.

ਪ੍ਰੋ. ਦਰਸ਼ਨ ਸਿੰਘ ਜੀ `ਤੇ ਹਮਲਾ ਪੁਜਾਰੀ (ਸੰਪਰਦਾਈ) ਤਾਕਤਾਂ ਦੀ ਨਮੋਸ਼ੀ, ਹਾਰ, ਅਤੇ ਬੁਜ਼ਦਿਲੀ ਦਾ ਸੰਕੇਤ:

ਕੁੱਝ ਕਰਨ ਲਈ ਜਾਗਰਕ ਸਿੱਖਾਂ ਲਈ ਕੁੱਝ ਸੁਝਾਅ:

ਸੱਚ ਅਤੇ ਮਾਨਵਤਾ ਵਿਰੋਧੀ ਤਾਕਤਾਂ ਵਲੋਂ ਸਮੇਂ ਸਮੇਂ `ਤੇ ਜਾਗ੍ਰਿਤੀ ਲਿਆਉਣ ਵਾਲਿਆਂ ਨਾਲ ਦੁਸ਼ਮਨੀ ਪਾਲੀ ਜਾਂਦੀ ਰਹੀ ਹੈ। ਅਸਲ ਵਿੱਚ ਪੁਜਾਰੀ ਸ਼੍ਰੇਣੀ ਅਤੇ ਭ੍ਰਿਸ਼ਟ ਹਾਕਮਾਂ ਦਾ ਨਾਪਾਕ ਗਠਜੋੜ, ਸੱਚ ਅਤੇ ਮਾਨਵਤਾ ਦਾ ਹਮੇਸ਼ਾ ਤੋਂ ਹੀ ਵਿਰੋਧੀ ਰਿਹਾ ਹੈ। ਭਾਰਤ ਵਿੱਚ ਇਹ ਸ਼੍ਰੇਣੀ ‘ਬ੍ਰਾਹਮਣੀ ਤਾਕਤਾਂ’ ਦੇ ਰੂਪ ਵਿੱਚ ਮਿਲਦੀ ਹੈ। ਇਸ ਨੇ ਹਮੇਸ਼ਾਂ ਜਾਗ੍ਰਿਤੀ ਲਿਆਉਣ ਵਾਲਿਆਂ ਨੂੰ ਜ਼ਾਇਜ਼-ਨਜ਼ਾਇਜ ਤਰੀਕੇ ਵਰਤ ਕੇ ਦਬਾਉਣ ਦੀ ਕੋਸ਼ਿਸ਼ ਹੀ ਕੀਤੀ ਹੈ।

