. |
|
ਗੁਰੂ, ਹੁਕਮਨਾਮਾ ਅਤੇ ਸਿੱਖ
ਅਵਤਾਰ ਸਿੰਘ ਮਿਸ਼ਨਰੀ (510-432-5827)
ਗੁਰੂ ਤੋਂ ਭਾਵ ਹੈ ਗਿਆਨਦਾਤਾ, ਗਿਆਨ ਦਾ ਪ੍ਰਕਾਸ਼ ਕਰਾਉਣ ਅਤੇ ਸਿਖਿਆ ਦੇਣ
ਵਾਲਾ। ਸੰਸਾਰੀ ਗੁਰੂ ਵੀ ਕਈ ਪ੍ਰਕਾਰ ਦੇ ਹਨ ਜਿਵੇਂ ਧਾਰਮਿਕ, ਰਾਜਨੀਤਕ, ਸਮਾਜਿਕ ਅਤੇ ਆਰਥਿਕ
ਆਦਿਕ ਪਰ ਆਪਾਂ ਗੱਲ ਸਿੱਖਾਂ ਦੇ ਧਰਮ ਗੁਰੂ ਦੀ ਕਰਨੀ ਹੈ। ਸਿੱਖ ਧਰਮ ਦੇ ਰਹਿਬਰ ਜਨਮ ਦਾਤਾ ਗੁਰੂ
ਨਾਨਕ ਸਾਹਿਬ ਹਨ ਅਤੇ ਅੱਗੇ ਉਨ੍ਹਾਂ ਦੇ ਨੌਂ ਜਾਂਨਸ਼ੀਨ ਹਨ। ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਨੂੰ
ਹੀ ਪ੍ਰਮੁੱਖ ਗੁਰੂ ਮੰਨਿਆਂ ਹੈ- ਸ਼ਬਦੁ
ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸ਼ਬਦੈ ਜਗ ਬਉਰਾਨੰ॥ (635)
ਅਤੇ
ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ॥
(943) ਸੱਚੇ ਸਤਿਗੁਰੂ ਦੇ ਲੱਖਣ ਵੀ ਦੱਸੇ ਹਨ-ਸਤਿਗੁਰੁ
ਮੇਰਾ ਸਦਾ ਸਦਾ ਨ ਆਵੈ ਨ ਜਾਇ॥ ਉਹ ਅਬਿਨਾਸ਼ੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥ (759)
ਸਰੀਰ ਤਾਂ ਬਿਨਸਨਹਾਰ ਹਨ, ਸਦੀਵ ਰਹਿਣ ਵਾਲੇ ਨਹੀਂ, ਇਸ
ਕਰਕੇ ਸਦੀਵੀ ਗੁਰੂ ਨਹੀਂ ਹੋ ਸਕਦੇ। ਜਿਹੜੀ ਲੋਕਾਈ ਪਹਿਲਾਂ ਤੋਂ ਦੇਹਧਾਰੀ ਗੁਰੂਆਂ ਦੇ ਪੰਜ ਭੂਤਿਕ
ਸਰੀਰਾਂ ਨੂੰ ਹੀ ਗੁਰੂ ਮੰਨ ਕੇ ਪੂਜ ਰਹੀ ਸੀ, ਗੁਰੂ ਨਾਨਕ ਸਾਹਿਬ ਜੀ ਨੇ ਉਸ ਲੋਕਾਈ ਨੂੰ ਓਧਰੋਂ
ਹੋੜ ਕੇ ਸ਼ਬਦ ਗੁਰੂ ਦੇ ਲੜ ਲੱਗਣ ਦਾ ਉਪਦੇਸ਼ ਦਿੱਤਾ। ਉਸ ਸ਼ਬਦ ਗੁਰੂ ਨੂੰ ਰੱਬੀ ਜੋਤਿ (ਪ੍ਰਕਾਸ਼) ਦਾ
ਵੀ ਨਾਂ ਦਿੱਤਾ-ਜੋਤਿ ਓਹਾ
ਜੁਗਤਿ ਸਾਇ ਸਹਿ ਕਾਂਇਆਂ ਫੇਰਿ ਪਲਟੀਐ॥ (966)
ਅਤੇ ਸ਼ਬਦ ਗੁਰੂ ਰੂਪੀ ਰੱਬੀ ਜੋਤਿ (ਪ੍ਰਕਾਸ਼-ਗਿਆਨ) ਗੁਰਬਾਣੀ ਨੂੰ, ਗੁਰੂ ਗੋਬਿੰਦ ਸਿੰਘ ਜੀ ਨੇ
ਸਦੀਵੀ ਗੁਰੂ ਦਰਸਾਉਂਦੇ ਹੋਏ, ਇੰਡੀਆ ਵਿੱਚ ਮਹਾਂਰਾਸ਼ਟਰ ਦੇ ਨਾਦੇੜ ਸ਼ਹਿਰ ਵਿਖੇ, ਸੰਨ 1708 ਈ.
