.

ੴ ਵਾਹਿਗੁਰੂ ਜੀ ਕੀ ਫ਼ਤਹਿ॥
ਮਾਘੀ ਦੇ ਮੇਲੇ ਨੂੰ ਸਿਰਫ ਤੀਰਥ ਇਸ਼ਨਾਨ ਨਾਲ ਹੀ ਨਾ ਜੋੜੋ

-ਇਕਵਾਕ ਸਿੰਘ ਪੱਟੀ

ਸਿੱਖ ਕੌਮ ਦੀ ਇਹ ਬਦਕਿਸਮਤੀ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਕੌਮ ਉਪਰ ਅਨੇਕਾਂ ਤਰ੍ਹਾਂ ਦੇ ਅੱਤਿਆਚਾਰ ਹੋਏ। ਸਿੱਖਾਂ ਦੇ ਸਿਰਾਂ ਦੇ ਮੁੱਲ ਪਏ, ਘੱਲੂਘਾਰੇ ਵਾਪਰੇ, ਲੱਖਾਂ ਦੀ ਗਿਣਤੀ ਵਿੱਚ ਸਿੱਖਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ। ਆਪਣੀਆਂ ਜਾਨਾਂ ਬਚਾਉਣ ਅਤੇ ਜਾਲਮਾ ਨਾਲ ਟੱਕਰ ਲੈਣ ਲਈ ਆਪਣੇ ਘਰ-ਘਾਟ ਛੱਡ ਕੇ ਜੰਗਲ ਬੀਆਬਾਨਾਂ ਦਾ ਸਹਾਰਾ ਲੈਣਾ ਪਿਆ। ਜਿਸਦੀ ਬਦੌਲਤ ਸਿੱਖ ਵਿਰੋਧੀਆਂ ਨੇ ਗੁਰਦੁਆਰਿਆਂ ਵਿੱਚ ਕਬਜ਼ਾ ਕਰਕੇ ਮਨਮਤੀਆਂ ਕਾਰਾਵਾਈਆਂ ਨੂੰ ਅਣਜਾਮ ਦਿੰਦਿਆਂ ਗੁਰਦੁਆਰਿਆਂ ਵਿੱਚ ਵੱਡੀ ਪੱਧਰ ਤੇ ਬ੍ਰਹਾਮਣਵਾਦ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਸਾਡੇ ਅਮੀਰ ਸੱਭਿਆਚਾਰ, ਵਿਰਸੇ ਉਪਰ ਸਾਡੇ ਤਿਉਹਾਰਾਂ ਵਿੱਚ ਵੀ ਮਿਲਾਵਟ ਕਰਦਿਆਂ ਸਾਨੂੰ ਬ੍ਰਹਾਮਣਵਾਦੀ ਮਰਿਯਾਦਾਵਾਂ ਨਾਲ ਜੋੜਨ ਅਤੇ ਤੱਤ ਗੁਰਮਤਿ ਨਾਲੋਂ ਤੋੜਨ ਦਾ ਯਤਨ ਕੀਤਾ। ਅਸੀਂ ਅੱਜ ਗੱਲ ਕਰਾਂਗੇ ਮਾਘੀ ਦੇ ਤਿਉਹਾਰ ਦੀ ਜਿਸਨੂੰ ਵੀ ਇਹਨਾਂ ਨਿਰਮਲਿਆਂ ਨੇ ਸਿੱਖਾਂ ਨੂੰ ਇਸ ਦੇ ਸਬੰਧ ਵਿੱਚ ਹੋਈਆਂ ਸ਼ਹਾਦਤਾਂ ਤੋਂ ਸੇਧ ਲੈਣ ਦੀ ਥਾਂ ਤੇ ਸਿਰਫ ਤੀਰਥ ਇਸ਼ਨਾਨ ਕਰਨ ਤੇ ਹੀ ਪ੍ਰਯਾਗ ਦੀ ਤਰ੍ਹਾਂ ਮੁਕਤੀ ਪ੍ਰਾਪਤ ਕਰਨ ਦਾ ਸਥਾਨ ਬਣਾ ਦਿੱਤਾ।
