. |
|
ਗੁਰਬਾਣੀ ਦਾ ਸੱਚ
(ਕਿਸ਼ਤ ਨੰ: 13)
ਗੁਰਬਾਣੀ ਦਾ ਸੱਚ (ਸੁਰਗ) ਲੜੀ ਜੋੜਨ ਲਈ ਦੇਖੋ ਪਿਛਲਾ ਅੰਕ
ਸੁਰਗ, ਬੈਕੁੰਠ, ਬਹਿਸ਼ਤ, ਅਤੇ ਭਿਸ਼ਤ ਸ਼ਬਦ ਦਾ ਜੋ ਭਾਵ-ਅਰਥ ਲਿਆ ਅਥਵਾ
ਸਮਝਿਆ ਜਾਂਦਾ ਹੈ, ਇਸ ਦੀ ਅਤੇ ਗੁਰਮਤਿ ਵਿੱਚ ਸੁਰਗ ਦੇ ਸੰਕਲਪ ਦੀ ਸੰਖੇਪ ਚਰਚਾ ਕਰਨ ਮਗਰੋਂ ਗੁਰੂ
ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਸ਼ਬਦਾਂ ਵਿੱਚ ਇਨ੍ਹਾਂ ਸ਼ਬਦਾਂ (ਸੁਰਗ, ਬੈਕੁੰਠ, ਬਹਿਸ਼ਤ ਅਤੇ ਭਿਸ਼ਤ)
ਦਾ ਜ਼ਿਕਰ ਆਇਆ ਹੈ, ਉਨ੍ਹਾਂ ਦਾ ਵਰਣਨ ਕਰ ਰਹੇ ਹਾਂ। ਪਹਿਲਾਂ ‘ਸੁਰਗ’ ਸ਼ਬਦ ਬਾਰੇ ਜ਼ਿਕਰ ਕੀਤਾ ਜਾ
ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਸ਼ਬਦਾਂ ਵਿੱਚ ‘ਸੁਰਗ’ ਸ਼ਬਦ ਆਇਆ ਹੈ, ਉਨ੍ਹਾਂ
ਵਿਚੋਂ ਕੁੱਝ ਕੁ ਦਾ ਵਰਣਨ ਕਰ ਰਹੇ ਹਾਂ। ਨੋਟ: ਸਾਰਾ ਸ਼ਬਦ ਲਿਖਣ ਦੀ ਬਜਾਏ ਕੇਵਲ ਸਬੰਧਤ ਪੰਗਤੀਆਂ
ਦਾ ਹੀ ਜ਼ਿਕਰ ਕੀਤਾ ਜਾ ਰਿਹਾ ਹੈ। ਹਾਂ, ਕਿਤੇ ਕਿਤੇ ਪੂਰਾ ਸ਼ਬਦ/ਸ਼ਲੋਕ ਲਿਖਿਆ ਹੈ।)
ਸੁਰਗ
ਗੁਰੂ ਗ੍ਰੰਥ ਸਾਹਿਬ ਵਿੱਚ ‘ਸੁਰਗ’ ਦੀ ਧਾਰਨਾ ਬਾਰੇ ਗੁਰੂ ਸਾਹਿਬਾਨ (ਗੁਰੂ
ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ) ਦੇ ਸਾਰੰਗ ਕੀ ਵਾਰ ਵਿੱਚ ਦਰਜ ਸ਼ਲੋਕਾਂ ਨਾਲ ਕਰ ਰਹੇ ਹਾਂ
ਤਾਂ ਕਿ ਇਨ੍ਹਾਂ ਦੀ ਰੌਸ਼ਨੀ ਵਿੱਚ ਹੀ ਜਿਨ੍ਹਾਂ ਸ਼ਬਦਾਂ ਵਿੱਚ ‘ਸੁਰਗ’ ਸ਼ਬਦ ਆਇਆ ਹੈ, ਉਸ ਦਾ
ਭਾਵ-ਅਰਥ ਸਮਝ ਸਕੀਏ। ਇਨ੍ਹਾਂ ਸ਼ਲੋਕਾਂ ਵਿੱਚ ਵੇਦ ਬਾਣੀ ਅਥਵਾ ਵੇਦਾਂ ਦੀ ਤਾਲੀਮ ਦੀ ਰੌਸ਼ਨੀ ਵਿੱਚ
ਪ੍ਰਚਾਰੀ ਜਾਂ ਪ੍ਰਚਲਤ ਵਿਚਾਰਧਾਰਾ ਨਾਲੋਂ ਸਪਸ਼ਟ ਤੌਰ `ਤੇ ਗੁਰਮਤਿ ਦੀ ਵਿਚਾਰਧਾਰਾ ਦਾ ਨਿਖੇੜਾ
ਕਰਦਿਆਂ ਹੋਇਆਂ ਆਖਿਆ ਹੈ:-
(ੳ) ਕਥਾ ਕਹਾਣੀ ਬੇਦੀ ਆਣੀ ਪਾਪੁ ਪੁੰਨੁ ਬੀਚਾਰੁ॥ ਦੇ ਦੇ ਲੈਣਾ ਲੈ ਲੈ
ਦੇਣਾ ਨਰਕਿ ਸੁਰਗਿ ਅਵਤਾਰ॥ ਉਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰੁ॥ ਅੰਮ੍ਰਿਤ ਬਾਣੀ ਤਤੁ
ਵਖਾਣੀ ਗਿਆਨ ਧਿਆਨ ਵਿਚਿ ਆਈ॥ ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀ ਕਰਮਿ ਧਿਆਈ॥ ਹੁਕਮੁ ਸਾਜਿ
ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ॥ ਨਾਨਕ ਅਗਹੁ ਹਉਮੈ ਤੁਟੈ ਤਾਂ ਕੋ ਲਿਖੀਐ ਲੇਖੈ॥ 1॥ (ਪੰਨਾ
