.

ਅਪਨੇ ਛੂਟਨ ਕੋ ਜਤਨੁ ਕਰਹੁ

ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 658

ਜਿਸ ਤਰ੍ਹਾਂ ਆਪਾਂ ਪਿੱਛੇ ਜ਼ਿਕਰ ਕਰ ਆਏ ਹਾਂ ਕਿ ਅਕਾਲ ਪੁਰਖ ਅਗਮ ਅਗੋਚਰ ਹੈ, ਭਾਵ ਨਾਂਹ ਵਸ ਵਿੱਚ ਆਉਣ ਵਾਲਾ ਹੈ। ‘ਨਾ ਤੂ ਆਵਹਿ ਵਸਿ’ ਵਾਲੇ ਸ਼ਬਦ ਉੱਪਰ ਆਪਾਂ ਜ਼ਿਕਰ ਕਰ ਆਏ ਹਾਂ। ਇਸ ਸ਼ਬਦ ਉੱਪਰ ਵੀ ਗੁਰਮਤਿ ਅਨੁਸਾਰ ਵਿਆਖਿਆ ਕਰਨੀ ਬਣਦੀ ਹੈ, ਤਾਂ ਕਿ ਗੁਰਮਤਿ ਮਾਰਗ ਦਾ ਦਰਸ਼ਨ ਕਰ ਸਕੀਏ। ਪਰਚੱਲਤ ਵਿਆਖਿਆ ਤਾਂ ਪ੍ਰਭੂ ਨੂੰ ਆਪਣੇ ਵਸ ਕੀਤਾ ਜਾ ਸਕਦਾ ਦਰਸਾਉਂਦੀ ਹੈ, ਕਿ ਪ੍ਰਭੂ! ਮੈਂ ਤੈਨੂੰ ਆਪਣੇ ਵਸ ਕਰ ਲਿਆ ਹੈ, ਤੂੰ ਹੁਣ ਛੁੱਟ ਕੇ ਵਿਖਾ। ਮੈਂ ਤਾਂ ਤੇਰੀ ਅਰਾਧਨਾ ਕਰਕੇ ਛੁੱਟ ਗਿਆ ਹਾਂ, ਤੂੰ ਕਿਵੇਂ ਛੁਟੇਂਗਾ। ਜਦੋਂ ਕਿ ਗੁਰਮਤਿ ਸਿਧਾਂਤ ਸਪਸ਼ਟ ਹੈ:
ਆਪੇ ਭਗਤਾ ਆਪਿ ਸੁਆਮੀ ਆਪਨ ਸੰਗਿ ਰਤਾ॥
ਨਾਨਕ ਕੋ ਪ੍ਰਭੁ ਪੂਰਿ ਰਹਿਓ ਹੈ ਪੇਖਿਓ ਜਤ੍ਰ ਕਤਾ॥ 2॥ 2॥ 11॥
ਗੁਰੂ ਗ੍ਰੰਥ ਸਾਹਿਬ, ਪੰਨਾ 498

ਉਹ ਅਕਾਲ ਪੁਰਖ ਆਪ ਹੀ ਆਪਣੀ ਸਿਫ਼ਤ-ਸਲਾਹ ਜਾਣਦਾ ਹੈ, ਆਪਣੇ ਰੰਗ ਵਿੱਚ ਆਪ ਹੀ ਰੱਤਾ ਹੈ। ਉਸ ਤੋਂ ਵੱਡਾ ਹੋਰ ਕੋਈ ਨਹੀਂ ਹੈਂ ਕਿ ਉਸਨੂੰ ਕੋਈ ਵੱਸ ਕਰ ਲਵੇ, ਕਿਉਕੇਂ ਉਹ ਅਗਮ ਹੈ ਅਗੋਚਰ ਹੈ ਅਤੇ ਨਾਂ ਵਸ ਵਿੱਚ ਆਉਣ ਵਾਲਾ ਹੈ।

