.

ਗੁਰਬਾਣੀ ਵਿੱਚ ਚਰਨਧੂੜਿ ਨਿਮਰਤਾ ਦਾ ਸੂਚਕ ਜਾਂ ਪਾਇਦਾਨਾਂ ਹੇਠਲੀ ਖਾਕ ਦਾ?

ਅਵਤਾਰ ਸਿੰਘ ਮਿਸ਼ਨਰੀ (510-432-5827)

ਮਹਾਂਨਕੋਸ਼ ਅਨੁਸਾਰ ਚਰਨ ਸੰਸਕ੍ਰਿਤ ਦਾ ਲਫਜ਼ ਹੈ ਤੇ ਅਰਥ ਹਨ-ਪੈਰ, ਆਚਰਣ, ਸੁਭਾਵ ਅਤੇ ਅਚਾਰ। ਧੂੜ, ਧੂੜਿ, ਧੂਰ, ਧੂਰਿ, ਧੂਲ, ਧੂਲਿ ਸਮ ਅਰਥੀ ਹਨ ਇਨ੍ਹਾਂ ਸ਼ਬਦਾਂ ਦੇ ਅਰਥ ਹਨ-ਰਜ, ਗਰਦ ਅਤੇ ਧੂੜ ਆਦਿਕ। ਗੁਰਬਾਣੀ ਵਿਖੇ ਭਾਵਪੁਰਤ ਮੁਹਾਵਰੇ ਵਰਤੇ ਗਏ ਹਨ ਤਾਂ ਕਿ ਸ਼ਬਦ ਦੇ ਭਾਵ ਨੂੰ ਸੌਖਿਆਂ ਸਮਝਿਆ ਜਾ ਸਕੇ ਪਰ ਜੇ ਅਸੀਂ ਭਾਵ ਅਰਥਾਂ ਦੀ ਥਾਂ ਓਥੇ ਵੀ ਅਖਰੀ ਅਰਥ ਕਰਾਂਗੇ ਤਾਂ ਤਾਂ ਅਨਰਥ ਹੋ ਜਾਣਗੇ। ਐਸਾ ਹੀ ਕੁੱਝ ਚਰਨਧੂੜਿ ਸ਼ਬਦ ਨਾਲ ਕੀਤਾ ਜਾ ਰਿਹਾ ਹੈ। ਭਾ. ਕਾਨ੍ਹ ਸਿੰਘ ਨਾਭਾ ਇਸ ਬਾਰੇ ਗੁਰਮਤਿ ਮਾਰਤੰਡ ਵਿੱਚ ਲਿਖਦੇ ਹਨ ਕਿ ਚਰਨਧੂੜਿ ਭਲੇ ਗੁਰਸਿੱਖਾਂ ਦੇ ਚਰਨਾਂ ਦੀ ਰਾਖ ਭਾਵ ਮਹਾਂ ਨਿਮਰਤਾ ਅਤੇ ਦੂਜਾ ਅਰਥ ਕਰਦੇ ਹਨ ਕਿ ਜਾਤਿ ਵਰਣਾਭਿਮਾਨ ਦੇ ਸਿਰ ਮਿੱਟੀ। ਆਓ ਇਸ ਬਾਰੇ ਗੁਰਬਾਣੀ ਸਿਧਾਂਤ ਵੀਚਾਰੀਏ। ਗੁਰ ਫੁਰਮਾਨ ਹੈ-ਚਰਨਧੂੜਿ ਤੇਰੈ ਜਨ ਕੀ ਹੋਵਾਂ …॥ (749) ਤੇਰੇ ਸੇਵਕਾਂ ਦੀ ਚਰਨਧੂੜਿ ਹੋ ਜਾਵਾਂ ਭਾਵ ਮੇਰੇ ਵਿੱਚ ਇੰਨੀ ਨਿਮਰਤਾ ਆ ਜਾਵੇ ਮੇਰਾ ਅਹੰਕਾਰ ਜਾਂਦਾ ਰਹੇ। ਅਹੰਕਾਰ ਹਮੇਸ਼ਾਂ ਉੱਚਾ ਤੇ ਨਿਮਰਤਾ ਨੀਵੀਂ ਹੁੰਦੀ ਹੈ। ਇਸ ਕਰਕੇ ਉੱਚਾ ਸਿਰ ਹੰਕਾਰ ਤੇ ਨੀਵੇਂ ਚਰਨ ਨਿਮ੍ਰਤਾ ਦੇ ਪ੍ਰਤੀਕ ਮੰਨੇ ਗਏ ਹਨ। ਪੈਰਾਂ ਦੀ ਆਪਣੀ ਵੱਖਰੀ ਨਮਰ ਮਹਾਂਨਤਾ ਦਰਸਉਂਦੇ ਹੋਏ ਭਾਈ ਗੁਰਦਾਸ ਜੀ ਵਾਰਾਂ ਵਿੱਚ ਫੁਰਮਾਂਦੇ ਹਨ-

ਸਿਰ ਉਚਾ ਨੀਵੇਂ ਚਰਣ ਸਿਰਿ ਪੈਰੀਂ ਪਾਂਦੇ। ਮੂੰਹ ਅਖੀਂ ਨਕੁ ਕੰਨ ਹੱਥ ਦੇਹ ਭਾਰ ਉਚਾਂਦੇ। ਸਭ ਚਿਹਨ ਛਡਿ ਪੂਜੀਅਨਿ ਕਉਣ ਕਰਮ ਕਮਾਂਦੇ। ਗੁਰ ਸਰਣੀ ਸਾਧਸੰਗਤਿ ਨਿਤ ਚਲਿ ਚਲਿ ਜਾਂਦੇ। ਵਤਨਿ ਪਰਉਪਕਾਰ ਨੋ ਕਰਿ ਪਾਰਿ ਵਸਾਂਦੇ। ਮੇਰੀ ਖਲਹੁ ਮੌਜੜੇ ਗੁਰਸਿਖ ਹੰਢਾਂਦੇ। ਮਸਤਕ ਲਗੇ ਸਾਧ ਰੇਣੁ ਵਡਭਾਗਿ ਜਿਨ੍ਹਾਂ ਦੇ॥ 18॥

ਪੈਰ (ਚਰਨ) ਸਰੀਰ ਦੇ ਸਾਰੇ ਅੰਗਾਂ ਦਾ ਭਾਰ ਉਠਾਂਦੇ ਹਨ ਅਤੇ ਪੈਰਾਂ ਨਾਲ ਹੀ ਚੱਲ ਕੇ ਗੁਰਸੰਗਤਿ ਵਿੱਚ ਜਾਈਦਾ ਹੈ ਇਸ ਕਰਕੇ ਚਰਨਾਂ ਦੇ ਗੁਣਾਂ ਦੀ ਮਹਿਮਾਂ ਹੈ। ਇਨ੍ਹਾਂ ਗੁਣਾਂ ਕਰਕੇ ਹੀ ਚਰਨਾਂ ਦੀ ਮਹਾਂਨਤਾ ਹੈ। ਇਵੇਂ ਹੀ ਐ ਗੁਰਸਿੱਖ! ਤੂੰ ਵੀ ਦੈਵੀ ਭਾਵ ਚੰਗੇ ਗੁਣ ਹਿਰਦੇ ਵਿੱਚ ਧਾਰਨ ਕਰ ਜਿਸ ਕਰਕੇ ਹੰਕਾਰ ਦੂਰ ਹੋ ਜਾਵੇਗਾ ਅਤੇ ਨਿਮਰਤਾ ਆ ਜਾਵੇਗੀ। ਭਾਈ ਸਾਹਿਬ ਜੀ ਨੇ ਪੈਰਾਂ ਦੇ ਨੀਵੇਂਪਨ ਅਤੇ ਗੁਣਾਂ ਦੀ ਹੀ ਮਹਿਮਾਂ ਇਸ ਉਪ੍ਰੋਕਤ ਪੌੜੀ ਵਿੱਚ ਦਰਸਾਈ ਹੈ। ਇਵੇਂ ਹੀ-ਚਰਨ ਕਮਲ ਤੇਰੇ ਧੋਇ ਧੋਇ ਪੀਵਾਂ॥ ਮੇਰੇ ਸਤਿਗੁਰ ਦੀਨ ਦਇਆਲਾ॥ (749) ਭਾਵ ਇਨ੍ਹਾਂ ਨਿਮਰ ਹੋ ਜਾਂਵਾਂ ਕਿ ਤੇਰੇ ਚੰਗੇ ਗੁਣ ਮੇਰੇ ਵਿੱਚ ਵੀ ਆ ਜਾਣ ਨਾਂ ਕਿ ਗੰਦੇ ਪੈਰ ਧੋ ਧੋ ਕੇ ਪੀਤੀ ਜਾਵਾਂ। ਗੰਦੇ ਪੈਰ ਧੋ ਕੇ ਪੀਣ ਨਾਲ ਨਿਮਰਤਾ ਨਹੀਂ ਆਉਂਦੀ ਸਗੋਂ ਸਦਗੁਣ ਧਾਰਨ ਕਰਨ ਨਾਲ ਹੀ ਨਮਰ ਹੋਈਦਾ ਹੈ। ਜਦ ਕਥਾਕਾਰ ਪ੍ਰਚਾਰਕ ਹੀ ਸੰਗਤਾਂ ਨੂੰ ਪਾਇਦਾਨਾਂ ਨਾਲ ਗੰਦੇ ਪੈਰਾਂ ਦੀ ਪੂੰਝ ਚਰਨਧੂੜਿ ਤੇ ਪੈਰਾਂ ਦੇ ਧੋਣ ਨੂੰ ਚਰਨਾਮ੍ਰਿਤ ਦੱਸੀ ਜਾ ਰਹੇ ਹਨ ਤਾਂ ਸੰਗਤਾਂ ਕੀ ਕਰਨ? ਕਈਆਂ ਪਾਖੰਡੀਆਂ ਨੇ ਤਾਂ ਪਾਇਦਾਨਾਂ ਦੀ ਧੂੜ ਦੀਆਂ ਪੁੜੀਆਂ ਵੀ ਬਣਾਈਆਂ ਹੁੰਦੀਆਂ ਹਨ ਤੇ ਚਰਨਧੋਣ ਨੂੰ ਸ਼ੀਸੀਆਂ ਵਿੱਚ ਪਾ ਕੇ ਚਰਨਾਮਤ ਰੂਪ ਵਿੱਚ ਸ਼ਰਧਾਲੂਆਂ ਨੂੰ ਦੇ ਕੇ ਕਿਹਾ ਜਾਂਦਾ ਹੈ ਚਰਨਧੂੜਿ ਖਾ ਲਓ ਅਤੇ ਚਰਨਾਮਤ ਪੀ ਲਓ ਸਭ ਰੋਗ ਦੂਰ ਹੋ ਜਾਣਗੇ, ਤੁਹਾਨੂੰ ਕਿਸੇ ਵੈਦ ਜਾਂ ਡਾਕਟਰ ਕੋਲ ਜਾਣ ਦੀ ਲੋੜ ਨਹੀਂ। ਕਈ ਵਿਚਾਰੇ ਇਸ ਅੰਨੀ ਅਤੇ ਅਗਿਆਨੀ ਸ਼ਰਧਾ ਵਿੱਚ ਹੀ ਆਪਣੀ ਰਹਿੰਦੀ ਜਿੰਦਗੀ ਤੋਂ ਹੱਥ ਧੋ ਬੈਠਦੇ ਹਨ। ਇਥੇ ਵੀ ਹੱਥ ਧੋ ਬੈਠਣਾ ਇੱਕ ਮੁਹਾਵਰਾ ਹੈ ਭਾਵ ਆਪਣਾ ਨੁਕਸਾਨ ਕਰਵਾ ਲੈਣਾ।