1244)
ਅਰਥ: (ਜੋ) ਤਾਲੀਮ ਵੇਦਾਂ ਨੇ ਲਿਆਂਦੀ (ਭਾਵ, ਦਿੱਤੀ), (ਉਸ ਵਿੱਚ ਇਹ)
ਵਿਚਾਰ ਹੈ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ, (ਵੇਦਾਂ ਨੇ ਇਹ ਦੱਸਿਆ ਹੈ ਕਿ ਹੱਥੋਂ) ਦੇ ਕੇ ਹੀ
(ਮੁੜ) ਲਈਦਾ ਹੈ ਤੇ ਜੋ ਕੁੱਝ ਕਿਸੇ ਤੋਂ ਲੈਂਦੇ ਹਾਂ ਉਹ (ਅਗਲੇ ਜਨਮ ਵਿਚ) ਮੋੜੀਦਾ ਹੈ, (ਆਪਣੇ
ਕੀਤੇ ਕਰਮਾਂ ਅਨੁਸਾਰ) ਨਰਕ ਵਿੱਚ ਜਾਂ ਸੁਰਗ ਵਿੱਚ ਅੱਪੜੀਦਾ ਹੈ, (ਇਸ ਤਾਲੀਮ ਅਨੁਸਾਰ) ਦੁਨੀਆ
ਉੱਚੀਆਂ ਨੀਵੀਆਂ ਜਾਤਾਂ ਤੇ ਕਿਸਮਾਂ ਦੇ ਵਹਿਮਾਂ ਵਿੱਚ ਖ਼ੁਆਰ ਹੁੰਦੀ ਹੈ।
(ਪਰ ਜੋ) ਬਾਣੀ ਗੁਰੂ ਨੇ ਉਚਾਰੀ ਹੈ, (ਜਿਸ ਦੇ ਡੂੰਘੇ ਭੇਤ ਨੂੰ) ਗੁਰੂ ਨੇ
ਸਮਝਿਆ ਹੈ ਤੇ (ਜਿਸ ਨੂੰ) ਸੁਰਤਿਆਂ ਨੇ ਜਪਿਆ ਹੈ ਉਹ ਬਾਣੀ ਨਾਮ-ਅੰਮ੍ਰਿਤ ਨਾਲ ਭਰੀ ਹੋਈ ਹੈ, ਤੇ
ਪ੍ਰਭੂ ਦੇ ਗੁਣ ਬਿਆਨ ਕਰਦੀ ਹੈ, ਇਹ ਬਾਣੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਤੇ ਪ੍ਰਭੂ ਵਿੱਚ
ਸੁਰਤਿ ਜੋੜਿਆਂ ਪਰਗਟ ਹੋਈ ਹੈ। (ਇਹ ਬਾਣੀ ਦੱਸਦੀ ਹੈ ਕਿ) ਪਰਮਾਤਮਾ ਆਪਣਾ ਹੁਕਮ (-ਰੂਪ ਸੱਤਿਆ)
ਸਾਜ ਕੇ (ਸਭ ਜੀਵਾਂ ਨੂੰ) ਆਪਣੇ ਹੁਕਮ ਵਿੱਚ ਹੀ ਰੱਖਿਆ ਹੈ ਤੇ ਹੁਕਮ ਵਿੱਚ ਹੀ ਸੰਭਾਲ ਕਰਦਾ ਹੈ।
ਹੇ ਨਾਨਕ! (ਇਸ ਬਾਣੀ ਦੀ ਬਰਕਤਿ ਨਾਲ) ਪਹਿਲਾਂ (ਜੀਵ ਦੀ) ਹਉਮੈ ਦੂਰ ਹੁੰਦੀ ਹੈ ਤਾਂ (ਫਿਰ) ਜੀਵ
ਪ੍ਰਭੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੁੰਦਾ ਹੈ।
(ਅ) ਬੇਦੁ ਪੁਕਾਰੇ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ॥ ਜੋ ਬੀਜੈ ਸੋ ਉਗਵੈ
ਖਾਂਦਾ ਜਾਣੈ ਜੀਉ॥ ਗਿਆਨੁ ਸਲਾਹੇ ਵਡਾ ਕਰਿ ਸਚੋ ਸਚਾ ਨਾਉ॥ ਸਚੁ ਬੀਜੈ ਸਚੁ ਉਗਵੈ ਦਰਗਹ ਪਾਈਐ
ਥਾਉ॥ ਬੇਦੁ ਵਪਾਰੀ ਗਿਆਨੁ ਰਾਸਿ ਕਰਮੀ ਪਲੈ ਹੋਇ॥ ਨਾਨਕ ਰਾਸੀ ਬਾਹਰਾ ਲਦਿ ਨ ਚਲਿਆ ਕੋਇ॥ (ਪੰਨਾ
1244)
ਅਰਥ: ਵੇਦ ਦੀ ਤਾਲੀਮ ਇਹ ਹੈ ਕਿ (ਜੀਵ ਦਾ ਕੀਤਾ ਹੋਇਆ) ਪੁੰਨ-ਕਰਮ (ਉਸ ਦੇ
ਵਾਸਤੇ) ਸੁਰਗ (ਮਿਲਣ) ਦਾ ਸਬੱਬ (ਬਣਦਾ) ਹੈ ਤੇ ਪਾਪ (ਜੀਵ ਲਈ) ਨਰਕ (ਵਿਚ ਪੈਣ) ਦਾ ਕਾਰਨ ਹੋ
ਜਾਂਦਾ ਹੈ; (ਆਪਣੇ ਕੀਤੇ ਹੋਏ ਪੁੰਨ ਜਾਂ ਪਾਪ ਦਾ ਫਲ) ਖਾਣ ਵਾਲਾ (ਹਰੇਕ) ਜੀਵ (ਆਪ ਹੀ) ਜਾਣ
