. |
|
ਗੁਰਬਾਣੀ ਦਾ ਸੱਚ
(ਕਿਸ਼ਤ ਨੰ: 15)
ਗੁਰਬਾਣੀ ਦਾ ਸੱਚ (ਭਿਸ਼ਤ)
ਗੁਰੂ ਗ੍ਰੰਥ ਸਾਹਿਬ ਵਿੱਚ ਜਿਸ ਤਰ੍ਹਾਂ ਸੁਰਗ, ਬੈਕੁੰਠ ਦੀ ਕੋਈ ਭੂਗੋਲਿਕ
ਹੋਂਦ ਨਹੀਂ ਮੰਨੀ ਗਈ ਹੈ, ਉਸੇ ਤਰ੍ਹਾਂ ‘ਭਿਸ਼ਤ’ ਦੀ ਵੀ ਸਥਾਨਗਤ ਹੋਂਦ ਸਵੀਕਾਰ ਨਹੀਂ ਕੀਤੀ ਹੈ।
ਬਾਣੀਕਾਰਾਂ ਨੇ ਜਿਵੇਂ ਸੁਰਗ, ਬੈਕੁੰਠ ਸ਼ਬਦਾਂ ਦੀ ਵਰਤੋਂ ਕੀਤੀ ਹੈ, ਉਸੇ ਤਰ੍ਹਾਂ ‘ਭਿਸ਼ਤ’ ਸ਼ਬਦ ਦੀ
ਵੀ ਵਰਤੋਂ ਕੀਤੀ ਹੈ। ਭਾਵ, ਇਸ ਸ਼ਬਦ ਦੀ ਪ੍ਰਤੀਕ ਅਤੇ ਮੁਹਾਵਰੇ ਦੇ ਰੂਪ ਵਿੱਚ ਵਰਤੋਂ ਹੋਈ ਹੈ।
ਜੇਹੜੇ ਲੋਕ ‘ਭਿਸ਼ਤ ਦੀ ਸਥਾਨਗਤ ਹੋਂਦ ਮੰਨਦੇ ਸਨ, ਬਾਣੀਕਾਰਾਂ ਨੇ ਉਨ੍ਹਾਂ ਨਾਲ ਗੱਲ–ਬਾਤ ਕਰਨ
ਸਮੇਂ, ਉਨ੍ਹਾਂ `ਚ ਪ੍ਰਚਲਤ ਵਿਸ਼ਵਾਸ ਦਾ ਹਵਾਲਾ/ਦ੍ਰਿਸ਼ਟਾਂਤ ਦੇ ਕੇ ਉਨ੍ਹਾਂ ਨੂੰ ਗੁਰਮਤਿ ਦ੍ਰਿੜ
ਕਰਵਾਈ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਸ਼ਬਦਾਂ ਵਿੱਚ ‘ਭਿਸ਼ਤ’ ਸ਼ਬਦ ਆਇਆ ਹੈ, ਉਨ੍ਹਾਂ
ਵਿਚੋਂ ਕੁੱਝ ਕੁ ਦਾ ਵਰਣਨ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਭਾਵ ਨੂੰ ਹੋਰ ਸਪਸ਼ਟਤਾ ਨਾਲ ਸਮਝਿਆ ਜਾ
ਸਕੇ।
(ੳ) ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ॥ ਹੋਇ
ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ॥ (ਪੰਨਾ 24)
ਅਰਥ: (ਹੇ ਕਾਜ਼ੀ!) ਆਪਣੇ (ਰੋਜ਼ਾਨਾ) ਹਰੇਕ ਕਰਮ ਨੂੰ ਭੁਇਂ ਬਣਾ, (ਇਸ ਕਰਮ-ਭੁਇਂ ਵਿਚ) ਗੁਰੂ ਦਾ
ਸ਼ਬਦ ਬੀ ਪਾ, ਸਿਮਰਨ {ਗੁਰੂ ਦੇ ਸ਼ਬਦ ਦੀ ਸਿਖਿਆ} ਤੋਂ ਪੈਦਾ ਹੋਣ ਵਾਲੀ ਆਤਮਕ ਸੁੰਦਰਤਾ ਦਾ ਪਾਣੀ
(ਉਸ ਅਮਲ ਭੁਇਂ ਵਿਚ) ਸਦਾ ਦੇਂਦਾ ਰਹੁ। ਕਿਸਾਨ (ਵਰਗਾ ਉੱਦਮੀ) ਬਣ, (ਤੇਰੀ ਇਸ ਕਿਰਸਾਣੀ ਵਿਚ)
ਸਰਧਾ (ਦੀ ਖੇਤੀ) ਉੱਗੇਗੀ। ਹੇ ਮੂਰਖ! ਸਿਰਫ਼ ਇਸ ਤਰੀਕੇ ਨਾਲ ਸਮਝ ਆਵੇਗੀ ਕਿ ਬਹਿਸ਼ਤ ਕੀਹ ਹੈ ਤੇ
ਦੋਜ਼ਖ਼ ਕੀ ਹੈ। (ਇਸ ਸ਼ਬਦ ਦੀਆਂ ‘ਰਹਾਉ’ ਦੀਆਂ ਪੰਗਤੀਆਂ
“ਮਤੁ ਜਾਣ ਸਹਿ ਗਲੀ ਪਾਇਆ॥ ਮਾਲ ਕੈ
ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ॥”
ਹਨ। ਅਰਥ: (ਹੇ ਕਾਜ਼ੀ!) ਇਹ ਨ ਸਮਝੀਂ ਕਿ ਨਿਰੀਆਂ ਗੱਲਾਂ ਨਾਲ ਹੀ (ਰੱਬ) ਮਿਲ ਪੈਂਦਾ ਹੈ। ਜੇ
(ਬੇਈਮਾਨੀਆਂ ਕਰ ਕੇ ਇਕੱਠੇ ਕੀਤੇ ਹੋਏ) ਧਨ ਦੇ ਅਹੰਕਾਰ ਵਿੱਚ ਟਿਕੇ ਰਹੇ, ਜੇ (ਕਾਮਾਤੁਰ ਹੋ ਕੇ)
ਰੂਪ ਦੀ ਸੋਭਾ ਵਿੱਚ (ਮਨ ਜੁੜਿਆ ਰਿਹਾ) ਤਾਂ (ਬਾਹਰੋਂ ਮਜ਼ਹਬ ਦੀਆਂ ਗੱਲਾਂ ਕੁੱਝ ਨਹੀਂ ਸਵਾਰ
ਸਕਦੀਆਂ) ਇਸ ਤਰ੍ਹਾਂ ਮਨੁੱਖਾ ਜਨਮ ਅਜਾਈਂ ਚਲਾ ਜਾਂਦਾ ਹੈ। ‘ਰਹਾਉ’ ਦੀਆਂ ਇਨ੍ਹਾਂ ਤੁਕਾਂ ਦਾ ਹੀ
ਵਿਸਤਾਰ ਸ਼ਬਦ ਦੇ ਬਾਕੀ ਪਦਿਆਂ ਵਿੱਚ ਕੀਤਾ ਗਿਆ ਹੈ। ਸੋ, ਮੁੱਖ ਰੂਪ ਵਿੱਚ ਸਤਿਗੁਰੂ ਜੀ
ਸੁੱਚ-ਆਚਾਰ ਦੀ ਹੀ ਗੱਲ ਕਰਦਿਆਂ ਹੋਇਆਂ ਸੁੱਚ ਆਚਰਣ ਨੂੰ ਧਾਰਨ ਕਰਨ ਨੂੰ ਹੀ ਇਨ੍ਹਾਂ ਪੰਗਤੀਆਂ
ਵਿੱਚ ‘ਭਿਸ਼ਤ’ ਆਖਦੇ ਹਨ।
(ਅ) ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ॥ (ਪੰਨਾ 477)
ਅਰਥ: ਹੇ ਕਾਜ਼ੀ! ਤੂੰ ਕਿਹੜੀਆਂ ਕਿਤਾਬਾਂ ਵਿਚੋਂ ਦੱਸ ਰਿਹਾ ਹੈਂ (ਕਿ ਮੁਸਲਮਾਨ ਨੂੰ ਬਹਿਸ਼ਤ ਤੇ
ਹਿੰਦੂ ਨੂੰ ਦੋਜ਼ਕ ਮਿਲੇਗਾ)? (ਕਬੀਰ ਸਾਹਿਬ ਦੇ ਇਸ ਸ਼ਬਦ ਦੀਆਂ ‘ਰਹਾਉ’ ਦੀਆਂ ਪੰਗਤੀਆਂ
“ਕਾਜੀ ਤੈ ਕਵਨ ਕਤੇਬ ਬਖਾਨੀ॥ ਪੜ੍ਹਤ
ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਨ ਜਾਨੀ॥”
ਹਨ। ਅਰਥ: ਹੇ ਕਾਜ਼ੀ! ਤੂੰ ਕਿਹੜੀਆਂ ਕਿਤਾਬਾਂ ਵਿਚੋਂ ਦੱਸ ਰਿਹਾ ਹੈਂ (ਕਿ ਮੁਸਲਮਾਨ ਨੂੰ ਬਹਿਸ਼ਤ
ਤੇ ਹਿੰਦੂ ਨੂੰ ਦੋਜ਼ਕ ਮਿਲੇਗਾ)? (ਹੇ ਕਾਜ਼ੀ!) ਤੇਰੇ ਵਰਗੇ ਪੜ੍ਹਨ ਤੇ ਵਿਚਾਰਨ ਵਾਲੇ (ਭਾਵ, ਜੋ
ਮਨੁੱਖ ਤੇਰੇ ਵਾਂਗ ਤਅੱਸਬ ਦੀ ਪੱਟੀ ਅੱਖਾਂ ਅੱਗੇ ਬੰਨ੍ਹ ਕੇ ਮਜ਼ਹਬੀ ਕਿਤਾਬਾਂ ਪੜ੍ਹਦੇ ਹਨ) ਸਭ
ਖ਼ੁਆਰ ਹੁੰਦੇ ਹਨ। ਕਿਸੇ ਨੂੰ ਅਸਲੀਅਤ ਦੀ ਸਮਝ ਨਹੀਂ ਪਈ।
ਇਸ ਸ਼ਬਦ ਦੀਆਂ ਅੰਤਲੀਆਂ ਪੰਗਤੀਆਂ ਵਿੱਚ ਕਬੀਰ ਜੀ ਫ਼ਰਮਾਉਂਦੇ ਹਨ:
ਛਾਡਿ ਕਤੇਬ ਰਾਮੁ ਭਜੁ ਬਉਰੇ ਜੁਲਮ
