.

‘ਇਕੁ ਫਿਕਾ ਨਾ ਗਾਲਾਇ ………. .’

ਨੰਮ੍ਰਤਾ/ਹਲੀਮੀ ਗੁਰਮਤਿ ਦੇ ਪਰਮੁੱਖ ਨਿਯਮਾਂ ਵਿੱਚੋਂ ਇੱਕ ਵਿਸ਼ੇਸ਼ ਨਿਯਮ ਹੈ। ਨੰਮ੍ਰਤਾ, ਸਦਗੁਣੀ ਸੁਭਾਅ ਦੀ ਪਵਿੱਤ੍ਰ ਦੇਣ, ਅਤੇ ਇਨਸਾਨੀਅਤ ਦਾ ਪਰਮੁੱਖ ਲੱਛਣ ਹੈ। “ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥”। ਜਦ ਮਨੁੱਖ ਨੰਮ੍ਰਤਾ (ਖਿਮਾ ਤੇ ਸਹਿਨਸ਼ੀਲਤਾ) ਦੇ ਮਿੱਠੇ ਤੇ ਮਾਨਵੀ ਗੁਣ ਨੂੰ ਤਿਆਗ ਦਿੰਦਾ ਹੈ ਤਾਂ ਸਮਝੋ ਉਸ ਦੇ ਮਨ ਤੇ ਵਿਕਾਰਾਂ ਦਾ ਤਮੋਗੁਣੀ ਪ੍ਰਭਾਵ ਪ੍ਰਬਲ ਹੈ। ਕ੍ਰੋਧ ਤੇ ਹਉਮੈ ਆਦਿ ਨਾਲ ਉਫ਼ਣਿਆ ਹੋਇਆ ਮਨੁੱਖ ਆਪਣੇ ਅੰਦਰ ਝਾਤੀ ਮਾਰਨ (‘ਚੀਨੈ ਆਪੁ’) ਦੀ ਬਜਾਏ ਦੂਸਰਿਆਂ ਦੀ ‘ਨਿੰਦਾ ਚਿੰਦਾ’ ਨੂੰ ਹੀ ਆਪਣਾ ਹੱਕ ਸਮਝ ਲੈਂਦਾ ਹੈ। ਅਸਭਿਅ, ਅਸ਼ਿਸ਼ਟ ਤੇ ਕੌੜੇ ਸ਼ਬਦਾਂ ਦੀ ਵਰਤੋਂ ਕਰਕੇ ਉਹ ਦੂਸਰਿਆਂ ਦਾ ਹਿਰਦਾ ਕਲਪਾਉਂਦਾ ਹੈ, ਅਤੇ ਇਸ ਤਰ੍ਹਾਂ ਕਰਨ ਨਾਲ ਉਸ ਦੇ ਮੂੜ੍ਹ ਮਨ ਨੂੰ ਕੋਝੀ ਤੇ ਝੂਠੀ ਖ਼ੁਸ਼ੀ ਵੀ ਮਿਲਦੀ ਹੈ। ਅਜਿਹੇ ਮਨਮੁੱਖ ਵਿਅਕਤੀਆਂ ਲਈ ਬਾਬਾ ਫ਼ਰੀਦ ਜੀ ਦਾ ਫ਼ੁਰਮਾਨ ਹੈ:

“ਇਕੁ ਫਿਕਾ ਨਾ ਗਾਲਾਇ, ਸਭਨਾ ਮੈ ਸਚਾ ਧਣੀ॥

ਹਿਆਉ ਨ ਕੈਹੀ ਠਾਹਿ, ਮਾਣਕ ਸਭ ਅਮੋਲਵੇ॥” ਸਲੋਕ ਬਾਬਾ ਫ਼ਰੀਦ ਜੀ

ਭਾਵ: ਕਿਸੇ ਵੀ ਮਨੁੱਖ ਨੂੰ ਰੁੱਖਾ ਬੋਲ ਨਹੀਂ ਬੋਲਣਾ ਚਾਹੀਦਾ ਕਿਉਂਕਿ ਹਰ ਹਿਰਦੇ ਵਿੱਚ ਸੱਚੇ ਮਾਲਿਕ ਪਰਮਾਤਮਾ ਦੀ ਹੀ ਜੋਤ ਹੈ। (ਕਿਸੇ ਦੀ ਅਤਮਾ ਨੂੰ ਦੁੱਖ ਦੇਣਾਂ ਪਰਮਾਤਮਾਂ ਦਾ ਅਪਮਾਨ ਹੈ)। ਕਿਸੇ ਜੀਵ ਦਾ ਹਿਰਦਾ (ਰੁੱਖੇ ਕੁਬੋਲਾਂ ਨਾਲ) ਦੁਖਾਉਣਾ ਨਹੀਂ ਚਾਹੀਦਾ, ਕਿਉਂਕਿ ਜੀਵਾਂ ਦੇ ਮਨ ਕੀਮਤੀ ਮੋਤੀਆਂ ਵਾਂਗ ਹਨ, (ਜੋ ਇੱਕ ਵਾਰ ਤਿੜਕ ਜਾਣ ਤਾਂ ਮੁੜ ਕਦੀ ਵੀ ਜੁੜ ਨਹੀਂ ਸਕਦੇ)। “ਮਨ ਮੋਤੀ ਅਰ ਦੂਧ ਕਾ ਹੈਗਾ ਯੇਹੀ ਸੁਭਾਉ, ਫਾਟੈ ਪਾਛੈ ਨਾ ਜੁੜੈ ਕਰ ਲੋ ਲਾਖ ਉਪਾਓ”।

ਇੱਕ ਆਮ ਅਖਾਵਤ ਹੈ: ‘ਤਲਵਾਰ ਦਾ ਫੱਟ ਸਮੇ ਨਾਲ ਆਪੇ ਮਿਲ ਜਾਂਦਾ ਹੈ, ਪਰ, ਅਸ਼ਿਸ਼ਟ ਤੇ ਕੌੜੇ ਬੋਲਾਂ ਦਾ ਫੱਟ ਕਦੇ ਨਹੀਂ ਮਿਲ ਸਕਦਾ’। ਇਸ ਅਟਲ ਸੱਚਾਈ ਨੂੰ ਮੁੱਖ ਰੱਖਦਿਆਂ ਫ਼ਰੀਦ ਜੀ ਕਥਨ ਕਰਦੇ ਹਨ:

“ਸਭਨਾ ਮਨ ਮਾਣਿਕ, ਠਾਹਣੁ ਮੂਲਿ ਮਚਾਂਗਵਾ॥

ਜੇ ਤਉ ਪਿਰਿਆ ਦੀ ਸਿਕ, ਹਿਆਉ ਨ ਠਾਹੇ ਕਹੀਦਾ।” ਸਲੋਕ ਬਾਬਾ ਫਰੀਦ ਜੀ

ਭਾਵ: ਸਭ ਜੀਵਾਂ ਦੇ ਮਨ ਮੋਤੀ ਦੀ ਮਾਨਿੰਦ (ਕੀਮਤੀ ਅਤੇ ਨਾਜ਼ੁਕ) ਹਨ। ਇਸ ਲਈ (ਰੁੱਖੇ ਤੇ ਕੌੜੇ ਅਪਮਾਨ-ਯੁਕਤ ਲਫ਼ਜ਼ਾਂ ਨਾਲ) ਕਿਸੇ ਦਾ ਦਿਲ ਜ਼ਰਾ ਵੀ ਦੁਖਾਉਣਾ ਠੀਕ ਨਹੀਂ। ਜੇ ਤੇਰਾ ਜੀਵਨ-ਉਦੇਸ਼ ਪ੍ਰਭੂ ਨੂੰ ਮਿਲਣਾ ਹੈ ਤਾਂ ਕਿਸੇ ਦਾ ਹਿਰਦਾ ਘਾਇਲ ਕਰਨ ਤੋਂ ਗੁਰੇਜ਼ ਕਰ। (ਮ=ਨਹੀਂ, ਚਾਂਗਵਾ=ਚੰਗਾ: ਮਚਾਂਗਵਾ=ਚੰਗਾ ਨਹੀਂ)।

