ਪਾਠੁ ਪੜੈ
ਮੁਖਿ ਝੂਠੋ ਬੋਲੈ, ਨਿਗੁਰੇ ਕੀ ਮਤਿ ਓਹੈ॥
ਅਜੋਕੇ ਸਮੇਂ ਕਈ ਤਖਤ ਸਾਹਿਬਾਨ ਦੇ ਜਥੇਦਾਰ ਅਖਵਾਉਣ ਵਾਲੇ ਸਿੱਖਾਂ ਨੂੰ ਨਾਸਤਿਕ ਬਣਾ ਰਹੇ ਹਨ
ਗੁਰਸ਼ਰਨ ਸਿੰਘ ਕਸੇਲ, ਕਨੇਡਾ
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ
ਸੰਨ 1608 ਈ: ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਨੀਂਹ ਰੱਖੀ ਸੀ। ਜਿਸ ਉਦੇਸ਼ ਨਾਲ ਗੁਰੂ ਜੀ ਨੇ
ਸ੍ਰੀ ਅਕਾਲ ਤਖਤ ਸਾਹਿਬ ਦਾ ਨਿਰਮਾਣ ਕੀਤਾ ਸੀ, ਉਹ ਬਹੁਤ ਹੀ ਵਧੀਆ ਹੈ। ਜਿਸ ਅਨੁਸਾਰ ਇਥੇ ਸਿੱਖ
ਕੌਮ ਦੇ ਹਰਤਰ੍ਹਾਂ ਦੇ ਮਸਲੇ ਗੁਰਮਤਿ ਦੀ ਸੇਧ ਵਿੱਚ ਵਿਚਾਰੇ ਜਾ ਸਕਦੇ ਹਨ; ਉਹ ਭਾਂਵੇ ਸਮਾਜਕ,
ਧਾਰਮਿਕ ਜਾਂ ਰਾਜਨੀਤਕ ਹੋਣ। ਇਸ ਸਰਵਉਚਤ ਸੰਸਥਾ ਦਾ ਸਿੱਖ ਕੌਮ ਨੂੰ ਬਹੁਤ ਮਾਣ ਹੈ ਅਤੇ ਰਹੇਕ
ਸਿੱਖ ਦਾ ਇਸ ਅੱਗੇ ਸਿਰ ਝੁੱਕਦਾ ਹੈ। ਕੋਈ ਸਿੱਖ ਕਿਸੇ ਵੀ ਉਚੀ ਪਦਵੀ ਤੇ ਭਾਂਵੇ ਕਿਉਂ ਨਾ ਹੋਵੇ
ਜੇਕਰ ਉਸ ਦੀ ਕਿਸੇ ਵੀ ਕਾਰਵਈ ਕਾਰਨ ਜੇ ਸਿੱਖ ਸਿਧਾਂਤ ਦੀ ਅੱਵਗਿਆ ਹੁੰਦੀ ਹੋਵੇ ਜਾਂ ਕੌਮ ਨੂੰ
ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੋਵੇ ਤਾਂ ਉਸਨੂੰ ਸ੍ਰੀ ਅਕਾਲ ਤਖਤ ਸਾਹਿਬ ਸੱਦ ਕੇ ਗੁਰਮਤਿ
ਦੇ ਧਾਰਨੀ ਸਿੱਖ ਉਸ ਤੋਂ ਜਵਾਬ ਮੰਗਦੇ ਸਨ ਅਤੇ ਬਿਨਾ ਕਿਸੇ ਭੇਦਭਾਵ ਦੇ ਜੋ ਸੱਚ ਹੁੰਦਾ ਸੀ, ਉਸ
ਅਨੁਸਾਰ ਹੀ ਫੈਸਲਾ ਕੀਤਾ ਜਾਂਦਾ ਸੀ। ਦੂਜੇ ਪਾਸੇ ਕੌਮ ਦੀ ਚੜਦੀ ਕਲਾ ਨੂੰ ਮੁੱਖ ਰੱਖਕੇ ਜੇ ਕੋਈ
