ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਬਾਹਰਲੀ ਭਿੱਟ
ਤਕਰੀਬਨ ਹਰ ਗੁਰਦੁਆਰੇ ਵਿੱਚ ਗੁਰੂ
ਨਾਨਕ ਸਾਹਿਬ ਜੀ ਦੇ ਇਸ ਕੀਮਤੀ ਖ਼ਿਆਲ ਨੂੰ ਇਤਿਹਾਸ ਨਾਲ ਮਿਲਾ ਕੇ ਸੁਣਾਇਆ ਜਾਂਦਾ ਹੈ, ਕਿ ਗੁਰੂ
ਸਾਹਿਬ ਜੀ ਜਦੋਂ ਹਰਦੁਆਰ ਗਏ ਤਾਂ ਮਰਦਾਨੇ ਨੂੰ ਅੱਗ ਲੈਣ ਲਈ ਵੈਸ਼ਨੂ ਸਾਧ ਪਾਸ ਭੇਜਿਆ। ਸਧਾਰਨ
ਅਵਸਥਾ ਵਿੱਚ ਵੈਸ਼ਨੂੰ ਸਾਧੂ ਨੇ ਭਾਈ ਮਰਦਾਨਾ ਜੀ ਨੂੰ ਪੁੱਛ ਲਿਆ, ਕਿ ‘ਭਲਿਆ! ਤੂੰ ਕੌਣ ਏਂ?
ਕਿਥੋਂ ਆਇਆਂ ਏਂ? ਤੇਰਾ ਨਾਂ ਕੀ ਏ’ ? ਇਕੋ ਸਾਹੇ ਹੀ ਵੈਸ਼ਨੂੰ ਸਾਧੂ ਨੇ ਕਈ ਸਵਾਲ ਪੁੱਛ ਲਏ।
ਬਾ_ਅਦਬ ਮਾਰਦਾਨਾ ਜੀ ਨੇ ਕਿਹਾ, ਕਿ ‘ਮੈਂ ਤੇ ਗੁਰੂ ਨਾਨਕ ਸਾਹਿਬ ਜੀ, ਅਸੀਂ ਦੋਵੇਂ ਜਣੇ ਪੰਜਾਬ
ਤੋਂ ਆਏ ਹਾਂ’। ਮਰਦਾਨਾ ਜੀ ਨੇ ਆਪਣੇ ਬਾਰੇ ਹੋਰ ਦੱਸਦਿਆਂ ਕਿਹਾ, ਕਿ ‘ਮੈਂ ਮਰਾਸੀ ਜਾਤ ਨਾਲ ਸਬੰਧ
ਰੱਖਦਾ ਹਾਂ ਤੇ ਨਾਲ ਗੁਰੂ ਨਾਨਕ ਦੇ ਕਲਾਮ ਨੂੰ ਗਾਉਂਦਾ ਹਾਂ’। ਲੋਕ ਮੈਨੂੰ ਬਹੁਤ ਪਿਆਰ ਨਾਲ
ਸੁਣਦੇ ਹਨ।
ਗੁਰੂ ਨਾਨਕ ਸਾਹਿਬ ਦੀ ਸਿੱਧੀ ਤੇ ਸਰਲ ਵਿਚਾਰਧਾਰਾ ਬਹੁਤ ਤੇਜ਼ੀ ਨਾਲ ਫੈਲੀ ਰਹੀ ਸੀ। ਵੈਸ਼ਨੂੰ ਸਾਧੂ
ਪੂਰੀ ਜਾਣਕਾਰੀ ਰੱਖਦਾ ਸੀ ਕਿ ਗੁਰੂ ਨਾਨਕ ਸਾਹਿਬ ਨੇ ਜਨੇਊ ਨਾ ਪਾ ਕੇ ਸਦੀਆਂ ਦੀ ਬਣੀ ਪ੍ਰੰਪਰਾ
ਨੂੰ ਰੋਲ਼ ਕੇ ਰੱਖ ਦਿੱਤਾ ਹੈ। ਸਾਧੂਆਂ ਵਿੱਚ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੀ ਆਮ ਚਰਚਾ
