ਪਵਣੁ ਗੁਰੁ, ਪਾਣੀ ਪਿਤਾ
ਗੁਰਸ਼ਰਨ ਸਿੰਘ ਕਸੇਲ, ਕਨੇਡਾ
ਹਰੇਕ ਮਨੁੱਖ ਜਾਣਦਾ ਹੈ ਕਿ ਹਵਾ
ਅਤੇ ਪਾਣੀ ਹਰ ਜੀਵ ਲਈ ਬਹੁਤ ਜਰੂਰੀ ਹੈ। ਇਨ੍ਹਾਂ ਤੋਂ ਬਿਨਾਂ ਤਾਂ ਬਨਾਸਪਤੀ ਵੀ ਨਹੀਂ ਹੋ ਸਕਦੀ।
ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਹਵਾ ਨੂੰ ਬਹੁਤ ਜ਼ਰੂਰੀ ਦੱਸਿਆ ਹੈ ਕਿ ਪ੍ਰਾਣ ਜੀਵਾਂ ਲਈ ਬਹੁਤ
ਜ਼ਰੂਰੀ ਹੈ ਅਤੇ ਪਾਣੀ ਸੱਭ ਦਾ ਪਿਉ ਹੈ। ਜੋ ਚੀਜ਼ਾਂ ਸਾਡੇ ਲਈ ਏਨੀਆਂ ਜ਼ਰੂਰੀ ਹਨ ਅਸੀਂ ਫਿਰ ਵੀ ਨਾ
ਸਮਝੀ ਕਾਰਨ ਉਹਨਾ ਨੂੰ ਹੀ ਗੰਦਾ ਕਰਨ ਲਗਿਆ ਧਿਆਨ ਨਹੀਂ ਦੇਂਦੇ। ਇਸ ਦਾ ਇੱਕ ਕਾਰਨ ਤਾਂ ਨਾ ਸਮਝੀ
ਹੋ ਸਕਦੀ ਹੈ ਪਰ ਇੱਕ ਅਸੀਂ ਆਪਣੀ ਰੱਤਾ ਜਿੰਨੀ ਸਹੂਲਤ ਜਾਂ ਆਪਣਾ ਕੰਮ ਛੇਤੀ ਛੇਤੀ ਨਬੇੜਨ ਦੀ
ਕਾਹਲੀ ਵਿੱਚ ਵੀ ਕਰਦੇ ਹਾਂ। ਸਾਡੀ ਅਣਗਹਿਲੀ ਕਾਰਨਂ ਆਉਣ ਵਾਲੇ ਕੱਲ੍ਹ ਨੂੰ ਜਿਹੜਾ ਨੁਕਸਾਨ ਹੋਣ
ਵਾਲਾ ਹੈ ਉਸ ਬਾਰੇ ਨਹੀਂ ਸੋਚਦੇ; ਪਰ ਸਾਨੂੰ ਅੱਜ ਕੀ ਲਾਭ ਹੋਵੇਗਾ ਅਸੀਂ ਉਸ ਬਾਰੇ ਜ਼ਿਆਦਾ
ਫਿਕਰਮੰਦ ਰਹਿੰਦੇ ਹਾਂ। ਇਸੇ ਕਰਕੇ ਅੱਜ ਅਸੀਂ ਹਵਾ ਅਤੇ ਪਾਣੀ ਨੂੰ ਗੰਦਾ ਕਰਨ ਲਗਿਆਂ ਜ਼ਰਾ ਵੀ
ਨਹੀਂ ਸੋਚਦੇ। ਭਾਵੇਂਕਿ ਸਿੱਖ ਅਖਵਾਉਣ ਵਾਲੇ ਲੋਕ ਵੀ ਗੁਰਬਾਣੀ ਦਾ ‘ਪਵਣੁ ਗੁਰੂ ਪਾਣੀ ਪਿਤਾ’
ਵਾਲਾ ਸਲੋਕ ਆਮ ਹੀ ਪੜ੍ਹਦੇ ਹਨ।
ਉਂਝ ਤਾਂ ਥੋੜਾ ਬਹੁਤ ਪੜ੍ਹਿਆ ਵਿਅਕਤੀ ਵੀ ਜਾਣਦਾ ਹੈ ਕਿ ਰੁਖ ਜੀਵਾਂ ਲਈ ਹਵਾ ਨੂੰ ਸਾਫ ਕਰਦੇ ਹਨ
