.

‘ਗੁਰੂ’ ਪਦ ਬਾਰੇ ਵਿਚਾਰ ਦੇ ਆਏ ਇਤਰਾਜ਼ਾਂ ਦੇ ਜਵਾਬ!

‘ਤੱਤ ਗੁਰਮਤਿ ਪਰਿਵਾਰ’ ਵਲੋਂ ਸਿੱਖ ਮਾਰਗ ਵੈਬਸਾਈਟ `ਤੇ ‘ਗੁਰੂ’ ਪਦ ਬਾਰੇ ਗੁਰਮਤਿ ਆਧਾਰਿਤ ਲੇਖ “ਸਾਚਾ ਸਤਿਗੁਰੂ ਕੋਣ?” ਪਾਇਆ ਗਿਆ ਸੀ। ਇਸ ਲੇਖ ਰਾਹੀਂ ਅਸੀਂ ਆਪਣੀ ਗੁਰਮਤਿ ਦੀ ਸਮਝ ਦੇ ਆਧਾਰ `ਤੇ ਇਹ ਵਿਚਾਰ ਪਾਠਕਾਂ ਅਤੇ ਵਿਦਵਾਨਾਂ ਸਾਹਮਣੇ ਰਖਿਆ ਸੀ ਕਿ ਗੁਰਮਤਿ ਅਨੁਸਾਰ ਸ਼ਰੀਰ ‘ਗੁਰੂ’ ਨਹੀਂ ਹੁੰਦਾ, ਸੋ ਨਾਨਕ ਸਰੂਪਾਂ ਲਈ ‘ਗੁਰੂ’ ਪਦ ਵਰਤਣਾ ਗੁਰਮਤਿ ਦੀ ਉਲੰਘਣਾ ਹੈ। ਇਸ ਲੇਖ ਵਿੱਚ ਅਸੀਂ ਆਪਣੇ ਵਿਚਾਰ ਦੇ ਹੱਕ ਵਿੱਚ ਗੁਰਬਾਣੀ ਦਲੀਲ ਆਧਾਰਿਤ ਪੰਜ-ਸੱਤ ਨੁਕਤੇ ਪੇਸ਼ ਕੀਤੇ ਸਨ, ਜੋ ਇਹ ਸਾਬਿਤ ਕਰਦੇ ਸਨ ਕਿ ਨਾਨਕ ਸਰੂਪਾਂ ਲਈ ‘ਗੁਰੂ’ ਪਦ ਵਰਤਨਾ ਸਿਧਾਂਤ ਵਿਰੁਧ ਹੈ। ਕੌਮ ਵਿੱਚ ਪਿਛਲੇ 200-250 ਸਾਲਾਂ ਤੋਂ ਇਹ ਗੱਲ ਪ੍ਰਚਾਰੀ ਗਈ ਹੈ।

ਸਾਡਾ ਇਹ ਨੁਕਤਾ ਬਹੁਤੇ ਪਾਠਕਾਂ ਨੂੰ ਹਜ਼ਮ ਨਹੀਂ ਹੋਇਆ। ਅਸੀਂ ਵੀ ਜਾਣਦੇ ਸਾਂ ਕਿ ਜਿਹੜੀ ਗੱਲ ਪਿਛਲੇ 200-250 ਸਾਲਾਂ ਤੋਂ ਘੁੱਟ-ਘੁੱਟ ਕੇ ਸ਼ਰਧਾ ਦੇ ਨਾਂ ਹੇਠ ਕੌਮ ਵਿੱਚ ਪ੍ਰਚਾਰੀ ਗਈ ਹੋਵੇ, ਉਸ ਬਾਰੇ ਇੱਕ ਲੇਖ ਰਾਹੀਂ ਵਿਚਾਰ ਬਦਲ ਜਾਣਾ ਸੰਭਵ ਨਹੀਂ ਸੀ। ਪਰ ਸਾਡੀ ਉਮੀਦ ਸੀ ਕਿ ਜਾਗਰੂਕ ਪਾਠਕ ਅਤੇ ਵਿਦਵਾਨ ਸਾਡੇ ਵਲੋਂ ਉਠਾਏ ਨੁਕਤਿਆਂ ਦੇ ਆਧਾਰ `ਤੇ ਆਪਣੀ ਵਿਚਾਰ ਦੇਣਗੇ। ਇਸ ਲੇਖ ਦੇ ਪ੍ਰਤੀਕਰਮ ਵਜੋਂ ਅਨੇਕਾਂ ਵੀਰਾਂ ਦੇ ਵਿਚਾਰ ਆਏ। ਕੁੱਝ ਵੀਰਾਂ ਨੇ ਸਾਡੇ ਨੁਕਤੇ ਦੀ ਪ੍ਰੋਢਤਾ ਕੀਤੀ ਅਤੇ ਕੁੱਝ ਵੀਰਾਂ ਨੇ ਇਸ ਵਿਚਾਰ ਦੀ ਆਲੋਚਨਾ ਵੀ ਕੀਤੀ। ਅਸੀਂ ਆਲੋਚਨਾ ਦਾ ਖਿੜੇ ਮੱਥੇ ਸਵਾਗਤ ਕਰਦੇ ਹਾਂ। ਪਰ ਅਫਸੋਸ ਸਿਰਫ ਇੰਨਾਂ ਹੈ ਕਿ ਕਿਸੇ ਵੀ ਆਲੋਚਕ ਨੇ ਸਾਡੇ ਵਲੋਂ ਉਠਾਏ ਨੁਕਤਿਆਂ ਦੀ ਗੱਲ ਨਹੀਂ ਕੀਤੀ ਬਲਕਿ ਕੁੱਝ ਹੋਰ ਨਵੇਂ ਸੰਕੇ/ਇਤਰਾਜ਼ ਖੜੇ ਕੀਤੇ ਹਨ। ਜ਼ਰੂਰੀ ਸੀ ਕਿ ਨਵੇਂ ਇਤਰਾਜ਼ ਖੜੇ ਕਰਨ ਤੋਂ ਪਹਿਲਾਂ ਸਾਡੇ ਉਠਾਏ ਨੁਕਤਿਆਂ ਬਾਰੇ ਵਿਚਾਰ ਕੀਤੀ ਜਾਂਦੀ। ਨਵੇਂ ਆਏ ਸ਼ੰਕਿਆਂ/ਇਤਰਾਜ਼ਾਂ ਦੇ ਨੁਕਤਾਵਾਰ ਜਵਾਬ/ਸਪਸ਼ਟੀਕਰਨ ਵੀ, ਅਸੀਂ ਆਪਣੀ ਸਮਝ ਅਨੁਸਾਰ ਗੁਰਮਤਿ ਦੇ ਆਧਾਰ `ਤੇ ਦੇਣ ਦਾ ਯਤਨ ਕਰਾਂਗੇ। ਪਾਠਕਾਂ/ਵਿਦਵਾਨਾਂ ਨੂੰ ਵੀ ਬੇਨਤੀ ਹੈ ਕਿ ਉਹ ਵਿਚਾਰ ਨੁੱਕਤਾ ਆਧਾਰਿਤ ਹੀ ਕਰਨ ਦੀ ਕ੍ਰਿਪਾ ਕਰਨ। ਕੁੱਝ ਪਾਠਕ ਭਾਵੁਕ ਅਤੇ ਜਜ਼ਬਾਤੀ ਹੋ ਕੇ ਨਿਜੀ ਕਿਸਮ ਦੇ ਇਲਜ਼ਾਮਾਂ/ਵਿਚਾਰਾਂ `ਤੇ ਉਤਰ ਆਉਂਦੇ ਹਨ, ਜੋ ਸਾਡੀ ਜਾਚੇ ਜਾਇਜ਼ ਨਹੀਂ।

ਲੇਖ ਪ੍ਰਕਾਸ਼ਿਤ ਹੋਣ ਤੋਂ ਬਾਅਦ ਹੇਠ ਲਿਖੇ ਸ਼ੰਕੇ ਜਾਂ ਨਵੇਂ ਇਤਰਾਜ਼ ਆਲੋਚਕਾਂ ਵਲੋਂ ਆਏ।

(1) ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਅੰਗਦ ਸਾਹਿਬ ਜੀ ਕੀ ਕਹਿ ਕੇ ਬੁਲਾਉਂਦੇ ਸਨ? ਜਾਂ ਸੰਗਤ ਉਨ੍ਹਾਂ ਨੂੰ ਕੀ ਕਹਿ ਕੇ ਬੁਲਾਉਂਦੀ ਸੀ?

(2) ਪਾਤਸ਼ਾਹ ਗੁਰਬਾਣੀ ਵਿੱਚ ਕਿਸ ਲਈ ਵਰਤਿਆ ਗਿਆ ਹੈ?

(3) 1469 ਤੋਂ 1708 ਤੱਕ ‘ਸ਼ਬਦ ਗੁਰੂ’ ਨਾਨਕ ਸਰੂਪਾਂ ਵਲੋਂ ਦਿੱਤਾ, ਵੰਡਿਆ ਅਤੇ ਪ੍ਰਚਾਰਿਆ ਗਿਆ। 1708 ਤੋਂ ‘ਸ਼ਬਦ ਗੁਰੂ’ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਹੈ।

(4) ਜੇ ਸਿਆਹੀ ਅਤੇ ਕਾਗਜ਼ ‘ਗੁਰੂ’ ਨਾ ਹੁੰਦੇ ਹੋਏ ਵੀ ‘ਗ੍ਰੰਥ’ ਗੁਰੂ ਕਹਿਲਾ ਸਕਦਾ ਹੈ ਤਾਂ ਉਸੇ ਤਰ੍ਹਾਂ ਨਾਨਕ ਸਰੂਪਾਂ ਦੇ ‘ਸ਼ਰੀਰ’ ਵੀ ‘ਗੁਰੂ’ ਕਿਉਂ ਨਹੀਂ ਕਹਿਲਾ ਸਕਦੇ? ‘ਸ਼ਰੀਰ ਅਤੇ ਆਤਮਾ’ ‘ਕਾਗਜ਼ ਅਤੇ ਸਿਆਹੀ’ ਵਾਂਗੂ ਹੀ ਤਾਂ ਹਨ।

(5) ਵਿਆਕਰਣ ਅਤੇ ਪ੍ਰੋ. ਸਾਹਿਬ ਸਿੰਘ ਜੀ ਵਲੋਂ ਕੀਤੇ ਅਰਥਾਂ ਅਨੁਸਾਰ ਅਰਥ ਕਰਨ `ਤੇ ਜ਼ੋਰ? ਵਾਰ-ਵਾਰ ਇਹ ਕਹਿਣਾ ਕਿ ‘ਗੁਰਬਾਣੀ’ ਲਿਖਦੇ ਸਮੇਂ ਵਿਆਕਰਣ `ਤੇ ਵੱਡਾ ਧਿਆਨ ਦਿੱਤਾ ਗਿਆ ਹੈ।

(6) ‘ਗੁਰੂ’ ਅਤੇ ਰਾਮ (ਦਸ਼ਰਥ ਪੁਤਰ) ਪਦਾਂ ਦੀ ਤੁਲਨਾ ਕਰਕੇ ‘ਗੁਰੂ’ ਪਦ ਜਾਇਜ਼ ਦੱਸਣਾ। ਨਾਲ ਹੀ ਰਾਮ, ਹਰੀ, ਨਰਾਇਣ ਆਦਿ ਲਫਜ਼ਾਂ ਦਾ ਸਦੀਆਂ ਤੋਂ ਵਰਤਿਆ ਜਾਣਾ ਅਤੇ ਗੁਰਬਾਣੀ ਵਿੱਚ ਹੀ ਇਹ ਲਫਜ਼ ਵਰਤੇ ਹੋਣ ਦਾ ਹਵਾਲਾ।

(7) ਡੇਰਿਆਂ ਵਲੋਂ ਆਪਣੇ ਮੁਖੀਆਂ ਲਈ ‘ਗੁਰੂ’ ਪਦ ਵਰਤਣਾ ਉਨ੍ਹਾਂ ਦੇ ਪੈਰੋਕਾਰਾਂ ਲਈ ਜਾਇਜ਼ ਹੈ। ਨਾਨਕ ਜਾਮਿਆਂ ਲਈ ‘ਗੁਰੂ’ ਵਰਤਨਾ ਸਿੱਖਾਂ ਲਈ ਜ਼ਾਇਜ਼ ਹੈ।

(8) ਕਿਉਂਕਿ ਸਦੀਆਂ ਤੋਂ ਚਲੀ ਆ ਰਹੀ ਮਾਨਸਿਕਤਾ ਕਾਰਨ ਭਾਰਤੀ ਸਮਾਜ ‘ਦੇਹਧਾਰੀ ਗੁਰੂ’ ਵਾਲੀ ਸੋਚ ਨੂੰ ਇੱਕਦਮ ਨਹੀਂ ਤਿਆਗ ਸਕਦਾ ਸੀ ਜਾਂ ‘ਸ਼ਬਦ ਗੁਰੂ’ ਨਾਲ ਇੱਕਦਮ ਨਹੀਂ ਜੁੜ ਸਕਦਾ ਸੀ, ਇਸ ਲਈ ਦਸ ਨਾਨਕ ਸਰੂਪਾਂ ਵਿੱਚ ‘ਸ਼ਬਦ ਗੁਰੂ’ ਦੀ ਜੋਤ ਟਿਕਾ ਕੇ 239 ਸਾਲ ਇਸ ਦਾ ਪ੍ਰਚਾਰ ਕੀਤਾ ਗਿਆ। ਪੁਰੀ ਤਸੱਲੀ ਹੋਣ `ਤੇ ਕਿ ਹੁਣ ਇਸ ਨੂੰ ‘ਦੇਹਧਾਰੀ ਗੁਰੂ’ ਦੀ ਲੋੜ ਨਹੀਂ ਰਹੀ, 1708 ਈ. ਵਿੱਚ ‘ਦੇਹਧਾਰੀ ਗੁਰੂਡੰਮ’ ਦਾ ਹਮੇਸ਼ਾਂ ਲਈ ਖਾਤਮਾ ਕਰ ਦਿੱਤਾ ਗਿਆ। (ਕ੍ਰਿਪਾਲ ਸਿੰਘ ਜੀ ‘ਬਠਿੰਡਾ’ )

(9) ਬਾਬੇ ਨਾਨਕ ਨੇ ਆਪ ਤਾਂ ‘ਗੁਰੂ’ ਨਹੀਂ ਕਹਾਇਆ ਪਰ ਮਗਰਲੇ ਨਾਨਕ ਸਰੂਪਾਂ ਨੇ ਉਨ੍ਹਾਂ ਨੂੰ ‘ਗੁਰੂ’ ਲਿਖਿਆ ਹੈ। ਕੁੱਝ ਗੁਰਬਾਣੀ ਤੁੱਕਾਂ ਦੇ ਹਵਾਲੇ ਵੀ ਦਿੱਤੇ ਹਨ ਜਿਵੇਂ ਕਿ:-

--ਗੁਰੂ ਨਾਨਕ ਤੁਠਾ ਕੀਨੀ ਦਾਤ

--ਗੁਰੁ ਨਾਨਕ ਦੇਖ ਵਿਗਸੀ ਮੇਰੇ ਪਿਆਰੇ (ਆਦਿ---)

(10) ਜੇ ਚੌਥੇ, ਪੰਜਵੇਂ ਨਾਨਕ ਸਰੂਪ, ਬਾਬੇ ਨਾਨਕ ਨੂੰ ਗੁਰੂ ਕਹਿੰਦੇ ਸਨ ਤਾਂ ਸਾਡੀ ਕੀ ਸਤਿਆ ਹੈ? ਇਹ ਕਹਿਣ ਵਿੱਚ ਕੋਈ ਸ਼ਰਮ ਨਹੀਂ ਕਿ ਤੁਸੀਂ (ਤੱਤ ਗੁਰਮਤਿ ਵਾਲੇ) ਚੌਥੇ, ਪੰਜਵੇਂ ਗੁਰੂ ਸਾਹਿਬਾਨ, ਭਾਈ ਸੱਤਾ ਬਲਵੰਡ ਜੀ, ਭਾਈ ਗੁਰਦਾਸ ਜੀ, ਭਾਈ ਕ੍ਹਾਨ ਸਿਂਘ ਜੀ ਨਾਭਾ, ਪ੍ਰੋ. ਸਾਹਿਬ ਸਿੰਘ ਜੀ ਆਦਿ ਤੋਂ ਜ਼ਿਆਦਾ ਸਿਆਣੇ ਨਹੀਂ, ਜਿਹੜੇ ਨਾਨਕ ਸਰੂਪਾਂ ਨੂੰ ‘ਗੁਰੂ’ ਕਹਿ ਕੇ ਸੰਬੋਧਨ ਕਰਦੇ ਸਨ।

(11) ਬਾਬੇ ਨਾਨਕ ਨੇ ਖੁਦ ਨੂੰ ਗੁਰਬਾਣੀ ਵਿੱਚ ‘ਗੁਰੂ’ ਨਹੀਂ ਕਿਹਾ ਪਰ ਉਨ੍ਹਾਂ ਨੇ ਖੁਦ ਨੂੰ ਨਿਮਰਤਾ ਵਿੱਚ ਰਹਿ ਕੇ ਨੀਚ, ਦਾਸ ਆਦਿ ਕਿਹਾ ਹੈ। ਕੀ ਅਸੀਂ ਵੀ ਉਸ ਤਰ੍ਹਾਂ ਕਰੀਏ ਭਾਵ ਉਨ੍ਹਾਂ ਨੂੰ ਨੀਚ, ਦਾਸ ਆਦਿ ਮੰਨ ਲਈਏ?

(12) ਸਾਡੇ ਵਲੋਂ ਕੁੱਝ ਤੁੱਕਾਂ ਦੇ ਸਿਧਾਂਤ ਅਨੁਸਾਰੀ ਅਰਥ ਕੀਤੇ ਵੇਖ ਕੇ 10-12 ਤੁੱਕਾਂ ਹੋਰ ਸਾਹਮਣੇ ਰੱਖ ਦੇਣੀਆਂ ਕਿ ਇਨ੍ਹਾਂ ਦੇ ਵੀ ਅਰਥ ਕਰੋ। (ਕਈਂ ਵੀਰ)

ਆਓ ਹੁਣ ਇਹ ਨੁਕਤਿਆਂ `ਤੇ ਕ੍ਰਮਵਾਰ ਵਿਚਾਰ ਕਰਦੇ ਹਾਂ।

(1) ਸਿੱਖ ਇਤਿਹਾਸ ਦਾ ਜਿਹੜਾ ਸਰੂਪ ਮਿਲਦਾ ਹੈ ਉਹ ਪੂਰਾ ਪ੍ਰਮਾਣਿਕ ਨਹੀਂ ਹੈ। ਇਨ੍ਹਾਂ ਦਾ ਮੁੱਖ ਸ੍ਰੋਤ ਗੁਰਬਿਲਾਸ, ਜਨਮਸਾਖੀਆਂ, ਗੁਰ ਪ੍ਰਤਾਪ ਸੂਰਜ ਆਦਿ ਹਨ, ਜੋ ਬ੍ਰਾਹਮਣਵਾਦੀ ਅੰਸ਼ਾਂ ਨਾਲ ਭਰਪੂਰ ਹਨ। ਇਸ ਕਰਕੇ ਸੱਚ ਦੀ ਪਹਿਚਾਣ ਕਰਨ ਲਈ ਸਾਡੇ ਕੋਲ ਇਕੋ-ਇਕ ਕਸਵੱਟੀ ‘ਗੁਰੂ ਗ੍ਰੰਥ ਸਾਹਿਬ ਜੀ’ ਹਨ। ਹੁਣ ਜਦ ਗੁਰਬਾਣੀ ਦੇ ਆਧਾਰ `ਤੇ ਇਹ ਵਿਚਾਰ ਚਲ ਰਹੀ ਹੋਵੇ ਕਿ ਨਾਨਕ ਸਰੂਪਾਂ ਲਈ ‘ਗੁਰੂ’ ਪਦ ਵਰਤਣਾ ਗੁਰਮਤਿ ਵਿਰੁਧ ਹੈ, ਤਾਂ ਐਸੇ ਸਵਾਲ ਬੇਮਾਇਨਾ ਹੋ ਜਾਂਦੇ ਹਨ ਕਿ ਮਗਰਲੇ ਨਾਨਕ ਸਰੂਪਾਂ ਜਾਂ ਸੰਗਤ, ਨਾਨਕ ਸਰੂਪਾਂ ਨੂੰ ਕੀ ਕਹਿ ਕੇ ਬੁਲਾਉਂਦੀ ਸੀ? ਕੋਈ ਪੂਰੀ ਤਰ੍ਹਾਂ ਪ੍ਰਮਾਣਿਕ ਲਿਖਤ ਸਾਡੇ ਕੋਲ ਨਹੀਂ, 400 ਸਾਲ ਪਿੱਛੇ ਫਿਲਹਾਲ ਅਸੀਂ ਜਾ ਨਹੀਂ ਸਕਦੇ, ਜੋ ਵੇਖ ਕੇ ਆਈਏ ਕਿ ਨਾਨਕ ਸਰੂਪਾਂ ਨੂੰ ਸੰਗਤ ਕੀ ਕਹਿ ਕੇ ਬੁਲਾਉਂਦੀ ਸੀ। ਫੇਰ ਕਿਉਂ ਨਾ ਇਹ ਵਿਚਾਰ ‘ਗੁਰਬਾਣੀ’ ਤੱਕ ਹੀ ਸੀਮਤ ਰੱਖੀ ਜਾਵੇ? ਜੋ ਅਸਲੀ ਕਸਵੱਟੀ ਹੈ। ‘ਗੁਰਬਾਣੀ’ ਦੇ ਆਧਾਰ `ਤੇ ਅਸੀਂ ਵੇਖ ਹੀ ਚੁੱਕੇ ਹਾਂ ਕਿ ਗੁਰਮਤਿ ਅਨੁਸਾਰ ਸ਼ਰੀਰ ‘ਗੁਰੂ’ ਨਹੀਂ ਹੋ ਸਕਦਾ।

(2) ‘ਪਾਤਸ਼ਾਹ’ ਗੁਰਬਾਣੀ ਵਿੱਚ ਪ੍ਰਸੰਗ ਅਨੁਸਾਰ ਕਈਂ ਅਰਥਾਂ ਵਿੱਚ ਵਰਤਿਆ ਮਿਲਦਾ ਹੈ, ਹਾਂ-ਪੱਖੀ ਵੀ ਅਤੇ ਨਾਂਹ-ਪੱਖੀ ਵੀ। ਜਦ ਅਸੀਂ ਨਾਨਕ ਸਰੂਪਾਂ ਲਈ ‘ਪਾਤਸ਼ਾਹ’ ਲਫਜ਼ ਵਰਤਣ ਦੀ ਸਿਫਾਰਿਸ਼ ਕੀਤੀ ਤਾਂ ਸਾਡਾ ਬੇਸ਼ਕ ਭਾਵ ਹਾਂ-ਪੱਖੀ ਹੀ ਹੈ। ਨਾਲ ਹੀ ਗੁਰਬਾਣੀ ਵਿੱਚ ਕਿਧਰੇ ਵੀ ਇਹ ਨਹੀਂ ਲਿਖਿਆ ਮਿਲਦਾ ਕਿ ਪਾਤਸ਼ਾਹ ਜੰਮਦਾ-ਮਰਦਾ ਨਹੀਂ, ‘ਗੁਰੂ’ ਬਾਰੇ ਐਸਾ ਲਿਖਿਆ ਮਿਲਦਾ ਹੈ।

