ਸੁਨਹੁ ਜਿਠਾਨੀ ਸੁਨਹੁ ਦਿਰਾਨੀ
ਇਹ ਸਾਰਾ ਸ਼ਬਦ ਪੜ੍ਹਦੇ ਜਾਓ। ਇਸ
ਸ਼ਬਦ ਅੰਦਰ ਪ੍ਰਹਿਲਾਦ ਜੀ ਦਾ ਵੀ ਜ਼ਿਕਰ ਹੈ।
ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ ਹਰਨਾਖਸੁ ਨਖ ਬਿਦਰਿਓ॥ 3॥
ਗੁਰੂ ਗ੍ਰੰਥ ਸਾਹਿਬ, ਪੰਨਾ 856
ਇਕ ਗੱਲ ਤਾਂ ਸਪਸ਼ਟ ਹੈ ਕਿ ਕਬੀਰ ਸਾਹਿਬ ਜੀ ਕਾਸ਼ੀ ਦੇ ਰਹਿਣ ਵਾਲੇ ਸਨ ਅਤੇ ਜੋ ਕੁੱਝ ਉੱਥੇ
ਧਰਮ ਦੇ ਨਾਮ ਉੱਪਰ ਨਿਤਾ-ਪ੍ਰਤੀ ਵਾਪਰਦਾ ਸੀ ਉਸ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਸਨ। ਜਿੱਥੇ
ਅਖੌਤੀ ਧਰਮੀ ਲੋਕ ਆਪ ਕੁਰਾਹੇ ਪਏ ਹੋਏ ਸਨ, ਓਥੇ ਭੋਲੇ ਭਾਲੇ ਲੋਕਾਂ ਨੂੰ ਵੀ ਕੁਰਾਹੇ ਪਾਕੇ
ਲੁੱਟ-ਘਸੁੱਟ ਕਰ ਰਹੇ ਸਨ।
ਦੂਸਰੀ ਗੱਲ ਇਹ ਹੈ ਕਿ ਕਬੀਰ ਸਾਹਿਬ ਵਲੋਂ ਇਹ ਸ਼ਬਦ ਉਚਾਰਣ ਕੀਤਾ ਗਿਆ, ਨਾਂਹ ਕਿ ਉਨ੍ਹਾਂ ਦੀ ਮਾਤਾ
ਵਲੋਂ। ਪਰ, ਪਰਚੱਲਤ ਵਿਆਖਿਆ ਅੰਦਰ ਇੰਜ ਮਹਿਸੂਸ ਹੁੰਦਾ ਹੈ, ਕਿ ਇਹ ਸ਼ਬਦ ਕਬੀਰ ਸਾਹਿਬ ਜੀ ਦੀ
ਮਾਤਾ ਹੋਰਾਂ ਵਲੋਂ ਉਚਾਰਣ ਹੈ। ਪਰ ਇਹ ਗੱਲ ਠੀਕ ਨਹੀਂ ਹੈ, ਕਿਉਂਕਿ ਸ਼ਬਦ ਕਬੀਰ ਸਾਹਿਬ ਦਾ ਹੀ
ਉਚਾਰਣ ਹੈ।
ਨਾਂਹ ਹੀ ਕਬੀਰ ਸਾਹਿਬ ਅਜ੍ਹਿਹਾ ‘ਨਿਤ ਉਠਿ ਕੋਰੀ ਗਾਗਰਿ’ ਵਾਲਾ ਕੋਈ ਕਰਮਕਾਂਡ ਕਰਦੇ ਸਨ ਅਤੇ
ਨਾਂਹ ਹੀ ਉਨਾਂ ਦੇ ਜੀਵਨ ਦਾ ਅਜਿਹਾ ਕਰਮਕਾਂਡ ਕੋਈ ਹਿੱਸਾ ਸੀ। ਉਨਾਂ ਨੇ ਤਾਂ ਕਰਮਕਾਂਡੀਆ ਦੀ