ਪਰ ਫਿਰ ਵੀ ਸਾਡਾ ਹੋਰ ਰੁਖ ਨੂੰ ਲਾਉਣ ਨਾਲੋਂ ਵੱਢਣ ਵੱਲ ਜ਼ਿਆਦਾ ਧਿਆਨ ਰਹਿੰਦਾ ਹੈ। ਕਈ ਲੋਕਾਂ ਦਾ
ਤਾਂ ਇਹ ਹਾਲ ਹੈ ਕਿ ਆਪ ਤਾਂ ਰੁੱਖ ਕੀ ਲਾਉਣੇ ਹਨ ਜੇ ਕੋਈ ਲਾ ਵੀ ਦੇਵੇ ਤਾਂ ਉਸਨੂੰ ਪੁੱਟ ਦੇਂਦੇ
ਹਨ। ਸਾਡੇ ਪਿੰਡ ਕਸੇਲ ਕੁੱਝ ਪੰਚਾਇਤੀ ਜਮੀਨ ਤੇ ਬਲਾਕ ਸਮਤੀ ਵਾਲਿਆਂ ਨੇ ਰੁੱਖ ਲਾਏ ਸਨ ਪਤਾ ਲੱਗਾ
ਕਿ ਕਈ ਲੋਕ ਉਥੇ ਡੰਗਰ ਛੱਡਕੇ ਭੰਨਦੇ ਸਨ ਫਿਰ ਇਕ-ਦੋ ਲੋਕਾਂ ਦੀ ਪੁਲਸ ਕੋਲ ਸ਼ਕਾਇਤ ਹੋਈ ਤਾਂ ਉਹ
ਲੋਕ ਉਥੇ ਡੰਗਰ ਵਾੜਨੋ ਹੱਟੇ। ਰੁੱਖਾਂ ਦੀ ਸਾਡੀ ਜਿੰਦਗੀ ਵਿੱਚ ਕੀ ਮਹਤਤਾ ਹੈ ਇਸ ਬਾਰੇ ਸਰਕਾਰ
ਅਤੇ ਹੋਰ ਜਿਹੜੀਆ ਸੰਸਥਾਵਾਂ ਹਵਾ ਅਤੇ ਪਾਣੀ ਨੂੰ ਸਾਫ ਰੱਖਣ ਲਈ ਕੋਸ਼ਿਸ਼ ਕਰ ਰਹੀਆਂ ਹਨ ਉਹਨਾ ਨੂੰ
ਚਾਹੀਦਾ ਹੈ ਕਿ ਆਮ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣ।
ਸੁਣੀਆ ਹੈ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੀ ਕਈ ਥਾਂਈ ਰੁੱਖ ਲਵਾ ਰਹੀ ਹੈ ਜੋ ਚੰਗੀ ਗੱਲ ਹੈ। ਪਰ
ਨਾਲ ਹੀ ਆਪ ਇਹ ਧਾਰਮਿਕ ਅਖਵਾਉਣ ਵਾਲੀਆਂ ਸੰਸਥਾਵਾਂ ਖੁਦ ਜੋ ਹਵਾ ਨੂੰ ਗੰਦਾ ਕਰ ਰਹੀ ਹਨ ਉਸ ਬਾਰੇ
ਇਹਨਾ ਦਾ ਕੋਈ ਧਿਆਨ ਨਹੀਂ। ਤੁਸੀਂ ਸਿਰਫ ਇੱਕਲੇ ਅੰਮ੍ਰਿਤਸਰ ਵਿੱਖੇ ਸ੍ਰੀ ਦਰਬਾਰ ਸਾਹਿਬ ਵੱਲ ਹੀ
ਵੇਖ ਲਵੋ, ਸਾਲ ਵਿੱਚ ਕਿੰਨੀ ਵਾਰੀ ਉਥੇ ਲੱਖਾਂ-ਲੱਖਾਂ ਰੁੱਪਈਆਂ ਦੀ ਆਤਸ਼ਬਾਜੀ ਚਲਾਈ ਜਾਂਦੀ ਹੈ।
