ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਕਰਿ ਅਉਗਣ ਪਛੋਤਾਵਣਾ
ਵਿਦਵਾਨਾਂ ਦੀ ਪ੍ਰਪੱਕ ਰਾਇ ਹੈ ਕਿ
ਜਿਸ ਤਰ੍ਹਾਂ ਰਹਾਉ ਦੀ ਤੁਕ ਵਿੱਚ ਸ਼ਬਦ ਦਾ ਵਿਸ਼ਾ-ਵਸਤੂ ਹੁੰਦਾ ਹੈ, ਏਸੇ ਤਰ੍ਹਾਂ ਪਉੜੀਆਂ ਦਾ
ਵਿਸ਼ਾ-ਵਸਤੂ ਅਖੀਰਲੀ ਤੁਕ ਵਿੱਚ ਹੁੰਦਾ ਹੈ। ਦੂਸਰਾ ਗੁਰਬਾਣੀ ਵਰਤਮਾਨ ਜੀਵਨ ਨੂੰ ਸਵਾਰਨ ਦਾ ਉਪਦੇਸ਼
ਦੇਂਦੀ ਹੈ। ਜੇ ਸਾਡਾ ਅੱਜ ਦਾ ਜੀਵਨ ਗੁਰ-ਉਪਦੇਸ਼ਾਂ ਅਨੁਸਾਰ ਹੋ ਗਿਆ ਤਾਂ ਕੁਦਰਤੀ ਆਉਣ ਵਾਲਾ ਸਮਾਂ
ਵੀ ਵਧੀਆ ਹੋਏਗਾ। ਗੁਰੂ ਨਾਨਕ ਸਾਹਿਬ ਜੀ ਦੀ ਉਚਾਰਣ ਕੀਤੀ ਹੋਈ ਆਸਾ ਕੀ ਵਾਰ ਦੀ ਇੱਕ ਪਉੜੀ ਨੂੰ
ਸਮਝਣ ਦਾ ਯਤਨ ਕੀਤਾ ਜਾਏਗਾ। ਜਿਹੜਾ ਮਨੁੱਖ ਆਪਣੇ ਜੀਵਨ ਵਿੱਚ ਅਉਗਣਾਂ ਨੂੰ ਇਕੱਠਾ ਕਰਨ ਦਾ ਯਤਨ
ਕਰਦਾ ਹੈ, ਤੇ ਸਮਝਦਾ ਹੈ, ਕਿ ਮੇਰੇ ਕੀਤੇ ਹੋਏ ਅਉਗਣਾਂ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ। ਪਰ ਜਿਸ
ਦਿਨ ਉਸ ਦੇ ਅਉਗਣ ਲੋਕਾਂ ਦੇ ਸਾਹਮਣੇ ਨੰਗੇ ਹੁੰਦੇ ਹਨ ਤਾਂ ਉਸ ਨੂੰ ਫਿਰ ਆਪਣੇ ਕੀਤੇ ਹੋਏ ਅਉਗਣਾਂ
ਕਰਕੇ ਪਛੋਤਾਉਣਾ ਵੀ ਪਏਗਾ। ਪਉੜੀ ਦਾ ਮੂਲ ਪਾਠ ਇਸ ਤਰ੍ਹਾਂ ਹੈ---
ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ॥
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥
ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ॥
ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ॥
