.

ਆਪੇ ਦੈਤ ਲਾਇ ਦਿਤੇ

ਆਉ ਹੁਣ ਅਗਲਾ ਸ਼ਬਦ ਜੋ ਮ: 3 ਵਲੋਂ ਹੀ ਉਚਾਰਣ ਹੈ ਅਤੇ ਵਿਸ਼ਾ ਵੀ ਪ੍ਰਹਿਲਾਦ ਜੀ ਵਾਲਾ ਹੀ ਹੈ, ਵੀਚਾਰੀਏ। ਇਸ ਸ਼ਬਦ ਅੰਦਰ ਕਰਮਕਾਂਡੀਆਂ ਦੀ ਚਾਲਾਕੀ ਦਰਸਾਈ ਹੈ, ਕਿ ਕਿਵੇਂ ਕਰਮਕਾਂਡੀਆਂ ਨੇ ਆਪ ਹੀ ਦੈਂਤ ਲਾਇ ਦਿਤੇ, ਭਾਵ ਸਭੇ ਦੈਂਤ ਕਰਮਕਾਂਡੀ ਲੋਕਾਂ ਪ੍ਰਹਿਲਾਦ ਜੀ ਦੇ ਪਿੱਛੇ ਪਾਏ। ਵਿਰੋਧ ਖੜਾ ਕੀਤਾ ਅਤੇ ਪ੍ਰਹਿਲਾਦ ਜੀ ਨੇ ਇਨ੍ਹਾਂ ਦੇ ਵਿਰੋਧ ਦਾ ਮੁਕਾਬਲਾ ਡਟ ਕੇ ਕੀਤਾ। ਪ੍ਰਹਿਲਾਦ ਜੀ ਦੀ ਆਤਮਿਕ ਗਿਆਨ ਰੂਪੀ ਵੀਚਾਰਧਾਰਾ ਸਾਹਮਣੇ ਕਰਮਕਾਂਡੀ ਠਿੱਠ ਹੋ ਗਏ। ਬਿਪਰਵਾਦੀਆਂ ਦੀ ਝੱਖ ਦਾ ਪ੍ਰਹਿਲਾਦ ਜੀ ਉੱਪਰ ਕੋਈ ਅਸਰ ਨਹੀਂ ਹੋਇਆ। ਪ੍ਰਹਿਲਾਦ ਜੀ ਦੇ ਜੀਵਨ ਨਾਲ ਕਰਮਕਾਂਡੀਆਂ ਨੇ ਕਹਾਣੀ ਰਚ ਕੇ ਆਪ ਹੀ ਪ੍ਰਹਿਲਾਦ ਜੀ ਦੇ ਮਗਰ ਸੰਡੇ ਮਰਕੇ ਪਾ ਦਿਤੇ। ਆਪ ਹੀ ਫਿਰ ਵਿਸ਼ਨੂੰ ਬਣਕੇ ਬਚਾਉਣ ਵਾਲਾ ਬਣ ਗਿਆ। ਕਹਾਣੀ ਅੰਦਰ ਇਹ ਸਿੱਧ ਕਰਨ ਦਾ ਯਤਨ ਕੀਤਾ ਕਿ ਪ੍ਰਹਿਲਾਦ ਵਿਸ਼ਨੂੰ ਦਾ ਪੁਜਾਰੀ ਸੀ ਅਤੇ ਵਿਸ਼ਨੂੰ ਨੇ ਹੀ ਪ੍ਰਹਿਲਾਦ ਜੀ ਨੂੰ ਬਚਾਇਆ ਸੀ, ਜੋ ਕਿ ਨਿਰਮੂਲ ਹੈ।
ਭੈਰਉ ਮਹਲਾ 3॥
ਆਪੇ ਦੈਤ ਲਾਇ ਦਿਤੇ ਸੰਤ ਜਨਾ ਕਉ ਆਪੇ ਰਾਖਾ ਸੋਈ॥
ਜੋ ਤੇਰੀ ਸਦਾ ਸਰਣਾਈ ਤਿਨ ਮਨਿ ਦੁਖੁ ਨ ਹੋਈ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 1133

