ਨਸ਼ੇ
ਗੁਰਮੱਤ ਅਨੁਸਾਰ ਮਾਨਵ-ਜੀਵਨ-ਜੋਤ ਦਾ ਵਿਕਾਰਾਂ ਤੋਂ ਮੁਕਤ ਹੋ ਕੇ ਪਰਮਜੋਤ
ਪ੍ਰਭੂ ਵਿੱਚ ਵਿਲੀਨ ਹੋਣ ਦੇ ਮਨੋਰਥ ਦੀ ਪੂਰਤੀ ਲਈ ਨਾਮ-ਸਿਮਰਨ ਅਤਿ ਆਵੱਸ਼ਕ ਹੈ। ਨਾਮ-ਸਿਮਰਨ ਵੀ
ਉਹ ਜੋ ਵਿਕਾਰ-ਰਹਿਤ, ਨਿਰਮਲ, ਅਤੇ ਨਿਸ਼ਕਾਮ ਮਨ ਨਾਲ ਇਕਾਗਰਚਿੱਤ ਹੋ ਕੇ ਕੀਤਾ ਜਾਵੇ। ਨਸ਼ੇ,
ਵਿਕਾਰਾਂ ਦੀ ਖਾਦਯ-ਖ਼ੁਰਾਕ ਹੋਣ ਕਰਕੇ, ਮਨ ਦੀ ਇਕਾਗਰਤਾ ਦੇ ਅੱਵਲ ਨੰਬਰ ਦੇ ਦੁਸ਼ਮਨ ਹਨ। ਇਸੇ ਲਈ,
ਗੁਰਬਾਣੀ ਵਿੱਚ ਨਸ਼ੇ ਨਿਸ਼ੇਧ ਹਨ।
ਨਸ਼ੇ ਉਨ੍ਹਾਂ ਪਦਾਰਥਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਨੋਸ਼ ਕਰਨ
(ਖਾਣ-ਪੀਣ) ਨਾਲ ਨਸ਼ਈ ਦੇ ਤਨ ਮਨ ਉਤੇ ਬੇ-ਖ਼ੁਦੀ, ਮਦਹੋਸ਼ੀ, ਮਸਤੀ, ਤੇ ਖ਼ੁਮਾਰੀ ਦਾ ਅਨੁਪ੍ਰਭਾਵ
ਹੋਵੇ। ਨਸ਼ਿਆਂ ਦੇ ਸੇਵਨ ਨਾਲ ਮਨੁੱਖੀ ਮਨ ਦੀਆਂ ਵਿਕਾਰੀ ਰੁਚੀਆਂ ਨੂੰ ਬਲ ਮਿਲਦਾ ਹੈ, ਅਤੇ
ਮਨ/ਅਤਮਾ ਦੀ ਮਲੀਨਤਾ ਵਿੱਚ ਵਾਧਾ ਹੁੰਦਾ ਹੈ। ਮਨ ਜਿਤਨਾ ਵਧੇਰੇ ਮਲੀਨ, ਪ੍ਰਾਣੀ ਉਤਨਾ ਹੀ ਜ਼ਿਅਦਾ
ਮਨਮੁੱਖ, ਅਤੇ ਪਰਮਾਤਮਾ ਵੱਲੋਂ ਬੇਮੁੱਖ ਹੋਵੇਗਾ। ਇਸ ਸੱਚ ਕਾਰਣ ਹੀ ਗੁਰਬਾਣੀ ਵਿੱਚ ਨਸ਼ਿਆਂ ਨੂੰ,
ਅਨਮੋਲ ਅਤੇ ਦੁਰਲੱਭ ਮਾਨਵ ਜੀਵਨ ਲਈ ਲਾਅਨਤ ਅਤੇ ਸ਼ਰਾਪ ਕਿਹਾ ਗਿਆ ਹੈ।
