.

ਸ੍ਰ ਮੱਖਣ ਸਿੰਘ ਜੀ,

ਵਾਹਿਗੁਰ ਜੀ ਕਾ ਖਾਲਸਾ, ਵਾਹਿਗੁਰ ਜੀ ਕੀ ਫਤਿਹ, ਸ੍ਰ ਗੁਰਇੰਦਰ ਸਿੰਘ ਜੀ ਕੋਟਕਪੂਰਾ ਨੂੰ ਲਿਖੇ ਗਏ ਪੱਤਰ ਜਿਸ ਦੀ ਨਕਲ ਆਪ ਜੀ ਨੂੰ ਵੀ ਇਸ ਬੇਨਤੀ ਨਾਲ ਭੇਜੀ ਗਈ ਸੀ ਤਾਂਕਿ ਸ੍ਰ ਗੁਰਇੰਦਰ ਸਿੰਘ ਜੀ ਖੁੱਲੇ ਸਮੇਂ ਵਿੱਚ ਉਨ੍ਹਾਂ ਅਤੇ ਰੋਜ਼ਾਨਾ ਸਪੋਕਸਮੈਨ ਵਲੋਂ ਤੱਤ ਗੁਰਮਤਿ ਪਰਿਵਾਰ ਸਬੰਧੀ ਜੋ ਕੁੱਝ ਕਿਹਾ ਗਿਆ ਸੀ ਉਸਦੀ ਪੁਨਰਪੜਚੋਲ ਕਰਕੇ ਸੱਚ ਸਮਝਣ ਅਤੇ ਪਛਾਨਣ ਦੀ ਕੋਸ਼ਿਸ਼ ਕਰਨ, ਪਰ ਕਾਫੀ ਲੰਮਾਂ ਸਮਾਂ ਉਨ੍ਹਾਂ ਦੇ ਜਵਾਬ ਦੀ ਉਡੀਕ ਕਰਨ ਤੋਂ ਬਾਦ ਆਪ ਜੀ ਨੂੰ ਬੇਨਤੀ ਹੈ ਕਿ ਜੇਕਰ ਸੰਭਵ ਹੋ ਸਕੇ ਤਾਂ ਹੇਠਲਾ ਖੱਤ ਸਿਖ ਮਾਰਗ ਦੇ ਪਾਠਕਾਂ ਦੀ ਜਾਣਕਾਰੀ ਲਈ, ਉਸ ਪੱਤਰ ਦੇ ਨਾਲ ਹੀ ਪਾ ਦਿੱਤਾ ਜਾਵੇ ਜੋ ਸ੍ਰ ਗੁਰਇੰਦਰ ਸਿੰਘ ਜੀ ਕੋਟਕਪੂਰਾ ਨੇ ੨੦ ਦਿਸੰਬਰ ੦੯ ਨੂੰ ਸਿਖ ਮਾਰਗ `ਤੇ ਪਾਇਆ ਸੀ ਤੱਤ ਗੁਰਮਤਿ ਪਰਿਵਾਰ ਕੋਟਕਪੂਰਾ ਜੀ ਦੇ ਸ਼ਕਿਆਂ ਦੇ ਜ਼ਵਾਬ ਉਡੀਕਣ ਤੋਂ ਬਾਦ ਸਿਖ ਮਾਰਗ ਦੇ ਪਾਠਕਾਂ ਦੇ ਸਨਮੁੱਖ ਹਾਜ਼ਿਰ ਹੋ ਇਹ ਕਹਿਣਾ ਚਾਹੁੰਦਾ ਹੈ ਕਿ ਕਿਸ ਤਰਾਂ ਸੱਚ ਨੂੰ ਛੁੱਪਾ ਕੇ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ ਜਾਂਦਾ ਹੈ ਤਾਂਕਿ ਉਨ੍ਹਾਂ ਦੀ ਕਹੀ ਹੋਈ ਗੱਲ ਨੂੰ ਪਾਠਕ ਇਨ ਬਿਨ ਸੱਚ ਮੰਨ ਲੈਣ।

ਸੱਚ ਪਛਾਨਣ ਅਤੇ ਸੱਚ ਬੋਲਣ ਲਈ ਹਲੂਣਾ

੨੦ ਦਿਸੰਬਰ ੦੯ ਨੂੰ ਸਿੱਖ ਮਾਰਗ `ਤੇ ਸੰਪਾਦਕ ਮੱਖਣ ਸਿੰਘ ਜੀ ਦੇ ਸਪੋਕਸਮੈਨ ਬਾਰੇ ਇੱਕ ਟਿੱਪਣੀ ਦੇ ਜਵਾਬ ਵਿੱਚ ਆਪ ਜੀ ਦਾ ਇੱਕ ਖੱਤ ਛਪਿਆ ਸੀ। ਸੰਪਾਦਕ ਜੀ ਦੀ ਟਿੱਪਣੀ ਅਤੇ ਆਪ ਜੀ ਦੇ ਜਵਾਬ ਦਾ ਸੰਬੰਧ ‘ਤੱਤ ਗੁਰਮਤਿ ਪਰਿਵਾਰ` ਨਾਲ ਸੀ, ਇਸ ਕਰਕੇ ਅਸੀਂ ਕੁੱਝ ਵਿਚਾਰ ਸਾਂਝੇ ਕਰ ਰਹੇ ਹਾਂ। ਸਮੇਂ ਦੀ ਘਾਟ ਅਤੇ ਹੋਰ ਰੁਝੇਂਵਿਆਂ ਕਾਰਨ, ਜਵਾਬ ਤਿਆਰ ਕਰਣ ਵਿੱਚ ਥੋੜੀ ਦੇਰ ਹੋ ਗਈ। ਇਸ ਲਈ ਖਿਮਾਂ ਦੇ ਜਾਚਕ ਹਾਂ। ਮੱਖਣ ਸਿੰਘ ਜੀ ਨੇ ਅਪਣੀ ਟਿੱਪਣੀ ਆਪ ਜੀ ਵਲੋਂ ਲਿਖੇ ਹੋਏ ਪਤਰ ਦੇ ਜਵਾਬ ਵਿੱਚ ਦੇ ਦਿਤੀ ਸੀ। ਫਿਰ ਵੀ ਅਸੀਂ ਆਪ ਜੀ ਦੇ ਖੱਤ ਦੇ ਆਧਾਰ `ਤੇ ਹੀ, ਨਿਮਰਤਾ ਸਹਿਤ, ਕੁੱਝ ਵਿਚਾਰਾਂ ਸਾਂਝੀਆਂ ਕਰ ਰਹੇ ਹਾਂ। ਆਸ ਹੈ ਆਪ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਢੁਕਵਾਂ ਪ੍ਰਤੀਕਰਮ ਜ਼ਰੂਰ ਭੇਜੋਗੇ।

੨੦ ਦਿਸੰਬਰ ਵਾਲੇ ਖੱਤ ਵਿੱਚ ਹੇਠ ਲਿਖੇ ਨੁਕਤੇ ਉਠਾਏ ਗਏ ਸਨ।

੧.’ਸਪੋਕਸਮੈਨ` ਵਲੋਂ ਥੋੜੇ ਸਮੇਂ ਵਿੱਚ ਪੰਜਾਬੀ ਪੱਤਰਕਾਰੀ ਅਤੇ ਪੰਥਕ ਜਾਗ੍ਰਿਤੀ ਦੇ ਖੇਤਰ ਵਿੱਚ ਮੀਲ ਪੱਥਰ ਗੱਡੇ ਹਨ।

੨.’ਤੱਤ ਗੁਰਮਤਿ ਪਰਿਵਾਰ` ਵਾਲੇ ਸਪੋਕਸਮੈਨ ਪਰਿਵਾਰ ਦਾ ਹੀ ਹਿੱਸਾ ਸਨ। ਇਨ੍ਹਾਂ ਨੇ ਕਿਸੇ ਨਵੀਂ ਜਥੇਬੰਦੀ ਦਾ ਗਠਨ ਕਰ ਲਿਆ।

੩. ਬੀਬੀ ਜਗਜੀਤ ਕੌਰ ਨੇ ਇਸ ਪਰਿਵਾਰ ਦਾ ਇਸ਼ਤਿਹਾਰ ਇਸ ਕਰਕੇ ਨਹੀਂ ਛਾਪਿਆ ਕਿਉਂਕਿ ਉਹ ਵੀ ਉਸੇ ਫੀਲਡ (ਪੰਥਕ ਜਾਗ੍ਰਿਤੀ) ਵਿੱਚ ਕੰਮ ਕਰ ਰਹੇ ਹਨ।

੪. ਉਥੇ ‘ਦੁਸ਼ਮਨ` ਜਾਂ ਹੋਰ ਕੋਈ ਅਪਸ਼ਬਦ ਵਰਤਣ ਵਾਲੀ ਕੋਈ ਗੱਲ ਨਹੀਂ ਹੋਈ।

੫. ਤੱਤ ਗੁਰਮਤਿ ਪਰਿਵਾਰ ਦੀ ਆਲੋਚਣਾ ‘ਲੱਤ-ਖਿੱਚੂ` ਅਤੇ ਇੱਕ ਫੀਸਦੀ ਗਲਤੀ ਨੂੰ ਵਧਾ ਚੜਾ ਕੇ ਪੇਸ਼ ਕਰਨ ਵਾਲੀ ਹੁੰਦੀ ਹੈ।

ਇਹਨਾਂ ਨੁਕਤਿਆਂ ਦੇ ਆਧਾਰ `ਤੇ ਆਪ ਜੀ ਸਾਹਮਣੇ ਕੁੱਝ ਬੇਨਤੀ ਰੂਪ ਵਿਚਾਰ ਪੇਸ਼ ਕਰ ਰਹੇ ਹਾਂ।

੧. ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਪੋਕਸਮੈਨ ਨੇ ਥੋੜੇ ਜਿਹੇ ਸਮੇਂ ਵਿੱਚ ਪੰਥਕ ਜਾਗ੍ਰਿਤੀ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ। ਪਰਿਵਾਰ ਨੇ ਇਸ ਗੱਲ ਤੋਂ ਕਦੀਂ ਵੀ ਇਨਕਾਰ ਨਹੀਂ ਕੀਤਾ। ਬਲਕਿ ਸਪੋਕਸਮੈਨ ਪ੍ਰਤੀ ਲਿਖੇ ਖੱਤਾਂ, ਲੇਖਾਂ ਆਦਿ ਵਿੱਚ ਆਪ ਜੀ ਨੂੰ ਇਸ ਦੀ ਸ਼ਲਾਘਾ ਕੀਤੀ ਹੋਈ ਜ਼ਰੂਰ ਨਜ਼ਰੀਂ ਪਈ ਮਿਲੇਗੀ। ਜੇ ਫਿਰ ਵੀ ਸਬੂਤ ਦੀ ਲੋੜ ਪਏ ਤਾਂ ਸਪੋਸਮੈਨ ਬਾਰੇ ਲਿਖੇ ਸਾਡੇ ਪਿਛਲੇ ਲੇਖਾਂ ਨੂੰ ਵਾਚਿਆ ਜਾ ਸਕਦਾ ਹੈ। ਪਰ ਸੁਧਾਰ ਦੇ ਨਜ਼ਰੀਏ ਨਾਲ ਕੀਤੀ ਕਿਸੇ ਦੀ ਗਲਤੀਆਂ/ਕਮੀਆਂ ਦੀ ‘ਹਾਂ-ਪੱਖੀ` ਆਲੋਚਣਾ ਕੋਈ ਗੁਨਾਹ ਤਾਂ ਨਹੀਂ ਹੋ ਜਾਂਦਾ? ਸਾਡੀ ਜਾਚੇ ‘ਸੁਧਾਰਮਈ ਆਲੋਚਣਾ` ਤਾਂ ਗੁਰਮਤਿ ਹੀ ਸਿਖਾਉਂਦੀ ਹੈ।