ਨਿੱਤ ਦੀ ਵਿਥਿਆ ਬਿਆਨ ਕੀਤੀ ਹੈ, ਜੋ ਕੁੱਝ ਧਰਮ ਦੇ ਨਾਮ ਉੱਪਰ ਉਨ੍ਹਾਂ ਦੀਆਂ ਅੱਖਾਂ ਸਾਹਮਣੇ
ਵਾਪਰਦਾ ਸੀ।
ਇਹ ਸ਼ਬਦ ਉਨ੍ਹਾਂ ਪ੍ਰਤੀ ਹੈ, ਜਿਨ੍ਹਾਂ ਪਹਿਲਾਂ ਗ੍ਰਹਿਸਤ ਅਪਣਾਇਆ, ਅਤੇ ਬਾਅਦ ਵਿੱਚ ਆਪਣੇ ਪਰਿਵਾਰ
ਪ੍ਰਤੀ ਬਣਦੀਆਂ ਜ਼ੁਮੇਵਾਰੀਆਂ ਨਿਭਾਉਣ ਸਮੇਂ ਗੇਰੂਆ ਪਾ ਕੇ ਜੰਗਲਾਂ ਵਲ ਨੂੰ ਮਾਲਾ ਲੈ ਕੇ ਦੌੜ ਪਏ,
ਜੋ ਨਿਪੁਤੇ ਸਨ, ਘਰ ਛੱਡਕੇ ਬਨਾਰਸੀ ਠੱਗਾਂ ਦੇ ਢਹੇ ਚੜ੍ਹਕੇ ਮਾਲਾ ਲੈ ਕੇ ਜੰਗਲਾ ਵਲ ਚਾਲੇ ਪਾ
ਕੇ, ਕਿਰਤ ਕਰਨੀ ਛੱਡ ਦਿੱਤੀ। ਉਨ੍ਹਾਂ ਦੀਆਂ ਮਾਤਾਵਾਂ ਜਣੇਪੇ ਦੇ ਦੁੱਖਾਂ ਦਾ ਵਾਸਤਾ ਪਾਉਂਦੀਆ
ਹੋਈਆਂ ਨਿਪੁੱਤੇ ਕਹਿਕੇ ਆਪਣੇ ਮਨ ਦੀ ਅਵਾਜ਼ ਬਦਅਸੀਸ ਦੇ ਰੂਪ ਵਿੱਚ ਕੱਢ ਰਹੀਆਂ ਸਨ - ਅਜਿਹਾ
ਪੁੱਤਰ ਜੰਮਦਾ ਹੀ ਕਿਉਂ ਨਾਂਹ ਮਰ ਗਿਆ, ਜੇਕਰ ਇਸ ਨੇ ਆਪਣੀਆਂ ਸਮਾਜਿਕ ਅਤੇ ਪ੍ਰਵਾਰਿਕ
ਜ਼ੁਮੇਵਾਰੀਆਂ ਹੀ ਨਹੀਂ ਸਨ ਨਿਭਾਉਣੀਆਂ।
ਸੋ ਇਸ ਸ਼ਬਦ ਅੰਦਰ ਉਨ੍ਹਾਂ ਮਾਵਾਂ ਦੀ ਕੁਰਲਾਹਟ ਬਿਆਨ ਕੀਤੀ ਹੈ ਕਬੀਰ ਸਾਹਿਬ ਨੇ, ਜਿਨ੍ਹਾਂ ਮਾਵਾਂ
ਦੇ ਪੁੱਤਰ ਕਰਮਕਾਂਡਾਂ ਵਿੱਚ ਫਸਕੇ ਆਪਣਾ ਪ੍ਰਵਾਰਿਕ ਤਾਣਾ-ਬਾਣਾ ਉਲਝਾ ਬੈਠੇ ਸਨ।
ਇਸਦੇ ਉਲਟ ਜੋ ਕਰਮਕਾਂਡੀ ਕਹਾਣੀ ਕਬੀਰ ਜੀ ਦੀ ਮਾਤਾ ਨਾਲ ਜੋੜੀ ਜਾਂਦੀ ਹੈ, ਸਰਾਸਰ ਗ਼ਲਤ ਹੈ। ਕਬੀਰ
ਸਾਹਿਬ ਨੇ ਤਾਂ ਅਜਿਹੇ ਕਰਮਕਾਂਡ ਦਾ ਖੰਡਣ ਕੀਤਾ ਹੈ। ਉਹ ਤਾਂ ਕਿਰਤੀ ਸਨ, ਵਿਖਾਵੇ ਵਾਲੀ