ਲੈਂਦਾ ਹੈ ਕਿ ਜੋ ਕੁੱਝ ਕੋਈ ਬੀਜਦਾ ਹੈ ਉਹੀ ਉੱਗਦਾ ਹੈ। (ਸੋ, ਇਸ ਕਰਮ-ਕਾਂਡ ਦੀ ਤਾਲੀਮ ਵਿੱਚ
ਪ੍ਰਭੂ ਦੀ ਸਿਫ਼ਤਿ-ਸਾਲਾਹ ਤੇ ਪ੍ਰਭੂ ਦੀ ਮਿਹਰ ਨੂੰ ਕੋਈ ਥਾਂ ਨਹੀਂ ਹੈ)।
(ਪਰ ਗੁਰੂ ਦਾ ਬਖ਼ਸ਼ਿਆ) ਗਿਆਨ ਪਰਮਾਤਮਾ ਨੂੰ ਵੱਡਾ ਆਖ ਕੇ (ਉਸ ਦੀ)
ਸਿਫ਼ਤਿ-ਸਾਲਾਹ ਕਰਦਾ ਹੈ (ਤੇ ਦੱਸਦਾ ਹੈ ਕਿ) ਪ੍ਰਭੂ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ, ਜੋ
ਮਨੁੱਖ ਪ੍ਰਭੂ ਦਾ ਨਾਮ (ਹਿਰਦੇ ਵਿਚ) ਬੀਜਦਾ ਹੈ ਉਸ ਦੇ ਅੰਦਰ ਨਾਮ ਹੀ ਪ੍ਰਫੁਲਤ ਹੁੰਦਾ ਹੈ ਤੇ ਉਸ
ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਮਿਲਦਾ ਹੈ।
(ਸੋ, ਪਾਪ ਤੇ ਪੁੰਨ ਦੇ ਫਲ ਦੱਸ ਕੇ) ਵੇਦ ਤਾਂ ਵਪਾਰ ਦੀਆਂ ਗੱਲਾਂ ਕਰਦਾ
ਹੈ; (ਪਰ ਮਨੁੱਖ ਲਈ ਅਸਲ) ਰਾਸਿ-ਪੂੰਜੀ (ਪ੍ਰਭੂ ਦੇ ਗੁਣਾਂ ਦਾ) ਗਿਆਨ ਹੈ ਤੇ ਇਹ ਗਿਆਨ ਪ੍ਰਭੂ ਦੀ
ਮਿਹਰ ਨਾਲ (ਗੁਰੂ ਤੋਂ) ਮਿਲਦਾ ਹੈ; ਹੇ ਨਾਨਕ! (ਇਸ ਗਿਆਨ-ਰੂਪ) ਪੂੰਜੀ ਤੋਂ ਬਿਨਾ ਕੋਈ ਮਨੁੱਖ
(ਜਗਤ ਤੋਂ) ਨਫ਼ਾ ਖੱਟ ਕੇ ਨਹੀਂ ਜਾਂਦਾ।
ਉਪਰੋਕਤ ਸ਼ਲੋਕਾਂ ਵਿੱਚ ਵੇਦ ਬਾਣੀ ਅਤੇ ਗੁਰਬਾਣੀ ਦਾ ਟਾਕਰਾ ਕਰਦਿਆਂ ਹੋਇਆਂ
ਦੋਹਾਂ ਦਾ ਫ਼ਰਕ ਦਰਸਾਇਆ ਹੈ। ਇਨ੍ਹਾਂ ਦੋਹਾਂ ਸ਼ਲੋਕਾਂ ਵਿੱਚ ਸਪਸ਼ਟ ਰੂਪ ਵਿੱਚ ਦਰਸਾਇਆ ਗਿਆ ਹੈ ਕਿ
ਨਰਕ-ਸੁਰਗ ਦੀ ਧਾਰਨਾ ਦੀ ਗੁਰਮਤਿ ਦਰਸ਼ਨ ਵਿੱਚ ਕੋਈ ਥਾਂ ਨਹੀਂ ਹੈ। ਗੁਰਬਾਣੀ ਵਿੱਚ ਜਿੱਥੇ ਵੀ
‘ਸੁਰਗ’ ਸ਼ਬਦ ਆਇਆ ਹੈ ਉਸ ਦੇ ਅਰਥ ਕਰਨ ਸਮੇਂ ਇਨ੍ਹਾਂ ਸ਼ਲੋਕਾਂ ਵਿੱਚ ਦਰਸਾਈ ਗੁਰਮਤਿ ਦੀ
ਵਿਚਾਰਧਾਰਾ ਨੂੰ ਸਾਹਮਣੇ ਰੱਖ ਕੇ ਹੀ ਸਮਝਣ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਕਾਰਾਂ
ਦੇ ਕਥਨ ਵਿੱਚ ਕਿਧਰੇ ਵੀ ਸਵੈ-ਵਿਰੋਧ ਨਹੀਂ ਹੈ। ਇਸ ਲਈ ਅਜਿਹਾ ਨਹੀਂ ਹੈ ਕਿ ਇੱਕ ਸ਼ਬਦ ਵਿੱਚ
ਬਾਣੀਕਾਰਾਂ ਨੇ ‘ਸੁਰਗ’ ਦੀ ਧਾਰਨਾ ਨੂੰ ਰੱਦ ਕਰ ਦਿੱਤਾ ਹੈ ਅਤੇ ਦੂਜੇ ਸ਼ਬਦ ਵਿੱਚ ਉਸ ਨੂੰ ਸਵੀਕਾਰ
ਕਰ ਲਿਆ ਹੈ। (ਨੋਟ: ਜਿੱਥੋਂ ਤੱਕ ਇਸ ਗੱਲ ਦਾ ਸਵਾਲ ਹੈ ਕਿ ਜੇਕਰ ਬਾਣੀਕਾਰਾਂ ਦਾ ‘ਸੁਰਗ’ ਦੀ
ਧਾਰਨਾ ਵਿੱਚ ਵਿਸ਼ਵਾਸ ਨਹੀਂ ਹੈ ਤਾਂ ਫਿਰ ਉਨ੍ਹਾਂ ਨੇ ਇਸ ਦਾ ਜ਼ਿਕਰ ਕਿਉਂ ਕੀਤਾ ਹੈ? ਇਸ ਗੱਲ ਦੀ
ਚਰਚਾ ਅਸੀਂ ਸ਼ੁਰੂ ਵਿੱਚ ਮਿਥਿਹਾਸ ਦੀ ਵਰਤੋਂ ਦੇ ਕਾਰਨਾਂ ਦੀ ਚਰਚਾ ਵਿੱਚ ਕਰ ਚੁਕੇ ਹਾਂ। ਇਸ ਲਈ