ਹੁੰਦੀ ਰਹਿੰਦੀ ਸੀ ਕਿ ਉਹਨਾਂ ਨੇ ਪਿਤਾ ਪੁਰਖੀ ਧਰਮ-ਕਰਮ ਕਰਨਾ ਛੱਡ ਦਿੱਤਾ ਹੈ। ਇਹ ਗੱਲ ਸਮਝਣ ਲਈ
ਤਿਆਰ ਨਹੀਂ ਸਨ ਕਿ ਪੁਰਜਾਰੀਵਾਦ ਦੀਆਂ ਜੜ੍ਹਾਂ ਤੇ ਗਿਆਨ ਦਾ ਕੁਹਾੜਾ ਚਲਾ ਕੇ ਲੋਕਾਂ ਨੂੰ ਸਿੱਧ
ਪੱਧਰਾ ਰਸਤਾ ਦਿਖਾਇਆ ਹੈ।
ਗੁਰੂ ਨਾਨਕ ਸਾਹਿਬ ਜੀ ਨਾਂ ਸੁਣਦਿਆਂ ਹੀ ਵੈਸ਼ਨੂੰ ਸਾਧੂ ਦੇ ਸੱਤੀਂ ਕੱਪੜੀ ਅੱਗ ਲੱਗ ਗਈ। ਇੱਕ ਤਾਂ
ਸਦੀਆਂ ਦੀ ਬਣੀ ਪ੍ਰੰਪਰਾ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਲਤਾੜ ਕੇ ਰੱਖ ਦਿੱਤਾ ਹੈ ਦੂਜਾ ਸ਼ੂਦਰ
ਬਰਾਦਰੀ ਦਾ ਮਿਰਾਸੀ ਨਾਲ ਰੱਖੀ ਬੈਠੇ ਨੇ। ਵੈਸ਼ਨੂੰ ਸਾਧੂ ਚੁੱਲ੍ਹੇ ਵਿੱਚ ਬਲ਼ ਰਹੀ ਅੱਗ ਵਾਂਗ ਹੀ
ਲਾਲ ਸੁਰਖ ਹੋ ਗਿਆ ਤੇ ਕਹਿਣ ਲੱਗਾ, ‘ਅੱਗ ਤਾਂ ਮੈਂ ਨਹੀਂ ਦੇਣੀ ਪਰ ਤੂਹਾਨੂੰ ਅੱਗ ਜ਼ਰੂਰ ਲਾ
ਦਿਆਂਗਾ। ਮੈਂ ਤੂਹਾਨੂੰ ਫੂਕ ਕੇ ਰੱਖ ਦਿਆਂਗਾ, ਤਬਾਹ ਕਰ ਦਿਆਂਗਾ’। ਸਹਿਜ ਸੁਭਾਅ ਮਰਦਾਨਾ ਜੀ
ਕਹਿੰਦੇ, ‘ਭਲਿਆ ਮੇਰੇ ਪਾਸੋਂ ਕਿਹੜਾ ਗੁਨਾਹ ਹੋ ਗਿਆ’। ਵੈਸ਼ਨੂੰ ਸਾਧੂ ਕਹਿੰਦਾ, ‘ਮੇਰਾ ਚੁੱਲ੍ਹਾ
ਚੌਂਕਾ ਭਿੱਟ ਦਿੱਤਾ ਈ। ਤੇਰਾ ਮੇਰੇ ਚੁੱਲ੍ਹੇ `ਤੇ ਪਰਛਾਵਾਂ ਪੈ ਗਿਆ ਈ ਮੇਰਾ ਸਾਰਾ ਬੇੜਾ ਗਰਕ ਹੋ
ਗਿਆ ਈ’। ਅੱਗ-ਬਗੋਲਾ ਹੋਇਆ ਕਚੀਚੀਆਂ ਵੱਟਦਾ ਵੈਸ਼ਨੂੰ ਮਰਦਾਨਾ ਜੀ ਦੇ ਗਲ਼ ਹੀ ਪਈ ਜਾਏ। ਮਰਦਾਨਾ ਜੀ