ਨੋਟ - ਇਥੇ ਇੱਕ ਗੱਲ ਜ਼ੋਰ ਦੇ ਕੇ ਇਥੇ ਸਮਝਣ ਦੀ ਲੋੜ ਹੈ ਕਿ ਪਹਿਲੀ ਅਤੇ ਦੂਸਰੀ ਪੰਗਤੀ ਅੰਦਰ ਗੁਰੂ ਪਾਤਸ਼ਾਹ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ।
ਪਰਚੱਲਤ ਵਿਆਖਿਆ ਅਖੀਰ ਜਦੋਂ ਪੜ੍ਹਦੇ ਹਾਂ ਕਿ ਭਗਤਾਂ ਨੂੰ ਆਪ ਹੀ ਅਕਾਲ ਪੁਰਖ ਦੈਂਤ ਚੁੰਬੋੜ ਦਿੰਦਾ ਹੈ, ਅਤੇ ਆਪ ਹੀ ਫਿਰ ਰਾਖਾ ਬਣ ਜਾਂਦਾ ਹੈ, ਜਦ ਕਿ ਅਸਲੀਅਤ ਗੁਰੂ ਪਾਤਸ਼ਾਹ ਨੇ ਸਪਸ਼ਟ ਕੀਤੀ ਹੋਈ ਹੈ ਦੂਸਰੀ ਪੰਗਤੀ ਅੰਦਰ, ਕਿ ਜਿਹੜੇ ਗੁਰਮੁਖਿ ਜਨ ਵਾਹਿਗੁਰੂ ਤੇਰੀ ਸ਼ਰਨ ਆ ਜਾਂਦੇ ਹਨ, ਉਨ੍ਹਾਂ ਦੇ ਮਨ ਅੰਦਰ ਕੋਈ ਦੁੱਖ ਰਹਿੰਦਾ ਹੀ ਨਹੀਂ। ਜਦ ਦੁੱਖ ਰਹਿੰਦਾ ਹੀ ਨਹੀਂ ਤਾਂ ਬਖ਼ਸ਼ਿਸ਼ ਹੁੰਦੀ ਹੈ। ਬਖ਼ਸ਼ਿਸ਼ ਹੁੰਦੀ ਹੈ ਤਾਂ ਭਗਤ ਬਣਦਾ ਹੈ। ਜੇਕਰ ਭਗਤਾਂ ਦੀ ਵਾਹਿਗੁਰੂ ਆਪ ਹੀ ਵਿਕਾਰਾਂ ਰੂਪੀ ਦੈਂਤ ਚੰਬੋੜ ਦੇਵੇ ਤਾਂ ਕੋਈ ਲਾਹ ਨਹੀਂ ਸਕਦਾ। ਰੱਬ ਦੀ ਰਜ਼ਾ ਨੂੰ ਕੋਈ ਉਲਟਾ ਨਹੀਂ ਸਕਦਾ। ਅਸਲੀਅਤ ਇਹ ਹੈ ਕਿ ਜੋ ਉਸ ਦੀ ਸ਼ਰਨ ਆਉਂਦੇ ਹਨ ਉਨ੍ਹਾਂ ਦਾ ਭੈ ਖ਼ਤਮ ਹੋ ਜਾਂਦਾ ਹੈ, ਅਕਾਲ ਪੁਰਖ ਉਨ੍ਹਾਂ ਨੂੰ ਸੋਝੀ ਬਖ਼ਸ਼ਦਾ ਹੈ। ਜਦੋਂ ਸੋਝੀ ਹੋ ਜਾਵੇ ਤਾਂ ਉਨ੍ਹਾਂ ਤੇ ਜੋ ਕੋਈ ਮਰਜ਼ੀ ਝਖਿ ਮਾਰ ਕੇ ਆਪਣਾ ਪ੍ਰਭਾਵ ਪਾਉਣਾ ਚਾਹੇ ਉਹ ਕਿਸੇ ਦੇ ਊਲ-ਜਲੂਲ ਦਾ ਪ੍ਰਭਾਵ ਨਹੀਂ ਕਬੂਲਦੇ, ਕਿਉਂਕਿ ਉਹ ਸੱਚ ਨੂੰ ਜਾਣ ਚੁੱਕੇ ਹੁੰਦੇ ਹਨ।
