ਕੀ ਤੱਤ ਗੁਰਮਤਿ ਪਰਿਵਾਰ ਹੰਕਾਰ ਦਾ ਸ਼ਿਕਾਰ ਹੈ?
ਇਕ ਗੁੰਮਰਾਹ ਕਰਦੇ ਖੱਤ ਦਾ ਜਵਾਬ
ਵੈਬਸਾਈਟ ਸਿੱਖ ਮਾਰਗ ‘ਤੇ ੨੯ ਨਵੰਬਰ ੦੯ ਨੂੰ ਵਿਚਾਰ ਚਰਚਾ ਕਾਲਮ ਹੇਠ
ਕਿਸੇ ਸਤਿਕਾਰਯੋਗ ਵੀਰ ਨੇ ਇੱਕ ਖੱਤ ਲਿਖਿਆ ਸੀ। ਇਸ ਖੱਤ ਵਿੱਚ ਬਿਨਾ ਕਿਸੇ ਤੱਥ ਦੇ ਅਨੇਕਾਂ
ਪੱਖਾਂ ਨੂੰ ਛੂਹਿਆ ਗਿਆ ਸੀ। ਖੱਤ ਦੇ ਅੰਤ ਵਿੱਚ ਵੀਰ ਵਲੋਂ ਜਵਾਬ ਸਮੇਂ ਨਿਮਰਤਾ ਵਰਤਣ ਦੀ ਬੇਨਤੀ
ਕੀਤੀ ਗਈ ਸੀ। ਇਸ ਖੱਤ ਅਤੇ ਐਸੇ ਕਈਂ ਹੋਰ ਖੱਤਾਂ ਨੂੰ ਵਾਚਣ ਤੋਂ ਪਤਾ ਲਗਦਾ ਹੈ ਕਿ ਕੁੱਝ ਪਾਠਕ
ਜਾਂ ਵਿਦਵਾਨ ਕਿਸੇ ਵਿਅਕਤੀ ਜਾਂ ਸੰਸਥਾ ਦਾ ਨਾਂ ਲੈ ਕੇ ਕੀਤੀ ਗਈ ਆਲੋਚਣਾ ਨੂੰ ਹੀ
‘ਹੰਕਾਰ‘
ਮੰਨਦੇ ਹਨ। ਗੁਰਬਾਣੀ ਵਿੱਚ ਵੀ ਗਲਤ ਕਰਮਾਂ, ਵਿਸ਼ਵਾਸਾਂ
ਆਦਿ ਦੀ ਥਾਂ-ਥਾਂ ਸੁਧਾਰਮਈ ਆਲੋਚਣਾ ਕੀਤੀ ਮਿਲਦੀ ਹੈ, ਪਰ ਇਸ ਵੀਰ ਦੀ ਭਾਵਨਾ ਦੀ ਕਦਰ ਕਰਦੇ ਹੋਏ
ਪਰਿਵਾਰ ਉਸ ਦੇ ਨਾਂ ਦਾ ਜ਼ਿਕਰ ਨਾ ਕਰਦਿਆਂ ਹੰਕਾਰ ਤੋਂ ਦੂਰ ਰਹਿੰਦੇ ਹੋਏ ਨਿਮਰਤਾ ਅਧੀਨ ਹਰ ਵੇਲੇ
ਇਹਨਾਂ ਗੁਰਵਾਕਾਂ ਦੀ ਰੋਸ਼ਨੀ ਵਿੱਚ ਜੀਵਨ ਗੁਜ਼ਾਰਣ ਲਈ ਤੱਤਪਰ ਹੈ:-
੧.
ਕਬੀਰ ਸਭ ਤੇ ਹਮ ਬੁਰੇ, ਹਮ ਤਜਿ ਭਲੋ ਸਭੁ ਕੋਇ।।
੨. ਮੈ ਮੂਰਖ ਕੀ ਕੇਤਕ ਬਾਤ ਹੈ।।
੩. ਹਮ ਕੂਕਰ ਤੇਰੇ ਦਰਬਾਰ।।
੪. ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਂਹਿ।।
੫. ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗੁਣ ਹਮਾਰੇ।।
ਵੀਰ ਦੀ ਭਾਵਨਾ ਨੂੰ ਵੇਖਦੇ ਹੋਏ ਪਰਿਵਾਰ ਇਹ ਮੰਨ ਲੈਂਦੇ ਹਾਂ ਕਿ ਇਹ ਖੱਤ
ਉਸ ਵੀਰ ਨੇ ਨਹੀਂ, ਸਾਡੇ ਹੀ ਕਿਸੇ ਮੈਂਬਰ ਨੇ ਲਿਖਿਆ ਹੈ। ਕਹਿਣ ਦਾ ਭਾਵ ਹੁਣ ਉਹ ਵੀਰ ਸੀਨ ਤੋਂ
ਬਾਹਰ ਹੈ ਅਤੇ ਪਰਿਵਾਰ ਅਪਣੇ ਹੀ ਕਿਸੇ ਮੈਂਬਰ ਵਲੋਂ ਲਿਖੇ ਖੱਤ ਦਾ ਜਵਾਬ ਦੇ ਰਿਹਾ ਹੈ। ਇਹ ਇਸ ਲਈ
ਕਿ ਜਵਾਬ ਵਿਚੱਲਾ ਸੱਚ ਪੇਸ਼ ਕਰਨ ਕਰਦਿਆਂ ਜੇ ਮਜ਼ਬੂਰੀ ਵੱਸ ਕੁੱਝ ਤਿੱਖੀ ਸ਼ਬਦਾਵਲੀ ਦੀ ਵਰਤੋਂ ਹੋ
ਜਾਏ ਤਾਂ ਕਿਸੇ ਦੇ ਮਨ ਨੂੰ ਕੋਈ ਠੇਸ ਨਾ ਪਹੁੰਚੇ। ਪਰਿਵਾਰ ਬਾਰੇ ਕਿਸੇ ਵੀ ਤਰਾਂ ਦੀ ਭਾਵਨਾ ਨਾਲ
ਕੀਤੀ ਗਈ ਆਲੋਚਣਾ ਦਾ
‘ਨਿੰਦਉ
ਨਿੰਦਉ ਮੋ ਕਉ ਲੋਗੁ ਨਿੰਦਉ, ਨਿੰਦਾ ਜਨ ਕਉ ਖਰੀ ਪਿਆਰੀ‘
ਗੁਰਵਾਕ ਅਨੁਸਾਰ ਖਿੜੇ ਮੱਥੇ ਸੁਆਗਤ ਕੀਤਾ ਜਾਂਦਾ ਹੈ।
ਆਉ ਹੁਣ ਖੱਤ ਵਿੱਚ ਉਠਾਏ ਪੱਖਾਂ ਦੀ ਨੁਕਤਾਵਾਰ ਪੜਚੋਲ ਕਰੀਏ। ਇਸ ਪੜਚੋਲ
ਦਾ ਮਕਸਦ ਕਿਸੇ ਦਾ ਦਿਲ ਦੁਖਾਉਣਾ ਨਾ ਹੋਕੇ, ਇਸ ਖੱਤ ਜਰੀਏ ਪਾਠਕਾਂ ਦੇ ਮਨ ਵਿੱਚ ਪੈ ਸਕਣ
ਵਾਲੇ
ਭੁਲੇਖਿਆਂ ਨੂੰ ਸਹੀ ਮਾਇਨੇ ਵਿੱਚ ਦੂਰ ਕਰਨ ਦਾ ਇੱਕ ਯਤਨ ਮਾਤਰ ਹੈ।
੧.
