.

ੴਸਤਿਗੁਰਪ੍ਰਸਾਦਿ
ਨਾਮ ਸਿਮਰਨ (ਗੁਰਮਤਿ ਅਨੁਸਾਰ)
(ਕਿਸ਼ਤ ਨੰ: 07)

ਕੀ ਗੁਰਬਾਣੀ ਪੜ੍ਹਦਿਆਂ ਅਸੀਂ ਸਿਮਰਨ ਨਹੀਂ ਕਰ ਰਹੇ ਹੁੰਦੇ?

ਨਾਮ ਦੇ ਨਾਂਅ ਤੇ ਹੱਟੀਆਂ ਖੋਲਣ ਵਾਲਿਆਂ ਵੱਲੋਂ ਅਕਸਰ ਇਹ ਆਖਿਆ ਜਾਂਦਾ ਹੈ, ਕਿ ਗੁਰਬਾਣੀ ਸਾਨੂੰ ਨਾਮ ਜਪਣ ਦਾ ਆਦੇਸ਼ ਦੇਂਦੀ ਹੈ, ਪਰ ਬਾਣੀ ਪੜ੍ਹਨਾ ਹੋਰ ਗਲ ਹੈ ਅਤੇ ਨਾਮ ਜਪਣਾ ਹੋਰ ਗਲ। ਪਰ ਜੇ ਅਸੀਂ ਗੁਰਬਾਣੀ ਰਟਨ ਤੱਕ ਸੀਮਿਤ ਰਹਿਣ ਦੀ ਬਜਾਏ, ਗੁਰਬਾਣੀ ਨੂੰ ਵਿਚਾਰਨ, ਸਮਝਣ ਦਾ ਥੋੜ੍ਹਾ ਉਪਰਾਲਾ ਕਰੀਏ ਤਾਂ ਸਮਝ ਲੱਗ ਜਾਵੇਗੀ ਕਿ ਸਾਰੀ ਗੁਰਬਾਣੀ ਨਿਰਮਲ ਜੀਵਨ ਜੁਗਤਿ ਦੇ ਰਤਨ ਗੁਣਾ ਨਾਲ ਜੜੀ ਹੋਈ ਕੇਵਲ ਤੇ ਕੇਵਲ ਅਕਾਲ-ਪੁਰਖ ਦੀ ਸਿਫਤ ਸਲਾਹ ਦਾ ਖਜ਼ਾਨਾ ਹੀ ਹੈ। ਸਾਰੀ ਸਮੱਸਿਆ ਤਾਂ ਇਹ ਹੈ ਕਿ ਬਾਣੀ ਪੜ੍ਹਦਿਆਂ ਸਾਡਾ ਚਿੱਤ ਬਾਣੀ ਵਿੱਚ ਹੈ ਯਾ ਨਹੀਂ, ਬਾਣੀ ਦੇ ਸ਼ਬਦ, ਸਾਡੀ ਸੁਰਤਿ ਵਿੱਚ ਜਾ ਰਹੇ ਹਨ ਯਾ ਨਹੀਂ। ਇਸ ਆਸ ਨਾਲ ਕਿ ਹਰ ਸਿੱਖ ਅਖਵਾਉਣ ਵਾਲਾ, ਰੋਜ਼ ਘੱਟੋ ਘੱਟ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਤਾਂ ਕਰਦਾ ਹੀ ਹੋਵੇਗਾ, ਹੇਠਾਂ ਨਿਤਨੇਮ ਦੀਆਂ ਬਾਣੀਆਂ ਵਿੱਚੋਂ ਕੁੱਝ ਪ੍ਰਮਾਣ ਦਿੱਤੇ ਜਾ ਰਹੇ ਹਨ। ਆਪ ਹੀ ਵੇਖ ਲਈਏ ਜੇ ਬਾਣੀ ਪੜ੍ਹਦਿਆਂ ਸਾਡਾ ਧਿਆਨ ਵਿੱਚ ਹੋਵੇ, ਗੁਰਬਾਣੀ ਦਾ ਰੱਸ ਸਾਡੇ ਜੀਵਨ ਵਿੱਚ ਜਾ ਰਿਹਾ ਹੋਵੇ, ਤਾਂ ਕੀ ਇਹ ਨਾਮ ਸਿਮਰਨ ਨਹੀਂ ਹੈ? :
“ਗੁਰਾ, ਇੱਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ, ਸੋ ਮੈ ਵਿਸਰਿ ਨਾ ਜਾਈ ॥6॥“
ਇਹ ਪੰਕਤੀਆਂ ਅਸੀਂ ਰੋਜ਼ ਦੋ ਵਾਰੀ ਪੜ੍ਹਦੇ ਹਾਂ ਪਰ ਆਪਣੇ ਅੰਦਰ ਆਪ ਹੀ ਝਾਤੀ ਮਾਰ ਕੇ ਵੇਖ ਲਈਏ, ਕਿਤਨੀ ਵਾਰੀ ਸਾਡੇ ਹਿਰਦੇ ਵਿੱਚੋਂ ਸਤਿਗੁਰੂ ਦੇ ਚਰਨਾਂ ਵਿੱਚ ਇਹ ਜੋਦੜੀ ਨਿਕਲੀ ਹੈ, ਹੇ ਸਤਿਗੁਰੂ! (ਤੇਰੇ ਅੱਗੇ ਅਰਦਾਸ ਹੈ ਕਿ) ਮੈਨੂੰ ਇੱਕ ਸਮਝ ਪੱਕੀ ਕਰ ਦੇਹ ਕਿ ਜਿਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇੱਕ ਰੱਬ ਹੈ, ਮੈਂ ਉਸ ਨੂੰ ਕਦੇ ਨਾ ਭੁਲਾਂ। ਤੇ ਜੇ ਇਹ ਪੁਕਾਰ ਨਿਕਲ ਰਹੀ ਹੋਵੇ ਤਾਂ ਕੀ ਇਹ ਨਾਮ ਸਿਮਰਨ ਨਹੀਂ?
ਇੰਜ ਹੀ ਹੇਠਲੀਆਂ ਪੰਕਤੀਆਂ ਜਪੁ ਬਾਣੀ ਵਿੱਚ ਅਸੀਂ ਰੋਜ਼ ਚਾਰ ਵਾਰੀ ਪੜ੍ਹਦੇ ਹਾਂ:
ਆਦੇਸੁ, ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥29॥
(ਸੋ, ਕੂੜ ਦੀ ਕੰਧ ਦੂਰ ਕਰਨ ਲਈ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ, ਜੋ (ਸਭ ਦਾ) ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਇਕੋ ਜਿਹਾ ਰਹਿੰਦਾ ਹੈ। 29.
