.

ਗੁਰੂਪੰਥੀਏ-ਗੁਰਮੁਖਾਂ ਅਤੇ ਚਫੇਰਪੰਥੀਏ-ਮਨਮੁਖਾਂ ਦੇ ਰਸਤੇ ਵੱਖਰੇ ਕਿਉਂ ਹਨ?

ਭਾਈ ਅਵਤਾਰ ਸਿੰਘ ਮਿਸ਼ਨਰੀ (510-432-5827)

ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਨੁਸਾਰ-ਗੁਰਮੁਖ ਜੋ ਗੁਰੂ ਨੂੰ ਹੀ ਮੁਖੀ ਮੰਨਦੇ ਹਨ ਜਿਨ੍ਹਾਂ ਨੂੰ ਸਨਮੁਖ ਵੀ ਕਿਹਾ ਜਾਂਦਾ ਹੈ ਅਤੇ ਮਨਮੁਖ ਜੋ ਆਪਣੇ ਮਨ ਨੂੰ ਹੀ ਮੁਖੀ ਰੱਖਦੇ ਹਨ ਜਿਨ੍ਹਾਂ ਨੂੰ ਵੇਮੁਖ ਵੀ ਕਿਹਾ ਜਾਂਦਾ ਹੈ। ਗੁਰਮਖਿ ਕੂੜੁ ਨ ਭਾਵਈ ਸਚਿ ਰਤੇ ਸਚ ਭਾਇ॥ ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਇ॥ (22) ਭਾਵ ਗੁਰਮੁਖ ਝੂਠ ਨੂੰ ਛੱਡ ਕੇ ਸੱਚ ਨਾਲ ਪਿਆਰ ਕਰਦੇ ਹਨ ਅਤੇ ਝੂਠ ਉਨ੍ਹਾਂ ਨੂੰ ਭਾਉਂਦਾ ਨਹੀਂ ਪਰ ਮਨਮੁਖ ਸਾਕਤਾਂ ਨੂੰ ਸੱਚ ਨਹੀਂ ਭਾਉਂਦਾ ਉਹ ਕੂੜ ਦੇ ਮਗਰ ਹੀ ਜਾਂਦੇ ਹਨ। ਗੁਰਮੁਖਿ ਵਿਚਹੁ ਆਪੁ ਗਵਾਏ॥ (125) ਗੁਰਮੁਖ ਆਪਾਭਾਵ ਤਿਆਗਦਾ ਹੈ ਅਤੇ ਮਨਮੁਖ ਆਪਣਾ ਆਪ ਜਣਾਉਂਦਾ ਹੈ। ਗੁਰਮੁਖਿ ਵੈਰ ਵਿਰੋਧ ਗਵਾਵੈ॥ ਗੁਰਮੁਖਿ ਸਗਲੀ ਗਣਤ ਮਿਟਾਵੈ॥ (942) ਗੁਰਮੁਖ ਵੈਰ ਵਿਰੋਧ ਗਵਾਉਂਦਾ ਹੈ ਭਾਵ ਕਿਸੇ ਨਾਲ ਈਰਖਾਵੱਸ ਵੈਰ ਨਹੀਂ ਰੱਖਦਾ। ਗੁਰੂ ਰਸਤੇ ਤੇ ਚੱਲਣਵਾਲਾ ਗੁਰਮੁਖ ਸਗਲੀ ਗਣਤ ਭਾਵ ਮਨ ਦੇ ਖੋਟੇ ਸੰਕਲਪ-ਕੁਟਲ ਨੀਤੀ ਮਿਟਾ ਦਿੰਦਾ ਹੈ। ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹਾ ਅੰਤਰਿ ਸੁਰਤਿ ਗਿਆਨੁ॥ (1418) ਗੁਰਮੁਖ ਗਿਆਨ ਬਲ ਕਰਕੇ ਵਿਕਾਰ ਰਹਿਤ ਹਨ ਜੋ ਕਦੇ ਹੌਂਸਲਾ ਨਹੀਂ ਹਾਰਦੇ ਅਤੇ ਕਰਮਜੋਗੀ ਹਨ, ਉਹ ਕਦੇ ਮਨ ਕਰਕੇ ਬੁੱਢੇ ਨਹੀਂ ਹੁੰਦੇ। ਇਸ ਦੇ ਉਲਟ ਆਲਸੀ ਹਿਮਤਹੀਨ ਮਨਮੁਖ, ਜਵਾਨ ਹੋਣ ਤੇ ਵੀ ਕਰਮਜੋਗੀ ਬੁੱਢਿਆਂ ਤੋਂ ਬਦਤਰ ਹਨ।

ਦੇਂਦੇ ਥਾਵਹੁ ਦਿਤਾ ਚੰਗਾ, ਮਨਮੁਖਿ ਐਸਾ ਜਾਣੀਐਂ॥ (138) ਜੋ ਵਿਅਕਤੀ ਦਾਤੇ ਨਾਲੋਂ ਦਾਤਾਂ ਨੂੰ ਚੰਗਾ ਜਾਣਦਾ ਹੈ ਉਹ ਅਸਲ ਵਿੱਚ ਮਨਮੁਖ ਹੈ। ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ॥ (303) ਜੋ ਪੂਰੇ ਗੁਰੂ ਦਾ ਹੁਕਮ ਨਹੀਂ ਮੰਨਦਾ, ਉਹ ਮਨਮੁਖ ਅਗਿਆਨੀ ਮਾਇਆ ਦੇ ਜ਼ਹਿਰ ਵਿੱਚ ਮੁੱਠਾ ਹੋਇਆ ਹੈ। ਸਿੱਖਾਂ ਦਾ ਪੂਰਾ ਗੁਰੂ “ਗੁਰੂ-ਗ੍ਰੰਥ” ਹੈ ਮਨਮੁਖ ਅਗਿਆਨੀ ਸਾਧ ਸੰਤ ਡੇਰੇਦਾਰ “ਗੁਰੂ ਗ੍ਰੰਥ” ਜੀ ਨੂੰ ਛੱਡ ਕੇ ਹੁਕਮ ਆਪਣੇ ਵਡੇਰੇ ਡੇਰੇਦਾਰ ਸੰਤਾਂ ਦਾ ਮੰਨਦੇ ਹਨ ਇਸ ਕਰਕੇ ਉਹ ਗੁਰਮੁਖ ਸਿੱਖ ਨਹੀਂ ਸਗੋਂ ਮਨਮੁਖ ਹਨ। ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ॥ ਝਗੜਾ ਕਰਦਿਆਂ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ॥ ਨਾਨਕ ਮਨਮੁਖਾਂ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ॥ (316) ਲੋਭ ਲਾਲਚ ਅਤੇ ਅਹੰਕਾਰ ਵਿੱਚ ਗਲਤਾਨ ਹੋ ਕੇ ਮਨਮੁਖ ਮੂਲ (ਰੱਬ) ਨੂੰ ਭੁੱਲ ਜਾਂਦਾ ਹੈ। ਕਰਤੇ ਨੂੰ ਭੁੱਲ ਕੇ ਕੇਵਲ ਕ੍ਰਿਤਮ ਨੂੰ ਮੰਨਣ ਵਾਲੇ ਦਾ ਰਾਤ-ਦਿਨ ਝਗੜਾ ਕਰਦਿਆਂ ਗੁਜਰਦਾ ਹੈ, ਉਹ ਸ਼ਬਦ ਦੀ ਵੀਚਾਰ ਨਹੀਂ ਕਰਦਾ। ਗੁਰੂ ਜੀ ਫੁਰਮਾਂਦੇ ਹਨ ਕਿ ਅਜਿਹੇ ਮਨਮੁਖਾਂ ਨਾਲੋਂ ਤਾਂ ਟੁੱਟੀ ਹੀ ਭਲੀ ਹੈ। ਇਵੇਂ ਹੀ ਅੱਜ ਧੁਰ ਕੀ ਬਾਣੀ ਰੂਪੀ ਸ਼ਬਦ ਗੁਰੂ ਨੂੰ ਛੱਡ ਕੇ ਭੇਖੀ ਸਿੱਖ ਅਖੌਤੀ ਦਸਮ ਗ੍ਰੰਥ ਅਤੇ ਡੇਰਾਵਾਦੀ-ਸਾਧਾਂ ਨੂੰ ਮਾਨਤਾ ਦੇ ਰਿਹਾ ਹੈ ਅਜਿਹੇ ਮਨਮੁਖ ਭੇਖੀ ਸਿੱਖਾਂ ਨਾਲੋਂ ਤੁੱਟੀ ਹੀ ਭਲੀ ਹੈ। ਸੇ ਮਨਮੁਖ ਜੋ ਸਬਦੁ ਨ ਪਛਾਣਹਿ॥ ਗੁਰ ਕੇ ਭੈ ਕੀ ਸਾਰ ਨ ਜਾਣਹਿ॥ (1054) ਮਨਮੁਖ (ਵੇਮੁਖ) ਉਹ ਹਨ ਜੋ ਗੁਰੂ ਦੇ ਸ਼ਬਦ ਨੂੰ ਸਮਝਦੇ ਨਹੀਂ ਅਤੇ ਗੁਰੂ ਦੇ ਅਦਬ ਦੀ ਸਾਰ ਭਾਵ ਅਸਲੀਅਤਾ ਨਹੀਂ ਜਾਣਦੇ। ਜਰਾ ਸੋਚੋ! ਸਿੱਖਾਂ ਦਾ ਸ਼ਬਦ-ਗੁਰੂ “ਗੁਰੂ ਗ੍ਰੰਥ” ਹੈ ਅਤੇ ਜੋ ਸਿੱਖ ਹੋ ਕੇ ਇਸ ਸ਼ਬਦ-ਗੁਰੂ ਨੂੰ ਸਮਝਣਾ ਨਹੀਂ ਚਾਹੁੰਦੇ ਅਤੇ ਗੁਰੂ ਦੇ ਅਦਬ ਨੂੰ ਛੱਡ ਕੇ ਬਰਾਬਰ ਹੋਰ ਗ੍ਰੰਥਾਂ ਨੂੰ ਪ੍ਰਕਾਸ਼ਦੇ ਤੇ ਪੂਜਦੇ ਹਨ ਜੋ ਗ੍ਰੰਥ ਨਸ਼ੇ ਸੇਵਨ ਅਤੇ ਘਟੀਆ ਕਿਸਮ ਦੀਆਂ ਕਾਂਮ-ਕਲੋਲਾਂ ਦੇ ਕੂੜ ਉਪਦੇਸ਼ਾਂ ਨਾਲ ਭਰੇ ਪਏ ਹਨ ਉਹ ਮਨਮੁਖ ਹਨ। ਮਨਮੁਖ ਦੂਜੈ ਭਾਇ ਲਗਿ ਭੰਭਲਭੂਸੇ ਖਾਇ ਭਵੰਦੇ। ਸਤਿਗੁਰ ਸਚਾ ਪਾਤਸ਼ਾਹ ਗੁਰਮੁਖਿ ਗਾਡੀ ਰਾਹੁ ਚਲੰਦੇ. .॥ 20॥ (ਭਾ. ਗੁ. ਵਾਰ-5) ਭਾ. ਗੁਰਦਾਸ ਜੀ ਵੀ ਫਰਮਾਂਦੇ ਹਨ ਕਿ ਮਨਮੁਖ ਸੱਚ ਨੂੰ ਛੱਡ ਕੇ ਮਾਇਆ ਦੇ ਝੂਠੇ ਭਾਅ ਵਿੱਚ ਲੱਗ ਕੇ ਭੰਬਲਭੂਸਿਆਂ (ਨਰਾਰਥਕ-ਕਰਮਕਾਂਡਾਂ) ਵਿੱਚ ਪੈ ਕੇ ਭਟਕੇ ਰਹਿੰਦੇ ਹਨ ਪਰ ਗੁਰਮੁਖ ਸੱਚੇ ਸਤਿਗੁਰੂ ਪਾਤਸ਼ਾਹ ਦੇ ਸਿੱਧੇ ਰਾਹ ਤੇ ਚੱਲਦੇ ਹਨ ਅਤੇ ਉਹ ਕਦੇ ਵੀ ਸੱਚੇ ਗੁਰੂ ਦਾ ਰਾਹ ਨਹੀਂ ਛਡਦੇ।