ਵਿੱਚ ਇਸ ਲੋਟੂ ਅਤੇ ਸੋਸ਼ਕ ਸ਼੍ਰੇਣੀ ਦੀ ਕੋਈ ਹੋਂਦ ਜਾਂ ਪ੍ਰੋੜਤਾ ਕੀਤੀ ਨਹੀਂ ਮਿਲਦੀ, ਬਲਕਿ ਇਸ ਦਾ ਖੰਡਨ ਥਾਂ-ਥਾਂ ਕੀਤਾ ਮਿਲਦਾ ਹੈ। ਪਰ ਅਫਸੋਸ! ਫਿਰ ਵੀ, ਅਨੇਕਾਂ ਕਾਰਨਾਂ ਕਰਕੇ, ਸਿੱਖ ਕੌਮ ਵਿੱਚ ਵੀ ਇਹ ਨਾਪਾਕ ਗਠਜੋੜ ਪੈਦਾ ਹੋ ਗਿਆ ਹੈ। ਇਸ ਸਮੇਂ ਇਸ ਗਠਜੋੜ ਦਾ ਪ੍ਰਤੀਕ ‘ਜਥੇਦਾਰ’ ‘ਸਿੰਘ ਸਾਹਿਬ’ ਦੇ ਲਕਬਾਂ ਹੇਠ ਅਤੇ ਭ੍ਰਿਸ਼ਟ ਅਖੌਤੀ ਅਕਾਲੀ ਲੀਡਰਾਂ ਦੇ ਰੂਪ ਵਿੱਚ ਹਨ। ਪੁਜਾਰੀ (ਅਖੌਤੀ ਜਥੇਦਾਰ ਆਦਿ) ਅਖੌਤੀ ਅਕਾਲੀ ਹਾਕਮਾਂ ਦੇ ਗੁਲਾਮ ਜਾਪਦੇ ਹਨ, ਜਿਹੜੇ ਅੱਗੇ ਸਿੱਖ ਕੌਮ ਵਿਰੋਧੀ ਬ੍ਰਾਹਮਣੀ ਤਾਕਤਾਂ ਦੀ ਗੁਲਾਮੀ ਕਰ ਰਹੇ ਹਨ। ਇਸ ਹਾਕਮ-ਪੁਜਾਰੀ ਗਠਜੋੜ ਨੇ ਬ੍ਰਾਹਮਣੀ ਤਾਕਤਾਂ ਦੇ ਹੁਕਮ ਅਤੇ ਸਹਿਯੋਗ ਨਾਲ ਕੌਮ ਨੂੰ ਅਗਿਆਨਿਤਾ, ਕਰਮਕਾਂਡਾਂ, ਅੰਧਵਿਸ਼ਵਾਸਾਂ ਦੇ ਹਨੇਰੇ ਖੂਹ ਵਿੱਚ ਧੱਕ ਦਿਤਾ ਹੈ। ਇਸ ਗਠਜੋੜ ਨੂੰ ਜਦੋਂ ਵੀ ਕੋਈ, ‘ਗੁਰਮਤਿ’ ਰੂਪੀ ਸੂਰਜ ਦੀ ਕੋਈ ਕਿਰਨ ਵਿਖਾਉਂਦਾ ਨਜ਼ਰ ਆ ਜਾਵੇ ਤਾਂ ਇਹ ਉਸ ਨੂੰ ਜ਼ਾਇਜ਼-ਨਜਾਇਜ਼ ਢੰਗ ਵਰਤ ਕੇ ਉਸ ਨੂੰ ਦਬਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ। ਇਤਿਹਾਸ ਵਾਚਿਆਂ ਇਹ ਸਪਸ਼ਟ ਹੋ ਜਾਂਦਾ ਹੈ। ਸਿੰਘ ਸਭਾ ਲਹਿਰ ਦੇ ਮੋਢੀ (ਗੁਰਮੁਖ ਸਿੰਘ ਜੀ, ਗਿਆਨੀ ਦਿੱਤ ਸਿੰਘ ਜੀ) ਪੁਜਾਰੀ-ਹਾਕਮ ਗਠਜੋੜ ਦਾ ਨਿਸ਼ਾਨਾ ਬਣੇ। ਵਿਚਕਾਰਲੇ ਦੌਰ ਵਿੱਚ ਇਹਨਾਂ ਦਾ ਸ਼ਿਕਾਰ ਗਿਆਨੀ ਭਾਗ ਸਿੰਘ ਜੀ ਅੰਬਾਲਾ ਨੂੰ ਬਣਨਾ ਪਿਆ। ਮੌਜੂਦਾ ਦੌਰ ਵਿੱਚ ਇਹਨਾਂ ਦਾ ਪਹਿਲਾ ਸ਼ਿਕਾਰ, ਕੌਮ ਤੋਂ ਬ੍ਰਾਹਮਣਵਾਦ ਦੀ ਧੁੰਦ ਨੂੰ ਦੂਰ ਕਰਨ ਲਈ ਲਾ-ਮਿਸਾਲ ਕੰਮ ਕਰਨ ਵਾਲੇ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਬਣੇ। ਦੂਜਾ ਸ਼ਿਕਾਰ ਮੀਡੀਆ ਦੀ ਤਾਕਤ ਰਾਹੀਂ ਗੁਰਮਤਿ ਦੀ ਗੱਲ ਕਰਨ ਵਾਲੇ ਸਪੋਕਸਮੈਨ ਦੇ ਮੁੱਖ ਸੰਪਾਦਕ ਜੋਗਿੰਦਰ ਸਿੰਘ ਜੀ ਬਣੇ। ਇਹਨਾਂ ਤਾਕਤਾਂ ਦਾ ਤਾਜ਼ਾ ਸ਼ਿਕਾਰ ਪ੍ਰੋ. ਦਰਸ਼ਨ ਸਿੰਘ ਜੀ ਬਣ ਰਹੇ ਹਨ।

