ਕੀ ਅਸੀਂ ਦਿਲੋਂ ਏਕਤਾ ਚਾਹੁੰਦੇ ਹਾਂ?
ਰਾਮ ਸਿੰਘ ਗ੍ਰੇਵਜੈਂਡ
ਹਰ ਰੋਜ਼ ਸਟੇਜਾਂ ਤੋਂ, ਅਖਬਾਰਾਂ
ਵਿਚ, ਰੇਡੀਉ ਅਤੇ ਟੈਲੀਵਿਯਨ ਤੋਂ ਸੁਣਿਆਂ ਜਾਂਦਾ ਹੈ ਕਿ ਸਿੱਖ ਪੰਥ ਨੂੰ ਇਸ ਵੇਲੇ ਜੇ ਕਿਸੇ ਚੀਜ਼
ਦੀ ਲੋੜ ਹੈ ਤਾਂ ਏਕਤਾ ਦੀ ਲੋੜ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ, ਇਸ ਸਮੇਂ ਨਾਲੋਂ ਵੱਧ ਕਦੇ
ਭੀ ਏਕਤਾਂ ਦੀ ਲੋੜ ਨਹੀਂ ਸੀ। ਪਰ ਕੀ ਇਹ ਏਕਤਾਂ ਇਸ ਤਰਾਂ ਕਹਿਣ ਕਹਾਉਣ ਅਦਿ ਨਾਲ ਹੀ ਮਿਲ ਜਾਇਗੀ
ਜਾ ਮਿਲ ਸਕਦੀ ਹੈ? ਏਕਤਾਂ ਨਾ ਹੋਣ ਦੇ ਕਾਰਨ ਲੱਭਕੇ ਉੱਨ੍ਹਾਂ ਕਾਰਨਾਂ ਨੂੰ ਮੁਖ ਰੱਖ ਐਸਾ ਮਾਰਗ
ਲੱਭਣਾ ਪਏਗਾ ਜਿਸ ਰਾਹੀਂ ਏਕਤਾ ਕੀਤੀ ਜਾ ਸਕਦੀ ਹੋਵੇ। ਇੱਕ ਘਰ ਦੇ ਬੰਦਿਆਂ ਤੋਂ ਲੈ ਕੇ ਇੱਕ
ਸਮੁੱਚੀ ਕੌਮ ਦੇ ਬੰਦਿਆਂ ਦੇ ਖਿਆਲਾਂ ਦਾ ਭਿੰਨ ਭਿੰਨ ਹੋਣਾ ਕੁਦਰਤੀ ਅਸੂਲ ਹੈ। ਇਸ ਹੀ ਤਰਾਂ ਕਿਸੇ
ਧਰਮ (ਹਿੰਦੂ, ਬੋਧੀ, ਈਸਾਈ, ਯਹੂਦੀ, ਮੁਸਲਮਾਨ, ਸਿੱਖ ਆਦਿ) ਦੇ ਸਾਰੇ ਬੰਦਿਆਂ ਦੇ ਖਿਆਲ ਇਕੋ
ਜਿਹੇ ਹੋਣਾ ਅਸੰਭਵ ਹੈ। ਹਾਂ ਪਰ ਧਰਮ ਨਾਲ ਪਿਆਰ ਕਰਨ ਅਤੇ ਸਮਾਂ ਪੈਣ ਤੇ ਧਰਮ ਲਈ ਕੁਰਬਾਨੀ ਕਰਨ
ਦਾ ਜਜ਼ਬਾ (ਉਂਗਲੀਆਂ ਤੇ ਗਿਣੇ ਜਾਣੇ ਗੱਦਾਰਾਂ ਨੂੰ ਛੱਡ ਕੇ) ਤਾਂ ਜਰੂਰ ਸਭ ਵਿੱਚ ਹੁੰਦਾ ਹੈ,
ਜਿਵੇ 1978, 1984, ਅਤੇ ਦਸੰਬਰ 2009 ਵਿੱਚ ਦੇਖਿਆ ਗਿਆ ਹੈ।
ਜੇ ਧਰਮ (ਇਥੇ ਸਿੱਖ ਪੰਥ) ਲਈ ਸਭ ਵਿੱਚ ਪਿਆਰ ਤੇ ਕੁਰਬਾਨੀ (ਤਨ, ਮਨ, ਜਾ ਧਨ ਨਾਲ) ਕਰਨ ਦਾ ਜਜ਼ਬਾ
ਹੋਵੇ, ਪਰ ਫਿਰ ਏਕਤਾਂ ਨਾ ਹੋਵੇ ਤਾਂ ਵਿਸ਼ਾ ਬੜੀ ਡੂੰਘੀ ਸੋਚ ਵਿਚਾਰ ਦਾ ਮੁਥਾਜ ਸਮਝਿਆ ਜਾਣਾ