ਨੂੰ ਆਪਣੇ ਅੰਤਮ ਸਮੇਂ, ਗੁਰਸਿੱਖਾਂ ਦੀ ਭਰੀ ਸਭਾ ਵਿੱਚ ਐਲਾਨੀਆਂ ਹੁਕਮ ਕੀਤਾ ਕਿ-ਸਭ
ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥
(ਹੁਕਮ-ਗੁਰੂ ਗੋਬਿੰਦ ਸਿੰਘ)
ਸਿੱਖਾਂ ਦਾ ਸਦੀਵੀ ਗੁਰੂ, ਜੁਗੋ-ਜੁੱਗ ਅਟੱਲ
“ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ”
ਹੈ ਜਿਸ ਦਾ ਹਰੇਕ ਸ਼ਬਦ ਹੀ ਸਿੱਖ ਲਈ ਗੁਰੂ ਦਾ
ਹੁਕਮ, ਫੁਰਮਾਨ ਜਾਂ ਹੁਕਮਨਾਮਾ ਹੈ। ਸਿੱਖ ਦੇ ਅਰਥ ਹਨ ਸਿੱਖਣ ਵਾਲਾ ਸਿਖਿਆਰਥੀ-ਚੇਲਾ। ਸੋ ਸਿੱਖ
ਨੇ ਸਦਾ ਹੀ ਗੁਰੂ ਦਾ ਹੁਕਮ ਸਰਬਉੱਚ ਮੰਨਣਾ ਹੈ ਨਾਂ ਕਿ ਕਿਸੇ ਖਾਸ ਮਨੁੱਖ ਦਾ ਕਿਉਂਕਿ ਮਨੁੱਖ
ਗਲਤੀਆਂ ਦਾ ਪੁਤਲਾ ਅਤੇ ਭੁੱਲਣਹਾਰ ਹੈ ਪਰ ਗੁਰ-ਕਰਤਾਰ ਸਦੀਵੀ ਅਭੁੱਲ ਹੈ-ਭੁਲਣਿ
ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥ (61)
ਸਿੱਖਾਂ ਦਾ ਗੁਰੂ “ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ” ਹੈ ਨਾਂ ਕਿ ਕੋਈ ਸੰਤ-ਮਹੰਤ ਜਾਂ ਜਥੇਦਾਰ।
ਹਾਂ ਸਰਬੱਤ ਖਾਲਸਾ ਦੇ ਥਾਪੇ ਜਥੇਦਾਰ ਨੇ ਗੁਰਸਿੱਖਾਂ ਨਾਲ ਵਿਚਾਰ-ਵਿਟਾਂਦਰਾ ਕਰਕੇ ਗੁਰੂ ਦੀ
ਹਜ਼ੂਰੀ ਅਤੇ ਸੰਗਤ ਦੀ ਕਚਹਿਰੀ ਵਿੱਚ ਗੁਰਮਤਾ ਸੁਨਾਉਣਾ ਹੈ ਨਾਂ ਕਿ ਕਿਸੇ ਆਗੂ ਦੇ ਦਬਾਅ ਥੱਲੇ ਆ
ਕੇ, ਕਿਸੇ ਭੋਰੇ ਵਿੱਚ ਜਬਰੀ ਕਿਸੇ ਉੱਪਰ ਠੋਸਣਾ ਹੈ। ਗੁਰ-ਸੰਗਤ ਜੀ! ਅਕਾਲ ਤਖਤ ਦਾ ਜਥੇਦਾਰ
ਨਿਰਪੱਖ ਅਤੇ ਅਜ਼ਾਦ ਹੋਣਾ ਚਾਹੀਦਾ ਹੈ ਨਾਂ ਕਿ ਕਿਸੇ ਇੱਕ ਪਾਰਟੀ ਦਾ ਹੁਕਮ-ਬਰਦਾਰ।
