.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਜਦੋਂ ਧਰਮ ਉੱਡ ਜਾਂਦੈ

ਪਾਣੀ ਆਪਣੇ ਨਿਯਮ ਅਨੁਸਾਰ ਉੱਡਦਾ ਰਹਿੰਦਾ ਹੈ। ਛੱਪੜਾਂ, ਤਲਾਬਾਂ ਦਾ ਪਾਣੀ ਉੱਡਦਿਆਂ ਹੀ ਉਹਨਾਂ ਦੀ ਤਾਜ਼ਗੀ ਤੇ ਹਰਿਆਵਲ ਖ਼ਤਮ ਹੋ ਜਾਂਦੀ ਹੈ। ਉਹ ਡਰਾਵਣੇ ਖੰਡਰ ਜੇਹੇ ਲੱਗਦੇ ਹਨ। ਕਲਾਸ ਵਿਚੋਂ ਫੇਲ੍ਹ ਹੋਏ ਬੱਚੇ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਇਹ ਉੱਡ ਗਿਆ ਈ। ਧੋਤੇ ਹੋਏ ਕਪੜਿਆਂ ਨੂੰ ਤਾਰਾਂ ਤੇ ਪਾ ਕੇ ਚੂੰਢੀਆਂ ਲਗਾ ਦਿੱਤੀਆਂ ਜਾਂਦੀਆਂ ਹਨ ਕਿ ਮਤਾ ਕਿਤੇ ਕਪੜੇ ਉੱਡ ਹੀ ਨਾ ਜਾਣ। ਤੇਜ਼ ਹਨੇਰ੍ਹੀਆਂ ਵਿੱਚ ਉੱਡ ਗਈਆਂ ਵਸਤੂਆਂ ਮੁੜ ਪ੍ਰਪਤ ਕਰਨੀਆਂ ਔਖੀਆਂ ਹੋ ਜਾਂਦੀਆਂ ਹਨ। ਅਲਮਾਰੀਆਂ ਵਿੱਚ ਰੱਖਿਆ ਹੋਇਆ ਕੀਮਤੀ ਸਮਾਨ ਜਦੋਂ ਗਾਇਬ ਹੋ ਜਾਂਦਾ ਹੈ ਤਾਂ ਆਪਾਂ ਫੱਟ ਕਹਿ ਦੇਂਦੇ ਹਾਂ, ਸਮਾਨ ਕਿਧਰ ਉੱਡ ਗਿਆ ਜੇ। ਕੀਮਤੀ ਸਮਾਨ ਨਾ ਲੱਭਣ ਤੇ ਪਿੱਛੇ ਪਰਵਾਰ ਵਿੱਚ ਕਲੇਸ਼ ਹੀ ਰਹਿ ਜਾਂਦਾ ਹੈ। ਏਸੇ ਤਰ੍ਹਾਂ ਹੀ ਜੇ ਮਨੁੱਖ ਵਿਚੋਂ ਧਰਮ ਉੱਡ ਜਾਏ ਤਾਂ ਪਿੱਛੇ ਵਿਕਾਰੀ ਬਿਰਤੀ ਤੇ ਕਲਾ_ਕਲੇਸ਼ ਹੀ ਰਹਿ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਜੀ ਦੇ ਇੱਕ ਸਲੋਕ ਦੀ ਵਿਚਾਰ ਦੁਆਰਾ ਇਹ ਸਮਝਣ ਦਾ ਯਤਨ ਕਰਨਾ ਹੈ ਕਿ ਜਦੋਂ ਧਰਮ ਦੀਆਂ ਕਦਰਾਂ ਕੀਮਤਾਂ ਉੱਡ ਜਾਂਦੀਆਂ ਹਨ ਤਾਂ ਓਦੋਂ ਮਨੁੱਖੀ ਸੁਭਾਅ ਵਿੱਚ ਗਿਰਾਵਟ ਆ ਜਾਂਦੀ ਹੈ। ਪੂਰਾ ਸਲੋਕ ਹੇਠਾਂ ਅੰਕਤ ਹੈ –
ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ, ਦੀਸੈ ਨਾਹੀ ਕਹ ਚੜਿਆ॥
ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥
ਵਿਚਿ ਹਉਮੈ ਕਰਿ ਦੁਖੁ ਰੋਈ॥
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥ 1॥
ਸਲੋਕ ਮ. ੧ ਪੰਨਾ ੧੪੫

ਅਰਥ: —ਇਹ ਘੋਰ ਕਲ-ਜੁਗੀ ਸੁਭਾਉ (ਮਾਨੋਂ) ਛੁਰੀ ਹੈ (ਜਿਸ ਦੇ ਕਾਰਨ) ਰਾਜੇ ਜ਼ਾਲਮ ਹੋ ਰਹੇ ਹਨ, (ਇਸ ਵਾਸਤੇ) ਧਰਮ ਖੰਭ ਲਾ ਕੇ ਉੱਡ ਗਿਆ ਹੈ। ਕੂੜ (ਮਾਨੋ) ਮੱਸਿਆ ਦੀ ਰਾਤ ਹੈ, (ਇਸ ਵਿਚ) ਸੱਚ-ਰੂਪ ਚੰਦ੍ਰਮਾ ਕਿਤੇ ਚੜ੍ਹਿਆ ਦਿੱਸਦਾ ਨਹੀਂ ਹੈ। ਮੈਂ ਇਸ ਚੰਦ੍ਰਮਾ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਈ ਹਾਂ, ਹਨੇਰੇ ਵਿੱਚ ਕੋਈ ਰਾਹ ਦਿੱਸਦਾ ਨਹੀਂ। ਇਸ ਹਨੇਰੇ) ਵਿੱਚ (ਸ੍ਰਿਸ਼ਟੀ) ਹਉਮੈ ਦੇ ਕਾਰਨ ਦੁਖੀ ਹੋ ਰਹੀ ਹੈ, ਹੇ ਨਾਨਕ! ਕਿਵੇਂ ਇਸ ਤੋਂ ਖਲਾਸੀ ਹੋਵੇ ? । 1.
ਵਿਚਾਰ—ਅਖ਼ਰੀਂ ਅਰਥ ਤਾਂ ਅਸਾਂ ਵਿਚਾਰ ਲਏ ਕਿ ਜਦੋਂ ਧਰਮ ਖੰਭ ਲਗਾ ਉੱਡ ਗਿਆ ਹੋਵੇ ਤਾਂ ਪਿੱਛੇ ਜ਼ਾਲਮ ਬਿਰਤੀ ਹੀ ਰਹਿ ਜਾਂਦੀ ਹੈ। ਇਹ ਸਲੋਕ ਕੇਵਲ ਰਾਜਿਆਂ ਤੀਕ ਸੀਮਤ ਨਹੀਂ ਹੈ। ਇਹ ਸਲੋਕ ਮੌਜੂਦਾ ਰਾਜ ਨੀਤੀ ਤੇ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵੀ ਲਾਗੂ ਹੁੰਦਾ ਹੈ।