ਖੱਤ ਅਨੁਸਾਰ ਪਹਿਲਾਂ ਇਲਜ਼ਾਮ, ਪਰਿਵਾਰ ਦਾ ਹੰਕਾਰ ਦਾ ਗ੍ਰਸਿਆ ਅਤੇ ਨਿਮਰਤਾ ਰਹਿਤ ਹੋਣਾ ਹੈ।
ਕੀ ਕਿਸੇ ਦੇ ਗਲਤ ਕਦਮ ਜਾਂ ਕਰਮ ਬਾਰੇ, ਸੁਧਾਰ
ਦੇ ਨਜ਼ਰੀਏ ਨਾਲ, ਸੱਚ ਪੇਸ਼ ਕਰਨ ਨੂੰ ਵਾਲੇ ਨੂੰ ਹੰਕਾਰ ਦਾ ਗ੍ਰਸਿਆ ਕਿਹਾ ਜਾ ਸਕਦਾ ਹੈ? ਜੇ ਇਹ
‘ਹੰਕਾਰ‘ ਹੈ ਤਾਂ ਹੰਕਾਰੀ ਹੋਣ ਦਾ ਇਹੀ ਦੋਸ਼ ਗੁਰਬਾਣੀ ਅਤੇ ਨਾਨਕ ਸਰੂਪਾਂ ‘ਤੇ ਵੀ ਲਗਾਇਆ ਜਾ
ਸਕਦਾ ਹੈ, ਕਿਉਂਕਿ ਗੁਰਬਾਣੀ ਅਤੇ ਨਾਨਕ ਸਰੂਪਾਂ ਵਲੋਂ, ਸੁਧਾਰ ਦੇ ਨਜ਼ਰੀਏ ਨਾਲ, ਸਮਾਜ ਵਿੱਚ ਗਲਤ
ਪ੍ਰਚਲਿਤ ਰਸਮਾਂ ਦਾ ਖੰਡਨ ਕਰਕੇ ਸੱਚ ਪੇਸ਼ ਕੀਤਾ ਗਿਆ। ਇਸ ਲਈ
ਸੁਧਾਰ ਦੇ ਨਜ਼ਰੀਏ ਨਾਲ ਕਿਸੇ ਦੀ ਗਲਤੀ
ਬਾਰੇ ਸੱਚ ਪੇਸ਼ ਕਰਨਾ ‘ਗੁਰਮਤਿ‘ ਹੈ, ਹੰਕਾਰ ਨਹੀਂ।
ਪਰਿਵਾਰ ਵਲੋਂ ਹੰਕਾਰ ਕਰਣ ਬਾਰੇ ਕਿਸੇ ਵੀ ਤੱਥ ਨੂੰ ਪੇਸ਼
ਕੀਤੇ ਬਿਨਾ, ਸਿਰਫ ਇਲਜ਼ਾਮ ਲਾਉਣ ਦਾ ਕੋਈ ਵਾਜਿਬ ਤਰੀਕਾ ਨਹੀਂ। ਜੇ ਕੋਈ ਸਜਣ ਤੱਥ ਅਤੇ ਗੁਰਮਤਿ
ਆਧਾਰਿਤ ਦਲੀਲ ਰਾਹੀਂ ਇਹ ਸਪਸ਼ਟ ਕਰ ਦੇਵੇ ਕਿ ਇਸ ਨੁਕਤੇ ਵਿੱਚ ਪਰਿਵਾਰ ਨੇ ਹੰਕਾਰ ਦਾ ਪ੍ਰਗਟਾਵਾ
ਕੀਤਾ ਹੈ ਤਾਂ ਪਰਿਵਾਰ ਬਿਨਾ ਕਿਸੇ ਸੰਕੋਚ ਜਾਂ ਸ਼ਰਮ ਦੇ ਉਸ ਲਈ ਮਾਫੀ ਮੰਗ ਕੇ ਸੁਧਾਰ ਕਰ ਲਵੇਗਾ।
੨.
ਖੱਤ ਵਿੱਚ ਉਠਾਇਆ ਦੂਜਾ ਨੁਕਤਾ ‘ਦਸਮ ਗ੍ਰੰਥ‘ ਦਾ ਹੈ।
ਜਾਗ੍ਰਿਤ ਧਿਰਾਂ ਇਸ ਨੂੰ ‘ਅਖੌਤੀ ਦਸਮ ਗ੍ਰੰਥ‘ ਲਿਖਦੀਆਂ
ਹਨ, ਇਸ ਕਰਕੇ ਕਈਂ ਲੋਕ ਸਮਝਦੇ ਹਨ ਕਿ ਇਹ ‘ਹੰਕਾਰੀ‘ ਸ਼ਬਦਾਵਲੀ ਹੈ। ਇਸ ਬਾਬਤ ਬਹੁਤਾਤ ਲੋਕ ਸ਼ਾਇਦ
‘ਅਖੌਤੀ‘ ਲਫਜ਼ ਦੇ ਸਹੀ ਅਰਥਾਂ ਤੋਂ ਅੰਜਾਣ ਹਨ। ਇਸਦਾ ਅਰਥ ਹੈ, ਜੋ ਵੈਸਾ ਨਾ ਹੋਵੇ ਜਿਹੋ ਜਾ
ਸਮਝਿਆ ਜਾਂ ਪ੍ਰਚਾਰਿਆ ਜਾਂ ਰਿਹਾ ਹੈ। ਅੰਗਰੇਜ਼ੀ ਵਿੱਚ ਇਸ ਦੇ ਸਮਾਨ ਅਰਥੀ ਲਫਜ਼ ਹਨ
‘So Called’।
ਦਸਮ ਗ੍ਰੰਥ ਦਾ ਅਸਲੀ ਅਤੇ ਮੁੱਢਲਾ ਨਾਂ ‘ਬਚਿੱਤਰ ਨਾਟਕ‘ ਹੈ। ਇਹ ਨਾਂ ਇਸ ਗ੍ਰੰਥ ਦੀਆਂ ਰਚਨਾਵਾਂ
ਵਿੱਚ ੧੦੦ ਤੋਂ ਵੱਧ ਵਾਰ ਲਿਖਿਆ ਮਿਲਦਾ ਹੈ। ਪਰ ‘ਦਸਮ ਗ੍ਰੰਥ‘ ਨਾਂ ਇਸ ਦੇ ਕਵਰ ਪੇਜਾਂ ਤੋਂ
ਸਿਵਾਏ ਸ਼ਾਇਦ ਹੀ ਕਿਧਰੇ ਲਿਖਿਆ ਮਿਲਦਾ ਹੋਵੇ। ਸੱਚਾਈ ਇਹ ਹੈ ਕਿ ਦਸ਼ਮੇਸ਼ ਜੀ ਦੇ ਨਾਂ ਨਾਲ ਜੋੜ ਕੇ
ਸ਼ਰਧਾ ਪੈਦਾ ਕਰਨ ਦੇ ਮਕਸਦ ਨਾਲ ਹੀ ਇਸ ਨੂੰ ਬਾਅਦ ਵਿੱਚ ‘ਦਸਮ ਗ੍ਰੰਥ‘ ਦਾ ਨਾਂ ਦੇ ਕੇ ਪ੍ਰਚਾਰਿਆ
