. |
|
ਸਵੈ ਜੀਵਨੀ
(ਅਤੀ ਸੰਖੇਪ – ਕਿਸ਼ਤ ਨੰ: 01)
Biography (Extra Brief)
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ
ਸਿੱਖ ਮਿਸ਼ਨਰੀ ਲਹਿਰ 1956
ਲੋੜ ਕਿਉਂ ਪਈ- ਦਰਅਸਲ ਕਾਫ਼ੀ ਸਮੇਂ ਤੋਂ ਲਗਾਤਾਰ ਦੇਸ਼-ਵਿਦੇਸ਼ਾਂ `ਚੋਂ
ਸੰਗਤਾਂ ਵਲੋਂ ਇਸ ਦੇ ਲਈ ਮੰਗ ਸੀ, ਤਾ ਕਿ ਪਤਾ ਲਗ ਸਕੇ ਕਿ ਮੌਜੂਦਾ ‘ਸਿੱਖ ਮਿਸ਼ਨਰੀ ਲਹਿਰ’ ਦਾ
ਪਿਛੋਕੜ ਹੈ ਕੀ? ਇਸ ਦੇ ਨਾਲ, ਦੇਸ਼-ਵਿਦੇਸ਼ਾਂ `ਚ ਫੈਲੀਆਂ ਗੁਰੂ ਕੀਆਂ ਸੰਗਤਾਂ, ਜਿਨ੍ਹਾਂ ਵਿਚਕਾਰ,
ਗੁਰਮਤਿ ਐਜੁਕੇਸ਼ਨ ਸੈਂਟਰ-ਦਿੱਲੀ ਵਲੋਂ ਦਾਸ ਰਾਹੀਂ ਲਿਖੇ ਵਿਸ਼ੇ ਬੰਦ ਅਣਗਿਣਤ ਗੁਰਮਤਿ ਪਾਠ ਦੂਰ
ਦੁਰੇਡੇ ਸੰਸਾਰ ਭਰ `ਚ ਪੁੱਜ ਰਹੇ ਹਨ, ਬਹੁਤਿਆਂ ਦੀ ਤੀਬਰ ਇਛਾ ਸੀ ਕਿ ਕੁੱਝ ਨਾ ਕੁੱਝ ਦਾਸ ਦੀ
ਨਿਜੀ ਜੀਵਨੀ ਬਾਰੇ ਵੀ ਜਾਣਕਾਰੀ ਮਿਲੇ। ਇਸ ਸਬੰਧ `ਚ ਕਾਫ਼ੀ ਲੰਮੇਂ ਸਮੇਂ ਬਲਕਿ ਸਾਲਾਂ ਤੋਂ ਜ਼ਬਾਨੀ
ਮੇਲ-ਜੋਲ ਸਮੇਂ, ਟੈਲੀਫੋਨਾ ਤੇ ‘ਈ ਮੇਲਾਂ’ ਆਦਿ ਰਾਹੀਂ ਵੀ ਦਾਸ ਨੂੰ ਚੇਤਾਇਆ ਜਾ ਰਿਹਾ ਸੀ।
ਉਪ੍ਰੰਤ ਸ੍ਰ: ਮਹਿੰਦਰ ਸਿੰਘ ਜੋਸ਼, ਜਿਹੜੇ ਕਿ ਇਸ ਲਹਿਰ ਦੇ ਮੇਰੇ ਸਾਥੀ ਤੇ ਦੂਜੇ ਮੋਢੀ ਸਨ,
ਉਹਨਾਂ ਦੇ ਅਚਾਨਕ ਅਕਾਲ ਚਲਾਣੇ ਬਾਅਦ ਤਾਂ ਦਾਸ ਤੋਂ ਸੰਗਤਾਂ ਦੀ ਮੰਗ ਹੋਰ ਵੀ ਜ਼ੋਰ ਪਕੜ ਗਈ।
ਚੂੰਕਿ ਇਸ ਵਿਸ਼ੇ ਨੂੰ ਕਲਮਬੰਦ ਕਰਣ ਲਈ ਪ੍ਰੋਗ੍ਰਾਮ ਵੀ ਅਚਣਚੇਤ ਹੀ ਬਣਿਆ ਜਦਕਿ ਇਸ ਦੇ ਪਿਛੇ ਮੇਰੀ
ਨਿਜੀ ਜੀਵਨੀ ਤੋਂ ਇਲਾਵਾ ਮੌਜੂਦਾ ‘ਸਿੱਖ ਮਿਸ਼ਨਰੀ ਲਹਿਰ’ ਦੇ ਵੀ ਸੰਨ ੧੯੫੬ ਤੋਂ ਸੰਨ ੨੦੦੯ ਤੀਕ
ਤਰਵੰਜਾ ਸਾਲਾਂ ਦਾ ਇਤਿਹਾਸ ਹੈ। ਇਸ ਲਈ ਸੰਭਵ ਹੈ, ਇਸ ਸਮੇਂ ਕੁੱਝ ਹੋਰ ਤੇ ਵਿਸ਼ੇਸ਼ ਵਿਸ਼ੇ ਵੀ ਕਲਮ
ਹੇਠ ਆਉਣ ਤੋਂ ਛੁੱਟ ਜਾਣ, ਉਸ ਲਈ ਖਿਮਾ ਚਾਹੁੰਦਾ ਹਾਂ। ਇਹ ਵਖਰੀ ਗੱਲ ਹੈ ਕਿ ਯਾਦ ਆਉਣ `ਤੇ
ਉਹਨਾਂ ਨੂੰ ਬਾਅਦ `ਚ ਕਿਸੇ ਯੋਗ ਢੰਗ ਨਾਲ ਸੰਗਤਾਂ ਤੀਕ ਪਹੁੰਚਾ ਦਿੱਤਾ ਜਾਵੇਗਾ। ਉਂਝ ਇਹ ਵੀ
ਕੋਸ਼ਿਸ਼ ਕੀਤੀ ਹੈ ਕਿ ਜੋ ਵਿਸ਼ੇ ਮੇਰੇ ਤੇ ਜੋਸ਼ ਜੀ ਵਿਚਕਾਰ ਸਾਂਝੇ ਹਨ ਤੇ ਜਿਨ੍ਹਾਂ ਦਾ ਜ਼ਿਕਰ ਦਾਸ
ਵਲੋਂ ਜੋਸ਼ ਜੀ ਬਾਰੇ ਲਿਖਤ ਗੁਰਮਤਿ ਪਾਠ ੧੪੦ `ਚ ਕੀਤਾ ਜਾ ਚੁੱਕਾ ਹੈ, ਉਹਨਾਂ ਨੂੰ ਇਥੇ ਨਾ
ਦੋਹਰਾਇਆ ਜਾਵੇ ਜਾਂ ਜੇ ਕਿਧਰੇ ਬਹੁਤੀ ਲੋੜ ਵੀ ਹੋਵੇ ਤਾਂ ਉਸ ਨੂੰ ਇਸ਼ਾਰੇ ਮਾਤ੍ਰ ਹੀ ਦਿੱਤਾ
ਜਾਵੇ।
ਮੁੱਢਲੀ ਜਾਣਕਾਰੀ-ਪ੍ਰਵਾਰਿਕ ਪਿਛੌਕੜ
ਨਾਮ-ਸੁਰਜੀਤ ਸਿੰਘ:- ਸੰਸਾਰ ਪੱਧਰ’ ਤੇ ਪਹਿਚਾਣਿਆਂ ਜਾਂਦਾ ਨਾਮ-
“ਪ੍ਰਿੰਸੀਪਲ ਗਿਆਨੀ ਸੁਰਜੀਤ
ਸਿੰਘ, ਸਿੱਖ ਮਿਸ਼ਨਰੀ, ਦਿੱਲੀ”
ਪਿਤਾ ਜੀ ਦਾ ਨਾਮ- ਸ੍ਰਦਾਰ ਮੋਹਨ ਸਿੰਘ ਜੀ, ਗੁਰਪੁਰਵਾਸੀ
(ਜਨਮ-ਸਿਆਲਕੋਟ-ਸਾਂਝਾ ਪੰਜਾਬ ਅਕਾਲ ਚਲਾਣਾ ੧੨ ਅਕਤੂਬਰ, ਈ: ਸੰਨ
1979 ਲਾਜਪਤ ਨਗਰ,
ਨਵੀਂ ਦਿੱਲੀ)
ਮਾਤਾ ਜੀ ਦਾ ਨਾਮ- ਸ੍ਰਦਾਰਨੀ ਗੁਰਦੀਪ ਕੌਰ, ਜਨਮ ਜੰਮੂ ਤਵੀ
(ਅਕਾਲ ਚਲਾਣਾ 18
ਫਰਵਰੀ ਈ: ਸੰਨ 1985
ਲਾਜਪਤ ਨਗਰ, ਨਵੀਂ, ਦਿੱਲੀ)
ਦਾਦਾ ਜੀ- ਸ੍ਰ ਪਰੇਮ ਸਿੰਘ: (ਚਲਾਣਾ ਈ: ਸੰਨ
1953 ਲੋਧੀ ਰੋਡ, ਨਵੀਂ ਦਿੱਲੀ)
ਪਿਤਾ ਪੁਰਖੀ ਕਿੱਤਾ- ਦੁਕਾਨਦਾਰੀ
ਜਨਮ- ਸਿਆਲਕੋਟ ਖਾਸ (ਅੰਣ ਵੰਡਿਆ ਭਾਰਤ, ਹੁਨ ਪਛਮੀ ਪਾਕਿਸਤਾਨ `ਚ)
ਜਨਮ ਮਿਤੀ- 22
ਫ਼ਰਵਰੀ 1940;
ਸਕੂਲੀ ਵਿਦਿਆ- ਮੈਟਰਿਕ, ਦਿੱਲੀ ਯੁਨੀਰਸਿਟੀ, ਦਿੱਲੀ ਤੋਂ;
ਗਰੈਜੁਏਸ਼ਨ-ਪੰਜਾਬ ਯੁਨੀਵਰਸਿਟੀ ਤੋਂ।
ਭੈਣਾਂ ਤੇ ਭਰਾ- ਚਾਰ ਭਰਾ, ਪੰਜ ਭੈਣਾਂ। ਸਾਰੇ ਭੈਣ ਭਰਾ ਆਪਣੇ ਆਪਣੇ
ਪ੍ਰੀਵਾਰਾਂ ਤੇ ਬਾਲ ਬਚਿਆਂ ਵਾਲੇ
