ਗੁਰਬਾਣੀ ਦਾ ਸੱਚ
(ਕਿਸ਼ਤ ਨੰ: 17)
ਗੁਰਬਾਣੀ ਦਾ ਸੱਚ (ਸੱਚ-ਖੰਡ-ਭਾਗ ਦੂਜਾ)
ਭਾਈ ਵੀਰ ਸਿੰਘ ਗੁਰੁ ਨਾਨਕ ਪ੍ਰਕਾਸ਼ ਵਿੱਚ ਭਾਈ ਸੰਤੋਖ ਸਿੰਘ ਵਲੋਂ
‘ਸੱਚ-ਖੰਡ’ ਅਤੇ ਪ੍ਰਭੂ ਸਰੂਪ ਬਾਰੇ ਕੀਤੀ ਵਿਸਤ੍ਰਿਤ ਚਰਚਾ ਦੇ ਸਬੰਧ ਵਿੱਚ ਲਿਖਦੇ ਹਨ, “ਸੱਚਖੰਡ
ਅਦੇਸ਼, ਅਥਾਂਵ ਟਿਕਾਣਾ ਹੈ, ਜਿਸ ਦਾ ਰੂਪ ਰੇਖ ਨਹੀਂ, ਫੇਰ ਓਹ ਹਰ ਥਾਵੇਂ ਹੈ। ਵਾਹਿਗੁਰੂ ਹੈ, ਤੇ
ਉਸਦੀ ਹੈ ਦਾ ਟਿਕਾਣਾ ਆਖੋ ਤਾਂ ਕਹੀ ਦਾ ਹੈ ‘ਸਚ ਦੇ ਖੰਡ’ ਵਿਚ, ਮੁਰਾਦ ਇਹ ਨਹੀਂ ਕਿ ਉਹ ਖੰਡ ਕੋਈ
ਦੇਸ਼ ਹੈ, ਪਰ ਸਦਾ ਅਦੇਸ਼ ਤੇ ਫੇਰ ਸਰਬ ਦੇਸ਼ੀ ਹੈ। ਗੁਰੂ ਜੀ ਦਾ ਓਥੇ ਜਾਣਾ ਤੇ ਦਰਸ਼ਨ ਹੋਣੇ ਤੇ ਹੁਕਮ
ਮਿਲਣਾ, ਸਭ ਆਤਮ ਖੇਡਾਂ ਹਨ। ਸਾਡੀ ਸਮਝ ਵਿੱਚ ਨਾ ਆ ਸੱਕਣ ਕਰਕੇ ਵਰਤਣ ਐਉਂ ਕਰੀਦਾ ਹੈ ਕਿ ਜਿਵੇਂ
ਉਹ ਕਿਸੇ ਮੁਕਾਮ ਵਿੱਚ ਕਿਸੇ ਸਰੀਰਾਂ ਦੇ ਮਿਲਾਪ ਵਾਂਙ ਹੋ ਰਹੀ ਹੈ, ਸ਼੍ਰੀ ਸਤਿਗੁਰੂ ਨਾਨਕ ਦੇਵ ਜੀ
ਨੇ ਆਪ ਬੀ ਇਸ ਕੌਤਕ ਦਾ ਪਤਾ ਦਿੱਤਾ ਹੈ, ਓਥੇ ਬੀ ‘ਸੱਦਿਆ ਜਾਣਾ’ ‘ਸਿਰੋਪਾ ਮਿਲਣਾ’ ‘ਅੰਮ੍ਰਤ ਦਾਨ
ਹੋਣਾ’ ਆਦਿ ਪਦ ਸਾਡੀ ਸਮਝ ਗੋਚਰਾ ਕਰਨ ਲਈ ਆਪ ਨੇ ਵਰਤੇ ਹਨ।”
ਪਰ ਕੁੱਝ ਕੁ ਵਿਦਵਾਨ ਜਪੁ ਜੀ ਵਿੱਚ ਆਏ ‘ਸੱਚ-ਖੰਡ’ ਨੂੰ ਆਤਮਕ ਉੱਚਤਾ ਦਾ
ਸਿਖਰ ਮੰਣਨ ਦੀ ਬਜਾਏ ਇਸ ਦੀ ਭੂਗੋਲਿਕ ਹੋਂਦ ਹੀ ਮੰਨਦੇ ਹਨ। ਜਿਸ ਤਰ੍ਹਾਂ ਅਨਮਤਾਂ ਵਿੱਚ ਪ੍ਰਭੂ
ਦਾ ਵਿਸ਼ੇਸ਼ ਸਥਾਨ ਮੰਨਿਆ ਗਿਆ ਹੈ, ਉਸੇ ਤਰ੍ਹਾਂ ਹੀ ‘ਸੱਚ-ਖੰਡ’ ਦੀ ਸਥਾਨਗਤ ਹੋਂਦ ਮੰਨਣ ਵਾਲੇ
ਵਿਦਵਾਨਾਂ ਦੀ ਧਾਰਨਾ ਹੈ। ਅਜਿਹੇ ਸੱਜਣਾਂ ਦਾ ਇਹ ਮੰਨਣਾ ਹੈ ਕਿ ਪ੍ਰਭੂ ਦਾ ਖ਼ਾਸ ਟਿਕਾਣਾ
‘ਸੱਚ-ਖੰਡ’ ਹੀ ਹੈ। ਅਜਿਹੀ ਧਾਰਨਾ ਰੱਖਣ ਵਾਲਿਆਂ ਵਿਚੋਂ ਹੀ ਇੱਕ ਵਿਦਵਾਨ ਦੇ ਵਿਚਾਰ ਪਾਠਕਾਂ ਨਾਲ
ਸਾਂਝਿਆਂ ਕਰ ਰਹੇ ਹਾਂ। “ਜਿਨ੍ਹਾਂ ਜਗਿਆਸੂਆਂ ਨੂੰ ਇਹ ਭੁਲੇਖਾ ਹੈ ਕਿ ਵਾਸਤਵ ਵਿੱਚ ਕੋਈ ਖੰਡ
ਨਹੀਂ, ਕੇਵਲ ਅਲੰਕਾਰ ਬਨ੍ਹਣ ਲਈ ‘ਪੰਜ ਖੰਡਾਂ’ ਦਾ ਵਰਣਨ ਕੀਤਾ ਗਿਆ ਹੈ, ਉਨ੍ਹਾਂ ਦੇ ਇਹ ਵਿਚਾਰ
ਗੁਰਬਾਣੀ ਦੇ ਅਨੁਸਾਰ ਠੀਕ ਨਹੀਂ ਹਨ। ਜੇ ਇਨ੍ਹਾਂ ਖੰਡਾਂ ਦੀ ਹੋਂਦ ਨੂੰ ਵਾਸਤਵ ਵਿੱਚ ਨਾ ਮੰਨਿਆ
ਜਾਵੇ, ਤਾਂ ਬ੍ਰਹਮਾ, ਵਿਸ਼ਨੂੰ, ਸ਼ਿਵਜੀ, ਧਰਮ ਰਾਜ, ਨਰਕ ਅਤੇ ਸੁਰਗ ਪੁਰੀ ਆਦਿ ਸਭ ਹੀ ਬਣਾਉਟੀ ਰੂਪ
