ਪਾਠ
ਕਿਸੇ ਵੀ ਲਿਖਿਤ, ਵਿਸ਼ੇਸ਼ ਕਰਕੇ ਧਰਮ-ਗ੍ਰੰਥ, ਦੇ ਪੜ੍ਹਨ ਦੀ ਕ੍ਰਿਆ ਨੂੰ
‘ਪਾਠ’ ਕਿਹਾ ਜਾਂਦਾ ਹੈ। ਭਾਰਤ ਵਿੱਚ ਪਾਠ ਕਰਵਾਉਣ ਦੀ ਪ੍ਰਥਾ ਵੇਦਾਂ, ਪੁਰਾਣਾਂ ਆਦਿ ਜਿਤਨੀ ਹੀ
ਪੁਰਾਣੀ ਹੈ। ਵੇਦ-ਕਾਲ ਤੋਂ ਹੀ ਪੰਡਿਤ/ਬ੍ਰਾਹਮਣ, ਹਿੰਦੂ ਗ੍ਰੰਥਾਂ ਦੇ ਹਵਾਲੇ ਨਾਲ, ਧਰਮ-ਪੁਸਤਕਾਂ
ਉੱਤੇ ਕਾਬਜ਼ ਰਹੇ ਹਨ। ਧਰਮ-ਗ੍ਰੰਥ ਪੜ੍ਹਨਾਂ-ਪੜ੍ਹਾਉਣਾ ਪੰਡਿਤਾਂ ਦਾ ਰਾਖਵਾਂ ਅਧਿਕਾਰ ਰਿਹਾ ਹੈ।
ਖੱਤ੍ਰੀ, ਧਰਮ-ਪੁਸਤਕਾਂ ਪੜ੍ਹ ਤਾਂ ਸਕਦੇ ਸਨ ਪਰ, ਪੜ੍ਹਾਉਣ/ਵਿਚਾਰਨ ਦੇ ਅਧਿਕਾਰ ਤੋਂ ਮਹਰੂਮ ਰੱਖੇ
ਜਾਂਦੇ ਸਨ। ਵੈਸ਼ ਵੀ ਪਾਠ ਪੜ੍ਹਨ ਵਿਚਾਰਣ ਦੇ ਮਾਨਵੀ ਅਧਿਕਾਰ ਤੋਂ ਵਾਂਜੇ ਕੀਤੇ ਹੋਏ ਸਨ। ਸ਼ੂਦਰਾਂ
ਨੂੰ ਧਰਮ ਨਾਲ ਦੂਰ ਦਾ ਵੀ ਸੰਬੰਧ ਰੱਖਣ ਦੀ ਆਗਿਆ ਨਹੀਂ ਸੀ। ਸੋ, ਪੁਜਾਰੀ-ਸ਼੍ਰੇਣੀ,
ਪੰਡਿਤ/ਬ੍ਰਹਮਣ, ਲੋਕਾਂ/ਜਜਮਾਨਾਂ ਦੇ ‘ਉਧਾਰ’ ਲਈ ਕਈ ਤਰ੍ਹਾਂ ਦੇ ਪਾਠ ਕਰਿਆ ਕਰਦੇ ਸਨ/ਹਨ; ਅਤੇ,
ਇਸ ਬਦਲੇ ਉਹ ਮੂੰਹ-ਮੰਗੀ ਦੱਛਣਾ, ਹੱਕ ਸਮਝ ਕੇ, ਲੈਂਦੇ ਸਨ/ਹਨ। ਦੁਨਿਆਵੀ ਦੁੱਖਾਂ ਤੋਂ ਡਰਨ,
ਤੇ ਸੰਸਾਰਕ ਸੁੱਖਾਂ ਦੀ ਲਾਲਸਾ ਕਰਨ ਵਾਲੇ ਪ੍ਰਾਣੀਆਂ ਨੂੰ ਲੁੱਟਣਾਂ ਬੜਾ ਸੌਖਾ ਹੁੰਦਾ ਹੈ। ਸੋ,
ਲੋਕਾਂ ਦੇ ‘ਕਲਿਆਣ’ ਵਾਸਤੇ, ਮਾਇਕ ਦੱਛਣਾ ਲੈ ਕੇ, ਗ੍ਰੰਥਾਂ ਦਾ ਪਾਠ ਕਰਨਾਂ ਪੁਜਾਰੀ ਸ਼੍ਰੇਣੀ ਲਈ
ਠੱਗੀ ਦਾ ਸਫ਼ਲ ਸਾਧਨ ਸੀ/ਹੈ।
ਭਗਤੀ ਕਾਲ ਵਿੱਚ ਅਧਿਆਤਮਕ ਮਹਾਂਪੁਰਖਾਂ, ਵਿਸ਼ੇਸ਼ ਕਰਕੇ ਗੁਰੂ ਨਾਨਕ ਦੇਵ
ਜੀ, ਨੇ ਆਪਣੀ ਬਾਣੀ ਦੇ ਮਾਧਿਅਮ ਰਾਹੀਂ ਬ੍ਰਾਹਮਣਾਂ ਦੀ ਪਾਠ-ਪ੍ਰਥਾ ਦਾ ਖੰਡਨ ਕਰਕੇ, ਪਾਠ ਨੂੰ
ਪੁਰਸ਼ਾਰਥ ਦਾ ਮਜੀਠੀ ਰੰਗ ਚੜ੍ਹਾਉਣ ਦਾ ਯਤਨ ਕੀਤਾ ਹੈ। ਪਰ, ਇਹ ਇੱਕ ਅਤਿਅੰਤ ਕੜਵੀ ਸੱਚਾਈ ਹੈ ਕਿ
ਗੁਰੂਦਵਾਰਿਆਂ ਦੇ ਪ੍ਰਬੰਧਕਾਂ ਤੇ ਕਰਮਚਾਰੀਆਂ ਨੇਂ ਪਾਠ ਦੀ ਪਵਿੱਤ੍ਰਤਾ ਨੂੰ ਭੰਗ ਕਰਕੇ ਇਸ ਉੱਤੇ
ਕੁਸੰਭੇ ਦਾ ਕੱਚਾ ਰੰਗ ਚੜ੍ਹਾ ਕੇ ਸ਼ੱ੍ਰਧਾਲੂਆਂ ਦੀ ਝੋਲੀ ਪਾ ਦਿੱਤਾ ਹੈ।
ਅੱਜ ਕਲ, ਸਿੱਖ-ਜਗਤ-ਅਖਾੜੇ ਵਿੱਚ ‘ਪਾਠ’ ਇੱਕ ਭਖਦਾ ਤੇ ਵਿਵਾਦੀ ਵਿਸ਼ਾ ਹੈ।
ਪਾਠ ਕਰਾਉਣ ਨਾਲ ਹੀ ਦੁੱਖਾਂ ਦੀ ਨਿਵ੍ਰਿਤੀ, ਤੇ ਮੁਕਤੀ ਦੀ ਪ੍ਰਾਪਤੀ ਦੇ ਭਰਮ ਕਾਰਣ ਸਾਰੇ ਸੰਸਾਰ
ਵਿੱਚ ਹਰ ਸਮੇ ਲਗਾਤਾਰ ਅਣਗਿਣਤ ਪਾਠ ਹੋ ਰਹੇ ਹਨ। ਗੁਰਮੱਤ ਵਿੱਚ ਸੱਚੀ ਸ਼ੱਰਧਾ ਰੱਖਣ ਵਾਲੇ ਕਈ