ਕਰਤ ਹੈ ਭਾਰੀ॥ ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿਹਾਰੀ॥
ਅਰਥ: ਹੇ ਭਾਈ! ਮਜ਼ਹਬੀ ਕਿਤਾਬਾਂ ਦੀਆਂ ਬਹਿਸਾਂ ਛੱਡ ਕੇ ਪਰਮਾਤਮਾ ਦਾ ਭਜਨ ਕਰ, (ਬੰਦਗੀ ਛੱਡ ਕੇ,
ਤੇ ਬਹਿਸਾਂ ਵਿੱਚ ਪੈ ਕੇ) ਤੂੰ ਆਪਣੇ ਆਪ ਉੱਤੇ ਬੜਾ ਜ਼ੁਲਮ ਕਰ ਰਿਹਾ ਹੈਂ। ਕਬੀਰ ਨੇ ਤਾਂ ਇੱਕ
ਪਰਮਾਤਮਾ (ਦੇ ਸਿਮਰਨ) ਦਾ ਆਸਰਾ ਲਿਆ ਹੈ, (ਝਗੜਾਲੂ) ਮੁਸਲਮਾਨ (ਬਹਿਸਾਂ ਵਿੱਚ ਹੀ) ਖ਼ੁਆਰ ਹੋ ਰਹੇ
ਹਨ।
ਇਸ ਸ਼ਬਦ ਵਿੱਚ ਕਬੀਰ ਸਾਹਿਬ ‘ਭਿਸ਼ਤ’ ਦੇ ਇਸਲਾਮੀ ਵਿਸ਼ਵਾਸ ਨੂੰ ਸਵੀਕਾਰ
ਨਹੀਂ ਕਰ ਰਹੇ ਹਨ। ਸਗੋਂ ਆਪ ਤਾਂ ਮਨੁੱਖ ਨੂੰ ਮਜ਼ਬੀ ਝਗੜਿਆਂ ਤੋਂ ਉਪਰ ਉੱਠ ਕੇ ਪਵਿੱਤਰਤਾ ਦੀ
ਜ਼ਿੰਦਗੀ ਜਿਊਂਣ ਦੀ ਪ੍ਰੇਰਨਾ ਹੀ ਦੇ ਰਹੇ ਹਨ।)
(ੲ) ਰੋਜਾ ਧਰੈ ਨਿਵਾਜ ਗੁਜਾਰੈ ਕਲਮਾ ਭਿਸਤਿ ਨ ਹੋਈ॥ ਸਤਰਿ ਕਾਬਾ ਘਟ ਹੀ
ਭੀਤਰਿ ਜੇ ਕਰਿ ਜਾਨੈ ਕੋਈ॥ . . ਆਪੁ ਜਨਾਇ ਅਵਰ ਕਉ ਜਾਨੈ ਤਬ ਹੋਇ ਭਿਸਤ ਸਰੀਕੀ॥ 4॥ ਮਾਟੀ ਏਕ
ਭੇਖ ਧਰਿ ਨਾਨਾ ਤਾ ਮਹਿ ਬ੍ਰਹਮੁ ਪਛਾਨਾ॥ ਕਹੈ ਕਬੀਰਾ ਭਿਸਤ ਛੋਡਿ ਕਰਿ ਦੋਜਕ ਸਿਉ ਮਨੁ ਮਾਨਾ॥ 5॥
(ਪੰਨਾ 480) ਅਰਥ: (ਨਿਰਾ) ਰੋਜ਼ਾ ਰੱਖਿਆਂ, ਨਿਮਾਜ਼ ਪੜ੍ਹਿਆਂ ਤੇ ਕਲਮਾ ਆਖਿਆਂ ਭਿਸ਼ਤ ਨਹੀਂ ਮਿਲ
ਜਾਂਦਾ। ਰੱਬ ਦਾ ਗੁਪਤ ਘਰ ਤਾਂ ਮਨੁੱਖ ਦੇ ਦਿਲ ਵਿੱਚ ਹੀ ਹੈ, (ਪਰ ਲੱਭਦਾ ਤਾਂ ਹੀ ਹੈ) ਜੇ ਕੋਈ
ਸਮਝ ਲਏ. . ਜਦੋਂ ਮਨੁੱਖ ਆਪਣੇ ਆਪ ਨੂੰ ਸਮਝਾ ਕੇ ਦੂਜਿਆਂ ਨੂੰ (ਆਪਣੇ ਵਰਗਾ) ਸਮਝਦਾ ਹੈ, ਤਦ
ਭਿਸ਼ਤ ਦਾ ਭਾਈਵਾਲ ਬਣਦਾ ਹੈ। 4. ਮਿੱਟੀ ਇਕੋ ਹੀ ਹੈ, (ਪ੍ਰਭੂ ਨੇ ਇਸ ਦੇ) ਅਨੇਕਾਂ ਵੇਸ ਧਾਰੇ ਹੋਏ
ਹਨ। (ਅਸਲ ਮੋਮਨ ਨੇ) ਇਹਨਾਂ (ਵੇਸਾਂ) ਵਿੱਚ ਰੱਬ ਨੂੰ ਪਛਾਣਿਆ ਹੈ (ਤੇ ਇਹੀ ਹੈ ਭਿਸ਼ਤ ਦਾ ਰਾਹ);
ਪਰ, ਕਬੀਰ ਆਖਦਾ ਹੈ, (ਹੇ ਕਾਜ਼ੀ!) ਤੁਸੀ ਤਾਂ (ਦੂਜਿਆਂ ਉੱਤੇ ਜੋਰ-ਧੱਕਾ ਕਰ ਕੇ) ਭਿਸ਼ਤ (ਦਾ
ਰਸਤਾ) ਛੱਡ ਕੇ ਦੋਜ਼ਕ ਨਾਲ ਮਨ ਜੋੜੀ ਬੈਠੇ ਹੋ। 5. (ਇਸ ਸ਼ਬਦ ਵਿੱਚ ਵੀ ਕਬੀਰ ਸਾਹਿਬ ਕਿਸੇ ਅਸਮਾਨੀ