ਨਸ਼ੇ ਮਨੁੱਖਾ ਜੀਵਨ ਵਿੱਚ ਆਦਿ ਕਾਲ ਤੋਂ ਹੀ ਪ੍ਰਚੱਲਿਤ ਤੇ ਭਾਰੂ ਰਹੇ ਹਨ।
ਸੰਸਾਰ ਦੇ ਬਹੁਤ ਸਾਰੇ ਧਰਮ-ਗ੍ਰੰਥਾਂ ਵਿੱਚ ਨਸ਼ੇ ਵਿਹਿਤ/ਜਾਇਜ਼ ਦੱਸੇ ਗਏ ਹਨ। ਕਈ ਗ੍ਰੰਥਾਂ ਵਿੱਚ
ਸ਼ਰਾਬ ਆਦਿ ਨਸ਼ਿਆਂ ਦੇ ਬਣਾਉਣ ਦੀਆਂ ਵਿਧੀਆਂ ਤੇ ਕਿਸਮਾਂ ਦਾ ਉਲੇਖ ਵੀ ਮਿਲਦਾ ਹੈ। ਇਹ ਵੀ
ਦੱਸਿਆ ਗਿਆ ਹੈ ਕਿ ਪ੍ਰਭੂ, ਦੇਵੀ ਦੇਵਤਿਆਂ ਅਤੇ ਪੁਜਾਰੀਆਂ ਨੂੰ ਖ਼ੁਸ਼ ਕਰਕੇ ਮੰਨਤਾਂ ਮਨਵਾਉਣ ਲਈ
ਸ਼ਰਾਬ ਤੇ ਭੰਗ ਆਦਿ ਨਸ਼ੀਲੇ ਪਦਾਰਥਾਂ ਦੀ ਭੇਟਾ ਜ਼ਰੂਰੀ ਹੈ। ਗੁਰੂ ਗ੍ਰੰਥ ਇੱਕ ਅਜਿਹਾ ਗ੍ਰੰਥ ਹੈ
ਜਿਸ ਵਿੱਚ ਬ੍ਰਹਮਗਿਆਨੀਆਂ ਨੇ ਮਨੁੱਖਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਸੁਚੇਤ ਕਰਕੇ ਇਨ੍ਹਾਂ
ਤੋਂ ਬਚਣ ਦਾ ਉਪਦੇਸ਼ ਦਿੱਤਾ ਹੈ।
ਸੰਸਾਰ ਵਿੱਚ ਨਸ਼ੀਲੇ ਪਦਾਰਥਾਂ ਦੀ ਸੂਚੀ ਬਹੁਤ ਲੰਬੀ ਹੈ, ਅਤੇ ਦਿਨ ਬ ਦਿਨ
ਲੰਬੇਰੀ ਹੁੰਦੀ ਜਾ ਰਹੀ ਹੈ। ਸੁਰਾ, ਸੋਮਰਸ, ਧਤੂਰਾ, ਸ਼ਰਾਬ, ਭੰਗ, ਪੋਸਤ, ਅਫ਼ੀਮ, ਨਸਵਾਰ, ਚਰਸ,
ਗਾਂਜਾ, ਤੇ ਤਬਾਕੂ ਆਦਿ ਤੋਂ ਬਿਨਾਂ, ਅੱਜਕਲ ਰਸਾਇਨਕ ਪਦਾਰਥਾਂ (
chemicles)
ਤੋਂ ਕਈ ਨਸ਼ੀਲੇ, ਜ਼ਹਿਰੀਲੇ ਅਤੇ ਘਾਤਿਕ ਨਸ਼ੇ ਤਿਆਰ
ਕੀਤੇ ਜਾਂਦੇ ਹਨ। (ਖੋਜ ਅਨੁਸਾਰ, ਤਬਾਕੂ ਭਾਰਤ ਵਿੱਚ ਪਹਿਲੀ ਵਾਰ
17ਵੀਂ
ਸਦੀ ਵਿੱਚ ਲਿਆਂਦਾ ਗਿਆ। ਗੁ: ਗ੍ਰੰਥ ਦੀ ਸੰਪਾਦਨਾ