੨.’ਤੱਤ ਗੁਰਮਤਿ ਪਰਿਵਾਰ` ਦੇ ਜ਼ਿਆਦਾਤਰ ਮੈਂਬਰ ਸਪੋਕਸਮੈਨ ਪਰਿਵਾਰ ਦਾ ਹਿੱਸਾ ਸਨ ਹੀ ਨਹੀਂ ਸਨ, ਬਲਕਿ ਹੁਣ ਵੀ ਹਨ। ਸਾਡੇ ਕਿਸੇ ਵੀ ਮੈਂਬਰ ਨੇ ਸਪੋਕਸਮੈਨ ਨੂੰ ਨਹੀਂ ਛਡਿਆ। ਬੇਸ਼ਕ ਕਈਂ ਨੁਕਤਿਆਂ `ਤੇ ਅਸੀਂ ਸਪੋਕਸਮੈਨ ਨਾਲ ਸਹਿਮਤ ਨਹੀਂ। ਬਾਅਦ ਵਿੱਚ ਹੋ ਸਕਦਾ ਹੈ ਤੂਸੀ ਸਬੂਤ ਮੰਗੋ, ਇਸ ਲਈ ਹੁਣੇ ਹੀ ਦੇ ਰਹੇ ਹਾਂ

(ਉ) ਸਾਡੇ ਸਰਗਰਮ ਮੈਂਬਰ ਸ੍ਰ. ਦਲੀਪ ਸਿੰਘ ਜੀ ਕਸ਼ਮੀਰੀ ਹੁਣੇ ਵੀ ਸਪੋਕਸਮੈਨ ਟ੍ਰਸਟ ਦੇ ਪੰਜ ਟ੍ਰਸਟੀਆਂ ਵਿਚੋਂ ਇੱਕ ਹਨ। ਉਹਨਾਂ ਨੇ ਟ੍ਰਸਟ ਨੂੰ ਨਹੀਂ ਛਡਿਆ ਹੈ।

(ਅ) ਸਾਡੇ ਸਰਗਰਮ ਮੈਂਬਰ ਪ੍ਰਿੰਸੀਪਲ ਸ੍ਰ ਨਰਿੰਦਰ ਸਿੰਘ ਜੀ ਜੰਮੂ ਸਪੋਕਸਮੈਨ ਦੇ ‘ਮੁੱਖ ਸਰਪ੍ਰਸਤ` ਮੈਂਬਰ ਹਨ।

(ੲ) ਸਾਡੇ ਸਰਗਰਮ ਮੈਂਬਰ ਸ੍ਰ ਮਨਜੀਤ ਸਿੰਘ ਜੀ ਖਾਲਸਾ ਮੋਹਾਲੀ ‘ਏਕਸ ਕੇ ਬਾਰਿਕ` ਦੇ ਵਿਦਵਾਨ ਪੈਨਲ ਦੇ ਮੈਂਬਰ ਹਨ।

(ਸ) ਸਾਡੇ ਸਰਗਰਮ ਮੈਂਬਰ ਸ੍ਰ ਗੁਰਿੰਦਰ ਸਿੰਘ ਜੀ ਮੋਹਾਲੀ ‘ਏਕਸ ਕੇ ਬਾਰਿਕ` ਦੇ ਲਾਈਫ ਮੈਂਬਰ ਹਨ।

(ਹ) ਸਾਡੇ ਸਰਗਰਮ ਮੈਂਬਰ ਸ੍ਰ ਰਵਿੰਦਰ ਸਿੰਘ ਜੀ ਪਿੰਜੋਰ ‘ਏਕਸ ਕੇ ਬਾਰਿਕ` ਦੇ ਮੈਂਬਰ ਹਨ।

(ਕ) ਸਾਡੇ ਲਗਭਗ ਸਾਰੇ ਹੀ ਮੈਂਬਰ ਕਿਸੇ ਨਾ ਕਿਸੇ ਰੂਪ ਵਿੱਚ ‘ਸਪੋਕਸਮੈਨ ਪਰਿਵਾਰ` ਦਾ ਹਿੱਸਾ ਹਨ।

ਅਸੀਂ ਸਾਰੇ ਹੀ ਗੁਰਮਤਿ ਅਨੁਸਾਰੀ ਸਹੀ ਅਤੇ ਜਾਗ੍ਰਿਤੀ ਵਾਲੇ ਕੰਮਾਂ ਵਿੱਚ ‘ਸਪੋਕਸਮੈਨ ਟ੍ਰਸਟ` ਨਾਲ ਡੱਟ ਕੇ ਖੜੇ ਹਾਂ, ਕਿਉਂਕਿ ਸਾਡਾ ਸਾਥ ਕਿਸੇ ਬੰਦਾ ਵਿਸ਼ੇਸ਼ ਨਾਲ ਨਾ ਹੋਕੇ, ਗੁਰਮਤਿ ਸਿਧਾਂਤਾਂ ਨਾਲ ਹੈ। ਪਰ ‘ਸਪੋਕਸਮੈਨ ਪਰਿਵਾਰ` ਦਾ ਹਿੱਸਾ ਹੋਣ ਨਾਲ ਉਸ ਵਲੋਂ ਕੀਤੀਆਂ ਜਾ ਰਹੀਆਂ ਗਲਤੀਆਂ ਬਾਰੇ ਸੁਚੇਤ ਕਰਨ ਅਤੇ ਸਪਸ਼ਟੀਕਰਨ ਮੰਗਣ ਦਾ ਹੱਕ ਖਤਮ ਨਹੀਂ ਹੋ ਜਾਂਦਾ। ਬਲਕਿ ਕਿਸੇ ਵੀ ਸੁਹਿਰਦ ਜਥੇਬੰਦੀ, ਸੰਸਥਾ ਦੀ ਲੀਡਰਸ਼ਿਪ ਜ਼ਿਆਦਾ ਜਵਾਬਦੇਹ ਹੋਣੀ ਚਾਹੀਦੀ ਹੈ।

ਜਿਥੇ ‘ਤੱਤ ਗੁਰਮਤਿ ਪਰਿਵਾਰ` ਰੂਪੀ ਮੰਚ ਦੇ ਗਠਨ ਦਾ ਸਵਾਲ ਹੈ ਤਾਂ ਇਸ ਵਿੱਚ ਕੀ ਗਲਤ ਹੈ? ਕੀ ‘ਸਪੋਕਸਮੈਨ ਪਰਿਵਾਰ` ਦਾ ਹਿੱਸਾ ਹੋਣ ਦਾ ਇਹ ਮਤਲਬ ਹੈ ਕਿ ਉਹ ਬੰਦਾ ਕਿਸੇ ਹੋਰ ਜਥੇਬੰਦੀ ਜਾਂ ਮੰਚ ਨਾਲ ਨਹੀਂ ਜੁੜ ਸਕਦਾ? ਐਸਾ ਬਿਲਕੁਲ ਨਹੀਂ ਹੈ। ਸਪੋਕਸਮੈਨ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਹੋਰ ਵੀ ਕਿਸੇ ਨਾ ਕਿਸੇ ਜਥੇਬੰਦੀ ਜਾਂ ਮੰਚ ਨਾਲ ਜੁੜੇ ਹੋਏ ਹਨ। ਇਸ ਵਿੱਚ ਕੁੱਝ ਗਲਤ ਨਹੀਂ ਜਾਪਦਾ। ਜੇ ‘ਸਪੋਕਸਮੈਨ ਪਰਿਵਾਰ`ਦਾ ਮੈਂਬਰ ਬਨਣ ਲਈ ਇਹ ਸ਼ਰਤ ਹੈ ਕਿ ਉਹ ਮਨੁੱਖ ਕਿਸੇ ਵੀ ਹੋਰ ਸੰਸਥਾ, ਮੰਚ ਨਾਲ ਨਹੀਂ ਜੁੜ ਸਕਦਾ ਤਾਂ ਬੇਨਤੀ ਹੈ ਕਿ ਇਹ ਸ਼ਰਤ ‘ਰੋਜ਼ਾਨਾ ਸਪੋਕਸਮੈਨ` ਵਿੱਚ ਹਾਈਲਾਈਟ ਕਰਕੇ ਪ੍ਰਕਾਸ਼ਿਤ ਕੀਤੀ ਜਾਵੇ। ਨਾਲ ਹੀ ਸਪੋਕਸਮੈਨ ਪਰਿਵਾਰ ਦੇ ਉਹਨਾਂ ਸਾਰੇ ਮੈਂਬਰਾਂ, ਜੋ ਕਿਸੇ ਹੋਰ ਪੰਥਕ ਮੰਚ ਜਾਂ ਜਥੇਬੰਦੀ ਨਾਲ ਜੁੜੇ ਹੋਏ ਹਨ, ਨੂੰ ਮੈਂਬਰਸ਼ਿਪ ਖਤਮ ਕਰਨ ਦੀ ਚੇਤਾਵਨੀ ਵੀ ਭੇਜੀ ਜਾਵੇ।