ਕਰਮਕਾਂਡੀ ਮਾਲਾ ਕਦੇ ਨਹੀਂ ਉਨ੍ਹਾਂ ਨੇ ਫੇਰੀ। ਘਰ ਦੀਆਂ ਆਪਣੇ ਪ੍ਰਤੀ ਬਣਦੀਆਂ ਪਰਵਾਰਿਕ ਅਤੇ
ਸਮਾਜਿਕ ਜ਼ੁਮੇਵਾਰੀਆਂ ਨਿਭਾਉਂਦੇ ਸਨ। ਸੱਚੇ ਸੁੱਚੇ ਕਿਰਤੀ ਸਨ, ਘਰ ਦਾ ਤਾਣਾ-ਬਾਣਾ ਕਦੇ ਨਹੀਂ
ਉਨਾਂ ਨੇ ਛੱਡਿਆ। ਤਾਣੇ-ਬਾਣੇ ਤੋਂ ਭਾਵ ਪਰਵਾਰਿਕ ਅਤੇ ਸਮਾਜਕ ਜ਼ੁਮੇਵਾਰੀਆਂ ਦਾ ਹੈ। ਉਨ੍ਹਾਂ ਵਲੋਂ
ਬਾਣੀ ਅੰਦਰ ਗੁਰਮਤਿ ਤੱਤ ਅਪਣੇ ਆਪ ਹੀ ਉੱਭਰਕੇ ਸਾਹਮਣੇ ਆਉਂਦਾ ਹੈ। ਉਹ ਤਾਣਾ-ਬਾਣਾ ਭਾਵ ਕਿਰਤ
ਕਰਨੀ ਛੱਡਕੇ ਕਰਮਕਾਂਡ ਦੇ ਹਾਮੀ ਨਹੀਂ ਸਨ।
ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ॥
ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥ 212॥
ਗੁਰੂ ਗ੍ਰੰਥ ਸਾਹਿਬ, ਪੰਨਾ 1375
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾੑਲਿ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥ 213॥
ਗੁਰੂ ਗ੍ਰੰਥ ਸਾਹਿਬ, ਪੰਨਾ 1376
ਜੇ ਉਹ ਕਿਰਤ ਕਰਦਿਆਂ ਹੋਇਆਂ ਸਿਮਰਨ ਦੇ ਹਾਮੀ ਹਨ। ਫਿਰ ੳਨ੍ਹਾਂ ਦੀ ਮਾਤਾ ਜੀ ਨੂੰ ਅਜਿਹੇ ਸਖ਼ਤ
ਸ਼ਬਦ ਕਬੀਰ ਸਾਹਿਬ ਵਾਸਤੇ ਬੋਲਣ ਦੀ ਸੁਭਾਵਕ ਹੀ ਲੋੜ ਨਹੀਂ ਰਹਿ ਜਾਂਦੀ। ਸੋ ਇਸ ਸ਼ਬਦ ਅੰਦਰ ਸਪਸ਼ਟ
ਹੈ ਕਿ ਉਨ੍ਹਾਂ ਮਾਵਾਂ ਦੀ ਕੁਰਲਾਹਟ ਹੀ ਬਿਆਨ ਕੀਤੀ ਹੈ, ਜਿਨ੍ਹਾਂ ਦੇ ਪੁੱਤਰ ਪਰਿਵਾਰ ਪ੍ਰਤੀ