ਚਾਹੀਦਾ ਹੈ। ਪਿੱਛੇ ਲਿਖਿਆ ਗਿਆ ਹੈ ਕਿ ਆਪਸ ਵਿੱਚ ਖਿਆਲਾਂ ਦਾ ਭਿੰਨ ਭਿੰਨ ਹੋਣਾ ਕੁਦਰਤੀ ਹੈ।
ਇਨ੍ਹਾਂ ਭਿੰਨ ਭਿੰਨ ਖਿਆਲਾਂ ਦੇ ਹੁੰਦਿਆਂ ਜੇ ਹੋਰ ਧਰਮਾਂ ਦੇ ਲੋਕ ਏਕਾ ਕਰਕੇ ਆਪਣੇ ਆਪ ਦੀ ਅਜ਼ਾਦੀ
ਕਾਇਮ ਰੱਖਕੇ ਹਰ ਤਰਾਂ ਦੀ ਤਰੱਕੀ ਕਰ ਸਕਦੇ ਹਨ ਅਤੇ ਯਹੂਦੀ ਕੌਮ ਅਪਣਾ ਅਜ਼ਾਦ ਮੁਲਕ ਹਾਸਲ ਕਰ ਸਕਦੇ
ਹਨ ਤਾਂ ਕੀ ਸਿੱਖ ਕੌਮ ਉਨ੍ਹਾਂ ਤੋਂ ਸਬਕ ਨਹੀਂ ਸਿੱਖ ਸਕਦੇ ਜਦ ਕਿ ਆਮ ਕਿਹਾ ਜਾਂਦਾ ਹੈ ਕਿ “ਸਿੱਖ
ਦਾ ਮਤਲਬ ਹੀ ਸਿੱਖਣਾ ਹੈ?” ਪਰ ਬੜੇ ਦੁਖੀ ਦਿਲ ਨਾਲ ਕਹਿਣਾ ਪੈਂਦਾ ਹੈ ਕਿ ਇਥੇ ਸਿੱਖ ਬੁਰੀ
ਤਰ੍ਹਾਂ ਫੇਲ੍ਹ ਹਨ ਅਤੇ ਕਿਸੇ ਡੂੰਘੀ ਸੋਚ ਅਤੇ ਦੂਰ ਅੰਦੇਸ਼ੀ ਤੋਂ ਬਿਨਾਂ ਨਿਕੰਮੇ ਤੋਂ ਨਿਕੰਮੇ
ਝਗੜਿਆਂ ਵਿੱਚ ਹੀ ਅਪਣੀ ਹਰ ਤਰਾਂ ਦੀ ਤਾਕਤ ਤੇ ਕੀਮਤੀ ਸਮਾਂ ਬਰਬਾਦ ਕਰਕੇ ਆਪਸੀ ਫੁੱਟ ਨੂੰ ਦਿਨੋਂ
ਦਿਨ ਵਧਾਈ ਜਾ ਰਹੇ ਹਨ, ਜਦ ਕਿ ਸਿੱਖੀ ਸਿਧਾਂਤ ਇੱਕ ਗੁਰੂ ਇੱਕ ਗੁਰ ਉਪਦੇਸ਼ ਦੇ ਅਨੁਸਾਰ ਇੱਕ ਹੀ
ਹੈ। ਕਿਹੜੀ ਚੀਜ਼ ਝਗੜਿਆਂ ਦਾ ਕਾਰਨ ਅਤੇ ਝਗੜਿਆਂ ਦੇ ਕੀ ਨੁਕਤੇ ਹਨ ਬਾਰੇ ਲਿਖਣ ਤੋਂ ਪਹਿਲਾਂ ਸ੍ਰੀ
ਗੁਰੂ ਨਾਨਕ ਸਾਹਿਬ ਦੇ ਨਿਰਾਲੇ, ਬਿਲਕੁੱਲ ਨਿਰਾਲੇ ਪੰਥ ਦੀ ਨਿਵੇਕਲੀ ਬਣਤਰ ਬਾਰੇ ਜਾਨਣਾਂ ਜ਼ਰੂਰੀ
ਹੈ।
ਭਾਈ ਗੁਰਦਾਸ ਜੀ ਅਨੁਸਾਰ “ਮਾਰਿਆ ਸਿੱਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ॥” (1-45) ਭਾਵ
“ਹਿੰਦੂ ਮੁਸਲਮਾਣਿ ਆਦਿ ਸਭ ਨੂੰ ਨਿਵਾਉਣ ਦੇ ਬਾਅਦ ਚਲਾਇਆ॥” ਗੁਰੂ ਸਾਹਿਬ ਨੇ ਦੋਹਾਂ ਧਰਮਾਂ ਦੇ
ਕੇਂਦਰੀ ਅਤੇ ਹੋਰ ਧਰਮ ਅਸਥਾਨਾਂ ਤੇ ਜਾ ਕੇ ਅਪਣੇ ਵਿਚਾਰਾਂ ਪ੍ਰਤਿ ਕਾਇਲ (ਸਹਿਮਤ) ਕਰਕੇ ਅਪਣੇ
