ ਸੁਖਣਾ
ਪੂਰੀ ਹੋਈ ਹੁੰਦੀ ਹੈ ਉਹ ਆਪਣਾ ਵਾਅਦਾ ਨਿਭਾਉਣ ਲਈ ਔਖੇ ਹੋ ਕੇ ਵੀ ਜਾਂਦੇ ਹਨ। ਤੀਸਰੇ ਨੁਕਤੇ
ਵਿਚ- ‘ਗਿਆਨੁ ਧਿਆਨੁ ਇਸਨਾਨੁ’ ਆਤਮਕ ਸੂਝ ਨੂੰ ਪ੍ਰਾਪਤ ਕਰਕੇ ਉਸ ਅਨੁਸਾਰੀ ਚੱਲਣਾ ਧਿਆਨ ਹੈ
ਇਹਨਾਂ ਦੋਨਾਂ ਦੀ ਵਰਤੋਂ ਕਰਨੀ ਆਤਮਕ ਇਸ਼ਨਾਨ ਹੈ। ਮੰਨ ਲਓ ਮਨੁੱਖ ਨੂੰ ਸੰਤੋਖ ਦਾ ਗਿਆਨ ਆ ਗਿਆ ਹੈ
ਤਾਂ ਇਸ ਦੀ ਵਰਤੋਂ ਕਰਨੀ ਧਿਆਨ ਹੈ। ਇਸ਼ਨਾਨ ਕੀਤਿਆਂ ਆਲਸ, ਮਿੱਟੀ ਘੱਟਾ ਜਾਂ ਪਸੀਨਾ ਦੂਰ ਹੁੰਦਾ
ਹੈ। ਕਿਸੇ ਦੋਧੀ ਨੂੰ ਇਹ ਗਿਆਨ ਹੋ ਗਿਆ ਕਿ ਜਦ ਮੈਂ ਲੋਕਾਂ ਕੋਲੋਂ ਪੂਰੇ ਪੈਸੇ ਲੈਂਦਾ ਹਾਂ ਤਾਂ
ਮੈਨੁੰ ਦੁੱਧ ਵੀ ਸਹੀ ਦੇਣਾ ਚਾਹੀਦਾ ਹੈ। ਸ਼ੁੱਧ ਦੁੱਧ ਦੇਣ ਦਾ ਗਿਆਨ ਆ ਗਿਆ ਤਾਂ ਉਹ ਹਰ ਵੇਲੇ
ਧਿਆਨ ਰੱਖੇਗਾ ਇਸ ਵਿੱਚ ਮਿਲਾਵਟ ਨਾ ਹੋਵੇ। ਇਸ਼ਨਾਨ ਦਾ ਪ੍ਰਤੀਕ ਤਜ਼ੋ-ਤਾਰਾ ਹੈ। ਸੂਝ ਆਉਣ `ਤੇ
ਸੁਚੇਤ ਕੇ ਵਿਚਰਨਾ ਇਸ਼ਨਾਨ ਹੈ।
ਮਨੁੱਖ ਨੇ ਜਦੋਂ ਦੀ ਸੁਰਤ ਸੰਭਾਲ਼ੀ ਐ, ਓਦੋਂ ਤੋਂ ਹੀ ਇਹ ਕੁਦਰਤੀ ਸ਼ਕਤੀਆਂ ਨੂੰ ਦੇਵਤਾ ਸਮਝ ਕੇ
ਉਹਨਾਂ ਦੀ ਪੂਜਾ ਕਰਦਾ ਆ ਰਿਹਾ ਹੈ। ਜ਼ਿਆਦਾ ਮੀਂਹ ਪੈ ਜਾਣਾ ਤਾਂ ਇਸ ਨੇ ਸਮਝ ਲੈਣਾ ਕੇ ਸ਼ਾਇਦ ਵਰਣ
ਦੇਵਤੇ ਦੀ ਸਾਡੇ ਤੇ ਕਰੋਪੀ ਹੈ ਜਿਸ ਕਰਕੇ ਹੜ੍ਹ ਆ ਗਏ ਹਨ। ਜੇ ਸੋਕਾ ਲੱਗ ਗਿਆ ਤਾਂ ਇਸ ਨੇ ਸਮਝ