3. ਤੀਜਾ ਨੁਕਤਾ ਸਪੋਕਸਮੈਨ (ਬੀਬੀ ਜਗਜੀਤ ਕੌਰ) ਵਲੋਂ ਇਸ਼ਤਿਹਾਰ ਛਾਪਣ ਤੋਂ ਕੀਤੀ ਮਨਾਹੀ ਦੇ ਸਬੰਧ ਵਿੱਚ ਹੈ। ਬੀਬੀ ਜਗਜੀਤ ਕੌਰ ਨੇ (ਤੁਹਾਡੇ ਅਨੁਸਾਰ) ਇਸ਼ਤਿਹਾਰ ਇਸ ਕਰਕੇ ਨਹੀਂ ਛਾਪਿਆ ਕਿਉਂਕਿ ‘ਪਰਿਵਾਰ` ਵੀ ਪੰਥਕ ਜਾਗ੍ਰਿਤੀ ਦੇ ਖੇਤਰ ਵਿੱਚ ਕੰਮ ਕਰ ਰਿਹਾ ਹੈ। ਕੀ ‘ਏਕਸ ਕੇ ਬਾਰਿਕ` ਦੇ ਗਠਨ ਤੋਂ ਪਹਿਲਾਂ ਵੀ ਕੌਮ ਵਿੱਚ ਜਾਗ੍ਰਿਤੀ ਦੇ ਖੇਤਰ ਵਿੱਚ ਕੁੱਝ ਸੰਸਥਾਵਾਂ ਕੰਮ ਨਹੀਂ ਸਨ ਕਰ ਰਹੀਆਂ? ਜੇ ਫੇਰ ਵੀ ਏਕਸ ਕੇ ਬਾਰਿਕ ਦਾ ਗਠਨ ਕੀਤਾ ਗਿਆ ਤਾਂ ਕਿਉਂ? ਜੇ ਇਸੇ ਤਰਾਂ ‘ਤੱਤ ਗੁਰਮਤਿ ਪਰਿਵਾਰ` ਨਾਂ ਦਾ ਇੱਕ ਮੰਚ ਹੋਰ ਬਣ ਗਿਆ ਤਾਂ ਇਸ ਵਿੱਚ ਕੀ ਗਲਤ ਹੋ ਗਿਆ? ਕੀ ਸਪੋਕਸਮੈਨ ਦੀ ਇਹ ਨੀਤੀ ਗੁਰਮਤਿ ਅਨੁਸਾਰੀ ਕਹੀ ਜਾ ਸਕਦੀ ਹੈ? ਬਲਕਿ ਸਪੋਕਸਮੈਨ ਨੂੰ ਤਾਂ ਜਾਗ੍ਰਿਤੀ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਹੋਰ ਸੰਸਥਾਵਾਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ, ਉਹਨਾਂ ਦੇ ਇਸ਼ਤਿਹਾਰ ਫ੍ਰੀ ਜਾਂ ਸਸਤੇ ਰੇਟ ਵਿੱਚ ਛਾਪਣੇ ਚਾਹੀਦੇ ਹਨ। ਨਾ ਕਿ ਉਹਨਾਂ ਪ੍ਰਤੀ ਈਰਖਾ ਦੀ ਭਾਵਨਾ ਰੱਖਣੀ ਚਾਹੀਦੀ ਹੈ।

ਤੁਹਾਡਾ ਇਹ ਦਾਅਵਾ ਵੀ ਸਹੀ ਨਹੀਂ ਹੈ ਕਿ ਸਿਰਫ ਇਕੋ ਫੀਲਡ (ਪੰਥਕ ਜਾਗ੍ਰਿਤੀ) ਵਿੱਚ ਕੰਮ ਕਰਦੇ ਹੋਣ ਕਾਰਨ ਹੀ ਪਰਿਵਾਰ ਦਾ ਇਸ਼ਤਿਹਾਰ ਨਹੀਂ ਛਾਪਿਆ ਗਿਆ। ਕੀ ਸਪੋਕਸਮੈਨ ਵਿੱਚ ਐਸੀ ਕਿਸੇ ਸੰਸਥਾ ਦਾ ਇਸ਼ਤਿਹਾਰ ਨਹੀਂ ਛਪਦਾ ਜੋ ਪੰਥਕ ਜਾਗ੍ਰਿਤੀ ਦੇ ਖੇਤਰ ਵਿੱਚ ਕੰਮ ਰਹੀ ਹੋਵੇ? ਐਸਾ ਬਿਲਕੁਲ ਹੀ ਨਹੀਂ ਹੈ। ਅਨੇਕਾਂ ਜਾਗਰੂਕ ਪੰਥਕ ਸੰਸਥਾਵਾਂ ਅਤੇ ਸ਼ਖਸੀਅਤਾਂ (ਦਸਮ ਗ੍ਰੰਥ ਵਿਚਾਰ ਮੰਚ, ਸ਼੍ਰੋਮਣੀ ਤੱਤ ਖਾਲਸਾ, ਪ੍ਰੋ. ਦਰਸ਼ਨ ਸਿੰਘ ਜੀ ਆਦਿ) ਦੇ ਇਸ਼ਤਿਹਾਰ, ਖਬਰਾਂ ਅਤੇ ਬਿਆਨ ਰੇਗੂਲਰ ਸਪੋਕਸਮੈਨ ਵਿੱਚ ਛਪਦੇ ਰਹਿੰਦੇ ਹਨ। ਫਿਰ ‘ਤੱਤ ਗੁਰਮਤਿ ਪਰਿਵਾਰ` ਨਾਲ ਹੀ ਵਿਤਕਰਾ ਅਤੇ ਨਰਾਜ਼ਗੀ ਕਿਉਂ? ਅਸਲ ਵਿੱਚ ਇਸਦਾ ਮੁੱਖ ਕਾਰਨ ਕੁੱਝ ਹੋਰ ਹੈ ਜੋ ਇਸ ਖੱਤ ਵਿੱਚ ਸਪਸ਼ਟ ਹੋ ਜਾਵੇਗਾ।

ਇਸ ਨੁਕਤੇ ਨਾਲ ਤੁਸੀਂ ਇਹ ਵੀ ਲਿਖਿਆ ਹੈ ਕਿ ਬੀਬੀ ਜਗਜੀਤ ਕੌਰ ਜੀ ਨੇ ਸਾਨੂੰ ਨਵਾਂ ਮੰਚ ਨਾ ਬਣਾਉਣ ਦੀ ਸਲਾਹ ਦਿਤੀ, ਜੋ ਅਸੀਂ ਨਹੀਂ ਮੰਨੀ, ਇਸੇ ਕਰਕੇ ਇਸ਼ਤਿਹਾਰ ਨਹੀਂ ਛਾਪਿਆ ਗਿਆ। ਕੀ ਇਹ ਪਹੁੰਚ ਵੀ ਸਹੀ ਕਹੀ ਜਾ ਸਕਦੀ ਹੈ? ਕੀ ਨਵਾਂ ਮੰਚ ਸਥਾਪਤ ਕਰਨਾ ਕੋਈ ਗੁਨਾਹ ਹੈ? ਦੂਜੀ ਗੱਲ ਰਹੀ ਏਕਸ ਕੇ ਬਾਰਿਕ ਨੂੰ ਮਜ਼ਬੂਤ ਕਰਨ ਦੀ। ਤਾਂ ਪਰਿਵਾਰ ਹਰ ਉਸ ਜਥੇਬੰਦੀ, ਸੰਸਥਾ, ਮੰਚ ਦਾ ‘ਗੁਰਮਤਿ ਸਮਰਥਨ` (ਉਥੇ ਸਮਰਥਨ ਜਿਥੇ ਉਸ ਗੁਰਮਤਿ ਅਨੁਸਾਰ ਗੱਲ ਕਰਦਾ ਹੈ) ਕਰਦਾ ਹੈ ਅਤੇ ਉਸਦਾ ਸੰਭਵ ਸਹਿਯੋਗ ਕਰਦਾ ਹੈ, ਏਕਸ ਕੇ ਬਾਰਿਕ ਵੀ ਉਹਨਾਂ ਵਿਚੋਂ ਇੱਕ ਹੈ। ਇਹ ਗੱਲ ਅਸੀਂ ਪਹਿਲਾਂ ਹੀ ਸਾਬਿਤ ਕਰ ਚੁਕੇ ਹਾਂ ਕਿ ਸਾਡੇ ਲਗਭਗ ਸਾਰੇ ਮੈਂਬਰ ਕਿਸੇ ਨਾ ਕਿਸੇ ਰੂਪ ਵਿੱਚ ‘ਸਪੋਕਸਮੈਨ ਪਰਿਵਾਰ` ਨਾਲ ਜੁੜੇ ਹੋਏ ਹਨ।

ਇਥੇ ਇੱਕ ਗੰਭੀਰ ਧਿਆਨ ਮੰਗਦਾ ਨੁਕਤਾ ਇਹ ਵੀ ਹੈ ਕਿ ਕਿਸੇ ਮੰਚ ਜਾਂ ਜਥੇਬੰਦੀ ਦੇ ਗਠਨ ਲਈ ਸੁਹਿਰਦਤਾ ਅਤੇ ਜਵਾਬਦੇਹੀ ਦੀ ਲੋੜ ਹੁੰਦੀ ਹੈ। ‘ਸਪੋਕਸਮੈਨ ਟ੍ਰਸਟ` ਦੀ ਸਰਪ੍ਰਸਤੀ ਹੇਠ ਪਹਿਲਾਂ ‘ਤੱਤ ਗੁਰਮਤਿ ਲਹਿਰ` ਸ਼ੁਰੂ ਕੀਤੀ ਗਈ। ਉਸ ਤੋਂ ਬਾਅਦ ‘ਪੰਜਾਬ ਏਕਤਾ ਮੰਚ` ਦਾ ਗਠਨ ਕੀਤਾ ਗਿਆ। ਉਹਨਾਂ ਦੇ ਬਾਰੇ ਹੁਣ ਸ਼ਾਇਦ ਜ਼ਿਕਰ ਹੋਣਾ ਵੀ ਬੰਦ ਹੋ ਗਿਆ ਹੈ। ਪਹਿਲੀਆਂ ਦੋ ਸੰਸਥਾਵਾਂ ਵਲੋਂ ਕੋਈ ਤਸੱਲੀਬਖਸ਼ ਪ੍ਰਾਪਤੀ ਨਾ ਹੋਣ ਤੋਂ ਬਾਦ ਇੱਕ ਨਵੀਂ ਜਥੇਬੰਦੀ ‘ਏਕਸ ਕੇ ਬਾਰਿਕ` ਦਾ ਗਠਨ ਕਰਨਾ ਕਿਸ ਸੁਹਿਰਦਤਾ ਦੀ ਨਿਸ਼ਾਨੀ ਕਹੀ ਜਾ ਸਕਦੀ ਹੈ? ਬਾਕੀ ਇਹ ‘ਸਪੋਕਸਮੈਨ ਟ੍ਰਸਟ` ਦੀ ਮਰਜ਼ੀ ਹੈ ਕਿ ਉਹ ਚਾਹੇ ਜਿਤਨੀਆਂ ਮਰਜ਼ੀ ਸੰਸਥਾਵਾਂ ਬਣਾਏ। ਜਿਸਦਾ ਉਸਨੂੰ ਹੱਕ ਵੀ ਹੈ। ਫੇਰ ‘ਤੱਤ ਗੁਰਮਤਿ ਪਰਿਵਾਰ` ਰੂਪੀ ਮੰਚ ਦੇ ਗਠਨ ਨਾਲ ਉਸਨੂੰ ਕਿਸ ਗੱਲ ਦੀ ਪਰੇਸ਼ਾਨੀ ਹੋ ਗਈ ਤੇ ਕਿਉਂ?