ਸਭ ਤੋਂ ਪਹਿਲਾਂ ਇਹ ਦੇਖਣ ਦਾ ਯਤਨ ਕੀਤਾ ਜਾਏਗਾ ਕਿ ਧਰਮ ਦੇ ਅਖ਼ਰੀਂ ਅਰਥ ਕੀ ਹਨ? ਮਹਾਨ ਕੋਸ਼ ਵਿੱਚ ਧਰਮ ਦੇ ੧੩ ਅਰਥ ਆਏ ਹਨ। ੧- ਜੋ ਸੰਸਾਰ ਨੂੰ ਧਾਰਨ ਕਰਦਾ ਹੈ ਭਾਵ ਪਵਿੱਤਰ ਨਿਯਮ, ਦੂਜਾ ਸ਼ੁਭ ਕਰਮ, ਤੀਜਾ ਮਜ਼੍ਹਬ ਦੀਨ, ਚੌਥਾ ਪੁਨਯਰੂਪ, ਪੰਜਵਾਂ ਰਿਵਾਜ, ਰਸਮ ਕੁਲ ਅਥਵਾ ਦੇਸ਼ ਦੀ ਰੀਤੀ, ਛੇਵਾਂ ਫ਼ਰਜ਼, ਸਤਵਾਂ ਇਨਸਾਫ਼, ਅੱਠਵਾਂ ਸੁਭਾਅ, ਨੌਵਾਂ ਧਰਮਰਾਜ, ਦਸਵਾਂ ਧੁਨਸ਼ ਕਮਾਣ, ਗਿਆਰਵਾਂ ਤੱਤਾਂ ਦੇ ਸਪਰਸ਼ ਆਦ ਗੁਣ, ਬਾਰ੍ਹਵਾਂ ਧਰਮ ਅੰਗ ਤੇ ਤੇਰ੍ਹਵਾਂ ਉਪਮਾ।
ਇਸ ਸਲੋਕ ਲਈ ਧਰਮ ਦਾ ਢੁੱਕਵਾਂ ਅਰਥ ਸ਼ੁਭ ਕਰਮ, ਫ਼ਰਜ਼ ਦੀ ਪਹਿਛਾਣ ਤੇ ਇਨਸਾਫ਼ ਕਰਨ ਦੇ ਰੂਪ ਵਿੱਚ ਆਇਆ ਹੈ। ਜੋ ਸਾਡੇ ਅਮਲੀ ਜੀਵਨ ਦਾ ਜਿਉਂਦਾ ਅੰਗ ਹੈ। ਅਸਾਂ ਕੀਰਤਨ ਜਾਂ ਕਥਾ ਦੁਆਰਾ ਕੇਵਲ ਏਹੀ ਪਰਚਾਰਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਧਰਮ ਖੰਭ ਲਗਾ ਉੱਡ ਗਿਆ ਹੋਇਆ ਸੀ। ਕੀ ਅੱਜ ਧਰਮ ਦੀਆਂ ਕਦਰਾਂ ਕੀਮਤਾਂ ਬਰਕਰਾਰ ਹਨ? ਸਭ ਤੋਂ ਪਹਿਲਾਂ ਉਹਨਾਂ ਹਾਕਮਾਂ ਵਲ ਨਜ਼ਰ ਜਾਂਦੀ ਹੈ ਜਿੰਨ੍ਹਾਂ ਨੂੰ ਅਸਾਂ ਪੰਜ ਸਾਲ ਲਈ ਚੁਣ ਕੇ ਭੇਜਿਆ ਸੀ। ਜਿਉਂ ਹੀ ਸਤਾ ਤੋਂ ਲਾਂਭੇ ਹੋਏ ਫੱਟ ਕਮਿਸ਼ਨ ਬੈਠ ਜਾਂਦਾ ਹੈ ਕਿ ਇਹਨਾਂ ਦੇ ਹੁੰਦਿਆਂ ਪੁੱਲ਼ ਕਾਗ਼ਜ਼ਾਂ ਵਿੱਚ ਤਾਂ ਤਿਆਰ ਹੈ ਪਰ ਦਿਸਦਾ ਕੋਈ ਨਹੀਂ ਏਂ। ਅੱਜ ਕਿਹੜਾ ਹਾਕਮ ਹੈ ਜੋ ਪੂਰੇ ਤੌਰ ਤੇ ਆਪਣੀ ਪਰਜਾ ਨੂੰ ਸਮਰਪਤ ਹੋਵੇ। ਜੇ ਓਦੋਂ ਰਾਜਿਆਂ ਨੇ ਆਪਣੇ ਫ਼ਰਜ਼ ਦੀ ਪਹਿਛਾਣ ਨਹੀਂ ਕੀਤੀ ਸੀ ਤਾਂ ਬੀਮਾਰੀ ਅੱਜ ਵੀ ਓਸੇ ਤਰ੍ਹਾਂ ਹੀ ਹੈ। ਕਨੇਡਾ ਵਰਗੇ ਵਿਕਸਤ ਮੁਲਕ ਦੀ ਤਰੱਕੀ ਦਾ ਰਾਜ਼ ਹੀ ਇਹ ਹੈ, ਕਿ ਹਾਕਮਾਂ ਵਿੱਚ ਆਪਣੇ ਫ਼ਰਜ਼ ਦੀ ਪਹਿਛਾਣ ਹੈ।