ਨਿਵੇਕਲੇ ਸਿਧਾਂਤ ਰਾਹੀਂ ਨਿਰਮਲ ਪੰਥ ਦੀ ਨੀਂਹ ਰੱਖ ਦਿੱਤੀ। ਇਹ ਇੱਕ ਐਸੀ ਕ੍ਰਾਂਤੀ ਸੀ ਜੋ ਕਿਸੇ
ਤਰਾਂ ਦੀ ਤੋੜ ਫੋੜ ਤੋਂ ਬਿਨਾਂ ਮਨਾਂ ਦੀ ਤਬਦੀਲੀ ਰਾਹੀਂ ਲਿਆਂਦੀ ਗਈ। ਦੂਸਰੇ ਸ਼ਬਦਾਂ ਵਿੱਚ
ਅਗਿਆਨਤਾ ਦੀ ਧੁੰਦ ਨੂੰ ਮਿਟਾਉਣ ਵਾਲਾ ਇਹ ਚਮਕੀਲਾ ਸੂਰਜ ਐਸਾ ਚੜ੍ਹਿਆ ਜਿਸਦੇ ਸਾਮ੍ਹਣੇ
ਬ੍ਰਾਹਮਣਾਂ ਦਾ ਕਰਮ ਕਾਂਡ, ਸੁਚ, ਜੂਠ, ਸੂਤਕ ਪਾਤਕ, ਯੱਗ, ਹਵਨ, ਤੀਰਥ, ਜਾਤ ਪਾਤ, ਸਗਨ ਅਪਸ਼ਗਨ,
ਦਿਨਾਂ ਦਿਹਾਰਾਂ ਤੇ ਥਿਤਾਂ ਦੀ ਮਨੌਤ, ਮੁਸਲਮਾਨਾਂ ਦਾ ਕੱਟੜਪਣ, ਜੋਗਿਆਂ ਦਾ ਤਿਆਗਵਾਦ, ਭਾਵ ਹਰ
ਤਰਾਂ ਦੇ ਧਾਰਮਿਕ ਵਹਿਮ ਭਰਮ ਆਦਿ ਮੱਧਮ ਪੈ ਗਏ। ਬ੍ਰਾਹਮਣ, ਮੁੱਲਾਂ, ਜੋਗਿਆਂ ਆਦਿ ਰਾਹੀਂ ਘੜੀਆਂ
ਰਸਮੀ ਮਨੌਤਾਂ ਦੀ ਖਲਜਲਨ ਵਿਚੋਂ ਨਿਕਲ ਕੇ ਕੁਦਰਤੀ ਨਿਯਮਾਂ ਦਾ ਅਨੁਸਾਰੀ ਹੋ ਕੇ ਇਹ ਪੰਥ ਸੱਚ
ਵਰਗਾ ਨਿਰਮਲ ਹੋ ਗਿਆ। ਇਹ ਹੀ ਨਹੀ, ਗੁਰੂ ਸਾਹਿਬ ਵਲੋਂ ਆਪ ਅਜ਼ਮਾਈ ਸਿੱਖਿਆ ਨੇ ਇਸ ਨੂੰ ਅਨਿੰਆਈਂ
ਹੁਕਮਰਾਨ ਨੂੰ ‘ਬਾਬਰ ਜਾਵਰ’ ਕਹਿਣ ਦੀ ਜੁਅਰਤ ਬਖਸ਼ ਦਿੱਤੀ। ਐਸੇ ਪੰਥ ਦੀ ਰਾਖੀ ਕਰਨ ਲਈ ਇਸ ਜੋਤ
ਨੇ ਤੱਤੀ ਤਵੀ ਤੇ ਬੈਠ ਕੇ ਅਤੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਦੇ ਸਿਧਾਂਤ ਰਾਹੀਂ ਢੁਕਵੀਂ ਸੇਧ
ਬਖਸ਼ ਦਿੱਤੀ।
ਉਸ ਸਮੇਂ ਤੋਂ ਲੈ ਕੇ ਪੰਥ ਨੂੰ ਨਿਰਮਲ ਰੱਖਣ ਲਈ ਕਿਹੜੇ ਕਿਹੜੇ ਕਸ਼ਟ ਝਲੱਣੇ ਪਏ ਅਤੇ ਘਰ ਵਿੱਚ ਹੀ
ਜੰਮੇ ਪਲੇ ਕਈ ਤਰਾਂ ਦੇ ਮੀਣਿਆਂ ਮਸੰਦਾਂ ਅਦਿ ਦੀਆਂ ਜਿਹੜੀਆਂ ਅਤਿ ਖਤਰਨਾਕ ਕਰਤੂਤਾਂ ਦਾ ਸਮ੍ਹਣਾ
