.

ਤੇਰੇ ਬੰਕੇ ਲੋਇਣ ਦੰਤ ਰੀਸਾਲਾ

ਤੇਰੇ ਬੰਕੇ ਲੋਇਣ ਦੰਤ ਰੀਸਾਲਾ॥
ਸੋਹਣੇ ਨਕ ਜਿਨ ਲੰਮੜੇ ਵਾਲਾ॥
ਕੰਚਨ ਕਾਇਆ ਸੁਇਨੇ ਕੀ ਢਾਲਾ॥
ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ॥
ਜਮ ਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ॥
ਗੁਰੂ ਗ੍ਰੰਥ ਸਾਹਿਬ, ਪੰਨਾ 566-567

ਸ਼ਬਦ ਦੀ ਪਰਚੱਲਤ ਵਿਆਖਿਆ ਅੰਦਰ ਉਸ ਵਾਹਿਗੁਰੂ ਦਾ ਸੋਹਣਾ ਨੱਕ ਅਤੇ ਲੰਮੇ ਵਾਲਾਂ ਵਾਲਾ ਸਰੂਪ ਬਿਆਨ ਕੀਤਾ ਗਿਆ ਹੈ, ਜਦੋਂ ਕਿ ਗੁਰੂ ਨਾਨਕ ਜੀ ਦਾ ਬਖ਼ਸ਼ਿਆ ਸਿਧਾਂਤ ਹੀ ਇਥੋਂ ਸੁਰੂ ਹੁੰਦਾ ਹੈ ਕਿ ਉਹ ੴ ਅਜੂਨੀ ਅਤੇ ਅਕਾਲ ਮੂਰਤੁ ਹੈ, ਅਤੇ ਉਹ ਜੂਨਾ ਵਿੱਚ ਨਹੀਂ ਆਉਂਦਾ। ਪਰ, ਇਸ ਸ਼ਬਦ ਦੀ ਪਰਚੱਲਤ ਵਿਆਖਿਆ ਇਹ ਹੈ ਕਿ ਹੇ ਵਾਹਿਗੁਰੂ ਤੇਰੇ ਨੈਣ ਬੰਕੇ ਹਨ, ਤੇਰਾ ਨੱਕ ਸੋਹਣਾ ਹੈ, ਤੇਰੇ ਲੰਮੇ ਵਾਲ ਹਨ, ਅਤੇ ਤੇਰਾ ਸੋਨੇ ਵਰਗਾ ਸ਼ੁੱਧ ਅਤੇ ਅਰੋਗ ਸਰੀਰ ਹੈ। ਮਾਨੋ ਸੋਨੇ ਵਿੱਚ ਢਲਿਆ ਹੈ। ਇਸ ਕਰਕੇ ਪਰਚੱਲਤ ਵਿਆਖਿਆ ਤਾਂ ਇੱਕ ਸੋਨੇ ਦੀ ਮੂਰਤੀ ਬਰਾਬਰ ਹੀ ਵਾਹਿਗੁਰੂ ਦੀ ਤੁਲਣਾ ਦਰਸਾਉਂਦੀ ਹੈ ਜੋ ਕਿ ਗੁਰਮਤਿ ਸਿਧਾਂਤ ਨਾਲ ਅਨਿਯਾਏ ਹੈ। ਅਸਲੀਅਤ ਇਹ ਹੈ ਕਿ ਇਸ ਸ਼ਬਦ ਦੀ ਸ਼ੁਰੂਆਤ ਹੀ ਗੁਰਮਤਿ ਸਿਧਾਂਤ ਤੋਂ ਹੁੰਦੀ ਹੈ।
ਵਡੇ ਮੇਰੇ ਸਾਹਿਬਾ ਅਲਖ ਅਪਾਰਾ॥
ਕਿਉ ਕਰਿ ਕਰਉ ਬੇਨੰਤੀ ਹਉ ਆਖਿ ਨ ਜਾਣਾ॥
ਗੁਰੂ ਗ੍ਰੰਥ ਸਾਹਿਬ, ਪੰਨਾ 567

ਉਹ ਸਾਹਿਬ ਇੰਨਾ ਵੱਡਾ ਹੈ ਕਿ ਉਸ ਦੇ ਗੁਣਾਂ ਦਾ ਅੰਦਾਜ਼ਾ ਲਾਇਆ ਹੀ ਨਹੀਂ ਜਾ ਸਕਦਾ। ਕਿਸੇ ਵਸਤੂ ਜਾਂ ਵਿਆਕਤੀ ਵਿਸ਼ੇਸ਼ ਨਾਲ ਉਸ ਦੀ ਤੁਲਣਾ ਹੋ ਹੀ ਨਹੀਂ ਸਕਦੀ।
ਮੇਰਾ ਸਾਹਿਬੁ ਅਤਿ ਵਡਾ ਸਚੁ ਗਹਿਰ ਗੰਭੀਰਾ॥
ਗੁਰੂ ਗ੍ਰੰਥ ਸਾਹਿਬ, ਪੰਨਾ 511