ਅਸਲ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿੱਛੜ ਗਿਆ। ਸਰਸਾ ਦੇ ਕੰਡੇ ਤੇ ਸਰਸਾ ਨਦੀ ਵਿੱਚ ਸਿੱਖਾਂ ਵੱਲੋਂ ਆਪਣੇ ਘੋੜੇ ਠ੍ਹੇਲਣ ਕਰਕੇ ਕੁੱਝ ਸਿੱਖ ਗੁਰੂ ਪਾਤਸ਼ਾਹ ਜੀ ਦੇ ਨਾਲ ਬਚ ਕੇ ਚਮੌਕਰ ਦੀ ਜੰਗ ਤੱਕ ਨਾਲ ਗਏ, ਕੁੱਝ ਡੁੱਬ ਗਏ ਅਤੇ ਕੁੱਝ ਰੁੜ ਕੇ ਦੂਰ-ਦੁਰਾਡੇ ਕਿਨਾਰਿਆਂ ਤੇ ਪੁੱਜ ਗਏ। ਜਿਹਨਾਂ ਸਿੱਖਾਂ ਕੋਲੋਂ ਗੁਰੂ ਜੀ ਵਿਛੜ ਗਏ ਸਨ ਅਤੇ ਕਿੱਥੇ ਪਹੁੰਚੇ ਸਨ ਬਾਰੇ ਕੋਈ ਵਧੇਰੇ ਜਾਣਕਾਰੀ ਨਹੀਂ ਸੀ, ਉਹਨਾਂ ਵਿੱਚੋਂ ਬਹੁਤੱੇ ਸਿੱਖ ਆਪਣੇ ਘਰਾਂ ਵੱਲ ਨੂੰ ਚੱਲ ਪਏ। ਪਰ ਜਿਸ ਤਰ੍ਹਾਂ ਹੀ ਉਹਨਾਂ ਨੂੰ ਗੁਰੂ ਸਾਹਿਬ ਜੀ ਦੀ ਜਿਉਂਦੇ ਹੋਣ ਦੀਆਂ ਖਬਰਾਂ, ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀਆਂ ਖਬਰਾਂ ਪੁੱਜੀਆਂ ਅਤੇ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਇਸ ਵਕਤ ਮਾਲਵੇ ਦੇ ਇਲਾਕੇ ਵਿੱਚ ਪੁੱਜ ਚੁੱਕੇ ਹਨ ਅਤੇ ਦੁਸ਼ਮਣ ਫ਼ੋਜਾਂ ਅੱਜ ਵੀ ਗੁਰੂ ਸਾਹਿਬ ਜੀ ਦੇ ਮਗਰ ਪਈਆਂ ਹੋਈਆਂ ਹਨ ਤਾਂ ਸਿੱਖਾਂ ਨੇ ਮੁੱੜ ਤੋਂ ਗੁਰੂ ਦੀ ਸਿੱਖੀ, ਧਰਮ ਅਤੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਵਿੱਚ ਆਪਣੇ ਘਰ ਘਾਟ ਛੱਡ ਦਿੱਤੇ ਸਨ।