ਮੰਨੇ ਜਾਣਗੇ।” (ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ-ਗਿਆਨੀ ਹਰਬੰਸ ਸਿੰਘ) (ਨੋਟ:
ਪੁਰਾਣ ਸਾਹਿਤ ਵਿੱਚ ਵਰਣਿਤ ਇਨ੍ਹਾਂ ਪੁਰੀਆਂ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਦ੍ਰਿਸ਼ਟੀਕੋਣ ਦੀ ਅਸੀਂ
ਅੱਗੇ ਚਲ ਕੇ ਵਿਚਾਰ ਕਰਾਂਗੇ) ਆਪ ਅੱਗੇ ਲਿਖਦੇ ਹਨ, “ਜਿਹੜੇ ਸੱਜਣ ਇਹ ਆਖਦੇ ਹਨ ‘ਜੇ ਅਕਾਲ ਪੁਰਖ
ਦੇ ਬਿਰਾਜਮਾਨ ਹੋਣ ਦਾ ਟਿਕਾਣਾ ‘ਸਚ ਖੰਡ’ ਮੰਨ ਲਈਏ ਤਾਂ ਓਹ ਇੱਕ ਦੇਸੀ ਹੋ ਜਾਂਦਾ ਹੈ ਇਸ ਲਈ
ਵਾਸਤਵ ਵਿੱਚ ਕੋਈ ਖੰਡ ਨਹੀਂ, ਠੀਕ ਨਹੀਂ ਜਾਪਦਾ। ਸਚੇ ਨਿਰੰਕਾਰ ਜੀ ਆਪਣੇ ਨਿਜਅਸਥਾਨ ਤੇ ਸਸ਼ੋਭਤ
ਹਨ; ਨਿਰਗੁਣ ਤੇ ਸਰਗੁਣ ਦੋਹਾਂ ਸਰੂਪਾਂ ਵਿੱਚ ਹੀ ਵਿਆਪਕ ਹਨ। ਸੁਆਮੀ ਜੀ, ਜਲਾਂ ਥਲਾਂ ਵਿੱਚ ਹਰ
ਥਾਂ ਹੀ ਪਰੀ-ਪੂਰਨ ਹਨ-
ਜਲਿ
ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ॥ ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ॥ (ਪੰਨਾ 296)
ਗੁਰਮਤਿ ਅਨੁਸਾਰ ‘ਤਹਾ ਬੈਕੁੰਠ ਜਹ ਕੀਰਤਨ ਤੇਰਾ’
ਅਤੇ ਸਾਧ ਸੰਗਤਿ ਸਚ ਖੰਡ ਵਸਾਯਾ’ ਦੇ ਭਾਵ ਬੜੇ ਸਪਸ਼ਟ ਹਨ।”. . ਆਪ ਫਿਰ ਲਿਖਦੇ ਹਨ ਕਿ, “ਗੁਰੂ
ਨਾਨਕ ਦੇਵ ਜੀ ਮਹਾਰਾਜ ਆਪ ਵੀ ਆਪਣੇ ਪਵਿਤ੍ਰ ਮੁਖਾਰਬਿੰਦ ਤੋਂ ‘ਸਚ ਖੰਡ’ ਵਿੱਚ ਜਾਣ ਦਾ ਵਰਣਨ ਹੇਠ
ਲਿਖੇ ਸ਼ਬਦ ਦੁਆਰਾ ਕਰਦੇ ਹਨ:-ਹਉ
ਢਾਢੀ ਵੇਕਾਰੁ ਕਾਰੈ ਲਾਇਆ॥ ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ॥ ਢਾਢੀ ਸਚੈ ਮਹਲਿ ਖਸਮਿ
ਬੁਲਾਇਆ॥ ਸਚੀ ਸਿਫਤਿ ਸਾਲਾਹ ਕਪੜਾ ਪਾਇਆ॥ ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ॥ ਗੁਰਮਤੀ ਖਾਧਾ ਰਜਿ
ਤਿਨਿ ਸੁਖੁ ਪਾਇਆ॥ ਢਾਢੀ ਕਰੇ ਪਸਾਉ ਸਬਦੁ ਵਜਾਇਆ॥ ਨਾਨਕ ਸਚੁ ਸਾਲਾਹਿ ਪੂਰਾ ਪਾਇਆ॥ (ਪੰਨਾ 150)
(ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ
ਸਟੀਕ-ਗਿਆਨੀ ਹਰਬੰਸ ਸਿੰਘ)
ਗਿਆਨੀ ਹਰਬੰਸ ਸਿੰਘ ਜੀ ਹੁਰਾਂ ਵਲੋਂ ਆਪਣੇ ਕਥਨ ਦੀ ਪੁਸ਼ਟੀ ਲਈ ਜੇਹੜੇ ਤਰਕ
ਪੇਸ਼ ਕੀਤੇ ਹਨ, ਉਨ੍ਹਾਂ ਦੀ ਅਸੀਂ ਅੱਗੇ ਚਲ ਕੇ ਵਿਚਾਰ ਕਰਾਂਗੇ। ਇੱਥੇ ਫਿਲਹਾਲ ਜਿਸ ਪਉੜੀ ਦਾ ਆਪ
ਜੀ ਨੇ ਹਵਾਲਾ ਦੇ ਕੇ ਇਹ ਕਿਹਾ ਹੈ ਕਿ ਇਸ ਪਉੜੀ ਵਿੱਚ ਗੁਰੂ ਨਾਨਕ ਸਾਹਿਬ ਨੇ ਆਪ ‘ਸੱਚ-ਖੰਡ’ ਜਾਣ