ਅੱਗ ਤੋਂ ਬਿਨਾ ਹੀ ਵਾਪਸ ਗੁਰੂ ਸਾਹਿਬ ਜੀ ਪਾਸ ਆ ਗਏ। ਸਾਹੋ-ਸਾਹੀ ਹੋਇਆ ਧਰਮੀ ਵੈਸ਼ਨੂੰ ਸਾਧੂ ਵੀ
ਗੁਰੂ ਜੀ ਪਾਸ ਆ ਗਿਆ ਤੇ ਹਫ਼ਲਿਆ ਹੋਇਆ ਕਹਿਣ ਲੱਗਾ, ‘ਤੁਹਾਡਾ ਸਤਿਆ ਨਾਸ ਹੋ ਜਾਏ, ਸਵੇਰ ਦਾ ਮੈਂ
ਚੁੱਲ੍ਹਾ ਚੌਂਕਾ ਤਿਆਰ ਕਰਦਾ ਮਰ ਗਿਆ। ਮਸੀਂ ਜਾ ਕੇ ਰੋਟੀ ਪਕਾਉਣ ਜੋਗਾ ਹੋਇਆ ਹਾਂ। ਇਸ ਬੰਦੇ ਨੇ
ਆਪਣਾ ਪਰਛਾਵਾਂ ਪਾ ਕੇ ਮੇਰਾ ਸਭ ਕੁੱਝ ਭਿੱਟ ਦਿੱਤਾ ਜੇ’। ਗੁਰੂ ਸਾਹਿਬ ਜੀ ਮੁਸਕਰਾ ਕਿ ਬੋਲੇ, ਕਿ
‘ਸਾਧੂ ਲੋਕ ਜੀ ਆਪ ਸਾਧੂ ਸੁਭਾਅ ਵਿੱਚ ਰਹੀਏ ਤੇ ਸ਼ਾਂਤ ਚਿੱਤ ਹੋਈਏ’। ਵੈਸ਼ਨੂੰ ਸਾਧੂ ਨੂੰ ਗੁਰੂ
ਸਾਹਿਬ ਜੀ ਨੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਸਮਝਾਈਆਂ ਕਿ ਭਲਿਆ ਬਾਹਰਲੀ ਸੁੱਚ ਭਿੱਟ ਨਾਲ ਕੁੱਝ
ਨਹੀਂ ਹੋਣਾ ਜਿੰਨਾਂ ਚਿਰ ਅਸੀਂ ਆਪਣੇ ਅੰਦਰੋਂ ਸੁੱਚ ਭਿੱਟ ਨਹੀਂ ਖਤਮ ਕਰਦੇ। ਗੁਰੂ ਸਾਹਿਬ ਜੀ ਨੇ
ਜੋ ਉਪਦੇਸ਼ ਦਿੱਤਾ ਉਸ ਨੂੰ ਉਹਨਾਂ ਨੇ ਇੰਜ ਅੰਕਤ ਕੀਤਾ ਹੈ—
ਕੁਬੁਧਿ ਡੂਮਣੀ, ਕੁਦਇਆ ਕਸਾਇਣਿ, ਪਰਨਿੰਦਾ ਘਟ ਚੂਹੜੀ, ਮੁਠੀ ਕ੍ਰੋਧਿ
ਚੰਡਾਲਿ॥
ਕਾਰੀ ਕਢੀ ਕਿਆ ਥੀਐ, ਜਾਂ ਚਾਰੇ ਬੈਠੀਆ ਨਾਲਿ॥
ਸਚੁ ਸੰਜਮੁ ਕਰਣੀ ਕਾਰਾਂ, ਨਾਵਣੁ ਨਾਉ ਜਪੇਹੀ॥
ਨਾਨਕ ਅਗੈ ਊਤਮ ਸੇਈ, ਜਿ ਪਾਪਾ ਪੰਦਿ ਨ ਦੇਹੀ॥ 1॥
ਸਲੋਕ ਮ: ੧ ਪੰਨਾ ੯੧