ਕਰਨਾ ਪਿਆ, ਸਭ ਜਾਣਦੇ ਹਨ। ਇਨ੍ਹਾਂ ਲੋਕਾਂ ਦੀ ਭਰਮਾਰ ਅੱਜ ਹੋਰ ਭੀ ਵੱਧ ਗਈ ਹੈ। ਐਸੇ ਕੁਦਰਤੀ
ਨਿਯਮਾਂ ਦੇ ਅਨੁਸਾਰੀ ਨਿਰਮਲ ਪੰਥ ਨੂੰ ਇਸ ਤਰਾਂ ਨਿਰਮਲ ਰੂਪ ਵਿੱਚ ਕਾਇਮ ਰੱਖਣ ਲਈ ਵਰਤਮਾਨ ਸਮੇਂ
ਦੇ ਹਾਲਾਤ ਸਾਮਣੇ ਏਕਤਾ ਦੀ ਲੋੜ ਛੋਟੇ, ਵਡੇ, ਘੱਲੂਘਾਰਿਆਂ ਦੇ ਸਮੇਂ ਨਾਲੋ ਕਈ ਗੁਣਾਂ ਵੱਧ ਹੈ।
ਕਿਉਂਕਿ ਪੰਥ ਇਸ ਸਮੇਂ ਉਸ ਚਲਾਕ, ਮੱਕਾਰ ਤੇ ਫਰੇਬੀ ਦੁਸ਼ਮਣ ਦੀ ਭਰਵੀਂ ਮਾਰ ਹੇਠ ਹੈ ਜਿਹੜਾ
ਸੈਂਕੜੇ ਸਾਲ ਕਿਸੇ ਤਰਾਂ ਦੀ ਤਾਕਤ ਹੱਥ ਵਿੱਚ ਨਾ ਹੁੰਦੇ ਹੋਏ ਭੀ ਵਦੇਸੀ ਹੁਕਮਰਾਨਾਂ ਅਤੇ ਆਪਣੀ
ਘੁਸ ਬੈਠ ਰਾਹੀਂ ਪੰਥ ਦਾ ਕਾਫੀ ਨੁਕਸਾਨ ਕਰਦਾ ਤੇ ਕਰਾਉਂਦਾ ਰਿਹਾ ਹੈ, ਹੁਣ ਤਾਂ ਉਸ ਦੇ ਹੱਥ ਹਰ
ਤਰਾਂ ਦੀ ਤਾਕਤ ਹੋਣ ਦੇ ਨਾਲ ਨਾਲ ਹਰ ਤਰਾਂ ਦੇ ਵਸੀਲੇ ਪ੍ਰਾਪਤ ਹਨ।
ਪਹਿਲਾਂ ਤਾਂ ਇਹ ਪੰਥ ਸੀਮਤ ਵਸੀਲਿਆਂ ਨਾਲ ਭੀ ਕਦੇ ਨਿਰੰਕਾਰੀ ਤੇ ਫਿਰ ਨਾਮਧਾਰੀ (ਅਜਕਲ ਦੇ
ਨਿਰੰਕਾਰੀ ਤੇ ਨਾਮਧਾਰੀ ਨਹੀ) ਲਹਿਰ ਰਾਹੀਂ ਅਪਣੇ ਆਪ ਨੂੰ ਨਿਰਮਲ ਰੱਖਣ ਲਈ ਹੰਭਲੇ ਮਾਰਦਾ ਰਿਹਾ।
ਫਿਰ ਸਿੰਘ ਸਭਾ ਲਹਿਰ ਨੇ, ਸਨਾਤਨੀ ਕਿਸਮ ਦੀ ਮਹੰਤ ਸ੍ਰੇਣੀ (ਖੇਮ ਸਿੰਘ ਬੇਦੀ ਅਦਿ) ਦੀ ਵਿਰੋਧਤਾ
ਦੇ ਬਾਵਜੂਦ ਅਪਣੀ ਹੋਂਦ ਨੂੰ ਬਰਕਰਾਰ ਹੀ ਨਹੀਂ ਰੱਖਿਆ, ਚੜ੍ਹਦੀ ਕਲਾ ਵਿੱਚ ਕਰ ਦਿੱਤਾ। ਇਸਨੇ
ਅਕਾਲੀ ਲਹਿਰ ਦੇ ਨਾਮ ਹੇਠ ਕੁਰਬਾਨੀਆਂ ਤੱਕ ਦੇ ਕੇ ਮਸੰਦਾ, ਮਹੰਤਾਂ ਅਤੇ ਸ੍ਰਕਾਰੀ ਦਬਾ ਵਿਚੋਂ
ਗੁਰਦੁਆਰਿਆਂ ਨੂੰ ਅਜ਼ਾਦ ਕਰਵਾ ਕੇ ਪੰਥਕ ਸ਼੍ਰੋ. ਗੁ. ਪ੍ਰ. ਕਮੇਟੀ ਦੀ ਸਥਾਪਨਾ ਕਰ ਲਈ। ਅਤੇ ਕਈ
ਸਾਲਾਂ ਦੇ ਵਿਚਾਰ ਵਟਾਂਦਰੇ ਬਾਅਦ ਸ੍ਰੀ ਗੁਰੂ ਗ੍ਰੰਥ ਸਹਿਬ ਦੇ ਸਿਧਾਂਤ ਦੀ ਰੌਸ਼ਨੀ ਵਿੱਚ ਪੰਥ ਲਈ