ਗਿਆ। ਇਸ ਲਈ ਜਗ੍ਰਿਤ ਧਿਰਾਂ ਵਲੋਂ ਇਸ ਨੂੰ ‘ਅਖੌਤੀ ਦਸਮ ਗ੍ਰੰਥ‘ ਲਿਖਣਾ ਕਿਸੇ ਵੀ ਤਰੀਕੇ ਹੰਕਾਰ
ਜਾਂ ਗਲਤ ਨਹੀਂ ਕਿਹਾ ਜਾ ਸਕਦਾ।
੩. ਦਸਮ ਗ੍ਰੰਥ ਦੇ ਸੰਬੰਧ ਵਿਚ, ਇਸ ਖੱਤ ਅੰਦਰ ਲਿਖਿਆ ਹੈ ਕਿ ਇਸ ਸੰਬੰਧੀ
ਮੌਜੂਦਾ ਵਿਵਾਦ
ਬੇਲੋੜਾ ਅਤੇ
ਮੰਦਭਾਗਾ ਹੈ। ਜੇ ਇਸ ਖੱਤ ਦੀ ਸ਼ਬਦਾਵਲੀ ਨੂੰ ਗੌਰ
ਨਾਲ ਘੋਖਿਆ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਇਹ ਦਸਮ ਗ੍ਰੰਥ ਦੀ ਹਿਮਾਇਤ ਕਰਨ ਵਾਲੇ ਕਿਸੇ ਵੀਰ ਦਾ
ਲਿਖਿਆ ਹੋਇਆ ਹੈ। ਅਖੌਤੀ ਦਸਮ ਗ੍ਰੰਥ ਲਈ
‘ਸ੍ਰੀ ਦਸਮ ਗ੍ਰੰਥ ਸਾਹਿਬ‘
ਲਫਜ਼ ਵਰਤਣ ਵਾਲਾ ਦਸਮ ਗ੍ਰੰਥ ਦਾ ਹਿਮਾਇਤੀ ਹੀ ਹੋ
ਸਕਦਾ ਹੈ।
ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਪੜਚੋਲਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਸ
ਦਾ ਲਿਖਾਰੀ (ਇਕ ਜਾਂ ਵੱਧ) ਦੇਵੀ ਦੇਵਤਿਆਂ ਦਾ ਭਗਤ, ਭੁੱਲੜ, ਇਤਿਹਾਸ ਤੋਂ ਨਾਵਾਕਿਫ, ਰੱਬ ਨੂੰ
ਲਾਚਾਰ ਦਸਣ ਵਾਲਾ, ਬ੍ਰਾਹਮਣੀ, ਆਪਾ ਵਿਰੋਧੀ ਵਿਚਾਰਾਂ ਨੂੰ ਪ੍ਰਚਾਰਣ ਵਾਲਾ, ਵਿਭਚਾਰੀ ਅਤੇ ਅਸ਼ਲ਼ੀਲ਼
ਸਹਿਤ ਦਾ ਸ਼ੌਕੀਣ ਹੈ। ਇਥੇ ਇਸ ਨੂੰ ਸਾਬਿਤ ਕਰਣ ਲਈ ਲੰਮੀ ਵਿਚਾਰ ਦੀ ਲੋੜ ਨਹੀਂ ਭਾਸਦੀ ਕਿਉਂਕਿ ਇਸ
ਵਿਸ਼ੇ ਤੇ ਅਨੇਕਾਂ ਪੁਸਤਕਾਂ ਲਿਖੀਆਂ ਜਾ ਚੁਕੀਆਂ ਹਨ।
ਕੌਮ ਨੇ ਇਸ ਗ੍ਰੰਥ ਦਾ ਰਚਾਇਤਾ ਹੋਣ ਰੂਪੀ
‘ਕਲੰਕ‘
ਦਸ਼ਮੇਸ਼ ਜੀ ਦੇ ਨਾਂ ਨਾਲ ਮੜ ਦਿਤਾ ਹੈ।
ਨਾਨਕ ਸਰੂਪਾਂ ਨੂੰ ਕੌਮ ਪਿਤਾ ਸਮਾਨ
ਮੰਨਦੀ ਹੈ। ਪਰ ਦਸ਼ਮੇਸ਼ ਪਿਤਾ ਦੀ ਸੰਤਾਨ ਵਿਚੋਂ
ਕੁੱਝ ਨਲਾਇਕਾਂ ਅਤੇ ਨਾਸਮਝਾਂ ਨੇ, ਅਨੇਕਾਂ ਕਾਰਨਾਂ ਕਰਕੇ, ਦਸਮ ਗ੍ਰੰਥ ਰੂਪੀ ਕਲੰਕ ਉਹਨਾਂ ਦੇ
ਨਾਂ ਨਾਲ ਮੜ ਦਿਤਾ ਹੈ। ਅਗਰ ਸੰਤਾਨ (ਕੌਮ) ਵਿਚੋਂ ਕੁੱਝ ਅਪਣੇ ਪਿਤਾ ਦੇ ਨਾਂ ਨਾਲੋਂ ਇਹ ‘ਕਲੰਕ‘
ਧੋਣ ਲਈ ਸੰਘਰਸ਼ ਕਰ ਰਹੇ ਹਨ ਤਾਂ ‘ਦਸਮ ਗ੍ਰੰਥੀ‘ (ਨਲਾਇਕ ਸੰਤਾਨ) ਇਸ ਨੂੰ ‘ਬੇਲੋੜਾ ਅਤੇ
ਮੰਦਭਾਗਾ‘ ਵਿਵਾਦ ਕਹਿ ਰਹੇ ਹਨ।
ਜੇ ਕੋਈ ਪਿਤਾ ਦੇ ਮੱਥੇ ‘ਤੇ ਕਾਲਖ
ਲਾਏ ਤਾਂ (ਇਹਨਾਂ ਅਨੁਸਾਰ) ਉਹ ਲੋੜ ਸੀ, ਜੇ ਕੋਈ ਇਸ ਕਾਲਿਖ ਨੂੰ ਧੋਣ ਲਈ ਸੰਘਰਸ਼ ਕਰੇ ਤਾਂ ਉਹ
ਸੰਘਰਸ਼ ‘ਬੇਲੋੜਾ‘ ਹੈ।
ਹੁਣ ਨਿਰਪੱਖ ਅਤੇ ਜਾਗਰੂਕ ਪਾਠਕ ਆਪ ਹੀ ਅੰਦਾਜ਼ਾ ਲਾ ਸਕਦੇ ਹਨ ਕਿ ਕੌਣ ਠੀਕ