ਆਪਣੀਆਂ ਜ਼ੁਮੇਵਾਰੀਆ ਛੱਡਕੇ ਜੰਗਲਾਂ ਵਿੱਚ ਜਾ ਵਸੇ, ਜਾਂ ਕਰਮਕਾਂਡੀਆਂ ਦੇ ਆਖੇ ਕਰਮਕਾਂਡ ਨੂੰ ਹੀ
ਧਰਮ ਕਰਮ ਸਮਝ ਬੈਠੇ। ਉਨਾਂ ਦੀਆ ਮਾਵਾਂ ਦੀਆਂ ਬਦਅਸੀਸਾਂ ਦੀਆਂ ਹੂਕਾਂ ਕਬੀਰ ਸਾਹਿਬ ਨੇ ਬਿਆਨ
ਕੀਤੀਆਂ ਹਨ, ਜੋ ਨਿਤਾ-ਪ੍ਰਤੀ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਵਰਤਦਾ ਸੀ। ਉਹ ਮਾਤਾਵਾਂ ਆਪਣੀਆਂ
ਦਰਾਣੀਆਂ ਜਿਠਾਣੀਆਂ ਨੂੰ ਆਪਣੇ ਦੁੱਖੜੇ ਸੁਣਾਉਂਦੀਆਂ ਕਹਿੰਦੀਆ ਸਨ, ਕਿ ਸਾਡੇ ਘਰ ਵਿੱਚ ਪਹਿਲਾਂ
ਤਾਂ ਕਿਸੇ ਨੇ ਅਜਿਹੀ ਕਰਮਕਾਂਡੀ ਮਾਲਾ ਫੇਰੀ ਹੀ ਨਹੀਂ, ਜੋ ਘਰ ਦਾ ਤਾਣਾ-ਬਾਣਾ ਅਤੇ ਘਰ ਦੀਆ
ਜ਼ੁਮੇਵਾਰੀਆ ਹੀ ਛੁਡਾ ਦੇਵੇ। ਇਸ ਸ਼ਬਦ ਤੋਂ ਪਹਿਲੀਆਂ ਪੰਗਤੀਆਂ ਸ਼ਬਦ ਨਾਲ ਜੋੜਕੇ ਪੜ੍ਹੀਏ, ਤਾਂ
ਅਪਣੇ ਆਪ ਹੀ ਸਪਸ਼ਟ ਹੋ ਜਾਂਦਾ ਹੈ ਕਿ ਗੱਲ ਕਿਹੜੇ ਵਿਸ਼ੇ ਤੇ ਹੋ ਰਹੀ ਹੈ।
ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ॥
ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 855
ਜਿਹੜੇ ਲੋਕ ਆਪਣੀਆ ਪਰਵਾਰਿਕ ਜ਼ੁਮੇਵਾਰੀਆਂ ਛੱਡ ਕੇ ਕਰਮਕਾਡੀਆਂ ਦੇ ਆਖੇ ਘਰ ਬਾਰ ਤਿਆਗ ਕੇ
ਜੰਗਲਾਂ ਵਿੱਚ ਜਾ ਵਸੇ, ਕੰਦ ਮੂਲ ਖਾਣ ਨੂੰ ਹੀ ਆਪਣਾ ਧਰਮ ਕਰਮ ਸਮਝਦੇ ਸਨ, ਉਨ੍ਹਾਂ ਦੇ ਪਾਖੰਡੀ
ਕਰਮਕਾਂਡ ਉੱਪਰ ਕਬੀਰ ਸਾਹਿਬ ਜੀ ਦਾ ਵਿਅੰਗ ਹੈ, ਅਤੇ ਉਨ੍ਹਾਂ ਦੇ ਪਰਵਾਰਿਕ ਜੀਆਂ ਦੀ ਕੁਰਲਾਹਟ
