‘ਆਰਤੀ’ ਅਤੇ ਸਿੱਖ
-ਇਛਪਾਲ ਸਿੰਘ ‘ਰਤਨ’, ਨਵੀਂ ਦਿੱਲੀ # 93118-87100
ਅੱਜ ਸਿੱਖਾਂ ਦੇ ਲਗਪਗ ਹਰ ਵੱਡੇ
ਗੁਰਦੁਆਰੇ ਵਿੱਚ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਮਗਰੋਂ ‘ਆਰਤੀ’ ਹੋ ਰਹੀ ਹੈ। ਹੁਣ ਤਾਂ
ਸ਼੍ਰੋਮਣੀ ਕਮੇਟੀ ਨੇ ਇਹ ‘ਆਰਤੀ’ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਵੀ ਸ਼ੁਰੂ ਕਰਵਾ ਦਿਤੀ ਹੈ
ਜਿਸਦਾ ਸਿੱਧਾ ਪ੍ਰਸਾਰਣ ਪੀ. ਟੀ. ਸੀ. ਟੀ. ਵੀ. ਚੈਨਲ ਤੋਂ ਕੀਤਾ ਜਾਂਦਾ ਹੈ। ਦਰਅਸਲ ‘ਆਰਤੀ’ ਕੋਈ
ਬਾਣੀ ਨਹੀਂ ਹੈ, ਇਹ ਤਾਂ ਵੱਖ-ਵੱਖ ਸ਼ਬਦਾਂ ਨੂੰ ਜੋੜਕੇ ਬਣਾਈ ਗਈ ਹੈ ਜਿਨ੍ਹਾਂ ਵਿੱਚ ਹਿੰਦੂਆਂ ਦੀ
‘ਆਰਤੀ’ ਦਾ ਖੰਡਨ ਕੀਤਾ ਗਿਆ ਹੈ।
‘ਆਰਤੀ’ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਆਪਣੀ ਪੁਸਤਕ ‘ਗੁਰਮਤਿ ਮਾਰਤੰਡ’ ਭਾਗ 1 ਦੇ ਪੰਨਾ ਨੰ. 68
ਉਤੇ ਲਿਖਦੇ ਹਨ: “ਹਿੰਦੂ ਮੱਤ ਵਿੱਚ ਇਸ਼ਟ ਦੇਵਤਾ ਅੱਗੇ ਦੀਵੇ ਭੁਆਕੇ ਪੂਜਾ ਕਰਨ ਦਾ ਨਾਉਂ ‘ਆਰਤੀ’
(ਆਰਾਕ੍ਰਿਤ) ਹੈ, ਜਿਸ ਦਾ ਸਿੱਖ ਮੱਤ ਵਿੱਚ ਖੰਡਨ ਕੀਤਾ ਗਿਆ ਹੈ।”
ਜਦ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਪਹਿਲਾਂ ਦੇ ‘ਭਗਤ ਜਨਾਂ’ ਦੀ ਬਾਣੀ ਨੂੰ (ਜੋ ਗੁਰੂ ਗ੍ਰੰਥ
ਸਾਹਿਬ ਜੀ ਵਿੱਚ ਅੰਕਤ ਹੈ) ਵਿਚਾਰਦੇ ਹਾਂ ਤਾਂ ਭਗਤ ਜਨਾਂ ਨੇ ਵੀ ਹਿੰਦੂ ਮੰਦਰਾਂ ਵਿੱਚ ਦੇਵੀ
ਦੇਵਤਿਆਂ ਦੀ ਹੋ ਰਹੀ ਆਰਤੀ ਦਾ ਖੰਡਨ ਕਰਦੇ ਹੋਏ ਐਸੀ ਆਰਤੀ ਦਾ ਵਿਰੋਧ ਕੀਤਾ ਅਤੇ ਕੇਵਲ ਨਿਰੰਕਾਰ