ਦਾ ਵਰਣਨ ਕੀਤਾ ਹੈ, ਉਸ ਦੀ ਚਰਚਾ ਕਰ ਰਹੇ ਹਾਂ। ਇਹ ਪਉੜੀ (ਹਉ ਢਾਢੀ ਵੇਕਾਰੁ ਕਾਰੈ ਲਾਇਆ) ਰਾਗ
ਮਾਝ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਦੀ ਉਚਾਰਣ ਕੀਤੀ ਹੋਈ ਹੈ। ਇਸ ਪਉੜੀ ਦਾ ਅਰਥ ਸ੍ਰੀ ਗੁਰੂ
ਗ੍ਰੰਥ ਸਾਹਿਬ ਦਰਪਣ ਵਿੱਚ ਪ੍ਰੋਫੈਸਰ ਸਾਹਿਬ ਜੀ ਨੇ ਇਉਂ ਕੀਤਾ ਹੈ: ਮੈਂ ਵੇਹਲਾ ਸਾਂ, ਮੈਨੂੰ
ਢਾਢੀ ਬਣਾ ਕੇ ਪ੍ਰਭੂ ਨੇ (ਅਸਲ) ਕੰਮ ਵਿੱਚ ਲਾ ਦਿੱਤਾ, ਪ੍ਰਭੂ ਨੇ ਧੁਰੋਂ ਹੁਕਮ ਦਿੱਤਾ ਕਿ ਭਾਵੇਂ
ਰਾਤ ਹੋਵੇ ਭਾਵੇਂ ਦਿਨ ਜਸ ਕਰੋ। ਮੈਨੂੰ ਢਾਢੀ ਨੂੰ (ਭਾਵ, ਜਦੋਂ ਮੈਂ ਉਸ ਦੀ ਸਿਫ਼ਤਿ-ਸਾਲਾਹ ਸਾਲਾਹ
ਵਿੱਚ ਲੱਗਾ ਤਾਂ) ਖਸਮ ਨੇ ਆਪਣੇ ਸੱਚੇ ਮਹਲ ਵਿੱਚ (ਆਪਣੀ ਹਜ਼ੂਰੀ ਵਿਚ) ਸੱਦਿਆ। (ਉਸ ਨੇ) ਸੱਚੀ
ਸਿਫ਼ਤਿ-ਸਾਲਾਹ-ਰੂਪ ਮੈਨੂੰ ਸਿਰੋਪਾਉ ਦਿੱਤਾ। ਸਦਾ ਕਾਇਮ ਰਹਿਣ ਵਾਲਾ ਆਤਮਕ ਜੀਵਨ ਦੇਣ ਵਾਲਾ ਨਾਮ
(ਮੇਰੇ ਆਤਮਾ ਦੇ ਆਧਾਰ ਲਈ ਮੈਨੂੰ) ਭੋਜਨ (ਉਸ ਪਾਸੋਂ) ਮਿਲਿਆ। ਜਿਸ ਜਿਸ ਮਨੁੱਖ ਨੇ ਗੁਰੂ ਦੀ
ਸਿੱਖਿਆ ਤੇ ਤੁਰ ਕੇ (ਇਹ ‘ਅੰਮ੍ਰਿਤ ਨਾਮੁ ਭੋਜਨ’ ) ਰੱਜ ਕੇ ਖਾਧਾ ਹੈ ਉਸ ਨੇ ਸੁਖ ਪਾਇਆ ਹੈ। ਮੈਂ
ਢਾਢੀ (ਭੀ ਜਿਉਂ ਜਿਉਂ) ਸਿਫ਼ਤਿ-ਸਾਲਾਹ ਦਾ ਗੀਤ ਗਾਉਂਦਾ ਹਾਂ, ਪ੍ਰਭੂ-ਦਰ ਤੋਂ ਮਿਲੇ ਇਸ
ਨਾਮ-ਪ੍ਰਸ਼ਾਦ ਨੂੰ ਛਕਦਾ ਹਾਂ (ਭਾਵ, ਨਾਮ ਦਾ ਆਨੰਦ ਮਾਣਦਾ ਹਾਂ)। ਹੇ ਨਾਨਕ! ਸੱਚੇ ਪ੍ਰਭੂ ਦੀ
ਸਿਫ਼ਤਿ-ਸਾਲਾਹ ਕਰ ਕੇ ਉਸ ਪੂਰਨ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ।
ਗਿਆਨੀ ਹਰਬੰਸ ਸਿੰਘ ਜੀ ਅਤੇ ਹੋਰ ਜੇਹੜੇ ਵਿਦਵਾਨ ਇਹ ਸਮਝਦੇ ਹਨ ਕਿ
ਸਤਿਗੁਰੂ ਜੀ ਨੇ ਪਉੜੀ ਦੀਆਂ ਇਨ੍ਹਾਂ ਪੰਗਤੀਆਂ ‘ਢਾਢੀ ਸਚੈ ਮਹਲਿ ਖਸਮਿ ਬੁਲਾਇਆ’ ਆਦਿ ਵਿੱਚ ਆਪ
‘ਸੱਚ-ਖੰਡ’ ਜਾਣ ਦਾ ਵਰਣਨ ਕੀਤਾ ਹੈ, ਉਨ੍ਹਾਂ ਨੂੰ ਨਿਮ੍ਰਤਾ ਸਹਿਤ ਬੇਨਤੀ ਹੈ ਕਿ ਇਸ ਤਰ੍ਹਾਂ ਦੇ
ਅਰਥ-ਭਾਵ ਵਾਲੀਆਂ ਪਉੜੀਆਂ, ਗੁਰੂ ਰਾਮ ਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਦੀਆਂ ਵੀ ਉਚਾਰਣ ਕੀਤੀਆਂ
ਹੋਈਆਂ ਹਨ।
ਗੁਰੂ ਰਾਮਦਾਸ ਜੀ ਦੀ ਉਚਾਰਣ ਕੀਤੀ ਹੋਈ ਸਿਰੀ ਰਾਗ ਵਿਚਲੀ ਵਾਰ ਦੀ ਅੰਤਲੀ
(21ਵੀਂ) ਪਉੜੀ ਵਿੱਚ ਵੀ ਹੂ-ਬਹੂ ਇਹੀ ਭਾਵ ਦਰਸਾਇਆ ਗਿਆ ਹੈ। ਸਤਿਗੁਰੂ ਜੀ ਵਲੋਂ ਅਕਾਲ ਪੁਰਖ ਦੇ
ਮਹਲ `ਚ ਜਾਣ, ਪ੍ਰਭੂ ਦੇ ਦਰਸ਼ਨ ਕਰਨ, ਪਰਮਾਤਮਾ ਵਲੋਂ ਇਨ੍ਹਾਂ ਨੂੰ ਕਿਸ ਕੰਮ ਲਈ ਆਉਣ ਦੀ ਪੁੱਛ