ਆਤਸ਼ਬਾਜੀ ਨਾਲ ਜਿਥੇ ਹਵਾ ਤਾਂ ਗੰਦੀ ਹੁੰਦੀ ਹੀ ਹੈ ਉਥੇ ਸ੍ਰੀ ਦਰਬਾਰ ਸਾਹਿਬ ਦੇ ਉਪਰ ਧੂਏ ਨਾਲ
ਸੋਨੇ ਦੇ ਪਤਰਿਆਂ ਦੇ ਰੰਗ ਨੂੰ ਵੀ ਨੁਕਸਾਨ ਹੁੰਦਾ ਹੈ। ਅਸੀਂ ਆਮ ਲੋਕ ਵੀ ਦੀਵਾਲੀ ਵਰਗੇ ਦਿਨ ਤਾਂ
ਪਤਾ ਨਹੀਂ ਕਿੰਨੀ ਕੁ ਹਵਾ ਗੰਦੀ ਕਰ ਦੇਂਦੇ ਹਾਂ। ਜੇ ਧਾਰਮਿਕ ਲੋਕ ਇਸ ਬਾਰੇ ਲੋਕਾਂ ਦੇ ਮਾਰਗ
ਦਰਸ਼ਨ ਬਣਨ ਤਾਂ ਆਮ ਜਨਤਾ ਵੀ ਇਸ ਪਾਸੇ ਖਿਆਲ ਕਰੇਗੀ। ਉਥੋਂ ਦੀ ਦੇਖਾ-ਦੇਖੀ ਕਨੇਡਾ ਦੇ ਕਈ
ਗੁਰਦੁਆਰੇ ਵੀ ਆਤਸ਼ਬਾਜੀ ਦੇ ਸ਼ੁਕੀਨ ਹੁੰਦੇ ਜਾਂਦੇ ਹਨ। ਅਜਿਹੇ ਧਾਰਮਿਕ ਲੋਕ ਇੱਕ ਪਾਸੇ ਤਾਂ ਰੁੱਖ
ਲਾ ਕੇ ਹਵਾ ਸਾਫ ਕਰਨ ਦੀ ਗੱਲ ਕਰਦੇ ਹਨ ਦੂਜੇ ਪਾਸੇ ਆਪ ਹੀ ਹਵਾ ਗੰਦੀ ਕਰਨ ਦੀਆਂ ਧਜੀਆਂ ਉਡਾ ਰਹੇ
ਹਨ। ਇਹਨਾ ਨੂੰ ਆਤਸ਼ਬਾਜੀ ਚਲਾਕੇ ਖੁਸ਼ੀ ਮੰਨਾਉਣ ਦੀ ਬਜਾਏ ਇਸ ਦਾ ਕੋਈ ਹੋਰ ਹੱਲ ਲੱਭਣਾ ਚਾਹੀਦਾ
ਹੈ। ਜੇਕਰ ਸ੍ਰੀ ਦਰਬਾਰ ਸਾਹਿਬ ਸਾਡੇ ਧਾਰਮਿਕ ਲੋਕ ਆਤਸ਼ਬਾਜੀ ਵਗੈਰਾ ਬੰਦ ਕਰ ਦੇਣ ਤਾਂ ਆਮ ਜਨਤਾ
ਵੀ ਉਹਨਾ ਦੀ ਦੇਖਾ ਦੇਖੀ ਹੋਰਨਾ ਗੁਰਦੁਆਰਿਆਂ ਅਤੇ ਆਪਣੇ ਘਰਾਂ ਤੋਂ ਹਵਾ ਨੂੰ ਪਟਾਕਿਆਂ ਨਾਲ ਗੰਦੀ
ਨਾ ਕਰਨ ਬਾਰੇ ਸੋਚਣਗੇ; ਪਰ ਲੱਗਦਾ ਨਹੀ ਹੈ ਕਿ ਹਰ ਤਿਉਹਾਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਲੱਖਾਂ ਦੀ
ਆਤਸ਼ਬਾਜੀ ਚਲਾਉਣ ਦਾ ਠੇਕਾ ਪਾਸ ਕਰਨ ਵਾਲੇ ਇਹ ਧਾਰਮਿਕ ਲੀਡਰ ਇਸ ਬਾਰੇ ਸੋਚ ਸਕਣਗੇ?