ਦੇ ਨਾਮ ਨੂੰ ਉੱਤਮ ਦੱਸ ਕੇ ਨਿਰੰਕਾਰ ਦੇ ਨਾਮ ਨਾਲ ਜੁੜਨ ਨੂੰ ਹੀ ‘ਆਰਤੀ’ ਬਿਆਨਿਆਂ। ਇਥੋਂ ਤਕ ਕਿ
ਮਨਮੱਤ ਵਾਲੀ ਆਰਤੀ ਵਿੱਚ ਜਿਤਨੀ ਵੀ ਸਮੱਗਰੀ ਦੀਵੇ, ਫੁੱਲ, ਧੂਪ, ਮੋਤੀ, ਥਾਲ ਆਦਿ ਵਰਤੋਂ ਵਿੱਚ
ਲਿਆਂਦੇ ਜਾਂਦੇ ਹਨ, ਭਗਤ ਜਨਾਂ ਨੇ ਤਾਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪ੍ਰਭੂ ਦਾ ਨਾਮ ਹੀ ਦੱਸਿਆ।
ਜਿਵੇਂ ਭਗਤ ਰਵਿਦਾਸ ਜੀ ਦਾ ਸ਼ਬਦ ਹੈ:
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ॥
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ॥ ਰਹਾਉ॥
ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ॥
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ॥
ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ॥
ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ॥
ਇਵੇਂ ਭਗਤ ਸੈਣ ਜੀ ਦਾ ਸ਼ਬਦ ਹੈ:
ਧੂਪ ਦੀਪ ਘ੍ਰਿਤ ਸਾਜਿ ਆਰਤੀ॥ ਵਾਰਨੇ ਜਾਉ ਕਮਲਾ ਪਤੀ॥
ਅਰਥ: ਹੇ! ਕਮਲਾਪਤੀ ਪ੍ਰਭੂ ਜੀ! ਤੂੰ ਨਿਰੰਜਨ ਹੀ ਮੇਰੇ ਲਈ (ਆਰਤੀ ਕਰਨ ਲਈ) ਸੋਹਣਾ ਚੰਗਾ
ਦੀਵਾ ਤੇ ਸਾਫ ਸੁਥਰੀ ਵੱਟੀ ਹੈ।
ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਵਿਚੋਂ ਅਸੀਂ ਉਸ ਸਾਖੀ ਤੋਂ ਜਾਣੂੰ ਹਾਂ, ਜਦ ਧੰਨ ਗੁਰੂ