(3) ਇਹ ਗੱਲ ਬੜੀ ਹਾਸੋਹੀਣੀ ਜਾਪਦੀ ਹੈ ਕਿ 1469 ਤੋਂ 1708 ਤੱਕ ਨਾਨਕ ਪਾਤਸ਼ਾਹ ਜੀ ਨੇ ‘ਸ਼ਬਦ ਗੁਰੂ’ ਦੀ ਜੋਤ 239 ਸਾਲ ਲਈ, ਨਾਨਕ ਸਰੂਪਾਂ ਵਿੱਚ ਟਿਕਾ ਦਿੱਤੀ ਸੀ। ‘ਸ਼ਬਦ ਗੁਰੂ’ ਜੋਤ ਤੋਂ ਭਾਵ ‘ਵਿਚਾਰਧਾਰਾ’ ਹੈ ਨਾ ਕਿ ਬ੍ਰਾਹਮਣੀ ਢੰਗ ਦੀ ਲਾਈਟ ਜਾਂ ਰੋਸ਼ਨੀ ਵਰਗੀ ਜੋਤ ਹੈ, ਜੋ ਜਲਦੀ-ਬੁਝਦੀ ਜਾਂ ਟਿਕਾਈ ਜਾ ਸਕੇ। ਹਿੰਦੀ ਫਿਲਮਾਂ ਵਿੱਚ ਐਸੀ ਜੋਤ ਟ੍ਰਾਂਸਫਰ ਹੋਣ ਦੇ ਦ੍ਰਿਸ਼ ਵੇਖੇ ਜਾ ਸਕਦੇ ਹਨ। ਜਿਸਨੂੰ ਗੁਰਮਤਿ ਮੁਢੋਂ ਹੀ ਰੱਦ ਕਰਦੀ ਹੈ। 1469 (ਜਾਂ ਜਦੋਂ ਤੱਕ ਨਾਨਕ ਪਾਤਸ਼ਾਹ ਜੀ ਨੇ ਹੋਸ਼ ਸੰਭਾਲੀ, ਪ੍ਰਚਾਰ ਸ਼ੁਰੂ ਕੀਤਾ) ਉਦੋਂ ਤੋਂ 1708 ਤੱਕ ਨਾਨਕ ਸਰੂਪਾਂ ਨੇ ਬੇਸ਼ਕ ਸਾਨੂੰ ਇਕੋ-ਇਕ ਗੁਰੂ ‘ਸ਼ਬਦ’ (ਗਿਆਨ) ਦੀ ਪਹਿਚਾਣ ਕਰਾਈ, ਦ੍ਰਿੜ ਕਰਵਾਇਆ। ਪਰ ਇੰਜ ਕਰਨ ਨਾਲ ਉਹ ‘ਗੁਰੂ’ ਤਾਂ ਨਹੀਂ ਬਣ ਜਾਂਦੇ। ਜੇ ਕੋਈ ਸਾਨੂੰ ਦਿੱਲੀ ਦੀ ਪਹਿਚਾਣ ਕਰਵਾਉਂਦਾ ਹੈ ਜਾਂ ਉਸ ਦਾ ਰਾਹ ਦਸਦਾ ਹੈ ਤਾਂ ਉਹ ‘ਦਿੱਲੀ’ ਨਹੀਂ ਬਣ ਜਾਂਦਾ। ਦੂਜੀ ਗੱਲ ਜਦ ਸ਼ਬਦ (ਗਿਆਨ) ਆਦਿ ਤੋਂ ਹੈ, ਹਮੇਸ਼ਾਂ ਰਹੇਗਾ ਤਾਂ ਫੇਰ ਉਸ ਦੇ ਜੋਤ ਰੂਪ ਵਿੱਚ ਕਿਧਰੇ ਟਿਕਣ ਦੀ ਗੱਲ ਕਿਵੇਂ ਕਹੀ ਜਾ ਸਕਦੀ ਹੈ। ਉਹ ਤਾਂ ਹਰ ਥਾਂ ਇੱਕ ਸਾਰ ਹੈ, ਸਰਬ ਵਿਆਪਕ ਹੈ, ਲੋੜ ਹੈ ਸਿਰਫ ਉਸ ਨੂੰ ਪਹਿਚਾਨਣ ਜਾਂ ਪਹਿਚਾਣ ਕਰਵਾਉਂਣ ਦੀ। ਕੀ ਨਾਨਕ ਸਰੂਪਾਂ ਵੇਲੇ ‘ਸ਼ਬਦ’ ਗੁਰੂ ਹਰ ਥਾਂ ਸਰਬ ਵਿਆਪਕ ਨਾ ਹੋ ਕੇ ਸਿਰਫ ਉੱਥੇ ਹੀ ਟਿਕਿਆ ਹੋਇਆ ਸੀ ਜਿੱਥੇ ਨਾਨਕ ਸਰੂਪ ਸ਼ਰੀਰਕ ਤੌਰ `ਤੇ ਹਾਜ਼ਿਰ ਹੁੰਦੇ ਸਨ?

ਸੰਸਾਰ ਦੇ ਇੱਕ ਬਹੁਤ ਵੱਡੇ ਹਿੱਸੇ ਤੱਕ ਉਸ ਵੇਲੇ ਨਾਨਕ ਸਰੂਪ ਨਹੀਂ ਪਹੁੰਚੇ ਸਨ ਕਿ ਉਸ ਸੰਸਾਰ ਵਿੱਚ ਉਸ ਵੇਲੇ ਗੁਰੂ ਹੈ ਹੀ ਨਹੀਂ ਸੀ? ਫੇਰ ਉਸ ‘ਗੁਰੂ’ ਨੂੰ ਸਰਬ-ਵਿਆਪਕ ਕਿਵੇਂ ਕਹਿ ਸਕਦੇ ਹਾਂ? ਸੰਖੇਪ ਵਿੱਚ ਸੱਚਾਈ ਇਹ ਹੈ ਕਿ ਨਾਨਕ ਸਰੂਪਾਂ ਨੇ ਸਾਡੀ ਪਹਿਚਾਣ ਉਸ ‘ਗੁਰੂ’ ਨਾਲ ਕਰਵਾਈ ਅਤੇ ਸਾਨੂੰ ‘ਗੁਰੂ’ ਦ੍ਰਿੜ ਕਰਵਾਇਆ ਪਰ ਇਸ ਤਰ੍ਹਾਂ ਕਰਨ ਨਾਲ ਉਹ ‘ਗੁਰੂ’ ਨਹੀਂ ਹੋ ਗਏ।

(4) ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਗੁਰੂ’ ਕਹਿਣ ਦਾ ਅਸਲ ਭਾਵ ਉਸ ਵਿਚਲੇ ‘ਗਿਆਨ’ ਨੂੰ ਹੀ ‘ਗੁਰੂ’ ਕਹਿਣਾ ਹੈ। ਕਾਗਜ਼ ਅਤੇ ਸਿਆਹੀ (ਜਿਸ ਨਾਲ ਇਹ ਗਿਆਨ ਲਿਖਿਆ ਗਿਆ ਹੈ) ‘ਗੁਰੂ’ ਨਹੀਂ ਕਹੇ ਜਾ ਸਕਦੇ। ਹੋਰ ਤਾਂ ਹੋਰ ਉਹ ‘ਅੱਖਰ’ ਵੀ ਗੁਰੂ ਨਹੀਂ ਕਹੇ ਜਾ ਸਕਦੇ, ਜਿਨ੍ਹਾਂ ਰਾਹੀਂ ਗਿਆਨ ਲਿਖਿਆ ਗਿਆ ਹੈ। ਕਿਉਂਕਿ ਲਗਭਗ ਵਰਤੇ ਗਏ ਸਾਰੇ ਅੱਖਰ, ਲਫਜ਼ ਪਹਿਲਾਂ ਪ੍ਰਚਲਿਤ ਹੀ ਲਏ ਗਏ ਹਨ। ਉਹ ਸਾਰੇ ਦੇ ਸਾਰੇ ਲਗਭਗ ਉਸੇ ਰੂਪ ਵਿੱਚ ਹੋਰ ਗ੍ਰੰਥਾਂ, ਪੁਸਤਕਾਂ ਆਦਿ ਵਿੱਚ ਵੀ ਮਿਲਦੇ ਹਨ। ਅਸਲ ਚੀਜ਼ ਤਾਂ ਉਨ੍ਹਾਂ ਅੱਖਰਾਂ, ਲਫਜ਼ਾਂ ਦੇ ਸੰਜੋਗ ਨਾਲ ਮਿਲਦਾ ‘ਸੁਨੇਹਾ’ (ਸੇਧ) ਹੈ, ਇਹੀ ‘ਗੁਰੂ’ (ਗਿਆਨ) ਹੈ। ਬਿਲਕੁਲ ਇਸੇ ਤਰ੍ਹਾਂ ਨਾਨਕ ਪਾਤਸ਼ਾਹ ਜੀ ਦਾ ਸ਼ਰੀਰ ‘ਗੁਰੂ’ ਨਹੀਂ ਬਲਕਿ ਉਨ੍ਹਾਂ ਰਾਹੀਂ ਪ੍ਰਗਟ ਕੀਤਾ ‘ਸ਼ਬਦ’ (ਗੁਰਬਾਣੀ) ਹੀ ਸਾਡਾ ‘ਗੁਰੂ’ ਹੈ। ਕਿਸੇ ਵੀਰ ਨੇ ਇਹ ਵੀ ਤੁਲਨਾ ਕੀਤੀ ਹੈ ਕਿ ਬਿਰਧ ਹੋਣ ਤੋਂ ਬਾਅਦ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਵੀ ਸਸਕਾਰ ਕੀਤਾ ਜਾਂਦਾ ਹੈ, ਜਿਵੇਂ ਨਾਨਕ ਸਰੂਪਾਂ ਨੂੰ ਵੀ ਸਸਕਾਰਿਆ ਗਿਆ ਸੀ। ਕੀ ਬਿਰਧ ਬੀੜ ਦੇ ਸਸਕਾਰ ਕਰਨ ਨਾਲ ‘ਗੁਰੂ’ ਖਤਮ ਹੋ ਜਾਂਦਾ ਹੈ, ਜਲ ਜਾਂਦਾ ਹੈ? ਨਹੀਂ ਨਾ, ਸਸਕਾਰ ਤਾਂ ਸਿਰਫ ਕਾਗਜ਼, ਸਿਆਹੀ, ਜਿਲਦ ਆਦਿ ਦਾ ਹੀ ਕੀਤਾ ਜਾਂਦਾ ਹੈ। ਦੂਜੇ ਪਾਸੇ ਨਾਨਕ ਸਰੂਪਾਂ ਦੇ ਸਸਕਾਰ ਕਰਨ ਤੋਂ ਬਾਅਦ ਉਹ ਦੁਬਾਰਾ ਇਸ ਸੰਸਾਰ ਵਿੱਚ ਤਾਂ ਨਹੀਂ ਆਏ? ਇਸ ਕਰਕੇ ਇਹ ਤੁਲਨਾ ਕਿਸੇ ਤਰ੍ਹਾਂ ਵੀ ਠੀਕ ਨਹੀਂ ਲਗਦੀ। 1708 ਈ. ਵੇਲੇ ਦਸ਼ਮੇਸ਼ ਜੀ ਦੇ ਨਾਂ ਨਾਲ ਜੋੜੀ ਜਾਂਦੀ ਤੁੱਕ ‘ਆਤਮਾ ਗ੍ਰੰਥ ਵਿਚ, ਸ਼ਰੀਰ ਪੰਥ ਵਿਚ’ ਗੁਰਬਾਣੀ ਨਹੀਂ ਹੈ ਅਤੇ ਨਾ ਹੀ ਇਹ ਲਫਜ਼ ਪ੍ਰਮਾਣਿਕ ਜਾਪਦੇ ਹਨ। ਜਿਸ ਸ਼ਰੀਰ ਨੂੰ ‘ਪੰਥ’ ਵਿੱਚ ਦਸਿਆ ਜਾ ਰਿਹਾ ਹੈ, ਉਹ ਪੰਥ ਤਾਂ ਧੜਿਆਂ ਵਿੱਚ ਵੰਡਿਆ ਪਿਆ ਹੈ। ਕੀ ਮੰਨ ਲਈਏ ਦਸ਼ਮੇਸ਼ ਜੀ ਦੇ ਸ਼ਰੀਰ ਦੇ ਟੁੱਕੜੇ-ਟੁੱਕੜੇ (ਧੜੇ) ਹੋ ਗਏ ਹਨ। ਜਦੋਂ ਗੁਰਮਤਿ ਅਨੁਸਾਰ (ਨਾਸ਼ਵਾਨ) ਸ਼ਰੀਰ ‘ਗੁਰੂ’ ਹੈ ਹੀ ਨਹੀਂ ਤਾਂ ਸ਼ਰੀਰ ਪੰਥ ਵਿੱਚ ਕਹਿਣ ਦਾ ਕੀ ਮਤਲਬ ਰਹਿ ਜਾਂਦਾ ਹੈ? ਸੰਖੇਪ ਵਿੱਚ ਨਾ ਤਾਂ ਕਾਗਜ਼ ਅਤੇ ਸਿਆਹੀ ਨੂੰ ‘ਗੁਰੂ’ ਕਿਹਾ ਜਾ ਸਕਦਾ ਹੈ ਅਤੇ ਨਾ ਹੀ ਨਾਨਕ ਸਰੂਪਾਂ ਦੇ ‘ਆਤਮਾ’ ਅਤੇ ‘ਸ਼ਰੀਰ’ ਨੂੰ ‘ਗੁਰੂ’ ਕਹਿਣਾ ਜਾਇਜ਼ ਲਗਦਾ ਹੈ।

(5) ਕਈਂ ਵੀਰਾਂ ਨੇ ਪਰਿਵਾਰ ਵਲੋਂ ਲਿਖੇ ਲੇਖ ਦੇ ਪ੍ਰਤੀਕਰਮ ਵਿੱਚ ਪ੍ਰੋ. ਸਾਹਿਬ ਸਿੰਘ ਜੀ ਦੇ ਅਰਥਾਂ ਅਤੇ ‘ਗੁਰਬਾਣੀ ਵਿਆਕਰਣ’ ਦਾ ਜ਼ਿਕਰ ਬਾਰ-ਬਾਰ, ਜ਼ੋਰ ਦੇ ਕੇ ਕੀਤਾ ਗਿਆ ਹੈ। ਕਈਆਂ ਨੇ ਤਾਂ ਭਾਵੁਕ ਹੋ ਕੇ ਪਰਿਵਾਰ ਉੱਤੇ ਪ੍ਰੋ. ਸਾਹਿਬ ਸਿੰਘ ਜੀ ਅਤੇ ਗੁਰਬਾਣੀ ਵਿਆਕਰਣ ਨੂੰ ਰੱਦ ਕਰਨ ਦੇ ਗੰਭੀਰ ‘ਇਲਜ਼ਾਮ’ ਵੀ ਲਾਏ ਹਨ। ਇਸ ਸਬੰਧੀ ਪਰਿਵਾਰ ਕਿਸੇ ਦਾ ਕੋਈ ਰੋਸ ਜਾਂ ਗਿਲਾ ਨਹੀਂ ਕਰਦਾ। ਸਿਰਫ ਇਸ ਪੱਖ ਨੂੰ ਸਪੱਸ਼ਟ ਕਰਨ ਲਈ ਸੱਭ ਤੋਂ ਪਹਿਲਾਂ ਪ੍ਰੋ. ਸਾਹਿਬ ਸਿੰਘ ਜੀ ਦੀ ਵਿਚਾਰ ਕਰ ਰਿਹਾ ਹੈ:-

ਪ੍ਰੋ. ਸਾਹਿਬ ਸਿੰਘ ਜੀ ਸਾਡੇ ਲਈ, ਹੋਰ ਕਈ ਵਿਦਵਾਨਾਂ ਵਾਂਗੂ ਸਤਿਕਾਰਯੋਗ ਸ਼ਖਸ਼ੀਅਤ ਹਨ। ਉਨ੍ਹਾਂ ਵਲੋਂ ‘ਗੁਰਬਾਣੀ ਵਿਆਖਿਆ ਸੁਧਾਰ’ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਅਸੀਂ ਦਿਲੋਂ ਮੰਨਦੇ ਅਤੇ ਸਤਿਕਾਰਦੇ ਹਾਂ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਗੁਰਬਾਣੀ ਵਿਚੋਂ ਵਿਆਕਰਣ ਨਿਯਮ ਲੱਭ ਕੇ ਸਾਹਮਣੇ ਲਿਆਉਣ ਵਾਲੇ ਵਿਦਵਾਨਾਂ ਵਿਚੋਂ ਵੀ ਮੁੱਖ ਪ੍ਰੋ. ਸਾਹਿਬ ਸਿੰਘ ਜੀ ਹੀ ਸਨ। ਪਰ ਨਾਲ ਹੀ ਸਪੱਸ਼ਟ ਕਰ ਦੇਈਏ ਕਿ ਅਸੀਂ ‘ਬੰਦਾ-ਪੂਜ’ ਨਹੀਂ ਹਾਂ। ਬੰਦਾ-ਪੂਜ ਉਹ ਹੁੰਦਾ ਹੈ ਜੋ ‘ਸਿਧਾਂਤ’ ਦੀ ਥਾਂ ਕਿਸੇ ਬੰਦੇ ਜਾਂ ਧੜੇ ਨੂੰ ਜ਼ਿਆਦਾ ਮਹਤੱਵ ਦੇਣ ਲੱਗ ਜਾਂਦਾ ਹੈ। ਉਹ ‘ਗੁਰਮਤਿ ਸਿਧਾਂਤਾਂ’ ਦੀ ਥਾਂ ਆਪਣੇ ਧੜੇ (ਸੰਪਰਦਾ) ਦੇ ਮੁਖੀ ਦੇ ਵਿਚਾਰਾਂ (ਭਾਵੇਂ ਉਹ ਗੁਰਮਤਿ ਤੋਂ ਉਲਟ ਹੀ ਕਿਉਂ ਨਾ ਹੋਣ) ਨੂੰ ਵੱਧ ਮਹਤੱਵ ਦਿੰਦੇ ਹਨ। ਪਰ ਜਾਗਰੂਕ ਸਮਝੇ ਜਾਂਦੇ ਸਿੱਖਾਂ (ਮਿਸ਼ਨਰੀ ਅਤੇ ਹੋਰ) ਵਲੋਂ ਪ੍ਰੋ. ਸਾਹਿਬ ਸਿੰਘ ਜੀ ਦੇ ਮਾਮਲੇ ਵਿੱਚ ਵੀ ਇਹੀ ਰੁਖ (ਬੰਦਾ-ਪੂਜ ਵਾਲਾ) ਅਪਨਾਉਣਾ ਅਫਸੋਸਜਨਕ ਹੈ। ਅੱਗੇ ਮਜਬੂਰੀ ਵੱਸ, ਨਾ ਚਾਹੁੰਦੇ ਹੋਏ ਵੀ (ਮਜ਼ਬੂਰੀ ਵੱਸ) ਪ੍ਰੋ. ਸਾਹਿਬ ਸਿੰਘ ਜੀ ਦੇ ਕੀਤੇ ਅਰਥਾਂ ਬਾਰੇ ਕੁੱਝ ਆਲੋਚਨਾਤਮਕ ਵਿਚਾਰ ਰੱਖ ਰਹੇ ਹਾਂ।

ਐਸੇ ਸਾਰੇ ਵੀਰ ਭੈਣ ਜੋ ਪ੍ਰੋ. ਸਾਹਿਬ ਸਿੰਘ ਜੀ ਨੂੰ ਅੰਤਮ ਮੰਨਦੇ ਹਨ, ਇਹ ਪ੍ਰਵਾਨ ਕਰਦੇ ਹਨ ਕਿ ਪ੍ਰੋ. ਜੀ ਨੇ ਆਪਣਾ ਸਾਰਾ ਟੀਕਾ, ਗੁਰਬਾਣੀ ਵਿਆਕਰਣ ਦੇ ਆਧਾਰ `ਤੇ ਕੀਤਾ ਹੈ ਪਰ ਉਨ੍ਹਾਂ ਦੇ ਕੀਤੇ ਟੀਕੇ ਵਿੱਚ ਕਈਂ ਥਾਂ ਕਿਤੇ-ਕਿਤੇ ਅਰਥ ਗੁਰਮਤਿ ਦਲੀਲ ਦੀ ਕਸਵੱਟੀ `ਤੇ ਪੂਰੇ ਨਹੀਂ ਉਤਰਦੇ। ਇਨ੍ਹਾਂ ਬਾਰੇ ਜਾਗਰੂਕ ਸਿੱਖ ਮੰਨਦੇ ਵੀ ਹਨ ਅਤੇ ਸੁਧਾਰ ਲਈ ਕੋਸ਼ਿਸ ਵੀ ਕਰ ਰਹੇ ਹਨ। ਕੁੱਝ ਉਦਾਹਰਣਾਂ ਹਨ:-

(ੳ) ਭਗਤ ਨਾਮਦੇਵ ਜੀ ਨਾਲ ਸਬੰਧਿਤ ਗੁਰਬਾਣੀ ਵਾਕ “ਹਸਤ ਖੇਲਤ ਤੇਰੇ ਦੇਹੁਰੇ ਆਇਆ” ਪੰਨਾ (1164) ਦੇ ਅਰਥ ਕਰਦੇ ਸਮੇਂ ਪ੍ਰੋ. ਸਾਹਿਬ ਸਿੰਘ ਜੀ ਨੇ (ਵਿਆਕਰਣ ਦੇ ਆਧਾਰ `ਤੇ) ਅਰਥ ਕੀਤੇ ਹਨ ਕਿ “ਨਾਮਦੇਵ ਜੀ ਨੂੰ ਮੰਦਰ ਤੋਂ ਬਾਹਰ ਕੱਢ ਦੇਣ ਦੇ ਕਾਰਨ ਉਹ ਪਿਛਲੇ ਪਾਸੇ ਬੈਠ ਗਏ। ਇਸ ਕਾਰਨ (ਭਗਤ-ਵਛੱਲ) ਪ੍ਰਭੂ ਨੇ ਮੰਦਰ (ਦੇਹੁਰੇ) ਦਾ ਮੁੰਹ ਫੇਰ ਕੇ ਪਿਛਲੇ ਪਾਸੇ ਕਰ ਦਿੱਤਾ” ਕੀ ਇਹ ਸਹੀ ਅਰਥ ਲਗਦੇ ਹਨ? ਕੀ ਗੁਰਮਤਿ ਅਤੇ ਦਲੀਲ ਦੀ ਕਸਵੱਟੀ `ਤੇ ਖਰੇ ਉਤਰਦੇ ਹਨ? ਜਦਕਿ ਆਪਣੀ ਬਾਣੀ ਵਿੱਚ ਹੀ ਭਗਤ ਨਾਮਦੇਵ ਜੀ ਸਪੱਸ਼ਟ ਕਹਿ ਰਹੇ ਹਨ ਕਿ ਮੈਂ ਦੇਹੁਰੇ/ਮਸੀਤ ਵਾਲੀ ਰਸਮੀ ਭਗਤੀ ਵਿੱਚ ਵਿਸ਼ਵਾਸ਼ ਨਹੀਂ ਰੱਖਦਾ। ਗੁਰਵਾਕ ਹੈ:-

ਨਾਮੇ ਸੋਈ ਸੇਵਿਆ ਜਹ ਦੇਹੁਰਾ ਨਾ ਮਸੀਤਿ॥ ਪੰਨਾ (875)

ਫੇਰ ਉਹ ਦੇਹੁਰੇ ਕੀ ਕਰਨ ਗਏ ਸਨ?