ਕਰਨ, ਗੁਰੂ ਰਾਮਦਾਸ ਜੀ ਵਲੋਂ ਹਰੀ ਤੋਂ ਨਾਮ ਦਾਨ ਕਰਨ ਅਤੇ ਪ੍ਰਭੂ ਵਲੋਂ ਇਸ ਦਾਨ ਦੀ ਬਖ਼ਸ਼ਸ਼ ਕਰਕੇ
ਵਡਿਆਈ ਬਖ਼ਸ਼ਣ ਦਾ ਵਰਣਨ ਹੈ:-
ਹਉ
ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ॥ ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ॥ ਹਰਿ
ਪੁਛਿਆ ਢਾਢੀ ਸਦਿ ਕੈ ਕਿਤੁ ਅਰਥਿ ਤੂੰ ਆਇਆ॥ ਨਿਤ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਨਾਮੁ ਧਿਆਇਆ॥
ਹਰਿ ਦਾਤੈ ਹਰਿ ਨਾਮੁ ਜਪਾਇਆ ਨਾਨਕੁ ਪੈਨਾਇਆ॥ (ਪੰਨਾ 91)
ਅਰਥ: ਮੈਂ ਪ੍ਰਭੂ ਖਸਮ ਦਾ ਢਾਢੀ ਪ੍ਰਭੂ ਦੇ ਦਰ ਤੇ
ਅੱਪੜਿਆ, ਪ੍ਰਭੂ ਦੇ ਦਰਬਾਰ ਵਿੱਚ ਮੇਰੀ ਢਾਢੀ ਦੀ ਪੁਕਾਰ ਸੁਣੀ ਗਈ ਤੇ ਮੈਨੂੰ ਦਰਸਨ ਪਰਾਪਤ ਹੋਇਆ।
ਮੈਨੂੰ ਢਾਢੀ ਨੂੰ ਹਰੀ ਨੇ ਸੱਦ ਕੇ, ਪੁੱਛਿਆ, ਹੇ ਢਾਢੀ! ਤੂੰ ਕਿਸ ਕੰਮ ਆਇਆ ਹੈਂ? (ਮੈਂ ਬੇਨਤੀ
ਕੀਤੀ) ‘ਹੇ ਦਇਆਲ ਪ੍ਰਭੂ! ਸਦਾ (ਇਹੀ ਦਾਨ ਬਖ਼ਸ਼ੋ ਕਿ) ਤੇਰੇ ਨਾਮ ਦਾ ਸਿਮਰਨ ਕਰਾਂ।’ (ਬੇਨਤੀ ਸੁਣ
ਕੇ) ਦਾਤਾਰ ਹਰੀ ਨੇ ਆਪਣਾ ਨਾਮ ਮੈਥੋਂ ਜਪਾਇਆ ਅਤੇ ਮੈਨੂੰ ਨਾਨਕ ਨੂੰ ਵਡਿਆਈ (ਭੀ) ਦਿੱਤੀ।
ਗੁਰੂ ਅਰਜਨ ਸਾਹਿਬ ਜੀ ਦੀ ਰਚਿਤ ਮਾਰੂ ਰਾਗ ਵਿਚਲੀ ਵਾਰ ਦੀ 9ਵੀਂ ਪਉੜੀ
ਵਿੱਚ ਵੀ ਇਸ ਤਰ੍ਹਾਂ ਦਾ ਭਾਵ ਹੀ ਦਰਸਾਇਆ ਗਿਆ ਹੈ:-
ਹਉ ਢਾਢੀ ਦਰਿ ਗੁਣ ਗਾਵਦਾ ਜੇ ਹਰਿ ਪ੍ਰਭ ਭਾਵੈ॥ ਪ੍ਰਭੁ ਮੇਰਾ ਥਿਰ ਥਾਵਰੀ
ਹੋਰ ਆਵੈ ਜਾਵੈ॥ ਸੋ ਮੰਗਾ ਦਾਨੁ ਗ+ਸਾਈਆ ਜਿਤੁ ਭੁਖ ਲਹਿ ਜਾਵੈ॥ ਪ੍ਰਭ ਜੀਉ ਦੇਵਹੁ ਦਰਸਨੁ ਆਪਣਾ
ਜਿਤੁ ਢਾਢੀ ਤ੍ਰਿਪਤਾਵੈ॥ ਅਰਦਾਸਿ ਸੁਣੀ ਦਾਤਾਰਿ ਪ੍ਰਭਿ ਢਾਢੀ ਕਉ ਮਹਲਿ ਬੁਲਾਵੈ॥ ਪ੍ਰਭ ਦੇਖਦਿਆ
ਦੁਖ ਭੁਖ ਗਈ ਢਾਢੀ ਕਉ ਮੰਗਣੁ ਚਿਤਿ ਨ ਆਵੈ॥ ਸਭੇ ਇਛਾ ਪੂਰੀਆ ਲਗਿ ਪ੍ਰਭ ਕੈ ਪਾਵੈ॥ ਹਉ ਨਿਰਗੁਣੁ
ਢਾਢੀ ਬਖਸਿਓਨੁ ਪ੍ਰਭਿ ਪੁਰਖਿ ਵੇਦਾਵੈ॥ (ਪੰਨਾ 1097)
(ਮਾਰੂ ਵਾਰ ਮਹਲਾ 5) ਅਰਥ: ਜੇ ਹਰੀ ਪ੍ਰਭੂ ਨੂੰ ਚੰਗਾ
ਲੱਗੇ (ਜੇ ਪ੍ਰਭੂ ਦੀ ਰਜ਼ਾ ਹੋਵੇ, ਮੇਹਰ ਹੋਵੇ) ਤਾਂ ਮੈਂ ਢਾਢੀ (ਉਸ ਦੇ) ਦਰ ਤੇ (ਉਸ ਦੇ) ਗੁਣ
ਗਾਂਦਾ ਹਾਂ। ਮੇਰਾ ਪ੍ਰਭੂ ਸਦਾ-ਥਿਰ ਟਿਕਾਣੇ ਵਾਲਾ ਹੈ, ਹੋਰ (ਸ੍ਰਿਸ਼ਟੀ) ਜੰਮਦੀ ਮਰਦੀ ਹੈ। ਹੇ
ਧਰਤੀ ਦੇ ਸਾਂਈ! ਮੈਂ (ਤੈਥੋਂ) ਉਹ ਦਾਨ ਮੰਗਦਾ ਹਾਂ ਜਿਸ ਨਾਲ ਮੇਰੀ (ਮਾਇਆ ਦੀ) ਭੁੱਖ ਦੂਰ ਹੋ