ਨਾਨਕ ਪਾਤਸ਼ਾਹ ਜੀ ਜਗਤ ਦਾ ਉਧਾਰ ਕਰਦੇ ਹੋਏ ਉੜੀਸਾ ਦੇ ਇੱਕ ਨਗਰ ‘ਪੁਰੀ’ ਵਿਖੇ ਪਹੁੰਚੇ ਤਾਂ ਉਥੇ
ਜਗਨਨਾਥ ਮੰਦਰ ਵਿੱਚ ‘ਕ੍ਰਿਸ਼ਨ’ ਦੀ ਬਣਾਈ ਪੱਥਰ ਦੀ ਮੂਰਤੀ ਨੂੰ ਭਗਵਾਨ ਸਮਝ ਕੇ ਉਸ ਪੱਥਰ ਦੀ
ਮੂਰਤੀ ਦੀ ‘ਆਰਤੀ’ ਉਤਾਰੀ ਜਾ ਰਹੀ ਸੀ। ਗੁਰੂ ਨਾਨਕ ਸਾਹਿਬ ਨੇ ਅਗਿਆਨਤਾ ਦੇ ਹਨ੍ਹੇਰੇ ਵਿੱਚ
ਡੁੱਬੇ ਹੋਏ ਧਰਮ ਦੇ ਠੇਕੇਦਾਰਾਂ ਨੂੰ ਸੱਚ ਦੀ ਰੌਸ਼ਨੀ ਦਿਖਾਈ ਅਤੇ ਸਮਝਾਇਆ ਕਿ ਜਗਤ ਦਾ ਨਾਥ
(ਮਾਲਕ) ਕੋਈ ਮਨੋਕਲਪਿਤ ਦੇਵੀ ਦੇਵਤਾ ਨਹੀਂ। ਨਾ ਹੀ ਇਹ ਤੁਹਾਡੀਆਂ ਪੱਥਰ ਦੀਆਂ ਬਣਾਈਆਂ ਮੂਰਤੀਆਂ
ਹੋ ਸਕਦੀਆਂ ਹਨ ਅਤੇ ਨਾ ਹੀ ਕਿਸੇ ਵਿੱਚ ਇਤਨੀ ਸਮਰੱਥਾ ਹੈ ਕਿ ਉਹ ਜਗਤ ਦੇ ਨਾਥ (ਮਾਲਕ) ਪ੍ਰਭੂ ਜੀ
ਦੀ ਆਰਤੀ ਇਸ ਢੰਗ ਨਾਲ ਜਿਵੇਂ ਤੁਸੀਂ ਕਰ ਰਹੇ ਹੋ, ਕਰ ਸਕੇ ਅਤੇ ਨਾ ਹੀ ਕੋਈ ਉਸ ਦੀ ‘ਆਰਤੀ’ ਉਤਾਰ
ਸਕਦਾ ਹੈ।
ਗੁਰਮਤਿ ਅਨੁਸਾਰ ਅਸਲ ਵਿੱਚ ਜਗਤ ਦਾ ਨਾਥ (ਮਾਲਕ) ਪ੍ਰਭੂ ਆਪ ਹੀ ਹੈ, ਜਿਹੜਾ ਅਜੂਨੀ ਤੇ ਸੈਭੰ ਹੈ,
ਜਿਹੜਾ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ, ਜਿਹੜਾ
ਆਪੇ ਤੋਂ ਪ੍ਰਗਟ ਹੋਇਆ ਹੈ। ਉਸ ਅਜੂਨੀ ਪ੍ਰਮਾਤਮਾ ਦੀ ਆਰਤੀ ਤਾਂ ਆਪਣੇ ਆਪ ਹੋ ਰਹੀ ਹੈ। ਉਸ ਪ੍ਰਭੂ
ਜੀ ਦੀ ਬਣਾਈ ਹੋਈ ਕੁਦਰਤ, ਪ੍ਰਭੂ ਜੀ ਦੀ ਆਰਤੀ ਆਪ ਹੀ ਉਤਾਰ ਰਹੀ ਹੈ! ਪਾਤਸ਼ਾਹ ਜੀ ਦਾ ਇਹ ਸ਼ਬਦ
ਅਸੀਂ ਰੋਜ਼ ਪੜ੍ਹਦੇ ਹਾਂ:
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥
ਕੈਸੀ ਆਰਤੀ ਹੋਇ॥ ਭਵ ਖੰਡਨਾ ਤੇਰੀ ਆਰਤੀ॥
ਅਨਹਤਾ ਸਬਦ ਵਾਜੰਤ ਭੇਰੀ॥ ਰਹਾਉ॥
ਅਰਥ: ਸਾਰਾ ਆਕਾਸ਼ (ਮਾਨੋ) ਥਾਲ ਹੈ, ਸੂਰਜ ਤੇ ਚੰਦ (ਇਸ ਥਾਲ ਵਿਚ) ਦੀਵੇ ਬਣੇ ਹੋਏ ਹਨ,
ਤਾਰਿਆਂ ਦੇ ਸਮੂਹ (ਥਾਲ ਵਿਚ) ਮੋਤੀ ਰੱਖੇ ਹੋਏ ਹਨ। ਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ ਧੂਪ
ਹੈ, ਹਵਾ ਚੌਰ ਕਰ ਰਹੀ ਹੈ, ਸਾਰੀ ਬਨਸਪਤੀ ਜੋਤ-ਰੂਪ (ਪ੍ਰਭੂ ਦੀ ਆਰਤੀ) ਲਈ ਫੁੱਲ ਦੇ ਰਹੀ ਹੈ। ਹੇ
ਜੀਵਾਂ ਦੇ ਜਨਮ ਮਰਨ ਨਾਸ਼ ਕਰਨ ਵਾਲੇ! (ਕੁਦਰਤਿ ਵਿਚ) ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ। (ਸਭ
ਜੀਵਾਂ ਵਿੱਚ ਰੁਮਕ ਰਹੀ) ਇੱਕ ਰਸ ਜੀਵਨ-ਰੌ, ਮਾਨੋ ਤੇਰੀ ਆਰਤੀ ਵਾਸਤੇ ਨਗਾਰੇ ਵਜ ਰਹੇ ਹਨ।
ਪਰ ਕੈਸੀ ਹਾਸੋਹੀਣੀ ਗੱਲ ਹੈ ਕਿ ਜਿਸ ਸ਼ਬਦ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਆਪ ਮਨਮਤ ਰੂਪੀ ਆਰਤੀ ਦਾ
ਖੰਡਨ ਕਰਦੇ ਹਨ, ਅੱਜ ਸਾਡੀ ਏਨੀ ਮੱਤ ਮਾਰੀ ਗਈ ਹੈ ਕਿ ਉਸੇ ਹੀ ਗਿਆਨ ਰੂਪੀ ਸ਼ਬਦ ਦੀ ਰੌਸ਼ਨੀ ਵਿੱਚ
ਅਸੀਂ ਗੁਰਦੁਆਰਿਆਂ ਵਿੱਚ ‘ਆਰਤੀਆਂ’ ਕਰਕੇ ਅਗਿਆਨਤਾ ਦਾ ਹਨ੍ਹੇਰਾ ਫੈਲਾ ਰਹੇ ਹਾਂ? ਫਿਰ ਇਥੇ ਹੀ
ਬੱਸ ਨਹੀਂ ਰੋਣਾ ਤਾਂ ਉਦੋਂ ਆਉਂਦਾ ਹੈ, ਜਦ ਅਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਰੱਬੀ ਬਚਨਾਂ
ਦੁਆਰਾ ਸੱਚੀ ਆਰਤੀ ਦੀ ਪ੍ਰੇਰਨਾ ਅਤੇ ਗਿਆਨ ਬਖਸ਼ਣ ਵਾਲੇ ਸ਼ਬਦ ਦੇ ਐਨ ਸਾਹਮਣੇ ਮਿਥਿਹਾਸਕ ਦੇਵੀ