ਤੇਰੇ ਬੰਕੇ ਲੋਇਣ ਦੰਤ ਰੀਸਾਲਾ॥
ਮੇਰਾ ਸਾਹਿਬੁ ਅਤਿ ਵਡਾ ਸਚੁ ਗਹਿਰ ਗੰਭੀਰਾ॥ 6॥
ਤੇਰੇ ਬੰਕੇ ਲੋਇਣ ਦੰਤ ਰੀਸਾਲਾ॥
ਸੋਹਣੇ ਨਕ ਜਿਨ ਲੰਮੜੇ ਵਾਲਾ॥
ਕੰਚਨ ਕਾਇਆ ਸੁਇਨੇ ਕੀ ਢਾਲਾ॥
ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ॥
ਜਮ ਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ॥
ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ॥
ਬੰਕੇ ਲੋਇਣ ਦੰਤ ਰੀਸਾਲਾ॥ 7॥
ਗੁਰੂ ਗ੍ਰੰਥ ਸਾਹਿਬ, ਪੰਨਾ 566-567

ਪਦ ਅਰਥ
ਬੰਕੇ ਲੋਇਣ – ਮੋਹ ਲੈਣ ਵਾਲੀ ਬਖ਼ਸ਼ਿਸ਼ ਰੂਪੀ ਨਦਰਿ।
ਦੰਤ ਰੀਸਾਲਾ – ਆਯਲਾ ਰਸ, ੳਹੁ ਰਸ ਜਿਸ ਦੀ ਕੋਈ ਬਰਾਬਰੀ
ਨਹੀਂ।
ਨਕ - ਗਿਆਨ
ਸੋਹਣੇ ਨਕ – ਸੋਹਣਾ ਨਕ, ਮਤਲਬ ਸੋਹਣਾ ਗਯਾਨ, ਉਹ ਗਿਆਨ ਜਿਸ ਦੀ ਕੋਈ ਬਰਾਬਰੀ ਨਹੀਂ।
ਲੰਮੜੇ ਵਾਲਾ – ਉੱਚਾ ਵੱਡਾ, ਵਾਲਾ ਬਜ਼ੁਰਗ ਵਾਹਿਗੁਰੂ ਜਿਸ ਤੋਂ ਹੋਰ ਕੋਈ ਵੱਡਾ ਨਹੀਂ।
ਕੰਚਨ ਕਾਇਆ - ਕੰਚਨ ਵਰਗੀ ਕਾਇਆਂ
ਸੋਵੰਨ ਢਾਲਾ – ਪਵਿੱਤਰ ਢਾਲ (ਵਾਹਿਗੁਰੂ ਦੇ ਨਾਮ ਦੀ ਪਵਿੱਤਰ ਢਾਲ) ਵਿਕਾਰਾਂ ਤੋਂ ਬਚਾ ਲੈਣ ਵਾਲੀ।
ਕ੍ਰਿਸਨ ਮਾਲਾ - ਵਾਹਿਗੁਰੂ ਦੇ ਸਿਮਰਨ ਰੂਪੀ ਮਾਲਾ।
ਸਿਖ ਸੁਣਹੁ – ਸਿੱਖਿਆ ਸੁਣਹੁ।
ਬਗਾ - ਬਗਲਾ
ਕ੍ਰਿਸਨ – ਜੋ ਆਪਣੇ ਆਪ ਤੋਂ ਆਪ ਪ੍ਰਕਾਸ਼ਮਾਨ ਹੈ (ਕਰਤਾਰ) “ਆਪੀਨੈੑ ਆਪੁ ਸਾਜਿਓਨ”
ਅਰਥ