ਕਰਿ ਅਉਗਣ ਪਛੋਤਾਵਣਾ॥ 14॥
ਆਸਾ ਕੀ ਵਾਰ ਮ: ੧ ਪੰਨਾ ੪੭੦
ਸਿਆਣਿਆਂ ਦਾ ਕਥਨ ਹੈ ਕਿ ਜੋ ਗਲਤੀ ਨਹੀਂ ਕਰਦਾ ਉਸ ਨੂੰ ਭਗਵਾਨ ਕਿਹਾ ਜਾਂਦਾ ਹੈ। ਜੋ ਗਲਤੀ ਕਰਕੇ
ਨਹੀਂ ਮੰਨਦਾ ਉਸ ਨੂੰ ਸ਼ੈਤਾਨ ਕਹਿੰਦੇ ਹਨ। ਜੋ ਗਲਤੀ ਤੇ ਗਲਤੀ ਕਰਦਾ ਹੈ ਉਸ ਨੂੰ ਹੈਵਾਨ ਕਹਿੰਦੇ
ਹਨ। ਜੋ ਗਲਤੀ ਕਰਕੇ ਮੰਨ ਜਾਏ ਉਸ ਨੂੰ ਇਨਸਾਨ ਕਹਿੰਦੇ ਹਨ।
ਬਜ਼ੁਰਗਾਂ ਨੇ ਕੋਈ ਵੀ ਗੱਲ ਸਮਝਾਉਣੀ ਹੁੰਦੀ ਸੀ ਤਾਂ ਉਹ ਕਹਾਣੀ ਪਾ ਕੇ ਸਮਝਾਉਂਦੇ ਹੁੰਦੇ ਸੀ ਤਿੰਨ
ਦੋਸਤਾਂ ਨੇ ਆਪਣੇ ਪਿੰਡ ਵਿੱਚ ਦਾਰੂ ਪੀ ਕੇ ਬਹੁਤ ਖ਼ਰੂਦ ਕੀਤਾ। ਲੋਕਾਂ ਨੇ ਸਿਆਣੀ ਪੰਚਾਇਤ ਪਾਸ
ਇਹਨਾਂ ਦੀ ਸ਼ਕਾਇਤ ਕੀਤੀ। ਪੰਚਾਇਤ ਨੇ ਇਹਨਾਂ ਤਿੰਨਾਂ ਨੂੰ ਤਲਬ ਕਰ ਲਿਆ। ਭਰੀ ਹੋਈ ਪਰੇ ਦੇਖ ਕੇ
ਇਹਨਾਂ ਤਿੰਨਾਂ ਨੂੰ ਆਪਣੀ ਕੀਤੀ ਦਾ ਅਹਿਸਾਸ ਹੋਇਆ ਤੇ ਇਹਨਾਂ ਨੇ ਆਪਣੇ ਗੁਨਾਹ ਨੂੰ ਭਲੀ-ਭਾਤ
ਮੰਨਣ ਵਿੱਚ ਭਲਾ ਸਮਝਿਆ। ਪੰਚਾਇਤ ਦੀ ਸਾਲਹ ਨਾਲ ਮੁੱਖ ਪੰਚ ਨੇ ਤਿੰਨਾਂ ਨੂੰ ਵੱਖਰੀ ਵੱਖਰੀ ਸਜਾ
ਸੁਣਾਈ ਦਿੱਤੀ। ਇੱਕ ਨੂੰ ਪੰਜ ਸੌ ਰੁਪਏ ਦੂਜੇ ਨੂੰ ਢਾਈ ਸੌ ਜੁਰਮਾਨਾ ਸੁਣਾਇਆ। ਤੀਜੇ ਬੰਦੇ ਵਲ
ਮੁੱਖ ਪੰਚ ਨੇ ਨਿਗਾਹ ਭਰ ਕੇ ਦੇਖਿਆ ਤਾਂ ਮਰਨ ਵਰਗਾ ਹੋ ਗਿਆ ਤੇ ਉਸ ਨੂੰ ਏਨਾ ਹੀ ਕਿਹਾ ਕਿ ਮੁੜ
ਕੇ ਅਜੇਹਾ ਕੰਮ ਨਾ ਕਰੀਂ ਜਾ ਆਪਣੇ ਘਰ ਚਲਾ ਜਾ। ਦੋਨੋਂ ਬੰਦੇ ਜੁਰਮਾਨਾ ਭਰ ਕੇ ਚਲੇ ਗਏ। ਕੁੱਝ
ਦਿਨਾਂ ਬਾਅਦ ਕੁੱਝ ਲੋਕਾਂ ਨੇ ਪੰਚਾਇਤ ਦੇ ਇਸ ਫੈਸਲੇ ਤੇ ਇਤਰਾਜ਼ ਉਠਾਇਆ ਕਿ ਤਿੰਨਾਂ ਨੂੰ ਇਕੋ