1604
ਈ: ਵਿੱਚ ਹੋ ਚੁੱਕੀ ਸੀ। ਇਸ ਲਈ ਗੁ: ਗ੍ਰੰਥ ਵਿੱਚ ਤਬਾਕੂ ਦਾ ਜ਼ਿਕਰ ਨਹੀਂ ਹੈ। ਤੰਬਾਕੂ-ਸੇਵਨ ਦੀ
ਮਨਾਹੀ ਰਹਿਤਨਾਮਿਆਂ ਆਦਿ ਪੁਸਤਕਾਂ ਵਿੱਚ ਹੈ)।
ਗੁਰਮੱਤ ਅਨੁਸਾਰ ਖਾਣ-ਪੀਣ ਦਾ ਕੋਈ ਵੀ
ਨਸ਼ਾ ਬੁਰਾ ਹੈ।
ਨਸ਼ਿਆਂ ਦਾ ਖਾਧਾ ਪੀਤਾ ਵਿਕਾਰਾਂ ਦੀ ਖ਼ੁਰਾਕ ਹੈ। ਵਿਕਾਰ ਤਨ, ਮਨ, ਅਤੇ
ਆਤਮਾ ਦੇ ਵਿਨਾਸ਼ ਦਾ ਕਾਰਣ ਹਨ। ਨਸ਼ਿਆਂ ਦੀ ਜ਼ਹਿਰ ਜ਼ੁਬਾਨ ਨੂੰ ਬੇਲਗਾਮ, ਤਨ ਨੂੰ ਖੀਣ, ਬੁੱਿਧ ਨੂੰ
ਭ੍ਰਿਸ਼ਟ, ਮਨ ਨੂੰ ਮਲੀਨ, ਅਤੇ ਆਤਮਾ ਨੂੰ ਅਧਰੰਗ ਕਰਦੀ ਹੈ। ਇਸ ਲਈ ਮਾਦਕ ਰਸਾਂ ਕਸਾਂ ਤੋਂ ਤੋਬਾ,
ਸਿੱਖ/ਸੇਵਕ ਦਾ ਪਰਮ ਧਰਮ ਹੈ। ਇਸ ਸੱਚ ਨੂੰ ਮੁੱਖ ਰੱਖਦਿਆਂ ਗੁਰੂ ਨਾਨਕ ਦੇਵ ਜੀ ਵਿਨਾਸ਼ਕ ਰਸਾਂ
ਕਸਾਂ ਤੋਂ ਦੂਰ ਰਹਿਣ ਦੀ ਇੱਛਾ ਪ੍ਰਗਟ ਕਰਦੇ ਹਨ:
“ਬਾਬਾ, ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲੈ ਵਿਕਾਰ॥” ਮ: ੧
ਭਾਵ: ਜਿਨ੍ਹਾਂ ਪਦਾਰਥਾਂ ਦੇ ਖਾਣ-ਪੀਣ ਨਾਲ ਮਨ/ਆਤਮਾ ਦੀ ਸੱਚੀ ਖ਼ੁਸ਼ੀ ਨਸ਼ਟ
ਹੋਵੇ, ਜਿਨ੍ਹਾਂ ਦੇ ਸੇਵਨ ਨਾਲ ਸਰੀਰ ਰੋਗੀ ਅਤੇ ਪੀੜਿਤ ਹੋਵੇ, ਅਤੇ ਮਨ ਵਿੱਚ ਵਿਕਾਰ ਪ੍ਰਫ਼ੁੱਲਤ
ਹੋਣ, ਅਜਿਹੇ ਭੋਜਨਾਂ ਤੋਂ ਪਰਹੇਜ਼ ਚੰਗਾ ਹੈ।
