.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਵਸੀ ਰਬੁ ਹਿਆਲੀਐ

ਪਸ਼ੂ-ਪੰਛੀਆਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। ਜੰਗਲ ਵਿੱਚ ਰਹਿਣ ਵਾਲੇ ਪਸ਼ੂ-ਪੰਛੀਆਂ ਨੂੰ ਜੰਗਲੀ ਕਿਹਾ ਜਾਂਦਾ ਹੈ ਜਦ ਕਿ ਜਿੰਨ੍ਹਾ ਨੂੰ ਮਨੁੱਖ ਨੇ ਕੁੱਝ ਸਿਖਾ ਕੇ ਆਪਣੀ ਵਰਤੋਂ ਵਿੱਚ ਲੈ ਆਂਦਾ ਹੈ ਉਹਨਾਂ ਨੂੰ ਪਾਲਤੂ ਪਸ਼ੂ ਪੰਛੀ ਕਿਹਾ ਜਾਂਦਾ ਹੈ। ਜਦੋਂ ਕਿਸੇ ਮਨੁੱਖ ਦੀਆਂ ਆਦਤਾਂ ਵਹਿਸ਼ੀ ਤੇ ਦੰਿਦ੍ਰੰਗੀ ਦਾ ਰੂਪ ਧਾਰਨ ਕਰ ਜਾਣ ਤਾਂ ਉਸ ਨੂੰ ਜੰਗਲੀ ਜਨਵਰ ਹੀ ਕਿਹਾ ਜਾਂਦਾ ਹੈ। ਸਿਖਾਏ ਹੋਏ ਸ਼ੇਰ, ਹਾਥੀ, ਘੋੜੇ, ਤੋਤੇ ਅਕਸਰ ਸਰਕਸਾਂ ਵਿੱਚ ਕੰਮ ਕਰਦੇ ਨਜ਼ਰ ਆਉਂਦੇ ਹਨ। ਜੰਗਲ ਵਿੱਚ ਰਹਿਣ ਵਾਲੇ ਸ਼ੇਰ ਨੂੰ ਜਨਵਰਾਂ ਦਾ ਸ਼ਿਕਾਰ ਕਰਨ ਦੀ ਬਜਾਏ ਹੋਰ ਕੋਈ ਕੰਮ ਨਹੀਂ ਹੈ। ਪਾਣੀ ਪੀ ਰਹੇ ਬਘਿਆੜ ਨੇ ਲੇਲੇ ਨੂੰ ਦਾਬਾ ਮਾਰਦਿਆਂ ਕਿਹਾ, ‘ਓਏ! ਅੰਨ੍ਹਾ ਹੋਇਆਂ ਏਂ ਪਾਣੀ ਜੂਠਾ ਕਰੀ ਜਾਂਦੈਂ’। ਅੱਗੋਂ ਲੇਲਾ ਕਹਿੰਦਾ, ‘ਜਨਾਬ ਪਾਣੀ ਤੁਹਾਡੇ ਵਾਲੇ ਪਾਸੇ ਤੋਂ ਆ ਰਿਹਾ ਹੈ, ਮੈਂ ਤੇ ਤੁਹਾਡਾ ਝੂਠਾ ਹੀ ਪੀ ਰਿਹਾ ਹਾਂ’। ਬਘਿਆੜ ਨੂੰ ਹੋਰ ਖਾਮੀ ਤਾਂ ਕੋਈ ਨਾ ਲੱਭੀ ਪਰ ਲੇਲਾ ਖਾਣ ਨੂੰ ਉਹਦੀ ਜ਼ਬਾਨ ਲ਼ਾਲ਼ਾਂ ਛੱਡ ਰਹੀ ਸੀ। ਬਘਿਆੜ ਨੂੰ ਨਵੀਂ ਘੜੁੱਤ ਸੁੱਝੀ ਤੇ ਕਹਿੰਦਾ, ਓਏ! ‘ਤੂੰ ਮੈਨੂੰ ਦੋ ਸਾਲ ਪਹਿਲਾਂ ਗਾਲਾਂ ਕੱਢੀਆਂ ਸਨ’। ਲੇਲਾ ਕਹਿੰਦਾ, ‘ਜਨਾਬ ਮੇਰੀ ਉੱਮਰ ਮਸਾਂ ਇੱਕ ਸਾਲ ਦੀ ਹੈ’। ਬਘਿਆੜ ਕਹਿੰਦਾ, ‘ਤੂੰ ਮੈਨੂੰ ਅੱਖਾਂ ਦਿਖਾਉਂਦਾ ਏਂ, ਜੇ ਤੂੰ ਨਹੀਂ ਸੀ ਤਾਂ ਫਿਰ ਤੇਰੇ ਭਰਾ ਜਾਂ ਬਾਪ ਨੇ ਮੈਨੂੰ ਗਾਲ਼ਾਂ ਕੱਢੀਆਂ ਹੋਣੀਆਂ ਨੇ’। ਬਘਿਆੜ ਨੇ ਲੇਲਾ ਤੇ ਹਮਲਾ ਕਰਕੇ ਉਸ ਨੂੰ ਖਾ ਲਿਆ। ਇਹਨੂੰ ਕਹਿੰਦੇ ਨੇ ਜੰਗਲ ਰਾਜ, ਜਿੱਥੇ ਨਾ ਅਪੀਲ ਨਾ ਦਲੀਲ ਕੰਮ ਕਰਦੀ ਹੋਵੇ। ਗੁਰਦੁਆਰਾ ਸ੍ਰਿੀ ਗੁਰੂ ਸਿੰਘ ਸਭਾ ਨਿਊਜ਼ੀਲੈਂਡ ਦੇ ਸਾਹਮਣੇ ਰੇਲਵੇ ਫਾਟਕ ਤੇ, ਮੈਂ ਨਿਤਾ ਪ੍ਰਤੀ ਦੇਖਦਾ ਰਿਹਾ ਹਾਂ ਇੱਕ ਸਿਖਾਇਆ ਹੋਇਆ ਕੁੱਤਾ ਅੱਖਾਂ ਤੋਂ ਰਹਿਤ ਵਾਲੇ ਮਨੁੱਖ ਨੂੰ ਲਾਲ ਬੱਤੀ `ਤੇ ਰੋਕਦਾ ਤੇ ਹਰੀ ਬੱਤੀ `ਤੇ ਤੁਰਨ ਨੂੰ ਇਸ਼ਾਰਾ ਦੇਂਦਾ ਸੀ।
ਜੰਗਲਾਂ ਵਿੱਚ ਰਹਿਣ ਵਾਲੇ ਦਾ ਮਾਨਸਿਕ ਵਿਕਾਸ ਬਹੁਤ ਘੱਟ ਹੁੰਦਾ ਹੈ। ਉਸ ਦੀਆਂ ਆਦਤਾਂ ਪਸ਼ੂਆਂ ਵਰਗੀਆਂ ਹੀ ਹੁੰਦੀਆਂ ਹਨ। ਸੱਭਿਆਤਾ ਓੱਥੇ ਹੀ ਵੱਧਦੀ ਫੁੱਲਦੀ ਹੈ ਜਿੱਥੇ ਗਿਆਨ ਦੀਆਂ ਕਿਰਨਾਂ ਪੈਂਦੀਆਂ ਹੋਣ। ਪਿੰਡਾਂ ਜਾਂ ਸ਼ਹਿਰਾਂ ਵਿੱਚ ਜਿੱਥੇ ਨਿੱਕੀ ਨਿੱਕੀ ਗੱਲ ਤੇ ਇੱਕ ਦੂਜੇ ਦੇ ਸਿਰ ਪਾੜ ਦੇਣੇ ਤੇ ਸਰਕਾਰੀ ਘਰ ਵਿੱਚ ਕੋਈ ਇਨਸਾਫ਼ ਨਾ ਹੋਵੇ ਉਸ ਨੂੰ ਕਹਿੰਦੇ ਨੇ ਏੱਥੇ ਜੰਗਲ ਰਾਜ ਹੈ। ਜੰਗਲ ਵਿੱਚ ਤੁਰਨ ਵਾਲੇ ਮਨੁੱਖ ਦੇ ਸਾਹਮਣੇ ਰੀਂਗਦੇ ਸੱਪ, ਆਦਮ ਖੋਰ ਜਨਵਰ, ਭਿਆਨਕ ਆਵਾਜ਼ਾਂ ਦਾ ਹਰ ਵੇਲੇ ਡਰ ਬਣਿਆਂ ਰਹਿੰਦਾ ਹੈ। ਜੰਗਲ ਵਿੱਚ ਗਵਾਚਿਆ ਮਨੁੱਖ ਆਪਣੀ ਜ਼ਿੰਦਗੀ ਤੋਂ ਹੱਥ ਧੋਅ ਬੈਠਦਾ ਹੈ। ਜੰਗਲ ਵਿੱਚ ਘੁੰਮਣ ਵਾਲੇ ਮਨੁੱਖ ਨੂੰ ਫਰੀਦ ਜੀ ਸੁਚੇਤ ਕਰਦਿਆਂ ਕਹਿ ਰਹੇ ਹਨ----