ਇਸ ਨੂੰ ਫਿਰ ਨਹੀਂ ਦੁਹਰਾ ਰਹੇ।)
ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਸ਼ਬਦਾਂ ਦੀ ਪੰਗਤੀਆਂ ਵਿੱਚ ‘ਸੁਰਗ’
ਸ਼ਬਦ ਆਇਆ ਹੈ, ਉਨ੍ਹਾਂ ਵਿਚੋਂ ਕੁੱਝ ਕੁ ਇਸ ਤਰ੍ਹਾਂ ਹਨ:-
(ੳ) ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ॥ (ਪੰਨਾ 6)
ਅਰਥ: ਸੁੰਦਰ ਇਸਤ੍ਰੀਆਂ, ਜੋ ਸੁਰਗ, ਮਾਤ-ਲੋਕ ਤੇ ਪਾਤਾਲ
ਵਿੱਚ (ਭਾਵ, ਹਰ ਥਾਂ) ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ, ਤੈਨੂੰ ਗਾ ਰਹੀਆਂ ਹਨ।
(ਇਸ ਪਉੜੀ ਵਿੱਚ ਗੁਰਦੇਵ ਅਕਾਲ ਪੁਰਖ ਵਲੋਂ ਬਹੁ-ਰੰਗੀ ਅਤੇ ਬਹੁ-ਭਾਂਤੀ
ਰਚਨਾ ਦਾ ਵਰਣਨ ਕਰਦਿਆਂ ਹੋਇਆਂ ਆਖਦੇ ਹਨ ਕਿ ਪ੍ਰਭੂ ਕੇਵਲ ਕਰਤਾ ਹੀ ਨਹੀਂ ਹੈ, ਇਸ ਦੀ ਸੰਭਾਲ ਵੀ
ਉਹ ਆਪ ਹੀ ਕਰਦਾ ਹੈ। ਇਸ ਭੇਤ ਨੂੰ ਕੋਈ ਨਹੀਂ ਜਾਣਦਾ ਕਿ ਉਹ ਅਕਾਲ ਪੁਰਖ ਕਿਸ ਸਥਾਨ `ਤੇ ਬੈਠ ਕੇ
ਇਹ ਸਭ ਕਾਰ ਕਰ ਰਿਹਾ ਹੈ। ਪ੍ਰਭੂ ਦੀ ਹਰੇਕ ਕ੍ਰਿਤ ਉਸ ਨੂੰ ਧਿਆ ਰਹੀ ਹੈ ਅਥਵਾ ਹੁਕਮ ਵਿੱਚ ਹੈ।
ਉਸ ਦੇ ਹੁਕਮ ਨੂੰ ਸਮਝਿਆਂ ਹੀ ਉਸ ਨਾਲ ਜੁੜ ਸਕੀਦਾ ਹੈ।
ਹਰੇਕ ਸ਼ੈ ਵਿੱਚ ਗੁਰਦੇਵ ਹਰ ਇੱਕ ਉਸ ਵਿਅਕਤੀ, ਸਥਾਨ ਆਦਿ ਦੀ ਵੀ ਸ਼ਾਮੂਲੀਅਤ
ਕਰਦੇ ਹਨ ਜਿਸ ਦੀ ਹੋਂਦ ਮਨੁੱਖ ਨੇ ਮੰਨੀ /ਕਲਪਿਤ ਕੀਤੀ ਹੋਈ ਹੈ। ਇਸ ਪ੍ਰਸੰਗ ਵਿੱਚ ਹੀ ਸਤਿਗੁਰੂ
ਜੀ ਤਿੰਨ ਲੋਕ (ਸੁਰਗ, ਮਾਤ ਅਤੇ ਪਤਾਲ) ਦਾ ਜ਼ਿਕਰ ਕਰ ਰਹੇ ਹਨ। (ਨੋਟ: ਤਿੰਨ ਲੋਕਾਂ ਬਾਰੇ
ਬਾਣੀਕਾਰਾਂ ਦਾ ਦ੍ਰਿਸ਼ਟੀਕੋਣ ਬਾਰੇ ਅਸੀਂ ‘ਲੋਕ’ ਪ੍ਰਕਰਣ ਵਿੱਚ ਕਰਾਂਗੇ।)
(ਅ) ਬਿਆਪਤ ਸੁਰਗ ਨਰਕ ਅਵਤਾਰ॥ (ਪੰਨਾ 182)
ਅਰਥ: ਕਿਤੇ ਜੀਵ ਨਰਕਾਂ ਵਿੱਚ ਪੈਂਦੇ ਹਨ, ਕਿਤੇ ਸੁਰਗਾਂ
ਵਿੱਚ ਪਹੁੰਚਦੇ ਹਨ, (ਹੇ ਪ੍ਰਭੂ! (ਤੇਰੀ ਰਚੀ) ਮਾਇਆ ਅਨੇਕਾਂ ਤਰੀਕਿਆਂ ਨਾਲ (ਜੀਵਾਂ ਉਤੇ)
ਪ੍ਰਭਾਵ ਪਾਈ ਰੱਖਦੀ ਹੈ (ਤੇ ਆਤਮਕ ਮੌਤੇ ਜੀਵਾਂ ਨੂੰ ਮਾਰ ਦੇਂਦੀ ਹੈ)। (ਇਸ ਸ਼ਬਦ ਵਿੱਚ ਮੁੱਖ ਰੂਪ
ਵਿੱਚ ਇਹ ਦਰਸਾਇਆ ਹੈ ਕਿ ਮਾਇਆ ਮਨੁੱਖ ਨੂੰ ਕਈ ਰੂਪਾਂ ਵਿੱਚ ਭਰਮਾਉਂਦੀ ਹੈ। ਇਨ੍ਹਾਂ ਅਨੇਕਾਂ
ਰੂਪਾਂ ਵਿੱਚ ਇੱਕ ਰੂਪ ‘ਸੁਰਗ’ ਵੀ ਹੈ। ਭਾਵ ਮਨੁੱਖ ਦੀ ਸੁਰਗ ਵਿੱਚ ਪਹੁੰਚਣ ਦੀ ਚਾਹਤ ਰਾਂਹੀ ਵੀ
ਮਾਇਆ ਮਨੁੱਖ ਨੂੰ ਭਰਮਾਉਂਦੀ ਹੈ।)
