ਭਗਤ ਪ੍ਰਹਿਲਾਦ ਜੀ
ਗੁਰਬਾਣੀ ਸ਼ਬਦ ਦੀ ਵਿਆਖਿਆ ਕਰਨ
ਵੇਲੇ, ਗੁਰਮਤਿ ਦਾ ਪੈਮਾਨਾਂ ੴ ਅਜੂਨੀ, ਅਕਾਰ ਤੋਂ ਰਹਿਤ, ਅਤੇ ਜੂਨਾਂ ਵਿੱਚ ਨਾਂ ਆਉਣ ਵਾਲਾ
ਕਰਤਾਰ ਹੈ। ਉਸ ਦੇ ਸਰੂਪ ਨੂੰ ਕਿਸੇ ਮੂਰਤੀ ਜਾਂ ਅਵਤਾਰੀ ਰੂਪ ਵਿੱਚ ਨਹੀਂ ਬਿਆਨਿਆਂ ਜਾ ਸਕਦਾ।
ਪਰ ਪਰਚੱਲਤ ਵਿਆਖਿਆ ਅੰਦਰ ਵਿਆਖਿਆਕਾਰਾਂ ਵਲੋਂ ਗੁਰਬਾਣੀ ਦੀ ਵਿਆਖਿਆ ਹੀ ਅਜਿਹੇ ਢੰਗ ਨਾਲ ਕੀਤੀ
ਗਈ ਹੈ ਕਿ ਪ੍ਰਭੂ ਦੇ ਕਈ ਸਰੂਪ ਬਿਆਨ ਕਰ ਦਿੱਤੇ ਗਏ ਹਨ। ਕਿਤੇ ਸੋਹਣੇ ਲੰਮੜੇ ਕੇਸਾਂ ਵਾਲਾ, ਕਿਤੇ
ਅਬਦਾਲੀ ਭੇਸ, ਕਿਤੇ ਨਰਸਿੰਘ, ਕਿਤੇ ਅੱਗਾ ਸ਼ੇਰ ਦਾ, ਕਿਤੇ ਪਿੱਛਾ ਗਾਂ ਦਾ, ਅਤੇ ਹੋਰ ਕਈ ਤਰ੍ਹਾਂ
ਦੇ ਸਰੂਪ ਉਸ ਕਰਤਾਰ ਦੇ ਬਿਆਨ ਕੀਤੇ ਗਏ ਹਨ, ਜੋ ਗੁਰਮਤਿ ਸਿਧਾਂਤ ਨਾਲ ਮੇਲ ਨਹੀਂ ਖਾਂਦੇ। ਅਜਿਹੀ
ਗੁਰਮਤਿ ਵਿਰੋਧੀ ਵਿਆਖਿਆ ਸ਼ੰਕੇ ਖੜੇ ਕਰ ਦਿੰਦੀ ਹੈ, ਅਤੇ ਕੂੜ ਦਾ ਪਸਾਰਾ ਕੰਧ ਵਾਂਗ ਆ ਖੜ੍ਹਦਾ
ਹੈ। ਇਹ ਗੁਰਮਤਿ ਵਿਰੋਧੀ ਵਿਆਖਿਆ ਝੂਠ ਦਾ ਸਹਾਰਾ ਲੈ ਕੇ ਗੁਰਮਤਿ ਨਾਲ ਜੁੜਨ ਨਹੀਂ ਦਿੰਦੀ।
ਭਗਤ ਹੇਤਿ ਮਾਰਿਓ ਹਰਨਾਖਸੁ ਨਰਸਿੰਘ ਰੂਪ ਹੋਇ ਦੇਹ ਧਰਿਓ॥
ਨਾਮਾ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ ਦੁਆਰ ਖਰੋ॥ 4॥ 1
ਗੁਰੂ ਗ੍ਰੰਥ ਸਾਹਿਬ, ਪੰਨਾ 1105
ਇਹ ਪੰਗਤੀਆਂ ਰਾਗ ਮਾਰੂ, ਬਾਣੀ ਭਗਤ ਨਾਮਦੇਵ ਜੀ ਕੀ ਵਿੱਚ ਹਨ।
ਇਹ ਸ਼ਬਦ ਦੀਆਂ ਅਖ਼ੀਰਲੀਆਂ ਪੰਗਤੀਆਂ ਹਨ। ਇਸ ਸਾਰੇ ਸ਼ਬਦ ਅੰਦਰ ਪ੍ਰਹਿਲਾਦ ਜੀ ਦਾ ਕਿਤੇ ਜ਼ਿਕਰ ਵੀ
ਨਹੀਂ ਆਉਂਦਾ। ਇਸ ਸ਼ਬਦ ਦੀ ਸ਼ੁਰੂਆਤ ਗਿਣਤੀ ਦੇ ਚਾਰ ਤੋਂ ਹੁੰਦੀ ਹੈ। ਇਹ ਚਾਰ ਜਗਿਆਸੂ ਪ੍ਰਭੂ ਦੀ
ਸ਼ਰਨ ਪੈ ਕੇ ਆਤਮਿਕ ਗਤਿ ਨੂੰ ਪ੍ਰਾਪਤ ਹੋਏ ਸਨ, ਅਤੇ ਕਰਮਕਾਂਡੀ ਵੀਚਾਰਧਾਰਾ ਵਲੋਂ ਇਨ੍ਹਾਂ ਚਾਰਾਂ
ਨੂੰ ਤਰਿਆ ਨਹੀਂ ਦਰਸਾਇਆ ਗਿਆ। ਉਲਟਾ ਇਨ੍ਹਾਂ ਚਾਰ ਗੁਰਮੁਖਿ ਜਗਿਆਸੂਆਂ ਨਾਲ ਕਰਮਕਾਂਡੀ ਕਹਾਣੀਆਂ