ਆਪਣੇ ਅੰਦਰ ਆਪ ਹੀ ਝਾਤੀ ਮਾਰ ਕੇ ਵੇਖ ਲਈਏ ਕਿ ਇਹ ਪੰਕਤੀਆਂ ਪੜ੍ਹਦਿਆਂ ਕਿਤਨੀ ਵਾਰੀ ਸਾਡਾ ਮਨ ਸੱਚ ਮੁਚ ਅਕਾਲ-ਪੁਰਖ ਦੇ ਚਰਨਾਂ ਵਿੱਚ ਝੁਕਿਆ ਹੈ। ਸ਼ਾਮ ਨੂੰ ਸੋ ਦਰੁ ਬਾਣੀ ਦੀਆਂ ਇਹ ਪੰਕਤੀਆਂ ਪੜ੍ਹਦਿਆਂ:
“ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ ॥ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥1॥ ਮੇਰੇ ਮੀਤ ਗੁਰਦੇਵ, ਮੋ ਕਉ ਰਾਮ ਨਾਮੁ ਪਰਗਾਸਿ ॥“ {ਰਾਗੁ ਗੂਜਰੀ ਮਹਲਾ 4}
ਕਿਨੀ ਕੁ ਵਾਰੀ ਸੱਚਮੁੱਚ ਮਨ ਨੇ ਪੂਰਨ ਹਲੀਮੀ ਵਿੱਚ ਆਕੇ ਸਤਿਗੁਰੂ ਦੇ ਚਰਨਾਂ ਵਿੱਚ ਪੁਕਾਰ ਕੀਤੀ ਹੈ, ਹੇ ਪੂਰਨ ਸਤਿਗੁਰੂ ਜੀ! ਹੇ ਮੇਰੇ ਮਿੱਤਰ ਸਤਿਗੁਰੂ ਜੀ! ਮੈ ਆਪ ਜੀ ਦੇ ਚਰਨਾਂ ਵਿੱਚ ਜੋਦੜੀ ਕਰਦਾ ਹਾਂ, ਮੇਰੇ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਕਰ ਦਿਓ, ਮੇਰੇ ਜੀਵਨ ਦੀ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਵੇ। ਕੀ ਇਹ ਪੰਕਤੀਆਂ ਬੋਲਦਿਆਂ:
“ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥ ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥1॥“
ਮਨ ਕਦੇ ਉਸ ਅਕਾਲ-ਪੁਰਖ ਵਾਹਿਗੁਰੂ ਦੀ ਅਨੰਨਤਤਾ ਵਿੱਚ ਲੀਣ ਹੋਇਆ ਹੈ। ਸਾਨੂੰ ਤਾਂ ਸ਼ਾਇਦ ਧਿਆਨ ਹੀ ਨਹੀਂ ਹੁੰਦਾ ਕਿ ਕਦੋਂ ਪਾਠ ਸੂਰੂ ਕੀਤਾ ਤੇ ਕਦੋਂ ਮੁੱਕ ਗਿਆ, ਫੇਰ ਮਨ ਨੇ ਗੁਰੂ ਦੇ ਚਰਨਾਂ ਨਾਲ ਕਿਥੋਂ ਜੁੜਨਾ ਸੀ ਅਤੇ ਅਕਾਲ –ਪੁਰਖ ਦੇ ਅਲੌਕਿਕ ਗੁਣਾਂ ਨੂੰ ਕਿਵੇਂ ਗਾਉਣਾ ਸੀ।
ਕਿਤੇ ਐਸਾ ਭਰਮ ਵੀ ਨਾ ਪਾਲ ਲਈਏ ਕਿ ਕੁੱਝ ਗਿਣੀਆਂ ਚੁਣੀਆਂ ਪੰਕਤੀਆਂ ਹੀ ਅਕਾਲ- ਪੁਰਖ ਦੀ ਸਿਫਤ ਸਾਲਾਹ ਦੀਆਂ ਹਨ, ਸਿਮਰਨ ਕਰਨ ਦਾ ਸਾਧਨ ਹਨ, ਬਲਕਿ ਸਤਿਗੁਰੂ ਦੀ ਸਾਰੀ ਬਾਣੀ ਹੀ ਅੰਮ੍ਰਿਤ ਹੈ, ਗੁਰਬਾਣੀ ਦਾ ਹਰ ਸ਼ਬਦ ਉਸ ਵਾਹਿਗੁਰੂ ਦੇ ਅਗੰਮੀ ਗੁਣਾਂ ਦੀ ਵਡਿਆਈ ਨਾਲ ਭਰਿਆ ਪਿਆ ਹੈ। ਗੁਰਬਾਣੀ ਵਿੱਚ ਜੋ ਅਲੌਕਿਕ, ਨਿਰਮਲ ਜੀਵਨ ਜੁਗਤਿ ਦੇ ਖਜਾਨੇ ਮਿਲਦੇ ਹਨ, ਜੋ ਕਰਮਕਾਂਡਾਂ ਅਤੇ ਹੋਰ ਵਿਖਾਵੇ ਦੇ ਧਰਮ ਕਰਮਾਂ ਨੂੰ ਰੱਦ ਕੀਤਾ ਗਿਆ ਹੈ, ਇਹ ਸਭ ਵੀ ਉਸ ਅਕਾਲ ਪੁਰਖ ਦੇ ਵਿਸਮਾਦ ਮਈ ਗੁਣਾਂ ਚੋਂ ਹੀ ਨਿਕਲਦੇ ਹਨ। ਅਸਲ ਗਲ ਤਾਂ ਇਹ ਹੈ ਕਿ ਬਾਣੀ ਪੜ੍ਹਦਿਆਂ, ਸੁਣਦਿਆਂ ਸਾਡੇ ਹਿਰਦੇ ਵਿੱਚ ਕੀ ਜਾ ਰਿਹਾ ਹੈ। ਇਸੇ ਲਈ ਸਤਿਗੁਰੂ ਅਰਜਨ ਪਾਤਿਸ਼ਾਹ ਨੇ ਸੁਖਮਨੀ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ: “ਕਿਨਕਾ ਏਕ ਜਿਸੁ ਜੀਅ ਬਸਾਵੈ ॥ ਤਾ ਕੀ ਮਹਿਮਾ ਗਨੀ ਨ ਆਵੈ ॥“
ਸਾਰੀ ਬਾਣੀ ਨਾਮ ਹੈ, ਇਸ ਨੂੰ ਪੜ੍ਹਨਾ, ਸੁਨਣਾ ਅਤੇ ਸਮਝ ਕੇ ਇਸ ਉਤੇ ਅਮਲ ਕਰਨਾ ਨਾਮ ਸਿਮਰਨ ਹੈ। ਗੁਰਬਾਣੀ ਨੇ ਹੀ ਵਾਹਿਗੁਰੂ ਨੂੰ ਸਾਡੇ ਹਿਰਦੇ ਵਿੱਚ ਵਸਾਉਣਾ ਹੈ, ਪਰ ਅਤਿ ਦੁਖਦਾਈ ਗੱਲ ਹੈ ਕਿ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਰਟਣ ਅਜ ਸਾਡੇ ਅਤੇ ਗੁਰਬਾਣੀ ਵਿੱਚ ਦੀਵਾਰ ਬਣੀ ਜਾ ਰਿਹਾ ਹੈ।
ਸਤਿਗੁਰੂ ਨੇ ਬਾਣੀ ਰਾਗਾਂ ਵਿੱਚ ਉਚਾਰਨ ਕੀਤੀ ਹੈ ਕਿਉਂਕਿ ਸੰਗੀਤ ਦਾ ਆਪਣਾ ਵੀ ਦਿੱਲ ਖਿਚਵਾਂ ਰੱਸ ਹੁੰਦਾ ਹੈ। ਗੁਰਬਾਣੀ ਨੂੰ ਵਧੇਰੇ ਰੱਸ ਦਾਰ ਬਨਾਉਣ ਲਈ ਸਾਰੀ ਬਾਣੀ ਕਾਵਿ ਰੂਪ ਵਿੱਚ ਹੈ ਅਤੇ ਬਹੁਤੀ ਰਾਗਾਂ ਵਿੱਚ ਉਚਾਰਨ ਕੀਤੀ ਹੈ, ਤਾਂ ਕਿ ਸਾਡਾ ਮਨ ਗੁਰਬਾਣੀ ਵਿੱਚ ਵਧੇਰੇ ਟਿਕੇ। ਇਸ ਤੋਂ ਹੀ ਕੀਰਤਨ ਦਾ ਸੰਕਲਪ ਬਣਿਆ ਹੈ। ਹਾਲਾਂਕਿ ਕੀਰਤਨ ਸ਼ਬਦ ਕੀਰਤ ਤੋਂ ਬਣਿਆ ਹੈ, ਜਿਸ ਦਾ ਸ਼ਬਦੀ ਅਰਥ ਹੈ ਸਿਫਤ ਸਲਾਹ, ਅਤੇ ਜ਼ਰੂਰੀ ਨਹੀਂ ਕਿ ਸਿਫਤ ਸਲਾਹ ਕੇਵਲ ਗਾ ਕੇ ਹੀ ਕੀਤੀ ਜਾਵੇ। ਸਿਫਤ ਸਲਾਹ ਦਾ ਅਸਲੀ ਸੰਬੰਧ ਤਾਂ ਮਨ ਨਾਲ ਹੈ, ਸੁਰਤਿ ਨਾਲ ਹੈ। ਸੋ ਗੁਰਬਾਣੀ ਪੜ੍ਹੀਏ ਸੁਣੀਏ ਯਾ ਗਾਈਏ ਅਸਲ ਮਕਸਦ ਤਾਂ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਦਾ ਅਤੇ ਮਨ ਵਿੱਚ ਵਸਾਉਣ ਦਾ ਹੈ, ਪਰ ਕਿਉਂਕਿ ਇੱਕ ਤਾਂ ਗੁਰਬਾਣੀ ਰਾਗਾਂ ਵਿੱਚ ਹੈ, ਦੂਸਰਾ ਗੁਰਬਾਣੀ ਵਿੱਚੋਂ ਬਹੁਤ ਸਾਰੇ ਸ਼ਬਦ ਸਾਨੂੰ ਗੁਰਬਾਣੀ ਗਾਉਣ ਦੀ ਪ੍ਰੇਰਨਾ ਦੇਂਦੇ ਹਨ। ਜਿਵੇਂ:
“ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ ॥ ਕੋਟਿ ਜਨਮ ਕੀ ਤ੍ਰਿਸਨਾ ਨਿਵਰੀ ਰਾਮ ਰਸਾਇਣਿ ਆਤਮ ਧ੍ਰਾਪ ॥1॥“ {ਬਿਲਾਵਲੁ ਮਹਲਾ 5, ਪੰਨਾ 821}
ਹੇ ਸੰਤ ਜਨੋ ! ਸਾਰੇ (ਰਲ ਕੇ) ਪ੍ਰਭੂ ਦੇ ਗੁਣ ਗਾਂਦੇ ਰਿਹਾ ਕਰੋ, ਜੀਭ ਨਾਲ ਸੋਹਣੇ ਰਾਗਾਂ ਦੀ ਰਾਹੀਂ ਉਸ ਦੇ ਗੁਣਾਂ ਦਾ ਉਚਾਰਣ ਕਰਦੇ ਰਿਹਾ ਕਰੋ। (ਜੇਹੜੇ ਮਨੁੱਖ ਪ੍ਰਭੂ ਦੇ ਗੁਣਾਂ ਦਾ ਉਚਾਰਨ ਕਰਦੇ ਹਨ, ਉਹਨਾਂ ਦੀ) ਕ੍ਰੋੜਾਂ ਜਨਮਾਂ ਦੀ (ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ, ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਦੀ ਬਰਕਤਿ ਨਾਲ ਉਹਨਾਂ ਦਾ ਮਨ ਰੱਜ ਜਾਂਦਾ ਹੈ। 1.