ਜੇਹੀ ਸਜਾ ਕਿਉਂ ਨਹੀਂ ਸੁਣਾਈ? ਜਦ ਗੁਨਾਂਹ ਤਿੰਨਾ ਦਾ ਇਕੋ ਜੇਹਾ ਸੀ, ਸਿਆਣੇ ਪੰਚ ਨੇ ਕਿਹਾ ਕਿ
ਇਹਨਾਂ ਤਿੰਨਾਂ ਵਿੱਚ ਫਰਕ ਸੀ। ਜੇ ਤੁਸੀਂ ਦੇਖਣਾ ਚਹੁੰਦੇ ਹੋ ਤਾਂ ਇਹਨਾਂ ਤਿੰਨਾਂ ਦੇ ਘਰਾਂ ਵਿੱਚ
ਜਾ ਕੇ ਦੇਖੋ ਇਸ ਗੱਲ ਦਾ ਸਪਸ਼ਟੀਕਰਨ ਤੁਹਾਨੂੰ ਆਪਣੇ ਆਪ ਮਿਲ ਜਾਏਗਾ। ਕੁੱਝ ਲੋਕ ਸਰਪੰਚ ਨਾਲ ਦੇਖਣ
ਵਾਸਤੇ ਤੁਰ ਪਏ। ਜਿਸ ਬੰਦੇ ਨੂੰ ਪੰਜ ਸੌ ਰੁਪਏ ਜੁਰਮਾਨਾ ਕੀਤਾ ਗਿਆ ਸੀ, ਉਹ ਫਿਰ ਹੋਰ ਦੋਸਤਾਂ
ਨਾਲ ਬੈਠ ਕੇ ਸ਼ਰਾਬ ਪੀ ਰਿਹਾ ਸੀ। ਤੇ ਕਹਿ ਰਿਹਾ ਸੀ, “ਕੋਈ ਗੱਲ ਨਹੀਂ ਅਜੇਹੇ ਜੁਰਮਾਨੇ ਤਾਂ
ਹੁੰਦੇ ਹੀ ਰਹਿੰਦੇ ਨੇ”। ਉਹਦੀ ਹਾਲਤ ਸੀ ਦੋ ਪਈਆਂ ਵਿਸਰ ਗਈਆਂ ਸਦਕੇ ਮੇਰੀ ਪਿੱਠ ਦੇ। ਸਰਪੰਚ
ਕਹਿੰਦਾ ਦੇਖੋ, “ਏਸ ਬੰਦੇ ਨੂੰ ਜੁਰਮਾਨਾ ਦੇਣ ਦਾ ਕੋਈ ਬਹੁਤਾ ਫਰਕ ਨਹੀਂ ਪਿਆ। ਇਹ ਆਪਣੀ ਆਦਤ ਤੋਂ
ਮਜ਼ਬੂਰ ਹੈ। ਇਸ ਨੂੰ ਮੋਟਾ ਜੁਰਮਾਨਾ ਇਸ ਲਈ ਕੀਤਾ ਗਿਆ ਸੀ ਕਿ ਸ਼ਾਇਦ ਸੁਧਰ ਜਾਏਗਾ ਪਰ ਇਹ ਸੁਧਰਿਆ
ਨਹੀਂ ਹੈ।
ਜਿਸ ਬੰਦੇ ਨੂੰ ਢਾਈ ਰੁਪਏ ਜੁਰਮਾਨਾ ਕੀਤਾ ਗਿਆ ਸੀ ਉਹ ਆਪਣੇ ਘਰ ਵਿੱਚ ਬੈਠ ਕੇ ਬਹੁਤ ਪਛੋਤਾਅ
ਰਿਹਾ ਸੀ ਕਿ ਮੈਨੂੰ ਅਜੇਹਾ ਕੰਮ ਨਹੀਂ ਕਰਨਾ ਚਾਹੀਦਾ ਸੀ। ਘਰ ਵਾਲੇ ਵੀ ਉਸ ਨੂੰ ਸਮਝਾ ਰਹੇ ਸਨ ਕਿ
ਅੱਗੇ ਤੋਂ ਅਸੀਂ ਜੁਰਮਾਨੇ ਦੇ ਪੈਸੇ ਨਹੀਂ ਦਿਆਂਗੇ ਜੇ ਤੂੰ ਫਿਰ ਅਜੇਹਾ ਕੰਮ ਕੀਤਾ। ਤੀਸਰੇ ਬੰਦੇ