ਜੋੜ ਕੇ ਹਰਨਾਖਸ਼ੀ ਬਿਰਤੀ ਦੁਆਰਾ ਇਨ੍ਹਾਂ ਦੇ ਸੱਚੇ ਸੁਚੇ ਜੀਵਨ ਨੂੰ ਨਿਗਲਣ ਦੀ ਕੋਸ਼ਿਸ਼ ਕੀਤੀ ਗਈ
ਹੈ। ਪਰ ਭਗਤ ਨਾਮਦੇਵ ਜੀ ਨੇ ਉਨ੍ਹਾਂ ਦੇ ਸੱਚੇ ਸੁਚੇ ਜੀਵਨ ਉੱਪਰ ਮੋਹਰ ਲਾਈ ਹੈ। ਭਗਤ ਜੀ ਕਹਿੰਦੇ
ਹਨ ਕਿ ਉਹ ਮਨੁੱਖ ਕਿਸ ਤਰ੍ਹਾਂ ਨਹੀਂ ਤਰਿਆ ਹੋ ਸਕਦਾ ਜਿਸ ਨੇ ਉਸ ਪ੍ਰਭੂ ਨੂੰ ਸਿਮਰਿਆ ਹੋਵੇ ਜਿਸ
ਸਮਾਨ ਹੋਰ ਕੋਈ ਨਹੀਂ ਹੈ?
ਕੋਊ ਹਰਿ ਸਮਾਨਿ ਨਹੀ ਰਾਜਾ॥
ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 856
ਅਖੀਰਲੀਆਂ ਪੰਗਤੀਆਂ ਅੰਦਰ ਸ਼ਬਦ ਆਉਂਦਾ ਹੈ ‘ਬਲਿ’ ਅਤੇ ‘ਬਲਿ’ ਸ਼ਬਦ ਆਉਣ ਨਾਲ ਪਰਚੱਲਤ
ਵਿਆਖਿਆਕਾਰਾਂ ਵਲੋਂ ਇਸ ਨੂੰ ਉਸ ਕਰਮਕਾਂਡੀ ਕਹਾਣੀ ਨਾਲ ਜੋੜ ਦਿੱਤਾ ਜਿਸ ਅੰਦਰ ਪ੍ਰਭੂ ਨੂੰ ਅੱਜ
ਤੱਕ ਬਲਿ ਰਾਜੇ ਦੇ ਬੂਹੇ ਅੱਗੇ ਚੌਕੀਦਾਰੀ ਕਰਦੇ ਦਰਸਾਇਆ ਹੈ। ਜਦੋਂ ਕਿ ਇਹ ਸ਼ਬਦ ਫ਼ਾਰਸੀ ਦਾ ਹੈ
ਅਤੇ ਇਸ ਦੇ ਅਰਥ ਹਨ – ਪਰੰਤੂ, ਇਸ ਦੇ ਉਲਟ। ਇਹ ਇਸ ਤਰ੍ਹਾਂ ਹੈ ਜਿਵੇਂ ਕਿ ਆਪਾਂ ਕਿਸੇ ਨੂੰ
ਕਹਿਣਾ ਹੋਵੇ ਕਿ ਇਹ ਗੱਲ ਐਸ ਗੱਲ ਦੇ ਉਲਟ ਹੈ। ਇਥੇ ਬਲਿ ਰਾਜੇ ਦਾ ਵਰਨਣ ਨਹੀਂ ਹੈ।
ਦੂਸਰੀ ਗੱਲ ਬਲਿ ਰਾਜੇ ਦਾ ਆਪਣਾ ਕੋਈ ਜੀਵਨ ਹੀ ਨਹੀਂ ਸੀ ਸੋ ਪ੍ਰਭੂ ਉਸ ਦੇ ਵੱਸ ਕਿਸ ਤਰ੍ਹਾਂ ਹੋ
ਗਿਆ? ਤੀਸਰੀ ਗੱਲ ਇਹ ਹੈ ਕਿ ਪ੍ਰਭੂ ਕਿਸੇ ਦੇ ਵੱਸ ਹੁੰਦਾ ਹੀ ਨਹੀਂ। ਗੁਰਬਾਣੀ ਦਾ ਫੁਰਮਾਨ ਹੈ ਕਿ
ਉਹ ਅਗਮ ਅਗੋਚਰ ਭਾਵ ਕਿਸੇ ਦੇ ਵਸ ਆਉਣ ਵਾਲਾ ਨਹੀਂ ਹੈ। ਬਲ ਰਾਜੇ ਬਾਰੇ ਗੁਰਬਾਣੀ ਸਾਫ਼ ਸਪਸ਼ਟ ਹੈ
ਕਿ ਬਲ ਰਾਜਾ ਮਾਇਆ ਵਿੱਚ ਫਸਿਆ ਹੋਇਆ ਇੱਕ ਹੰਕਾਰੀ ਰਾਜਾ ਸੀ।
ਬਲਿ ਰਾਜਾ ਮਾਇਆ ਅਹੰਕਾਰੀ॥ ਜਗਨ ਕਰੈ ਬਹੁ ਭਾਰ ਅਫਾਰੀ॥
ਗੁਰੂ ਗ੍ਰੰਥ ਸਾਹਿਬ, ਪੰਨਾ 224
ਗੁਰਬਾਣੀ ਅੰਦਰ ਬਲਿ ਰਾਜੇ ਦਾ ਜੀਵਨ ਇਹ ਦਰਸਾਇਆ ਗਿਆ ਹੈ ਕਿ ਉਹ ਮਾਇਆ ਦੇ ਮਦ ਵਿੱਚ
ਗ਼ਰਕਿਆ ਹੋਇਆ ਸੀ ਅਤੇ ਪਰਚੱਲਤ ਵਿਆਖਿਆ ਉਸ ਨੂੰ ਭਗਤ ਬਣਾ ਕੇ ਪੇਸ਼ ਕਰਦੀ ਹੈ।