ਨਵਾਂ ਪ੍ਰੋਗਰਾਮ ਉਲੀਕਣਾ ਹੁੰਦਾ ਸੀ ਤਾਂ ਵੀ ਸਾਰੇ ਇਥੇ ਇੱਕਠੇ ਹੋਕੇ ਉਸ ਬਾਰੇ ਸੋਚ ਵਿਚਾਰ ਕਰਦੇ
ਸਨ। ਇਹ ਸਿੱਖ ਕੌਮ ਵਾਸਤੇ ਬਹੁਤ ਹੀ ਵਧੀਆ ਗੱਲ ਸੀ। ਪਰ ਜਿਵੇਂ ਆਪਾਂ ਸਾਰੇ ਵੇਖ ਰਹੇ ਹਾਂ, ਹੁਣ
ਕੀ ਹੋ ਰਿਹਾ ਹੈ? ਹੁਣ ਉਸ ਪਵਿਤਰ ਅਸਥਾਨ ਅਤੇ ਸਿੱਖਾਂ ਦੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜੇ
ਜੱਜਬਾਤਾਂ ਨੂੰ ਕੁੱਝ ਸਿਆਸੀ ਅਤੇ ਪੁਜਾਰੀ ਲੋਕ ਆਪਣਾ ਉੱਲੂ ਸਿੱਧਾ ਕਰਨ ਲਈ ਵਰਤ ਰਹੇ ਹਨ।
ਸ੍ਰੀ ਅਕਾਲ ਤਖਤ ਸਾਹਿਬ ਅਤੇ ਇਸ ਦੇ ਸਾਹਮਣੇ ਕਿੰਨੇ ਹੀ ਹਮੇਸ਼ਾਂ ਅਖੰਡ ਪਾਠ ਆਰੰਭ ਰਹਿੰਦੇ ਹਨ।
ਫਿਰ ਵੀ ਉਥੇ ਰਹਿਣ ਵਾਲੇ ਜੋ ਆਪਣੇ ਆਪ ਨੂੰ ‘ਸਿੰਘ ਸਾਹਿਬ’ ਜਾਂ ਜਥੇਦਾਰ ਅਖਵਾਉਂਦੇ ਹਨ, ਕੀ ਉਹਨਾ
ਦੇ ਕੀਤੇ ਫੈਸਲਿਆਂ ਤੋਂ ਗੁਰਮਿਤ ਦੀ ਝਲਕ ਵੀ ਦਿਖਾਈ ਦੇਂਦੀ ਹੈ? ਅੱਜ ਜਿਹੜੇ ਉਥੇ ਜਥੇਦਾਰ
ਅਖਵਾਉਂਦੇ ਹਨ, ਉਹ ਧਾਰਮਿਕ ਅਤੇ ਸਿਆਸੀ ਆਗੂ ਦੇ ਸਿਰ ਉਤੇ ਆਪਣੇ ਆਪ ਨੂੰ ਗੁਰੂ ਸਾਹਿਬਾਨ ਤੋਂ ਵੀ
ਉਪਰ ਸਮਝਦੇ ਹਨ। ਉਂਝ ਉਹ ਖ਼ੁਦ ਇੱਕ ਪੇਸ਼ਾਵਰ ਪੁਜਾਰੀ ਜਮਾਤ ਨਾਲ ਸਬੰਧਤ ਹਨ। ਉਹ ਜੋ ਇੱਕ ਪਾਠੀ ਜਾਂ
ਕੀਰਤਨ ਕਰਦੇ-ਕਰਦੇ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਕਰਨ ਵਾਲੀ ਸਿਆਸੀ ਪਾਰਟੀ ਦੀ ਚਿਮਚਾ ਗਿਰੀ ਕਰਕੇ