ਬਿਆਨ ਕਰ ਰਹੇ ਹਨ। ਇਸ ਸ਼ਬਦ ਅੰਦਰ ਪ੍ਰਹਿਲਾਦ ਜੀ ਵਲੋਂ ਘਰ ਦੇ ਦੇਵੀ ਦੇਵਤੇ ਅਤੇ ਪਿੱਤਰਾਂ ਨੂੰ
ਪੂਜਣ ਵਰਗੇ ਜੋ ਕਰਮਕਾਂਡ ਸਨ, ਉਨ੍ਹਾਂ ਨੂੰ ਛੱਡਕੇ ਗੁਰ ਸ਼ਬਦ ਰਾਹੀਂ ਆਤਮਿਕ ਗਿਆਨ ਹਾਸਿਲ ਕਰਨ ਨਾਲ
ਅਖੌਤੀ ਉੱਚੀ ਕੁੱਲ ਦੇ ਭਰਮ ਦੇ ਖ਼ਤਮ ਹੋਣ ਦਾ ਜ਼ਿਕਰ ਮਿਲਦਾ ਹੈ - ਜੋ ਸੱਚ ਹੈ। ਸਾਰਿਆਂ ਸੁੱਖਾਂ ਦੀ
ਪ੍ਰਾਪਤੀ, ਇੱਕ ਜੋ ਹਰਿ ਸੁਆਮੀ ਆਪ ਹੀ ਹੈ, ਉਸਦੀ ਬੰਦਗੀ ਕਰਨ ਨਾਲ ਹੀ ਹੁੰਦੀ ਹੈ, ਕਰਮਕਾਂਡਾਂ
ਨਾਲ ਨਹੀਂ।
ਬਿਲਾਵਲੁ॥
ਨਿਤ ਉਠਿ ਕੋਰੀ ਗਾਗਰਿ ਆਨੈ ਲੀਪਤ ਜੀਉ ਗਇਓ॥
ਤਾਨਾ ਬਾਨਾ ਕਛੂ ਨ ਸੂਝੈ ਹਰਿ ਹਰਿ ਰਸਿ ਲਪਟਿਓ॥ 1॥
ਹਮਾਰੇ ਕੁਲ ਕਉਨੇ ਰਾਮੁ ਕਹਿਓ॥
ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖੁ ਨ ਭਇਓ॥ 1॥ ਰਹਾਉ॥
ਸੁਨਹੁ ਜਿਠਾਨੀ ਸੁਨਹੁ ਦਿਰਾਨੀ ਅਚਰਜੁ ਏਕੁ ਭਇਓ॥
ਸਾਤ ਸੂਤ ਇਨਿ ਮੁਡੀਂਏ ਖੋਏ ਇਹੁ ਮੁਡੀਆ ਕਿਉ ਨ ਮੁਇਓ॥ 2॥
ਸਰਬ ਸੁਖਾ ਕਾ ਏਕੁ ਹਰਿ ਸੁਆਮੀ ਸੋ ਗੁਰਿ ਨਾਮੁ ਦਇਓ॥
ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ ਹਰਨਾਖਸੁ ਨਖ ਬਿਦਰਿਓ॥ 3॥
ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸਬਦੁ ਲਇਓ॥
ਕਹਤ ਕਬੀਰੁ ਸਗਲ ਪਾਪ ਖੰਡਨੁ ਸੰਤਹ ਲੈ ਉਧਰਿਓ॥ 4॥ 4॥
ਗੁਰੂ ਗ੍ਰੰਥ ਸਾਹਿਬ, ਪੰਨਾ 856
ਪਦ ਅਰਥ
ਲੀਪਤ - ਚਿੰਬੜ ਜਾਣਾ, ਲਿਪਟ ਜਾਣਾ