ਸਿੱਖ ਲਈ ਅਤਿਅੰਤ ਜ਼ਰੂਰੀ ਹੈ ਕਿ ਉਹ ਗੁਰਮਤਿ ਦਾ ਮਾਰਗ ਸਮਝਣ ਦੀ ਕੋਸ਼ਿਸ ਕਰੇ। ਗੁਰਮਤਿ ਦਾ ਮਾਰਗ ਕਰਮਕਾਂਡੀ ਮਾਰਗ ਤੋਂ ਬਿੱਲਕੁਲ ਵੱਖਰਾ ਹੈ। ਗੁਰਮਤਿ ਦੇ ਧਾਰਨੀ ਕਰਮਕਾਂਡੀਆ ਵਾਂਗ ਇਹ ਨਹੀਂ ਕਹਿੰਦੇ ਕਿ ਉਹ ਸਾਡੇ ਵਸ ਵਿੱਚ ਹੈ ਅਤੇ ਸਾਨੂੰ ਗਊਆਂ ਦਾਨ ਕਰੋ। ਅਸੀਂ ਤੁਹਾਨੂੰ ਬੇ-ਤਰਨੀ ਨਦੀ ਦੇ ਪਾਰ ਕਰਨ ਲਈ ਮਰਨ ਤੋਂ ਬਾਅਦ ਗਊ ਪਹੁੰਚਾ ਦਿਆਂਗੇ।
ਗੁਰਮਤਿ ਮਾਰਗ ਆਪਣੇ ਆਪ ਵਿੱਚ ਬੜਾ ਹੀ ਸਪਸ਼ਟ ਹੈ। ਆਉ ਸ਼ਬਦ ਤੇ ਵੀਚਾਰ ਕਰਨ ਦੀ ਕੋਸ਼ਿਸ ਕਰੀਏ:
ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ॥
ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 658

ਪਦ ਅਰਥ
ਜਉ - ਜਿਵੇਂ
ਫਾਸ – ਫਾਹੀ, ਫੰਧੀ, ਫੰਧਾ, ਫਸ ਜਾਣਾ, ਜਾਲ
ਛੂਟਨ - ਛੁੱਟ ਜਾਣਾ, ਖ਼ਲਾਸੀ ਹੋ ਜਾਣੀ, ਮੁਕਿਤ ਹੋ ਜਾਣਾ।
ਕਰਹੁ - ਕਰਿਆ, ਕਰਨਾ
ਜਤਨੁ ਕਰਹੁ - ਜਤਨ ਕਰਿਆ, ਜਤਨ ਕੀਤਾ
ਛੂਟਨ ਕੋ ਜਤਨੁ ਕਰਹੁ – ਛੁੱਟਨ ਦਾ ਯਤਨ ਕੀਤਾ
ਤੁਮ ਅਰਾਧੇ - ਤੇਰੇ ਨਾਲ ਪ੍ਰੀਤ ਕਰਨ ਨਾਲ, ਤੇਰਾ ਸਿਮਰਨ ਕਰਨ ਨਾਲ
ਹੁਣ ਇਥੇ ਵੀਚਾਰਨਾ ਹੈ ਕਿ ੳਹੁ ਜਤਨ ਕੀ ਸੀ - “ਹਮ ਛੂਟੇ ਤੁਮ ਅਰਾਧੇ”
ਜਦੋਂ ਮੈਂ ਤੇਰੀ ਅਰਾਧਨਾ ਕੀਤੀ ਤਾਂ ਮੈਂ ਮਾਇਆ ਦੇ ਮੋਹ ਰੂਪ ਬੰਧਨ ਤੋਂ ਛੁੱਟ ਗਿਆ।
ਅਰਥ
ਹੇ ਮਾਧਉ ਜਿਵੇਂ ਮੈਂ ਝੂਠੀ ਮਾਇਆ ਦੇ ਮੋਹ ਦੇ ਬੰਧਨ ਵਿੱਚ ਬੱਝਾ ਹੋਇਆ ਸੀ, ਤਿਵੇਂ ਹੁਣ ਮੈਂ ਆਪਣੇ ਆਪ ਨੂੰ ਤੇਰੇ ਪਿਆਰ ਦੇ ਬੰਧਨ ਵਿੱਚ ਬੰਨ੍ਹਕੇ, ਮਾਇਆ ਦੇ ਮੋਹ ਤੋਂ ਛੁੱਟਨ ਦਾ ਤੇਰੀ ਅਰਾਧਨਾ ਕਰਕੇ ਜਤਨ ਕੀਤਾ। ਤਾਂ ‘ਹਮ ਛੂਟੇ ਤੁਮ ਅਰਾਧੇ’। ਤੇਰੀ ਅਰਾਧਨਾ ਕਰਕੇ ਮੈਂ ਮਾਇਆ ਦੇ ਮੋਹ-ਬੰਧਨ ਤੋਂ ਛੁੱਟ ਗਿਆ ਹਾਂ, ਕਿਉਂਕਿ ਮਾਇਆ ਦੀ ਪ੍ਰੀਤ ਝੂਠੀ ਹੈ।
ਨੋਟ - ਇਹ ਪਤਾ ਚੱਲ ਗਿਆ ਕਿ,
ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ॥
ਗੁਰੂ ਗ੍ਰੰਥ ਸਾਹਿਬ, ਪੰਨਾ 352
ਮਾਧਵੇ ਜਾਨਤ ਹਹੁ ਜੈਸੀ ਤੈਸੀ॥
ਅਬ ਕਹਾ ਕਰਹੁਗੇ ਐਸੀ॥ 1॥ ਰਹਾਉ॥
ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ॥
ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ॥ 2॥
ਗੁਰੂ ਗ੍ਰੰਥ ਸਾਹਿਬ, ਪੰਨਾ 658