ਸਾਡੇ ਮੁਲਕ ਵਿੱਚ ਕੋਈ ਵੀ ਹਾਕਮ ਹਰ ਧਾਰਮਿਕ ਅਸਥਾਨ `ਤੇ ਹਾਜ਼ਰੀ ਲਗਾਉਣੀ ਨਹੀਂ ਭੁਲਦਾ, ਪਰ ਧਰਮੀ ਬਣਨ ਦਾ ਯਤਨ ਨਹੀਂ ਕਰਦਾ। ਸੀਨੀਅਰੀ ਸੰਕੈਡਰੀ ਸਕੂਲ ਵਿੱਚ ਪੜ੍ਹਾਉਂਦਿਆ ਆਮ ਦੇਖਿਆ ਗਿਆ ਹੈ ਕਿ ਕਈ ਅਧਿਆਪਕ ਬੱਚਿਆ ਨੂੰ ਤੰਗ ਕਰ ਕਰ ਕੇ ਟਿਊਸ਼ਨ ਪੜ੍ਹਨ ਲਈ ਮਜ਼ਬੂਰ ਕਰਦੇ ਹਨ। ਉਂਝ ਉਹਨਾਂ ਨੇ ਧਰਮ ਦਾ ਮੌਖਟਾ ਵੀ ਪਹਿਨਿਆ ਹੋਇਆ ਹੈ। ਮਾਸਟਰ ਤਾਰਾ ਸਿੰਘ ਜੀ ਪਾਸ ਇੱਕ ਵਿਦਿਆਰਥੀ ਰੋ ਰਿਹਾ ਸੀ ਕਿ ਕਮਿਸਟਰੀ ਵਾਲੇ ਅਧਿਆਪਕ ਟਿਊਸ਼ਨ ਨੂੰ ਕਹਿ ਰਹੇ ਹਨ ਕਿ ਜੇ ਤੂੰ ਮੇਰੇ ਪਾਸੋਂ ਟਿਊਸ਼ਨ ਨਾ ਪੜ੍ਹੀ ਤਾਂ ਤੇਰਾ ਦਾਖਲਾ ਨਹੀਂ ਭੇਜਿਆ ਜਾਏਗਾ। ਪਰ ਸਾਡੀ ਮਜ਼ਬੂਰੀ ਹੈ ਕਿ ਮੇਰੇ ਪਿਤਾ ਜੀ ਮੈਨੂੰ ਟਿਉਸ਼ਨ ਨਹੀਂ ਪੜ੍ਹਾ ਸਕਦੇ। ਕੀ ਅਧਿਆਪਕ ਨੇ ਜ਼ੁਲਮ ਦੀ ਛੁਰੀ ਨਹੀਂ ਫੜੀ ਹੋਈ?
ਹੁਣ ਇਸ ਸਲੋਕ ਨੂੰ ਅਸੀਂ ਆਪਣੇ ਜੀਵਨ `ਤੇ ਜਾਂ ਆਪਣੇ ਮਨ `ਤੇ ਲੈ ਕੇ ਵਿਚਾਰਨ ਦਾ ਯਤਨ ਕਰਾਂਗੇ ਤਾਂ ਇਹ ਸਲੋਕ ਸਾਡੇ `ਤੇ ਵੀ ਉਹਨਾਂ ਹੀ ਲਾਗੂ ਹੁੰਦਾ ਹੈ ਜਿੰਨਾ ਰਾਜਿਆਂ `ਤੇ। ਸੰਸਾਰ ਦੇ ਹਰ ਖੇਤਰ ਵਿੱਚ ਜੋ ਵੀ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਨਿਭਾਅ ਰਿਹਾ, ਉਹਦੇ ਵਿਚੋਂ ਆਪਣੇ ਫ਼ਰਜ਼ ਦੀ ਪਹਿਛਾਣ ਖ਼ਤਮ ਹੋ ਗਈ ਹੈ।