ਸਿਰਜਨਹਾਰ ਦੇ ਸੰਸਾਰ ਵਿੱਚ ਕੋਈ ਵੀ ਦੋ ਵਿਅਕਤੀ, ਸ਼ਕਲੋਂ ਤੇ ਅਕਲੋਂ, ਇੱਕ ਦੂਸਰੇ ਨਾਲ ਪੂਰਨ ਤੌਰ ਤੇ ਨਹੀਂ ਮਿਲਦੇ। “ਮੇਰੈ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ॥ ਕੋਇ ਨ ਕਿਸ ਹੀ ਜੇਹਾ ਉਪਾਇਆ॥ ਆਪੇ ਫਰਕੁ ਕਰੇ ਵੇਖਿ ਵਿਗਸੈ ਸਭ ਰਸ ਦੇਹੀ ਮਾਹਾ ਹੇ॥” ਮਾਰੂ ਸੋਲਹੇ ਮ: ੩। ਇਸ ਭਿੰਨਤਾ ਕਾਰਣ ਅਸਹਿਮਤੀ ਅਤੇ ਤਕਰਾਰਾਂ ਦਾ ਉਪਜਨਾ ਸੁਭਾਵਕ ਹੈ। ਇਹ ਵੀ ਸੱਚ ਹੈ ਕਿ ਅਸਹਿਮਤੀ ਕੌੜੀ ਹੁੰਦੀ ਹੈ। ਮਹਾਂਪੁਰਖਾਂ ਨੇ ਆਪਣੀ ਬਾਣੀ ਵਿੱਚ ਅਸਹਿਮਤੀ ਦੀ ਉਲਝਣ ਨੂੰ ਦਲੀਲ, ਬਿਬੇਕ, ਤਰਕ ਤੇ ਧੀਰਜ ਨਾਲ ਸੁਲਝਾਉਣ ਦਾ ਸੁਝਾਉ ਦਿੱਤਾ ਹੈ।

ਹਉਮੈ-ਵੱਸ, ਕ੍ਰੋਧ ਵਿੱਚ ਆ ਕੇ ਦੂਜੀ ਧਿਰ ਨੂੰ ਕੁਰੱਖਤ, ਕੁਸੈਲੇ ਅਤੇ ਅਸ਼ਿਸ਼ਟ ਬੋਲ ਬੋਲਣੇ ਬੜਾ ਸੌਖਾ ਹੈ; ਪਰ, ਜ਼ਬਤ ਵਿੱਚ ਰਹਿਕੇ, ਸ਼ਿਸ਼ਟਤਾ ਦਾ ਪੱਲਾ ਨਾਂਹ ਛੱਡਦਿਆਂ, ਤਰਕ ਤੇ ਦਲੀਲ ਨਾਲ ਦੂਜੀ ਧਿਰ ਦੀ ਤਸੱਲੀ ਕਰਾਉਣੀਂ ਬੜੇ ਧੀਰਜ, ਸੁਘੜਤਾ, ਸਿਆਣਪ ਅਤੇ ਆਤਮ-ਬਲ ਦਾ ਹੀ ਚਮਤਕਾਰ ਹੈ। ਇਸ ਚਮਤਕਾਰ ਦੀ ਪਰਤੱਖ ਝਲਕ ਗੁਰਬਾਣੀ ਵਿੱਚ ਦੇਖੀ ਜਾ ਸਕਦੀ ਹੈ। ਗੁਰਬਾਣੀ ਵਿੱਚ ਅਮਾਨਵੀ ਤੇ ਅਧਾਰਮਿਕ ਰਵਾਇਤਾਂ ਦਾ ਦਲੀਲ-ਯੁਕਤ ਖੰਡਨ ਹੈ। ਹਰ ਖੰਡਨੀ ਤੁਕ/ਸ਼ਬਦ ਵਿੱਚ ਤਹੱਮਲ, ਧੀਰਜ ਤੇ ਤਰਕ ਹੈ; ਪਰ, ਕ੍ਰੋਧ ਤੇ ਹਉਮੈ ਜਿਹੇ ਵਿਕਾਰਾਂ ਦਾ ਪੂਰਨ ਅਭਾਵ ਹੈ। ਇਸ ਸਦੀਵੀ ਸੱਚ ਦਾ ਜੀਂਦਾ ਜਾਗਦਾ ਸਬੂਤ ਹੈ ਗੁਰੂ ਨਾਨਕ ਦੇਵ ਜੀ ਦੀ ਅਮਰ ਰਚਨਾਂ ‘ਸਿਧਿ ਗੋਸਟਿ’।