ਉੱਧਰ ਗੁਰੂ ਪਾਤਸ਼ਾਹ ਚਮਕੌਰ ਦੀ ਗੜ੍ਹੀ ਛੱਡਣ ਤੋਂ ਬਾਅਦ ਪਿੰਡ ਕਿੜੀ ਪੁਜੇ। ਅਤੇ ਮਾਲਵੇ ਨੂੰ ਚੱਲ ਪਏ। ਰਸਤੇ ਵਿੱਚ ਮਾਛੀਵਾੜਾ ਤੋਂ ਉਚ ਦੇ ਪੀਰ ਬਣਕੇ 12 ਕਿਲੋਮੀਟਰ ਦੂਰ ਪਿੰਡ ਘੁੰਗਰਾਲੀ ਪੁੱਜੇ ੳੱਥੇ ਰਾਤ ਕੱਟਣ ਤੋਂ ਬਾਅਦ ਅਗਲੇ ਦਿਨ ਸਵੇਰੇ 13 ਕੁ ਮੀਲ ਦੀ ਵਿੱਥ ਤੇ ਸਥਿਤ ਪਿੰਡ ਲੱਲ ਪੁੱਜੇ। ਇੱਥੋਂ ਅੱਗੇ ਪਿੰਡ ਕਟਾਣਾ ਜਿੱਥੇ ਅੱਜ ਕਲ੍ਹ ਗੁਰਦੁਆਰਾ ਕਟਾਣਾ ਸਾਹਿਬ ਸਥਿਤ ਹੈ ਪੁੱਜੇ ਅਤੇ ਕਨੇਚ ਦੇ ਰਸਤੇ ਹੁੰਦੇ ਹੋਏ ਆਲਮਗੀਰ ਪਹੁੰਚੇ। ਪਿੰਡ ਹੇਹਰ ਤੋਂ ਸੀਲੋਆਣੀ (ਤਹਿਸੀਲ ਜਗਰਾਵਾਂ) ਤੋਂ ਪਿੰਡ ਜੱਟਪੁਰੇ ਅਤੇ ਪਿੰਡ ਦੀਨੇ ਪੁੱਜੇ ਜਿੱਥੇ ਪਾਤਸ਼ਾਹ ਜੀ ਨੂੰ ਸੂਹ ਮਿਲੀ ਕਿ ਵਜ਼ੀਰ ਖਾਂ ਨੇ ਫੋਜ ਨੂੰ ਕੂਚ ਕਰਨ ਦਾ ਹੁਕਮ ਦਿੱਤਾ ਹੈ। ਇਸ ਮੌਕੇ ਸਿੱਖਾਂ ਦੀ ਵੱਡੀ ਗਿਣਤੀ ਗੁਰੂ ਜੀ ਨਾਲ ਇੱਕੱਠੀ ਹੋ ਚੁੱਕੀ ਸੀ ਅਤੇ ਗੋਲੀ ਅਸਲਾ ਵੀ ਜਮ੍ਹਾਂ ਹੋ ਗਿਆ ਸੀ ਪਰ ਮਾਨਵਤਾ ਦੇ ਭਲੇ ਲਈ ਗੁਰੂ ਜੀ ਨੇ ਇੱਥੇ ਜੰਗ ਕਰਨ ਠੀਕ ਨਹੀਂ ਸਮਝਿਆ ਅਤੇ ਕੋਟਕਪੂਰੇ ਨੂੰ ਚੱਲ ਪਏ। ਜਿਥੋਂ ਪਾਤਸ਼ਾਹ ਖਿਦਰਾਣੇ ਦੀ ਢਾਬ ਤੱਕ ਪਹੁੰਚੇ। ਇਹ ਜਗ੍ਹਾ ਗੁਰੂ ਜੀ ਨੂੰ ਕਾਫੀ ਪਸੰਦ ਆਈ। ਦੂਜੇ ਪਾਸੇ ਸਰਸਾ ਤੇ ਵਿਛੜੇ ਸਿੰਘਾਂ ਨੂੰ ਖਬਰ ਮਿਲ ਚੁੱਕੀ ਸੀ ਕਿ ਗੁਰੁ ਜੀ ਮਾਲਵੇ ਵਿੱਚ ਹਨ ਵੀ ਆਪਣੇ ਘਰ ਘਾਟ ਛੱਡ ਕੇ ਮਾਲਵੇ ਵੱਲ ਨੂੰ ਕੂਚ ਕਰ ਗਏ ਇਸ ਜੱਥੇ ਵਿੱਚ ਮਾਝੇ ਦੀ ਬੀਬੀ ਭਾਗ ਕੌਰ ਨੇ ਵੀ ਅਹਿਮ ਭੂਮਿਕਾ ਨਿਭਾਈ ਵੀ ਸਾਰੇ ਸਿੰਘਾਂ ਸਮੇਤ ਗਰੂ ਜੀ ਨੂੰ ਆਣ ਮਿਲੇ ਅਤੇ ਮਜਬੂਰੀ ਦੀ ਹਾਲਤ ਵਿੱਚ ਗੁਰੂ ਜੀ ਨਾਲੋਂ ਵਿਛੜਨ ਦੀ ਭੁੱਲ ਬਖਸ਼ਾਈ ਤੇ ਗੁਰੂ ਜੀ ਨੇ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦਾ ਉਪਦੇਸ਼ ਦਿੱਤਾ। ਇਤਨੀ ਦੇਰ ਤੱਕ ਮੁਗਲਾਂ ਦੀਆਂ ਫੋਜਾਂ ਵੀ ਸਿੰਘਾਂ ਉਪਰ ਧਾਵਾ ਬੋਲਣ ਲਈ ਪੁੱਜ ਚੁਕੀਆਂ ਸਨ। ਇਹ ਸੰਨ 1705 ਦੀ ਵੈਸਾਖ ਦੀ 20-21 ਤਰੀਕ ਬਣਦੀ ਹੈ ਜਦੋਂ ਇਹ ਜੰਗ ਹੋਈ। ਜਿੱਥੇ ਦੁਨੀਆ ਦਾ ਲਾ-ਮਿਸਾਲ ਯੁੱਧ ਹੋਇਆ। ਸਿੱਖ ਪੂਰੀ ਬਹਾਦਰੀ ਨਾਲ ਲੜੇ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਖਿਦਰਾਣੇ ਦੀ ਢਾਬ ਤੇ ਹੀ ਪਾਣੀ ਮੌਜੂਦ ਸੀ ਹੋਰ ਉਸਤੋਂ ਕੋਈ 10-20 ਮੀਲ ਦੀ ਵਿੱਥ ਤੱਕ ਪਾਣੀ ਮੌਜੂਦ ਨਹੀਂ ਸੀ ਅਤੇ ਪਾਣੀ ਵਾਲੀ ਥਾਂ ਤੇ ਸਿੰਘਾਂ ਦਾ ਕਬਜ਼ਾ ਸੀ ਜਿਸ ਕਰਕੇ ਪਿਆਸ ਅਤੇ ਸਿੰਘਾਂ ਦੀ ਬਹਾਦਰੀ ਦੇ ਸਾਹਮਣੇ ਮੁਗਲਾਂ ਨੂੰ ਮੈਦਾਨ ਛੱਡ ਕੇ ਵਾਪਿਸ ਮੁੜਨਾ ਪਿਆ ਅਤੇ ਮੁਗਲ ਮੈਦਾਨ ਛੱਡ ਕੇ ਪਿਛੇ ਨੂੰ ਭੱਜ ਤੁਰੇ। ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਜਿਹੜਾ ਗੁਰੂ ਲੱਖਾਂ ਦੀ ਫੋਜ਼ ਵਿੱਚ ਖਿਰਿਆ ਹੋਇਆਂ ਸਾਡੇ ਹੱਥ ਨਹੀਂ ਸੀ ਆਇਆ, ਉਹ ਇਹਨਾਂ ਖੁਲ਼੍ਹੀਆਂ ਜੂਹਾਂ ਵਿੱਚ ਕਿਦਾਂ ਕਾਬੂ ਆਵੇਗਾ? ਅਤੇ ਪਾਣੀ ਤੋਂ ਬਿਨ੍ਹਾਂ ਲੜਿਆ ਨਹੀਂ ਜਾਣਾ। ਇਸ ਤਰ੍ਹਾਂ ਗੁਰੂ ਜੀ ਦੀ ਅਤੇ ਸਿੱਖਾਂ ਦੀ ਜਿੱਤ ਹੋਈ। ਜਿਸਦੀ ਯਾਦ ਵਿੱਚ ਅਤੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਹਰ ਸਾਲ ਮੁਕਤਸਰ ਦੀ ਧਰਤੀ ਤੇ ਵੱਡਾ ਸਮਾਗਮ ਕਰਕੇ ਸਿੱਘਾਂ ਦੀ ਬਹਾਦਰੀ, ਸ਼ਹੀਦੀ ਨੂੰ ਯਾਦ ਕਰਦਿਆਂ ਕੌਮ ਸੇਧ ਲੈਂਦੀ ਹੈ ਕਿ ਗੁਰੂ ਦੀ ਪਿਆਰੀ ਸਿੱਖੀ ਤੋਂ ਕਿਸ ਤਰ੍ਹਾਂ ਆਪਾ ਵਾਰਣਾ ਹੈ ਅਤੇ ਗੁਰੂ ਨਾਲ ਪ੍ਰੀਤ ਰੱਖਣੀ ਹੈ।
ਜਿਸ ਸਥਾਨ ਤੇ ਸ਼ਹਾਦਤਾਂ ਹੋਈਆਂ ਸਨ ਉੱਥੇ ਗੁ: ਟੁੱਟੀ ਗੰਢੀ ਮੌਜੂਦ ਹੈ, ਜਿਸਦਾ ਨਾਮ ਟੁੱਟੀ ਗੰਢੀ ਪੈਣ ਦਾ ਕਾਰਣ ਲਿਖਦਿਆਂ ਪ੍ਰੋ. ਸ਼ਾਹਿਬ ਜੀ ਨੇ ਲਿਖਿਆ ਹੈ ਕਿ “ਸਿੱਖਾਂ ਨੇ ਕਿਹਾ ਕਿ ਗੁਰੂ ਜੀ ਸਾਨੂੰ ਮਾਫ ਕਰ ਦੇਵੋ ਕਿ ਅਸੀਂ ਤੁਹਾਡੇ ਨਾਲੋਂ ਟੁੱਟ ਕੇ ਘਰਾਂ ਨੂੰ ਚਲੇ ਗਏ ਸਾਂ, ਜਦਕਿ ਤੁਸੀਂ ਇਤਨੀਆਂ ਮੁਸ਼ਕਿਲ਼ਾਂ ਅਤੇ ਮੁਸੀਬਤਾਂ ਝੱਲ ਰਹੇ ਸੀ। ਤਾਂ ਗੁਰੁ ਜੀ ਨੇ ਫੁਰਮਾਇਆ ਕਿ ਤੁਸੀਂ ਗੁਰੂ ਨਾਲੋਂ ਟੁੱਟੇ ਨਹੀਂ ਸਗੋਂ ਮਨ ਕਰਕੇ ਗੁਰੂ ਨਾਲ ਜੁੜੇ ਹੋਏ ਸੀ, ਤੁਹਾਡੇ ਮਨ ਦੀ ਗੰਢ ਗੁਰੂ ਨਾਲ ਜੁੜੀ ਸੀ ਭਾਵ ਕਿ ਤੁਸੀਂ ਅੰਦਰੋਂ ਗੁਰੂ ਨਾਲ ਗੰਢੇ ਹੋਏ ਸੀ। ਜਿੱਸਦੀ ਯਾਦ ਨੂੰ ਸਮਰਪਣ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੌਜੂਦ ਹੈ।