(ੲ) ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ॥ (ਪੰਨਾ 207)
ਅਰਥ: (ਹੇ ਭਾਈ!) ਸੁਰਗ-ਲੋਕ, ਪਾਤਾਲ-ਲੋਕ,
ਮਾਤ-ਲੋਕ ਸਾਰਾ ਬ੍ਰਹਮੰਡ, ਸਭਨਾਂ ਵਿੱਚ ਇੱਕ ਉਹ ਪਰਮਾਤਮਾ ਹੀ ਸਮਾਇਆ ਹੋਇਆ ਹੈ। ਇਸ ਸ਼ਬਦ ਵਿੱਚ
ਪਰਮਾਤਮਾ ਦੀ ਸਰਬ-ਵਿਅਪਕਤਾ ਦਾ ਵਰਣਨ ਕਰਦਿਆਂ ਆਖਿਆ ਹੈ ਕਿ ਪਰਮਾਤਮਾ ਹਰੇਕ ਥਾਂ ਮੌਜੂਦ ਹੈ। ਇਸ
ਪ੍ਰਸੰਗ ਵਿੱਚ ਹੀ ਹਜ਼ੂਰ ਲੋਕਾਂ ਵਲੋਂ ਮੰਨੇ ਹੋਏ ‘ਸੁਰਗ ਲੋਕ’ ਦਾ ਵਰਣਨ ਕਰ ਰਹੇ ਹਨ।)
(ਸ) ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ॥ (ਪੰਨਾ 220)
ਅਰਥ: (ਹੇ ਸੰਤ ਜਨੋ! ਉਹ ਮਨੁੱਖ ਪਰਮਾਤਮਾ ਦਾ
ਰੂਪ ਹੈ ਜਿਸ ਨੂੰ) ਸੁਰਗ ਅਤੇ ਨਰਕ, ਅੰਮ੍ਰਿਤ ਅਤੇ ਜ਼ਹਰ ਇਕੋ ਜਿਹੇ ਜਾਪਦੇ ਹਨ, ਜਿਸ ਨੂੰ ਸੋਨਾ
ਅਤੇ ਤਾਂਬਾ ਇੱਕ ਸਮਾਨ ਪ੍ਰਤੀਤ ਹੁੰਦਾ ਹੈ। (ਇਸ ਸ਼ਬਦ ਵਿੱਚ ਮਹਾਰਾਜ ਗਿਆਨਵਾਨ ਮਨੁੱਖ ਦੇ ਲਛੱਣਾਂ
ਦੀ ਚਰਚਾ ਕਰਦਿਆਂ ਹੋਇਆਂ ‘ਸੁਰਗ’ ਸ਼ਬਦ ਦੀ ਵਰਤੋਂ ਕਰ ਰਹੇ ਹਨ। ਭਾਵ ਹੈ ਕਿ ਗਿਆਨਵਾਨ ਪ੍ਰਾਣੀ ਨੂੰ
ਸੁਰਗ ਦਾ ਲਾਲਚ ਨਹੀਂ ਹੈ। ਉਹ ਜੋ ਕੁੱਝ ਵੀ ਕਰ ਰਿਹਾ ਹੈ ਉਹ ਸੁਰਗ ਦੀ ਪ੍ਰਾਪਤੀ ਲਈ ਨਹੀਂ ਬਲਕਿ
ਮਨੁੱਖੀ ਫ਼ਰਜ਼ ਸਮਝ ਕੇ ਕਰਦਾ ਹੈ।)
(ਹ) ਧਨੁ ਨਹੀ ਬਾਛਹਿ ਸੁਰਗ ਨ ਆਛਹਿ॥ ਅਤਿ ਪ੍ਰਿਅ ਪ੍ਰੀਤਿ ਸਾਧ ਰਜ ਰਾਚਹਿ॥
(ਪੰਨਾ 251) ਅਰਥ: (ਗੁਰਮੁਖ ਜਨ ਧਨ ਨਹੀਂ
ਲੋੜਦੇ, ਸੁਰਗ ਦੀ ਭੀ ਤਾਂਘ ਨਹੀਂ ਰੱਖਦੇ, ਉਹ ਤਾਂ ਆਪਣੇ ਅਤਿ ਪਿਆਰੇ ਪ੍ਰਭੂ ਦੀ ਪ੍ਰੀਤ ਵਿੱਚ ਅਤੇ
ਗੁਰਮੁਖਾਂ ਦੀ ਚਰਨ-ਧੂੜ ਵਿੱਚ ਹੀ ਮਸਤ ਰਹਿੰਦੇ ਹਨ। (ਇਸ ਸ਼ਬਦ ਵਿੱਚ ਵੀ ਜਾਗਰੂਕ ਮਨੁੱਖ ਦੀ ਰਹਿਣੀ
ਦਾ ਜ਼ਿਕਰ ਕਰਦਿਆਂ ਹੋਇਆਂ ਦੱਸਿਆ ਹੈ ਕਿ ਉਨ੍ਹਾਂ ਨੂੰ ਪੁਰਾਣ ਸਾਹਿਤ ਦੇ ਕਿਸੇ ‘ਸੁਰਗ ਲੋਕ’ ਵਿੱਚ
ਪਹੁੰਚਣ ਦੀ ਖ਼ਾਹਿਸ਼ ਨਹੀਂ, ਉਹ ਤਾਂ ਕੇਵਲ ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਜਿਊਣ ਵਿੱਚ ਹੀ ਵਿਸ਼ਵਾਸ
ਕਰਦੇ ਹਨ।)
(ਕ) ਅਨਿਕ ਤਪਸਿਆ ਕਰੇ ਅਹੰਕਾਰ॥ ਨਰਕ ਸੁਰਗ ਫਿਰਿ ਫਿਰਿ ਅਵਤਾਰ॥ (ਪੰਨਾ
278) ਅਰਥ: ਅਨੇਕਾਂ ਤਪ ਦੇ ਸਾਧਨ ਕਰ ਕੇ ਜੇ
ਇਹਨਾਂ ਦਾ ਮਾਣ ਕਰੇ, (ਤਾਂ ਉਹ ਭੀ) ਨਰਕਾਂ ਸੁਰਗਾਂ ਵਿੱਚ ਹੀ ਮੁੜ ਮੁੜ ਜੰਮਦਾ ਹੈ (ਭਾਵ, ਕਦੇ