ਜਿਹੜਾ ਵਿਅਕਤੀ ਖਾਣ ਪੀਣ ਦੇ ਨਸ਼ਿਆਂ ਤੋਂ ਤੋਬਾ ਨਹੀਂ ਕਰਦਾ ਪਰ, ਦੰਭ ਕਰਕੇ
ਧਰਮ-ਸਥਾਨਾਂ ਤੇ ਜਾਂਦਾ ਹੈ ਉਹ ਢੌਂਗੀ ਹੈ। ਅਜਿਹੇ ਖੇਖੱਣਹਾਰਿਆਂ ਨੂੰ ਕਬੀਰ ਜੀ ਦਾ ਸੰਦੇਸ਼ ਹੈ:
“ਕਬੀਰ ਭਾਂਗ ਮਾਛੁਲੀ ਸੁਰਾਪਾਨਿ ਜੋ ਜੋ ਪ੍ਰਾਨੀ ਖਾਂਹਿ॥
ਤੀਰਥ ਬਰਤ ਨੇਮ ਕੀਏ, ਤੇ ਸਭੈ ਰਸਾਤਲਿ ਜਾਹਿ॥” ਸਲੋਕ ਕਬੀਰ ਜੀ
ਭਾਵ: ਜਿਹੜੇ ਪ੍ਰਾਣੀ ਸ਼ਰਾਬ ਤੇ ਭੰਗ ਆਦਿ ਦਾ ਨਸ਼ਾ ਕਰਦੇ ਹਨ, ਅਤੇ
ਮੱਛੀ/ਮਾਸ ਖਾਂਦੇ ਹਨ, ਉਨ੍ਹਾਂ ਦੇ ਕੀਤੇ ਦਿਖਾਵੇ ਦੇ ਧਰਮ-ਕਰਮ, – ਤੀਰਥ-ਯਾਤ੍ਰਾ, ਵਰਤ, ਪ੍ਰਣ
ਅਦਿ ਨਿਰਾਰਥਕ ਹਨ। ਅਜਿਹੇ ਪ੍ਰਾਣੀ, ਸਾਰੇ ਦੇ ਸਾਰੇ, ਨਰਕ ਵਿੱਚ ਧੱਕੇ ਜਾਂਦੇ ਹਨ।
ਨਸ਼ੀਲੇ ਪਦਾਰਥਾਂ ਦੇ ਸੇਵਨ ਕਰਨ ਨਾਲ, ਦੁਰਲੱਭ ਰੱਬੀ ਰਹਿਮਤ, ਬਿਬੇਕਤਾ ਦਾ
ਨਾਸ ਹੁੰਦਾ ਹੈ, ਨਸ਼ਈ ਨੂੰ ਸਹੀ-ਗ਼ਲਤ, ਭਲੇ-ਬੁਰੇ, ਚੰਗੇ ਮੰਦੇ ਦੀ ਪਹਿਚਾਣ ਨਹੀਂ ਰਹਿੰਦੀ ਤੇ ਉਹ
ਮਾਨਵ-ਸਮਾਜ ਦੇ ਮੱਥੇ ਤੇ ਕਲੰਕ ਸਿੱਧ ਹੁੰਦਾ ਹੈ। ਅਜਿਹੇ ਭ੍ਰਿਸ਼ਟ-ਬੁਿੱਧ ਵਿਅਕਤੀਆਂ ਲਈ ਗੁਰੂ
ਅਮਰਦਾਸ ਜੀ ਦਾ ਸੰਦੇਸ਼ ਹੈ:
“ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ॥
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥” ਸਲੋਕ ਮ: ੩
ਭਾਵ: (ਨਸ਼ਈ ਵਿਅਕਤੀ ਮਾਨਵ-ਜੀਵਨ ਵਿੱਚ) ਵਿਕਾਰੀ ਸੰਸਕਾਰਾਂ ਨਾਲ ਲੱਥ ਪੱਥ