ਹਰ ਉਹ ਸੱਸ ਜਿਸ ਨੇ ਧਰਮ ਦਾ ਢੌਂਗ ਰਚਿਆ ਹੋਇਆ ਹੈ ਤੇ ਆਪਣੀ ਨੂੰਹ ਦੁਆਲ਼ੇ ਦਾਜ ਦੀ ਤਿੱਖੀ ਛੁਰੀ ਲਈ ਬੈਠੀ ਹੈ। ਕੀ ਇਹਨਾਂ ਨੂੰ ਧਰਮੀ ਕਿਹਾ ਜਾ ਸਕਦਾ ਹੈ? ਜਦੋਂ ਸੱਚ ਰੂਪੀ ਚੰਦ੍ਰਮਾ ਗਵਾਚ ਜਾਏ ਤਾਂ ਕੂੜ ਦੀ ਰਾਤ ਪ੍ਰਧਾਨ ਹੋ ਜਾਂਦੀ ਹੈ। ਕਿਉਂਕਿ ਮਨੁੱਖ ਹਉਮੇ ਦੇ ਬੰਧਨਾਂ ਵਿੱਚ ਬੱਝ ਕੇ ਹੰਕਾਰ ਦੇ ਸਾਇਕਲ ਨੂੰ ਗੇੜਾ ਦੇ ਰਿਹਾ ਹੈ। ਹਉਮੇ ਦੇ ਹਨੇਰੇ ਵਿੱਚ ਭਟਕੇ ਮਨੁੱਖ ਨੂੰ ਗੁਰ-ਗਿਆਨ ਦੁਆਰਾ ਆਤਮਕ ਸੂਝ ਆ ਸਕਦੀ ਹੈ। ਗੁਰੂ ਅਮਰਦਾਸ ਜੀ ਨੇ ਇਸ ਵਿਚਾਰ ਨੂੰ ਹੋਰ ਸੁਖੈਨ ਕੀਤਾ ਹੈ—
ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ॥ ਗੁਰਮੁਖਿ ਕੋਈ ਉਤਰੈ ਪਾਰਿ॥
ਜਿਸ ਨੋ ਨਦਰਿ ਕਰੇ ਤਿਸੁ ਦੇਵੈ॥ ਨਾਨਕ ਗੁਰਮੁਖਿ ਰਤਨੁ ਸੋ ਲੇਵੈ॥
ਸਲੋਕ ਮ. ੩ ਪੰਨਾ ੧੪੫

ਗੁਰਮੁਖਿ ਦੇ ਖੱਖੇ ਨੂੰ ਸਿਹਾਰੀ ਹੈ ਇਸ ਦਾ ਅਰਥ ਹੋਇਆ ਕਿ ਗੁਰੂ ਜੀ ਦੇ ਸਨਮੁੱਖ ਬੈਠਣਾ। ਭਾਵ ਕਿ ਗੁਰੂ ਜੀ ਦੀ ਵਿਚਾਰਧਾਰਾ ਨੂੰ ਸਮਝ ਕੇ ਆਪਣੇ ਸੁਭਾਅ ਦਾ ਅੰਗ ਬਣਾਉਣਾ ਜੋ ਹਰ ਕੀਰਤੀ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਏਸੇ ਜੀਵਨ ਜਾਚ ਨੂੰ ਕੀਮਤੀ ਰਤਨ ਕਿਹਾ ਹੈ। ਜਿੱਥੇ ਇਹਨਾਂ ਵਾਕਾਂ ਵਿੱਚ ਰਾਜੇ ਦਾ ਨਾਂ ਲੈ ਕੇ ਉਸ ਦੀ ਜ਼ਾਲਮ ਬਿਰਤੀ ਦੀ ਗੱਲ ਕੀਤੀ ਗਈ ਹੈ ਓੱਥੇ ਸਾਡਾ ਮਨ ਵੀ ਗੁਰ-ਗਿਆਨ ਤੋਂ ਬਿਨਾਂ ਕਸਾਈ ਦਾ ਰੂਪ ਧਾਰਨ ਕਰ ਚੁੱਕਿਆ ਹੋਇਆ ਹੈ।