ਇਵੇਂ ਹੀ ਸੱਚੇ ਸਿੱਖ ਭੇਖੀ ਸਾਧਾਂ, ਅਖੌਤੀ ਜਥੇਦਾਰਾਂ ਅਤੇ ਚਾਲਬਾਜ ਲੀਡਰਾਂ ਦੇ ਪਾਏ ਭੰਬਲਭੂਸਿਆਂ ਵਿੱਚ ਪੈ ਕੇ ਗੁਰੂ ਗ੍ਰੰਥ ਸਾਹਿਬ, ਸਿੱਖ ਰਹਿਤ ਮਰਯਾਦਾ ਅਤੇ ਨਾਨਕਸ਼ਾਹੀ ਕੈਲੰਡਰ ਦਾ ਪੰਥਕ ਰਾਹ ਨਹੀਂ ਛਡਦੇ, ਇਸ ਦੇ ਉਲਟ ਮਨਮੁਖ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ, ਸਿੱਖ ਰਹਿਤ ਮਰਯਾਦਾ ਅਤੇ ਨਾਨਕਸ਼ਾਹੀ ਕੈਲੰਡਰ ਜੋ ਸਿੱਖ ਕੌਮ ਦੀ ਵਲੱਖਣਤਾ ਦੇ ਪ੍ਰਤੀਕ ਹਨ ਨੂੰ ਛੱਡ ਕੇ ਅਖੌਤੀ ਦਸਮ ਗ੍ਰੰਥ, ਸੰਪ੍ਰਦਾਈ ਮਰਯਾਦਾ ਅਤੇ ਬਿਕ੍ਰਮਸ਼ਾਹੀ ਬ੍ਰਾਹਮਣੀ-ਕੈਲੰਡਰ ਦੇ ਕੁਰਾਹੇ ਪੈ ਕੇ ਗੁਰੂ ਪੰਥ ਮਾਰਗ ਤੋਂ ਭਟਕ ਜਾਂਦੇ ਹਨ। ਇਹ ਤਾਂ ਇਉਂ ਹੈ ਜਿਵੇਂ ਇੱਕ ਔਰਤ ਆਪਣੇ ਪਤੀ ਨੂੰ ਛੱਡ ਕੇ ਹੋਰਨਾਂ ਦੇ ਮਗਰ ਭਟਕਦੀ ਹੈ ਲੋਕ ਉਸ ਨੂੰ ਬਦ-ਚਲਣ, ਵਿਭਚਾਰਣ ਅਤੇ ਦੁਹਾਗਣ ਕਹਿੰਦੇ ਹਨ-ਪੂਛਤਿ ਸੁਹਾਗਣਿ ਕਰਮ ਦੁਹਾਗਣ ਕੇ ਰਿਦੈ ਵਿਭਚਾਰ ਕਤ ਸੇਜਾ ਬੁਲਾਈਐ। (ਭਾ. ਗੁ.) ਇਵੇਂ ਹੀ ਜੋ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਹੋਰਨਾਂ ਮਗਰ ਵੀ ਲੱਗਾ ਫਿਰਦਾ ਹੈ ਉਹ ਉਸ ਔਰਤ ਵਰਗਾ ਹੀ ਮਨਮੁਖ ਹੈ ਜੋ ਆਪਣੇ ਪਤੀ ਨੂੰ ਛੱਡ ਜੇ ਹੋਰਨਾਂ ਮਗਰ ਤੁਰੀ ਫਿਰਦੀ ਹੈ।

ਕੁੱਲਾ, ਭੱਲਾ ਤੇ ਭਗੀਰਥ ਤਿੰਨ ਸਿੱਖ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਆਏ ਤੇ ਕਿਹਾ ਗੁਰੂ ਜੀ ਸਾਡਾ ਜਨਮ ਮਰਨ ਕੱਟੋ ਤਾਂ ਗੁਰੂ ਜੀ ਬੋਲੇ ਗੁਰਮੁਖਾਂ ਦੇ ਕਰਮ ਕਰੋ ਤੇ ਮਨਮੁਖਾਂ ਦੇ ਤਿਆਗੋ ਤਾਂ ਸਿੱਖਾਂ ਪੁੱਛਿਆ ਕਿ ਗੁਰਮੁਖਾਂ ਤੇ ਮਨਮੁਖਾਂ ਦੇ ਕੀ ਕਰਮ ਹਨ? ਤਾਂ ਬਚਨ ਹੋਇਆ ਕਿ ਗੁਰਮੁਖ ਤੇ ਮਨਮੁਖ ਤਿੰਨ ਪ੍ਰਕਾਰ ਦੇ ਹਨ-ਇੱਕ ਗੁਰਮੁਖ ਹਨ ਦੁਜਾ ਗੁਰਮੁਖ ਤਰ ਤੇ ਤੀਜਾ ਗੁਰਮੁਖ ਤਮ ਹਨ। ਗੁਰਮੁਖ-ਉਹ ਜੋ ਭਲੇ ਸਾਥ ਭਲੇ ਅਰ ਬੁਰੇ ਸਾਥ ਬੁਰੇ, ਗੁਰਮੁਖ-ਤਰ-ਉਹ ਹਨ ਜਿੰਨ੍ਹਾਂ ਨੇ ਖੋਟੇ ਕਰਮਾਂ ਵੱਲ ਪਿੱਠ ਦਿੱਤੀ ਹੈ ਤੇ ਗੁਰਾਂ ਦੇ ਬਚਨਾਂ ਵੱਲ ਮੁਖ ਕੀਤਾ ਹੈ ਤੇ ਜੇ ਇੱਕ ਵੀ ਉਨ੍ਹਾਂ ਨਾਲ ਚੰਗਿਆਈ ਕਰਦਾ ਹੈ ਤਾਂ ਉਹ ਆਪਣੇ ਵੱਲੋਂ ਉਸ ਨਾਲ ਸਦੀਵ ਚੰਗਿਆਈ ਕਰਦੇ ਹਨ, ਉਸ ਦੀ ਭਲਿਆਈ ਵਿਸਾਰਦੇ ਨਹੀਂ ਤੇ ਆਪਣੀ ਭਲਿਆਈ ਚਿੱਤਾਰਦੇ ਨਹੀਂ, ਬੁਰੇ ਕਰਮ ਉਨ੍ਹਾਂ ਤਿਆਗ ਦਿੱਤੇ ਹਨ ਤੇ ਭਲੇ ਕਰਮ ਅੰਗੀਕਾਰ ਕੀਤੇ ਹਨ, ਜਿਸ ਦਾ ਕੰਮ ਉਨ੍ਹਾਂ ਤੀਕ ਆਂਵਦਾ ਹੈ ਤਾਂ ਸਭ ਨਾਲ ਭਲਿਆਈ ਹੀ ਕਰਦੇ ਹਨ। ਗੁਰਮੁਖ-ਤਮ-ਉਹ ਹਨ ਜੋ ਗਿਆਨ ਸੰਪੰਨ ਹਨ, ਸਭਸ ਨਾਲ ਭਲਾ ਹੀ ਕਰਦੇ ਹਨ, ਜੇ ਕੋਈ ਉਨ੍ਹਾਂ ਨਾਲ ਬੁਰਾ ਵੀ ਕਰੇ ਤਾਂ ਉਸ ਨਾਲ ਵੀ ਭਲਾ ਹੀ ਕਰਦੇ ਹਨ। ਮਨਮੁਖ-ਉਹ ਹਨ ਜੋ ਸਦਾ ਵਿਕਾਰ ਹੀ ਕਰਦੇ ਹਨ, ਜੋ ਕੋਈ ਵੀ ਉਨ੍ਹਾਂ ਨਾਲ ਭਲਿਆਈ ਕਰੇ ਸੋ ਵਿਸਾਰ ਦਿੰਦੇ ਹਨ ਤੇ ਬੁਰਿਆਈ ਨਹੀਂ ਵਿਸਾਰਦੇ। ਮਨਮੁਖ-ਤਰ-ਉਹ ਹਨ ਜੋ ਕੋਈ ਭਲਾ ਬੁਰਾ ਹੋਵੇ ਸਭਸ ਨਾਲ ਬੁਰਿਆਈ ਹੀ ਕਰਦੇ ਹਨ। ਮਨਮੁਖ-ਤਮ-ਉਹ ਹਨ ਜੋ ਭਲੇ ਨਾਲ ਵੀ ਬੁਰਿਆਈ ਕਰਦੇ ਹਨ, ਜੇ ਅਗਲਾ ਫਿਰ ਭਲਿਆਈ ਕਰੇ ਤਾਂ ਉਹ ਫਿਰ ਬੁਰਿਆਈ ਕਰਦੇ ਹਨ। ਉਨ੍ਹਾਂ ਨੂੰ ਸ਼ਬਦ ਬਾਣੀ ਦੀ ਸਮਝ ਕੁਛ ਨਹੀਂ, ਸਗੋਂ ਕਹਿੰਦੇ ਹਨ ਸ਼ਬਦ ਦਾ ਸੁਣਨਾ ਤੇ ਭਲਿਆਈ ਕਰਨੀ ਸਾਨੂੰ ਨਹੀਂ ਫਲਦੀ ਤੇ ਭੁਰਿਆਈ ਫਲਦੀ ਹੈ।

ਗੁਰੂ ਅਰਜਨ ਦੇਵ ਜੀ ਦਾ ਸਿੱਖਾਂ ਪ੍ਰਤੀ ਉਪਦੇਸ਼-ਇਸ ਉਪਦੇਸ਼ ਨੂੰ ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਨੇ ਇਉਂ ਬਿਆਨ ਕੀਤਾ ਹੈ-ਸ਼੍ਰੀ ਮੁਖ ਤੇ ਸ਼ੁਭ ਜੁਗਤਿ ਬਖਾਨੀ। ਹੀਰਾ ਫਟਕ (ਬਲੌਰ) ਦੁਇ ਏਕ ਸਮਾਨੀ॥ 24॥ ਹੀਰਾ ਨਿਜ ਪ੍ਰਕਾਸ਼ ਦਿਖਰਾਵੈ। ਸਰਬ ਰੰਗ ਕੇ ਊਪਰ ਛਾਵੈ। ਫਟਕ ਪ੍ਰਕਾਸ਼ ਪਰੈ ਨਹਿਂ ਕਾਹੂੰ। ਅੰਤਰ ਇਤੋ ਦੁਹਨਿ ਕੇ ਮਾਂਹੂੰ॥ 25॥ ਤਿਮ ਗੁਰਮੁਖ ਕੀ ਕਰੋ ਪਛਾਨ। ਜਿਸ ਸੰਗਤਿ ਮਹਿ ਕਰਹਿਂ ਬਖਾਨ। ਤਿਸ ਕੋ ਤੇਜ ਸਭਿਨਿ ਪਰ ਛਾਵੈ। ਕਯੋਂਕਿ ਸਦਾ ਸੋ ਸਚੁ ਕਮਾਵੈ॥ 26॥ … ਜਿਮ ਚੰਦਨ ਬਾਵਨ ਤਰੁ ਸੀਤਲ। ਚਹੁੰ ਦਿਸ਼ਿ ਮਹਿ ਅਹਿ ਲਪਟੈਂ ਹੀ ਤਲ। ਤਉ ਨ ਸੀਤ ਤਜਿ ਬਿਖ ਕੋ ਲੇਤਿ। ਸਰਪਨ ਕੋ ਸੀਤਲ ਕਰਿ ਦੇਤਿ॥ 31॥ ਤਿਮ ਗੁਰਮੁਖ ਜੇ ਧਸਹਿ ਕੁਸੰਗ। ਤਹਿ ਭੀ ਦੇਤਿ ਆਪਨੋ ਰੰਗ। (ਗੁਰ ਪ੍ਰਤਾਪ ਸੂਰਜ, ਰਾਸਿ 3, ਅੰਸੂ 64) ਭਾਵ ਹੀਰਾ ਤੇ ਬਲੌਰੀ ਪੱਥਰ ਸ਼ਕਲ ਤੋਂ ਸਮਾਨ ਹਨ ਪਰ ਗੁਣਾਂ ਕਰਕੇ ਫਰਕ ਹੈ ਹੀਰਾ ਚਮਕਦਾ ਹੈ ਅਤੇ ਉਸ ਦਾ ਪ੍ਰਕਾਸ਼ ਸਭ ਤੇ ਪੈਂਦਾ ਹੈ ਇਸ ਦੇ ਉਲਟ ਫਟਕ (ਬਲੌਰ) ਦਾ ਆਪਣਾ ਕੋਈ ਪ੍ਰਕਾਸ਼ ਨਹੀਂ ਤੇ ਨਾਂ ਹੀ ਉਹ ਹੋਰਾਂ ਨੂੰ ਪ੍ਰਕਾਸ਼ ਦੇ ਸਕਦਾ ਹੈ। ਇਵੇਂ ਹੀ ਗੁਰਮੁਖ ਜਦ ਸੰਗਤ ਵਿਖੇ ਸੱਚ ਵਖਿਆਨਦਾ ਹੈ ਉਸ ਦਾ ਗਿਆਨ ਪ੍ਰਕਾਸ਼ ਸਭ ਤੇ ਅਸਰ ਕਰਦਾ ਹੈ ਕਿਉਂਕਿ ਉਹ ਸੱਚ ਪ੍ਰਚਾਰਦਾ ਹੈ। ਜਿਵੇਂ ਚੰਦਨ ਸ਼ੀਤਲ ਹੈ ਜ਼ਹਿਰੀਲੇ ਸੱਪ ਉਸ ਨੂੰ ਚੱਟਦੇ ਹਨ ਪਰ ਚੰਦਨ ਤੇ ਜ਼ਹਿਰ ਦਾ ਕੋਈ ਅਸਰ ਨਹੀਂ ਹੁੰਦਾ ਸਗੋਂ ਚੰਦਨ ਸੱਪਾਂ ਨੂੰ ਵੀ ਸ਼ੀਤਲ ਕਰ ਦਿੰਦਾ ਹੈ ਇਵੇਂ ਹੀ ਜੇ ਕਿਤੇ ਗੁਰਮੁਖ ਕੁਸੰਗੀਆਂ (ਮਨਮੁਖਾਂ) ਦੀ ਸੰਗਤ ਵਿੱਚ ਚਲਾ ਵੀ ਜਾਵੇ ਓਥੇ ਵੀ ਗੁਰੂ ਗਿਆਨ ਦੇ ਪ੍ਰਕਾਸ਼ ਦੀ ਰੌਸ਼ਨੀ ਵੰਡਦਾ ਹੈ।

ਆਪਾਂ ਗੁਰਮੁਖ ਅਤੇ ਮਨਮੁਖ ਸਬਦਾਂ ਦੀ ਵਿਆਖਿਆ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀ ਰਚਨਾ ਅਨੁਸਾਰ ਕਰ ਚੁੱਕੇ ਹਾਂ। ਹੁਣ ਆਪਾਂ “ਸਿੱਖ ਰਹਿਤ ਮਰਯਾਦਾ” ਅਨੁਸਾਰ ਕਰਦੇ ਹਾਂ। ਸਿੱਖ ਰਹਿਤ ਮਰਯਾਦਾ ਜੋ ਪੰਥਕ ਵਿਦਵਾਨਾਂ ਅਤੇ ਪੰਥਕ ਜਥੇਬੰਦੀਆਂ ਦੇ ਸਿਰਤੋੜ ਯਤਨਾਂ ਸਦਕਾ 1932 ਈ. ਵਿੱਚ ਹੋਂਦ ਵਿੱਚ ਆਈ ਜੋ ਸਿੱਖੀ ਦਾ ਸਵਿਧਾਨ ਮੰਨੀ ਜਾਂਦੀ ਹੈ। ਇਸ ਵਿੱਚ ਵੀ ਕਈ ਊਣਤਾਈਆਂ ਰਹਿ ਗਈਆਂ ਸਨ ਜੋ ਕਿਸੇ ਵੇਲੇ ਵੀ ਪੰਥ ਸੋਧ ਸਕਦਾ ਹੈ ਭਾਵ ਬਦਲ ਸਕਦਾ ਹੈ। ਕੇਵਲ ਇਲਾਹੀ ਬਾਣੀ ਹੀ ਨਹੀਂ ਬਦਲੀ ਜਾ ਸਕਦੀ ਬਾਕੀ ਸਭ ਕੁੱਝ ਇਤਿਹਾਸ ਤੇ ਮਰਯਾਦਾ ਗੁਰਬਾਣੀ ਦੀ ਕਸਵੱਟੀ ਲਾ ਕੇ ਬਦਲੇ ਜਾ ਸਕਦੇ ਹਨ। ਸਿੱਖ ਰਹਿਤ ਮਰਯਾਦਾ ਪੰਥਕ ਹੈ ਕਿਸੇ ਡੇਰੇ ਜਾਂ ਟਕਸਾਲ ਦੀ ਨਹੀਂ ਇਸ ਕਰਕੇ ਸਾਰੇ ਸਿੱਖਾਂ ਅਤੇ ਸਿੱਖਾਂ ਦੇ ਗੁਰਦੁਆਰਿਆਂ ਵਿੱਚ ਇੱਕਸਾਰ ਲਾਗੂ ਹੋਣੀ ਚਾਹੀਦੀ ਹੈ ਜਿਸ ਨਾਲ ਸਿੱਖ ਪੰਥ ਵਿੱਚ ਏਕਤਾ ਆਉਂਦੀ ਹੈ ਅਤੇ ਪੰਥਕ ਸ਼ਕਤੀ ਮਜਬੂਤ ਹੁੰਦੀ ਹੈ ਪਰ ਅੱਜ ਕੁੱਝ ਟਾਵੇਂ ਗੁਰਦੁਆਰਿਆਂ ਜਿਵੇਂ ਕਿ ਦਿੱਲੀ ਕਮੇਟੀ ਦੇ ਪ੍ਰਬੰਧ ਵਾਲਿਆਂ ਨੂੰ ਛੱਡ ਕੇ ਇਹ ਸਿੱਖ ਰਹਿਤ ਮਰਯਾਦਾ ਲਾਗੂ ਨਹੀਂ ਹੈ, ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਪ੍ਰਬੰਧ ਅੰਡਰ ਗੁਰਦੁਆਰਿਆਂ ਵਿੱਚ ਵੀ ਪੂਰਨ ਤੌਰ ਤੇ ਲਾਗੂ ਨਹੀਂ, ਅਜੋਕੇ ਤਖਤਾਂ ਦੇ ਜਥੇਦਾਰ ਵੀ ਇਸ ਦੀ ਪਾਲਣਾ ਨਹੀਂ ਕਰਦੇ, ਡੇਰੇਦਾਰਾਂ, ਸੰਪ੍ਰਦਾਈਆਂ ਅਤੇ ਟਕਸਾਲੀਆਂ ਦੀ ਆਪੋ ਆਪਣੀ ਵੱਖਰ-ਵੱਖਰੀ ਮਰਯਾਦਾ ਹੈ। ਅੱਜ ਤਖਤਾਂ ਦੇ ਜਥੇਦਾਰ ਧੜੇਬੰਦੀਆਂ ਵਿੱਚ ਵੰਡੇ ਹੋਏ ਹਨ। ਸਾਧ ਸੰਗਤ ਜੀ! ਜਰਾ ਸੋਚੋ ਜੇ ਸੁਪਰੀਮਕੋਰਟ ਦਾ ਜੱਜ ਸੁਪ੍ਰੀਮਕੋਰਟ ਦੇ ਸਵਿਧਾਨ (ਰੂਲਾਂ) ਨੂੰ ਹੀ ਨਾਂ ਮੰਨੇ ਤਾਂ ਉਹ ਸੁਪ੍ਰੀਮਕੋਰਟ ਤੋਂ ਵੇਮੁਖ ਹੀ ਹੋਵੇਗਾ। ਇਵੇਂ ਹੀ ਜਿਹੜਾ ਸਿੱਖ ਭਾਵੇਂ ਉਹ ਕਿਸੇ ਵੀ ਅਹੁਦੇ ਤੇ ਹੈ ਜਾਂ ਕਿਸੇ ਵੀ ਪਾਰਟੀ ਦਾ ਮੈਂਬਰ ਹੈ ਜੇ ਉਹ ਪੰਥਕ ਸਿੱਖ ਰਹਿਤ ਮਰਯਾਦਾ ਨੂੰ ਹੀ ਨਹੀਂ ਮੰਨਦਾ ਤਾਂ ਉਹ ਵੀ ਮਨਮੁਖ ਹੀ ਕਿਹਾ ਜਾ ਸਕਦਾ ਹੈ। ਐਸ ਵੇਲੇ ਸਿੱਖ ਪੰਥ ਕੋਲ ਜੋ ਆਪਣੀ ਵਲੱਣਤਾ ਲਈ ਗੁਰੂ ਗ੍ਰੰਥ, ਸਿੱਖ ਰਹਿਤ ਮਰਯਾਦਾ ਅਤੇ ਨਾਨਕਸ਼ਾਹੀ ਕੈਲੰਡਰ ਹੈ, ਜਿਹੜਾ ਵੀ ਸਿੱਖ ਇਨ੍ਹਾਂ ਨੂੰ ਛੱਡ ਕੇ ਹੋਰ ਗ੍ਰੰਥਾਂ, ਸੰਪ੍ਰਦਾਈ ਮਰਯਾਦਾਵਾਂ ਅਤੇ ਬਿਕ੍ਰਮਸ਼ਾਹੀ-ਕੈਲੰਡਰ ਜਾਂ ਬ੍ਰਾਹਮਣੀ ਯੰਤਰੀਆਂ ਨੂੰ ਮਾਨਤਾ ਦਿੰਦਾ ਹੈ ਉਹ ਗੁਰੂ-ਪੰਥ ਤੋਂ ਬੇਮੁਖ ਹੋਣ ਕਰਕੇ ਮਨਮੁਖ ਹੈ। ਅੱਜ ਗੁਰਮੁਖਾਂ ਦੀ ਪੰਥਕ ਕੌਮ ਡੇਰਵਾਦੀ ਮਨਮੁਖਾਂ ਬਾਦਲ-ਮੱਕੜ-ਧੁੰਮਾਂ ਆਦਿਕ ਦੇ ਮੱਗਰ ਲੱਗ ਕੇ ਕਿਉਂ ਮਨਮੁਖ ਬਣਦੀ ਜਾ ਰਹੀ ਹੈ?

ਸਿੱਖ ਨੇ ਤਾਂ ਗੁਰਮੁਖ ਗਾਡੀ ਰਾਹ ਤੇ ਚੱਲਣਾ ਹੈ ਨਾਂ ਕਿ ਮਨਮੁਖ ਪਗਡੰਡੀਆਂ ਦੇ ਔਝੜੇ (ਕੁਰਾਹੇ) ਪੈਣਾ ਹੈ। ਗੁਰਮੁਖ ਅਕਾਲ ਤਖਤ ਦੇ ਗੁਰਮਤੀ ਸਿਧਾਂਤ ਨੂੰ ਮੰਨਦਾ ਹੈ ਅਤੇ ਮਨਮੁਖ ਬਿਲਡਿੰਗ ਨੂੰ ਹੀ ਅਕਾਲ ਤਖਤ ਸਮਝ ਕੇ ਗੁਰਮਤਿ ਸਿਧਾਂਤਾਂ ਦੀਆਂ ਧੱਜੀਆਂ ਉਡਾਉਂਦਾ ਹੈ। ਗੁਰਮੁਖ ਅਕਾਲ ਦਾ ਪੁਜਾਰੀ ਹੈ ਅਤੇ ਮਨਮੁਖ ਅਖੌਤੀ ਸਾਧ-ਸੰਤਾਂ ਅਤੇ ਉਨ੍ਹਾਂ ਦੀਆਂ ਫੋਟੋਆਂ ਦਾ। ਗੁਰਮੁਖ ਗੁਰੂ ਗ੍ਰੰਥ ਨੂੰ ਸੁਪ੍ਰੀਮ ਮੰਨਦਾ ਹੈ ਅਤੇ ਮਨਮੁਖ ਦੇਹਧਾਰੀ ਸਾਧਾਂ ਅਤੇ ਅਖੌਤੀ ਗ੍ਰੰਥਾਂ ਨੂੰ। ਗੁਰਮੁਖ ਆਪ ਬਾਣੀ ਪੜ੍ਹਦਾ, ਵਿਚਾਰਦਾ ਅਤੇ ਧਾਰਦਾ ਹੈ ਪਰ ਮਨਮੁਖ ਠੇਕੇ ਤੇ ਪਾਠ ਕਰਾਉਣੇ ਹੀ ਧਰਮ-ਕਰਮ ਸਮਝਦਾ ਹੈ। ਗੁਰਮੁਖ ਕਿਰਤੀ ਹੁੰਦਾ ਹੈ ਅਤੇ ਮਨਮੁਖ ਵੇਹਲੜ ਦੂਜਿਆਂ ਦੀ ਕਿਰਤ-ਕਮਾਈ ਖਾਣ ਵਾਲਾ। ਮੁਰਮੁਖ ਗ੍ਰਿਹਸਤ ਮਾਰਗ ਦੀ ਪਾਲਨਾ ਕਰਦਾ ਹੈ ਅਤੇ ਮਨਮੁਖ ਗ੍ਰਿਹਸਤ ਦਾ ਤਿਆਗ ਕਰਕੇ ਇਧਰ ਓਧਰ ਭਟਕਦਾ ਹੈ। ਗੁਰਮੁਖ ਸਾਰੀ ਕਾਇਨਾਤ ਨੂੰ ਰੱਬ ਦੀ ਸਾਜੀ ਕਰਕੇ ਪਿਆਰ ਕਰਦਾ ਹੈ ਅਤੇ ਮਨਮੁਖ ਸ੍ਰਿਸ਼ਟੀ ਨੂੰ ਅਖੌਤੀ ਦੇਵੀ ਦੇਵਤਿਆਂ ਦੀ ਪਦਾਇਸ਼ ਮੰਨ ਕੇ ਕੇਵਲ ਆਪਣਿਆਂ ਨੂੰ ਹੀ ਪਿਆਰਦਾ ਹੈ ਤੇ ਦੂਜਿਆਂ ਨਾਲ ਨਫਰਤ ਕਰਦਾ ਹੈ। ਗੁਰਮੁਖ ਊਚ-ਨੀਚ, ਛੂਆਂ-ਛਾਤ ਅਤੇ ਸੁੱਚ-ਭਿੱਟ ਨਹੀਂ ਰੱਖਦਾ ਅਤੇ ਮਨਮੁਖ ਰੱਖਦਾ ਹੈ। ਗੁਰਮੁਖ ਕਰਮਯੋਗੀ ਅਤੇ ਮਨਮੁਖ ਕਰਮਕਾਂਡੀ ਹੁੰਦਾ ਹੈ। ਗੁਰਮੁਖ ਧਰਮ ਗ੍ਰੰਥਾਂ ਨੂੰ ਪੜ੍ਹਦਾ, ਵਿਚਾਰਦਾ ਅਤੇ ਧਾਰਦਾ ਹੈ ਪਰ ਮਨਮੁਖ ਕੇਵਲ ਪਾਠ ਪੂਜਾ ਕਰਕੇ ਮੱਥੇ ਆਦਿਕ ਹੀ ਟੇਕਦਾ ਹੈ ਧਰਮ ਗ੍ਰੰਥਾਂ ਦੇ ਉਪਦੇਸ਼ ਤੇ ਅਮਲ ਨਹੀਂ ਕਰਦਾ। ਗੁਰਮੁਖ ਰੱਬ ਨੂੰ ਸਰਬ ਨਿਵਾਸੀ ਮੰਨਦਾ ਹੈ ਅਤੇ ਮਨਮੁਖ ਕਿਸੇ ਖਾਸ ਅਸਥਾਨ ਤੇ ਹੀ ਰੱਬ ਦਾ ਨਿਵਾਸ ਸਮਝਦਾ ਹੈ। ਗੁਰਮੁਖ ਸਾਰੇ ਸੰਸਾਰ ਨੂੰ ਆਪਣਾ ਪ੍ਰਵਾਰ ਸਮਝਦਾ ਹੈ ਅਤੇ ਮਨਮੁਖ ਨਿਜੀ ਪ੍ਰਵਾਰਕ ਮੋਹ ਵਿੱਚ ਹੀ ਜਕੜਿਆ ਰਹਿੰਦਾ ਹੈ। ਮਨਮੁਖ ਸਮੁੰਦਰ ਦਾ ਤਾਰੂ ਅਤੇ ਮਨਮੁਖ ਟੋਬੇ ਦਾ ਡੱਡੂ ਹੀ ਰਹਿੰਦਾ ਹੈ। ਗੁਰਮੁਖ ਰੱਬ ਦੀ ਪਦਾਇਸ਼ ਔਰਤ ਅਤੇ ਮਰਦ ਨੂੰ ਧਰਮ-ਕਰਮ ਵਿੱਚ ਬਰਾਬਰ ਸਮਝ ਕੇ ਮਾਨ ਦਿੰਦਾ ਹੈ ਪਰ ਮਨਮੁਖ ਔਰਤ ਨੂੰ ਨੀਵਾਂ ਕਹਿ ਕੇ ਬਰਾਬਰ ਮਾਨਤਾ ਨਹੀਂ ਦਿੰਦਾ। ਗੁਰਮੁਖ ਲਈ ਗੁਣ ਅਤੇ ਮਨਮੁਖ ਲਈ ਭੇਖ ਮਹਾਨ ਹੈ। ਗੁਰਮੁਖ ਰੱਬ ਦਾ ਬੰਦਾ ਪਰ “ਮਨਮੁਖ ਹੋਇ ਬੰਦੇ ਦਾ ਬੰਦਾ” (ਭਾ. ਗੁ.) ਇਸ ਲਈ ਗੁਰੂ ਸਾਹਿਬ ਜੀ ਫੁਰਮਾਂਦੇ ਹਨ ਕਿ-ਨਾਨਕ ਮਨਮੁਖਾਂ ਨਾਲੋਂ ਤੁਟੀ ਭਲੀ ਜਿਨ ਮਾਇਆ ਮੋਹ ਪਿਆਰ॥ 316) ਗੁਰੂ ਜੀ ਹੋਰ ਫੁਰਮਾਂਦੇ ਹਨ ਕਿ-ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਇ॥ ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਇ॥ 21॥ (919) ਇਸ ਦੇ ਉਲਟ ਬੇਮੁਖ-ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ॥ ਪਾਵੈ ਮੁਕਤਿ ਨ ਹੋਰਥੈ ਕੋਈ ਪੁਛਹੁ ਬਿਬੇਕੀਆ ਜਾਇ …॥ (919) ਸੋ ਗੁਰਮੁਖ-ਸਨਮੁਖ ਸਿੱਖ ਸਦਾ ਗੁਰੂ ਆਸਰੇ ਰਹਿੰਦਾ ਹੈ ਗੁਰੂ ਤੋਂ ਬਿਨਾਂ ਹੋਰ ਕਿਸੇ ਪਿਛੇ ਨਹੀਂ ਜਾਂਦਾ ਪਰ ਮਨਮੁਖ-ਵੇਮੁਖ ਸੱਚੇ ਸਤਗੁਰੂ ਨੂੰ ਛੱਡ ਕੇ ਕੱਚਿਆਂ ਦੇ ਮਗਰ ਲੱਗ, ਆਪਣਾ ਕੀਮਤੀ ਜੀਵਨ ਬਰਬਾਦ ਕਰ ਲੈਂਦਾ ਹੈ। ਗੁਰੂ ਜੀ ਫਰਮਾਂਦੇ ਹਨ ਕਿ-ਨਾਨਕ ਕਚੜਿਆਂ ਸਿਉਂ ਤੋੜਿ ਢੂੰਡਿ ਸਜਨ ਸੰਤ ਪਕਿਆਂ॥ (1102) ਅੱਜ ਸਾਨੂੰ ਪੱਕੇ ਗੁਰਮੁਖਾਂ ਅਤੇ ਕੱਚੇ ਮਨਮੁਖਾਂ ਦੀ ਪਛਾਣ ਕਰਨੀ ਚਾਹੀਦੀ ਹੈ। ਗੁਰਮੁਖ ਸਦਾ ਗੁਰੂ ਦੀ ਗੱਲ ਕਰਦੇ ਹਨ ਅਤੇ ਮਨਮੁਖ ਹਮੇਸ਼ਾਂ ਹੀ ਭੇਖੀ ਸਾਧੂ ਸੰਤਾਂ ਦੀਆਂ ਕਥਾ ਕਹਾਣੀਆਂ ਹੀ ਸੁਣਾਉਂਦੇ ਰਹਿੰਦੇ ਹਨ। ਗੁਰਮੁਖ ਗੁਰੂਪੰਥੀ ਅਤੇ ਮਨਮੁਖ ਸਾਕਤਪੰਥੀ ਹੁੰਦੇ ਹਨ। ਸਾਕਤਾਂ ਬਾਰੇ ਹੁਕਮ ਹੈ-ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਏ ਭਾਗਿ॥ ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ॥ (1371) ਗੁਰਮੁਖ ਸਿੱਖ “ਗੁਰੂ ਗ੍ਰੰਥ” ਤੋਂ ਹੀ ਸਦਾ ਅਗਵਾਈ ਲੈਂਦਾ ਤੇ ਮਨਮੁਖ ਹੋਰ-ਹੋਰ ਸੰਤਾਂ ਤੇ ਗ੍ਰੰਥਾਂ ਮਗਰ ਹੀ ਲਗਿਆ ਰਹਿੰਦਾ ਹੈ। ਗੁਰਮੁਖ “ਗੁਰੂ ਗ੍ਰੰਥ” ਜੀ ਦੇ ਹਰੇਕ ਸ਼ਬਦ ਨੂੰ ਗੁਰੂ ਦਾ ਹੁਕਮਨਾਮਾ ਸਮਝਦਾ ਤੇ ਸਤਕਾਰਦਾ ਹੈ ਪਰ ਮਨਮੁਖ ਅਖੌਤੀ ਜਥੇਦਾਰਾਂ ਦੇ ਕਿਸੇ ਵਿਰੁੱਧ ਈਰਖਾਵੱਸ ਲਿਖੇ ਚਾਰ ਅੱਖਰਾਂ ਨੂੰ ਹੀ ਹੁਕਮਨਾਮਾ ਕਹਿ ਕੇ ਸਤਕਾਰੀ ਜਾਂਦਾ ਹੈ। ਮੁਕਦੀ ਗੱਲ ਜੋ ਸਿੱਖ ਸ਼ਬਦ-ਗੁਰੂ “ਗੁਰੂ ਗ੍ਰੰਥ” ਜੀ ਨੂੰ ਹੀ ਸਰਬਉਚ ਮੁਖੀ ਮੰਨ ਕੇ ਇਸਦੀਆਂ ਸਿਖਿਆਵਾਂ ਤੇ ਚਲਦੇ ਹਨ ਉਹ ਹੀ ਗੁਰੂਪੰਥੀਏ-ਗੁਰਮੁਖ ਅਤੇ ਉਲਟ ਚੱਲਣ ਵਾਲੇ ਹੀ ਮਨਮੁਖ ਹਨ। ਉਪ੍ਰੋਕਤ ਲੱਖਣਾਂ ਨੂੰ ਵਾਚ ਕਰ ਸਾਨੂੰ ਗੁਰਮੁਖਾਂ ਅਤੇ ਮਨਮੁਖਾਂ ਦਾ ਫਰਕ ਸਮਝ ਕੇ ਗੁਰੂ ਮਾਰਗ ਪੰਥ ਤੇ ਹੀ ਚਲਣਾ ਚਾਹੀਦਾ ਹੈ ਅਤੇ ਮਨਮੁਖੀ ਡੇਰੇਦਾਰ ਰਸਤੇ ਤਿਆਗ ਦੇਣੇ ਚਾਹੀਦੇ ਹਨ। ਗੁਰਮੁਖਾਂ ਅਤੇ ਮਨਮੁਖਾਂ ਦੇ ਰਸਤੇ ਇਸੇ ਕਰਕੇ ਹੀ ਵੱਖਰੇ-ਵੱਖਰੇ ਹਨ ਕਿ ਗੁਰਮੁਖ ਹਮੇਸ਼ਾਂ ਗੁਰੂ ਦੇ ਰਸਤੇ ਚਲਦੇ ਤੇ ਮਨਮੁਖ ਹਮੇਸ਼ਾ ਆਪਣੇ ਮਨ ਅਤੇ ਦੇਹਧਾਰੀ ਸਾਧਾਂ ਸੰਤਾਂ ਅਤੇ ਪੁਲੀਟੀਕਲ ਲੀਡਰਾਂ ਦੇ ਮਗਰ ਹੀ ਲੱਗੇ ਰਹਿੰਦੇ ਹਨ।




.