ਹੋਇਆ ਆਉਂਦਾ ਹੈ, ਅਤੇ ਇਸ ਜੀਵਨ ਵਿੱਚ ਆਕੇ ਵੀ (ਨਸ਼ਿਆਂ ਕਾਰਣ) ਵਿਕਾਰਾਂ ਵਿੱਚ ਹੀ ਗ਼ਲਤਾਨ ਰਹਿੰਦਾ
ਹੈ। ਜਿਨ੍ਹਾਂ ਨਸ਼ਿਆਂ (ਸ਼ਰਾਬ, ਭੰਗ ਆਦਿ) ਦੇ ਪੀਣ ਨਾਲ ਅਕਲ ਮਾਰੀ ਜਾਵੇ, ਝੱਲਪੁਣੇ ਵਿੱਚ ਆਪਣੇ
ਪਰਾਏ, ਚੰਗੇ ਮੰਦੇ ਦੀ ਸੁਰਤ ਨਾਂ ਰਹੇ, ਜਿਸ ਕਾਰਣ (ਮਾਲਿਕ ਪ੍ਰਭੂ ਵੱਲੋਂ) ਧਿੱਕਾਰ ਮਿਲੇ,
ਪਰਮਾਤਮਾ ਵੱਲੋਂ ਬੇਮੁੱਖ ਹੋ ਜਾਈਏ, (ਇਨ੍ਹਾਂ ਕਾਰਣਾਂ ਕਰਕੇ) ਹਰਿ-ਦਰਬਾਰ ਵਿੱਚ ਸਜ਼ਾ ਮਿਲੇ,
ਜਿੱਥੋਂ ਤੱਕ ਹੋ ਸਕੇ, ਅਜਿਹੇ ਝੂਠੇ ਅਤੇ ਘਾਤਿਕ ਨਸ਼ਿਆਂ ਤੋਂ ਬੱਚਣਾ ਚਾਹੀਦਾ ਹੈ।
ਗੁਰਬਾਣੀ ਵਿੱਚ ਨਸ਼ੇ ਕਰਨ ਵਾਲੇ ਨੂੰ ਸੱਚ ਤੋਂ ਥਿੜਕਿਆ ਹੋਇਆ ਪਤਿਤ ਪ੍ਰਾਣੀ
ਕਿਹਾ ਗਿਆ ਹੈ। ਜਿਵੇਂ ਗੰਦਗੀ ਦਾ ਕੀੜਾ ਗੰਦਗੀ ਦੇ ਵਸੇਬੇ ਨੂੰ ਹੀ ਸਵਰਗ ਸਮਝਦਾ ਹੈ, ਤਿਵੇਂ
ਪੁੱਠੀ/ਭ੍ਰਿਸ਼ਟ ਮੱਤ ਵਾਲੇ ਅਮਲੀ ਨੂੰ ਮਿੱਠੇ ਤੇ ਪੌਸ਼ਟਿਕ ਪਦਾਰਥ ਕੌੜੇ, ਅਤੇ ਜ਼ਹਿਰੀਲੇ ਲਗਦੇ ਹਨ,
ਅਤੇ ਕੌੜੇ ਤੇ ਘਾਤਿਕ ਪਦਾਰਥ ਮਿੱਠੇ। ਇਸ ਸੱਚ ਦੇ ਸੰਬੰਧ ਵਿੱਚ ਗੁਰੁ ਅਰਜਨ ਦੇਵ ਜੀ ਦਾ ਕਥਨ ਹੈ:
“ਅੰਮ੍ਰਿਤੁ ਕਉਰਾ ਬਿਖਿਆ ਮੀਠੀ॥ ਸਾਕਤ ਕੀ ਬਿਧਿ ਨੈਨਹੁ ਡੀਠੀ॥
ਕੂੜਿ ਕਪਟਿ ਅਹੰਕਾਰਿ ਰੀਝਾਨਾ॥ ਨਾਮੁ ਸੁਨਤ ਜਨੁ ਬਿਛੂਆ ਡਸਾਨਾ॥” ਰਾਮਕਲੀ