“ਰਾਜ ਲੀਲਾ ਤੇਰੈ ਨਾਮਿ ਬਨਾਈ ॥ ਜੋਗੁ ਬਨਿਆ ਤੇਰਾ ਕੀਰਤਨੁ ਗਾਈ ॥1॥“ {ਆਸਾ ਮਹਲਾ 5, ਪੰਨਾ 385}
ਹੇ ਪ੍ਰਭੂ ! ਤੇਰੇ ਨਾਮ ਨੇ ਮੇਰੇ ਵਾਸਤੇ ਉਹ ਮੌਜ ਬਣਾ ਦਿੱਤੀ ਹੈ ਜੋ ਰਾਜੇ ਲੋਕਾਂ ਨੂੰ ਰਾਜ ਤੋਂ ਮਿਲਦੀ ਪ੍ਰਤੀਤ ਹੁੰਦੀ ਹੈ, ਜਦੋਂ ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹਾਂ ਤਾਂ ਮੈਨੂੰ ਜੋਗੀਆਂ ਵਾਲਾ ਜੋਗ ਪ੍ਰਾਪਤ ਹੋ ਜਾਂਦਾ ਹੈ (ਦੁਨੀਆ ਵਾਲਾ ਸੁਖ ਤੇ ਫ਼ਕੀਰੀ ਵਾਲਾ ਸੁਖ ਦੋਵੇਂ ਹੀ ਮੈਨੂੰ ਤੇਰੀ ਸਿਫ਼ਤਿ-ਸਾਲਾਹ ਵਿਚੋਂ ਮਿਲ ਰਹੇ ਹਨ)।
ਸਤਿਗੁਰੂ ਨਾਨਕ ਪਾਤਿਸ਼ਾਹ ਤੋਂ ਲੈਕੇ, ਸਤਿਗੁਰੂ ਦੇ ਆਪ ਅਤੇ ਗੁਰਸਿੱਖਾਂ ਦੇ ਗੁਰਬਾਣੀ ਗਾਇਣ ਕਰਨ ਦੇ ਇਤਿਹਾਸਕ ਪ੍ਰਮਾਣ ਹਨ, ਇਸ ਲਈ ਸਿੱਖ ਧਰਮ ਵਿੱਚ ਕੀਰਤਨ ਦੀ ਬਹੁਤ ਮਹਤੱਤਾ ਹੈ। ਜੇ ਕੀਰਤਨ ਕਰਦਿਆਂ ਮਨ ਸਚਮੁਚ ਹੀ ਉਸ ਅਕਾਲ ਪੁਰਖੁ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਤਾਂ ਸਚ ਹੀ ਕੀਰਤਨ ਕਰ ਰਹੇ ਹੁੰਦੇ ਹਾਂ। ਇਹ ਤਾਂ ਹੀ ਸੰਭਵ ਹੈ ਜੇ ਜੋ ਸ਼ਬਦ ਅਸੀਂ ਗਾ ਰਹੇ ਹੁੰਦੇ ਹਾਂ ਉਸ ਦਾ ਭਾਵ ਸਾਡੇ ਹਿਰਦੇ ਵਿੱਚ ਜਾ ਰਿਹਾ ਹੋਵੇ, ਉਸ ਇਲਾਹੀ ਗਿਆਨ ਦਾ ਰੰਗ ਸਾਡੇ ਮਨ ਤੇ ਚੜ ਰਿਹਾ ਹੋਵੇ। ਪਰ ਅਸੀ ਤਾਂ ਗੁਰ ਸ਼ਬਦ ਛੱਡ ਕੇ ਕਚੀਆਂ ਬਾਣੀਆਂ ਵਲ ਦੌੜ ਰਹੇ ਹਾਂ। ਅਖੌਤੀ ਬਾਬਿਆਂ ਮਹਾਂਪੁਰਖਾਂ (ਮਹਾਂਮੂਰਖਾਂ) ਨੇ ਤਾਂ ਹੱਦ ਹੀ ਕਰ ਦਿਤੀ ਹੈ। ਗੁਰਬਾਣੀ ਦਾ ਸ਼ਬਦ ਤਾਂ ਜਿਵੇਂ ਉਨ੍ਹਾਂ ਨੂੰ ਹਜ਼ਮ ਹੀ ਨਹੀਂ ਹੂੰਦਾ। ਕੱਚੀ ਬਾਣੀ ਦੀਆਂ ਹੇਕਾਂ ਲਾ ਲਾ ਕੇ ਗੁਰਮਤਿ ਤੋਂ ਉਲਟ ਗੱਲਾਂ ਪਰਚਾਰੀਆਂ ਜਾ ਰਹੀਆਂ ਹਨ। ਪੂਰੀ ਕੌਮ ਨੂੰ ਗੁਮਰਾਹ ਕਰ ਦਿਤਾ ਹੈ। ਅਖੇ ਜੀ ਸੰਗਤ ਨੂੰ ਗੁਰਬਾਣੀ ਦੀ ਸਮਝ ਨਹੀ ਆਉਦੀ, ਇਸ ਲਈ ਕੱਚੀਆਂ ਧਾਰਨਾਂ ਲਾਉਂਦੇ ਹਾਂ। ਕੋਈ ਪੁਛੇ, ਭਾਈ ਫੇਰ ਤੁਸੀ ਕਾਹਦੇ ਪਰਚਾਰਕ ਹੋ? ਪਰਚਾਰਕ ਦਾ ਤਾਂ ਕੰਮ ਹੀ ਗੁਰਬਾਣੀ ਦੇ ਭਾਵ ਸਮਝਾਉਣ ਤੋਂ ਸ਼ੁਰੂ ਹੁੰਦਾ ਹੈ। ਪਰ ਗੁਨਾਹ ਵਿੱਚ ਅਸੀਂ ਵੀ ਬਰਾਬਰ ਦੇ ਭਾਗੀਦਾਰ ਹਾਂ, ਜਿਹੜੇ ਇਹ ਕੱਚੀ ਬਾਣੀ ਸੁਣਨ ਜਾਂਦੇ ਹਾਂ। ਸਤਿਗੁਰੂ ਦਾ ਹੁਕਮ ਇਸ ਬਾਰੇ ਬਿਲਕੁਲ ਸਪਸ਼ਟ ਹੈ:
“ਸਤਿਗੁਰੂ ਬਿਨਾ, ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ, ਹੋਰ ਕਚੀ ਬਾਣੀ ॥ ਕਹਦੇ ਕਚੇ, ਸੁਣਦੇ ਕਚੇ, ਕਚੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ, ਕਹਿਆ ਕਛੂ ਨ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ, ਬੋਲਨਿ ਪਏ ਰਵਾਣੀ ॥ ਕਹੈ ਨਾਨਕੁ, ਸਤਿਗੁਰੂ ਬਾਝਹੁ, ਹੋਰ ਕਚੀ ਬਾਣੀ ॥24॥“ {ਰਾਮਕਲੀ ਮਹਲਾ 3 ਅਨੰਦੁ, ਪੰਨਾ 920}
ਜਿਹੜੇ ਸਤਿਗੁਰੂ ਦੇ ਮੁਕਾਬਲੇ ਤੇ ਅਪਣੀਆਂ ਬਾਣੀਆਂ ਉਚਾਰ ਅਤੇ ਗਾ ਕੇ, ਸਤਿਗੁਰੂ ਦੇ ਸ਼ਰੀਕ ਬਣ ਰਹੇ ਹਨ, ਉਹ ਤਾਂ ਹਨ ਹੀ ਕੱਚੇ, ਪਰ ਜੇ ਅਸੀਂ ਉਨ੍ਹਾਂ ਦੇ ਪ੍ਰੋਗਰਾਮਾਂ ਤੇ ਇਹ ਕੱਚੀ ਬਾਣੀ ਸੁਨਣ ਜਾਂਦੇ ਹਾਂ ਤਾਂ ਅਸੀਂ ਭੀ ਕੱਚੇ ਹਾਂ। ਇਹ ਫੈਸਲਾ ਮੇਰਾ ਨਹੀਂ ਸਤਿਗੁਰੂ ਦਾ ਆਪਣਾ ਹੈ।
ਪੰਚਮ ਪਾਤਿਸ਼ਾਹ ਨੇ ਇਸ ਵਿਸ਼ੇ ਤੇ ਸਾਡੇ ਸਾਹਮਣੇ ਕੁੱਝ ਸੁਆਲ ਖੜੇ ਕੀਤੇ ਹਨ:
“ਕਉਣੁ ਸੁ ਅਖਰੁ ਜਿਤੁ ਧਾਵਤੁ ਰਹਤਾ ॥ ਕਉਣੁ ਉਪਦੇਸੁ ਜਿਤੁ ਦੁਖੁ ਸੁਖੁ ਸਮ ਸਹਤਾ ॥ ਕਉਣ ਸੁ ਚਾਲ ਜਿਤੁ ਪਾਰਬ੍ਰਹਮੁ ਧਿਆਏ ਕਿਨਿ ਬਿਧਿ ਕੀਰਤਨੁ ਗਾਏ ਜੀਉ ॥4॥“ {ਮਾਝ ਮਹਲਾ 5, ਪੰਨਾ 131}
ਉਹ ਕੇਹੜਾ ਸ਼ਬਦ ਹੈ ਜਿਸ ਦੇ ਰਾਹੀਂ ਵਿਕਾਰਾਂ ਵਲ ਦੌੜਦਾ ਮਨ ਟਿਕ ਜਾਂਦਾ ਹੈ ? ਉਹ ਕੇਹੜਾ ਉਪਦੇਸ਼ ਹੈ ਜਿਸ ਉੱਤੇ ਤੁਰ ਕੇ ਮਨੁੱਖ ਦੁੱਖ ਸੁੱਖ ਇਕੋ ਜਿਹੇ ਸਹਾਰ ਸਕਦਾ ਹੈ ? ਉਹ ਕੇਹੜਾ ਜੀਵਨ-ਢੰਗ ਹੈ ਜਿਸ ਨਾਲ ਮਨੁੱਖ ਪਰਮਾਤਮਾ ਨੂੰ ਸਿਮਰ ਸਕੇ ? ਕਿਸ ਤਰ੍ਹਾਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੇ ? । 4.