ਵਿਵੇਕੀ ਵਿਚਾਰਵਾਨ ਪਾਠ ਦੀ ਵਿਆਪਕ ਪ੍ਰਥਾ ਦੇ ਹੱਕ ਵਿੱਚ ਨਹੀਂ। ਪਾਠ ਕਰਨ/ਕਰਾਉਣ ਵਿੱਚ
ਅੰਧ-ਵਿਸ਼ਵਾਸ ਰੱਖਣ ਵਾਲੇ ਇਸ ਰੀਤਿ ਦੇ ਪੱਖ ਵਿੱਚ ਹਨ। ਇਸ ਕਸ਼ਮਕਸ਼ ਵਿੱਚ ਪਾਠ ਕਰਨ/ਕਰਾਉਣ ਵਾਲਿਆਂ
ਦਾ ਹੀ ਪੱਲੜਾ ਭਾਰੀ ਹੈ।
ਇਸ ਲੇਖ ਦੇ ਲੇਖਕ ਨੇ ਪਾਠ ਦੇ ਵਿਸ਼ੇ ਨਾਲ ਸੰਬੰਧਿਤ ਵਿਦਵਾਨਾਂ ਦੇ ਵਿਚਾਰ
ਸੁਣੇ, ਗੋਸ਼ਟੀਆਂ ਵਿੱਚ ਹਾਜ਼ਰੀ ਭਰੀ, ਕਈ ਲੇਖਾਂ ਤੇ ਪੁਸਤਕਾਂ ਦਾ ਅਧਿਅਨ ਵੀ ਕੀਤਾ, ਅਤੇ, ਪਾਠ
ਪ੍ਰਤਿ ਸੱਚ ਦੀ ਭਾਲ ਵਿੱਚ ਗੁਰੂਦਵਾਰਿਆਂ ਵਿੱਚ ਵੀ ਗਿਆ; ਪਰ, ਕਿਤੋਂ ਵੀ ਤਸੱਲੀਬਖ਼ਸ਼ ਉੱਤਰ ਨਹੀਂ
ਲੱਭਾ! ਅੰਤ ਵਿੱਚ ਗੁਰਬਾਣੀ ਤੋਂ ਸੇਧ ਲੈਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ। ਲੇਖਕ ਨੂੰ ਬਾਣੀ ਦੇ
ਵਿਚਾਰਨ ਨਾਲ ਪਾਠ ਸੰਬੰਧੀ ਜੋ ਕੁੱਝ ਪ੍ਰਾਪਤ ਹੋਇਆ ਉਹ ਪਾਠਕਾਂ ਨਾਲ ਸਾਂਝਾ ਕਰਨ ਦਾ ਉਪਰਾਲਾ ਇਸ
ਲੇਖ ਵਿੱਚ ਕੀਤਾ ਗਿਆ ਹੈ।
ਅੱਜ ਪਾਠ ਕਈ ਭਾਂਤ ਦੇ ਰੂਪ ਧਾਰਨ ਕਰ ਚੁੱਕਿਆ ਹੈ। ਸੱਭ ਤੋਂ ਅਧਿਕ
ਪ੍ਰਚੱਲਿਤ ਤੇ ਲੋਕ-ਪ੍ਰਿਯ ‘ਅਖੰਡ ਪਾਠ’ ਹੈ। ਇਸ ਤੋਂ ਬਿਨਾਂ ਸਹਿਜ-ਪਾਠ, ਖੁੱਲ੍ਹਾ-ਪਾਠ,
ਸਾਧਾਰਨ-ਪਾਠ, ਸਪਤਾਹਿਕ-ਪਾਠ, ਤੇ ਸੰਪਟੁ-ਪਾਠ ਆਦਿ ਕਈ ਭਾਂਤ ਦੇ ਪਾਠ ਹਨ। ਚੋਣਵੀਆਂ ਬਾਣੀਆਂ ਦੇ
ਪਾਠ ਵੀ ਲੋਕ-ਪਿਆਰੇ ਹੋ ਚੁੱਕੇ ਹਨ ਜਿਵੇਂ: ‘ਜਪੁ’, ‘ਆਸਾ ਦੀ ਵਾਰ’, ਅਤੇ ‘ਸੁਖਮਨੀ’ ਆਦਿ ਦੇ
ਪਾਠ। ਅਸ਼ਲੀਲ ਕਿਤਾਬ (ਅਖਾਉਤੀ ਦਸਮ ਗ੍ਰੰਥ) ਨੂੰ ਗੁਰੂ ਦੇ ਨਾਂ ਨਾਲ ਜੋੜਕੇ, ਇਸ ਦੇ ਪਾਠ/ਆਖੰਡ
ਪਾਠ ਕਰਨ/ਕਰਾਉਣ ਦਾ ਰਿਵਾਜ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ। ਇਸ ਮਨਮਤੀ ਪੁਸਤਕ ਵਿੱਚੋਂ `ਚੌਪਈ’
ਆਦਿ ਦੇ ਪਾਠ ਵੀ ਬੜੇ ਜੋਸ਼ ਖ਼ਰੋਸ਼ ਨਾਲ ਪ੍ਰਚਾਰੇ ਜਾ ਰਹੇ ਹਨ! ! ! ਇੱਥੇ ਹੀ ਬੱਸ ਨਹੀਂ, ਪਾਠਾਂ ਦੇ
ਸੰਖਿਆਤਮਕ (
quantitative)
ਨਾਮ ਵੀ ਹਨ ਜਿਵੇਂ:-ਇਕਾਦਸ ਪਾਠ, ਇੱਕੀਸ ਪਾਠ, ਇਕੋਤਰ ਸੌ
ਪਾਠ ਆਦਿ। ਹੁਣ ਇਹ ਗਿਣਤੀ ਲੱਖਾਂ ਤੱਕ ਪਹੁੰਚ ਚੁੱਕੀ ਹੈ। ਲੜੀਵਾਰ, ਤੇ ਨਾਲੋ ਨਾਲ ਇੱਕੋ ਸਮੇਂ (simultaneously)
ਕਈ ਕਈ ਪਾਠਾਂ ਦਾ ਰਿਵਾਜ ਵੀ ਬਹੁਤ ਹੋ ਚੁੱਕਿਆ ਹੈ। ਖੋਜ ਅਨੁਸਾਰ, ਭਾਂਤ ਭਾਂਤ ਦੇ ਪਾਠਾਂ ਦੀ
ਰੀਤਿ 18ਵੀਂ
ਸਦੀ ਦੇ ਦੂਜੇ ਅੱਧ ਵਿੱਚ ਸ਼ੁਰੂਹ ਕੀਤੀ ਗਈ ਅਤੇ ਹੁਣ ਸਿਖ਼ਰ `ਤੇ ਹੈ। ਗੁਰੂ-ਕਾਲ ਵਿੱਚ ਅਜਿਹੇ ਪਾਠ
ਨਹੀਂ ਸਨ ਹੁੰਦੇ!