ਜੋ ਪਿਛਲੇ ਸ਼ਬਦ ਅੰਦਰ ਗੁਰੁ ਪਾਤਸ਼ਾਹ ਨੇ ਸਪਸ਼ਟ ਕੀਤਾ ਹੈ, ਉਸਦੀ ਪ੍ਰੋੜਤਾ ਕਰਕੇ ਸਾਡੇ ਮਨਾਂ ਦਾ ਭੁਲੇਖਾ ਦੂਰ ਕਰਨ ਲਈ, ਕਿ ਪ੍ਰਹਿਲਾਦ ਨੂੰ ਦੈਂਤ ਪੁੱਤਰ ਕਿਉਂ ਕਿਹਾ ਗਿਆ। ਕਰਮਕਾਂਡੀਆਂ ਵਲੋਂ ਕੀਤੀ ਚਲਾਕੀ ਦਾ ਵਰਨਣ ਕਰਕੇ ਬਿਪਰਵਾਦੀ ਸੋਚ ਦਾ ਭਾਂਡਾ ਭੰਨਿਆ ਹੈ।
ਆਪੇ ਦੈਤ ਲਾਇ ਦਿਤੇ ਸੰਤ ਜਨਾ ਕਉ ਆਪੇ ਰਾਖਾ ਸੋਈ॥
ਜੋ ਤੇਰੀ ਸਦਾ ਸਰਣਾਈ ਤਿਨ ਮਨਿ ਦੁਖੁ ਨ ਹੋਈ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 1133

ਪਦ ਅਰਥ
ਦੈਤ - ਹਰਣਾਖਸ਼ੀ ਬਿਰਤੀ ਦੇ ਮਾਲਕ ਕਰਮਕਾਂਡੀ ਲੋਕ
ਲਾਇ ਦਿਤੇ – ਪਿੱਛੇ ਲਾ ਦਿੱਤੇ
ਆਪੇ ਰਾਖਾ ਸੋਈ - ਆਪਣੇ ਆਪ ਨੂੰ ਰੱਬ ਸਮਝਣ ਵਾਲਾ ਕਰਮਕਾਂਡੀ ਅਖੌਤੀ ਬ੍ਰਹਾਮਣ। ਆਪ ਹੀ ਰਾਖਾ ਬਣ ਬੈਠਾ ਵਿਸਨੂੰ ਰੂਪ ਵਿੱਚ
ਅਰਥ
ਕਰਮਕਾਂਡੀ ਲੋਕਾਂ ਨੇ ਜੋ ਬਿਪਰਵਾਦੀ ਹਰਣਾਖਸ਼ੀ ਬਿਰਤੀ ਦੇ ਮਾਲਕ ਜੋ ਤਮਾਮ ਸੰਡੇ ਮਰਕੇ ਜੋ ਊਲ-ਜਲੂਲ ਪੜ੍ਹਾਉਣ ਵਾਲੇ ਸਨ, ਪ੍ਰਹਿਲਾਦ ਜੀ ਦੇ ਪਿੱਛੇ ਅਜਿਹੇ ਲੋਕ ਪਾ ਦਿੱਤੇ, ਪਰ ਪ੍ਰਹਿਲਾਦ ਜੀ ਉੱਪਰ ਉਨ੍ਹਾਂ ਦੀ ਝਖਿ ਦਾ ਕੋਈ ਅਸਰ ਨਹੀਂ ਹੋਇਆ। ਫਿਰ ਆਪ ਹੀ ਬਿਪਰਵਾਦੀ ਪ੍ਰਹਿਲਾਦ ਜੀ ਨੂੰ ਵਿਸਨੂੰ ਰੂਪ ਵਿੱਚ ਬਚਾਉਣ ਵਾਲਾ ਬਣ ਗਿਆ।