ਲੀਪਤ ਜੀਉ - ਮਨ ਦਾ ਲਿਪਟ ਜਾਣਾ। ਜਿਨ੍ਹਾਂ ਦਾ ਮਨ ਕਰਮਕਾਂਡਾਂ ਨਾਲ ਲਿਪਟ ਗਿਆ
ਨਿਤ ਉਠਿ ਕੋਰੀ ਗਾਗਰਿ ਆਨੈ - ਕਰਮਕਾਂਡਾਂ ਦਾ ਵਰਨਣ ਹੈ। ਨਿੱਤ ਉੱਠਕੇ ਕੋਰੀ ਗਾਗਰ ਭਾਲਣੀ
ਕੋਰੀ – ਅਣਲੱਗ ਬਰਤਨ
ਗਾਗਰਿ – ਘੜਾ, ਬਰਤਨ
ਤਾਨਾ ਬਾਨਾ - ਦੁਨਿਆਵੀ ਤਾਨਾ ਬਾਨਾ, ਸਮਾਜਿਕ ਪਰਵਾਰਿਕ ਜ਼ੁਮੇਵਾਰੀਆਂ (ਗ੍ਰਿਸਤੀ ਜੀਵਣ ਦਾ ਤਾਣਾ
ਬਾਣਾ)
ਕਛੂ ਨ ਸੂਝੈ - ਸਮਾਜਿਕ ਪ੍ਰਵਾਰਿਕ ਜ਼ੁਮੇਵਾਰੀਆਂ ਨਾਂਹ ਨਿਭਾਉਣੀਆਂ
ਨਿਪੂਤਾ – ਘਰੇਲੂ, ਸਮਾਜਿਕ ਜ਼ੁਮੇਵਾਰੀਆਂ ਤੋਂ ਮੁਨਕਰ
ਜਿਠਾਨੀ, ਦਿਰਾਨੀ - ਦਰਾਣੀਆਂ, ਜਿਠਾਣੀਆਂ
ਅਚਰਜੁ ਏਕੁ ਭਇਓ - ਇੱਕ ਅਸਚਰਜ ਵਰਤਾਰਾ ਵਾਪਰਨਾ, ਜੋ ਘਰ ਵਿੱਚ ਪਹਿਲਾਂ ਕਦੇ ਨਹੀਂ ਵਾਪਰਿਆ।
ਸਾਤ ਸੂਤ ਇਨਿ ਮੁਡੀਏ ਖੋਏ - ਦਿਲੀ ਸਰਾਪੀ ਹੋਈ ਬਦਅਸੀਸ ਦੇਣੀ ਕਿ ਐਨੇ ਮੁੰਡੇ ਜਣੇਪੇ ਦੇ ਸੂਤਕ
ਵਿੱਚ ਹੀ ਮਰ ਗਏ ਇਹ ਵੀ ਕਿਉ ਨਾਂਹ ਮਰ ਗਿਆ, ਜੇਕਰ ਜ਼ੁਮੇਵਾਰੀਆ ਨਹੀਂ ਨਿਭਾਉਣੀਆਂ ਸਨ
ਸਰਬ ਸੁਖਾ ਕਾ ਏਕੁ ਹਰਿ ਸੁਆਮੀ - ਜਦੋਂ ਕਿ ਸਾਰਿਆਂ ਸੁਖਾਂ ਦਾ ਇਕੋ ਹੀ ਸੁਆਮੀ ਹੈ
ਗੁਰਿ ਨਾਮੁ ਦਇਓ - ਆਤਮਿਕ ਗਿਆਨ ਦੀ ਬਖ਼ਸ਼ਿਸ਼ ਹੋਣੀ
ਸੰਤ - ਆਤਮਿਕ ਗਿਆਨ ਦੀ ਪ੍ਰਾਪਤੀ
ਪ੍ਰਹਲਾਦ - ਪ੍ਰਹਿਲਾਦ ਭਗਤ ਜੀ
ਪੈਜ - ਕ੍ਰਿਪਾ, ਬਖ਼ਸ਼ਿਸ਼
ਪੈਜ ਜਿਨਿ ਰਾਖੀ - ਇੱਕ ਵਾਹਿਗੁਰੂ ਦੇ ਆਤਮਿਕ ਗਿਆਨ ਦੀ ਬਖ਼ਸ਼ਿਸ਼ ਹੀ ਸੀ ਜਿਸਨੇ ਪ੍ਰਹਲਾਦ ਤੇ ਬਖ਼ਸ਼ਿਸ਼
ਰੱਖੀ ਸੀ।