ਦੂਸਰੀ ਗੱਲ ਬਹੁਤ ਸਾਰੇ ਵਿੱਦਵਾਨਾਂ ਦਾ ਖ਼ਿਆਲ ਹੈ ਕਿ ਨਾਮਦੇਵ ਜੀ ਹਿੰਦੂ ਘਰਾਣੇ ਵਿੱਚ ਪੈਦਾ ਹੋਏ
ਸਨ, ਅਤੇ ਗੁਰਮਤਿ ਦਾ ਪ੍ਰਭਾਵ ਪਾਉਣ ਲਈ ਨਾਮਦੇਵ ਜੀ ਹਿੰਦੂ ਪੁਰਾਣਾਂ ਵਾਲੀਆਂ ਸਾਖੀਆਂ ਸੁਣਾਇਆ
ਕਰਦੇ ਸਨ। ਨਾਲ ਹੀ ਇਹ ਗੱਲ ਗੁਰੂ ਤੇਗ਼ ਬਹਾਦਰ ਜੀ ਮਹਾਰਾਜ ਉੱਪਰ ਵੀ ਮੜ੍ਹ ਦਿੰਦੇ ਹਨ ਕਿ ਗੁਰੂ
ਪਾਤਸ਼ਾਹ ਨੇ ਪੁਰਾਣਾਂ ਵਾਲੀਆਂ ਸਾਖੀਆਂ ਸੁਣਾ ਕੇ ਮੁਗਲਾਂ ਦੇ ਜ਼ੁਲਮਾਂ ਤੋਂ ਡਰੇ ਹੋਏ ਲੋਕਾਂ ਨੂੰ
ਧਰਵਾਸ ਦੇਣ ਦਾ ਉਪਰਾਲਾ ਕੀਤਾ। ਇਹ ਗੱਲ ਵੀ ਲਿਖ ਦਿੰਦੇ ਹਨ ਕਿ ਇਹ ਸਾਖੀਆਂ ਗੁਰਮਤਿ ਅਨੁਸਾਰ ਹਨ
ਜਾਂ ਨਹੀਂ, ਇਹ ਵਿਸ਼ਾ ਛੇੜਨ ਦੀ ਲੋੜ ਨਹੀਂ।
ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਤੱਕ ਦੁਨੀਆਂ ਦੇ ਇਤਿਹਾਸ ਵਿੱਚ ਇਹ ਕਦੀ ਨਹੀਂ ਹੋਇਆ ਕਿ ਕਿਸੇ
ਹਿਸਾਬ ਦੇ ਅਧਿਆਪਕ ਨੇ ਆਪਣੀ ਜਮਾਤ ਵਿੱਚ ਵਿਦਿਆਰਥੀਆਂ ਨੂੰ ਹਿਸਾਬ ਪੜ੍ਹਾਇਆ ਹੋਵੇ, ਪਰ ਹਿਸਾਬ
ਪੜ੍ਹਨ ਨਾਲ ਵਿਦਿਆਰਥੀ ਇਤਿਹਾਸ ਦੇ ਮਾਹਰ ਬਣ ਗਏ ਹੋਣ।
ਦੂਸਰੀ ਗੱਲ ਜੋ ਗੁਰੂ ਜੀ ਨਾਲ ਜੋੜੀ ਜਾਂਦੀ ਹੈ, ਉਹ ਇਹ ਹੈ ਕਿ ਮੁਗ਼ਲਾਂ ਦੇ ਜ਼ੁਲਮ ਕਰਕੇ ਇਹ
ਕਹਾਣੀਆਂ ਧਰਵਾਸ ਅਤੇ ਹੌਸਲਾ ਦੇਣ ਲਈ ਵਰਤੀਆਂ ਗਈਆਂ ਹਨ। ਇਹ ਵੀ ਬੇਬੁਨਿਆਦ ਦਲੀਲ ਹੈ ਕਿਉਂਕਿ ਇਹ
ਕਹਾਣੀਆਂ ਤਾਂ ਕਰਮਕਾਂਡੀ ਲੋਕ ਵੀ ਕਈ ਸਦੀਆਂ ਤੋਂ ਲੋਕਾਂ ਨੂੰ ਸੁਣਾਉਂਦੇ ਆ ਰਹੇ ਸਨ ਤੇ ਹਨ ਪਰ
ਇਨ੍ਹਾਂ ਨਾਲ ਤਾਂ ਕਿਸੇ ਤੇ ਕੋਈ ਚੰਗਾ ਅਸਰ ਨਹੀਂ ਹੋਇਆ।
ਗੁਰਬਾਣੀ ਦਾ ਡੂੰਘਿਆਈ ਨਾਲ ਅਧਿਐਨ ਕਰੀਏ ਤਾਂ ਇਹ ਸੱਚ ਸਾਹਮਣੇ ਆਉਂਦਾ ਹੈ ਕਿ ਜਿਨ੍ਹਾਂ ਗੁਰਮੁਖਾਂ
ਨੇ ਪ੍ਰਭੂ ਪ੍ਰਮੇਸ਼ਰ ਦਾ ਆਸਰਾ ਲਿਆ ਉਨ੍ਹਾਂ ਨੇ ਕਰਮਕਾਂਡੀ ਵੀਚਾਰਧਾਰਾ ਦਾ ਖੰਡਨ ਕੀਤਾ।
ਕਰਮਕਾਂਡੀਆਂ ਨੇ ਉਨ੍ਹਾਂ ਗੁਰਮੁਖਾਂ ਨੂੰ ਵੀ ਸਾਖੀਆਂ ਰਾਹੀਂ ਕਰਮਕਾਂਡੀ ਬਨਾਉਣ ਵਿੱਚ ਕੋਈ ਕਸਰ
ਨਹੀਂ ਛੱਡੀ।
ਗੁਰਬਾਣੀ ਰਚਨਹਾਰਿਆਂ ਨੇ ਸੁਦਾਮਾ, ਬਿਦਰੁ, ਧਰੂ, ਪ੍ਰਹਿਲਾਦ, ਭਭੀਖਣ ਵਰਗੇ ਗੁਰਮੁਖਾਂ ਦੇ ਸੱਚੇ
ਸੁਚੇ ਜੀਵਨ ਰੂਪੀ ਸੱਚ ਨੂੰ ਸਾਹਮਣੇ ਲਿਆਂਦਾ। ਉਨ੍ਹਾਂ ਬਾਬਤ ਕਰਮਕਾਂਡੀਆਂ ਵਲੋਂ ਘੜੀਆਂ ਕਹਾਣੀਆਂ
ਨੂੰ ਰੱਦ ਕੀਤਾ ਹੈ ਅਤੇ ਇਨ੍ਹਾਂ ਨੂੰ ਇੱਕ ਪ੍ਰਭੂ ਦੇ ਪੁਜਾਰੀ ਦਰਸਾਇਆ ਹੈ। ਇਨ੍ਹਾਂ ਗੁਰਮੁਖਾਂ ਦੇ
ਜੀਵਨ ਵਰਗਾ ਆਪਣਾ ਜੀਵਨ ਬਨਾਉਣ ਲਈ ਸਾਨੂੰ ਵੀ ਪ੍ਰੇਰਨਾ ਕੀਤੀ ਗਈ ਹੈ।
ਰਾਮ ਜਪਉ ਜੀਅ ਐਸੇ ਐਸੇ॥ ਧ੍ਰ¨ ਪ੍ਰਹਿਲਾਦ ਜਪਿਓ ਹਰਿ ਜੈਸੇ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 337
ਅਸੀਂ ਗੁਰਬਾਣੀ ਦੀ ਗ਼ਲਤ ਅਤੇ ਪਰਚੱਲਤ ਵਿਆਖਿਆ ਰਾਹੀਂ ਪੁਰਾਣਾਂ ਵਾਲੀਆਂ ਸਾਖੀਆਂ ਦੀ
ਪ੍ਰੋੜ੍ਹਤਾ ਹੀ ਕੀਤੀ ਹੈ। ਜਦੋਂ ਕਿ ਇਹ ਸੱਚ ਨਹੀਂ ਹੈ, ਕਿਉਂਕਿ ਗੁਰਬਾਣੀ ਰਚਨਹਾਰੇ, ਮੁੱਲਾਂ ਅਤੇ
ਪੰਡਤਾਂ ਦੀਆਂ ਕਰਮਕਾਂਡੀ ਕਹਾਣੀਆਂ ਨੂੰ ਮਾਨਤਾ ਨਹੀਂ ਦਿੰਦੇ, ਬਲਕਿ ਰੱਦ ਕਰਦੇ ਹਨ।
ਪਾਠਕਾਂ ਦੇ ਮਨ ਅੰਦਰ ਸੁਦਾਮਾ ਜੀ ਬਾਰੇ ਸਵਾਲ ਜ਼ਰੂਰ ਪੈਦਾ ਹੋਇਆ ਹੋਵੇਗਾ – ਕਿਉਂਕਿ ਸੁਦਾਮਾ ਜੀ
ਦੀ ਸਾਖੀ ਬਹੁਤ ਪਰਚੱਲਤ ਹੈ। ਉਸ ਸਾਖੀ ਦੀ ਪਰਚੱਲਤ ਗੱਲ ਇਹ ਹੈ ਕਿ ਉਹ ਅਵਤਾਰੀ ਕ੍ਰਿਸ਼ਨ ਦੇ ਦੋਸਤ
ਸਨ। ਇਹ ਕਹਾਣੀ ਅਤੇ ਗੱਲ ਬੱਚੇ ਬੱਚੇ ਦੇ ਮੂੰਹ ਚੜ੍ਹੀ ਹੋਈ ਹੈ, ਸੋ ਇਸ ਦੇ ਵਿਸਥਾਰ ਵਿੱਚ ਜਾਣ ਦੀ
ਲੋੜ ਨਹੀਂ।
ਪਰ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਝਾਤ ਮਾਰੀਏ ਤਾਂ ਗੁਰੂ ਜੀ ਸੁਦਾਮਾ ਜੀ ਨੂੰ ਅਕਾਲ ਪੁਰਖੁ
ਵਾਹਿਗੁਰੂ ਪ੍ਰਮੇਸ਼ਰ ਦੇ ਪੁਜਾਰੀ ਦਰਸਾਉਂਦੇ ਹਨ, ਪਰ ਸਟੇਜਾਂ ਤੋਂ ਅਜੇ ਵੀ ਜਸ਼ੋਧਾ ਦੇ ਕ੍ਰਿਸ਼ਨ ਦਾ
ਪੁਜਾਰੀ ਦਰਸਾਇਆ ਜਾਂਦਾ ਹੈ। ਸਚਾਈ ਇਹ ਹੈ ਕਿ ਭਗਤ ਨਾਮਦੇਵ ਜੀ, ਭਗਤ ਕਬੀਰ ਜੀ ਅਤੇ ਗੁਰੂ ਜੀ,
ਸੁਦਾਮਾ ਜੀ ਨੂੰ ਵਾਹਿਗੁਰੂ ਪ੍ਰਮੇਸ਼ਰ ਦਾ ਪੁਜਾਰੀ ਬਿਆਨ ਕਰਦੇ ਹਨ।
ਅੰਬਰੀਕ ਕਉ ਦੀਓ ਅਭੈ ਪਦੁ ਰਾਜੁ ਭਭੀਖਨ ਅਧਿਕ ਕਰਿਓ॥
ਨਉ ਨਿਧਿ ਠਾਕੁਰਿ ਦਈ ਸੁਦਾਮੈ ਧ੍ਰ¨ਅ ਅਟਲੁ ਅਜਹੂ ਨ ਟਰਿਓ॥ 3॥
ਗੁਰੂ ਗ੍ਰੰਥ ਸਾਹਿਬ, ਪੰਨਾ 1105