ਵਹਿਮਾਂ ਅਤੇ ਭਰਮ ਭੁਲੇਖਿਆਂ ਤੋਂ ਰਹਿਤ ਸਿੱਖ ਰਹਿਤ ਮਰਯਾਦਾ ਬਣਾ ਲਈ ਤਾਕਿ ਹਰ ਤਰਾਂ ਦੇ ਸੰਸਕਾਰ
“ਜਬਲਗ ਖਾਲਸਾ ਰਹੇ ਨਿਆਰਾ॥ ਤਬਲਗ ਤੇਜ ਦੀੳ ਮੈ ਸਾਰਾ॥ ਜਬ ਇਹ ਗਹੇ ਬਿਪਰਨ ਕੀ ਰੀਤ॥ ਮੈ ਨਾ ਕਰੂੰ
ਇਨ ਕੀ ਪ੍ਰਤੀਤ॥” ਅਨੁਸਾਰ ਗੁਰਮਤਿ ਸਿਧਾਂਤ ਦੀ ਰੌਸ਼ਨੀ ਵਿੱਚ ਹੀ ਕੀਤੇ ਜਾਣ। ਇਥੇ ਇਹ ਯਾਦ ਰੱਖਣਾ
ਜ਼ਰੂਰੀ ਹੈ ਕਿ ਗੁਰਦੁਆਰਿਆਂ ਨੂੰ ਮਸੰਦ ਕਿਸਮ ਦੇ ਪੁਜਾਰਿਆਂ ਪਾਸੋ ਅਜ਼ਾਦ ਕਰਵਾਕੇ ਸਿੱਖ ਰਹਿਤ
ਮਰਯਾਦਾ ਇਸ ਕਰਕੇ ਬਣਾਈ ਸੀ ਕਿ ਗੁਰੂ ਸਾਹਿਬਨ ਵਲੋਂ ਇੱਕ ਪੰਥ ਹੀ ਸਾਜ ਕੇ ਉਸਨੂੰ ਨਿਆਰਾ ਰਹਿਣ ਦੀ
ਤਾਕੀਦ ਕੀਤੀ ਅਤੇ ਕਿਸੇ ਤਰਾਂ ਦੀਆ ਸੰਪਰਦਾਵਾਂ ਜਾ ਜਾਤਾਂ ਦੇ ਨਾਮ ਤੇ ਗੁਰਦੁਆਰੇ ਬਣਨ ਦੀ
ਸੰਭਾਵਨਾ ਹੀ ਨਾ ਸੀ ਛੱਡੀ ਅਤੇ ਸਭ ਨੂੰ ਸ੍ਰੀ ਅਕਾਲ ਤਖਤ ਸਹਿਬ ਦੇ ਸਰਨੀ ਰਹਿਣ ਦਾ ਹੁਕਮ ਸੀ। ਇਸ
ਉਪਰ ਗੁਰੂ ਕਾਲ ਤੋਂ ਬਾਅਦ ਭੀ ਖਾਲਸਾ ਪਹਿਰਾ ਦਿੰਦਾ ਰਿਹਾ ਅਤੇ ਬੜੀਆਂ ਬੜੀਆਂ ਮੱਲਾ ਭੀ ਮਾਰਦਾ
ਰਿਹਾ। ਗੁਰਦੁਆਰੇ ਅਜ਼ਾਦ ਕਰਵਾ ਕੇ ਪੰਥਕ ਰਹਿਤ ਮਰਯਾਦਾ ਦਾ ਨਿਰਮਾਣ ਭੀ ਸਮੁੱਚੇ ਪੰਥ ਦੀ ਅਗਵਾਈ ਲਈ
ਉਸ ਹੀ ਕੜੀ ਦਾ ਅੰਗ ਸੀ, ਜੋ ਕੁਰਬਾਨੀਆਂ ਦੇਣ ਵਾਲਿਆਂ ਵਲੋਂ ਬੜੀ ਸੋਚ ਵਿਚਾਰ ਬਾਅਦ ਬਣਾਈ ਗਈ।
ਅਤੇ ਚਾਲੂ ਹੋ ਗਈ।
ਪਰ ਬਦਕਿਸਮਤੀ ਨੂੰ ਗੁਰੂ ਆਸ਼ੇ ਉਲਟ ਜਾਤਾ ਦੇ ਨਾਮ ਤੇ ਗੁਰਦੁਆਰੇ ਅਤੇ ਕੁਛ ਸੰਪਰਦਾਵਾਂ ਐਸੀਆਂ
ਪੈਦਾ ਹੋਈਆਂ (ਜਾ ਪੈਦਾ ਕਰ ਦਿੱਤਿਆਂ ਗਈਆਂ) ਜੋ ਸਨਾਤਨੀ ਸੋਚ ਦੀਆਂ ਧਾਰਨੀ ਹਨ ਜੋ ਉਹਨਾਂ ਦੀਆਂ