ਹੈ? ਅਪਣੇ ਪਿਤਾ ਦੇ ਮੱਥੇ ‘ਤੇ ਕਲੰਕ ਲਾਉਣ ਵਾਲੇ (ਦਸਮ ਗ੍ਰੰਥੀ) ਜਾਂ ਉਸ ਕਲੰਕ ਨੂੰ ਧੋਣ ਦਾ ਜਤਨ
ਕਰਨ ਵਾਲੇ (ਤੱਤ ਗੁਰਮਤਿ ਦੀ ਸੋਚ ਵਾਲੇ)। ਪਰਿਵਾਰ ਅਪਣੇ ਭੁੱਲੜ ਅਤੇ ਨਲਾਇਕ ਵੀਰਾਂ/ਭੈਣਾਂ ਨੂੰ
ਬੇਨਤੀ ਕਰਦਾ ਹੈ ਕਿ ਪਿਤਾ ਦਾ ਨਾਂ ਕਲੰਕਿਤ ਕਰਨਾ ਛੱਡ ਦਿਉ। ਗੁਰਬਾਣੀ ਤਾਂ ਸਮਝਾਉਂਦੀ ਹੈ
“ਸਾਹਿਬੁ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ।।”
ਪਰ ਖੱਤ ਵਿੱਚ ਉਸ ਗ੍ਰੰਥ ਨਾਲ ਸਾਹਿਬ ਜੋੜਿਆ ਗਿਆ ਹੈ ਜੋ ਅਸ਼ਲੀਲ, ਇਤਿਹਾਸ
ਤੋਂ ਉਲਟ ਗਲਤ ਬਿਆਨੀਆਂ, ਦੇਵੀ ਦੇਵਤਿਆਂ ਆਦਿ ਦੀ ਉਸਤਤ ਨਾਲ ਭਰਿਆ ਪਿਆ ਹੈ।
੪. ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਭੁਲ ਇਕੋ ਇੱਕ ਕਰਤਾਰ ਹੀ ਹੈ। ਪਰ ਖੱਤ
ਵਿੱਚ ਪਰਿਵਾਰ ‘ਤੇ ਇਹ ਇਲਜ਼ਾਮ ਬੇਬੁਨਿਆਦ ਹੀ ਲਾਇਆ ਜਾ ਰਿਹਾ ਹੈ ਕਿ ਉਹ ਅਪਣੇ ਆਪ ਨੂੰ ਗਲਤੀ ਜਾਂ
ਭੁਲੇਖਾ ਰਹਿਤ ਮੰਨ ਰਿਹਾ ਹੈ। ਪਰਿਵਾਰ ਅਨੇਕਾਂ ਵਾਰ ਸਪਸ਼ਟ ਕਰ ਚੁਕਾ ਹੈ ਕਿ ਜੇ ਕੋਈ ਗੁਰਮਤਿ ਦਲੀਲ
ਦੇ ਆਧਾਰ ‘ਤੇ ਪਰਿਵਾਰ ਦੇ ਕਿਸੇ ਨੁਕਤੇ ਨੂੰ ਗਲਤ ਸਾਬਿਤ ਕਰ ਦੇਂਵੇ ਤਾਂ ਪਰਿਵਾਰ ਉਸਦੇ ਸੁਧਾਰ
ਕਰਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਸੰਕੋਚ ਜਾਂ ਸ਼ਰਮ ਨਹੀਂ ਕਰੇਗਾ। ਫਿਰ ਇਹ ਕਹਿਣਾ ਕਿਥੋਂ ਤੱਕ
ਜ਼ਾਇਜ਼ ਕਿਹਾ ਜਾ ਸਕਦਾ ਹੈ ਕਿ ਪਰਿਵਾਰ ਅਪਣੇ ਆਪ ਨੂੰ ਭੁਲੇਖਾ ਰਹਿਤ ਮੰਨ ਰਿਹਾ ਹੈ?
੫. ਇਸ ਗ੍ਰੰਥ ਦੇ ਜ਼ਿਆਦਾਤਰ ਅੰਸ਼ ਬ੍ਰਾਹਮਣਵਾਦੀ ਸੋਚ ਦਾ ਪ੍ਰਗਟਾਵਾ ਕਰਦੇ
ਹਨ। ਦਸਮ ਗ੍ਰੰਥ ਨਾਲ ‘ਸਾਹਿਬ‘ ਲਿਖਣਾ ਉਸੇ ਹੀ ਸੋਚ ਦਾ ਨਤੀਜਾ ਹੈ। ਅੱਗੇ ਗੁਰਬਾਣੀ ਪ੍ਰਤੀ ਵਰਤੀ
ਸ਼ਬਦਾਵਲੀ ਵੀ ਉਸੇ ਤਰਾਂ ਦੀ ਹੈ।
ਬ੍ਰਾਹਮਣ (ਪੁਜਾਰੀ) ਇਹ ਪ੍ਰਚਾਰ ਕਰਦਾ
ਸੀ ਕਿ ਵੇਦ (ਜਾਂ ਕਈਂ ਹੋਰ ਗ੍ਰੰਥ) ਬਹੁਤ ਪਵਿੱਤਰ ਅਤੇ ਉੱਚੇ ਹਨ, ਆਮ ਲੋਕਾਂ ਦੀ ਸਮਝ ਵਿੱਚ ਨਹੀਂ
ਆ ਸਕਦੇ। ਇਹਨਾਂ ਦੀ ਸਮਝ ਸਿਰਫ ਇੱਕ ਖਾਸ ਵਰਗ ਨੂੰ ਹੀ ਆ ਸਕਦੀ ਹੈ।
ਭਾਵ ਕਿ ਇਸੇ ਤਰਾਂ ਦੇ ਪ੍ਰਚਾਰ ਰਾਹੀਂ, ਉਹ ਆਮ ਲੋਕਾਈ
ਨੂੰ ਵੇਦਾਂ ਆਦਿ ਵਿਚਲੇ ਗਿਆਨ ਅਤੇ ਪੜਚੋਲ ਤੋਂ ਦੂਰ ਰੱਖਦਾ ਸੀ। ਕੁੱਝ ਇਸੇ ਤਰਾਂ ਮਨੁੱਖਤਾ ਦੀ ਸਭ
ਤੋਂ ਵੱਡੀ ਲੋੜ ‘ਸਭਸੈ ਉਪਰਿ
ਗੁਰ ਸਬਦੁ ਬੀਚਾਰੁ‘ ਨੂੰ ਹਤੋ-ਉਤਸਾਹਿਤ ਕਰਦੇ
ਹੋਏ ਖੱਤ ਵਿੱਚ ਲਿਖਿਆ ਹੈ,