ਜਦੋਂ ਕਿ ਦਰਅਸਲ ਸੱਚ ਇਹ ਹੈ ਕਿ ਜੋ ਵਾਹਿਗੁਰੂ ਦੀ ਸ਼ਰਨ ਆਉਂਦੇ ਹਨ ਉਨ੍ਹਾਂ ਨੂੰ ਤਾਂ ਮਨ ਦਾ ਕੋਈ ਦੁੱਖ ਸਤਾ ਹੀ ਨਹੀਂ ਸਕਦਾ।
ਨੋਟ - ਵਾਹਿਗੁਰੂ ਤਾਂ ਸ਼ਰਨ ਆਉਣ ਵਾਲਿਆਂ ਦੇ ਵਿਕਾਰਾਂ ਰੂਪੀ ਦੈਂਤ ਭਜਾਉਂਦਾ ਹੈ, ਚੰਬੋੜਦਾ ਨਹੀਂ।
ਜੁਗਿ ਜੁਗਿ ਭਗਤਾ ਕੀ ਰਖਦਾ ਆਇਆ॥
ਗੁਰੂ ਗ੍ਰੰਥ ਸਾਹਿਬ, ਪੰਨਾ 1133

ਦੈਤ ਪੁਤ੍ਰੁ ਪ੍ਰਹਲਾਦੁ ਗਾਇਤ੍ਰੀ ਤਰਪਣੁ ਕਿਛੂ ਨ ਜਾਣੈ
ਸਬਦੇ ਮੇਲਿ ਮਿਲਾਇਆ॥ 1॥ ਰਹਾਉ॥
ਗੁਰੂ ਗ੍ਰੰਥ ਸਾਹਿਬ, ਪੰਨਾ 1133

ਪਦ ਅਰਥ
ਜੁਗਿ ਜੁਗਿ - ਹਰ ਸਮੇਂ ਅੰਦਰ
ਦੈਤ ਪੁਤ੍ਰੁ - ਬਿਪਰਵਾਦੀਆਂ ਵਲੋਂ ਪ੍ਰਹਿਲਾਦ ਜੀ ਨੂੰ ਦਿੱਤਾ ਨਾਮ
ਗਾਇਤ੍ਰੀ - ਗਾਇਤ੍ਰੀ ਮੰਤ੍ਰ
ਤਰਪਣੁ – ਪਿੱਤਰਾਂ ਨੂੰ ਪਾਣੀ ਦੇਣਾ, ਤਰਪਣ ਕਰਨਾ
ਕਿਛੂ ਨ ਜਾਣੈ - ਕਰਮਕਾਂਡਾਂ ਨੂੰ ਰੱਦ ਕਰਨਾ, ਨਾਂਹ ਜਾਨਣਾ
ਸਬਦੇ ਮੇਲਿ - ਗਿਆਨ ਪ੍ਰਾਪਤੀ, ਸੂਝ ਪ੍ਰਾਪਤੀ ਹੋ ਜਾਣੀ
ਭਗਤਾ - ਵਾਹਿਗੁਰੂ ਦੀ ਸ਼ਰਨ ਆਉਣ ਵਾਲਾ ਵਾਹਿਗੁਰੂ ਦੀ ਸਿਫ਼ਤੋ-ਸਲਾਹ ਕਰਨ ਵਾਲਾ।
ਅਰਥ
ਹਰ ਸਮੇਂ ਅੰਦਰ ਵਾਹਿਗੁਰੂ ਆਪਣੀ ਸ਼ਰਨ ਆਉਣ ਵਾਲਿਆਂ ਉੱਪਰ ਆਪਣੀ ਬਖ਼ਸ਼ਿਸ਼ ਰੱਖਦਾ ਆਇਆ ਹੈ। ਇਸ ਤਰ੍ਹਾਂ ਪ੍ਰਹਿਲਾਦ ਉੱਪਰ ਵੀ ਵਾਹਿਗੁਰੂ ਨੇ ਆਪਣੀ ਬਖ਼ਸ਼ਿਸ਼ - ਆਤਮਿਕ ਗਿਆਨ ਦੀ ਸੂਝ - ਅੰਦਰ ਕੀਤੀ ਤਾਂ ਪ੍ਰਹਿਲਾਦ ਜੀ ਨੇ ਗਾਇਤ੍ਰੀ ਮੰਤਰ ਅਤੇ ਤਰਪਣ ਵਰਗੇ ਕਰਮਕਾਂਡ ਰੱਦ ਕਰ ਦਿੱਤੇ। ਰੱਦ ਕਿਉਂ ਕੀਤੇ? ‘ਸਬਦੇ ਮੇਲਿ ਮਿਲਾਇਆ’ ਕਿਉਂਕਿ ਪ੍ਰਹਿਲਾਦ ਨੂੰ ਆਤਮਿਕ ਗਿਆਨ ਦੀ ਸੂਝ ਪ੍ਰਾਪਤ ਹੋ ਚੁੱਕੀ ਸੀ। ਜਦੋਂ ਕਰਮਕਾਂਡ ਰੱਦ ਕੀਤੇ ਤਾਂ ਕਰਮਕਾਂਡੀਆਂ ਵਲੋਂ ਉਸ ਦਾ ਨਾਮ ਦੈਂਤ ਪੁੱਤਰ ਰੱਖ ਦਿੱਤਾ ਗਿਆ।
ਨੋਟ - ਪ੍ਰਹਿਲਾਦ ਜੀ ਨੂੰ ਵਾਹਿਗੁਰੂ ਦੀ ਬਖ਼ਸ਼ਿਸ਼ ਨਾਲ ਆਤਮਿਕ ਗਿਆਨ ਦੀ ਸੂਝ ਪ੍ਰਾਪਤ ਹੋ ਚੁੱਕੀ ਸੀ, ਸੋ ਬਿਪਰਵਾਦੀ ਕਰਮਕਾਂਡੀ ਸੋਚ ਦਾ ਭਾਂਡਾ ਭੰਨਦੀ ਸੀ। ਬਿਪਰਵਾਦੀ ਆਪਣੀ ਸੋਚ ਦਾ ਗ਼ਲਬਾ ਮਨੁੱਖਤਾ ਉੱਪਰ ਹਾਵੀ ਰੱਖਣ ਵਾਸਤੇ ਕੁੱਝ ਸਮੇਂ ਬਾਅਦ ਅਜਿਹੇ ਸੱਚ ਨੂੰ ਨਿਗਲਣ ਵਾਸਤੇ ਕਰਮਕਾਂਡੀ ਗਾਥਾਵਾਂ ਘੜ ਦਿੰਦੇ ਸਨ ਅਤੇ ਅਜ ਤੱਕ ਘੜੀ ਜਾ ਰਹੇ ਹਨ। ਗੁਰੁ ਪਾਤਸ਼ਾਹ ਨੇ ਅੱਗੇ ਸਪਸ਼ਟ ਕੀਤਾ ਹੈ: -
ਕਿਰਤ ਸੰਜੋਗੀ, ਦੈਤਿ ਰਾਜੁ ਚਲਾਇਆ॥
ਗੁਰੂ ਗ੍ਰੰਥ ਸਾਹਿਬ, ਪੰਨਾ 1154

ਵਾਲੇ ਸ਼ਬਦ ਅੰਦਰ ਸਪਸ਼ਟ ਕੀਤਾ ਹੈ, ਕਿਵੇਂ ਕਰਮਕਾਂਡੀਆ ਨੇ ਆਪਣੇ ਗੁਪਤ ਭੇਦ ਰਾਹੀਂ ਕਹਾਣੀਆਂ ਘੜਕੇ ਸੱਚ ਨੂੰ ਨਿਗਲਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ।
ਅਨਦਿਨੁ ਭਗਤਿ ਕਰਹਿ ਦਿਨ ਰਾਤੀ ਦੁਬਿਧਾ ਸਬਦੇ ਖੋਈ॥
ਸਦਾ ਨਿਰਮਲ ਹੈ ਜੋ ਸਚਿ ਰਾਤੇ ਸਚੁ ਵਸਿਆ ਮਨਿ ਸੋਈ॥ 2॥
ਗੁਰੂ ਗ੍ਰੰਥ ਸਾਹਿਬ, ਪੰਨਾ 1133

ਪਦ ਅਰਥ
ਅਨਦਿਨੁ ਭਗਤਿ – ਦਿਨ ਰਾਤ ਬੰਦਗੀ ਕਰਨੀ
ਸਬਦੇ – ਆਤਮਿਕ ਗਿਆਨ ਦੀ ਸੂਝ ਰਾਹੀਂ
