.

ੴ ਸਤਿਗੁਰੁ ਪ੍ਰਸਾਦਿ॥
ਸਰਵ-ਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਜ਼ਾਦ ਕਰਵਾਉਣਾ ਸਮੇਂ ਦੀ ਫੌਰੀ ਮੰਗ

-ਇਕਵਾਕ ਸਿੰਘ ਪੱਟੀ

ਸ੍ਰੀ ਅਕਾਲ ਤਖ਼ਤ ਸਾਹਿਬ ਜਿਸ ਦੀ ਸਥਾਪਨਾ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਕਰਵਾਈ ਸੀ ਅਤੇ ਸਿੱਖ ਕੌਮ ਨੂੰ ਮੀਰੀ ਅਤੇ ਪੀਰੀ ਦਾ ਸਿਧਾਂਤ ਦਿੱਤਾ ਸੀ। ਜਿੱਥੇ ਗੁਰੂ ਸਾਹਿਬ ਨੇ ਧਰਮ ਅਤੇ ਰਾਜਨੀਤੀ ਨੂੰ ਇਕੱਠਿਆਂ ਕਰਕੇ ਵੀ, ਧਰਮ ਨੂੰ ਉੱਚਾ ਅਤੇ ਰਾਜਨੀਤੀ ਨੂੰ ਨੀਵਾਂ ਰੱਖ ਕੇ ਇਹ ਵੀ ਨਾਲ ਸਮਝਾ ਦਿੱਤਾ ਸੀ ਕਿ ਸਿੱਖ ਲਈ ਹਮੇਸ਼ਾਂ ਧਰਮ ਦਾ ਸਿਧਾਂਤ ਪਹਿਲਾਂ ਹੈ। ਇਹ ਇਮਾਰਤ ਸ੍ਰੀ ਦਰਬਾਰ ਸਾਹਿਬ ਜੀ ਦੇ ਬਿਲਕੁੱਲ ਸਾਹਮਣੇ ਬਣਾਈ ਗਈ ਹੈ। ਦੋਹਾਂ ਇਮਾਰਤਾਂ ਦੇ ਫਲਸਫੇ ਨੂੰ ਵੀ ਗਹੁ ਨਾਲ ਵਾਚੀਏ ਤਾਂ ਇੱਕ ਗੱਲ ਬੜੀ ਸਪੱਸ਼ਟ ਹੁੰਦੀ ਹੈ ਕਿ ਜੋ ਵੀ ਕੋਈ ਵਿਅਕਤੀ ਸ੍ਰੀ ਹਰਮੰਦਿਰ ਸਾਹਿਬ ਦੇ ਅੰਦਰ ਬੈਠ ਕੇ ਗੁਰਮਤਿ ਦਾ ਪਾਠ ਸਿੱਖ ਰਿਹਾ ਹੋਵੇਗਾ ਜਾਂ ਅਕਾਲ ਪੁਰਖ ਦੀ ਸਿਫਤ ਸਾਲਾਹ ਕਰ ਰਿਹਾ ਹੋਵੇਗਾ ਉਸਨੂੰ ਬਾਹਰ ਸ੍ਰੀ ਅਕਾਲ ਤਖ਼ਤ ਸਾਹਿਬ ਨਜ਼ਰ ਨਹੀਂ ਆਵੇਗਾ। ਦੂਜੇ ਪਾਸੇ ਜਦ ਉਹੀ ਵਿਅਕਤੀ ਜਾਂ ਕੋਈ ਵੀ ਹੋਰ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਬੈਠ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੋਈ ਨੀਤੀ ਜਾਂ ਰਾਜਨੀਤੀ ਦਾ ਕਾਰਜ ਕਰ ਰਿਹਾ ਹੋਵੇਗਾ ਤਾਂ ਉਸਨੂੰ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਨਾਲ ਹੀ ਹੋ ਰਹੇ ਹੋਣਗੇ। ਸਪੱਸ਼ਟ ਹੋ ਜਾਂਦਾ ਹੈ ਕਿ ਜਦ ਸਿੱਖ, ਧਰਮ ਦੀ ਗੱਲ ਕਰ ਰਿਹਾ ਹੋਵੇ ਤਾਂ ਵਿੱਚ ਰਾਜਨੀਤੀ ਵੱਲ ਕੋਈ ਧਿਆਨ ਨਹੀਂ ਹੋਣਾ ਚਾਹੀਦਾ ਭਾਵ ਅੱਜ ਦੀ ਤਰ੍ਹਾਂ ਰਾਜਨੀਤੀ ਭਾਰੂ ਨਹੀਂ ਹੋਣੀ ਚਾਹੀਦੀ ਅਤੇ ਜਦੋਂ ਰਾਜਨੀਤੀ ਦੀ ਗੱਲ ਕਰ ਰਿਹਾ ਹੋਵੇ ਤਾਂ ਧਰਮ ਨੂੰ ਪਿੱਛੇ ਨਹੀਂ ਛੱਡਣਾ।
ਇੱਥੋਂ ਹੀ ਸਿੱਖ ਕੌਮ ਨੂੰ ਜਥੇਬੰਦਕ ਕਰਦਿਆਂ ਫੋਜਾਂ ਕਾਇਮ ਕੀਤੀਆਂ ਗਈਆਂ ਅਤੇ ਕੌਮ ਦੇ ਸਾਂਝੇ ਫੈਂਸਲੇ ਕਰਨ ਲਈ ਇਸ ਤਖ਼ਤ ਨੂੰ ਹੀ ਮਾਨਤਾ ਦਿੱਤੀ ਗਈ। ਇਸੇ ਸਥਾਨ ਤੇ ਸਿੱਖਾਂ ਦੇ ਕੌਮੀ ਮਸਲੇ ਵੀਚਾਰੇ ਜਾਂਦੇ ਅਤੇ ਆਪਸੀ ਮੱਤ-ਭੇਦ ਵੀ ਦੂਰ ਕੀਤੇ ਜਾਂਦੇ ਰਹੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਮੇਂ ਦੀ ਹਕੂਮਤ ਦੇ ਮੁਕਾਬਲੇ ਆਪਣਾ ਤਖ਼ਤ ਸਾਜ ਕੇ ਸਿੱਖਾਂ ਦੀ ਪ੍ਰਭੂਸੱਤਾ ਸੰਪੰਨ ਹੋਣ ਦਾ ਐਲਾਨ ਕਰ ਦਿੱਤਾ। ਇੱਥੋਂ ਹੀ ਧਾਰਮਿਕ ਅਤੇ ਰਾਜਨੀਤਿਕ ਆਦੇਸ਼ ਜਾਰੀ ਕੀਤੇ ਜਾਂਦੇ ਰਹੇ। ਇੱਥੋਂ ਸਰਬ ਸੰਮਤੀ ਨਾਲ ਲਏ ਗਏ ਕੌਮੀ ਫੈਂਸਲਿਆਂ ਨੂੰ ਮਾਨਤਾ ਦਿੱਤੀ ਜਾਂਦੀ ਜਿਸਦੀ ਆਗਿਆ ਸਮੁੱਚੀ ਕੌਮ ਅਤੇ ਹਰ ਸਿੱਖ ਲਈ ਜ਼ਰੂਰੀ ਮੰਨੀ ਜਾਂਦੀ। ਇਤਿਹਾਸ ਵਿੱਚ ਅਨੇਕਾਂ ਮਿਸਾਲਾਂ ਮਿਲਦੀਆਂ ਹਨ ਜਦੋਂ ਵੀ ਕੋਈ ਮਜਲੂਮ ਜਾਂ ਫਰਿਆਦੀ ਸ੍ਰੀ ਅਕਾਲ ਤਖ਼ਤ ਸਾਹਿਬ ਆਪਣੀ ਫਰਿਆਦ ਲੈ ਕੇ ਆਇਆ ਤਾਂ ਮਾਨਵਤਾ ਦੀ ਭਲਾਈ ਲਈ ਉਸਨੂੰ ਪੂਰਾ ਕੀਤਾ ਜਾਂਦਾ ਰਿਹਾ।