ਸਪੋਕਸਮੈਨ ਟ੍ਰਸਟ (ਏਕਸ ਕੇ ਬਾਰਿਕ) ਦੀ ਜਵਾਬਦੇਹੀ ਪ੍ਰਤੀ ਠੀਕ ਪਹੂੰਚ ਨਾ ਅਪਨਾਉਣ ਬਾਰੇ, ਅਗਲੇ ਇੱਕ ਨੁਕਤੇ ਵਿੱਚ ਸਪਸ਼ਟ ਹੋ ਜਾਵੇਗਾ।

4. ਅਸੀਂ ਅਪਣੀ ਚਿੱਠੀ ਵਿੱਚ ਲਿਖਿਆ ਸੀ ਕਿ ਇਸ਼ਿਤਿਹਾਰ ਛਪਾਉਣ ਵੇਲੇ ਜੋਗਿੰਦਰ ਸਿੰਘ ਜੀ ਨੇ ਫੋਨ `ਤੇ ਇਹ ਕਿਹਾ ਸੀ, “ਜਿਸ ਇਸ਼ਤਿਹਾਰ ਵਿੱਚ ਸਾਡੇ ਦੁਸ਼ਮਨ ਪਰਚੇ ‘ਇੰਡੀਆ ਅਵੈਅਰਨੈਸ` ਦੀ ਮਸ਼ਹੂਰੀ ਕੀਤੀ ਹੋਵੇ, ਉਹ ਅਸੀਂ ਕਿਵੇਂ ਛਾਪ ਸਕਦੇ ਹਾਂ? “

ਇਸ ਕਥਨ ਵਿੱਚ ਕੁੱਝ ਵੀ ਝੂਠ ਨਹੀਂ। ਬਾਕੀ ਰਹੀ ਸਬੂਤ ਦੇਣ ਦੀ ਗੱਲ ਤਾਂ ਅਸੀਂ ਕੋਈ ਉਥੇ ਸਟਿੰਗ ਉਪਰੇਸ਼ਨ ਕਰਨ ਨਹੀਂ ਗਏ ਸੀ ਜੋ ਗੱਲਬਾਤ ਦੀ ਰਿਕਾਰਡਿੰਗ ਕਰ ਕੇ ਸਬੂਤ ਸਾਂਭਦੇ? ਬਾਕੀ ਤੁਸੀਂ ਤਾਂ ਸਪੋਕਸਮੈਨ ਪਰਿਵਾਰ ਨਾਲ ਕੁੱਝ ਸਮੇਂ ਤੋਂ ਜੁੜੇ ਲਗਦੇ ਹੋ। ਜੋਗਿੰਦਰ ਸਿੰਘ ਜੀ ਦੀ ਬੋਲ ਬਾਣੀ ਕੈਸੀ ਹੈ, ਜੇ ਇਸ ਬਾਰੇ ਜਾਣਨਾ ਚਾਹੋ ਤਾਂ ਤੁਹਾਨੂੰ ਉਹਨਾਂ ਨਾਲ ਪੁਰਾਣੇ ਸਮੇਂ ਤੋਂ ਰਹੇ ਕੁੱਝ ਸਾਥੀਆਂ ਬਾਰੇ ਦਸ ਦੇਵਾਂਗੇ, ਉਹਨਾਂ ਕੋਲੋਂ ਜਾਣਕਾਰੀ ਲੈ ਸਕਦੇ ਹੋ। ਸਾਨੂੰ ਉਹਨਾਂ ਦੇ ਦੁਸ਼ਮਨ ਸਮਝਣ ਜਾਂ ਕਹਿਣ ਦਾ ਕੋਈ ਗਿਲਾ ਨਹੀਂ। ਅਸੀਂ ਤਾਂ ਸਿਰਫ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਇਸ਼ਤਿਹਾਰ ਨੂੰ ਨਾ ਛਾਪਣ ਦਾ ਕਾਰਨ ਇਹ ਸੀ ਕਿ ਉਹ ਸਾਡੇ ਤੋਂ (ਗਲਤ ਤੌਰ) ਤੇ ਨਰਾਜ਼ ਹਨ।

ਪਰ ਸਵਾਲ ਉਥੇ ਦਾ ਉਥੇ ਖੜਾ ਹੈ ਕਿ ਜਿਸ ਸਪੋਕਸਮੈਨ ਵਿੱਚ ਗੁਰਮਤਿ ਤੋਂ ਉਲਟ (ਅਖੌਤੀ ਸੰਤ ਬਾਬਿਆਂ, ਜੋਤਿਸ਼ ਆਦਿ) ਇਸ਼ਤਿਹਾਰ ਛਪ ਸਕਦੇ ਹਨ, ਤੱਤ ਗੁਰਮਤਿ ਪਰਿਵਾਰ ਦਾ ਇਸ਼ਹਿਾਰ ਕਿਉਂ ਨਹੀਂ ਛਪ ਸਕਦਾ?

੫. ਇਸ ਇਲਜ਼ਾਮ ਵਿੱਚ ਵੀ ਕੋਈ ਸੱਚਾਈ ਨਹੀਂ ਹੈ ਕਿ ਪਰਿਵਾਰ ਦੀ ਆਲੋਚਣਾ ਲੱਤ-ਖਿੱਚੂ ਅਤੇ ਇੱਕ ਫੀਸਦੀ ਨੂੰ ਵਧਾ-ਚੜਾ ਕੇ ਪੇਸ਼ ਕਰਨ ਵਾਲੀ ਹੂੰਦੀ ਹੈ। ਪਰਿਵਾਰ ਸਾਰੀਆਂ ਜਾਗ੍ਰਿਤੀ ਧਿਰਾਂ ਦੀ ਗਲਤ ਨੀਤੀਆਂ, ਕੰਮਾਂ ਦੀ ਆਲੋਚਣਾ ਕਰਦਾ ਰਿਹਾ ਹੈ। ਪਰ ਸਾਡੀ ਆਲੋਚਣਾ ‘ਸੁਧਾਰਮਈ` ਅਤੇ ‘ਹਾਂ-ਪੱਖੀ` ਹੁੰਦੀ ਹੈ। ਇਸਦਾ ਸਭ ਤੋਂ ਵੱਡਾ ਸਬੂਤ ਹੈ ਕਿ ਅਸੀਂ ਲਗਭਗ ਸਾਰੀਆਂ ਆਲੋਚਣਾਵਾਂ ਪਹਿਲਾਂ ਸੰਬੰਧਿਤ ਧਿਰ ਨੂੰ ਭੇਜਦੇ ਹਾਂ। ਜੇ ਉਸ ਧਿਰ ਵਲੋਂ ਇੱਕ ਨਿਸ਼ਚਿਤ ਸਮੇਂ ਤੱਕ ਕੋਈ ਜਵਾਬ, ਸਪਸ਼ਟੀਕਰਨ ਜਾਂ ਹੁੰਗਾਰਾ ਨਹੀਂ ਆਉਂਦਾ ਤਾਂ ਹੀ ਉਹ ਆਲੋਚਣਾ ਹੋਰ ਥਾਵਾਂ `ਤੇ ਭੇਜੀ ਜਾਂਦੀ ਹੈ।

ਦੂਜਾ, ਪਰਿਵਾਰ ਵਲੋਂ ਉਠਾਏ ਨੁਕਤੇ ਬੇਲੋੜੇ ਅਤੇ ਲੱਤ-ਖਿੱਚੂ ਨਹੀਂ ਹੁੰਦੇ। ਆਉ ਸਪੋਕਸਮੈਨ ਪ੍ਰਤੀ ਪਿਛਲੇ ਸਮੇਂ ਵਿੱਚ ਉਠਾਏ ਗਏ ਕੁੱਝ ਨੁਕਤਿਆਂ `ਤੇ ਪੰਛੀ ਝਾਤ ਮਾਰ ਲੈਂਦੇ ਹਾਂ

(ੳ) ਜਦੋਂ ‘ਏਕਸ ਕੇ ਬਾਰਿਕ` ਦੇ ਵਿਦਵਾਨ ਪੈਨਲ ਦਾ ਗਠਨ ਕੀਤਾ ਗਿਆ ਤਾਂ ਉਸ ਵਿੱਚ ਸਭ ਤੋਂ ਪਹਿਲਾਂ ਨਾਂ ਖੁਸ਼ਵੰਤ ਸਿੰਘ ਦਾ ਸੀ। ਉਹੀ ਪੈਨਲ ਹੁਣ ਵੀ ਕਾਇਮ ਹੈ। ਇਹ ਖੁਸ਼ਵੰਤ ਸਿੰਘ ਰਾਸ਼ਟਰੀ ਅਖਬਾਰਾਂ ਵਿੱਚ ਸ਼ਰੇਆਮ ਲਿਖਦਾ ਹੈ ਕਿ ਉਹ ਸਿਰਫ ਸ਼ਕਲ ਕਰਕੇ ਸਿੱਖ ਲਗਦਾ ਹੈ, ਵੈਸੇ ਉਸਦਾ ਸਿੱਖੀ ਸਿਧਾਂਤਾਂ ਵਿੱਚ ਵਿਸ਼ਵਾਸ ਕੋਈ ਨਹੀਂ ਹੈ। ਬਲਕਿ ਉਹ ਅਪਣੇ ਸ਼ਰਾਬ ਅਤੇ ਸ਼ਬਾਬ ਦੇ ਸ਼ੌਂਕ ਨੂੰ ਵੀ ਵੱਡੀ ਸ਼ੇਖੀ ਨਾਲ ਕਬੂਲਦਾ ਹੈ। ਕੀ ਐਸਾ ਵਿਦਵਾਨ ‘ਪੰਥਕ ਵਿਦਵਾਨ ਪੈਨਲ` ਦਾ ਮੈਂਬਰ ਹੋਣਾ ਚਾਹੀਦਾ ਹੈ? ਇਸ ਦੀ ਆਲੋਚਣਾ ਕਰਨ ਵਿੱਚ ਕੀ ਗਲਤ ਕੀਤਾ ਗਿਆ ਹੈ?

(ਅ) ‘ਸਪੋਕਸਮੈਨ ਪਰਿਵਾਰ` ਦਾ ਇੱਕ ਮੁੱਖ ਟੀਚਾ ਸਿੱਖ ਸਮਾਜ ਨੂੰ ਬ੍ਰਾਹਮਣਵਾਦੀ ਸ਼ਕਤੀਆਂ ਆਦਿ ਵਲੋਂ ਕੀਤੇ ਗਏ ਜਾਂ ਕੀਤੇ ਜਾ ਰਹੇ ਸਿੱਖੀ ਦੇ ਮਿਲਗੋਭੇਪਨ ਬਾਰੇ ਜਾਗਰੂਕ ਕਰਨਾ ਹੈ। ਲਛਮਣ ਚੇਲਾ ਰਾਮ ਸਿੰਧੀ ਵੀ ਐਸਾ ਹੀ ਇੱਕ ਪ੍ਰਚਾਰਕ ਮੰਨਿਆ ਜਾਂਦਾ ਹੈ, ਜੋ ਐਸੀ ਮਿਲਗੋਭਾ ਸਿੱਖੀ (ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦੇਵੀ ਦੇਵਤਿਆਂ ਦੀ ਪੂਜਾ, ਮੂਰਤੀ ਪੂਜਾ) ਦਾ ਪ੍ਰਚਾਰ ਕਰਦਾ ਹੈ। ਇਹ ਸਖਸ਼ ਵੀ ‘ਏਕਸ ਕੇ ਬਾਰਿਕ` ਦੇ ਵਿਦਵਾਨ ਪੈਨਲ ਦਾ ਮੈਂਬਰ ਹੈ। ਕੀ ਇਹ ਠੀਕ ਹੈ? ਕੀ ਇਸ ਨੁਕਤੇ ਦੀ ਆਲੋਚਣਾ ਬੇਲੋੜੀ ਅਤੇ ਲੱਤ-ਖਿੱਚੂ ਹੈ? ਕੀ ਤੁਸੀ ਸਪੋਕਸਮੈਨ ਕੋਲੋਂ ਇਸ ਗੱਲ ਜਵਾਬ ਲੈ ਕੇ ਦੇ ਸਕਦੇ ਹੋ ਕਿ ਇਹ ਗੱਲ ਧਿਆਨ ਵਿੱਚ ਲਿਆਉਣ ਤੋਂ ਬਾਦ ਵੀ ਉਕਤ ਮੈਂਬਰਾਂ ਨੂੰ ਪੈਨਲ ਵਿੱਚ ਕਿਉਂ ਅਤੇ ਕਿਸ ਮਜਬੂਰੀ ਵੱਸ ਰੱਖਿਆ ਹੋਇਆ ਹੈ? ਜਾਂ ਇਸ ਨੁਕਤੇ ਬਾਰੇ ਸਪਸ਼ਟੀਕਰਨ ਕਿਉਂ ਨਹੀਂ ਦਿਤਾ ਜਾ ਰਿਹਾ?