ਹਨ।
ਖੰਡੇ ਦੀ ਪਾਹੁਲ- ‘ਖੰਡੇ ਦੀ ਪਾਹੁਲ’ ਪ੍ਰਾਪਤ ਕੀਤੀ, ਵਿਸਾਖੀ
14 ਅਪ੍ਰੈਲ,
1955 ਵਾਲੇ ਦਿਹਾੜੇ
ਗੁਰਦੁਆਰਾ “ਸ੍ਰੀ ਗੁਰੁ ਸਿੰਘ ਸਭਾ, ਅਲੀ ਗੰਜ, ਲੋਧੀ ਰੋਡ ਨਵੀਂ ਦਿੱਲੀ-੩
ਅਨੰਦ ਕਾਰਜ- 26
ਅਪ੍ਰੈਲ ਸੰਨ 1970
ਫਰੀਦਾਬਾਦ, ਹਰਿਆਣਾ।
ਸਿੰਘਣੀ- ਸ੍ਰਦਾਰਨੀ ਹਰਜਿੰਦਰ ਕੌਰ, ਜਨਮ ਰਾਵਲਪਿੰਡੀ (ਸਾਂਝਾ ਪੰਜਾਬ);
ਸਪੁਤ੍ਰੀ ਸ੍ਰ: ਜੈ ਸਿੰਘ,
ਸ੍ਰਦਾਰਨੀ ਮਾਇਆ ਕੌਰ (ਪ੍ਰਵਾਰਕ ਪਿਛੌਕੜ-ਗੁਰ ਇਤਿਹਾਸ ਨਾਲ ਸਬੰਧਤ ਹਕੀਮ
ਬੂਟਾ ਸਿੰਘ
ਜੀ ਰਾਵਲਪਿੰਡੀ ਵਾਲੇ)
ਪ੍ਰਵਾਰਕ ਵਾਧਾ- ਅਕਾਲਪੁਰਖ ਦੀ ਬਖਸ਼ਿਸ਼ ਨਾਲ ਇੱਕ ਬੱਚੀ ਤੇ ਇੱਕ ਬੱਚੇ ਨੇ
ਕ੍ਰਮਵਾਰ ਸੰਨ 1971
ਤੇ ਸੰਨ 1975 `ਚ ਜਨਮ
ਲਿਆ। ਬੱਚੀ ਦਾ ਨਾਮ ਰਤਨਜੋਤ ਕੌਰ ਤੇ ਬੱਚੇ ਦਾ ਨਾਮ ਚਰਣਜੀਤ ਸਿੰਘ। ਦੋਨੋਂ ਬੱਚੇ ਹੋਣਹਾਰ ਖੰਡੇ
ਦੀ ਪਾਹੁਲ ਦੇ ਧਾਰਣੀ ਤੇ ਆਪਣੇ ਆਪਣੇ ਘਰ-ਪ੍ਰਵਾਰਾਂ ਵਾਲੇ ਹਨ। ਦੋਨੋਂ ਪ੍ਰਵਾਰ ਚੜ੍ਹਦੀਆਂ ਕਲਾਂ
`ਚ ਹਨ। ਬੱਚੀ ਦੇ ਪ੍ਰਵਾਰ `ਚ ਇੱਕ ਭੁਝੰਗਣ ਤੇ ਇੱਕ ਭੁਝੰਗੀ, ਬੱਚੇ ਦੇ ਪ੍ਰਵਾਰ `ਚ ਦੋ
ਭੁਝੰਗਣਾਂ।
ਭਾਰਤ-ਪਾਕ ਵੰਡ ਉਪ੍ਰੰਤ- ਸੰਨ 1947
ਦੇਸ਼ ਦੀ ਵੰਡ ਤੋਂ ਬਾਅਦ ਮੰਡੀ ਸਟੇਟ ਹਿਮਾਚਲ ਪ੍ਰਦੇਸ਼।
ਡੇੜ੍ਹ ਸਾਲ ਬਾਅਦ ਜੂਨ 1949
`ਚ ਦਿੱਲੀ ਆ ਵੱਸੇ ਤੇ ਤੱਦ ਤੋਂ ਦਿੱਲੀ ਵਾਸੀ। ਸੰਨ
1955 ਦਿੱਲੀ
ਯੂਨੀਵਰਸਿਟੀ ਤੋਂ ਫ਼ਸਟ ਡਿਵੀਜ਼ਨ `ਚ ਮੈਟਰਿਕ ਕਰਣ ਤੋਂ ਬਾਅਦ, ਪੰਜਾਬ ਯੂਨੀਵਰਸਿਟੀ ਕੈਂਪ ਕਾਲਿਜ
ਦਿੱਲੀ, ਸੰਨ 1955 `ਚ
ਦਾਖਲਾ ਲਿਆ।
ਧਾਰਮਿਕ ਰੁਚੀਆਂ ਤੇ ਗੁਰੂਦਰ ਵਲ ਝੁਕਾਅ-ਧਾਰਮਿਕ ਰੁਚੀਆਂ ਤੇ ਗੁਰੂਦਰ ਵਲ
ਝੁਕਾਅ ਪਿਤਾ ਪੁਰਖੀ ਸੀ। ਗੁਰੂਦਰ ਵੱਲ ਪਿਤਾ ਪੁਰਖੀ ਝੁਕਾਅ ਦੀ ਹੀ ਦੇਣ ਸੀ ਗੁਰਬਾਣੀ ਨਾਲ ਸਾਂਝ
ਤੇ ਉਸ ਪਾਸੇ ਝੁਕਾਅ ਗੁਰੂਦਰ ਵਲ ਇਸੇ ਪਿਤਾ ਪੁਰਖੀ ਝੁਕਾਅ ਦਾ ਹੀ ਨਤੀਜਾ ਸੀ ਜਨਮ ਤੋਂ ਜੀਵਨ `ਚ
ਹਰ ਪੱਖੋਂ ਸੁਅੱਛਤਾ; ਜੂਆ, ਸ਼ਰਾਬ, ਮਾੜੀ ਸੰਗਤ ਤੇ ਕਿਸੇ ਤਰ੍ਹਾਂ ਦੇ ਵੀ ਐਬ ਦਾ ਜੀਵਨ `ਚ ਨਾ
ਹੋਣਾ।
ਬਚਪਣ ਤੋਂ ਹੀ ਪ੍ਰਭਾਤੇ ਸੂਰਜ ਚੜ੍ਹਣ ਤੋਂ ਪਹਿਲੇ ਜਾਗ ਕੇ ਨਿਯਮ ਨਾਲ
ਇਸ਼ਨਾਨ-ਪਾਣੀ। ਉਪ੍ਰੰਤ ਸਕੂਲ ਜਾਣ ਤੋਂ ਪਹਿਲਾਂ ਆਪਣੇ ਸਤਿਕਾਰਜੋਗ ਪਿਤਾ ਜੀ ਤੇ ਕਈ ਵਾਰੀ ਦਾਦਾ ਜੀ
ਨਾਲ, ਸਿਆਲਕੋਟ ਵਿਖੇ ਮੂੰਹ ਹਨੇਰੇ ਇਤਿਹਾਸਕ ਗੁਰਦੁਆਰਾ ‘ਬਾਬੇ ਦੀ ਬੇਰ’ ਜਾਂ ‘ਗੁਰਦੁਆਰਾ ਬਾਉਲੀ
ਸਾਹਿਬ’ ਵਿਖੇ ਹਾਜ਼ਰੀ ਭਰਣੀ। ਇਸ ਤਰ੍ਹਾਂ ਇਹ ਤੇ ਅਜਿਹੇ ਹੋਰ ਕਈ ਸ਼ੁਭ ਗੁਣ ਬੱਚਪਣ ਤੋਂ ਹੀ ਪਿਤਾ
ਪੁਰਖੀ ਪ੍ਰਾਪਤ ਸਨ।
ਚੂੰਕਿ ਗੁਰੂਦਰ ਨਾਲ ਸਾਂਝ, ਪਾਤਸ਼ਾਹ ਨੇ ਬਚੱਪਨ ਤੋਂ ਵਿਰਸੇ `ਚ ਬਖਸ਼ੀ ਸੀ।
ਲਗਭਗ ੧੨-੧੩ ਸਾਲ ਦੀ ਉਮਰ ਚ ਲੋਧੀ ਰੋਡ, ਨਵੀਂ ਦਿੱਲੀ ਵਿਖੇ ਨੌਜੂਆਨਾਂ ਦਾ ਜਥਾ ਕਾਇਮ ਕਰਕੇ,
ਗੁਰਪੁਰਬਾਂ ਤੇ ਹੋਰ ਵਿਸ਼ੇਸ ਸਮਾਗਮਾਂ ਸਮੇਂ, ਜਥੇ `ਚ ਮੋਢੀ ਦੇ ਰੂਪ `ਚ, ਗੁਰੂਦਰ `ਤੇ ਆਈਆਂ
ਸੰਗਤਾਂ ਦੇ ਜੋੜਿਆਂ, ਸਾਈਕਲਾਂ (ਉਸ ਜ਼ਮਾਨੇ `ਚ ਵਿਸ਼ੇਸ਼ ਸੇਵਾ), ਲੰਗਰ ਤਿਆਰ ਕਰਣ ਤੋਂ ਲੈ ਕੇ
ਵਰਤਾਉਣ ਤੀਕ, ਗੁਰਪੁਰਬਾਂ ਸਮੇਂ ਸਜਾਵਟ ਸੇਵਾ। ਖੇਤ੍ਰੀ ਗੁਰਪੁਰਬਾਂ ਦੇ ਮਨਾਉਣ ਤੋਂ ਲਗਭਗ ੧੫-੧੫
ਦਿਨ ਪਹਿਲਾਂ ਅਰੰਭ ਕਰਕੇ, ਇਸ਼ਨਾਨ ਪਾਣੀ ਤੇ ਨਿਤਨੇਮ ਬਾਅਦ ਪ੍ਰਭਾਤੇ ੩-੪ ਵਜੇ ਜੱਥੇ ਦੇ ਸਿੰਘਾਂ
ਦੇ ਸਹਿਯੋਗ ਨਾਲ ਪ੍ਰਭਾਤ ਫੇਰੀਆਂ ਦੀ ਆਰੰਭ ਤੋਂ ਸਮਾਪਤੀ ਤੀਕ ਜੋਟੀਆਂ ਵਾਲੇ ਸ਼ਬਦਾਂ ਰਾਹੀਂ
ਸ਼ਬਦ-ਕੀਰਤਨ ਦੀ ਸੇਵਾ। ਇਲਾਕੇ ਦੇ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਨਗਰ ਕੀਰਤਨਾਂ `ਚ