‘ਭਿਸ਼ਤ’ ਦੀ ਗੱਲ ਨਹੀਂ ਕਰ ਰਹੇ। ਆਪ ਇਸੇ ਜਨਮ ਵਿੱਚ ਪ੍ਰਭੂ ਦੀ ਰਜ਼ਾ ਵਿੱਚ ਵਿਚਰਦਿਆਂ ਹੋਇਆਂ
ਮਨੁੱਖ ਮਾਤਰ ਨੂੰ ਖ਼ੁਦਾ ਦੀ ਸੰਤਾਨ ਸਮਝ ਕੇ ਪਿਆਰਨ ਨੂੰ ‘ਭਿਸ਼ਤ’ ਆਖ ਰਹੇ ਹਨ।)
(ਸ) ਭਿਸਤੁ ਪੀਰ ਲਫਜ ਕਮਾਇ ਅੰਦਾਜਾ॥
(ਪੰਨਾ 1083) ਅਰਥ: ਹੇ ਖ਼ੁਦਾ ਦੇ ਬੰਦੇ! ਗੁਰੂ ਦੇ ਬਚਨਾਂ ਉਤੇ ਪੂਰੇ ਤੌਰ ਤੇ ਤੁਰਨਾ—ਇਹ ਹੈ
ਬਹਿਸ਼ਤ। (ਇਨ੍ਹਾਂ ਤੁਕਾਂ ਵਿੱਚ ਹਜ਼ੂਰ ਗੁਰੂ ਦੀ ਆਗਿਆ ਵਿੱਚ ਜ਼ਿੰਦਗੀ ਰੂਪ ਰਾਤ ਗੁਜ਼ਾਰਨ ਨੂੰ ਹੀ
‘ਭਿਸ਼ਤ’ ਕਹਿੰਦੇ ਹਨ। ਇਸ ‘ਭਿਸ਼ਤ’ ਨੂੰ ਮਰਨ ਮਗਰੋਂ ਨਹੀਂ ਬਲਕਿ ਜਿਊਂਦਿਆਂ ਹੀ ਹਾਸਲ ਕਰੀਦਾ ਹੈ।)
(ਹ) ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ ਦੋਜ ਠਰਾ॥ 11॥
(ਪੰਨਾ 1084) ਅਰਥ: ਹੇ ਅੱਲਾ ਦੇ ਬੰਦੇ! ਜਿਹੜਾ ਮਨੁੱਖ ਆਪਣੇ ਗੁਰੂ-ਪੀਰ (ਦੇ ਹੁਕਮ) ਨੂੰ ਪਛਾਣਦਾ
ਹੈ, ਉਹ ਬਹਿਸ਼ਤ ਦਾ ਹੱਕਦਾਰ ਬਣ ਜਾਂਦਾ ਹੈ, ਅਜ਼ਰਾਈਲ ਉਸ ਨੂੰ ਦੋਜ਼ਕ ਵਿੱਚ ਨਹੀਂ ਸੁੱਟਦਾ। (ਇਨ੍ਹਾਂ
ਪੰਗਤੀਆਂ ਵਿੱਚ ਹਜ਼ੂਰ ‘ਭਿਸ਼ਤ’ ਦੀ ਭੂਗੋਲਿਕ ਹੋਂਦ ਮੰਨ ਕੇ ਮਰਨ ਮਗਰੋਂ ਇਸ `ਚ ਅਪੜਨ ਦੇ ਚਾਹਵਾਨਾਂ
ਨੂੰ ਅਸਲ ‘ਭਿਸ਼ਤ’ ਦੇ ਅਧਿਕਾਰੀ ਦੀ ਸੋਝੀ ਕਰਾਉਂਦੇ ਹਨ।)
(ਕ) ਰਾਹੁ ਦਸਾਇ ਓਥੈ ਕੋ ਜਾਇ॥ ਕਰਣੀ ਬਾਝਹੁ ਭਿਸਤਿ ਨ ਪਾਇ॥
(ਪੰਨਾ 952) ਅਰਥ: (ਬਹਿਸ਼ਤ ਦਾ) ਰਸਤਾ ਤਾਂ ਹਰ ਕੋਈ ਪੁੱਛਦਾ ਹੈ ਪਰ ਉਸ ਰਸਤੇ ਉਤੇ ਤੁਰਦਾ ਕੋਈ
ਵਿਰਲਾ ਹੈ ਤੇ ਨੇਕ ਅਮਲਾਂ ਤੋਂ ਬਿਨਾ ਬਹਿਸ਼ਤ ਮਿਲਦਾ ਨਹੀਂ ਹੈ। (ਇਸ ਸ਼ਲੋਕ ਵਿੱਚ ਗੁਰੂ ਨਾਨਕ
ਸਾਹਿਬ ਧਾਰਮਕ ਦੁਨੀਆਂ ਵਿੱਚ ਪਸਰੇ ਕਰਮਕਾਂਡ, ਪਾਖੰਡ ਆਦਿ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ
ਹੋਏ ਅਮਲੀ ਜੀਵਨ ਜਿਊਂਣ ਦੀ ਪ੍ਰੇਰਨਾ ਕਰ ਰਹੇ ਹਨ। ਨਾ ਕਿ ਕਿਸੇ ਅਸਮਾਨੀ ‘ਭਿਸ਼ਤ” ਚ ਅਪੜਨ ਦੀ)
(ਖ) ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ॥ ਉਨਿ ਭੀ ਭਿਸਤਿ ਘਨੇਰੀ ਪਾਈ॥ 2॥ .
. ਤੁਮ ਦਾਤੇ ਹਮ ਸਦਾ ਭਿਖਾਰੀ॥ ਦੇਉ ਜਬਾਬੁ ਹੋਇ ਬਜਗਾਰੀ॥ ਦਾਸੁ ਕਬੀਰੁ ਤੇਰੀ ਪਨਹ ਸਮਾਨਾਂ॥
ਭਿਸਤੁ ਨਜੀਕਿ ਰਾਖੁ ਰਹਮਾਨਾ॥ 4॥ (ਪੰਨਾ 1161)
ਅਰਥ: (ਹੇ ਭਾਈ! ਤੁਸੀ ਦੱਸਦੇ ਹੋ ਕਿ ਖ਼ੁਦਾ ਨੇ ਬਾਬਾ ਆਦਮ ਨੂੰ ਬਹਿਸ਼ਤ ਵਿੱਚ ਰੱਖਿਆ ਸੀ, ਪਰ
ਤੁਹਾਡੇ ਹੀ ਆਖਣ ਅਨੁਸਾਰ) ਜਦੋਂ ਬਾਬਾ ਆਦਮ ਨੂੰ ਰੱਬ ਨੇ (ਉਸ ਦੀ ਹੁਕਮ-ਅਦੂਲੀ ਤੇ) ਰਤਾ ਕੁ ਅੱਖ
ਵਿਖਾਈ, ਤਾਂ ਉਸ ਆਦਮ ਨੇ ਭੀ ਉਹ ਬਹਿਸ਼ਤ ਥੋੜਾ ਚਿਰ ਹੀ ਮਾਣਿਆ (ਉੱਥੋਂ ਛੇਤੀ ਕੱਢਿਆ ਗਿਆ, ਤੇ ਜੇ
ਬਾਬਾ ਆਦਮ ਵਰਗੇ ਕੱਢੇ ਗਏ, ਤਾਂ ਦੱਸ, ਮੈਨੂੰ ਗ਼ਰੀਬ ਨੂੰ ਉੱਥੇ ਕੋਈ ਕਿਤਨਾ ਚਿਰ ਰਹਿਣ ਦੇਵੇਗਾ?)।
2. . .
(ਹੇ ਮੇਰੇ ਪ੍ਰਭੂ! ਮੈਨੂੰ ਕਿਸੇ ਬਹਿਸ਼ਤ ਬੈਕੁੰਠ ਦੀ ਲੋੜ ਨਹੀਂ ਹੈ) ਤੂੰ ਮੇਰਾ ਦਾਤਾ ਹੈਂ,
ਮੈਂ ਸਦਾ (ਤੇਰੇ ਦਰ ਦਾ) ਮੰਗਤਾ ਹਾਂ (ਜੋ ਕੁੱਝ ਤੂੰ ਮੈਨੂੰ ਦੇ ਰਿਹਾ ਹੈਂ ਉਹੀ ਠੀਕ ਹੈ, ਤੇਰੀ
ਕਿਸੇ ਭੀ ਦਾਤ ਅੱਗੇ) ਜੇ ਮੈਂ ਨਾਹ-ਨੁੱਕਰ ਕਰਾਂ ਤਾਂ ਇਹ ਮੇਰੀ ਗੁਨਹਗਾਰੀ ਹੋਵੇਗੀ। ਮੈਂ ਤੇਰਾ
ਦਾਸ ਕਬੀਰ ਤੇਰੀ ਸ਼ਰਨ ਆਇਆ ਹਾਂ। ਹੇ ਰਹਿਮ ਕਰਨ ਵਾਲੇ! ਮੈਨੂੰ ਆਪਣੇ ਚਰਨਾਂ ਦੇ ਨੇੜੇ ਰੱਖ, (ਇਹੀ
ਮੇਰੇ ਲਈ) ਬਹਿਸ਼ਤ ਹੈ। 4.
(ਇਸ ਸ਼ਬਦ ਵਿੱਚ ‘ਭਿਸ਼ਤ’ ਦੀ ਪ੍ਰਚਲਤ ਧਾਰਨਾ ਨੂੰ ਰੱਦ ਕਰਦਿਆਂ ਕਬੀਰ ਸਾਹਿਬ
ਕਹਿੰਦੇ ਹਨ ਕਿ ਪ੍ਰਭੂ ਦੀ ਰਜ਼ਾ ਵਿੱਚ ਵਿਚਰਦਿਆਂ ਹੋਇਆਂ, ਉਸ ਦੇ ਗੁਣਾਂ/ਸਿਫ਼ਤਾਂ ਨੂੰ ਧਾਰਨ ਕਰਨਾ
ਹੀ ‘ਭਿਸ਼ਤ’ ਨਿਵਾਸੀ ਹੋਣਾ ਹੈ।)
(ਗ) ਤੂੰ ਨਾਪਾਕੁ ਪਾਕੁ ਨਹੀ ਸੂਝਿਆ ਤਿਸ ਕਾ ਮਰਮੁ ਨ ਜਾਨਿਆ॥ ਕਹਿ ਕਬੀਰ
ਭਿਸਤਿ ਤੇ ਚੂਕਾ ਦੋਜਕ ਸਿਉ ਮਨੁ ਮਾਨਿਆ॥ 4॥
(ਪੰਨਾ 1350) ਅਰਥ: ਹੇ ਮੁੱਲਾਂ! ਤੂੰ ਅੰਦਰੋਂ ਤਾਂ ਪਲੀਤ ਹੀ ਰਿਹਾ, ਤੈਨੂੰ ਉਸ ਪਵਿੱਤਰ ਪ੍ਰਭੂ
ਦੀ ਸਮਝ ਨਹੀਂ ਪਈ, ਤੂੰ ਉਸ ਦਾ ਭੇਤ ਨਹੀਂ ਪਾਇਆ। ਕਬੀਰ ਆਖਦਾ ਹੈ— (ਇਸ ਭੁਲੇਖੇ ਵਿੱਚ ਫਸੇ ਰਹਿ
ਕੇ) ਤੂੰ ਬਹਿਸ਼ਤ ਤੋਂ ਖੁੰਝ ਗਿਆ ਹੈਂ, ਤੇ ਦੋਜ਼ਕ ਨਾਲ ਤੇਰਾ ਮਨ ਪਤੀਜ ਗਿਆ ਹੈ। 4. (ਇਸ ਸ਼ਬਦ ਵਿੱਚ
ਭਗਤ ਜੀ ਸਪਸ਼ਟ ਕਰ ਰਹੇ ਹਨ ਕਿ ਜੇਕਰ ਪ੍ਰਾਣੀ ਪ੍ਰਭੂ ਨਾਲ ਜੁੜਕੇ ਅਨੰਦ ਭਰਪੂਰ ਜੀਵਨ ਨਹੀਂ ਜਿਊਂ
ਰਿਹਾ ਤਾਂ ਉਹ ਦੋਜ਼ਕ ਦੀ ਅਗਨੀ ਭਾਵ ਵਿਕਾਰਾਂ ਵਿੱਚ ਹੀ ਸੜ-ਬਲ ਰਿਹਾ ਹੈ। ਵਿਕਾਰਾਂ ਵਿੱਚ
ਸੜਦਾ-ਬਲਦਾ ਮਨੁੱਖ ਆਤਮਕ ਮੌਤ ਦਾ ਸ਼ਿਕਾਰ ਹੋ ਕੇ ‘ਭਿਸ਼ਤ’ ਨਿਵਾਸੀ ਨਾ ਬਣ ਸਕਿਆ। ਭਾਵ, ਸੁਖ-ਅਰਾਮ
ਦੀ ਜ਼ਿੰਦਗੀ ਨਾ ਜਿਊਂ ਸਕਿਆ।)
(ਘ) ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ॥ ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ॥
(ਪੰਨਾ 885) ਅਰਥ: ਹੇ ਭਾਈ! ਕੋਈ ਮਨੁੱਖ ਆਖਦਾ ਹੈ 'ਮੈਂ ਮੁਸਲਮਾਨ ਹਾਂ', ਕੋਈ ਆਖਦਾ ਹੈ 'ਮੈਂ
ਹਿੰਦੂ ਹਾਂ'। ਕੋਈ ਮਨੁੱਖ (ਪਰਮਾਤਮਾ ਪਾਸੋਂ) ਬਹਿਸ਼ਤ ਮੰਗਦਾ ਹੈ, ਕੋਈ ਸੁਰਗ ਮੰਗਦਾ ਹੈ।
(ਇਨ੍ਹਾਂ ਪੰਗਤੀਆਂ ਵਿੱਚ ਆਮ ਮਨੁੱਖ ਵਲੋਂ ਆਪੋ-ਆਪਣੇ ਧਾਰਮਿਕ ਅਕੀਦੇ ਅਨੁਸਾਰ ਸੁਰਗ ਅਤੇ ਬਹਿਸ਼ਤ