(ੲ) ਸਪੋਕਸਮੈਨ ਜਦੋਂ ਮਾਸਿਕ ਪਰਚਾ ਹੁੰਦਾ ਸੀ ਤਾਂ ਕਈਂ ਵਾਰ ‘ਅਜੀਤ` ਅਖਬਾਰ ਦੀ ਇਸ ਲਈ ਆਲੋਚਣਾ ਕਰਦਾ ਸੀ ਕਿ ਇਸ ਵਲੋਂ ਨਾਮਧਾਰੀ ਬਾਬੇ ਰਾਮ ਸਿੰਘ ਜੀ ਨੂੰ ‘ਸਤਿਗੁਰੂ` ਲਿਖਿਆ ਜਾਂਦਾ ਹੈ। ਪਰ ਇਸੇ ਸਪੋਕਸਮੈਨ ਵਿੱਚ ਹੀ ਨਾਮਧਾਰੀ ਬਾਬੇ ਨੂੰ ‘ਸਤਿਗੁਰੂ` ਲਿਖਿਆ ਗਿਆ। ਇਸ ਤੋਂ ਵੀ ਅੱਗੇ ਵਧਦੇ ਹੋਏ ‘ਬਾਲਮੀਕੀ ਜੀ`, ‘ਬੁਧ ਜੀ` ਅਤੇ ‘ਈਸਾ ਜੀ` ਨੂੰ ‘ਭਗਵਾਨ`, ‘ਪ੍ਰਭੂ` ਲਿਖਿਆ ਜਾ ਰਿਹਾ ਹੈ। ਕੀ ਇਹ ਗੁਰਮਤਿ ਦੀ ਖਿਲਾਫਤ ਨਹੀਂ? ਕੀ ਐਸੇ ਨੁਕਤਿਆਂ ਬਾਰੇ ਕੀਤੀ ਗਈ ਆਲੋਚਣਾ ਬੇਲੋੜੀ ਅਤੇ ਲੱਤ-ਖਿੱਚੂ ਹੈ?

(ਸ) ਸਪੋਕਸਮੈਨ ਵਲੋਂ ਅਨੇਕਾਂ ਵਾਰ ਸ਼੍ਰੋਮਣੀ ਕਮੇਟੀ ਦੀ ਅਨੇਕਾਂ ਵਾਰ ਇਸ ਕਰਕੇ ਆਲੋਚਣਾ ਕੀਤੀ ਜਾਂਦੀ ਹੈ ਕਿ ਇਸ ਦੀਆਂ ਸਟੇਜਾਂ ਤੋਂ ਅਨਮਤੀਂ ਲੀਡਰ ਜਾਂ ਵਿਦਵਾਨ ਗੁਰਮਤਿ ਤੋਂ ਉਲਟ ਪ੍ਰਚਾਰ ਕਰ ਜਾਂਦੇ ਹਨ। ਐਸੀ ਆਲੋਚਣਾ ਜ਼ਾਇਜ਼ ਵੀ ਹੈ ਅਤੇ ਜ਼ਰੂਰੀ ਵੀ। ਪਰ ੨੧ ਦਿਸੰਬਰ ੦੮ ਨੂੰ ਸਪੋਕਸਮੈਨ ਦੇ ਸਾਲਾਨਾ ਸਮਾਗਮ ਵਿੱਚ ਸਟੇਜ ਤੋਂ ਪ੍ਰੋ. ਸੋਬਤੀ ਜੀ (ਮੁੱਖ ਮਹਿਮਾਨ) ਗੁਰਮਤਿ ਤੋਂ ਉਲਟ ਬ੍ਰਾਹਮਣੀ ਤ੍ਰਿਸ਼ਕਤੀ (ਬ੍ਰਹਮਾ ਵਿਸ਼ਨੂੰ ਮਹੇਸ਼) ਦੀ ਪ੍ਰਚਲਿਤ ਹੋਂਦ ਦੀ ਪ੍ਰੋੜਤਾ ਕਰ ਗਏ। ਸਟੇਜ ਸਕੱਤਰ ਜਾਂ ਬਾਅਦ ਵਿੱਚ ਬੋਲਣ ਵਾਲੇ ਕਿਸੇ ਬੁਲਾਰੇ ਨੇ ਇਸ ਦਾ ਖੰਡਨ ਕਰਨ ਦੀ ਲੋੜ ਨਹੀਂ ਸਮਝੀ। ਸਮਾਗਮ ਤੋਂ ਲਗਭਗ ੨ ਮਹੀਨੇ ਬਾਅਦ ਤੱਕ ਰੋਜ਼ਾਨਾ ਸਪੋਕਸਮੈਨ ਵਿੱਚ ਵੱਖ-ਵੱਖ ਤਰੀਕੇ (ਸੰਪਾਦਕੀ, ਲੇਖਾਂ, ਖਬਰਾਂ, ਪਾਠਕਾਂ ਦੀ ਚਿੱਠੀਆਂ ਆਦਿ ਰਾਹੀਂ) ਇਸ ਸਮਾਗਮ ਦੇ ਸੋਹਿਲੇ ਗਾਏ ਗਏ (ਜੋ ਕਾਫੀ ਹੱਦ ਤੱਕ ਜਾਇਜ਼ ਵੀ ਮੰਨੇ ਜਾ ਸਕਦੇ ਹਨ)। ਪਰ ਕੀ ਕਾਰਨ ਹੈ ਕਿ ਕਿਸੇ ਵੀ ਸੰਪਾਦਕੀ, ਲੇਖ ਜਾਂ ਚਿੱਠੀ ਆਦਿ ਵਿੱਚ ਇਸ ਨੁਕਤੇ ਨੂੰ ਛੂਹਿਆ ਤੱਕ ਨਹੀਂ ਗਿਆ? ਕੀ ਕਿਸੇ ਦਾ ਇਸ ਪਾਸੇ ਧਿਆਨ ਨਹੀਂ ਗਿਆ? ਚਲੋਂ ਜਦੋਂ ‘ਪਰਿਵਾਰ` ਵਲੋਂ ਸੰਪਾਦਕ ਜੀ ਨੂੰ ਇਸ ਨੁਕਤੇ ਵੱਲ ਧਿਆਨ ਦਿਵਾਉਦੇ ਹੋਏ ਗੁਰਮਤਿ ਦਾ ਪੱਖ ਸਪਸ਼ਟ ਕਰਦਾ ਲੇਖ ਸਪੋਕਸਮੈਨ ਨੂੰ ਭੇਜਣ ਦੇ ਬਾਵਜ਼ੂਦ ਵੀ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਨਾ ਹੀ ਕੋਈ ਸਪਸ਼ਟੀਕਰਨ ਦਿਤਾ ਗਿਆ ਅਤੇ ਨਾ ਹੀ ਉਸ ਲੇਖ ਨੂੰ ਸਪੋਕਸਮੈਨ ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਕੀ ਇਹ ਅਪਣੀ ਗਲਤੀ ਨਾ ਮੰਨਣ ਕਰਕੇ, ਅਪਣੀ ਆਲੋਚਣਾ ਨੂੰ ਨਾ ਸਹਾਰਣ ਵਾਲਾ ਹੰਕਾਰ ਅਤੇ ਢੀਠਤਾਈ ਭਰਪੂਰ ਜ਼ਿਦ ਨਹੀਂ ਕਿਹਾ ਜਾਏਗਾ? ਜਦਕਿ ਇਸ ਵਾਸਤੇ ਸਿਰਫ ਦੋ ਲਾਈਨ ਦਾ ਇਹ ਸਪਸ਼ਟੀਕਰਨ ਹੀ ਕੰਮ ਸਾਰ ਸਕਦਾ ਸੀ ਕਿ “ਸਟੇਜ ਤੋਂ ਪੇਸ਼ ਕੀਤੇ ਗਏ ਵਿਚਾਰ ਸੋਬਤੀ ਜੀ ਦੇ ਨਿੱਜੀ ਵਿਚਾਰ ਸਨ, ਗੁਰਮਤਿ ਅਤੇ ਸਪੋਕਸਮੈਨ ਇਹਨਾਂ ਵਿਚਾਰਾਂ ਨਾਲ ਸਹਿਮਤ ਨਹੀਂ”।

ਕੀ ਗੁਰਮਤਿ ਸਿਧਾਂਤ ਦੀ ਰੌਸ਼ਨੀ ਵਿੱਚ ਇਸ ਕੀਤੀ ਗਈ ਗਲਤੀ ਦੀ ਆਲੋਚਣਾ ਕਰਨਾ ਬੇਲੋੜਾ ਅਤੇ ਲੱਤ-ਖਿੱਚੂ ਸੀ?