ਸਮੇਂ ਵੀ ਅਰੰਭ ਤੋਂ ਸਮਾਪਤੀ ਤੀਕ ਜੋਟੀਆਂ ਵਾਲੇ ਸ਼ਬਦਾਂ ਰਾਹੀਂ ਸ਼ਬਦ-ਕੀਰਤਨ ਦੀ ਸੇਵਾ। ਇਹ ਸਭ,
ਬੱਚਪਨ ਤੋਂ ਗੁਰੂਦਰ ਨਾਲ ਵਿਰਾਸਤ `ਚ ਮਿਲੀ ਲਗਣ ਦਾ ਹੀ ਨਤੀਜਾ ਸੀ।
ਸਿੱਖ ਮਿਸ਼ਨਰੀ ਲਹਿਰ ਸੰਨ 1956
ਦਾ ਆਰੰਭ-ਜ਼ਰੂਰੀ ਹੈ ਕਿ ਹੱਥਲੇ ਵਿਸ਼ੇ `ਤੇ ਜੁੜਵੀਂ
ਜਾਣਕਾਰੀ ਲਈ, ਪਾਠਕ ਇਸ ਲਿਖਿਤ ਤੋਂ ਪਹਿਲਾਂ ਜਾਂ ਨਾਲ ਨਾਲ, ਦਾਸ ਰਾਹੀਂ ਲਿਖਿਆ ਗੁਰਮਤਿ ਪਾਠ ਨੰ:
੧੪੦, “ਸਿੱਖ ਧਰਮ `ਚ ਨਵੇਂ ਜੁਗ ਦਾ ਅਰੰਭ ਸਨ, ਸ੍ਰ ਮਹਿੰਦਰ ਸਿੰਘ ਜੋਸ਼” ਵੀ ਪੜ੍ਹ ਲੈਣ। ਇਹ ਪਾਠ
ਦਾਸ ਨੇ ੧੧ ਮਈ ਸੰਨ ੨੦੦੭ ਨੂੰ ਜੋਸ਼ ਜੀ ਦੇ ਅਕਾਲ ਚਲਾਣੇ ਸਮੇਂ ਲਿਖਿਆ ਸੀ ਤੇ ਉਸ ਸਮੇਂ ਇਸ ਨੂੰ
ਖਾਸ ਤੌਰ `ਤੇ www.sikhmarg.com
ਨੇ ਸੰਗਤਾ ਲਈ ਲੋਡ ਵੀ ਕੀਤਾ ਸੀ। ਇਸ ਲਈ ਜੇ ਕਰ ਉਸ ਗੁਰਮਤਿ ਪਾਠ ਨੰ: ੧੪੦ ਨੂੰ ਵੀ, ਇਸ ‘ਸਵੈ
ਜੀਵਨੀ’ ਨਾਲ ਮਿਲਾ ਕੇ ਪੜ੍ਹ ਲਿਆ ਜਾਵੇ ਤਾਂ ਲਾਹੇਵੰਦ ਹੋਵੇਗਾ। ਕਾਰਣ ਹੈ ਕਿ ‘ਸਿੱਖ ਮਿਸ਼ਨਰੀ
ਲਹਿਰ ੧੯੫੬’ ਦੇ ਅਰੰਭ ਤੋਂ ਲੈ ਕੇ, ਜੋਸ਼ ਜੀ ਦੇ ਅਕਾਲ ਚਲਾਣੇ ਤੀਕ, ਦਾਸ ਤੇ ਜੋਸ਼ ਜੀ ਦੇ ਜੀਵਨ `ਚ
ਕੇਵਲ ਸਾਂਝ ਹੀ ਨਹੀਂ ਬਲਕਿ ਬਹੁਤ ਵਾਰੀ ਤਾਂ ਇਹ ਦੋਵੇਂ ਜੀਵਨ ਇਕੱਠੇ ਵੀ ਚਲੇ ਹਨ। ਇਸ `ਚ ਅਤਿ
ਕਥਣੀ ਨਹੀਂ, ਜੇ ਕਰ ਕਰਤੇ ਨੇ ਸਾਡੇ ਦੋਨਾਂ ਦੇ ਜੀਵਨ `ਚ ਅਜਿਹੀ ਸਾਂਝ ਨਾ ਬਖਸ਼ੀ ਹੁੰਦੀ ਤਾਂ ਜਿਸ
‘ਸਿੱਖ ਮਿਸ਼ਨਰੀ ਲਹਿਰ ੧੯੫੬’ ਦਾ ਜ਼ਿਕਰ ਕਰਣ ਲਈ ਕਲਮ ਚੁੱਕੀ ਹੈ, ਸ਼ਾਇਦ ਇਸ ਦਾ ਅਜੋਕਾ ਪ੍ਰਗਟਾਵਾ
ਹੁੰਦਾ ਵੀ ਜਾਂ ਨਹੀਂ, ਇਸ ਬਾਰੇ ਤਾਂ ਕਰਤਾ ਹੀ ਜਾਣਦਾ ਹੈ। ਇਸ ਲਈ ਦਾਸ ਦੀ ਸਵੈ-ਜੀਵਨੀ ਬਾਰੇ
ਜਾਨਣ ਲਈ, ਨਾਲ ਨਾਲ ਉਸ ਵੇਰਵੇ ਨੂੰ ਜੋੜ ਲੈਣਾ ਵਧੇਰੇ ਲਾਹੇਵੰਦ ਹੋਵੇ ਗਾ ਜੀ।
ਸੰਨ 1956
ਹੀ ਕਿਉਂ? ਦਾਸ ਦੇ ਜੀਵਨ `ਚ ਅਕਾਲਪੁਰਖ ਵਲੋਂ ਕਈ ਵਾਰ
ਅਜਿਹੇ ਸਮੇਂ ਆਏ ਜਿਨ੍ਹਾਂ ਨੂੰ ਅਕਾਲਪੁਰਖ ਦੀਆਂ ਪ੍ਰਤੱਖ ਖੇਡਾਂ, ਚੋਜ ਤੇ ਕ੍ਰਿਸ਼ਮੇ ਹੀ ਕਿਹਾ ਜਾ
ਸਕਦਾ ਹੈ; ਜੇਕਰ ਸਮਾਂ ਬਣਿਆ ਤਾਂ ਫ਼ਿਰ ਕਦੇ ਉਹਨਾਂ `ਚੋਂ ਵੀ ਕੁੱਝ ਦਾ ਜ਼ਿਕਰ ਕਰਣ ਦਾ ਜੱਤਨ ਕੀਤਾ
ਜਾਵੇਗਾ। ਇਸੇ ਤਰ੍ਹਾਂ ‘ਸਿੱਖ ਮਿਸ਼ਨਰੀ ਲਹਿਰ ੧੯੫੬’ ਦਾ ਅਰੰਭ ਵੀ ਦਾਸ ਦੇ ਜੀਵਨ `ਚ ਕਰਤੇ ਦੀ ਹੀ
ਵਿਸ਼ੇਸ਼ ਖੇਡ ਹੈ। ਹੋਇਆ ਇਉਂ, ਸੰਨ 1955
ਕੈਂਪ ਕਾਲਿਜ, ਦਿੱਲੀ `ਚ ਦਾਖਲੇ ਲਈ, ਇੱਕ ਪਾਸਿਓਂ ਦਿੱਲੀ
ਲੋਧੀ ਰੋਡ ਤੋਂ ਦਾਸ ਤੇ ਦੂਜੇ ਪਾਸਿਓਂ ਦਿੱਲੀ ਦੇ ਹੀ ਤਿਲਕ ਨਗਰ ਦੇ ਇਲਾਕੇ ਤੋਂ ਜੋਸ਼ ਜੀ ਪੁੱਜੇ।
ਦਰਅਸਲ, ਇਹ ਤਾਂ ਸ਼ਾਇਦ ਇੱਕ ਬਹਾਨਾ ਸੀ ਜਾਂ ਕਾਰਣ ਬਨਣਾ ਸੀ ਸਾਡੇ ਦੋਨਾਂ ਦੇ ਮਿਲਾਪ ਲਈ। ਦੂਜੇ
ਲਫ਼ਜ਼ਾਂ `ਚ ਉਸ ਸਮੇਂ ਇਸ ਅਣਡਿੱਠੀ ‘ਸਿੱਖ ਮਿਸ਼ਨਰੀ ਲਹਿਰ ੧੯੫੬’ ਦਾ ਬੀਜ ਪੈਣ ਲਈ ਸੀ ਕਰਤੇ ਦੀ ਇਹ
ਖੇਡ। ਅੱਜ ਤਾਂ ਪ੍ਰਤੱਖ ਹੈ ਕਿ ਕਰਤੇ ਨੇ, ਇਥੋਂ ਹੀ ਇਸ ਖੇਡ ਦਾ ਆਰੰਭ ਕੀਤਾ ਸੀ। ਇਸ ਤਰ੍ਹਾਂ, ਉਸ
ਸਮੇਂ, ਸਾਡੀ ਦੋਨਾਂ ਦੀ ਜ਼ਿੰਦਗੀ `ਚ ਅਚਾਣਕ ਆਪਸੀ ਮਿਲਾਪ ਤੇ ਉਸ ਮਿਲਾਪ ਦਾ ਪਹਿਲਾ ਦਿਨ ਸੀ ਜਦੋਂ
ਅਸੀਂ ਦੋਵੇਂ, ਦਾਸ ਤੇ ਜੋਸ਼ ਜੀ ਇੱਕ ਦੂਜੇ ਦੇ ਸੰਪਰਕ `ਚ ਆਏ।
ਉਸ ਸਮੇਂ ਕੈਂਪ ਕਾਲਿਜ ਦਿੱਲੀ ਦੇ ਪ੍ਰਿੰਸੀਪਲ ਸਨ ਸ੍ਰ: ਨਰਿੰਜਣ ਸਿਘ, ਜੋ
ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਦੇ ਵੱਡੇ ਭਰਾਤਾ ਸਨ। ਕੁਦਰਤ ਦੀ ਖੇਡ, ਦਾਸ ਦਾ ਨਾਮ ਤਾਂ ਦਾਖਲੇ
ਲਈ, ਕਾਲਿਜ ਦੀ ਮੈਰਿਟ ਲਿਸਟ `ਚ ਆ ਹੀ ਚੁੱਕਾ ਸੀ। ਫ਼ਿਰ ਵੀ, ਦਾਸ ਆਪਣੇ ਇੱਕ ਉਸ ਸਮੇਂ ਦੇ ਬਹੁਤੇ