(ਅ) ਭਗਤ ਨਾਮਦੇਵ ਜੀ ਦੇ ਹੀ ਇੱਕ ਹੋਰ ਸ਼ਬਦ

ਪਾਖੰਤਣ  ਬਾਜ  ਬਜਾਇਲਾ॥ ਗਰੁੜ  ਚੜੑੇ  ਗੋਬਿੰਦ  ਆਇਲਾ॥

ਅਪਨੇ ਭਗਤ ਪਰਿ ਕੀ ਪ੍ਰਤਿਪਾਲ॥ ਗਰੁੜ ਚੜੇ੍ ਆਏ ਗੋਪਾਲ॥ ਪੰਨਾ (1166)

ਦੇ (ਵਿਆਕਰਣ ਦੇ ਆਧਾਰ `ਤੇ) ਅਰਥ ਕਰਦੇ ਹੋਏ ਪ੍ਰੋ. ਸਾਹਿਬ ਸਿੰਘ ਜੀ ਨੇ ਲਿਖਿਆ ਹੈ ਕਿ “ਨਾਮਦੇਵ ਜੀ ਨੂੰ ਬਚਾਉਣ ਲਈ ਵਿਸ਼ਨੂੰ, ਗਰੂੜ `ਤੇ ਚੜ ਕੇ ਆਇਆ ਅਤੇ ਉਸ ਨੇ ਮਰੀ ਹੋਈ ਗਾਂ ਜਿਵਾਲ ਦਿੱਤੀ” ਉਨ੍ਹਾਂ ਨੇ ਸਪੱਸ਼ਟ ਇੱਥੇ ਇਸ ਨੂੰ ਨਾਮਦੇਵ ਜੀ ਦੀ ‘ਆਪਬੀਤੀ’ ਲਿਖਿਆ ਹੈ ਅਤੇ ‘ਗੋਬਿੰਦਾ’ ਦੇ ਅਰਥ ‘ਵਿਸ਼ਨੂੰ’ ਕੀਤੇ ਹਨ। ਕੀ ਗੁਰਮਤਿ ਅਤੇ ਦਲੀਲ ਦੇ ਆਧਾਰ `ਤੇ ਮਰੀ ਗਾਂ ਜਿਵਾਲਨ ਵਾਲੀ ਗੱਲ ਸਹੀ ਮੰਨੀ ਜਾ ਸਕਦੀ ਹੈ? ਕੀ ਗੁਰਮਤਿ ਬ੍ਰਾਹਮਣੀ ਦੇਵਤਿਆਂ (ਵਿਸ਼ਨੂੰ ਆਦਿ) ਦੀ ‘ਪ੍ਰਚਾਰਿਤ’ (ਪ੍ਰਚਲਿਤ) ਹੋਂਦ ਵਿੱਚ ਵਿਸ਼ਵਾਸ਼ ਰੱਖਦੀ ਹੈ? ਬਿਲਕੁਲ ਨਹੀਂ। ਨਾ ਹੀ ਗੁਰਬਾਣੀ ਐਸੀ ਕਿਸੇ ਕਰਾਮਾਤ (ਮਰੀ ਗਾਂ ਜੀਵਾਲਨ ਵਰਗੀ) ਨੂੰ ਸਹੀ ਮੰਨਦੀ ਹੈ। ਨਾਲ ਹੀ ਗੁਰਮਤਿ ਬ੍ਰਾਹਮਣੀ ਦੇਵਤਿਆਂ ਦੀ ਪ੍ਰਚਲਿਤ ਹੋਂਦ ਨੂੰ ਸਵੀਕਾਰ ਕਰਦੀ ਹੈ। ਬਲਕਿ ਥਾਂ-ਥਾਂ ਖੰਡਨ ਜ਼ਰੂਰ ਕਰਦੀ ਹੈ। ਹੋਰ ਤਾਂ ਹੋਰ ਖੁਦ ਨਾਮਦੇਵ ਜੀ ਨੇ ਆਪਣੇ ਇੱਕ ਸ਼ਬਦ “ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ॥” ਪੰਨਾ (874) ਵਿੱਚ ਇਨ੍ਹਾਂ ਬ੍ਰਾਹਮਣੀ ਦੇਵਤਿਆਂ ਦੀ ਮਾਨਤਾ ਦਾ ਖੰਡਨ ਕੀਤਾ ਹੈ।

(ੲ) ਕਬੀਰ ਸਾਹਿਬ ਜੀ ਇੱਕ ਸ਼ਬਦ “ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ” ਪੰਨਾ (1162) ਦੇ (ਵਿਆਕਰਣ ਦੇ ਆਧਾਰ `ਤੇ ਹੀ) ਅਰਥ ਕਰਦੇ ਸਮੇਂ ਪ੍ਰੋ. ਸਾਹਿਬ ਸਿੰਘ ਜੀ ਨੇ ਲਿਖਿਆ ਹੈ ਕਿ “ਗੰਗਾ ਦੀਆਂ ਲਹਿਰਾਂ ਨਾਲ ਭਗਤ ਕਬੀਰ ਜੀ ਦੀ (ਲੋਹੇ ਦੀਆਂ) ਜੰਜੀਰਾਂ ਟੁਟ ਗਈਆਂ”। ਕੀ ਇਹ ਅਰਥ ਗੁਰਮਤਿ ਦੀ ਕਸਵੱਟੀ `ਤੇ ਖਰੇ ਉਤਰਦੇ ਹਨ?

ਉਪਰੋਕਤ ਮਿਸਾਲਾਂ ਅਤੇ ਕਈ ਹੋਰ ਥਾਂਵਾਂ `ਤੇ ਪ੍ਰੋ. ਸਾਹਿਬ ਸਿੰਘ ਜੀ ਨੇ ਅਰਥ ਬਾਣੀ ਵਿਆਕਰਣ ਦੇ ਆਧਾਰ `ਤੇ ਹੀ ਕੀਤੇ ਹਨ। ਪਰ ਇਹ ਅਰਥ ਗੁਰਮਤਿ ਦੀ ਕਸਵੱਟੀ `ਤੇ ਖਰੇ ਨਹੀਂ ਉਤਰਦੇ, ਇਹ ਹਰ ਇਮਾਨਦਾਰ ਅਤੇ ਜਾਗਰੂਕ ਸਿੱਖ ਮੰਨ ਰਿਹਾ ਹੈ। ਐਸੇ ਸ਼ਬਦਾਂ ਦੀ ਵਿਆਖਿਆ ਦੇ ਸੁਧਾਰ ਲਈ ਯਤਨ ਵੀ ਹੋ ਰਹੇ ਹਨ। ਪਰ ਇਹ ਨਹੀਂ ਕਿ ਸੁਧਾਰ ਦੀ ਗੱਲ ਕਰਨ ਵਾਲੇ, ਪ੍ਰੋ. ਸਾਹਿਬ ਸਿੰਘ ਜੀ ਦੇ ‘ਨਿੰਦਕ’ ਹੋ ਗਏ।

ਸੁਧਾਰ ਵਿਕਾਸ ਦੀ ਨਿਸ਼ਾਨੀ ਹੈ। ਮਿਸਾਲ ਵਾਸਤੇ ਜਦ ਕਿਸੇ ਵਿਅਕਤੀ ਨੇ ਪਹਿਲੀ ਵਾਰ ਕੰਪਿਉਟਰ ਬਣਾਇਆ ਤਾਂ ਉਹ ਇੱਕ ਕਮਰੇ ਦੇ ਬਰਾਬਰ ਸੀ। ਉਸ ਤੋਂ ਬਾਅਦ ਸੁਧਾਰ ਅਤੇ ਵਿਕਾਸ ਹੁੰਦੇ-ਹੁੰਦੇ ਹੁਣ ਉਹੀ ਕੰਪਿਉਟਰ ਹਥੇਲੀ (PalmTop) ਜਿੰਨਾਂ ਛੋਟਾ ਵੀ ਬਣ ਗਿਆ ਹੈ। ਕੀ ਸੁਧਾਰ ਕਰਕੇ ਕੰਪਿਉਟਰ ਬਣਾਉਣ ਵਾਲੇ ਵਿਗਿਆਨੀ, ਪਹਿਲੇ ਵਿਗਿਆਨੀ ਦੇ ‘ਨਿੰਦਕ’ ਮੰਨੇ ਜਾਣੇ ਚਾਹੀਦੇ ਹਨ? ਐਸੀ ਸੋਚ ਕੋਈ ਸੁਹਿਰਦ ਅਤੇ ਸਮਝਦਾਰ ਨਹੀਂ ਰੱਖ ਸਕਦਾ। ਕੁੱਝ ਇਹੀ ਦਲੀਲ ਗੁਰਬਾਣੀ ਵਿਆਖਿਆ ਅਤੇ ਪ੍ਰੋ. ਸਾਹਿਬ ਸਿੰਘ ਜੀ `ਤੇ ਵੀ ਇੰਨ-ਬਿੰਨ ਢੁੱਕਦੀ ਹੈ।

ਇਸ ਨੁੱਕਤੇ ਦੀ ਵਿਚਾਰ ਤੋਂ ਦੋ ਗੱਲਾਂ ਸਾਹਮਣੇ ਆਈਆਂ ਹਨ, ਪਹਿਲੀ ਕਿ ਪ੍ਰੋ. ਸਾਹਿਬ ਸਿੰਘ ਜੀ ਦੇ ਅਰਥਾਂ ਵਿੱਚ ਸੁਧਾਰ ਦੀ ਗੱਲ ਕਰਨ ਵਾਲੇ ਉਨ੍ਹਾਂ ਦੇ ਨਿੰਦਕ ਨਹੀਂ ਹਨ। ਦੂਜੀ ਕਿ ਵਿਆਖਿਆ ਕਰਦੇ ਸਮੇਂ ਸਿਧਾਂਤ ਸੱਭ ਤੋਂ ਵੱਧ ਮਹਤੱਵ ਰੱਖਦੇ ਹਨ। ਲਗਾਂ-ਮਾਤਰਾਂ ਆਧਾਰਿਤ ਵਿਆਕਰਣ ਬਾਰੇ ਕੁੱਝ ਹੋਰ ਵਿਚਾਰ, ਇੱਕ ਹੋਰ ਨੁੱਕਤੇ ਵਿੱਚ ਕੀਤੀ ਜਾਵੇਗੀ।

(6) ਇੱਕ ਬਹੁਤ ਹੀ ਸੁਹਿਰਦ, ਸੂਝਵਾਨ ਅਤੇ ਸਤਿਕਾਰਯੋਗ ਵਿਦਵਾਨ ਨੇ ਦਸ਼ਰਥ ਪੁਤਰ ਰਾਮ ਅਤੇ ਵਿਗਿਆਨੀ ਨਿਉਟਨ ਦੀ ਉਦਾਹਰਣ ਦੇ ਕੇ ਨਾਨਕ ਸਰੂਪਾਂ ਲਈ ‘ਗੁਰੂ’ ਪਦ ਵਰਤਣ ਨੂੰ ਜਾਇਜ਼ ਦਸਿਆ ਹੈ। ਉਹ ਲਿਖਦੇ ਹਨ ਕਿ “ਦਸ਼ਰਥ ਪੁਤਰ ਰਾਮ ਲਈ ਵੀ ‘ਰਾਮ’ ਲਫਜ਼ ਵਰਤਿਆ ਮਿਲਦਾ ਹੈ, ਅਤੇ ਪ੍ਰਭੂ ਲਈ ਵੀ ਗੁਰਬਾਣੀ ਵਿੱਚ ‘ਰਾਮ’ ਲਿਖਿਆ ਮਿਲਦਾ ਹੈ। ਜੇ ਦਸ਼ਰਥ ਪੁਤਰ ‘ਰਾਮ’ ਅਤੇ ਵਿਆਪਕ ‘ਰਾਮ’ ਦਾ ਫਰਕ ਸਮਝ ਆ ਗਿਆ ਤਾਂ ਨਾਨਕ ‘ਗੁਰੂ’ ਅਤੇ ਸ਼ਬਦ ‘ਗੁਰੂ’ ਬਾਰੇ ਵੀ ਸਮਝ ਆ ਜਾਵੇਗੀ”।

ਐਸੇ ਵਿਚਾਰ ਰੱਖਣ ਵਾਲਿਆਂ ਨੂੰ ਅਸੀਂ ਸਨਿਮਰ ਬੇਨਤੀ ਕਰਦੇ ਹਾਂ ਕਿ ਧਿਆਨ ਨਾਲ ਗੁਰਬਾਣੀ ਵਿਚਾਰੋ। ਤੁਸੀਂ ਤਾਂ ਸਾਡੇ ਤੋਂ ਜ਼ਿਆਦਾ ਵਿਆਕਰਣ ਜਾਣਦੇ ਹੋ। ਦਸ਼ਰਥ ਪੁਤਰ ਦਾ ਨਾਮ ‘ਰਾਮ’ (ਸੰਗਿਆ) ਹੈ ਪਰ ਵਿਆਪਕ ‘ਰਾਮ’ ਵਿਸ਼ੇਸ਼ਣ ਹੈ। ਨਾਨਕ ਸਰੂਪਾਂ ਦੇ ਮਾਮਲੇ ਵਿੱਚ ਨਾਮ (ਸੰਗਿਆ) ਤਾਂ ਨਾਨਕ (ਜੀ), ਅੰਗਦ (ਜੀ), ਅਮਰਦਾਸ (ਜੀ) ਹਨ। ਗੁਰਮਤਿ ਅਨੁਸਾਰ ‘ਗੁਰੂ’ ‘ਸਤਿਗੁਰੂ’ ਵਿਸ਼ੇਸ਼ਣ, ਪ੍ਰਭੂ ਜਾਂ ਉਸ ਦੇ ਪ੍ਰਗਟ ਸਰੂਪ ‘ਸੱਚ ਦੇ ਗਿਆਨ’ ਲਈ ਰਾਖਵਾਂ ਹੈ। ਜੇ ਨਾਨਕ ਸਰੂਪਾਂ ਦਾ ਨਾਮ ‘ਗੁਰੂ ਦੇਵ’ ‘ਗੁਰੂ ਦਾਸ’ ਆਦਿ ਹੁੰਦਾ ਤਾਂ ਉਨ੍ਹਾਂ ਨੂੰ “ਗੁਰੂ” ਕਹਿਣ ਵਿੱਚ ਕੋਈ ਹਰਜ਼ ਨਹੀਂ ਸੀ, ਕਿਉਂਕਿ ਉਹ ਨਾਮ ਹੁੰਦੇ। ਜਿਵੇਂ ਜੇ ਕਿਸੇ ਆਦਮੀ ਦਾ ਨਾਂ ‘ਗੁਰੂ’ ਹੈ ਤਾਂ ਉਸ ਨੂੰ ‘ਗੁਰੂ’ ਕਹਿਣ ਵਿੱਚ ਕੋਈ ਹਰਜ਼ ਨਹੀਂ। ਪਰ ਜਦ ‘ਗੁਰੂ’ ਪਦ ਵਿਸ਼ੇਸ਼ਣ ਦੇ ਤੌਰ `ਤੇ ਵਰਤਣਾ ਪਵੇ ਤਾਂ ਗੁਰਮਤਿ ਸ਼ਰੀਰ ਲਈ ਵਰਤਣ ਦੀ ਹਿਮਾਇਤ ਨਹੀਂ ਕਰਦੀ। ਆਸ ਹੈ ਕਿ ਸ਼ੰਕਾ ਦੂਰ ਹੋ ਗਿਆ ਹੋਵੇਗਾ।

ਦੂਜੀ ਤਰਫ ਵਿਆਪਕ ‘ਰਾਮ’ (ਪ੍ਰਭੂ) ਸੁਪਰੀਮ ਹਸਤੀ ਹੈ ਪਰ ਦਸ਼ਰਥ ਪੁਤਰ ‘ਰਾਮ’ (ਬ੍ਰਾਹਮਣੀ ਕਥਾਵਾਂ ਦੇ ਆਧਾਰ `ਤੇ ਹੀ) ਗਲਤੀਆਂ ਅਤੇ ਕਮਜ਼ੋਰੀਆਂ ਦਾ ਪੁਤਲਾ ਸਪੱਸ਼ਟ ਨਜ਼ਰ ਆਉਂਦਾ ਹੈ। ਵੈਸੇ ਉਸ ਦਾ ਜਾਂ ਐਸੇ ਹੋਰ ਕਲਪਿਤ ਪ੍ਰਚਲਿਤ ਅਵਤਾਰਾਂ ਦਾ ਜੀਵਨ (ਪ੍ਰਚਲਿਤ ਕਥਾਵਾਂ ਅਨੁਸਾਰ) ਨਾਨਕ ਸਰੂਪਾਂ ਨਾਲੋਂ ਬਹੁਤ ਨੀਵੇਂ ਸਤਰ ਦਾ ਹੈ। ਕੀ ਉਨ੍ਹਾਂ ਨਾਲ ਨਾਨਕ ਸਰੂਪਾਂ ਦੀ ਤੁਲਨਾ ਕਰਨਾ ਜਾਇਜ਼ ਹੈ?

ਸਾਡੇ ਇਸੀ ਵਿਦਵਾਨ ਵੀਰ ਨੇ ਇੱਕ ਹੋਰ ਮਿਸਾਲ ਨਿਉਟਨ ਦੀ ਦਿੱਤੀ ਹੈ। ਉਨ੍ਹਾਂ ਅਨੁਸਾਰ ਜਿਵੇਂ ਨਿਉਟਨ (ਵਿਗਿਆਨੀ) ਦਾ ਨਾਂ ਲੈਣ ਨਾਲ ਨਿਉਟਨ ਦੀ ਸ਼ਕਲ ਸੂਰਤ ਸਾਹਮਣੇ ਆਉਣ ਦੀ ਬਜਾਏ ਉਸ ਦੁਆਰਾ ਖੋਜ ਕੀਤੇ ਗਰੈਵਟੀ ਨਿਯਮਾਂ ਬਾਰੇ ਵਿਚਾਰ ਸਾਹਮਣੇ ਆਉਂਦੇ ਹਨ। ਇਸੇ ਤਰ੍ਹਾਂ ਨਾਨਕ ਸਰੂਪਾਂ ਲਈਗੁਰੂਪਦ ਵਰਤਣ ਨਾਲ ਉਨ੍ਹਾਂ ਦਾ ਚਿਹਰਾ ਨਹੀਂ, ਉਨ੍ਹਾਂ ਦਾ ਬਖਸ਼ਿਆ ਗੁਰੂ (ਗਿਆਨ) ਹੀ ਸਾਹਮਣੇ ਆਉਂਦਾ ਹੈ

ਆਓ ਇਸ ਨੁੱਕਤੇ ਨੂੰ ਗੰਭੀਰਤਾ ਨਾਲ ਵਿਚਾਰੀਏ।

ਇਹ ਸੱਚ ਹੈ ਕਿ ਨਿਉਟਨ ਨੇ ‘ਗਰੈਵਟੀ’ ਦੀ ਖੋਜ ਕੀਤੀ। ਉਨ੍ਹਾਂ ਨਿਯਮਾਂ ਨੂੰ ਸਾਹਮਣੇ ਲਿਆਉਂਦਾ। ਪਰ ਕੀ ਇਸ ਨਾਲ ‘ਨਿਉਟਨ’ ‘ਗਰੈਵਟੀ’ (ਜਾਂ ਉਹ ਨਿਯਮ) ਹੋ ਗਿਆ? ਨਹੀਂ ਨਾ। ਬਿਲਕੁਲ ਇਸੇ ਤਰ੍ਹਾਂ ਨਾਨਕ ਪਾਤਸ਼ਾਹ ਜੀ ਨੇ ‘ਗੁਰੂ’ (ਗਿਆਨ) ਨੂੰ ਪ੍ਰਗਟ ਕੀਤਾ ਪਰ ਇਸ ਨਾਲ ਉਹ ‘ਗੁਰੂ’ ਨਹੀਂ ਹੋ ਜਾਂਦੇ। ਜੇ ਨਿਉਟਨ ਨੂੰ ‘ਗਰੈਵਟੀ ਨਿਉਟਨ’ ਨਹੀਂ ਕਿਹਾ ਜਾਂਦਾ ਤਾਂ ‘ਨਾਨਕ ਪਾਤਸ਼ਾਹ’ ਨੂੰ ‘ਗੁਰੂ ਨਾਨਕ’ ਕਿਵੇਂ ਕਹਿ ਸਕਦੇ ਹਾਂ? ਉਹ ਵੀ ਤਦੋਂ ਜਦੋਂ ਗੁਰਮਤਿ ਅਨੁਸਾਰ ‘ਗੁਰੂ’ ਸ਼ਰੀਰਧਾਰੀ ਨਹੀਂ ਹੋ ਸਕਦਾ। ਸ਼ਾਇਦ ਇਹ ਸੰਕਾ ਵੀ ਦੂਰ ਹੋ ਗਿਆ ਹੋਵੇਗਾ।

(7) ਹਰੀ, ਨਰਾਇਣ, ਆਦਿ ਲਫਜ਼ਾਂ ਦਾ ਸਦੀਆਂ ਤੋਂ ਵਰਤੇ ਜਾਣਾ ਅਤੇ ਗੁਰਬਾਣੀ ਵਿੱਚ ਵੀ ਇਨ੍ਹਾਂ ਲਫਜ਼ਾਂ ਦੇ ਵਰਤੇ ਜਾਣ ਵਾਲੀ ਦਲੀਲ਼ ਵੀ ਕੁੱਝ ਵਿਦਵਾਨਾਂ ਨੇ ਦਿੱਤੀ ਹੈ। ਉਨ੍ਹਾਂ ਅਨੁਸਾਰ ਸਦੀਆਂ ਤੋਂ ਹਰੀ, ਰਾਮ, ਨਰਾਇਣ ਆਦਿ ਨੂੰ ਰੱਬ ਕਰਕੇ ਮੰਨਿਆ ਅਤੇ ਪੂਜਿਆ ਜਾ ਰਿਹਾ ਹੈ, ਪਰ ਦੂਜੇ ਪਾਸੇ ਗੁਰਬਾਣੀ ਵਿੱਚ ਵੀ ਪ੍ਰਮਾਤਮਾ ਨੂੰ ਰਾਮ, ਹਰਿ ਆਦਿ ਨਾਵਾਂ ਨਾਲ ਸੰਬੋਧਨ ਕੀਤਾ ਮਿਲਦਾ ਹੈ। ਉਨ੍ਹਾਂ ਅਨੁਸਾਰ, ਕੀ ਇਹ ਗੁਰਮਤਿ ਦੇ ਸਿਧਾਂਤ ਕਿ ਰੱਬ ਨਿਰਾਕਾਰ ਹੈ, ਅਜੂਨੀ ਹੈ ਦੀ ਉਲੰਘਣਾ ਨਹੀਂ?