ਦੇਖੋ! ਜਦ ਦਿੱਲੀ ਦਾ ਤਖਤ ਬੇਇਨਸਾਫਾ ਹੋ ਗਿਆ, ਤਾਂ ਗੁਰੂ ਸਾਹਿਬ ਨੇ ਅਕਾਲ
ਤਖਤ ਦੀ ਰਚਨਾ ਪਰਜਾ ਨੂੰ ਇੰਨਸਾਫ ਦੇਣ ਲਈ ਕੀਤੀ। ਅਮੀਰ-ਗਰੀਬ, ਛੋਟੇ-ਵੱਡੇ ਸਭ ਦੀ ਫਰਿਆਦ
ਗੁਰ-ਤਖਤ “ਸ੍ਰੀ ਅਕਾਲ ਤਖਤ”
ਤੇ ਸੁਣੀ ਜਾਂਦੀ ਸੀ। ਇਸ ਕਰਕੇ ਲੋਕ ਗੁਰੂ ਨੂੰ
ਸੱਚਾ-ਪਾਤਸ਼ਾਹ ਅਤੇ ਦਿੱਲੀ ਤਖਤ ਦੇ ਹੰਕਾਰੀ ਰਾਜੇ ਨੂੰ ਝੂਠਾ-ਬਾਦਸ਼ਾਹ ਕਹਿੰਦੇ ਸਨ। ਭਾ. ਗੁਰਦਾਸ
ਜੀ ਵੀ ਲਿਖਦੇ ਹਨ ਕਿ-ਸਤਿਗੁਰ
ਸੱਚਾ ਪਾਤਿਸ਼ਾਹ ਕੂੜੇ ਬਾਦਸ਼ਾਹ ਦੁਨੀਆਵੇ॥ ਇਸੇ
ਕਰਕੇ ਗੁਰੂ ਨੇ ਕਿਸੇ ਮਨੁੱਖ ਸਿੱਖ ਨੂੰ ਸ੍ਰੀ ਅਕਾਲ ਤਖਤ ਦਾ ਜਥੇਦਾਰ ਨਹੀਂ ਸੀ ਥਾਪਿਆ ਸਗੋਂ ਗੁਰੂ
ਦੀ ਅਗਵਾਈ ਵਿੱਚ ਹੀ ਫੈਂਸਲੇ ਹੁੰਦੇ ਸਨ। ਰਾਣਾ-ਰੰਕ ਇੱਕ ਬਰਾਬਰ ਸਮਝਿਆ ਜਾਂਦਾ ਸੀ। ਗੁਰੂ ਗੋਬਿੰਦ
ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਸਿੱਖ “ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਨੂੰ ਹੀ
ਆਪਣਾ ਸੱਚਾ ਅਤੇ ਸਦੀਵੀ ਆਗੂ ਜਾਣ ਕੇ ਗੁਰ-ਤਾਬਿਆ ਅਤੇ ਸੰਗਤ ਵਿੱਚ ਫੈਂਸਲੇ ਕਰਦੇ ਸਨ। ਬਾਅਦ ਵਿੱਚ
ਪ੍ਰਚਲਤ ਹਲਾਤਾਂ ਸਮੇ ਜਥੇਦਾਰ ਵੀ ਗਿਆਨਵਾਨ, ਪੜ੍ਹਿਆ ਲਿਖਿਆ, ਨਿਮਰਤਾ ਦਾ ਪੁੰਜ, ਸੰਤ-ਸਿਪਾਹੀ
ਗੁਰਸਿੱਖ ਸਮੁੱਚੇ ਪੰਥ ਦੀ ਰਜਾਮੰਦੀ ਨਾਲ ਥਾਪਿਆ ਜਾਂਦਾ ਸੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ
ਹੁਕਮਾਂ ਦੀ ਆਪ ਪਾਲਣਾ ਕਰਦਾ ਅਤੇ ਬਾਕੀਆਂ ਨੂੰ ਕਰਨ ਦੀ ਸਿਖਿਆ ਦਿੰਦਾ ਸੀ ਨਾਂ ਕਿ ਧੱਕੇ ਨਾਲ