20
ਵੀਂ, ਤੇ ਹੁਣ
21ਵੀਂ
ਸਦੀ ਵਿੱਚ ਧਰਮ ਦੇ ਮੋਹਰੀਆਂ ਨੇਂ ਗੁਰਬਾਣੀ ਦੇ ਪਵਿੱਤ੍ਰ ਪਾਠ ਦੀ ਇਤਨੀ ਕੁਵਰਤੋਂ ਤੇ ਦੁਰਵਰਤੋਂ
ਕੀਤੀ ਹੈ ਕਿ ਇਸ ਸੱਚ ਨੂੰ ਦੇਖ/ਸੁਣ ਕੇ ਕੰਨਾਂ ਨੂੰ ਹੱਥ ਲੱਗਦੇ ਹਨ! ! ! ਪਾਠ, ਪੁੰਨ-ਕਰਮ ਨਾਂਹ
ਰਹਿ ਕੇ ਵਣਜ-ਕਰਮ ਬਣਾ ਦਿੱਤਾ ਗਿਆ ਹੈ! ! ! ਸਾਰੇ ਸੰਸਾਰ ਦੇ ਗੁਰੂਦਵਾਰਿਆਂ ਵਿੱਚ ਪਾਠ ਵੇਚੇ ਤੇ
ਖ਼ਰੀਦੇ ਜਾਂਦੇ ਹਨ। ਜਿਤਨਾ ਪ੍ਰਸਿੱਧ ਤੇ ਇਤਿਹਾਸਕ ਗੁਰੂਦਵਾਰਾ, ਉਤਨਾਂ ਹੀ ਮਹਿੰਗਾ ਪਾਠ! ! !
ਕਹਿੰਦੇ ਹਨ ਕਿ ਅੰਮ੍ਰਿਤਸਰ ਦੇ ਗੁਰੂਦਵਾਰੇ ਦੇ ਪਾਠ ਸੱਭ ਤੋਂ ਮਹਿੰਗੇ ਹਨ! ! ! ਕਈ ਗੁਰੂਦਵਾਰਿਆਂ
ਵਿੱਚ ਕੀਤੇ ਪਾਠਾਂ ਦਾ ‘ਮੋਖ’ ਲੱਖਾਂ ਰੁਪਏ ਹੈ! ! ! ਇੱਕ ਹੋਰ ਕੁਸੈਲਾ ਪਰ ਮਜ਼ੇ ਦਾ ਸੱਚ ਇਹ ਹੈ
ਕਿ ਤੁਸੀਂ ਦੇਸ-ਬਿਦੇਸ ਘਰਿ ਬੈਠੇ ਹੀ ਚੈੱਕ ਭੇਜ ਕੇ ਪਾਠ ਖ਼ਰੀਦ ਸਕਦੇ ਹੋ! ! ਪਾਠ ਕਰਵਾਉਣ ਵਾਲੇ
ਨੂੰ ਪਾਠ `ਤੇ ਹਾਜ਼ਿਰ ਹੋਣ ਦੀ ਕੋਈ ਜ਼ਰੂਰਤ ਨਹੀਂ! ! !
ਧਰਮ ਦੇ ਵਾਪਾਰ ਵਿੱਚ ‘ਪਾਠ’ ਸੱਭ ਤੋਂ ਵੱਧ ਲਾਭ-ਦਾਇਕ ਵਸਤ (
most
profitable commodity) ਬਣਾ ਦਿੱਤੀ ਗਈ
ਹੈ। ਇਸ ਲਈ ਲਗ ਪਗ ਸਾਰੇ ਗੁਰੂਦਵਾਰਿਆਂ ਵਿੱਚ ਕਈ
ਕਈ ਕੋਠੜੀਆਂ (cabins)
ਬਣਾ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਤਾੜੇ ਹੋਏ ਭਾੜੇ
ਦੇ ਪਾਠੀ ਸਿਰ ਸਿੱਟ ਕੇ ਪਾਠ ਕਰਨ ਦਾ ਢੌਂਗ ਕਰਦੇ ਦਿਖਾਈ ਦਿੰਦੇ ਹਨ। ਇਹ ਸਾਰੇ ਪਾਠੀ ਬੋਲਕੇ ਪਾਠ
ਨਹੀਂ ਕਰਦੇ, ਕਿਉਂਕਿ ਪਾਠ ਸੁਣਨ ਵਾਲਾ ਤਾਂ ਕੋਈ ਹੁੰਦਾ ਹੀ ਨਹੀਂ! ! ! ਦੂਸਰਾ, ਜੇ ਇਹ ਸਾਰੇ ਬੋਲ
ਕੇ ਪਾਠ ਕਰਨ ਤਾਂ ਇਤਨੀਆਂ ਆਵਾਜ਼ਾਂ ਨਾਲ ਰਾਮ-ਰੌਲਾ ਜਿਹਾ ਮਚ ਜਾਵੇ। ਤੀਸਰਾ, ਇਨ੍ਹਾਂ ਪਾਠੀਆਂ
ਵਿੱਚੋਂ ਕਈਆਂ ਨੂੰ ਠੀਕ ਤਰ੍ਹਾਂ ਪਾਠ ਕਰਨਾਂ ਹੀ ਨਹੀਂ ਆਉਂਦਾ; ਸਿਰਫ਼ ਖਾਨਾ-ਪੂਰੀ ਲਈ ਹੀ ਬਿਠਾਏ
ਗਏ ਹੁੰਦੇ ਹਨ! ! ਕੀਤੇ ਕਰਾਏ (ready-made)
ਪਾਠਾਂ ਨਾਲ ਗੋਲਕ-ਪ੍ਰਬੰਧਕ ਕਮੇਟੀਆਂ ਨੂੰ
ਕਰੋੜਾਂ ਅਰਬਾਂ ਰੁਪਏ ਦੀ ਆਮਦਨ ਹੋ ਰਹੀ ਹੈ! ! !
