20-21
ਫਰਵਰੀ ਨੂੰ ਸਾਕਾ ਨਨਕਾਣਾ ਸਾਹਿਬ `ਤੇ ਵਿਸ਼ੇਸ਼
ਮੁੜ ਇੱਕ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦੀ ਲੋੜ
-ਇਕਵਾਕ ਸਿੰਘ ਪੱਟੀ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ
ਦਾ ਪਾਵਣ ਜਨਮ ਅਸਥਾਨ ਗੁ. ਨਨਕਾਣਾ ਸਾਹਿਬ ਜੀ ਦੀ ਪਵਿੱਤਰ ਧਰਤੀ ਨੂੰ ਆਜ਼ਾਦ ਕਰਵਾਉਣ ਵੇਲੇ ਸੰਨ
1921 ਵਿੱਚ ਵਾਪਰੇ ਦੁਖਾਂਤ ਦੇ ਉਸ ਕਹਿਰੀ ਸਮੇਂ ਨੂੰ ਅੱਜ ਵੀ ਸਾਕਾ ਨਨਕਾਣਾ ਸਾਹਿਬ ਦੇ ਨਾਮ ਨਾਲ
ਹਰ ਸਾਲ ਯਾਦ ਕੀਤਾ ਜਾਂਦਾ ਹੈ। ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਉਣ ਦਾ ਮਕਸਦ ਸਿਰਫ਼ ਸਬੰਧਿਤ
ਜਗ੍ਹਾ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਹੀ ਨਹੀਂ ਸੀ ਬਲਕਿ ਉਸ ਪਵਿੱਤਰ ਅਸਥਾਨ ਨੂੰ ਗੁਰੂ ਨਾਨਕ ਦੇ
ਸਿਧਾਂਤਾਂ ਨੂੰ ਪ੍ਰਚਾਰਣ ਦੇ ਕੇਂਦਰ ਵੱਜੋਂ ਪੇਸ਼ ਕਰਕੇ ਉੱਥੇ ਗੁਰ ਮਰਿਯਾਦਾ ਲਾਗੂ ਕਰਵਾਉਣਾ ਵੀ
ਸੀ। ਕਿਉਂਕਿ ਸਮੇਂ ਦੇ ਮਹੰਤ ਨਰੈਣੂ (ਨਰਾਇਣ ਦਾਸ) ਨੇ ਅਤੇ ਇਸਤੋਂ ਪਹਿਲਾਂ ਦੇ ਰਹਿ ਚੁੱਕੇ ਮਹੰਤ
ਸਾਧੂ ਰਾਮ ਅਤੇ ਕਿਸ਼ਨ ਦਾਸ ਨੇ ਨਨਕਾਣਾ ਸਾਹਿਬ ਵਿਖੇ ਮੱਸੇ ਰੰਘੜ ਵਾਲੇ ਸਮੇਂ ਦੇ ਹਾਲਾਤ ਤੋਂ ਵੀ
ਬੱਦਤਰ ਹਾਲਾਤ ਉਸ ਸਥਾਨ ਤੇ ਬਣਾ ਛੱਡੇ ਸਨ। ਹੁਣ ਕੇਵਲ ਉੱਥੇ ਕੰਜਰੀਆਂ ਦਾ ਨਾਚ ਹੀ ਨਹੀਂ ਸੀ
ਹੁੰਦਾ ਬਲਕਿ ਹੁਣ ਤਾਂ ਉਸ ਅਸਥਾਨ ਦੇ ਦਰਸ਼ਨ ਕਰਨ ਜਾਣ ਵਾਲੀਆਂ ਬੀਬੀਆਂ/ਔਰਤਾਂ ਦੇ ਇੱਜ਼ਤ ਵੀ
ਮਹਿਫੂਸ ਨਹੀਂ ਸੀ ਰਹੀ। ਜਦ ਸੰਨ 1918 ਵਿੱਚ ਇੱਕ ਰਿਟਾਇਰਡ ਸਿੰਧੀ ਅਫ਼ਸਰ ਆਪਣੇ ਪਰਵਾਰ ਸਮੇਤ
ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਇਆ ਤਾਂ ਰਾਤ ਸਮੇਂ ਉਸਦੀ 13 ਵਰ੍ਹਿਆਂ ਦੀ