ਸੁਖ ਤੇ ਕਦੇ ਦੁਖ ਭੋਗਦਾ ਹੈ)।
(ਉਪਰੋਕਤ ਪੰਗਤੀਆਂ ਵਿੱਚ ‘ਸੁਰਗ’ ਸ਼ਬਦ ਸੁਖ ਦੇ ਅਰਥ ਵਿੱਚ ਆਇਆ ਹੈ।)
(ਖ) ਕਈ ਕੋਟਿ ਨਰਕ ਸੁਰਗ ਨਿਵਾਸੀ॥ (ਪੰਨਾ 276)
ਅਰਥ: ਕਰੋੜਾਂ ਜੀਵ ਪਾਤਾਲ ਵਿੱਚ ਵੱਸਣ ਵਾਲੇ ਹਨ ਅਤੇ
ਕਰੋੜਾਂ ਹੀ ਨਰਕਾਂ ਤੇ ਸੁਰਗਾਂ ਵਿੱਚ ਵੱਸਦੇ ਹਨ (ਭਾਵ, ਦੁਖੀ ਤੇ ਸੁਖੀ ਹਨ)। (ਇਸ ਅਸਟਪਦੀ ਵਿੱਚ
ਗੁਰੂ ਅਰਜਨ ਸਾਹਿਬ ਜੀ ਅਕਾਲ ਪੁਰਖ ਵਲੋਂ ਬਹੁ-ਰੰਗੀ/ਬਹੁ-ਭਾਂਤੀ ਰਚਨਾ ਦਾ ਵਰਣਨ ਕਰਦੇ ਹੋਏ, ਇਸ
ਵਿਵਰਣ ਵਿੱਚ ‘ਸੁਰਗ’ ਦੀ ਕਲਪਿਤ ਧਾਰਨਾ ਦਾ ਜ਼ਿਕਰ ਕਰ ਰਹੇ ਹਨ।)
(ਗ) ਕੋਊ ਨਰਕ ਕੋਊ ਸੁਰਗ ਬੰਛਾਵਤ॥ (ਪੰਨਾ 292)
ਅਰਥ: ਤਦੋਂ ਕੋਈ ਜੀਵ ਨਰਕਾਂ ਦਾ ਭਾਗੀ ਤੇ ਕੋਈ ਸੁਰਗਾਂ
ਦਾ ਚਾਹਵਾਨ ਬਣਿਆ। (ਇਸ ਅਸਟਪਦੀ ਵਿੱਚ ਸਤਿਗੁਰੂ ਜੀ ਅਕਾਲ ਪੁਰਖ ਵਲੋਂ ਰਚਨਾ ਰਚਨ ਮਗਰੋਂ, ਜੋ ਕਈ
ਤਰ੍ਹਾਂ ਦੀਆਂ ਧਾਰਨਾਵਾਂ ਪ੍ਰਚਲਤ ਹੋ ਗਈਆਂ, ਉਸ ਦਾ ਵਰਣਨ ਕਰਦੇ ਹੋਏ ਸੁਰਗ ਦੀ ਧਾਰਨਾ ਦਾ ਵੀ
ਵਰਣਨ ਕਰ ਰਹੇ ਹਨ।)
(ਘ) ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ॥ ਹੋਨਾ ਹੈ ਸੋ ਹੋਈ ਹੈ
ਮਨਹਿ ਨ ਕੀਜੈ ਆਸ॥ (ਪੰਨਾ 337) ਅਰਥ: ਨਾਹ ਇਹ
ਤਾਂਘ ਰੱਖਣੀ ਚਾਹੀਦੀ ਹੈ ਕਿ (ਮਰਨ ਪਿਛੋਂ) ਸੁਰਗ ਦਾ ਵਸੇਬਾ ਮਿਲ ਜਾਏ ਅਤੇ ਨਾਹ ਇਸ ਗੱਲੋਂ ਡਰਦੇ
ਰਹੀਏ ਕਿ ਕਿਤੇ ਨਰਕ ਵਿੱਚ ਹੀ ਨਿਵਾਸ ਨਾਹ ਮਿਲ ਜਾਏ। ਜੋ ਕੁੱਝ (ਪ੍ਰਭੂ ਦੀ ਰਜ਼ਾ ਵਿਚ) ਹੋਣਾ ਹੈ
ਉਹੀ ਹੋਵੇਗਾ। ਸੋ, ਮਨ ਵਿੱਚ ਆਸਾਂ ਨਹੀਂ ਬਣਾਉਣੀਆਂ ਚਾਹੀਦੀਆਂ। (ਇਸ ਸ਼ਬਦ ਵਿੱਚ ਕਬੀਰ ਜੀ
ਫ਼ਰਮਾਉਂਦੇ ਹਨ ਕਿ ਜੋ ਮਨੁੱਖ ਪ੍ਰਭੂ ਦਾ ਭਜਨ ਕਰਦਾ ਹੈ, ਉਸ ਦੀ ਐਸੀ ਉੱਚੀ ਆਤਮਕ ਅਵਸਥਾ ਬਣਦੀ ਹੈ
ਕਿ ਜਗਤ ਦੇ ਦੁੱਖ-ਸੁਖ ਉਸ ਨੂੰ ਪ੍ਰਭੂ ਦੀ ਰਜ਼ਾ ਵਿੱਚ ਹੀ ਆਉਂਦੇ ਦਿੱਸਦੇ ਹਨ, ਇਸ ਵਾਸਤੇ ਉਹ
ਮਨੁੱਖ ਨਾਹ ਕਿਸੇ ਸੁਰਗ ਲਈ ਤਾਂਘਦਾ ਹੈ ਨਾਹ ਕਿਸੇ ਨਰਕ ਤੋਂ ਡਰਦਾ ਹੈ।
(ਙ) ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ॥ ਸੁਰਗੈ ਦੀਆ ਮੋਹਣੀਆ ਇਸਤਰੀਆ
ਹੋਵਨਿ ਨਾਨਕ ਸਭੋ ਜਾਉ॥ ਭੀ ਤੂਹੈ ਸਾਲਾਹਣਾ ਆਖਣ ਲਹੈ ਨ ਚਾਉ॥ (ਪੰਨਾ 142)
ਅਰਥ: (ਜੇ ਗਰਮੀਆਂ ਦੀ) ਧੁੱਪ ਤੇ (ਸਿਆਲ ਦਾ) ਪਾਲਾ ਮੇਰੇ
(ਪਹਿਨਣ ਦਾ) ਕੱਪੜਾ ਹੋਣ (ਭਾਵ, ਜੇ ਮੈਂ ਨੰਗਾ ਰਹਿ ਕੇ ਧੁੱਪ ਤੇ ਪਾਲਾ ਭੀ ਸਹਾਰਾਂ), ਜੇ ਹਵਾ