ਦੇਵਤਿਆਂ ਦੀ ਆਰਤੀ ਵਾਲੇ (ਕੱਚੀ ਬਾਣੀ) ਦੇ ਸਵੱਈਏ ਬੜੀਆਂ ਹੇਕਾਂ ਲਾ ਲਾ ਕੇ ਪੜ੍ਹ ਰਹੇ ਹੁੰਦੇ
ਹਾਂ। ਪਹਿਲਾ ਸਵੱਈਆ ਹੈ: ਯਾਤੇ ਪ੍ਰਸੰਨ ਭਏ ਹੈਂ ਮਹਾ ਮੁਨਿ ਦੇਵਨ ਕੇ ਤਪ ਮੈ ਸੁਖ ਪਾਵੈ॥
ਜਗਯ ਕਰੈਂ ਇੱਕ ਬੇਦ ਰਰੈ ਭਵ ਤਾਪ ਹਰੈ ਮਿਲਿ ਧਿਆਨ ਲਗਾਵੈਂ॥
ਝਾਲਰ, ਤਾਲ ਮ੍ਰਿਦੰਗ, ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈਂ॥
ਕਿੰਨਰ ਗ੍ਰੰਧਬ, ਗਾਨ ਕਰੇ ਮੁਨਿ ਜੱਛ ਅਪੱਛਰ ਨਿਰਤ ਦਿਖਾਵੈ॥
ਦੇਵਤਿਆਂ ਦਾ ਤੇਜ ਪ੍ਰਤਾਪ ਵਧਿਆ ਵੇਖ ਕੇ ਨਾਰਦ ਆਦਿਕ ਮੁਨੀ ਪ੍ਰਸੰਨ ਹੋਇ … ਯੱਗ ਕੀਤੇ ਗਏ … ਕਈ
ਇੱਕ ਵੇਦ ਮੰਤ੍ਰਾਂ ਦਾ ਰਟਨ ਹੋਇਆ … ਮ੍ਰਿਦੰਗ ਆਦਿਕ ਕਈ ਕਿਸਮਾਂ ਦੇ ਸਾਜਾਂ ਨਾਲ ਕਿੰਨਰ, ਗੰਧਰਬਾਂ
ਨੇ ਗੀਤ ਗਾਏ, ਜੱਖ ਅਤੇ ਅੱਪਛਰਾਂ ਨੇ ਨਿਰਤ (ਨਾਚ) ਵਿਖਾਏ।
ਦੂਜਾ ਸਵੱਈਆ ਹੈ:
ਸੰਖਨ ਕੀ ਧੁਨ ਘੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੈ॥
ਆਰਤੀ ਕੋਟ ਕਰੈਂ ਸੁਰ ਸੁੰਦਰ ਪੇਖ ਪੁਰੰਦਰ ਕੇ ਬਲ ਜਾਵੈਂ॥
ਦਾਨਤ ਦੱਛਨ ਦੈ ਕੈ ਪ੍ਰਦੱਛਨ ਭਾਲ ਮੈ ਕੁੰਕਮ ਅੱਛਤ ਲਾਵੈਂ॥
ਹੋਤ ਕੁਲਾਹਲ ਦੇਵਪੁਰੀ ਮਿਲਿ ਦੇਵਨ ਕੇ ਕੁਲ ਮੰਗਲ ਗਾਵੈਂ॥
ਅਰਥ: ਕਰੋੜਾਂ ਹੀ ਦੇਵਤਿਆਂ ਨੇ ਲੱਖਾਂ, ਘੜਿਆਲਾਂ ਦੀ ਗੂੰਜ ਵਿੱਚ ‘ਇੰਦਰ’ ਦੇਵਤੇ ਦੀ ਆਰਤੀ ਉਤਾਰੀ
ਅਤੇ ਫੁੱਲਾਂ ਦੀ ਵਰਖਾ ਕੀਤੀ, ‘ਇੰਦਰ’ ਦੀਆਂ ਪ੍ਰਕਰਮਾ ਕੀਤੀਆਂ, ਦੱਛਣਾਂ ਦਿੱਤੀਆਂ, ਇੰਦਰ ਦੇ