ਮਾਸੂਮ ਬੱਚੀ ਨਾਲ ਮਹੰਤ ਦੇ ਚੇਲੇ ਨੇ ਘਟੀਆ ਕੁਕਰਮ (ਬਲਾਤਕਾਰ) ਕੀਤਾ। ਇਸੇ ਹੀ ਸਾਲ ਪੂਰਨਾਮਸੀ ਦੀ
ਇੱਕ ਰਾਤ ਨੂੰ ਜਿਲ੍ਹਾ ਲਾਇਲਪੁਰ ਦੇ ਜੜ੍ਹਾਂ ਵਾਲੇ ਇਲਾਕੇ ਦੀਆਂ 6 ਬੀਬੀਆਂ ਜੋ ਗੁਰਦੁਆਰਾ ਸਾਹਿਬ
ਦਰਸ਼ਨ ਕਰਨ ਹਿੱਤ ਪੁਜੀਆਂ ਉਹਨਾਂ ਨਾਲ ਵੀ ਮਹੰਤ ਦੇ ਚੇਲਿਆਂ ਨੇ ਉਹੀ ਹਸ਼ਰ ਕੀਤਾ ਅਤੇ ਖੇਹ ਖਾਧੀ।
ਅਜਿਹੀਆਂ ਵਾਰਦਾਤਾਂ ਅਕਸਰ ਹੀ ਇੱਥੇ ਹੋਣ ਲੱਗ ਪਈਆਂ ਸਨ। ਇੱਥੋਂ ਤੱਕ ਕਿ ਜੱਦ ਸਿੱਖਾਂ ਨੇ ਮਹੰਤ
ਦੀਆਂ ਇਹ ਆਪਹੁਦੀਆਂ ਕਰਤੂਤਾਂ ਅਤੇ ਮੰਦਭਾਗੀਆਂ ਘਟਨਾਵਾਂ ਵਿਰੁੱਧ ਰੋਸ ਪ੍ਰਗਟ ਕੀਤਾ ਤਾਂ ਅਗੋਂ
ਮਹੰਤ ਨੇ ਐਲਾਨੀਆ ਕਹਿ ਦਿੱਤਾ ਕਿ ਇਹ ਗੁਰਦੁਆਰਾ ਸਾਡੀ ਨਿੱਜੀ ਦੁਕਾਨ ਹੈ, ਤੁਸੀਂ ਆਪਣੀਆਂ
ਇਸਤਰੀਆਂ ਨੂੰ ਨਾ ਭੇਜਿਆ ਕਰੋ।
ਤਦ ਨਨਕਾਣਾ ਸਾਹਿਬ ਦੇ ਪਵਿੱਤਰ ਸਥਾਨ ਤੇ ਐਸੇ ਕੁਕਰਮਾਂ ਨੂੰ ਬੰਦ ਕਰਵਾਉਣ ਅਤੇ ਗੁਰ ਮਰਿਯਾਦਾ
ਲਾਗੂ ਕਰਵਾਉਣ ਹਿੱਤ 26 ਜਨਵਰੀ 1921 ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ
ਵਿੱਚ ਇਸ ਬਾਬਤ ਇੱਕ ਵਿਸ਼ੇਸ਼ ਗੁਰਮਤਾ ਪਾਸ ਕਰਕੇ ਮਿਤੀ 4, 5, 6 ਮਾਰਚ 1921 ਨੂੰ ਸ੍ਰੀ ਨਨਕਾਣਾ
ਸਾਹਿਬ ਵਿਖੇ ਸਿੱਖ ਕੌਮ ਦਾ ਇੱਕ ਭਾਰੀ ਇਕੱਠ ਸਦਣ ਬਾਰੇ ਵੀਚਾਰ ਚਰਚਾ ਕੀਤੀ ਗਈ ਤਾਂ ਕਿ ਉਸ ਸਮੇਂ
ਸਮੁੱਚੇ ਪੰਥਕ ਰੂਪ ਵਿੱਚ ਮਿਲ ਬੈਠ ਕੇ ਗੁਰਦੁਆਰਿਆਂ ਦੇ ਪ੍ਰਬੰਧ ਬਾਰੇ, ਮਹੰਤ ਨਰਾਇਣ ਦਾਸ ਬਾਰੇ
ਵੀਚਾਰ ਕੀਤਾ ਜਾ ਸਕੇ ਅਤੇ ਮਹੰਤ ਨੂੰ ਸੁਧਰਨ ਲਈ ਕਿਹਾ ਜਾਵੇ ਕਿਉਂ ਜੁ ਇਸਨੇ ਪ੍ਰਬੰਧ ਸੰਭਾਲਣ
ਵੇਲੇ ਇਹ ਗੱਲ ਮੰਨੀ ਸੀ ਕਿ ਪਹਿਲੇ ਮਹੰਤਾਂ ਦੀ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾੲਤਿ ਨਹੀਂ