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ, ਵਣਿ ਕੰਡਾ ਮੋੜੇਹਿ॥
ਵਸੀ ਰਬੁ ਹਿਆਲੀਐ, ਜੰਗਲੁ ਕਿਆ ਢੂਢੇਹਿ॥ 19॥
ਸਲੋਕ ਫਰੀਦ ਜੀ ਪੰਨਾ ੧੩੭੮—

ਅੱਖਰੀਂ ਅਰਥ--: — ਹੇ ਫਰੀਦ! ਹਰੇਕ ਜੰਗਲ ਨੂੰ ਗਾਹਣ ਦਾ ਕੀਹ ਲਾਭ ਹੈ? ਜੰਗਲ ਵਿੱਚ ਕੰਡੇ ਕਿਉਂ ਲਤਾੜਦਾ ਫਿਰਦਾ ਹੈਂ? ਰੱਬ (ਤਾਂ ਤੇਰੇ) ਹਿਰਦੇ ਵਿੱਚ ਵੱਸਦਾ ਹੈ, ਜੰਗਲ ਨੂੰ ਭਾਲਣ ਦਾ ਕੀ ਫ਼ਾਇਦਾ?
ਵਿਚਾਰ-- ਪੰਜਾਬ ਵਿੱਚ ਤਾਂ ਜੰਗਲ ਹੁਣ ਰਿਹਾ ਕੋਈ ਨਹੀਂ ਹੈ, ਗੁਰਬਾਣੀ ਸਰਬ ਕਾਲੀ, ਸਰਬ ਸਾਂਝੀ, ਸਰਬ ਦੇਸ਼ੀ ਤੇ ਸਦੀਵ ਕਾਲ ਸੱਚ ਹੈ। ਗੁਰਬਾਣੀ ਦਾ ਹਰ ਬੋਲ ਸਾਡੇ ਨਿਤਾ ਪ੍ਰਤੀ ਜੀਵਨ ਨੂੰ ਸੇਧ ਦੇ ਰਿਹਾ ਹੈ। ਜਿਹੜੇ ਲੋਕ ਆਪਣੀ ਕਿਰਤ ਛੱਡ ਕੇ ਸੰਸਾਰਿਕ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਕੇ, ਜੰਗਲਾਂ ਵਿੱਚ ਜਾ ਕੇ ਰੱਬ ਨੂੰ ਲੱਭਣ ਦੇ ਯਤਨ ਵਿੱਚ ਲੱਗੇ ਹੋਏ ਸੀ, ਉਹਨਾਂ ਨੂੰ ਫਰੀਦ ਜੀ ਕਹਿੰਦੇ ਹਨ ਕਿ ਮਿੱਤਰੋ ਰੱਬ ਸਾਡੇ ਤੋਂ ਦੂਰ ਨਹੀਂ ਹੈ। ਰੱਬ ਜੀ ਤਾਂ ਸਾਡੇ ਹਿਰਦੇ ਵਿੱਚ ਹੀ ਬੈਠਾ ਹੈ। ਅੱਜ ਜੰਗਲ ਵਾਲੀ ਬਿਮਾਰੀ ਡੇਰਿਆਂ, ਠਾਠਾਂ ਦਾ ਰੂਪ ਧਾਰਨ ਕਰ ਚੁੱਕੀ ਹੈ।
