ਪੰਥ ਪ੍ਰਵਾਨਕਤਾ ਅਤੇ ਰਹਿਤ ਮਰਿਯਾਦਾ ਦੇ ਨਾਂ ਤੇ ਨਾਨਕਵਾਦ (ਸੱਚ) ਦੀ ਕੁਰਾਬਾਨੀ ਨਾ ਦਿਓ
(ਕਿਸ਼ਤ ਦੂਜੀ)
ਡਾ. ਰਤਨ ਸਿੰਘ ਜੱਗੀ ਵੱਲੋਂ
ਸੰਤੋਖ ਸਿੰਘ ਚੰਡੀਗੜ੍ਹ ਨੂੰ ‘ਬੇਨਤੀ ਚੌਪਈ’ ਸਬੰਧੀ ਦਿੱਤਾ ਗਿਆ ਜਵਾਬ ਵੀ ਹੂ-ਬ-ਹੂ ਪੜ੍ਹ ਲੈਂਦੇ
ਹਾਂ ਤਾਂ ਕੀ ਸਾਡੀਆਂ ਅੱਖਾਂ ਅੱਗੇ ਪੰਥ ਪ੍ਰਵਾਨਕਤਾ ਦਾ ਪਰਦਾ ਹੱਟ ਸਕੇ।
ਰਤਨ ਸਿੰਘ ਜੱਗੀ ਦਾ ਜਵਾਬ ਸੀ:
ਬੇਨਤੀ ਹੈ ਕਿ ਆਪ ਜੀ ਚਿੱਠੀ ਅਤੇ ਗੁ: ਪ੍ਰਬੰਧਕ ਕਮੇਟੀ ਦੀਆਂ ਚਿੱਠੀਆਂ ਪੜ੍ਹ ਲਈਆਂ ਹਨ। ਬੇਨਤੀ
ਇਹ ਹੈ ਕਿ ਪੁਰਾਤਨ ਹੱਥ ਲਿਖਤਾਂ ਅਤੇ ਇਤਿਹਾਸਕ ਗਰੰਥਾਂ ਵਿੱਚ ਇਹ ਚੌਪਈ ਅੰਮ੍ਰਿਤਬਾਣੀ ਦੇ ਰੂਪ
ਵਿੱਚ ਕਿਤੇ ਵੀ ਲਿਖੀ ਨਹੀਂ ਮਿਲਦੀ। ਅਰਵਾਚੀਨ ਕ੍ਰਿਤੀਆਂ ਵਿੱਚ ਭਾਵੇਂ ਅਜਿਹੇ ਸੰਕੇਤ ਮਿਲ ਜਾਂਦੇ
ਹਨ। ਪ੍ਰਕਰਣ ਅਨੁਸਾਰ ਤ੍ਰਿਆ ਚਰਿੱਤਰ ਦੇ ਅੰਤ ਵਿੱਚ ਦਰਜ ਹੈ ਅਤੇ ਅੰਤਲੀ ਪੁਸ਼ਪਿਤਾ ਤੋਂ ਇਹ ਉਸੇ
ਦਾ ਅੰਗ ਸਿੱਧ ਹੁੰਦੀ ਹੈ। ਇਸ ਤੋਂ ਬਾਅਦ ਪ੍ਰਸੰਗ ਵਿੱਚ ਆਏ ਸੰਕੇਤ ਵੀ ਪੂਰੀ ਤਰ੍ਹਾਂ ਚਰਿੱਤਰਾਂ
ਨਾਲ ਸਬੰਧਤ ਹਨ। ਇਸ ਲਈ ਇਹ ਉਸੇ ਕਵੀ ਦੀ ਰਚਨਾ ਹੈ ਜਿਸ ਨੇ ਚਰਿੱਤਰ ਲਿਖੇ ਹਨ। ਜੇ ਚਰਿੱਤਰ ਗੁਰੂ
ਜੀ ਦੇ ਲਿਖੇ ਸਿੱਧ ਨਹੀਂ ਹੁੰਦੇ ਤਾਂ ਇਸ ਦੀ ਪ੍ਰਮਾਣਿਕਤਾ ਤੇ ਪ੍ਰਸ਼ਨ ਚਿੰਨ ਲੱਗ ਜਾਂਦਾ ਹੈ।
ਅਸੀਂ ਸਾਰੇ ਜਾਗਰੂਕ ਸਿੱਖ ਇਹ ਮੰਨਦੇ ਤੇ ਪ੍ਰਚਾਰਦੇ ਹਾਂ ਕਿ ਤ੍ਰਿਆ ਚਰਿੱਤਰ ਦਸਮੇਸ਼ ਕ੍ਰਿਤ ਨਹੀਂ।
ਪਰ ‘ਕਬਿਯੋਬਾਚ ਬੇਨਤੀ ਚੌਪਈ’ ਦਾ ਕੀ ਮਤਲਬ ਬਣਦਾ ਹੈ? ਇਹੀ ਨਾ ਕਿ ਕਵੀ (ਜਿਸ ਨੇ ਇਹ 404 ਚਰਿੱਤਰ
ਲਿਖੇ ਹਨ) ਬੇਨਤੀ ਕਰਦਾ ਹੈ ਫੇਰ ਜੇ ਇਸ ਕਵੀ ਦੀ ਬੇਨਤੀ ਨੂੰ ਦਸਮੇਸ਼ ਕ੍ਰਿਤ ਪਾਤਸ਼ਾਹੀ ਜੋੜਨਾ ਹੋਰ
ਕੀ ਹੈ ਮੰਨ ਕੇ ਅਸੀਂ ਨਿਤਨੇਮ ਅਤੇ ਖੰਡੇ ਦੀ ਪਾਹੁਲ ਵੇਲੇ ਪੜ੍ਹ ਰਹੇ ਹਾਂ। ਇਸ ਦਾ ਸਪਸ਼ਟ ਮਤਲਬ
ਇਹੀ ਨਿਕਲਦਾ ਹੈ ਇਹ ਕਵੀ ਦਸਮੇਸ਼ ਜੀ ਹੀ ਹਨ। ਫੇਰ ਤਾਂ ਅਸੀਂ ਇਹ ਖੁਦ ਹੀ ਸਾਬਿਤ ਕਰਨ ਤੇ ਤੁਲੇ
ਹਾਂ ਕਿ ਉਨ੍ਹਾਂ 404 ਚਰਿੱਤਰਾਂ ਵਾਲੀ ਤ੍ਰਿਆ ਚਰਿੱਤਰ ਰਚਨਾ ਦੇ ਰਚਾਇਤਾ ਦਸਮੇਸ਼ ਜੀ ਹੀ ਹਨ।
ਕਿਉਂਕਿ 404 ਚਰਿੱਤਰਾਂ ਦਾ ਰਚਾਇਤਾ ਅਤੇ ਬੇਨਤੀ ਕਰਨ ਵਾਲਾ ਕਵੀ ਤਾਂ ਇੱਕ ਹੀ ਬੰਦਾ ਹੋਇਆ। ਫੇਰ
ਤਾਂ ਅਸੀਂ ਸੰਪ੍ਰਦਾਈਆਂ ਦੇ ਇਸ ਵਿਚਾਰ ਦੀ ਪ੍ਰੋੜਤਾ ਕਰ ਰਹੇ ਹਾਂ ਕਿ ਸਾਰੀ ਤ੍ਰਿਆ ਚਰਿੱਤਰ ਦਸਮੇਸ਼
ਜੀ ਦੀ ਕ੍ਰਿਤ ਹੈ।
‘ਸਚਹੁ ਉਰੈ ਸਭ ਕੋ, ਉੜਕ ਸਚ ਰਹੀ’ ਉਪਰੋਕਤ ਵਿਚਾਰ ਉਪਰੰਤ ਸਪਸ਼ਟ ਹੈ ਕਿ ‘ਕਬਿਯੋਬਾਚ ਬੇਨਤੀ ਚੌਪਈ’
ਕਿਸੇ ਵੀ ਲਿਹਾਜ ਨਾਲ ਦਸਮੇਸ਼ ਕ੍ਰਿਤ ਸਾਬਤ ਨਹੀਂ ਹੁੰਦੀ। ਫੇਰ ਇਸ ਨੂੰ ਪੰਥ ਪ੍ਰਵਾਨਿਤ ਹੋਣ ਜਾਂ
ਰਹਿਤ ਮਰਿਯਾਦਾ ਹੋਣ ਦਾ ਹਿੱਸਾ ਹੋਣ ਦੀ ਦੁਹਾਈ ਦੇ ਕੇ ਦਸਮੇਸ਼ ਜੀ ਦੇ ਨਾਂ (ਪਾ: 10) ਨਾਲ ਮੜ੍ਹਨ
ਦਾ ਅਸੀਂ ਕੁਕਰਮ ਨਹੀਂ ਕਰ ਰਹੇ? ਕੀ ਅਸੀਂ ਪੰਥ ਪ੍ਰਸਤ ਬਣਨ ਦੇ ਚੱਕਰਾਂ ਵਿੱਚ ਗੁਰੂ ਦੋਖੀ ਨਹੀਂ
ਬਣ ਰਹੇ। ਕੀ ਤ੍ਰਿਆ ਚਰਿੱਤਰ ਨੂੰ ਰੱਦ ਕਰਕੇ ਪਰ ਉਸਦੇ ਹੀ ਇੱਕ ਹਿੱਸੇ ‘ਬੇਨਤੀ ਚੌਪਈ’ ਨੂੰ ਦਸਮੇਸ਼
ਕ੍ਰਿਤ ਮੰਨ ਕੇ ਅਸੀਂ ਦੋਗਲਾ ਪਨ ਨਹੀਂ ਵਿਖਾ ਰਹੇ? ਕੀ ਐਸੇ ਕੁਕਰਮ ਕਰਨ ਵਾਲੇ ਦੋਗਲੇ ਗੁਰੂ
ਦੋਖੀਆਂ ਦੇ ਸਮੂਹ ਨੂੰ ਗੁਰੂ ਦਾ ਪੰਥ ਕਿਹਾ ਜਾ ਸਕਦਾ ਹੈ? ਪਰ ਅਸੀਂ ਤਾਂ ਆਪਣੇ ਆਪ ਨੂੰ ਗੁਰੂ ਦਾ
ਪੰਥ ਨਹੀਂ, ਗੁਰੂ (ਗੁਰੂ ਪੰਥ) ਹੀ ਮੰਨੀ ਬੈਠੇ ਹਾਂ। ਜੇ ਅਸੀਂ ਗੁਰੂ ਦਾ ਪੰਥ ਹੀ ਕਹਿੰਦੇ ਤਾਂ
ਇਹੋ ਜਿਹੇ ਕੁਕਰਮ ਨਾ ਕਰਦੇ, ਦੋਗਲਾ ਪਨ ਨਾ ਦਿਖਾਉਂਦੇ।
ਕਿਉਂਕਿ ਉਸ ਹਾਲਤ ਵਿੱਚ ਅਸੀਂ ਸੇਧ ਗੁਰੂ (ਗਿਆਨ ਰੂਪੀ) ਤੋਂ ਲੈਂਦੇ। ਪਰ ਜਦ ਅਸੀਂ ਆਪ ਹੀ ਗਰੂ