ਤੇ ਫੇਰ ਸਤਿਗੁਰੂ ਆਪ ਹੀ ਇਨ੍ਹਾਂ ਸੁਆਲਾਂ ਦੇ ਜੁਆਬ ਰਾਹੀ ਸਾਨੂੰ ਜੀਵਨ ਜੁਗਤਿ ਸਮਝਾਂਉਦੇ ਹਨ:
“ਗੁਰਮੁਖਿ ਅਖਰੁ ਜਿਤੁ ਧਾਵਤੁ ਰਹਤਾ ॥ ਗੁਰਮੁਖਿ ਉਪਦੇਸੁ ਦੁਖੁ ਸੁਖੁ ਸਮ ਸਹਤਾ ॥ ਗੁਰਮੁਖਿ ਚਾਲ ਜਿਤੁ ਪਾਰਬ੍ਰਹਮੁ ਧਿਆਏ ਗੁਰਮੁਖਿ ਕੀਰਤਨੁ ਗਾਏ ਜੀਉ ॥8॥“ {ਮਾਝ ਮਹਲਾ 5, ਪੰਨਾ 131}
ਗੁਰੂ ਦੇ ਮੂੰਹੋਂ ਨਿਕਲਿਆ ਸ਼ਬਦ ਹੀ ਉਹ ਬੋਲ ਹੈ ਜਿਸ ਦੀ ਬਰਕਤਿ ਨਾਲ ਵਿਕਾਰਾਂ ਵਲ ਦੌੜਦਾ ਮਨ ਖਲੋ ਜਾਂਦਾ ਹੈ, ਗੁਰੂ ਤੋਂ ਮਿਲਿਆ ਉਪਦੇਸ਼ ਹੀ (ਇਹ ਸਮਰੱਥਾ ਰੱਖਦਾ ਹੈ ਕਿ ਮਨੁੱਖ ਉਸ ਦੇ ਆਸਰੇ) ਦੁੱਖ ਸੁੱਖ ਨੂੰ ਇਕੋ ਜਿਹਾ ਕਰ ਕੇ ਸਹਾਰਦਾ ਹੈ। ਗੁਰੂ ਦੇ ਰਾਹ ਤੇ ਤੁਰਨਾ ਹੀ ਅਜੇਹੀ ਜੀਵਨ ਚਾਲ ਹੈ ਕਿ ਇਸ ਦੀ ਰਾਹੀਂ ਮਨੁੱਖ ਪਰਮਾਤਮਾ ਦਾ ਧਿਆਨ ਧਰ ਸਕਦਾ ਹੈ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ। 8.
ਅਸੀਂ ਤਾਂ ਸਤਿਗੁਰੂ ਦੀਆਂ ਹੀ ਗਲਤੀਆਂ ਕਢਣੀਆਂ ਸ਼ੁਰੂ ਕਰ ਦਿਤੀਆਂ। ਕੀਰਤਨ ਕਰਦਿਆਂ ਜਿਥੇ ਸਿਮਰਨ ਜਾਂ ਧਿਆਉਣ ਦੀ ਗਲ ਆ ਜਾਵੇ, ਸ਼ਬਦ ਛੱਡ ਕੇ ਵਾਹਿਗੁਰੂ ਵਾਹਿਗੁਰੂ ਦੇ ਰਟਨ ਸ਼ੁਰੂ ਕਰ ਦੇਂਦੇ ਹਾਂ। ਜਿਵੇਂ ਸਤਿਗੁਰੂ ਭੁਲ ਗਏ ਹੋਣ, ਉਨ੍ਹਾਂ ਨੂੰ ਨਹੀਂ ਸੀ ਪਤਾ, ਇਥੇ ਵਾਹਿਗੁਰੂ ਵਾਹਿਗੁਰੂ ਲਿਖਣਾ ਹੈ। ਫਿਰ, ਦੇ ਵਾਜੇ, ਤਬਲੇ ਅਤੇ ਖੜਤਾਲਾਂ ਖੜਕਦੀਆਂ ਹਨ। ਕਈ ਤਾਂ ਆਪਣੀ ਸੁੱਧ-ਬੁੱਧ ਹੀ ਗੁਆ ਦੇਂਦੇ ਹਨ। ਬਿਲਕੁਲ ਉਂਝ ਜਿਵੇਂ ਹਿੰਦੂ ਧਰਮ ਵਿੱਚ ਕੁੱਝ ਬੀਬੀਆਂ ਦੇਵੀਆਂ ਆਉਣ ਦਾ ਪਖੰਡ ਕਰਦੀਆਂ ਸਿਰ ਮਾਰਦੀਆਂ ਹਨ ਤੇ ਉਨ੍ਹਾਂ ਨੂੰ ਆਪਣੀ ਸਧੁ ਬੁਧ ਨਹੀਂ ਰਹਿੰਦੀ। ਇਤਨਾਂ ਪਤਾ ਹੀ ਨਹੀਂ ਲਗਦਾ ਕਿਹੜਾ ਸ਼ਬਦ ਰੱਟ ਰਹੇ ਹਨ, ਬਸ ਹੁਰ-ਰ-ਰ, ਹੁਰ-ਰ-ਰ ਦੀਆਂ ਅਵਾਜ਼ਾਂ ਹੀ ਆਉਂਦੀਆਂ ਹਨ। ਸਤਿਗੁਰੂ ਸਾਨੂੰ ਸਮਝਾਂਦੇ ਬਖਸ਼ਿਸ਼ ਕਰਦੇ ਹਨ:
“ਸਹਜੇ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ ॥ ਸਹਜੇ ਹੀ ਭਗਤਿ ਊਪਜੈ ਸਹਜਿ ਪਿਆਰਿ ਬੈਰਾਗਿ ॥ ਸਹਜੈ ਹੀ ਤੇ ਸੁਖ ਸਾਤਿ ਹੋਇ, ਬਿਨੁ ਸਹਜੈ ਜੀਵਣੁ ਬਾਦਿ ॥2॥“ {ਸਿਰੀਰਾਗੁ ਮਹਲਾ 3, ਪੰਨਾ 68}
ਪਰਮਾਤਮਾ ਦੇ ਗੁਣਾਂ ਦਾ ਕੀਰਤਨ ਕਰਨਾ ਭੀ ਤਦੋਂ ਹੀ ਪਰਵਾਨ ਹੁੰਦਾ ਹੈ, ਜੇ ਆਤਮਕ ਅਡੋਲਤਾ ਵਿੱਚ ਟਿਕ ਕੇ ਕੀਤਾ ਜਾਏ। ਆਤਮਕ ਅਡੋਲਤਾ ਤੋਂ ਬਿਨਾ ਧਾਰਮਿਕ ਗੱਲਾਂ ਦਾ ਕਹਿਣਾ ਵਿਅਰਥ ਜਾਂਦਾ ਹੈ। ਆਤਮਕ ਅਡੋਲਤਾ ਵਿੱਚ ਟਿਕਿਆਂ ਹੀ (ਮਨੁੱਖ ਦੇ ਅੰਦਰ ਪਰਮਾਤਮਾ ਦੀ) ਭਗਤੀ (ਦਾ ਜਜ਼ਬਾ) ਪੈਦਾ ਹੁੰਦਾ ਹੈ, ਆਤਮਕ ਅਡੋਲਤਾ ਦੀ ਰਾਹੀਂ ਹੀ ਮਨੁੱਖ ਪ੍ਰਭੂ ਦੇ ਪਿਆਰ ਵਿੱਚ ਟਿਕਦਾ ਹੈ, (ਦੁਨੀਆ ਵਲੋਂ) ਵੈਰਾਗ ਵਿੱਚ ਰਹਿੰਦਾ ਹੈ। ਆਤਮਕ ਅਡੋਲਤਾ ਤੋਂ ਆਤਮਕ ਆਨੰਦ ਤੇ ਸ਼ਾਂਤੀ ਪੈਦਾ ਹੁੰਦੀ ਹੈ, ਆਤਮਕ ਅਡੋਲਤਾ ਤੋਂ ਬਿਨਾ (ਮਨੁੱਖ ਦੀ ਸਾਰੀ) ਜ਼ਿੰਦਗੀ ਵਿਅਰਥ ਜਾਂਦੀ ਹੈ। 2.
“ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ॥ ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥1॥“ {ਆਸਾ ਸ੍ਰੀ ਕਬੀਰ ਜੀਉ, ਪੰਨਾ 478}
ਹੇ ਮੇਰੇ ਵੀਰ ! ਪਰਮਾਤਮਾ ਦਾ ਸਿਮਰਨ ਕਰੋ, ਸਹਿਜ ਅਵਸਥਾ ਵਿੱਚ ਟਿਕ ਕੇ ਸਿਮਰਨ ਕਰੋ ਤਾਂ ਜੁ (ਇਸ ਉੱਦਮ ਦਾ) ਤੱਤ ਹੱਥੋਂ ਜਾਂਦਾ ਨਾਹ ਰਹੇ (ਭਾਵ, ਪ੍ਰਭੂ ਨਾਲ ਮਿਲਾਪ ਬਣ ਸਕੇ)।
ਅਜ ਬੜੇ ਵੱਡੇ ਵੱਡੇ ਕੀਰਤਨ ਦਰਬਾਰ ਹੋ ਰਹੇ ਹਨ, ਕੌਮ ਦੇ ਲੱਖਾਂ ਰੁਪਏ ਖਰਚੇ ਜਾ ਰਹੇ ਹਨ। ਇਨ੍ਹਾਂ ਕੀਰਤਨ ਦਰਬਾਰਾਂ ਤੇ ਬੜੇ ਭਾਰੀ ਇਕਠ ਵੀ ਹੁੰਦੇ ਹਨ। ਸੋਹਣੇ ਸਾਜ਼, ਸੋਹਣੇ ਸੁਰਤਾਲ, ਸੋਹਣੀ ਆਵਾਜ਼ ਵੀ ਹੈ। ਪਰ ਕੌਮ ਹਰ ਦਿਨ ਨਿਘਾਰ ਵਲ ਜਾ ਰਹੀ ਹੈ। ਨਾ ਸਾਡੇ ਮਨ ਗੁਰੂ ਉਪਦੇਸ਼ ਵਿੱਚ ਭਿਜ ਰਹੇ ਹਨ, ਨਾ ਸਿਖ ਆਚਰਣ ਵਿਕਸਤ ਹੋ ਰਿਹਾ ਹੈ। ਅੱਠ–ਦਸ ਘੰਟੇ ਦਾ ਕੀਰਤਨ ਦਰਬਾਰ ਹੁੰਦਾ ਹੈ, ਇੱਕ ਵੀ ਸ਼ਬਦ ਦੀ ਵਿਚਾਰ ਨਹੀ ਹੁੰਦੀ। ਕਈ ਰਾਗੀ ਸਿੰਘ ਸਮਾਂ ਬਿਤਾਉਣ ਲਈ, ਨਾਲ ਵਿਆਖਿਆ ਸ਼ੁਰੂ ਕਰ ਲੈਂਦੇ ਹਨ ਪਰ ਸਾਰਿਆਂ ਵਿੱਚੋਂ ਇੱਕ ਅੱਧਾ ਹੀ ਹੈ, ਜੋ ਗੁਰਮਤਿ ਅਨੁਸਾਰ ਵਿਆਖਿਆ ਕਰਦਾ ਹੈ। ਬਹੁਤੇ ਤਾਂ ਝੂਠੀਆਂ, ਸੁਆਦਲੀਆਂ ਕਹਾਣੀਆਂ ਸੁਣਾ ਕੇ, ਅਤੇ ਗੁਰਬਾਣੀ ਦੀ ਸਨਾਤਨੀ ਵਿਆਖਿਆ ਕਰਕੇ, ਹੋਰ ਬੇੜਾ ਗਰਕ ਕਰਕੇ ਤੁਰ ਜਾਂਦੇ ਹਨ। ਸਾਰੇ ਕੀਰਤਨ ਦਰਬਾਰ ਵਿੱਚ ਸ਼ਾਇਦ ਹੀ ਕੋਈ ਵਿਰਲਾ ਭਾਗਾਂ ਵਾਲਾ, ਸ਼ਬਦ ਦਾ ਭਾਵ ਸਮਝ ਕੇ ਗੁਰ ਗਿਆਨ ਰਸ ਨਾਲ ਜੁੜਿਆ ਹੋਵੇ, ਬਾਕੀ ਹਜ਼ਾਰਾਂ ਤਾਂ ਕੇਵਲ ਕੰਨ ਰਸ ਲੈਕੇ ਸਿਰ ਮਾਰ ਕੇ ਹੀ ਤੁਰ ਜਾਂਦੇ ਹਨ। ਪਤਿਤ-ਪੁਣਾ ਇਤਨਾ ਵਧ ਗਿਆ ਹੈ ਕਿ ਇੱਕ ਆਮ ਅੰਦਾਜ਼ੇ ਮੁਤਾਬਕ ਇਹ ਗਿਣਤੀ 80-90 % ਦੇ ਕਰੀਬ ਪਹੁੰਚ ਗਈ ਹੈ। ਇਹ ਗਿਣਤੀ ਵੀ ਕੇਵਲ ਕੇਸਾਂ ਦੀ ਬੇਅਦਬੀ ਕਰਨ ਵਾਲਿਆਂ ਦੀ ਹੈ। ਜੇ ਹੋਰ ਕੁਰਹਿਤਾਂ ਦੀ ਗਲ ਵੀ ਨਾਲ ਲੈ ਲਈਏ ਤਾਂ ਕੋਈ ਵਿਰਲੇ ਹੀ ਬਚੇ ਹੋਣਗੇ। ਕੋਈ ਕੀਰਤਨ ਦਰਬਾਰ ਵੀ ਕਿਸੇ ਇੱਕ ਸਿੱਖ ਦੀ ਜ਼ਿੰਦਗੀ ਬਦਲਦਾ ਨਜ਼ਰ ਨਹੀ ਆਂਉਦਾ। ਕਾਰਨ ਕੀ ਹੈ? ਕੇਵਲ ਕੰਨ ਰੱਸ ਤਕ ਸੀਮਤ ਹੋ ਗਏ ਹਾਂ। ਇਹ ਕੀਰਤਨ ਦਰਬਾਰ ਗੁਰ ਸ਼ਬਦ ਦੁਆਰਾ, ਗੁਰੂ ਗਿਆਨ ਦਾ ਲੰਗਰ ਬਨਣ ਦੀ ਬਜਾਏ, ਕੇਵਲ ਤੇ ਕੇਵਲ ਮਾਇਆ ਦੇ ਧੰਦੇ ਬਣ ਗਏ ਹਨ। ਜਾਂ ਤਾਂ ਚੰਗੇ ਸੁਰਤਾਲ ਵਾਲੇ ਰਾਗੀ ਹਰ ਦਿਨ ਲਖਾਂ, ਕਰੋੜਾਂ-ਪਤੀ ਹੋ ਰਹੇ ਹਨ ਅਤੇ ਜਾਂ ਚੌਧਰੀਆਂ ਦੀ ਹਉਮੈਂ ਨੂੰ ਪੱਠੇ ਪੈ ਰਹੇ ਹਨ। ਗੁਰੂ ਦਾ ਉਹ ਇਲਾਹੀ ਗਿਆਨ ਜਿਸ ਨੇ ਸਾਡੇ ਮਨਾਂ ਦੀ ਮੈਲ ਧੋਣੀ ਹੈ, ਸਾਡੇ ਵਿਕਾਰਾਂ ਦਾ ਨਾਸ ਕਰਨਾ ਹੈ, ਉਹ ਹਿਰਦੇ ਵਿੱਚ ਨਹੀ ਜਾ ਰਿਹਾ। ਸਤਿਗੁਰੂ ਐਸੇ ਗਾਉਣ ਨੂੰ ਰੋਣਾ ਦਸਦੇ ਹਨ। ਐਸੇ ਕੀਰਤਨ ਗਾਣ ਅਤੇ ਸੁਨਣ ਬਾਰੇ ਸਤਿਗੁਰੂ ਗ੍ਰੰਥ ਸਾਹਿਬ ਜੀ ਫੁਰਮਾਂਦੇ ਹਨ:
“ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥ ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥ ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ ॥ ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥“ {ਆਸਾ ਮਹਲਾ 4, ਪੰਨਾ 450}
(ਹੇ ਭਾਈ !) ਕੋਈ ਮਨੁੱਖ ਰਾਗ ਗਾ ਕੇ, ਕੋਈ ਸੰਖ ਆਦਿਕ ਸਾਜ ਵਜਾ ਕੇ, ਕੋਈ ਧਰਮ ਪੁਸਤਕਾਂ ਪੜ੍ਹ ਕੇ ਕਈ ਤਰੀਕਿਆਂ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ ਪਰ ਪਰਮਾਤਮਾ ਇਸ ਤਰ੍ਹਾਂ ਪ੍ਰਸੰਨ ਨਹੀਂ ਹੁੰਦਾ (ਕਿਉਂਕਿ) ਕਰਤਾਰ (ਹਰੇਕ ਮਨੁੱਖ ਦੇ ਦਿਲ ਦੀ) ਹਰੇਕ ਗੱਲ ਜਾਣਦਾ ਹੈ ਅੰਦਰਲੇ ਰੋਗਾਂ ਉਤੇ ਬੇਸ਼ੱਕ ਹੱਥ ਦਿੱਤਾ ਜਾਏ (ਅੰਦਰਲੇ ਵਿਕਾਰਾਂ ਨੂੰ ਲੁਕਾਣ ਦਾ ਜਤਨ ਕੀਤਾ ਜਾਏ, ਤਾਂ ਭੀ ਪਰਮਾਤਮਾ ਪਾਸੋਂ ਲੁਕੇ ਨਹੀਂ ਰਹਿ ਸਕਦੇ)। ਹੇ ਨਾਨਕ ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵਿਤ੍ਰ ਹੋ ਜਾਂਦਾ ਹੈ, ਉਹੀ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹੀ ਹਰੀ ਦਾ ਨਾਮ ਲੈਂਦੇ ਹਨ। 4. 11. 18.
ਸਤਿਗੁਰੂ ਨੇ ਤਾਂ ਬੜਾ ਸਪਸ਼ਟ ਨਿਰਣਾ ਕਰ ਦਿਤਾ ਹੈ ਕਿ ਭਾਵੇਂ ਜਿਤਨਾ ਮਰਜ਼ੀ ਗੁਰਬਾਣੀ ਗਾਵੋ, ਪੜ੍ਹੋ, ਸੁਣੋ ਪਰ ਜੇ ਇਹ ਸਭ ਕਰਕੇ ਉਸ ਨੂੰ ਜੀਵਨ ਵਿੱਚ ਅਮਲੀ ਰੂਪ ਨਹੀਂ ਅਪਨਾਇਆ ਤਾਂ ਕੁੱਝ ਪ੍ਰਾਪਤ ਨਹੀਂ ਕੀਤਾ। ਅਸੀਂ ਆਪਣੇ ਆਪ ਨੂੰ ਸਤਿਗੁਰੂ ਦੇ ਸਿੱਖ ਸਮਝੀ ਜਾਈਏ ਪਰ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਨਹੀਂ ਬਨ ਸਕਦੇ।
“ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥ ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥1॥“ {ਧਨਾਸਰੀ ਮਹਲਾ 4, ਪੰਨਾ 669}
ਹੇ ਭਾਈ ! ਸੇਵਕ (ਅਖਵਾਣ ਵਾਲੇ) ਸਿੱਖ (ਅਖਵਾਣ ਵਾਲੇ) ਸਾਰੇ (ਗੁਰੂ-ਦਰ ਤੇ ਪ੍ਰਭੂ ਦੀ) ਪੂਜਾ-ਭਗਤੀ ਕਰਨ ਆਉਂਦੇ ਹਨ, ਅਤੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ ਸ੍ਰੇਸ਼ਟ ਗੁਰਬਾਣੀ ਗਾਂਦੇ ਹਨ। ਪਰ ਪਰਮਾਤਮਾ ਉਹਨਾਂ ਮਨੁੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ ਉਸ ਉਤੇ ਅਮਲ ਕੀਤਾ ਹੈ। 1.
ਗੁਰਬਾਣੀ ਦੀਆਂ ਅਧੂਰੀਆਂ ਪੰਕਤੀਆਂ ਲੈ ਕੇ ਅਕਸਰ ਕਿਹਾ ਜਾਂਦਾ ਹੈ ਕਿ ਸਤਿਗੁਰੂ ਨੇ ਕੀਰਤਨੀਏ ਦੀ ਬੜੀ ਵਡਿਆਈ ਕੀਤੀ ਹੈ, ਉਸ ਨੂੰ ਭਲਾ ਆਖਿਆ ਹੈ:
“ਭਲੋ ਭਲੋ ਰੇ ਕੀਰਤਨੀਆ ॥ ਰਾਮ ਰਮਾ ਰਾਮਾ ਗੁਨ ਗਾਉ ॥ ਛੋਡਿ ਮਾਇਆ ਕੇ ਧੰਧ ਸੁਆਉ ॥1॥ ਰਹਾਉ ॥“ {ਰਾਮਕਲੀ ਮਹਲਾ 5 - ਪੰਨਾ 885}
ਸਤਿਗੁਰੂ ਦੇ ਪਾਵਨ ਬਚਨ ਤਾਂ ਕਦੇ ਗਲਤ ਨਹੀਂ ਹੋ ਸਕਦੇ। ਬੇਸ਼ਕ ਕੀਰਤਨੀਆਂ ਬਹੁਤ ਚੰਗਾ ਹੈ ਪਰ ਸਤਿਗੁਰੂ ਨੇ ਚੰਗੇ ਕੀਰਤਨੀਏ ਵਾਸਤੇ ਨਾਲ ਦੋ ਸ਼ਰਤਾਂ ਲਾ ਦਿਤੀਆਂ ਹਨ, ਪਹਿਲੀ, ‘ਰਾਮ ਰਮਾ ਰਾਮਾ ਗੁਨ ਗਾਉ ॥` ਅਤੇ ਦੂਸਰੀ, ‘ਛੋਡਿ ਮਾਇਆ ਕੇ ਧੰਧ ਸੁਆਉ`