ਲਿਖਤਾਂ ਅਤੇ ਸਨਾਤਨੀ ਕਿਸਮ ਦੀਆਂ ਕਰਮ ਕਾਂਡੀ ਗਤੀ ਵਿਧੀਆਂ ਤੋਂ ਜ਼ਾਹਰ ਹਨ, ਅਤੇ ਗੁਰੂ ਗੱਦੀ ਵਾਂਗ
ਡੇਰੇਦਾਰ ਦੀ ਮੌਤ ਤੋਂ ਬਾਅਦ ਅਗਲੇ ਡੇਰੇਦਾਰ ਨੂੰ ਗੱਦੀ ਬਖਸ਼ੀ ਜਾਂਦੀ ਹੈ ਅਤੇ ਗੱਦੀ ਲਈ ਝਗੜੇ ਭੀ
ਹੁੰਦੇ ਹਨ। ਇਹ ਸਭ ਕੁਛ ਇਨ੍ਹਾਂ ਵਲੋਂ, ਪੰਥਕ ਰਹਿਤ ਮਰਯਾਦਾ ਦੀ ਥਾਂ ਆਪਣੀ ਆਪਣੀ ਬਣਾਈ ਮਰਯਾਦਾ
ਅਨੁਸਾਰ ਹੁੰਦਾ ਹੈ। ਨਿਰਮਲ ਪੰਥ ਜੋ ਗੁਰੂ ਆਸ਼ੇ ਅਨੁਸਾਰ ਇੱਕ ਹੋਣਾ ਚਾਹੀਦਾ ਹੈ/ਸੀ, ਨੂੰ ਇਨ੍ਹਾਂ
ਸੰਪਰਦਾਵਾਂ ਅਤੇ ਜੁਦੀਆਂ ਜੁਦੀਆਂ ਮਰਯਾਦਾਵਾਂ ਨੇ ਨਿਰਮਲ ਤੇ ਇੱਕ ਜੁੱਟ ਨਹੀ ਰਹਿਣ ਦਿੱਤਾ। ਬੱਸ
ਇਹ ਹੀ ਪੰਥ ਦਾ ਏਕ ਨਾ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ, ਜਿਸ ਤੋਂ ਕੋਈ ਨਾਂਹ ਨਹੀ ਕਰ ਸਕਦਾ।
ਜਿਥੇ ਇਹ ਮਰਯਾਦਾਵਾਂ ਸਨਾਤਨੀ (ਨਾ ਕਿ ਗੁਰਮਤਿ) ਕਿਸਮ ਦੀਆਂ ਹਨ ਉਥੇ ਇਨ੍ਹਾਂ ਸੰਪਰਦਾਵਾਂ ਵਿੱਚ
ਪੰਥ ਵਿਰੋਧੀ ਅੰਸ਼ ਘੁਸ ਬੈਠ ਕਰਕੇ ਪੰਥ ਦੀ ਬਹੁਤ ਸਾਰੀ ਸ਼ਕਤੀ “ਰੋਟੀ ਖਾਂਦੇ ਦਾੜ੍ਹੀ ਕਿਉ ਹਿਲਦੀ
ਹੈ?” ਵਰਗੀਆਂ ਨਿਗੂਣੀਆਂ ਗੱਲਾਂ ਵਿੱਚ ਖਰਚ ਕਰਵਾਉਣ ਵਿੱਚ ਮਸਰੂਫ ਹੈ। ਜਦ ਕਿ ਸਭ ਜਾਣਦੇ ਹਨ ਕਿ
ਇਸ ਵੇਲੇ ਨਾਲੋਂ ਵੱਧ ਪੰਥ ਨੂੰ ਅਪਣੀ ਹੋਂਦ ਦਾ ਖਤਰਾ ਕਦੇ ਨਹੀਂ ਹੋਇਆ। ਕਿਉਕਿ ਹੁਣ ਭੌਤਕ ਹੀ
ਨਹੀ, ਸਮਾਜਿਕ, ਆਰਥਿਕ, ਇਤਿਹਾਸਕ ਅਤੇ ਸਭ ਤੋਂ ਵੱਧ ਸਿਧਾਂਤਕ ਪੱਖੋ ਮਲੀਆ ਮੇਟ ਕੀਤੇ ਜਾਣ ਦਾ ਹੈ।
ਸੋ ਇਸ ਸਮੇ ਇਹ ਕਹਿਣਾ ਕਿ ਬਾਣੀ ਇਸ ਵਿਧੀ ਨਾਲ ਪੜ੍ਹਨੀ ਚਾਹਦੀ ਹੈ, ਜਾ ਤਿੰਨ ਬਾਣੀਆਂ ਕਿਉਂ ਪੰਜ
ਕਿਉ ਨਹੀ ਜਦ ਕਿ ਵੱਧ ਤੋਂ ਵੱਧ ਬਾਣੀ ਪੜ੍ਹਨ ਦੀ ਕੋਈ ਰੋਕ ਨਹੀ ਅਤੇ ਬਾਣੀ ਸੰਬੰਧੀ ਹੋਰ ਕਈ ਤਰਾਂ