(ਪੰਥ ਗੁਰੂ) ਬਣ ਬੈਠੇ ਤਾਂ ਸੇਧ ਵੀ ਆਪਣੇ ਮਨ ਤੋਂ ਹੀ ਲੈਣੀ ਸ਼ੁਰੂ ਕਰ ਦਿੱਤੀ ਤਾਂ ਹੀ ਅਸੀਂ
ਮਨਮੁੱਖ ਬਣ ਬੈਠੇ।
ਕਿਤਨੀ ਦਿਲਚਸਪ ਗੱਲ ਹੈ ਕਿ ਦਸ ਨਾਨਕ ਜਾਮਿਆਂ ਨੇ ਪੰਥ ਸਾਜਿਆ ਅਤੇ ‘ਗੁਰੂ ਗ੍ਰੰਥ ਸਾਹਿਬ ਜੀ’ ਦੇ
ਗਿਆਨ ਨੂੰ ਇਸ ਦਾ ਗੁਰੂ ਥਾਪਿਆ ਸੀ। ਇਸ ਪੰਥ ਨੂੰ ਦਸਾਂ ਨਾਨਕ ਜਮਿਆਂ ਦਾ ਥਾਪਿਆ ਗੁਰੂ ਸ਼ਾਇਦ ਪਸੰਦ
ਨਹੀਂ ਆਇਆ ਜਾਂ ਛੋਟਾ ਲੱਗ ਰਿਹਾ ਹੈ। ਇਸ ਪੰਥ ਨੂੰ ਸ਼ਾਇਦ ‘ਗੁਰੂ ਗ੍ਰੰਥ ਸਾਹਿਬ ਜੀ’ ਦੇ 1429
ਪੰਨੇ (ਰਾਗਮਾਲਾ ਗੁਰਬਾਣੀ ਨਹੀਂ) ਘੱਟ ਪੈ ਗਏ? ਤਾਂ ਹੀ ਦਸਮੇਸ਼ ਜੀ ਦਾ ਇਹ ਆਦੇਸ਼ ਭੁੱਲ ਗਿਆ ਕਿ
ਤੁਹਾਡਾ ਗੁਰੂ ਸਿਰਫ ਤੇ ਸਿਰਫ ‘ਗੁਰੂ ਗ੍ਰੰਥ ਸਾਹਿਬ’ ਹੈ। ਇਸ ਪੰਥ ਨੇ ਤਾਂ ਇਸ ਆਦੇਸ਼ ਦੀ ਉਲੰਘਣਾ
ਕਰਦੇ ਹੋਏ ਜੁਆਬ ਦਿੱਤਾ ਕਿ ਅਸੀਂ ਸਿਰਫ ਤੇ ਸਿਰਫ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਆਪਣਾ ਗੁਰੂ
ਨਹੀਂ ਮੰਨਦੇ। ਅਸੀਂ ਤਾਂ ਇੱਕ ਹੋਰ ਗ੍ਰੰਥ ਨੂੰ ਵੀ ਗੁਰੂ ਬਣਾਵਾਂਗੇ। ਉਨ੍ਹਾਂ ਨੇ ਦਸਮ ਗ੍ਰੰਥ ਨੂੰ
ਵੀ ਗੁਰੂ ਥਾਪ ਲਿਆ ਹੁਣ ਉਹ ਭਾਵੇਂ ਸੰਪ੍ਰਦਾਈ ਹੋਣ ਜੋ ਪੂਰੇ ਦਸਮ ਗ੍ਰੰਥ ਨੂੰ ਦਸਮੇਸ਼ ਜੀ ਦੀ
ਕ੍ਰਿਤ ਮੰਨ ਰਹੇ ਹਨ ਤੇ ਕਈ ਉਸ ਵਾਸਤੇ ਗੁਰੂ ਪਦ ਵੀ ਵਰਤ ਰਹੇ ਹਨ। ਕਈ ਇਹੋ ਜਿਹੀ ਸੋਚ ਵਾਲੇ
ਵਿਦਵਾਨ ਇਹ ਪ੍ਰਚਾਰ ਵੀ ਕਰ ਰਹੇ ਹਨ ਕਿ ਖਾਲਸਾ ਪੰਥ ਦੋ ਗ੍ਰੰਥਾਂ ਦੀ ਉਪਜ ਹੈ। ਭਾਵ ਇਸ ਦੇ ਦੋ
ਆਤਮਿਕ ਪਿਓ ਹਨ। ਐਸਾ ਨਾਲਾਇਕ ਪੁੱਤਰ ਸ਼ਾਇਦ ਹੀ ਕੋਈ ਹੋਰ ਹੋਵੇ ਜੋ ਸ਼ਰੇਆਮ ਆਪਣੇ ਦੋ ਪਿਓ
ਪ੍ਰਚਾਰਦਾ ਹੈ? ਦੂਜੇ ਪਾਸੇ ਉਹ ਸਿੱਖ ਵੀ ਹਨ ਜੋ ਪੂਰੇ ਦਸਮ ਗ੍ਰੰਥ ਨੂੰ ਦਸਮੇਸ਼ ਕ੍ਰਿਤ ਭਾਵੇਂ
ਨਹੀਂ ਮੰਨਦੇ ਪਰ ਦਸਮ ਗ੍ਰੰਥ ਦੀ ਪੰਥ ਪ੍ਰਵਾਨਿਤ ਜਾਂ ਰਹਿਤ ਮਰਿਯਾਦਾ ਵਾਲੀਆਂ ਰਚਨਾਵਾਂ ਨੂੰ
ਦਸਮੇਸ਼ ਜੀ ਦੀ ਕ੍ਰਿਤ ਮੰਨਦੇ ਹਨ। ਉਹ ਵੀ ਅਸਿੱਧੇ ਤਰੀਕੇ ਆਪਣਾ ਹੋਰ ਗੁਰੂ ਥਾਪ ਰਹੇ ਹਨ। ਅਸੀਂ
ਗੁਰਬਾਣੀ ਨੂੰ ਗੁਰੂ ਕਹਿੰਦੇ ਹਾਂ ਦਸਮ ਗ੍ਰੰਥ ਦੀਆਂ ਕੁੱਝ ਰਚਨਾਵਾਂ ਨੂੰ ਪੰਥ ਪ੍ਰਵਾਨਿਤ ਮੰਨ ਕੇ
ਅਸੀਂ ਉਨ੍ਹਾਂ ਨੂੰ ਵੀ ਗੁਰਬਾਣੀ ਹੀ ਮੰਨ ਅਤੇ ਪ੍ਰਚਾਰ ਰਹੇ ਹਾਂ। ਇਹ ਸਪਸ਼ਟ ਕਰਦਾ ਹੈ ਕਿ ਸਾਨੂੰ
‘ਗੁਰੂ ਗ੍ਰੰਥ ਸਾਹਿਬ ਜੀ’ ਸੰਪੂਰਨ ਗੁਰੂ ਨਹੀਂ ਲੱਗਦੇ ਤਾਂ ਹੀ ਅਸੀਂ ਉਸ ਤੋਂ ਬਾਹਰ ਦੀ ਰਚਨਾਂ
ਨੂੰ ਗੁਰਬਾਣੀ ਗੁਰੂ ਮੰਨ ਰਹੇ ਹਾਂ। ਸ਼ਾਇਦ ਅਸੀਂ ਦਸਮੇਸ਼ ਜੀ ਤੋਂ ਵੀ ਜਿਆਦਾ ਸਿਆਣੇ ਹੋ ਗਏ ਹਾਂ।
ਜੇ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਗੁਰਬਾਣੀ ਹੁੰਦੀ ਤਾਂ ਦਸਮੇਸ਼ ਜੀ ਸਾਨੂੰ ਉਸ ਦੇ ਵੀ ਲੜ ਲਾ
ਜਾਂਦੇ ਪਰ ਉਨ੍ਹਾਂ ਨੇ ਸਾਨੂੰ ਸਿਰਫ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਲੜ੍ਹ ਲਾਇਆ। ਪਰ ਅਸੀਂ ‘ਗੁਰੂ
ਗ੍ਰੰਥ ਸਾਹਿਬ ਜੀ’ ਤੋਂ ਬਾਹਰ ਦੀਆਂ ਰਚਨਾਵਾਂ ਨੂੰ ਗੁਰਬਾਣੀ ਗੁਰੂ ਮੰਨ ਕੇ ਸ਼ਾਇਦ ਇਹ ਦਰਸਾਉਣਾ
ਚਾਹੁੰਦੇ ਹਾਂ ਕਿ ਅਸੀਂ ਦਸਮੇਸ਼ ਜੀ ਤੋਂ ਵੀ ਜ਼ਿਆਦਾ ਸਿਆਣੇ ਹਾਂ ਸੋ ਇਹ ਗੱਲ ਸਪਸ਼ਟ ਹੈ ਕਿ ਪੂਰੇ
ਦਸਮ ਗ੍ਰੰਥ ਨੂੰ ਜਾਂ ਇਸ ਦੀ ਕਿਸੇ ਰਚਨਾਂ ਨੂੰ ਦਸਮੇਸ਼ ਕ੍ਰਿਤ (ਗੁਰਬਾਣੀ) ਮੰਨਣ ਦਾ ਭਾਵ ਆਪਣਾ
ਨਵਾਂ ਗੁਰੂ ਥਾਪਣਾ ਹੈ। ਗੁਰੂ ਨੇ ਪੰਥ ਦਾ ਥਾਪਿਆ ਸੀ ਪਰ ਇਹ ਅਖੌਤੀ ਪੰਥ ਤਾਂ ਆਪਣਾ ਨਵਾਂ ਗੁਰੂ
ਥਾਪ ਰਿਹਾ ਹੈ। ਹੋਰ ਤਾਂ ਹੋਰ ਇਹ ਖੁਦ ਨੂੰ ਹੀ ਗੁਰੂ (ਗੁਰੂ ਪੰਥ) ਪ੍ਰਚਾਰ ਰਿਹਾ ਹੈ। ਐਸੇ
(ਸੱਚੇ) ਗੁਰੂ ਤੋਂ ਬੇਮੁੱਖ ਪੰਥ ਦੀ ਚੜ੍ਹਦੀ ਕਲਾ ਕਿਵੇਂ ਹੋ ਸਕਦੀ ਹੈ?