ਪੰਥ ਵਿਰੋਧੀਆਂ ਵੱਲੋਂ ਇਤਿਹਾਸ ਨਾਲ ਰੱਲ ਗੱਡ ਕਰਨ ਕਰਕੇ ਅੱਜ ਇਹ ਸਾਨੂੰ ਗੁਰੂ ਨਾਲ ਪ੍ਰੀਤੀ, ਪ੍ਰੇਮ ਪੈਦਾ ਕਰਨ ਵਾਲਾ ਤਿਉਹਾਰ ਸਿਰਫ ਇੱਕ ਤੀਰਥ ਇਸ਼ਨਾਨ ਬਣ ਕੇ ਰਹਿ ਗਿਆ ਹੈ। ਦੂਜਾ ਇਤਿਹਾਸ ਮੁਤਾਬਿਕ ਵੈਸਾਖ ਦਾ ਮਹੀਨਾ ਬਣਦਾ ਹੈ ਪਰ ਮਨਾਇਆ ਮਾਘ ਦੇ ਮਹੀਨੇ ਵਿੱਚ ਜਾ ਰਿਹਾ ਹੈ। ਤੀਸਰਾ ਇਸਤੋਂ ਜੋ ਸੇਧ ਮਿਲਦੀ ਹੈ ਉਸ ਨਾਲੋਂ ਸਿੱਖਾਂ ਨੂੰ ਤੋੜ ਕੇ ਇਸ ਮੇਲੇ ਮੌਕੇ ਸਿਆਸੀ ਕਾਨਫਰੰਸਾਂ ਕਰਕੇ ਸਿੱਖ ਭਰਾਵਾਂ ਵੱਲੋ ਆਪਾ ਵਿਰੋਧੀ ਬਿਆਨ ਦੇ ਕੇ ਮੇਲੇ ਦੀ ਅਸਲ ਗੱਲ ਤੋ ਹੱਟ ਕੇ ਸਿਆਸਤ ਦੀਆਂ ਰੋਟੀਆਂ ਹਰ ਸਾਲ ਸੇਕੀਆਂ ਜਾਂਦੀਆਂ ਹਨ। ਬ੍ਰਹਾਮਣਵਾਦੀ ਸੋਚ ਕੌਮ ਉਪਰ ਭਾਰੀ ਹੋ ਗਈ ਹੈ। ਜਿਹਨਾਂ ਮਹਾਨ ਸਿਧਾਂਤਾਂ ਨੂੰ ਗੁਰੂ ਪਾਤਸ਼ਾਹ ਨੇ ਪ੍ਰਚਾਰਿਆਂ ਅਤੇ ਸਿੱਖਾਂ ਨੂੰ ਵੀ ਅਮਲ ਕਰਨ ਲਈ ਜੀਵਣ ਸੇਧ ਦਿੱਤੀ ਸੀ, ਉਹਨਾਂ ਤੋਂ ਹੱਟ ਕੇ ਸਿੱਖਾਂ ਲਈ ਮੁਕਤਸਰ ਦੀ ਧਰਤੀ ਨੂੰ ਪ੍ਰਯਾਗ ਦੀ ਤਰ੍ਹਾਂ ਤੀਰਥ ਇਸ਼ਨਾਨ ਵਾਲੀ ਬਣਾ ਛੱਡਿਆ। ਅਤੇ ਸਿੱਖਾਂ ਨੇ ਵੀ ਉੱਥੋਂ ਗਰੂ ਦੀ ਗੱਲ ਨੂੰ ਸਮਝ ਕੇ ਅਮਲੀ ਜੀਵਣ ਵਿੱਚ ਢਾਲਣ ਦੀ ਥਾਂ ਤੇ ਸਿਰਫ ਇਸ਼ਨਾਨ ਕਰਕੇ ਹੀ ਮੁਕਤੀ ਹੋਣਾ ਮਨ ਲਿਆ ਜੋ ਕਿ ਗੁਰਮਤਿ ਦੇ ਵਿਰੁੱਧ ਹੈ। ਕਿਉਂਕਿ ਗੁਰਬਾਣੀ ਅਨੁਸਾਰ:
ਅਠਸਠਿ ਤੀਰਥ ਭਰਮਿ ਵਿਗੂਚਹਿ ਕਿਉ ਮਲੁ ਧੋਪੈ ਪਾਪੈ॥
(ਮਾਰੂ ਮ. 1, ਪੰਨਾ 1013)

ਭਾਵ ਕਿ ਤੀਰਥਾਂ ਦਾ ਇਸ਼ਨਾਨ ਪਾਪਾਂ ਦਾ ਨਾਸ਼ ਕਰਨ ਵਾਲਾ ਨਹੀਂ ਹੁੰਦਾ।