ਆਵੇਗੀ।
ਹੋਣ ਵਾਲੇ ਇਸ ਪੰਥਕ ਇਕੱਠ ਦੀ ਸੂਹ ਮਹੰਤ ਨਰੈਣੂ ਨੂੰ ਲੱਗ ਗਈ ਤਾਂ ਉਸਨੇ ਵਿਉਂਤ ਘੜ ਲਈ ਕਿ ਉਸ
ਸਮੇਂ ਸਿੱਖਾਂ ਦੇ ਉਸ ਭਾਰੀ ਇਕੱਠ ਉੱਤੇ ਹਮਲਾ ਕਰਕੇ ਸੱਭ ਗੁਰਮਤ ਸੁਧਾਰਕਾਂ ਨੂੰ ਖਤਮ ਕਰ ਦੇਣਾ
ਹੈ। ਇਸ ਲਈ ਉਸਨੇ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਗੋਲੀ, ਸਿੱਕਾ, ਟਕੂਏ,
ਪਿਸਤੌਲਾਂ, ਬੰਦੂਕ, ਮਿੱਟੀ ਦੇ ਤੇਲ ਦੇ ਪੀਪਿਆਂ ਅਤੇ ਲੱਕੜਾਂ ਦਾ ਜ਼ਖੀਰਾ ਇਕੱਠਾ ਕਰ ਲਿਆ ਤਾਂ ਕਿ
ਉੱਠ ਰਹੀ ਗੁਰਦੁਆਰਾ ਸੁਧਾਰ ਲਹਿਰ ਦੇ ਮੁਖੀਆਂ ਸਮੇਤ ਹਾਜ਼ਰ ਸਾਰੇ ਸਿੱਖਾਂ ਦਾ ਖੁਰਾ ਖੋਜ ਉਸ ਦਿਨ
ਹੋਣ ਵਾਲੀ ਇੱਤਰਤਾ ਮੌਕੇ ਮਿਟਾਇਆ ਜਾ ਸਕੇ। ਮਹੰਤ ਨਰੈਣੂ ਦੇ ਇਸ ਕਾਰੇ ਦੀ ਸੂਹ ਗੁਰਸਿੱਖਾਂ ਕੋਲ
ਪੁੱਜੀ ਤਾਂ ਉਹਨਾਂ ਨੇ 17 ਫਰਵਰੀ 1921 ਨੂੰ ਇੱਕ ਵਿਸ਼ੇਟਸ਼ ਮੀਟਿੰਗ ਸੱਦ ਕੇ ਇਹ ਮਤਾ ਪਕਾ ਦਿੱਤਾ
ਗਿਆ ਕਿ 19 ਫਰਵਰੀ ਨੂੰ ਭਾਈ ਲਛਮਣ ਸਿੰਘ ਅਤੇ ਭਾਈ ਕਰਤਾਰ ਸਿੰਘ ਝੱਬਰ ਸ੍ਰੀ ਨਨਕਾਣਾ ਸਾਹਿਬ ਦੀ
ਆਜ਼ਾਦੀ ਲਈ ਚਾਲੇ ਪਾ ਦੇਣਗੇ। ਕਿਉਂਕਿ ਉਸ ਮਹੰਤ ਦੇ ਵਿਰੁੱਧ ਅਤੇ ਗੁਰਦੁਆਰਾ ਸਾਹਿਬ ਨੂੰ ਆਜ਼ਾਦ
ਕਰਵਾਉਣ ਲਈ ਸਿੱਖ ਸੰਗਤਾਂ ਦੇ ਮਨਾਂ ਵਿੱਚ ਪਹਿਲਾਂ ਹੀ ਜੋਸ਼ ਠਾਠਾਂ ਮਾਰ ਰਿਹਾ ਸੀ ਤੇ ਮਹੰਤ ਦੀ
ਸਿੱਖਾਂ ਉੱਪਰ ਹਮਲਾ ਕਰਨ ਦੀ ਬਦਨੀਤੀ ਨੇ ਸਿੱਖਾਂ ਵਿੱਚਲੇ ਰੋਹ ਨੂੰ ਭਾਂਬੜ ਦਾ ਰੂਪ ਦੇ ਦਿੱਤਾ।
ਮਿਥੀ ਮਿਤੀ ਤੇ ਅਰਦਾਸਾ ਸੋਧ ਕੇ ਗੁਰੂ ਦੇ ਲਾਡਲੇ ਸਿੰਘਾਂ ਨੇ ਗੁਰਧਾਮ ਆਜ਼ਾਦ ਕਰਵਾਉਣ ਲਈ ਗੁਰੂ ਦੀ
ਸਿੱਖਿਆ “ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥ ਅਤੇ ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ
ਮੰਨਿਐ ਪਾਈਐ॥ ਦੇ ਮਾਹਾਂਵਾਕਾਂ ਨੂੰ ਮੰਨਦਿਆਂ ਗੁਰਧਾਮਾਂ ਦੀ ਆਜ਼ਾਦੀ ਲਈ ਅਤੇ ਗੁਰੂ ਅਸਥਾਨ ਦੀ
ਬੇਅਦਬੀ ਰੋਕਣ ਲਈ ਸ੍ਰੀ ਨਨਕਾਣਾ ਸਾਹਿਬ ਨੂੰ ਚਾਲੇ ਪਾ ਦਿੱਤੇ। ਰਸਤੇ ਵਿੱਚ ਪੰਥਕ ਲੀਡਰਾਂ ਦੇ ਕਹੇ
ਤੇ ਉਹਨਾਂ ਨੂੰ ਰਸਤੇ ਵਿੱਚ ਹੀ ਰੋਕਣ ਲਈ ਉਪਰਾਲਾ ਕੀਤਾ ਗਿਆ ਤਾਂ ਕਿ ਮਾਹੌਲ ਨਾ ਵਿਗੜੇ ਪਰ
ਸਿੱਖਾਂ ਨੇ ਇੱਕੋ ਗੱਲ ਕਹੀ ਕਿ “ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਕੇ ਤੁਰੇ ਹਾਂ, ਅਕਾਲ ਪੁਰਖ ਆਪ
ਸਹਾਈ ਹੋਵੇਗਾ ਅਤੇ ਸਾਡੀ ਜਿੱਤ ਨਿਸਚਿਤ ਹੈ। ਅਸੀਂ ਅੱਗੇ ਹੋ ਕੇ ਮਰ ਜਾਵਾਂਗੇ ਪਰ ਹੁਣ ਪਿੱਛੇ
ਨਹੀਂ ਹਟਾਂਗੇ। ਜਾਂ ਨਾਨਕ ਦਾ ਨਨਕਾਣਾ ਆਜ਼ਾਦ ਕਰਵਾਵਾਂਗੇ ਜਾਂ ਫਿਰ ਸ਼ਹੀਦ ਹੋਵਾਂਗੇ। “ਇਸ ਤਰ੍ਹਾਂ
ਭਾਈ ਲਛਮਣ ਸਿੰਘ ਜੀ ਦਾ ਜੱਥਾ ਸ਼ਬਦ ਪੜ੍ਹਦਾ ਹੋਇਆ ਨਨਕਾਣਾ ਸਾਹਿਬ ਅੰਦਰ ਦਾਖਲ ਹੋਇਆ। ਮਹੰਤ ਨੇ
ਬਾਹਰਲੇ ਗੇਟ ਬੰਦ ਕਰਵਾ ਦਿੱਤੇ ਅਤੇ ਸ਼ਾਂਤਮਈ ਸਿੰਘਾਂ ਉੱਤੇ ਮੀਂਹ ਦੀ ਤਰ੍ਹਾਂ ਗੋਲੀਆਂ ਦੀ ਬੁਛਾੜ
ਕਰ ਦਿੱਤੀ। ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਭਾਈ ਲੱਛਮਣ ਸਿੰਘ ਜੀ ਨੂੰ ਗੋਲੀਆਂ ਨਾਲ
ਅਧਮੋਇਆ ਕਰਨ ਤੋਂ ਬਾਅਦ ਜੰਡ ਨਾਲ ਪੁੱਠਾ ਲਮਕਾ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ। ਪਾਵਣ
ਸਰੂਪ ਵਿੱਚ ਵੀ ਕਈ ਗੋਲੀਆਂ ਲੰਘੀਆਂ। ਇਹ ਸੀ ਜੁਲਮ ਦੀ ਇੰਤਹਾ ਸੀ। ਇਸੇ ਤਰ੍ਹਾਂ ਭਾਈ ਦਲੀਪ ਸਿੰਘ
ਜੀ ਜਦ ਗੁਰਦੁਆਰਾ ਅੰਦਰ ਦਾਖਲ ਹੋਏ ਤਾਂ ਉਹਨਾਂ ਨੂੰ ਵੀ ਬਲਦੀ ਭੱਠੀ ਵਿੱਚ ਸੁੱਟ ਕੇ ਸ਼ਹੀਦ ਕਰ
ਦਿੱਤਾ ਗਿਆ। ਸ਼ਹੀਦ ਸਿੰਘਾਂ ਨੂੰ ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ। ਕਿਹਾ ਜਾਂਦਾ ਹੈ ਕਿ ਦੋ ਸਾਲ
ਦਾ ਇੱਕ ਸਿੱਖ ਬੱਚਾ ਜੋ ਕਿ ਇੱਕ ਅਲਮਾਰੀ ਵਿੱਚ ਬੰਦ ਸੀ ਨੂੰ ਵੀ ਬਾਹਰ ਕੱਢ ਕੇ ਬਲਦੀ ਅੱਗ ਦੇ
ਉੱਪਰ ਸੁੱਟ ਕੇ ਸ਼ਹੀਦ ਕੀਤਾ ਗਿਆ ਜੋ ਜਰਗ (ਲੁਧਿਆਣਾ) ਨਿਵਾਸੀ ਸ਼ਹੀਦ ਕੇਹਰ ਸਿੰਘ ਦਾ ਪੁੱਤਰ ਸੀ
ਅਤੇ ਆਪਣੇ ਪਿਤਾ ਨਾਲ ਇਸ ਸ਼ਹੀਦੀ ਜੱਥੇ ਵਿੱਚ ਸ਼ਾਮਿਲ ਸੀ।
ਗੁ. ਸ੍ਰੀ ਨਨਕਾਣਾ ਸਾਹਿਬ ਦੇ ਇਸ ਸਾਕੇ ਦੀ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਸਿੱਖਾਂ ਦੀ
ਵੱਡੀ ਗਿਣਤੀ ਗੁਰਦੁਆਰਾ ਸਾਹਿਬ ਵਿਖੇ ਇਕੱਠੀ ਹੋਣੀ ਸ਼ੁਰੂ ਹੋ ਗਈ। ਇਸ ਤਰ੍ਹਾਂ 23 ਫਰਵਰੀ ਨੂੰ
ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਗਿਆ ਅਤੇ ਅੰਗਰੇਜ ਸਰਕਾਰ ਨੇ ਸਿੱਖਾਂ ਦੇ ਰੋਹ ਅੱਗੇ ਝੁਕਦਿਆਂ
ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਸਿੱਖਾਂ ਨੂੰ ਸੌਪੀਆਂ ਅਤੇ ਅੰਗਰੇਜ ਸਰਕਾਰ ਵੱਲੋਂ ਮੌਕੇ ਤੇ ਫਰਾਰ
ਹੋਏ ਮਹੰਤ ਨੂੰ ਵੀ ਸਖਤ ਸਜ਼ਾ ਦਿੱਤੀ ਗਈ। ਇਸ ਤਰ੍ਹਾਂ ਸ਼ਹਾਦਤਾਂ ਤੋਂ ਬਾਅਦ ਗੁਰਧਾਮਾ ਨੂੰ ਆਜ਼ਾਦ
ਕਰਵਾ ਕੇ ਉੱਥੇ ਗੁਰਮਰਿਯਾਦਾ ਬਹਾਲ ਕੀਤੀ ਗਈ।
ਅੱਜ ਅਸੀਂ ਗੁਰਧਾਮਾਂ ਲਈ ਕੀਤੀਆਂ ਗਈਆਂ ਉਹਨਾਂ ਮਹਾਨ ਸ਼ਹਾਦਤਾਂ ਨੂੰ ਯਾਦ ਕਰ ਕੇ ਇੱਕ ਵਾਰ ਨਿਰਪੱਖ
ਹੋ ਕੇ ਆਪਣੇ ਮਨ ਅੰਦਰ ਵੀਚਾਰ ਕਰਨੀ ਹੈ ਅਤੇ ਕੁੱਝ ਕੁ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਨੀ
ਹੈ ਕਿ ਅੱਜ ਵੀ ਸਾਡੇ ਇਤਿਹਾਸਕ ਗੁਰਦੁਆਰਿਆਂ ਵਿੱਚ ਜਾਂ ਹੋਰ ਗੁਰਧਾਮਾਂ ਵਿੱਚ ਨਿਰੋਲ ਗੁਰਮਤਿ ਦੀ
ਗੱਲ ਹੋ ਰਹੀ ਹੈ ਜਾਂ ਨਹੀਂ? ਕਿਤੇ ਅੱਜ ਫਿਰ ਸਾਨੂੰ ਗੁਰਧਾਮ ਆਜ਼ਾਦ ਕਰਨ ਦੀ ਲੋੜ ਹੈ ਜਾਂ ਨਹੀਂ?
ਕੀ ਅੱਜ ਵੀ ਗੁਰਧਾਮਾਂ ਵਿੱਚ ਬਾਬੇ ਨਾਨਕ ਦੀ ਸੱਚੀ ਸੁੱਚੀ ਅਤੇ ਮਾਨਵਤਾ ਦੇ ਭਲੇ ਲਈ ਦਿੱਤੀ ਗਈ
ਜੀਵਣ ਜਾਂਚ ਅਤੇ ਹੋਰ ਕਾਰਜ ਹੋ ਰਹੇ ਹਨ? ਹੋਰ ਵੀ ਅਨੇਕਾਂ ਸਵਾਲ ਹਨ ਕਿਉਂਕਿ ਐਸਾ ਪ੍ਰਤੀਤ ਹੋ
ਰਿਹਾ ਹੈ ਕਿ ਬਾਬਾ ਨਾਨਕ ਜੀ ਨੇ ਇਸ ਧਰਮਸ਼ਾਲਾ ਨੂੰ ਸਾਰਿਆਂ ਲਈ ਸਾਂਝਾ ਬਣਾਇਆ ਸੀ ਅਤੇ ਅਸੀਂ ਸਿਰਫ
ਆਪਣੀ ਨਿੱਜੀ ਚੌਧਰ ਅਤੇ ਆਪਣੀ ਹਊਮੈ ਨੂੰ ਪੱਠੇ ਪਾਉਣ ਲਈ ਬਾਬੇ ਨਾਨਕ ਦੀਆਂ ਧਰਮਸ਼ਾਲਾਵਾਂ
(ਗੁਰਦੁਆਰਿਆਂ) ਨੂੰ ਵੀ ਜਾਤਾਂ-ਪਾਤਾਂ ਵਿੱਚ ਵੰਡ ਛੱਡਿਐ। ਅੱਜ ਗੁਰਦੁਆਰਾ ਗੁਰੂ ਦਾ ਦੁਆਰ ਨਾ ਹੋ
ਕੇ ਰਵੀਦਾਸੀਆਂ ਦਾ, ਵਾਲਮੀਕੀਆਂ ਦਾ, ਜੱਟਾਂ ਦਾ ਰਾਮਗੜ੍ਹੀਆਂ ਦਾ, ਛੀਂਬਿਆਂ ਦਾ, ਮਜ੍ਹਬੀ ਸਿੱਖਾਂ
ਦਾ ਬਣ ਚੁੱਕਾ ਹੈ। ਅੱਜ ਬ੍ਰਹਾਮਣਵਾਦੀ ਕਰਮਕਾਂਢ, ਹੋਰ ਅੰਧਵਿਸ਼ਵਾਸ਼ ਦੀਆਂ ਗੱਲਾਂ, ਮਨਮੱਤ, ਕੱਚ
ਘਰੜ ਸਾਖੀਆਂ, ਗੁਰਮਤਿ ਵਿਰੋਧੀਆਂ ਪ੍ਰਚਾਰ, ਗੁਰਮਤਿ ਵਿਰੋਧੀਆਂ ਗਤੀਵਿਧੀਆਂ ਵੀ ਗੁਰਦੁਆਰਾ ਸਾਹਿਬ
ਤੋਂ ਹੋਣ ਲੱਗ ਪਈਆਂ ਹਨ। ਬੇਸ਼ੱਕ ਕੁੱਝ ਕੁ ਪ੍ਰਬੰਧਕ ਕਮੇਟੀਆਂ ਬਹੁੱਤ ਸੁਚਾਰੂ ਕੰਮ ਕਰ ਰਹੀਆਂ ਹਨ,
ਪਰ ਬਹੁਤੀਆਂ ਤਾਂ ਗੋਲਕ ਤੱਕ ਸੀਮਿਤ ਹੋ ਕੇ ਰਹਿ ਗਈਆਂ ਹਨ। ਇੱਥੋਂ ਤੱਕ ਕੇ ਮਹੰਤਾਂ ਕੋਲ ਅਜ਼ਾਦ
ਕਰਵਾ ਕੇ ਗੁਰਦੁਆਰਿਆਂ ਦਾ ਪ੍ਰਬੰਧ ਸੁਚਾਰੂ ਅਤੇ ਯੋਗ ਢੰਗ ਨਾਲ ਚਲਾਉਣ ਲਈ ਬਣਾਈ ਗਈ ਸ੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਵੀ ਵੱਡੇ-ਵੱਡੇ ਪ੍ਰਸ਼ਨ ਚਿੰਨ੍ਹ ਲੱਗ ਗਏ ਹਨ।