ਕੌਮ ਨੂੰ ਗੁਰਮਤਿ ਦੇ ਸੂਰਜ ਵਲੋਂ ਬ੍ਰਾਹਮਣਵਾਦ ਦੀ ਹਨੇਰੀ ਖੱਡ ਵੱਲ ਧੱਕਣ ਵਿੱਚ ਵੱਡਾ ਯੋਗਦਾਨ ਦੋ ਗ੍ਰੰਥਾਂ ਦਾ ਹੈ ਉਹ ਹਨ ਦਸਮ ਗ੍ਰੰਥ ਅਤੇ ਗੁਰਬਿਲਾਸ ਪਾ: 6. ਐਸਾ ਸਾਹਿਤ ਬ੍ਰਾਹਮਣੀ ਤਾਕਤਾਂ ਵਲੋਂ ਕੌਮ ਦੇ ਬਿਖੜੇ ਸਮੇਂ ਵਿੱਚ ਇਸ ਦੇ ਵਿਹੜੇ ਵਿੱਚ ਸੁਟਿਆ ਗਿਆ। ‘ਦਸਮ ਗ੍ਰੰਥ’ ਐਸੀ ਗੁਰਮਤਿ ਵਿਰੋਧੀ ਰਚਨਾਵਾਂ ਦੀ ਸਰਦਾਰ ਹੈ। ਇਸ ਗ੍ਰੰਥ ਦਾ ਮੁੱਢਲਾ ਨਾਂ ‘ਬਚਿਤ੍ਰ ਨਾਟਕ’ ਸੀ। ਇਸ ਨੂੰ ਦਸ਼ਮੇਸ਼ ਜੀ ਦੀ ਰਚਨਾ ਪ੍ਰਚਾਰਿਆ ਗਿਆ। ਸ਼ਰਧਾ ਵਧਾਉਣ ਦੇ ਮਕਸਦ ਨਾਲ ਇਸਦਾ ਨਾਂ ਬਦਲ ਕੇ ‘ਦਸਮ ਗ੍ਰੰਥ ਸਾਹਿਬ’ ਹੋਇਆ, ਜੋ ਵੱਧਦਾ ਹੋਇਆ ‘ਦਸਮ ਸ੍ਰੀ ਗੁਰੁ ਗ੍ਰੰਥ ਸਾਹਿਬ’ ਜੀ ਹੋ ਗਿਆ।

ਅਸਲ ਵਿੱਚ ਇਹ ਗ੍ਰੰਥ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਕਾਟ ਕਰਣ ਦੇ ਮਕਸਦ ਨਾਲ ਹੀ ਬਣਾਇਆ ਗਿਆ। ਇਸ ਦੇ ਗੰਭੀਰ ਵਿਚਾਰ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ। ਸਮੇਂ ਦੇ ਨਾਲ ਨਾਲ ਇਸ ਨੂੰ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਸ਼ਰੀਕ ਬਣਾਉਣ ਦੇ ਭਰਪੂਰ ਜਤਨ ਵੀ ਹੁੰਦੇ ਰਹੇ ਹਨ। ਅਫਸੋਸ! ਇਹ ਜਤਨ ਕਾਫੀ ਕਾਮਯਾਬੀ ਵੀ ਰਹੇ ਹਨ। ‘ਗੁਰੂ ਗ੍ਰੰਥ ਸਾਹਿਬ ਜੀ’ ਵਾਂਗੂ ਇਸ ਗ੍ਰੰਥ ਨਾਲ ‘ਗੁਰੂ’ ਪਦ ਵਰਤਣਾ, ਪ੍ਰਕਾਸ਼ ਕਰਨਾ, ਅਖੰਡ ਪਾਠ ਰਖਵਾਉਣਾ ਇਸ ਦੇ ਜੀਵੰਤ ਸਬੂਤ ਹਨ। ਇਹ ਗ੍ਰੰਥ ਬ੍ਰਾਹਮਣੀ ਅਤੇ ਅਸ਼ਲੀਲ ਰਚਨਾਵਾਂ ਦਾ ਪੋਥਾ ਹੈ। ਪਰ ਕੌਮ ਵਿੱਚ ਇਸਦੇ ਪ੍ਰਮਾਨਿਕ ਮੰਨੇ ਜਾਣ ਦਾ ਸਬੂਤ ਨਿਤਨੇਮ ਅਤੇ ਖੰਡੇ ਦਾ ਪਾਹੁਲ ਦੀ ਰਸਮ ਹੈ। ਨਿਤਨੇਮ ਦੀ ਪੰਜ ਵਿਚੋਂ ਲਗਭਗ 21/2 ਰਚਨਾਵਾਂ ਇਸ ਵਿਚੋਂ ਹਨ। ਖੰਡੇ ਦੀ ਪਾਹੁਲ ਵੇਲੇ ਪੜੀ ਜਾਣ ਵਾਲੀਆਂ 5 ਵਿਚੋਂ 3 ਰਚਨਾਵਾਂ ਇਸ ਗ੍ਰੰਥ ਵਿਚੋਂ ਹਨ। ਭਾਵ ਕੌਮ ਅੰਦਰਲੀ ਅਤੇ ਬਾਹਰੀ ਗੁਰਮਤਿ ਵਿਰੋਧੀ ਤਾਕਤਾਂ ਲਈ ਇਹ ਅਖੌਤੀ ਦਸਮ ਗ੍ਰੰਥ ਹਨੇਰੇ ਵੱਲ ਧੱਕਣ ਲਈ ਵੱਡਾ ਹਥਿਆਰ ਹੈ। ਜੋ ਵੀ ਇਸ ਅਖੌਤੀ ਗ੍ਰੰਥ ਬਾਰੇ ਜਾਗ੍ਰਿਤੀ ਲਿਆਉਣ ਦਾ ਜਤਨ ਕਰਦਾ ਹੈ, ਉਹ ਪੁਜਾਰੀ-ਹਾਕਮ ਗਠਜੋੜ ਦਾ ਨਿਸ਼ਾਨਾ ਬਣਦਾ ਹੈ।