ਗੁਰਬਾਣੀ/ਗੁਰਮੱਤ ਵਿੱਚ ਸਿੱਖ/ਸੇਵਕ ਲਈ ਪਾਠ ਕਰਨ ਦਾ ਮਹੱਤਵ ਬਹੁਤ ਲਿਖਿਆ
ਹੈ; ਪਰ, ਪੈਸੇ ਲੈ ਕੇ ਪਾਠ ਕਰਨ, ਅਤੇ ਪੈਸੇ ਦੇ ਕੇ ਪਾਠ ਕਰਵਾਉਣ ਦੇ ਅਧਾਰਮਿਕ ਕਰਮ ਦਾ ਕੋਈ
ਸੰਕੇਤ ਨਹੀਂ ਮਿਲਦਾ! ! ! ! !
ਗੁਰਮੱਤ ਅਨੁਸਾਰ ਪਾਠ ਪੜ੍ਹਨ/ਕਰਨ ਦਾ ਬਹੁਤ ਮਹੱਤਵ ਹੈ। ਪਾਠ, ਗੁਰ-ਮਾਰਗ
ਉੱਤੇ ਚੱਲਣ ਦਾ ਪਹਿਲਾ ਕਦਮ ਹੈ। ਪਹਿਲਾ ਕਦਮ ਪੁੱਟੇ ਬਿਨਾਂ ਅੱਗੇ ਤੁਰਨਾਂ ਸੰਭਵ ਨਹੀਂ। ਪਾਠ
ਕਰਨਾਂ, ਗੁਰ-ਪਉੜੀ ਦਾ ਪਹਿਲਾ ਡੰਡਾ ਹੈ, ਜਿਸ `ਤੇ ਇੱਕ ਪੈਰ ਟਿਕਾਕੇ ਦੂਜਾ ਪੈਰ ਪੁੱਟਣ ਲਈ ਸਹਾਰਾ
ਤੇ ਸੰਤੁਲਿਤਤਾ ਮਿਲਦੀ ਹੈ। ਦੂਸਰਾ ਕਦਮ ਹੈ ਕੀਤੇ/ਸੁਣੇ ਪਾਠ `ਤੇ ਵਿਚਾਰ ਕਰਨੀਂ। ਪਰ, ਸਾਡਾ
ਦੁਖਾਂਤ ਇਹ ਹੈ ਕਿ ਅਸੀਂ ਆਪਣਾ ਦੂਜਾ ਪੈਰ, ਜੋ ਕਿ ਮਾਇਆ ਦੇ ਚਿੱਕੜ ਵਿੱਚ ਬੁਰੀ ਤਰ੍ਹਾਂ ਧਸਿਆ
ਹੋਇਆ ਹੈ, ਚੁੱਕਣਾ ਹੀ ਨਹੀਂ ਚਾਹੁੰਦੇ। ਮਹਾਂਪੁਰਖਾਂ ਨੇ ਪਾਠ ਕਰਨ ਉਪਰੰਤ ਇਸ ਨੂੰ ਬਿਬੇਕਤਾ ਨਾਲ
ਵਿਚਾਰ ਕੇ ਜੀਵਨ ਨੂੰ ਇਸ ਅਨੁਸਾਰ ਢਾਲਣ ਉੱਤੇ ਵਧੇਰੇ ਜ਼ੋਰ ਦਿੱਤਾ ਹੈ। ਇਸ ਸੱਚ ਨੂੰ ਪੂਰੀ ਤਰ੍ਹਾਂ
ਸਮਝਕੇ ਹਿਰਦੇ ਵਿੱਚ ਬੈਠਾਉਣ ਲਈ ਗੁਰਬਾਣੀ ਦੇ ਕੁੱਝ ਸ਼ਬਦ/ਤੁਕਾਂ `ਤੇ ਵਿਚਾਰ ਕਰਨੀ ਜ਼ਰੂਰੀ ਹੈ।
“ਦੀਵਾ ਬਲੈ ਅੰਧੇਰਾ ਜਾਇ॥ ਬੇਦ ਪਾਠ ਮਤਿ ਪਾਪਾ ਖਾਇ॥
ਉਗਵੈ ਸੂਰੁ ਨ ਜਾਪੈ ਚੰਦੁ॥ ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ॥
ਬੇਦ ਪਾਠ ਸੰਸਾਰ ਕੀ ਕਾਰ॥ ਪੜ੍ਹਿ ਪੜ੍ਹਿ ਪੰਡਿਤ ਕਰਹਿ ਬੀਚਾਰ॥
ਬਿਨੁ ਬੂਝੈ ਸਭ ਹੋਇ ਖੁਆਰ॥ ਨਾਨਕ ਗੁਰਮੁਖਿ ਉਤਰਸਿ ਪਾਰਿ॥ ਸਲੋਕ ਮ: ੧
ਭਾਵ: ਜਦ (ਪ੍ਰਾਣੀ ਦੇ ਮਨ ਵਿੱਚ ਅਧਿਆਤਮ-ਗਿਆਨ-) ਜੋਤ ਜਗਦੀ ਹੈ ਤਾਂ
(ਅੰਤਹਕਰਨ ਵਿੱਚੋਂ ਅਗਿਆਨਤਾ ਦੇ) ਅੰਧੇਰੇ ਦਾ ਵਿਨਾਸ਼ ਹੋ ਜਾਂਦਾ ਹੈ। (ਇਸੇ ਤਰ੍ਹਾਂ)
ਧਰਮ-ਗ੍ਰੰਥਾਂ ਦੇ ਅਧਿਅਨ (ਸੋਚ-ਵਿਚਾਰ ਕੇ ਪੜ੍ਹਨ) ਨਾਲ ਪ੍ਰਾਪਤ ਹੋਈ ਨਿਰਮਲ ਤੇ ਬਿਬੇਕੀ ਮੱਤ
ਹਿਰਦੇ ਦੇ ਪਾਪਾਂ ਦੀ ਮੈਲ ਨੂੰ ਧੋ ਦਿੰਦੀ ਹੈ। ਜਦੋਂ (ਗਿਆਨ ਦੇ) ਸੂਰਜ ਦਾ ਉਦਯ ਹੁੰਦਾ ਹੈ, ਤਦੋਂ
ਚੰਦ (ਮੂੜ੍ਹਤਾ ਦਾ ਪ੍ਰਤੀਕ) ਨਜ਼ਰ ਨਹੀਂ ਆਉਂਦਾ। ਜਿੱਥੇ ਗਿਆਨ ਦਾ ਨੂਰ ਹੋਵੇ ਓਥੋਂ ਅਗਿਆਨਤਾ ਦਾ