ਆਪਣੇ ਵਿਚਾਰ ਦੱਸਣ ਤੇ ਲਿਖਣ ਦੀ ਇਨਸਾਨੀਅਤ-ਯੁਕਤ, ਬਿਬੇਕ-ਪੂਰਨ, ਸੱਚੀ ਤੇ ਸਭਿਅ ਤਕਨੀਕ, ਅਤੇ ਦੂਸਰਿਆਂ ਦੇ ਕਥਨਾਂ ਨੂੰ ਵਿਚਾਰਣ ਦਾ ਸਲੀਕਾ, ਸਬਰ ਤੇ ਸੂਝ, ਗੋਸ਼ਟਿ/ਵਿਚਾਰ-ਵਟਾਂਦਰੇ ਦਾ ਮੂਲ ਸਿਧਾਂਤ ਹੈ। ਇਸ ਅਣਮੋਲ ਵਿਚਾਰ ਦੀ ਪੁਸ਼ਟੀ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਹਨ:

“…. . ਇੱਕ ਕਹਿ ਜਾਣਨਿ ਕਹਿਆ ਬੁਝਨਿ ਤੇ ਨਰ ਸੁਘੜ ਸਰੂਪ॥”

ਇਸੇ ਸਲੋਕ ਦੀ ਅੰਤਲੀ ਤੁਕ ਵਿੱਚ ਗੁਰੁ ਨਾਨਕ ਦੇਵ ਜੀ ਕਹਿੰਦੇ ਹਨ ਕਿ ਬਿਬੇਕ, ਸਹਿਨਸ਼ੀਲਤਾ, ਨੰਮ੍ਰਤਾ ਤੇ ਖਿਮਾ ਆਦਿ ਮਾਨਵੀ ਗੁਣਾ ਤੋਂ ਹੀਣਾਂ ਮਨੁੱਖ ਅਸਲੀ ਖੋਤਾ ਹੈ। ਰੱਬ ਦਾ ਜੀਵ, ਜਿਸ ਨੂੰ ਅਸੀਂ ਘ੍ਰਿਣਾ ਨਾਲ ਖੋਤਾ ਕਹਿੰਦੇ ਹਾਂ, ਧੰਨ ਹੈ ਕਿਉਂਕਿ ਉਹ ਨਿਸ਼ਕਾਮ ਕ੍ਰਿਤ, ਸਬਰ, ਤੇ ਸਹਿਨਸ਼ੀਲਤਾ ਦੀ ਮੂਰਤ ਹੈ। ਖੋਤਾ ਜ਼ਲੀਲ ਜ਼ਿੰਦਗੀ ਦੀ ਕੁੜਤਣ ਨੂੰ ਬਿਨ ਬੋਲੇ ਪੀ ਜਾਂਦਾ ਹੈ: ਉਹ ਰੂੜੀ ਚੁਗਦਾ ਹੈ, ਤੇ ਭਾਰ ਢੋਂਦਾ ਹੈ, ਉਹ ਵੀ ਦੂਜਿਆਂ ਲਈ! ! ! ਇਨਸਾਨੀਅਤ ਦੇ ਸਦਗੁਣਾ ਨੂੰ ਤਾਂ ਖੋਤਾ ਆਪਣੀ ਹੋਂਦ ਵਿੱਚ ਲਈ ਫ਼ਿਰਦਾ ਹੈ! ! ! ਦੂਜੇ ਪਾਸੇ, ਇਨਸਾਨੀ ਲੱਛਣਾ ਤੋਂ ਕੋਰਾ ਢਾਂਚਾ ਆਪਣੇ ਆਪ ਨੂੰ ਇਨਸਾਨ ਸਮਝਣ ਦੇ ਭੁਲੇਖੇ ਵਿੱਚ ਵਿਚਰ ਰਿਹਾ ਹੈ! ! ! ਇਸ ਕੌੜੇ ਸੱਚ ਦੀ ਚਮਕ ਨਿਮਨ ਲਿਖਿਤ ਤੁਕ ਵਿੱਚ ਸਾਫ਼ ਦਿਖਾਈ ਦਿੰਦੀ ਹੈ:

“ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ॥”

ਵਿਚਾਰਾਂ ਦੇ ਤਕਰਾਰਾਂ ਦੀ ਜੰਗ ਤਰਕ ਦੀ ਤਲਵਾਰ ਨਾਲ ਜਿੱਤਣੀ ਸੱਚੇ ਇਨਸਾਨ (ਗੁਰਮੁੱਖ) ਦਾ ਧਰਮ ਹੈ। ਪਰ, ਜੋ ਵਿਅਕਤੀ ਇਸ ਜੰਗ ਨੂੰ ਕੁਸੈਲੇ/ਕੌੜੇ ਤੇ ਅਪਮਾਨਜਨਕ ਬੋਲਾਂ/ਲਿਖਤਾਂ ਨਾਲ ਜਿੱਤਣ ਦਾ ਯਤਨ ਕਰਦਾ ਹੈ, ਉਸ ਨੂੰ ਸ਼ੈਤਾਨ (ਮਨਮੁੱਖ) ਕਿਹਾ ਜਾਂਦਾ ਹੈ! ! !

ਤਰਕ ਦੀ ਤਲਵਾਰ ਕਾਯਲ (ਸਹਿਮਤ) ਕਰਦੀ ਹੈ, ਪਰ, ਘਾਇਲ ਨਹੀਂ ਕਰਦੀ! ! ਅਤੇ, ਮੰਦੇ ਬੋਲਾਂ ਦਾ ਵਾਰ ਘਾਇਲ ਤਾਂ ਜ਼ਰੂਰ ਕਰਦਾ ਹੈ, ਪਰ, ਕਾਯਲ ਕਤਈ ਨਹੀਂ ਕਰ ਸਕਦਾ! ! ! ਇਹ ਇੱਕ ਅਟਲ ਸੱਚਾਈ ਹੈ।

ਸੋ, ਸਾਨੂੰ ਆਪਣੇ ਆਪ ਨੂੰ ਗੁਰੂ ਦਾ ਸਿੱਖ/ਸੇਵਕ ਕਹਿਣ ਵਾਲਿਆਂ ਨੂੰ ਚਾਹੀਦਾ ਹੈ ਕਿ ਵਿਚਾਰ-ਚਰਚਾ ਕਰਨ ਸਮੇ ਅਸੀਂ, ਗੁਰਮਤਿ ਦੇ ਪ੍ਰਭਾਵਾਧੀਨ, ਸੂਝ-ਬੂਝ, ਸਹਿਨਸ਼ੀਲਤਾ ਤੇ ਸੰਜਮ ਦਾ ਸਹਾਰਾ ਲਈਏ ਨਾਂ ਕਿ ਮੰਦੇ ਅਤੇ ਅਸਭਿਅ ਬੋਲਾਂ ਦਾ! ! !

ਭੁੱਲ ਚੁਕ ਲਈ ਖਿਮਾ ਦਾ ਜਾਚਕ

ਦਾਸ,

ਗੁਰਇੰਦਰ ਸਿੰਘ ਪਾਲ

ਦਸੰਬਰ 27, 2009.




.