ਇਸ ਲੜੀ ਵਿੱਚ ਨਵਾਂ ਨਾਂ ਪ੍ਰੋ. ਦਰਸ਼ਨ ਸਿੰਘ ਦਾ ਹੈ। ਪ੍ਰੋ. ਦਰਸ਼ਨ ਸਿੰਘ ਜੀ ਕੌਮ ਦੀ ਇੱਕ ਬਹੁਤ ਹੀ ਸਨਮਾਨਯੋਗ ਸ਼ਖਸੀਅਤ ਹਨ। ਪਿਛਲੇ ਕੁੱਝ ਸਮੇਂ ਤੋਂ ਪ੍ਰੋ. ਦਰਸ਼ਨ ਸਿੰਘ ਜੀ ਅਪਣੇ ਅਸਰਦਾਰ ਪ੍ਰਚਾਰ ਰਾਹੀਂ ਇਸ ਅਖੌਤੀ ਗ੍ਰੰਥ ਬਾਰੇ ਕੌਮ ਵਿੱਚ ਜਾਗ੍ਰਿਤੀ ਲਿਆ ਰਹੇ ਹਨ। ਬਸ ਇਸੀ ਕਾਰਨ ਉਹ ਸੰਪਰਦਾਈ (ਬ੍ਰਾਹਮਣੀ) ਤਾਕਤਾਂ ਦੀ ਅੱਖ ਵਿੱਚ ਖਟਕਨ ਲਗ ਪਏ। ਇਹਨਾਂ ਤਾਕਤਾਂ ਦੇ ਇਸ਼ਾਰੇ `ਤੇ ਪੁਜਾਰੀਆਂ ਨੇ ਅਕਾਲ ਤਖਤ ਦਾ ਨਾਂ ਵਰਤ ਕੇ ਬੜੇ ਬੇਹੁਦਾ, ਸ਼ਰਮਨਾਕ, ਦਲੀਲ ਰਹਿਤ, ਨੀਚ ਬਹਾਣੇ ਬਣਾ ਕੇ ਪ੍ਰੋ. ਦਰਸ਼ਨ ਸਿੰਘ ਜੀ ਅਪਣੀ ਕਚਹਿਰੀ ਵਿੱਚ ਤਲਬ ਕਰ ਲਿਆ। ਜਦੋਂ ਪ੍ਰੋ. ਜੀ ਨੇ ਅਪਣਾ ਸਪਸ਼ਟੀਕਰਨ ਦੇਣ ਲਈ ਅਕਾਲ ਤਖਤ `ਤੇ ਗਏ ਤਾਂ ਇਹਨਾਂ ਨੇ ਅਪਣੇ ਬੰਦ ਕਮਰੇ ਵਿੱਚ ਨਾ ਪੇਸ਼ ਹੋਣ ਦਾ ਬਹਾਨਾ ਬਣਾ ਕੇ ਉਹਨਾਂ ਨੂੰ ਤਨਖਾਹੀਆਂ ਕਰਾਰ ਦੇ ਦਿੱਤਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹਨਾਂ ਬੇਸ਼ਰਮ, ਗੁਲਾਮ ਜਹਿਨੀਅਤ ਵਾਲੇ ਢੀਠ ਪੁਜਾਰੀਆਂ ਨੇ ਕੋਈ ਨਾ ਕੋਈ ਬੇਹੂਦਾ ਬਹਾਨਾ ਬਣਾ ਕੇ ਦਰਸ਼ਨ ਸਿੰਘ ਜੀ ਨੂੰ ‘ਅਪਣੇ ਦਸਮ ਗ੍ਰੰਥੀ ਪੰਥ’ ਵਿਚੋਂ ਛੇਕਣ ਦਾ ‘ਕੂੜਨਾਮਾ’ ਵੀ ਜ਼ਾਰੀ ਕਰ ਦੇਣਾ ਹੈ।

ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ, ਜੋਗਿੰਦਰ ਸਿੰਘ ਜੀ ਸਪੋਕਸਮੈਨ ਖਿਲਾਫ ਜਾਰੀ ਕੀਤੇ ਕੁੜਨਾਮਿਆਂ ਦੇ ਹੋਏ ਹਸ਼ਰ ਤੋਂ ਵੀ ਇਹਨਾਂ ਬੇਸ਼ਰਮ ਪੁਜਾਰੀਆਂ ਨੇ ਕੋਈ ਸਬਕ ਨਹੀਂ ਸਿਖਿਆ। ਕੌਮ ਦੇ ਜਾਗਰੂਕ ਤਬਕੇ ਵਲੋਂ ਪੁਜਾਰੀਆਂ ਵਲੋਂ ਅਕਾਲ ਤਖਤ ਦਾ ਨਾਂ ਵਰਤ ਕੇ ਜ਼ਾਰੀ ਕੀਤੇ ‘ਕੂੜਨਾਮੇ’ ਨੂੰ ਅੱਖੋਂ ਪਰੋਖੋਂ ਕਰਕੇ ਪ੍ਰੋ. ਦਰਸ਼ਨ ਸਿੰਘ ਜੀ ਦੇ ਸਮਾਗਮ ਅਤੇ ਸਨਮਾਨ ਕੀਤਾ ਜਾ ਰਿਹਾ ਹੈ। ਪ੍ਰੋ. ਜੀ ਰਾਹੀਂ ਜਾਗ੍ਰਿਤੀ ਲਹਿਰ ਨੂੰ ਮਿਲ ਰਹੇ ਇਸ ਸਮਰਥਨ ਨਾਲ ਹਾਕਮ-ਪੁਜਾਰੀ ਗਠਜੋੜ ਬੌਖਲਾ ਗਿਆ ਹੈ।

ਜਾਗਰੂਕ ਸੰਸਥਾਵਾਂ, ਵਿਦਵਾਨਾਂ ਵਲੋਂ ਮੀਡੀਆ ਸਾਹਮਣੇ ਦਸਮ ਗ੍ਰੰਥ ਦੀ ਪ੍ਰਮਾਣਿਕਤਾ ਸੰਬੰਧੀ ਵਿਚਾਰ ਦੇ ਦਿੱਤੇ ਚੈਲੰਜ ਕਾਰਨ ਇਸ ਦੇ ਹਿਮਾੲਤੀ ਘਬਰਾ ਗਏ ਹਨ। ਪਿਛਲੇ 200-250 ਸਾਲਾਂ ਤੋਂ ਇਸ ਗ੍ਰੰਥ ਦੇ ਨਾਂ `ਤੇ ਫੈਲਾਇਆ

‘ਕੂੜ’ ਇਸ ਦੀ ਵਿਚਾਰ ਕਾਰਨ ਨੰਗਾ ਹੋਣਾ ਸ਼ੁਰੂ ਹੋ ਗਿਆ ਹੈ। ਇਹਨਾਂ ਤਾਕਤਾਂ ਕੌਲ ਵਿਚਾਰ ਜਾਂ ਦਲੀਲ ਨਾਂ ਦੀ ਕੋਈ ਚੀਜ਼ ਨਹੀਂ ਹੈ। ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਇਸ ਵਿਚਾਰ ਦੀ ਰਾਹ `ਤੇ ਤੁਰਿਆਂ ਉਹਨਾਂ ਦੀ ਹਾਰ ਨਿਸ਼ਚਿਤ ਹੈ।