ਵਿਚਾਰ:- ਗੁਰਬਾਣੀ ਵਿੱਚ ਰੱਬ ਲਈ ਪਹਿਲਾਂ ਦੇਵੀ ਦੇਵਤਿਆਂ ਆਦਿ ਲਈ ਵਰਤੇ ਜਾਂਦੇ ਲਗਭਗ ਸਾਰੇ ਲਫਜ਼ ਵਰਤੇ ਗਏ ਹਨ। ਇਸ ਦਾ ਕਾਰਨ ਲੋਕਾਈ ਨੂੰ ਇਹ ਸਪੱਸ਼ਟ ਕਰਨਾ ਸੀ ਕਿ ਜਿਨ੍ਹਾਂ ਦੇਵੀ ਦੇਵਤਿਆਂ ਅਵਤਾਰਾਂ ਨੂੰ ਤੁਸੀਂ ਰੱਬ ਕਰਕੇ ਪੂਜ ਰਹੇ ਹੋ ਉਹ ਅਸਲ ਵਿੱਚ ਰੱਬ ਨਹੀਂ, ਰੱਬ ਤਾਂ ਇੱਕ ਹੈ, ਨਿਰਾਕਾਰ ਹੈ, ਅਜੂਨੀ ਹੈ। ਗੁਰਬਾਣੀ ਵਿੱਚ ਸਿਰਫ ਪ੍ਰਚਲਿਤ ਨਾਂ ਹੀ ਨਹੀਂ ਵਰਤੇ ਬਲਕਿ ਨਾਲ-ਨਾਲ ਪ੍ਰਚਲਿਤ ਹੋਂਦ (ਅਵਤਾਰਵਾਦੀ) ਦਾ ਖੰਡਨ ਕੀਤਾ ਵੀ ਮਿਲਦਾ ਹੈ। ਗੁਰਬਾਣੀ ਦੇ ਆਧਾਰ `ਤੇ ਹੀ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਰੱਬ ਨਿਰਾਕਾਰ, ਅਜੂਨੀ ਹੈ, ਭਾਂਵੇਂ ਨਾਂ ਕੋਈ ਵੀ ਵਰਤ ਲਵੋ। ਨਾਲ ਹੀ ਗੁਰਬਾਣੀ ਵੀ ਇਹੀ ਸਮਝਾਉਂਦੀ ਹੈ ਕਿ ‘ਗੁਰੂ’ ਵੀ ਨਿਰਾਕਾਰ, ਅਜੂਨੀ ਹੈ। ਬਲਕਿ ‘ਗੁਰੂ’ ਵੀ ਪ੍ਰਮਾਤਮਾ ਦਾ (ਰਾਮ ਵਾਂਗੂ) ਇੱਕ ਵਿਸ਼ੇਸ਼ਣ ਨਾਂ ਹੈ। ਪ੍ਰਚਲਿਤ ਨਾਂ ਵਰਤਣ ਨਾਲ ਗੁਰਮਤਿ ਦੇ ਅਸੂਲ (ਪ੍ਰਭੂ ਨਿਰਾਕਾਰ, ਅਜੂਨੀ ਹੈ) ਦੀ ਉਲੰਘਣਾ ਤਾਂ ਹੁੰਦੀ ਜੇ ਗੁਰਬਾਣੀ ਵਿੱਚ ਉਨ੍ਹਾਂ ਦੀ (ਗਲਤ) ਪ੍ਰਚਲਿਤ ਹੋਂਦ ਦਾ ਖੰਡਨ ਨਾ ਕੀਤਾ ਮਿਲਦਾ।

(8) ਕੁੱਝ ਵਿਦਵਾਨਾਂ ਦਾ ਵਿਚਾਰ ਹੈ ਕਿ ਨਾਨਕ ਸਰੂਪਾਂ ਲਈ ‘ਗੁਰੂ’ ਪਦ ਨਾ ਵਰਤੇ ਜਾਣ ਬਾਰੇ ਇਹ ਵਿਚਾਰ ਡੇਰੇਦਾਰਾਂ ਕਾਰਨ ਸ਼ੁਰੂ ਹੋਈ ਹੈ। ਉਨ੍ਹਾਂ ਅਨੁਸਾਰ ਕਿਉਂਕਿ ਕੁੱਝ ਡੇਰੇਦਾਰਾਂ ਵਲੋਂ ਆਪਣੇ ਮੁਖੀਆਂ ਦੇ (ਜਾਂ ਆਪਣੇ) ਨਾਂ ‘ਗੁਰੂ’ ‘ਸਤਿਗੁਰੂ’ ਲਕਬ ਵਰਤਿਆ ਜਾ ਰਿਹਾ ਹੈ। ਇਸ ਲਈ ਉਨ੍ਹਾਂ ਨੂੰ ‘ਰੱਦ’ ਕਰਨ ਲਈ ਇਹ ਵਿਚਾਰ ਤੋਰੀ ਗਈ ਹੈ ਕਿ ਸ਼ਰੀਰ ‘ਗੁਰੂ’ ਨਹੀਂ ਹੁੰਦਾ। ਪਰ ਐਸਾ ਨਹੀਂ ਹੈ। ਅਸੀਂ ਤਾਂ ਗੁਰਮਤਿ ਦੇ ਆਧਾਰ `ਤੇ ਦੱਸ ਰਹੇ ਹਾਂ ਕਿ ‘ਸ਼ਰੀਰਧਾਰੀ’ ਗੁਰੂ ਨਹੀਂ ਹੁੰਦਾ। ਬਾਕੀ ਫਿਰਕੇ ਜਾਂ ਮੱਤ ‘ਸ਼ਰੀਰਧਾਰੀ’ ਨੂੰ ਗਲਤ ਤੋਰ `ਤੇ ‘ਗੁਰੂ’ ਮੰਨਦੇ ਹਨ ਤਾਂ ਉਨ੍ਹਾਂ ਦੀ ਮਰਜ਼ੀ, ਕਿਉਂਕਿ ਉਨ੍ਹਾਂ ਦੇ ਮੱਤ ਦੀ ਵਿਚਾਰਧਾਰਾ ਇਸ ਦੀ ਪ੍ਰੋਢਤਾ ਕਰਦੀ ਹੋਵੇਗੀ। ਪਰ ਗੁਰਮਤਿ ਦੇ ਪੈਰੋਕਾਰ ਐਸਾ ਕਰਦੇ ਹਨ ਤਾਂ ਇਹ ਉਨ੍ਹਾਂ ਦੀ ਗਲਤੀ ਹੀ ਮੰਨਿਆਂ ਜਾਵੇਗਾ। ਇਸ ਦਾ ਭਾਵ ਉਹ ਗੁਰਮਤਿ ਸਿਧਾਂਤ ਦੀ ਉਲੰਘਣਾ ਕਰ ਰਹੇ ਹਨ।

ਕੁੱਝ ਵਿਦਵਾਨਾਂ/ਪਾਠਕਾਂ ਦਾ ਇਸ ਬਾਰੇ ਵਿਚਾਰ ਹੈ ਕਿ ਡੇਰੇਦਾਰਾਂ ਦੇ ਪੈਰੋਕਾਰ ਆਪਣੇ ਮੁਖੀਆਂ ਨੂੰ ‘ਗੁਰੂ’ ‘ਸਤਿਗੁਰੂ’ ‘ਰੱਬ’ ਕਹਿਣਾ ਉਨ੍ਹਾਂ ਲਈ ਜਾਇਜ਼ ਹੈ ਅਤੇ ਨਾਨਕ ਸਰੂਪਾਂ ਲਈ ‘ਗੁਰੂ’ ਵਰਤਣਾ ਸਿੱਖਾਂ ਲਈ ਜਾਇਜ਼ ਹੈ।

ਸਾਡੀ ਜਾਚੇ ਇਹ ਸੋਚ ਸਹੀ ਨਹੀਂ ਹੈ। ਗੁਰਮਤਿ ਕਿਸੇ ਖਾਸ ਫਿਰਕੇ (ਸਿੱਖਾਂ) `ਤੇ ਹੀ ਲਾਗੂ ਨਹੀਂ ਹੁੰਦੀ ਇਹ ਸਾਰੀ ਮਨੁੱਖਤਾ `ਤੇ ਲਾਗੂ ਹੁੰਦੀ ਹੈ। ਇਸ ਲਈ ਕਿਸੇ ‘ਸ਼ਰੀਰਧਾਰੀ’ ਲਈ ‘ਗੁਰੂ’, ‘ਸਤਿਗੁਰੂ’, ‘ਹਰਿ’ ਆਦਿ ਲਫਜ਼ ਭਾਵੇਂ ਕੋਈ ਵੀ ਵਰਤੇ ਉਹ ਗਲਤ ਹੈ। ਅਨਮਤੀ ਲੋਕ ਅਗਿਆਨਤਾ ਜਾਂ ਅੜੀ ਕਾਰਨ ਜੇ ਐਸਾ ਕਰਦੇ ਹਨ ਤਾਂ ਵੀ ਉਹ ਗਲਤ ਹੀ ਹੈ। ਇਸ ਤਰ੍ਹਾਂ ਜੇ ਸਿੱਖ ਵੀ ਐਸਾ ਕਰ ਰਹੇ ਹਨ ਤਾਂ ਉਹ ਵੀ ਗਲਤ ਹਨ ਉਹ ਤਾਂ ਵੱਧ ਜਿੰਮੇਵਾਰ ਸਮਝੇ ਜਾਣੇ ਚਾਹੀਦੇ ਹਨ। ਜੇ ਗੁਰਮਤਿ ਇਹ ਸਮਝਾਉਂਦੀ ਹੈ ਕਿ ਨਸ਼ਾ ਵਰਤਣਾ ਗਲਤ ਹੈ ਤਾਂ ਇਹ ਸਾਰਿਆਂ ਲਈ ਗਲਤ ਹੈ, ਨਾ ਕਿ ਸਿਰਫ ਸਿੱਖਾਂ ਲਈ। ਇਸੇ ਤਰ੍ਹਾਂ ‘ਸ਼ਰੀਰਧਾਰੀ’ ਲਈ ‘ਗੁਰੂ’ ਆਦਿ ਵਿਸ਼ੇਸ਼ਣ ਵਰਤਣੇ ਹਰ ਇੱਕ ਲਈ ਗਲਤ ਹਨ, ਕਿਉਂ ਕਿ ਗੁਰਮਤਿ ਇਸ ਦਾ ਖੰਡਨ ਕਰਦੀ ਹੈ।

(9) ਕੁੱਝ ਵਿਦਵਾਨਾਂ/ ਪਾਠਕਾਂ ਦਾ ਵਿਚਾਰ ਹੈ ਕਿ ਸਦੀਆਂ ਤੋਂ ਚਲੀ ਆ ਮਾਨਸਿਕਤਾ ਕਾਰਨ ਭਾਰਤੀ ਸਮਾਜ ‘ਦੇਹਧਾਰੀ ਗੁਰੂ’ ਦੀ ਸੋਚ ਨੂੰ ਇਕਦਮ ਤਿਆਗ ਨਹੀਂ ਸਕਦਾ ਸੀ ਜਾਂ ‘ਸ਼ਬਦ ਗੁਰੂ’ ਨਾਲ ਇਕਦਮ ਨਹੀਂ ਜੁੜ ਸਕਦਾ ਸੀ, ਇਸ ਲਈ ਦਸ ਨਾਨਕ ਸਰੂਪਾਂ ਵਿੱਚ ‘ਸ਼ਬਦ ਗੁਰੂ’ ਦੀ ਜੋਤ ਟਿਕਾ ਕੇ 239 ਸਾਲ ਇਸ ਦਾ ਪ੍ਰਚਾਰ ਕੀਤਾ ਗਿਆ। ਪੂਰੀ ਤਸੱਲੀ ਹੋਣ `ਤੇ ਕਿ ਹੁਣ ਇਸ ਨੂੰ ‘ਦੇਹਧਾਰੀ ਗੁਰੂ’ ਦੀ ਲੋੜ ਨਹੀਂ ਰਹੀ, 1708 ਵਿੱਚ ‘ਦੇਹਧਾਰੀ ਗੁਰੂ’ ਪਰੰਪਰਾ ਦਾ ਹਮੇਸ਼ਾਂ ਲਈ ਖਾਤਮਾ ਕਰ ਦਿੱਤਾ ਗਿਆ।

ਵਿਚਾਰ:- ਇਸ ਨੁੱਕਤੇ ਵਿਚੋਂ ਹੇਠ ਲਿਖੀਆਂ ਗੱਲਾਂ ਵਿਚਾਰਨਯੋਗ ਹਨ।

(ੳ) ਪਹਿਲਾਂ ਵਿਚਾਰੇ ਅਨੁਸਾਰ ‘ਸ਼ਬਦ ਗੁਰੂ’ ਇੱਕ ਵਿਚਾਰਧਾਰਾ ਹੈ, ਸਰਬ ਵਿਆਪਕ ਹੈ, ਕੋਈ ਬ੍ਰਾਹਮਣ ਵਲੋਂ ਪ੍ਰਚਲਿਤ (ਕਾਲਪਨਿਕ) ਜੋਤ ਨਹੀਂ, ਜੋ ਕਿਧਰੇ ਟਿਕਾਈ ਜਾ ਸਕੇ ਜਾਂ ਫਿਲਮਾਂ ਵਾਂਗੂ ਟ੍ਰਾਂਸਫਰ ਕੀਤੀ ਜਾ ਸਕੇ। ਕੀ 1469 ਤੋਂ 1708 ਤੱਕ ‘ਸ਼ਬਦ ਗੁਰੂ’ (ਜੋਤ) ਸਿਰਫ ਉੱਥੇ ਹੀ ਟਿਕਿਆ ਹੋਇਆ ਸੀ, ਜਿੱਥੇ ਬਾਬਾ ਨਾਨਕ ਹੀ ਦਾ ਸ਼ਰੀਰ ਵਿਚਰਦਾ ਸੀ? ਨਹੀਂ ਤਾਂ ਫੇਰ ਇਹ ਜੋਤ ਟਿਕਾਉਣ ਵਾਲੀ ਗੱਲ ਸਹੀ ਕਿਵੇਂ ਸਾਬਿਤ ਹੋਈ। ‘ਸ਼ਬਦ ਗੁਰੂ’ ਤਾਂ ਮੁੱਢ ਤੋਂ ਹੀ ਸਰਬ ਵਿਆਪਕ ਹੈ ਅਤੇ ਹਮੇਸ਼ਾਂ ਰਹੇਗਾ।

(ਅ) ਜੇ ਇਸ ਦਾ ਭਾਵ ਸਿਰਫ ‘ਗੁਰੂ’ ਲਕਬ ਵਰਤਣ ਤੋਂ ਲਿਆ ਜਾਵੇ ਤਾਂ ਵੀ ਠੀਕ ਨਹੀਂ ਲਗਦਾ। ਭਾਵ ਜੇ ਇਹ ਕਿਹਾ ਜਾਵੇ ਕਿ ਨਾਨਕ ਜਾਮਿਆਂ ਨੇ 239 ਸਾਲ ‘ਗੁਰੂ’ ਲਕਬ ਅਪਣੇ (ਜਾਂ ਪਹਿਲੇ ਸਰੂਪਾਂ) ਲਈ ਵਰਨਣਾ ਜਾਇਜ ਮੰਨ ਲਿਆ ਤਾਂ ਇਹ ਗੱਲ ਵੀ ਸੱਚ ਨਹੀਂ ਲਗਦੀ। ਕਿਉਂਕਿ ਅਪਣੇ ਲਈ ਦਾਸ, ਨੀਚ, ਆਦਿ ਨਿਮਰਤਾ ਸੂਚਕ ਲਫਜ ਵਰਤਣ ਵਾਲੇ ਪਾਤਸ਼ਾਹ ਜੀ ਐਸਾ ਨਹੀਂ ਕਰ ਸਕਦੇ ਸਨ।

(ੲ) ਬਾਬਾ ਨਾਨਕ ਜੀ ਨੇ ਮਨੁੱਖਤਾ ਨੂੰ ਜੋ ਸਿਧਾਂਤ ਸਮਝਾਇਆ, ਇੱਕ ਟੂਕ ਦਿੱਤਾ ਲਮਕਾ-ਲਮਕਾ ਕੇ ਨਹੀਂ ਸਮਝਾਇਆ। ਜੇ ਉਨ੍ਹਾਂ ਨੇ ਕਿਹਾ ਕਿ ਜਨੇਊ ਪਾਉਣਾ ਗਲਤ ਹੈ, ਤਾਂ ਇੱਕ ਟੂਕ ਕਿਹਾ ਗਲਤ ਹੈ। ਇਹ ਨਹੀਂ ਕਿਹਾ ਕਿ ਆਹਿਸਤਾ-ਆਹਿਸਤਾ ਛੱਡਣਾ ਚਾਹੀਦਾ ਹੈ। ਭਾਵ ਪਹਿਲੇ ਵੈਸ਼ ਛੱਡਨ, ਫੇਰ ਖੱਤਰੀ ਤੇ ਫੇਰ ਬ੍ਰਾਹਮਣ। ਇਸੇ ਤਰ੍ਹਾਂ ਜੇ ਮੂਰਤੀ (ਦੇਵੀ ਦੇਵਤਿਆਂ) ਦੀ ਪੂਜਾ ਨੂੰ ਗਲਤ ਕਰਾਰ ਦਿੱਤਾ ਤਾਂ ਇਹ ਨਹੀਂ ਸੋਚਿਆ ਕਿ ਸਦੀਆਂ ਤੋਂ ਇਹ ਕਰ ਰਹੇ ਹਨ ਇਸ ਕਰਕੇ ਇੱਕ ਦਮ ਰੱਦ ਕਰਨਾ ਠੀਕ ਨਹੀਂ। ਜੇ ਐਸਾ ਹੁੰਦਾ ਤਾਂ ਸ਼ਾਇਦ ਉਹ ਕਹਿੰਦੇ ਪਹਿਲਾਂ 33 ਕਰੋੜ ਦੇਵਤਿਆਂ ਨੂੰ ਤਿਆਗ ਕੇ, ਸਿਰਫ 10 ਅਵਤਾਰਾਂ (ਰਾਮ, ਕ੍ਰਿਸ਼ਨ ਆਦਿ) ਨੂੰ ਮੰਨੋ, ਪਰ ਐਸਾ ਨਹੀਂ ਹੈ। ਕਹਿਣ ਦਾ ਭਾਵ ਹੈ ਕਿ ਨਾਨਕ ਪਾਤਸ਼ਾਹ ਜੀ ਨੇ ਹਰ ਸਿਧਾਂਤ ਇੱਕ ਟੂਕ ਸਮਝਾਇਆ। ਜਿਸ ਨੂੰ ਚੰਗਾ ਲਗਿਆ ਉਸ ਨੇ ਲੈ ਲਿਆ, ਜਿਹੜਾ ਮਨਮੱਤ ਵਿੱਚ ਲਗਿਆ ਰਿਹਾ ਉਹ ਲਗਿਆ ਹੀ ਰਿਹਾ। ਉਦਾਹਰਣ ਵਾਸਤੇ, ਉਨ੍ਹਾਂ ਨੇ ਹਰਿਦੁਆਰ ਜਾ ਕੇ ਸਮਝਾਇਆ ਕਿ ਸੂਰਜ ਨੂੰ ਅਗਿਆਨਤਾ ਹੇਠ ਪਾਣੀ ਅਰਪਣ ਕਰਨਾ ਗਲਤ ਹੈ। ਕੀ ਸਾਰਿਆਂ ਨੇ ਵੈਸਾ ਕਰਨਾ ਛੱਡ ਦਿੱਤਾ? ਨਹੀ ਨਾਂ। ਅੱਜ ਵੀ ਮਨਮੱਤੀ, ਅਗਿਆਨੀ ਲੋਕ ਐਸਾ ਕਰ ਰਹੇ ਹਨ। ਉਨ੍ਹਾਂ ਨੇ ਜਗਨਨਾਥ ਮੰਦਿਰ ਵਿੱਚ ਜਾ ਕੇ ਸਮਝਾਇਆ ਕਿ ਮੂਰਤੀਆਂ ਦੀ ਆਰਤੀ ਉਤਾਰਨੀ ਗਲਤ ਹੈ। ਕੀ ਉਹ ਉੱਥੇ ਪੂਰੀ ਤਰ੍ਹਾਂ ਬੰਦ ਹੋ ਗਈ? ਨਹੀਂ ਨਾ। ਹੁਣ ਵੀ ਹੋ ਰਹੀ ਹੈ। ਉਹਨਾਂ ਮੱਕੇ ਜਾ ਕੇ ਇਸ ਗਲਤ ਵਿਸ਼ਵਾਸ ਦਾ ਖੰਡਨ ਕੀਤਾ ਕਿ ਰੱਬ ਸਿਰਫ ‘ਉਸ ਮਹਿਰਾਬ’ ਵਿੱਚ ਵਸਦਾ ਹੈ। ਕੀ ਸਾਰਿਆਂ ਨੇ ਉਸ ਨੂੰ ਮੰਨ ਲਿਆ? ਨਹੀਂ ਨਾ। ਉਹ ਸੱਭ ਕੁੱਝ ਹੁਣ ਵੀ ਉੱਥੇ ਹੋ ਰਿਹਾ ਹੈ। ਕਹਿਣ ਦਾ ਭਾਵ ਬਾਬਾ ਨਾਨਕ ਜੀ ਨੇ ਸਿਰਫ ਸੱਚ ਪੇਸ਼ ਕੀਤਾ ਜਿਸ ਨੂੰ ਪਸੰਦ ਆ ਗਿਆ ਉਹ ‘ਸਿੱਖ’ ਬਣ ਗਿਆ।

(ਸ) ਇਹ ਕਹਿਣਾ ਕਿ 1708 ਵਿੱਚ ਇਹ ਤਸੱਲੀ ਕਰ ਲੈਣ ਤੋਂ ਬਾਅਦ ਕਿ ਹੁਣ ਇਸ ਇਸ ਨੂੰ ਦੇਹਧਾਰੀ ‘ਗੁਰੂ’ ਦੀ ਲੋੜ ਨਹੀਂ ਰਹੀ, ਦੇਹਧਾਰੀ ‘ਗੁਰੂ ਡੰਮ’ ਦਾ ਹਮੇਸ਼ਾ ਲਈ ਖਾਤਮਾ ਕਰ ਦਿੱਤਾ, ਕੀ ਇਹ ਗੱਲ ਸੱਚ ਸਾਬਿਤ ਹੁੰਦੀ ਹੈ? ਬਿਲਕੁਲ ਨਹੀਂ। ਕੀ ਸਿਖਾਂ (ਜਾਂ ਮਨੁੱਖਤਾ) ਨੇ ‘ਦੇਹਧਾਰੀ ਗੁਰੂ’ ਦਾ ਪੱਲਾ ਛੋੜ ਦਿਤਾ? ਬਿਲਕੁਲ ਨਹੀਂ, ਬਲਕਿ ਇਹਨਾਂ ਨੇ ਤਾਂ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਵੀ ਦੇਹ ਮੰਨਣਾ (ਪ੍ਰਕਟ ਗੁਰਾਂ ਦੀ ਦੇਹ) ਸ਼ੁਰੂ ਕਰ ਦਿਤਾ। ਇਨ੍ਹਾਂ ਵਿਚੋਂ ਹੀ ਨਿਰੰਕਾਰੀ ਮੁਖੀਆਂ, ਨਾਮਧਾਰੀ ਮੁਖੀਆਂ ਨੂੰ ‘ਗੁਰੂ’ ਕਹਿਣ ਵਾਲੇ ਪੈਦਾ ਹੋ ਗਏ ਅਤੇ ਨੰਦ ਸਿੰਘ, ਅਤਰ ਸਿੰਘ ਆਦਿ ਨੂੰ ‘ਗੁਰੂ’ ਮੰਨਣ ਦੀਆਂ ਵੀ ਕੋਸ਼ੀਸ਼ਾਂ ਜਾਰੀ ਹਨ। ਇਸ ਹਿਸਾਬ ਨਾਲ 1708 ਵਿੱਚ ‘ਦੇਹਧਾਰੀ ਗੁਰੂ ਡੰਮ’ ਖਤਮ ਕਰਨ ਦਾ ਫੈਸਲਾ ਗਲਤ ਸਾਬਿਤ ਨਹੀਂ ਹੋ ਜਾਂਦਾ? ਅਸਲ ਵਿੱਚ ਗਲਤ ਇਹ ਸੋਚ ਹੈ ਕਿ ਨਾਨਕ ਸਰੂਪਾਂ ਨੇ ‘ਸ਼ਰੀਰਧਾਰੀ’ ਨੂੰ ਕਦੀ ਗੁਰੂ ਮੰਨਿਆਂ ਜਾਂ ਪ੍ਰਚਾਰਿਆ ਸੀ।

(10) ਕੁੱਝ ਵਿਦਾਵਾਨਾਂ ਦਾ ਵਿਚਾਰ ਹੈ ਕਿ ਬਾਬੇ ਨਾਨਕ ਨੇ ਆਪ ਤਾਂ ‘ਗੁਰੂ’ ਨਹੀਂ ਕਹਾਇਆ ਪਰ ਮਗਰਲੇ ਜਾਮਿਆਂ ਨੇ ਉਨ੍ਹਾਂ ਨੂੰ ‘ਗੁਰੂ’ ਲਿਖਿਆ ਹੈ। ਉਨ੍ਹਾਂ ਨੇ ਇਸ ਲਈ ਕੁੱਝ ਗਰੁਬਾਣੀ ਤੁਕਾਂ ਜਿਵੇਂ –

‘ਗੁਰੂ ਨਾਨਕ ਜਿਨ ਸੁਣਿਆ ਪੇਖਿਆ’ (ਅੰਗ –613)

‘ਗੁਰੁ ਨਾਨਕੁ ਤੁਠਾ ਮੇਲੈ ਰਹਿ ਭਾਈ (ਅੰਗ -732)

ਆਦਿ ਦਾ ਹਵਾਲਾ ਦਿੱਤਾ ਹੈ।

ਵਿਚਾਰ:-

(ੳ) ਸਭ ਜਾਣਦੇ ਹਨ ਕਿ ਪਹਿਲਾਂ ਗੁਰਬਾਣੀ ਜੁੜਵੇ ਅੱਖਰਾਂ ਵਿੱਚ ਹੁੰਦੀ ਸੀ। ਵਿਦਵਾਨਾਂ ਨੇ ਪਦ ਛੇਦ ਕਰਕੇ ਇਸ ਨੂੰ ਨਵੀਂ ਬੀੜ ਦੇ ਰੂਪ ਵਿੱਚ ਛਾਪਿਆ। ਟੀਕਾਕਾਰਾਂ ਨੇ ਆਪਣੀ ਸੋਝੀ ਮੁਤਾਬਕ (ਜਿਥੇ ਉਨ੍ਹਾਂ ਨੂੰ ਠੀਕ ਜਾਪਿਆ) ‘ਸਪੇਸ’ ਦੇ ਕੇ ਉਸਦੇ ਅਰਥ ਕਰ ਦਿੱਤੇ। ਇੱਕ ਮਿਸਾਲ ਲੈਂਦੇ ਹਾਂ:-

ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ॥

ਇਸ ਤੁੱਕ ਦੇ ਅਰਥ ਕਰਦੇ ਸਮੇਂ ਜ਼ਿਆਦਾਤਰ ਟੀਕਾਕਾਰਾਂ ਨੇ ‘ਗੁਰੂ ਨਾਨਕ’ ਨੂੰ ਇਕੱਠਾ ਰੱਖ ਕੇ (ਕਿਉਂਕਿ ਉਹ ਨਾਨਕ ਸਰੂਪਾਂ ਲਈ ‘ਗੁਰੂ’ ਲਫਜ਼ ਵਰਤਣ ਵਾਲੀ ਪ੍ਰਚਲਿਤ ਸੋਚ ਦੇ ਅਧੀਨ ਸਨ) ਅਰਥ ਕਰ ਦਿੱਤੇ। ਉਨ੍ਹਾਂ ਨੇ ਅਰਥ ਕੀਤੇ:- “ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣਿਆ, ਦੇਖਿਆ ਉਹ ਫੇਰ ਗਰਭ ਜੂਨ ਵਿੱਚ ਨਹੀਂ ਪੈਂਦੇ”। ਪ੍ਰੋ. ਸਾਹਿਬ ਸਿੰਘ ਜੀ ਨੇ ਵੀ ਅਰਥ ਕਰਦੇ ਸਮੇਂ ‘ਗੁਰੂ ਨਾਨਕ’ ਜੀ ਦੇ ਦਰਸ਼ਨ (ਪੇਖਨਾ) ਕਰਨ ਦੀ ਗੱਲ ਲਿਖੀ ਹੈ। ਕੀ ਜਿਸਨੇ ‘ਗੁਰੂ ਨਾਨਕ ਜੀ ਦੇ ਦਰਸ਼ਨ ਨਹੀਂ ਕੀਤੇ ਉਹ ਪਾਰ ਨਹੀਂ ਹੋ ਸਕਦਾ? ਇਥੇ ‘ਦਰਸ਼ਨ’ ਦੇ ਭਾਵ ਸ਼ਰੀਰ ਦੇ ਦਰਸ਼ਨ ਹੀ ਬਣਦੇ ਹਨ ਕਿਉਂਕਿ ‘ਗੁਰੂ ਨਾਨਕ’ ਇੱਕ ਸ਼ਰੀਰ ਦਾ ਨਾਂ ਸੀ। ਕੀ ਇਹ ਅਰਥ ਗੁਰਮਤਿ ਅਨੁਸਾਰੀ ਠੀਕ ਲਗਦੇ ਹਨ।

ਪੂਰੇ ਸ਼ਬਦ ਨੂੰ ਵੇਖਿਆ ਭੁਲੇਖਾ ਦੂਰ ਹੋ ਸਕਦਾ ਹੈ। ਨਾਨਕ ਸਰੂਪਾਂ ਦੇ ਜ਼ਿਆਦਾਤਰ ਸ਼ਬਦਾਂ ਵਿੱਚ ‘ਨਾਨਕ’ ਛਾਪ ਵਰਤੀ ਮਿਲਦੀ ਹੈ। ਉੱਥੇ ਇਸਦਾ ਅਰਥ ‘ਨਾਨਕ ਕਹਿੰਦਾ ਹੈ’ ਵਾਂਗੂੰ ਬਣਦੇ ਹਨ। ਇਸ ਸ਼ਬਦ ਵਿੱਚ ਵੀ ਵਿਚਾਰ ਅਧੀਨ ਤੁੱਕ ਆਖਰੀ ਹੈ। ਇੱਥੇ ਵੀ ‘ਨਾਨਕ’ ਛਾਪ ਤੌਰ ਤੇ ਵਰਤਿਆ ਗਿਆ ਹੈ ਨਾ ਕਿ ‘ਗੁਰੂ’ ਵਿਸ਼ੇਸ਼ਣ ਨਾਲ ਜੋੜ ਕੇ। ਸਹੀ ਅਰਥ ਬਣਦੇ ਹਨ। ‘ਨਾਨਕ ਕਹਿੰਦਾ ਹੈ ਕਿ ਜਿਸ ਨੇ ਵੀ ‘ਗੁਰੂ (ਸੱਚ ਦਾ ਗਿਆਨ) ਨੂੰ ਸੁਣਿਆ ਤੇ ਪੇਖਿਆ (ਭਾਵ ਮੰਨਿਆ) ਹੈ, ਉਹ ਆਵਾਗਵਨ ਵਿੱਚ ਨਹੀਂ ਪੈਂਦਾ।

ਇਥੇ ਲੋੜ ਹੈ ‘ਗੁਰੂ’ ਅਤੇ ‘ਨਾਨਕ’ ਨੂੰ ਅਲਗ-ਅਲਗ ਅਰਥਾਉਣ ਦੀ। ‘ਗੁਰੂ’ ਅਤੇ ‘ਨਾਨਕ’ ਦੋਹਾਂ ਨਾਲ ਲਗੇ ਓਂਕੜ (ੁ) ਬਾਰੇ ਵਿਚਾਰ ਲਗਾਂ-ਮਾਤਰਾਂ ਵਾਲੇ ਨੁੱਕਤੇ ਵਿੱਚ ਕੀਤੀ ਜਾਵੇਗੀ। ਇਹੀ ਦਲੀਲ ਇਸ ਸੰਬੰਧ ਵਿੱਚ ਦਿਤੇ ਗਏ ਸਾਰੇ ਹਵਾਲਿਆਂ ਤੇ ਲਾਗੂ ਹੁੰਦੀ ਹੈ। ਐਸੀਆਂ ਲਗਭਗ ਸਾਰੀਆਂ ਤੁੱਕਾਂ, ਸ਼ਬਦ ਦੀਆਂ ਅੰਤਲੀਆਂ ਤੁੱਕਾਂ ਹਨ ਜੋ ਇਹ ਸਬਿਤ ਕਰਦੀਆਂ ਹਨ ਕਿ ਉੱਥੇ ‘ਨਾਨਕ’ ਛਾਪ ਵਜੋਂ ਵਰਤਿਆ ਗਿਆ ਹੈ।

(ਅ) ਇਹ ਗੱਲ ਬਿਲਕੁਲ ਠੀਕ ਹੈ ਕਿ ਨਾਨਕ ਸਰੂਪਾਂ ਨੇ ਨਿਮਰਤਾ ਵਿੱਚ ਰਹਿੰਦੇ ਹੋਏ ਆਪਣੇ ਲਈ ‘ਦਾਸ’ ‘ਨੀਚ’ ਆਦਿ ਲਕਬ ਵਰਤੇ, ਕੁੱਝ ਵਿਦਵਾਨਾਂ ਅਨੁਸਾਰ ਨਿਮਰਤਾ ਕਾਰਨ ਹੀ ਉਹਨਾਂ ਨੇ ਅਪਣੇ ਨਾਂ ਨਾਲ ‘ਗੁਰੂ’ ਨਹੀਂ ਵਰਤਿਆ। ਪਰ ਮਗਰਲੇ ਜਾਮਿਆਂ ਨੇ ਪਹਿਲੇ ਜਾਮਿਆਂ ਲਈ ਸਤਿਕਾਰ ਵਜੋਂ ‘ਗੁਰੂ’ ਲਫਜ਼ ਵਰਤਿਆ ਹੈ। ਪਰ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਵਿਚਾਰ ਤੋਂ ਇਹ ਗੱਲ ਗਲਤ ਸਾਬਿਤ ਹੋ ਜਾਂਦੀ ਹੈ। ਭੱਟ ਮਹਾਪੁਰਖਾਂ ਨੇ ਆਪਣੀ ਬਾਣੀ ਵਿੱਚ (ਪ੍ਰਚਲਿਤ ਮਨੌਤ ਅਨੁਸਾਰ) ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਅਰਜਨ ਪਾਤਸ਼ਾਹ ਜੀ ਲਈ ‘ਗੁਰੂ’ ‘ਹਰਿ’ ਵਿਸ਼ੇਸ਼ਣ ਵਰਤੇ। ਪਰ ਇਹ ਵੀ ਸੱਚ ਹੈ ਕਿ ਇਨ੍ਹਾਂ ਸਵੱਈਆਂ ਨੂੰ ਅਰਜਨ ਪਾਤਸ਼ਾਹ ਜੀ ਨੇ ਆਪ ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਸ਼ਾਮਿਲ ਕੀਤਾ। ਇਨ੍ਹਾਂ ਸਵਈਆਂ ਵਿੱਚ ਅਰਜਨ ਪਾਤਸ਼ਾਹ ਜੀ ਨੂੰ ਵੀ (ਪ੍ਰਚਲਿਤ ਮਨੌਤ ਅਨੁਸਾਰ) ‘ਗੁਰੂ’ ‘ਹਰਿ’ ਕਹਿ ਕੇ ਸੰਬੋਧਨ ਕੀਤਾ ਮਿਲਦਾ ਹੈ। ਕੀ ਇਸਦਾ ਭਾਵ ਇਹ ਨਹੀ ਨਿਕਲਦਾ ਕਿ ਅਰਜਨ ਪਾਤਸ਼ਾਹ ਜੀ ‘ਨਿਮਰਤਾ’ ਦਾ ਉਹ ਸਿਧਾਂਤ ਭੁਲ ਗਏ ਸਨ? ਸਾਡੀ ਜਾਚੇ ਅਰੁਨ ਪਾਤਸ਼ਾਹ ਜੀ ਨਹੀਂ ਭੁੱਲੇ ਸਨ, ਬਲਕਿ ਅਸੀ ਭੁੱਲ ਕਰਕੇ ਹੁਣ ਤੱਕ ਅਰਥ ਗਲਤ ਕਰ ਰਹੇ ਹਾਂ।

(11) ਇੱਕ ਵਿਦਵਾਨ ਵੀਰ ਨੇ ਆਪਣੇ ਲੇਖ ਵਿੱਚ ਲਿਖਿਆ ਹੈ ਕਿ ਜੇ ਚੌਥੇ, ਪੰਜਵੇਂ ਨਾਨਕ ਸਰੂਪ, ਬਾਬੇ ਨਾਨਕ ਨੂੰ ‘ਗੁਰੂ’ ਕਹਿੰਦੇ ਸਨ ਤਾਂ ਸਾਡੀ ਕੀ ਸਤਿਆ ਹੈ? ਉਸ ਵੀਰ ਅਨੁਸਾਰ, ‘ਇਹ ਕਹਿਣ ਵਿੱਚ ਕੋਈ ਸ਼ਰਮ ਨਹੀਂ ਕਿ ਤੁਸੀਂ (ਤੱਤ ਗੁਰਮਤਿ ਵਾਲੇ) ਚੌਥੇ, ਪੰਜਵੇਂ ਗੁਰੂ ਸਾਹਿਬਾਨ, ਭਾਈ ਸੱਤਾ ਬਲਵੰਡ ਜੀ, ਭਾਈ ਗੁਰਦਾਸ ਜੀ, ਭਾਈ ਕ੍ਹਾਨ ਸਿੰਘ ਜੀ ਨਾਭਾ, ਪ੍ਰੋ. ਸਾਹਿਬ ਸਿੰਘ ਜੀ ਆਦਿ ਤੋਂ ਜ਼ਿਆਦਾ ਸਿਆਣੇ ਨਹੀਂ, ਜਿਹੜੇ ਨਾਨਕ ਸਰੂਪਾਂ ਨੂੰ ‘ਗੁਰੂ’ ਕਹਿ ਕੇ ਸੰਬੋਧਨ ਕਰਦੇ ਸੀ।

ਵਿਚਾਰ:- ਵਿਚਾਰ ਗੁਰਮਤਿ ਸਿਧਾਂਤ ਦੇ ਆਧਾਰ ਤੇ ਹੋ ਰਹੀ ਹੈ। ਅਸੀਂ ਤਾਂ ‘ਮੈ ਮੂਰਖ ਕੀ ਕੇਤਕ ਬਾਤ ਹੈ’ ਅਨੁਸਾਰ ਮੰਨਦੇ ਹਾਂ ਕਿ ਅਸੀਂ ਅਗਿਆਨੀ ਅਤੇ ਮੂਰਖ ਹਾਂ। ਫੇਰ ਸਿਆਣੇਪਣ ਦਾ ਭਰਮ ਹੋਣ ਦੀ ਤਾਂ ਕੋਈ ਗੱਲ ਨਹੀਂ ਹੈ। ਗੱਲ ਤਾਂ ਹੈ ਮਗਰਲੇ ਨਾਨਕ ਸਰੂਪਾਂ ਵਲੋਂ ਬਾਬੇ ਨਾਨਕ ਜੀ ਨੂੰ ‘ਗੁਰੂ’ ਕਹਿਣ ਦੀ। ਅਸੀ ਪਿਛਲੇ ਇਹ ਨੁਕਤੇ ਦੀ ਵਿਚਾਰ ਤੋਂ ਸਮਝ ਚੁੱਕੇ ਹਾਂ ਕਿ ਜਿਹੜੀਆਂ ਵੀ ਤੁੱਕਾਂ ਵਿੱਚ ‘ਗੁਰੂ ਨਾਨਕ’ ਲਿਖਿਆ ਮਿਲਦਾ ਹੈ, ਉੱਥੇ ‘ਨਾਨਕ’ ਛਾਪ ਵਜੋਂ ਵਰਤਿਆ ਗਿਆ ਹੈ। ‘ਗੁਰੂ’ ਨਾਲ ਜੋੜ ਕੇ ਹੁਣ ਤੱਕ ਉਸਦੇ ਅਰਥ ਗਲਤ ਕੀਤੇ ਜਾਂਦੇ ਰਹੇ ਹਨ। ਐਸਾ ਹੀ ਭੁਲੇਖਾ ਭਾਈ ਸੱਤਾ ਅਤੇ ਬਲਵੰਡ ਜੀ ਅਤੇ ਭੱਟ ਮਹਾਪੁਰਖਾਂ ਦੇ ਸਵੱਯੇਆਂ ਬਾਰੇ ਵੀ ਪਿਆ ਹੈ। ਭਾਈ ਕ੍ਹਾਨ ਸਿੰਘ ਜੀ ਨਾਭਾ, ਪ੍ਰੋ. ਸਾਹਿਬ ਸਿੰਘ ਜੀ ਬੇਸ਼ਕ ਮਹਾਨ ਵਿਦਵਾਨ ਸਨ। ਪਰ ਇਹ ਕਹਿਣਾ ਸੰਭਵ ਨਹੀਂ ਕਿ ਉਨ੍ਹਾਂ ਨੇ ਕਿਧਰੇ ਵੀ ਭੁਲੇਖਾ ਨਹੀਂ ਖਾਧਾ। ਨਾਭਾ ਜੀ, ਬਚਿਤ੍ਰ ਨਾਟਕ, ਚੰਡੀ ਦੀ ਵਾਰ ਆਦਿ ਨੂੰ ਦਸ਼ਮੇਸ਼ ਕ੍ਰਿਤ ਮੰਨਦੇ ਸਨ। ਪ੍ਰੋ. ਸਾਹਿਬ ਸਿੰਘ ਜੀ ਨੇ ਕਈ ਗੁਰਬਾਣੀ ਸ਼ਬਦਾਂ ਦੇ ਅਰਥ ਗਲਤ (ਇਕ ਨੁੱਕਤੇ ਵਿੱਚ ਵਿਚਾਰੇ ਗਏ) ਕੀਤੇ ਹਨ। ਕਹਿਣ ਦਾ ਭਾਵ ਹਰ ਕੋਈ ਆਪਣੀ ਸਮਰਥਾ ਅਨੁਸਾਰ ਸੁਧਾਰ ਦੀ ਕੋਸ਼ਿਸ਼ ਕਰ ਰਿਹਾ ਹੈ। ਇਸਦਾ ਭਾਵ ਇਹ ਨਹੀਂ ਕਿ ਉਹ ਵੱਧ ਸਿਆਣਾ ਹੋਣ ਦਾ ਭਰਮ (ਹੰਕਾਰ) ਕਰ ਰਿਹਾ ਹੈ।

(12) ਕੁੱਝ ਵਿਦਵਾਨਾਂ ਨੇ ਵਿਚਾਰ ਦੇਂਦੇ ਕਿਹਾ ਹੈ ਕਿ ਇਹ ਠੀਕ ਹੈ ਬਾਬਾ ਨਾਨਕ ਜੀ ਨੇ (ਨਿਮਰਤਾ ਕਾਰਨ) ਗੁਰਬਾਣੀ ਵਿੱਚ ਆਪਣੇ ਆਪ ਨੂੰ ‘ਗੁਰੂ’ ਨਹੀਂ ਕਿਹਾ। ਜੇ ਉਨ੍ਹਾਂ ਦੇ ਕਹੇ ਤੇ ਹੀ ਅੜਿਆ ਰਹਿਣਾ ਹੈ ਤਾਂ ਉਨ੍ਹਾਂ ਨੇ ਖੁਦ ਨੂੰ ਨਿਮਰਤਾ ਵਿੱਚ ਰਹਿ ਕੇ ਨੀਚ, ਦਾਸ ਆਦਿ ਕਿਹਾ ਹੈ। ਕੀ ਅਸੀਂ ਵੀ ਇਸੇ ਤਰ੍ਹਾਂ ਕਰੀਏ, ਭਾਵ ਉਨ੍ਹਾਂ ਨੂੰ ਨੀਚ ਨਾਨਕ, ਦਾਸ ਨਾਨਕ ਕਹੀਏ?

ਵਿਚਾਰ:- ਇਹ ਦਲੀਲ ਅਢੁੱਕਵੀਂ ਲਗਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਨਾਨਕ ਸਰੂਪਾਂ ਨੇ ਨਿਮਰਤਾ ਵਿੱਚ ਰਹਿੰਦੇ ਹੋਏ ਆਪਣੇ ਲਈ ਨੀਚ, ਦਾਸ ਆਦਿ ਲਕਬ ਵਰਤੇ ਹਨ। ਇਹ ਉਨ੍ਹਾਂ ਦਾ ਵਡਪੱਣ ਹੈ। ਉੱਥੇ ਭਾਵ ਸਮਝਣਾ ਜਰੂਰੀ ਹੈ। ਅਸੀਂ ਉਨ੍ਹਾਂ ਨੂੰ ਨੀਚ, ਦਾਸ ਨਹੀਂ ਕਹਿ ਸਕਦੇ, ਇਹ ਉਨ੍ਹਾਂ ਦਾ ਨਿਰਾਦਰ ਕਰਨਾ ਹੋਵੇਗਾ। ਬਲਕਿ ਸੱਚਾ ਸਿੱਖ ਤਾਂ ਆਪਣੇ ਸਿਵਾ ਕਿਸੇ ਹੋਰ ਨੂੰ ਨੀਚ, ਦਾਸ ਆਦਿ ਕਹਿ ਹੀ ਨਹੀਂ ਸਕਦਾ। ਪਰ ਜਿੱਥੇ ਗੱਲ ‘ਗੁਰੂ’ ਪਦ ਦੀ ਆਉਂਦੀ ਹੈ, ਉਥੇ ਸਤਿਕਾਰ ਵਾਲਾ ਨੁੱਕਤਾ ਨਹੀਂ ਹੈ। ਗੁਰਮਤਿ ਸਿਧਾਂਤ ਅਨੁਸਾਰ ‘ਸ਼ਰੀਰਧਾਰੀ’ ਗੁਰੂ ਜਾਂ ਰੱਬ ਨਹੀਂ ਹੋ ਸਕਦਾ। ਇਸ ਕਰਕੇ ਇਹ ਸੋਚਣਾ ਕਿ ‘ਗੁਰੂ’ ਪਦ ਨਾ ਵਰਤਣ ਦੇ ਹਿਮਾਇਤੀ ਸਤਿਕਾਰ ਨਹੀਂ ਕਰਦੇ, ਗਲਤ ਹੈ, ਜ਼ਿਆਦਤੀ ਹੈ। ਅਸੀਂ ਬਾਬਾ ਨਾਨਕ ਜੀ ਨੂੰ ਦੁਨੀਆਂ ਦਾ ਸਭ ਤੋਂ ਮਹਾਨ ਰਹਿਬਰ ਮੰਨਦੇ ਹਾਂ। ਸਤਿਕਾਰ ਲਈ ਹੋਰ ਢੁਕਵੇਂ ਵਿਸ਼ੇਸ਼ਣ ਵਰਤੇ ਜਾ ਸਕਦੇ ਹਨ। ਪਰ ‘ਗੁਰੂ’ ਲਫਜ਼ ਵਰਤਣ ਨਾਲ ਗੁਰਮਤਿ ਦੀ ਉਲੰਘਣਾ ਹੁੰਦੀ ਹੈ, ਇਸ ਕਰਕੇ ਗਲਤ ਹੈ।

(13) ਵਿਆਕਰਣ ਨਿਯਮਾਂ ਬਾਰੇ:- ‘ਗੁਰੂ’ ਪਰ ਬਾਰੇ ਚਲ ਰਹੀ ਵਿਚਾਰ ਦੌਰਾਨ ਬਹੁਤੇ ਵਿਦਵਾਨ/ਪਾਠਕਾਂ ਨੇ ਗੁਰਬਾਣੀ ਤੁੱਕਾਂ ਦੇ ਅਰਥ ਵਿਆਕਰਣ ਅਤੇ ਪ੍ਰੋ. ਸਾਹਿਬ ਸਿੰਘ ਜੀ ਦੇ ਦਰਪਣ ਦੇ ਆਧਾਰ `ਤੇ ਕਰਨ ਦੀ ਗੱਲ ਕੀਤੀ ਹੈ।

ਵਿਚਾਰ:- ਪਹਿਲਾਂ ਗੱਲ ਕਰਦੇ ਹਾਂ ਵਿਆਕਰਣ ਦੀ। ਪ੍ਰਚਲਿਤ (ਗੁਰਬਾਣੀ) ਵਿਆਕਰਣ ਦਾ ਮੁੱਖ ਹਿੱਸਾ ਸਪੇਸ ਅਤੇ ਲਗਾਂ ਮਾਤਰਾਵਾਂ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਪਹਿਲਾਂ ਬੀੜਾਂ ਜੁੜਵੇਂ ਅਖਰਾਂ ਵਾਲੀਆਂ ਹੁੰਦੀਆਂ ਸਨ। ਛਾਪਖਾਨੇ ਦੇ ਪ੍ਰਚਾਰ ਨਾਲ ਬੀੜ ਪ੍ਰਕਾਸ਼ਿਤ ਕਰਨ ਵੇਲੇ ਉਸ ਵੇਲੇ ਦੇ ਵਿਦਵਾਨਾਂ ਨੇ ਆਪਣੀ ਸਮਝ ਮੁਤਾਬਕ, ਸਲਾਹ ਕਰਕੇ ਸਪੇਸ ਲਾ ਦਿੱਤੇ। ਲਗਭਗ ਸਾਰੇ ਹੀ ਸੁਹਿਰਦ ਵਿਦਵਾਨ ਇਸ ਗੱਲ ਤੇ ਰਾਜ਼ੀ ਹਨ ਕਿ ਇਸ ਪੱਖੋਂ ਉਸ ਵੇਲੇ, ਸੰਪਰਦਾਈ ਵਿਦਵਾਨਾਂ ਦਾ ਜ਼ੋਰ ਹੋਣ ਕਰਕੇ, ਕਾਫੀ ਕਮੀਆਂ ਰਹਿ ਗਈਆਂ ਸਨ। ਹੱਥ ਲਿਖਤ ਉਤਾਰਾ ਕਰਦੇ ਵਕਤ ਵੀ ਹੋਈਆਂ ਗਲਤੀਆਂ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਪੱਖ ਨੂੰ ਜ਼ਿਆਦਾ ਨ ਛੂੰਹਦੇ ਹੋਏ, ਸਿਰਫ ਇੱਕ ਮਿਸਾਲ ਲਵਾਂਗੇ, ਜੋ ਉਤਾਰਾ ਕਰਦੇ ਵੇਲੇ ਲਗਾ ਮਾਤਰਾਵਾਂ ਆਦਿ ਸਬੰਧੀ ਕੀਤੀ ਗਲਤੀਆਂ ਦਾ ਸਬੂਤ ਪੇਸ਼ ਕਰਦੀ ਹੈ।