ਹੇ ਭਾਈ ! ਜੇਹੜਾ ਮਨੁੱਖ ਮਾਇਆ ਦੇ ਧੰਧੇ ਛੱਡ ਕੇ, ਮਾਇਆ ਦੀ ਗ਼ਰਜ਼ ਛੱਡ ਕੇ, ਸਰਬ-ਵਿਆਪਕ ਪਰਮਾਤਮਾ ਦੇ ਗੁਣ ਗਾਂਦਾ ਹੈ, ਉਹੀ ਹੈ ਸਭ ਤੋਂ ਚੰਗਾ ਕੀਰਤਨ ਕਰਨ ਵਾਲਾ । 1. ਰਹਾਉ।
ਸਾਡੇ ਬਹੁਤੇ ਕੀਰਤਨੀਏ ਅਤੇ ਕੀਰਤਨ ਦਰਬਾਰ ਕਰਾਣ ਵਾਲੇ ਤਾਂ ਲਗੇ ਹੀ ਨਿਰੇ ਮਾਇਆ ਦੇ ਧੰਦਿਆਂ ਵਿੱਚ ਹੋਏ ਹਨ। ਪਹਿਲਾਂ ਪਰਚੀਆਂ ਚੁਕ ਕੇ ਮਾਇਆ ਇਕੱਤਰ ਕਰਨੀ, ਫਿਰ ਰਾਗੀਆਂ ਨਾਲ ਸੌਦੇ ਕਰਨੇ, ਸਭ ਮਾਇਆ ਦਾ ਧੰਦਾ ਹੀ ਤਾਂ ਬਣਿਆ ਪਿਆ ਹੈ। ਕੁੱਝ ਸਮਾਂ ਪਹਿਲੇ ਕਿਸੇ ਕੀਰਤਨ ਦਰਬਾਰ ਕਰਾਉਣ ਵਾਲੇ ਇੱਕ ਵੀਰ ਨੇ ਦਸਿਆ ਕਿ ਉਨ੍ਹਾਂ ਕੀਰਤਨ ਵਾਸਤੇ ਇੱਕ ਮਸ਼ਹੂਰ ਕੀਰਤਨੀਏ ਨੂੰ ਸੰਪਰਕ ਕੀਤਾ, ਤਾਂ ਉਸ ਪੁਛਿਆ ਕਿਤਨਾ ਸਮਾਂ ਕੀਰਤਨ ਕਰਨਾ ਹੈ। ਪ੍ਰਬੰਧਕਾਂ ਆਖਿਆ ਆਪ ਦਾ ਸਮਾਂ ਇੱਕ ਘੰਟਾ ਹੋਵੇਗਾ। ਉਸ ਨੇ ਇਕਵੰਜਾ ਹਜ਼ਾਰ ਰੁਪਏ ਅਤੇ ਪਹਿਲੇ ਦਰਜੇ ਏ ਸੀ ਦੀਆਂ ਰੇਲਵੇ ਟਿਕਟਾਂ ਮੰਗੀਆਂ। ਕਿਉਂਕਿ ਹਵਾਈ ਜਹਾਜ਼ ਉਥੇ ਜਾਂਦਾ ਨਹੀ ਸੀ। ਪ੍ਰਬੰਧਕਾਂ ਨੇ ਇਹ ਸਭ ਮਨ ਲਿਆ। ਜਿਸ ਵੇਲੇ ਰਾਗੀ ਸਿੰਘਾਂ ਨੇ ਕੀਰਤਨ ਸਮਾਪਤ ਕੀਤਾ ਤਾਂ ਸੰਗਤ ਵਿਚੋਂ ਕਿਸੇ ਨੇ ਇੱਕ ਵਿਸ਼ੇਸ਼ ਸ਼ਬਦ ਦੀ ਫੁਰਮਾਇਸ਼ ਕਰ ਦਿਤੀ। ਰਾਗੀ ਸਿੰਘ ਕਹਿਣ ਲੱਗੇ ਸਾਡਾ ਸਮਾਂ ਤਾਂ ਸਮਾਪਤ ਹੋ ਗਿਆ ਹੈ, ਜੇ ਪ੍ਰਬੰਧਕ ਕਹਿਣ ਤਾਂ ਸੁਣਾ ਦੇਂਦੇ ਹਾਂ। ਪ੍ਰਬੰਧਕਾਂ ਸਮਝਿਆ ਸਮਾਂ ਮੰਗ ਰਹੇ ਹਨ, ਉਨ੍ਹਾਂ ਕਿਹਾ ਸੰਗਤ ਦੀ ਮੰਗ ਹੈ ਸੁਣਾ ਦਿਓ। ਰਾਗੀਆਂ ਨੇ ਉਹ ਸ਼ਬਦ ਵੀ ਪੜ੍ਹ ਦਿਤਾ। ਪਹਿਲਾਂ ਤਾਂ ਅਸੀਂ ਫੁਰਮਾਇਸ਼ਾਂ ਵੀ ਤਾਂ ਹੀ ਕਰ ਰਹੇ ਹਾਂ ਕਿਉਂਕਿ ਸੰਗੀਤ ਨਾਲ, ਆਵਾਜ਼ ਨਾਲ ਜੁੜੇ ਹੋਏ ਹਾਂ। ਸ਼ਬਦ ਨਾਲ ਨਹੀਂ ਜੁੜੇ, ਜੇ ਸ਼ਬਦ ਨਾਲ ਜੁੜੇ ਹੋਈਏ ਤਾਂ ਹਰ ਸ਼ਬਦ ਚੋਂ ਉਤਨਾ ਹੀ ਰੱਸ ਆਵੇਗਾ, ਕਿਉਂਕਿ ਸਤਿਗੁਰੂ ਦੀ ਸਾਰੀ ਬਾਣੀ ਹੀ ਅੰਮ੍ਰਿਤ ਹੈ। ਫਿਰ ਕਿਸੇ ਸ਼ਬਦ ਦੀ ਫੁਰਮਾਇਸ਼ ਕਰਨ ਦੀ ਲੋੜ ਹੀ ਨਹੀਂ ਪਵੇਗੀ। ਜਦੋਂ ਅੰਦਰ ਪ੍ਰਬੰਧਕਾਂ ਪੈਸਿਆਂ ਵਾਲਾ ਲਿਫਾਫਾ ਦਿੱਤਾ ਤਾਂ ਰਾਗੀ ਸਿੰਘ ਪੁੱਛਣ ਲਗੇ, ਕਿਤਨੇ ਪੈਸੇ ਹਨ? ਉਹ ਕਹਿਣ ਲਗੇ ਜੀ ਇਕਵੰਜਾ ਹਜ਼ਾਰ, ਜੋ ਨੀਅਤ ਹੋਇਆ ਸੀ। ਰਾਗੀ ਆਖਣ ਲਗਾ, ਜੀ ਇਕਵੰਜਾ ਹਜ਼ਾਰ ਤਾਂ ਇੱਕ ਘੰਟੇ ਦਾ ਹੋਇਆ ਸੀ, ਸਵਾ ਘੰਟਾ ਕੀਰਤਨ ਕੀਤਾ ਹੈ, ਸਾਢੇ ਬਾਰਾਂ ਹਜ਼ਾਰ ਹੋਰ ਦੇ ਦਿਓ। ਅਸੀ ਬੜਾ ਮਾਣ ਦੇਂਦੇ ਹਾਂ, ਸਾਡੀ ਕੌਮ ਦੇ ਕੀਰਤਨੀਏ ਹਨ, ਸਾਨੂੰ ਹਰਿ ਜਸ ਸੁਣਾਂਦੇ ਹਨ, ਸਾਨੂੰ ਗੁਰੂ ਨਾਲ ਜੋੜਦੇ ਹਨ? ਕੀ ਥੁੜਿਆ ਪਿਆ ਹੈ, ਪੰਥ ਦਾ ਇਨ੍ਹਾਂ ਕੀਰਤਨੀਆਂ ਅਤੇ ਕੀਰਤਨ ਦਰਬਾਰਾਂ ਬਗੈਰ। ਕੀ ਇਹ ਨਾਮ ਜਪਣਾ/ਜਪਾਉਣਾ ਹੈ? ਇਹ ਤਾਂ ਪੁਰੋਹਤਾਂ ਦੇ ਕਰਮਕਾਂਡ ਵਾਂਗ ਹੈ ਜਿਸ ਨੂੰ ਗੁਰੁ ਸਾਿਹਬਾਨ ਨੇ ਰੱਦ ਕੀਤਾ ਸੀ।
ਜਿਹੜਾ ਮਨ ਇਸ ਤਰ੍ਹਾਂ ਮਾਇਆ ਵਿੱਚ ਗਲਤਾਨ ਹੋਇਆ ਪਿਆ ਹੋਵੇ, ਜਿਸਦਾ ਧਿਆਨ ਹੀ ਵਾਜੇ ਤੇ ਆ ਰਹੀ ਮਾਇਆ ਵਿੱਚ ਹੋਵੇ, ਉਸ ਨੇ ਵਾਹਿਗੁਰੂ ਵਿੱਚ ਕਿਥੋਂ ਲੀਨ ਹੋਣਾ ਹੈ?