ਹੁਣ ਇਹ ਗੱਲ ਵੀ ਸਪਸ਼ਟ ਹੈ ਕਿ ਜਿਹੜੇ ਇੱਕ ਪਾਸੇ ਰਹਿਤ ਮਰਿਯਾਦਾ (ਪੰਥ ਪ੍ਰਵਾਨਿਕਤਾ) ਨੂੰ ਅੱਖਰ
ਅੱਖਰ ‘ਗੁਰੂ’ (ਪੰਥ) ਦਾ ਹੁਕਮ ਮੰਨਦੇ ਹਨ ਤੇ ਦੂਜੇ ਪਾਸੇ ਇਹ ਪ੍ਰਚਾਰ ਵੀ ਕਰਦੇ ਹਨ ਕਿ ਤ੍ਰਿਆ
ਚਰਿੱਤਰ ਦਸਮੇਸ਼ ਕ੍ਰਿਤ ਨਹੀਂ ਉਹ ਸਪਸ਼ਟ ਦੋਗਲਾ ਪਨ ਦਿਖਾ ਰਹੇ ਹਨ। ਸਿਧਾਂਤਕ ਬੇਈਮਾਨੀ ਕਰ ਰਹੇ ਹਨ।
ਇਨ੍ਹਾਂ ਤੋਂ ਚੰਗੇ ਇੱਕ ਤਰੀਕੇ ਸੰਪਰਦਾਈ ਹੀ ਹਨ ਜਿਨ੍ਹਾਂ ਦੀ ਕਹਿਣੀ ਵਿੱਚ ਦੋਗਲਾਪਨ ਨਹੀਂ ਉਹ
ਤਾਂ ਪੂਰੇ ਦਸਮ ਗ੍ਰੰਥ ਸਮੇਤ ਤ੍ਰਿਆ ਚਰਿੱਤਰ ‘ਬੇਨਤੀ ਚੌਪਈ’ ਨੂੰ ਦਸਮੇਸ਼ ਕ੍ਰਿਤ ਮੰਨਦੇ ਹਨ।
ਬੇਸ਼ੱਕ ਉਨ੍ਹਾਂ ਦੀ ਸੋਚ ਗਲਤ ਹੈ ਪਰ ਉਹ ਇਸ ਵਿਸ਼ੇ ਵਿੱਚ ਦੋਗਲੇ ਤਾਂ ਨਹੀਂ ਬਣ ਰਹੇ।
ਅੱਗੇ ਗੱਲ ਕਰਦੇ ਹਾਂ ਦੂਜੀ ਪੰਥ ਪ੍ਰਵਾਨਿਤ ਦਸਮ ਗ੍ਰੰਥ ਦੀ (ਕੱਚੀ) ਬਾਣੀ ‘ਜਾਪੁ ‘ਬਾਰੇ। ਇਸ
ਰਚਨਾ ਬਾਰੇ ਡਾ. ਗੁਰਮੁਖ ਸਿੰਘ ਜੀ ਦਿੱਲੀ ਵਾਲਿਆਂ ਨੇ ਆਪਣੀ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਦੀ ਬਾਣੀ ਦੇ ਆਧਾਰ ਤੇ ਦਸਮ ਗ੍ਰੰਥ ਦੀ ਵਿਚਾਰ’ ਵਿੱਚ ਪੰਨਾ 63 ਤੋਂ ਲੈ ਕੇ 68 ਤੱਕ ਕੀਤੀ ਹੈ।
ਬਿਲਕੁਲ ਸੰਖੇਪ ਵਿੱਚ ਵਿਚਾਰਦੇ ਹਾਂ:
ਗੁਰਬਾਣੀ ਅਕਾਲ ਪੁਰਖ ਦੇ ਨਿਰਗੁਣ ਸਰੂਪ ਦੀ ਨਮਸ਼ਕਾਰ (ਪੂਜਾ) ਦੀ ਸੇਧ ਬਖਸ਼ਦੀ ਹੈ ਗੁਰਮਤਿ ਪ੍ਰਭੂ
ਦੇ ਸਰਗੁਣ ਸਰੂਪ ਦੀ ਪੂਜਾ (ਨਮਸ਼ਕਾਰ) ਤੋਂ ਵਰਜਦੀ ਹੈ ਪਰ ‘ਜਾਪੁ ‘ਦੀ ਰਚਨਾ ਵਿੱਚ ਸਰਗੁਣ ਸਰੂਪ
ਨੂੰ ਹੀ ਨਮਸ਼ਕਾਰਾਂ ਹਨ। ਉਹ ਸਰਗੁਣ ਸਰੂਪ ਵੀ ਦੇਵੀ ਵਾਲਾ ਜ਼ਿਆਦਾ ਲਗਦਾ ਹੈ। ਇਸ ਦੇਵੀ ਦੇ ਪੁਜਾਰੀ
ਕਵੀਆਂ ਨੇ ਹੀ ਦਸਮ ਗ੍ਰੰਥ ਦੀਆਂ ਜ਼ਿਆਦਾਤਰ ਰਚਨਾਵਾਂ ਲਿਖੀਆਂ ਹਨ। ‘ਜਾਪੁ’ ਵਿੱਚ ਆਉਂਦਾ ਹੈ। ਨਮੋ
ਸਰਬ ਧੰਧੇ” ਭਾਵ ਨਮਸ਼ਕਾਰ ਹੈ ਸਭ ਵਿਹਾਰ ਰੂਪ ਨੂੰ ਪਰ ਇੱਕ ਏਕੰਕਾਰ ਪਾਰਬ੍ਰਹਮ ਦੇ ਨਿਰਗੁਣ ਸਰੂਪ
ਵਿੱਚ ਕੋਈ ਵਿਹਾਰ ਜਾਂ ਧੰਦਾ ਨਹੀਂ ਹੁੰਦਾ।
ਇੱਕ ਹੋਰ ਥਾਂ ਆਇਆ ਹੈ। ਨਮੋ ਸ਼ਸ਼ਤ੍ਰ ਪਾਣੇ, ਨਮੋ ਅਸਤ੍ਰ ਮਾਣੇ” ਇਹ ਨਮਸ਼ਕਾਰਾਂ ਸ਼ਸ਼ਤਰਾਂ ਨੂੰ
ਧਾਰਨ ਕਰਨ ਵਾਲੀ ਦੇਵੀ ਨੂੰ ਹੈ। ਦਸਮੇਸ਼ ਜੀ ਕਿਸੇ ਦੇਵੀ ਦੀ ਉਸਤਤ ਨਹੀਂ ਕਰ ਸਕਦੇ। ਨਾ ਹੀ ਉਹ
ਸ਼ਸ਼ਤਰਾਂ ਦੀ ਪੂਜਾ ਗੁਰਮਤਿ ਅਨੁਸਾਰ ਪ੍ਰਵਾਨ ਹੈ।
ਨਮੋ ਪਰਮ ਗਿਆਤਾ।। ਨਮੋ ਲੋਕ ਮਾਤਾ।।”
ਦਸਮ ਗ੍ਰੰਥ ਵਿੱਚ ਹੀ ਪੰਨਾ 118 ਦੇ ਛੰਦ 259 ਵਿੱਚ ਕਵੀ ਦੇਵੀ ਚੰਡੀ ਨੂੰ ਲੋਕ ਮਾਤਾ ਕਹਿੰਦਾ ਹੈ।
ਲੋਕ ਤਾਮਾ ਤਵੇ ਸ਼ਸ਼ਤ੍ਰ ਜੀਤੇ - ਇਹ ਦੇਵੀ ਉਸਤਤ ਹੈ।
ਨਮੋ ਨਿਤ ਨਾਰਾਇਣੇ ਕਰੂਰ ਕਰਮੇ।। (ਛੰਤ 54)
ਦਸਮ ਗ੍ਰੰਥ ਵਿੱਚ ਚੰਡੀ ਦੇਵੀ ਨੂੰ ਕਰੂਰ ਕਰਮਾਂ ਵਾਲੀ, ਕ੍ਰੋਧ ਕਰਨ ਵਾਲੀ ਦੱਸਿਆ ਗਿਆ ਹੈ।
ਨਮੋ ਜੁਧਨੀ ਕਰੁਧਨੀ ਕਰੂਰ ਕਰਮਾ।। (ਛੰਤ 228 ਪੰਨਾ 115)
ਨਮੋ ਨਿਤ ਨਾਰਾਇਣੀ ਦੁਸ਼ਟ ਖਾਮੀ।। (ਛੰਤ 234 ਪੰਨਾ 115)
ਦਸਮੇਸ਼ ਜੀ ਦੇਵੀ ਨੂੰ ਨਮਸਕਾਰ ਨਹੀਂ ਕਰ ਸਕਦੇ।
ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ।। (ਛੰਤ 54)
ਭਾਵ ਨਮਸਕਾਰ ਹੈ ਜੋ ਪ੍ਰੇਤ, ਅਪ੍ਰੇਤ, ਇੰਦਰ ਅਤੇ ਦੇਵ ਸਭਾ ਰੂਪ ਹੈ। ਪਾ: 10 ਇੰਦਰ ਦੀ ਦੇਵ ਦੀ
ਸਭਾ ਨੂੰ ਨਮਸ਼ਕਾਰ ਨਹੀਂ ਕਰ ਸਕਦੇ।
ਨਮੋ ਰੇਖ ਰੇਖੇ (ਛੰਤ 68)
ਭਾਵ ਨਮਸਕਾਰ ਹੋਵੇ ਤੈਨੂੰ ਕ੍ਰੋਧ ਦੇ ਕ੍ਰੋਧ ਨੂੰ। ਇਹ ਨਮਸ਼ਕਾਰ ਚੰਡੀ ਦੁਰਗਾ ਆਦਿ ਨੂੰ ਹੈ। ਇੱਕ
ਏਕੰਕਾਰ ਨਿਰਗੁਣ ਬ੍ਰਹਮ ਵਿੱਚ ਕੋਈ ਅਵਗੁਣ, ਵਿਕਾਰ, ਕ੍ਰੋਧ ਆਦਿ ਨਹੀਂ।
ਨੋਮ ਅੰਧਕਾਰੇ।। (ਛੰਤ 185)
ਭਾਵ ਅੰਧਕਾਰ ਰੂਪ ਨੂੰ ਨਮਸ਼ਕਾਰ ਹੈ। ਨਿਰਗੁਣ ਬ੍ਰਹਮ ਵਿੱਚ ਕੋਈ ਅੰਧਕਾਰ ਨਹੀਂ। ਗੁਰਬਾਣੀ
ਅੰਧਕਾਰ ਨੂੰ ਨਮਸ਼ਕਾਰ ਨਹੀਂ ਕਰਦੀ।
ਨਮੋ ਕਲਹ ਕਰਤਾ ਨਮੋਂ ਸ਼ਾਂਤ ਰੂਪੇ।।
ਨਮੋ ਇੰਦਰ ਇਦ੍ਰੇ ਅਨਾਦੰ ਬਿਭੁਤੇ।। (ਛੰਤ 187)
ਭਾਵ ਝਗੜਾ, ਲੜਾਈ ਕਰਨ ਵਾਲੇ ਨੂੰ ਨਮਸ਼ਕਾਰ ਹੈ। ਸ਼ਾਂਤ ਰੂਪ ਵਾਲੇ ਨੂੰ ਨਮਸ਼ਕਾਰ ਹੈ, ਇੰਦਰਾਂ ਵਿਚੋਂ
ਇੰਦਰ ਰੂਪ ਅਤੇ ਰਹਿਤ ਸੰਪਦਾ ਵਾਲੇ ਨੂੰ ਨਮਸ਼ਕਾਰ ਹੈ। ਨਿਰਗੁਣ ਬ੍ਰਹਮ ਵਿੱਚ ਕੋਈ ਲੜਾਈ ਝਗੜਾ ਨਹੀਂ
ਉਹ ਆਪੇ ਆਪ ਹੈ ਲੜਾਈ ਕਿਸ ਨਾਲ?