ਪਦ ਅਰਥ
ਮਾਧਵੇ – ਪ੍ਰਭੂ, ਪ੍ਰਮੇਸ਼ਵਰ
ਅਬ - ਹੁਣ
ਜਾਨਤ - ਜਾਣ ਲੈਣਾ
ਹਹੁ - ਅਸਚਰਜ ਬੋਧਿਕ ਸ਼ਬਦ ਹੈ (ਮਹਾਨ ਕੌਸ਼) ਅਸਚਰਜਤਾ
ਜੈਸੀ - ਜੈਸਾ
ਤੈਸੀ - ਤੈਸਾ
ਜੈਸੀ ਤੈਸੀ – ਜਿਸ ਤਰ੍ਹਾਂ ਦਾ ਸੁਣੀਦਾ ਸੀ, ਉਸ ਤਰ੍ਹਾਂ ਦਾ ਹੀ ਹੈ
ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ॥
ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ॥
ਗੁਰੂ ਗ੍ਰੰਥ ਸਾਹਿਬ, 957
ਕਹਾ - ਕਿਉਂ
ਫਾਂਕਿਓ - ਫਸ ਜਾਣਾ
ਪਕਰਿ - ਪਕੜੇ ਜਾਣਾ
ਅਰੁ ਕਾਟਿਓ - ਅਤੇ ਕੱਟੇ ਜਾਣਾ
ਰਾਂਧਿ ਕੀਓ - ਰਿੰਨ੍ਹ ਲਈ
ਬਹੁ ਬਾਨੀ - ਬਹੁ ਪਰਕਾਰ
ਖੰਡ ਖੰਡ – ਛੋਟੇ ਛੋਟੇ ਟੁਕੜੇ, ਚਿੱਥ ਚਿੱਥ ਕੇ
ਭੋਜਨੁ ਕੀਨੋ - ਸੇਵਨ ਕਰ ਲੈਣਾ
ਤਊ ਨ – ਤਾਂ ਵੀ ਨਾਂਹ
ਬਿਸਰਿਓ ਪਾਨੀ - ਪਾਣੀ ਨਹੀਂ ਵਿਸਰਿਆ
ਅਰਥ
ਹੇ ਮਾਧਵੇ ਤੇਰੇ ਨਾਲ ਪ੍ਰੀਤ ਕਰਕੇ ਇਸ ਅਸਚਰਜਤਾ ਨੂੰ ਜਾਣ ਲਿਆ ਹੈ। ਜੈਸਾ ਤੂੰ ਹੈਂ, ਤੈਸਾ ਤੂੰ ਹੀ ਹੈਂ, ਤੇਰੇ ਜੈਸਾ ਹੋਰ ਕੋਈ ਨਹੀਂ। ਤੇਰੇ ਨਾਲ ਪ੍ਰੀਤ ਕਰਨੀ ਹੀ ਸੱਚੀ ਪ੍ਰੀਤ ਹੈ। ਮਾਇਆ ਦੇ ਮੋਹ ਦੀ ਪ੍ਰੀਤ ਝੂਠੀ ਹੈ। ਹੁਣ ਐਸੀ ਪ੍ਰੀਤ ਕਿਉਂ ਕਰਾਂ ਜੋ ਝੂਠੀ ਹੈ? ਹੁਣ ਤੇਰੇ ਨਾਲ ਹੀ ਪ੍ਰੀਤ ਕਰਾਂਗਾ ਕਿਉਂਕਿ ਤੇਰੀ ਅਸਚਰਜਤਾ ਤੇਰੇ ਨਾਲ ਪ੍ਰੀਤ ਕਰਕੇ ਜਾਣ ਲਈ ਹੈ।
ਮਨੁੱਖ ਦੀ ਮਾਇਆ ਦੀ ਪ੍ਰੀਤ ਮੱਛੀ ਦੀ ਪਾਣੀ ਲਈ ਪ੍ਰੀਤ ਦੀ ਤਰ੍ਹਾਂ ਹੈ। ਜਿਵੇਂ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਰਹੀ ਅਤੇ ਇੱਕ ਦਿਨ ਫਸ ਗਈ, ਫੜਨ ਵਾਲਿਆਂ ਨੇ ਕੱਟ ਲਈ, ਬਹੁ ਪ੍ਰਕਾਰ ਰਿੰਨ੍ਹ ਲਈ, ਟੁਕੜੇ ਟੁਕੜੇ ਕਰ ਕੇ ਸੇਵਨ ਵੀ ਕਰ ਲਈ, ਪਰ ਫੇਰ ਵੀ ਪਾਣੀ ਨਹੀਂ ਵਿਸਰੀ। ਇਸੇ ਤਰ੍ਹਾਂ ਮਨੁੱਖ ਦੀ ਮਾਇਆ ਨਾਲ ਪ੍ਰੀਤ ਹੈ।
ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ॥ 1॥ ਰਹਾਉ॥
ਗੁਰੂ ਗ੍ਰੰਥ ਸਾਹਿਬ, ਪੰਨਾ 55
ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ॥
ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ॥ 3॥
ਗੁਰੂ ਗ੍ਰੰਥ ਸਾਹਿਬ, ਪੰਨਾ 658