ਸਦਾ ਨਿਰਮਲ – ਹਮੇਸ਼ਾ ਲਈ ਨਿਰਮਲ ਹੋ ਜਾਣਾ
ਸਚਿ ਰਾਤੇ – ਸੱਚ ਅੰਦਰ ਰੰਗੇ ਜਾਣਾ
ਸਚੁ ਵਸਿਆ ਮਨਿ ਸੋਈ – ਸਰਬਵਿਆਪਕ ਦਾ ਸਚੁ ਅੰਦਰ ਵਸ ਜਾਣਾ, ਜਿਸ ਸਰਬਵਿਆਪਕ ਦੀ ਸਿਫ਼ਤੋ-ਸਲਾਹ ਅੰਦਰ ਜੋ ਜੁੜੇ ਰਹਿੰਦੇ ਹਨ ਉਨ੍ਹਾਂ ਦੀ ਹਉਮੈ ਅਤੇ ਦੁਬਿਧਾ ਸ਼ਬਦ (ਆਤਮਿਕ ਗਿਆਨ ਦੀ ਸੂਝ) ਰਾਹੀਂ ਖ਼ਤਮ ਹੋ ਜਾਂਦੀ ਹੈ। ਉਨ੍ਹਾਂ ਨੂੰ ਇੱਕ ਤੋਂ ਸਿਵਾਏ ਹੋਰ ਕੋਈ ਨਜ਼ਰ ਨਹੀਂ ਆਉਂਦਾ। ਉਹ ਸਦਾ ਸੱਚੇ ਦੇ ਸੱਚ ਅੰਦਰ ਹਮੇਸ਼ਾ ਲਈ ਰੰਗੇ ਜਾਂਦੇ ਹਨ, ਅਤੇ ਉਨ੍ਹਾਂ ਦੇ ਮਨ ਅੰਦਰ ਉਸ ਸੱਚੇ ਦੀ ਸਿਫ਼ਤੋ-ਸਲਾਹ ਸਦਾ ਲਈ ਵਸ ਜਾਂਦੀ ਹੈ।
ਮੂਰਖ ਦੁਬਿਧਾ ਪੜ੍ਹਹਿ ਮੂਲੁ ਨ ਪਛਾਣਹਿ ਬਿਰਥਾ ਜਨਮੁ ਗਵਾਇਆ॥
ਸੰਤ ਜਨਾ ਕੀ ਨਿੰਦਾ ਕਰਹਿ ਦੁਸਟੁ ਦੈਤੁ ਚਿੜਾਇਆ॥ 3॥
ਗੁਰੂ ਗ੍ਰੰਥ ਸਾਹਿਬ, ਪੰਨਾ 1133
ਅਰਥ
ਮੂਰਖ ਦਰਅਸਲ ਉਹ ਹਨ ਜੋ ਦੁਬਿਧਾ ਵਿੱਚ ਪੈ ਕੇ ਮੂਲ ਨਾਲੋ ਟੁੱਟਕੇ ਮੂਲ ਨੂੰ ਨਹੀਂ ਪਛਾਣਦੇ। ਉਹ ਆਪਣਾ ਜਨਮ ਵਿਅਰਥ ਗਵਾ ਜਾਂਦੇ ਹਨ। ਸੰਤ ਜਨਾਂ (ਗਿਆਨੀ ਜਨ ਮੂਲ ਨੂੰ ਪਛਾਨਣ ਵਾਲਿਆਂ) ਦੀ ਜੋ ਨਿੰਦਾ ਕਰਦੇ ਹਨ, ਉਹ ਦਰਅਸਲ ਦੈਂਤ ਹਨ, ਅਤੇ ਅਜਿਹੇ ਦੈਂਤਾਂ ਨੂੰ ਹੀ ਚਿੜ੍ਹਾ ਕੇ ਪ੍ਰਹਿਲਾਦ ਜੀ ਦੇ ਪਿੱਛੇ ਲਾਇਆ ਸੀ। ਇਹ ਦੈਂਤ ਪ੍ਰਹਿਲਾਦ ਜੀ ਦੀ ਵੀਚਾਰਧਾਰਾ ਦਾ ਵਿਰੋਧ ਕਰਦੇ ਸਨ। ਇਹ ਦੈਂਤ ਕੌਣ ਸਨ?