ਧਨਾਸਰੀ ਰਾਗ ਵਿੱਚ ਬਾਬਾ ਨਾਨਕ ਜੀ ਦਾ ਉਚਾਰਿਆ ਅਤੇ ਪੋਥੀ ਵਿੱਚ ਦਰਜ ਕੀਤਾ ਇੱਕ ਸ਼ਬਦ ਪੰਨਾ 663 ਤੇ ਆਰਤੀ ਸਿਰਲੇਖ ਵਾਲਾ ਸ਼ਬਦ ਹੈ। ਬਿਲਕੁਲ ਇਹੀ ਸ਼ਬਦ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਸੰਪਾਦਨਾ ਵੇਲੇ ਅਰਜਨ ਪਾਤਸ਼ਾਹ ਜੀ ਨੇ ਨਿਤਨੇਮ ਦੀਆਂ ਬਾਣੀਆਂ ਵਿੱਚ ‘ਸੋਹਿਲਾ’ ਦੀ ਬਾਣੀ ਅੰਦਰ ਦਰਜ ਕੀਤਾ ਹੈ। ਇਹ ਦੋਵੇਂ ਥਾਂ ਇਕੋ ਜਿਹਾ ਹੋਣਾ ਚਾਹੀਦਾ ਸੀ, ਕਿਉਂਕਿ ਨਾਨਕ ਪਾਤਸ਼ਾਹ ਨੇ ਦੋ ਵਾਰ ਅਲਗ-ਅਲਗ ਤਰੀਕੇ ਉਚਾਰਣ ਨਹੀਂ ਕੀਤਾ ਹੋਵੇਗਾ ਪਰ ਦੋਹਾਂ ਨੂੰ ਤੁਲਨਾ ਕਰਨ ਤੇ ਕੁੱਝ ਹੋਰ ਹੀ ਸਾਹਮਣੇ ਆਉਂਦਾ ਹੈ। ਇਨ੍ਹਾਂ ਦੋਵਾਂ ਥਾਵਾਂ ਵਿੱਚ ਦਰਜ (ਇਕੋ) ਸ਼ਬਦ ਵਿੱਚ ਲਫਜਾਂ, ਲਗਾਂ, ਮਾਤਰਾਵਾਂ ਆਦਿ ਪੱਖੋਂ 6 ਫਰਕ ਹਨ। ਫਰਕ ਹੇਠ ਲਿਖੇ ਹਨ।

ਪੰਨਾ 13 `ਤੇ ਦਰਜ ਤੱਕਾਂ:-

- ‘ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ’

- ‘ਸਹਸ ਮੂਰੋਤ ਨਨਾ ਏਕ ਤ+ਹੀ’

- ‘ਤਿਸ ਦੈ ਚਾਨਣਿ ਸਭ ਮਹਿ ਚਾਨਣ ਹੋਇ’

- ‘ਹਰਿ ਚਰਣ ਕਵਲ ਮਕਰੰਦ’

- ‘ਅਨਦਿਨ+ ਮੋਹਿ ਆਹਿ ਪਿਆਸਾ’

- ‘ਹੋਇ ਜਾ ਤੇ ਤੇਰੈ ਨਾਇ ਵਾਸਾ’

ਪੰਨਾ 663 `ਤੇ ਦਰਜ ਤੱਕਾਂ:-

- ‘ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ’

- ‘ਸਹਸ ਮੂਰਤਿ ਨਨਾ ਏਕ ਤੋਹੀ’

- ‘ਤਿਸ ੈ ਚਾਨਣਿ ਸਭ ਮਹਿ ਚਾਨਣ ਹੋਇ’

- ‘ਹਰਿ ਚਰਣ ਕਮਲ ਮਕਰੰਦ’

- ‘ਅਨਦਿਨੋ ਮੋਹਿ ਆਹਿ ਪਿਆਸਾ’

- ‘ਹੋਇ ਜਾ ਤੇ ਤੇਰੇ ਨਾਮਿ ਵਾਸਾ’

ਇਹ ਬਿਨਾ ਸ਼ੱਕ ਉਤਾਰਾ ਕਰਨ ਵੇਲੇ ਹੋਈ ਗਲਤੀ ਹੈ। ਕਹਿਣ ਦਾ ਭਾਵ ਕਿ ਉਤਾਰੇ ਵੇਲੇ ਲਗਾਂ ਮਾਤਰਾਵਾਂ ਵਿੱਚ ਗਲਤੀ ਹੋਣ ਦੀ ਗੁੰਜਾਇਸ਼ ਹੈ। ਇਸ ਕਰਕੇ ‘ਸਿਧਾਂਤ’ ਨੂੰ ਇਨ੍ਹਾਂ ਉੱਤੋਂ ਕੁਰਬਾਨ ਨਹੀਂ ਕੀਤਾ ਜਾ ਸਕਦਾ। ਸਾਡੀ ਜਾਚੇ ਗੁਰਬਾਣੀ ਅਰਥ ਕਰਦੇ ਸਮੇਂ ਹੇਠ ਲਿਖੇ ਤਿੰਨ ਨਿਯਮ ਮੰਨਣੇ ਜ਼ਰੂਰੀ ਹਨ।

(ੳ) ਪੂਰੇ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਮੁੱਢਲਾ ਆਧਾਰ ਬਾਬਾ ਨਾਨਕ ਜੀ (ਮਹਲਾ ੧) ਦੀ ਬਾਣੀ ਹੈ। ਕਿਸੇ ਹੋਰ ਬਾਣੀ ਨੂੰ ਇਸ ਕਸਵੱਟੀ ਤੇ ਪਰਖ ਕੇ ਅਰਥਾਉਣਾ ਚਾਹੀਦਾ ਹੈ। ਇਹ ਨਹੀਂ ਕਿ ‘ਗੁਰੂ’ ਪਦ ਬਾਰੇ ਫੈਸਲਾ ਕਰਨ ਲਈ ‘ਮਹਲਾ ੧’ ਦੇ ਸਿਧਾਂਤ ਨੂੰ ਤਿਆਗ ਕੇ ਭੱਟਾਂ ਦੇ ਸਵੱਯੀਏ ਨੂੰ ਕਸਵੱਟੀ ਬਣਾਇਆ ਜਾਵੇ।

(ਅ) ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਸਾਰੀ ਬਾਣੀ ਇੱਕ ਮੱਤ ਤੇ ਇਕਸਾਰ ਹੈ। ਇਸ ਵਿੱਚ ਕਿਧਰੇ ਵੀ ਦੋਗਲਾਪਨ ਨਹੀਂ ਹੈ। ਗਲਤੀ ਸਾਡੇ ਸਮਝਣ ਵਿੱਚ ਹੋ ਸਕਦੀ ਹੈ। ਪਿਛਲੇ ਇੱਕ ਨੁਕਤੇ ਦੇ ਵਿਚਾਰ ਵੇਲੇ ਅਸੀਂ ਸਿੱਧ ਕੀਤਾ ਸੀ ਕਿ ਪ੍ਰੋ. ਸਾਹਿਬ ਜੀ ਵਲੋਂ ਪ੍ਰਚਲਿਤ ਵਿਆਕਰਣ ਦੇ ਆਧਾਰ `ਤੇ ਕੀਤੇ ਅਰਥ, ਕਈ ਥਾਂ ਮੁੱਢਲੇ ਗੁਰਮਤਿ ਸਿਧਾਂਤ ਦੀ ਉਲੰਘਣਾ ਕਰਦੇ ਹਨ। ਵਿਆਕਰਣ ਨੂੰ ਸਮਝਣ ਵਿੱਚ ਗਲਤੀ ਵੀ ਹੋ ਸਕਦੀ ਹੈ। ਇਸ ਕਰਕੇ ਅਰਥ ਮੁੱਢਲੇ ਗੁਰਮਤਿ ਸਿਧਾਂਤਾਂ ਦੇ ਆਧਾਰ `ਤੇ ਹੋਣੇ ਚਾਹੀਦੇ ਹਨ, ਨਾ ਕਿ ਪ੍ਰਚਲਿਤ ਵਿਆਕਰਣ ਦੇ ਆਧਾਰ `ਤੇ ਮੁੱਢਲੇ ਗੁਰਮਤਿ ਸਿਧਾਂਤਾਂ ਤੋ ਉਲਟ ਅਰਥ ਕਰ ਦਿਤੇ ਜਾਣ। ਇਸੇ ਕਾਰਨ ਗੁਰਬਾਣੀ ਵਿੱਚ ਦੋਗਲਾਪਨ ਨਜ਼ਰ ਆਉਂਦਾ ਹੈ। ਪ੍ਰਚਲਿਤ ਵਿਆਕਰਣ ਨਿਯਮਾਂ ਤੇ ਅੜੇ ਰਹਿਣ ਵਾਲੇ ਸਾਡੇ ਇੱਕ ਸਤਿਕਾਰਯੋਗ ਵੀਰ ਨੇ ਅਪਣੇ ਲੇਖ ਵਿੱਚ ਲਿਖਿਆ ਹੈ ਕਿ ‘ਜੇ ਕਿਸੇ ਹੋਰ ਮੱਤ ਦਾ ਬਾਬਾ ਪੂਰਨ ਬ੍ਰਹਮ ਗਿਆਨੀ ਹੈ ਤਾਂ ਉਸ ਨੂੰ ਵੀ ਰੱਬ ਦਾ ਰੂਪ ਕਹਿਣ ਵਿੱਚ ਕੋਈ ਹਰਜ਼ ਨਹੀਂ ਹੈ। ਉਸ ਨੂੰ ਵੀ ਸਾਖਸ਼ਾਤ ਰੱਬ ਆਪ ਉਸ ਬਾਬੇ ਦਾ ਰੂਪ ਧਾਰ ਕੇ ਧਰਤੀ ਤੇ ਆਇਆ ਸਮਝਣਾ ਚਾਹੀਦਾ ਹੈ’

ਕੀ ਪ੍ਰਚਲਿਤ ਵਿਆਕਰਣ ਦੇ ਆਧਾਰ `ਤੇ ਬਣਾਏ ਇਸ ਵੀਰ ਵਲੋਂ ਇਹ ਵਿਚਾਰ, ਗੁਰਮਤਿ ਦੇ ਮੁੱਢਲੇ ਸਿਧਾਂਤ:-

‘ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ’ ਪੰਨਾ (1136)

(ਅਵਾਤਾਰਵਾਦ ਦਾ ਖੰਡਨ) ਦੀ ਸਪਸ਼ਟ ਉਲੰਘਨਾ ਨਹੀਂ ਹੈ? ਕੀ ਅਸੀਂ ਵੀ ਐਸੀ ਵਿਆਕਰਣ ਸੋਝੀ ਦੇ ਆਧਾਰ `ਤੇ ਗੁਰਮਤਿ ਦੀ ਬਲੀ ਦਿੰਦੇ ਰਹੀਏ? ਸਾਡੀ ਜਾਚੇ ਐਸਾ ਕਰਨਾ ਗਲਤ ਹੋਵੇਗਾ।

(ੲ) ਗੁਰਬਾਣੀ ਇੱਕ ਨਿਰੋਲ ਮਨੁੱਖਤਾਵਾਦੀ ਵਿਚਾਰਧਾਰਾ ਹੈ। ਸੋ ਐਸੇ ਅਰਥ ਸਹੀ ਹੋਣਗੇ ਜਿਹੜੇ ਮਨੁੱਖਤਾ ਦੇ ਕਿਸੀ ਪੱਖ ਦਾ ਵਿਰੋਧ ਨਾ ਕਰਦੇ ਹੋਣ।

ਇਨ੍ਹਾਂ ਤਿੰਨ ਉਪਰੋਕਤ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੇ ਅਰਥ ਹੀ ਸਹੀ ਸਾਬਿਤ ਹੋ ਸਕਦੇ ਹਨ, ਵਰਨਾ ਭੁਲੇਖੇ ਹੀ ਖੜੇ ਹੁੰਦੇ ਰਹਿਣਗੇ।

(14) ਗੁਰਬਾਣੀ ਤੁਕਾਂ ਦੇ ਅਰਥ:- ਸਾਡੇ ਵਲੋਂ ‘ਗੁਰੂ’ ਪਦ ਵਿਚਾਰ ਸਬੰਧੀ ਲਿਖਿਆ ਗਿਆ ਸ਼ੁਰੂਆਤੀ ਲੇਖ ‘ਸਾਚਾ ਸਤਿਗੁਰ ਕੌਣ?’ ਸੀ। ਇਸ ਵਿੱਚ ਅਸੀਂ ਭੱਟਾਂ ਦੇ ਸਵੱਯੀਆਂ ਵਿਚਲੀਆਂ ਕੁੱਝ ਤੁੱਕਾਂ ਬਾਰੇ ਵਿਚਾਰ ਕੀਤੀ ਸੀ। ਇਹਨਾਂ ਤੁੱਕਾਂ ਦੇ (ਗਲਤ) ਪ੍ਰਚਲਿਤ ਅਰਥਾਂ ਕਾਰਨ ਕਈ ਵਿਦਵਾਨ ਭੱਟਾਂ ਦੇ ਸਵੱਯੀਆਂ ਨੂੰ ਗੁਰਮਤਿ ਦੀ ਕਸਵੱਟੀ ਤੇ ਰੱਦ ਕਰਦੇ ਹਨ। ਅਸੀਂ ਇਨ੍ਹਾਂ ਵਿਚੋਂ ਕੁੱਝ ਤੁੱਕਾਂ ਦੇ ਸਹੀ ਅਰਥ ਸਮਝਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਜ਼ਿਆਦਾਤਰ ਤੁੱਕਾਂ ਦੇ ਹੁਣ ਤੱਕ ਗਲਤ ਅਰਥ ਹੀ ਕੀਤੇ ਜਾਂਦੇ ਰਹੇ ਹਨ, ਤਾਂ ਹੀ ਭੁਲੇਖੇ ਪੈ ਰਹੇ ਹਨ। ਸਾਡੇ ਇਸ ਨੁੱਕਤੇ ਦੇ ਪ੍ਰਤੀਕਰਮ ਵਜੋਂ ਪਾਠਕਾਂ/ਵਿਦਵਾਨਾਂ ਨੇ ਹੋਰ ਅਨੇਕਾਂ ਤੁੱਕਾਂ ਭੇਜ ਕੇ ਇਨ੍ਹਾਂ ਦੇ ਅਰਥ ਦੱਸਣ ਬਾਰੇ ਕਿਹਾ। ਪਰ ਕੀ ਇਹ ਪਹੁੰਚ ਠੀਕ ਹੈ? ਅਸੀ ਇਨ੍ਹਾਂ ਤੁੱਕਾਂ ਦੇ ਅਰਥ ਦੇ ਰਹੇ ਹਾਂ। ਪਰ ਇਸ ਤੋਂ ਬਾਅਦ ਕੁੱਝ ਪਾਠਕ/ਵਿਦਵਾਨ ‘ਗੁਰਬਾਣੀ ਰਿਸਰਚਰ’ ਵਿੱਚ ‘ਗੁਰੂ’ ਲਫਜ਼ ਪਾ ਕੇ ਐਸੀਆਂ ਸੈਕੜੇ ਤੁੱਕਾਂ ਹੋਰ ਪੇਸ਼ ਕਰ ਸਕਦੇ ਹਨ। ਕਹਿਣ ਦਾ ਭਾਵ ਹੈ ਕਿ ਅਸੀਂ ਤਾਂ ਇੱਕ ਤਰੀਕਾ ਦਸ ਦਿੱਤਾ ਹੈ। ਜ਼ਰੂਰਤ ਹੈ ਕਿ ਇੱਕ ਵਾਰ ਫੇਰ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਟੀਕਾ, ਇੱਕ ਟੀਮ ਬਣਾ ਕੇ ਕੀਤਾ ਜਾਵੇ।

ਪ੍ਰਚਲਿਤ ਵਿਆਰਰਣ ਦਾ ਹਵਾਲਾ ਜ਼ਿਆਦਾਤਰ ਵਿਦਵਾਨਾਂ ਨੇ ਦਿੱਤਾ। ਇਸ ਵਿਆਕਰਣ ਦਾ ਮੁੱਖ ਅੰਗ ਔਕੜ, ਮੁੱਕਤਾ, ਸਿਹਾਰੀ ਆਦਿ ਲਗਾਂ ਮਾਤਰਾਂ ਨੂੰ ਮੰਨਿਆ ਜਾ ਰਿਹਾ। ਇਸ ਬਾਰੇ ਅਸੀਂ ਪਿਛਲੇ ਨੁੱਕਤੇ ਵਿੱਚ ਇੱਕ ਪੱਖ ਵਿਚਾਰ ਆਏ ਹਾਂ ਹੁਣ ਦੂਜਾ ਪੱਖ ਵੀ ਵਿਚਾਰ ਲੈਂਦੇ ਹਾਂ।

ਇਸ ਵਿਆਕਰਣ ਅਨੁਸਾਰ ਕਿਸੇ ਲਫਜ਼ ਨਾਲ ਔਕੜ, ਸਿਹਾਰੀ, ਜਾਂ ਮੁਕਤਾ ਲਗਣ ਨਾਲ ਅਰਥ ਬਦਲ ਜਾਂਦਾ ਹੈ। ਭਾਵ ‘ਗੁਰੁ’, ‘ਗੁਰਿ’, ‘ਗੁਰ’ ਦੇ ਅਰਥ ਅਲਗ ਅਲਗ ਹੋਣਗੇ। ਪਰ ਐਸਾ ਨਹੀਂ ਹੈ। ਇਕੋ ਸਮੇਂ ਇਕੋ ਲਫਜ਼ ਦੇ ਵੱਖ-ਵੱਖ ਰੂਪ ਪ੍ਰਚਲਿਤ ਹੁੰਦੇ ਹਨ। ਹਰ ਕੋਈ, ਕੋਈ ਵੀ ਰੂਪ ਵਰਤ ਲੈਂਦਾ ਹੈ। ਹੋਰ ਤਾਂ ਹੋਰ ਛੰਦ ਦੀ ਚਾਲ ਦੇ ਹਿਸਾਬ ਨਾਲ ਇਕੋ ਲੇਖਕ, ਇਕੋ ਲਫਜ਼ ਦੇ ਵੱਖ-ਵੱਖ ਰੂਪ ਵੀ ਵਰਤ ਲੈਂਦਾ ਹੈ। ਇਸ ਨਾਲ ਲਫਜ਼ ਦੇ ਅਰਥ ਵਿੱਚ ਕੋਈ ਫਰਕ ਨਹੀਂ ਪੈਂਦਾ। ਇਹ ਸਿਰਫ ਸਾਡਾ ਵਿਚਾਰ ਨਹੀਂ, ਪ੍ਰੋ. ਸਾਹਿਬ ਸਿੰਘ ਜੀ ਵੀ ਐਸਾ ਹੀ ਮੰਨਦੇ ਹਨ। ਆਓ ਵੇਖੀਏ, ‘ਗੁਰੂ ਗ੍ਰੰਥ ਸਾਹਿਬ ਦਰਪਣ’ ਭਾਗ-10 ਦੇ ਪੰਨਾ 420 ਤੇ ਪ੍ਰੋ. ਸਾਹਿਬ ਸਿੰਘ ਜੀ ਕੁੱਝ ਲਫਜ਼ਾਂ ਪਿਰ, ਗੁਰ, ਘਰ ਆਦਿ ਦੇ ਉਦਾਹਰਣ ਦੇਂਦੇ ਹੋਏ ਲਿਖਿਆ ਹੈ।

‘ਗੁਰ, ਗੁਰੁ, ਗੁਰਿ। ਕਾਰਕ-ਚਿਹਨ ਲਫਜ਼ਾਂ ਦੇ ਅਪਣੇ ਨਿਜ ਅਰਥ ਨਹੀਂ ਬਦਲ ਸਕਦੇ’

ਕੁੱਝ ਹੋਰ ਪ੍ਰਮਾਣ ਦੇ ਕੇ ਪੰਨਾ 424 ਤੇ ਨਿਰਣਾ ਦਿੰਦੇ ਹੋਏ ਲਿਖਦੇ ਹਨ ‘ਇਸ ਭਾਗ ਦੀ ਵਿਚਾਰ ਵਿੱਚ ਅਸੀ ਇਹ ਸਮਝ ਚੁੱਕੇ ਹਾਂ ਕਿ “ਕੋਈ ਲਫਜ਼ ਕੇਵਲ ਕਾਰਕ-ਚਿਹਨ ਦੇ ਬਦਲਣ ਨਾਲ ਆਪਣੇ ਅਸਲ ਅਰਥ ਤੋਂ ਉਲਟ ਨਹੀਂ ਸਕਦਾ”।

ਉਹ ਗੱਲ ਅਲਗ ਹੈ ਕਿ ਆਪਣੇ ਮਨ ਵਿੱਚ ਵਸੇ ਵਿਚਾਰਾਂ ਕਾਰਨ ਸਾਹਿਬ ਸਿੰਘ ਜੀ ‘ਗੁਰੂ’ ਦਾ ਅਰਥ ਨਾਨਕ ਸਰੂਪਾਂ ਨਾਲ ਜੋੜ ਕੇ ਕਰਦੇ ਰਹੇ। ਅਸੀਂ ਪਹਿਲਾਂ ਦੱਸੇ ਤਿੰਨ ਨਿਯਮਾਂ ਦੇ ਆਧਾਰ ਤੇ ਕੁੱਝ ਗੁਰਬਾਣੀ ਤੁੱਕਾਂ ਦੇ ਭਾਵ ਅਰਥ ਸਮਝਣ ਦਾ ਨਿਮਾਣਾ ਜਿਹਾ ਜਤਨ ਕਰਦੇ ਹਾਂ। ਇਹ ਤੁੱਕਾਂ ਹਨ:-

1. ਭਾਗੁ ਹੋਆ ਗੁਰਿ ਸੰਤੁ ਮਿਲਾਇਆ॥ (ਪੰਨਾ 97)

2. ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣ॥ ਬੁਲਾਇਆ ਬੋਲੈ ਗੁਰ ਕੈ ਭਾਣਿ॥

ਗੁਝੀ ਛੰਨੀ ਨਾਹੀ ਬਾਤ॥ ਗੁਰੁ ਨਾਨਕੁ ਤੁਠਾ ਕੀਨੀ ਦਾਤਿ॥ (ਪੰਨਾ 367)

3. ਗੁਰੁ ਨਾਨਕੁ ਦੇਖਿ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ॥ (ਪੰਨਾ 452)

4. ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ (ਪੰਨਾ 612)

5. ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ ਤੇਰਿਆ ਚਰਣਾ ਕਉ ਬਲਿਹਾਰਾ॥ (ਪੰਨਾ 746)

6. ਗੁਰਿ ਨਾਨਕਿ ਮੇਰੀ ਪੈਜ ਸਵਾਰੀ॥ (ਪੰਨਾ 806)

7. ਗੁਰੁ ਨਾਨਕੁ ਬੋਲੈ ਦਰਗਹ ਪਰਵਾਨੁ॥ (ਪੰਨਾ 822)

8. ਗੁਰੁ ਨਾਨਕੁ ਨਾਨਕੁ ਹਰਿ ਸੋਇ॥ (ਪੰਨਾ 864)

9. ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ ਤਾਰਨਥ॥

ਗੁਰੁ ਨਾਨਕੁ ਉਪਦੇਸੁ ਕਰਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ॥ (ਪੰਨਾ 1001)

10. ਜੋ ਇਛੀ ਸੋ ਫਲੁ ਪਾਇਦਾ ਗੁਰਿ ਅੰਦਰਿ ਵਾੜਾ॥

ਗੁਰੁ ਨਾਨਕੁ ਤੁਠਾ ਭਾਇਰਹੁ ਹਰਿ ਵਸਦਾ ਨੇੜਾ॥ (ਪੰਨਾ 1098)

11. ਭਗਤ ਜਨਾ ਕਉ ਹਰਿ ਕਿਰਪਾ ਧਾਰੀ॥

ਗੁਰੁ ਨਾਨਕੁ ਤੁਠਾ ਮਿਲਿਆ ਬਨਵਾਰੀ॥ (ਪੰਨਾ 1178)

12. ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥ (ਪੰਨਾ1389)

13. ਕਲਿਜੁਗਿ ਪ੍ਰਸਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ॥ (ਪੰਨਾ1390)

14. ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਰਮਦਾਸ ਗੁਰ ਕਉ ਫੁਰਿਆ (ਪੰਨਾ1393)

15. ਗੁਰੁ ਅਮਰਦਾਸੁ ਪਰਸੀਐ ਪੁਹਮਿ ਪਾਤਿਕ ਬਿਨਾਸਹਿ॥ (ਪੰਨਾ1394)

16. ਗੁਰੁ ਅਮਰਦਾਸੁ ਪਰਸੀਐ ਸਿਧ ਸਾਧਿਕ ਆਸਾਸਹਿ॥ (ਪੰਨਾ 1394)

17. ਕਵਿ ਕਲ੍ਹ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ॥ (ਪੰਨਾ1396)

18. ਗੁਰੁ ਨਾਨਕੁ ਅੰਗਦੁ ਅਮਰੁ ਭਗਤ ਹਰਿ ਸੰਗਿ ਸਮਾਣੇ॥ (ਪੰਨਾ 1396)