ਹੀ “ਸਿੰਘ ਸਾਹਿਬ” ਅਖਵਾਉਣ ਵਾਲੀ ਸਤਿਕਾਰ ਯੋਗ ਪਦਵੀ ਦੇ ਮਾਲਕ ਬਣੇ ਬੈਠੇ ਹਨ। ਅਜਿਹੇ ਲੋਕ ਕਹਿਣ
ਨੂੰ ਸਾਰੀ ਉਮਰ ਤਾਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਰਹੇ ਹਨ ਅਤੇ ਸਿੱਖਾਂ ਨੂੰ ਵੀ
ਆਖਦੇ ਹਨ ਗੁਰਬਾਣੀ ਪੜ੍ਹੋ! ਸਿਮਰਨ ਕਰੋ! ਇਸ ਨਾਲ ਮਨ ਸ਼ੁਧ ਹੁੰਦਾ ਹੈ। ਇਹ ਗੱਲ ਵੀ ਠੀਕ ਹੈ,
ਗੁਰਬਾਣੀ ਵੀ ਇਸ ਗੱਲ ਦਾ ਪ੍ਰਮਾਣ ਦੇਂਦੀ ਹੈ: ਅੰਮ੍ਰਿਤਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ
ਕਊਆ ਹੰਸੁ ਹੋਹੈ॥ ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨੑ ਗੁਰਮਤਿ ਨਾਮੁ ਰਿਦੈ ਮਲੁ ਧੋਹੈ॥ (ਮ: ੪,
ਪੰਨਾ ੪੯੨-੪੯੩) ਇਨ੍ਹਾਂ ਨੇ ਵੀ ਬਹੁਤ ਵਾਰੀ ਇਹ ਪਵਿਤਰ ਪੰਗਤੀਆਂ ਪੜ੍ਹੀਆਂ ਹੋਣਗੀਆਂ, ਪਰ ਇਹ
ਜਥੇਦਾਰ ਜਾਂ ਹੈਡ ਗ੍ਰੰਥੀ ਜੋ ਵੀ ਪੰਜ ਪਿਆਰਿਆਂ ਦੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਬੈਠ ਕੇ
ਸਿੱਖਾਂ ਦੇ ਮਸਲੇ ਸੁਣਦੇ ਹਨ, ਇਹ ਲੋਕ ਤਾਂ ਸ੍ਰੀ ਹਰਿਮੰਦਰ ਸਾਹਿਬ ਹਮੇਸ਼ਾਂ ਹੀ ਰਹਿੰਦੇ ਹਨ ਅਤੇ
ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਚੌਰ ਵੀ ਕਰਦੇ ਹਨ, ਅਤੇ ਮੁੱਖ ਵਾਕ ਵੀ ਲੈਂਦੇ ਹਨ। ਇਹ ਲੋਕ ਕਈ
ਕਈ ਸਾਲਾਂ ਤੋਂ ਗੁਰੁ ਘਰ ਦਾ ਖਾਂਦੇ ਆ ਰਹੇ ਹਨ ਅਤੇ ਅੰਦਰ ਖਾਤੇ ਉਸਦੇ ਦੋਖੀ ਸਾਧ ਲਾਣੇ ਨਾਲ ਵੀ
ਮਿਲੇ ਹੋਏ ਹਨ ਜੋ ਗੁਰਮਤਿ ਸਿਧਾਂਤ ਨੂੰ ਤੋੜ ਮਰੋੜ ਕੇ ਸਿੱਖਾਂ ਸਾਹਮਣੇ ਪੇਸ਼ ਕਰਦੇ ਹਨ। ਸ੍ਰੀ
ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਨੂੰ ਵੀ ਗੁਰੂ ਪ੍ਰਚਾਰ ਰਹੇ ਹਨ ਜਿਸ ਵਿੱਚ
ਤਕਰੀਬਨ 550 ਪੰਨੇ ਅਸ਼ਲੀਲ ਕਹਾਣੀਆਂ ਅਤੇ ਏਨੇ ਪੰਨੇ ਹੀ ਹਿੰਦੂ ਧਰਮ ਦੇ ਗ੍ਰੰਥਾਂ ਦੇ ਉਲਥੇ ਨਾਲ
ਭਰੇ ਹੋਏ ਹਨ ਅਤੇ ਆਪ ਇਹ ਲੋਕ ਸਿੱਖਾਂ ਦੀ ਕਮਾਈ `ਤੇ ਐਸ਼ਾਂ ਕਰ ਰਹੇ ਹਨ। ਗੁਰਬਾਣੀ ਦੀਆਂ ਉਪਰ
ਲਿਖੀਆਂ ਪੰਗਤੀਆਂ ਜੋ ਇਨ੍ਹਾਂ ਪਤਾ ਨਹੀਂ ਕਈ ਵਾਰ ਪੜ੍ਹੀਆਂ ਅਤੇ ਸਿੱਖਾਂ ਨੂੰ ਸੁਣਾਈਆਂ ਹੋਣਗੀਆਂ
ਪਰ ਇਹਨਾਂ ਦੇ ਕਰ ਰਹੇ ਕੰਮਾਂ ਤੋਂ ਨਹੀਂ ਲੱਗਦਾ ਕਿ ਇਹ ਆਪ ਅਜੇ ਗੁਰਬਾਣੀ ਵਿੱਚ ਮਨੁੱਖ ਨੂੰ
ਸੁਧਾਰਨ ਲਈ ਦਿਤੀ ਕਾਂ ਵਾਲੀ ਬਿਰਤੀ ਦੀ ਉਦਾਹਰਣ ਤੋਂ ਆਪ ਨਿਕਲ ਸਕੇ ਹੋਣ।
ਅੱਜ ਇਹਨਾ ਜਥੇਦਾਰਾਂ ਦੇ ਹੰਕਾਰ ਦੀ ਇਹ ਹਾਲਤ ਹੋ ਗਈ ਹੈ ਕਿ ਕਿਸੇ ਵਿਅਕਤੀ ਨੂੰ ਆਪਣੇ ਤੇ ਲੱਗੇ
ਸੱਚੇ ਜਾਂ ਝੂਠੇ ਇਲਜ਼ਾਮ ਬਾਰੇ ਸਫਾਈ ਦੇਣ ਵਾਸਤੇ ਆਏ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠਕੇ
ਸਿੱਖਾਂ ਅਤੇ ਮੀਡੀਏ ਸਾਹਮਣੇ ਸੁਣ ਵੀ ਨਹੀਂ ਸਕਦੇ। ਆਪਣਾ ਵੱਖਰਾ ਹੀ ਦਫਤਰ ਬਣਾ ਕੇ ਬੈਠੇ ਹਨ; ਜਿਸ
ਵਿੱਚ ਇਹ ਆਪਣੇ ਆਪ ਨੂੰ ਗੁਰੂ ਤੋਂ ਵੀ ਉਪਰ ਸਮਝਦੇ ਹਨ। ਉਥੇ ਆਏ ਸਿੱਖਾਂ ਦੀ ਬੇਇੱਜਤੀ ਕਰਦੇ ਹਨ
ਅਤੇ ਮਨ ਮਰਜੀ ਅਨੁਸਾਰ ਉਸ ਨਾਲ ਸੌਦਾ ਅਤੇ ਸਜ਼ਾ ਤਹਿ ਕਰਦੇ ਹਨ। ਇਹ ਪੁਜਾਰੀ ਲੋਕ ਤਾਂ ਹੁਣ ਬਾਹ