ਆਪਣੇ ਹੁਕਮਨਾਮੇ ਦੂਜਿਆਂ ਤੇ ਠੋਸਦਾ ਸੀ।
ਕਿਸੇ ਹੋਰ ਗ੍ਰੰਥ ਨੂੰ “ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ” ਦੇ ਬਰਾਬਰ
ਪ੍ਰਕਾਸ਼ ਨਹੀਂ ਸੀ ਕੀਤਾ ਜਾਂਦਾ। (ਗੁਰ-ਹੁਕਮਾਂ) ਦੀ ਸਖਤੀ ਨਾਲ ਪਾਲਨਾਂ ਕੀਤੀ ਜਾਂਦੀ ਸੀ। ਕੌਮ
ਵਿੱਚ ਇੱਕਸਾਰਤਾ ਦਾ ਡਸਿਪਲਨ ਕਾਇਮ ਰੱਖਣ ਲਈ (ਗੁਰ-ਸਿਧਾਂਤਾਂ) ਦੀ ਰੋਸ਼ਨੀ ਵਿੱਚ ਬਣਾਈ ਗਈ
“ਸਿੱਖ ਰਹਿਤ ਮਰਯਾਦਾ”
ਲਾਗੂ ਕੀਤੀ ਗਈ। ਜਥੇਦਾਰ ਜਾਂ ਮੁਖੀ ਸਿੱਖ ਆਗੂ ਦੀ ਡਿਉਟੀ
ਇਸੇ ਨੂੰ ਲਾਗੂ ਕਰਵਾਉਣ ਦੀ ਸੀ ਨਾਂ ਕਿ ਕਿਸੇ ਸੰਪ੍ਰਦਾਈ ਡੇਰੇਦਾਰ ਦੀ ਆਪੂੰ ਬਣਾਈ ਮਰਯਾਦਾ ਲਾਗੂ
ਕਰਨ ਦੀ। ਅੱਜ ਸਾਡਾ ਗੁਰੂ “ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ” ਹੈ ਅਤੇ ਅਸੀਂ ਉਸ ਦੇ ਹਰੇਕ ਸ਼ਬਦ
ਰੂਪੀ ਹੁਕਮਨਾਮੇ ਦੀ ਪਾਲਨਾ ਕਰਨੀ ਹੈ ਨਾਂ ਕਿ ਕਿਸੇ ਹੋਰ ਗ੍ਰੰਥ ਜਾਂ ਅਖੌਤੀ-ਜਥੇਦਾਰ ਦੇ ਹੁਕਮ
ਦੀ। ਜਥੇਦਾਰ ਤਾਂ ਕੌਮੀ ਸੇਵਾਦਾਰ ਹੁੰਦੇ ਹਨ ਜੋ ਗੁਰ-ਸ਼ਬਦ ਉਪਦੇਸ਼ਾਂ ਰਾਹੀਂ ਗੁਰਸਿੱਖਾਂ ਅਤੇ
ਹੋਰਨਾਂ ਨੂੰ ਵੀ ਗੁਰੂ ਨਾਲ ਜੋੜਦੇ ਹਨ ਨਾਂ ਕਿ ਅਜੋਕੇ ਹੈਂਕੜਬਾਜ ਗੁਰੂ ਗਿਆਨ ਤੋਂ ਖਾਲੀ, ਆਪਣੇ
ਅਕਾਵਾਂ ਦੇ ਕਹਿ ਤੇ ਮਨ ਮਰਜੀ ਦੇ ਆਦੇਸ਼ ਅਤੇ ਹੁਕਮਨਾਮੇ ਜਾਰੀ ਕਰ-ਕਰ ਕੇ ਗੁਰਸਿੱਖਾਂ ਨੂੰ
ਗੁਰੂ-ਪੰਥ ਚੋਂ ਛੇਕੀ ਜਾਂਦੇ ਹਨ। ਹੁਕਮਨਾਮਾਂ ਕੇਵਲ ਗੁਰੂ ਦਾ ਹੀ ਹੋ ਸਕਦਾ ਹੈ ਬਾਕੀ ਗੁਰਸਿੱਖਾਂ
ਦੀਆਂ ਸਾਰੀਆਂ ਧਿਰਾਂ ਦੇ ਸਿਰਮੌਰ ਆਗੂ, ਗੁਰੂ ਦੀ ਹਜ਼ੂਰੀ ਵਿਖੇ ਕੇਵਲ ਗੁਰਮਤੇ ਕਰਦੇ ਹਨ ਅਤੇ ਫਿਰ