ਇੱਕ ਵਾਰ ਗੋਲ ਪੱਗ, ਲੰਬੇ ਚੋਲੇ ਅਤੇ ਨੰਗੀਆਂ ਲੱਤਾਂ ਵਾਲਾ ਇੱਕ ਕਥਾਵਾਚਕ ਇੱਕ ਅਖੰਡ ਪਾਠ ਦੀ ਸਮਾਪਤੀ ਤੇ ਕਥਾ ਕਰ ਰਿਹਾ ਸੀ ਕਿ ਸੰਗਤੋ! ਦੇਖੋ ਗੁਰੂ ਰਾਮਦਾਸ ਜੀ ਵਿੱਚ ਕਿੰਨੀ ਨਿਮਰਤਾ ਸੀ ਕਿ ਉਹ ਆਈਆਂ ਸੰਗਤਾਂ ਦੇ ਪੈਰਾਂ ਦੀ ਚਰਨਧੂੜਿ ਨੂੰ ਘੋਲ ਘੋਲ ਕੇ ਪੀਂਦੇ ਸਨ। ਇਹ ਤਾਂ ਨਹੀਂ ਕਿਹਾ ਕਿ ਦੂਰੋਂ ਆਈਆਂ ਸੰਗਤਾਂ ਦੀ ਗਰਮ ਪਾਣੀ ਨਾਲ ਪੈਰ ਧੋ ਕੇ ਸੇਵਾ ਕਰਦੇ ਸਨ। ਉਸ ਤੋਂ ਬਾਅਦ ਦਾਸ ਨੇ ਵੀ ਹਾਜ਼ਰੀ ਭਰਨੀ ਸੀ ਜਦ ਦਾਸ ਦੀ ਵਾਰੀ ਆਈ ਤਾਂ ਮੈਂ ਬੜੀ ਨਿਮਰਤਾ ਨਾਲ ਪੁਛਿਆ ਕਿ ਗੁਰੂ ਨੂੰ ਪੈਰਾਂ ਦੀ ਗੰਦਗੀ ਧੋ ਕੇ ਪੀਣ ਦਾ ਉਪਦੇਸ਼ ਕਰਨ ਵਾਲਾ ਕਥਾਕਾਰ ਕੀ ਆਪ ਵੀ ਐਸਾ ਕਰਦਾ ਹੈ? ਬਾਹਰੋਂ ਆਈਆਂ ਸੰਗਤਾਂ ਦੇ ਗੰਦੇ ਪੈਰ ਧੋ ਕੇ ਪੀਂਦਾ ਹੈ? ਤਾਂ ਉਸ ਦੇ ਸ਼ਰਧਾਲੂਆਂ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ। ਦਾਸ ਨੇ ਵਿਆਖਿਆ ਕਰਦਿਆਂ ਕਿਹਾ ਕਿ ਕਿਉਂ ਸੰਗਤਾਂ ਨੂੰ ਗੁਮਰਾਹ ਕਰਦੇ ਹੋ ਕਿ ਗੁਰੂ ਜੀ ਐਸਾ ਕਰਦੇ ਸਨ? ਲੋੜ ਤਾਂ ਚਰਨਧੂੜਿ ਤੇ ਚਰਨਾਮਤ ਦੇ ਭਾਵ ਨੂੰ ਸਮਝਣ ਦੀ ਹੈ। ਗੁਰਬਾਣੀ ਵਿੱਚ ਬਹੁਤ ਐਸੇ ਸ਼ਬਦ ਹਨ ਜੋ ਭਾਵ ਅਰਥ ਨਾਲ ਹੀ ਸਮਝੇ ਜਾ ਸਕਦੇ ਹਨ ਇਕੱਲੇ ਅੱਖਰੀ ਅਰਥਾਂ ਨਾਲ ਨਹੀਂ ਜਿਵੇਂ-ਲੇਲੇ ਕਉ ਚੂੰਘੈ ਨਿਤ ਭੇਡ॥ (326) ਹੁਣ ਇੱਥੇ ਲੇਲਾ ਬੱਚਾ ਹੈ ਤੇ ਭੇਡ ਮਾਂ ਹੈ, ਕੀ ਕਦੇ ਮਾਂ ਵੀ ਬੱਚੇ ਨੂੰ ਚੁੰਘਦੀ ਹੈ? ਸਗੋਂ ਬੱਚਾ ਹੀ ਮਾਂ ਦਾ ਦੁੱਧ ਚੁੰਘਦਾ ਹੈ। ਇਸ ਤੁਕ ਦਾ ਭਾਵ ਅਰਥ ਹੈ ਮਾਇਆ ਰੂਪੀ ਭੇਡ ਮਨ ਰੂਪੀ ਲੇਲੇ ਨੂੰ ਚੁੰਘੀ ਜਾ ਰਹੀ ਹੈ ਭਾਵ ਨਿਤਾ ਪ੍ਰਤੀ ਆਪਣੇ ਪਿਛੇ ਲਾਈ ਫਿਰਦੀ ਹੈ। ਇਸੇ ਤਰਾਂ ਹੀ ਇੱਕ ਹੋਰ ਉਦਾਹਰਣ ਹੈ-ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰਿ ਧਰਿ ਤਲੀ ਗਲੀ ਮੇਰੀ ਆਉ॥ (1412) ਇਹ ਗੁਰੂ ਨਾਨਕ ਜੀ ਦਾ ਸ਼ਬਦ ਹੈ ਜੇ ਆਪਾਂ ਇਸ ਦੇ ਅੱਖਰੀ ਅਰਥ ਕਰਦੇ ਹਾਂ ਤਾਂ ਅਰਥ ਬਣਦੇ ਹਨ ਜੇ ਤਹਾਨੂੰ ਪ੍ਰੇਮ ਦੀ ਖੇਲ ਖੇਲਣ ਦਾ ਚਾਅ ਹੈ ਤਾਂ ਪਹਿਲਾਂ ਆਪਣਾ ਸਿਰ ਵੱਢ ਕੇ ਤੱਲੀ ਤੇ ਰੱਖ ਕੇ ਮੇਰੇ ਕੋਲ ਆਓ। ਗੁਰੂ ਨਾਨਕ ਜੀ ਦਾ ਸਾਰਾ ਇਤਿਹਾਸ ਪੜ੍ਹ ਲਓ ਕਿਤੇ ਵੀ ਕੋਈ ਸਿੱਖ ਪਹਿਲਾਂ ਸਿਰ ਵੱਢ ਕੇ ਫਿਰ ਤੱਲੀ ਤੇ ਰੱਖ ਕੇ ਗੁਰੂ ਕੋਲ ਆਇਆ ਸੀ? ਭਲਿਓ ਸਿਰ ਤਲੀ ਤੇ ਰੱਖਣਾ ਇੱਕ ਮੁਹਾਵਰਾ ਹੈ ਭਾਵ ਆਪਾਭਾਵ ਸਮਰਪਨ ਕਰਨਾ। ਗੁਰੂ ਨੂੰ ਮੱਥਾ ਟੇਕਣਾ-ਸੀਸ ਭੇਟ ਕਰਨ ਦਾ ਵੀ ਇਹੀ ਭਾਵ ਹੈ ਕਿ-ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨਾ ਜਾਣੈ ਕੋਇ॥ (919) ਭਾਵ ਗੁਰੂ ਨੂੰ ਤਨੋ ਮਨੋ ਸਮਰਪਤ ਹੋ ਕੇ ਆਉਣਾ। ਚੰਗਿਆਈਂ ਆਲਕੁ ਕਰੇ ਬੁਰਿਆਈਂ ਹੋਇ ਸੇਰੁ॥ (518) ਇਸ ਤੁਕ ਵਿੱਚ ਵੀ ਸੇਰੁ ਦਾ ਅਰਥ ਹੈ ਸ਼ੇਰ। ਸ਼ੇਰ ਇੱਕ ਖੂੰਖਾਰ ਜੰਗਲੀ ਜਨਵਰ ਹੈ ਪਰ ਗੱਲ ਤਾਂ ਇੱਥੇ ਉਸ ਆਲਸੀ ਮਨੁੱਖ ਨੂੰ ਕਹੀ ਗਈ ਹੈ ਜੋ ਚੰਗੇ ਕਰਮ ਕਰਨ ਵਿੱਚ ਤਾਂ ਆਲਸ ਕਰਦਾ ਹੈ ਪਰ ਬੁਰੇ ਕਰਮ ਕਰਨ ਨੂੰ ਸ਼ੇਰ ਵਰਗਾ ਤਾਕਤਵਰ ਬਣ ਜਾਂਦਾ ਹੈ। ਜਦ ਕੋਈ ਚੰਗਾ ਕੰਮ ਕਰਕੇ ਜਾਂ ਕੋਈ ਬਾਜੀ ਜਿੱਤ ਕੇ ਆਵੇ ਤਾਂ ਕਹਿ ਦਿੰਦੇ ਹਨ ਬੱਲੇ ਓਏ ਸ਼ੇਰ ਦਿਆ ਬੱਚਿਆ! ਬੱਚਾ ਤਾਂ ਉਹ ਮਨੁੱਖ ਦਾ ਹੈ ਨਾਂ ਕਿ ਜੰਗਲੀ ਸ਼ੇਰ ਦਾ। ਇੱਥੇ ਬਹਾਦਰੀ ਦੇ ਗੁਣ ਨਾਲ ਤਰਜੀਹ ਦਿੱਤੀ ਗਈ ਹੈ। ਇਵੇਂ ਹੀ ਸਭ ਤੋਂ ਨੀਵੇਂ ਚਰਨ ਅਤੇ ਚਰਨਾਂ ਤੋਂ ਨੀਵੀਂ ਚਰਨਧੂੜਿ ਭਾਵ ਮਹਾਂ ਨਮਰਤਾ ਦਾ ਭਾਵ ਲਿਆ ਸੀ ਪਰ ਭਾਵ ਅਰਥ ਨੂੰ ਛੱਡ ਕੇ ਅੱਖਰੀ ਅਰਥ ਕਰਨ ਵਾਲਿਆਂ ਨੇ ਪੈਰਾਂ ਥੱਲੜੀ ਧੂੜਿ ਹੀ ਸਮਝ ਲਿਆ।

ਸੋ ਸਤਸੰਗੀਓ! ਗੁਰੂ ਅਤੇ ਭਗਤ ਬੜੇ ਸੂਝਵਾਨ ਸਨ ਨਾਂ ਕਿ ਅੰਧ ਵਿਸ਼ਵਾਸ਼ੀ। ਉਹ ਤਾਂ ਸੰਸਾਰੀ ਵਸਤੂਆਂ ਦੀਆਂ ਉਦਾਹਰਣਾਂ ਦੇ ਕੇ ਜਥਾਰਥ ਦਾ ਉਪਦੇਸ਼ ਦਿਆ ਕਰਦੇ ਸਨ। ਜੇ ਪੈਰਾਂ ਦੇ ਧੋਣ ਨੂੰ ਅੱਜ ਵੀ ਸਿਆਣਾ ਮਨੁੱਖ ਨਹੀਂ ਪੀਂਦਾ ਅਤੇ ਪੈਰਾਂ ਦੀ ਝਾੜੀ ਧੂੜਿ ਨੂੰ ਕੋਈ ਨਹੀਂ ਖਾਂਦਾ ਜਾਂ ਮੂੰਹ ਤੇ ਮਲਦਾ ਤਾਂ ਬ੍ਰਹਮ ਗਿਆਨ ਦਾ ਉਪਦੇਸ਼ ਕਰਨ ਵਾਲੇ ਗੁਰੂ ਸਾਹਿਬਾਨ ਅਤੇ ਭਗਤ ਐਸਾ ਕਿਵੇਂ ਕਰ ਸਕਦੇ ਸਨ? ਕੀ ਲੋਕਾਂ ਨੂੰ ਅੰਧ ਵਿਸ਼ਵਾਸ਼ੀ ਉਪਦੇਸ਼ ਦੇਣ ਵਾਲੇ ਅੱਜ ਲੋਕਾਂ ਦੇ ਗੰਦੇ ਪੈਰ ਧੋ ਕੇ ਪੀਂਦੇ ਹਨ? ਜੇ ਨਹੀਂ ਤਾਂ ਇਨ੍ਹਾਂ ਨੂੰ ਗੁਰੂਆਂ ਭਗਤਾਂ ਨੂੰ ਪਲਾਉਂਦਿਆਂ ਸ਼ਰਮ ਅਉਣੀ ਚਾਹੀਦੀ ਹੈ ਅਤੇ ਜਥਾਰਥ ਦਾ ਹੀ ਉਪਦੇਸ਼ ਦੇਣਾ ਚਾਹੀਦਾ ਹੈ। ਗੁਰਸਿਖੋ! ਗੁਰਬਾਣੀ ਦੀ ਡੀਪਲੀ ਵੀਚਾਰ ਕਰਿਆ ਕਰੋ ਤਾਂ ਹੀ ਗੁਰਬਾਣੀ ਦੇ ਸੱਚੇ-ਸੁੱਚੇ ਗਿਆਨ-ਵਿਗਿਆਨ ਨਾਲ ਭਰੇ ਮਨੁੱਖਤਾ ਦੀ ਭਲਿਆਈ ਵਾਲੇ ਉਪਦੇਸ਼ਾਂ ਨੂੰ ਸਮਝਿਆ ਜਾ ਸਕਦਾ ਹੈ। ਅਜੋਕੇ ਕਲਾਕਾਰ ਅਤੇ ਮਾਇਆਧਾਰੀ ਕਥਾਕਾਰ ਕਦੇ ਵੀ ਗੁਰ-ਉਪਦੇਸ਼ਾਂ ਦੀ ਸਹੀ ਵਿਆਖਿਆ ਨਹੀਂ ਕਰਨਗੇ ਕਿਉਂਕਿ ਉਹ ਕਮਰਸ਼ੀਅਲ ਹੋ ਚੁੱਕੇ ਹਨ। ਚਰਨਧੂੜਿ ਮੁਹਾਵਰਾ ਅਤਿ ਨਿਮਰਤਾ ਦਾ ਸੂਚਕ ਹੈ ਨਾਂ ਕਿ ਕਿਸੇ ਦੇ ਪੈਰ ਪੂੰਝ-ਪੂੰਝ ਕੇ ਗੰਦੀ ਧੂੜਿ ਮੱਥੇ ਤੇ ਲਾਉਣ ਜਾਂ ਪਾਣੀ ਵਿੱਚ ਘੋਲ ਘੋਲ ਕੇ ਪੀਣ ਦਾ। ਸੋ ਸਤਸੰਗੀਓ! ਸਾਨੂੰ ਗੁਰਬਾਣੀ ਦੇ ਜਥਾਰਥ ਨੂੰ ਸਮਝ ਕੇ ਹਉਮੈ ਹੰਕਾਰ ਤਿਆਗ ਕੇ ਸੱਚ, ਸੇਵਾ, ਪਰਉਪਕਾਰ, ਪ੍ਰੇਮ-ਪਿਆਰ, ਹਲੇਮੀ, ਨਿਮਰਤਾ ਆਦਿਕ ਸਦਗੁਣਾ ਦੀ ਗਿਆਨਮਈ ਚਰਨਧੂੜਿ ਲੈਣੀ ਚਾਹੀਦੀ ਹੈ ਨਾਂ ਕਿ ਕਿਸੇ ਸਾਧ ਦੇ ਪੈਰ ਧੋ ਕੇ ਪੀਣੇ ਜਾਂ ਖਾਕ ਮੱਥੇ ਤੇ ਲਾਉਣੀ ਚਾਹੀਦੀ ਹੈ।




.