ਲੈਣਾ ਕਿ ਸ਼ਾਇਦ ਦੇਵਤਾ ਆਪਣੀ ਪੂਜਾ ਚਾਹੁੰਦਾ ਹੈ ਇਸ ਲਈ ਜੱਗ ਕੀਤੇ ਜਾਣੇ ਚਾਹੀਦੇ ਹਨ। ਗੁਰੂ
ਸਾਹਿਬ ਜੀ ਨੇ ਸਮਝਾਇਆ ਹੈ ਕਿ ਰੰਗ ਬਰੰਗੇ ਦੇਵੀ ਦੇਵਤਿਆਂ ਦੀ ਅਰਧਾਣਾ ਵਿੱਚ ਭਟਕਣ ਦੀ ਲੋੜ ਨਹੀਂ
ਹੈ। ਇਸ ਦੀ ਥਾਂ `ਤੇ ਕਿਸੇ ਦੀ ਲੋੜ ਦੇਖ ਕੇ ਸਾਡੇ ਮਨ ਵਿੱਚ ਉਸ ਪ੍ਰਤੀ ਕੁੱਝ ਕਰਨ ਲਈ ਭਾਵਨਾ ਦਾ
ਜਨਮ ਹੋਵੇ ਇਹ ਦਇਆ ਰੂਪੀ ਦੇਵਤਾ ਹੈ। ਪੱਥਰ ਦੇ ਬਣੇ ਹੋਏ ਭਗਵਾਨ ਦੀ ਪੂਜਾ ਦੇ ਥਾਂ `ਤੇ ਜਿਉਂਦੇ
ਮਨੁੱਖਾਂ ਦੀ ਸੇਵਾ ਵਲ ਧਿਆਨ ਦੇਣਾ ਹੀ ਅਸਲੀ ਦਇਆ ਹੈ।
ਧਰਮ ਦੀ ਦੁਨੀਆਂ ਵਿੱਚ ਬਾਹਰਲੇ ਦਿਖਾਵੇ ਨੂੰ ਅਸਲੀ ਧਰਮ ਕਰਮ ਸਮਝ ਕੇ ਮਨੁੱਖ ਮਾਲਾ ਘਮਾਉਣ ਦੇ
ਚੱਕਰ ਵਿੱਚ ਭਟਕ ਗਿਆ ਹੈ। ਮਨੁੱਖ ਨੇ ਸੋਚ ਲਿਆ ਕਿ ਸ਼ਾਇਦ ਮਾਲਾ ਘਮਾਣ ਨਾਲ ਦੇਵਤਾ ਖੁਸ਼ ਹੋ ਜਾਏਗਾ।
ਆਮ ਘਰਾਂ ਵਿੱਚ ਦੇਖਿਆ ਹੈ ਕਿ ਸੱਸ ਮਾਂ ਮਾਲਾ ਘੁਮਾਂ ਰਹੀ ਹੋਏਗੀ ਤੇ ਨੂੰਹ ਨੂੰ ਤਾਨੇ ਮਿਹਣੇ ਵੀ
ਦਈ ਜਾ ਰਹੀ ਹੋਏਗੀ। ਮਲਕ ਸਵੇਰੇ ਉੱਠ ਕੇ ਧਰਮ ਦਾ ਕਰਮ ਕਰਦਿਆਂ ਮਾਲ਼ਾ ਫੇਰ ਰਿਹਾ ਹੋਏਗਾ ਤੇ ਨੌਕਰ
ਨੂੰ ਵੀ ਗੁੱਸੇ ਹੋਈ ਜਾ ਰਿਹਾ ਹੋਏਗਾ। ਮਾਲਾ ਵਿੱਚ ਭਟਕਣ ਦੀ ਬਜਾਏ ਕਿਸੇ ਨੂੰ ਮੁਆਫ਼ ਕਰ ਦੇਣਾ, ਤੇ
ਇਸ ਖ਼ਿਮਾ ਵਰਗੇ ਦੈਵੀ ਗੁਣ ਨੂੰ ਆਪਣੇ ਜੀਵਨ ਦਾ ਸਾਥੀ ਬਣਾਉਣ ਵਿੱਚ ਆਤਮਕ ਉੱਨਤੀ ਹੈ।
ਦੇਵ ਪੂਜਾ ਵੇਲੇ ਵਿਸ਼ੇਸ਼ ਧੋਤੀ ਪਹਿਨਣ ਨਾਲ ਕਿਤੇ ਰੱਬੀ ਗੁਣ ਨਹੀਂ ਆ ਸਕਦੇ। ਧਾਰਮਕ ਪਹਿਰਾਵਿਆਂ