ਪਿਆਰੇ ਤੇ ਜਿਗਰੀ ਮਿਤ੍ਰ, ਜਿਹੜੇ ਕਿ ਲੋੜੀਂਦੇ ਨੰਬਰ ਪੂਰੇ ਨਾ ਹੋਣ ਕਾਰਣ, ਉਹਨਾਂ ਦਾ ਨਾਮ ਕਾਲਿਜ
ਦੀ ਲਿਸਟ `ਚ ਨਹੀਂ ਸੀ ਆਇਆ। ਦਾਸ, ਉਹਨਾਂ ਦੇ ਦਾਖਲੇ ਲਈ ਬੇਨਤੀ ਕਰਣ ਪ੍ਰਿੰਸੀਪਲ ਸਾਹਿਬ ਦੇ ਕਮਰੇ
`ਤੇ ਗਿਆ ਸੀ। ਇਸ ਤਰ੍ਹਾਂ ਦਾਸ ਆਪਣੇ ਉਸ ਸੱਜਨ-ਮਿਤ੍ਰ ਦੇ ਦਾਖਲੇ ਲਈ ਬੇਨਤੀ ਕਰਣ, ਤੇ ਦੂਜੇ
ਪਾਸਿਓਂ ਜੋਸ਼ ਜੀ ਆਪਣੇ ਦਾਖਲੇ ਲਈ। ਪ੍ਰਿੰਸੀਪਲ ਸਾਹਿਬ ਦੇ ਕਮਰੇ ਦੇ ਬਾਹਿਰ ਬੈਠੇ ਅਸੀਂ ਦੋਵੇਂ
ਆਪਣੀ-ਆਪਣੀ ਵਾਰੀ ਦੀ ਇੰਤਜ਼ਾਰ ਕਰ ਰਹੇ ਸੀ। ਕੁਦਰਤੀ ਸੀ ਕਿ ਉਥੇ ਇੰਤਜ਼ਾਰ ਕਰਣ ਲਈ ਕੇਵਲ ਅਸੀਂ
ਦੋਵੇਂ ਨਹੀਂ ਬਲਕਿ ਹੋਰ ਵੀ ਕਿਤਨੇ ਹੀ ਬੈਠੇ ਸਨ। ਫ਼ਿਰ ਵੀ, ਅਕਾਲਪੁਰਖ ਦੀਆਂ ਖੇਡਾਂ ਨੂੰ ਸਿਵਾਏ
ਉਸਦੇ ਦੂਜਾ ਕੌਣ ਬੁੱਝ ਸਕਦਾ ਹੈ, ਉਹਨਾਂ ਬਹੁਤੇ ਇੰਤਜ਼ਾਰ ਕਰਣ ਵਾਲਿਆਂ `ਚੋਂ ਕੇਵਲ ਅਸੀਂ ਹੀ
ਦੋਵੇਂ ਇਕੱਠੇ ਕਿਉਂ ਤੇ ਕਿਵੇਂ ਨਾਲ ਨਾਲ ਬੈਠੇ। ਜਦਕਿ ਇਸ ਤੋਂ ਪਹਿਲਾਂ ਅਸੀਂ ਇੱਕ ਦੂਜੇ ਨੂੰ
ਜਾਣਦੇ ਤੀਕ ਵੀ ਨਹੀਂ ਸੀ ਅਤੇ ਇਹ ਸਾਡੀ ਆਪਸੀ ਪਹਿਲੀ ਸਾਂਝ ਤੇ ਜਾਣ-ਪਹਿਚਾਣ ਹੀ ਸੀ। ਉਂਝ ਸਾਨੂੰ
ਦੋਨਾਂ ਨੂੰ ਇੱਕ ਦੂਜੇ ਕੋਲ ਬਿਠਾਉਣ ਦਾ ਜੋ ਕਾਰਣ ਬਣੀ ਉਹ ਸੀ ਸਾਡੇ ਦੋਨਾਂ ਦੇ ਗਲ `ਚ ਸਤਿਗੁਰਾਂ
ਦੀ ਬਖਸ਼ਿਸ਼ ਕ੍ਰਿਪਾਨ, ਜਿਹੜੀ ਕਿ ਉਸ ਸਮੇਂ ਵਿਰਲਿਆਂ ਨੇ ਹੀ ਧਾਰਣ ਕੀਤੀ ਹੁੰਦੀ ਸੀ।
ਇਸ ਤਰ੍ਹਾਂ ਆਪਣੀ ਆਪਣੀ ਵਾਰੀ ਦੀ ਇੰਤਜ਼ਾਰ ਕਰਦੇ ਤੇ ਇਕੱਠੇ ਬੈਠੇ ਅਚਣਚੇਤ,
ਦਾਸ ਤੇ ਜੋਸ਼ ਜੀ ਵਿੱਚਕਾਰ ਵਿਸ਼ਾ ਉਭਰਿਆ। ਵਿਸ਼ਾ ਸੀ ‘ਸਾਡਾ ਗੁਰੂ, ਤਾਂ “ਸਾਹਿਬ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ” ਹਨ। ਜਦਕਿ ਗੁਰਬਾਣੀ-ਗੁਰੂ ਨਾਲ ਸਾਂਝ ਤਾਂ ਗੁਰਬਾਣੀ ਦੀ ਪੜ੍ਹਾਈ, ਗੁਰਬਾਣੀ ਵਿਚਾਰ
(ਸਟੱਡੀ) ਰਾਹੀਂ ਹੋਣੀ ਹੈ, ਉਂਝ ਨਹੀਂ। ਇਸ ਦੇ ਉਲਟ, ਅੱਜ ਸਾਡਾ ਪ੍ਰਚਾਰਕ ਬਹੁਤਾ ਕਰਕੇ ਹੈ ਹੀ
ਅਨਪੜ੍ਹ। ਜੇਕਰ ਦੇਖਿਆ ਜਾਵੇ ਤਾਂ ਇਸੇ ਦਾ ਨਤੀਜਾ ਹੈ, ਗੁਰੂਦਰ ਨਾਲ ਬੱਚਪਣ ਤੋਂ ਪ੍ਰਵਾਰਕ ਪਿਆਰ
ਤੇ ਸਾਂਝ ਹੋਣ ਦੇ ਬਾਵਜੂਦ, ਉਸ ਸਮੇਂ ਲਗਭਗ ਬਹੁਤੇ ਸਿੱਖ ਪ੍ਰਵਾਰਾਂ ਦੀ ਨਿਜੀ ਕਰਣੀ-ਰਹਿਨੀ ਤੇ
ਜੀਵਨ, ਗੁਰਬਾਣੀ ਸਿਖਿਆ-ਜੀਵਨ ਦੇ ਉਲਟ ਹੀ ਚਲ ਰਹੀ ਸੀ।
ਖੈਰ! ਕਰਤੇ ਵਲੋਂ, ਸਾਡੀ ਸੋਚ `ਚ ਨਵਾਂ ਮੋੜ ਸੀ, ਬਲਕਿ ਅੱਜ ਤਾਂ ਇਹ ਵੀ
ਸਮਝ ਆ ਰਹੀ ਹੈ ਕਿ ਅਕਾਲਪੁਰਖ ਦੀ ਹੀ ਅਜਿਹੀ ਗ਼ੈਬੀ ਬਖਸ਼ਿਸ਼ ਤੇ ਖੇਡ ਸੀ ਜਿਸ ਅੰਦਰ ਕੌਮ ਦਾ ਭਵਿਖ
ਕਿਲਕਾਰੀਆਂ ਮਾਰ ਰਿਹਾ ਸੀ। ਕਰਤੇ ਦੀਆਂ ਖੇਡਾਂ ਤਾਂ ਆਪਣੀਆਂ ਹੁੰਦੀਆਂ ਹਨ: ਕੌਣ ਜਾਣੇ ਕਿਸ ਕੋਲੋਂ
ਉਸ ਨੇ ਕਿਹੜੀ ਤੇ ਕਦੋਂ ਸੇਵਾ ਲੈ ਲੈਣੀ ਹੈ। ਅਕਾਲਪੁਰਖ ਨੇ ਤਾਂ, ਉਸ ਸੇਵਾ ਲਈ ਬਾਨ੍ਹਣ ਵੀ ਬੰਨ
ਦੇਨਾ ਹੈ ਤੇ ਆਧਾਰ ਵੀ ਦੇ ਦੇਣਾ ਹੁੰਦਾ ਹੈ, ਪਰ ਅਜਿਹੀ ਖੇਡ ਵਰਤਣ ਸਮੇਂ ਵੀ ਕੇਵਲ ਕਰਤਾ ਜਾਣਦਾ
ਹੈ, ਬੰਦਾ ਨਹੀਂ ਜਾਣ ਸਕਦਾ।
ਵਿਚਾਰ ਵਿਟਾਂਦਰਿਆਂ ਦੀ ਕੇਵਲ ਲੜੀ ਨਹੀਂ ਝੜੀ- ਸਾਡਾ ਦੋਨਾਂ ਦਾ ਇਹ
ਅਚਣਚੇਤ ਆਪਸੀ ਮਿਲਾਪ ਤੇ ਮਿਲਾਪ ਉਪ੍ਰੰਤ, ਅਚਾਣਕ ਹੀ ਅਰੰਭ ਹੋ ਗਈ ਲਗਾਤਾਰ ਵਿਚਾਰ ਵਿਟਾਂਦਰਿਆਂ
ਦੀ ਲੜੀ। ਇਹੀ ਸਾਡੇ ਵਿਚਾਰ ਵਿਟਾਂਦਰਿਆਂ ਦੀ ਲੜੀ, ਲੜੀ ਨਾ ਰਹਿ ਕੇ ਅਮੁੱਕ ਝੜੀ ਸਾਬਤ ਹੋਈ ਜੋ
ਲਗਾਤਾਰ ਕਿਤਨੇ ਹੀ ਸਾਲ ਬਲਕਿ ਕਈ ਵਾਰੀ ਤਾਂ ਦਿਨ-ਰਾਤ ਚਲੀ। ਇਸ ਲੜੀ ਲਈ ਦਾ ਆਧਾਰ ਤੇ ਕਾਰਣ ਇੱਕ
ਹੋਰ ਵੀ ਬਣਿਆ। ਉਹ ਕਾਰਣ ਸੀ ਕਿ ਉਹਨਾਂ ਹੀ ਦਿਨਾਂ `ਚ ਸ੍ਰ ਖੁਸ਼ਵੰਤ ਸਿੰਘ ਦੀ ਬਜ਼ਾਰ `ਚ ਇੱਕ