ਅੰਧੇਰਾ ਖ਼ਤਮ ਹੋ ਜਾਂਦਾ ਹੈ। (ਨੋਟ: ਸੂਰਜ ਸ੍ਵੈ-ਪ੍ਰਕਾਸ਼ਮਾਨ (
selfluminous)
ਹੈ। ਚੰਦਰਮਾ ਅਨ੍ਹੇਰਾ ਹੈ; ਪਰ, ਸੂਰਜ ਤੋਂ
ਉਧਾਰੀ ਲਈ ਰੌਸ਼ਣੀ ਨਾਲ ਚਮਕਦਾ ਹੈ। ਇਸ ਸੱਚ ਤੋਂ ਅਣਜਾਣ ਸਿੱਧੜ ਲੋਕ ਚੰਦ (ਝੂਠ) ਦੀ ਹੀ ਪੂਜਾ ਕਰਨ
ਵਿੱਚ ਸੰਤੁਸ਼ਟ ਹਨ। ਇਹੋ ਸੱਚ ਗਿਆਨ-ਵਿਹੂਣੇ ਭੇਖੀ ਪੁਜਾਰੀਆਂ, ਬਾਬਿਆਂ, ਸੰਤਾਂ ਤੇ ਸਾਧਾਂ ਆਦਿ ਦਾ
ਹੈ ਜੋ ਗਿਆਨ ਦੇ ਸੂਰਜ ਗੁਰੂ ਗ੍ਰੰਥ ਦੇ ਆਸਰੇ ਲੋਕਾਂ ਤੋਂ ਆਪਣੀ ਪੂਜਾ ਕਰਵਾਉਂਦੇ ਤੇ ਨਿਰਦਈ ਹੋ
ਕੇ ਉਨ੍ਹਾਂ ਨੂੰ ਠੱਗਦੇ ਹਨ)।
(ਵਿਚਾਰ ਕੇ ਅਮਲ ਵਿੱਚ ਲਿਆਉਣ ਤੋਂ ਬਿਨਾਂ) ਗ੍ਰੰਥਾਂ ਦਾ ਪਾਠ ਲੋਕਾਚਾਰ,
ਦਿਖਾਵਾ, ਤੇ ਹਉਮੈ ਦੀ ਦੂਸ਼ਿਤ ਪ੍ਰਦਰਸ਼ਨੀ ਹੈ। ਪੰਡਿਤ/ਪੁਜਾਰੀ ਪਾਠ ਕਰਦੇ ਹਨ, ਤੇ ਵਿਚਾਰ ਵੀ ਕਰਦੇ
ਹਨ; ਇਹ ਵੀ ਓਪਰੀ ਤੇ ਦਿਖਾਵੇ ਦੀ ਰੀਤਿ ਹੈ, ਕਿਉਂਕਿ ਪਠਨ-ਪਾਠਨ ਦੇ ਸੱਚੇ ਸੁੱਚੇ ਪ੍ਰਭਾਵ ਨੂੰ
ਮਨ/ਆਤਮਾ ਤੱਕ ਪਹੁੰਚਣ ਹੀ ਨਹੀਂ ਦਿੱਤਾ ਜਾਂਦਾ। ਅਜਿਹੇ ਪਾਠਾਂ ਦਾ ਉਦੇਸ਼ ਸਿਰਫ਼ ਸੰਸਾਰਕ ਹੋਣ
ਕਰਕੇ, ਲੋਕ ਹੋਰ ਵਧੇਰੇ ਖ਼ੁਆਰ ਤੇ ਅਪਮਾਣਿਤ ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਕਥਨ ਕਰਦੇ ਹਨ ਕਿ
ਓਹੀ ਪ੍ਰਾਣੀ ਕੁਕਰਮਾਂ ਦੇ ਅੰਧਕਾਰ ਤੋਂ ਮੁਕਤ ਹੋ ਸਕਦਾ ਹੈ ਜੋ ਗੁਰੂ ਦੇ ਆਦੇਸ ਅਨੁਸਾਰ ਆਪਣਾ
ਜੀਵਨ ਢਾਲਦਾ ਹੈ।
“ਹਰਿ ਪੜਣਾ, ਹਰਿ ਬੁਝਣਾ, ਹਰਿ ਸਿਉ ਰਖਹੁ ਪਿਆਰੁ॥
ਹਰਿ ਜਪੀਐ, ਹਰਿ ਧਿਆਈਐ, ਹਰਿ ਕਾ ਨਾਮੁ ਅਧਾਰੁ॥” ਰਾਮਕਲੀ ਓਅੰਕਾਰੁ ਮ: ੧
ਭਾਵ: (ਗੁਰੁ ਨਾਨਕ ਦੇਵ ਜੀ ਪੰਡਿਤ/ਪੁਜਾਰੀ ਨੂੰ ਸੰਬੋਧਨ ਕਰਦੇ ਹੋਏ
ਕਹਿੰਦੇ ਹਨ ਕਿ ਆਤਮ-ਆਨੰਦ ਦੀ ਪ੍ਰਾਪਤੀ ਲਈ) ਪ੍ਰਭੂ ਦੀ ਨਾਮ-ਬਾਣੀ ਦਾ ਪਾਠ ਪੜ੍ਹੀਏ, ਪੜ੍ਹਕੇ
ਹਰਿ-ਨਾਮ `ਤੇ ਹੀ ਵਿਚਾਰ ਕਰੀਏ; (ਇਸੇ ਵਿਧੀ ਸਦਕਾ) ਹਰਿ ਨਾਲ ਹੀ ਸੱਚਾ ਸਨੇਹ ਜੋੜਣਾ ਲੋੜੀਏ।
ਧਿਆਨ/ਸੁਰਤ ਦੀ ਅਦ੍ਰਿਸ਼ਟ ਜ਼ੁਬਾਨ ਨਾਲ ਚਿੰਤਨ ਕਰਦੇ ਹੋਏ
ਓਸ
ਦੇ ਨਾਮ (ਸਿਫ਼ਤ-ਸਾਲਾਹ) ਨੂੰ ਹੀ ਜੀਵਨ-ਆਧਾਰ ਬਣਾਈ ਰੱਖੀਏ। (ਇਸ ਘਾਲਣਾ ਵਿੱਚ ਕੁਲੱਖਣੀ ਮਾਇਆ ਦਾ
ਕੋਈ ਦਖ਼ਲ ਨਹੀਂ ਹੋਣਾ ਚਾਹੀਦਾ)।
“ਹਰਿ ਪੜੁ ਹਰਿ ਲਿਖੁ ਹਰਿ ਜਪਿ ਹਰਿ ਗਾਉ ਹਰਿ ਭਉਜਲੁ ਪਾਰਿ ਉਤਾਰੀ॥