ਵਿੱਚ ਭਟਕਣ ਵਾਲੇ ਨੂੰ ਕਿਹਾ ਹੈ ਕਿ ਜ਼ਿੰਦਗੀ ਦੇ ਮਹੱਤਵ ਨੂੰ ਸਮਝਣ ਦੀ ਕੋਸ਼ਿਸ਼ ਕਰ। ਖਾਸ ਚੋਲ਼ਾ
ਪਹਿਨ ਕੇ ਆਪਣੇ ਭਰਾਵਾਂ ਨਾਲ ਨਫ਼ਰਤ ਕਰਨ ਦੀ ਬਜਾਏ ਦੁਨੀਆਂ ਵਿੱਚ ਵਿਚਰਨ ਦਾ ਸਲੀਕਾ ਸਿੱਖਣ ਦਾ ਯਤਨ
ਕਰਨਾ ਚਾਹੀਦਾ ਹੈ। ਕੁੱਝ ਲੋਕ ਸੁੱਚ ਦੇ ਨਾਂ `ਤੇ ਆਪਣੇ ਭਾਂਡੇ ਵੀ ਵੱਖਰੇ ਚੁੱਕੀ ਫਿਰਨਗੇ। ਅਜੇਹੇ
ਭਰਮ ਜਾਲ ਵਿੱਚ ਫਸੇ ਇਨਸਾਨ ਨੂੰ ਗੁਰੂ ਸਾਹਿਬ ਜੀ ਸਿੱਧ ਪੱਧਰਾ ਸੰਦੇਸ਼ ਦੇਂਦੇ ਹਨ ਕਿ ਅਖੌਤੀ ਸੁੱਚ
ਦੀ ਥਾਂ `ਤੇ ਆਪਣੀ ਸੋਚ ਵਿੱਚ ਪਵਿੱਤਰ ਲਿਆ।
ਅੱਜ ਤੇ ਸਿੱਖ ਵੀ ਆਪਣਿਆਂ ਮੱਥਿਆਂ `ਤੇ ਵੱਡੇ ਵੱਡੇ ਤਿਲਕ ਲਗਾ ਕੇ ਦੇਵੀ-ਪੂਜਕ ਬਣਦੇ ਜਾ ਰਹੇ ਹਨ।
ਮੱਥਿਆ ਤੇ ਤਿਲਕ ਲਗਾਉਣ ਦੀ ਥਾਂ ਆਪਣੇ ਆਚਰਣ ਨੂੰ ਉੱਚਾ ਚੁੱਕਣ ਦੀ ਜ਼ਰੂਰਤ ਹੈ। ਮਨੁੱਖਤਾ ਨਾਲ
ਪਿਆਰ ਕਰਨ ਦਾ ਭੋਜਨ ਬਣਾਉਣਾ ਚਾਹੀਦਾ ਹੈ। ਵਰਤ, ਤੀਰਥ, ਇਸ਼ਨਾਨ, ਦੇਵਤੇ, ਮਾਲਾ, ਧੋਤੀ, ਚੌਂਕੇ
ਦੀਆਂ ਲੀਕਾਂ ਤੇ ਮੱਥਿਆਂ ਦਿਆਂ ਤਿਲਕਾਂ ਦੀ ਭਟਕਣਾ ਦੀ ਮੰਝਧਾਰ ਵਿੱਚ ਫਸੇ ਮਨੁੱਖ ਨੂੰ ਦੈਵੀ
ਗੁਣਾਂ ਵਲ ਨੂੰ ਮੁੜਨ ਲਈ ਕਿਹਾ ਹੈ, ਜੋ ਸੱਚ, ਸੰਤੋਖ, ਗਿਆਨ-ਧਿਆਨ, ਦਇਆ, ਖਿਮਾ, ਕਰ ਦੇਣਾ, ਸੁਰਤ
ਨੂੰ ਉੱਚਾ ਚੁੱਕਣਾ ਤੇ ਪਿਆਰ ਦੀ ਭਾਵਨਾ ਨੂੰ ਮਨ ਵਿੱਚ ਵਸਾਉਣ ਵਾਲਾ ਜ਼ਿੰਦਗੀ ਦੇ ਸਹੀ ਰਸਤੇ `ਤੇ
ਤੁਰਦਾ ਹੈ।