ਜਾਏ। ਹੇ ਪ੍ਰਭੂ ਜੀ! ਮੈਨੂੰ ਆਪਣਾ ਦਰਸਨ ਦਿਉ ਜਿਸ ਨਾਲ ਮੈਂ ਢਾਢੀ (ਮਾਇਆ ਦੀ ਤ੍ਰਿਸ਼ਨਾ ਵਲੋਂ)
ਰੱਜ ਜਾਵਾਂ।
ਦਾਤਾਰ ਪ੍ਰਭੂ ਨੇ (ਮੇਰੀ) ਅਰਦਾਸ ਸੁਣ ਲਈ ਤੇ (ਮੈਨੂੰ) ਢਾਢੀ ਨੂੰ ਆਪਣੇ
ਮਹਲ ਵਿੱਚ ਬੁਲਾ ਲਿਆ (ਬੁਲਾਉਂਦਾ ਹੈ); ਪ੍ਰਭੂ ਦਾ ਦੀਦਾਰ ਕਰਦਿਆਂ ਹੀ ਮੇਰੀ (ਮਾਇਆ ਵਾਲੀ) ਭੁੱਖ
ਤੇ ਹੋਰ ਦੁੱਖ ਦੂਰ ਹੋ ਗਏ, ਮੈਨੂੰ ਢਾਢੀ ਨੂੰ ਇਹ ਚੇਤੇ ਹੀ ਨਾਹ ਰਿਹਾ ਕਿ ਮੈਂ ਕੁੱਝ ਮੰਗਾਂ,
ਪ੍ਰਭੂ ਦੀ ਚਰਨੀਂ ਲੱਗ ਕੇ ਮੇਰੀਆਂ ਸਾਰੀਆਂ ਹੀ ਕਾਮਨਾਂ ਪੂਰੀਆਂ ਹੋ ਗਈਆਂ (ਮੇਰੀ ਕੋਈ ਵਾਸਨਾ ਰਹਿ
ਹੀ ਨ ਗਈ)। ਉਸ ਪ੍ਰਭੂ-ਪੁਰਖ ਨੇ ਮੈਨੂੰ ਨਿਮਾਣੇ ਗੁਣ-ਹੀਨ ਢਾਢੀ ਨੂੰ ਬਖ਼ਸ਼ ਲਿਆ।
ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਵਲੋਂ ਉਚਾਰਣ ਇਨ੍ਹਾਂ ਪਉੜੀਆਂ
ਦੇ ਸਬੰਧ ਵਿੱਚ ਕਿਸੇ ਵੀ ਲੇਖਕ ਨੇ ਇਹ ਨਹੀਂ ਲਿਖਿਆ ਕਿ ਗੁਰੂ ਸਾਹਿਬਾਨ ਨੇ ਇਨ੍ਹਾਂ ਪਉੜੀਆਂ ਵਿੱਚ
ਕਿਸੇ ਭੂਗੋਲਿਕ ‘ਸੱਚ-ਖੰਡ’ ਵਿਚ, ਪ੍ਰਭੂ ਵਲੋਂ ਬੁਲਾਉਣ, ਸਿਰੋਪਾ ਆਦਿ ਦੇਣ ਦਾ ਵਰਣਨ ਕੀਤਾ ਹੈ
ਜਾਂ ਇਹ ਗੁਰੂ ਸਾਹਿਬਾਨ ਵੀ ਗੁਰੂ ਨਾਨਕ ਸਾਹਿਬ ਵਾਂਙ ਕਿਸੇ ਅਸਮਾਨੀ ‘ਸੱਚ-ਖੰਡ’ ਵਿੱਚ ਜਾਣ ਦਾ
ਪਤਾ ਦੇਂਦੇ ਹਨ। ਜਦ ਕਿ ਇਨ੍ਹਾਂ ਪਉੜੀਆਂ ਵਿੱਚ ਵੀ ਉਹੀ ਭਾਵ ਦਰਸਾਇਆ ਗਿਆ ਹੈ ਜੋ ਗੁਰੂ ਨਾਨਕ
ਸਾਹਿਬ ਦੀ ਉਚਾਰਣ ਕੀਤੀ ਹੋਈ ਪਉੜੀ ਵਿੱਚ ਹੈ। (ਨੋਟ: ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਭੂ ਦੇ
ਮਹਲ/ਦਰਬਾਰ ਬਾਰੇ ਬਾਣੀਕਾਰਾਂ ਨੇ ਜੋ ਆਪਣੇ ਮੁੱਖੋਂ ਫ਼ਰਮਾਇਆ ਹੈ, ਉਸ ਦੀ ਚਰਚਾ ਅਗਲੇ ਅੰਕ ਵਿੱਚ
ਕਰਾਂਗੇ)
ਅਸੀਂ ਇੱਕ ਵਾਰ ਫਿਰ ਪਾਠਕਾਂ ਦਾ ਧਿਆਨ ਜਨਮ ਸਾਖੀ ਸਾਹਿਤ ਅਤੇ ਇਨ੍ਹਾਂ ਦੇ
ਆਧਾਰਤ ਲਿਖਤਾਂ ਵਿੱਚ ਇਸ ਘਟਨਾ ਸਬੰਧੀ ਵਰਣਿਤ ਵੇਰਵਿਆਂ ਵਲ ਦਿਵਾ ਰਹੇ ਹਾਂ। ਚੂੰਕਿ ਜ਼ਿਆਦਾਤਰ
ਸਿੱਖ ਸੰਗਤਾਂ ਨੇ ਗੁਰਬਾਣੀ ਦੇ ਸੱਚ ਨਾਲੋਂ ਜਨਮ ਸਾਖੀਆਂ ਆਦਿ ਵਿਚਲੀਆਂ ਕਥਾਵਾਂ ਦਾ ਪ੍ਰਭਾਵ
ਵਧੇਰੇ ਕਬੂਲ ਕੀਤਾ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦੇ ‘ਸੱਚ-ਖੰਡ’ ਦੀ ਯਾਤਰਾ ਸਬੰਧੀ ਜਿਸ
ਤਰ੍ਹਾਂ ਲੇਖਕਾਂ ਵਿੱਚ ਮੱਤ-ਭੇਦ ਹਨ, ਇਸੇ ਤਰ੍ਹਾਂ ਅਕਾਲ ਪੁਰਖ ਅਤੇ ਹਜ਼ੂਰ ਵਿੱਚ ਹੋਈ ਗੱਲ-ਬਾਤ