ਸਾਰਿਆਂ ਦੀ ਸਹਿਮਤੀ ਨਾਲ ਗੁਰੂ ਸਿਧਾਂਤਾਂ ਦੀ ਰੌਸ਼ਨੀ ਵਿੱਚ ਪਾਸ ਕੀਤਾ ਗਿਆ ਗੁਰਮਤਾ ਜਥੇਦਾਰ ਸੰਗਤ
ਵਿੱਚ ਜਾਰੀ ਕਰਦਾ ਹੈ ਜਿਸ ਨੂੰ ਸੰਗਤ ਪ੍ਰਵਾਨ ਕਰਦੀ ਹੈ ਬਸ਼ਰਤੇ ਜਥੇਦਾਰ ਸਰਬਸਾਂਝਾ ਅਤੇ ਕੇਵਲ
“ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਨੂੰ ਗੁਰੂ ਮੰਨਦਾ ਅਤੇ ਇਸ ਦੇ ਸਿਧਾਂਤਾਂ ਤੇ ਪਹਿਰਾ ਦਿੰਦਾ
ਹੋਵੇ। ਗੁਰਸਿੱਖੀ ਵਿੱਚ ਕਿਸੇ ਇੱਕ ਸ਼ਖਸ਼ੀਅਤ ਨਾਲੋਂ ਸੰਗਤੀ ਪੰਚਾਇਤ ਨੂੰ ਪ੍ਰਮੁੱਖ ਮੰਨਦਿਆਂ
ਸਰਬਸਾਂਝੀਵਾਲਤਾ ਦੀ ਪ੍ਰਧਾਨਤਾ ਹੈ। ਇਸ ਲਈ ਇਕੱਲਾ ਜਾਂ ਕਿਸੇ ਇੱਕ ਧੜੇ ਦੇ ਜਥੇਦਾਰ ਗੁਰੂ ਵਾਂਗ
ਹੁਕਮਨਾਮਾਂ ਨਹੀਂ ਕੱਢ ਸਕਦੇ ਸਗੋਂ ਆਪਣੇ-ਆਪਣੇ ਵਿਚਾਰ ਪੇਸ਼ ਕਰ ਸਕਦੇ ਹਨ।
ਗੁਰਸਿੱਖੋ! ਵਾਸਤਾ ਗੁਰੂ ਦਾ, ਗੁਰ ਹੁਕਮਾਂ ਦੀ ਪਾਲਣਾ ਕਰਦੇ ਹੋਏ ਕੇਵਲ ਤੇ
ਕੇਵਲ “ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਨੂੰ ਹੀ ਆਪਣਾ ਸਦੀਵੀ ਗੁਰੂ ਧਾਰਨ ਕਰੋ। ਹੋਰ ਗ੍ਰੰਥ
ਸਮਝਣ ਵਾਸਤੇ ਜਰੂਰ ਪੜ੍ਹੋ ਪਰ “ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ” ਦੇ ਬਰਾਬਰ ਕਿਸੇ ਵੀ ਗ੍ਰੰਥ ਜਾਂ
ਪੋਥੀ ਦਾ ਪ੍ਰਕਾਸ਼ ਨਾ ਕਰੋ ਕਿਉਂਕਿ ਸਾਡਾ ਰੱਬ ਇੱਕ, ਗੁਰੂ ਇੱਕ, ਨਿਸ਼ਾਨ ਇੱਕ, ਵਿਧਾਨ ਇੱਕ (ਸਿੱਖ
ਰਹਿਤ ਮਰਯਾਦਾ) ਹੈ। ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਹ ਗੁਰਦੁਆਰਾ ਹੈ ਅਤੇ
ਹਰੇਕ ਗੁਰਦੁਆਰੇ ਵਿਖੇ ਮਰਯਾਦਾ ਵੀ ਇੱਕ ਹੀ ਹੋਣੀ ਚਾਹੀਦੀ ਹੈ (ਪਰ ਅਜੋਕੀ ਮਰਯਾਦਾ ਨੂੰ ਗੁਰ