ਮ: ੫
ਭਾਵ: ਇਹ ਅੱਖੀਂ ਦੇਖੀ ਆਮ ਸੱਚਾਈ ਹੈ ਕਿ ਸਾਕਤ (ਸੱਚਾਈ ਦੇ ਰਾਹ ਤੋਂ
ਥਿੜਕੇ ਹੋਏ ਪਤਿਤ ਅਮਲੀ) ਪੁੱਠੀ ਮੱਤ ਦੇ ਮਾਲਿਕ ਹੁੰਦੇ ਹਨ। ਉਨ੍ਹਾਂ ਨੂੰ (ਦੁੱਧ ਜਿਹੇ) ਅੰਮ੍ਰਿਤ
ਪਦਾਰਥ ਨਹੀਂ ਭਾਉਂਦੇ; ਪਰ, ਜ਼ਹਿਰੀਲੇ ਭੋਗ (ਸ਼ਰਾਬ, ਭੰਗ ਆਦਿ) ਮਿੱਠੇ ਲਗਦੇ ਹਨ। ਉਨ੍ਹਾਂ ਦੀ ਰੁਚੀ
ਝੂਠੇ ਤੇ ਅਸਥਾਈ ਸੰਸਾਰਕ ਸੁੱਖਾਂ/ਸੁਆਦਾਂ ਵੱਲ ਹੁੰਦੀ ਹੈ। ਠੱਗੀ ਫ਼ਰੇਬ ਦੇ ਵਸੀਲੇ ਨਾਲ ਹਾਸਿਲ
ਕੀਤੀਆਂ ਪਦਾਰਥਕ ਪ੍ਰਾਪਤੀਆਂ ਕਾਰਣ ਉਪਜੇ ਹੰਕਾਰ ਦੀ ਮਸਤੀ ਵਿੱਚ ਮਸਤ/ਖ਼ੁਸ਼ ਰਹਿੰਦੇ ਹਨ।
ਨਾਮ-ਸਿਮਰਨ ਜਿਹੀ ਦੁਰਲੱਭ ਬਖ਼ਸ਼ਿਸ਼ ਦਾ ਨਾਂ ਸੁਣਦਿਆਂ ਹੀ ਅਮਲੀਆਂ ਦੀ ਹਾਲਤ ਇਵੇਂ ਹੋ ਜਾਂਦੀ ਹੈ
ਜਿਵੇਂ ਇਨ੍ਹਾਂ ਨੂੰ ਕੋਈ ਠੂਹਾਂ ਲੜ ਗਿਆ ਹੋਵੇ! ! (ਨੋਟ: ਕਈ ਵਿਦਵਾਨਾਂ ਨੇਂ ਅੰਮ੍ਰਿਤ ਦਾ ਅਰਥ
ਨਾਮ-ਸਿਮਰਨ, ਅਤੇ ਬਿਖਿਆ ਦਾ ਅਰਥ ਮਾਇਆ ਕੀਤਾ ਹੈ। ਇਹ ਅਰਥ ਵੀ ਠੀਕ ਹਨ)।
ਸਰਸਰੀ ਜਿਹੀ ਨਿਰਪੱਖ ਨਿਗ੍ਹਾ ਮਾਰਨ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਅਸੀਂ,
ਆਪਣੇ ਆਪ ਨੂੰ ਗੁਰੂ ਦੇ ਸਿੱਖ/ਸਿੰਘ/ਖ਼ਾਲਸਾ ਕਹਿਣ ਵਾਲੇ, ਸ਼ਰੂਹ ਤੋਂ ਹੀ ਨਸ਼ਿਆਂ ਵਿੱਚ ਗ੍ਰਸੇ ਹੋਏ
ਹਾਂ। ਸਿੰਘਾਂ ਦੇ ਡੇਰਿਆਂ/ਬੁੰਗਿਆਂ ਵਿੱਚੋਂ ਘੁੰਗਰੂਆਂ ਵਾਲੇ ਆਦਮ-ਕਦ ਘੋਟਣੇ (ਸਲੋਤਰ) ਛਣਕਦੇ