ਉੱਚੀ ਕਰਕੇ ਆਖਦੇ ਹਨ ਕਿ: “ਜਿਹੜਾ ਸਿੱਖ ਸਾਡਾ ਹੁਕਮ ਨਹੀਂ ਮੰਨਦਾ ਉਹ ਸਿੱਖ ਹੀ ਨਹੀਂ ਹੈ, ਉਹ
ਗੁਰੂ ਨਿੰਦਕ ਹੈ”। ਇਹਨਾ ਦੇ ਪੇਸ਼ ਹੋਏ ਸਿੱਖਾਂ ਨਾਲ ਸੌਦਾ ਕਰਨ ਦਾ ਜਿਕਰ ਕਈ ਵਾਰ ਅਖਬਾਰਾਂ ਵਿੱਚ
ਪੜ੍ਹਿਆ ਅਤੇ ਰੇਡੀਓ ਆਦਿਕ ਰਾਹੀਂ ਸੁਣੀਆਂ ਹੈ। ਹੈਰਾਨੀ ਦੀ ਗੱਲ ਹੈ ਕਿ ਅਜਿਹੇ ਧਾਰਮਿਕ ਵਿਅਕਤੀ
ਹੋਣ ਦਾ ਬੁਰਕਾ ਪਾਈ ਫਿਰਦੇ ਲੋਕਾਂ ਦੇ ਮਨਾਂ ਤੇ ਕਦੀ ਵੀ ਗੁਰਬਾਣੀ ਦੇ ਇਹਨਾਂ ਸ਼ਬਦਾਂ ਦਾ ਰੱਤੀਭਰ
ਵੀ ਅਸਰ ਨਹੀਂ ਹੋਇਆ ਲੱਗਦਾ। ਕਿਉਂਕਿ ਇਹਨਾ ਲੋਕਾਂ ਦਾ ਉਹ ਹਾਲ ਲੱਗਦਾ ਹੈ ਜੋ ਗੁਰਬਾਣੀ ਦੇ ਇਸ
ਸ਼ਬਦ ਰਾਹੀਂ ਸਿੱਖਾਂ ਨੂੰ ਸਮਝਾਇਆ ਗਿਆ ਹੈ: ਦਿਲਹੁ ਮੁਹਬਤਿ ਜਿੰਨੑ, ਸੇਈ ਸਚਿਆ॥ ਜਿਨੑ ਮਨਿ
ਹੋਰੁ ਮੁਖਿ ਹੋਰੁ, ਸਿ ਕਾਂਢੇ ਕਚਿਆ॥ (ਸ਼ੇਖ ਫਰੀਦ ਜੀ, ਪੰਨਾ 844)
ਇਕ ਪਾਸੇ ਤਾਂ ਇਹ ਲੋਕ ਗੁਰਬਾਣੀ ਦੀਆਂ ਇਨ੍ਹਾਂ ਪੰਗਤੀਆਂ ਦਾ ਪ੍ਰਚਾਰ ਕਰਦੇ ਹਨ: ਪਸੂ ਪਰੇਤ
ਮੁਗਧ ਭਏ ਸ੍ਰੋਤੇ ਹਰਿ ਨਾਮਾ ਮੁਖਿ ਗਾਇਆ।। (ਮ: 5, ਪੰਨਾ 614) ਪਰ ਜਦੋਂ ਅਜੋਕੇ ਸਮੇਂ ਦੇ
ਕਈ ਜਥੇਦਾਰ, ਹੈਡ ਗ੍ਰੰਥੀ ਆਦਿਕ ਗੁਰਦੁਆਰਿਆਂ ਵਿੱਚ ਹਰ ਸਮੇਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ
ਹਜ਼ੂਰੀ ਵਿੱਚ ਰਹਿੰਦੇ ਹੋਏ, ਅਜਿਹੇ ਪਖਪਾਤੀ ਫੈਸਲੇ ਕਰਦੇ ਅਤੇ ਝੂਠ ਬੋਲਦੇ ਹਨ ਤਾਂ ਆਮ ਸਿੱਖ ਵੀ
ਹੈਰਾਨ ਹੁੰਦਾ ਹੈ ਕਿ ਇਹ ਲੋਕ ਤਾਂ ਪਤਾ ਨਹੀਂ ਕਿੰਨੀ ਕਿੰਨੀ ਵਾਰੀ ਗੁਰਬਾਣੀ ਦੇ ਇਹ ਸ਼ਬਦ ਪੜ੍ਹ