ਅਰਥ-- ਭੈੜੀ ਮਤ (ਮਨੁੱਖ ਦੇ ਅੰਦਰ ਦੀ) ਮਿਰਾਸਣ ਹੈ, ਬੇ-ਤਰਸੀ ਕਸਾਇਣ ਹੈ, ਪਰਾਈ ਨਿੰਦਿਆ ਅੰਦਰ
ਦੀ ਚੂਹੜੀ ਹੈ, ਤੇ ਕ੍ਰੋਧ ਚੰਡਾਲਣੀ (ਹੈ ਜਿਸ) ਨੇ (ਜੀਵ ਦੇ ਸ਼ਾਂਤ ਸੁਭਾਉ ਨੂੰ) ਠੱਗ ਰੱਖਿਆ ਹੈ।
ਜੇ ਇਹ ਚਾਰੇ ਅੰਦਰ ਹੀ ਬੈਠੀਆਂ ਹੋਣ, ਤਾਂ (ਬਾਹਰ ਚੌਂਕਾ ਸੁੱਚਾ ਰੱਖਣ ਲਈ) ਲਕੀਰਾਂ ਕੱਢਣ ਦਾ ਕੀਹ
ਲਾਭ? ਹੇ ਨਾਨਕ! ਜੋ ਮਨੁੱਖ ‘ਸੱਚ’ ਨੂੰ (ਚੌਂਕਾ ਸੁੱਚਾ ਕਰਨ ਦੀ) ਜੁਗਤਿ ਬਣਾਂਦੇ ਹਨ, ਉੱਚੇ ਆਚਰਨ
ਨੂੰ (ਚੌਂਕੇ ਦੀਆਂ) ਲਕੀਰਾਂ ਬਣਾਂਦੇ ਹਨ, ਜੋ ਨਾਮ ਜਪਦੇ ਹਨ ਤੇ ਇਸ ਨੂੰ (ਤੀਰਥ) ਇਸ਼ਨਾਨ ਸਮਝਦੇ
ਹਨ, ਜੋ ਹੋਰਨਾਂ ਨੂੰ ਭੀ ਪਾਪਾਂ ਵਾਲੀ ਸਿੱਖਿਆ ਨਹੀਂ ਦੇਂਦੇ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ
ਚੰਗੇ ਗਿਣੇ ਜਾਂਦੇ ਹਨ।
ਵੈਸ਼ਨੂੰ ਸਾਧੂ ਨੂੰ ਗੁਰੂ ਸਾਹਿਬ ਜੀ ਨੇ ਇਨਾਸੀਅਤ ਦੀਆਂ ਕਦਰਾਂ ਕੀਮਤਾਂ ਸਮਝਾਈਆਂ। ਗੁਰੂ ਜੀ ਨੇ
ਅੱਗੇ ਕਿਹਾ, ‘ਸਾਧੂ ਜੀ ਦੇਖੋ! ਜਦ ਤੁਸੀਂ ਆਪਣਾ ਭੋਜਨ ਤਿਆਰ ਕਰ ਰਹੇ ਹਵੋਗੇ ਤਾਂ ਤੁਹਾਡੇ ਊਪਰ
ਇੱਲ ਜਾਂ ਕਾਂ ਇਤਿਆਦਕ ਪੰਛੀ ਵੀ ਲੰਘੇ ਹੋਣਗੇ। ਜੇ ਉਹਨਾਂ ਦੇ ਪ੍ਰਛਾਵੇਂ ਨਾਲ ਕੁੱਝ ਨਹੀਂ ਹੋਇਆ
ਤਾਂ ਮਰਦਾਨਾ ਫਿਰ ਇਨਸਾਨ ਹੈ ਇਹਦੇ ਨਾਲ ਕੀ ਫਰਕ ਪੈਣ ਲੱਗਾ ਹੈ। ਗੱਲ ਉਹਦੇ ਖਾਨੇ ਵਿੱਚ ਬੈਠ ਗਈ।
ਲੰਬੇ ਸਮੇਂ ਤੋਂ ਇਸ ਸਲੋਕ ਦਾ ਜਿੱਥੇ ਕੀਰਤਨ ਕੀਤਾ ਗਿਆ ਹੈ ਓੱਥੇ ਇਸ ਦੀ ਵਿਆਖਿਆ ਵੀ ਵੈਸ਼ਨੂੰ