ਇਸ ਕਾਰਨ ਅਪਣੇ ‘ਕੂੜ’ ਨੂੰ ਨੰਗਾ ਹੁੰਦਾ ਵੇਖ ਕੇ ਇਹ ਤਾਕਤਾਂ ਬੌਖਲਾ ਗਈਆਂ ਹਨ ਅਤੇ ਕੋਝੇ ਹਥਕੰਡਿਆਂ `ਤੇ ਉਤਰ ਆਈਆਂ ਹਨ। ਪ੍ਰੋ. ਦਰਸ਼ਨ ਸਿੰਘ ਜੀ `ਤੇ ਹਮਲਾ ਇਹਨਾਂ ਤਾਕਤਾਂ ਦੀ ਨਮੋਸ਼ੀ, ਨਿਰਾਸ਼ਤਾ ਅਤੇ ਹਾਰ ਦਾ ਸੰਕੇਤ ਹਨ। ਇਹ ਤਾਕਤਾਂ ਸਮਝ ਗਈਆਂ ਹਨ ਕਿ (ਤੱਤ) ਗੁਰਮਤਿ ਦੇ ਸੂਰਜ ਦੀ ਰੋਸ਼ਨੀ ਕਾਰਨ ਇਹਨਾਂ ਵਲੋਂ ਫੈਲਾਈ ਅਗਿਆਨਤਾ ਰੂਪ ਹਨੇਰੇ ਦੀ ਰਾਤ ਹੁਣ ਬਹੁਤੀ ਦੇਰ ਨਹੀਂ ਰਹਿਣੀ। ਇਸੇ ਕਾਰਨ ਇਹਨਾਂ ਨੇ ਇਸ ਸੂਰਜ ਦੀ ਰੋਸ਼ਨੀ ਦੇ ਪਰਵਾਣਿਆਂ ਖਿਲਾਫ ਸ਼ਰੀਰਕ ਹਮਲੇ ਵਰਗੇ ਅਪਣੇ ਅੰਤਿਮ ਕੋਝੇ ਹਥਕੰਡੇ ਵਰਤਣੇ ਸ਼ੁਰੂ ਕਰ ਦਿਤੇ ਹਨ।

ਪ੍ਰੋ. ਦਰਸ਼ਨ ਸਿੰਘ ਜੀ `ਤੇ ਹਮਲੇ ਨੇ ‘ਸ਼ੰਕਰਾਚਾਰਿਆ’ ਦੀ ਯਾਦ ਤਾਜ਼ਾ ਕਰਵਾ ਦਿਤੀ ਹੈ। ‘ਸ਼ੰਕਰਾਚਰਿਆ’ ਉਹਨਾਂ ਬ੍ਰਾਹਮਣੀ ਤਾਕਤਾਂ ਦਾ ਸਰਦਾਰ ਸੀ, ਜਿਸ ਵਲੋਂ ਫੈਲਾਏ ਅਗਿਆਨਤਾ ਦੇ ਹਨੇਰੇ ਨੂੰ ‘ਬੁੱਧ ਮੱਤ’ ਦੀ ਰੋਸ਼ਨੀ ਨੇ ਦੂਰ ਕਰ ਦਿੱਤਾ ਸੀ। ਬ੍ਰਾਹਮਣੀ ਗਰੁਪ ਬੁੱਧ ਮੱਤ ਦੇ ‘ਮਾਨਵਤਾਵਾਦੀ’ ਪ੍ਰਚਾਰ ਦਾ ਟਾਕਰਾ ਵਿਚਾਰ ਅਤੇ ਦਲੀਲ ਨਾਲ ਕਰਨ ਤੋਂ ਬੇਬਸ ਸਨ। ਉਹਨਾਂ ਨੂੰ ਅਪਣੇ ਹਨੇਰੇ ਦੀ ਮੌਤ ਸਾਹਮਣੇ ਨਜ਼ਰ ਆਉਣ ਲਗ ਪਈ। ਤਦੋਂ ਬ੍ਰਾਹਮਣੀ ਤਾਕਤਾਂ ਦੇ ਮੁਖੀ ‘ਸ਼ੰਕਰਾਚਾਰਿਆ’ ਨੇ ਹਿੰਸਕ ਜ਼ਬਰ-ਜ਼ੁਲਮ ਦਾ ਹਥਿਆਰ ਵਰਤ ਕੇ ਬੁੱਧ ਮਤ ਨੂੰ ਖਤਮ ਕਰਨ ਦਾ ਜਤਨ ਕੀਤਾ। ਕੌਮ ਵਿਚਲੀਆਂ ਸੰਪਰਦਾਈ ਤਾਕਤਾਂ ਉਸੇ ਜਤਨ ਵਿੱਚ ਹਨ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕੌਮ ਵਿੱਚ ਪਨਪ ਚੁੱਕੀ ਸੰਪਰਦਾਈ, ਪੁਜਾਰੀ ਵਰਗ ਉਹਨਾਂ ਬ੍ਰਾਹਮਣੀ ਤਾਕਤਾਂ ਦੀ ਘੁਸਪੈਠ ਨਾਲ ਹੀ ਪੈਦਾ ਹੋਇਆ, ਉਹਨਾਂ ਦਾ ਹੀ ਵੰਸ਼ਜ ਲਗਦਾ ਹੈ।