ਸਿਧਾਤਾਂ ਦੀ ਰੌਸ਼ਨੀ ਵਿੱਚ ਸੋਧ ਲੈਣਾ ਚਾਹੀਦਾ ਹੈ) ਗੁਰ-ਸੰਗਤ ਜੀ! ਜਰਾ ਇਧਰ ਵੀ ਧਿਆਨ ਦਿਓ ਕਿ
ਅਜੋਕੇ ਜਥੇਦਾਰ ਗੁਰਦੁਆਰਿਆਂ ਵਿੱਚ “ਸਿੱਖ ਰਹਿਤ ਮਰਯਾਦਾ” ਲਾਗੂ ਕਿਉਂ ਨਹੀਂ ਕਰਵਾਉਂਦੇ? ਜਿਹੜੇ
ਡੇਰੇਦਾਰ ਬਾਬੇ ਸਿੱਖ ਰਹਿਤ ਮਰਯਾਦਾ ਦੀ ਪਾਲਣਾ ਨਹੀਂ ਕਰਦੇ, ਜਥੇਦਾਰਾਂ ਦਾ ਫਰਜ ਬਣਦਾ ਹੈ ਕਿ ਓਥੇ
ਮਰਯਾਦਾ ਲਾਗੂ ਕਰਵਾਉਣ ਜਾਂ ਓਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾਂ ਕਰਨ ਦੇਣ ਕਿਉਂਕਿ
ਜਿੱਥੇ ਗੁਰੂ ਦੇ ਉਲਟ ਮਰਯਾਦਾ ਚਲ ਰਹੀ ਹੋਵੇ ਓਥੇ ਪ੍ਰਕਾਸ਼ ਕਰਨਾ ਗੁਰੂ ਦੀ ਬੇ-ਅਦਬੀ ਹੈ। ਅਜੋਕੇ
ਜਥੇਦਾਰਾਂ ਨੂੰ ਫਤਵਿਆਂ ਦਾ ਰਾਹ ਛੱਡ ਕੇ ਵਿਚਾਰ ਗੋਸ਼ਟੀਆਂ ਦੇ ਰਾਹ ਪੈਣਾ ਚਾਹੀਦਾ ਹੈ ਅਤੇ “ਆਦਿ
ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦੀ ਨਿਰੋਲ ਬਾਣੀ ਦਾ ਪ੍ਰਚਾਰ ਕਰਨ ਵਾਲੇ ਵਿਦਵਾਨ ਗੁਰਸਿੱਖ
ਪ੍ਰਚਾਕਾਂ ਦੀ ਵੱਧ ਤੋਂ ਵੱਧ ਹੌਂਸਲਾ ਅਫਜ਼ਾਈ ਕਰਨੀ ਚਾਹੀਦੀ ਹੈ ਨਾਂ ਕਿ ਉਨ੍ਹਾਂ ਨੂੰ ਹੁਕਮਨਾਮਿਆਂ
ਦੇ ਧਮਕੀਆਂ ਭਰੇ ਡਰਾਵੇ ਦੇ-ਦੇ ਕੇ ਪੰਥ ਵਿੱਚੋਂ ਛੇਕੀ ਜਾਣਾ ਚਾਹੀਦਾ ਹੈ। ਗੁਰਮਤਿ ਗਿਆਨ ਦੀ ਘਾਟ
ਕਰਕੇ ਸਾਡੇ ਕਈ ਆਪਸੀ ਮਤ ਭੇਦ ਹੋ ਸਕਦੇ ਹਨ ਜੋ ਮਿਲ ਬੈਠ ਕੇ ਵਿਚਾਰ ਲੈਣੇ ਚਾਹੀਦੇ ਹਨ। ਯਾਦ ਰੱਖੋ
ਅਸੀਂ ਹਾਂ ਤਾਂ ਸਾਰੇ ਗੁਰੂ ਦੇ ਸਿੱਖ ਨਾਂ ਕਿ ਕਿਸੇ ਸੰਤ-ਸਾਧ-ਬਾਬੇ ਜਾਂ ਅਖੌਤੀ-ਜਥੇਦਾਰ ਦੇ