ਦੇ ਘਰ ਜਦੋਂ ਗਏ ਤਾਂ ਉਹ ਕਮਰੇ ਵਿਚੋਂ ਬਾਹਰ ਹੀ ਨਹੀਂ ਆ ਰਿਹਾ ਸੀ। ਘਰ ਦੇ ਕਹਿ ਰਹੇ ਸਨ ਕਿ ਜਿਸ
ਦਿਨ ਦੀ ਇਹ ਘਟਨਾ ਵਾਪਰੀ ਹੈ ਇਹ ਉਸੇ ਦਿਨ ਦਾ ਹੀ ਬਹੁਤ ਪਰੇਸ਼ਾਨ ਹੈ ਤੇ ਪਛੋਤਾਅ ਰਿਹਾ ਹੈ ਕਿ ਮੈਂ
ਕਿਹੜਾ ਮੂੰਹ ਲੈ ਕੇ ਲੋਕਾਂ ਵਿੱਚ ਜਾਵਾਂ। ਬਰੀਕ ਬਿਰਤੀ ਵਾਲੇ ਪਾਸੋਂ ਕੋਈ ਅਜੇਹਾ ਅਉਗਣ ਹੋ ਜਾਂਦਾ
ਹੈ ਤਾਂ ਉਹ ਬਹੁਤ ਪਛਤਾਉਂਦਾ ਹੈ। ਹੁਣ ਸਾਰਿਆਂ ਨੂੰ ਸਮਝ ਆ ਗਈ ਕਿ ਅਉਗਣ ਦੀ ਸਮਝ ਆਉਣ `ਤੇ ਆਦਮੀ
ਨੂੰ ਪਛਤਾਉਣਾ ਪੈਂਦਾ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਣ ਕੀਤੀ ਹੋਈ ਇਸ ਪਉੜੀ ਨੂੰ ਅਸੀਂ
ਆਪਣੇ ਜੀਵਨ, ਪਰਵਾਰ ਤੇ ਸਮਾਜ ਵਿੱਚ ਲਾਗੂ ਕਰਕੇ ਦੇਖੀਏ ਤਾਂ ਅਉਗਣਾਂ ਤੋਂ ਸਦਾ ਲਈ ਕਿਨਾਰਾ ਕਰਨ
ਦਾ ਉਪਦੇਸ਼ ਮਿਲਦਾ ਹੈ।
ਪਉੜੀ ਦੀ ਅਖ਼ੀਰਲੀ ਤੁਕ ਵਿੱਚ ਵਿਸ਼ਾ ਹੈ— ‘ਕਰਿ ਅਉਗਣ ਪਛੋਤਾਵਣਾ’ ‘ਭੈੜੇ ਕੰਮ ਕਰਕੇ ਅੰਤ ਪਛਤਾਉਣਾ
ਹੀ ਪੈਂਦਾ ਹੈ’ ਇਸ ਤੁਕ ਵਿੱਚ ਅਉਗਣ ਕਰਕੇ ਮਨੁੱਖ ਪਛਤਾਉਂਦਾ ਹੈ। ਪਉੜੀ ਦੀਆਂ ਬਾਕੀ ਤੁਕਾਂ ਨੂੰ
ਏਸੇ ਤੁਕ ਨਲ ਮਿਲਾ ਕੇ ਸਮਝਿਆ ਜਾਏਗਾ। ਇਹ ਪਛਤਾਵੇ ਦੋ ਪ੍ਰਕਾਰ ਦੇ ਹਨ। ਇੱਕ ਤਾਂ ਮੈਨੂੰ ਅਉਗਣ
ਨਹੀਂ ਕਰਨਾ ਚਾਹੀਦਾ ਸੀ, ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ। ਦੂਸਰਾ ਹੁਣ ਅਉਗਣ ਕਰਕੇ ਮੈਨੂੰ
ਜੇਹਲ ਦੀ ਹਵਾ ਵੀ ਖਾਣੀ ਪਏਗੀ। ਇਹਨਾਂ ਪਛਤਾਵਿਆਂ ਵਿਚੋਂ ਅਗਾਂਹ ਹੋਰ ਪਛਤਾਵੇ ਨਿਕਲਦੇ ਹਨ। ਜੇਹਲ