ਡਾ. ਗੁਰਮੁਖ ਸਿੰਘ ਜੀ ‘ਜਾਪੁ ‘ਰਚਨਾ ਦੀ ਵਿਚਾਰ ਉਪਰੰਤ ਨਿਰਣਾਤਮਕ ਜਾਣਕਾਰੀ ਦਿੰਦੇ ਹੋਏ ਲਿਖਦੇ
ਹਨ:
ਇਸ ਰਚਨਾ ਦੀ ਸਮੁੱਚੀ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ਕਵੀ ਕਾਲ ਕਾਲੀ, ਝਗੜੇ ਕ੍ਰੋਧ ਵਾਲੀ ਦੇਵੀ,
ਇੰਦਰ ਆਦਿ ਦਾ ਉਪਾਸ਼ਕ ਹੈ ਤੇ ਉਨ੍ਹਾਂ ਰੂਪਾਂ ਨੂੰ ਕਹਿ ਕੇ ਨਮਸ਼ਕਾਰ ਕਰਦਾ ਹੈ। ਇਹ ਸਾਰਾ ਵੇਦ
ਸ਼ਾਸਤ੍ਰ, ਪੁਰਾਣਾਂ, ਸਿਮਰਤੀਆਂ ਦਾ ਮਤ ਹੈ। ਗੁਰਬਾਣੀ ਕੇਵਲ ਅਕਾਲ ਪੁਰਖ, ਇੱਕ ਏਕੰਕਾਰ ਪਾਰਬ੍ਰਹਮ,
ਨਿਰਗੁਣ ਸਰੂਪ, ਗੁਣੀ ਨਿਧਾਨ ਦੀ ਸਿਫਤ ਸਲਾਹ, ਜਪ ਸਿਮਰਨ, ਭਗਤੀ ਦਾ ਉਪਦੇਸ਼ ਦਿੰਦੀ ਹੈ (ਏਕੋ ਜਪ
ਏਕੋ ਸਾਲਾਹਿ।।) ਇਸ ਨਿਰਪੱਖ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ‘ਜਾਪੁ ‘ਪਾ: 10 ਦੀ ਰਚਨਾ ਨਹੀਂ।
ਇਸ ਵਿਚਾਰ ਉਪਰੰਤ, ਸੱਚ ਨੂੰ ਸਮਝਣ ਦੀ ਚਾਹ ਰੱਖਣ ਵਾਲੇ ਪਾਠਕਾਂ ਨੂੰ ਇਹ ਪਤਾ ਚੱਲ ਗਿਆ ਹੋਵੇਗਾ
ਕਿ ‘ਜਾਪੁ ‘ਵੀ (ਦਸਮ ਗ੍ਰੰਥ ਦੀਆਂ ਬਾਕੀ ਰਚਨਾਵਾਂ ਵਾਂਗੂੰ) ਦਸਮੇਸ਼ ਕ੍ਰਿਤ ਨਹੀਂ। ਜਿਆਦਾ
ਜਾਣਕਾਰੀ ਵਾਸਤੇ ਉੱਪਰ ਦੱਸੀ ਪੁਸਤਕ ਪੜ੍ਹ ਸਕਦੇ ਹੋ। ਹਰ ਸੱਚਾ, ਇਮਾਨਦਾਰ, ਸੁਹਿਰਦ ਸਿੱਖ
(ਮਨੁੱਖ) ਨਿਰਪੱਖ ਹੋ ਕੇ ਵਿਚਾਰ ਕਰਨ ਨਾਲ ਸਮਝ ਜਾਂਦਾ ਹੈ ਕਿ ਇਹ ਰਚਨਾ ਦਸਮੇਸ਼ ਕ੍ਰਿਤ ਨਹੀਂ ਹੈ।
ਪੰਥ ਪ੍ਰਵਾਨਿਤ ਭਾਵੇਂ ਹੋਵੇ।
ਅੱਗੇ ਵਿਚਾਰਦੇ ਹਾਂ ਨਿਤਨੇਮ ਵਿੱਚ (ਤੇ ਅੰਮ੍ਰਿਤ ਸੰਚਾਰ ਵਿੱਚ) ਸ਼ਾਮਲ ਦਸਮ ਗ੍ਰੰਥ ਦੀ ਤੀਜੀ (ਪੰਥ
ਪ੍ਰਵਾਨਤ ਰਚਨ) ਦਸ ਸਵੈਯਾਂ ਦੀ। ਇਹ 10 ਸਵੈਯੇ ਅਸਲ ਵਿੱਚ 33 ਸਵੈਯੇ ਰਚਨਾ ਦਾ ਹਿੱਸਾ ਹੈ। ਜੋ
ਦਸਮ ਗ੍ਰੰਥ ਦੇ ਪੰਨਾ 712 ਤੋਂ 716 ਤੱਕ ਦਰਜ ਹਨ। ਇੱਥੇ ਵੀ ਬਿਨਾ ਕਿਸੇ ਦਲੀਲ ਦੇ ਮਨਮਰਜੀ ਨਾਲ
33 ਵਿਚੋਂ ਇਹ 10 ਸਵੈਯੇ ਚੁੱਕ ਕੇ ਨਿਤਨੇਮ ਦਾ ਹਿੱਸਾ ਬਣਾ ਦਿੱਤੇ ਗਏ।
ਇਨ੍ਹਾਂ 33 ਸਵੈਯਾਂ ਦਾ ਰਚਨਾਕਾਰ ਕਵੀ ਵੀ ਕਾਲ, ਮਹਾਕਾਲ ਦਾ ਪੁਜਾਰੀ ਹੈ। ਗੁਰਬਾਣੀ ‘ਗੁਰੂ ਗ੍ਰੰਥ
ਸਾਹਿਬ’ ਵਿੱਚ ਕਿਧਰੇ ਵੀ ਅਕਾਲ ਪ੍ਰਭੂ ਲਈ ਕਾਲ, ਮਹਾਕਾਲ ਜਾਂ ਕਾਲਪੁਰਖ ਦਾ ਵਿਸ਼ੇਸ਼ਣ ਨਹੀਂ ਵਰਤਿਆ
ਗਿਆ। ਕਾਲ, ਮਹਾਂਕਾਲ, ਕਾਲਪੁਰਖ ਆਦਿ ਦੀ ਪੂਜਾ ਨੂੰ ਰੱਦ ਕਰਦਾ ਗੁਰਵਾਕ ਹੈ।
ਕਾਲ ਪੁਰਖ ਕਾ ਮਰਦੈ ਮਾਨ (ਪੰਨਾ 1159, ਗੁਰੂ ਗ੍ਰੰਥ ਸਾਹਿਬ)
ਹਿਰਦੈ ਸਾਚੁ ਵਸੈ ਹਰਿ ਨਾਇ।। ਕਾਲੁ ਨ ਜੋਹਿ ਸਕੈ ਗੁਣ ਗਾਇ।।
ਨਾਨਕ ਗੁਰਮੁਖ ਸ਼ਬਦ ਸਮਾਇ।। (ਪੰਨਾ 227, ਗੁਰੂ ਗ੍ਰੰਥ ਸਾਹਿਬ ਜੀ)
ਪਰ 233 ਸਵੈਯੇ ਵਿੱਚ ਕਵੀ ਥਾਂ ਥਾਂ ਕਾਲ ਨੂੰ ਸਿਮਰਦਾ ਹੈ, ਉਸਤਤ ਕਰਦਾ ਹੈ। ਦੋ ਸਵੈਯੇ ਵਿਚਾਰਦੇ
ਹਾਂ
1) ਕਾਲ ਹੀ ਪਾਇ ਭਇਓੁ ਬ੍ਰਹਮਾ ਗਹਿ ਢੰਡ ਕਮੰਡਲ ਭੂਤ ਭ੍ਰਤਨਾਯੋ।
ਕਾਲ ਹੀ ਪਾਇ ਸਦਾ ਸ਼ਿਵਜੂ ਸਭ ਦੇਸ ਬਦੇਸ ਭਇਆ ਹਮ ਜਾਨਯੋ।।
ਕਾਲ ਹੀ ਪਾਇ ਭਯੋ ਮਿਟ ਗਯੋ ਜਗ ਸਾਹੀ ਤੇ ਭਾਹਿ ਸਭੋ ਪਹਿਚਾਨਯੋ।।
ਬੇਦ ਕਤੇਬ ਕੇ ਭੇਦ ਸਭੈ ਤਜਿ ਕੇਵਲ ਕਾਲ ਕ੍ਰਿਪਾ ਨਿਧ ਮਾਨਯੋ।। (ਸਵੈਯਾ 24)
2) ਕਾਲ ਗਯੋ ਇਨ ਕਾਮਨ ਸਿਓ ਜਮ੍ਰ ਕਾਲ ਕ੍ਰਿਪਾਲ ਹੀ ਐਨ ਚਿਤਾਰਯੋ।।
ਲਾਜ ਕੋ ਛਾਤਿ ਨ੍ਰਿਲਾਜ ਅਰੇ ਤਜ ਕਾਜ ਅਕਾਜ ਕੋ ਕਾਜ ਸਵਾਰਯੋ।।
ਬਾਜ ਬਨੇ ਗਜਰਾਜ ਬਡੋ ਖਰ ਕੋ ਚਤ੍ਰਿਬੋ ਚਿਤ ਬੀਚ ਬੀਚਾਰਯੋ।।
ਸ੍ਰੀ ਭਗਵੰਤ ਭਜਾਯੋ ਰਨ ਅਰੇ ਜਤ੍ਰ ਲਾਜ ਹੀ ਲਾਜ ਸੁ ਕਾਜੁ ਬਿਗਾਰਿਉ।।
ਉੱਪਰ ਦਿੱਤੇ ਵਿਚਾਰ ਤੋਂ ਸਪਸ਼ਟ ਹੈ ਕਿ ਇਹ 33 ਸਵੈਯੇ ਜਿਨ੍ਹਾਂ ਵਿਚੋਂ 10 ਨਿਤਨੇਮ ਦਾ ਹਿੱਸਾ ਹਨ
ਕਾਲ ਦੇ ਪੁਜਾਰੀ ਕਿਸੇ ਕਵੀ ਦੀ ਰਚਨਾ ਹੈ। ਅਕਾਲ ਦੇ ਉਪਾਸ਼ਕ ਦਸਮੇਸ਼ ਜੀ ਦੇ ਨਹੀਂ। ਵੈਸੇਵੀ ਸ਼ੁਰੂ
ਵਿੱਚ ਵਿਚਾਰੀਆਂ ਦਲੀਲਾਂ ਹੀ ਇਹ ਸਪਸ਼ਟ ਕਰਨ ਲਈ ਕਾਫੀ ਹਨ ਕਿ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਦਸਮੇਸ਼
ਕ੍ਰਿਤ ਨਹੀਂ ਹੈ। ਕਿਸੀ ਰਚਨਾਂ ਦੇ ਕੁੱਝ ਕੁ ਬੰਦਾਂ ਨੂੰ ਮਨਮਰਜੀ ਨਾਲ ਚੁੱਕ ਕੇ ਵਰਤ ਲੈਣ
ਸੁਹਿਰਦਤਾ ਨਹੀਂ, ਬੇਇਮਾਨੀ ਹੈ। ਬੇਈਮਾਨੇ ਭਾਵੇਂ ਕੋਈ ਵੀ ਕਰੇ, ਬੇਈਮਾਨੀ ਤਾਂ ਬੇਈਮਾਨੀ ਹੀ ਹੈ।
‘ਪੰਥ ਗੁਰੂ ‘ਵੱਲੋਂ ਕਰਨ ਤੇ ਵੀ ਇਹ ਬੇਇਮਾਨੀ ਹੀ ਰਹੇਗੀ। ਗੁਰਮੁਖਤਾਈ ਨਹੀਂ ਬਣ ਜਾਵੇਗੀ। ਹੁਣ
ਤੱਕ ਦੀ ਵਿਚਾਰ ਤੋਂ ਸਪਸ਼ਟ ਹੈ ਕਿ ਪੰਥ ਪ੍ਰਵਾਣਿਕਤਾ ਅਤੇ ਰਹਿਤ ਮਰਯਾਦਾ ਦੇ ਨਾ ਉੱਤੇ ਨਿਤਨੇਮ ਅਤੇ