ਪਦ ਅਰਥ
ਬਾਪੈ - ਪਿਉ ਦੀ (ਮਲਕੀਅਤ)
ਭਾਵਨ - ਪ੍ਰੀਤ, ਪ੍ਰੇਮ
ਭਾਵਨ ਕੋ- ਕੋਈ ਵੀ ਉਸਨੂੰ ਪ੍ਰੀਤ ਕਰ ਸਕਦਾ ਹੈ।
ਹਰਿ ਰਾਜਾ - ਪਰਮੇਸ਼ਰ ਜੋ ਸਾਰਿਆਂ ਦਾ ਰਾਜਾ ਹੈ।
ਮੋਹ - ਕਿਸੇ ਨਾਲ ਮੋਹ ਕਰਨਾ
ਮੋਹ ਪਲਟ - ਉਲਟਾ ਮੋਹ ਕਰਨਾ
ਸਭੁ ਜਗਤੁ - ਤਮਾਮ, ਸੰਮਹੂ ਜਗਤ
ਬਿਆਪਿਓ - ਜਕੜਿਆ ਹੋਇਆ, ਮਾਇਆ ਦੇ ਮੋਹ ਵਿੱਚ ਜਕੜੇ ਜਾਣਾ
ਭਗਤ - ਪ੍ਰੀਤ, ਭਗਤੀ, ਬੰਦਗੀ
ਭਗਤ ਨਹੀਂ - ਪ੍ਰੀਤ ਨਹੀਂ, ਬੰਦਗੀ ਨਹੀਂ
ਸੰਤਾਪਾ - ਸੰਤਾਪ, ਕਸ਼ਟ
ਭਗਤ ਨਹੀਂ ਸੰਤਾਪਾ - ਪ੍ਰੀਤ ਨਾਂਹ ਹੋਣ ਕਾਰਨ ਕਸ਼ਟ ਸਹਿਣਾ, ਸੰਤਾਪ ਹੰਢਾਉਣਾ
ਅਰਥ
ਪ੍ਰਭੂ ਕਿਸੇ ਇੱਕ ਦੀ ਜੱਦੀ ਮਲਕੀਅਤ ਨਹੀਂ ਹੈ। ਉਸ ਨੂੰ ਕੋਈ ਵੀ ਪ੍ਰੀਤ ਕਰ ਸਕਦਾ ਹੈ, ਉਹ ਹਰੀ ਸਾਰਿਆਂ ਦਾ ਰਾਜਾ ਹੈ। ਇਸ ਦੇ ਉਲਟ ਸਾਰਾ ਜਗਤ ਮਾਇਆ ਦੇ ਮੋਹ ਦੀ ਪ੍ਰੀਤ ਅੰਦਰ ਜਕੜਿਆ ਹੋਇਆ ਹੈ। ਪ੍ਰਭੂ ਨਾਲ ਪ੍ਰੀਤ ਨਹੀਂ ਅਤੇ ਮਾਇਆ ਦੇ ਮੋਹ ਦਾ ਸੰਤਾਪ ਹੰਢਾ ਰਿਹਾ ਹੈ।