ਹਰਨਾਖਸੁ – ਹਰਣਾਖ਼ਸ਼ੀ ਬਿਰਤੀ ਵੀਚਾਰਧਾਰਾ
ਨਖ – ਉੱਚੀ ਕੁਲ ਵਾਲਾ A person of a high family
(ਪੰਜਾਬੀ-ਰੋਮਨ-ਇੰਗਲਿਸ਼ ਡਿਕਸ਼ਨਰੀ, ਭਾਈ ਮਾਯਾ ਸਿੰਘ)
ਘਰ ਕੇ ਦੇਵ ਪਿਤਰ ਕੀ ਛੋਡੀ - ਘਰ ਦੇ ਵਿੱਚ ਜੋ ਦੇਵੀ ਦੇਵਤੇ ਪੂਜੇ ਜਾਂਦੇ ਸਨ ਉਹ ਛੱਡ ਦਿਤੇ ਅਤੇ
ਪਿੱਤਰਾਂ ਨੂੰ ਪਾਣੀ ਦੇਣਾ ਪ੍ਰਹਿਲਾਦ ਜੀ ਨੇ ਛੱਡ ਦਿੱਤਾ ਸੀ
ਗੁਰ ਕੋ ਸ਼ਬਦੁ ਲਇਓ - ਗੁਰੂ ਦਾ ਗਿਆਨ ਹੀ ਲੈਣਾ
ਸਗਲ ਪਾਪ - ਸਾਰੇ ਪਾਪ
ਖੰਡਨੁ - ਖੰਡਣ ਹੋ ਜਾਣਾ
ਸੰਤਹ - ਆਤਮਿਕ ਗਿਆਨ ਦੀ ਪਰਾਪਤੀ ਨਾਲ
ਅਰਥ: ਇਹ ਉਨ੍ਹਾਂ ਮਾਵਾਂ ਦੀ ਕੁਰਲਾਹਟ ਹੈ, ਜਿਨ੍ਹਾਂ ਦੇ ਪੁੱਤਰ ਕਰਮਕਾਂਡ ਅਪਣਾ ਕੇ ਘਰ
ਬਾਰ ਛੱਡਕੇ ਆਪਣੀਆਂ ਪਰਵਾਰਿਕ ਜ਼ੁਮੇਵਾਰੀਆਂ ਤੋਂ ਮੁਨਕਰ ਹੋ ਕੇ ਜੰਗਲਾਂ ਨੂੰ ਤੁਰ ਪਏ ਸਨ। ਕੁੱਝ
ਨਿਤਿ ਉਠਿ ਕੇ ਕੋਰੀ ਗਾਗਰ ਭਾਲਦੇ ਸਨ। ਜਿਨ੍ਹਾਂ ਦਾ ਮਨ ਕਰਮਾਂਡਾਂ ਨਾਲ ਜੁੜ ਗਿਆ ਸੀ, ਉਨ੍ਹਾਂ
ਦੀਆਂ ਮਾਵਾਂ ਦੀ ਕੁਰਲਾਹਟ ਹੈ।
ਹੇ ਦਰਾਣੀਓਂ, ਹੇ ਜਠਾਣੀਓਂ! ਸੁਣੋ, ਆਹ ਤਾਂ ਇੱਕ ਅਸਚਰਜ ਤਮਾਸ਼ਾ ਦੇਖਿਆ ਹੈ। ਸਾਡੇ ਘਰ ਵਿੱਚ ਤਾਂ
ਪਹਿਲਾਂ ਕਦੇ ਕਿਸੇ ਨੇ ਅਜਿਹੇ ਕਰਮਕਾਂਡਾਂ ਵਿੱਚ ਪੈ ਕੇ ਰਾਮ-ਰਾਮ ਕੀਤਾ ਹੀ ਨਹੀਂ। ਜਦੋਂ ਦੀ ਇਸ
ਨਿਪੂਤੇ ਨੇ ਮਾਲਾ ਫੜੀ ਹੈ ਉਦੋ ਤੋਂ ਕੋਈ ਸੁਖ ਨਹੀਂ ਆਇਆ। ਆਹ ਤਾਂ ਨਵਾਂ ਹੀ ਕੰਮ ਦੇਖਿਆ ਹੈ, ਨਿਤ