ਦੀ ਚਾਰ ਦੀਵਾਰੀ ਵਿੱਚ ਬੈਠੇ ਨੂੰ ਪੋਤੇ ਪੋਤਰੀਆਂ ਦੀ ਯਾਦ ਸਤਾਉਂਦੀ ਹੈ। ਇਹ ਬੜਾ ਵੱਡਾ ਪਛਤਾਵਾ
ਰਹਿੰਦਾ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਆਉਂਦਾ ਸੀ, ਮੈਂ ਉਹਨਾਂ ਨੂੰ ਖਿਡਾਉਂਦਾ
ਸੀ, ਉਹ ਮੈਨੂੰ ਯਾਦ ਕਰਦੇ ਹੋਣਗੇ। ਯਨੀ ਕਿ ਭੈੜੇ ਕੰਮ ਕਰਕੇ ਮਨੁੱਖ ਨੂੰ ਪਛਤਾਉਣਾ ਹੀ ਪੈਂਦਾ ਹੈ।
ਪਉੜੀ ਦੀ ਪਹਿਲੀ ਤੁਕ ਵਿੱਚ ਅਉਗਣ ਕਰਕੇ ਜਦੋਂ ਸਜ਼ਾ ਦਾ ਭਾਗੀਦਾਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ
ਘਰ ਦਾ ਸੋਹਜ ਸਵਾਦ ਛੱਡਣਾ ਪੈਣਾ ਹੈ— ‘ਕਪੜੁ ਰੂਪੁ ਸੁਹਾਵਣਾ ਛਡਿ’ ਜੋ ਸੋਹਣੇ ਕਪੜੇ ਤੇ ਗ੍ਰਹਿਸਤੀ
ਜ਼ਿੰਦਗੀ ਵਿੱਚ ਪ੍ਰਗਟ ਹੁੰਦੇ ਹਨ। ਗ੍ਰਹਿਸਤ ਦੇ ਸੁਖ ਸੁਆਦ ਤੇ ਜ਼ਿੰਮੇਵਾਰੀਆਂ ਨੂੰ ਛੱਡ ਕੇ ਇੱਕ ਉਸ
ਦੁਨੀਆਂ ਵਿੱਚ ਜਾਣਾ ਪੈਣਾ ਹੈ ਜਿੱਥੇ ਅਉਗਣਾਂ ਵਾਲੇ ਹੋਰ ਵੀ ਬੈਠੇ ਹੋਏ ਹਨ— ‘ਦੁਨੀਆ ਅੰਦਰਿ
ਜਾਵਣਾ’ ਸਿਆਣੇ ਕਹਿੰਦੇ ਨੇ ਬਾਹਰ ਦੀ ਸਾਰੀ ਰੋਟੀ ਨਾਲੋਂ ਘਰ ਦੀ ਅੱਧੀ ਹੀ ਚੰਗੀ ਹੈ। ਮੇਰੇ ਇੱਕ
ਦੋਸਤ ਬਹੁਤ ਵਧੀਆ ਸਰਕਾਰੀ ਨੌਕਰੀ `ਤੇ ਲੱਗਿਆ ਹੋਇਆ ਸੀ। ਉਹਦੇ ਪਾਸੋਂ ਆਪਣੇ ਅਫ਼ਸਰ `ਤੇ ਹੱਥ
ਚੁੱਕਿਆ ਗਿਆ। ਅਫ਼ਸਰ ਦੀਆਂ ਤਾਰਾਂ ਉੱਪਰ ਤੀਕ ਖੜਕਦੀਆਂ ਸਨ। ਮੇਰੇ ਦੋਸਤ ਨੂੰ ਸਜਾ ਹੋ ਗਈ। ਮੈਂ
ਉਹਨੂੰ ਮਿਲਣ ਲਈ ਗਿਆ ਉਹ ਕਹਿੰਦਾ ਯਾਰ ਐਵੇਂ ਗਲਤੀ ਹੋ ਗਈ ਸਰਕਾਰੀ ਨੌਕਰੀ ਵੀ ਗਈ ਈ ਓ ਤੇ ਜਿਸ
ਦੁਨੀਆਂ ਵਿੱਚ ਮੈਂ ਰਹਿ ਰਿਹਾ ਹਾਂ ਇਹਨਾਂ ਵਿੱਚ ਕੋਈ ਚੱਜ ਅਚਾਰ ਦਾ ਬੰਦਾ ਨਹੀਓਂ। ਇੱਕ ਅਉਗਣ