ਸੁਣਾਈ ਦਿੰਦੇ ਹਨ। ਭੰਗ ਦੀ ਸਰਦਾਈ ਦੇ ਨਸ਼ੇ ਨੂੰ ‘ਸੁੱਖ-ਨਿਧਾਨ’ ਕਹਿੰਦੇ ਹਨ। ਗੁਰਬਾਣੀ ਵਿੱਚ
ਸੁੱਖ-ਨਿਧਾਨ, ਸੁੱਖਾਂ ਦੇ ਸਾਗਰ ਪਰਮਾਤਮਾ ਦਾ ਸਿਫ਼ਾਤੀ ਨਾਮ ਹੈ! ! ਭੰਗ ਦੀ ਦੇਗ ਨੂੰ ਚਾਓ ਨਾਲ
‘ਮਿੱਠੀ ਦੇਗ’ ਕਿਹਾ ਜਾਂਦਾ ਹੈ। ਭੰਗ ਦਾ ਨਸ਼ਾ ਬਣਾਉਣ/ਵਰਤਾਉਣ ਵਾਲੇ ਨੂੰ ‘ਸੁਖਈ ਸਿੰਘ’ ਕਹਿੰਦੇ
ਹਨ। ਕਈ ਗੁਰੂਦਵਾਰਿਆਂ, ਖ਼ਾਸ ਕਰਕੇ ਨੰਦੇੜ ਵੱਲ, ਭੰਗ ਦਾ ਛਾਂਦਾ (ਪ੍ਰਸਾਦ) ਦਿੱਤਾ ਜਾਂਦਾ ਹੈ।
ਅਫ਼ੀਮ ਨੂੰ ਸਨੇਹ ਨਾਲ ‘ਬੇਗਮ’ ਤੇ ਪੋਸਤ ਨੂੰ ‘ਛਤ੍ਰਧਾਰ’ ਕਹਿ ਕੇ ਇਨ੍ਹਾਂ ਦਾ ਸੇਵਨ ਬੜੇ ਚਾਅ ਨਾਲ
ਕੀਤਾ ਜਾਂਦਾ ਹੈ। ਸ਼ਰਾਬ ਨੂੰ ‘ਗੰਗਾਜਲ’ ਕਹਿਕੇ ਸਤਿਕਾਰਿਆ ਤੇ ਡਕਾਰਿਆ ਜਾਂਦਾ ਹੈ।
ਦੇਸ ਵਿਦੇਸ ਦੇ ਗੁਰੂਦਵਾਰਿਆਂ ਦੇ ਬਹੁਤੇ ਪ੍ਰਬੰਧਕ ਨਸ਼ਿਆਂ ਦੇ ਵਾਪਾਰੀ ਤੇ
ਆਹਾਰੀ ਹਨ। ਗੁਰੂਦਵਾਰਿਆਂ ਦੀਆਂ ਮੀਟਿੰਗਾਂ ਵਿੱਚ ਮੀਜ਼ਬਾਨ ਮੈਂਬਰ ਸ਼ਰਾਬ ਤੇ ਮਾਸ/ਮੱਛੀ ਨਾਲ ਸੇਵਾ
ਕਰਨ ਨੂੰ ਆਪਣਾਂ ਫ਼ਰਜ਼ ਸਮਝਦਾ ਹੈ। ਕਈ ਹਜ਼ੂਰੀ ਗ੍ਰੰਥੀਆਂ/ਰਾਗੀਆਂ ਤੇ ਅਖਾਉਤੀ ਸੇਵਾਦਾਰਾਂ ਨੂੰ ਨਸ਼ੇ
ਵਿੱਚ ‘ਸੇਵਾ’ ਕਰਦਿਆਂ ਵੇਖਿਆ ਜਾਂਦਾ ਹੈ। ……………. ਆਦਿ! ! ! ਹੋਰ ਵਿਸਥਾਰ ਵਿੱਚ ਜਾਂਦਿਆਂ ਝੱਕ
ਆਉਂਦੀ ਹੈ! ! !