ਰੱਬ ਜੀ ਨੂੰ ਖੁਸ਼ ਕਰਨ ਲਈ ਜਾਂ ਉਸ ਨੂੰ ਲੱਭਣ ਲਈ ਸੜਕਾਂ `ਤੇ ਟਰਾਲੀਆਂ ਭਰੀਆਂ ਜਾ ਰਹੀਆਂ ਹਨ। ਪਿੰਡ ਦੇ ਬਾਹਰ ਟਰਾਲੀ ਖੜੀ ਹੈ, ਟ੍ਰੈਕਟਰ ਦਾ ਹਾਰਨ ਵਜਾਇਆ ਜਾ ਰਿਹਾ ਹੈ। ਸ਼ਰਧਾਲੂ ਕਾਹਲ਼ੇ ਪਏ ਹੋਏ ਹਨ ਕਿ ਬਾਬਾ ਜੀ ਦੇ ਪ੍ਰਵਚਨ ਸੁਣਨ ਤੋਂ ਲੇਟ ਹੋ ਰਹੇ ਹਾਂ। ਇੱਕ ਬੀਬੀ ਕਾਹਲੀ ਨਾਲ ਆਈ ਤੇ ਟਰਾਲੀ ਵਿੱਚ ਬੈਠ ਗਈ ਬਾਕੀ ਦੀਆਂ ਬੀਬੀਆਂ ਪੁੱਛਦੀਆਂ, ‘ਭੈਣਾਂ ਬਹੁਤ ਲੇਟ ਹੋ ਗਈ ਏਂ ਸੁੱਖ ਤਾਂ ਹੈ ਨਾ’। ਕਾਹਲੀ ਵਿੱਚ ਆਈ ਬੀਬੀ ਅਪਣਾ ਸਪਸ਼ਟੀ ਕਰਨ ਦੇਂਦਿਆਂ ਬੋਲੀ, ‘ਨੀ ਭੈਣਾਂ ਕੀ ਦੱਸਾਂ_ ਤੁਰਨ ਲੱਗੀ ਤਾਂ ਛਿੰਦਾ ਕਹਿੰਦਾ ਮਾਂ ਮੇਰੀ ਵਰਦੀ ਧੋ ਕੇ ਜਾਂਈਂ’। ਮੈਂ ਬਥੇਰਾ ਕਿਹਾ ਇਹ ਸਿਆਪਾ ਮੈਂ ਆਣ ਕੇ ਕਰ ਲਵਾਂਗੀ ਪਰ ਔਂਤਰਾ ਮੰਨਿਆ ਹੀ ਨਹੀਂ। ਮੈਂ ਤੇ ਫਿਕਰਾਂ ਵਿੱਚ ਡੁੱਬੀ ਪਈ ਸੀ ਕਿ ਕਿਤੇ ਬਾਬਾ ਜੀ ਦੀ ਕਥਾ ਹੀ ਨਾ ਲੰਘ ਜਾਏ। ਹੁਣ ਸੁਆਲ ਪੈਦਾ ਹੁੰਦਾ ਹੈ ਕਿ ਕੀ ਘਰ ਦੀ ਜ਼ਿੰਮੇਵਾਰੀ ਛੱਡ ਕੇ ਪਰਵਚਨ ਸੁਣਨ ਨਾਲ ਰੱਬ ਜੀ ਛੇਤੀ ਮਿਲ ਜਾਣਗੇ। ਫਿਰ ਇਹ ਵੀ ਹੈ ਜਿਹੜੇ ਵੀ ਡੇਰੇ ਟਰਾਲੀ ਜਾਵੇ ਇਹ ਬੀਬੀਆਂ-ਬੀਬੇ ਸਭ ਤੋਂ ਮੋਹਰਲੀ ਕਤਾਰ ਵਿੱਚ ਹੁੰਦੇ ਹਨ। ਅਸਲ ਵਿੱਚ ਇਹ ਕੰਡੇ ਮਿੱਧ ਰਹੇ ਹਨ। ‘ਵਸੀ ਰਬੁ ਹਿਆਲੀਐ’ ਜਿਹੜਾ ਘਰ ਵਿੱਚ ਜ਼ਿੰਮੇਵਾਰੀ ਦਾ ਰੱਬ ਵੱਸ ਰਿਹਾ ਹੈ ਉਸ ਤੋਂ ਅਸੀਂ ਭੱਜੇ ਹੋਏ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਛੱਡ ਕੇ ਥਾਈਂ ਥਾਂਈਂ ਭੱਜੇ ਫਿਰਨ ਵਾਲਾ ਜੰਗਲ ਹੀ ਗਾਹ ਰਿਹਾ ਹੈ।