ਮਨਿ ਬਚਨਿ ਰਿਦੈ ਧਿਆਇ ਹਰਿ ਹੋਇ ਸੰਤੁਸਟੁ ਇਵ ਭਣੁ ਹਰਿ ਨਾਮੁ ਮੁਰਾਰੀ॥”
ਧਨਾਰਸੀ ਮ: ੪
ਭਾਵ: (ਮਾਇਆ-ਮੁਕਤ ਹੋਣ ਦਾ ਸੱਚਾ ਰਾਹ ਇਹ ਹੈ ਕਿ ਹਰ ਮਨੁੱਖ) ਹਰਿ-ਨਾਮ ਦੀ
ਸਿਫ਼ਤ ਸਾਲਾਹ ਦੀ ਬਾਣੀ ਦਾ ਪਾਠ ਕਰੇ, ਇਸੇ ਵਿਸ਼ੇ `ਤੇ ਬਿਬੇਕਪੂਰਨ ਵਿਚਾਰ ਲਿਖੇ, ਹਰਿਨਾਮ ਦਾ ਹੀ
ਮਨ ਨਾਲ ਸਿਮਰਨ ਕਰੇ, ਅਤੇ ਰੱਬੀ ਗੁਣਾਂ ਦਾ ਹੀ ਗਾਇਣ (ਕੀਰਤਨ) ਕਰੇ। ਇੰਜ ਕਰਨ ਵਾਲੇ ਪ੍ਰਾਣੀ ਦਾ
ਪ੍ਰਭੂ ਆਪ ਪਾਰ-ਉਤਾਰਾ ਕਰਦਾ ਹੈ। ਮਨ-ਮੰਦਿਰ ਵਿੱਚ, ਜ਼ੁਬਾਨ ਨਾਲ, ਅਤੇ ਅੰਤਰ-ਆਤਮੇ ਪ੍ਰਭੂ-ਨਾਮ ਦਾ
ਚਿੰਤਨ ਕਰਨਾਂ ਲੋੜੀਏ। ਇਕਾਗਰਚਿੱਤ ਹੋਕੇ ਸਹਿਜ/ਸ਼ਾਂਤ ਮਨ ਨਾਲ ਨਾਮ ਜਪਨਾ/ਉਚਾਰਣਾ ਹੀ ਪੁਰਸ਼ਾਰਥ
ਹੈ।
ਮਾਇਆ ਦੇ ਪ੍ਰਭਾਵ ਤੋਂ ਅਭਿੱਜ ਰਹਿਕੇ ਕੋਰੇ ਤੇ ਪਵਿੱਤ੍ਰ ਮਨ ਨਾਲ ਕੀਤੇ ਗਏ
ਪਾਠ ਦਾ ਹੀ ਲਾਭ ਹੋ ਸਕਦਾ ਹੈ। ਜੇ ਸਾਡਾ ਮਨ ਮਾਇਆ ਤੇ ਇਸ ਤੋਂ ਉਪਜੇ ਵਿਕਾਰਾਂ ਦੀ ਧੂੜ ਨਾਲ
ਲੱਥ-ਪੱਥ ਹੈ ਤਾਂ ਪਾਠ ਕਰਨ ਦਾ ਕੋਈ ਅਰਥ ਨਹੀਂ ਹੈ; ਇਹ ਤਾਂ ਕੇਵਲ ਧਰਮੀ ਹੋਣ ਦਾ ਢੌਂਗ ਹੀ ਹੈ;
ਲੋਕ-ਦਿਖਾਵਾ ਹੈ! ! ਗੁਰਮੱਤ ਵਿੱਚ ਲੋਕਾਚਾਰ, ਪਾਖੰਡ/ਭੇਖ, ਫ਼ਰੇਬ ਅਤੇ ਕਪਟ ਆਦਿ ਲਈ ਕੋਈ ਜਗ੍ਹਾ
ਨਹੀਂ।
“ਪਾਠ ਪੜੈ ਮੁਖਿ ਝੂਠੋ ਬੋਲੈ ਨਿਗੁਰੇ ਕੀ ਮਤਿ ਓਹੈ॥
ਨਾਮੁ ਨ ਜਪਈ ਕਿਉ ਸੁਖੁ ਪਾਵੈ ਬਿਨੁ ਨਾਵੈ ਕਿਉ ਸੋਹੈ॥” ਮਾਰੂ ਅ: ਮ: ੧
ਭਾਵ: (ਜੋ ਪ੍ਰਾਣੀ ਦਿਖਾਵੇ ਲਈ) ਪਾਠ ਕਰਦਾ/ਕਰਵਾਉਂਦਾ ਹੈ, ਪਰ ਹਰ ਸਮੇ
ਕੂੜ ਕੁਸੱਤ ਬਕਦਾ ਹੈ, ਉਹ (ਗੁਰ-ਸਿੱਖ ਹੋਣ ਦਾ ਢੌਂਗ ਕਰਨ ਦੇ ਬਾਵਜੂਦ ਵੀ) ਨਿਗੁਰਾ ਹੈ। (ਅਰਥਾਤ
ਉਹ ਗੁਰ-ਮਾਰਗ `ਤੇ ਨਹੀਂ ਚਲ ਰਿਹਾ, ਇਸ ਲਈ ਮਨਮੁੱਖ ਹੈ)। ਉਸਦੀ ਭ੍ਰਿਸ਼ਟ ਹੋਂਦ ਪਹਿਲਾਂ ਵਰਗੀ ਹੀ
ਮਲੀਨ ਰਹਿੰਦੀ ਹੈ। (ਮਨ/ਆਤਮਾ ਨਾਲ) ਸਿਮਰਨ ਨਾਂਹ ਕਰਨ ਕਾਰਣ, ਉਹ ਸੱਚਾ ਸੁੱਖ ਕਿਵੇਂ ਪਾ ਸਕਦਾ
ਹੈ! ਨਾਂਹੀ ਉਸ ਨੂੰ ਲੋਕ/ਪਰਲੋਕ ਵਿੱਚ ਸਥਾਈ ਸੋਭਾ ਹੀ ਮਿਲਦੀ ਹੈ।
“ਸਿਮ੍ਰਿਤਿ ਸਾਸਤ੍ਰ ਕਰਹਿ ਵਖਿਆਣ॥ ਨਾਦੀ ਬੇਦੀ ਪੜਹਿ ਪੁਰਾਣ॥
ਪਾਖੰਡ ਦ੍ਰਿਸਟਿ ਮਨਿ ਕਪਟ ਕਮਾਹਿ॥ ਤਿਨ ਕੈ ਰਮਈਆ ਨੇੜਿ ਨਾਹਿ॥” ਬਸੰਤੁ ਮ:
੩
ਭਾਵ: (ਪੰਡਿਤ/ਪੁਜਾਰੀ) ਸਿਮ੍ਰਿਤੀਆਂ ਤੇ ਸ਼ਾਸਤ੍ਰਾਂ ਆਦਿ ਗ੍ਰੰਥਾਂ ਦਾ ਪਾਠ