19. ਇਹੁ ਰਾਜ ਜੋਗ ਗੁਰ ਰਾਮਦਾਸ ਤੁਮ ਹੂ ਰਸੁ ਜਾਣੇ॥ (ਪੰਨਾ 1398)

20. ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ॥

ਗੁਰੁ ਅਰਜਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ॥ (ਪੰਨਾ1407)

21. ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ॥ (ਪੰਨਾ 1407)

22. ਫੇਰ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ॥ (ਪੰਨਾ 967)

23. ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥ (ਪੰਨਾ 968)

24. ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਦੀ ਵਡਿਆਈ॥ (ਪੰਨਾ 611)

ਭਾਵ ਅਰਥ

1. ਭਾਗੁ ਹੋਆ ਗੁਰਿ ਸੰਤੁ ਮਿਲਾਇਆ॥ (ਪੰਨਾ97)

ਅਰਥ:- ਮੈ ਵਡਭਾਗੀ ਹਾਂ ਕਿ (ਗਿਆਨ) ਗੁਰੂ ਨੇ ਮੈਨੂੰ ਸੰਤ (ਪ੍ਰਮਾਤਮਾ) ਨੂੰ ਮਿਲਾ ਦਿੱਤਾ ਹੈ।

2. ਗੁਰੁ ਨਾਨਕੁ ਤੁਠਾ ਕੀਨੀ ਦਾਤਿ॥ (ਪੰਨਾ 367)

ਅਰਥ:- ਹੇ ਨਾਨਕ! ਗੁਰੂ (ਅਕਾਲਪੁਰਖ) ਨੇ ਤਰੁੱਠ ਕੇ ਇਹ ਮਿਹਰ ਕੀਤੀ ਹੈ।

3. ਗੁਰੁ ਨਾਨਕੁ ਦੇਖਿ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ (ਪੰਨਾ 452)

ਅਰਥ:- ਨਾਨਕ ਆਖਦਾ ਹੈ ਹੇ ਮੇਰੇ ਪਿਆਰੇ! ਗੁਰੂ (ਪ੍ਰਭੂ) ਨੂੰ ਵੇਖ ਕੇ ਮੇਰੀ ਜਿੰਦ ਇਉ ਖਿੜ ਪਈ ਹੈ ਜਿਵੇ ਮਾਂ ਪੁਤ ਨੂੰ ਵੇਖ ਦੇ ਖਿੜ ਪੈਦੀ ਹੈ। ਇਸ ਤੁੱਕ ਦੇ ਅਰਥ ਕਰਦੇ ਸਮੇਂ ਪ੍ਰੋ. ਸਾਹਿਬ ਸਿੰਘ ਜੀ ਨੇ ਨਾਨਕ ਦੋ ਵਾਰ ਵਰਤਿਆ ਹੈ ਜਦਕਿ ਸ਼ਬਦ ਵਿੱਚ ਇੱਕ ਵਾਰ ਹੀ ਹੈ।

ਹੋਰ ਤਾਂ ਹੋਰ ਇਸ ਤੋਂ 2-3 ਛੰਤ ਪਹਿਲਾਂ ਇੱਕ ਛੰਤ ਹੈ ਜਿਸ ਦਾ ਅੰਤਲਾ ਪਦਾ ਹੈ

‘ਗੁਰੁ ਨਾਨਕੁ ਤੁਠਾ ਮੇਰੇ ਪਿਆਰੇ ਮੇਲੇ ਹਰੇ॥ (ਪੰਨਾ 451)

ਇਸ ਤੁੱਕ ਵਿੱਚ ਵੀ ਗੁਰੂ ਅਤੇ ਨਾਨਕ ਦੋਹਾਂ ਨਾਲ ਉਂਕੜ ਲਗਿਆ ਹੈ। ਪਰ ਇੱਥੇ ਪ੍ਰੋ. ਸਾਹਿਬ ਸਿੰਘ ਜੀ ਨੇ ਨਾਨਕ ਦੇ ਅਰਥ ਛਾਪ ਵਜੋਂ ਹੀ ਕੀਤੇ ਹਨ। ਇਸ ਨੂੰ ਗੁਰੂ ਨਾਲ ਨਹੀਂ ਜੋੜਿਆ।

4. ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ ਤੇਰਿਆ ਚਰਣਾ ਕਉ ਬਲਿਹਾਰਾ॥ (ਪੰਨਾ 747)

ਅਰਥ:- ਨਾਨਕ ਆਖਦਾ ਹੈ, ਹੇ ਪ੍ਰਭੂ! ਮੈਨੂੰ ਗੁਰੂ ਪ੍ਰਮਾਤਮਾ ਮਿਲ ਗਿਆ ਹੈ ਜਿਸ ਤੋਂ ਮੈਂ ਬਲਿਹਾਰ ਜਾਂਦਾ ਹਾਂ। ਇੱਥੇ ਔਂਕੜ ‘ਗੁਰੁ’, ‘ਨਾਨਕੁ’ ਅਤੇ ‘ਪਾਰਬ੍ਰਹਮੁ’ ਤਿੰਨਾਂ ਨਾਲ ਲਗੀ ਹੋਈ ਹੈ।

5. ਗੁਰਿ ਨਾਨਕਿ ਮੇਰੀ ਪੈਜ ਸਵਾਰੀ॥ (ਪੰਨਾ806)

ਅਰਥ:- ਨਾਨਕ ਆਖਦਾ ਹੈ ਕਿ ਗੁਰੂ ਗਿਆਨ ਨੇ ਮੇਰੀ ਇੱਜ਼ਤ ਰੱਖ ਲਈ ਹੈ।

6. ਗੁਰੁ ਨਾਨਕੁ ਬੋਲੈ ਦਰਗਹ ਪਰਵਾਨੁ॥ (ਪੰਨਾ 821)

ਅਰਥ:- ਨਾਨਕ ਆਖਦਾ ਹੈ ਕਿ (ਗਿਆਨ) ਗੁਰੂ ਜੋ ਬੋਲਦਾ (ਸਮਝਾਉਂਦਾ) ਹੈ ਉਹ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ।

7. ਗੁਰੁ ਨਾਨਕੁ ਨਾਨਕੁ ਹਰਿ ਸੋਇ॥ (ਪੰਨਾ 864)

ਅਰਥ:- ਨਾਨਕ ਆਖਦਾ ਹੈ ਨਾਨਕ ਦਾ ਗੁਰੂ ਉਹ ਪ੍ਰਮਾਤਮਾ ਆਪ ਹੈ।

8. ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੋ ਨਾਮਿ ਤਰਾਨਥ॥

ਗੁਰੁ ਨਾਨਕੁ ਉਪਦੇਸੁ ਕਰਤੁ ਹੇ ਜੋ ਸੁਨੈ ਸੋ ਪਾਰਿ ਪਰਾਨਥ॥ (ਪੰਨਾ 1001)

ਅਰਥ:- ਨਾਨਕ ਆਖਦਾ ਹੈ ਕਿ ਗੁਰੁ ਸਿੱਖਿਆ ਦਿੰਦਾ ਹੈ, ਜੋ ਉਸਨੂੰ ਸੁਣਦਾ (ਮੰਨਦਾ) ਹੈ ਉਹ ਪਾਰ ਉਤਰ ਜਾਂਦਾ ਹੈ।

9. ਜੋ ਇਛੀ ਸੋ ਫਲੁ ਪਾਇਦਾ ਗੁਰਿ ਅੰਦਰਿ ਵਾੜਾ॥

ਗੁਰੁ ਨਾਨਕੁ ਤੁਠਾ ਭਾਇਰਹੁ ਹਰਿ ਵਸਦਾ ਨੇੜਾ॥ (ਪੰਨਾ 1098)

ਅਰਥ:- ਨਾਨਕ ਆਖਦਾ ਹੈ। ਜਿਸ `ਤੇ ਗੁਰੂ (ਗਿਆਨ) ਤਰੁੱਠ ਜਾਵੇ (ਜੋ ਉਸਨੂੰ ਅਪਨਾ ਲਵੇ) ਉਹ ਪ੍ਰਭੂ ਦੇ ਨੇੜੇ ਹੋ ਜਾਂਦਾ ਹੈ।

10. ਭਗਤ ਜਨਾ ਕਉ ਹਰਿ ਕਿਰਪਾ ਧਾਰੀ॥

ਗੁਰੁ ਨਾਨਕੁ ਤੁਠਾ ਮਿਲਿਆ ਬਨਵਾਰੀ॥ (ਪੰਨਾ 1178)

ਅਰਥ:- ਨਾਨਕ ਆਖਦਾ ਹੈ ਕਿ ਜਿਸ ਮਨੁੱਖ `ਤੇ ਗੁਰੂ ਤਰੁੱਠ ਗਿਆ ਉਸ ਨੂੰ ਪ੍ਰਭੂ (ਦੀ ਪਛਾਣ ਹੋ ਜਾਂਦੀ ਹੈ) ਮਿਲ ਜਾਂਦਾ ਹੈ।

11. ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ॥ (ਪੰਨਾ 611)

ਅਰਥ: ਹੇ ਨਾਨਕ! ਗੁਰੂ ਦੀ ਇਹ ਵਡਿਆਈ ਸਾਰੇ ਜੁਗਾਂ ਵਿੱਚ ਹੀ ਪਰਤੱਖ ਉੱਘੜ ਰਹਿੰਦੀ ਹੈ। (ਸਾਹਿਬ ਸਿੰਘ ਜੀ ਨੇ ਇੱਥੇ ਸਹੀ ਅਰਥ ਕੀਤੇ ਹਨ।)

ਉਪਰੋਕਤ ਤੁੱਕਾਂ ਮਗਰਲੇ ਨਾਨਕ ਸਰੂਪਾਂ ਦੀਆਂ ਉਚਾਰਨ ਕੀਤੀਆਂ ਹਨ। ਇਨ੍ਹਾਂ ਸਾਰੀਆਂ ਤੁੱਕਾਂ ਵਿੱਚ ‘ਨਾਨਕ’, ਛਾਪ ਵਜੋਂ ਵਰਤਿਆ ਗਿਆ ਹੈ। ਕਿਉਂਕਿ ਇਨ੍ਹਾਂ ਸ਼ਬਦਾਂ ਵਿੱਚ ‘ਨਾਨਕ’ ਛਾਪ ਹੋਰ ਕਿਧਰੇ ਨਹੀਂ ਵਰਤੀ। ਨਾਲ ਹੀ ਇਹ ਸਾਰੀਆਂ ਸ਼ਬਦ ਦੀਆਂ ਅੰਤਿਮ ਤੁੱਕਾਂ ਹਨ, ਜਿਸ ਵਿੱਚ ‘ਛਾਪ’ ਦੇਣ ਦੀ ਪਰੰਪਰਾ ਰਹੀ ਹੈ। ਇਹਨਾਂ ਸ਼ਬਦਾਂ ਦੇ ਅਗਲੇ- ਪਿਛਲੇ ਅਨੇਕਾਂ ਸ਼ਬਦਾਂ ਵਿੱਚ ਵੀ ਅੰਤਿਮ ਤੁਕ ਵਿੱਚ ‘ਨਾਨਕ’ ਪਦ ਵਰਤਿਆ ਮਿਲਦਾ ਹੈ, ਉਥੇ ‘ਨਾਨਕ’ ਦੇ ਅਰਥ ਵੀ ਛਾਪ ਵਜੋਂ ਕੀਤੇ ਗਏ ਹਨ। ਫਿਰ ਇਹਨਾਂ ਸ਼ਬਦਾਂ ਵਿੱਚ ਅੰਤਿਮ ਤੁਕ ਵਿੱਚ ਸਿਰਫ ‘ਗੁਰ’ ਪਦ ਆਉਣ ਨਾਲ ‘ਨਾਨਕ’ ਪਦ ਦੇ ਅਰਥ ਕਿਵੇਂ ਬਦਲ ਗਏ? ਉਥੇ ‘ਗੁਰੂ’ ਪਦ ਨੂੰ ਵੱਖ ਕਰਕੇ ਕਿਉਂ ਨਹੀਂ ਅਰਥਾਇਆ ਜਾ ਸਕਦਾ?

ਨਾਨਕ ਸਰੂਪਾਂ ਨਾਲ ਸੰਬੰਧਿਤ ਇੱਕ ਹੋਰ ਸ਼ਬਦ ਵੀੇ ਕੁੱਝ ਵੀਰਾਂ ਵਲੋਂ ਸਾਹਮਣੇ ਲਿਆਉਂਦਾ ਗਿਆ ਹੈ। ਆਉ ਇਸ ਬਾਰੇ ਵੀ ਵਿਚਾਰ ਕਰ ਲੈਂਦੇ ਹਾਂ।

ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ॥

ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵਿਚਾਰੇ॥

ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ॥ (ਪੰਨਾ307)

ਪ੍ਰਚਲਿਤ ਅਰਥ (ਪ੍ਰੋ. ਸਾਹਿਬ ਸਿੰਘ ਜੀ) :- ਜਿਨ੍ਹਾਂ ਮਨੁੱਖਾਂ ਨੂੰ ਬਾਬੇ (ਗੁਰੂ ਨਾਨਕ ਦੇਵ) ਨੇ ਮਨਮੁਖ ਕਰਾਰ ਦਿੱਤਾ, ਉਨ੍ਹਾਂ ਅਹੰਕਾਰੀਆਂ ਨੂੰ ਗੁਰੂ ਅੰਗਦ ਨੇ ਭੀ ਝੂਠਾ ਮਿਥਿਆ। ਤੀਜੇ ਥਾਂ ਬੈਠੇ ਗੁਰੂ ਨੇ, ਜਿਸ ਨੇ ਚੌਥੇ ਥਾਂ ਬੈਠੇ ਨੂੰ ਗੁਰੂ ਥਾਪਿਆ, ਵਿਚਾਰ ਕੀਤੀ ਕਿ ਇਨ੍ਹਾਂ ਕੰਗਾਲਾਂ ਦੇ ਕੀਹ ਵੱਸ? ਸੋ ਉਸ ਨੇ ਸਾਰੇ ਨਿੰਦਕ ਤੇ ਦੁਸ਼ਟ ਤਾਰ ਦਿੱਤੇ (ਭਾਵ ਅਹੰਕਾਰ ਦੇ ਫਿਟੇਵੇਂ ਤੋਂ ਬਚਾ ਲਏ)।

ਇਨ੍ਹਾਂ ਅਰਥਾਂ ਵਿੱਚ ਕਈ ਨੁਕਤੇ ਗੁਰਮਤਿ ਵਿਰੁਧ ਜਾਪਦੇ ਹਨ। ਆਓ ਵਿਚਾਰੀਏ:-

(1) ਬਾਬਾ ਨਾਨਕ ਜੀ ਤਾਂ ਆਪ ਮਨਮੁਖਾਂ ਕੋਲ ਜਾ ਕੇ ਉਨ੍ਹਾਂ ਦਾ ਉਧਾਰ ਕਰਦੇ ਰਹੇ। ਪਰ ਇੱਥੇ ਅਰਥ ਕੀਤੇ ਜਾ ਰਹੇ ਹਨ ਕਿ ਮਨਮੁਖਾਂ ਨੂੰ ਬਾਬੇ ਨਾਨਕ ਜੀ ਨੇ ਫਿਟਕਾਰਿਆ। ਕੀ ਬਾਬਾ ਨਾਨਕ ਜੀ ਕਿਸੇ ਨੂੰ ਫਿਟਕਾਰ ਸਕਦੇ ਸਨ? (ਵਿਆਖਿਆਕਾਰਾਂ ਅਨੁਸਾਰ) ਉਹ ਗਲਤੀ ਗੁਰੂ ਅੰਗਦ ਪਾਤਸ਼ਾਹ ਜੀ ਨੇ ਵੀ (ਉਨ੍ਹਾਂ ਨੂੰ ਝੂਠਾ ਮਿੱਥ ਕੇ) ਜਾਰੀ ਰੱਖੀ। ਪਰ ਗੁਰੂ ਅਮਰਦਾਸ ਜੀ ਨੇ ਇਹ ਗਲਤੀ ਸੁਧਾਰ ਕੇ, ਉਨ੍ਹਾਂ ਬਖਸ਼ ਦਿੱਤਾ। ਕੀ ਇਹ ਵਿਆਖਿਆ ਨਾਨਕ ਸਰੂਪਾਂ ਦੇ ਚਰਿਤ੍ਰ ਨੂੰ ਨੀਵਾਂ ਨਹੀਂ ਕਰਦੀ? ਹਰ ਇੱਕ ਵਿੱਚ ਰੱਬ (ਦੀ ਜੋਤ) ਵੇਖਣ ਵਾਲੇ ਬਾਬਾ ਨਾਨਕ ਜੀ, ਕਿਸੇ ਨੂੰ ਫਿਟਕਾਰ ਕਿਵੇਂ ਸਕਦੇ ਹਨ? ਜੇ (ਚਲਾਕੀ ਵਰਤ ਕੇ) ਇਹ ਕਿਹਾ ਜਾਵੇ ਕਿ ਉੱਥੇ ਫਿਟਕਾਰਨ ਦਾ ਭਾਵ ਉਹ ਨਹੀਂ ਹੈ ਤਾਂ ਵੀ ਇਹ ਸੁਆਲ ਉਠਦਾ ਹੈ ਕਿ ਕੀ ਇਹ ਫਿਟਕਾਰ, ਗਲਤੀ ਨਹੀਂ ਸੀ? ਜਿਸ ਨੂੰ ਅਮਰਦਾਸ ਪਾਤਸ਼ਾਹ ਜੀ ਨੇ (ਤਰਸ ਖਾ ਕੇ) ਸੁਧਾਰ ਲਿਆ। ਭਾਵ ਪਹਿਲੇ ਦੋਨਾਂ ਸਰੂਪਾਂ ਨੂੰ ਉਨ੍ਹਾਂ `ਤੇ ਤਰਸ ਨਾ ਆਇਆ?

(2) ਸਤਿਕਾਰ ਦਾ ਨਾਂ ਦੇ ਕੇ ਨਾਨਕ ਸਰੂਪਾਂ ਲਈ ‘ਗੁਰੂ’ ਪਦ ਵਰਤਣ ਦੀ ਹਿਮਾਇਤ ਕਰਨ ਵਾਲੇ ਸਾਡੇ ਵੀਰ ਇੱਕ ਦਲੀਲ ਦਿਂਦੇ ਹਨ ਕਿ ਨਾਨਕ ਸਰੂਪਾਂ ਨੇ ਆਪਣੇ ਆਪ ਨੂੰ ‘ਗੁਰੂ’ ਨਹੀਂ ਸੀ ਕਹਾਇਆ ਪਰ ਆਪਣੀ ਪਹਿਲੀਆਂ ਪਾਤਸ਼ਾਹੀਆਂ ਨੂੰ (ਸਤਿਕਾਰ ਵਜੋਂ) ‘ਗੁਰੂ’ ਕਹਿੰਦੇ ਰਹੇ। ਪਰ ਇੱਥੇ ਇਹ ਦਲੀਲ ਵੀ (ਪ੍ਰਚਲਿਤ ਵਿਆਖਿਆ ਕਾਰਨ) ਗਲਤ ਸਾਬਿਤ ਹੋ ਜਾਂਦੀ ਹੈ। ਇਹ ਸਲੋਕ ਮਹਲਾ ਚੌਥਾ (ਰਾਮਦਾਸ ਪਾਤਸ਼ਾਹ ਜੀ) ਦਾ ਹੈ। ਪਰ ਇਸੇ ਸਲੋਕ ਵਿੱਚ ਚੌਥੀ ਪੀੜੀ (ਰਾਮਦਾਸ ਪਾਤਸ਼ਾਹ ਜੀ) ਵਿੱਚ ‘ਗੁਰੂ’ ਟਿਕਾਉਣ ਦੀ ਗੱਲ ਕੀਤੀ ਗਈ ਹੈ। ਵੈਸੇ ਇਹ ਦਲੀਲ ‘ਭੱਟਾਂ ਦੇ ਸਵੱਈਏ’ ਦੇ ਸਬੰਧ ਵਿੱਚ ਵੀ ਕੱਚੀ ਪੈ ਜਾਂਦੀ ਹੈ। ਇਸ ਬਾਰੇ ਪਹਿਲਾਂ ਵਿਚਾਰ ਆਏ ਹਾਂ

ਹੁਣ ਅਸੀਂ ਇਸ ਤੁੱਕ ਦੇ ਗੁਰਮਤਿ ਅਨੁਸਾਰੀ ਅਰਥ ਸਮਝਣ ਦਾ ਯਤਨ ਕਰੀਏ।

ਅਰਥ:- ਬਾਬਾ ਨਾਨਕ ਜੀ ਦੇ ਬਖਸ਼ੇ (ਸੱਚ ਦੇ ਗਿਆਨ) ਗੁਰੂ ਤੋਂ ਕੁੱਝ ਮਨੁੱਖ ਭਟਕੇ ਰਹੇ। ਅੰਗਦ ਪਾਤਸ਼ਾਹ ਜੀ ਵੇਲੇ ਵੀ ਕਈ ਮਨਮੁੱਖ ਗੁਰੂ ਤੋਂ ਬੇਮੁੱਖ ਹੋ ਕੇ ਕੁੜਿਆਰੇ ਰਹੇ। ਤੀਜੀ ਪੀੜੀ (ਅਮਰਦਾਸ ਪਾਤਸ਼ਾਹ ਜੀ) ਵੇਲੇ ਕੁੱਝ ਮਨਮੁੱਖਾਂ ਨੇ ਗਿਆਨ (ਗੁਰੂ) ਦੀ ਵਿਚਾਰ ਕੀਤੀ ਅਤੇ ਸਮਝਿਆ ਕਿ ਇਹ ਕਰਮਾਂ (ਵਿਕਾਰਾਂ) ਪਿੱਛੇ ਕੀ ਕਾਰਨ (ਹਥਿ) ਹੈ। ਚੌਥੀ ਪੀੜੀ (ਰਾਮਦਾਸ ਪਾਤਸ਼ਾਹ ਜੀ) ਦੇ ਹਿਰਦੇ ਵਿੱਚ ਵੀ ਇਹੀ ਗੁਰੂ (ਸੱਚ ਦਾ ਗਿਆਨ) ਟਿਕਿਆ। ਇਸ ਗਿਆਨ ਨੇ ਨਿੰਦਕ ਦੁਸ਼ਟ ਤਾਰ ਦਿੱਤੇ।

ਹੁਣ ਤੱਕ ਅਸੀਂ ਉਹਨਾਂ ਤੁਕਾਂ ਦੇ ਅਰਥ ਕੀਤੇ ਜੋ ਮਗਰਲੇ ਨਾਨਕ ਸਰੂਪਾਂ ਨਾਲ ਸੰਬੰਧਿਤ ਸਨ।

ਹੁਣ ਅੱਗੇ ਅਸੀਂ ਵਿਦਾਵਾਨਾਂ/ਪਾਠਕਾਂ ਵਲੋਂ ਪੇਸ਼ ਕੀਤੀਆਂ ‘ਗੁਰੂ’ ਪਦ ਨਾਲ ਸੰਬੰਧਿਤ ਉਨ੍ਹਾਂ ਗੁਰਬਾਣੀ ਤੁੱਕਾਂ ਦੇ ਅਰਥ ਸਮਝਣ ਦਾ ਜਤਨ ਕਰਾਂਗੇ ਜੋ ਭੱਟ ਮਹਾਂਪੁਰਖਾਂ ਦੀ ਬਾਣੀ ਜਾਂ ਭਾਈ ਸੱਤਾ ਬਲਵੰਡ ਜੀ ਦੀ ਵਾਰ ਵਿੱਚ ਆਉਂਦੀਆਂ ਹਨ।

1. ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥ (ਪੰਨਾ 1389)

ਅਰਥ:- ਕਵੀ ਕਲ ਆਖਦਾ ਹੈ! ਮੈਂ ਉਸ ਨਾਨਕ ਪਾਤਸ਼ਾਹ ਦੇ ਗੁਰੂ (ਪ੍ਰਭੂ) ਦੇ ਗੁਣ ਗਾਉਂਦਾ ਹਾਂ, ਜਿਸ ਨੇ ਗ੍ਰਿਹਸਤੀ (ਰਾਜ) ਰਹਿੰਦੇ ਹੋਏ (ਸੱਚਾ) ਜੋਗ ਮਾਣਿਆ। ਇਸੇ ਪ੍ਰਭੂ (ਗੁਰੂ) ਨੂੰ ਇੰਦ੍ਰ, ਪ੍ਰਲਾਹਦਿ ਆਦਿ ਨੇ ਗਾਵਿਆ, ਐਸਾ ਮੰਨਿਆ ਜਾਂਦਾ ਹੈ। ਵਿਚਾਰਨ ਵਾਲੀ ਗੱਲ ਹੈ ਕਿ ਜੇ ੲ੍ਰਿੰਦ, ਪ੍ਰਹਲਾਦਿ ਆਦਿ ਹੋਏ ਵੀ ਹਨ ਤਾਂ ਉਹ ਨਾਨਕ ਪਾਤਸ਼ਾਹ ਕੋਲੋਂ ਬਹੁਤ ਪਹਿਲਾਂ ਹੋਏ ਹੋਣਗੇ। ਫੇਰ ਉਹ ਨਾਨਕ ਪਾਤਸ਼ਾਹ ਜੀ ਦੇ ਗੁਣ ਕਿਵੇਂ ਗਾ ਸਕਦੇ ਹਨ?

2. ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ॥ (ਪੰਨਾ 1390)

ਅਰਥ:- (ਕਹੇ ਜਾਂਦੇ) ਕਲਜੁਗ ਵਿੱਚ ਨਾਨਕ ਪਾਤਸ਼ਾਹ ਜੀ ਦਾ (ਸੱਚ ਦਾ ਗਿਆਨ ਰੂਪੀ) ਗੁਰੂ ਹੀ ਪ੍ਰਮਾਣਿਕ (ਠੀਕ) ਹੈ। ਇਸੇ ਗੁਰੂ (ਸੱਚ ਦਾ ਗਿਆਨ) ਨੂੰ ਅੰਗਦ ਪਾਤਸ਼ਾਹ ਜੀ ਅਤੇ ਅਮਰਦਾਸ ਪਾਤਸ਼ਾਹ ਜੀ ਨੇ ਆਪਣਾ ‘ਗੁਰੂ’ ਮੰਨਿਆ (ਕਹਾਇਆ)।

ਜ਼ਰੂਰੀ ਵਿਚਾਰ:- ਇੱਥੇ ਨੁਕਤਾ ਵਿਚਾਰਨ ਯੋਗ ਹੈ ਕਿ ਇਸ ਤੁੱਕ ਵਿੱਚ ਪ੍ਰਚਲਿਤ ਵਿਆਕਰਣ ਅਨੁਸਾਰ ‘ਗੁਰੂ’ ਪਦ ਅੰਗਦ (ਪਾਤਸ਼ਾਹ) ਅਤੇ ਅਮਰਦਾਸ (ਪਾਤਸ਼ਾਹ) ਨਾਲ ਜੁੜਿਆ ਹੈ, ਪਰ ਨਾਨਕ (ਪਾਤਸ਼ਾਹ) ਨਾਲ ਨਹੀਂ ਜੁੜਿਆ। ਕੀ ਐਸਾ ਕਰਨਾ ਠੀਕ ਲਗਦਾ ਹੈ? ਅਸਲ ਵਿੱਚ ‘ਗੁਰੂ’ ਪਦ ਇੱਥੇ ਅਲਗ ਹੈ, ਉਹ ਨਾਨਕ, ਅੰਗਦ, ਅਮਰ ਕਿਸੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ।

3. ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ॥

(ਪੰਨਾ 1393)

ਅਰਥ:- ਹੇ ਅਮਰਦਾਸ ਜੀ ਭਗਤਾਂ ਨੂੰ ਉਹ ਨਾਮ ਦੇ ਕੇ ਪਾਰ ਉਤਾਰਨ ਵਾਲਾ ਗੁਰੂ ਆਪ ਜੀ ਦੇ ਹਿਰਦੇ ਵਿੱਚ ਪ੍ਰਗਟ ਹੋਇਆ ਹੈ। (ਫੁਰਿਆ ਭਾਵ ਅਨੁਭਵ ਹੋਇਆ, ਟਿਕਿਆ ਹੋਇਆ)।

4. ਗੁਰੁ ਅਮਰਦਾਸੁ ਪਰਸੀਐ ਪੁਹਮਿ ਪਾਤਿਕ ਬਿਨਾਸਹਿ॥

ਗੁਰੁ ਅਮਰਦਾਸੁ ਪਰਸੀਐ ਸਿਧ ਸਾਧਿਕ ਆਸਾਸਹਿ॥ (ਪੰਨਾ 1394)

ਅਰਥ:- ਹੇ ਭਾਈ! ਪ੍ਰਭੂ (ਅਮਰਦਾਸ ਜੀ ਦੇ (ਵਲੋਂ ਸਮਝਾਏ) ਗੁਰੂ) ਨੂੰ ਪਰਸਣਾ ਚਾਹੀਦਾ ਹੈ, ਜਿਸ ਨਾਲ ਧਰਤੀ ਤੋਂ ਕੁੱਝ ਪਾਪ ਬਿਨਾਸ (ਘੱਟ) ਜਾਂਦੇ ਹਨ। ਇਸੇ (ਅਮਰਦਾਸ ਜੀ ਦੇ) ਗੁਰੂ ਨੂੰ ਪਰਸੀਅੇ, ਜਿਸ ਨੂੰ ਸਿਧ-ਸਾਧਿਕ ਵੀ (ਪਰਸਦੇ) ਲੋਚਦੇ ਹਨ।

5. ਕਵਿ ਕਲ੍ਹ ਠਰੁਹ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ॥ (ਪੰਨਾ 1396)

ਅਰਥ:- ਕਵੀ ਕਲੁ ਆਖਦਾ ਹੈ! ਹਰਿਦਾਸ ਠਾਕੁਰ ਜੀ ਦੇ ਪ ੁੱਤਰ (ਤਨੇ) ਰਾਮਦਾਸ ਪਾਤਸ਼ਾਹ ਦਾ ਗੁਰੂ (ਗੁਣਾਂ ਦਾ) ਸਰੋਵਰ ਹੈ, ਜੋ ਖਾਲੀ ਮਨੁੱਖਾਂ ਨੂੰ ਵੀ (ਗੁਣਾਂ ਨਾਲ) ਭਰ ਦਿੰਦਾ ਹੈ।

6. ਗੁਰੁ ਨਾਨਕੁ ਅੰਗਦੁ ਅਮਰੁ ਭਗਤ ਹਰਿ ਸੰਗਿ ਸਮਾਣੇ॥ (ਪੰਨਾ1398)

ਅਰਥ:- ਗੁਰੂ ਦੀ ਕਿਰਪਾ ਨਾਲ ਨਾਨਕ (ਜੀ), ਅੰਗਦ (ਜੀ), ਅਮਰਦਾਸ (ਜੀ) ਅਤੇ ਹੋਰ ਭਗਤ ਪ੍ਰਭੂ ਰੰਗ ਵਿੱਚ ਸਮਾਏ ਹੁੰਦੇ ਹਨ।

7. ਇਹੁ ਰਾਜ ਜੋਗ ਗੁਰ ਰਾਮਦਾਸ ਤੁਮ ਹੂ ਰਸੁ ਜਾਣੇ॥ (ਪੰਨਾ1398)

ਅਰਥ:- ਹੇ ਰਾਮਦਾਸ ਜੀ, ਇਸ ਰਾਜ ਜੋਗ ਵਾਲੀ ਅਵਸਥਾ ਦਾ ਰਸ ਤੁਸੀ ਵੀ (ਉਸੇ) ਗੁਰੂ (ਸਦਕਾ) ਜਾਣਿਆ ਹੈ।

8. ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ॥

ਗੁਰੁ ਅਰਜਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ॥ (ਪੰਨਾ1407)

ਅਰਥ:- ਨਾਨਕ (ਜੀ), ਅੰਗਦ (ਜੀ), ਅਮਰਦਾਸ (ਜੀ) ਨੇ ਗੁਰੂ ਦੇ ਲੜ੍ਹ ਲਗ ਕੇ ਉਤਮ ਪਦ ਪ੍ਰਾਪਤ ਕੀਤਾ। ਰਾਮਦਾਸ ਪਾਤਸ਼ਾਹ ਜੀ ਦੇ ਇਸੇ ਗੁਰੂ (ਦੀ ਵਿਚਾਰਧਾਰਾ ਰੂਪੀ) ਘਰ ਵਿੱਚ ਅਰਜੁਨ (ਪਾਤਸ਼ਾਹ ਜੀ) ਵੀ ਸ਼ਾਮਿਲ ਹੋ ਗਏ ਭਾਵ ਸਾਰੇ ਇਕੋ ਗੁਰੂ (ਸੱਚ ਦੇ ਗਿਆਨ ਦੀ ਵਿਚਾਰਧਾਰਾ) ਵਾਲੇ ਸਨ।

9. ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ॥ (ਪੰਨਾ1407)

ਅਰਥ:- ਗੁਰੂ ਨੇ ਰਾਮਦਾਸ (ਪਾਤਸ਼ਾਹ ਜੀ) ਦੇ ਹਿਰਦੇ ਵਿੱਚ ਪ੍ਰਕਾਸ਼ ਕਰ ਦਿੱਤਾ ਹੈ।

ਜ਼ਰੂਰੀ ਵਿਚਾਰ:- ਭੱਟਾਂ ਦੇ ਸਵਈਏ ਵਿੱਚ ‘ਗੁਰੂ’ ਪਦ ਨਾਨਕ ਸਰੂਪਾਂ ਨਾਲ ਜੋੜਨ ਦਾ ਆਧਾਰ, ਪ੍ਰਚਲਿਤ ਵਿਆਕਰਣ ਦੇ ਆਧਾਰ `ਤੇ ਇਹ ਦਸਿਆ ਜਾਂਦਾ ਹੈ ਕਿ ‘ਗੁਰ’ ਅਤੇ ‘ਨਾਨਕ’ (ਅੰਗਦ, ਅਮਰਦਾਸ, ਰਾਮਦਾਸ, ਅਰਜੁਨ) ਦੋਨੋਂ ਨਾਲ ਜਾਂ ਤਾਂ ਓਂਕੜ ਲਗਿਆ ਹੁੰਦਾ ਜਾਂ ਫੇਰ ਦੋਂਵੇ ਮੁਕਤਾ ਹੁੰਦੇ ਹਨ। ਪਰ ਇਹ ਨਿਯਮ ਵੀ ‘ਭੱਟਾਂ ਦੇ ਸਵਈਏ’ ਵਿੱਚ ਹੀ ਭੰਗ ਹੋਇਆ ਮਿਲਦਾ ਹੈ। ਪੰਨਾ 1397 `ਤੇ ਸਵਈੲਾ ਹੈ:-

ਜਗੁ ਜਿਤਉ ਸਤਿਗੁਰ ਪ੍ਰਮਾਣਿ ਮਨਿ ਏਕੁ ਧਿਆਯਉ॥

ਧਨਿ ਧਨਿ ਸਤਿਗੁਰ ਅਮਰਦਾਸੁ ਜਿਨਿ ਨਾਮੁ ਦ੍ਰਿੜਾਯਉ॥ (ਪੰਨਾ1397)

ਇੱਥੇ ‘ਸਤਿਗੁਰ’ ਥੱਲੇ ਔਂਕੜ ਨਹੀਂ ਹੈ, ਪਰ ‘ਅਮਰਦਾਸੁ’ ਥੱਲੇ ਔਂਕੜ ਲਗਿਆ ਹੋਇਆ ਹੈ। ਇਹ ਤਾਂ ਅਰਥ ਹੋਏ ‘ਭੱਟਾਂ ਦੇ ਸਵੱਈਏ’ ਨਾਲ ਸਬੰਧਿਤ ਤੁੱਕਾਂ ਦੇ।

ਆਓ ਹੁਣ ਭਾਈ ਸੱਤਾ ਜੀ ਅਤੇ ਬਲਵੰਡ ਜੀ ਦੀ ਵਾਰ ਵਾਲੀਆਂ ਤੱਕਾਂ ਦੇ ਅਰਥ ਵੀ ਵਿਚਾਰ ਲੈਂਦੇ ਹਾਂ।

1. ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ॥ (ਪੰਨਾ967)

ਅਰਥ:- ਫੇਰ ਭਾਈ ਫੇਰੂ (ਜੀ) ਦੇ ਪੁੱਤਰ ਅੰਗਦ ਪਾਤਸ਼ਾਹ ਜੀ ਨੇ ਖਾਡੂਰ ਸ਼ਹਿਰ ਵਿੱਚ ਡੇਰਾ ਲਾ ਕੇ ਉਸ ਨੂੰ ਸੱਚ ਦੇ ਗਿਆਨ (ਸਤਿਗੁਰਿ) ਨਾਲ ਭਰਪੂਰ ਕਰ ਦਿੱਤਾ।

2. ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥ (ਪੰਨਾ968)

ਅਰਥ:- ਇਸ ਦੁਨੀਆ ਰੂਪੀ ਤਖਤ ਉਪਰ ਅਰਜਨ ਪਾਤਸ਼ਾਹ ਜੀ (ਵਲੋਂ ਪ੍ਰਚਾਰੇ) ਦਾ ਗੁਰੂ (ਪ੍ਰਭੂ) ਬਿਰਾਜਮਾਨ ਹੈ। ਉਸ ਪ੍ਰਭੂ ਦਾ ਹੁਕਮ ਰੂਪੀ ਚੰਦੋਆ (ਸ੍ਰਿਸ਼ਟੀ ਉਪਰ) ਚਮਕ ਰਿਹਾ ਹੈ। ਇੱਥੇ ਵੀ ‘ਪ੍ਰਚਲਿਤ ਵਿਆਕਰਣ’ ਅਨੁਸਾਰ ਦੋਹਾਂ ਪਦਾਂ ਦਾ ਇੱਕ ਰੂਪ ਹੋਣ ਵਾਲਾ ਨਿਯਮ ਭੰਗ ਹੋਇਆ ਹੈ। ਭਾਵ ‘ਅਰਜਨ’ ਪਦ ‘ਮੁਕਤਾ’ ਹੈ ਪਰ ‘ਗੁਰੂ’ ਪਦ ਨਾਲ ‘ਦੁਲੈਂਕੜ’ ਲਗਿਆ ਹੈ। ਪਰ ਫੇਰ ਵੀ ਲਗਭਗ ਸਾਰੇ ਪੁਰਾਣੇ ਵਿਆਖਿਆਕਾਰਾਂ (ਉਸੇ ਵਿਆਕਰਣ ਦੇ ਨਿਯਮ ਨੂੰ ਤਿਆਗ ਕੇ) ਨੇ ਇਸ ਦੇ ਅਰਥ ‘ਗੁਰੂ ਅਰਜਨ’ ਹੀ ਕੀਤੇ ਹਨ।

ਇਹ ਤਾਂ ਸੀ ਉਨ੍ਹਾਂ ਤੁੱਕਾਂ ਦੇ ਅਰਥ ਜਿਹੜੀ ‘ਗੁਰੂ’ ਪਦ ਵਰਤਣ ਵਾਲੇ ਸੁਹਿਰਦ ਵਿਦਵਾਨਾਂ/ਪਾਠਕਾਂ ਨੇ ਪੁੱਛੀਆਂ ਸਨ। ਆਸ ਹੈ ਕਿ ਉਹ ‘ਗੁਰਬਾਣੀ ਵਿਆਖਿਆ’ ਦਾ ਨੁਕਤਾ ਸਮਝ ਗਏ ਹੋਣਗੇ। ਕੁੱਝ ਐਸੇ ਪਾਠਕ/ ਵਿਦਵਾਨ ਵੀ ਹੋ ਸਕਦੇ ਹਨ, ਜੋ ‘ਗੁਰੂ’ ਪਦ ਰੀਸਰਚਰ ਵਿੱਚ ਪਾ ਕੇ ਕੁੱਝ ਹੋਰ ਤੁੱਕਾਂ ਦੇ ਅਰਥ ਪੁੱਛਣ। ਪਰ ਇਸ ਤਰ੍ਹਾਂ ਤਾਂ ਇਹ ਵਿਚਾਰ ਬੇਲੋੜੀ ਅਤੇ ਲੰਬੀ ਖਿੱਚਦੀ ਜਾਵੇਗੀ, ਕਿਉਂਕਿ ‘ਗੁਰੂ’ ਪਦ ਨਾਲ ਸਬੰਧਿਤ ਘੱਟੋ-ਘੱਟ 1000 ਤੁੱਕਾਂ ਗੁਰਬਾਣੀ ਵਿੱਚ ਹੋਣਗੀਆਂ। ਜਿਵੇਂ ਕਿ ਅਸੀਂ ਬੇਨਤੀ ਕੀਤੀ ਸੀ ਕਿ ਇਸ ਦਾ ਹੱਲ ਇਹੀ ਹੈ ਕਿ ਤੱਤ ਗੁਰਮਤਿ ਵਿਦਵਾਨਾਂ ਦੀ ਇੱਕ ਟੀਮ ਬਣਾ ਕੇ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਇੱਕ ਟੀਕਾ ਤਿਆਰ ਕੀਤਾ ਜਾਵੇ। ਇਹ ਕੰਮ ਬਹੁਤ ਵੱਡਾ ਹੈ। ਤੱਤ ਗੁਰਮਤਿ ਪਰਿਵਾਰ’ ਆਉਣ ਵਾਲੇ ਸਮੇਂ ਵਿੱਚ ਕੁੱਝ ਚੋਣਵੀਆਂ ਬਾਣੀਆਂ ਦੇ ਸਹੀ ਭਾਵ ਅਰਥ ਪਾਠਕਾਂ ਦੇ ਸਾਹਮਣੇ ਪੇਸ਼ ਕਰਨ ਦਾ ਨਿਮਾਣਾ ਜਿਹਾ ਯਤਨ ਕਰੇਗਾ।

ਤੱਤ ਗੁਰਮਤਿ ਵਿਚਾਰਧਾਰਾ ਨਾਲ ਸੰਬੰਧਿਤ ਸਾਡੇ ਇੱਕ ਬਹੁਤ ਹੀ ਸਤਿਕਾਰਯੋਗ ਵਿਦਵਾਨ ਨੇ ਸਾਨੂੰ ਪੁਛਿਆ ਕਿ ਆਖਿਰ ਨਾਨਕ ਸਰੂਪਾਂ ਨੂੰ ‘ਗੁਰੂ’ ਕਹਿਣ ਨਾਲ ਸਾਡਾ ਕੀ ਜਾਂਦਾ ਹੈ? ਇਹੀ ਸਵਾਲ ਕਈਂ ਹੋਰਾਂ ਦੇ ਮਨ ਵਿੱਚ ਵੀ ਜ਼ਰੂਰ ਆਉਂਦਾ ਹੋਵੇਗਾ। ਅਸੀਂ ਸਪਸ਼ਟ ਕਰ ਚੁਕੇ ਹਾਂ ਕਿ ਨਾਨਕ ਸਰੂਪਾਂ ਨੂੰ ‘ਗੁਰੂ’ ਕਹਿਣ ਨਾਲ ‘ਸਿਧਾਂਤ’ ਜਾਂਦਾ ਹੈ। ਅਸੀਂ ‘ਗੁਰਮਤਿ ਸਿਧਾਂਤ’ ਦੀ ਬਲੀ ਦੇਣ ਵਾਲੀ (ਅੰਨ੍ਹੀ) ਸ਼ਰਧਾ ਨੂੰ ਸਹੀ ਨਹੀੰ ਮੰਨਦੇ ਤੇ ਨਾ ਹੀ ਅਪਣਾ ਸਕਦੇ ਹਾਂ। ਅਫਸੋਸ ਕਿ ਅੱਜ ਸਿੱਖ ਸਮਾਜ ਲਗਭਗ ਹਰ ਪੱਖ ਤੋਂ ਇਸੇ ਸ਼ਰਧਾ (ਸਿਧਾਂਤ ਤਿਆਗ ਕੇ ਉਸਦੇ ਉਲਟ ਸ਼ਰਧਾ) ਦਾ ਸ਼ਿਕਾਰ ਹੈ ਤਾਂ ਹੀ ਇਸ ਸਮਾਜ ਦੀ ਹਾਲਾਤ ਜਾਗਰੂਕ ਸਿੱਖਾਂ ਤੋਂ ਛੁਪੀ ਨਹੀਂ ਹੈ। ਅਸੀਂ ਇਹ ਵੀ ਸਮਝਦੇ ਹਾਂ ਕਿ ਸਾਡੇ ‘ਗੁਰੂ’ ਪਦ ਨ ਵਰਤਨ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕਰੋੜਾਂ ਸਿੱਖ ਕਹਿ ਰਹੇ ਹਨ, ਪਰ ਅਸੀਂ ਸਿਧਾਤ ਵਿਰੁਧ ਚਲਣ ਵਾਲੀ ਭੀੜ ਦਾ ਹਿੱਸਾ ਨਹੀਂ ਬਣ ਸਕਦੇ। ਹਾਂ, ਜੇ ਅੱਗੇ ਆਉਂਦੀ ਵਿਚਾਰਾਂ ਰਾਹੀਂ ਗੁਰਮਤਿ ਦੇ ਆਧਾਰ `ਤੇ ਇਹ ਸਪਸ਼ਟ ਸਾਬਿਤ ਹੋ ਗਿਆ ਕਿ ਨਾਨਕ ਸਰੂਪਾਂ ‘ਲਈ’ ਗੁਰੂ ਪਦ ਵਰਤਣਾ ਜਾਇਜ਼ ਹੈ ਤਾਂ ਸਾਨੂੰ ਇਸ ਨੂੰ ਅਪਣਾ ਲੈਣ ਵਿੱਚ ਵੀ ਕੋਈ ਹਰਜ਼ ਨਹੀਂ ਹੋਵੇਗਾ। ਨਾਲ ਹੀ ਅਸੀਂ ਇਹ ਵੀ ਸਪਸ਼ਟ ਮੰਨਦੇ ਹਾਂ ਕਿ ਨਾਨਕ ਸਰੂਪਾਂ ਦਾ ਅਸਲ ਸਤਿਕਾਰ ਉਹਨਾਂ ਦੇ ਉਪਦੇਸਾਂ ਨੂੰ ਮੰਨ ਲੈਣਾ ਹੀ ਹੈ, ਨਾ ਕਿ ਸਿਰਫ ਉਹਨਾਂ ਨੂੰ ‘ਗੁਰੂ’ ‘ਹਰਿ’ ਆਦਿ ਲਫਜਾਂ ਨਾਲ ਸੰਬੋਧਨ ਕਰਕੇ।

ਉਪਰੋਕਤ ਖੁੱਲੀ ਵਿਚਾਰ ਤੋਂ ਉਪਰੰਤ ਬੇਨਤੀ ਹੈ ਕਿ ਇਸੇ ਵਿਸ਼ੇ `ਤੇ ਸੁਹਿਰਦਤਾ, ਠਰੰਮੇ ਅਤੇ ਦਲੀਲ ਨਾਲ ਵਿਚਾਰ ਕੀਤੀ ਜਾਵੇ। ਜਦ ਅਸੀਂ ਜਨਮਸਾਖੀਆਂ, ਦਸਮ ਗ੍ਰੰਥ ਆਦਿ ਦੇ ਰੂਪ ਵਿੱਚ ਪਏ ਬ੍ਰਾਹਮਣਵਾਦ ਦੇ ਪਰਛਾਵੇਂ ਨੂੰ ਪਛਾਣ ਗਏ ਹਾਂ, ਤਾਂ ‘ਦੇਹਧਾਰੀ ਗੁਰੂ’ ਵਾਲੇ ਬ੍ਰਾਹਮਣੀ ਵਿਚਾਰ ਦੇ ਪਰਛਾਵੇਂ ਨੂੰ ਵੀ ਵਿਚਾਰ ਲਈਏ। ਇਸ ਵਿੱਚ ਕੋਈ ਹਰਜ਼ ਨਹੀਂ। ਆਸ ਹੈ ਕਿ ਵਿਦਵਾਨ/ਪਾਠਕ ਇਸ ਵਿਸ਼ੇ `ਤੇ ਸੁਹਿਰਦਤਾ ਅਤੇ ਦਲ਼ੀਲ ਨਾਲ ਵਿਚਾਰ ਨੂੰ ਜਾਰੀ ਰੱਖਣਗੇ।

ਨਿਸ਼ਕਾਮ ਨਿਮਰਤਾ ਸਹਿਤ

“ਤੱਤ ਗੁਰਮਤਿ ਪਰਿਵਾਰ”




.