ਹੁਣ ਇਸ ਸ਼ਬਦ ਨੂੰ ਨਿਜੀ ਤੌਰ `ਤੇ ਆਪਣੇ ਸੁਭਾਅ ਤੇ ਲਾਗੂ ਕਰਨ ਦਾ ਯਤਨ ਕਰੀਏ ਤਾਂ ਮਹਿਸੂਸ ਹੁੰਦਾ ਹੈ ਕਿ ਜੰਗਲ ਰਾਜ ਸਾਡੇ ਸੁਭਾਅ ਵਿੱਚ ਹੀ ਬਣਿਆ ਹੋਇਆ ਹੈ। ਮਹਾਨ ਕੋਸ਼ ਵਿੱਚ ਜੰਗਲ ਦੇ ਅਰਥ ਪੰਜ ਪ੍ਰਕਾਰ ਦੇ ਆਏ ਹਨ। ਪਹਿਲਾ ਰੋਹੀ ਜਾਂ ਵਣ, ਦੂਸਰਾ ਲਹੂ, ਤੀਸਰਾ ਮਾਸ, ਚੌਥਾ ਜਲ ਰਹਿਤ ਭੂਮੀ, ਮਾਰੂ ਤੇ ਪੰਜਵਾਂ ਰੇਗਿਸਤਾਨ।
ਮਾਸ ਤੇ ਲਹੂ ਦਾ ਸਾਡਾ ਸਰੀਰ ਬਣਿਆ ਹੋਇਆ ਹੈ। ਇਸ ਜੰਗਲ ਰੂਪੀ ਸਰੀਰ ਵਿੱਚ ਅਸੀਂ ਸੋਚਾਂ ਦੇ ਘੜੇ ਦੜਾਉਂਦੇ ਰਹਿੰਦੇ ਹਾਂ। ਮਨ ਦੀਆਂ ਮਲੀਨ ਸੋਚਾਂ ਹਰ ਵੇਲੇ ਭੱਜਦੀਆਂ ਰਹਿੰਦੀਆਂ ਹਨ। ਲੋਭ, ਤ੍ਰਿਸ਼ਨਾ, ਸੁਆਰਥੀਪਨ, ਕਾਮਕ ਬਿਰਤੀ ਦੀ ਪ੍ਰਬਲਤਾ ਤੇ ਵੈਰ-ਭਾਵਨਾ- ‘ਫਰੀਦਾ ਜੰਗਲੁ ਜੰਗਲੁ ਕਿਆ ਭਵਹਿ’ ਦੇ ਜੰਗਲ ਵਿੱਚ ਜਦੋਂ ਤੁਰਦੇ ਹਾਂ ਤਾਂ ਈਰਖਾ-ਸਾੜਾ, ਹੰਕਾਰ, ਕ੍ਰੋਧ, ਮੋਹ ਦੇ ਕੰਡੇ ‘ਵਣਿ ਕੰਡਾ ਮੋੜੇਹਿ’ ਜ਼ਰੂਰ ਚੁਭਣਗੇ। ਸਾਡੇ ਹਿਰਦੇ ਵਿੱਚ ਸਤ, ਸੰਤੋਖ, ਸਦ-ਭਾਵਨਾ, ਆਪਸੀ ਭਾਈਚਾਰਕ ਸਾਂਝ, ਹਲੀਮੀ, ਦਇਆ ਜੋ ਪ੍ਰਮੇਸ਼ਰੀ ਗੁਣ ‘ਵਸੀ ਰਬੁ ਹਿਆਲੀਐ’ ਹਨ ਇਹਨਾਂ ਨੂੰ ਨਹੀਂ ਪਛਾਣਦੇ। ਅਸੀਂ ਬਾਹਰ ਭੱਜ ਭੱਜ ਕੇ ਰੱਬ ਜੀ ਨੂੰ ਭਾਲਣ ਵਿੱਚ ਲੱਗੇ ਹੋਏ ਹਾਂ।
ਸਾਡੇ ਸੁਭਾਅ ਵਿੱਚ ਜੰਗਲੀ ਰਾਜ ਦੀ ਜੋ ਕੁਰਬਲਤਾ ਕੁਰਬਲਤਾ ਹੋ ਰਹੀ ਹੈ ਉਸ ਤੋਂ ਛੁਟਕਾਰਾ ਪਾਉਣ ਦੀ ਜ਼ਰੂਰਤ ਹੈ।




.