ਇਸ ਤਰ੍ਹਾਂ ਲੱਗਦਾ ਹੈ ਉਹਨਾਂ ਮਹੰਤਾਂ ਦੀ ਰੂਹ ਅੱਜ ਕਮੇਟੀ ਦੇ ਪ੍ਰਬੰਧਕਾ ਦੇ ਵਿੱਚ ਵੜ ਗਈ ਹੈ
ਜਿਹੜੇ ਅੱਜ ਗੁਰਮਤਿ ਸਿਧਾਂਤਾਂ ਦਾ ਮਲੀਆਮੇਟ ਕਰਨ ਤੇ ਤੁੱਲੇ ਹੋਏ ਹਨ। ਅੱਜ ਗੁਰਮਤਿ ਦੀ ਗੱਲ ਕਰਨ
ਵਾਲੇ ਲੇਖਕਾਂ, ਬੁਧੀਜੀਵੀਆਂ, ਸਿੱਖ ਚਿੰਤਕਾਂ, ਸਿੱਖ ਵਿਦਾਵਨਾਂ, ਸਿੱਖ ਕੀਰਤਨੀਆ ਨੂੰ ਪੰਥ
ਵਿੱਚੋਂ ਛੇਕ ਕੇ ਜ਼ਲੀਲ ਕਰਨ ਦੀਆਂ ਕੋਝੀਆਂ ਚਾਲਾਂ ਸਿੱਖਾਂ ਦੀ ਸਰਵਉੱਚ ਮਹਾਨ ਸੰਸਥਾ ਮੀਰੀ ਪੀਰੀ
ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਜੋਕੇ ਮਹੰਤਾਂ ਵੱਲੋਂ ਚੱਲੀਆਂ ਜਾ ਰਹੀਆਂ ਹਨ। ਸਿੱਖ ਕੌਮ ਦੀ
ਆਜ਼ਾਦ ਅਤੇ ਵੱਖਰੀ ਹਸਤੀ ਦੇ ਪ੍ਰਤੀਕ ਨਾਨਕਸਾਹੀ ਕੈਲੰਡਰ ਦਾ ਗਲਾ ਘੁਟੱਣ ਲਈ ਵੀ ਅਜੋਕੇ ਮਹੰਤਾਂ ਨੇ
ਕਾਹਲ ਕੀਤੀ ਅਤੇ ਕੌਮ ਦਾ ਇੱਕ ਆਪਣਾ ਵੱਖਰਾ ਕੈਲੰਡਰ ਵੀ ਨਾ ਰਹਿਣ ਦਿੱਤਾ ਗਿਆ। ਅੱਜ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸ਼ਮ ਗ੍ਰੰਥ ਦਾ ਪ੍ਰਕਾਸ਼ ਕਰਵਾ ਸਿੱਧੇ ਤੌਰ ਤੇ ਹੀ ਗੁਰੂ ਗ੍ਰੰਥ
ਸਾਹਿਬ ਜੀ ਦੀ ਨਿਰਮਲ ਵੀਚਾਰਧਾਰਾ ਨੂੰ ਚੁਨੌਤੀ ਦਿੱਤੀ ਜਾ ਰਹੀ ਹੈ। ਕੋਈ ਵੀ ਦੂਜਾ ਗ੍ਰੰਥ
ਗੁਰਦੁਆਰਾ ਸਾਹਿਬ ਅੰਦਰ ਪ੍ਰਵੇਸ਼ ਹੀ ਨਹੀਂ ਕਰਨਾ ਚਾਹੀਦਾ ਸੀ ਪਰ ਸਾਦੇ ਅਵੇਸਲੇਪੁਣੇ ਕਰਕੇ ਉਹ
ਪ੍ਰਵੇਸ਼ ਨੂੰ ਛੱਡ ਕੇ ਬਰਾਬਰ ਦਾ ਨਕਲੀ ਗੁਰੂ ਬਣ ਬੈਠਾ ਹੈ ਅਤੇ ਇਸ ਕਾਰੇ ਲਈ ਜਿੰਮੇਵਾਰ ਵੀ ਸਾਡੀ