ਪ੍ਰਹਲਾਦੁ ਦੁਬਿਧਾ ਨ ਪੜੈ ਹਰਿ ਨਾਮੁ ਨ ਛੋਡੈ ਡਰੈ ਨ ਕਿਸੈ ਦਾ ਡਰਾਇਆ॥
ਸੰਤ ਜਨਾ ਕਾ ਹਰਿ ਜੀਉ ਰਾਖਾ ਦੈਤੈ ਕਾਲੁ ਨੇੜਾ ਆਇਆ॥ 4॥
ਗੁਰੂ ਗ੍ਰੰਥ ਸਾਹਿਬ, ਪੰਨਾ 1133

ਅਰਥ
ਪ੍ਰਹਿਲਾਦ ਜੀ ਵਰਗਾ ਵਿਅਕਤੀ ਮੂਲ ਨੂੰ ਪਛਾਨਣ ਵਾਲਾ ਦੁਬਿਧਾ ਵਿੱਚ ਪੈਂਦਾ ਹੀ ਨਹੀਂ, ਕਿਸੇ ਦਾ ਡਰਾਇਆ ਡਰਦਾ ਹੀ ਨਹੀਂ, ਅਤੇ ਆਪਣੀ ਗੁਰਮਤਿ ਵੀਚਾਰਧਾਰਾ ਛੱਡਦਾ ਹੀ ਨਹੀਂ। ਉਹ ਆਪਣੀ ਓਟ ਇੱਕ ਸੱਚੇ ਦੇ ਸੱਚ ਰੂਪ ਸਿਮਰਨ ਉੱਪਰ ਹੀ ਰੱਖਦਾ ਹੈ। ਇਸ ਤਰ੍ਹਾਂ ਮੂਲ ਨੂੰ ਪਛਾਨਣ ਵਾਲਿਆਂ ਦਾ ‘ਹਰਿ ਜੀਉ’ ਆਪ ਰਾਖਾ ਬਣਦਾ ਹੈ। ਉਹ ਕਦੇ ਕਿਸੇ ਤੋਂ ਡਰਦੇ ਹੀ ਨਹੀਂ। ਉਨ੍ਹਾਂ ਨੂੰ ਸੂਝ ਪੈ ਜਾਂਦੀ ਹੈ, ਕਿ ਇਹ ਤਨ ਦਾ ਠੀਕਰਾ ਇੱਕ ਦਿਨ ਭੱਜਣਾ ਹੀ ਹੈ। ਜੋ ਦੁਸ਼ਟ ਦੈਂਤ ਪ੍ਰਭੂ ਦੀ ਰਜ਼ਾ ਤੋਂ ਟੁੱਟੇ ਹੋਏ ਹਨ, ਉਹ ਸੱਚ ਸੁਨਣਾ ਹੀ ਨਹੀਂ ਚਾਹੁੰਦੇ। ਉਨ੍ਹਾਂ ਉੱਪਰ ਮੌਤ ਦਾ ਭੈ ਹਮੇਸ਼ਾ ਹੀ ਬਣਿਆ ਰਹਿੰਦਾ ਹੈ। ਜਿੱਥੇ ਮੌਤ ਦਾ ਭੈ ਬਣਿਆ ਰਹਿੰਦਾ ਹੈ, ਉਥੇ ਉਨ੍ਹਾਂ ਨੂੰ ਸੱਚ ਸਾਹਮਣੇ ਆਉਣ ਨਾਲ ਆਪਣੀ ਦੁਸ਼ਟ ਕਰਮਕਾਂਡੀ ਵੀਚਾਰਧਾਰਾ ਦਾ ਕਾਲ ਨੇੜੇ ਆਇਆ ਵੀ ਦਿਸਦਾ ਹੈ।
ਆਪਣੀ ਪੈਜ ਆਪੇ ਰਾਖੈ ਭਗਤਾਂ ਦੇਇ ਵਡਿਆਈ॥
ਨਾਨਕ ਹਰਣਾਖਸੁ ਨਖੀ ਬਿਦਾਰਿਆ ਅੰਧੈ ਦਰ ਕੀ ਖਬਰਿ ਨ ਪਾਈ॥ 5॥ 11॥ 21॥
ਗੁਰੂ ਗ੍ਰੰਥ ਸਾਹਿਬ, ਪੰਨਾ 1133

ਪਦ ਅਰਥ