ਕਿਤਾਬ ਆਈ ਸੀ ਜਿਸ `ਚ ਉਹਨਾਂ ਨੇ ਵਿਚਾਰ ਜ਼ਾਹਿਰ ਕੀਤੇ ਸਨ ਕਿ ਆਉਂਦੇ ਸੌ ਸਾਲਾਂ ਬਾਅਦ ਜੇ ਕਰ
ਸਿੱਖ ਦੇ ਸਰੂਪ ਨੂੰ ਦੇਖਣਾ ਹੋਵੇਗਾ ਤਾਂ ਬਾਜ਼ਾਰਾਂ-ਪ੍ਰਵਾਰਾਂ `ਚ ਨਹੀਂ ਬਲਕਿ ਕਿਸੇ ਅਜਾਇਬ ਘਰ `ਚ
ਦੇਖਿਆ ਜਾ ਸਕੇਗਾ। ਇਸ ਲਈ ਸਾਡੇ ਉਭਰ ਚੁੱਕੇ ਵਿਚਾਰਾਂ ਨੂੰ ਭਾਂਬੜ ਦਾ ਰੂਪ ਦੇਣ `ਚ ਉਸ ਕਿਤਾਬ ਨੇ
ਬੜਤ ਵੱਡਾ ਹਿੱਸਾ ਪਾਇਆ ਸੀ।
ਹਾਲਾਂਕਿ ਉਸ ਸਮੇਂ ਤੀਕ ਨਾ ਜੋਸ਼ ਜੀ ਲਿਖਾਰੀ ਸਨ ਤੇ ਨਾ ਦਾਸ। ਪਰ ਸਾਡੇ
ਮਨਾਂ `ਚ ਮੱਚ ਚੁੱਕੇ ਇਸ ਭਾਂਬੜ ਦਾ ਨਤੀਜਾ ਸੀ ਕਿ ਜੋਸ਼ ਜੀ ਨੇ ਉਸ ਪੁਸਤਕ ਦੇ ਉੱਤਰ `ਚ ਦੋ
ਪੁਸਤਕਾਂ ਕੇਵਲ ਲਿਖੀਆਂ ਹੀ ਨਹੀਂ ਬਲਕਿ ਛਪਵਾ ਕੇ ਮੁਫ਼ਤ ਵੰਡੀਆਂ ਵੀ। ਇੱਕ ਪੁਸਤਕ ਸੀ “ਸਿੱਖ ਧਰਮ
ਤੇ ਇਸ ਦਾ ਖਾਤਮਾ-ਆਉਂਦੇ ਸੌ ਸਾਲਾਂ ਤੀਕ?” ਤੇ ਦੂਜੀ “ਸਿੱਖ ਧਰਮ ਦਾ ਕੀ ਬਣੇਗਾ”। ਇਹ ਦੋਵੇਂ
ਪੁਸਤਕਾਂ ਉਸ ਵੱਕਤ ਦਿੱਲੀ `ਚ ਮੌਜੂਦ ਇੱਕ ਪੰਜਾਬੀ ਪ੍ਰੈਸ ਜਿਸ ਦਾ ਨਾਮ ‘ਸੇਵਕ ਪ੍ਰੈਸ’ ਸੀ ਉਸ
ਤੋਂ ਛਪੀਆਂ। ਇਹਨਾ ਪੁਸਤਕਾਂ ਨੇ ਵੱਕਤ ਅਨੁਸਾਰ ਸੰਗਤਾਂ `ਚ ਹਿਲਜੁਲ ਵੀ ਕਾਫ਼ੀ ਮਚਾਈ। ਇਹ ਦੋਵੇਂ
ਪੁਸਤਕਾਂ ਬੇਸ਼ਕ ਲਿਖੀਆਂ ਤਾਂ ਜੋਸ਼ ਜੀ ਨੇ ਹੀ ਸਨ, ਪਰ ਇਹਨਾ `ਚੋਂ ਪਹਿਲੀ ਪੁਸਤਕ ਜੋਸ਼ ਜੀ ਨੇ ਦਾਸ
ਦੇ ਨਾਮ `ਤੇ ਛਪਵਾਈ। ਜਦਕਿ ਉਥੇ ਪੁਸਤਕ `ਤੇ ਮੇਰਾ ਨਾਮ ਜੋ ਵਰਤਿਆ ਉਹ ਸੀ “ਗਿਆਨੀ ਸੁਰਜੀਤ ਸਿੰਘ
ਜੋਸ਼”।
ਇਸੇ ਵਿਚਾਰ ਵਿਟਾਂਦਰਿਆਂ ਵਾਲੀ ਅਰੰਭ ਹੋ ਚੁੱਕੀ ਝੜੀ ਦਾ ਸਿੱਟਾ ਹੀ ਸੀ ਕਿ
ਸਾਡੀ ਸੋਚ-ਵਿਚਾਰ ਦਾ ਸਿਰਾ ਤਾਂ ਬੱਝ ਗਿਆ, ਫ਼ਿਰ ਵੀ ਰਸਤਾ ਨਹੀਂ ਸੀ ਮਿਲ ਰਿਹਾ ਕਿ ਹੁਣ ਟੁਰਣਾ
ਕਿਧਰ ਨੂੰ ਹੈ? ਸਾਡੇ ਵਿਚਾਰ ਵਿਟਾਂਦਰਿਆਂ ਵਾਲੀ ਲੜੀ `ਚ ਇੱਕ ਗੱਲ ਤਾਂ ਪੂਰੀ ਤਰ੍ਹਾਂ ਘਰ ਕਰ
ਚੁੱਕੀ ਸੀ। ਉਹ ਸੀ, ਗੁਰਬਾਣੀ ਕੇਵਲ ਮੱਥਾ ਟੇਕਣ ਦਾ ਵਿਸ਼ਾ ਨਹੀਂ; ਗੁਰਬਾਣੀ ਅਰਥ-ਵਿਚਾਰ ਤੇ
ਗੁਰਬਾਣੀ ਦੀ ਉਸ ਸੋਝੀ ਤੋਂ ਪੈਦਾ ਹੋਣ ਵਾਲੀ ਕਿਰਤ-ਕਾਰ ਨਾਲ ਭਰਪੂਰ, ਜੀਵਨ ਜੁਗਤ ਅਥਵਾ ਜੀਵਨ-ਜਾਚ
ਤੇ ਰਹਿਨੀ (Practical life arison from the Study of Gurbani)
ਦਾ ਵਿਸ਼ਾ ਵੀ ਹੈ। ਉਸੇ ਗੁਰਬਾਣੀ ਜੀਵਨ-ਜਾਚ ਦੀ
ਸਾਡੇ ਘਰ-ਪ੍ਰਵਾਰਾਂ `ਚ ਅਣਹੋਂਦ ਦਾ ਨਤੀਜਾ ਹਨ ਸ੍ਰ ਖੁਸ਼ਵੰਤ ਸਿੰਘ ਜਾਂ ਹੋਰ ਅਜਿਹੀ ਕਮਜ਼ੋਰ
ਸੋਚਣੀਆਂ ਤੋਂ ਪੈਦਾ ਹੋ ਰਹੇ ਸਿੱਖ ਧਰਮ ਦੇ ਭਵਿਖ ਬਾਰੇ ਤੋਖਲੇ।
ਲਗਾਤਾਰ ਕੀਤੇ ਜਾ ਰਹੇ, ਵਿਚਾਰ ਵਿਟਾਂਦਰਿਆਂ ਦਾ ਸਿੱਟਾ; ਸਾਡੀ ਸੈਂਕੜੇ
ਨੌਜੁਆਨਾਂ ਨਾਲ ਸਾਂਝ ਤੇ ਹਜ਼ਾਰਾਂ ਦੀ ਗਿਣਤੀ `ਚ ਗੁਰੂ ਕੀਆਂ ਸੰਗਤਾਂ ਦੇ ਵੱਡੇ ਵੱਡੇ ਇਕੱਠ ਤੇ
ਉਹਨਾਂ ਚੋਂ ਅਨੇਕਾਂ ਨਾਲ ਨਿੱਤ ਪੈਦਾ ਕੀਤੇ ਜਾ ਰਹੇ ਮੇਲ-ਜੋਲ ਤੇ ਸੰਪਰਕ। ਨੌਜੁਆਨਾ ਦੀ ਇਸ ਸਾਂਝ
ਤੇ ਸੰਗਤਾਂ ਦੇ ਇਹਨਾ ਇਕੱਠਾਂ ਦੀ ਵਰਤੋਂ ਕਰ ਕੇ, ਸੰਗਤਾਂ ਨਾਲ ਸੰਪਰਕ ਪੈਦਾ ਕਰਣ ਦੀਆਂ ਬਾਰ ਬਾਰ
ਕੋਸ਼ਿਸ਼ਾਂ ਤੇਜ਼ ਕੀਤੀਆਂ ਗਈਆਂ। ਇਸੇ ਹੀ ਜਜ਼ਬੇ ਅਧੀਨ ਉਸ ਸਮੇਂ ਦੀ ਸੋਚ ਅਨੁਸਾਰ, ਘਰ-ਘਰ `ਚ ਬਿਨਾ
ਭੇਟਾ ਅਖੰਡ ਪਾਠਾਂ ਦੀ ਲਹਿਰ ਚਲਾਈ ਗਈ ਜੋ ਸਮੇਂ ਨਾਲ ਬਹੁਤ ਸਫ਼ਲ ਹੋਈ ਤੇ ਗੁਰੂ ਕੀਆਂ ਸੰਗਤਾਂ
ਵਿਚਾਲੇ ਜਿਸ ਨੇ ਬਹੁਤ ਸ਼ਲਾਘਾ ਵੀ ਪ੍ਰਾਪਤ ਕੀਤੀ। ਇਹ ਵੱਖਰੀ ਗੱਲ ਹੈ ਕਿ ਅੱਗੇ ਜਾ ਕੇ ਜਦੋਂ
ਗੁਰਬਾਣੀ ਵਿਚਾਰ ਰਾਹੀਂ ਇਸ ਬਾਰੇ ਸਮਝ ਆਈ ਤਾਂ ਅਖੰਡ ਪਾਠਾਂ ਵਾਲੀ ਇਸ ਲੜੀ ਨੂੰ ਬੰਦ ਕਰ ਦਿੱਤਾ
ਗਿਆ।
ਇਸੇ ਹੀ ਵਿਚਾਰ ਲੜੀ ਦਾ ਨਤੀਜਾ ਸੀ- ਹੁਣ ਤਾਂ ਇਹ ਹਾਲਤ ਬਣ ਗਈ ਕਿ ਕੰਮ