ਮੇਰੀ ਖ਼ੁਰਾਕ ਹੋਵੇ (ਭਾਵ, ਜੇ ਮੈਂ ਪਉਣ-ਅਹਾਰੀ ਹੋ ਜਾਵਾਂ, ਤਾਂ ਭੀ, ਹੇ ਪ੍ਰਭੂ! ਤੇਰੀ
ਸਿਫ਼ਤਿ-ਸਾਲਾਹ ਦੇ ਸਾਹਮਣੇ ਇਹ ਤੁੱਛ ਹਨ)। ਜੇ ਸੁਰਗ ਦੀਆਂ ਅਪੱਛਰਾਂ ਭੀ ਮੇਰੇ ਘਰ ਵਿੱਚ ਹੋਣ ਤਾਂ
ਭੀ, ਹੇ ਨਾਨਕ! ਇਹ ਤਾਂ ਨਾਸਵੰਤ ਹਨ (ਇਹਨਾਂ ਦੇ ਮੋਹ ਵਿੱਚ ਫਸ ਕੇ ਮੈਂ ਤੈਨੂੰ ਨਾਹ ਵਿਸਾਰਾਂ)
ਤੇਰੀ ਹੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਨਾ ਮੁੱਕੇ। (ਇਸ ਸ਼ਲੋਕ
ਵਿੱਚ ਹਜ਼ੂਰ ‘ਸੁਰਗ ਲੋਕ’ ਜਾਂ ਇਸ ਵਿੱਚ ਅਪਛੱਰਾਂ ਦੀ ਹੋਂਦ ਦੀ ਪ੍ਰਚਲਤ ਧਾਰਨਾ ਨੂੰ ਸਵੀਕਾਰ ਨਹੀਂ
ਕਰ ਰਹੇ। ਗੁਰਦੇਵ ਇਸ ਸ਼ਲੋਕ ਵਿੱਚ ਅਕਾਲ ਪੁਰਖ ਦੀ ਸਿਫ਼ਤ ਸਲਾਹ ਦੇ ਟਾਕਰੇ `ਤੇ ਹੋਰ ਸਭ ਕੁੱਝ ਤੁੱਛ
ਅਥਵਾ ਨਾਸਵੰਤ ਹੈ, ਦਾ ਭਾਵ ਦਰਸਾ ਰਹੇ ਹਨ।)
(ਚ) ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ॥ ਨਰ ਤੇ ਉਪਜਿ
ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ॥ (ਪੰਨਾ 873)
ਅਰਥ: (ਹੇ ਬੀਠੁਲ ਪਿਤਾ! ਮੈਨੂੰ ਭੀ ਗੁਰੂ ਮਿਲਾ) ਗੁਰੂ
ਤੋਂ ਮਿਲੀ ਮੱਤ ਦੀ ਬਰਕਤ ਨਾਲ ਅੱਖ ਦੇ ਫੋਰ ਵਿਚ ਮਨੁੱਖਾਂ ਤੋਂ ਦੇਵਤੇ ਬਣ ਜਾਈਦਾ ਹੈ, ਹੇ ਪਿਤਾ!
(ਮਿਹਰ ਕਰ) ਮੈਂ ਭੀ ਉਹ ਦਵਾਈ ਹਾਸਲ ਕਰ ਲਵਾਂ ਜਿਸ ਨਾਲ ਮਨੁੱਖਾਂ ਤੋਂ ਜੰਮ ਕੇ (ਭਾਵ,
ਮਨੁੱਖ-ਜਾਤੀ ਵਿਚੋਂ ਹੋ ਕੇ) ਸੁਰਗ ਨੂੰ ਜਿੱਤਿਆ ਜਾ ਸਕਦਾ ਹੈ (ਭਾਵ, ਸੁਰਗ ਦੀ ਭੀ ਪਰਵਾਹ ਨਹੀਂ
ਰਹਿੰਦੀ) । (ਇਸ ਸ਼ਬਦ ਵਿੱਚ ਵੀ ਪੁਰਾਣ ਸਾਹਿਤ ਦੇ ‘ਸੁਰਗ’ ਪ੍ਰਾਪਤੀ ਦੀ ਚਾਹਤ ਨਹੀਂ ਪ੍ਰਗਟਾਈ ਹੈ
ਬਲਕਿ ਇਸ ਤੋਂ ਉਪਰ ਉੱਠਣ ਦੀ ਖ਼ਾਹਿਸ਼ ਪ੍ਰਗਟ ਕੀਤੀ ਹੈ।)
(ਛ) ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ॥ ਹਮ ਕਾਹੂ ਕੀ ਕਾਣਿ
ਨ ਕਢਤੇ ਅਪਨੇ ਗੁਰ ਪਰਸਾਦੇ॥ (ਪੰਨਾ 969) ਅਰਥ:
(ਇਹ ਲੋਕ ਆਖਦੇ ਹਨ ਕਿ ਕਾਸ਼ੀ ਵਿੱਚ ਰਹਿਣ ਵਾਲਾ ਸੁਰਗ ਮਾਣਦਾ ਹੈ, ਪਰ) ਨਰਕ ਕੀਹ, ਤੇ, ਵਿਚਾਰਾ
ਸੁਰਗ ਕੀਹ? ਸੰਤਾਂ ਨੇ ਦੋਵੇਂ ਹੀ ਰੱਦ ਕਰ ਦਿੱਤੇ ਹਨ; ਕਿਉਂਕਿ ਸੰਤ ਆਪਣੇ ਗੁਰੂ ਦੀ ਕਿਰਪਾ ਨਾਲ
(ਨਾਹ ਸੁਰਗ ਤੇ ਨਾਹ ਨਰਕ) ਕਿਸੇ ਦੇ ਭੀ ਮੁਥਾਜ ਨਹੀਂ ਹਨ। (ਇਸ ਸ਼ਲੋਕ ਵਿੱਚ ਕਬੀਰ ਸਾਹਿਬ ਗੁਰੂ