ਮੱਥੇ ਉਤੇ ਕੇਸਰ ਅਤੇ ਚਾਵਲਾਂ ਤੇ ਤਿਲਕ ਲਗਾਏ।
ਦੋਹਰਾ: ਐਸੇ ਚੰਡ ਪ੍ਰਤਾਪ ਕੇ ਦੇਵਨ ਬਢਿਓ ਪ੍ਰਤਾਪ॥
ਤੀਨ ਲੋਕ ਜੈ ਜੈ ਕਰੈਂ ਰਰੈ ਨਾਮ ਸਤਿ ਜਾਪ॥
ਭਾਵ: ਚੰਡੀ ਦੇ ਤੇਜ ਪ੍ਰਤਾਪ ਸਦਕਾ ਦੇਵਤਿਆਂ ਦਾ ਪ੍ਰਤਾਪ ਵਧਿਆ ਤਿੰਨਾਂ ਲੋਕਾਂ ਨੇ ਜੈ ਜੈ ਕਾਰ
ਕੀਤੀ। ਇਹ ਸਵੱਈਏ ਅਖੌਤੀ ‘ਦਸਮ ਗ੍ਰੰਥ’ ਦੇ `ਚੰਡੀ ਚਰਿਤ੍ਰ’ ਉਕਤ ਬਿਲਾਸ ਅੰਦਰ ਤੀਜੇ ਅਧਿਆਇ ਦੇ
ਆਰੰਭ ਵਿੱਚ ਅੰਕਤ ਹਨ। ਜਿਨ੍ਹਾਂ ਅਨੁਸਾਰ ਇੱਕ ਵਾਰ ਮਹਿਖਾਸੁਰ (ਝੋਟੇ ਦੀ ਸ਼ਕਲ ਵਾਲਾ ਅਸੁਰ) ਨੇ
ਇੰਦ੍ਰਾਦਿਕ ਦੇਵਤਿਆਂ ਨੂੰ ਭਾਂਜ ਦੇ ਕੇ ਇੰਦਰਪੁਰੀ ਉਪਰ ਕਬਜ਼ਾ ਕਰ ਲਿਆ। ਦੇਵਤਿਆਂ ਨੇ ਚੰਡੀ
(ਦੁਰਗਾ) ਦੀ ਸ਼ਰਣ ਲਈ …. ਚੰਡੀ ਨੇ ਦੈਂਤਾਂ ਨੂੰ ਯੁੱਧ ਲਈ ਵੰਗਾਰਿਆ …. ਮਹਿਖਾਸੁਰ ਨੇ 45 ਪਦਮ
ਸੈਨਾ ਲੈ ਕੇ ਚੰਡਿਕਾਂ ਨਾਲ ਯੁੱਧ ਕੀਤਾ …. ਅੰਤ ‘ਮਹਿਖਾਸੁਰ’ `ਚੰਡੀ’ ਹੱਥੋਂ ਮਾਰਿਆ ਗਿਆ, ਤਦ
‘ਇੰਦਰ’ ਨੂੰ ਰਾਜ ਦੇ ਕੇ ਚੰਡਿਕਾ ਲੋਪ ਹੋ ਗਈ, ਯਥਾ:
“ਲੋਪ ਚੰਡਿਕਾ ਹੋਇ ਗਈ ਸੁਰਪਤਿ ਕੋ ਦੇ ਰਾਜ॥”
ਇਨ੍ਹਾਂ ‘ਸਵੱਈਆਂ’ ਦੇ ਅੰਦਰ ਚੰਡੀ (ਦੁਰਗਾ) ਅਤੇ ਇੰਦਰ ਦੇਵਤੇ ਦੀ ਮਹਿਮਾ ਗਾਈ ਗਈ ਹੈ। ਹੁਣ ਅਸੀਂ
ਇੰਦਰ ਤੇ ਚੰਡਿਕਾ ਦੀ ਲੜਾਈ ਤੋਂ ਕੀ ਲੈਣਾ ਹੈ? ਹਿੰਦੂ ਜਿਸ ‘ਇੰਦਰ’ ਨੂੰ ‘ਦੇਵਤਾ’ ਕਹਿੰਦੇ ਹਨ,
ਉਸ ਦੀ ਅਸਲੀਅਤ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਤਰ੍ਹਾਂ ਬਿਆਨ ਕੀਤੀ ਗਈ ਹੈ ਕਿ:
ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸ ਦੇਖਿ ਇੰਦ੍ਰ ਲੁਭਾਇਆ॥
ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ॥
ਅਰਥ: ਗੌਤਮ (ਇਕ ਪ੍ਰਸਿੱਧ) ਤਪੀ (ਸੀ), ਅਹਿਲਿਆ (ਉਸ ਦੀ) ਇਸਤ੍ਰੀ ਸੀ, ਉਸ ਦਾ ਰੂਪ ਵੇਖ ਕੇ
(ਦੇਵਤਿਆਂ ਦਾ ਰਾਜਾ ਅਖਵਾਂਦਾ) ਇੰਦਰ ਮਸਤ ਹੋ ਗਿਆ। (ਗੌਤਮ ਦੇ ਸਰਾਪ ਦੇ ਨਾਲ) (ਉਸ ਇੰਦ੍ਰ ਕੇ
ਸਰੀਰ ਉਤੇ ਹਜ਼ਾਰਾਂ ਹੀ ਭਗਾਂ ਦੇ ਨਿਸ਼ਾਨ ਬਣ ਗਏ, ਤਦੋਂ ਇੰਦ੍ਰ ਆਪਣੇ ਮਨ ਵਿੱਚ (ਉਸ ਕੁਕਰਮ `ਤੇ)
ਪਛੁਤਾਇਆ। ਫਿਰ ਵੀ ਅਸੀਂ ਇਸ ‘ਇੰਦਰ’ ਦੀ ਵੀ ‘ਆਰਤੀ’ ਉਤਾਰੀ ਜਾ ਰਹੇ ਹਾਂ, ਜੋ ਕਿ ਬਹੁਤ ਹੀ ਸ਼ਰਮ
ਵਾਲੀ ਗੱਲ ਹੈ। ਗੁਰੂ ਦੀ ਬਾਣੀ ਤਾਂ ਸਪੱਸ਼ਟ ਨਿਰਣਾ ਦੇਂਦੀ ਹੈ ਕਿ:
ਸੰਕਰਾ ਨਹੀਂ ਜਾਨਹਿ ਭੇਦ॥ ਖੋਜਤ ਹਾਰੇ ਦੇਵ॥
ਦੇਵੀਆਂ ਨਹੀ ਜਾਨੈ ਮਰਮ॥ ਸਭ ਊਪਰਿ ਅਲਖ ਪਾਰਬ੍ਰਹਮ॥ (894)
ਅਰਥ: ਹੇ ਭਾਈ! ਅਨੇਕਾਂ ਸ਼ਿਵ ਜੀ ਪਰਮਾਤਮਾ ਦੇ ਮਨ ਦੀ ਗੱਲ ਨਹੀਂ ਜਾਣਦੇ, ਅਨੇਕਾਂ ਦੇਵਤੇ ਉਸ ਦੀ
ਖੋਜ ਕਰਦੇ ਕਰਦੇ ਥੱਕ ਗਏ। ਦੇਵੀਆਂ ਵਿਚੋਂ ਵੀ ਕੋਈ ਉਸ ਪ੍ਰਭੂ ਦਾ ਭੇਦ ਨਹੀਂ ਜਾਣਦੀ। ਹੇ ਭਾਈ!
ਪ੍ਰਮਾਤਮਾ ਸਭਨਾਂ ਤੋਂ ਵੱਡਾ ਹੈ, ਉਸ ਦੇ ਸਹੀ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰਬਾਣੀ
ਵਿੱਚ ਤਾਂ ਸਗੋਂ ਦੇਵੀ ਦੇਵਤਿਆਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਗਿਆ ਹੈ। ਇਸ ਸਾਰੇ ਸ਼ਬਦ ਵਿੱਚ ਵੀ