ਚੇਲੇ। ਸੋ ਸਾਡਾ ਗੁਰੂ “ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ” ਹੈ, ਉਸ ਦਾ ਹਰੇਕ ਸ਼ਬਦ ਸਾਡੇ ਲਈ
ਹੁਕਮਨਾਮਾ ਹੈ। ਅਸੀਂ ਸਾਰੇ ਸਿੱਖ ਹਾਂ ਅਤੇ ਸਾਨੂੰ ਪਾਲਣਾ ਵੀ ਕੇਵਲ ਗੁਰੂ ਦੇ ਹੁਕਮਾਂ ਦੀ ਹੀ
ਕਰਨੀ ਚਾਹੀਦੀ ਹੈ ਨਾਂ ਕਿ ਕਿਸੇ ਅਖੌਤੀ ਡੇਰਾਵਾਦੀ ਜਥੇਦਾਰ ਦੇ ਇੱਕ ਪਾਸੜ ਹੁਕਮ ਦੀ।
ਯਾਦ ਰੱਖੋ ਜਿਸ ਦਿਨ ਅਸੀਂ ਆਪਣਾ ਸਰਬ ਪ੍ਰਵਾਣਿਤ ਜਥੇਦਾਰ “ਆਦਿ ਸ੍ਰੀ ਗੁਰੂ
ਗ੍ਰੰਥ ਸਾਹਿਬ” ਜੀ ਨੂੰ ਮੰਨ ਲਿਆ, ਸਾਡੇ ਵਿੱਚ ਏਕਤਾ ਆ ਕੇ, ਸਾਰੇ ਝਗੜੇ ਵੀ ਖਤਮ ਹੋ ਜਾਣੇ ਹਨ।
ਭਲਿਓ! ਪੰਥ ਨੂੰ ਗੁਰੂ ਦੀ ਅਗਵਾਈ ਵਿੱਚ ਹੀ ਚੱਲਣਾ ਚਾਹੀਦਾ ਹੈ ਇਸ ਵਿੱਚ ਹੀ ਪੰਥ ਦਾ ਭਲਾ ਹੈ,
ਰਾਜ ਹੈ, ਪਾਤਸ਼ਾਹੀ ਹੈ, ਨਹੀਂ ਤਾਂ ਤਬਾਹੀ ਹੀ ਤਬਾਹੀ ਨਜ਼ਰ ਆ ਰਹੀ ਹੈ। ਗੁਰੂ ਭਲੀ ਕਰੇ ਅਸੀਂ
(ਗੁਰੂ, ਹੁਕਮਨਾਮਾ ਅਤੇ ਸਿੱਖ) ਦੇ ਸਿਧਾਂਤ ਨੂੰ ਸਮਝਣ ਦੀ ਬਾਰ ਬਾਰ ਵੀਚਾਰ ਕਰਦੇ ਰਹੀਏ ਅਤੇ
ਵਿਚਾਰਾਂ ਦਾ ਰਸਤਾ ਸਦਾ ਖੁੱਲ੍ਹਾ ਰੱਖੀਏ। ਉੱਚੇ-ਸੁੱਚੇ ਅਗਾਹ ਵਧੂ ਵਿਚਾਰਾਂ ਦਾ ਸੁਮੇਲ ਅਤੇ
ਸਮੁਦਾਏ ਹੀ (ਗੁਰੂ, ਹੁਕਮਨਾਮਾਂ ਅਤੇ ਸਿੱਖ) ਹੋਣ ਦਾ ਸਰਬਪੱਖੀ ਸਿਧਾਂਤ ਹੈ। ਜਿਸ ਨੂੰ ਕੋਈ ਵੀ
ਅਪਣਾਅ ਕੇ ਗੁਰੂ ਦੀਆਂ ਰਹਿਮਤਾਂ ਪ੍ਰਪਤ ਕਰ ਸਕਦਾ ਹੈ। ਜੇ ਇਸ (ਸਿਧਾਂਤ) ਨੂੰ ਸਮਝਣਾ ਚਾਹੁੰਦੇ ਹੋ
ਤਾਂ ਇਹ ਗੁਰੂ ਦਾ ਹੁਕਮ ਕਦੇ ਨਾ ਭੁਲੋ- ਸਭ
ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਅਤੇ
ਜੋ ਪਭ ਕਉ ਮਿਲਬੋ ਚਹੈ ਖੋਜ
ਸ਼ਬਦ ਮੇਂ ਲੇਹ॥
|
. |