“ਗੁਰਬਾਣੀ ਉਹ ਵਸਤੂ ਹੈ ਜਿਸ ਦੀ ਵਿਆਖਿਆ ਤਾਂ ਕਿਤੇ ਰਹੀ ਅਸੀਂ ਤਾਂ ਉਸ ਦਾ ਸ਼ੁੱਧ ਪਾਠ ਵੀ ਨਹੀਂ
ਕਰ ਸਕਦੇ”। ਅੱਗੇ ਹੋਰ ਲਿਖਿਆ ਹੈ,”
ਇਥੋਂ ਤੱਕ ਕਿ ਬਾਣੀ ਦਾ ਤਾਂ ਪਾਠ ਵੀ
ਮਨਮੱਤ ਤੋਂ ਮੁਕਤ ਨਹੀਂ ਹੋ ਸਕਦਾ”।
ਗੁਰਬਾਣੀ ਨੂੰ ਮਨੁੱਖਤਾ ਦੇ ਭਲੇ ਲਈ, ਸੁਧਾਰ ਲਈ ਰਚਿਆ ਗਿਆ ਹੈ। ਇਸ ਨੂੰ
ਵਿਚਾਰੋ ਅਤੇ ਉਸ ‘ਤੇ ਅਮਲ ਕਰੋ। ਨਾ ਕਿ ਐਸੀ ਸ਼ਬਦਾਵਲੀ ਵਰਤ ਕੇ ਲੋਕਾਂ ਨੂੰ ਇਸ ਰਾਹ ਤੋਂ ਹੋੜਿਆ
ਜਾਵੇ।
੬. ਖੱਤ ਵਿੱਚ ਲਿਖਿਆ ਹੈ,
“ਗੁਰੂ ਗ੍ਰੰਥ ਸਾਹਿਬ ਸਭ ਦੇ ਗੁਰੂ
ਹਨ। ਇਸ ਤੋਂ ਇਲਾਵਾ ਬਾਕੀ ਗ੍ਰੰਥ, ਸਾਹਿਤ, ਮਹਾਂਪੁਰਸ਼ ਵੀ ਸਤਿਕਾਰਯੋਗ ਹਨ”।
ਇਹਨਾਂ ਮਿੱਠੇ ਲਫਜ਼ਾਂ ਰਾਹੀਂ ਫੈਲਾਈ ਜਾ ਰਹੀ ਦੁਬਿਧਾ
ਵਿਚਾਰਨਯੋਗ ਹੈ। ਮਨੁੱਖ ਦੇ ਤੌਰ ਤੇ ਹਰ ਕੋਈ ਸਤਿਕਾਰਯੋਗ ਹੈ। ਪਰ ਗ੍ਰੰਥ, ਮਹਾਂ-ਪੁਰਖ ਉਹੀ
ਸਤਿਕਾਰਯੋਗ ਹੈ ਜੋ ਨਿਸ਼ਕਾਮਤਾ ਨਾਲ, ਮਨੁੱਖਤਾ ਦੇ ਭਲੇ ਦੀ ਗੱਲ ਕਰੇ। ਗੁਰਬਾਣੀ ਵਿੱਚ ਬ੍ਰਾਹਮਣੀ
ਗ੍ਰੰਥਾਂ, ਇਹਨਾਂ ਦੇ ਪ੍ਰਚਲਿਤ ਦੇਵੀ ਦੇਵਤਿਆਂ ਆਦਿ ਨੂੰ ਮਨੁੱਖਤਾ ਵਿੱਚ ਵਿਤਕਰੇ ਅਤੇ ਲੁੱਟ ਦੇ
ਸੋਮੇ ਦਸਦੇ ਹੋਏ ਥਾਂ-ਥਾਂ ਖੰਡਨ ਕੀਤਾ ਮਿਲਦਾ ਹੈ।
ਫੇਰ ਤਾਂ ਇਸ ਖੱਤ ਦੀ ਆਪੂੰ ਬਣਾਈ
ਕਸਵੱਟੀ ਅਨੁਸਾਰ ‘ਗੁਰਬਾਣੀ‘ ਗਲਤ ਹੈ ਜੋ ਇਹਨਾਂ ਗ੍ਰੰਥਾਂ ਅਤੇ ਮਹਾਂਪੁਰਖਾਂ ਦਾ ਸਤਿਕਾਰ ਨਹੀਂ
ਕਰਦੀ। ਇਸ ਖੱਤ ਅਨੁਸਾਰ ਬਾਬਾ ਨਾਨਕ ਪਾਤਸ਼ਾਹ ਜੀ,
ਮਹਾਤਮਾ ਬੁਧ ਆਦਿ ਦੀ ਤਰਾਂ ਉਹ ਮੰਨੂ ਮਹਾਰਾਜ ਵੀ ਸਤਿਕਾਰਯੋਗ ਹੈ ਜਿਸਨੇ ਮੰਨੂ-ਸਿਮਰਤੀ ਲਿਖੀ। ਉਹ
ਸਮਰਿਤੀ ਵੀ ਸਤਿਕਾਰਯੋਗ ਹੈ ਜਿਸ ਵਿੱਚ ਲਿਖਿਆ ਹੈ
ਕਿ ਸ਼ੂਦਰ ਜੇ ਗਿਆਨ ਦੀਆਂ ਗੱਲਾਂ ਸੁਣ
ਲਏ ਤਾਂ ਉਸਦੇ ਕੰਨ ਵਿੱਚ ਸੀਸਾ ਗਾਲ ਕੇ ਪਾ ਦਿਉ।
ਐਸੇ ਹੀ ਹੋਰ ਨੀਮ ਮਨੁੱਖਤਾ ਵਿਰੋਧੀ ਉਪਦੇਸ਼ਾਂ ਨਾਲ ਇਹ
ਗ੍ਰੰਥ ਭਰੇ ਪਏ ਹਨ। ਇਹਨਾਂ ਗ੍ਰੰਥਾਂ ਅਤੇ ‘ਮਹਾਂ-ਪੁਰਖਾਂ‘ ਬਾਰੇ ਗੁਰ ਉਪਦੇਸ਼ ਹੈ
“
ਬੇਦ
ਕੀ ਪੁਤ੍ਰੀ ਸਿੰਮ੍ਰਿਤਿ ਭਾਈ, ਸਾਂਕਲ ਜੇਵਰੀ ਲੈ ਹੈ ਆਈ”
“ਦੇਵੀ ਦੇਵਾ ਪੂਜੀਐ ਭਾਈ, ਕਿਆ ਮਾਗਉ ਕਿਆ ਦੇਹਿ”
ਐਸੇ ਅਨੇਕਾਂ ਹੀ ਹੋਰ ਗੁਰਵਾਕ ਗੁਰਬਾਣੀ ਵਿੱਚ ਮੋਜੂਦ ਹਨ।
ਕੀ ਜਿਹਨਾਂ ਗ੍ਰੰਥਾਂ ਦੇ ਆਧਾਰ ‘ਤੇ ਅਖੌਤੀ ਮਹਾਂਪੁਰਖਾਂ (ਪੁਜਾਰੀਆਂ) ਨੇ
ਮਨੁੱਖਤਾ ਨੂੰ ਵੰਡਿਆ, ਲੁਟਿਆ, ਉਹ ਸਾਰੇ ਸਤਿਕਾਰਯੋਗ ਹਨ?