ਇਨ੍ਹਾਂ ਦੇਵੀ ਦੇਵਤਿਆਂ ਦੀ ਦੀਨ ਦਸ਼ਾ ਹੀ ਬਿਆਨ ਕੀਤੀ ਗਈ ਹੈ।
‘ਆਰਤੀ’ ਦੌਰਾਨ ਪੜ੍ਹੇ ਜਾਂਦੇ ਸਵੱਈਆਂ ਬਾਰੇ ਭਾਈ ਕਾਨ੍ਹ ਸਿੰਘ ਨਾਭਾ, ‘ਗੁਰਮਤਿ ਮਾਰਤੰਡ’ ਦੇ ਅੰਕ
70 ਉਪਰ ਲਿਖਦੇ ਹਨ:
“ਸਿੱਖ ਨਿਯਮਾਂ ਤੋਂ ਅਣਜਾਣ ਕਈ ਸਿੱਖ ਭਾਈ ਦੀਵੇ ਮਚਾ ਕੇ ਆਰਤੀ ਕਰਦੇ ਹਨ ਅਤੇ `ਚੰਡੀ ਚਰਿਤ੍ਰ’ ਦੇ
ਸਵੈਯੇ ‘ਸੰਖਨ ਕੀ ਧੁਨਿ ਘੰਟਨ ਕੀ ਕਰਿ ਫੂਲਨ ਕੀ ਬਰਖਾ ਬਰਖਾਵੈ’ ਪੜ੍ਹ ਕੇ ਸੰਖ ਵਜਾਉਂਦੇ, ਘੰਟੇ
ਖੜਕਾਉਂਦੇ ਹੋਏ ਫੁੱਲ ਬਰਸਾਉਂਦੇ ਹਨ, ਜੋ ਦੇਵਤਿਆਂ ਵਲੋਂ ਕੀਤੀ ਗਈ ‘ਦੁਰਗਾ’ ਦੀ ਆਰਤੀ ਦੀ ਨਕਲ
ਹੈ”।
ਐਨਾ ਕੁੱਝ ਸਪੱਸ਼ਟ ਹੋਣ ਦੇ ਬਾਵਜੂਦ ਵੀ ਪਤਾ ਨਹੀਂ ਕਿਉਂ ਅਸੀਂ ਅਗਿਆਨਤਾ ਦੇ ਹਨ੍ਹੇਰੇ ਵਿੱਚ
ਅੰਨ੍ਹੇ ਬਣ ਕੇ ਤੁਰੇ ਫਿਰਦੇ ਹਾਂ, ਜਦਕਿ ਬਾਬੇ ਨਾਨਕ ਨੇ ਸਾਨੂੰ ਗਿਆਨ ਦੀ ਰੌਸ਼ਨੀ ਦੇ ਕੇ ਚਾਨਣ
ਮੁਨਾਰੇ ਵਿੱਚ ਜੀਊਣਾ ਸਿਖਾਇਆ ਸੀ। ਆਓ, ਅਸੀਂ ਸਾਰੇ ਗੁਰੂ ਨਾਨਕ ਪਾਤਸ਼ਾਹ ਜੀ ਵਲੋਂ ਦਿੱਤੇ ਗਿਆਨ
ਦੇ ਦੀਵੇ ਦੀ ਰੌਸ਼ਨੀ ਲੈ ਕੇ ਇਸ ਅੰਧਕਾਰ ਰੂਪੀ ‘ਆਰਤੀ’ ਦਾ ਖਹਿੜਾ ਛੱਡੀਏ ਅਤੇ ਗੁਰਬਾਣੀ ਦੀ ਰੌਸ਼ਨੀ
ਵਿੱਚ ਕੇਵਲ ਸੱਚੇ ਮਾਲਕ ਪ੍ਰਮਾਤਮਾ ਜੀ ਦੀ ਸੱਚੀ ਸੁੱਚੀ ਆਰਤੀ ਵਿੱਚ ਸ਼ਾਮਿਲ ਹੋਣ ਲਈ ਕਮਰਕੱਸੇ ਕਰ
ਲਈਏ ਤੇ ਮਿਥਿਹਾਸਕ ਦੇਵੀ ਦੇਵਤਿਆਂ ਅਤੇ ਕੱਚੀ ਬਾਣੀ ਨੂੰ ਆਪਣੇ ਜੀਵਨ ਵਿਚੋਂ ਦੂਰ ਕਰ ਦੇਈਏ।
-ਇਛਪਾਲ ਸਿੰਘ ਰਤਨ, ਨਵੀਂ ਦਿੱਲੀ # 093118-87100
(ਪ੍ਰੋ: ਗੁਰਮੁਖ ਸਿੰਘ ਐਜੁਕੇਸ਼ਨਲ ਸੁਸਾਇਟੀ – ਨਵੀਂ ਦਿੱਲੀ)