ਕਰਦੇ ਹੋਵੀਏ ਜਾਂ ਵਿਚਾਰ ਵਿਟਾਂਦਰਾ, ਸੰਗਤਾਂ ਦੇ ਜੋੜ-ਮੇਲ ਹੋ ਰਹੇ ਹੋਣ ਜਾਂ ਨੌਜੁਆਨਾਂ ਨਾਲ
ਸੰਪਰਕ। ਸਾਡੇ ਸਾਹਮਣੇ, ਇਕੋ ਹੀ ਮਸੱਲਾ ਮੂੰਹ ਪਾੜੀ ਖਲੋਤਾ ਸੀ ਤੇ ਮਸਲਾ ਸੀ, ਗੁਰਬਾਣੀ ਨਾਲ ਵੱਧ
ਤੋਂ ਵੱਧ ਸਾਂਝ ਤੇ ਗੁਰਬਾਣੀ ਦੀ ਅਰਥਾਂ ਸਹਿਤ ਵਿਚਾਰ। ਇਸ ਤਰ੍ਹਾਂ ਜਿਉਂ ਜਿਉਂ ਗੁਰਬਾਣੀ
ਅਰਥ-ਬੋਧ-ਵਿਚਾਰ ਰਾਹੀਂ ਜਿਤਨੀ ਕੁ ਸਮਝ ਆ ਰਹੀ ਸੀ, ਉਸ ਤੋਂ ਇਹ ਗੱਲ ਤਾਂ ਨਿਖਰਦੀ-ਖੁਲਦੀ ਗਈ ਕਿ-
“ਅਸਲ ਗੁਰਬਾਣੀ ਸੋਝੀ ਵਾਲਾ ਜੀਵਨ ਢੰਗ ਤੇ ਸਿੱਖ ਪ੍ਰਵਾਰਾਂ `ਚ ਚਲ ਰਿਹਾ ਜੀਵਨ ਢੰਗ, ਦੋਵੇਂ ਵੱਖ
ਵੱਖ ਹੀ ਨਹੀਂ ਬਲਕਿ ਵਿਰੋਧੀ ਵੀ ਹਨ। ਇਸ ਲਈ ਅੱਜ ਸਿੱਖ ਅਖਵਾ ਕੇ ਵੀ, ਸਿੱਖ ਪ੍ਰਵਾਰਾਂ `ਚ ਜੋ
ਜੀਵਨ ਰਹਿਣੀ ਤੇ ਸੋਚਣੀ ਹੈ, ਉਹ ਗੁਰਮਤਿ ਨਾਲ ਉੱਕਾ ਮੇਲ ਨਹੀਂ ਖਾਂਦੀ। ਇਸ ਤੋਂ ਵੱਧ, ਜੇਕਰ ਇਹ
ਕਿਹਾ ਜਾਵੇ ਕਿ ਅੱਜ ਸਿੱਖ ਦੀ ਨਿੱਤ ਦੀ ਰਹਿਨੀ ਅਤੇ ਗੁਰਬਾਣੀ ਜੀਵਨ-ਜਾਚ, ਜੀਵਨ ਦੇ ਵੱਖ ਦੋ ਵੱਖ
ਤੇ ਵਿਰੋਧੀ ਦਿਸ਼ਾਵਾਂ ਵਲ ਰਸਤੇ ਹਨ, ਤਾਂ ਵੀ ਇਸ `ਚ ਅਤਿ-ਕਥਨੀ ਨਹੀਂ।
ਇਸ ਸਾਰੇ ਵਿਗਾੜ ਦੀ ਜੜ੍ਹ ਕਿਥੇ? - ਦਰਅਸਲ
ਉਸ ਸਮੇਂ ਜੋ ਚੀਜ਼ ਸਾਡੇ ਸਾਹਮਣੇ ਨਿੱਖਰ ਕੇ ਆਈ ਉਹ ਸੀ, ਪ੍ਰਵਾਰਕ ਤੱਲ `ਤੇ ਸਿੱਖ ਦਾ ਜੀਵਨ ਨਿਰੋਲ
ਬ੍ਰਾਹਮਣੀ ਸੋਚ ਤੇ ਕਰਮਕਾਂਡਾਂ ਨਾਲ ਭਰਪੂਰ ਹੈ। ਸਿੱਖ ਦੇ ਪ੍ਰਵਾਰਕ ਜੀਵਨ `ਚ ਵਿਪਰਣ ਦੀਆਂ
ਰੀਤਾਂ-ਰਸਮਾ ਬ੍ਰਾਹਮਣੀ ਕਰਮ ਕਾਂਡਾਂ ਤੋਂ ਇਲਾਵਾ, ਮਨਮੱਤਾਂ, ਹੂੜਮੱਤਾਂ, ਦੁਰਮੱਤਾ ਵੀ ਸ਼ਿਖਰਾਂ
`ਤੇ ਹਨ। ਇੰਨਾਂ ਹੀ ਨਹੀਂ, ਇਸ ਸਾਰੇ ਵਿਗਾੜ ਲਈ ਜ਼ਿੰਮੇਂਵਾਰ ਵੀ ਕੋਈ ਬਾਹਰ ਵਾਲਾ ਨਹੀਂ-ਸਿੱਖੀ
ਜੀਵਨ ਰਹਿਣੀ ਦੀ ਇਸ ਤਬਾਹੀ ਲਈ ਜੇ ਕਰ ਕੋਈ ਸਭ ਤੋਂ ਵੱਡਾ ਦੋਸ਼ੀ, ਜ਼ਿੰਮੇਂਵਾਰ ਤੇ ਗੁਣਹਗਾਰ ਹੈ
ਤਾਂ ਉਹ ਹੈ ਸਿੱਖ ਧਰਮ ਦਾ ਅਪਣਾ ਗੁਰਦੁਆਰਾ ਸਿਸਟੱਮ, ਗੁਰਦੁਆਰਾ ਪਲੇਟਫਾਰਮ, ਗੁਰਦੁਆਰਾ ਪ੍ਰਬੰਧਕ
ਤੇ ਗੁਰਦੁਆਰਿਆਂ `ਤੇ ਛਾਏ ਬਹੁਤੇ ਅਣਪੜ੍ਹ, ਗੁਰਮਤਿ ਜੀਵਨ ਵਿਹੂਣੇ ਅਣ-ਅਧੀਕਾਰੀ ਪ੍ਰਚਾਰਕ।
ਇਸ ਸਾਰੀ ਖੇਡ `ਚ ਕੁੱਝ ਹੋਰ ਵਿਸ਼ੇ ਵੀ ਸਨ ਜੋ ਲੋਹੇ ਦੀਆਂ ਦਿਵਾਰਾਂ ਬਣ
ਕੇ, ਪੰਥਕ ਸੰਭਾਲ ਵਾਲੇ ਰਸਤੇ `ਚ ਸਾਡੇ ਸਾਹਮਣੇ ਖੜੇ ਸਨ। ਪਹਿਲਾ ਇਹ ਕਿ, ਹਰੇਕ ਪੰਥਕ ਲਿਖਿਤ ਜਿਸ
ਨੂੰ ਹੱਥ ਪਾਵੋ, ਦੂਜੀ ਨੂੰ ਕੱਟ ਰਹੀ ਸੀ ਜਾਂ ਪਹਿਲੀ ਦਾ ਵਿਰੋਧ ਕਰ ਰਹੀ ਸੀ। ਤਾਂ ਫ਼ਿਰ ਉਹਨਾਂ
`ਚੋਂ ਕਿਸ ਨੂੰ ਠੀਕ ਮੰਨਿਆ ਜਾਵੇ ਤੇ ਕਿਸ ਨੂੰ ਗ਼ਲਤ? ਇਸ ਠੀਕ-ਗ਼ਲਤ ਲਈ ਫ਼ੈਸਲਾ ਕੌਣ ਕਰੇ ਤੇ ਕਿਸ
ਆਧਾਰ `ਤੇ ਕਿਉਂਕਿ ਗੁਰਬਾਣੀ ਕਸਵਟੀ ਵਾਲਾ ਆਧਾਰ ਤਾਂ ਉਸ ਸਮੇਂ ਸਾਡੇ ਕੋਲ ਵੀ ਨਹੀਂ ਸੀ। ਇਸ
ਤਰ੍ਹਾਂ, ਗੁਰਬਾਣੀ ਦੀ ਕਿਸ ਸਟੀਕ ਨੂੰ ਠੀਕ ਮੰਨ ਕੇ ਅਮਲ ਕਰੀਏ ਤੇ ਕਿਹੜੀ ਗ਼ਲਤ? ਇਸ ਦੇ ਨਾਲ ਨਾਲ,
ਉਸ ਸਮੇਂ ਜਿੱਤਨੇ ਸੱਜਨ ਸੰਪਰਕ `ਚ ਆਉਂਦੇ, ਉਤਨੇ ਹੀ ਦੌੜ ਜਾਂਦੇ; ਟਿੱਕਦਾ ਕੋਈ ਨਾ। ਇੱਕ ਤਾਂ ਇਸ
ਲਈ ਕਿ ਉਸ ਸਮੇਂ ਗੁਰਬਾਣੀ ਅਰਥ-ਵਿਚਾਰ ਬਾਰੇ ਅਜੇ ਅਸੀਂ ਆਪ ਵੀ ਸਪਸ਼ਟ ਨਹੀਂ ਸਾਂ ਤਾਂ ਦੂਜਿਆਂ ਦੀ
ਤਸੱਲੀ ਕਿਵੇਂ ਕਰਵਾਉਂਦੇ। ਦੂਜਾ ਕਾਰਣ ਸੀ ਕਿ ਇੱਕ ਕਹਿੰਦਾ ਇਹ ਕੰਮ ਤੁਹਾਡਾ-ਸਾਡਾ ਨਹੀਂ ਬਲਕਿ
‘ਸ਼੍ਰੋਮਣੀ ਕਮੇਟੀ’ ਦਾ ਹੈ, ਕੋਈ ਕਹਿੰਦਾ ‘ਦਿੱਲੀ ਕਮੇਟੀ’ ਦਾ ਹੈ। ਕਿਸੇ ਦੀ ਸਲਾਹ ਹੁੰਦੀ ‘ਕੋਈ
ਪੰਥਕ ਰੁਤਬੇ ਵਾਲਾ ਨੇਤਾ ਅੱਗੇ ਲਗਾਓ, ਉਸ ਤੋਂ ਬਿਨਾ ਕੰਮ ਨਹੀਂ ਚਲੇਗਾ’ ਤੇ ਕੋਈ ਕੁਝ।
ਇਸ ਤਰਾਂ ਅਜਿਹੇ ਸੱਜਨਾਂ-ਮਿਤ੍ਰਾਂ ਤੇ ਸਮੁਚੇ ਤੌਰ `ਤੇ ਸੰਗਤਾਂ ਨਾਲ ਕੀਤੇ