ਅੰਮ੍ਰਿਤ ਸੰਚਾਰ ਦਾ ਹਿੱਸਾ ਬਣ ਚੁੱਕੀਆਂ ਦਸਮ ਗ੍ਰੰਥ ਦੀਆਂ ਰਚਨਾਵਾਂ ‘ਬੇਨਤੀ ਚੌਪਈ’, ‘ਜਾਪੁ’ ਦਸ
ਸਵੈਯੇ ਗੁਰਬਾਣੀ ਦੀ ਕਸੌਟੀ ਤੇ ਖਰੇ ਨਹੀਂ ਉਤਰਦੇ ਅਤੇ ਦਸਮੇਸ਼ ਕ੍ਰਿਤ ਨਹੀਂ ਹਨ।
ਕੁਝ ਇਹੀ ਹਾਲ ਪ੍ਰਚਲਿਤ ਅਰਦਾਸ ਦੇ ਸ਼ੁਰੂਆਤ ਵਿੱਚ ਪੜ੍ਹੇ ਜਾਂਦੇ ਬੰਦ ਪ੍ਰਥਮ ਭਗੌਤੀ ਸਿਮਰ ਕੇ ਦਾ
ਵੀ ਹੈ। ਇਹ ਦਸਮ ਗ੍ਰੰਥ ਦੀ ਇੱਕ ਰਚਨਾ ਚੰਡੀ ਚਰਿੱਤਰ ਦਾ ਇੱਕ ਹਿੱਸਾ ਹੈ। ਜੋ ਦੇਵੀ ਚੰਡੀ ਦੀ
ਉਸਤਤ ਵਾਲੀ ਰਚਨਾ ਹੈ। ਪੰਥ ਪ੍ਰਵਾਨਿਕਤਾ ਜਾਂ ਰਹਿਤ ਮਰਿਯਾਦਾ ਦੀ ਦੁਹਾਈ ਦੇ ਕੇ ਉਸ ਬੰਦ ਨੂੰ
ਅਰਦਾਸ ਵਿੱਚ ਫਿੱਟ ਕਰਨ ਨਾਲ ਭਗੌਤੀ ਦੇ ਅਰਥ ਅਕਾਲ ਪੁਰਖ ਨਹੀਂ ਬਣ ਜਾਂਦੇ। ਅਸੀਂ ਭਾਵੇਂ ਕਿੰਨੀ
ਵੀ ਖਿੱਚ ਧੂਹ ਕਿਉਂ ਨਾ ਕਰ ਲਈਏ। ਸਾਰੇ ਜਾਗਰੂਕ ਸਿੱਖ ਚੰਡੀ ਚਰਿੱਤਰ ਨੂੰ ਦਸਮੇਸ਼ ਕ੍ਰਿਤ ਨਹੀਂ
ਮੰਨਦੇ। ਫਿਰ ਉਸੇ ਚੰਡੀ ਚਰਿੱਤਰ ਦਾ ਇੱਕ ਬੰਦ ਪ੍ਰਥਮ ਭਗੌਤੀ ਸਿਮਰ ਕੇ ਸਿਰਫ ਪ੍ਰਚਲਿਤ ਅਰਦਾਸ
ਵਿੱਚ ਸ਼ਾਮਲ ਹੋ ਜਾਣ ਕਾਰਨ ਅਣਗਹਿਲੀ ਜਾਂ ਸਾਜਿਸ਼ ਅਧੀਨ ਹੀ ਪ੍ਰਚੱਲਿਤ ਕਿਵੇਂ ਹੋ ਗਿਆ ਕੀ ਉਸ ਬੰਦ
ਦਾ ਵੀ ਲਿਖਾਰੀ ਉਹ ਕਵੀ ਨਹੀਂ, ਜਿਸ ਨੇ ਪੂਰਾ ਚੰਡੀ ਚਰਿੱਤਰ ਲਿਖਿਆ ਹੈ? ਫੇਰ ਚੰਡੀ ਚਰਿੱਤਰ ਨੂੰ
ਰੱਦ ਕਰਨਾ ਪਰ ਉਸ ਦੇ ਇਸ ਬੰਦ ਨੂੰ ਕਿਸੇ ਵੀ ਪੰਥ ਪ੍ਰਵਾਨਿਕਤਾ ਜਾਂ ਰਹਿਤ ਮਰਿਯਾਦਾ ਦੀ ਮਜਬੂਰੀ
ਹੇਠ ਪ੍ਰਮਾਣਿਕ ਮੰਨਣਾ ਕੀ ਦੋਗਲਾ ਪਨ ਨਹੀਂ ਹੈ? ਕੀ ਇੱਕ ਦੋਗਲਾ ਬੰਦਾ ਸਿੱਖ ਹੋ ਸਕਦਾ ਹੈ?
ਗੁਰਬਾਣੀ ਕਹਿੰਦੀ ਹੈ:
ਦੁਬਿਧਾ ਨਾ ਪੜਓ ਹਰਿ ਬਿਨਾ ਅਵਰ ਨਾ ਪੂਜਓ।।
ਇਸ ਗੱਲ ਦਾ ਕੀ ਜਵਾਬ ਦਿੱਤਾ ਜਾ ਸਕਦਾ ਹੈ?
ਇਸ ਵਿਚਾਰ ਉਪਰੰਤ ਸਪਸ਼ਟ ਹੈ ਕਿ ਪੰਥ ਪ੍ਰਵਾਨਤ ਪ੍ਰਚਾਰੀ ਜਾ ਰਹੀ ਅਤੇ ਰਹਿਤ ਮਰਿਯਾਦਾ ਵਿੱਚ ਸ਼ਾਮਲ
ਦਸਮ ਗ੍ਰੰਥ ਦੀ ਕੋਈ ਵੀ ਰਚਨਾ ਦਸਮੇਸ਼ ਕ੍ਰਿਤ ਨਹੀਂ ਹੈ। ਅਸਲ ਵਿੱਚ ਦਸਮ ਗ੍ਰੰਥ ਦੀ ਕੋਈ ਵੀ ਰਚਨਾ
ਦਸਮੇਸ਼ ਕ੍ਰਿਤ ਨਹੀਂ ਹੈ। ਇਸ ਬਾਰੇ ਗੁਰਮਤਿ ਦੀ ਕਸੌਟੀ ਉੱਤੇ ਸੱਚ ਸਮਝਾਉਂਦੀਆਂ ਘੱਟੋ ਘੱਟ ਦੋ
ਕਿਤਾਬਾਂ ਤਾਂ ਮਾਰਕੀਟ ਵਿੱਚ ਆ ਹੀ ਚੁੱਕੀਆਂ ਹਨ। ਇੱਕ ਡਾ. ਗੁਰਮੁਖ ਸਿੰਘ ਜੀ ਦਿੱਲੀ ਵਾਲਿਆਂ ਦੀ,
‘ਦਸਮ ਗ੍ਰੰਥ ਦੀ ਵਿਚਾਰ’ ਅਤੇ ਦੂਜੀ ਸ. ਜਸਵਿੰਦਰ ਸਿੰਘ ਖਾਲਸਾ ਦੁਬਈ ਵਾਲਿਆਂ ਦੀ ‘ਦਸਮ ਗ੍ਰੰਥ ਦਾ
ਲਿਖਾਰੀ ਕੌਣ? (ਭਾਗ 1, 2 ਅਤੇ ਤੀਸਰਾ ਛਪਾਈ ਅਧੀਨ) ਬਚਿੱਤਰ ਨਾਟਕ (ਸਾਜਿਸ਼ੀ ਨਾਂ ਦਸਮ ਗ੍ਰੰਥ)
ਨੂੰ ਸਿੱਖ ਕੌਮ ਵਿੱਚ ਪ੍ਰਚੱਲਿਤ ਕਰਨ ਵਾਲੀਆਂ ਤਾਕਤਾਂ ਦਾ ਤਾਂ ਮਕਸਦ ਹੀ ਇਹ ਗਲਤ ਪ੍ਰਚਾਰ ਕਰਨਾ
ਸੀ ਕਿ ਦਸਮੇਸ਼ ਜੀ ਨਾਨਕ ਜੋਤ ਤੋਂ ਅਲੱਗ ਸਨ। ਤੇ ਜਿਹੜਾ ਵੀ ਸਿੱਖ ਦਸਮ ਗ੍ਰੰਥ ਦੀ ਕਿਸੇ ਵੀ ਰਚਨਾ
ਨੂੰ ਦਸਮੇਸ਼ ਕਿਤ੍ਰ ਪ੍ਰਚਾਰਦਾ ਹੈ ਉਹ ਸਪਸ਼ਟ ਉਨ੍ਹਾਂ ਬ੍ਰਾਹਮਣਵਾਦੀ (ਸੱਚ ਵਿਰੋਧੀ) ਤਾਕਤਾਂ ਦਾ
(ਜਾਣੇ ਅਣਜਾਣੇ ਵਿੱਚ) ਮਕਸਦ ਹੱਲ ਕਰ ਰਿਹਾ ਹੈ। ਨਿਤਨੇਮ ਵਿੱਚ ਸ਼ਾਮਲ ਦਸਮ ਗ੍ਰੰਥ ਦੀਆਂ ਰਚਨਾਵਾਂ
ਨੂੰ ਦਸਮੇਸ਼ ਕ੍ਰਿਤ ਮੰਨ ਰਹੇ ਸਿੱਖ ਲਗਭਗ ਸਾਰੇ ਹੀ ਦਸਮ ਗ੍ਰੰਥ ਨੂੰ ਦਸਮੇਸ਼ ਕ੍ਰਿਤ ਮੰਨ ਰਹੇ ਹਨ।
ਜਿਹੜਾ ‘ਬੇਨਤੀ ਚੌਪਈ’ ਨੂੰ ਦਸਮੇਸ਼ ਜੀ ਦੀ ਰਚਨਾ ਮੰਨਦਾ ਹੈ ਉਹ ਪੂਰੀ ਤ੍ਰਿਆ ਚਰਿੱਤਰ ਜਿਸ ਦਾ ਇਹ
ਹਿੱਸਾ ਹੈ ਤੇ ਚੌਵੀ ਅਵਤਾਰ (ਜਿਸ ਦਾ ਹਿੱਸਾ ਚੌਪਈ ਦੇ ਅੰਤ ਵਾਲਾ ਸਵੈਯਾ ਅਤੇ ਦੋਹਰਾ ਹੈ) ਨੂੰ
ਦਸਮੇਸ਼ ਜੀ ਦੀ ਕ੍ਰਿਤ ਗਰਦਾਨ ਰਿਹਾ ਹੈ। ਇਹ ਦੋਨੇ ਮਿਲਾ ਕੇ ਦਸਮ ਗ੍ਰੰਥ ਦੇ ਕੁੱਲ 1133 ਪੰਨੇ ਹਨ।
(554 ਚੌਵੀ ਅਵਤਾਰ ਅਤੇ 579 ਤ੍ਰਿਆ ਚਰਿੱਤਰ ਦੇ) 10 ਸਵੱਯੇ ਨੂੰ ਦਸਮੇਸ਼ ਕ੍ਰਿਤ ਮੰਨਣ ਨਾਲ ਇਸ
ਗਿਣਤੀ ਵਿੱਚ 5 ਪੰਨੇ ਹੋਰ ਜੁੜ ਜਾਂਦੇ ਹਨ।
10 ਪੰਨੇ ‘ਜਾਪੁ’ ਦੇ ਹਨ। ਪ੍ਰਚੱਲਿਤ ਅਰਦਾਸ ਦੇ ਪਹਿਲੇ ਬੰਦ ਨੂੰ ਦਸਮੇਸ਼ ਕ੍ਰਿਤ ਮੰਨਣ ਦਾ ਮਤਲਬ
ਹੈ ਪੂਰੇ ਚੰਡੀ ਚਰਿੱਤਰ ਨੂੰ ਗੁਰੂ ਕ੍ਰਿਤ ਮੰਨਣਾ। ਕਿਉਂਕਿ ਇਹ ਬੰਦ ਉਸੇ ਦਾ ਹਿੱਸਾ ਹੈ। ਇਸ
ਰਚਨਾਂ ਦੇ ਕੁੱਲ 9 ਪੰਨੇ ਹਨ। ਸਾਰੀਆਂ ਪੰਥ ਪ੍ਰਵਾਨਤ (ਸਹੀ ਮਾਇਨੇ ਵਿੱਚ) ਰਚਨਾਵਾਂ ਦਾ ਕੁੱਲ
ਆਕਾਰ ਬਣ ਗਿਆ 1133+5+10+9=1157. ਹੁਣ 1428 ਪੰਨਿਆਂ ਵਿਚੋਂ ਜੋ 1157 ਪੰਨਿਆਂ ਨੂੰ ਦਸਮੇਸ਼ ਜੀ
ਦੀ ਕ੍ਰਿਤ ਮੰਨ ਰਿਹਾ ਹੈ ਕੀ ਉਹ ਸਾਰੇ ਦਸਮ ਗ੍ਰੰਥ ਨੂੰ ਹੀ ਗੁਰੂ ਕ੍ਰਿਤ ਨਹੀਂ ਮੰਨ ਰਿਹਾ?