ਬਿਲਕੁਲ ਨਹੀਂ, ਬਲਕਿ ਇਹ ਤਾਂ ਮਨੁੱਖਤਾ ਦੇ ਦੁਸ਼ਮਣ ਹਨ।
ਕੂਝ ਐਸਾ ਹੀ ਹਾਲ ਅਖੌਤੀ ਦਸਮ ਗ੍ਰੰਥ ਦਾ ਹੈ। ਪਰਿਵਾਰ ਦੀ ਨਜ਼ਰ ਵਿੱਚ ਐਸੇ ਗ੍ਰੰਥਾਂ,
ਮਹਾਂ-ਪੁਰਖਾਂ ਦੇ ਕਾਲੇ ਉਪਦੇਸ਼ਾਂ ਅਤੇ ਕਾਲੀਆਂ ਕਰਤੂਤਾਂ ਬਾਰੇ ਲੋਕਾਂ ਵਿੱਚ ਜਾਗ੍ਰਿਤੀ ਲਿਆਉਣਾ
ਗੁਰਮਤਿ ਦਾ ਕੰਮ ਹੈ, ਹੰਕਾਰ ਨਹੀਂ।
ਇਹੀ ਕੰਮ ਨਾਨਕ ਸਰੂਪਾਂ, ਭਗਤ
ਸਾਹਿਬਾਨ ਆਦਿ ਨੇ ਕੀਤਾ ਸੀ। ਉਹਨਾਂ ਤੋਂ ਸੇਧ ਲੈ ਕਿ ਇਹ ਕੰਮ ਤੱਤ ਗੁਰਮਤਿ ਦੀ ਸੋਚ ਵਾਲੇ ਸਿੰਘ
ਕਰ ਰਹੇ ਹਨ।
੭.
ਖੱਤ ਵਿੱਚ ਧਰਮ ਨੂੰ
ਅਪਹੁੰਚ ਜਿਹੀ ਚੀਜ਼ ਬਣਾ ਕੇ ਪੇਸ਼ ਕੀਤਾ ਗਿਆ ਹੈ, ਅਤੇ ਇਸ ਸੰਬੰਧੀ ਲਿਖਿਆ ਹੈ,
“ਧਰਮ ਦੇ ਮਸਲੇ ਇਤਨੇ ਅਬਜੈਕਟਿਵ ਨਹੀਂ
ਹੁੰਦੇ ਕਿ ਪੈਨਸਿਲ ਫੜ ਕਿ ਖਾਨਿਆਂ ਵਿੱਚ ਸਹੀ ਗਲਤ ਦੀਆਂ ਨਿਸ਼ਾਨੀਆਂ ਲਾਈਆਂ ਜਾ ਸਕਣ। ਇਹ ਮਸਲੇ
ਉਮਰਾਂ ਮੰਗਦੇ ਹਨ”।
ਇਹ ਬ੍ਰਾਹਮਣੀ ਸੋਚ ਹੈ। ਨਾਨਕ ਸਰੂਪਾਂ ਨੇ ਧਰਮ ਨੂੰ ਆਮ ਮਨੁੱਖਾਂ ਲਈ
ਬਣਾਇਆ ਸੀ ਨਾਕਿ ਕਿਸੇ ਦੂਜੇ ਲੋਕ ਦੀ ਅਪਹੁੰਚ ਚੀਜ਼। ਗੁਰਮਤਿ ਅਨੁਸਾਰ ਧਰਮ ਦੀ ਸਿੱਧੀ-ਸਾਧੀ
ਪਰਿਭਾਸ਼ਾ ਹੈ
“
ਸਰਬ
ਧਰਮ ਮਹਿ ਸ੍ਰੇਸਟ ਧਰਮੁ।।
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।।”
ਭਾਵ ਬੰਦਿਆਂ ਵਲੋਂ ਅਨੇਕਾਂ ਮੱਤ ਪ੍ਰਚਲਿਤ ਕਰ ਦਿੱਤੇ ਗਏ ਹਨ, ਪਰ ਅਸਲੀ
(ਸ੍ਰੇਸ਼ਟ) ਧਰਮ ਇਹੀ ਹੈ ਕਿ ਪ੍ਰਭੂ ਦੀ ਬਖਸ਼ਿਸ਼ ਸੱਚ ਦੇ ਗਿਆਨ (ਹਰਿ ਕੋ ਨਾਮ) ਨੂੰ ਸਮਝ ਵਿਚਾਰ
(ਜੂੜ) ਅਤੇ ਉਸ ਅਨੁਸਾਰੀ (ਨਿਰਮਲ) ਕਰਮ ਕਰ।
ਬ੍ਰਾਹਮਣੀ ਸੋਚ ਵਾਲੇ ਧਰਮ ਲਈ ਕਈਂ ਉਮਰਾਂ ਚਾਹੀਦੀਆਂ ਹੋ ਸਕਦੀਆਂ ਹਨ
ਕਿਉਂਕਿ ਉਥੇ ਪ੍ਰਚਲਿਤ ਮਨੌਤਾਂ ਅਨੁਸਾਰ ਕਈਆਂ ਨੂੰ ਸੌ ਸੌ ਸਾਲ ਤਪ ਕਰਨੇ ਪੈਂਦੇ ਹਨ। ਪਰ ਗੁਰਮਤਿ
ਤਾਂ ਇਕੋ ਜਨਮ ਵਿੱਚ ਮੁਕਤੀ ਦੀ ਗੱਲ ਕਰਦੀ ਹੈ, ਕਈਂ ਜਨਮਾਂ ਵਿੱਚ ਨਹੀਂ। ਗੁਰਵਾਕ ਹੈ
“ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ।।
ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ।।”
ਗੁਰਮਤਿ ਮਾਰਗ ਅਨੁਸਾਰ ਤਾਂ ਮਨ ਸਾਫ ਅਤੇ ਗਿਆਨਵਾਨ ਹੋਣਾ ਜ਼ਰੂਰੀ ਹੈ,
ਉਮਰਾਂ ਲੰਮੇ ਤੱਪ ਕਰਨ ਦੀ ਲੋੜ ਨਹੀਂ।
ਖੱਤ ਵਿੱਚ ਹੋਰ ਲਿਖਿਆ ਹੈ ਕਿ
“ਧਰਮ ਦੇ ਮਸਲੇ ਇਤਨੇ ਅਬਜੈਕਟਿਵ ਨਹੀਂ
ਹੁੰਦੇ ਕਿ ਪੈਨਸਿਲ ਫੜ ਕਿ ਖਾਨਿਆਂ ਵਿੱਚ ਗਲਤ ਠੀਕ ਦੀ ਨਿਸ਼ਾਨੀਆਂ ਲਾਈਆਂ ਜਾ ਸਕਣ”।
ਇਹ ਨੁਕਤਾ ਹੋਰ ਪ੍ਰਚਲਿਤ ਮਤਾਂ ‘ਤੇ ਤਾਂ ਭਾਂਵੇ ਲਾਗੂ ਹੋ ਜਾਂਦਾ ਹੋਵੇਗਾ
ਕਿਉਂਕਿ ਹੋਰ ਮਤਾਂ ਵਿੱਚ ਧਰਮ ਦੇ ਨਾਂ ‘ਤੇ ਬੇਲੋੜੇ ਕਰਮਕਾਂਡ, ਅੰਧਵਿਸ਼ਵਾਸ ਹੁੰਦੇ ਹਨ। ਪਰ
ਗੁਰਮਤਿ ਮਾਰਗ ‘ਤੇ ਇਹ ਗੱਲ ਲਾਗੂ ਹੀ ਨਹੀਂ ਹੁੰਦੀ। ਕਿਉਂਕਿ ਗੁਰਮਤਿ ਮਾਰਗ ਵਿੱਚ ਬੇਲੋੜੇ
ਕਰਮਕਾਂਡਾਂ, ਅੰਧਵਿਸ਼ਵਾਸਾਂ ਲਈ ਕੋਈ ਥਾਂ ਨਹੀਂ। ਇਥੇ ਤਾਂ ਗੁਰਮਤਿ ਉਪਦੇਸ਼ ਸਮਝ ਕੇ ਠੀਕ ਗਲਤ ਦੇ
ਨਿਸ਼ਾਨ ਲਾਉਣ ਵਰਗਾ ਹੀ ਕੰਮ ਹੈ। ਮਿਸਾਲ ਵਾਸਤੇ ਗੁਰਮਤਿ ਸਿਧਾਂਤਾਂ ਦੀ ਜਾਣਕਾਰੀ ਲੈ ਕੇ ਕੋਈ ਵੀ
ਕਹਿ ਸਕਦਾ ਹੈ ਕਿ:-
(ੳ) ਤੰਬਾਕੂ ਜਾਂ ਕਿਸੇ ਹੋਰ ਨਸ਼ੇ ਦਾ ਸੇਵਨ ਗਲਤ ਹੈ।
(ਅ) ਮੂਰਤੀ, ਦੇਵੀ ਦੇਵਤਿਆਂ ਦੀ ਪੂਜਾ ਮਾਨਤਾ ਗਲਤ ਹੈ।
(ੲ) ਨਿਸ਼ਕਾਮ ਪਰਉਪਕਾਰ ਠੀਕ ਹੈ।
(ਸ) ਪਰ ਪੁਰਸ਼ ਜਾਂ ਪਰ ਇਸਤਰੀ ਗਮਨ ਗਲਤ ਹੈ। … … … ਆਦਿ ਆਦਿ
੮.