ਨੋਟ- ਇਥੇ ਸਪਸ਼ਟ ਹੈ ਕਿ ਕੋਈ ਵੀ ਮੱਨੁਖ ਉਸ ਪ੍ਰਭੂ ਨੂੰ ਆਪਣੀ ਜੱਦੀ ਮਲਕੀਅਤ ਨਹੀਂ ਸਮਝ ਸਕਦਾ, ਨਾਂਹ ਹੀ ਕੋਈ ਉਸ ਨੂੰ ਆਪਣੇ ਵਸ ਕਰ ਸਕਦਾ ਹੈ। ਸੁਤੇ-ਸਿੱਧ ਹੀ ਇਸ ਸ਼ਬਦ ਅੰਦਰ ‘ਅਪਨੇ ਛੂਟਨ ਕੋ ਜਤਨੁ ਕਰਹੁ’ ਦਾ ਸਿਧਾਂਤ ਸਪਸ਼ਟ ਹੈ।
ਕਹਿ ਰਵਿਦਾਸ ਭਗਤਿ ਇੱਕ ਬਾਢੀ ਅਬ ਇਹ ਕਾ ਸਿਉ ਕਹੀਐ॥
ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ॥ 4॥ 2॥
ਗੁਰੂ ਗ੍ਰੰਥ ਸਾਹਿਬ, ਪੰਨਾ 658
ਪਦ ਅਰਥ
ਬਾਢੀ - ਵੱਡਣ ਕੱਟਣ ਦੀ ਕ੍ਰਿਆ, ਭਾਵ ਕੱਟਣਾ (ਮਹਾਨ ਕੌਸ਼)
ਭਗਤਿ - ਬੰਦਗੀ, ਪ੍ਰੀਤ ਕਰਨ ਦੇ ਨਾਲ
ਸਿਉ - ਸੰਗਿ, ਪ੍ਰੀਤ
ਅਰਥ
ਰਵਿਦਾਸ ਜੀ ਇਹ ਗੱਲ ਆਖਦੇ ਹਨ ਕਿ ਹੇ ਪ੍ਰਭੂ ਤੇਰੀ ਪ੍ਰੀਤ ਕਰਨ ਨਾਲ ਮੇਰਾ ਮਾਇਆ ਦਾ ਸੰਗ (ਪ੍ਰੀਤ) ਕੱਟਿਆ ਗਿਆ ਹੈ। ਇਹ ਹੁਣ ਹੋ ਹੀ ਨਹੀਂ ਸਕਦਾ ਕਿ ਜਿਸ ਕਾਰਨ ਤੇਰੇ ਨਾਲ ਪ੍ਰੀਤ ਕੀਤੀ ਹੈ, ਉਹ ਮਾਇਆ ਦੀ ਪ੍ਰੀਤ ਦਾ ਦੁੱਖ ਅਜੇ ਵੀ ਸਹਿਣਾ ਪਵੇ, ਕਿਉਂਕਿ ਤੇਰੀ ਪ੍ਰੀਤ ਸੱਚੀ ਹੈ ਅਤੇ ਮਾਇਆ ਦੀ ਪ੍ਰੀਤ ਝੂਠੀ।
ਆਉ ਹੁਣ ਪ੍ਰਹਿਲਾਦ ਜੀ ਵਾਲੇ ਵਿਸ਼ੇ ਨਾਲ ਲਗਾਤਾਰ ਸਾਂਝ ਪਾਉਣ ਦੀ ਕੋਸ਼ਿਸ਼ ਕਰੀਏ:
ਬਲਦੇਵ ਸਿੰਘ ਟੋਰਾਂਟੋ




.