ਮਿਸ਼ਨਰੀ ਕਾਲਜਾਂ ਵੱਲੋਂ ਦਸਮੇਸ਼ ਕ੍ਰਿਤ ਰਚਨਾਵਾਂ ਅਕਾਲ ਉਸਤਤ, ਜਫਰਨਾਮਾ (ਜੋ ਹਕਾਇਤਾਂ ਦੀ ਪਹਿਲੀ
ਹਕਾਇਤ ਹੈ), ਖਾਲਸਾ ਮਹਿਮਾ ਆਦਿ ਨੂੰ ਵੀ ਪੰਥ ਪ੍ਰਵਾਨਿਤ ਵਿੱਚ ਸ਼ਾਮਲ ਕਰ ਲਈਏ ਤਾਂ ਇਹ ਗਿਣਤੀ
1221 ਤੱਕ ਪਹੁੰਚ ਜਾਂਦੀ ਹੈ? ਫੇਰ ਦਸਮ ਗ੍ਰੰਥ ਵਿੱਚ ਬਾਕੀ ਕੀ ਬਚਿਆ? ਪੰਥ ਨੂੰ ਕਿਸ ਨੇ ਹੱਕ
ਦਿੱਤਾ ਅਸ਼ਲੀਲਤਾ, ਬ੍ਰਾਹਮਣਵਾਦ ਅਤੇ ਗਲਤ ਤੱਥਾਂ ਨਾਲ ਭਰਪੂਰ ਇਸ ਗ੍ਰੰਥ ਨੂੰ ਦਸਮੇਸ਼ ਜੀ ਦੇ ਨਾ
ਨਾਲ ਮੜ੍ਹਨ ਦਾ? ਕੀ ਸਾਡੀ ਇਹ ਹਰਕਤ ਸੱਚੇ ਸੌਦੇ ਵਾਲੇ ਤੇ ਐਸੇ ਹੋਰਾਂ ਅਖੌਤੀ ਸਾਧਾਂ ਤੋਂ ਹਜਾਰ
ਗੁਣਾ ਵੱਧ ਘਿਣਾਉਣੀ ਨਹੀਂ? ਬੇਸ਼ੱਕ! ਅਸੀਂ ਪੰਥ ਪ੍ਰਵਾਨਿਕਤਾ ਦੇ ਨਾਂ ਤੇ ਆਪਣੇ ਗੁਰੂ ਨਾਲ ਧਰੋਹ
ਕਮਾ ਰਹੇ ਹਾਂ। ਇਹ ਗੁਰਵਾਕ ਸਾਡੇ ਉੱਤੇ ਪੂਰਾ ਢੁੱਕਦਾ ਹੈ:
ਜਿਨ ਗੁਰ ਗੋਪਿਆ ਅਪਨਾ ਤੇ ਨਰ ਬੁਰਿਆਰੀ।।
ਆਓ ਹੁਣ ਗੱਲ ਕਰਦੇ ਹਾਂ ਆਪਣੇ ਆਪ ਨੂੰ ਜਾਗਰੂਕ ਸਮਝਦੇ ਐਸੇ ਸਿੱਖਾਂ ਦੇ ਇਸ ਢੁੱਚਰ ਦਾ ਜੋ ਸਮਝਦੇ
ਹਨ ਕਿ ਦਸਮ ਗ੍ਰੰਥ ਦੀਆਂ ਪੰਥ ਪ੍ਰਵਾਨਤ ਰਚਨਾਵਾਂ ਨੂੰ ਮੰਨਣ ਤੋਂ ਬਿਨਾ ਕੌਮ ਨਹੀਂ ਬਚ ਸਕਦੀ।
ਉਨ੍ਹਾਂ ਦਾ ਸ਼ੰਕਾ ਹੈ ਕਿ ਜੇ ਅਸੀਂ ਇਨ੍ਹਾਂ ਰਚਨਾਵਾਂ ਨੂੰ ਰੱਦ ਕਰ ਦਿੱਤਾ ਤਾਂ ਸਾਡੇ ਨਿਤਨੇਮ ਅਤੇ
ਅੰਮ੍ਰਿਤ ਸੰਚਾਰ ਦਾ ਕੀ ਬਣੇਗਾ? ਕੀ ‘ਗੁਰੂ ਗ੍ਰੰਥ ਸਾਹਿਬ ਜੀ’ ਦੇ 1429 ਪੰਨੇ (ਲਗਭਗ 1 ਪੰਨਾ
ਰਾਗਮਾਲਾ ਹੈ ਜੋ ਗੁਰਬਾਣੀ ਨਹੀਂ ਹੈ) ਸਾਡੇ ਵਾਸਤੇ ਘੱਟ ਹਨ ਜੋ ਸਾਨੂੰ ਨਿਤਨੇਮ ਦੀਆਂ ਬਾਣੀਆਂ
ਵਾਸਤੇ ਕਿਸੇ ਦੂਜੇ ਸ਼ੱਕੀ ਗ੍ਰੰਥ ਵੱਲ ਝਾਕਣਾ ਪਵੇ। ਜੇ ਨਿਤਨੇਮ ਵਿੱਚ ਜਪੁਜੀ, ਸੋਦਰ ਦੇ 9 ਸ਼ਬਦ,
ਸੋਹਿਲਾ, ਪੜ੍ਹ ਲਈਏ ਤਾਂ ਕੀ ਕੁੱਝ ਸਿਧਾਂਤ ਵਿਰੁੱਧ ਹੋ ਜਾਂਦਾ ਹੈ? ਕੀ ਕੌਮ ਡੁੱਬ ਜਾਂਦੀ ਹੈ?
ਬਿਲਕੁਲ ਨਹੀਂ! ਬਲਕਿ ਜੇ ਸੁਹਿਰਦਤਾ ਨਾਲ ਵਿਚਾਰੀਏ ਤਾਂ ਇਹ ਬਾਣੀਆਂ ‘ਗੁਰੂ ਗ੍ਰੰਥ ਸਾਹਿਬ’ ਵਿੱਚ
ਰਾਗਾਂ ਵਿੱਚ ਬਾਣੀ ਤੋਂ ਪਹਿਲਾਂ ਨਿਤਨੇਮ ਵਾਲੀਆਂ ਹੀ ਹਨ ਫੇਰ ਐਵੇਂ ਨਿਤਨੇਮ ਦਾ ਕੀ ਬਣੇਗਾ
ਵਰਗੀਆਂ ਫਜ਼ੂਲ ਤੇ ਦਲੀਲ ਰਹਿਤ ਗੱਲਾਂ ਕਿਉਂ?
ਅੱਗੇ ਗੱਲ ਕਰਦੇ ਹਾਂ ਪ੍ਰਚੱਲਿਤ ਅੰਮ੍ਰਿਤ ਸੰਚਾਰ ਦਾ ਕੀ ਬਣੇਗਾ, ਵਾਲੀ ਗੱਲ ਬਾਰੇ। ਕੀ ਜਾਗਰੂਕ
ਸਿੱਖਾਂ (ਸੰਪਰਦਾਈਆਂ ਦੀ ਗੱਲ ਛੱਡ ਦੇਵੋ ਉਹ ਤਾਂ ‘ਨਾਨਕਵਾਦ’ ਦੇ ਧਰੋਹੀ ਹਨ) ਦਾ ਇਹ ਮੰਨਣਾ ਹੈ
ਕਿ ਬਾਣੀ ਪੜ੍ਹਨ ਕਰਕੇ ਜਲ ਵਿੱਚ ਕੋਈ ਖਾਸ ਸ਼ਕਤੀ ਆ ਜਾਂਦੀ ਹੈ? ਕੀ ਗੁਰਮਤਿ ਐਸੇ ਕਿਸੇ ਭਰਮ ਨੂੰ
ਮੰਨਦੀ ਹੈ? ਬਿਲਕੁਲ ਨਹੀਂ! ਬਲਕਿ ਗੁਰਮਤਿ ਤਾਂ ਮੰਤਰਵਾਦ ਦੇ ਇਸ ਭਰਮ ਦਾ ਖੰਡਨ ਕਰਦੀ ਹੈ ਕਿ ਦਸਮ
ਗ੍ਰੰਥ ਦੀਆਂ ਇਨ੍ਹਾਂ ਸ਼ੱਕੀ ਰਚਨਾਵਾਂ ਨੂੰ ਪੜ੍ਹਨ ਨਾਲ ਇਸ ਜਲ ਵਿੱਚ ਕੁੱਝ ਖਾਸ ਸ਼ਕਤੀ ਆ ਜਾਂਦੀ
ਹੈ? ਜੇ ਇਨ੍ਹਾਂ ਦੀ ਥਾਂ ‘ਗੁਰੂ ਗ੍ਰੰਥ ਸਾਹਿਬ ਜੀ’ ਦੀਆਂ ਕੋਈ ਹੋਰ ਰਚਨਾਵਾਂ ਪੜ੍ਹ ਲਈਏ ਤਾਂ ਕੀ
ਕੋਈ ਹਰਜ ਹੈ? ਕੀ ਉਸ ਕੇਸ ਵਿੱਚ ਇਹ ਅੰਮ੍ਰਿਤ (ਅਸਲ ਨਾਂ ਖੰਡੇ ਦੀ ਪਾਹੁਲ) ਨਾ ਰਹਿ ਕੇ ‘ਜ਼ਹਿਰ’
ਬਣ ਜਾਏਗਾ? ਵੈਸੇ ਵੀ ਇਸ ਲੇਖ ਵਿੱਚ ਦਿੱਤੇ ਹਵਾਲੇ ਵਿੱਚ ਡਾ. ਰਤਨ ਸਿੰਘ ਜੱਗੀ ਦੀ ਖੋਜ ਅਨੁਸਾਰ
ਪੁਰਾਤਨ ਅਤੇ ਹੱਥ ਲਿਖਤ ਲਿਖਤਾਂ ਵਿੱਚ ਇਸ ਵਿਸ਼ੇ ਤੇ ਬਹੁਤ ਮੱਤਭੇਦ ਮਿਲਦੇ ਹਨ ਕਿ ਦਸਮੇਸ਼ ਜੀ ਨੇ
1699 ਵਿੱਚ ‘ਖੰਡੇ ਦੀ ਪਾਹੁਲ’ ਸਮੇਂ ਕਿਹੜੀਆਂ ਰਚਨਾਵਾਂ ਪੜ੍ਹੀਆਂ ਸਨ। ਪਰ ਖਾਲਸਾ ਤਾਂ ਮਤਭੇਦਾਂ
ਤੋਂ ਨਿਆਰਾ ਹੈ, ਭਰਮਾਂ ਤੋਂ ਨਿਆਰਾ ਹੈ। ਫੇਰ ਕਿਉਂ ਨਾ ਖੰਡੇ ਦੀ ਪਾਹੁਲ ਵੇਲੇ ਪੜ੍ਹਨ ਵਾਲੀਆਂ
ਬਾਣੀਆਂ ‘ਗੁਰੂ ਗ੍ਰੰਥ ਸਾਹਿਬ’ ਵਿਚੋਂ ਹੀ ਲੈ ਲਈਆਂ ਜਾਣ? ਇਸ ਵਿੱਚ ਕੀ ਹਰਜ ਹੈ? ਨਾਲ ਅਸੀਂ
ਅਸ਼ਲੀਲ ਅਤੇ ਬ੍ਰਾਹਮਣਵਾਦੀ ਰਚਨਾਵਾਂ ਨੂੰ ਦਸਮੇਸ਼ ਕ੍ਰਿਤ ਮੰਨਣ ਦੇ ਗੁਰੂ ਧਰੋਹ ਤੋਂ ਵੀ ਬਚ
ਜਾਵਾਂਗੇ। ਕੁੱਝ ਇਹੀ ਦਲੀਲ ਪ੍ਰਚਲਿਤ ਅਰਦਾਸ ਤੇ ਵੀ ਸਹੀ ਢੁੱਕਦੀ ਹੈ। ਜੇ ਉੱਥੇ ਦੇਵੀ ਭਗੌਤੀ ਨੂੰ
ਸਿਮਰਨ ਵਾਲਾ ਬੰਦ ਹਟਾ ਕੇ ਗੁਰਮਤਿ ਅਨੁਸਾਰੀ ਕੋਈ ਢੁੱਕਵੀਂ ਸ਼ਬਦਾਵਲੀ ਵਰਤ ਲਈ ਜਾਵੇ ਤਾਂ ਕੀ ਹਰਜ਼
ਹੈ? ਇੱਕ ਅਕਾਲ ਪੁਰਖ ਦਾ ਉਪਾਸ਼ਕ ਹਰ ਰੋਜ਼ ਕਿਸੀ ਦੇਵੀ ਨੂੰ ਕਿਉਂ ਧਿਆਵੇ? ਐਸੀ ਪੰਥ ਪ੍ਰਵਾਨਕਤਾ ਦੇ
ਬੇਲੋੜੇ ਪਿਆਰ ਵਿੱਚ ਜਕੜੇ ਕੁੱਝ ਮਿਸ਼ਨਰੀ ਇਹ ਵੀ ਫਤਵਾ ਦਿੰਦੇ ਸੁਣੀਂਦੇ ਹਨ ਕਿ ਰਹਿਤ ਮਰਿਯਾਦਾ
ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਮੇਰੇ ਐਸੇ ਵੀਰ/ਭੈਣ ਮਾਰਚ 2008 ਦੇ ਇੰਡੀਆ ਅਵੇਅਰਨੈੱਸ ਦੇ
ਪੰਨਾ 24 ਉੱਤੇ ਛਪਿਆ ਲੇਖ, ‘ਕੀ ਸਿੱਖ ਰਹਿਤ ਮਰਿਯਾਦਾ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ? ਤਾਂ
ਫੇਰ ਇਹ ਤਬਦੀਲੀਆਂ ਕਿਵੇਂ ਹੋਈਆਂ? ‘ਪੜ੍ਹ ਕੇ ਵਿਚਾਰ ਲੈਣ। ਇਸ ਲੇਖ ਵਿੱਚ ਲੇਖਕ ਨੇ 1954 ਵਿੱਚ
ਤੇ ਮੌਜੂਦਾ ਛਪ ਰਹੀ ਰਹਿਤ ਮਰਿਯਾਦਾ ਦੀ ਤੁਲਨਾ ਕਰ ਕੇ ਇਹ ਸਾਬਿਤ ਕੀਤਾ ਕਿ ਇਸ ਵਿੱਚ ਕਈ
ਤਬਦੀਲੀਆਂ ਹੋ ਚੁੱਕੀਆ ਹਨ। ਐਸੀ ਪੰਥ ਪ੍ਰਵਾਨਿਕਤਾ ਤੇ ਰਹਿਤ ਮਰਿਯਾਦਾ ਲਈ ਬੇਲੋੜਾ ਹੇਜ਼ ਕਿਉਂ,
ਜਿਸ ਦੇ ਅਨੇਕਾਂ ਨੁਕਤੇ (ਉਨ੍ਹਾਂ ਨੁਕਤਿਆਂ ਦੀ ਪੂਰੀ ਵਿਚਾਰ ਵੱਖਰੇ ਲੇਖ ਵਿੱਚ ਕੀਤੀ ਜਾਵੇਗੀ)
‘ਗੁਰੂ ਗ੍ਰੰਥ ਸਾਹਿਬ ਜੀ’ ਦੀ ਕਸੌਟੀ ਤੇ ਖਰੇ ਨਹੀਂ ਉੱਤਰਦੇ।
ਦਾਸ ਦਾ ਇਹ ਲੇਖ ਸਿਰਫ ਉਨ੍ਹਾਂ ਜਾਗਰੂਕ ਸਿੱਖਾਂ (ਖਾਸ ਕਰਕੇ ਮਿਸ਼ਨਰੀ ਕਾਲਜਾਂ ਨਾਲ ਜੁੜੇ) ਲਈ ਹੈ,
ਜੋ ਸਿਰਫ ‘ਗੁਰੂ ਗ੍ਰੰਥ ਸਾਹਿਬ’ ਨੂੰ ਹੀ ਸਹੀ ਮਾਇਨੇ ਵਿੱਚ ਗੁਰੂ ਮੰਨਦੇ ਹਨ। ਇਹ ਲੇਖ
ਸੰਪ੍ਰਦਾਈਆਂ (ਟਕਸਾਲੀ, ਅਖੌਤੀ ਸੰਤ ਬਾਬੇ, ਪੁਜਾਰੀ ਸ੍ਰੇਣੀ, ਡੇਰੇਦਾਰ ਆਦਿ) ਤੇ ਉਨ੍ਹਾਂ ਦੀ ਸੋਚ
ਨੂੰ ਅੰਤਿਮ ਮੰਨ ਚੁੱਕੇ ਸਿੱਖਾਂ ਲਈ ਨਹੀਂ ਹੈ ਜੋ ਪੂਰੇ ਦਸਮ ਗ੍ਰੰਥ ਨੂੰ ਦਸਮੇਸ਼ ਕ੍ਰਿਤ ਮੰਨਣ ਲਈ
ਬਜਿੱਦ ਹਨ। ਦਾਸ ਦੀਆਂ ਨਜ਼ਰਾਂ ਵਿੱਚ ਇਹ ਤਾਂ ਉਹ ਉਨ੍ਹਾਂ ਬ੍ਰਾਹਮਣਵਾਦੀ ਏਜੰਟਾਂ (ਉਦਾਸੀ, ਨਿਰਮਲੇ
ਆਦਿ) ਦੇ ਵੰਸ਼ਜ ਹਨ ਜਿਨ੍ਹਾਂ ਨੇ ਸਿੱਖ ਭੇਖ ਧਾਰਨ ਹੀ ਇਸ ਲਈ ਕੀਤਾ ਸੀ ਤਾਂ ਕਿ ਸਿੱਖ ਕੌਮ ਨੂੰ
‘ਨਾਨਕਵਾਦ’ ਦੇ ਰਾਹ ਤੋਂ ਭਟਕਾਇਆ ਜਾ ਸਕੇ। ਮੇਰੀ ਜਾਗਰੂਕ ਸਿੱਖਾਂ ਨੂੰ ਬੇਨਤੀ ਹੈ ਕਿ ਤੁਸੀਂ ਪੰਥ