ਹੋਈ ਬਾਰੇ ਵੀ ਮੱਤ-ਭੇਦ ਹਨ। ਪਾਠਕਾਂ ਦੇ ਗਿਆਤ ਲਈ ਸੰਖੇਪ ਵਿੱਚ ਇਸ ਦਾ ਵਰਣਨ ਕਰ ਰਹੇ ਹਾਂ ਤਾਂ
ਕਿ ਪਾਠਕ ਜਨ ਇਹ ਦੇਖ ਸਕਣ ਕਿ ਕਿਸ ਤਰ੍ਹਾਂ ਲਿਖਣ ਵਾਲਿਆਂ ਨੇ ਆਪਣੀ ਹੀ ਕਲਪਣਾ ਦੇ ਆਧਾਰਤ ਇਹ ਸਭ
ਕੁੱਝ ਲਿਖਿਆ ਹੈ।
(ੳ) ਜਿਸ ਵੇਲੇ ਗੁਰੂ ਸਾਹਿਬ ਜੀ ਸੁਮੇਰ ਪਰਬਤ ਤੋਂ ਸਿੱਧਾਂ ਨਾਲ ਚਰਚਾ
ਕਰਕੇ ਕਾਗਭਸੁੰਡ, ਦਤਾਤ੍ਰੇਹ, ਪ੍ਰਹਿਲਾਦ, ਧ੍ਰੂ ਭਗਤ ਨਾਲ ਬਚਨ ਬਿਲਾਸ ਕਰਦੇ ਹੋਏ ਸਚਖੰਡ ਵਿਖੇ
ਅਕਾਲ ਪੁਰਖ ਪਾਸ ਨਿਮਸ਼ਕਾਰ ਕਰਕੇ ਬੈਠ ਗਏ ਤਾਂ ਅਕਾਲ ਪੁਰਖ ਨੇ ਕਿਹਾ ਸਾਡਾ ਦਰਵਾਜ਼ਾ ਅਤੇ ਘਰ ਤੁਸਾਂ
ਨੇ ਕਿਹੜਾ ਨਿਸਚੇ ਕੀਤਾ ਹੈ? ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਅੰਮ੍ਰਿਤ ਵੇਲਾ ਵਿਚਾਰ ਕੇ ਆਸਾ
ਰਾਗ ਵਿੱਚ ਸੋਦਰ ਦਾ ਸ਼ਬਦ ਉਚਾਰਿਆ, ਕਿਉਂਕਿ ਆਸਾ ਰਾਗ ਦੇ ਗਾਇਣ ਦਾ ਸਮਾਂ ਅੰਮ੍ਰਿਤ ਵੇਲਾ ਹੈ।
ਰਾਗੁ ਆਸਾ ਮਹਲਾ 1 ਘਰੁ 1 ਸੋ
ਦਰੁ॥ ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾੑਲੇ॥ … (ਪੰਨਾ 347)
(ਨੋਟ: ਪਾਠਕ ਜਨ ਧਿਆਨ ਦੇਣ ਹਜ਼ੂਰ ‘ਸੋ ਦਰੁ’ ਸ਼ਬਦ ਦੀ
ਵਰਤੋਂ ਕਰ ਰਹੇ ਹਨ। ਇਹ ਦਰ ਜਾਂ ਤੇਰਾ/ਤੁਹਾਡਾ ਦਰ ਨਹੀਂ। ਅਜਿਹੇ ਭਾਵ ਵਾਲੇ ਗੁਰੂ ਗ੍ਰੰਥ ਸਾਹਿਬ
ਵਿੱਚ ਕਈ ਸ਼ਬਦ ਹਨ। ਕਈਆਂ ਸ਼ਬਦਾਂ ਵਿੱਚ ਤਾਂ ਅਕਾਲ ਪੁਰਖ ਨੂੰ ਹੀ ਸੰਬੋਧਨ ਕੀਤਾ ਗਿਆ ਹੋਇਆ ਹੈ)
ਫੁਟ ਨੋਟ ਵਿੱਚ ਆਪ ਲਿਖਦੇ ਹਨ, “ਸੋਦਰ ਤਿੰਨ ਵੇਰ ਉਚਾਰਿਆ ਗਿਆ ਹੈ-ਜਪੁਜੀ
ਵਿਖੇ, ਰਹਿਰਾਸ ਵਿਖੇ, ਆਸਾ ਰਾਗ ਵਿਖੇ। ਤਿੰਨਾਂ ਦੀ ਉਥਾਨਕਾ ਵਖੋ ਵਖਰੀ ਹੈ। ਪਹਿਲਾ ਸੋਦਰ ਜਪੁਜੀ
ਸਾਹਿਬ ਵਾਲਾ ਸੁਮੇਰ ਪਰਬਤ ਉਤੇ ਸਿੱਧਾਂ ਨਾਲ ਗੋਸ਼ਟਿ ਕਰਦਿਆਂ ਉਚਾਰਿਆ ਹੈ। ਦੂਜਾ ਸੋਦਰ ਰਹਿਰਾਸ
ਵਾਲਾ ਉਸ ਵੇਲੇ ਅਕਾਲ ਪੁਰਖ ਦੇ ਸਨਮੁਖ ਉਚਾਰਿਆ ਗਿਆ ਹੈ ਜਦ ਵੇਈਂ ਨਦੀ ਵਿੱਚ ਚੁੱਭੀ ਮਾਰਕੇ ਗੁਰੂ
ਜੀ ਸਚਖੰਡ ਵਿੱਚ ਗਏ। ਤੀਜਾ ਸੋਦਰ ਤਿਸ ਵੇਲੇ ਅਕਾਲ ਪੁਰਖ ਦੇ ਸਨਮੁਖ ਉਚਾਰਿਆ ਹੈ ਜਦ ਗੁਰੂ ਜੀ
ਧ੍ਰੂਅ ਭਗਤ ਨੂੰ ਮਿਲਕੇ ਸਚਖੰਡ ਵਿਖੇ ਗਏ ਹਨ। (ਸੰਪਰਦਾਈ ਟੀਕਾ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ –ਸੰਤ ਕਿਰਪਾਲ ਸਿੰਘ ਜੀ)
(ਅ) ਭਾਈ ਸੰਤੋਖ ਸਿੰਘ ਲਿਖਦੇ ਹਨ, “ਸ਼੍ਰੀ ਗੁਰੁ ਸੁਨਿ ਬੈਨ ਭਨੇ ਸਿਰੀ ਰਾਗ