ਹੇ ਵਾਹਿਗੁਰੂ ਤੇਰਾ ਆਯਲਾ ਰਸ, ਉਹ ਰਸ ਹੈ ਜਿਸ ਰਸ ਦੀ ਬਰਾਬਰੀ ਨਹੀਂ ਹੈ। ਤੇਰੇ ਆਤਮਿਕ ਗਿਆਨ ਰੂਪੀ ਬਖ਼ਸ਼ਿਸ਼ ਕਰਨ ਵਾਲੇ ਨੇਤਰ ਹਨ। ਤੇਰੇ ਆਤਮਿਕ ਗਿਆਨ ਦੇ ਬਖ਼ਸ਼ਿਸ਼-ਰੂਪੀ ਨੇਤਰ ਮੇਰੀ ਕੰਚਨ ਰੂਪੀ ਕਾਇਆਂ ਨੂੰ ਵਿਕਾਰਾਂ ਤੋਂ ਬਚਾ ਲੈਣ ਵਾਲੀ ਪਵਿੱਤਰ ਢਾਲ ਹਨ। ਤੂੰ ਉੱਚਾ ਹੈਂ, ਸਲਾਹੁਣ ਯੋਗ ਹੈਂ, ਅਤੇ ਸਿਫ਼ਤ ਲਾਇਕ ਹੈਂ।
ਹੇ ਵਾਹਿਗੁਰੂ ਇਹ ਜੋ ਨਾਮ ਦੀ ਸਿਮਰਨ ਰੂਪੀ ਮਾਲਾ ਹੈ, ਮੇਰੇ ਲਈ ਵਿਕਾਰਾਂ ਤੋਂ ਬਚਣ ਦੀ ਪਵਿੱਤਰ ਢਾਲ ਹੈ। ਮੈਂ ਹੋਰਨਾਂ ਸਖੀਆਂ ਨੂੰ ਵੀ ਤੇਰੇ ਨਾਮ ਸਿਮਰਨ ਰੂਪੀ ਢਾਲ ਦਾ ਆਸਰਾ ਲੈਣ ਲਈ ਪ੍ਰੇਰਦਾ ਹਾਂ, ਤਾਂ ਜੋ ਉਹ ਵੀ ਉਸ ਸੱਚ ਨੂੰ ਪਛਾਣ ਸਕਣ, ਜਮਾਂ ਦੇ ਦੁਆਰੇ ਤੇ ਨਾਂ ਖੜ੍ਹਨ। ਤੇਰਾ ਦਰ ਛੱਡਕੇ ਕਿਸੇ ਹੋਰ ਦੇ ਦਰ ਤੇ ਖਲੋਣਾ, ਜਮਾਂ ਦੇ ਦੁਆਰੇ ਤੇ ਜਾ ਖੜ੍ਹਨ ਦੇ ਬਰਾਬਰ ਹੈ। ਇਸ ਕਰਕੇ ਉਹ ਕ੍ਰਿਸ਼ਨ ਜੋ ਅਪਣੇ ਆਪ ਪ੍ਰਕਾਸ਼ਮਾਨ ਹੈ, ਉਸਦੇ ਨਾਮ ਦੀ ਮਾਲਾ ਹੀ ਜਪੋ।
ਬਗਲਾ ਵੀ ਬੱਗਾ ਹੈ ਅਤੇ ਹੰਸ ਵੀ ਬੱਗਾ ਹੈ। ਪਰ ਤੁਹਾਨੂੰ ਪਹਿਚਾਨ ਕਰਨੀ ਪਵੇਗੀ। ਜਦੋਂ ਬੱਗਿਆਂ ਵਿੱਚੋਂ ਹੰਸ ਨੂੰ ਪਛਾਣੋਗੇ, ਭਾਵ ਝੂਠ ਦੇ ਉਲਟ ਸੱਚ ਨੂੰ ਪਛਾਣਕੇ, ਸੱਚੇ ਦੇ ਸੱਚ ਦੀ ਮਾਲਾ ਜਪੋਗੇ, ਤਾਂ ਮਨ ਦਾ ਵਿਕਾਰਾਂ ਰੂਪੀ ਜਾਲ ਨਾਸ਼ ਹੋ ਜਾਵੇਗਾ। ਉਸ ਕਰਤਾਰ ਦੀ ਮਿਹਰ ਦੇ ਬਖ਼ਸ਼ਿਸ਼ ਰੂਪੀ ਨੇਤਰ ਜੋ ਹਨ, ਇਸ ਕੰਚਨ ਵਰਗੀ ਕਾਇਆਂ ਲਈ ਪੱਵਿਤਰ ਵਿਕਾਰਾਂ ਤੋਂ ਬਚਾ ਲੈਣ ਵਾਲੀ ਢਾਲ ਦਾ ਕੰਮ ਕਰਨਗੇ। ਫਿਰ ਪਤਾ ਚਲ ਜਾਵੇਗਾ ਕਿ ਬਖ਼ਸ਼ਿਸ਼ ਰੂਪੀ ਨੇਤਰ ਕਿਸ ਦੇ ਹਨ।
ਬਲਦੇਵ ਸਿੰਘ ਟੋਰਾਂਟੋ




.