ਬਦਲੇ ਉਹਦਾ ਸਭ ਕੁੱਝ ਹੀ ਬਦਲ ਗਿਆ। ਹੁਣ ਉਸ ਦੇ ਪਾਸ ਸਵਾਏ ਪਛਤਾਵੇ ਦੇ ਕੁੱਝ ਵੀ ਨਹੀਂ ਸੀ। ਇੱਕ
ਅਉਗਣ ਬਦਲੇ ਪਰਵਾਰਕ ਸੁੱਖ ਅਰਾਮ ਖਤਮ ਹੋ ਗਏ ਤੇ ਉਸ ਦੁਨੀਆਂ ਵਿੱਚ ਜਾਣਾ ਪਿਆ ਜੋ ਸਾਰੇ ਅਉਗਣਾਂ
ਦਾ ਸ਼ਿਕਾਰ ਸਨ। ਏੱਥੇ ਸਿਰਫ ਪਛਤਾਵਾ ਹੀ ਰਹਿ ਜਾਂਦਾ ਹੈ।
ਆਮ ਸਾਡੀ ਇੱਕ ਧਾਰਨਾ ਹੈ ਕਿ ਅਸੀਂ ਆਪਣਾ ਅਉਗਣ ਕਬੂਲਣ ਲਈ ਤਿਆਰ ਨਹੀਂ ਹੁੰਦੇ। ਹਰ ਆਦਮੀ ਕਹਿੰਦਾ
ਹੈ ਕਿ ਮੇਰਾ ਤੇ ਬਿਲਕੁਲ ਕੋਈ ਕਸੂਰ ਨਹੀਂ ਸੀ। ਇਹ ਵੀ ਠੀਕ ਹੈ ਕਈ ਥਾਵਾਂ `ਤੇ ਸਰਕਾਰੀ ਦਬਾਅ
ਕਰਕੇ ਫੈਸਲੇ ਗਲਤ ਵੀ ਹੁੰਦੇ ਹਨ। ਪਰ ਆਮ ਕਰਕੇ ਅਸੀਂ ਆਪਣੇ ਕੀਤੇ ਦਾ ਹੀ ਫ਼ਲ਼ ਭੋਗਦੇ ਹਾਂ। ਏੱਥੇ
ਉਸ ਧਾਰਨਾ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਵਿੱਚ ਮਨੁੱਖ ਅਉਗਣ ਕਰਕੇ ਪਛਤਾਉਂਦਾ ਹੈ। ਅਸੀਂ ਕਰਮ
ਕਰਨ ਵਿੱਚ ਤਾਂ ਅਜ਼ਾਦ ਹਾਂ ਪਰ ਫਲ਼ ਦੀ ਪ੍ਰਾਪਤੀ ਵਿੱਚ ਅਜ਼ਾਦ ਨਹੀਂ ਹਾਂ। ਇਸ ਲਈ ਜੇਹੋ ਜੇਹਾ ਕੋਈ
ਕਰਮ ਕਰੇਗਾ ਉਹੋ ਜੇਹਾ ਹੀ ਉਹ ਫਲ ਪਾਏਗਾ— ‘ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ’॥ ਇਸ ਤੁਕ
ਵਿੱਚ ਚੰਗਾ ਤੇ ਮੰਦਾ ਦੋ ਵਿਚਾਰ ਕੰਮ ਕਰਦੇ ਹਨ। ਚੰਗਾ ਕਰਮ ਸੁੱਖ ਦੀ ਪ੍ਰਪਾਤੀ ਵਲ ਨੂੰ ਵੱਧਦਾ ਹੈ
ਤੇ ਮੰਦਾ ਕਰਮ ਸਜ਼ਾ ਦਾ ਹਿੱਸਾ ਬਣ ਕੇ ਪਛਤਾਵੇ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ।