ਇਸ ਸਮੇਂ ਬਹੁਤ ਹੀ ਨਾਜ਼ੁਕ ਪਰ ਨਿਰਨਾਇਕ ਮੌੜ `ਤੇ ਹੈ। ਇਸ ਸਮੇਂ ਜਾਗ੍ਰਤੀ ਦਾ ਉਹ ਮਾਹੌਲ ਬਣਿਆ ਹੋਇਆ ਹੈ, ਜੋ 1708 ਤੋਂ ਬਾਅਦ ਸ਼ਾਇਦ ਕਦੀ ਨਹੀਂ ਸੀ ਬਣਿਆ। ਇਸ ਨਾਜ਼ੁਕ ਸਮੇਂ ਵਿੱਚ ਸਾਰੀ ਜਾਗਰੂਕ ਧਿਰਾਂ ਨੂੰ ਸਿਰ ਜੋੜ ਕੇ ਕੁੱਝ ਬਹੁਤ ਹੀ ਗੰਭੀਰ, ਸੁਹਿਰਦ, ਦ੍ਰਿੜ ਫੈਸਲੇ ਕਰਨ ਦੀ ਲੋੜ ਹੈ। ਅੱਜ ਦੇ ਸਮੇਂ ਵਿੱਚ ਲਏ ਗਏ ਫੈਸਲੇ ਹੀ ਇਹ ਤੈਅ ਕਰਨਗੇ ਕਿ (ਨਿਰੋਲ ਮਨੁੱਖਤਾਵਾਦੀ) ਨਾਨਕ ਫਲਸਫੇ ਨੇ, ਇਸਦੇ ਖਰੇ ਰੂਪ ਵਿਚ, ਦੁਨੀਆ ਵਿੱਚ ਬਣੇ ਰਹਿ ਕੇ ਪ੍ਰਕਾਸ਼ ਫੈਲਾਉਣਾ ਹੈ ਜਾਂ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿੱਚ ਗਰਕ ਹੋ ਜਾਣਾ ਹੈ।

ਇਸ ਨਾਜ਼ੁਕ ਘੜੀ ਵਿੱਚ ‘ਤੱਤ ਗੁਰਮਤਿ ਪਰਿਵਾਰ’ ਪੂਰੀ ਨਿਮਰਤਾ, ਇਮਾਨਦਾਰੀ, ਸੁਹਿਰਦਤਾ ਅਤੇ ਗੰਭੀਰਤਾ ਨਾਲ ਸਾਰੀਆਂ ਜਾਗਰੂਕ ਧਿਰਾਂ ਸਾਹਮਣੇ ਕੁੱਝ ਸੁਝਾਅ ਰੂਪੀ ਵਿਚਾਰ ਸਾਂਝੇ ਕਰਨਾ ਚਾਹੁੰਦਾ ਹੈ।

1. ਸਭ ਜਾਗਰੂਕ ਧਿਰਾਂ ਨੂੰ ਆਪਸੀ ਛੋਟੇ ਮੋਟੇ ਮਤਭੇਦ ਭੁਲਾ ਕੇ ਪੂਰੀ ਗੰਭੀਰਤਾ ਅਤੇ ਸੁਹਿਰਦਤਾ ਨਾਲ ਇੱਕ ਮੰਚ `ਤੇ ਇਕੱਠੇ ਹੋ ਜਾਣਾ ਚਾਹੀਦਾ ਹੈ।

2. ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਮੌਜੂਦਾ ਸਮੇਂ ਵਿੱਚ ਇਸ ਜਾਗ੍ਰਿਤੀ ਲਹਿਰ ਦੀ ਅਗਵਾਈ ਕਰਨ ਲਈ ਕਾਬਲ ਅਤੇ ਸਭ ਨੂੰ ਸਵੀਕਾਰ ਸ਼ਖਸੀਅਤ ਪ੍ਰੋ. ਦਰਸ਼ਨ ਸਿੰਘ ਜੀ ਹੀ ਹਨ। ਉਹਨਾਂ ਦੀ ਸਹਾਇਤਾ ਲਈ ਜਾਗਰੂਕ ਪੰਥਦਰਦੀਆਂ ਦਾ ਇੱਕ ਪੈਨਲ ਬਣਾਇਆ ਜਾ ਸਕਦਾ ਹੈ।