ਖੱਤ ਵਿੱਚ ਇੱਕ ਹੋਰ ਨੁਕਤਾ ‘ਸਿਧਾਂਤ‘ ਸੰਬੰਧੀ ਉਠਾਇਆ ਗਿਆ ਹੈ।
ਖੱਤ ਦੇ ਲੇਖਕ ਜੀ ਸਿੱਖ ਮਾਰਗ ‘ਤੇ ਹੁੰਦੀਆਂ ਕੁੱਝ
ਚੰਗੀਆਂ ਗੁਰਮਤਿ ਵਿਚਾਰਾਂ ਤੋਂ ਇਤਨੇ ਖਫਾ ਲਗਦੇ ਹਨ ਕਿ ਉਹ ‘ਗੁਰਮਤਿ ਸਿਧਾਂਤਾਂ‘ ਦੀ ਹੋਂਦ ਤੋਂ
ਹੀ ਮੁਨਕਰ ਲਗਦੇ ਹਨ। ਉਹਨਾਂ ਨੇ ਖੱਤ ਵਿੱਚ ਲਿਖਿਆ ਹੈ,
“ਤਥਾ ਕਥਿਤ ਤੱਤ ਪਰਵਾਰ ਦਾ ਕੋਈ ਬੰਦਾ
‘ਸਿਧਾਂਤ‘ ਸ਼ਬਦ ਦੀ ਵਿਆਖਿਆ ਕਰੇ। ਜੇ ਅਸੀਂ ਸਿਧਾਂਤ ਸ਼ਬਦ ਦਾ ਨਿਰਣਾ ਕਰ ਲਿਆ
ਤਾਂ ਫਿਰ ਦੇਖਾਂਗੇ ਕਿ ਕੋਈ ਗੁਰਮਤਿ
ਸਿਧਾਂਤ ਨਾਂ ਦੀ ਚੀਜ਼ ਵੀ ਹੈ?”
ਗੁਰਮਤਿ ਬਹੁਤ ਸਰਲ ਅਤੇ ਸਪਸ਼ਟ ਮਾਰਗ ਹੈ। ਪਰ ਕੁੱਝ ਲੋਕ ਪਰਿਭਾਸ਼ਾ ਆਦਿ ਦੇ
ਚੱਕਰ ਵਿੱਚ ਨੁਕਤੇ ਨੂੰ ਭਟਕਾਉਣ ਅਤੇ ਲਮਕਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਐਸੀ ਕੋਸ਼ਿਸ਼ਾਂ ਦਾ ਜਵਾਬ
ਦੇਣਾ ਵੀ ਸਮਾਂ ਵਿਅਰਥ ਗਵਾਉਣ ਵਾਲਾ ਇੱਕ ਕੰਮ ਹੈ। ਪਰਿਵਾਰ ਕੋਲ ਤਾਂ ਵੈਸੇ ਹੀ ਸਮੇਂ ਅਤੇ ਸਾਧਨਾਂ
ਦੀ ਬਹੁਤ ਘਾਟ ਹੈ। ਇਸ ਕਰਕੇ ਪਰਿਵਾਰ ਹਮੇਸ਼ਾਂ ਐਸੀ ਵਿਚਾਰ ਤੋਂ ਬਚਣ ਦੀ ਕੋਸ਼ਿਸ਼ ਹੀ ਕਰਦਾ ਹੈ।
ਅਕਸਰ ਐਸੇ ਨੁਕਤੇ ਵਿਅਕਤੀਗਤ ਵਿਰੋਧ ਜਾਂ ਈਰਖਾ ਅਧੀਨ ਹੀ ਉਪਜਦੇ ਹਨ। ਮਿਸਾਲ ਵਾਸਤੇ ਕੁੱਝ ਸਮਾਂ
ਪਹਿਲਾਂ ਰਹਿਤ ਮਰਿਯਾਦਾ ਸੁਧਾਰ ਦੀ ਵਿਚਾਰ ਤੋਂ ਖਿਝ ਕੇ ਇੱਕ ਵੀਰ ਨੇ ਮਰਿਯਾਦਾ, ਸੰਸਕਾਰ ਆਦਿ
ਅਨੇਕ ਲਫਜ਼ਾਂ ਦੀ ਪਰਿਭਾਸ਼ਾ ਸਪਸ਼ਟ ਕਰਨ ਦਾ ਚੈਲੰਜ ਕਰਕੇ ਉਲਝਾਉਣ ਦੀ ਕੋਸ਼ਿਸ ਕੀਤੀ। ਇੱਕ ਕਿਸੇ ਹੋਰ
ਵੀਰ ਨੂੰ ਪਰਿਵਾਰ ਨਾਲ ਪਤਾ ਨਹੀਂ ਕੀ ਨਾਰਾਜ਼ਗੀ ਹੋਈ? ਕਿ ਉਹਨਾਂ ਨੂੰ, ਪਰਿਵਾਰ ਦੇ ਨਜ਼ਰੀਏ ਨੂੰ
ਗਲਤ ਸਾਬਿਤ ਕਰਨ ਲਈ ਬਹੁ-ਵਿਵਾਹ ਪ੍ਰਥਾ, ਉਦਾਸੀ ਮੱਤ, ਸ਼ਖਸੀ ਪੂਜਾ ਅਤੇ ਅਵਤਾਰਵਾਦ ਆਦਿ ਵੀ
ਗੁਰਮਤਿ ਅਨੁਸਾਰੀ ਜਾਪਣ ਲੱਗ ਪਏ। ਪਰਿਵਾਰ ਐਸੀ ਬੇਲੋੜੀ ਬਹਿਸ ਵਿੱਚ ਉਲਝ ਕੇ ਅਪਣਾ ਸਮਾਂ ਵਿਅਰਥ
ਗੁਆਉਣਾ ਠੀਕ ਨਹੀਂ ਸਮਝਦਾ। ਕਿਉਂਕਿ ਇਸ ਵੀਰ ਦੀ ਤਰਫੋਂ ਇਹ ਪਹਿਲਾ ਖੱਤ ਹੈ ਇਸ ਲਈ ਜਵਾਬ ਦਿਤਾ ਜਾ
ਰਿਹਾ ਹੈ। ਪਰ ਨੇੜ ਭਵਿੱਖ ਵਿੱਚ ਇਨ੍ਹਾਂ ਵਲੋਂ ਅਰੰਭੀ ਕਿਸੇ ਵੀ ਬਹਿਸ ਵਿੱਚ ਉਲਝਣ ਤੋਂ ਸੰਕੋਚ