ਸਾਧੂ ਨਾਲ ਜੋੜ ਕੇ ਸੁਣਾਉਂਦੇ ਰਹੇ ਹਾਂ। ਇਹ ਕਥਾ ਕੀਰਤਨ ਸੁਣਾ ਕੇ ਅਸੀਂ ਸਮਝਦੇ ਹਾਂ ਕਿ ਸਾਡਾ
ਕੰਮ ਖਤਮ ਹੋ ਗਿਆ ਹੈ। ਸੋਚਣ ਵਾਲੀ ਗੱਲ ਹੈ ਕਿ ਜਿਸ ਬੀਮਾਰੀ ਦਾ ਇਲਾਜ ਗੁਰੂ ਸਾਹਿਬ ਜੀ ਨੇ ਕੀਤਾ
ਸੀ ਉਹ ਛੂਤ ਦੀ ਬਿਮਾਰੀ ਤਾਂ ਸਿੱਖ ਕੌਮ ਵਿੱਚ ਵੀ ਆ ਗਈ ਹੈ। ਇਹ ਸਲੋਕ ਕੇਵਲ ਵੈਸ਼ਨੂੰ ਸਾਧੂ ਤੀਕ
ਸੀਮਤ ਨਹੀਂ ਹੈ। ਇਹ ਸਾਰੀ ਲੁਕਾਈ ਦੇ ਰੰਗ-ਰੂਪ, ਨਸਲ, ਜਾਤ-ਪਾਤ ਤੇ ਉੱਚੇ ਨੀਵੇਂ ਦੀਆਂ ਹੱਦਾਂ
ਬੰਨ੍ਹੇ ਤੋੜਦਾ ਹੋਇਆ ਮਨੱਖਤਾ ਨੂੰ ਇੱਕ ਸਾਂਝੀਵਾਲਤਾ ਦੀ ਇਕਾਈ ਵਿੱਚ ਪਰੌਂਦਾ ਹੈ।
ਸਿੱਖੀ ਸਰੂਪ ਵਾਲੇ ਬਹੁਤ ਸਾਰੇ ਡੇਰਿਆਂ ਨੇ ਬ੍ਰਹਾਮਣ ਵਾਲੀ ਸੁੱਚ-ਭਿੱਟ ਨੂੰ ਪੂਰੀ ਤਰ੍ਹਾਂ ਲਾਗੂ
ਕੀਤਾ ਹੋਇਆ ਹੈ। ਭਾਊ ਮਨਦੀਪ ਸਿੰਘ ਜੀ ਨੇ ਆਪਣੇ ਨਾਲ ਵਾਪਰੀ ਘਟਨਾ ਸੁਣਾਈ ਕਿ ਮੈਨੂੰ ਕੁੱਝ ਵੀਰ
ਕਿਸੇ ਦੇ ਘਰ ਅਖੰਡ-ਪਾਠ ਲਈ ਲੈ ਗਏ। ਪਹਿਲਾਂ ਤਾਂ ਮੈਨੂੰ ਕਹਿਣ ਲੱਗੇ ਕਿ ਸਿਰਫ ਸਾਡੇ ਵਾਲਾ ਹੀ
ਚੋਲ਼ਾ ਪਾਉਣਾ ਹੈ ਤੇ ਪਜਾਮਾ ਨਹੀਂ ਪਾਉਣਾ। ਚੋਲ਼ੇ ਉਹਨਾਂ ਦੇ ਆਪਣੇ ਸਨ ਪਰ ਉਹਨਾਂ ਚੋਲਿਆਂ ਦੀ ਭੇਟਾ
ਪਰਵਾਰ ਪਾਸੋਂ ਲੈ ਲਈ ਗਈ ਸੀ। ਜਦ ਮੈਂ ਪਜਾਮਾ ਉਤਾਰਨ ਲਈ ਨਾ ਮੰਨਿਆ ਤਾਂ ਮੈਨੂੰ ਪਹਿਰੇਦਾਰਾਂ
ਵਿੱਚ ਲਗਾ ਦਿੱਤਾ। ਪੰਜ ਅਖੰਡ-ਪਾਠੀ, ਪੰਜ ਜਪੁਜੀ ਦਾ ਪਾਠ ਕਰਨ ਵਾਲੇ, ਪੰਜ ਧੂਪੀਏ, ਪੰਜ ਪਹਿਰੇ