ਪੰਜਾਬ ਵਿੱਚ ਮੋਟਰ ਗੱਡੀਆਂ ਤੇ ਖ਼ਾਸ ਕਰਕੇ ਤਿੰਨਾ ਪਹੀਆਂ ਵਾਲੇ ਸਕੂਟਰ ਬਹੁਤ ਹੀ ਹਵਾ ਗੰਦੀ ਕਰ
ਰਹੇ ਹਨ। ਕਿਸੇ ਵੀ ਸ਼ਹਿਰ ਦੇ ਚੌਕ ਜਾਂ ਜਿਥੇ ਵੀ ਆਵਾਜ਼ਾਈ ਨੂੰ ਕਾਬੂ ਕਰਨ ਲਈ ਬੱਤੀਆਂ ਲੱਗੀਆਂ ਹੋਣ
ਦੇ ਲਾਗੇ ਥੋੜ੍ਹੀ ਦੇਰ ਖੜ੍ਹੇ ਹੋਣ ਨਾਲ ਦੰਮ ਘੁੱਟਣ ਲੱਗਦਾ ਹੈ। ਉਂਝ ਕਹਿਣ ਨੂੰ ਤਾਂ ਵਾਤਾਵਰਣ
ਸਾਫ ਰੱਖਣ ਵਾਲਾ ਪ੍ਰਵਾਨ ਪੱਤਰ (drive clean)
ਵੀ ਹਰ ਇੱਕ ਗੱਡੀ ਦੇ ਮਾਲਕ ਨੂੰ ਲੈਣਾ ਜ਼ਰੂਰੀ ਹੈ ਪਰ ਉਹ ਕਾਗਜੀ ਕਾਰਵਾਈ ਤੀਕਰ ਹੀ ਸੀਮਤ ਹੈ। ਕਈ
ਲੋਕਾਂ ਕੋਲੋਂ ਸੁਣਨ ਨੂੰ ਇਹ ਵੀ ਆਇਆ ਹੈ ਕਿ ਕਈ ਤਿੰਨਾਂ ਪਹੀਆਂ ਵਾਲੇ ਡਰਾਇਵਰ ਪਟਰੋਲ ਦੀ ਥਾਂ
ਕੁੱਝ ਵਿੱਚ ਮਿੱਟੀ ਦਾ ਤੇਲ ਪਾਉਂਦੇ ਹਨ ਅਤੇ ਕਈ ਸ਼ਹਿਰਾਂ ਵਿੱਚ ਸਰਕਾਰ ਵੱਲੋਂ ਸਵਾਰੀਆਂ ਢੋਣ ਵਾਲੇ
ਤਿੰਨਾਂ ਪਹੀਆਂ ਵਾਲਿਆਂ ਨੂੰ ਵਾਤਾਵਰਣ ਸਾਫ ਰੱਖਣ ਵਾਲਾ ਪ੍ਰਮਾਣਕ ਪੱਤਰ ਲੈਣ ਦੀ ਛੋਟ ਹੈ; ਦੱਸਦੇ
ਹਨ ਕਿ ਇਹ ਫੈਸਲਾ ਤਿੰਨ ਪਹੀਏ ਵਾਲਿਆਂ ਦੀ ਯੂਨੀਅਨ ਅਤੇ ਅਫਸਰਾਂ ਦਾ ਆਪਸ ਵਿੱਚ ਹੈ। ਹੁਣ ਭਾਂਵੇ
ਲਾਗੂ ਹੋਵੇ ਪਰ ਜਿੰਨਾਂ ਉਹ ਗੰਦਾ ਧੂੰਆਂ ਮਾਰਦੇ ਹਨ ਲੱਗਦਾ ਨਹੀਂ ਕਿ ਅਜਿਹੇ ਸਕੂਟਰ ਪ੍ਰਮਾਣਕ
ਪੱਤਰ ਪਾਸ ਹੋਣ।
ਝੋਨੇ ਦੀ ਪਰਾਲੀ ਅਤੇ ਕੱਣਕ ਦੇ ਨਾੜ ਨੂੰ ਸਾੜਨ ਵਾਲੇ ਜਿਮੀਦਾਰਾਂ ਵਾਸਤੇ ਤਾਂ ਸਰਕਾਰ ਨੇ ਉਹਨਾ
ਨੂੰ ਸਜਾ ਦੇਣ ਵਾਲਾ ਕਾਨੂੰਨ ਬਣਾ ਦਿੱਤਾ ਹੈ ਪਰ ਝੋਨੇ ਦੀ ਪਰਾਲੀ ਨੂੰ ਕਿਵੇਂ ਸਾਂਭਿਆ ਜਾਵੇ ਇਸ