ਸ੍ਰੀ ਅਕਾਲ ਤਖ਼ਤ ਸਿੱਖ ਕੌਮ ਦੀ ਆਜ਼ਾਦ ਹਸਤੀ ਦਾ ਪ੍ਰਤੀਕ ਹੈ। ਇਸ ਦਾ ਕਾਰਜ ਖੇਤਰੀ ਨਹੀਂ ਬਲਕਿ ਪੂਰੇ ਸੰਸਾਰ ਵਿੱਚ ਵਸਿਆ ਸਿੱਖ ਭਾਈਚਾਰਾ ਵੀ ਹੈ। ਇੱਥੇ ਹੋਏ ਫੈਂਸਲੇ ਨੂੰ ਹੀ ਅੰਤਮ ਮੰਨਿਆ ਜਾਂਦਾ ਹੈ ਅਤੇ ਯੋਗ ਲੀਡਰਸ਼ਿਪ ਵੇਲੇ ਸਹੀ ਫੈਂਸਲੇ ਹੁੰਦੇ ਵੀ ਰਹੇ ਹਨ। ਕੌਮ ਦੇ ਵਿਰੋਧੀਆਂ ਵੱਲੋਂ ਵੀ ਇਹ ਗੱਲ ਭਾਂਪ ਲਈ ਗਈ ਸੀ ਅਤੇ ਹੈ ਕਿ ਸਿੱਖ ਲਈ ਸ੍ਰੀ ਅਕਾਲ ਤਖ਼ਤ ਸੱਭ ਤੋਂ ਮਹਾਨ ਸੰਸਥਾ ਹੈ, ਇੱਥੋਂ ਕੌਮ ਦੇ ਨਾਮ ਜਾਰੀ ਹੋਇਆ ਹਰ ਹੁਕਮ ਕੌਮ ਨੂੰ ਸਿਰ ਮੱਥੇ ਪ੍ਰਵਾਨ ਕਰਨਾ ਪੈਂਦਾ ਹੈ ਅਤੇ ਕਰਦੀ ਹੈ। ਇਸ ਲਈ ਹਮੇਸ਼ਾਂ ਸਿੱਖ ਵਿਰੋਧੀ ਤਾਕਤਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਯਾਦਾ, ਸਿਧਾਂਤ ਅਤੇ ਬਹੁਤੀ ਵਾਰ ਇਸ ਸਮੁੱਚੀ ਇਮਾਰਤ ਨੂੰ ਢਾਹੁਣ ਤੱਕ ਦਾ ਭੈੜਾ ਕੰਮ ਕਰਕੇ ਇਸਦੀ ਪ੍ਰਮਾਣਕਿਤਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਉਹ ਸਮਾਂ ਭਾਵੇਂ ਅਬਦਾਲੀ ਦਾ ਹੋਵੇ ਜਾਂ ਕਿਸੇ ਹੋਰ ਮੂਗਲ ਸਾਮਰਾਜ ਦਾ ਜਾਂ ਫਿਰ ਜੂਨ 1984 ਵੇਲੇ ਇੰਦਰਾ ਗਾਂਧੀ ਦਾ ਹੋਵੇ ਪਰ ਸ਼ਾਇਦ ਇਹ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਾਜਿਆ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਹਿਰਦਿਆਂ ਵਿੱਚ ਉਕਰਿਆ ਹੋਇਆ ਹੈ, ਕਿਉਂਕਿ ਸਿੱਖ ਕੌਮ ਲਈ ਇਹ ਸਿਰਫ ਇੱਕ ਇਮਾਰਤ ਨਹੀਂ ਬਲਕਿ ਪ੍ਰਭੂਸੱਤਾ ਸੰਪੰਨ ਸੰਸਥਾ ਹੈ। ਸ਼ਾਇਦ ਇਸੇ ਲਈ ਸਾਡੇ ਦੁਸ਼ਮਣਾਂ ਨੇ ਹੁਣ ਇਮਾਰਤਾਂ ਨੂੰ ਨੁਕਸਾਨਨ ਦੀ ਥਾਂ ਤੇ ਇਸਦੀ ਪ੍ਰਮਾਣਿਕਤਾ ਨੂੰ ਰੱਦ ਕਰਵਾਉਣ ਲਈ ਅਜਿਹੇ ਹਾਲਾਤ ਬਣਾ ਦਿੱਤੇ ਗਏ ਹਨ ਕਿ ਸਿੱਖਾਂ ਦਾ ਵਿਸ਼ਵਾਸ਼ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉੱਠ ਜਾਏ, ਕਿਉਂਕਿ ਥੋੜਾ ਜਿਹਾ ਤੈਸ਼ ਵਿੱਚ ਆ ਕੇ ਆਪਣੇ ਉੱਤੇ ਜਾਂ ਸਿੱਖੀ ਸਿਧਾਂਤ ਤੇ ਹੋਏ ਹਮਲੇ ਦਾ ਰੌਲਾ ਪਾਉਣ ਤੋਂ ਬਾਅਦ ਹੌਲੀ-ਹੌਲੀ ਭੁਲਣ ਜਾਣ ਦੀ ਆਦਤ ਤਾਂ ਕੌਮ ਨੂੰ ਪਹਿਲਾਂ ਹੀ ਹੈ ਦੂਜਾ ਸਾਡੀ ਨਿਕੰਮੀ ਲੀਡਰਸ਼ਿਪ ਦੀ ਬਦੌਲਤ ਸਿੱਖਾਂ ਦਾ ਭਰੋਸਾ ਹਰ ਪਾਸਿਉਂ ਉਠਾਇਆ ਜਾ ਰਿਹਾ ਹੈ। ਇੱਥੋਂ ਤੱਕ ਕਿ ਹੁਣ ਤਾਂ ਸ਼ਰੇਆਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੀ ਹੋਰਨਾ ਗ੍ਰੰਥਾਂ ਨੂੰ ਪ੍ਰਕਾਸ਼ ਕਰਕੇ ਸਿੱਖੀ ਸਿਧਾਂਤਾਂ ਨੂੰ ਖਤਮ ਕਰਨ ਦੀ ਚਾਲ ਚੱਲੀ ਜਾ ਰਹੀ ਹੈ। ਅਜਿਹੇ ਸਮੇਂ ਵਿੱਚ ਵੀ ਕੌਮ ਦਾ ਫਰਜ਼ ਬਣ ਜਾਵੇਗਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇੱਕਤਰ ਹੋ ਕੇ ਸਾਂਝਾ ਫੈਂਸਲਾ ਲਵੇ ਤਾਂ ਕਿ ਅਗਲੀ ਕਾਰਵਾਈ ਕੀਤੀ ਜਾਵੇ ਪਰ ਇਸ ਰੀਤ ਨੂੰ ਵੀ ਖਤਮ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਪੰਥ ਵਿਰੋਧੀਆਂ ਵੱਲੋਂ ਆਪਣੇ ਕਬਜ਼ੇ ਵਿੱਚ ਕਰਕੇ ਆਪਣੇ ਜ਼ਰ-ਖਰੀਦ ਬੰਦੇ ਬਿਠਾ ਦਿੱਤੇ ਗਏ ਹਨ, ਜਿਹੜੇ ਆਪਣੇ ਆਪ ਨੂੰ ਰੱਬ ਦੇ ਬਾਰਬਰ ਸਮਝਦਿਆਂ ਹੋਇਆਂ ਸਿੱਖ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਸਰਵਉੱਚ ਬਣ ਬੈਠੇ ਹਨ ਅਤੇ ਗੁਰਬਾਣੀ ਸਿਧਾਂਤ:
ਤਖਤ ਬਹੈ ਤਖਤੈ ਕੀ ਲਾਇਕ (ਮ. 1, ਪੰਨਾ 1039) ਨੂੰ ਵੀ ਖੋਰਾ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਅੱਜ ਬਿਨ੍ਹਾਂ ਕਿਸੇ ਕੌਮੀ ਕਾਰਜ ਜਾਂ ਪੰਥਕ ਸਰਗਰਮੀਆਂ ਵਿੱਚ ਹਿੱਸਾ ਲਏ ਜਾਂ ਕੌਮ ਦੀ ਖਾਤਰ ਕੋਈ ਕੁਰਬਾਨੀ ਜਾਂ ਕਿਸੇ ਵਿਸੇਸ਼ ਡਿਗਰੀ ਦੇ ਜਾਂ ਫਿਰ ਬਿਨ੍ਹਾਂ ਸੰਗਤ ਦੀ ਸਹਿਮਤੀ ਦੇ, ਬੱਸ ਸਮੇਂ ਦੇ ਹਾਕਮ ਦੇ ਚਰਨਾਂ ਵਿੱਚ ਵਿਛ ਕੇ ਹੀ ਜਥੇਦਾਰੀ ਹਾਸਲ ਕਰ ਲਈ ਜਾਂਦੀ ਹੈ ਜਾਂ ਫਿਰ ਸਮੇਂ ਦੀ ਸਰਕਾਰ ਆਪਣੀ ਲੋੜ ਅਨੁਸਾਰ ਆਪਣੇ ਹੀ ਕਿਸੇ ਵਿਅਕਤੀ ਨੂੰ ਜਥੇਦਾਰ ਥਾਪ ਕੇ ਉਸ ਕੋਲੋਂ ਸਿੱਖੀ ਸਿਧਾਂਤ ਦਾ ਮਲੀਆਮੇਟ ਕਰਵਾਉਣ ਲਈ ਤਿਆਰ ਹੈ ਕਿਉਂਕਿ ਉਸਨੇ ਆਪਣੀ ਪੰਥ ਵਿਰੋਧੀਆਂ ਨਾਲ ਪਾਈ ਹੋਈ ਯਾਰੀ ਵੀ ਨਿਭਾਉਣੀ ਹੈ। ਬਦਕਿਸਮਤੀ ਤਾਂ ਕੌਮ ਦੀ ਹੈ ਕਿ ਸੱਭ ਕੁੱਝ ਅੱਖੀਂ ਵੇਖ ਕੇ ਵੀ ਜਿਵੇਂ ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁੱਖ ਸਿੰਘ, ਗੁਰਬਖਸ਼ ਸਿੰਘ ਕਾਲਾ ਅਫਗਾਨਾ, ਸ. ਜੋਗਿੰਦਰ ਸਿੰਘ ਸਪੋਕਸਮੈਨ, ਮਈ 2007 ਵਿੱਚ ਸੌਦਾ ਸਾਧ ਦੇ ਸਬੰਧ ਵਿੱਚ ਕੀਤੀ ਗਈ ਕਾਰਵਾਈ, ਵੇਦਾਂਤੀ ਦਾ ਸਾਰਾ ਹੀ ਕਾਰਜਕਾਲ, ਸਾਧ ਧਨਵੰਤ ਸਿੰਘ ਦਾ ਕੇਸ, ਜੋਗਿੰਦਰ ਸਿੰਘ ਵੇਦਾਂਤੀ ਦੀ ਹਰਮਨ ਪਿਆਰੀ ਪੁਸਤਕ ਗੁਰ ਬਿਲਾਸ ਪਾ: 6, ਫਤਿਹ ਦਿਵਸ ਦੇ ਨਾਮ ਤੇ ਦਸ਼ਮ ਗ੍ਰੰਥ ਦੀ ਹਜ਼ੂਰੀ ਵਿੱਚ ਬੈਠੇ ਸਾਡੇ ਜੱਥੇਦਾਰ, ਪਜਾਮੇ ਲਾਹ ਕੇ ਪੁੱਜੇ ਹਜੂਰ ਸਾਹਿਬ, ਜਾਰੀ ਹੋਏ ਉਹ ਹੁਕਮਨਾਮੇ ਜ੍ਹਿਨਾਂ ਦਾ ਸੰਖੇਪ ਮਾਤਰ ਜ਼ਿਕਰ ਜ਼ਰੂਰ ਕਰਨਾ ਚਾਹਵਾਂਗਾ, ਕੌਮ ਨੂੰ ਦਿੱਤੀ ਜਾ ਰਹੀ ਹਲਕੇ ਪੱਧਰ ਦੀ ਅਗਵਾਈ ਰਾਹੀਂ ਭੰਬਲਭੂਸੇ ਵਿੱਚ ਫਸਾਈ ਜਾ ਰਹੀ ਕੌਮ, ਅਤੇ ਪ੍ਰੋ. ਦਰਸ਼ਨ ਸਿੰਘ ਖਾਲਸਾ ਸਬੰਧੀ ਕੀਤੀ ਗਈ ਇਤਹਿਾਸਕ ਕਾਰਵਾਈ ਸੱਭ ਕੁੱਝ ਦੇਖ ਕੇ ਵੀ ਜਾਗਣ ਨੂੰ ਤਿਆਰ ਨਹੀਂ ਹੈ। ਸੱਭ ਕੁੱਝ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ `ਤੇ ਜਦੋਂ ਕਿਤੇ ਫਿਰ ਕੌਮ ਤੇ ਕੋਈ ਭੀੜ ਬਣ ਆਉਂਦੀ ਹੈ ਤਾਂ ਫਿਰ ਮੂੰਹ ਅਤੇ ਅੱਖਾਂ ਟੱਡ ਕੇ ਕਹਿਣਗੇ ਮਾਮਲਾ ਅਕਾਲ ਤਖ਼ਤ ਸਾਹਿਬ ਤੇ ਲੈ ਕੇ ਜਾਣਾ ਹੈ, ਜਿਵੇਂ ਅੱਜ ਦੀ ਤਾਰੀਕ ਵਿੱਚ ਉਹ ਬੈਠੇ ਪੁਜਾਰੀ ਕੌਮ ਨੂੰ ਬੜੇ ਸਹੀ ਦਿਸ਼ਾ-ਨਿਰਦੇਸ਼ ਜਾਰੀ ਕਰ ਰਹੇ ਹਨ।
ਪ੍ਰੋ. ਦਰਸ਼ਨ ਸਿੰਘ ਜੀ ਦੇ ਮਾਮਲੇ ਬਾਰੇ ਵਿਚਾਰ ਕਰਨ ਦੇ ਨਾਲ-ਨਾਲ ਸੰਖੇਪ ਤੋਂ ਵੀ ਸੰਖੇਪ ਵੀਚਾਰ ਕੁੱਝ ਕੁ ਜਾਰੀ ਹੋਏ ਪਹਿਲੇ ਹੁਕਮਨਾਮਿਆਂ ਬਾਰੇ ਵੀ ਕਰਾਂਗੇ ਅਤੇ ਜਥੇਦਾਰਾਂ ਬਾਰੇ ਵੀ, ਜੋ ਸਿੰਘ ਬ੍ਰਦਰਜ ਵੱਲੋਂ ਛਾਪੀ ਕਿਤਾਬ ਹੁਕਮਨਾਮੇ, ਆਦੇਸ਼, ਸੰਦੇਸ਼…. ਵਿੱਚ ਦਰਜ ਹੈ। ਇਸ ਕਿਤਾਬ ਦੇ ਹਵਾਲੇ ਦੇਣੇ ਹੋਰ ਵੀ ਜ਼ਰੂਰੀ ਹੋ ਜਾਂਦੇ ਹਨ ਕਿਉਂਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਅਡੀਸ਼ਨਲ ਸਕੱਤਰ ਅਤੇ ਗੁਰਮਤਿ ਪ੍ਰਕਾਸ਼ ਦੇ ਸਾਬਕਾ ਸੰਪਾਦਕ ਸ. ਰੂਪ ਸਿੰਘ ਵੱਲੋਂ ਲਿਖੀ ਗਈ ਹੈ।
ਕਿਤਾਬ ਦੇ ਪੰਨਾ ਨੰ. 15 ਦੇ ਲਿਖਿਆ ਹੋਇਆ ਹੈ “ਕਿਸੇ ਵੀ ਜਥੇਦਾਰ ਲਈ ਸਿਆਸਤਦਾਨ ਨਾਲ ਗਠਜੋੜ ਦਾ ਹਿੱਸਾ ਹੋਏ ਬਿਨ੍ਹਾਂ ਜਥੇਦਾਰੀ ਕਰ ਸਕਣਾ ਮੁਸ਼ਕਲ ਹੋ ਗਿਆ ਹੈ। “ਤਾਂ ਫਿਰ ਤੁਹਡੇ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਜਥੇਦਾਰ ਜੀ। ਇਸੇ ਕਿਤਾਬ ਦੇ ਪੰਨਾ ਨੰ. 42 ਤੇ ਗਿਆਨੀ ਲਾਲ ਸਿੰਘ ਸੰਗਰੂਰ ਦੇ ਕਥਨ ਦਾ ਹਵਾਲਾ ਦਿੰਦਿਆਂ ਲਿਖਿਆ ਹੈ, “ਕਿਸੀ ਸੰਤ, ਮਹੰਤ, ਸੋਢੀ, ਬੇਦੀ, ਮਾਨਨੀਯ ਪੁਰਸ਼ ਦੇ ਨਾਮ ਹੇਠ ਲਿਖਿਆ ਲੇਖ ‘ਹੁਕਮਨਾਮਾ’ ਨਹੀਂ ਕਹਾ ਸਕਦਾ, ਬਲਕਿ ਤਖਤਾਂ ਦੇ ਸੇਵਾਦਾਰ, ਜਥੇਦਾਰ, ਪੁਜਾਰੀ ਆਦਿ ਵੀ ਮਨ-ਮਰਜ਼ੀ ਦੇ ਹੁਕਮਨਾਮਾ ਨਹੀਂ ਨਿਕਾਲ ਸਕਦੇ, ਜਦੋਂ ਤੱਕ ਉਸ ਦੀ ਪ੍ਰਵਾਨਗੀ ‘ਪੰਜ ਪਿਆਰਿਆਂ’ ਦੁਆਰਾ ਸੰਗਤ ਵੱਲੋਂ ਨਾ ਹੋਵੇ। “ਤਾਂ ਪੁੱਛਣਾ ਚਾਹਵਾਂਗਾ ਆਪੂੰ ਬਣੇ ਰੱਬ ਜੀਉ! ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ, ਸ. ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਖਾਲਸਾ ਵਿਰੁੱਧ ਜਾਰੀ ਕੀਤੇ ਹੁਕਮਨਾਮਿਆਂ ਵੇਲੇ ਕਿਹੜੀ ਸੰਗਤ ਦਾ ਇਕੱਠ ਹੋਇਆ ਸੀ? ਕਿਹੜੇ ਪੰਜ ਪਿਆਰੇ ਚੁਣੇ ਗਏ ਸਨ? ਕਿਤੇ ਮਿਤੀ 5 ਦਸੰਬਰ ਨੂੰ ਜਿੱਥੇ ਦਾਸ ਵੀ ਹਾਜ਼ਰ ਸੀ ਵਿਖੇ ਪ੍ਰੋ. ਖਾਲਸਾ ਦੇ ਜਾਣ ਮਗਰੋਂ ਜਿੱਥੇ ਗਿਣਤੀ ਦੀਆਂ ਕੁੱਝ ਕੁ ਨਿਹੰਗ ਜਥੇਬੰਦੀਆਂ ਬੈਠੀਆਂ ਸਨ ਉਸਨੂੰ ਹੀ ਤਾਂ ਗੁਰੂ ਪੰਥ ਨਹੀਂ ਮੰਨ ਲਿਆ ਤੁਸੀਂ? ਜੋ ਕੇ ਬੇਸ਼ੱਕ ਤੁਹਾਡੇ ਵੱਲੋਂ ਪ੍ਰੋ. ਦਰਸ਼ਨ ਸਿੰਘ ਖਾਲਸਾ ਨੂੰ ਤਨਖਾਹੀਆ ਕਰਾਰ ਦੇਣ ਮਗਰੋਂ ਅਤੇ ਤੁਹਾਡੇ ਵੱਲੋਂ ਉਸਨੂੰ ਗੁਰੂ ਨਿੰਦਕ ਕਹਿਣ ਤੋਂ ਬਾਅਦ ਜੋਸ਼ ਵਿੱਚ ਜੈਕਾਰੇ ਛੱਡ ਰਹੀਆਂ ਸਨ। ਪਰ ਇੱਥੇ ਵੀ ਇੱਕ ਸਵਾਲ ਮਨ ਵਿੱਚ ਪ੍ਰਗਟ ਹੋ ਗਿਆ। ਕੀ ਉਹ ਸਾਰੀਆਂ ਨਿਹੰਗ ਜਥੇਬੰਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੀ ਗਈ ਪੰਥ ਪ੍ਰਵਾਣਿਤ ਰਹਿਤ ਮਰਿਯਾਦਾ ਨੂੰ ਮੰਨਦੀਆਂ ਹਨ ਜਿਸ ਵਿੱਚ ਸਪਸ਼ਟ ਲਿਖਿਆ ਹੈ ਕਿ “ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤੱਕ ਨੂੰ ਸਥਾਪਤ ਨਹੀਂ ਕੀਤਾ ਜਾ ਸਕਦਾ। “? ਨਿਹੰਗ ਜਥੇਬੰਦੀਆਂ ਪੰਥ ਦਾ ਹਿੱਸਾ ਤਾਂ ਹੋ ਸਕਦੀਆਂ ਹਨ ਪਰ ਪੰਥ ਨਹੀਂ। ਅੱਗੇ ਚੱਲੀਏ ਤਾਂ ਉਸੇ ਕਿਤਾਬ 42 ਨੰ. ਪੇਜ ਤੇ ਹੀ ਇੱਕ ਹੋਰ ਗੱਲ ਲਿਖੀ ਮਿਲਦੀ ਹੈ ਕਿ “ਗੁਰਮਤਿ ਵਿਰੁੱਧ ਨਿਕਲਿਆ ਹੁਕਮ ‘ਹੁਕਮਨਾਮਾ’ ਨਹੀਂ ਕਹਾ ਸਕਦਾ। “ਇਸ ਕਿਤਾਬ ਦੇ ਹਵਾਲੇ ਤਾਂ ਦਿੱਤੇ ਜਾ ਰਹੇ ਹਨ ਕਿ ਜਥੇਦਾਰ! ਦੁਖੀ ਸਾਰੀ ਕੌਮ ਹੈ। ਬਾਹਰ ਵਾਲੇ ਵੀ ਤੇ ਤੁਹਾਡੇ ਅੰਦਰ ਵਾਲੇ ਵੀ। ਲਾਅਵਾ ਗੁਰੂ ਦੇ ਹਰ ਸੱਚੇ ਸਿੱਖ ਦੇ ਮਨ ਅੰਦਰ ਧੁੱਖ ਰਿਹਾ ਹੈ ਪਤਾ ਨਹੀਂ ਕਦ ਫਟ ਜਾਵੇ ਪਰ ਫਟਣ ਵਾਲਾ ਹੀ ਜੇ। ਸਮੇਂ ਸਿਰ ਕੋਈ ਚੰਗੇ ਕੌਮੀ ਕੰਮ ਕਰਕੇ ਪੰਥ ਦੀ ਸੇਵਾ ਕਰੋ ਨਹੀਂ ਤਾਂ ਸਮਾਂ ਕਦੇ ਕਿਸੇ ਨੂੰ ਮੁਆਫ ਨਹੀਂ ਕਰਦਾ ਹੁੰਦਾ ਅਤੇ ਧਰਮ ਦੀ ਆੜ ਲੈਣ ਵਾਲਿਆਂ ਦਾ ਤਾਂ ਰੱਬ ਹੀ ਜਾਣੇ। ਖੈਰ!
ਪ੍ਰੋ. ਸਾਹਿਬ ਦੀ ਗਲਤੀ ਇਤਨੀ ਹੀ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਹੁੰਦਾ ਅਪਮਾਨ ਵੇਖਕੇ, ਗੁਰੂ ਗੋਬਿੰਦ ਸਿੰਘ ਜੀ ਦੇ ਦਾਮਨ ਦਾਗਦਾਰ ਹੁੰਦਾ ਵੇਖ ਕੇ ਤੜਫ ਉੱਠੇ ਸਨ ਅਤੇ ਆਪਣਾ ਫਰਜ਼ ਨਿਭਾਉਂਦਿਆਂ ਸੱਚਾਈ ਲੋਕਾਂ ਵਿੱਚ ਬਿਆਨ ਕਰਨ ਲੱਗ ਪਏ। ਜਿਸਨੂੰ ਕਿਸੇ ਪੰਥ ਵਿਰੋਧੀ ਨੇ ਆਪਣੀ ਘਟੀਆ ਸੋਚ ਦਾ ਪ੍ਰਗਟਾਵਾ ਕਰਕੇ ਸਬੰਧਿਤ ਸੀ. ਡੀ. ਨੂੰ ਤੋੜ-ਮਰੋੜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭੇਜ ਦਿੱਤਾ। ਸਾਡੇ ਜਥੇਦਾਰਾਂ ਨੇ ਜਿਸਨੂੰ ਦੇਖਦਿਆਂ ਸਾਰ ਹੀ (ਜਾਂ ਬਿਨ੍ਹਾਂ ਦੇਖੇ) ਅਤੇ ਸੀ. ਡੀ. ਸਬੰਧੀ ਬਿਨ੍ਹਾਂ ਕਿਸੇ ਡੂੰਘੀ ਪੜਤਾਲ ਕੀਤਿਆਂ ਪ੍ਰੋ. ਦਰਸ਼ਨ ਸਿੰਘ ਵਿਰੁੱਧ ਫਤਵਾ ਦੇ ਦਿੱਤਾ ਕਿ ਉਹ 5 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਪੱਖ ਰੱਖੇ। ਕਿਉਂਕਿ ਪ੍ਰੋ. ਖਾਲਸਾ ਨੇ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ, ਇਹਨਾਂ ਜਥੇਦਾਰਾਂ ਨੂੰ ਕਿੱਦਾ ਪਤਾ ਲੱਗ ਗਿਆ ਕਿ ਪ੍ਰੋ. ਖਾਲਸਾ ਨੇ ਗਲਤ ਸ਼ਬਦਾਵਲੀ ਵਰਤੀ ਹੈ ਜਦ ਕਿ ਅਜੇ ਦੂਜਾ ਪੱਖ ਪੇਸ਼ ਹੋਣਾ ਹੈ। ਦੂਜਾ ਜਲਦੀ ਬਾਜ਼ੀ ਵਿੱਚ ਇਹ ਵੀ ਕਹਿ ਦਿੱਤਾ ਕਿ 5 ਦਸੰਬਰ ਤੱਕ ਪ੍ਰੋ. ਸਾਹਿਬ ਨੂੰ ਕਿਸੇ ਵੀ ਸਟੇਜ ਤੇ ਕੀਰਤਨ ਕਰਨ ਦੀ ਇਜ਼ਾਜਤ ਨਾ ਦਿੱਤੀ ਜਾਵੇ। ਇਹੀ ਕੁੱਝ 5 ਦਸੰਬਰ ਨੂੰ ਵੀ ਕਿਹਾ ਦਿੱਤਾ ਤਨਖਾਹੀਆਂ ਕਰਾਰ ਦੇਣ ਮੌਕੇ। ਜੱਥੇਦਾਰ ਜੀ! ਹੁਣ ਤੁਸੀਂ ਹੀ ਦੱਸੋ ਕਿ ਤੁਸੀਂ ਤਾਂ ਆਪਣੇ ਵੱਲੋਂ ਪਹਿਲਾਂ ਹੀ ਤਨਖਾਹੀਆਂ ਕਰਾਰ ਦੇ ਦਿੱਤਾ ਸੀ ਕੀਰਤਨ ਦੀ ਪਾਬੰਦੀ ਲਗਾ ਕੇ। ਤੀਜੀ ਗੱਲ ਆਪਣੇ ਪਹਿਲੇ ਫਤਵੇ ਵਿੱਚ ਆਪ ਜੀ ਨੇ ਕਿਤੇ ਨਹੀਂ ਲਿਖਿਆ ਸੀ ਕਿ ਸੱਕਤਰੇਤ ਵਿੱਚ ਪੇਸ਼ ਹੋ ਕੇ ਪੰਜ ਪੁਜਾਰੀਆਂ ਅੱਗੇ ਆਪਣਾ ਪੱਖ ਰੱਖਿਆ ਜਾਵੇ।
ਜਦ 5 ਦਸੰਬਰ ਆਈ ਤਾਂ ਸ਼ਾਬਾਸ਼ ਹੈ ਪ੍ਰੋ. ਸਾਹਿਬ ਦੇ ਕਿ ਸਮੇਂ ਦੇ ਪਾਬੰਦ ਹੁੰਦਿਆਂ 12 ਵਜੇ ਤੋਂ ਇੱਕ ਘੰਟਾ ਪਹਿਲਾਂ ਅਦਬ ਅਤੇ ਸਤਿਕਾਰ ਸਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਗਏ। ਹੁਣ ਦੁੱਖ ਤਾਂ ਇਹ ਹੋਇਆ ਜੱਥੇਦਾਰ ਆਪ ਤਾਂ 12 ਵਜੇ ਤੋਂ ਇੱਕ ਘੰਟਾ ਬਾਅਦ ਤੱਕ ਵੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਨਾ ਹੋਏ ਅਤੇ ਗੈਰ ਹਾਜ਼ਰ ਰਹੇ। ਹਾਂ ਇਹ ਸ਼ਰਤ ਜ਼ਰੂਰ ਲਗਾ ਦਿੱਤੀ ਕਿ ਪ੍ਰੋ. ਖਾਲਸਾ ਸਾਡੇ ਅੱਗੇ ਬੰਦ ਕਮਰੇ ਵਿੱਚ ਪੇਸ਼ ਹੋਵੇ ਤਾਂ ਉਸ ਬਾਰੇ ਅਗਲੀ ਕਾਰਾਵਈ ਕੀਤੀ ਜਾਵੇਗੀ। ਜੇਕਰ ਹਲਕੀ ਜਿਹੀ ਨਜ਼ਰ ਉਸ ਸਮੇਂ ਦੇ ਪ੍ਰਬੰਧ ਤੇ ਮਾਰੀ ਜਾਵੇ ਤਾਂ ਸਮਝ ਨਹੀਂ ਆਉਂਦੀ ਕੀ ਲਿਖੀਏ ਤੇ ਕੀ ਨਾਂਹ। ਸ਼ਰੇਆਮ ਕੁੱਝ ਦਸ਼ਮ ਗ੍ਰੰਥ ਹਮਾਇਤੀਆਂ ਵੱਲੋਂ ਪ੍ਰੋ. ਦਰਸ਼ਨ ਸਿੰਘ ਨੂੰ ਤੋਪ ਮੂਹਰੇ ਬੀੜ ਕੁ ਉਡਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ। ਕੀ ਸਿੱਖ ਕੌਮ, ਦੇ ਰੌਸ਼ਨ ਦਿਮਾਗ ਬੰਦੇ ਨੂੰ ਜਿਊਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ? ਜਥੇਦਾਰ ਆਪਣੀ ਜਿੱਦ ਤੇ ਅੜੇ ਰਹੇ ਕਿ ਸਾਡੇ ਚਰਨਾਂ ਵਿੱਚ ਆਵੋ ਤੇ ਬਖਸ਼ੀਸ਼ ਲੈ ਜਾਵੋ। ਅੱਜ ਸਿੱਖ ਕੌਮ ਨੂੰ ਨੀਂਦ ਵਿੱਚੋਂ ਜਾਗਣਾ ਪਵੇਗਾ ਕਿ ਇੱਕ ਵਿਦਵਾਨ ਨੂੰ ਗੁਰੂ ਅਤੇ ਗੁਰੂ-ਪੰਥ ਅੱਗੇ ਪੇਸ਼ ਹੋਣ ਦੀ ਥਾਂ ਤੇ ਆਪਣੇ ਅੱਗੇ ਪੇਸ਼ ਹੋਣ ਵਾਸਤੇ ਕਹਿਣ ਵਾਲੇ ਦੇਹਧਾਰੀ ਤਨਖਾਹਦਾਰ ਪੁਜਾਰੀ ਕੀ ਰੱਬ ਤੋਂ ਵੀ ਵੱਡੇ ਹੋ ਗਏ ਹਨ? ਇੱਕ ਰਾਗੀ ਸਿੰਘ ਜੋ ਸਾਬਕਾ ਸੇਵਾਦਾਰ ਵੀ ਰਹਿ ਚੁੱਕਾ ਹੈ ਅਤੇ ਸੰਗਤ ਵਿੱਚ ਗੁਰਬਾਣੀ ਦੀ ਰੋਸ਼ਨੀ ਵਿੱਚ ਰਹਿ ਕੇ ਗੁਰਮਤਿ ਦਾ ਪ੍ਰਚਾਰ ਕਰਦਾ ਹੈ ਉਸ ਉੱਤੇ ਬਿਨ੍ਹਾਂ ਦੋਸ਼ ਸਾਬਤ ਹੋਏ ਉਸਦੀਆਂ ਧਾਰਮਿਕ ਗਤੀਵਿਧੀਆਂ ਤੇ ਪਾਬੰਦੀ ਲਗਾਉਣ ਦਾ ਅਧਿਕਾਰ ਗੁਰੂ ਸਾਹਿਬ ਵੱਲੋਂ ਇੱਕ ਬੰਦੇ ਨੂੰ ਕਦੋਂ ਦਿੱਤਾ ਗਿਆ ਸੀ? ਇੱਕ ਵਿਦਵਾਨ ਨੂੰ ਇੱਕ ਘੰਟਾ ਇੰਤਜ਼ਾਰ ਕਰਵਾਉਣ ਤੋਂ ਬਾਅਦ ਵੀ ਆਪਣੇ ਦਫਤਰ ਵਿੱਚੋਂ ਬਾਹਰ ਨਾ ਆਉਣਾ ਅਤੇ ਉਸਦੇ ਵੱਲੋਂ ਆਪਣਾ ਪੱਖ (ਸਪੱਸ਼ਟੀਕਰਨ) ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰੱਖ ਕੇ ਚੱਲੇ ਜਾਣ ਪਿੱਛੋਂ ਝੱਟ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪ੍ਰਗਟ ਹੋ ਜਾਣਾ ਅਤੇ ਕਹਿਣਾ ਕਿ ਪ੍ਰੋ. ਖਾਲਸਾ ਗੁਰੂ ਨਿੰਦਕ ਹੈ ਅਤੇ ਹਉਮੈ ਵਿੱਚ ਭਰਿਆ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਇਆ ਸੀ ਅਤੇ ਉਸ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ਨੂੰ ਅਸੀਂ ਨਹੀਂ ਮੰਨਦੇ ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਦਿੱਤਾ ਗਿਆ ਹੈ ਸਾਨੂੰ ਨਹੀਂ? ਇਹ ਕਿਹੜੀ ਸਿੱਖ ਰਹਿਤ ਮਰਿਯਾਦਾ ਵਿੱਚ ਲਿਖਿਆ ਹੈ? ਕਿਤੇ ਸਵ. ਵਿਦਵਾਨ ਅਤੇ ਸਿੱਖ ਚਿੰਤਕ ਮਹਿੰਦਰ ਸਿੰਘ ਜੋਸ਼ ਦੇ ਲਿਖੇ ਵਾਂਗੂ ਜੱਥੇਦਾਰ ਵੱਲੋਂ ਗਿਆਰਵੀਂ ਪਾਤਸ਼ਾਹੀ ਬਣਨ ਦੇ ਯਤਨ ਤਾਂ ਨਹੀਂ ਸ਼ੁਰੂ ਹੋ ਗਏ।