ਦੇਣ ਵਾਲੇ ਤੇ ਪੰਜ ਕੇਵਲ ਲੰਗਰ ਤਿਆਰ ਕਰਨ ਵਾਲੇ ਸਨ। ਪੱਚੀ ਬੰਦਿਆ ਦੀ ਟੀਮ ਅਖੰਡਪਾਠ ਕਰਨ ਗਈ ਸੀ।
ਕਿਸੇ ਪਰਵਾਰ ਦੇ ਜੀਅ ਨੂੰ ਲੰਗਰ ਤਿਆਰ ਕਰਨ ਦੀ ਆਗਿਆ ਨਹੀਂ ਸੀ। ਮਨਦੀਪ ਸਿੰਘ ਜੀ ਨੇ ਅੱਗੇ ਦੱਸਿਆ
ਕਿ ਜਦ ਮੈਂ ਪਹਿਰੇ ਤੇ ਖੜਾ ਸੀ ਤਾਂ ਜੱਥੇਦਾਰ ਮੇਰੇ ਪਾਸ ਆਇਆ ਤੇ ਕਹਿਣ ਲੱਗਾ ਆਪਣੇ ਮੂੰਹ ਵਿੱਚ
ਮੂਲਮੰਤ੍ਰ ਦਾ ਪਾਠ ਕਰ। ਮੈਂ ਕਿਹਾ ਸਪੀਕਰ ਲੱਗਾ ਹੋਇਆ ਹੈ ਮੈਂ ਬਾਣੀ ਸੁਣ ਰਿਹਾ ਹਾਂ। ਮੇਰੇ
ਪਾਸੋਂ ਦੋ ਕੰਮ ਨਹੀਂ ਹੋ ਸਕਦੇ। ਜੱਥੇਦਾਰ ਕਹਿਣ ਲੱਗਾ ਏੱਥੇ ਭਾਈ ਕਟੜਵਾਦ ਨਹੀਂ ਚੱਲਣਾ ਜੋ ਅਸੀਂ
ਕਹਿੰਦੇ ਹਾਂ ਤੈਨੂੰ ਉਹ ਹੀ ਕਰਨਾ ਪਏਗਾ। ਮਨਦੀਪ ਸਿੰਘ ਨੇ ਦੱਸਿਆ ਕਿ ਮੈਂ ਜੱਥੇਦਾਰ ਨੂੰ ਸਾਫ਼ ਕਹਿ
ਦਿੱਤਾ ਕਿ ਭਾਈ ਇਹ ਗੁਰਮਤ ਨਹੀਂ ਹੈ ਇਸ ਲਈ ਮੇਰੀ ਤੁਹਾਡੀ ਨਹੀਂ ਨਿਭ ਸਕਦੀ ਮੈਂ ਚੱਲਿਆਂ ਹਾਂ ਤੇ
ਮੈਂ ਵਾਪਸ ਆਪਣੇ ਘਰ ਆ ਗਿਆ। ਉਹ ਕਹਿੰਦਾ ਸੀ ਕਿ ਇਹਨਾਂ ਧਰਮੀ ਲੋਕਾਂ ਵਿੱਚ ਦੂਜੇ ਪਾਠੀਆਂ ਤੇ
ਸਿਧਾਤਕ ਪ੍ਰਚਾਰਕਾਂ ਪ੍ਰਤੀ ਨਫਰਤ ਈਰਖਾ ਉਬਲ਼ ਉਬਲ਼ ਕੇ ਬਾਹਰ ਡੁੱਲਹ ਰਹੀ ਸੀ। ਗੁਰੂ ਨਾਨਕ ਸਾਹਿਬ
ਜੀ ਨੇ ਪੁਜਾਰੀਵਾਦ ਦੀ ਇਸ ਲੁੱਟ ਤੋਂ ਲੋਕਾਂ ਨੂੰ ਬਚਾਇਆ ਸੀ ਪਰ ਅਸੀਂ ਉਸੇ ਲੁੱਟ ਦਾ ਸ਼ਿਕਾਰ ਹੋ
ਰਹੇ ਹਾਂ। ਗੁਰਬਾਣੀ ਦੇ ਉਚਾਰਣ ਸਬੰਧੀ ਕੋਈ ਸੁਚੇਤ ਨਹੀਂ ਸਨ ਪਰ ਕੇਸੀ ਇਸ਼ਨਾਨ ਕਰਨ ਦੀ ਪੂਰੀ