ਕੀਤਾ ਜਾਵੇਗਾ।
ਵਿਚਾਰ ਅਧੀਨ ਖੱਤ ਵਿੱਚ ਵੀ ‘ਸਿਧਾਂਤ‘ ਲਫਜ਼ ਨੂੰ ਲੈ ਕੇ ਬੇਲੋੜੀ ਬਹਿਸ
ਅਰੰਭਣ ਦਾ ਯਤਨ ਕੀਤਾ ਗਿਆ ਹੈ।
‘ਸਿਧਾਂਤ‘ ਦਾ ਸਰਲ, ਸਪਸ਼ਟ ਭਾਵ-ਅਰਥ
ਅਸੂਲ, ਨਿਯਮ ਹੈ। ਗੁਰਬਾਣੀ (ਗੁਰੂ ਗ੍ਰੰਥ ਸਾਹਿਬ ਜੀ) ਆਧਾਰਿਤ ਅਸੂਲਾਂ, ਨਿਯਮਾਂ ਨੂੰ ‘ਗੁਰਮਤਿ
ਸਿਧਾਂਤ‘ ਕਿਹਾ ਜਾਂਦਾ ਹੈ।
ਖੱਤ ਵਿੱਚ ‘ਸਿਧਾਂਤ‘ ਸ਼ਬਦ ਦੀ ਵਿਆਖਿਆ ਕਰਨ ਦਾ ਚੈਲੰਜ ਕੀਤਾ ਗਿਆ ਹੈ।
ਜਿਸਦੀ ਵਿਆਖਿਆ ਲਈ ਕੋਈ ਵੀ ਢੁਕਵੀਂ ਡਿਕਸ਼ਨਰੀ ਜਾਂ ਇੰਟਰਨੈਟ ਦੀ ਸਹਾਇਤਾ ਲਈ ਜਾ ਸਕਦੀ ਹੈ। ਉਥੋਂ
ਸੱਭ ਪਤਾ ਚੱਲ ਜਾਏਗਾ ਕਿ ‘ਸਿਧਾਂਤ‘ ਲਫਜ਼ ਕਿਹੜੀ ਧਾਤੂ ਤੋਂ ਬਣਿਆ ਹੈ, ਇਹ ਮੂਲ ਰੂਪ ਵਿੱਚ ਕਿਸ
ਭਾਸ਼ਾ ਦਾ ਲਫਜ਼ ਹੈ ਆਦਿ ਆਦਿ। ਪਰ ਗੁਰਮਤਿ ਨੂੰ ਸਮਝਣ ਲਈ ਐਸੀ ਕੋਈ ਲੋੜ ਨਹੀਂ ਭਾਸਦੀ। ਮਿਸਾਲ
ਵਾਸਤੇ ਜੇ ਕਿਸੇ ਨੇ ਜਹਾਜ ਰਾਹੀਂ ਅਮਰੀਕਾ ਜਾਣਾ ਹੋਵੇ ਤਾਂ ਉਸ ਨੂੰ ਇਹ ਜਾਨਣ ਦੀ ਲੋੜ ਨਹੀਂ ਕਿ
ਜਹਾਜ ਕਿਸ ਤਰਾਂ ਬਣਦਾ ਅਤੇ ਉਡਦਾ ਹੈ, ਇਸਦਾ ਮੂਲ ਰੂਪ ਕੀ ਸੀ? ਆਦਿ ਆਦਿ।
੯. ਪਰਿਵਾਰ ਅਨੇਕਾਂ ਵਾਰ ਇਹ ਸਪਸ਼ਟ ਕਰ ਚੁਕਿਆ ਹੈ ਕਿ ‘
ਕਬੀਰ
ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਇ‘, ‘ਮੈ ਮੂਰਖ ਕੀ ਕੇਤਕ ਬਾਤ ਹੈ‘
ਆਦਿ ਗੁਰਵਾਕਾਂ ਨੂੰ ਅਪਣੇ ਲਈ ਢੁਕਵੇਂ ਮੰਨਦਾ ਹੈ ਤਾਂ ਇਸ
ਇਲਜ਼ਾਮ ਦਾ ਕੋਈ ਆਧਾਰ ਨਹੀਂ ਰਹਿ ਜਾਂਦਾ ਕਿ,
“ਤੱਤ ਪਰਿਵਾਰ ਵਾਲੇ ਇਵੇਂ ਪੇਸ਼ ਆਉਂਦੇ
ਹਨ ਜਿਵੇਂ ਉਹਨਾਂ ਨੇ ਨਾਮ ਦਾ ਸਮੁੰਦਰ ਪੀ ਲਿਆ ਹੈ”।
ਪਰਿਵਾਰ ਇੱਕ ਵਾਰ ਦੁਬਾਰਾ ਨਿਸ਼ਕਾਮ ਨਿਮਰਤਾ ਸਹਿਤ ਬੇਨਤੀ ਦੁਹਰਾ ਰਿਹਾ ਹੈ
ਕਿ ਪਰਿਵਾਰ ਨਾਮ ਦੇ ਧਾਰਨੀ ਹੋਣ, ਵਿਦਵਾਨ ਹੋਣ ਜਾਂ ਪਰੀਪੂਰਣ ਹੋਣ ਦਾ ਕੋਈ ਭਰਮ ਜਾਂ ਦਾਅਵਾ ਨਾ
ਕਰਦਿਆਂ ਇੱਕ ਚੰਗੇ ਜਿਗਿਆਸੂ ਦੀ ਤਰ੍ਹਾਂ ਵਿਦਵਾਨ ਪਾਠਕਾਂ ਦੇ ਸਾਮ੍ਹਣੇ ਹੱਥ ਜੋੜਕੇ ਮੰਨ ਵਿੱਚ
ਉਪਜੇ ਸ਼ੰਕਿਆਂ ਦੇ ਹੱਲ ਲਈ ਉਡੀਕਵਾਨ ਹੈ।
ਆਸ ਹੈ
ਸੂਝਵਾਨ ਪਾਠਕ ਅਤੇ ਵਿਦਵਾਨ ਸੱਜਣ ਪਰਿਵਾਰ ਦੇ ਇਸ ਵਿਚਾਰ ਨਾਲ ਸਹਿਮਤ ਹੋਣਗੇ।
ਨਿਸ਼ਕਾਮ ਨਿਮਰਤਾ ਸਹਿਤ
ਨਿਰੋਲ ਨਾਨਕ ਫਲਸਫੇ ਦੀ ਰਾਹ ‘ਤੇ
ਤੱਤ ਗੁਰਮਤਿ ਪਰਿਵਾਰ