ਦੀ ਨੋਕ ਟੋਕ ਕਰੀ ਜਾਣਾ, ਜਦ ਕਿ ਗੁਰੂ ਸਾਹਿਬ ਵਲੋਂ ਹੁਕਮ ਹੈ ਕਿ ਇੱਥੇ ਪੜਿਆ ਅਨਪੜਿਆ” ਸਭ ਪਰਮ
ਗਤ ਪਾ ਸਕਦੇ ਹਨ ਅਤੇ ਲੇਖਾ ਜੋਖਾ ਕਰਮਾਂ ਤੇ ਹੋਣਾ ਹੈ। ਸੋ ਬਾਣੀ ਕਿੰਨੀ ਤੇ ਕਿਹੜੀ ਪੜ੍ਹਨੀ ਜਾ
ਨਾ ਪੜ੍ਹਨ ਸੰਬੰਧੀ ਕਿਸੇ ਤਰਾਂ ਵਾਦ ਵਿਵਾਦ ਵਿੱਚ ਪੈਣਾ ਹੀ ਨਹੀ ਚਾਹੀਦਾ। ਜਿਹੜੀ ਭੀ ਬਾਣੀ ਪੜ੍ਹੀ
ਜਾਵੇ, ਉਸ ਦੀ ਵਿਚਾਰ ਅਨੁਸਾਰ ਜੀਵਨ ਢਾਲਣ, ਨਾਮ ਦੀ ਕਮਾਈ, ਸ਼ੁਭ ਕਰਮ ਕਰਨ, ਪੰਥ ਅਤੇ ਸਰਬੱਤ ਦੇ
ਭਲੇ ਲਈ ਉੱਦਮ ਹੋਵੇ। ਇਸ ਤੋਂ ਇਲਾਵਾ ਬ੍ਰਾਹਮਣੀ ਥਿਤਾਂ ਵਾਰਾਂ, ਖਾਣ ਪਾਣ ਅਦਿ ਬਾਰੇ ਕਿਸੇ ਤਰਾਂ
ਦੀ ਨੁਕਤਾ ਚੀਨੀ ਭੀ ਬੇਲੋੜੀ ਅਤੇ ਟੀਚੇ ਤੋਂ ਲਾਂਭੇ ਜਾਣ ਬਰਾਬਰ ਹੈ। ਇਨ੍ਹਾਂ ਨਿਗੂਣੀਆਂ ਗੱਲਾਂ
ਦੇ ਕਾਰਨ ਪੰਥ ਸ੍ਰੀ ਗੁਰੂ ਨਾਨਕ ਸਾਹਿਬ ਵਾਲੇ ਸਮੇਂ ਅਨੇਕਾਂ ਢੰਗਾਂ ਨਾਲ ਵੰਡੀ ਹੋਈ ਭਾਰਤੀ ਜੰਤਾ
ਵਾਲਾ ਨਕਸਾ ਪੇਸ਼ ਕਰ ਰਿਹਾ ਹੈ। ਇਹ ਬਿਲਕੁਲ ਭੁਲਾ ਕੇ ਕਿ ਜਦ ਤੱਕ ਕੌਮ (ਪੰਥ) ਰਾਜਸੀ ਤੌਰ ਤੇ
ਸੁਤੰਤਰ ਨਹੀ ਹੋ ਜਾਦੀ, ਉਹ ਸਮਾਜਿਕ ਅਦਿ ਬੁਰਾਇਆਂ ਤੋਂ ਭੀ ਛੁਟਕਾਰਾ ਨਹੀ ਪਾ ਸਕਦੀ। ਸੋ ਇਸ ਸਮੇਂ
ਦਾ ਟੀਚਾ ਜੇ ਰਾਜਸੀ ਸੁਤੰਤਰਤਾ ਦਾ ਹੋਵੇ ਤਾਂ ਫਿਰ ਏਕਤਾ ਦੀ ਕਿੰਨੀ ਲੋੜ ਹੈ, ਪੰਥ ਨੂੰ ਦਿਲੋ ਜਾਨ
ਨਾਲ ਪਿਆਰ ਕਰਨ ਵਾਲੇ ਹਰ ਸਿੱਖ ਨੂੰ ਭਲੀ ਭਾਂਤ ਪਤਾ ਹੋਣਾ ਚਾਹੀਦਾ ਹੈ। ਮਹਾਨ ਗੁਰੂ ਸਾਹਿਬ ਦੀ
ਸਿੱਖਿਆਂ ਅਤੇ ਉਹਨਾਂ ਵਲੋਂ ਪਾਏ ਪੂਰਨਿਆਂ ਦੀ ਰੌਸ਼ਨੀ ਵਿੱਚ ਜਿਸ ਅਸਾਨੀ ਨਾਲ ਸਿੱਖ ਨੌਮ ਏਕਾ ਕਰ
ਸਕਦੀ ਹੈ, ਸ਼ਾਇਦ ਹੀ ਹੋਰ ਕੋਈ ਕਰ ਸਕਦੀ ਹੋਵੇ। ਪਰ ਗੁਰੂ ਸਾਹਿਬਾਨ ਵਲੋਂ ਹਰ ਤਰਾਂ ਦੀਆ