(ਹ) ਸਿੰਧੀ ਭਾਈਚਾਰਾ, ਅਨੇਕਾਂ ਕਾਰਨਾਂ ਕਰਕੇ, ਗੁਰਮਤਿ ਤੋਂ ਉਲਟ ਮਿਲਗੋਭਾ ਸਿੱਖੀ ਦਾ ਸ਼ਰਧਾਲੂ ਹੈ। ਭਾਵ ਉਹ ਇੱਕ ਪਾਸੇ ‘ਗੁਰੂ ਗ੍ਰੰਥ ਸਾਹਿਬ ਜੀ` ਵਿੱਚ ਸ਼ਰਧਾ ਦਾ ਪ੍ਰਗਟਾਵਾ ਕਰਦੇ ਹੋਏ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਹਨ, ਪਰ ਨਾਲ ਹੀ ਦੇਵੀ ਦੇਵਤਿਆਂ ਦੀ ਪੂਜਾ ਮਾਨਤਾ ਵੀ ਕਰਦੇ ਹਨ। ਇਹ ਪਹੁੰਚ ਮੂਲ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਅਤੇ ਅੰਨ੍ਹੀ ਸ਼ਰਧਾ ਦਾ ਪ੍ਰਗਟਾਵਾ ਹੈ। ਇਸ ਕਾਰਨ ‘ਸਪੋਕਸਮੈਨ ਟ੍ਰਸਟ` ਦੇ ਟੀਚੇ (ਮਿਲਗੋਭਾ ਸਿੱਖੀ ਬਾਰੇ ਜਾਗ੍ਰਿਤੀ ਲਿਆਉਣਾ) ਦੇ ਵੀ ਉਲਟ ਹੈ। ਚਾਹੀਦਾ ਤਾਂ ਇਹ ਹੈ ਕਿ ਸਿੰਧੀ ਭਾਈਚਾਰੇ `ਤੇ ਮੋਹਤਬਰਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਉਹਨਾਂ ਦੀ ਇਸ ਗਲਤ ਪਹੁੰਚ (ਜੀਵਨ ਜਾਚ) ਬਾਰੇ ਜਾਣੂ ਕਰਵਾ ਕੇ, ਗੁਰਮਤਿ ਦਾ ਸੱਚ ਸਮਝਾਇਆ ਜਾਵੇ।

ਫਿਰ ਨਾ ਜਾਣੇ ਕਿਉਂ ਸਪੋਕਸਮੈਨ ਵਲੋਂ ਸਿੰਧੀ ਭਾਈਚਾਰੇ ਦੀ ਇਸ ਗਲਤ ਪਹੁੰਚ ਦੀ ‘ਗੈਰ-ਸਿਧਾਂਤਕ` ਹਿਮਾਇਤ ਕੀਤੀ ਜਾ ਰਹੀ ਹੈ। ਇਸੇ ਸਿਲਸਿਲੇ ਵਿੱਚ ਇੱਕ ਲੇਖ ‘ਮੁਖ ਲੇਖ` ਵਜੋਂ ਸੰਪਾਦਕੀ ਪੰਨੇ ਤੇ ਪ੍ਰਕਾਸ਼ਿਤ ਕੀਤਾ ਗਿਆ। ਉਸ ਨਾਲ ਕੋਈ ਸੰਪਾਦਕੀ ਟਿੱਪਣੀ ਦੇ ਕੇ ਉਸ ਦਾ ਖੰਡਨ ਵੀ ਨਹੀਂ ਕੀਤਾ ਗਿਆ, ਜੋ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਇਸ ਨਾਲ ਸੰਪਾਦਕ (ਜੋਗਿੰਦਰ ਸਿੰਘ ਜੀ) ਸਹਿਮਤ ਹਨ। ਲਛਮਣ ਚੇਲਾ ਰਾਮ ਸਿੰਧੀ ਜੀ ਨੂੰ ‘ਵਿਦਵਾਨ ਪੈਨਲ` ਵਿੱਚ ਲੈਣਾ ਇਸੇ ਪਹੁੰਚ ਵੱਲ ਸਪਸ਼ਟ ਇਸ਼ਾਰਾ ਕਰਦਾ ਹੈ।

ਚਲੋ ਜੇ ਇਹ ਮੰਨ ਵੀ ਲਿਆ ਜਾਵੇ ਕਿ ਇਹ ‘ਮੁੱਖ ਲੇਖ` ਸਿਰਫ ਇੱਕ ਪੱਖ ਪੇਸ਼ ਕਰਨ ਲਈ ਛਾਪਿਆ ਗਿਆ ਸੀ ਤਾਂ ਨਿਰਪੱਖ ਪੱਤਰਕਾਰੀ ਦਾ ਫਰਜ਼ ਬਣਦਾ ਹੈ ਕਿ ਦੂਜਾ ਪੱਖ ਵੀ ਪੇਸ਼ ਕੀਤਾ ਜਾਂਦਾ। ਪਰ ਜਦੋਂ ਦੂਜਾ ਪੱਖ ਪੇਸ਼ ਕਰਦਾ ਲੇਖ ‘ਪਰਿਵਾਰ` ਵਲੋਂ ਭੇਜਿਆ ਗਿਆ ਤਾਂ ਇਸ ਬਾਰੇ ਕੋਈ ਸਪਸ਼ਟੀਕਰਨ ਨਹੀਂ ਦਿਤਾ ਗਿਆ ਅਤੇ ਨਾ ਹੀ ਇਸ ਨੂੰ ਪ੍ਰਕਾਸ਼ਿਤ ਹੀ ਕੀਤਾ ਗਿਆ। ਕੀ ਇਹ ਸੁਹਿਰਦ ਅਤੇ ਨਿਰਪੱਖ ਪਹੁੰਚ ਕਹੀ ਜਾ ਸਕਦੀ ਹੈ? ਕੀ ਐਸੇ ਅਹਿਮ ਮੁੱਦੇ `ਤੇ ਸਪੋਕਸਮੈਨ ਦੀ ਗਲਤ ਪਹੁੰਚ ਦੀ ਆਲੋਚਣਾ ਬੇਲੋੜੀ ਅਤੇ ਲੱਤ-ਖਿੱਚੂ ਹੈ? ਜਾਂ ਕੀ ਸਪੋਕਸਮੈਨ (ਜੋਗਿੰਦਰ ਸਿੰਘ ਜੀ) ਦਾ ਰਵੈਯਾ ਠੀਕ ਹੈ?

ਵੀਰ ਜੀ ਅਸੀਂ ਮਿਸਾਲ ਵਾਸਤੇ ਇਹ ਸਿਰਫ ਕੁੱਝ ਨੁਕਤੇ ਹੀ ਪੇਸ਼ ਕੀਤੇ ਹਨ। ਕੀ ਤੁਸੀਂ ਅਪਣੀ ਜ਼ਮੀਰ ਦੀ ਸੁਣਦੇ ਹੋਏ ਇਹ ਦਾਅਵਾ ਕਰ ਸਕਦੇ ਹੋ ਕਿ ਇਹ ਸਾਰੇ ਨੁਕਤੇ ਬੇਲੋੜੇ ਅਤੇ ਲੱਤ-ਖਿੱਚੂ ਹਨ? ਜੇ ਹਾਂ ਤਾਂ ਕਿਰਪਾ ਕਰਕੇ ਕੇ ਸਪਸ਼ਟ ਕਰੋ ਕਿ ਕਿਸ ਤਰ੍ਹਾਂ ਅਤੇ ਕਿਵੇਂ?

ਕੀ ਆਪ ਜੀ ਦਾ ਜ਼ਮੀਰ ਇਸ ਗੱਲ ਦੀ ਗਵਾਹੀ ਨਹੀਂ ਭਰਦਾ ਕਿ ਅਪਣੀ ਆਲੋਚਣਾ ਪ੍ਰਤੀ ਸਪੋਕਸਮੈਨ ਦੀ ਪਹੁੰਚ ਗਲਤ ਹੈ?

ਵੀਰ ਜੀ ਤੁਸੀਂ ‘ਪਰਿਵਾਰ` ਵਲੋਂ ਪ੍ਰਕਾਸ਼ਿਤ ਕਰਨ ਲਈ ਦਿਤੇ ਸਿਰਫ ਪਹਿਲੇ ਇਸ਼ਤਿਹਾਰ ਦਾ ਜ਼ਿਕਰ ਕੀਤਾ ਹੈ। ਪਰਿਵਾਰ ਵਲੋਂ ਭੇਜੇ ਗਏ ਦੁਜੇ ਇਸ਼ਤਿਹਾਰ (ਜੋ ਸਿੱਖ ਰਹਿਤ ਮਰਿਯਾਦਾ ਨਾਲ ਸੰਬੰਧਿਤ ਸੀ) ਦਾ ਕੋਈ ਜ਼ਿਕਰ ਨਹੀਂ ਕੀਤਾ। ਹੁਣ ਅਸੀਂ ਅਪਣੀ ਛਪੀ ਪਲੇਠੀ ਪੁਸਤਕ ‘ਮਨਮੱਤ ਤੋਂ ਗੁਰਮਤਿ ਵੱਲ-ਵਾਪਸੀ ਦਾ ਸਫਰ-ਭਾਗ-੧` ਦਾ ਆਪ ਜੀ ਦੇ ਰਾਹੀਂ ਪ੍ਰਕਾਸ਼ਿਤ ਕਰਨ ਲਈ ਭੇਜ ਰਹੇ ਹਾਂ। ਆਪ ਇਸ ਇਸ਼ਤਿਹਾਰ ਦਾ ਖਰਚਾ ਦੱਸ ਦੇਣਾ ਜੀ। ਅਸੀਂ ਰਕਮ ਪਹੁੰਚਾ ਦਿਆਂਗੇ ਅਤੇ ਤੁਸੀਂ ਇਸ ਨੂੰ ਪ੍ਰਕਾਸ਼ਿਤ ਕਰਨ ਦੀ ਕੋਸ਼ਿਸ਼ ਕਰ ਕੇ ਵੇਖ ਲੈਣਾ। ਆਪੇ ਸੱਚ ਸਾਹਮਣੇ ਆ ਜਾਵੇਗਾ। ਪਰਿਵਾਰ ਵਲੋਂ ਭੇਜੀ ਕਿਤਾਬ ਦੀ ‘ਪ੍ਰੈਸ ਰਿਲੀਜ਼` ਨੂੰ ਤਾਂ ਸਪੋਕਸਮੈਨ ਵਿੱਚ ਥਾਂ ਨਹੀਂ ਦਿਤੀ ਗਈ, ਤੁਸੀਂ ਵੇਖ ਹੀ ਚੁੱਕੇ ਹੋ।