ਵਿਚਾਰ ਵਿਟਾਂਦਰੇ, ਲੰਮੀਆਂ ਬਹਿਸਾਂ, ਘਰ-ਘਰ ਪੁੱਜ ਕੇ ਕੀਤੇ ਫੀਲਡ ਵਰਕ, ਦੇਖਦੇ-ਦੇਖਦੇ ਹੀ ਵਿਅਰਥ
ਹੋ ਜਾਂਦੇ। ਉਂਝ ਇਹ ਗੱਲ ਤਾਂ ਹੈ ਵੀ ਠੀਕ ਸੀ ਕਿ ਕੰਮ ਸੌਖਾ ਨਹੀਂ ਸੀ ਫ਼ਿਰ ਵੀ ਇਸ ਬਾਰੇ ਜੋ
ਦ੍ਰਿੜਤਾ ਸਾਨੂੰ ਅਕਾਲਪੁਰਖ ਨੇ ਬਖ਼ਸ਼ੀ ਸੀ ਉਹ ਵੀ ਤਾਂ ਕਿਸੇ ਮਜ਼ਬੂਤ ਤੋਂ ਵੀ ਮਜ਼ਬੂਤ ਚੱਟਾਣ ਤੋਂ ਘਟ
ਨਹੀਂ ਬਲਕਿ ਵੱਧ ਹੀ ਸੀ। ਇਸ `ਤੇ ਸਾਡਾ ਵੀ ਉੱਤਰ ਹੁੰਦਾ ਕਿ ਜੋ ਸਾਡਾ ਆਗੂ ਹੈ ਉਸ ਤੋਂ ਵੱਡਾ ਤੇ
ਮਜ਼ਬੂਤ ਹੋਰ ਕੋਈ ਆਗੂ ਨਾ ਹੈ ਤੇ ਨਾ ਹੋਵੇਗਾ। ਕਿਉਂਕਿ ਸਾਡੇ ਆਗੂ ਹਨ “ਜੁਗੋ ਜੁੱਗ ਅਟਲ, ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ; ਇਸ ਲਈ ਸਾਨੂੰ ਕਿਸੇ ਹੋਰ ਆਗੂ ਦੀ ਨਹੀਂ ਬਲਕਿ ਸਹਿਯੋਗੀਆਂ ਦੀ
ਲੋੜ ਹੈ।
“ਕੌਮ ਦਾ ਕੀ ਬਣੇਂਗਾ?” “ਪੰਥ ਦਾ ਕੀ ਬਣੇਗਾ? - ਸਾਡੇ ਅੰਦਰ ਤਾਂ ਅੱਗ ਬੱਲ
ਰਹੀ ਸੀ, ਸਾਰਾ-ਸਾਰਾ ਦਿਨ ਪਾਰਕਾਂ, ਗੁਰਦੁਆਰਿਆਂ ਦੇ ਬਾਹਿਰ ਲਾਅਨਾਂ `ਚ। ਇਸੇ ਤਰ੍ਹਾਂ
ਬਸ-ਸਟਾਪਾਂ, ਸੜਕਾਂ ਕਿਨਾਰੇ ਉਸ ਜ਼ਮਾਨੇ ਬਣੀਆਂ ਪੁਲੀਆਂ `ਤੇ ਬੈਠੇ ਦਿਹਾੜੀਆਂ ਤਾਂ ਦਿਹਾੜੀਆਂ,
ਰਾਤਾਂ ਵੀ ਮੁੱਕ ਜਾਂਦੀਆਂ। ਘਰ ਰੋਟੀਆਂ ਪੱਕੀਆਂ ਰਹਿੰਦੀਆਂ ਤੇ ਬਿਸਤਰੇ ਹੋਏ ਰਹਿੰਦੇ ਪਰ ਸਾਨੂੰ
ਓਦੋਂ ਸੁਰਤ ਆਉਂਦੀ ਜਦੋਂ ਅਗਲੇ ਦਿਨ ਪ੍ਰਭਾਤੇ ਪੰਜ ਵਜੇ ਸਰਕਾਰੀ ਬਸਾਂ ਵੀ ਚਲ ਪੈਂਦੀਆਂ। ਇਥੇ ਤਾਂ
ਇਕੋ ਹੀ ਮਸਲਾ ਅਟਕਿਆ ਰਹਿੰਦਾ ਤੇ ਕਲਪਦੇ-ਖਪਦੇ ਰਹਿੰਦੇ “ਕੌਮ ਦਾ ਕੀ ਬਣੇਂਗਾ?” “ਪੰਥ ਦਾ ਕੀ
ਬਣੇਗਾ? ਸਾਡੇ ਕੋਲ ਜਿੱਤਨੇ ਨਵੇਂ ਆਉਂਦੇ, ਉਤਨੇ ਸਾਥ ਛੱਡ ਜਾਂਦੇ, ਅੰਤ ਰਹਿ ਜਾਂਦੇ ਅਸੀਂ ਦੋ ਦੇ
ਦੋ; ਹਰ ਸਮੇਂ ਦੇ ਬਹਿਸ-ਮੁਬਾਹਿਸੇ, ਵਿਚਾਰ-ਵਿਟਾਂਦਰੇ ਤੇ ਕਲਪਣ ਲਈ। ਗੱਲ ਕਿਸੇ ਪਾਸੇ ਨਾ ਟੁਰਦੀ
ਨਾ ਚਲਦੀ; ਤੇ ਨਾ ਇਸ ਨਾਲ ਸਾਡੇ ਅੰਦਰ ਦੀ ਅੱਗ ਨੇ ਸ਼ਾਂਤ ਹੋਣਾ ਹੁੰਦਾ ਸੀ ਤੇ ਨਾ ਹੁੰਦੀ।
ਇਕ ਹੋਰ ਇਲਾਹੀ ਕ੍ਰਿਸ਼ਮਾ, ਗਿਆਨੀ ਭਾਗ ਸਿੰਘ ਅੰਬਾਲਾ ਨਾਲ ਮਿਲਾਪ- ਕਾਸ਼
ਸਾਡੀ ਕੌਮ ਨੇ ਜੀਉਂਦੇ ਜੀਅ ਆਪਣੇ ਵਿਦਵਾਨਾਂ ਦੀ ਪਹਿਚਾਣ ਕੀਤੀ ਹੁੰਦੀ ਤਾਂ ਅੱਜ ਕੌਮ ਦੀ ਅਜੋਕੀ
ਦੁਰਦੱਸ਼ਾ ਨਾ ਹੁੰਦੀ। ਅੱਜ ਪੰਥ ਦੀ ਹਾਲਤ ਇਸ ਤਰ੍ਹਾਂ ਦੀ ਬਣੀ ਪਈ ਹੈ ਜਿਵੇਂ ਭਾਈ ਗੁਰਦਾਸ ਤੇ ਭਾਈ
ਮਨੀ ਸਿੰਘ ਤੋਂ ਬਾਅਦ ਇਸ ਕੌਮ `ਚ ਕੋਈ ਪੰਥ ਪੱਧਰ ਦਾ ਵਿਦਵਾਨ ਹੀ ਪੈਦਾ ਨਾ ਹੋਇਆ ਹੋਵੇ। ਭਾਈ
ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਪ੍ਰੋਫ਼ੈਸਰ ਸਾਹਿਬ ਸਿੰਘ, ਗਿਆਨੀ ਭਾਗ ਸਿੰਘ ਅੰਬਾਲਾ ਆਦਿ;
ਆਪਣੇ-ਆਪਣੇ ਸਮੇਂ ਦੇ ਤੇ ਪੰਥਕ ਪੱਧਰ ਦੇ ਉੱਚ ਕੋਟੀ ਦੇ ਪੰਥਕ ਵਿਦਵਾਨ; ਆਪਣਾ ਆਪ ਤਬਾਹ ਕਰ ਕੇ ਵੀ
ਜੀਉਂਦੇ ਜੀਅ ਕੌਮ ਪਾਸੋਂ ਸਤਿਕਾਰ ਪ੍ਰਾਪਤ ਨਾ ਕਰ ਸਕੇ। ਜੇ ਕਰ, ਕਿਸੇ ਦੇ ਸਰੀਰ ਤਿਆਗਣ ਬਾਅਦ ਕੌਮ
ਨੇ ਕਿਸੇ ਨੂੰ ਪਹਿਚਾਣਿਆਂ ਜਾਂ ਉਸ ਦਾ ਮੁੱਲ ਪਾਇਆ ਤਾਂ ਸੰਸਾਰ ਤੋਂ ਜਾਣ ਵਾਲੇ ਨੂੰ ਇਸ ਦਾ ਕੀ
ਲਾਭ? ਅੱਜ ਵੀ ਪੰਥ `ਚ ਅਜਿਹੇ ਵਿਦਵਾਨ ਮੌਜੂਦ ਹਨ, ਜਿਨ੍ਹਾਂ ਨੇ ਕੌਮ ਦੀਆਂ ਰਗਾਂ `ਚ ਧੱਸ ਚੁੱਕੇ
ਬ੍ਰਾਹਮਣ ਵਾਦ ਦੀ ਪੂਰੀ ਨਿਡੱਰਤਾ ਨਾਲ ਪਹਿਚਾਣ ਕੀਤੀ ਤੇ ਕੌਮ ਨੂੰ ਕਰਵਾਈ ਵੀ। ਅਨਮੱਤ ਦੀ ਗਹਿਰੀ
ਨੀਂਦ `ਚ ਘੁਰਾੜੇ ਮਾਰ ਰਹੀ ਕੌਮ ਨੂੰ ਨਿਰੋਲ ਗੁਰੂ-ਗੁਰਬਾਣੀ ਦੇ ਚਰਨਾਂ ਵੱਲ ਮੋੜਣ `ਚ ਆਪਣੀ ਪੂਰੀ
ਵਾਹ ਲਗਾ ਦੇਣ `ਚ ਵੀ ਕਸਰ ਨਹੀਂ ਛੱਡੀ। ਬਦਲੇ `ਚ ਕੌਮ ਵਲੋਂ ਮਿਲਿਆ ਕੀ? ਕਾਸ਼ ਕੌਮ ਅਜੇ ਵੀ ਆਪਣੇ