ਜੈਦੇਉ ਨਾਮਾ ਬਿਪ ਸੁਦਾਮਾ ਤਿਨ ਕਉ ਕ੍ਰਿਪਾ ਭਈ ਹੈ ਅਪਾਰ॥
ਕਹਿ ਕਬੀਰ ਤੁਮ ਸੰਮ੍ਰਥ ਦਾਤੇ ਚਾਰਿ ਪਦਾਰਥ ਦੇਤ ਨ ਬਾਰ॥ 2॥ 7॥
ਗੁਰੂ ਗ੍ਰੰਥ ਸਾਹਿਬ, ਪੰਨਾ 856
ਬਿਪ੍ਰ ਸੁਦਾਮੇ ਦਾਲਦੁ ਭੰਜ॥ ਰੇ ਮਨ ਤੂ ਭੀ ਭਜੁ ਗੋਬਿੰਦ॥ 2॥
ਗੁਰੂ ਗ੍ਰੰਥ ਸਾਹਿਬ, ਪੰਨਾ 1192
ਭਗਤ ਜੈਦੇਵ ਜੀ, ਸੁਦਾਮਾ ਬ੍ਰਹਮਣ ਅਤੇ ਨਾਮਦੇਵ ਜੀ, ਇਨ੍ਹਾਂ ਤਿੰਨਾਂ ਉੱਪਰ ਵਾਹਿਗੁਰੂ ਦੀ
ਅਪਾਰ ਬਖ਼ਸ਼ਿਸ਼ ਹੋਈ ਹੈ। ਜੈਦੇਵ ਜੀ, ਨਾਮਦੇਵ ਜੀ, ਅਤੇ ਸੁਦਾਮਾ ਜੀ ਗੁਰਬਾਣੀ ਰਚੇਤਾ ਹੋਰ ਭਗਤਾਂ
ਵਾਂਗ ਅਕਾਲ ਪੁਰਖੁ ਵਾਹਿਗੁਰੂ ਦੇ ਹੀ ਪੁਜਾਰੀ ਸਨ। ਭਗਤ ਕਬੀਰ ਜੀ ਕਰਮਕਾਂਡੀ ਕਹਾਣੀ ਰੱਦ ਕਰਕੇ
ਸੱਚ ਉੱਪਰ ਮੋਹਰ ਲਾਉਂਦੇ ਹਨ। ਗੁਰੂ ਅਰਜਨ ਪਾਤਸ਼ਾਹ ਜੀ ਵੀ ਸੁਦਾਮਾ ਜੀ ਦੀ ਮਿਸਾਲ ਦੇ ਕੇ ਇਸ ਗੱਲ
ਦੀ ਮੋਹਰ ਲਗਾਉਂਦੇ ਹਨ ਕਿ ਸੁਦਾਮਾ ਜੀ ਪ੍ਰਮੇਸ਼ਰ ਦੇ ਪੁਜਾਰੀ ਸਨ।
ਗੁਰੂ ਪਾਤਸ਼ਾਹ ਸਾਨੂੰ ਮਿਸਾਲ ਦੇ ਕੇ ਸਮਝਾੳਂਦੇ ਹਨ ਕਿ ਜਿਸ ਤਰ੍ਹਾਂ ਸੁਦਾਮਾ ਨਿਰਧਨ ਤੋਂ
ਵਾਹਿਗੁਰੂ ਦਾ ਸਿਮਰਨ ਕਰਕੇ ਧਨਵਾਨ ਹੋ ਗਿਆ ਸੀ, ਇਸੇ ਤਰ੍ਹਾਂ ਮਨਾਂ ਤੂੰ ਵੀ ਵਾਹਿਗੁਰੂ ਦਾ ਸਿਮਰਨ
ਕਰਨ ਨਾਲ ਧਨਵਾਨ ਹੋ ਜਾਵੇਂਗਾ। ਪਰਚੱਲਤ ਵਿਆਖਿਆ ਇਸ ਤਰ੍ਹਾਂ ਹੈ, ਕਿ ਸੁਦਾਮਾ ਕ੍ਰਿਸ਼ਨ ਨੂੰ ਮਿਲ
ਕੇ ਤਰ ਗਿਆ ਸੀ, ਅਤੇ ਮਨਾਂ ਪ੍ਰਮੇਸਰ ਨੂੰ ਸਿਮਰ, ਤੂੰ ਵੀ ਤਰ ਜਾਏਂਗਾ। ਇਥੇ ਪ੍ਰਸ਼ਨ ਹੈ ਕਿ
ਗੁਰਬਾਣੀ ਅੰਦਰ ਗੁਰੂ ਮਹਾਰਾਜ ਨੇ ਕ੍ਰਿਸ਼ਨ ਦਾ ਜੀਵਨ ਕਿਸ ਤਰ੍ਹਾਂ ਦਾ ਦਰਸਾਇਆ ਹੈ? ਆਪਾਂ ਪਹਿਲਾਂ
ਦੇਖਦੇ ਹਾਂ।
ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨੑ ਕ੍ਰਿਸਨੁ ਜਾਦਮੁ ਭਇਆ॥
ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ॥
ਗੁਰੂ ਗ੍ਰੰਥ ਸਾਹਿਬ, ਪੰਨਾ 470
ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ॥
ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ ਚੂਕੈ ਮੋਹ ਗੁਬਾਰਾ॥ 3॥
ਗੁਰੂ ਗ੍ਰੰਥ ਸਾਹਿਬ, ਪੰਨਾ 559
ਗੁਰਬਾਣੀ ਅਨੁਸਾਰ ਤਾਂ ਕ੍ਰਿਸ਼ਨ ਆਪ ਆਉਣ-ਜਾਣ ਦੇ ਚੱਕਰਾਂ ਵਿੱਚ ਫਸਿਆ ਪਿਆ ਹੈ, ਉਹ ਕਿਸੇ
ਦਾ ਆਉਣ-ਜਾਣ, ਭਟਕਣਾਂ ਕਿਸ ਤਰ੍ਹਾਂ ਕੱਟ ਸਕਦਾ ਹੈ? ਗੁਰੂ ਅਰਜਨ ਪਾਤਸ਼ਾਹ ਜੀ ਨੇ ਸ਼ਬਦੁ ਵਰਤਿਆ ਹੈ
‘ਦਾਲਦੁ’ ਅਤੇ ਪਰਚੱਲਤ ਵਿਆਖਿਆ ਆਨੁਸਾਰ ਦਾਲਦ ਦੇ ਅਰਥ ਦਲਿੱਦਰੀ ਕੀਤੇ ਗਏ ਹਨ ਜੋ ਕਿ ਠੀਕ ਨਹੀਂ
ਹਨ। ਦਾਲਿਦ ਦੇ ਅਰਥ ਹਨ ਨਿਰਧਨ ਅਤੇ ਗੁਰਬਾਣੀ ਅਨੁਸਾਰ ਨਿਰਧਨ ਕੌਣ ਹੈ?
ਕਹਿ ਕਬੀਰ ਨਿਰਧਨੁ ਹੈ ਸੋਈ॥
ਜਾ ਕੇ ਹਿਰਦੈ ਨਾਮੁ ਨ ਹੋਈ॥ 4॥ 8॥
ਗੁਰੂ ਗ੍ਰੰਥ ਸਾਹਿਬ, ਪੰਨਾ 1159
ਇਸ ਦਾ ਮਤਲਬ ਸਪਸ਼ਟ ਹੈ ਕਿ ਸੁਦਾਮਾ ਜੀ ਨੇ ਨਾਮ ਸਿਮਰਨ ਕੀਤਾ ਤਾਂ ਉਨ੍ਹਾਂ ਦੀ ਕੰਗਾਲਤਾਈ
ਨੱਸ੍ਹ ਗਈ ਕਿੳਂਕਿ ਗੁਰਮਤਿ ਦੀ ਨਜ਼ਰ ਅੰਦਰ ਉਹੀ ਕੰਗਾਲ ਹੈ ਜਿਸ ਦੇ ਹਿਰਦੈ ਅੰਦਰ ਨਾਮ ਨਹੀਂ।
ਸਿਮਰਨ ਰੂਪੀ ਬਖ਼ਸ਼ਿਸ਼ ਨਾਲ ਸੁਦਾਮਾ ਜੀ ਧਨਵਾਨ ਹੋ ਗਏ। ਇਸੇ ਤਰ੍ਹਾਂ ਗੁਰੂ ਅਰਜਨ ਜੀ ਗਨਿਕਾ, ਅਤੇ
ਦ੍ਰੋਪਤੀ ਬਾਰੇ ਫੁਰਮਾਉਂਦੇ ਹਨ:
ਦੁਖ ਹਰਤਾ ਹਰਿ ਨਾਮੁ ਪਛਾਨੋ॥
ਅਜਾਮਲੁ ਗਨਿਕਾ ਜਿਹ ਸਿਮਰਤ ਮੁਕਤ ਭਏ ਜੀਅ ਜਾਨੋ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 830
ਮਨ ਰੇ ਪ੍ਰਭ ਕੀ ਸਰਨਿ ਬਿਚਾਰੋ॥
ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 632
ਰਾਮ ਕਰਿ ਕਿਰਪਾ ਲੇਹੁ ਉਬਾਰੇ॥
ਜਿਉ ਪਕਰਿ ਦ੍ਰੋਪਤੀ ਦੁਸਟਾਂ ਆਨੀ ਹਰਿ ਹਰਿ ਲਾਜ ਨਿਵਾਰੇ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 982
ਗੁਰਬਾਣੀ ਦਾ ਅਧਿਐਨ ਕਰ ਕੇ ਕੋਈ ਭੁਲੇਖਾ ਨਹੀਂ ਰਹਿ ਜਾਂਦਾ, ਪਰ ਅਸੀਂ ਪੁਰਾਣਾਂ ਵਾਲੀਆ
ਸਾਖੀਆਂ ਗੁਰਬਾਣੀ ਸੱਚ ਨਾਲ ਜੋੜ ਦਿੱਤੀਆਂ ਹਨ। ਇਸ ਕਰਕੇ ਹੀ ਅਸੀਂ ਸੱਚ ਸਮਝਣ ਵਿੱਚ ਅਸਮਰੱਥ ਰਹੇ