ਸੁੱਣ ਚੁੱਕੇ ਹਨ: ਹੋਵੈ ਸਿਫਤਿ ਖਸੰਮ ਦੀ, ਨੂਰੁ ਅਰਸਹੁ ਕੁਰਸਹੁ ਝਟੀਐ॥ ਤੁਧੁ ਡਿਠੇ ਸਚੇ
ਪਾਤਿਸਾਹ, ਮਲੁ ਜਨਮ ਜਨਮ ਦੀ ਕਟੀਐ॥ (ਬਲਵੰਡਿ ਤੇ ਸੱਤਾ, ਪੰਨਾ ੯੬੭) ਇਹਨਾ ਸਿੱਖ ਕੌਮ ਦੇ ਮਾਲਕ
ਬਣੇ ਜਥੇਦਾਰਾਂ ਨੂੰ ਵੇਖ ਕੇ ਆਮ ਸਿੱਖ ਸੋਚਦਾ ਹੈ, ਕਿ ਆਪਣੇ ਆਪ ਨੂੰ “ਸਿੰਘ ਸਾਹਿਬ” ਅਖਵਾਉਣ
ਵਾਲਿਆਂ ਦੇ ਕੀਤੇ ਫੈਸਲਿਆਂ ਤੋਂ ਤਾਂ ਇਹਨਾ ਦੀ ਮਾਨਸਿਕਤਾਂ ਹਾਲੀ ਵੀ ਝੂਠ ਫਰੇਬ ਅਤੇ ਲਾਲਚ ਨਾਲ
ਭਰੀ ਪਈ ਲੱਗਦੀ ਹੈ, ਤਾਂ ਅਸੀਂ ਕਦੀ ਕਦਾਈ ਪਾਠ ਕਰਨ ਜਾਂ ਸ੍ਰੀ ਦਰਬਾਰ ਸਾਹਿਬ ਜਾਣ ਵਾਲਿਆ ਦਾ
ਗੁਰਬਾਣੀ ਕੀ ਸਵਾਰ ਦੇਵੇਗੀ? ਅਜਿਹੇ ਧਾਰਮਿਕ ਦਿੱਸਣ ਵਾਲੇ ਲੋਕ ਸਿੱਖ ਧਰਮ ਦਾ ਬਹੁਤ ਵੱਡਾ ਨੁਕਸਾਨ
ਕਰ ਰਹੇ ਹਨ। ਇਹਨਾ ਲੋਕਾਂ ਦਾ ਅਸਲੀ ਚੇਹਰਾ ਸ਼ਰਧਾਵਾਨ ਸਿੱਖਾਂ ਦੇ ਸਾਹਮਣੇ ਲਿਆਉਣ ਦੀ ਹੁਣ ਸਮੇਂ
ਦੀ ਜ਼ਰੂਰਤ ਬਣ ਗਈ ਹੈ। ਜੇ ਸਿੱਖਾਂ ਨੇ ਸਿੱਖ ਧਰਮ ਅਤੇ ਕੌਮ ਨੂੰ ਖੇਰੂ-ਖੇਰੂ ਹੋਣ ਤੋਂ ਬਚਾਉਣਾ ਹੈ
ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੁਜਾਰੀਵਾਦ ਅਤੇ ਅਜੋਕੀ ਸਿਆਸਤ ਦੇ ਕਬਜੇ ਵਿੱਚੋਂ ਮੁੱਕਤ
ਕਰਵਾਉਣਾ ਹੋਵੇਗਾ।
ਸੋਚਣ ਵਾਲੀ ਗੱਲ ਹੈ, ਜਿਥੇ ਵੀ ਦੁਨੀਆਵੀ ਅਦਾਲਤ ਲੱਗਦੀ ਹੈ ਅਤੇ ਉਸ ਜੱਜ ਦੇ ਸਾਹਮਣੇ ਜਦੋਂ ਕੋਈ
ਵਿਅਕਤੀ ਆਪਣਾ ਕੇਸ ਲੈਕੇ ਜਾਂਦਾ ਹੈ ਤਾਂ ਉਥੇ ਮੀਡੀਏ ਵਾਲੇ ਵੀ ਹੁੰਦੇ ਹਨ ਅਤੇ ਹੋਰ ਲੋਕੀ ਵੀ;