ਕੁਰਬਾਨੀਆਂ ਦੇ ਕੇ ਅਤੇ ਪੰਥ ਵਲੋਂ ਸਮੇਂ ਅਸਹਿ ਤੇ ਅਕਹਿ ਤਸੀਹੇ ਝੱਲਕੇ ਕੌਮ ਨੂੰ ਸ੍ਰੀ ਗੁਰੂ
ਗ੍ਰੰਥ ਸਾਹਿਬ ਦੀ ਤਾਬਿਆ ਰਹਿੰਦੇ ਇੱਥੇ ਤੱਕ ਪਹੁੰਚਾ ਦਿੱਤਾ ਹੋਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਦੀ ਸਿੱਖਿਆ ਦੀ ਰੌਸਨੀ ਵਿੱਚ ਕੌਮ ਲਈ ਸੰਖੇਪ ਰੂਪ ਵਿੱਚ ਰਹਿਤ ਮਰਯਾਦਾ ਬਣਾ ਦਿੱਤੀ ਹੋਵੇ,
ਉਸਨੂੰ ਨੂੰ ਸਮੁੱਚੀ ਕੌਮ ਨਾ ਮੰਨੇ ਤਾਂ ਇਸ ਤੋਂ ਵੱਡੀ ਕੀ ਬਦਕਿਸਮਤੀ ਅਤੇ ਨਾ ਮੰਨਣ ਵਾਲਿਆ ਵਲੋਂ
ਅਕ੍ਰਿਤਘਣਤਾ ਹੋ ਸਕਦੀ ਹੈ। ? ਸ਼ੋ ਇਸ ਵੇਲੇ ਪੰਥ ਜੇ ਸੰਪਰਦਾਵਾਂ ਦੀ ਥਾਂ, ਗੁਰੂ ਆਸ਼ੇ ਅਨੁਸਾਰ
ਨਿਰਮਲ ਪੰਥ ਦੇ ਰੂਪ ਵਿੱਚ ਸਮੁੱਚੇ ਤੌਰ ਤੇ ਕੁਰਬਾਨੀਆਂ ਦੇਣ ਵਾਲੇ ਦੂਲਿਆਂ ਵਲੋਂ ਬਣਾਈ ਪਥੰਕ
ਰਹਿਤ ਮਰਯਾਦਾ ਤੇ ਪਹਿਰਾ ਦੇਣ ਲੱਗ ਪਵੇ ਤਾਂ ਏਕਾ ਕਰਨ ਲਈ ਕਿਸੇਂ ਤਰਾਂ ਦੇ ਲੈਕਚਰਾਂ ਅਦਿ ਦੀ ਲੋੜ
ਨਹੀਂ, ਬੜੀ ਅਸਾਨੀ ਨਾਲ ਹੋ ਸਕਦਾ ਹੈ, ਜਿਸ ਨਾਲ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਹੀ ਖੁਸ਼ੀਆਂ ਹਨ।
ਸੰਪਰਦਾਵਾਂ ਦੇ ਸਤਿਕਾਰ ਯੋਗ ਆਗੂ ਸੰਪਰਦਾਵਾਂ ਦੀ ਥਾਂ ਸਿੰਘ ਸਭਾ ਗੁਰਦੁਆਰੇ ਅਤੇ ਅਪਣੇ ਨਾਵਾਂ
ਨਾਲੋਂ ਸੰਤ ਪਦਵੀ ਦੀ ਥਾਂ ਭਾਈ ਸਾਹਿਬ ਪਦਵੀ ਲਾਕੇ ਇਹੋ ਮਹਾਨ ਏਕਤਾ ਦਾ ਕਾਰਜ ਇਸ ਸ਼ੁਭ ਕਦਮ ਨਾਲ
ਅਰੰਭ ਕਰ ਸਕਦੇ ਹਨ। ਜਿਵੇਂ ਜਵੱਦੀ ਵਾਲੇ ਸਤਿਕਾਰਯੋਗ ਭਾਈ ਸਾਹਿਬ ਨਿਰੰਜਨ ਸਿੰਘ ਜੀ ਨੇ ਆਪਣੇ ਨਾਮ
ਨਾਲੋ “ਸੰਤ” ਪਦਵੀ ਉਤਾਰ ਕੇ “ਭਾਈ ਸਾਹਿਬ” ਦੀ ਪਦਵੀ ਲਾ ਕੇ ਕੀਤਾ ਹੈ। ਗੁਰੂ ਜੀ ਮਿਹਰ ਕਰਨ ਸਭ
ਨੂੰ ਸੁਮੱਤ ਬਖਸ਼ਣ!