ਯੋਗ ਵਿਦਵਾਨਾਂ ਨੂੰ ਪਹਿਚਾਣਨਾ ਸ਼ੁਰੂ ਕਰੇ ਤਾ ਕਿ ਅਜਿਹੇ ਵਿਦਵਾਨਾ ਨੂੰ ਸਹਿਯੋਗ ਦੇ ਕੇ, ਕੌਮ
ਆਪਣੀ ਅਸਲੀਅਤ ਜਾਣ ਸਕੇ, ਕੌਮ ਗੁਰਬਾਣੀ ਜੀਵਨ-ਜਾਚ ਨੂੰ ਆਪਣੀ ਨਿੱਤ ਦੀ ਰਹਿਣੀ `ਚ ਜਗ੍ਹਾ ਦੇ
ਸਕੇ।
ਇਹੀ ਇੱਕ ਰਸਤਾ ਹੈ ਜਿਸ ਤੋਂ ਕੌਮ ਅੱਜ ਵੀ, ਗੁਰੂ ਨਾਨਕ-ਗੁਰੂ ਗੋਬਿੰਦ
ਸਿੰਘ ਜੀ ਦੀ ਨਿਘੀ ਗੋਦ ਦਾ ਆਨੰਦ ਮਾਨ ਸਕਦੀ ਹੈ ਤੇ ਪਨੀਰੀ ਨੂੰ ਵੀ ਯੋਗ ਢੰਗ ਨਾਲ ਸੰਭਾਲ ਸਕਦੀ
ਹੈ, ਕਾਸ਼ ਅਜਿਹਾ ਹੋ ਸਕਦਾ। ਪਰ ਨਹੀਂ ਕਿਉਂਕਿ ਅੱਜ ਵੀ ਕੌਮ `ਚ ਉਹੀ ਕੁੱਝ ਹੋ ਰਿਹਾ ਹੈ ਜੋ ਭਾਈ
ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ ਆਦਿ ਨਾਲ ਹੋਇਆ। ਇਸੇ ਲਈ ਕਿਸੇ ਸੱਚ ਕਿਹਾ ਹੈ ਕਿ ਕਿਸੇ ਵੀ
ਵਿਦਵਾਨ ਦੀ ਮੌਤ ਤਾਂ ਉਸ ਦੇ ਜੀਉਂਦੇ ਜੀਅ ਹੀ ਹੋ ਜਾਂਦੀ ਹੈ। ਕਾਰਣ ਹੁੰਦਾ ਹੈ ਕਿ ਉਸ ਦੇ ਪੰਜ
ਦੁਸ਼ਮਣ ਤਾਂ ਜੀਉਂਦੇ ਜੀਅ ਉਸ ਦੇ ਜੀਵਨ ਦੁਅਲੇ ਨਾਲ ਨਾਲ ਹੀ ਚਲਦੇ ਰਹਿੰਦੇ ਹਨ। ਉਹ ਨਹੀਂ ਚਾਹੁੰਦੇ
ਕਿ ਅਮੁਕੇ ਵਿਦਵਾਨ ਦਾ ਨਾਮਨਾ ਜਾਂ ਸਤਿਕਾਰ ਵਧੇ। ਲੋਕਾਈ ਉਸ ਦੀ ਇਜ਼ਤ ਕਰੇ ਜਿਸ ਤੋਂ ਉਸ ਨੂੰ
ਉਤਸਾਹ ਮਿਲੇ ਤੇ ਉਹ ਵੱਧ ਚੜ੍ਹ ਕੇ ਆਪਣੀਆਂ ਸੇਵਾਵਾਂ ਕੌਮ ਨੂੰ ਦੇ ਸਕੇ। ਉਸ ਸਿਆਣੇ ਨੇ ਤਾਂ
ਵਿਦਵਾਨ ਦੇ ਪੰਜ ਦੁਸ਼ਮਣ ਵੀ ਗਿਣਵਾਏ ਹਨ:
੧- ਪ੍ਰਵਾਰ ਵਾਲੇ, ਜੋ ਸਮੇਂ ਸਿਰ ਉਸ ਦੇ ਜੀਵਨ ਦੀਆਂ ਉਚਾਈਆਂ ਦੀ ਪਹਿਚਾਣ
ਨਹੀਂ ਕਰ ਪਾਉਂਦੇ। ਉਸ ਨਾਲ ਆਪਣੇ ਸੰਸਾਰਿਕ ਰਿਸ਼ਤਿਆਂ ਦੇ ਦਾਇਰੇ `ਚ ਹੀ ਸਿਮਟੇ ਰਹਿੰਦੇ ਹਨ। ਇਸ
ਲਈ ਉਸ ਨੂੰ ਇਸ ਦੌੜ `ਚ ਜੀਉਂਦੇ ਜੀਅ ਆਪਣੇ ਪ੍ਰਵਾਰ ਵਾਲਿਆਂ ਦਾ ਸਾਥ ਵੀ ਨਹੀਂ ਮਿਲਦਾ।
੨- ਉਸ ਦਾ ਆਸ-ਪਾਸ, ਗਲੀ ਮੁਹੱਲਾ ਤੇ ਓਸ-ਪੜੋਸ, ਜਿੱਥੇ ਜੰਮ ਪਲ ਕੇ ਉਹ
ਕਿਸੇ ਉੱਚ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ, ਇਹ ਲੋਕ ਵੀ ਉਸ ਦੇ ਜੀਵਨ ਦੀ ਇਸ ਸੱਚਾਈ ਨੂੰ ਨਹੀਂ
ਬੁਝ ਸਕਦੇ।
੩- ਉਸੇ ਦਾਇਰੇ ਤੇ ਉਸੇ ਵਿਚਾਰਧਾਰਾ `ਚ ਪਰਵਰਿਸ਼ ਪਾ ਰਹੇ ਉਸ ਦੇ ਸੰਗੀ
ਸਾਥੀ। ਜਿਸ ਵਿਚਾਰਧਾਰਾ `ਚੋਂ ਅਮੁੱਕਾ ਵਿਦਵਾਨ ਉਭਰਦਾ ਤੇ ਉਹਨਾਂ ਤੋਂ ਵੱਧ ਮਾਨ-ਸਤਿਕਾਰ ਦੇ ਯੋਗ
ਬਣਦਾ ਹੈ। ਅਜਿਹੇ ਸੰਗੀ-ਸਾਥੀਆਂ ਨੂੰ ਬਹੁਤਾ ਕਰਕੇ ਸਾੜਾ ਤੇ ਦੁਖ ਹੁੰਦਾ ਹੈ ਕਿ ਕਲ ਤੀਕ ਜੋ ਸਾਡੇ
ਵਰਗਾ ਤੇ ਸਾਡੇ `ਚੋਂ ਹੀ ਸੀ। ਅੱਜ ਇਸ ਦਾ ਮਾਨ-ਸਤਿਕਾਰ ਸਾਡੇ (ਮੇਰੇ) ਤੋਂ ਵੱਧ ਕਿਉਂ?
੪- ਜਿਸ ਖੇਤ੍ਰ `ਚ ਉਭਰਦਾ ਹੈ, ਉਸ ਦੇ ਉਭਰਣ ਕਾਰਣ, ਜਿਨ੍ਹਾਂ ਭੱਲ ਬਣੇ
ਲੋਕਾਂ ਨੂੰ ਆਪਣੀ ਬਣੀ ਹੋਈ ਭੱਲ, ਵਾਹ! ਵਾਹ! `ਤੇ ਸੱਟ ਵਜਦੀ ਨਜ਼ਰ ਆਉਂਦੀ ਹੈ।
੫- ਸਮੇਂ ਦੇ ਆਗੂ ਜਿਵੇਂ ਸਿੱਖ ਧਰਮ `ਚ ੧. ਗੁਰਦੁਆਰਿਆਂ ਦੇ ਪ੍ਰਬੰਧਕ। ੨,
ਆਪਣੇ ਘੜੇ ਹੋਏ ਬਨਾਵਟੀ ਤੇ ਮਿਲਾਵਟੀ, ਗੁਰਮਤਿ ਸਿਧਾਂਤ ਵਿਰੋਧੀ ਗੁਰਮਤਿ ਪ੍ਰਚਾਰ ਰਾਹੀਂ, ਸੰਗਤਾਂ
ਨੂੰ ਆਪਣੀ ਮੁੱਠੀ `ਚ ਕਰੀ ਬੈਠੇ ਅਣ-ਅਧਿਕਾਰੀ ਪ੍ਰਚਾਰਕ। ੩. ਕੌਮ `ਤੇ ਛਾਏ ਹੋਏ, ਕੌਮ ਦਾ ਖੂਨ
ਚੂਸ ਰਹੇ ਵੱਕਤ ਦੇ ਰਾਜਸੀ ਆਗੂ।
ਇਹਨਾ ਸਾਰਿਆਂ ਨੂੰ ਡਰ ਹੁੰਦਾ ਹੈ ਕਿ ਅਮੁੱਕੇ ਵਿਦਵਾਨ ਤੋਂ ਗੁਰਬਾਣੀ ਸੱਚ
ਦੇ ਪ੍ਰਗਟ ਹੋਣ ਨਾਲ, ਉਹਨਾਂ ਦੀਆਂ ਚੋਹਦਰਾਂ, ਨੇਤਾਗਿਰੀਆਂ, ਉਹਨਾਂ ਪ੍ਰਚਾਰਕਾਂ ਦੀ ਰੋਟੀ ਰੋਜ਼ੀ
ਨੂੰ ਖਤਰਾ ਤੇ ਉਹਨਾਂ ਦੇ ਪਾਖੰਡ ਪ੍ਰਚਾਰ ਦੇ ਪਾਜ ਉਘੜ ਜਾਣ ਗੇ। ਇਸ ਤਰ੍ਹਾਂ ਜੇ ਕਰ ਸੱਚ ਪ੍ਰਗਟ
ਹੋ ਗਿਆ ਤਾਂ “ਉਹਨਾਂ ਦੀ ਪੋਲ ਖੁੱਲ ਜਾਵੇਗੀ, ਸਤਿਕਾਰ ਘੱਟ ਜਾਵੇਗਾ, ਉਹਨਾਂ ਨੂੰ ਪੁਛੇਗਾ ਕੌਣ? ”
ਆਦਿ।
|
. |