ਗੁਰਬਾਣੀ ਨੇ ਮਨ ਨੂੰ ਬਹੁਤ ਸੁਚੇਤ ਕੀਤਾ ਹੈ ਪਰ ਫਿਰ ਵੀ ਔਝੜ ਰਸਤੇ `ਤੇ ਹੀ ਤੁਰਨ ਨੂੰ ਤਰਜੀਹ
ਦੇਂਦਾ ਹੈ। ਮਨ ਫੁਰਨਿਆਂ ਦਾ ਘਰ ਹੈ। ਇਹਨਾਂ ਫੁਰਨਿਆਂ ਵਿੱਚ ਭੈੜੀ ਮਤ ਦੀ ਬਿਰਤੀ ਛੇਤੀ ਜਵਾਨ
ਹੁੰਦੀ ਹੈ। ਭੈੜੀ ਮਤ ਦੇ ਅਧਾਰ ਜਦੋਂ ਕਰਮ ਕਰਦਾ ਹੈ ਤਾਂ ਕੁਦਰਤੀ ਇਸ ਨੂੰ ਉਸ ਰਸਤੇ `ਤੇ ਤੁਰਨਾ
ਪੈਂਦਾ ਹੈ ਜਿਸ ਦਾ ਇਹ ਆਦੀ ਨਹੀਂ ਹੁੰਦਾ— ‘ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ’
ਤਸੀਲਦਾਰ ਦੀ ਤਨਖਾਹ ਬਹੁਤ ਵਧੀਆ ਹੈ ਪਰ ਪੈਸੇ ਲਏ ਬਿਨਾ ਕੀ ਮਿਜਾਲ ਹੈ ਜੇ ਰਜਿਸਟਰੀ ਕਰੇ।
ਤਸੀਲਦਾਰ ਦਾ ਮਨ ਜਾਣਦਾ ਹੋਇਆ ਵੀ ਇਹ ਅਉਗਣ ਕਰ ਰਿਹਾ ਹੈ। ਜਿਸ ਦਿਨ ਫੜਿਆ ਜਾਂਦਾ ਹੈ ਤਾਂ ਉਸ ਨੂੰ
ਉਸੇ ਜੇਲ੍ਹ ਦੀ ਹਵਾ ਖਾਣੀ ਪੈਂਦੀ ਹੈ ਜਿੱਥੇ ਉਹਦੇ ਵਰਗੀ ਹੋਰ ਦੁਨੀਆਂ ਬੈਠੀ ਹੋਈ ਹੈ। ਕਿੱਥੇ ਲਾਲ
ਬੱਤੀ ਵਾਲੀ ਸਰਕਾਰੀ ਕਾਰ ਸੀ ਤੇ ਕਿੱਥੇ ਪੁਲੀਸ ਦੀ ਫੱਟਿਆਂ ਵਾਲੀ ਮੈਟਾਡੋਰ ਤੇ ਬਹਿਣਾ ਪਿਆ। ਜੇ
ਮਨ ਦੀ ਅੰਦਰਲੀ ਅਵਾਜ਼ ਸੁਣਦਾ ਕਿ ਭਈ ਆਪਣੀ ਤਨਖਾਹ ਤੇ ਗ਼ੁਜ਼ਾਰਾ ਕਰਨ ਵਿੱਚ ਹੀ ਭਲਾ ਹੈ ਤਾਂ
ਤਸੀਲਦਾਰ ਨੂੰ ਜੇਲ੍ਹ ਦੇ ਤਪੜਾਂ `ਤੇ ਨਾ ਸੌਣਾ ਪੈਂਦਾ— ‘ਰਾਹਿ ਭੀੜੈ ਅਗੈ ਜਾਵਣਾ’ ਜਿਸ ਰਾਹ `ਤੇ
ਤਰਿਆ ਨਾ ਜਾ ਸਕਦਾ ਹੋਵੇ ਭਾਵ ਬਿਖਮ ਰਸਤਾ। ਜਦੋਂ ਅਉਗਣ ਕੀਤਾ ਹੈ ਤਾਂ ਫਿਰ ਆਉਣ ਵਾਲੇ ਜੀਵਨ ਵਿੱਚ
ਕਠਨਾਈਆਂ ਹੀ ਆਉਣੀਆਂ ਹਨ। ਮਨ ਨੂੰ ਭਾਉਂਦੇ ਹੋਏ ਰਸਾਂ ਵਿਚੋਂ ਏਡਜ਼ ਵਰਗੀਆਂ ਬਿਮਾਰੀਆਂ ਹੀ ਜਨਮ
ਲੈਣਗੀਆਂ ਜੋ ਭੀੜੇ ਰਾਹ ਦੀਆਂ ਨਿਸ਼ਾਨੀਆਂ ਹਨ।