ਪਰ ਅਸੀਂ ਤੁਹਾਨੂੰ ਕੋਈ ਆਸ਼ਵਾਸਨ ਨਹੀਂ ਦੇਂਦੇ ਕਿ ਸਾਡਾ ਇਸ਼ਤਿਹਾਰ ਛਪਣ ਤੋਂ ਬਾਅਦ ਅਸੀਂ ਸਪੋਕਸਮੈਨ ਦੀ ਗਲਤੀਆਂ ਦੀ ‘ਸੁਧਾਰਮਈ` ਅਤੇ ‘ਹਾਂ-ਪੱਖੀ` ਆਲੋਚਣਾ ਕਰਨਾ ਬੰਦ ਕਰ ਦਿਆਂਗੇ। ਕਿਉਂਕਿ ਅਸੀਂ ਅਪਣੇ ਸਵਾਰਥ ਲਈ ਗੁਰਮਤਿ ਆਧਾਰਿਤ ਅਪਣੀਆਂ ਨੀਤੀਆਂ ਨੂੰ ਨਹੀਂ ਤਿਆਗ ਸਕਦੇ। ਗਲਤ ਗੱਲਾਂ ਦੀ ਹਾਂ-ਪੱਖੀ ਆਲੋਚਣਾ ਸਾਡੀ ਗੁਰਮਤਿ ਆਧਾਰਿਤ ਨੀਤੀ ਹੈ। ਪਰ ਇਤਨਾ ਵਿਸ਼ਵਾਸ ਦੁਆਉਂਦੇ ਹਾਂ ਕਿ ਭਵਿੱਖ ਵਿੱਚ ਸਪੋਕਸਮੈਨ ਪ੍ਰਤੀ ਕੀਤੀ ਗਈ ਅਪਣੀ ਹਰ ਆਲੋਚਣਾ ਪਹਿਲਾਂ ਆਪ ਜੀ ਦੇ ਰਾਹੀਂ ਸਪੋਕਸਮੈਨ ਨੂੰ ਭੇਜੀ ਜਾਵੇਗੀ। ਜੇ ਉਸਦਾ ਜਵਾਬ ਜਾਂ ਸਪਸ਼ਟੀਕਰਨ ਮਿਲ ਜਾਂਦਾ ਹੈ ਤਾਂ ਉਸ ਨੂੰ ਦੂਜੇ ਮੀਡੀਆ ਵਿੱਚ ਨਹੀਂ ਭੇਜਿਆ ਜਾਵੇਗਾ। ਕਿਉਂਕਿ ਸਾਡਾ ਮਕਸਦ ਸਪੋਕਸਮੈਨ ਸਮੇਤ ਕਿਸੇ ਦੀ ਵੀ ਲੱਤ ਖਿੱਚਣਾ ਜਾਂ ਨੁਕਸਾਨ ਪਹੁੰਚਾਣਾ ਨਹੀਂ, ਕਿਉਂਕਿ ਇਹ ਗੁਰਮਤਿ ਮਾਰਗ ਨਹੀਂ ਹੈ। ਸਾਡਾ ਮਕਸਦ ਗਲਤ ਗੱਲਾਂ, ਕੰਮਾਂ ਪ੍ਰਤੀ ਅਪਣੇ ਵਿਚਾਰ ਪੇਸ਼ ਕਰਨਾ ਹੈ।

ਸਪੋਕਸਮੈਨ ਸਮੇਤ ਕਿਸੇ ਦੀ ਵੀ ਅੰਨ੍ਹੀ ਹਿਮਾਇਤ ਨੂੰ ਅਸੀਂ ਸਹੀ ਨਹੀਂ ਮੰਨਦੇ। ‘ਅੰਨ੍ਹੀ ਹਿਮਾਇਤ` ਨੁਕਸਾਨ ਹੀ ਪਹੁੰਚਾਂਦੀ ਹੈ। ਇਸੇ ਵਿਸ਼ੇ ਵਿੱਚ ਅਸੀਂ ਵੀਰ ਇਕਵਾਕ ਸਿੰਘ ਜੀ ਪੱਟੀ ਨੂੰ ਇੱਕ ‘ਹਲੂਣਾ-ਖੱਤ` ‘ਸਿੱਖ ਸਿਧਾਂਤ ਪੂਜ ਬਣੇ, ਬੰਦਾ ਪੂਜ ਨਹੀਂ` ਲਿਖਿਆ ਸੀ। ਪਰ ਅੱਜ ਤੱਕ ਉਹਨਾਂ ਦਾ ਕੋਈ ਜਵਾਬ ਜਾਂ ਸਪਸ਼ਟੀਕਰਨ ਨਹੀਂ ਆਇਆ। ਹੁਣ ਅਸੀਂ ਆਪ ਜੀ ਦੇ ਜ਼ਮੀਰ ਨੂੰ ਸੱਚ ਪਛਾਨਣ ਅਤੇ ਸੱਚ ਬੋਲਣ ਦੀ ਗੁਜਾਰਿਸ਼ ਕਰਦੇ ਹੋਏ ਇਹ ‘ਹਲੂਣਾ-ਖੱਤ` ਆਪ ਜੀ ਨੂੰ ਲਿਖ ਰਹੇ ਹਾਂ। ਆਸ ਹੈ ਆਪ ਜੀ ਇਸ ਦਾ ਨੋਟਿਸ ਲੈਂਦੇ ਹੋਏ ਢੁਕਵਾਂ ਜਵਾਬ ਜਾਂ ਸਪਸ਼ਟੀਕਰਨ ਜ਼ਰੂਰ ਦੇਵੋਗੇ।

ਬੇਸ਼ਕ ‘ਪਰਿਵਾਰ` ਦੇ ਇਸ਼ਤਿਹਾਰ ਸੰਬੰਧੀ ਆਪ ਜੀ ਨੇ ਅਪਣਾ ਸਿਧਾਂਤ ਵਿਹੂਣਾ ਸਪਸ਼ਟੀਕਰਨ ‘ਸਿੱਖ ਮਾਰਗ` ਰਾਹੀਂ ਪਾਠਕਾਂ ਦੀ ਕਚਿਹਰੀ ਵਿੱਚ ਰੱਖ ਦਿਤਾ ਹੈ। ਪਰ ਅਸੀਂ ਅਪਣੀ ਨੀਤੀ `ਤੇ ਕਾਇਮ ਰਹਿੰਦੇ ਹੋਏ, ਪਹਿਲਾਂ ਇਹ ਹਲੂਣਾ ਖੱਤ ਆਪ ਜੀ ਨੂੰ ਨਿੱਜੀ ਤੌਰ ਤੇ ਭੇਜ ਰਹੇ ਹਾਂ। ਜੇ ਕਰ ਆਪ ਜੀ ਵਲੋਂ ਇਸਦਾ ਢੁਕਵਾਂ ਜਵਾਬ ਜਾਂ ਸਪਸ਼ਟੀਕਰਨ ਸਾਨੂੰ ਇੱਕ ਨਿਸ਼ਚਿਤ ਸਮੇਂ ਅੰਦਰ ਮਿਲ ਜਾਂਦਾ ਹੈ ਤਾਂ ਇਸ ਖੱਤ ਨੂੰ ਕਿਧਰੇ ਹੋਰ ਛਪਵਾਉਣ ਤੋਂ ਗੁਰੇਜ਼ ਕੀਤਾ ਜਾਵੇਗਾ, ਕਿਉਂਕਿ ਅਸੀਂ ਸਾਰੇ ਇਕੋ ਮਾਰਗ ਦੇ ਪਾਂਧੀ ਹਾਂ। ਪਰ ਜੇ ਇੱਕ ਨਿਸ਼ਚਿਤ ਸਮੇਂ (੨੦ ਦਿਨ) ਤੱਕ ਆਪ ਜੀ ਵਲੋਂ ਇਸ ਦਾ ਨੋਟਿਸ ਨਹੀਂ ਲਿਆ ਜਾਂਦਾ ਤਾਂ ਸਾਨੂੰ ਮਜ਼ਬੂਰਨ ਇਸ ਖੱਤ ਨੂੰ ਸਿੱਖ ਮਾਰਗ `ਤੇ ਪ੍ਰਕਾਸ਼ਿਤ ਕਰਨ ਲਈ ਭੇਜਨਾ ਪਵੇਗਾ ਤਾਂ ਕਿ ਪਾਠਕਾਂ ਦੇ ਮਨਾਂ ਵਿਚੋਂ ਆਪ ਜੀ ਦੇ ਖੱਤ ਰਾਹੀਂ ਪੈਦਾ ਹੋਏ ਭੁਲੇਖੇ ਦੂਰ ਕੀਤੇ ਜਾ ਸਕਣ।

ਆਪ ਜੀ ਵਲੋਂ ਲਿਖੇ ਖੱਤ ਵਿੱਚ ਇਹ ਗੱਲ ਬਿਲਕੁਲ ਠੀਕ ਹੈ ਕਿ ਦਿਮਾਗ `ਤੇ ਜ਼ਿਆਦਾ ਬੋਝ ਹੋਣ ਕਾਰਨ ਜਾਂ ਹੋਰ ਕਈਂ ਕਾਰਨਾਂ ਕਰਕੇ ਇੱਕ ਫੀਸਦੀ ਗਲਤੀ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ। ਇੱਕ ਫੀਸਦੀ ਕੀ, ੯੦ ਫੀਸਦੀ ਗਲਤੀ ਹੋ ਜਾਣਾ ਵੀ ਕੋਈ ਬੁਰਾਈ ਨਹੀਂ ਹੈ। ਪਰ ਗਲਤ ਇਹ ਹੈ ਕਿ ਉਸ ਗਲਤੀ ਬਾਰੇ ਧਿਆਨ ਦਿਵਾਉਣ ਅਤੇ ਸੁਚੇਤ ਕਰਨ ਤੋਂ ਬਾਅਦ ਵੀ ਉਸ ਦਾ ਨੋਟਿਸ ਨਾ ਲੈਣਾ। ਸੁਚੇਤ ਕਰਨ ਵਾਲੇ ਪ੍ਰਤੀ ਮਨ ਵਿੱਚ ਨਰਾਜ਼ਗੀ ਰੱਖ ਲੈਣਾ ਵੀ ਗਲਤ ਹੈ। ਗੁਰਬਾਣੀ ਤਾਂ ਅਪਣੀ ਆਲੋਚਣਾ ਦਾ ਸੁਆਗਤ ਕਰਨ ਦੀ ਪ੍ਰੋੜਤਾ ਕਰਦੀ ਹੋਈ ਸਮਝਾਉਂਦੀ ਹੈ

ਨਿੰਦਉ ਨਿੰਦਉ ਮੋ ਕਉ ਲੋਗਾ ਨਿੰਦਉ

ਨਿੰਦਾ ਜਨ ਕੋ ਖਰੀ ਪਿਆਰੀ

ਦੂਜੀ ਤਰਫ ਬੇਲੋੜੀ ਸਵੈ-ਪ੍ਰਸ਼ੰਸਾ ਨੂੰ ਗਲਤ ਦਸਦੇ ਹੋਏ ਗੁਰਬਾਣੀ ਸਮਝਾਉਂਦੀ ਹੈ

ਆਪਸ ਕੋ ਜੋ ਭਲਾ ਜਨਾਵੈ, ਤਿਸੈ ਭਲਾਈ ਨਿਕਟ ਨਾ ਆਵੈ

ਫਿਰ ਸਪੋਕਸਮੈਨ ਵਿੱਚ ਚਾਪਲੂਸੀ ਦੀ ਹੱਦ ਤੱਕ ਲਿਖੇ ਬੇਲੋੜੇ ਸਵੈ-ਪ੍ਰਸ਼ੰਸਾ ਵਾਲੇ ਖੱਤ ਵੀ ਛਪਦੇ ਹਨ। ਐਸੇ ਹੀ ਇੱਕ ਖੱਤ ਵਿੱਚ ਦਿਲੀ ਦੇ ਕੁੱਝ ਪਾਠਕਾਂ (?) ਵਲੋਂ ਅਸਿੱਧੇ ਤਰੀਕੇ (ਨਾਂ ਲਏ ਬਿਨਾ) ਇੰਡੀਆ ਅਵੈਅਰਨੈਸ ਦੇ ਸੰਪਾਦਕ ਸਰਬਜੀਤ ਸਿੰਘ ਜੀ ਸਮੇਤ ਹੋਰ ਆਲੋਚਕਾਂ ਨੂੰ ਜੋਗਿੰਦਰ ਸਿੰਘ ਜੀ ਦੇ ਪੈਰ ਧੋ ਧੋ ਕੇ ਪੀਣ ਦੀ ਨਸੀਹਤ ਦਿਤੀ ਗਈ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਐਸੀ ਅੰਨ੍ਹੀ ਸ਼ਰਧਾ ਵਾਲੇ ਲੋਕਾਂ ਦੀ ਭਾਰਤ ਵਿੱਚ ਭਰਮਾਰ ਹੈ। ਪਰ ਐਸੀਆਂ ਚਿੱਠੀਆਂ ਨੂੰ ਛਾਂਟ ਕੇ ‘ਪਾਠਕਾਂ ਦੀਆਂ ਚਿੱਠੀਆਂ` ਵਿੱਚ ਲਾਉਣ ਦਾ ਕੰਮ ਤਾਂ ਜੋਗਿੰਦਰ ਸਿੰਘ ਜੀ ਆਪ ਹੀ ਕਰਦੇ ਹਨ। ਅਸੀਂ ਤਾਂ ਬੇਲੋੜੀ ਸਵੈ-ਪ੍ਰਸ਼ੰਸਾ ਦੀ ਸਿਰਫ ਇੱਕ ਹੀ ਮਿਸਾਲ ਦਿਤੀ ਹੈ, ਵਰਨਾ ਸਪੋਕਸਮੈਂਨ ਵਿੱਚ ਇਸਦੀ ਭਰਮਾਰ ਰਹਿੰਦੀ ਹੈ। ਕੀ ਇਹ ਗੁਰਬਾਣੀ ਦੀ ਇਸ ਸੇਧ,