ਵਿਖੇ, ਹਿਯਰਾ ਅਨੁਰਾਗੀ। ਸ਼੍ਰੀ ਮੁਖਬਾਕ। ਸਿਰੀ ਰਾਗੁ ਮਹਲਾ 1. ਕੋਟਿ ਕੋਟੀ ਮੇਰੀ ਆਰਜਾ ਪਵਣੁ
ਪੀਅਣੁ ਅਪਿਆਉ। … ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ। 4. ਪਾਰਬ੍ਰਹਮ ਬਿਗਸੇ ਮੰਤ੍ਰ
ਦੀਨ ਗੁਰੁ ਹੋਇ। ਸ਼੍ਰੀ ਨਾਨਕ ਧਾਰਨ ਕਰਯੋ ਬਰਨ ਸੁਨਾਵੋਂ ਸੋਇ। ੴ ਸਤਿਨਾਮੁ ਕਰਤਾ ਪੁਰਖੁ ਨਿਰਭਉ
ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥” ਭਾਵ, ਅਕਾਲ ਪੁਰਖ ਨੇ ਗੁਰੂ ਹੋ ਕੇ ਗੁਰੂ
ਨਾਨਕ ਸਾਹਿਬ ਨੂੰ ਮੰਤ੍ਰ ਦਿੱਤਾ। ਭਾਈ ਸੰਤੋਖ ਸਿੰਘ ਅੱਗੇ ਲਿਖਦੇ ਹਨ, “ਬਹੁਰੋ ਧੁਨਿ ਭੁਰ ਗੰਭੀਰ
ਭਨੈ’ ‘ਤਜਿਯੇ ਕ੍ਰਿਤਿ ਕੋ, ਬਿਦਤਾਵਹੁ ਜਾਈ।” ਅਰਥਾਤ ਰੱਬ ਜੀ ਨੇ ਸਤਿਗੁਰੂ ਜੀ ਨੂੰ ਫਿਰ ਆਖਿਆ ਕਿ
ਮਾਤਲੋਕ ਵਿੱਚ ਜਾ ਕੇ ਇਸ ਮੰਤ੍ਰ ਨੂੰ ਪ੍ਰਗਟ ਕਰੋ।
(ਨੋਟ: ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ‘ਕੋਟਿ ਕੋਟੀ “ਵਾਲਾ ਸ਼ਬਦ ਮੀਆਂ
ਮਿੱਠੇ ਨੂੰ ਮਿਲਣ ਸਮੇਂ ਉਚਾਰਣ ਕੀਤੇ ਜਾਣ ਦਾ ਵਰਣਨ ਹੈ। ਦੂਜੀ ਵਾਰ ਅਜਿਤੇ ਰੰਧਾਵੇ ਨਾਲ ਹੋਈ
ਗੋਸ਼ਟਿ ਸਮੇਂ ਵੀ ਇਸ ਸ਼ਬਦ ਦਾ ਵਰਣਨ ਕੀਤਾ ਹੈ।)
ਭਾਈ ਸੰਤੋਖ ਸਿੰਘ ਅਨੁਸਾਰ ਜਦ ਗੁਰੂ ਸਾਹਿਬ ਦੂਜੀ ਵਾਰ ‘ਸੱਚ-ਖੰਡ’ ਵਿਖੇ
ਗਏ ਤਾਂ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ, “ਉਚਰਹੁ ਮਹਿਮਾ ਨਾਮ ਮਨੋਗਾ (ਸੁੰਦਰ)।
ਜੋ ਮਤਿਮੰਦਨ ਤਾਰਨ ਜੋਗਾ। ਨਿਜ ਮੁਖ ਤੇ ਤੁਮ ਗਾਇ ਸੁਨਾਵਹੁ। ਬਹੁਰ ਜਾਇ ਉਪਦੇਸ਼ ਦ੍ਰਿੜਾਵਹੁ। ਸੁਨਿ
ਬੋਲੇ ਸ਼੍ਰੀ ਨਾਨਕ ਬਾਨੀ। ਆਸਾ ਰਾਗ ਬਿਖੇ ਸ਼ੁਭ ਸਾਨੀ। ਸ੍ਰੀ ਮੁਖਵਾਕ:-ਸੋ ਦਰ ਤੇਰਾ ਕੇਹਾ…ਸੋ
ਪਾਤਿਸਾਹੁ ਸਾਹਾ ਪਤਿ ਸਾਹਿਬੁ ਨਾਨਕ ਰਹਣ ਰਜਾਈ। 1. . . ਮਹਿਮਾ ਸ਼੍ਰੀ ਅਕਾਲ ਸੁਨਿ ਕਾਨੇ। ਭੇ
ਪਰਸੀਦ ਮੰਦ ਮੁਸਕਾਨੇ। ਸ਼੍ਰੀ ਮੁਖ ਤੇ ਪੁਨ ਗਿਰਾ ਉਚਾਰੀ। ‘ਅਬ ਤੁਮ ਜਾਵਹੁ ਜਗਤ ਮਝਾਰੀ। ਜਿਹ ਕਾਰਨ
ਨਿਜ ਧਰਯੋ ਸਰੀਰਾ। ਕਰਹੁ ਕਾਜ ਭੰਜਹੁ ਭਵ ਪੀਰਾ।”
(ੲ) ਪੁਰਾਤਨ ਜਨਮ ਸਾਖੀ ਵਿੱਚ ਇਸ ਘਟਨਾ ਦਾ ਵਰਣਨ ਕਰਨ ਸਮੇਂ, ਗੁਰੂ ਸਾਹਿਬ
ਵਲੋਂ ਕਿਸੇ ਸ਼ਬਦ ਦੇ ਉਚਾਰਣ ਦਾ ਵਰਣਨ ਨਹੀਂ ਕੀਤਾ ਹੋਇਆ। ਇਸ ਸਾਖੀ ਵਿੱਚ ਕੇਵਲ ਨਿਰੰਕਾਰ ਵਲੋਂ
ਗੁਰੂ ਨਾਨਕ ਸਾਹਿਬ ਨੂੰ ਇਹ ਕਹਿੰਦਿਆਂ ਹੀ ਦਰਸਾਇਆ ਹੈ ਕਿ “ਮੈਂ ਤੇਰੇ ਨਾਲ ਹਾਂ। ਤੈਨੂੰ ਨਿਹਾਲ