ਜੋ ਭਾਗਾਂ ਵਾਲੇ ਮਾਇਆ ਦੇ ਧੰਦਿਆਂ ਤੋਂ ਮੁਕਤ ਹੋਕੇ, ਕੰਨ ਰਸ ਦੀ ਬਜਾਏ ਸ਼ਬਦ ਰਸ (ਸ਼ਬਦ ਦੇ ਭਾਵ ਤੋਂ ਪਰਾਪਤ ਹੋਣ ਵਾਲਾ ਆਨੰਦ) ਨਾਲ ਜੁੜ ਕੇ ਹਰੀ ਜਸ ਗਾਇਨ ਕਰਦੇ ਹਨ ਉਹ ਸਚਮੁਚ ਕੀਰਤਨ ਗਾਂਦੇ, ਵਾਹਿਗੁਰੂ ਦੀ ਸਿਫਤ ਸਲਾਹ ਨਾਲ ਜੁੜੇ ਹੁੰਦੇ ਹਨ ਅਤੇ ਆਤਮਿਕ ਆਨੰਦ ਮਾਣਦੇ ਹਨ। ਉਨ੍ਹਾ ਦਾ ਕੀਰਤਨ ਗਾਣਾ ਵਾਹਿਗੁਰੂ ਦਾ ਸਿਮਰਨ ਹੀ ਹੂੰਦਾ ਹੈ, ਜੋ ਕੀਰਤਨ ਗਾਣ ਦਾ ਅਸਲੀ ਮਕਸਦ ਹੈ। ਪਾਵਨ ਗੁਰਬਾਣੀ ਦਾ ਫੁਰਮਾਨ ਹੈ:
“ਰਾਮ ਹਰਿ ਕੀਰਤਨੁ ਗੁਰ ਲਿਵ ਮੀਠਾ ॥1॥ ਰਹਾਉ ॥“ {ਗਉੜੀ ਪੂਰਬੀ ਮਹਲਾ 4, ਪੰਨਾ 171}
(ਹੇ ਭਾਈ !) ਗੁਰੂ (ਦੇ ਚਰਨਾਂ ਵਿਚ) ਲਿਵ (ਲਾ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰੋ। (ਦੁਨੀਆ ਦੇ ਸਭ ਰਸਾਂ ਨਾਲੋਂ ਇਹ ਰਸ) ਮਿੱਠਾ ਹੈ। 1. ਰਹਾਉ।
“ਚਰਨ ਕਮਲ ਗੋਬਿੰਦ ਰੰਗੁ ਲਾਗਾ ॥ ਸੰਤ ਪ੍ਰਸਾਦਿ ਭਏ ਮਨ ਨਿਰਮਲ, ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥1॥“
{ਰਾਗੁ ਗਉੜੀ ਥਿਤੀ ਕਬੀਰ ਜੀ ਕੀ, ਪੰਨਾ 343}
ਜਿਸ ਮਨੁੱਖ ਦਾ ਪਿਆਰ ਗੋਬਿੰਦ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ, ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿੱਚ ਜੁੜ ਕੇ ਉਹ ਮਨੁੱਖ ਵਿਕਾਰਾਂ ਵਲੋਂ ਹਰ ਵੇਲੇ ਸੁਚੇਤ ਰਹਿੰਦਾ ਹੈ। 1. ਰਹਾਉ।
“ਤੇਰੋ ਸੇਵਕੁ ਇਹ ਰੰਗਿ ਮਾਤਾ ॥ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ ॥ {ਸੋਰਠਿ ਮਹਲਾ 5, ਪੰਨਾ 642}
ਹੇ ਭਾਈ ! ਤੇਰਾ ਸੇਵਕ ਤੇਰੀ ਸਿਫ਼ਤਿ-ਸਾਲਾਹ ਦੇ ਰੰਗ ਵਿੱਚ ਮਸਤ ਰਹਿੰਦਾ ਹੈ। ਹੇ ਭਾਈ ! ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ, ਉਸ ਦਾ ਇਹ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ।
“ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥ ਜੋ ਹਰਿ ਨਾਮੁ ਧਿਆਇਦੇ ਤਿਨ ਦਰਸਨੁ ਪਿਖਾ ॥ ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ ॥ ਹਰਿ ਨਾਮੁ ਸਲਾਹੀ ਰੰਗ ਸਿਉ ਸਭਿ ਕਿਲਵਿਖ ਕ੍ਰਿਖਾ ॥ ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ ॥19॥“ {ਰਾਗੁ ਸੋਰਠਿ ਵਾਰ ਮਹਲੇ 4 ਕੀ, ਪਉੜੀ, ਪੰਨਾ 650}
ਜੋ ਸਿੱਖ ਸਤਿਗੁਰੂ ਦੇ ਸਨਮੁਖ ਹਨ, ਮੈਂ ਉਹਨਾਂ ਤੋਂ ਸਦਕੇ ਹਾਂ। ਜੋ ਹਰੀ-ਨਾਮ ਸਿਮਰਦੇ ਹਨ (ਜੀ ਚਾਹੁੰਦਾ ਹੈ) ਮੈਂ ਉਹਨਾਂ ਦਾ ਦਰਸ਼ਨ ਕਰਾਂ, (ਉਹਨਾਂ ਪਾਸੋਂ) ਕੀਰਤਨ ਸੁਣ ਕੇ ਹਰੀ ਦੇ ਗੁਣ ਗਾਵਾਂ ਤੇ ਹਰੀ-ਜਸ ਮਨ ਵਿੱਚ ਉੱਕਰ ਲਵਾਂ, ਪ੍ਰੇਮ ਨਾਲ ਹਰੀ-ਨਾਮ ਦੀ ਸਿਫ਼ਤਿ ਕਰਾਂ ਤੇ (ਆਪਣੇ) ਸਾਰੇ ਪਾਪ ਕੱਟ ਦਿਆਂ। ਉਹ ਸਰੀਰ-ਥਾਂ ਧੰਨ ਹੈ, ਸੁੰਦਰ ਹੈ ਜਿਥੇ ਪਿਆਰਾ ਸਤਿਗੁਰੂ ਪੈਰ ਰੱਖਦਾ ਹੈ (ਭਾਵ, ਆ ਵੱਸਦਾ ਹੈ)। 19.
“ਕਰਿ ਕੀਰਤਨੁ ਮਨ ਸੀਤਲ ਭਏ ॥ ਜਨਮ ਜਨਮ ਕੇ ਕਿਲਵਿਖ ਗਏ ॥ ਸਰਬ ਨਿਧਾਨ ਪੇਖੇ ਮਨ ਮਾਹਿ ॥ ਅਬ ਢੂਢਨ ਕਾਹੇ ਕਉ ਜਾਹਿ ॥2॥“ {ਗਉੜੀ ਗੁਆਰੇਰੀ ਮਹਲਾ 5, ਪੰਨਾ 178}
ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕੇ ਜਿਨ੍ਹਾਂ ਦੇ ਮਨ ਠੰਢੇ-ਠਾਰ ਹੋ ਗਏ, (ਉਹਨਾਂ ਦੇ ਅੰਦਰੋਂ) ਜਨਮਾਂ ਜਨਮਾਂਤਰਾਂ ਦੇ ਪਾਪ ਦੂਰ ਹੋ ਗਏ। ਉਹਨਾਂ ਨੇ ਸਾਰੇ ਖ਼ਜ਼ਾਨੇ ਆਪਣੇ ਮਨ ਵਿੱਚ ਹੀ ਵੇਖ ਲਏ, (ਇਸ ਵਾਸਤੇ ਸੁਖ) ਢੂੰਡਣ ਲਈ ਹੁਣ ਉਹ (ਹੋਰ ਕਿਤੇ) ਕਿਉਂ ਜਾਣ ? (ਭਾਵ, ਸੁਖ ਦੀ ਭਾਲ ਬਾਹਰ ਜਗਤ ਦੇ ਪਦਾਰਥਾਂ ਵਿਚੋਂ ਕਰਨ ਦੀ ਉਹਨਾਂ ਨੂੰ ਲੋੜ ਨਹੀਂ ਰਹਿੰਦੀ)। 2.
ਆਓ ਨੇਮ ਨਾਲ ਵਿਚਾਰ ਕੇ ਬਾਣੀ ਪੜੀਏ, ਸੁਣੀਏ, ਗਾਈਏ, ਉਸ ਨੂੰ ਹਿਰਦੇ ਵਿੱਚ ਧਾਰਨ ਕਰੀਏ ਅਤੇ ਉਸ ਅਨੁਸਾਰ ਸ਼ੁਭ ਗੁਣਾਂ ਵਾਲਾ ਜੀਵਨ ਬਤੀਤ ਕਰੀਏ ਤਾਂ ਕਿ ਵਾਹਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਉਸ ਦੀ ਮਿਹਰ ਸਦਕਾ, ਮਨ ਹਰ ਵੇਲੇ ਉਸ ਦੇ ਚਰਨਾ ਨਾਲ ਜੁੜਿਆ, ਉਸ ਦੀ ਯਾਦ ਅਤੇ ਉਸ ਦੇ ਪਿਆਰ ਵਿੱਚ ਭਿੱਜਾ ਰਹੇ ਅਤੇ ਹਰ ਵੇਲੇ ਸੁਆਸ ਸੁਆਸ ਵਾਹਿਗੁਰੂ ਦੇ ਸਿਮਰਨ ਦੀ ਦਾਤ ਪਰਾਪਤ ਹੋ ਜਾਵੇ।
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
ਰਾਜਿੰਦਰ ਸਿੰਘ,
(ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ
ਮੁਖ ਦਫਤਰ: ਚੰਡੀਗਡ੍ਹ
ਟੈਲੀਫੋਨ: 0172-2600686, 2661607




.