ਬਾਰੇ ਸਰਕਾਰ ਨੇ ਕੋਈ ਹੱਲ ਨਹੀਂ ਲੱਭਿਆ। ਜਿਸ ਕਰਕੇ ਕਈ ਜਿਮੀਦਾਰ ਪਰਾਲੀ ਨੂੰ ਨਾ ਸਾੜਨ ਦੇ ਹੱਕ
ਵਿੱਚ ਹੁੰਦੇ ਹੋਏ ਵੀ ਕੱਣਕ ਬੀਜਣ ਦੀ ਮਜਬੂਰੀ ਹੋਣ ਕਾਰਨ ਉਹਨਾ ਨੂੰ ਸਾੜਨੀ ਪੈਂਦੀ ਹੈ। ਕਈ
ਕਿਰਸਾਨ ਅਜਿਹੇ ਵੀ ਹਨ ਜਿੰਨਾ ਨੂੰ ਇਹ ਨਹੀਂ ਪਤਾ ਕਿ ਸਾਡੇ ਵੱਲੋਂ ਸਾੜੇ ਜਾਂਦੇ ਨਾੜ ਕਾਰਨ ਹਵਾ
ਗੰਦੀ ਹੁੰਦੀ ਹੈ। ਇਸ ਬਾਰੇ ਸਰਕਾਰ ਜਾਂ ਹੋਰ ਸੰਸਥਾਂਵਾਂ ਨੂੰ ਪਿੰਡਾ ਵਿੱਚ ਜਾ ਕੇ ਲੋਕਾਂ ਨੂੰ ਇਸ
ਬਾਰੇ ਜਾਗਰੂਕ ਕਰਨਾ ਚਾਹੀਦਾ ਹੈ।
ਸ਼ਹਿਰਾਂ ਵਿੱਚ ਚਲ ਰਹੇ ਕਈ ਕਾਰਖਾਨੇ ਬਹੁਤ ਜਿਆਦਾ ਪਾਣੀ ਅਤੇ ਹਵਾ ਗੰਦੀ ਕਰ ਰਹੇ ਹਨ ਪਰ ਸਰਕਾਰ
ਉਥੇ ਕੋਈ ਕੱਦਮ ਨਹੀਂ ਚੁੱਕਦੀ ਜਾਂ ਸਿਰਫ ਕਾਗਜੀ ਕਾਰਵਾਈ ਹੁੰਦੀ ਹੈ; ਤਾਂ ਹੀ ਤਾਂ ਦਰਿਆਵਾਂ ਅਤੇ
ਵਗਣ ਵਾਲੇ ਨਾਲਿਆਂ ਵਿੱਚ ਉਹਨਾ ਵੱਲੋਂ ਫੈਕਟਰੀਆਂ ਦਾ ਗੰਦ ਸੁਟਿਆ ਜਾਂਦਾ ਹੈ। ਕਈ ਥਾਂਈ ਤਾਂ
ਸਰਕਾਰ ਉਹਨਾ ਦੀ ਯੂਨੀਅਨ ਅੱਗੇ ਬੇਵੱਸ ਹੈ ਅਤੇ ਕਈ ਥਾਂਈ ਵੋਟ ਬੈਂਕ ਖੁਸ ਜਾਣ ਦਾ ਖ਼ਤਰਾ ਹੁੰਦਾ
ਹੈ। ਕੁੱਝ ਰਿਸ਼ਵਤਖੋਰ ਭਰਿਸ਼ਟ ਅਫਸਰ ਵੀ ਹਨ ਜੋ ਪੈਸੇ ਲੈਕੇ ਸਾਰਟੀਫਿਕੇਟ ਬਣਾ ਦੇਂਦੇ ਹਨ।
ਸ਼ਹਿਰਾਂ ਦੀਆਂ ਛੋਟੀਆਂ ਗਲੀਆਂ ਤੇ ਕੋਈ ਰੁੱਖ ਦਿਖਾਈ ਨਹੀਂ ਦੇਂਦਾ ਪਿੰਡਾ ਵਿੱਚ ਵੀ ਅਜਿਹਾ ਹੀ ਹਾਲ
ਹੈ। ਜਿਹੜਾ ਸਰਕਾਰੀ ਪਾਣੀ ਘਰਾਂ ਵਿੱਚ ਆਉਂਦਾ ਹੈ ਉਹ ਜਿੰਨਾ ਸਮਾਂ ਆਉਂਦਾ ਹੈ ਉਸਦੀ ਟੁਟੀ ਖੁਲ੍ਹੀ