ਕੀਤਾ। ਤੂੰ ਜਾਇ ਕੈ ਨਾਮੁ ਜਪਾਇ ਅਤੇ ਸੰਸਾਰ ਵਿੱਚ ਤੇ ਨਿਰਲੇਪ ਰਹੁ। ਨਾਮ ਦਾਨੁ ਇਸਨਾਨੁ ਸੇਵਾ
ਸਿਮਰਨੁ ਵਿਚੁ ਰਹੁ। ਮੈਂ ਤੇਰੇ ਨਾਲ ਹਾਂ ਮੈਂ ਤੇਰੇ ਤਾਈ ਏਹੋ ਨਾਉ ਦੀਆ ਹੈ। ਤੂ ਏਹਾ ਕੀਰਤਿ ਕਰੁ।
ਤਬ ਬਾਬੇ ਤਸਲੀਮ ਕੀਤੀ, ਉਠ ਖੜਾ ਹੋਇਆ।”
(ਸ) ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਵੇਈਂ ਨਦੀ ਵਿੱਚ ਇਸ਼ਨਾਨ ਸਮੇਂ ਤਿੰਨ
ਦਿਨ ਅਲੋਪ ਰਹਿਣ ਦੀ ਘਟਣਾ ਦਾ ਵਰਣਨ ਤਾਂ ਕੀਤਾ ਹੋਇਆ ਹੈ, ਪਰੰਤੂ ਗੁਰੂ ਨਾਨਕ ਸਾਹਿਬ ਦੇ
‘ਸੱਚ-ਖੰਡ’ ਜਾਣ ਦਾ ਵਰਣਨ ਨਹੀਂ ਕੀਤਾ ਹੈ। ਇਸ ਜਨਮ ਸਾਖੀ ਅਨੁਸਾਰ ਗੁਰੂ ਨਾਨਕ ਸਾਹਿਬ ਉਦਾਸੀਆਂ
ਦੇ ਸਮੇਂ ‘ਸੱਚ-ਖੰਡ’ ਗਏ ਹਨ। ਹਜ਼ੂਰ ਵਲੋਂ ਅਕਾਲ ਪੁਰਖ ਦੇ ਸਨਮੁਖ ‘ਸੋਦਰੁ’ ਸ਼ਬਦ ਦੇ ਉਚਾਰਣ ਦਾ
ਜ਼ਿਕਰ ਵੀ ਕੀਤਾ ਹੈ। ਇਸ ਜਨਮ ਸਾਖੀ ਦਾ ਲੇਖਕ ਨਿਰੰਕਾਰ ਦੇ ਮੂੰਹੋਂ ਗੁਰਦੇਵ ਨੂੰ ਮੁਖ਼ਾਤਬ ਕਰਦਿਆਂ
ਇਹ ਕਹਿਣ ਦਾ ਜ਼ਿਕਰ ਕਰਦਾ ਹੈ, “ਹੇ ਨਾਨਕ ਚਾਰ ਬੇਦ ਅਗੇ ਬ੍ਰਹਮੇ ਕੋ ਦੀਏ ਹੈਨ ਸੋ ਤਿਨਾਂ ਵੇਦਾਂ
ਦੀ ਸਮਝ ਅਮਕੇ ਜੀਆਂ ਕੇ ਨਹੀਂ ਆਂਵਦੀ ਕਲਜੁਗ ਦੇ ਪ੍ਰਤਾਪ ਕਰਕੇ ਜੀਵਾਂ ਦੀ ਬੁਧ ਮਲੀਨ ਹੋ ਗਈ ਹੈ
ਕੂੜ ਕੁਸਤਿ ਕਰਕੇ ਬੇਦਾਂ ਦੀ ਵੀਚਾਰ ਨਹੀਂ ਕਰ ਸਕਦੇ ਅਬ ਤੂੰ ਜਾਇ ਕਰ ਮਾਤ ਲੋਕ ਮੇਂ ਪੰਜਵਾਂ ਵੇਦ
ਨਾਮ ਕੀ ਉਪਾਸ਼ਨਾਂ ਕਾ ਭਾਖਾ ਬਾਣੀ ਦੁਆਰੇ ਪ੍ਰਗਟ ਕਰ ਜਿਸ ਕੋ ਪੜ੍ਹਕੇ ਜੀਵਾਂ ਕਾ ਉਧਾਰ ਹੋਵੇਗਾ
ਤਾਂ ਗੁਰੂ ਬਾਬੇ ਜੀ ਮੱਥਾ ਟੇਕਿਆ ਅਤੇ ਹੱਥ ਜੋੜ ਕਰ ਬੇਨਤੀ ਕਰੀ ਹੇ ਭਗਵਾਨ ਸੰਤ ਸਰੂਪ ਨਿਰੰਕਾਰ
ਆਪ ਕੀ ਕ੍ਰਿਪਾ ਤੇ ਸੰਪੂਰਨ ਕਾਰਜ ਹੋਵਨਗੇ ਏਹ ਅਰਜ ਕਰਕੇ ਸ੍ਰੀ ਬਾਬਾ ਨਾਨਕ ਜੀ ਉਸ ਪ੍ਰਕਾਸ਼ ਵਿਚੋਂ
ਬਾਹਰ ਆਏ ਨਿਰੰਕਾਰ ਜੀ ਕਾ ਦਰਸ਼ਨ ਕਰਕੇ ਔਰ ਆਗਿਆ ਲੇ ਕਰ ਮਹਾਰਾਜ ਦੇ ਸੱਚਖੰਡ ਥੀਂ ਵਿਦਿਆ ਹੂਏ।”
ਉਪਰੋਕਤ ਸੰਖੇਪ ਜੇਹੇ ਵਰਣਨ `ਚ ਪਾਠਕ ਜਨ ਆਪ ਹੀ ਅੰਦਾਜ਼ਾ ਲਗਾ ਸਕਦੇ ਹਨ ਕਿ
ਲਿਖਾਰੀਆਂ ਨੇ ਇਸ ਘਟਨਾ ਦਾ ਵਰਣਨ ਕਰਨ ਸਮੇਂ ਕਿਸ ਤਰ੍ਹਾਂ ਕਲਪਣਾ ਦੀਆਂ ਉਡਾਰੀਆਂ ਮਾਰੀਆਂ ਹਨ।
ਇਨ੍ਹਾਂ ਲੇਖਕਾਂ ਨੇ ਗੁਰੂ ਨਾਨਕ ਸਾਹਿਬ ਮੁੱਖੋਂ ਹੀ ਨਹੀਂ ਸਗੋਂ ਅਕਾਲ ਪੁਰਖ ਦੇ ਮੁੱਖੋਂ ਵੀ ਆਪਣੀ
ਹੀ ਸੋਚ ਅਨੁਸਾਰ ਬੋਲ ਕਢਵਾਏ ਹਨ। ਗੁਰਬਾਣੀ ਦੇ ਸ਼ਬਦਾਂ ਬਾਰੇ ਵੀ ਆਪ ਹੀ ਕਿਆਸ-ਆਰਾਈਆਂ ਲਗਾ ਕੇ
ਲਿਖ ਦਿੱਤਾ ਹੈ। (ਚੱਲਦਾ)
ਜਸਬੀਰ ਸਿੰਘ ਵੈਨਕੂਵਰ