“ਆਪਸ ਕੋ ਜੋ ਭਲਾ ਜਨਾਵੈ……. “ ਦੀ ਉਲੰਘਣਾ ਨਹੀਂ ਹੈ? ਦੁਨੀਆ ਦੇ ਕਿਸੇ ਵੀ ਮਿਆਰੀ ਪਰਚੇ ਜਾਂ ਅਖਬਾਰ ਵਿੱਚ ਐਸੀ ਬੇਲੋੜੀ ਸਵੈ-ਪ੍ਰਸ਼ੰਸਾ ਵਾਲੇ ਖੱਤ, ਸ਼ਾਇਦ ਹੀ ਕਿਸੇ ਸੰਪਾਦਕੀ ਪੰਨੇ ਵਿੱਚ ਛਪਦੇ ਹੋਣਗੇ।

ਅਪਣੇ ਇਸ ਖੱਤ ਵਿੱਚ ਅਸੀਂ ‘ਸਪੋਕਸਮੈਨ ਟ੍ਰਸਟ` ਬਾਰੇ ਉਠਦੇ ਰਹੇ ਆਰਥਿਕ ਸ਼ੰਕਿਆਂ ਨੂੰ ਨਜ਼ਰਅੰਦਾਜ਼ ਕਰ ਰਹੇ ਹਾਂ, ਕਿਉਂਕਿ ਫਿਲਹਾਲ ਉਹਨਾਂ ਦੀ ਵਿਚਾਰ ਦੀ ਲੋੜ ਨਹੀਂ ਭਾਸਦੀ।

ਉਪਰੋਕਤ ਖੁੱਲੀ ਵਿਚਾਰ ਉਪਰੰਤ ਆਪ ਜੀ ਦੇ ਜ਼ਮੀਰ ਨੂੰ ਸ਼ਾਇਦ ਇਹ ਸਪਸ਼ਟ ਹੋ ਗਿਆ ਹੋਵੇਗਾ ਕਿ ਪਰਿਵਾਰ ਦੇ ਲੇਖਾਂ, ਬਿਆਨਾਂ, ਇਸ਼ਤਿਹਾਰਾਂ ਆਦਿ ਦੇ ਸਪੋਕਸਮੈਨ ਵਲੋਂ ਬਾਈਕਾਟ ਦਾ ਅਸਲ ਕਾਰਨ ਉਹ ਨਹੀਂ ਜੋ ਤੁਸੀਂ ਪੇਸ਼ ਕਰਨ ਦਾ ਜਤਨ ਕੀਤਾ ਹੈ। ਬਲਕਿ ਇਸਦਾ ਇਕੋ ਇੱਕ ਮੁੱਖ ਕਾਰਨ ‘ਪਰਿਵਾਰ` ਵਲੋਂ, ਸਪੋਕਸਮੈਨ ਨਾਲ ਸੰਬੰਧਿਤ ਗੁਰਮਤਿ ਵਿਰੁਧ ਗੱਲਾਂ, ਦੀ ਕੀਤੀ ਜਾ ਰਹੀ ਹਾਂ-ਪੱਖੀ ਆਲੋਚਣਾ ਹੀ ਹੈ।

ਅਸੀਂ ਫੇਰ ਸਪਸ਼ਟ ਕਰ ਦੇਈਏ ਕਿ ਅਸੀਂ ਸਪੋਕਸਮੈਨ ਸਮੇਤ ਹਰ ਜਾਗਰੂਕ ਸੰਸਥਾ, ਜਥੇਬੰਦੀ, ਮੰਚ ਦੇ ਹਰ ਗੁਰਮਤਿ ਅਨੁਸਾਰੀ ਕੰਮ ਵਿੱਚ ਉਸ ਨਾਲ ਡੱਟ ਕੇ ਖੜੇ ਹਾਂ। ਪਰ ਕਿਸੇ ਦੇ ਵੀ ਗੁਰਮਤਿ ਵਿਰੁਧ ਕਦਮ ਦੀ ਅਸੀਂ ਹਿਮਾਇਤ ਨਹੀਂ ਕਰ ਸਕਦੇ। ਨਾਲ ਹੀ ਜਾਗਰੂਕ ਮੰਨੀਆਂ ਜਾਂਦੀਆਂ ਧਿਰਾਂ ਦੇ ਗੁਰਮਤਿ ਵਿਰੁਧ ਕੰਮਾਂ ਦੀ ‘ਹਾਂ-ਪੱਖੀ` ਆਲੋਚਣਾ ਕਰਨਾ ਅਪਣਾ ਫਰਜ਼ ਮੰਨਦੇ ਹਾਂ।

ਆਸ ਹੈ ਕਿ ਆਪ ਜੀ ‘ਤੱਤ ਗੁਰਮਤਿ ਪਰਿਵਾਰ`ਵਲੋਂ ਪੇਸ਼ ਕੀਤੇ ਬੇਨਤੀ ਰੂਪ ਵਿਚਾਰਾਂ ਨੂੰ ਸੁਹਿਰਦਤਾ, ਨਿਰਪੱਖਤਾ ਅਤੇ ਠਰੰਮੇ ਨਾਲ ਵਿਚਾਰੋਗੇ। ਇਸ ਅਨੁਸਾਰ ਜ਼ਮੀਰ ਦੀ ਅਵਾਜ਼ ਸੁਣਦੇ ਹੋਏ ਜੋਗਿੰਦਰ ਸਿੰਘ ਜੀ ਸਪੋਕਸਮੈਨ ਵਲੋਂ ‘ਪਰਿਵਾਰ` (ਅਤੇ ਆਪਣੇ ਹੋਰ ਆਲੋਚਕਾਂ) ਪ੍ਰਤੀ ਧਾਰਨ ਕੀਤੇ ‘ਗੈਰ-ਸਿਧਾਂਤਕ` ਗਲਤ ਰਵੱਈਏ ਬਾਰੇ ਉਹਨਾਂ ਨੂੰ ਸਮਝਾਉਣ ਦਾ ਜਤਨ ਕਰੋਗੇ, ਨਾ ਕਿ ਉਹਨਾਂ ਦੇ ਗਲਤ ਰਵੱਈਏ ਦਾ ਐਸੇ ਗੈਰ ਸਿਧਾਂਤਕ ਤੱਥਾਂ ਵਾਲੇ ਸਪਸ਼ਟੀਕਰਨਾਂ ਨਾਲ ਉਹਨਾਂ ਦਾ ‘ਅੰਨ੍ਹਾ-ਸਮਰਥਨ` ਕਰੋਗੇ।

ਪਰ ਨਾਲ ਹੀ ਸਾਡੀ ਆਪ ਜੀ ਨੂੰ ਸੁਹਿਰਦ ਸਲਾਹ ਹੈ ਕਿ ਆਪ ਉਹਨਾਂ ਨੂੰ ਸਮਝਾਉਣ ਤੋਂ ਪਹਿਲਾਂ ਇੱਕ ਵਾਰ ਚੰਗੀ ਤਰਾਂ ਵਿਚਾਰ ਲੈਣਾ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਆਪ ਜੀ ਜੈਸੇ ਸੂਝਵਾਨ ਲੋਕ ਉਹਨਾਂ ਨਾਲ ਰਹਿਨ। ਤੱਥ ਗਵਾਹ ਹਨ ਕਿ ਜਿਸ ਨੇ ਵੀ ਜੋਗਿੰਦਰ ਸਿੰਘ ਜੀ ਨੂੰ ‘ਸੱਚ` ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਜੋਗਿੰਦਰ ਸਿੰਘ ਜੀ ਨੇ ‘ਦੁਧ ਵਿੱਚ ਮੱਖੀ` ਸਮਝ ਕੇ ਬਾਹਰ ਕੱਢ ਸੁਟਿਆ ਹੈ। ਅਸੀਂ ਨਹੀਂ ਚਾਹੁੰਦੇ ਕਿ ਆਪ ਜੀ ਦਾ ਕੋਈ ਨੁਕਸਾਨ ਹੋਵੇ। ਪਰ ਅਸੀਂ ਆਪ ਜੀ ਤੋਂ ਇਹ ਆਸ ਜ਼ਰੂਰ ਕਰਾਂਗੇ ਕਿ ਅੱਗੇ ਤੋ ਤੁਸੀ ਸਪੋਕਸਮੈਨ (ਜੋਗਿੰਦਰ ਸਿੰਘ) ਦੀ ਗਲਤ ਨੀਤੀਆਂ ਦੀ ਅੰਨ੍ਹੀ ਪ੍ਰੋੜਤਾ ਕਰਦੇ ਹੋਏ ‘ਪਰਿਵਾਰ`ਬਾਰੇ ਭੁਲੇਖਾ ਪਾਉ ਪ੍ਰਚਾਰ ਕਰਨ ਤੋਂ ਸੰਕੋਚ ਕਰੋਗੇ।

ਆਪ ਜੀ ਵਲੋਂ ਸੁਹਿਰਦ ਅਤੇ ਹਾਂ-ਪੱਖੀ ਹੁੰਗਾਰੇ ਦੀ ਉਡੀਕ ਵਿਚ

ਨਿਸ਼ਕਾਮ ਨਿਮਰਤਾ ਸਹਿਤ

ਨਿਰੋਲ ਨਾਨਕ ਫਲ਼ਸਫੇ ਦੇ ਰਾਹ `ਤੇ

ਤੱਤ ਗੁਰਮਤਿ ਪਰਿਵਾਰ




.