ਦੀ ਮੰਗ ਦਾ ਵਰਣਨ ਕੀਤਾ ਗਿਆ ਹੈ। ਸਤਿਗੁਰੂ ਜੀ ਨੇ ਇਸ ਸ਼ਬਦ ਦੀਆਂ ਅੰਤਲੀਆਂ ਪੰਗਤੀਆਂ ਵਿੱਚ ਆਪਣਾ
ਮਤ ਪ੍ਰਗਟ ਕਰਦਿਆਂ ਆਖਿਆ ਹੈ: ਕਹੁ ਨਾਨਕ ਜਿਨਿ ਹੁਕਮੁ ਪਛਾਤਾ॥ ਪ੍ਰਭ ਸਾਹਿਬ ਕਾ ਤਿਨਿ ਭੇਦੁ
ਜਾਤਾ॥ ਅਰਥ: ਹੇ ਨਾਨਕ! ਆਖ-ਜਿਸ ਮਨੁੱਖ ਨੇ ਪਰਮਾਤਮਾ ਦਾ ਹੁਕਮ {ਹੁਕਮੀ ਖੇਡ ਨੂੰ} ਪਛਾਣਿਆ ਹੈ,
ਉਸ ਨੇ ਮਾਲਕ-ਪ੍ਰਭੂ ਦਾ ਭੇਤ ਪਾ ਲਿਆ ਹੈ (ਕਿ ਉਸ ਨੂੰ ਕਿਵੇਂ ਪ੍ਰਸੰਨ ਕਰ ਸਕੀਦਾ ਹੈ)।)
(ਙ) ਨਾ ਤਦਿ ਸੁਰਗੁ ਮਛੁ ਪਇਆਲਾ॥ ਦੋਜਕੁ ਭਿਸਤੁ ਨਹੀ ਖੈ ਕਾਲਾ॥ ਨਰਕੁ
ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ॥ 3॥
(ਪੰਨਾ 1035) ਅਰਥ: ਤਦੋਂ ਨਾਹ ਸੁਰਗ-ਲੋਕ ਸੀ, ਨਾਹ ਮਾਤ-ਲੋਕ ਸੀ ਤੇ ਨਾਹ ਹੀ ਪਤਾਲ ਸੀ। ਤਦੋਂ
ਨਾਹ ਕੋਈ ਦੋਜ਼ਖ਼ ਸੀ ਨਾਹ ਬਹਿਸ਼ਤ ਸੀ, ਤੇ ਨਾਹ ਹੀ ਮੌਤ ਲਿਆਉਣ ਵਾਲਾ ਕਾਲ ਸੀ। ਤਦੋਂ ਨਾਹ ਸੁਰਗ ਸੀ
ਨਾਹ ਨਰਕ ਸੀ, ਨਾਹ ਜੰਮਣ ਸੀ ਨਾਹ ਮਰਨ ਸੀ, ਨਾਹ ਕੋਈ ਜੰਮਦਾ ਸੀ ਨਾਹ ਮਰਦਾ ਸੀ। (ਇਨ੍ਹਾਂ
ਪੰਗਤੀਆਂ ਵਿੱਚ ਹਜ਼ੂਰ ਨੇ ਉਸ ਸਮੇਂ ਦਾ ਜ਼ਿਕਰ ਕੀਤਾ ਹੈ ਜਦ ਅਕਾਲ ਪੁਰਖ ਨੇ ਇਹ ਬਹੁ-ਰੰਗੀ ਸੰਸਾਰ
ਦੀ ਰਚਨਾ ਨਹੀਂ ਸੀ ਰਚੀ। ਪ੍ਰਭੂ ਵਲੋਂ ਬਹੁ-ਭਾਂਤੀ ਰਚਨਾ ਰਚਨ ਮਗਰੋਂ ਹੀ ਭਿੰਨ ਭਿੰਨ ਇਲਾਕਿਆਂ,
ਧਰਮਾਂ ਆਦਿ ਵਿੱਚ ਸੁਰਗ, ਭਿਸ਼ਤ ਆਦਿ ਦੀ ਧਾਰਨਾ ਪ੍ਰਚਲਤ ਹੋਈ ਹੈ। ਇਹ ਭਿੰਨ ਭਿੰਨ ਧਾਰਨਾ ਇਸ ਗੱਲ
ਦਾ ਹੀ ਲਖਾਇਕ ਹੈ ਕਿ ਇਹ ਮਨੁੱਖ ਦੀ ਆਪਣੀ ਕਲਪਣਾ ਦਾ ਹੀ ਸਿੱਟਾ ਹੈ। ਪ੍ਰਭੂ/ਕੁਦਰਤ ਦਾ ਨਿਯਮ
ਸਾਰੇ ਪ੍ਰਾਣੀਆਂ ਲਈ ਇਕੋ ਜੇਹਾ ਹੈ। ਅਕਾਲ ਪੁਰਖ ਨੇ ਵੱਖ ਵੱਖ ਧਰਮ ਦੇ ਪੈਰੋਕਾਰਾਂ ਲਈ ਵੱਖੋ
ਵੱਖਰਾ ਵਿਧਾਨ ਨਹੀਂ ਬਣਾਇਆ ਹੋਇਆ। ਚੂੰਕਿ ਉਸ ਨੇ ਮਨੁੱਖ ਪੈਦਾ ਕੀਤੇ ਹਨ ਹਿੰਦੂ, ਮੁਸਲਮਾਨ, ਈਸਾਈ
ਜਾਂ ਸਿੱਖ ਆਦਿ ਨਹੀਂ।)
ਸੋ, ਇਨ੍ਹਾਂ ਉਪਰੋਕਤਾਂ ਪ੍ਰਮਾਣਾਂ ਤੋਂ ਇਹ ਭਲੀ ਪ੍ਰਕਾਰ ਸਪਸ਼ਟ ਹੈ ਕਿ