ਪੜਤਾਲ ਕੀਤੀ ਜਾਂਦੀ ਸੀ।
ਇਸ ਸਲੋਕ ਵਿੱਚ ਭੈੜੀ ਮਤ, ਬੇ-ਤਰਸੀ, ਪਰਾਈ ਨਿੰਦਾ ਤੇ ਕ੍ਰੋਧ ਰੂਪੀ ਚੰਡਾਲ ਜੋ ਸਾਡੇ ਸੁਭਾਅ ਵਿੱਚ
ਪੱਕੇ ਤੌਰ ਤੇ ਬੈਠੇ ਹੋਏ ਹਨ। ਅਸੀਂ ਇਹਨਾਂ ਮਾਨਸਕ ਬੀਮਾਰੀਆਂ ਵਲ ਦੇਖਣ ਲਈ ਤਿਆਰ ਨਹੀਂ ਹਾਂ ਪਰ
ਬਾਹਰਲੀ ਸੁੱਚ ਭਿੱਟ ਵਿੱਚ ਉਲ਼ਝ ਕੇ ਰਹਿ ਗਏ ਹਾਂ। ਬਾਹਰਲੇ ਦਿਖਾਵੇ ਦੀ ਜਗ੍ਹਾ `ਤੇ ਸੱਚ ਬੋਲਣ ਨੂੰ
ਤਰਜੀਹ ਦੇਣੀ, ਨੇਕ ਕਰਮਾਂ ਨੂੰ ਅਪਨਾਉਣਾ, ਆਪਣੇ ਫ਼ਰਜ਼ ਦੀ ਪਹਿਛਾਣ ਕਰਨੀ ਤੇ ਮਲੀਨ ਸੋਚ ਦੇ ਬਚਣ ਦੇ
ਯਤਨ ਕਰਦੇ ਰਹਿਣ ਵਾਲਾ ਜੀਵਨ ਦੇ ਸਹੀ ਰਸਤੇ ਦੀ ਪਹਿਛਾਣ ਕਰ ਰਿਹਾ ਹੈ।
ਸਫ਼ਾਈ ਰੱਖਣੀ ਜ਼ਰੂਰੀ ਹੈ ਪਰ ਇਹ ਨਹੀਂ ਅਸੀਂ ਵਿਸ਼ਾਲ ਸਿੱਖੀ ਨੂੰ ਇੱਕ ਡੇਰੇ ਜਾਂ ਇੱਕ ਜੱਥੇਬੰਦੀ
ਤੀਕ ਸਮਿਤ ਕਰ ਦਈਏ। ਕੁੱਝ ਵੀਰਾਂ ਨੇ ਸਾਂਝੇ ਲੰਗਰ ਤੋਂ ਪਾਸਾ ਵੱਟ ਲਿਆ ਹੈ ਤੇ ਕੁੱਝ ਨੇ ਕੜਾਹ
ਪ੍ਰਸ਼ਾਦ ਲੈਣਾ ਵੀ ਤਿਆਗ ਦਿੱਤਾ ਹੈ। ਕੁੱਝ ਵੀਰਾਂ ਨੇ ਬਰਤਨ ਵੀ ਆਪਣੇ ਰੱਖ ਲਏ ਹਨ। ਬਹਾਰਲੀ
ਦਿਖਾਵੇ ਦੀ ਭਿੱਟ ਤੋਂ ਬਚ ਕੇ ਅੰਦਰਲੀ ਸੁੱਚ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ—
ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥
ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ॥
ਸਲੋਕ ਮ: ੧ ਪੰਨਾ ੪੭੨