ਜਲਿ ਮਲਿ ਕਾਇਆ ਮਾਜੀਐ ਭਾਈ ਭੀ ਮੈਲਾ ਤਨੁ ਹੋਇ॥
ਗਿਆਨਿ ਮਹਾ ਰਸਿ ਨਾਈਐ ਭਾਈ ਮਨੁ ਤਨੁ ਨਿਰਮਲੁ ਹੋਇ॥
(ਸੋਰਠਿ ਮ-1, ਪੰਨਾ 637)
ਕਿ ਜਲ ਨਾਲ ਸਰੀਰ ਨੂੰ ਸਾਫ ਕਰਨ ਨਾਲ ਤਨ ਫਿਰ ਮੈਲਾ ਹੋ ਜਾਂਦਾ ਹੈ ਅਤੇ ਗਿਆਨ ਦੇ ਵੱਡ ਰਸ ਭਰੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਮਨ ਤੇ ਤਨ ਦੋਵੇਂ ਹੀ ਨਿਰਮਲ ਹੋ ਜਾਂਦੇ ਹਨ।
ਇੱਸ ਤੋਂ ਵੀ ਅੱਗੇ ਗੁਰਬਾਣੀ ਅਨੁਸਾਰ ਤੀਰਥ ਇਸ਼ਨਾਨਾਂ ਦਾ ਖੰਡਨ ਕਰਦਿਆਂ ਸਪੱਸ਼ਟ ਲਿਖਿਆ ਹੈ ਕਿ:
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥
(ਧਨਾਸਰੀ ਮ-5, ਪੰਨਾ 687)
ਸੋ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਬੇਨਤੀ ਹੈ ਕਿ ਇਸ ਮੇਲੇ ਤੋਂ ਸੇਧ ਲੈ ਕੇ ਗੁਰਬਾਣੀ ਅਨੁਸਾਰ ਇੱਜ਼ਤ, ਅਣਖ ਵਾਲ ਅਤੇ ਗੁਰੁ ਨਾਲ ਪ੍ਰੇਮ ਵਾਲਾ ਜੀਵਣ ਬਤੀਤ ਕਰ ਰਕੇ ਗੁਰੁ ਗ੍ਰੰਥ ਸਾਹਿਬ ਜੀ ਧੀਆਂ ਸਿੱਖਿਆਂਵਾਂ ਨੂੰ ਸਮਝ ਕੇ ਗੁਰਬਾਣੀ ਅਨੁਸਾਰ ਜੀਵਣ ਜੀਊਣ ਦੇ ਨਾਲ ਕੌਮ ਦੀ ਖਾਤਿਰ ਕੁਰਬਾਨੀੌ ਦੇਣ ਦਾ ਜ਼ਜ਼ਬਾ ਪੈਦਾ ਕਰੀਏ ਅਤੇ ਸਿੱਖੀ ਵਿੱਚ ਪ੍ਰਪੱਕ ਰਹਿਣ ਦਾ ਪ੍ਰਣ ਕਰੀਏ। ਅਤੇ ਤੀਰਥ ਇਸ਼ਨਾਨ ਨੂੰ ਕਰਮਕਾਂਢ ਬਣਾ ਕੇ ਜੀਵਣ ਦੇ ਨਿਸ਼ਾਨੇ ਤੋਂ ਨਾ ਭਟਕੀਏ।
ਦਾਸ
-ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।




.