ਮਾਇਆ ਦੇ ਲੋਭ ਅਤੇ ਮੋਹ ਦਾ ਨਸ਼ਾ ਖਾਣ-ਪੀਣ ਦੇ ਨਸ਼ਿਆਂ ਤੋਂ ਕਿਤੇ ਵਧੇਰੇ
ਵਿਸੂਲਾ ਹੈ। ਮਾਇਆ ਦਾ ਅਮਲ ਮਨੁੱਖ ਨੂੰ ਪੂਰਣ ਤੌਰ ਤੇ ਵਿਕਾਰੀ ਬਣਾਕੇ ਮਨੁੱਖਾ ਜੀਵਨ ਦੇ ਕਰਤੱਵਾਂ
ਵੱਲੋਂ ਅਨ੍ਹਾਂ ਕਰ ਦਿੰਦਾ ਹੈ। ਇਹ ਨਸ਼ਾ ਮਾਇਆਧਾਰੀਆਂ ਨੂੰ ਕਠੋਰਚਿੱਤ, ਨਿਰਦਈ, ਤੇ ਹਿੰਸਕ
ਬਣਾਉਂਦਾ ਹੈ; ਅਤੇ, ਜਨਸਾਧਾਰਨ ਸਿੱਧੜਾਂ ਨੂੰ ਮਜ਼ਲੂਮ ਅਤੇ ਬਲੀ ਦੇ ਬੱਕਰੇ। ਇਹ ਇੱਕ ਅਤਿਅੰਤ ਕੜਵਾ
ਸੱਚ ਹੈ ਕਿ ਧਰਮਾਂ ਦੇ ਸਰਪਰਸਤ ਹੀ ਮਾਇਆ ਦੇ ਮਾਰੂ ਨਸ਼ੇ ਦੇ ਵਫ਼ਾਦਾਰ ਗ਼ੁਲਾਮ ਹਨ। ਇਨ੍ਹਾਂ ਬਾਰੇ
ਗੁਰ-ਵਿਚਾਰ ਹੈ:
“ਅੰਤਰਿ ਲੋਭੁ ਫਿਰਹਿ ਹਲਕਾਏ॥ ਨਿੰਦਾ ਕਰਹਿ ਸਿਰਿ ਭਾਰੁ ਉਠਾਏ॥
ਮਾਇਆ ਮੂਠਾ ਚੇਤੈ ਨਾਹੀ॥ ਭਰਮੇ ਭੂਲਾ ਬਹੁਤੀ ਰਾਹੀ॥
ਬਾਹਰਿ ਭੇਖ ਕਰਹਿ ਘਨੇਰੇ॥ ਅੰਤਰਿ ਬਿਖਿਆ ਉਤਰੀ ਘੇਰੇ॥” ਆਸਾ ਮ: ੫
ਸ਼ਰਾਬ, ਭੰਗ ਤੇ ਅਫ਼ੀਮ ਆਦਿ ਅਤੇ ਮਾਇਆ ਦੇ ਜ਼ਹਿਰ ਤੋਂ ਮੁਕਤ ਹੋਣ ਲਈ ਇੱਕ
ਹੋਰ ਨਸ਼ਾ ਹੈ ਜਿਸ ਨੂੰ ਗੁਰਬਾਣੀ ਵਿੱਚ ਨਾਮ-ਖ਼ੁਮਾਰੀ ਜਾਂ ਨਾਮ-ਸਿਮਰਨ ਕਿਹਾ ਗਿਆ ਹੈ। ਜਿਸ ਪ੍ਰਾਣੀ
ਨੂੰ ਨਾਮ-ਨਸ਼ੇ ਦਾ ਅਮਲ ਚਿੰਬੜ ਜਾਵੇ, ਸੰਸਾਰਕ ਰਸ-ਕਸ ਉਸ ਦਾ ਪਿੱਛਾ ਛੱਡ ਜਾਂਦੇ ਹਨ।
“ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ॥
ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ॥” ਸੋਰਠਿ ਭੀਖਨ ਜੀ
(ਨੋਟ: ਮਾਇਆ ਅਤੇ ਨਾਮ-ਸਿਮਰਨ ਦੋਨੋਂ ਵਿਸ਼ਾਲ, ਗਹਿਰੇ ਤੇ ਫ਼ਲਸਫ਼ਾਨਾ ਵਿਸ਼ੇ
ਹਨ। ਇਨ੍ਹਾਂ ਦੀ ਵਿਸਥਾਰ ਪੂਰਵਕ ਵਿਚਾਰ ਅਲੱਗ ਲੇਖਾਂ ਵਿੱਚ ਕੀਤੀ ਜਾਵੇਗੀ)।
ਭੱਲ ਚੁਕ ਲਈ ਖਿਮਾ ਦਾ ਜਾਚਕ
ਦਾਸ,
ਗੁਰਇੰਦਰ ਸਿੰਘ ਪਾਲ
ਜਨਵਰੀ 3, 2010.