ਵਡਿਆਈ – ਆਤਮਿਕ ਗਿਆਨ ਦੀ ਸੂਝ ਰੂਪੀ ਬਖ਼ਸ਼ਿਸ਼
ਨਖਿ – ਅਖੌਤੀ ਉੱਚੀ ਕੁੱਲ ਦਾ ਭਰਮ
ਹਰਣਾਖਸੁ ਨਖੀ –ਅਖੌਤੀ ਉੱਚੀ ਕੁੱਲ ਦਾ ਭਰਮ ਜੋ ਆਤਮਿਕ ਤੌਰ ਤੇ ਮਨੁੱਖ ਨੂੰ ਖ਼ਤਮ ਕਰ ਦਿੰਦਾ ਹੈ
ਬਿਦਾਰਿਆ – ਖ਼ਤਮ ਹੋਣਾ
ਅਰਥ
ਭਗਤ ਜਨ ਉਸ ਇੱਕ ਅਕਾਲ ਪੁਰਖੁ ਦਾ ਹੀ ਆਸਰਾ ਲੈਂਦੇ ਹਨ, ਅਤੇ ਅਕਾਲ ਪੁਰਖੁ ਉਨ੍ਹਾਂ ਨੂੰ ਆਤਮਿਕ ਗਿਆਨ ਦੀ ਸੂਝ ਦੀ ਵਡਿਆਈ ਬਖ਼ਸ਼ਦਾ ਹੈ। ਉਹ ਕਿਸੇ ਦੀ ਮੁਥਾਜੀ ਵਿੱਚ ਨਹੀਂ ਹੁੰਦੇ। ਜਿਹੜੇ ੳੱਚੀ ਕੁੱਲ ਦੇ ਅਖੌਤੀ ਭਰਮ (ਆਤਮਿਕ ਤੌਰ ਤੇ ਮਾਰ ਮੁਕਾਉਣ ਵਾਲੀ ਹਰਨਾਖਸ਼ੀ ਬਿਰਤੀ) ਅੰਦਰ ਅੰਨ੍ਹੇ ਹਨ, ਉਹ ਉਸ ਵਾਹਿਗੁਰੂ ਦੇ ਦਰ ਦੀ ਖ਼ਬਰ ਭਾਵ ਸੂਝ ਨਹੀਂ ਪ੍ਰਾਪਤ ਕਰ ਸਕਦੇ। ਅਜਿਹੇ ਕਰਮਕਾਂਡੀ ਲੋਕ ਆਪਣੀ ਉੱਚੀ ਕੁੱਲ ਦੇ ਭਰਮ ਵਿੱਚ ਹੀ ਆਤਮਿਕ ਮੌਤ ਮਰ ਜਾਂਦੇ ਹਨ, ਅਤੇ ਆਪਣਾ ਜੀਵਨ ਵਿਅਰਥ ਗਵਾ ਜਾਂਦੇ ਹਨ।
ਆਉ ਹੁਣ ਨਾਮਦੇਵ ਜੀ ਵਲੋਂ ਉਚਾਰਨ ਸ਼ਬਦ ਜੋ ਪ੍ਰਹਿਲਾਦ ਜੀ ਦੇ ਵਿਸ਼ੇ ਨਾਲ ਹੀ ਸਬੰਧਤ ਹੈ, ਇਸ ਉੱਪਰ ਵੀ ਗੁਰਮਤਿ ਅਨੁਸਾਰ ਝਾਤ ਮਾਰਨ ਦੀ ਕੋਸ਼ਿਸ਼ ਕਰੀਏ। ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਵਲੋਂ ਉਚਾਰਨ ਸ਼ਬਦ ਅੰਦਰ ਕਰਮਕਾਂਡੀ ਦਲ-ਦਲ ਦਾ ਖੰਡਨ ਕੀਤਾ ਗਿਆ ਹੈ, ਇਸੇ ਤਰ੍ਹਾਂ ਹੀ ਨਾਮਦੇਵ ਜੀ ਵਲੋਂ ਕਰਮਕਾਂਡੀ ਦਲ-ਦਲ ਦਾ ਖੰਡਨ ਕੀਤਾ ਗਿਆ ਹੈ।
ਬਲਦੇਵ ਸਿੰਘ ਟੋਰਾਂਟੋ




.