ਪਹਿਲੀ ਗਲ ਕਿ ਜਦੋਂ ਵੀ ਮਨੁੱਖ ਆਪਣੇ ਫ਼ਰਜ਼ ਦੀ ਪਹਿਛਾਣ ਭੁੱਲ ਜਾਂਦਾ ਹੈ ਤਾਂ ਉਸ ਦੇ ਸੁਭਾਅ ਵਿੱਚ ਦੂਸਰੇ ਨਾਲ ਧੱਕਾ ਕਰਨੀ ਬਿਰਤੀ ਜਨਮ ਲੈਂਦੀ ਹੈ।
ਦੂਸਰਾ ਜਿੱਥੋਂ ਧਰਮ ਉੱਡ ਜਾਂਦਾ ਹੈ ਓੱਥੇ ਅਗਿਆਨਤਾ ਦੀ ਮੱਸਿਆ ਦਾ ਹਨੇਰਾ ਪਸਰ ਜਾਂਦਾ ਹੈ ਸੱਚ ਰੂਪੀ ਚੰਦ੍ਰਮਾ ਅਲੋਪ ਹੋ ਜਾਂਦਾ ਹੈ।
ਤੀਸਰਾ ਕੂੜ ਦੇ ਹਨੇਰੇ ਵਿੱਚ ਤੁਰਨ ਕਰਕੇ ਸਾਨੂੰ ਜ਼ਿੰਦਗੀ ਦੇ ਇਖ਼ਲਾਕ ਵਾਲਾ ਰਸਤਾ ਦਿਖਾਈ ਨਹੀਂ ਦੇਂਦਾ ਤੇ ਆਪਣੀ ਹਉਮੇ ਕਰਕੇ ਅਸੀਂ ਆਪ ਹੀ ਦੁੱਖੀ ਹੁੰਦੇ ਹਾਂ।
ਦੂਸਰੇ ਸਲੋਕ ਵਿੱਚ ਸ਼ਬਦ ਦੇ ਚਾਨਣ ਵਿੱਚ ਤੁਰਿਆਂ ਬਦ-ਇਖ਼ਲਾਕ ਤੋਂ ਛੁਟਕਾਰਾ ਮਿਲਦਾ ਹੈ ਤੇ ਆਪਣੇ ਫ਼ਰਜ਼ ਦੀ ਪਹਿਛਾਣ ਹੋਣੀ ਸ਼ੁਰੂ ਹੁੰਦੀ ਹੈ ਜੋ ਪਰਮਾਤਮਾ ਦੀ ਬੰਦਗੀ ਹੈ।
ਜਦੋਂ ਧਰਮ ਉੱਡ ਜਾਂਦੈ---ਭਾਵ ਫ਼ਰਜ਼ ਦੀ ਪਹਿਛਾਣ ਭੁੱਲ ਜਾਂਦੀ ਹੈ---ਓਦੋਂ ਬਦ-ਇਖ਼ਲਾਕ ਜਨਮ ਲੈਂਦਾ ਹੈ।
ਹੜ੍ਹ ਪੀੜਤਾਂ ਲਈ ਆਈ ਰਾਸ਼ੀ ਵੰਢਣ ਵਾਲੇ ਅੱਧਿਓਂ ਬਹੁਤੀ ਆਪ ਹੀ ਚਟਮ ਕਰ ਜਾਂਦੇ ਹਨ।
ਸਰਕਾਰੀ ਅਧਿਆਪਕ ਫਰਲੋ ਮਾਰ ਕੇ ਮਹੀਨੇ ਬਆਦ ਤਨਖਾਹ ਨੂੰ ਆਪਣੀ ਜੇਬ ਵਿੱਚ ਪਾਉਂਦਾ ਹੈ।
ਹਸਪਤਾਲਾਂ ਵਿਚੋਂ ਗਰੀਬਾਂ ਲਈ ਆਈਆਂ ਦਵਾਈਆਂ ਦਾ ਅਲੋਪ ਹੋ ਜਾਦੀਆਂ ਹਨ।
ਜੱਜ ਪੈਸੇ ਨਾਲ ਇਨਸਾਫ਼ ਨੂੰ ਤੋਲਣ ਲੱਗ ਪੈਂਦੇ ਹਨ ਤੇ ਕਨੂੰਨ ਸ਼ਰੇਆਮ ਨਿਲਾਮ ਹੁੰਦਾ ਹੈ।
ਮਿਲਾਵਟ ਖੋਰੀ ਦਾ ਜਨਮ ਹੁੰਦਾ ਹੈ।
ਆਪਣੇ ਫ਼ਰਜ਼ ਦੀ ਪਹਿਛਾਣ ਭੁਲਦਿਆਂ ਸੁਭਾਅ ਵਿੱਚ ਕੁਤਾਹੀ ਦਾ ਪ੍ਰਕਾਸ਼ ਹੋਣਾ ਸ਼ੁਰੂ ਹੁੰਦਾ ਹੈ।




.