ਇਸ ਪਉੜੀ ਦੀ ਅਖੀਰਲੀ ਤੁਕ ਸਮਾਜ ਵਿੱਚ ਧਰਮ ਦਾ ਬੁਰਕਾ ਪਾਈ ਬੈਠੇ ਸਾਧਾਂ `ਤੇ ਬਹੁਤ ਫਿੱਟ ਬੈਠਦੀ
ਹੈ। ਉਂਝ ਤਾਂ ਗੁਰਬਾਣੀ ਦਾ ਉਪਦੇਸ਼ ਸਰਬ ਸਾਂਝਾ ਹੈ। ਜਿੰਨ੍ਹਾਂ ਚਿਰ ਸਾਧ ਦਾ ਅਉਗਣ ਪ੍ਰਗਟ ਨਹੀਂ
ਹੁੰਦਾ ਉਨਾਂ ਚਿਰ ਤਾਂ ਸਭ ਠੀਕ ਠਾਕ ਹੈ ਪਰ ਜਦੋਂ ਅਉਗਣ ਪ੍ਰਗਟ ਹੁੰਦਾ ਹੈ ਓਦੋਂ ਅਖੌਤੀ ਧਰਮੀ
ਅੰਦਰੋ ਅੰਦਰੀ ਆਪਣੇ ਆਪ ਨੂੰ ਕੋਸ ਰਿਹਾ ਹੁੰਦਾ ਹੈ। ‘ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ’
ਸਮਾਜ ਵਿੱਚ ਇੱਕ ਮੁਹਾਵਰਾ ਹੈ ਕਿ ਮੈਂ ਤੈਨੂੰ ਨੰਗਾ ਕਰੂੰਗਾ। ਇਸ ਦਾ ਅਰਥ ਇਹ ਨਹੀਂ ਕਿ ਉਸ ਦੇ
ਕਪੜੇ ਲਾਹੇ ਜਾਣਗੇ। ਇਸ ਦਾ ਭਾਵ ਅਰਥ ਹੈ ਕਿ ਮੈਂ ਤੇਰਿਆਂ ਅਉਗਣਾਂ ਦਾ ਕੱਚਾ ਚਿੱਠਾ ਲੋਕਾਂ ਦੇ
ਸਾਹਮਣੇ ਰਖੂੰਗਾ। ਅਉਗਣ ਕਰਦਾ ਹੋਇਆ ਫੜਿਆ ਗਿਆ ਮਨੁੱਖ ‘ਨੰਗਾ ਦੋਜਕਿ ਚਾਲਿਆ’ ਹੈ। ਅਉਗਣਹਾਰੀ ਨੂੰ
ਜਿੱਥੇ ਆਪਣੇ ਆਪ ਤੇ ਹੀ ਸ਼ਰਮ ਮਹਿਸੂਸ ਹੁੰਦੀ ਹੈ ਓੱਥੇ ਉਸ ਨੂੰ ਆਉਣ ਵਾਲੀ ਸਜ਼ਾ ਦਾ ਨਜ਼ਾਰਾ ਵੀ ‘ਤਾ
ਦਿਸੈ ਖਰਾ ਡਰਾਵਣਾ’ ਦਿਸਦਾ ਹੈ।
ਗੁਰੂ ਸਾਹਿਬ ਜੀ ਨੇ ਇਸ ਪਉੜੀ ਵਿੱਚ ਅਉਗਣ ਹੋ ਜਾਣ ਦੇ ਉਪਰੰਤ ਜਿਹੜੀ ਮਨੁੱਖ ਦੀ ਤਰਸ ਯੋਗ ਹਾਲਤ
ਹੁੰਦੀ ਹੈ ਉਸ ਦੀ ਪੂਰੀ ਜਾਣਕਾਰੀ ਦਿੱਤੀ ਹੈ---
ਐਸਾ ਕੰਮੁ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ॥
ਸਤਿਗੁਰੂ ਕਾ ਉਪਦੇਸੁ ਸੁਣਿ ਤੂ, ਹੋਵੈ ਤੇਰੈ ਨਾਲੇ॥
ਅਨੰਦ ਸਾਹਿਬ ਮਹਲਾ ੩ ਪੰਨਾ ੯੧੮