ਹਾਂ। ਇਹੀ ਕਾਰਨ ਹੈ ਕਿ ਅਸੀਂ ਜੋ ਗੁਰਮਤਿ ਦੇ ਹੀਰੋ ਸਨ, ਉਨ੍ਹਾਂ ਨੂੰ ਜ਼ੀਰੋ ਬਣਾ ਕੇ ਪੇਸ਼ ਕਰ
ਦਿੱਤਾ ਹੈ ਅਤੇ ਜੋ ਜ਼ੀਰੋ ਸਨ, ਉਨ੍ਹਾਂ ਨੂੰ ਹੀਰੋ ਬਣਾ ਕੇ ਪੇਸ਼ ਕਰ ਦਿੱਤਾ। ਗੁਰਬਾਣੀ ਵਿੱਚ ਗੁਰੂ
ਅਮਰਦਾਸ ਜੀ ਦਾ ਸ਼ਬਦ ਸੱਚਾਈ ਬਿਆਨ ਕਰਦਾ ਹੈ:
ਜੁਗਿ ਜੁਗਿ ਭਗਤਾ ਕੀ ਰਖਦਾ ਆਇਆ॥
ਦੈਤ ਪੁਤ੍ਰੁ ਪ੍ਰਹਲਾਦੁ ਗਾਇਤ੍ਰੀ ਤਰਪਣੁ ਕਿਛੂ ਨ ਜਾਣੈ ਸਬਦੇ ਮੇਲਿ ਮਿਲਾਇਆ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 1133
ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਕਿ ਪ੍ਰਹਿਲਾਦ ਨੂੰ ਦੈਂਤ ਪੁੱਤਰ ਇਸ ਲਈ ਕਿਹਾ ਗਿਆ ਸੀ
ਕਿੳਂਕਿ ਉਸ ਨੇ ਗਾਇਤ੍ਰੀ ਅਤੇ ਤਰਪਣ ਰੱਦ ਕਰ ਦਿੱਤੇ ਸਨ। ਗਾਇਤ੍ਰੀ ਅਤੇ ਤਰਪਣ ਨੂੰ ਰੱਦ ਕਰਨ ਦਾ
ਕਾਰਨ ਆਤਮਿਕ ਗਿਆਨ ਦੀ ਪ੍ਰਾਪਤੀ ਹੋ ਜਾਣਾ ਹੀ ਸੀ, ਅਤੇ ਕਰਮਕਾਂਡੀਆਂ ਨੂੰ ਇਹ ਹਜ਼ਮ ਨਹੀਂ ਹੋਇਆ।
ਇਸ ਕਰਕੇ ਕਰਮਕਾਂਡੀਆਂ ਨੇ ਪ੍ਰਹਿਲਾਦ ਨੂੰ ਦੈਂਤ ਪੁੱਤਰ ਬਣਾ ਕੇ ਉਸ ਦੇ ਪਿਤਾ ਦਾ ਨਾਮ ਹਰਨਾਖਸ਼
ਰੱਖ ਦਿੱਤਾ, ਅਤੇ ਪ੍ਰਹਿਲਾਦ ਨੂੰ ਆਪਣੇ ਪਿਤਾ ਪਾਸੋਂ ਤਸੀਹੇ ਝੱਲਦੇ ਦਿਖਾ ਦਿੱਤਾ। ਫਿਰ ਬਾਅਦ
ਵਿੱਚ ਉਸ ਨੂੰ ਬਚਾਉਣ ਵਾਲਾ ਵਿਸ਼ਨੂੰ ਦਰਸਾ ਦਿੱਤਾ, ਤਾਂ ਕਿ ਪ੍ਰਹਿਲਾਦ ਜੀ ਨੂੰ ਕਰਮਕਾਂਡੀ ਦਰਸਾਇਆ
ਜਾ ਸਕੇ। ਇਹੋ ਜਹੀਆਂ ਚਲਾਕੀਆਂ ਕਰਮਕਾਂਡੀ ਲੋਕ ਪਹਿਲਾਂ ਵੀ ਕਰਦੇ ਆਏ ਹਨ, ਅਤੇ ਹੁਣ ਵੀ ਕਰ ਰਹੇ
ਹਨ। ਬਾਕੀ ਤਾਂ ਸਭ ਕੁਛ ਸ਼ਬਦਾਂ ਦੀ ਸਹੀ ਵਿਆਖਿਆ ਨਾਲ ਹੀ ਸਾਬਤ ਹੋ ਸਕਦਾ ਹੈ।
ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ॥
ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ॥ 1॥
ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ॥
ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ॥ ਰਹਾਉ॥
ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨ ਨ ਹੋਈ॥
ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ॥ 2॥
ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪੁ॥
ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ॥ 3॥
ਗੁਰੂ ਗ੍ਰੰਥ ਸਾਹਿਬ, ਪੰਨਾ 677
ਕਿਤੇ ਨਹੀਂ ਲਿਖਿਆ ਕਿ ਪਰਮਾਤਮਾ ਬਲਿ ਰਾਜੇ ਦੇ ਬੂਹੇ ਤੇ ਬੈਠਾ ਹੈ। ਗੁਰਬਾਣੀ-ਸੱਚ ਨੂੰ
ਜਾਨਣ ਦੀ ਕੋਸ਼ਿਸ਼ ਕਰੀਏ। ਗੁਰੂ ਪਾਤਸ਼ਾਹ ਤਾਂ ਕਹਿੰਦੇ ਹਨ ਕਿ ਜਿਧਰ ਨੂੰ ਦੇਖਦਾ ਹਾਂ, ਉਧਰ ਹੀ ਤੂੰ
ਹੈਂ। ਕਿਤੇ ਦੂਰ ਜਾਣ ਦੀ ਲੋੜ ਹੀ ਨਹੀਂ।
ਦੁਸਰੀ ਗੱਲ ਇਹ ਕਿ ਉਹ ਪ੍ਰਮੇਸ਼ਰ ਛਲਿਆ ਨਹੀਂ ਜਾਂਦਾ। ਉਹ ਅਛੱਲ ਹੈ, ਅਛੇਦ ਹੈ, ਸੋ ਮਨਘੜਤ
ਕਹਾਣੀਆਂ ਦਾ ਗੁਰਮਤਿ ਨਾਲ ਕੋਈ ਸਬੰਧ ਨਹੀਂ ਹੈ। ਬਲਿ ਰਾਜੇ ਵਾਲੀ ਕਹਾਣੀ ਆਪਣੇ ਆਪ ਰੱਦ ਹੋ ਜਾਂਦੀ
ਹੈ ਕਿਉਕਿ ਗੁਰਬਾਣੀ ਬਲਿ ਨੂੰ ਭਗਤ ਹੀ ਨਹੀਂ ਮੰਨਦੀ। ਗੁਰਬਾਣੀ ਉਸ ਨੂੰ ਮਾਇਆ ਦੇ ਮਦ ਵਿੱਚ ਗ਼ਰਕ
ਹੋਇਆ ਮੰਨਦੀ ਹੈ।
ਅਗਮੁ ਅਗੋਚਰੁ ਸਾਹਿਬੋ ਸਮਰਥੁ ਸਚੁ ਦਾਤਾਰੁ॥
ਤੂ ਨਿਹਚਲੁ ਨਿਰਵੈਰੁ ਸਚੁ ਸਚਾ ਤੁਧੁ ਦਰਬਾਰੁ॥
ਗੁਰੂ ਗ੍ਰੰਥ ਸਾਹਿਬ, ਪੰਨਾ 962
ਗੁਰਬਾਣੀ ਵਿੱਚ ਇਹ ਕਿਤੇ ਨਹੀਂ ਆਇਆ ਕਿ ਜਿਹੜਾ ਬਲਿ ਰਾਜੇ ਦੇ ਦਰਵਾਜੇ ਮੋਹਰੇ ਖੜਾ ਹੈ,
ਉਹ ਨਿਹਚਲ ਹੈ ਜਾਂ ਵਾਹਿਗੁਰੂ ਦਾ ਟਿਕਾਣਾ ਬਲਿ ਰਾਜੇ ਦਾ ਦਰਵਾਜਾ ਹੈ। ਬੰਦਗੀ ਕਰਨ ਵਾਲੇ ਪੁਰਖ
ਤਾਂ ਵਾਹਿਗੁਰੂ ਦੀ ਅਧੀਨਗੀ ਕਬੂਲਦੇ ਹਨ, ਉਸ ਦੇ ਦਰਬਾਰ ਦੇ ਆਪਣੇ ਆਪ ਨੂੰ ਕੂਕਰ ਸਮਝਦੇ ਹਨ।
ਬੰਦਗੀ ਕਰਨ ਵਾਲੇ ਲੋਕ ਪ੍ਰਭੂ ਦੇ ਕੂਕਰ ਬਣ ਕੇ ਰਹਿਣਾ ਪਸੰਦ ਕਰਦੇ ਹਨ।
ਹਮ ਕੂਕਰ ਤੇਰੇ ਦਰਬਾਰਿ॥ ਭਉਕਹਿ ਆਗੈ ਬਦਨੁ ਪਸਾਰਿ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 969
ਅਕਾਲ ਪੁਰਖੁ ਕਿਸੇ ਦੀ ਅਧੀਨਗੀ ਨਹੀਂ ਕਬੂਲਦਾ ਅਤੇ ਕਿਸੇ ਦੇ ਵੱਸ ਨਹੀਂ ਹੁੰਦਾ।
ਬਲਦੇਵ ਸਿੰਘ ਟੋਰਾਂਟੋ