ਹਾਂਲਾਕਿ ਉਸ ਅਦਾਲਤ ਵਿੱਚ ਵਕੀਲ ਝੂਠ ਵੀ ਬੋਲਕੇ ਆਪਣਾ ਕੇਸ ਜਿਤਣ ਦੀ ਕੋਸ਼ਿਸ਼ ਕਰਦੇ ਹਨ। ਉਥੇ ਜੱਜ
ਜਿਸ ਕੁਰਸੀ ਤੇ ਬੈਠਕੇ ਕੇਸ ਸੁਣਦਾ ਹੈ, ਫੈਸਲਾ ਵੀ ਉਥੋਂ ਹੀ ਸੁਣਾਉਂਦਾ ਹੈ, ਇਹ ਨਹੀਂ ਕਿ ਕੇਸ
ਕਿਸੇ ਵੱਖਰੇ ਕਮਰੇ ਵਿੱਚ ਸੁਣੇ ਅਤੇ ਫੈਸਲਾ ਕਿਤੋਂ ਹੋਰ ਜਗ੍ਹਾ ਖਲੋ ਕੇ ਸੁਣਾਵੇ। ਪਰ ਹੈਰਾਨਗੀ
ਵਾਲੀ ਗੱਲ ਹੈ ਕਿ ਜਿਸ ਅਦਾਲਤ ਵਿੱਚ ਸਿਰਫ ਤੇ ਸਿਰਫ ਸੱਚ ਦੀ ਹੀ ਗੱਲ ਹੋਣੀ ਹੈ ਉਸ ਅਦਾਲਤ ਦੇ
ਕਮਰੇ ਵਿੱਚ ਕੋਈ ਮੀਡੀਏ ਵਾਲਾ ਜਾਂ ਕੋਈ ਆਮ ਆਦਮੀ ਹੋਰ ਕਿਉਂ ਨਹੀਂ ਜਾ ਸਕਦਾ? ਜਦਕਿ ਇਹ ਸ੍ਰੀ
ਅਕਾਲ ਤਖਤ ਸਾਹਿਬ ਦਾ ਸਿਧਾਂਤ ਹੀ ਨਹੀਂ ਹੈ। ਇਥੇ ਤਾਂ ਸਰਬੱਤ ਖਾਲਸਾ ਬੁਲਾਕੇ ਫੈਸਲੇ ਹੁੰਦੇ ਰਹੇ
ਹਨ ਅਤੇ ਉਥੋਂ ਹੀ ਸਿੱਖਾਂ ਨੂੰ ਫੈਸਲੇ ਸੁਣਾਏ ਜਾਂਦੇ ਰਹੇ ਹਨ; ਫਿਰ ਹੁਣ ਇੱਕ ਕਮਰੇ ਵਿੱਚ ਕਿਉ?
ਇਕ ਹੋਰ ਗੱਲ ਵੀ ਸੋਚਣ ਵਾਲੀ ਹੈ, ਸ੍ਰੀ ਅਕਾਲ ਤਖਤ ਸਾਹਿਬ ਤੇ ਇਹ ਜ਼ਰੂਰੀ ਕਿਉਂ ਹੈ ਕਿ ਬਾਕੀ ਦੇ
ਚਾਰ ਪਿਆਰੇ ਵੀ ਪੇਸ਼ਾਵਰ ਪੁਜਾਰੀ ਹੀ ਹੋਣ? ਸਿੱਖਾਂ ਵਿੱਚੋਂ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੇ ਸਿਧਾਂਤ ਨੂੰ ਸਮਝਣ ਅਤੇ ਪੂਰਨ ਸਿੱਖੀ ਸਰੂਪ ਵਿੱਚ ਸੱਚੇ ਨੂੰ ਸੱਚਾ ਅਤੇ ਝੂਠੇ ਨੂੰ ਝੂਠਾ ਕਹਿਣ
ਵਾਲੇ ਵਿਦਵਾਨ ਕਿਉਂ ਨਹੀਂ ਪੰਜ ਪਿਆਰਿਆਂ ਜਾਂ ਜਥੇਦਾਰਾਂ ਦਾ ਹਿੱਸਾ ਬਣ ਸਕਦੇ? ਪੇਸ਼ਾਵਰ ਗ੍ਰੰਥੀ
ਜਾਂ ਰਾਗੀ ਹੀ ਜ਼ਰੂਰੀ ਕਿਉਂ?