ਹੀ ਰਹਿੰਦੀ ਹੈ। ਕਈ ਵਾਰ ਸ਼ਹਿਰੀ ਘਰਾਂ ਵਿੱਚ ਇਸ ਤਰ੍ਹਾਂ ਪਾਣੀ ਬਰਬਾਦ ਹੁੰਦਾ ਨਾਲੀਆਂ ਵਿੱਚ
ਜਾਂਦਾ ਵੇਖਿਆਂ ਹੈ ਤਾਂ ਉਹਨਾ ਨੂੰ ਪੁੱਛਣ ਤੇ ਆਖਦੇ ਹਨ, “ਇਹ ਸਰਕਾਰੀ ਪਾਣੀ ਆ ਰਿਹਾ ਹੈ ਆਪਣੀ
ਟੈਂਕੀ ਦਾ ਨਹੀਂ”। ਅਜਿਹੇ ਲੋਕਾਂ ਨੂੰ ਪਾਣੀ ਦੀ ਅਸਲ ਕੀਮਤ ਸਮਝਾਉਣ ਦੀ ਲੋੜ ਹੈ। ਇਸ ਤਰ੍ਹਾਂ
ਬਗੈਰ ਜ਼ਰੂਰਤ ਦੇ ਸਾਫ ਪਾਣੀ ਗੰਦੀਆਂ ਨਾਲੀਆਂ ਤੇ ਟੋਇਆਂ ਟਿਬਿਆਂ ਵਿੱਚ ਖਰਾਬ ਹੁੰਦਾ ਹੈ ਅਤੇ ਇਸ
ਨਾਲ ਹੋਰ ਗੰਦਗੀ ਪੈਦਾ ਕਰਦਾ ਹੈ। ਇਸ ਬਾਰੇ ਜਿੰਨਾ ਚਿਰ ਆਮ ਜਨਤਾ ਵਿੱਚ ਜਾਗਰਤੀ ਨਹੀਂ ਆਉਂਦੀ ਕਿ
ਅਸੀਂ ਇਸਨੂੰ “ਪਵਣੁ ਗੁਰੁ ਪਾਣੀ ਪਿਤਾ” ਕਿਉਂ ਆਖਦੇ ਹਾਂ ਜਾਂ ਗੁਰੂ ਨਾਨਕ ਸਾਹਿਬ ਹੁਰਾਂ ਨੇ ਕਿਉਂ
ਆਖਿਆ ਹੈ ਉਨਾਂ ਚਿਰ ਸਿਰਫ ਰੱਟ ਹੀ ਲਾਉਂਦੇ ਰਹਾਂਗੇ ਅਤੇ ਉਸਨੂੰ ਗੰਦਾ ਵੀ ਕਰੀ ਜਾਵਾਂਗੇ।
ਇਸ ਲਈ ਇਹ ਜ਼ਰੂਰੀ ਹੈ ਕਿ ਆਮ ਲੋਕਾਂ ਤੋਂ ਪਹਿਲਾਂ ਉਹ ਲੋਕ ਜੋ ਆਪਣੇ ਆਪ ਨੂੰ ਧਾਰਮਿਕ ਸਮਝਦੇ ਹਨ
ਅਤੇ ਸੰਸਥਾਵਾਂ ਦੇ ਪ੍ਰਬੰਧਕ ਹਨ ਖ਼ੁਦ “ਪਵਣੁ ਗੁਰੁ ਪਾਣੀ ਪਿਤਾ” ਦੇ ਮਤਲਬ ਦੀ ਅਸਲੀਅਤ ਨੂੰ ਸਮਝਣ
ਅਤੇ ਸਰਕਾਰ ਵੀ ਹਵਾ ਅਤੇ ਸਾਫ ਪਾਣੀ ਦੀ ਅਹਿਮੀਅਤ ਨੂੰ ਸਮਝਦੇ ਹੋਏ ਅਤੇ ਸਿਰਫ ਕਾਗਜੀ ਕਾਰਵਾਈ ਤੋਂ
ਅੱਗੇ ਨਿਕਲ ਕੇ ਇਸ ਪ੍ਰਤੀ ਅਮਲੀ ਤੌਰ ਤੇ ਕੁੱਝ ਕਰੇ ਤਾਂ ਫਿਰ ਇਸ ਵਧ ਰਹੀ ਸੱਮਸਿਆ ਸੁਲਝਾਉਣ ਵਿੱਚ
ਮੁਸ਼ਕਲ ਨਹੀਂ ਆਵੇਗੀ।