ਗੁਰੂ ਗ੍ਰੰਥ ਸਾਹਿਬ ਵਿੱਚ ‘ਭਿਸ਼ਤ’ ਸ਼ਬਦ ਦੀ ਵਰਤੋਂ ਇਸਲਾਮਿਕ ਵਿਸ਼ਵਾਸ ਦੀ ਸਵੀਕ੍ਰਿਤੀ ਦੇ ਰੂਪ
ਵਿੱਚ ਨਹੀਂ ਹੋਈ ਹੈ। ਬਾਣੀਕਾਰਾਂ ਨੇ ਇਸਲਾਮਿਕ ਸ਼ਬਦਾਵਲੀ ਦੀ ਵਰਤੋਂ ਜ਼ਰੂਰ ਕੀਤੀ ਹੈ ਪਰੰਤੂ ਇਸ
ਸ਼ਬਦ ਵਿੱਚ ਰੂਹ ਆਪਣੀ ਵਿਚਾਰਧਾਰਾ ਦੀ ਫੂਕੀ ਹੈ। ਇਸ ਲਈ ਕੁੱਝ ਸੱਜਣਾਂ ਦਾ ਗੁਰੂ ਗ੍ਰੰਥ ਸਾਹਿਬ
ਵਿੱਚ ਇਸ ਸ਼ਬਦ ਦੀ ਵਰਤੋਂ ਦੇਖ ਕੇ ਹੀ ਇਹ ਕਹਿਣਾ ਜਾਂ ਲਿਖਣਾ ਕਿ ਬਾਣੀਕਾਰ ਵੀ ਇਸਲਾਮਿਕ ਵਿਸ਼ਵਾਸ
ਨੂੰ ਪ੍ਰਵਾਣ ਕਰਦੇ ਹਨ, ਬਿਲਕੁਲ ਹੀ ਨਿਰਮੂਲ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ‘ਭਿਸ਼ਤ’ ਦੀ ਭੂਗੋਲਿਕ
ਹੋਂਦ ਨੂੰ ਨਹੀਂ ਮੰਨਿਆ ਗਿਆ ਹੈ। ਜਿਸ ਤਰ੍ਹਾਂ ਬਾਣੀਕਾਰਾਂ ਨੇ ‘ਸੁਰਗ’ ਦੇ ਪੁਰਾਣਿਕ ਵਿਸ਼ਵਾਸ ਨੂੰ
ਸਵੀਕਾਰ ਨਹੀਂ ਕੀਤਾ ਹੈ, ਉਸੇ ਤਰ੍ਹਾਂ ਇਸਲਾਮ ਦੇ ‘ਭਿਸ਼ਤ’ ਸਬੰਧੀ ਵਿਸ਼ਵਾਸ ਨੂੰ ਵੀ ਪ੍ਰਵਾਣ ਨਹੀਂ
ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ‘ਭਿਸ਼ਤ’ ਦਾ ਜੋ ਸਰੂਪ ਹੈ, ਉਹ ਹੀ ਗੁਰਬਾਣੀ ਦਾ ਸੱਚ ਹੈ। ਇਸ
ਸੱਚ ਨੂੰ ਹੀ ਸਵੀਕਾਰ ਕਰਨ ਦੀ ਲੋੜ ਹੈ ਨਾ ਕਿ ‘ਭਿਸ਼ਤ’ ਸ਼ਬਦ ਦੇ ਪ੍ਰਚਲਤ ਅਰਥਾਂ ਨੂੰ। ‘ਭਿਸ਼ਤ’ ਸ਼ਬਦ
ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਵਿੱਚ ਅਜਿਹੇ ਹੋਰ ਕਈ ਸ਼ਬਦ ਹਨ ਜਿਨ੍ਹਾਂ ਦੀ ਬਾਣੀਕਾਰਾਂ ਨੇ
ਪ੍ਰਚਲਤ ਅਰਥਾਂ ਵਿੱਚ ਵਰਤੋਂ ਨਹੀਂ ਕੀਤੀ ਹੈ। ਸਾਨੂੰ ਬਾਣੀਕਾਰਾਂ ਵਲੋਂ ਜਿਨ੍ਹਾਂ ਅਰਥਾਂ ਵਿੱਚ
ਕਿਸੇ ਸ਼ਬਦ ਦੀ ਵਰਤੋਂ ਕੀਤੀ ਹੋਈ ਹੈ, ਉਨ੍ਹਾਂ ਅਰਥਾਂ ਨੂੰ ਹੀ ਗ੍ਰਹਿਣ ਕਰਨ ਦੀ ਲੋੜ ਹੈ। ਚੂੰਕਿ
ਇਨ੍ਹਾਂ ਅਰਥਾਂ ਵਿੱਚ ਹੀ ਗੁਰਬਾਣੀ ਦਾ ਸੱਚ ਅਥਵਾ ਗੁਰਮਤਿ ਵਿਚਾਰਧਾਰਾ ਦੀ ਵਿਲੱਖਣਤਾ ਦਾ ਰਹੱਸ
ਹੈ।
ਜਸਬੀਰ ਸਿੰਘ ਵੈਨਕੂਵਰ
|
. |