ਉੱਠ ਇਸ ਨੂੰ ਕੋਰੀ ਗਾਗਰ ਚਾਹੀਦੀ ਹੈ। ਘਰ ਦੀ ਪਾਰਵਾਰਿਕ ਕੋਈ ਜ਼ੁਮੇਵਾਰੀ ਸਮਝਦਾ ਹੀ ਨਹੀਂ, ਹਰਿ
ਹਰਿ ਰਸ ਨੂੰ ਹੀ ਚਿੰਬੜ ਗਿਆ ਹੈ। ਐਨੇ ਲੋਕਾ ਦੇ ਪੁਤ ਸੂਤਕ ਦੇ ਜਣੇਪੇ ਅੰਦਰ ਹੀ ਮਰ ਗਏ ਹਨ। ਇਹ
ਮੁੰਡਾ ਵੀ ਮਰ ਹੀ ਜਾਂਦਾ। ਇੰਝ ਕਿਉਂ ਨਹੀਂ ਹੋਇਆ, ਜੇਕਰ ਇਸਨੇ ਸਮਾਜਿਕ ਘਰੇਲੂ ਜ਼ੁਮੇਵਾਰੀਆਂ ਨਹੀਂ
ਨਿਭਾਉਂਣੀਆਂ ਸਨ।
ਜਦੋਂ ਕਿ ਸਾਰਿਆਂ ਦਾ ਇਕੋ ਸੁਆਮੀ ਹਰੀ ਆਪ ਹੀ ਹੈ। ਜਿਸਨੇ ਪ੍ਰਹਿਲਾਦ ਨੂੰ ਗਿਆਨ ਬਖ਼ਸ਼ਿਆ ਸੀ,
ਜਿਸਨੇ ਪ੍ਰਹਿਲਾਦ ਤੇ ਕਿਰਪਾ ਕੀਤੀ ਤਾਂ ਪ੍ਰਹਿਲਾਦ ਦੀ ਉੱਚੀ ਕੁਲ ਦੇ ਭਰਮ ਵਾਲੀ ਹਰਣਾਖਸ਼ੀ ਬਿਰਤੀ
ਦਾ ਨਾਸ਼ ਕੀਤਾ ਸੀ, ਖ਼ਾਤਮਾ ਕੀਤਾ ਸੀ, (ਬਿਦਾਰਿਓ- ਨਾਸ ਕਰਨਾ)।
ਭਾਵ ਪ੍ਰਹਿਲਾਦ ਦੀ ਹਰਨਾਖ਼ਸ਼ੀ ਬਿਰਤੀ ਖ਼ਤਮ ਕਰਕੇ ਬਿਬੇਕ ਬੁੱਧੀ ਵਾਹਿਗੁਰੂ ਨੇ ਉਸ ਨੂੰ ਬਖਸ਼ੀ ਸੀ,
ਜਿਸ ਬਿਬੇਕ ਬੁੱਧੀ ਦੁਆਰਾ ਉਸਨੇ ਘਰ ਵਿੱਚ ਪੂਜੇ ਜਾਂਦੇ ਦੇਵੀ ਦੇਵਤੇ ਅਤੇ ਪਿੱਤਰ ਪੂਜਣੇ ਛੱਡ
ਦਿਤੇ ਸਨ। ਗੁਰੂ ਦਾ ਗਿਆਨ ਹਿਰਦੇ ਅੰਦਰ ਵਸਾਇਆ ਸੀ। ਕਬੀਰ ਜੀ ਵੀ ਇਹੀ ਗੱਲ ਆਖਦੇ ਹਨ ਕਿ ਇਕੋ
ਵਾਹਿਗੁਰੂ ਦਾ ਬਖ਼ਸ਼ਿਸ਼ ਰੂਪੀ ਗਿਆਨ ਹੀ ਹੈ, ਜੋ ਸਾਰੇ ਪਾਪਾਂ ਦਾ ਖੰਡਣ ਕਰਦਾ ਹੈ, ਅਤੇ ਜਿਸ ਦੀ
ਪ੍ਰਾਪਤੀ ਨਾਲ ਪ੍ਰਹਿਲਾਦ ਉੱਧਰਿਆ। ਉਸ ਵਾਹਿਗੁਰੂ ਦੀ ਬਖ਼ਸ਼ਿਸ਼ ਪ੍ਰਾਪਤ ਕਰਕੇ ਹੀ ਸੰਸਾਰ ਸਮੁੰਦਰ
ਤੋਂ ਪਾਰ ਜਾਇਆ ਜਾ ਸਕਦਾ ਹੈ, ਕਰਮਕਾਂਡਾਂ ਕਰਕੇ ਨਹੀਂ।
ਬਲਦੇਵ ਸਿੰਘ ਟੋਰਾਂਟੋ