ਕਰਕੇ ਵਖਿਆਨ ਕਰਦੇ ਹਨ। ਵੇਦਾਂ ਦੇ ‘ਗਿਆਤਾ’ ਇਹ ਪੰਡਿਤ, ਲੋਕਾਂ ਵਾਸਤੇ ਮੰਤ੍ਰਾਂ ਦਾ ਸੰਗੀਤਮਈ
ਕੀਰਤਨ ਵੀ ਕਰਦੇ ਹਨ। ਪੁਰਾਣਾਂ ਵਿੱਚ ਵਿਸ਼ਵਾਸ ਰੱਖਣ ਵਾਲੇ ਪੁਰਾਣਾ ਦਾ ਪਾਠ ਕਰਦੇ ਹਨ। ਪਰ,
ਉਨ੍ਹਾਂ ਦੀ ਸੁਰਤ ਛਲ-ਯੁਕਤ, ਅਤੇ ਮਨ ਵਿੱਚ (ਧੋਖੇ ਫ਼ਰੇਬ ਨਾਲ ਮਾਇਆ ਬਟੋਰਨ ਦੇ ਮੰਤਵ ਦੀ) ਅਸ਼ੁੱਧ
ਸੋਚ ਹੁੰਦੀ ਹੈ। ਅਜਿਹੇ ਕਪਟੀ ਪੁਜਾਰੀ ਸ੍ਰਿਸਟੀ ਵਿੱਚ ਰਮੇ ਹੋਏ ਪਰਮਾਤਮਾ ਦੀ ਨੇੜਤਾ ਤੋਂ ਵਾਂਜੇ
ਹੀ ਰਹਿੰਦੇ ਹਨ।
ਪੀਤੇ ਬਿਨਾਂ, ਜਲ ਜਲ ਦੀ ਰਟ ਲਾਇਆਂ ਪਿਆਸ ਨਹੀਂ ਬੁੱਝਦੀ; ਚੱਖੇ ਬਗੈਰ,
ਸ਼ਹਿਦ ਸ਼ਹਿਦ ਕਹੀ ਜਾਣ ਨਾਲ ਮੂੰਹ ਮਿੱਠਾ ਨਹੀਂ ਹੋ ਸਕਦਾ; ਦਵਾ ਦਵਾ ਕੂਕਿਆਂ ਰੋਗ ਨਹੀਂ ਕੱਟਿਆ
ਜਾਂਦਾ; ਰੋਗ ਦੂਰ ਕਰਨ ਲਈ ਦਵਾ ਦਾ ਘੁੱਟ ਸੰਘੋਂ ਉਤਾਰਨਾਂ ਹੀ ਪੈਂਦਾ ਹੈ। ਇਸੇ ਤਰ੍ਹਾਂ ਪਾਠ ਦੀ
ਮੁਹਾਰਨੀ ਨਾਲ ਨਾਂ ਤਾਂ ਬੁੱਧ ਵਿੱਚ ਬਿਬੇਕਤਾ ਹੀ ਆਉਂਦੀ ਹੈ ਅਤੇ ਨਾਂ ਹੀ ਮਨ/ਆਤਮਾ ਦੀ ਸ਼ੁਧੱਤਾ
ਸੰਭਵ ਹੈ। ਗੁਰ-ਹੁਕਮ ਹੈ:-
“ਕੜਛੀਆ ਫਿਰੰਨਿ, ਸੁਆਉ ਨ ਜਾਣਨਿ ਸੁਞੀਆ॥
ਸੇਈ ਮੁਖ ਦਿਸੰਨਿ, ਨਾਨਕ ਰਤੇ ਪ੍ਰੇਮ ਰਸਿ॥” ਸਲੋਕ ਮ: ੫
ਭਾਵ: ਹਰ ਸਮੇ ਦਾਲ/ਸਬਜ਼ੀ ਦੀ ਹਾਂਡੀ ਵਿੱਚ ਰਹਿਣ ਦੇ ਬਾਵਜੂਦ ਵੀ, ਕੜਛੀਆਂ
ਭਾਜੀ/ਪਕਵਾਨ ਦੇ ਸਵਾਦ ਤੋਂ ਸੱਖਣੀਆਂ ਤੇ ਅਣਜਾਣ ਰਹਿੰਦੀਆਂ ਹਨ। (ਅਰਥਾਤ ਨਿਰਾ ਮੂੰਹ ਨਾਲ ਬਾਣੀ
ਬੁੜਬੁੜਾਈ ਜਾਣ ਵਾਲੇ ਨਾਮ-ਰਸ ਨਹੀਂ ਚੱਖ ਸਕਦੇ)। ਉਨ੍ਹਾਂ ਮਨੁੱਖਾਂ ਦੀ ਹੋਂਦ ਹੀ ਨਾਮ-ਰਸ ਮਾਣਦੀ
ਹੈ ਜਿਨ੍ਹਾਂ ਦਾ ਹਿਰਦਾ ਪ੍ਰਭੂ-ਪ੍ਰੇਮ-ਰਸ ਵਿੱਚ ਸਦਾ ਭਿਜਿਆ ਰਹਿੰਦਾ ਹੈ।
ਭਾੜੇ ਦੇ ਪਾਠਾਂ ਦੇ ਪ੍ਰਸਾਰਣ ਤੇ ਪ੍ਰਚਾਰਣ ਪਿੱਛੇ ਪੁਜਾਰੀਆਂ ਦੀ
ਮਾਇਕ-ਤ੍ਰਿਸ਼ਨਾਂ ਤੇ ਮਾਇਆਧਾਰੀਆਂ ਦੀ ਹਉਮੈ ਦਾ ਗੁਪਤ ਹੱਥ ਹੁੰਦਾ ਕੰਮ ਕਰਦਾ ਹੈ। ਮਾਇਆ ਦੀ ਕਾਲਖ
ਨਾਲ ਮਾਨਸਿਕ ਤੌਰ `ਤੇ ਕੋਝੇ ਹੋਏ ਪੁਜਾਰੀ ਦੇ ਕੀਤੇ ਪਾਠ ਦਾ ਨਾਂ ਤਾਂ ਪਾਠੀ ਨੂੰ ਅਤੇ ਨਾਂ ਹੀ
ਮਾਇਆਧਾਰੀ ਨੂੰ ਕੋਈ ਅਧਿਆਤਮਕ ਲਾਭ ਹੋ ਸਕਦਾ ਹੈ। ਅਜਿਹੇ ਪਾਠ, ਪੁਜਾਰੀਆਂ ਦੀ ਤ੍ਰਿਸ਼ਨਾਂ ਅਤੇ
ਦੌਲਤਮੰਦਾਂ ਦੀ ਹਉਮੈ ਦੇ ਦੂਸ਼ਿਤ ਪ੍ਰਦਰਸ਼ਨ ਤੋਂ ਸਿਵਾ ਕੁੱਝ ਨਹੀਂ।