ਬਖ਼ਸ਼ਸ਼ ਦੁਆਰਾ ਨਰਕ ਸੁਰਗ ਦੀ ਮੁਥਾਜ਼ੀ ਤੋਂ ਉਪਰ ਦੀ ਹੀ ਗੱਲ ਕਰਦੇ ਹਨ।)
(ਜ) ਨਾ ਤਦਿ ਸੁਰਗੁ ਮਛੁ ਪਇਆਲਾ॥ ਦੋਜਕੁ ਭਿਸਤੁ ਨਹੀ ਖੈ ਕਾਲਾ॥ ਨਰਕੁ
ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ॥ 3॥ (ਪੰਨਾ 1035)
ਅਰਥ: ਤਦੋਂ ਨਾਹ ਸੁਰਗ-ਲੋਕ ਸੀ, ਨਾਹ ਮਾਤ-ਲੋਕ ਸੀ ਤੇ
ਨਾਹ ਹੀ ਪਤਾਲ ਸੀ। ਤਦੋਂ ਨਾਹ ਕੋਈ ਦੋਜ਼ਖ਼ ਸੀ ਨਾਹ ਬਹਿਸ਼ਤ ਸੀ, ਤੇ ਨਾਹ ਹੀ ਮੌਤ ਲਿਆਉਣ ਵਾਲਾ ਕਾਲ
ਸੀ। ਤਦੋਂ ਨਾਹ ਸੁਰਗ ਸੀ ਨਾਹ ਨਰਕ ਸੀ, ਨਾਹ ਜੰਮਣ ਸੀ ਨਾਹ ਮਰਨ ਸੀ, ਨਾਹ ਕੋਈ ਜੰਮਦਾ ਸੀ ਨਾਹ
ਮਰਦਾ ਸੀ। (ਇਸ ਸ਼ਬਦ ਵਿੱਚ ਸਤਿਗੁਰੂ ਜੀ ਉਸ ਦਸ਼ਾ ਦਾ ਵਰਣਨ ਕਰ ਰਹੇ ਹਨ ਜਦ ਅਕਾਲ ਪੁਰਖ ਨੇ ਇਹ
ਪਸਾਰਾ ਨਹੀਂ ਸੀ ਪਸਾਰਿਆ, ਕੇਵਲ ਉਹ ਆਪ ਹੀ ਸੀ। ਫਿਰ ਜਦ ਉਸ ਨੇ ਇਹ ਪਸਾਰਾ ਪਸਾਰਿਆ ਤਾਂ ਨਾਨਾ
ਪ੍ਰਕਾਰ ਦੀ ਰਚਨਾ ਹੋਂਦ ਵਿੱਚ ਆਈ। ਇਸ ਪ੍ਰਕਰਣ ਵਿੱਚ ਮਹਾਰਾਜ ਲੋਕਾਂ ਵਲੋਂ ਕਲਪਿਤ ਕੀਤੇ ਸਥਾਨਾਂ
ਦਾ ਵੀ ਵਰਣਨ ਕਰਦਿਆਂ ਕਹਿੰਦੇ ਹਨ ਕਿ ਸੁਰਗ, ਬਹਿਸ਼ਤ ਆਦਿ ਦੀ ਕਲਪਣਾ ਮਨੁੱਖ ਨੇ ਬਾਅਦ ਵਿੱਚ ਕੀਤੀ
ਹੈ। ਚੂੰਕਿ ਸਤਿਗੁਰੂ ਜੀ ਮੁੱਖ ਰੂਪ ਵਿੱਚ ਇਸ ਗੱਲ ਦਾ ਹੀ ਵਰਣਨ ਕਰ ਰਹੇ ਹਨ ਕਿ ਅਨਾਦੀ ਕੇਵਲ
ਪ੍ਰਭੂ ਹੀ ਹੈ, ਹੋਰ ਜੋ ਕੁਛ ਵੀ ਦਿਖਾਈ ਦੇ ਰਿਹਾ ਹੈ, ਉਸ ਦਾ ਆਦਿ/ਸ਼ੁਰੂਆਤ ਹੈ। ਇਸ ਵਰਣਨ ਵਿੱਚ
ਹਜ਼ੂਰ ਲੋਕਾਂ ਵਲੋਂ ਕਲਪਿਤ ‘ਸੁਰਗ’ ਆਦਿ ਦਾ ਵੀ ਵਰਣਨ ਕਰਦੇ ਹਨ।
ਗੁਰੂ ਗ੍ਰੰਥ ਸਾਹਿਬ ਵਿੱਚ ਉਪਰੋਕਤ ਸ਼ਬਦਾਂ/ਪੰਗਤੀਆਂ ਤੋਂ ਇਲਾਵਾ ਹੋਰ ਵੀ
ਜਿੱਥੇ ‘ਸੁਰਗ’ ਸ਼ਬਦ ਆਇਆ ਹੈ, ਉਸ ਦਾ ਕਦਾਚਿਤ ਇਹ ਭਾਵ ਨਹੀਂ ਹੈ ਕਿ ਬਾਣੀਕਾਰਾਂ ਨੇ ਇਸ ਦੀ
ਭੂਗੋਲਿਕ ਹੋਂਦ ਨੂੰ ਸਵੀਕਾਰ ਕੀਤਾ ਹੈ; ਅਰਥਾਤ ਪੁਰਾਣ ਸਾਹਿਤ ਵਿੱਚ ਵਰਣਿਤ ‘ਸੁਰਗ ਲੋਕ’ ਦੀ
ਧਾਰਨਾ ਨੂੰ ਸਵੀਕਾਰ ਕੀਤਾ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਕਾਰਾਂ ਵਲੋਂ ‘ਸੁਰਗ’ ਸ਼ਬਦ
ਦੀ ਕੇਵਲ ਵਰਤੋਂ ਦੇਖ ਕੇ ਹੀ ਇਹ ਮੰਨ ਲੈਣਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਅਨਮਤਾਂ ਵਾਂਗ ਸੁਰਗ
ਦੀ ਹੋਂਦ ਨੂੰ ਸਵੀਕਾਰ ਕੀਤਾ ਗਿਆ ਹੈ, ਬਾਣੀਕਾਰਾਂ ਨਾਲ ਨਿਆਂ ਨਹੀਂ ਅਨਿਆਂ ਹੋਵੇਗਾ।
ਜਸਬੀਰ ਸਿੰਘ ਵੈਨਕੂਵਰ
|
. |