ਜਿਹਨਾਂ ਧਾਰਮਿਕ ਅਸਥਾਨਾ ਨੇਂ ਸਿੱਖਾਂ ਅਤੇ ਗੈਰਸਿੱਖਾਂ ਨੂੰ “ਸ਼ਬਦ ਗੁਰੂ” ਨਾਲ ਜੋੜਨਾ ਸੀ, ਅੱਜ
ਉਥੋਂ ਦੇ ਕਾਬਜ ਜਥੇਦਾਰ ਅਖਵਾਉਣ ਵਾਲੇ ਆਪ “ਸ਼ਬਦ ਗੁਰੂ” ਤੋਂ ਬੇਮੁੱਖ ਹੋ ਚੁੱਕੇ ਹਨ, ਅਤੇ ਉਹਨਾਂ
ਦੇ ਲਏ ਪਖਪਾਤੀ ਫੈਸਲਿਆਂ ਨੂੰ ਵੇਖਕੇ ਸਿੱਖ ਹੋਰਨਾ ਧਰਮਾਂ ਜਾਂ ਡੇਰਿਆਂ ਵੱਲ ਜਾ ਰਹੇ ਹਨ ਜਾਂ
ਨਾਸਤਿਕ ਬਣ ਰਹੇ ਹਨ। ਇਹ ਜਥੇਦਾਰ ਅਖਵਾਉਣ ਵਾਲੇ ਲੋਕ ਜਿੰਨਾ ਦੇ ਕੰਮ ਤਾਂ ਸੱਚੇ ਸੁੱਚੇ ਇਨਸਾਨਾਂ
ਵਾਲੇ ਨਹੀਂ ਲੱਗਦੇ, ਪਰ ਸਿੱਖਾਂ ਨੂੰ ਆਖਦੇ ਹਨ ਕਿ ਸਾਡਾ ਕੀਤਾ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਦਾ
ਹੁਕਮ ਹੈ; ਅਤੇ ਹਰ ਸਿੱਖ ਨੂੰ ਬਿਨਾ ਕਿਸੇ ਚੂੰ ਪੈਂ ਕੀਤਿਆਂ ਸਾਡੇ ਅੱਗੇ ਗੋਡੇ ਟੇਕਣੇ ਪੈਣਗੇ।
ਅੱਜ ਸਿੱਖਾਂ ਨੂੰ ਇਹ ਜ਼ਰੂਰ ਸੋਚਣਾ ਪਵੇਗਾ ਕਿ ਇਹ ਸਿਆਸੀ ਲੀਡਰਾਂ ਦੇ ਗੁਲਾਮ ਬੰਦਿਆਂ ਨੂੰ ਅਸੀਂ
ਤਖਤਾਂ ਦੇ ਜਥੇਦਾਰ ਆਖਣਾ ਵੀ ਹੈ? ਜਿੰਨਾਂ ਦੇ ਲਏ ਫੈਸਲਿਆਂ ਤੋਂ ਉਹਨਾ ਦੀ ਮਾਨਸਿਕ ਅਸਲੀਅਤ ਤਾਂ
ਗੁਰਬਾਣੀ ਦੇ ਇਸ ਸ਼ਬਦ ਵਿੱਚ ਦਿਤੀ ਉਦਾਹਰਣ ਤੋਂ ਵੀ ਅੱਜ ਮਾੜੀ ਲਗ ਰਹੀ ਹੈ:॥ ਬਗਾ ਬਗੇ ਕਪੜੇ
ਤੀਰਥ ਮੰਝਿ ਵਸੰਨਿੑ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿੑ॥ (ਮ: ੧, ਪੰਨਾ ੭੨੯)
ਪੰਥ ਦਰਦੀਓ ਆਓ! ਅਜੇ ਵੀ ਵੇਲਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਫ਼ਲਸਫੇ ਨੂੰ ਬਚਾਉਣ ਲਈ ਜਾਗਰੂਕ
ਹੋਈਏ। ਜੇ ਉਥੇ ਸੱਚ ਦੇ ਅਧਾਰ ਤੇ ਫੈਸਲੇ ਹੋਣਗੇ ਤਾਂ ਕੋਈ ਵੀ ਸਿੱਖ ਉਥੋਂ ਹੋਏ ਫੈਸਲੇ ਤੋਂ ਆਕੀ
ਨਹੀਂ ਹੋਵੇਗਾ ਅਤੇ ਸਿੱਖ ਕੌਮ ਵੀ ਚੜ੍ਹਦੀ ਕਲਾ ਵਿੱਚ ਰਹੇਗੀ।