“…ਭਾਗਠਿ ਗ੍ਰਿਹਿ ਪੜੈ ਨਿਤ ਪੋਥੀ॥ ਮਾਲਾ ਫੇਰੈ ਮੰਗੈ ਬਿਭੂਤ॥
ਇਹ ਬਿਧਿ ਕੋਇ ਨ ਤਰਿਓ ਮੀਤ॥
ਸੋ ਪੰਡਿਤੁ ਗੁਰ ਸਬਦੁ ਕਮਾਇ॥ ਤ੍ਰੈ ਗੁਣ ਕੀ ਓਸੁ ਉਤਰੀ ਮਾਇ॥” …ਰਾਮਕਲੀ
ਮ; ੫
ਭਾਵ: (ਪੰਡਿਤ, ਪਾਠੀ, ਗ੍ਰੰਥੀ ਆਦਿ) ਮਾਇਆਧਾਰੀ ਦੇ ਘਰ ਜਾਕੇ, ਉਸ ਦੇ
ਕਲਿਆਨ ਲਈ ਗ੍ਰੰਥਾਂ ਦਾ ਪਾਠ ਕਰਦਾ ਹੈ, ਮਾਲਾ ਫੇਰਨ ਆਦਿ ਦਿਖਾਵੇ ਦੇ ਕਰਮ ਵੀ ਕਰਦਾ ਹੈ; ਇਸ
(ਅਹਿਸਾਨ) ਬਦਲੇ ਉਹ ਦੌਲਤਮੰਦ ਜਜਮਾਨ ਕੋਲੋਂ ਧਨ ਦੌਲਤ ਮੰਗਦਾ/ਲੈਂਦਾ ਹੈ। ਪਰ, ਹੇ ਭਾਈ! ਪਾਠ
ਬਦਲੇ ਧਨ-ਦੌਲਤ ਦੇਣ/ਲੈਣ ਨਾਲ ਕੋਈ ਵੀ (ਨਾਂ ਪਾਠੀ ਤੇ ਨਾਂ ਹੀ ਜਜਮਾਨ) ਮੁਕਤ ਨਹੀਂ ਹੋ ਸਕਦਾ! !
ਓਹੀ ਪੰਡਿਤ/ਪਾਠੀ ਸੱਚਾ ਹੈ ਜਿਹੜਾ ਗੁਰ-ਹੁਕਮ (ਗੁਰਬਾਣੀ) ਅਨੁਸਾਰ ਆਪਣਾ ਨਿੱਜੀ ਜੀਵਨ ਢਾਲਦਾ ਹੈ!
ਅਜਿਹੇ ਪੰਡਿਤ/ਪਾਠੀ ਉੱਤੇ ਤ੍ਰੈਗੁਣੀ ਮਾਇਆ ਦਾ ਮਾਰੂ ਪ੍ਰਭਾਵ ਨਹੀਂ ਪੈ ਸਕਦਾ! ! (ਅਰਥਾਤ ਉਹ
ਮਾਇਆ ਲਈ ਪਾਠ ਨਹੀਂ ਕਰਦਾ।) (ਭਾਗਠਿ:-ਚੰਗੇ ਭਾਗਾਂ ਵਾਲਾ ਅਮੀਰ ਆਦਮੀ; ਬਿਭੂਤ:-ਧਨ ਸੰਪਤੀ)।
ਉਪਰੋਕਤ ਗੁਰਬਾਣੀ-ਵਿਚਾਰ ਦਾ ਸਾਰੰਸ਼:-
ਗੁਰਬਾਣੀ ਦਾ ਪਾਠ ਬਹੁਤ ਜ਼ਰੂਰੀ ਹੈ; ਗੁਰਬਾਣੀ ਦੇ ਪਾਠ ਨੂੰ ਬਿਬੇਕਤਾ ਨਾਲ
ਵਿਚਾਰਨਾਂ ਹੋਰ ਵੀ ਲਾਜ਼ਮੀ ਹੈ; ਅਤੇ ਇਸ ਨਾਮ-ਵਿਚਾਰ ਨੂੰ ਸੁਰਤ ਵਿੱਚ ਸਮੋ ਕੇ ਸ੍ਵਾਸ ਸ੍ਵਾਸ
ਸਿਮਰਨਾ ਅਤਿਅੰਤ ਆਵੱਸ਼ਕ ਹੈ।
ਧਰਮ ਨੂੰ ਬਾਣੀ ਦੀ ਮੁਹਾਰਨੀ ਤੱਕ ਹੀ ਸੀਮਿਤ ਰੱਖਣਾ ਨਿਰਾਰਥਕ ਹੈ; ਅਜਿਹੀ
ਮੁਹਾਰਨੀ ਦੰਭ ਜਾਂ ਅਗਿਆਨਤਾ ਦੀ ਪ੍ਰਤੀਕ ਹੈ।
ਮਾਇਆ ਦੀ ਖ਼ਾਤਿਰ ਪਾਠ ਕਰਨਾਂ, ਅਤੇ ਪੈਸੇ ਦੇ ਕੇ ਪਾਠ ਕਰਵਾਉਣਾਂ,
ਮਨਮੁੱਖਤਾ ਹੈ।
ਭਾੜੇ ਦਾ ਪਾਠ, ਮਾਇਆ ਅਤੇ ਇਸ ਦੀ ਲਾਡਲੀ ਹਉਮੈ ਦੇ ਤਾਂਡਵ ਨਾਚ ਤੋਂ ਸਿਵਾ
ਕੁੱਝ ਵੀ ਨਹੀਂ ਹੈ।
ਇਸ ਜਗਤ ਵਿੱਚ ਹਰ ਪ੍ਰਾਣੀ ਮਨ/ਆਤਮਾ ਦਾ ਰੋਗੀ ਹੈ। ਇਸ ਰੋਗ ਤੋਂ ਛੁਟਕਾਰਾ
ਪਾਉਣ ਲਈ, ਹਰ ਸ਼ੱ੍ਰਧਾਲੂ ਨੂੰ ਆਪ ਪਾਠ ਕਰਨਾਂ ਲੋੜੀਏ। ਨਾਮ ਦਾਰੂ ਹੈ। ਇਹ ਕੀਮੀਆਈ ਦਾਰੂ ਹੋਰਾਂ
ਨੂੰ ਪਿਆ ਕੇ ਅਸੀਂ ਆਪ ਕਿਵੇਂ ਅਰੋਗ ਤੇ ਸ੍ਵਸਥ ਹੋ ਸਕਦੇ ਹਾਂ? ? ?
ਭੁੱਲ ਚੁਕ ਲਈ ਖਿਮਾ ਦਾ ਜਾਚਕ
ਦਾਸ,
ਗੁਰਇੰਦਰ ਸਿੰਘ ਪਾਲ
ਜਨਵਰੀ
17, 2010.