ਪ੍ਰਵਾਨਕਤਾ ਅਤੇ ਰਹਿਤ ਮਰਿਯਾਦਾ ਦੇ ਬੇਲੋੜੇ ਬੋਝ ਥੱਲੇ ਆਪਣੇ ‘ਜਮੀਰ’ ਨੂੰ ਇਤਨਾ ਵੀ ਸਾਹਸਤ ਹੀਨ
ਨਾ ਕਰੋ ਕਿ ਉਹ ਗੁਰੂ ਧਰੋਹ ਕਮਾਉਣ ਤੋਂ ਵੀ ਸੰਕੋਚ ਨਾ ਕਰੇ। ਸਿੱਖ ਰਹਿਤ ਮਰਿਯਾਦਾ (ਸਹੀ ਨਾਂ
ਸਿੱਖ ਜੀਵਨ ਜਾਚ) ਬਹੁਤ ਜਰੂਰੀ ਹੈ, ਪਰ ਉਹ ਗੁਰੂ (ਗੁਰੂ ਗ੍ਰੰਥ ਸਾਹਿਬ ਜੀ) ਪ੍ਰਵਾਨਤ ਹੋਣੀ
ਚਾਹੀਦੀ ਹੈ। ਪਹਿਲਾਂ ਇਸ ਨੂੰ ਸੋਧ ਕੇ ‘ਗੁਰੂ ਪ੍ਰਵਾਨਤ’ ਕਰ ਲਈਏ ਤੇ ਜਿਹੜੇ ਇਸ ਰਾਹ ਉੱਤੇ
(ਜਾਗ੍ਰਿਤੀ ਲਿਆੳਣ ਦੀ ਕੋਸ਼ਿਸ਼ ਕਰ ਰਹੇ ਹਨ) ਤੁਰ ਰਹੇ ਹਨ ਉਨ੍ਹਾਂ ਦੇ ਰਾਹ ਵਿੱਚ ਰੋੜੇ ਨਾ
ਅਟਕਾਈਏ। ਹਰ ਜਾਗਰੂਕ ਸਿੱਖ ਨੂੰ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਦਸਮ ਗ੍ਰੰਥ ਦੀ ਕਿਸੇ
ਵੀਰਚਨਾ ਨੂੰ ਦਸਮੇਸ਼ ਕ੍ਰਿਤ ਮੰਨਣਾ ਗੁਰੂ ਨਾਲ ਧਰੋਹ ਹੈ? ਵੈਸੇ ਵੀ ਕਿਸੇ ਰਚਨਾ ਵਿਚੋਂ ਆਪਣੀ ਮਨ
ਮਰਜੀ ਦੇ ਬੰਦ ਚੁੱਕ ਕੇ ਉਸ ਨੂੰ ਪੰਥ ਪ੍ਰਵਾਨਿਤ ਬਣਾ ਲੈਣਾ ਬੇਈਮਾਨੀ ਹੈ। ਇੱਕ ਸੱਚਾ ਸਿੱਖ (
‘ਨਾਨਕਵਾਦ’ ਦਾ ਆਸ਼ਿਕ) ਗੁਰੂ ਧਰੋਹੀ ਤੇ ਬੇਈਮਾਨ ਨਹੀਂ ਹੋ ਸਕਦਾ। ਜੇ ਤੁਸੀਂ ਇਤਨੀ ਵਿਚਾਰ ਤੋਂ
ਬਾਅਦ ਵੀ ਪੰਥ ਪ੍ਰਵਾਨਕਤਾ ਦੇ ਨਾ ਹੇਠ ਉਨ੍ਹਾਂ ਰਚਨਾਵਾਂ ਨੂੰ ਦਸਮੇਸ਼ ਕ੍ਰਿਤ ਮੰਨਣ ਲਈ ਬਜਿੱਦ ਹੋ
ਤਾਂ ਤੁਹਾਡੀ ਸੋਚ (ਮਨਮਤ) ਤੁਹਾਨੂੰ ਮੁਬਾਰਿਕ। ਫੇਰ ਵੀ ਮੇਰੀ ਬੇਨਤੀ ਹੈ ਕਿ ਚੰਗਾ ਹੈ ਕਿ ਤੁਸੀਂ
ਇਸ ਵਿਸ਼ੇ ਤੇ ਚੁੱਪ ਹੀ ਧਾਰਨ ਕਰ ਲਵੋ। ਇਹੋ ਜਿਹੇ ਬਿਆਨ ਅਤੇ ਫਤਵੇ ਜਾਰੀ ਕਰਕੇ ਨਿਰੋਲ ‘ਨਾਨਕਵਾਦ’
ਦੇ ਪਾਂਧੀਆਂ ਦੇ ਰਾਹ ਤੇ ਰੋੜੇ ਅਤੇ ਕੰਡੇ ਨਾ ਵਿਛਾਓ। ਇਸ ਪੁਨਰ ਜਾਗਰਣ ਲਹਿਰ ਵਿੱਚ ਜੇ ਹਾਂ ਪੱਖੀ
ਯੋਗਦਾਨ ਨਹੀਂ ਪਾ ਸਕਦੇ ਤਾਂ ਕੋਈ ਗਿਲਾ ਨਹੀਂ, ਪਰ ਕਿਰਪਾ ਕਰਕੇ ਇਸ ਦੇ ਵਿਰੋਧੀ ਨਾ ਬਣੋ।
‘ਨਾਨਕਵਾਦ’ ਦੇ ਆਸ਼ਕਾਂ (ਤੱਤ ਗੁਰਮਤਿ ਵਾਲੇ) ਨੂੰ ਇਸ ਨਾਲ ਘੱਟ ਹੀ ਫਰਕ ਪੈਂਦਾ ਹੈ ਕਿਉਂਕਿ ਜਿੱਥੇ
90# ਸਿੱਖ (ਸੰਪਰਦਾਈ ਸੋਚ ਵਾਲੇ) ਉਨ੍ਹਾਂ (ਨਾਨਕਵਾਦ) ਦੇ ਵਿਰੋਧੀ ਹਨ, 5# ਜਾਗਰੂਕ (ਮਿਸ਼ਨਰੀ)
ਸੋਚ ਵਾਲੇ ਹੋਰ ਸਹੀ। ਪਰ ਤੁਹਾਡੀ ਇਸ ਗੁਰਮਤਿ ਵਿਰੋਧੀ ਅਤੇ ਦਲੀਲ ਰਹਿਤ ਪਹੁੰਚ ਲਈ ਸੱਚ ਦੀ ਰਾਹ
(ਨਾਨਕਵਾਦ) ਦਾ ਇਤਿਹਾਸ ਸ਼ਾਇਦ ਤੁਹਾਨੂੰ ਕਦੀ ਮਾਫ ਨਾ ਕਰੇ? ‘ਮਨ ਜਾਨਤ ਹੈ ਸਭ ਬਾਤ’ ਅਨੁਸਾਰ
ਜਾਣਦੇ ਬੁਝਦੇ ਇਹ ਕੰਮ ਕਰਨਾ ਸੰਪਰਦਾਈਆਂ ਨਾਲੋਂ ਵੀ ਵੱਧ ਗਲਤ ਹੋਵੇਗਾ। ਇਹ ਨੁਕਤਾ ਵੀ ਘੱਟ
ਦਿਲਚਸਪ ਨਹੀਂ ਕਿ ਪੰਥ ਪ੍ਰਵਾਨਿਤ ਰਹਿਤ ਮਰਿਯਾਦਾ ਦਸਮ ਗ੍ਰੰਥ ਦੀ ਕਿਸੇ ਵੀ ਰਚਨਾ ਨੂੰ ਸਪਸ਼ਟ ਰੱਦ
ਨਹੀਂ ਕਰਦੀ ਬਲਕਿ ਇਹ ਤਾਂ ਕਈ ਰਚਨਾਵਾਂ ਅਤੇ ਪ੍ਰਮਾਣਿਕ ਹੋਣ ਦੀ ਪ੍ਰੋੜਤਾ ਹੀ ਕਰਦੀ ਹੈ। ਕੀ ਇਸ
ਨੁਕਤੇ ਤੋਂ ਵੀ ਵਿਚਾਰ ਕਰਨੀ ਜ਼ਰੂਰੀ ਨਹੀਂ?
ਆਸ ਹੈ ਜਾਗਰੂਕ ਸਿੱਖ ਇਸ ਲੇਖ ਨੂੰ ਪੜ੍ਹ ਕੇ ਸੁਹਿਰਦਤਾ ਅਤੇ ਠੰਢੇ ਦਿਮਾਗ ਨਾਲ ਵਿਚਾਰ ਕਰਨਗੇ। ਇਸ
ਗਰੀਬੜੇ, ਨਿਮਾਣੇ, ਪੰਥ ਦਰਦੀ, ਕੂਕਰ ਦੀ ਇਹ ਅਰਜ਼ੋਈ ਮੰਨ ਕੇ ਆਪਣੇ ਜ਼ਮੀਰ ਦੀ ਆਵਾਜ਼ ਸੁਣਨਗੇ। ਉਹ
ਵੀ ‘ਨਾਨਕਵਾਦ’ ਦੇ ਆਸ਼ਕਾਂ ਦਾ ਸਾਥ ਦੇਣ ਲਈ ਕਮਰ ਕੱਸੇ ਕਰ ਲੈਣਗੇ। ਜੇ ਕਿਸੇ ਮਜਬੂਰੀ ਹੇਠ
ਖੁੱਲੇਆਮ ਸਾਥ ਨਹੀਂ ਦੇ ਸਕਦੇ ਤਾਂ ਘੱਟੋ ਘੱਟ ਉਨ੍ਹਾਂ ਦੇ ਰਾਹ ਵਿੱਚ ਰੋੜੇ ਨਹੀਂ ਅਟਕਾਉਣਗੇ। ਕੀ
ਦਾਸ ਜਾਗਰੂਕ ਸਿੱਖਾਂ ਕੋਲੋਂ ਇਹ ਆਸ ਰੱਖ ਸਕਦਾ ਹੈ? ਜੇ ਕਿਸੇ ਨੂੰ ਦਾਸ ਦੇ ਵਿਚਾਰਾਂ ਵਿੱਚ ਕੁੱਝ
ਗੁਰਮਤਿ ਵਿਰੋਧੀ ਤੇ ਦਲੀਲ ਰਹਿਤ ਲਗਦਾ ਹੈ ਤਾਂ ਬਿਨਾ ਝਿਜਕ ਆਪਣੇ ਵਿਚਾਰ ਦਲੀਲ ਨਾਲ ਇੰਡੀਆ
ਅਵੇਅਰਨੈੱਸ ਨੂੰ ਭੇਜ ਸਕਦਾ ਹੈ। ਦਾਸ ਅਜਿਹੇ ਸੁਹਿਰਦਾਂ ਦਾ ਤਹਿ ਦਿਲੋਂ ਧੰਨਵਾਦੀ ਹੋਵੇਗੀ। ਅੰਤ
ਵਿੱਚ ਐਸੇ ਜਾਗਰੂਕ ਵੀਰਾਂ ਨੂੰ ਇੱਕ ਵਾਰ ਫੇਰ ਹੱਥ ਜੋੜ ਕੇ ਪੂਰੀ ਨਿਰਮਤਾ ਸਹਿਤ ਇਸ ਕੀੜੇ ਦੀ
ਅਰਜੋਈ ਹੈ ਕਿ ਗੁਰੂ ਦਾ ਵਾਸਤਾ ਜੇ ਪੰਥ ਪ੍ਰਵਾਨਕਤਾ ਜਾਂ ਰਹਿਤ ਮਰਿਯਾਦਾ ਦੇ ਨਾ ਉੱਤੇ ਗੁਰਮਤਿ
ਸਿਧਾਂਤਾਂ ਦੀ ਬਲੀ ਨਾ ਚੜ੍ਹਾਓ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