ਅੱਗੇ ਚੱਲੀਏ! ਜਥੇਦਾਰਾਂ ਵੱਲੋਂ ਪ੍ਰੋ. ਦਰਸ਼ਨ ਸਿੰਘ ਖਾਲਸਾ ਨੂੰ 7 ਜਨਵਰੀ ਨੂੰ ਫਿਰ ਪੇਸ਼ੀ ਲਈ ਸੱਦ ਦਿਆਂ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਕਿਉਂਕਿ ਉਹ ਪੁਜਾਰੀਆਂ ਵੱਲੋਂ ਸਿਰਜੇ ਨਵੇਂ ਅਕਾਲ ਤਖ਼ਤ ਸਾਹਿਬ ਤੇ ਪੇਸ਼ ਨਹੀਂ ਹੋਏ। ਕਿਉਂਕਿ ਪਿਛਲੇ 10 ਸਾਲ ਤੋਂ ਉਹੀ ਦਫ਼ਤਰ ਸੱਭ ਕੁੱਝ ਹੈ, ਪਰ ਇਸ ਬਾਰੇ ਕਦੇ ਕੌਮ ਨੂੰ ਹੁਕਮਨਾਮੇ, ਆਦੇਸ਼ ਜਾਂ ਸੰਦੇਸ਼ ਰਾਹੀਂ ਕਦੇ ਵੀ ਨਹੀਂ ਦੱਸਿਆ ਗਿਆ ਕਿ ਪਿਛਲੇ 10 ਸਾਲਾਂ ਤੋਂ ਨਵੀਂ ਮਰਿਯਾਦਾ ਬਣਾ ਦਿੱਤੀ ਗਈ ਹੈ। ਜੇ ਐਸਾ ਹੋਇਆ ਹੈ ਤਾਂ ਇਸ ਭੁੱਲੇ ਭਟਕੇ ਗੁਰੂ ਦੇ ਕੂਕਰ ਨੂੰ ਵੀ ਦੱਸ ਦੇਣਾ ਤਾਂ ਕਿ ਚਾਨਣ ਹੋ ਸਕੇ ਕਿ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ ਜਾਂ ਫਿਰ ਸਕੱਤਰੇਤ/ਦਫ਼ਤਰ?
ਤਨਖਾਹੀਆ: ਇਸ ਬਾਰੇ ਹੁਕਮਨਾਮਿਆਂ ਨਾਲ ਸਬੰਧਿਤ ਕਿਤਾਬ ਦੇ ਪੰਨਾ 56 ਉੱਪਰ ਲਿਖਿਆ ਹੈ, “ਪੰਥ ਘਾਤੀ, ਬੇਮੁੱਖ, ਗੁਰੂ ਨਿੰਦਕ, ਕੁੜੀਮਾਰ, ਪੰਥ ਨਾਲ ਟਾਕਰਾ ਕਰਨ ਵਾਲੇ, ਪਾਖੰਡੀ ਗੁਰੂ, ਪੰਥਕ ਮਰਿਯਾਦਾ ਤੋੜਨ ਵਾਲੇ, ਪੰਥ ਚੋਂ ਖਾਰਜ ਅਤੇ ਸਿੱਖੀ ਸਿਧਾਂਤਾਂ ਤੋਂ ਗਿਰ ਚੁੱਕਿਆਂ ਨਾਲ ਮਿਲਣ ਵਾਲੇ ਤਨਖਾਹੀਆ ਕਰਾਰ ਦਿੱਤੇ ਜਾਂਦੇ ਰਹੇ, ਇਹ ਗੁਰੂ ਪੰਥ ਦਾ ਵਿਧਾਨ ਅਤੇ ਪਾਰੰਪਰਾ ਹੈ।” ਇਹਨਾਂ ਵਿੱਚੋਂ ਦਸ਼ਮ ਗ੍ਰੰਥ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਰਵਾ ਕੇ ਪੰਥ ਘਾਤੀ, ਬੇਮੁੱਖ, ਗੁਰੂ ਨਿੰਦਕ, ਪੰਥਕ ਮਰਿਯਾਦਾ ਤੋੜਨ ਵਾਲੇ ਕੌਣ ਹਨ? ਖਾਲਸਾ ਜੀ ਸੋਚੋ! ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਸਿੱਖ ਰਹਿਤ ਮਰਿਯਾਦਾ ਦੇ ਪੰਨਾ 31 ਅਨੁਸਾਰ ਤਨਖਾਹੀਆ ਬਾਰੇ ਜ਼ਿਕਰ ਕਰਦਿਆਂ ਇੰਜ ਲਿਖਿਆ ਹੈ:
1. ਮੀਣੇ, ਮਸੰਦ, ਧੀਰਮੱਲੀਏ, ਰਾਮਰਾਈਏ, ਆਦਿਕ ਪੰਥ ਵਿਰੋਧੀਆਂ ਨਾਲ ਜਾਂ ਨੜੀ ਮਾਰ, ਕੁੜੀ ਮਾਰ, ਸਿਰਗੁੰਮ ਨਾਲ ਵਰਤਣ ਵਾਲਾ ਤਨਖਾਹੀਆ ਹੋ ਜਾਂਦਾ ਹੈ।
2. ਬੇ-ਅੰਮ੍ਰਿਤੀਏ ਜਾਂ ਪਤਿਤ ਦਾ ਜੂਠਾ ਖਾਣ ਵਾਲਾ।
3. ਦਾਹੜਾ ਰੰਗਣ ਵਾਲਾ।
4. ਪੁੱਤਰ ਜਾਂ ਧੀ ਦਾ ਸਾਕ ਮੁਲ ਲੈ ਕੇ ਜਾਂ ਦੇ ਕੇ ਕਰਨ ਵਾਲਾ।
5. ਕੋਈ ਨਸ਼ਾ (ਭੰਗ, ਅਫੀਮ, ਸ਼ਰਾਬ, ਪੋਸਤ, ਕੁਕੀਨ, ਆਦਿ) ਵਰਤਣ ਵਾਲਾ।
6. ਗੁਰਮਤਿ ਤੋਂ ਵਿਰੁੱਧ ਕੋਈ ਸੰਸਕਾਰ ਕਰਨ ਕਰਵਾਉਣ ਵਾਲਾ।
7. ਰਹਿਤ ਵਿੱਚ ਕੋਈ ਭੁੱਲ ਕਰਨ ਵਾਲਾ
ਜਥੇਦਾਰੋ ਦੱਸੋਂ ਭਲਾ ਇਹਨਾਂ ਵਿੱਚ ਕਿੱਥੇ ਲਿਖਿਆ ਹੈ ਕਿ ਜਥੇਦਾਰਾਂ ਦੇ ਕਮਰੇ ਵਿੱਚ ਪੇਸ਼ ਹੋਣ ਦੀ ਥਾਂ ਤੇ ਗੁਰੂ ਅਤੇ ਗੁਰੂ ਪੰਥ ਅੱਗੇ ਪੇਸ਼ ਹੋਣ ਵਾਲਾ ਵੀ ਤਨਖਾਹੀਆ ਹੁੰਦਾ ਹੈ। ਨਾ ਹੀ ਉੱਪਰ ਦੱਸੇ ਕਿਸੇ ਬੁਰੇ ਕੰਮਾਂ ਵਿੱਚ ਪ੍ਰੋ. ਖਾਲਸਾ ਨੇ ਕੋਈ ਕੀਤਾ ਹੈ ਜਾਂ ਕੋਈ ਸਾਬਤ ਹੋਇਆ ਹੋਵੇ। ਮੁਆਫ ਕਰਨਾ ਕੌਮ ਦੇ ਆਗੂਓ! ਬੱਸ ਕਰੋ ਹੁਣ। ਮੈਂ ਕੋਈ ਵਿਦਵਾਨ, ਲੇਖਕ, ਬੁੱਧੀਜੀਵੀ ਜਾਂ ਕਿਸੇ ਜਥੇਬੰਦੀ ਵੱਲੋਂ ਕੁੱਝ ਨਹੀਂ ਲਿਖ ਰਿਹਾ। ਮੈਂ ਤਾਂ ਬੀ. ਏ. ਜਮਾਤ ਦਾ ਇੱਕ ਆਮ ਜਿਹਾ ਵਿਦਿਆਰਥੀ ਹਾਂ ਅਤੇ ਨੌਜਵਾਨਾਂ ਦੇ ਮਨਾਂ ਵਿੱਚ ਜੇਕਰ ਇਹ ਸਾਰੇ ਪ੍ਰਸ਼ਨ ਉਤਪੰਨ ਹੋਣ ਲੱਗ ਪਏ ਤਾਂ ਕਿਸੇ ਕੋਲ ਵੀ ਕੋਈ ਜੁਆਬ ਨਹੀਂ ਜੇ ਇਹਨਾਂ ਗੱਲਾਂ ਦਾ। ਅੱਜ ਹਰ ਇੱਕ ਦੇ ਮਨ ਵਿੱਚ ਇਹ ਸਵਾਲ ਪੈਦਾ ਹੋ ਰਹੇ ਹਨ ਕਿ ਕੌਮ ਕਿੱਧਰ ਨੂੰ ਜਾ ਰਹੀ ਹੈ ਤੇ ਲੀਡਰਸ਼ਿਪ ਕਿੱਧਰ ਨੂੰ ਲਿਜਾ ਰਹੀ ਹੈ ਅਤੇ ਜਾਣਾ ਕਿੱਧਰ ਨੂੰ ਹੈ? ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੋ ਰਹੀ ਦੁਰਵਤਰੋਂ ਹੁਣ ਸਾਹਮਣੇ ਆਉਣ ਲੱਗ ਪਈ ਜੇ।
ਵਿਸ਼ਾ ਬਹੁੱਤ ਲੰਬਾ ਹੋ ਰਿਹਾ ਹੈ ਇਸ ਲਈ ਸੰਖੇਪ ਮਾਤਰ ਆਉ ਥੋੜਾ ਜਿਹੀ ਨਜ਼ਰ ਜਾਰੀ ਕੀਤੇ ਕੁੱਝ ਪੁਰਾਣੇ ਹੁਕਮਨਾਮਿਆਂ ਤੇ ਵੀ ਮਾਰ ਲਈਏ ਤਾਂ ਕਿ ਪਤਾ ਲੱਗ ਸਕੇ ਕਿ ਸ੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਹਨਾਂ ਦੀ ਕਿੰਨੀ ਕੁ ਪਾਲਣਾ ਕਰ ਰਹੇ ਹਨ? ਬਾਕੀ ਜਾਰੀ ਹੋਈ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਦੀ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਵਿੱਚ ਹੋ ਰਹੀ ਦੁਰਦਸ਼ਾ ਬਾਰੇ ਤਾਂ ਸੱਭ ਜਾਣਦੇ ਹੀ ਹਨ।
13 ਜੂਨ 1939 ਨੂੰ ਮੋਹਨ ਸਿੰਘ ਨਾਗੋਕੇ ਦੀ ਜਥੇਦਾਰੀ ਸਮੇਂ ਇੱਕ ਹੁਕਮਨਾਮਾ ਸੰਗਤ-ਪੰਗਤ ਬਾਰੇ ਜਾਰੀ ਹੋਇਆ ਕਿ “ਸੰਗਤ-ਪੰਗਤ ਵਿੱਚ ਸੱਭ ਨਾਲ ਇੱਕੋ ਜਿਹਾ ਵਿਹਾਰ ਕਰਨਾ ਹੈ।” ਗੁਰਬਾਣੀ ਦਾ ਵੀ ਇਹੀ ਸਿਧਾਂਤ ਹੈ। ਹੁਣ ਜਦੋਂ ਸਾਡੇ ਹਾਕਮ ਬਾਦਲ ਹੁਰੀਂ ਵੋਟਾਂ ਮੰਗਣ ਵੇਲੇ ਤੇ ਡੇਰੇਦਾਰਾਂ ਦੇ ਪੈਰਾਂ ਵਿੱਚ ਬੈਠੇ ਹੁੰਦੇ ਹਨ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਿਸ਼ੇਸ਼ ਕੁਰਸੀ ਜਾਂ ਆਸਣ ਲਗਾ ਕੇ ਬੈਠਦੇ ਹਨ। ਦੂਜਾ ਕਮੇਟੀ ਪ੍ਰਧਾਨ ਦੀ ਆਮਦ ਤੇ ਕੀਰਤਨੀਆਂ ਦੇ ਪਿੱਛੇ ਬੈਠੀ ਸੰਗਤ ਨੂੰ ਉਠਾਇਆ ਗਿਆ ਸੀ ਜੋ ਟੀ. ਵੀ. ਤੇ ਸਾਰੇ ਸਿੱਖ ਸਮਾਜ ਨੇ ਦੇਖਿਆ। ਤੀਜਾ ਬਾਦਲ ਸਰਕਾਰ ਦਾ ਕੋਈ ਵੀ ਨੁਮਾਇੰਦਾ ਸ੍ਰੀ ਦਰਬਾਰ ਸਾਹਿਬ ਆਵੇ ਤਾਂ ਸਿਰੋਪਾਉ, ਪਰ ਜੇਕਰ ਸਾਲ ਦੇ ਬੇਹਤਰੀਨ ਸਿੱਖ ਦਾ ਮਾਣ ਹਾਸਲ ਕਰਨ ਵਾਲੀ ਪ੍ਰਨੀਤ ਕੌਰ ਆਵੇ ਤਾਂ ਖਾਲੀ ਹੱਥ। ਕੀ ਕਦੇ ਅਕਾਲ ਤਖ਼ਤ ਸਾਹਿਬ ਤੋਂ ਇਹਨਾਂ ਬਾਰੇ ਕਾਰਵਾਈ ਹੋਵੇਗੀ?
ਨਵੰਬਰ 1948 ਦੀ ਦੀਵਾਲੀ ਤੇ ਜਾਰੀ ਕੀਤੇ ਹੁਕਮਨਾਮੇ ਵਿਚ ਸਿੱਖਾਂ ਨੂੰ “ਸ਼ਰਾਬ ਪੀਣ ਦਾ ਤਿਆਗ ਕਰਨ” ਦੀ ਗੱਲ ਆਖੀ ਗਈ ਸੀ। ਕੀ ਸ਼੍ਰੋਮਣੀ ਕਮੇਟੀ ਦੇ ਉੱਚ ਅਹੁਦੇ ਅਤੇ ਆਮ ਮੁਲਾਜ਼ਮ ਤੇ ਇਹ ਸ਼ਰਤ ਲਾਗੂ ਹੁੰਦੀ ਹੈ?
24 ਅਪ੍ਰੈਲ 1985 ਜਥੇਦਾਰ ਕ੍ਰਿਪਾਲ ਸਿੰਘ ਦੀ ਜੱਥੇਦਾਰੀ ਸਮੇਂ ਜਾਤ ਪਾਤ ਸਬੰਧੀ ਜਾਰੀ ਹੋਏ ਇੱਕ ਹੁਕਮਨਾਮੇ ਵਿੱਚ ਲਿਖਿਆ ਹੈ ਕਿ, “ਕੋਈ ਸਿੰਘ ਜਾਂ ਸਿੰਘਣੀ ਆਪਣੇ ਨਾਮ ਨਾਲ ਜਾਤ-ਗੋਤ ਦੀ ਵਰਤੋਂ ਨਾ ਕਰੇ, ਇਹ ਮਨਮੱਤ ਹੈ।” ਕੀ ਇਹ ਸ਼ਰਤ ਕਮੇਟੀ ਦੇ ਮੁਲਾਜ਼ਮਾਂ ਪੁਰ ਭੀ ਲਾਗੂ ਹੁੰਦੀ ਹੈ?
16 ਸਤੰਬਰ 1986 ਨੂੰ ਪੰਥਕ ਏਕਤਾ ਬਾਰੇ ਹੁਕਮਨਾਮਾ ਜਾਰੀ ਹੋਇਆ ਸੀ, ਕੀ 3 ਨਵੰਬਰ 2009 ਨੂੰ ਸਿੱਖ ਕਤਲੇਆਮ ਦੇ ਰੋਸ ਵਜੋਂ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਦਿੱਤੀ ਪੰਜਾਬ ਬੰਦ ਦੀ ਕਾਲ ਵੇਲੇ ਸ਼੍ਰੋਮਣੀ ਕਮੇਟੀ ਦਫ਼ਤਰ ਖੋਲ੍ਹ ਕੇ ਪੰਥਕ ਏਕਤਾ ਦੇ ਸਬੰਧਿਤ ਹੁਕਮਨਾਮੇ ਦੀ ਧੱਜੀਆਂ ਨਹੀ ਉਡਾ ਕੇ ਗਈ। ਕੋਈ ਕਾਰਵਾਈ ਹੋਵੇਗੀ?