3. ਇਸ ਲਹਿਰ ਵਿੱਚ ਸਿਧਾਂਤਕ ਸਮਝੌਤਾਵਾਦੀ ਰੁਖ ਤਿਆਗਣਾ ਬਹੁਤ ਜ਼ਰੂਰੀ ਹੈ। ਇਸ ਲਈ ਕਈਂ ਬਹੁਤ ਹੀ ਦਲੇਰਾਨਾ ਅਤੇ ਦ੍ਰਿੜ ਫੈਸਲੇ ਲੈਣੇ ਪੈ ਸਕਦੇ ਹਨ। ਮਿਸਾਲ ਵਾਸਤੇ ਪੁਜਾਰੀਵਾਦ ਦੇ ਹਰ ਰੂਪ ਵਿੱਚ ਬੀਜ ਨਾਸ਼ ਅਤੇ ਪੂਰੇ ਦਸਮ ਗ੍ਰੰਥ ਨੂੰ ਰੱਦ ਕਰਨ ਦੇ ਫੈਸਲੇ ਲੈਣਾ ਬਹੁਤ ਜ਼ਰੂਰੀ ਹੈ। ਐਸੇ ਹੀ ਕਈਂ ਹੋਰ ਦ੍ਰਿੜ ਫੈਸਲੇ ਲੈਣੇ ਪੈ ਸਕਦੇ ਹਨ। ਕਹਿਨ ਦਾ ਭਾਵ ਹੈ ਕਿ ਸਿਧਾਂਤ ਨਾਲ ਸਮਝੌਤਾ ਨਹੀਂ ਹੋਣਾ ਚਾਹੀਦਾ।

4. ਇਸ ਸੰਘਰਸ਼ ਦੀ ਸਾਰੀ ਰੂਪ-ਰੇਖਾ ਆਪਸੀ ਵਿਚਾਰ ਰਾਹੀਂ ਤੈਅ ਕੀਤੀ ਜਾ ਸਕਦੀ ਹੈ।

ਅੰਤ ਵਿੱਚ ‘ਤੱਤ ਗੁਰਮਤਿ ਪਰਿਵਾਰ’ ਹਾਕਮ-ਪੁਜਾਰੀ ਨਾਪਾਕ ਗਠਜੋੜ ਦੇ ਜ਼ਰਖਰੀਦ ਗੁਲਾਮਾਂ ਵਲੋਂ ਪ੍ਰੋ. ਦਰਸ਼ਨ ਸਿੰਘ ਜੀ `ਤੇ ਕੀਤੇ ਹਮਲੇ ਨੂੰ ਇੱਕ ਬੁਜ਼ਦਿਲਾਣਾ ਕਾਰਵਾਈ ਕਰਾਰ ਦਿੰਦੇ ਹੋਏ ਇਸ ਦੀ ਜ਼ੋਰਦਾਰ ਨਿਖੇਧੀ ਕਰਦਾ ਹੈ। ਇਸ ਹਮਲੇ ਤੋਂ ਬਾਅਦ ਅਖੌਤੀ ਜਥੇਦਾਰ (ਮੁੱਖ ਪੁਜਾਰੀ) ਅਤੇ ਸ਼੍ਰੋਮਣੀ ਕਮੇਟੀ `ਤੇ ਕਾਬਜ਼ ਪ੍ਰਧਾਨ ਵਲੋਂ ਦਿਤੇ ਬਿਆਨਾਂ ਨੇ ਇਹ ਸਪਸ਼ਟ ਕਰ ਦਿਤਾ ਹੈ ਕਿ ਇਹ ਪੰਥ ਅਤੇ ਗੁਰਮਤਿ ਵਿਰੋਧੀ ਤਾਕਤਾਂ ਦੇ ਮੋਹਰੇ ਵਜੋਂ ਕੰਮ ਕਰ ਰਹੇ ਹਨ। ਐਸੀਆਂ ਕੋਝੀਆਂ ਅਤੇ ਕਾਨੂੰਨ ਵਿਰੋਧੀ ਕਾਰਵਾਈਆਂ ਵਿਚੋਂ ‘ਸੱਚ ਵਿਰੋਧੀ ਤਾਕਤਾਂ’ ਦੀ ਹਾਰ ਅਤੇ ਨਮੋਸ਼ੀ ਸਪਸ਼ਟ ਝਲਕਦੀ ਹੈ।

ਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ




.