6 ਫਰਵਰੀ 1995 ਨੂੰ ਪ੍ਰਕਾਸ਼ਕਾਂ, ਲੇਖਕਾਂ ਬਾਰੇ ਹੁਕਮਨਾਮਾ ਜਾਰੀ ਹੋਇਆ ਸੀ ਕਿ “ਗੁਰਬਾਣੀ ਦੇ ਕਿਸੇ ਵੀ ਗੁਟਕੇ ਜਾਂ ਪੋਥੀ ਨੂੰ ਛਾਪਣ ਵੇਲੇ ਗੁਰੂ ਸਾਹਿਬ, ਕਿਸੇ ਸਾਧੂ, ਮਹਾਤਮਾ, ਲੇਖਕ ਆਦਿ ਦੀ ਫੋਟੋ ਨਾ ਛਾਪੀ ਜਾਵੇ। ਇਸਦੇ ਨਾਲ ਹੀ ਗੁਟਕੇ ਜਾਂ ਪੋਥੀ ਦੇ ਆਰੰਭ ਵਿੱਚ ਤਤਕਰੇ ਤੋਂ ਬਿਨ੍ਹਾਂ, ਕੋਈ ਐਸੀ ਭੂਮਿਕਾ ਨਾ ਲਿਖੀ ਜਾਵੇ ਜੋ ਗੁਰਬਾਣੀ ਜਾਂ ਗੁਰ-ਇਤਿਹਾਸ ਨੂੰ ਗੁਰੂ ਸਿਧਾਂਤਾਂ ਤੋਂ ਲਾਂਭੇ ਲਿਜਾਣ ਵਾਲੀ ਹੋਵੇ।” ਪਰ ਇਹ ਸੱਭ ਕੁੱਝ ਚੱਲ ਰਿਹਾ ਹੈ, ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਹੀ ਗੁਰ ਬਿਲਾਸ ਪਾ: 6 ਅਤੇ ਸਿੱਖ ਇਤਿਹਾਸ ਛਾਪ ਚੁੱਕੀ ਹੈ ਤਾਂ ਕਿਸੇ ਹੋਰ ਵਿਰੁੱਧ ਕੀ ਕਾਰਾਵਈ ਕਰੋਗੇ?
ਇਸੇ ਤਰ੍ਹਾਂ 9 ਫਰਵਰੀ 1996 ਨੂੰ ਹਰਮੰਦਿਰ ਸਾਹਿਬ ਵਿਖੇ ਬੀਬੀਆਂ ਨੂੰ ਸੇਵਾ ਕਰਨ ਸਬੰਧੀ ਹੁਕਮਾਨਾਮਾ ਜਾਰੀ ਹੋਇਆ, ਪਰ ਗਿਆਨੀ ਗੁਰਬਚਨ ਸਿੰਘ ਜੀ ਆਪ ਹੀ ਕਹੀ ਜਾ ਰਹੇ ਹਨ ਕਿ ਬੀਬੀਆਂ ਅਖੰਡਪਾਠ ਦੀ ਰੌਲ ਨਹੀਂ ਲਗਾ ਸਕਦੀਆਂ, ਦਰਬਾਰ ਸਾਹਿਬ ਕੀਰਤਨ ਨਹੀਂ ਕਰ ਸਕਦੀਆਂ। 27 ਅਗੱਸਤ 1998 ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਕੱਚੀ ਬਾਣੀ ਪੜ੍ਹਨ ਵਾਲੇ ਰਾਗੀ ਸਿੰਘਾਂ ਨੂੰ ਤਨਖਾਹ ਲਗਾਈ ਗਈ ਸੀ ਪਰ ਅੱਜ ਕੱਚੀ ਬਾਣੀ ਪੜ੍ਹਨ ਵਾਲੇ ਸਾਧ ਟੋਲਿਆਂ ਨਾਲ ਤੁਹਾਡੀ ਸਾਂਝ ਭਿਆਲੀ ਹੈ, ਕੋਈ ਕਾਰਵਾਈ ਹੋਵੇਗੀ?
ਪਹਿਲਾਂ ਜਦ ਗੁਰਬਖਸ਼ ਸਿੰਘ ਕਾਲਾ ਅਫਗਾਨਾ ਅਤੇ ਜੋਗਿੰਦਰ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੁਜਾਰੀਆਂ ਅੱਗੇ ਪੇਸ਼ ਨਾ ਹੋਏ ਅਤੇ ਚੈਲੰਜ ਦਿੱਤਾ ਕਿ ਉਹ ਕਿਸੇ ਬੰਦੇ ਅੱਗੇ ਪੇਸ਼ ਨਹੀਂ ਹੋਣਗੇ, ਬਹੁੱਤ ਵਧੀਆ ਸਟੈਂਡ ਸੀ, ਪਰ ਫਿਰ ਵੀ ਕਦੇ-ਕਦੇ ਪੰਥਕ ਇੱਕਸਾਰਤਾ ਲਈ ਮੇਰੇ ਦਿਮਾਗ ਵਿੱਚ ਇਹ ਗੱਲ ਆ ਜਾਂਦੀ ਸੀ ਕਿ ਇਹਨਾਂ ਨੂੰ ਅਕਾਲ ਤਖ਼ਤ ਸਾਹਿਬ ਇੱਕ ਵਾਰ ਜਾ ਆਉਣਾ ਚਾਹੀਦਾ ਸੀ, ਪਰ ਜਦ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਦੇ ਕੇਸ ਨੂੰ ਨੇੜੇ ਹੋ ਕੇ ਦੇਖਿਆ ਤਾਂ ਸਮਝ ਆਈ ਕਿ ਚੰਗਾ ਹੋਇਆ ਕਿ ਉਹ ਪੇਸ਼ ਨਹੀਂ ਹੋਏ ਅਤੇ ਪੁਜਾਰੀਵਾਦ ਨੂੰ ਰੱਦ ਕਰ ਦਿੱਤਾ ਸੀ ਨਹੀਂ ਤਾਂ ਆਹ ਕੁੱਝ ਹੀ ਉਹਨਾਂ ਨਾਲ ਹੋਣਾ ਸੀ। ਅੰਤ ਵਿੱਚ ਸਮੁੱਚੀ ਕੌਮ ਨੂੰ ਇਹੋ ਹੀ ਬੇਨਤੀ ਕਰਨੀ ਚਾਹਵਾਂਗਾ ਕਿ ਸੁਚੇਤ ਹੋਈਏ ਆਪਣੇ ਨੌਜਵਾਨ ਪੀੜ੍ਹੀ ਨੂੰ ਵਿੱਦਿਆ ਵਾਨ ਬਣਾਈਏ ਜੋ ਤਰਕ, ਦਲੀਲ ਦੀ ਭਾਸ਼ਾ ਤੋਂ ਕੰਮ ਲਵੇ ਅਤੇ ਯੋਗ ਲੀਡਰਸ਼ਿਪ ਦੇ ਕਾਬਲ ਬਣ ਸਕੇ। ਇਹ ਕੰਮ ਕਿਸੇ ਇੱਕ ਵਿਅਕਤੀ, ਸੰਸਥਾ, ਜਥੇਬੰਦੀ ਵੱਲੋਂ ਨਹੀਂ ਹੋਣਾ। ਇਸ ਕਾਰਜ ਲਈ ਸਾਰੀ ਕੌਮ ਨੂੰ ਸੁਚੇਤ ਹੋਣਾ ਪਵੇਗਾ ਅਤੇ ਕੌਮੀ ਪੱਧਰ ਤੇ ਸੋਚਣਾ ਪਵੇਗਾ। ਸਾਰਿਆਂ ਨੂੰ ਰੱਲ ਮਿਲ ਕੇ ਹੀ ਪੰਥ ਬਚਾਉਣਾ ਪਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਮਤਲੱਬ ਪ੍ਰਸਤਾਂ ਤੋਂ ਆਜ਼ਾਦ ਕਰਵਾਉਣਾ ਪਵੇਗਾ। ਇਹੀ ਸਮੇਂ ਦੀ ਫੌਰੀ ਮੰਗ ਹੈ ਜਾਂ ਫਿਰ ਸਾਰੇ ਸਿਸਟਮ ਨੂੰ ਬਦਲਣ ਦੀ ਮੁੱਖ ਲੋੜ ਹੈ। ਬਾਕੀ ਵਾਹਿਗੁਰੂ ਸਮੁੱਤ ਬਖਸ਼ੇ ਸਾਡੀ ਕੌਮ ਅਤੇ ਇਸਦੀ ਲੀਡਰਸ਼ਿਪ ਨੂੰ। ਗੁਰੂ ਭਲੀ ਕਰੇ।
-ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋ. 098150-24920




.