ਮੌਜੂਦਾ ਪੁਜਾਰੀ/ਮਹੰਤ ਸ਼੍ਰੇਣੀ ਹੀ ਹੈ। ਅੱਜ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਕੌਮ ਦੇ ਵਿਰੁਧ
ਫੈਂਸਲਾ ਲੈਣ ਲੱਗਿਆਂ ਨਾਲ ਹੋਰ ਦੋ ਜਥੇਦਾਰਾਂ ਨੂੰ ਬੁਲਾ ਲੈਂਦਾ ਹੈ ਜਿਹੜੇ ਪਹਿਲਾਂ ਹੀ ਸ੍ਰੀ
ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਤੋਂ ਮੁਨਕਰ ਅਤੇ ਇੱਕ ਅਕਾਲ ਪੁਰਖ ਦੇ ਉਪਾਸ਼ਕ ਹੋਣ ਦੀ ਥਾਂ ਦਸ਼ਮ
ਗ੍ਰੰਥ ਵਿੱਚ ਦਰਜ ਕਿਸੇ ਮਹਾਂਕਾਲ ਦੇ ਉਪਾਸ਼ਕ ਹਨ। ਅੱਜ ਕੌਮ ਦੇ ਇਹ ਆਪੂੰ ਬਣੇ ਜਥੇਦਾਰ ਕੌਮ ਉੱਪਰ
ਗੁਰਬਿਲਾਸ ਪਾ: ਛੇਵੀਂ ਵਰਗੀਆਂ ਪੁਸਤਕਾਂ ਠੋਸਣ ਲਈ ਤਿਆਰ ਹਨ ਪਰ ਕੌਮ ਵਿੱਚ ਗੁਰਮਤਿ ਦੀ ਗੱਲ ਕਰਨ
ਵਾਲੇ ਕਿਸੇ ਰਾਗੀ ਜੱਥੇ ਦੇ ਸਮਾਗਮਾਂ ਤੇ ਪੂਰਨ ਰੂਪ ਵਿੱਚ ਪਾਬੰਦੀ ਲਗਾਉਣਾ ਚਾਹੁੰਦੇ ਹਨ। ਅੱਜ
ਕੌਮੀ ਹਿੱਤਾਂ ਲਈ ਯੋਗ ਕਾਰਜ ਕਰਨ ਲਈ ਬਣਾਈ ਗਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਗੁਰੂ
ਸਾਹਿਬਾਨਾਂ ਨੂੰ ਨੀਵਾਂ ਵਿਖਾਉਂਦੀ ਪੁਸਤੱਕ ਸਿੱਖ ਇਤਿਹਾਸ, ਕੀਰਤੀ ਸਿੱਖਾਂ ਵੱਲੋਂ ਭੇਟਾ ਕੀਤੀ ਗਈ
ਮਾਇਆ ਨਾਲ ਗੁਰੂ ਦੀ ਗੋਲਕ ਵਿੱਚੋਂ ਵੱਡੇ ਪੱਧਰ ਤੇ ਛਪਵਾ ਕੇ ਮਨਮੱਤ ਦਾ ਪ੍ਰਚਾਰ ਕਰ ਰਹੀ ਹੈ।
ਸ੍ਰੀ ਦਰਬਾਰ ਸਾਹਿਬ ਵਿਖੇ ਹੀ ਗੁਰੂ ਨਾਨਕ ਦੀ ਕੀਰਤੀ ਸੰਗਤ ਨਾਲ ਬਾਦਲਕਿਆਂ (ਵੀ. ਆਈ. ਪੀ. ਸੰਗਤ)
ਕਰਕੇ ਵਿਤਕਰਾ ਕੀਤਾ ਜਾ ਰਿਹਾ ਹੈ। ਅੱਜ ਅਖੌਤੀ ਸਾਧ ਵੀ ਮਹੰਤ ਨਰੈਣੂ ਦੀ ਸੋਚ ਵਾਂਗ ਗੁਰਦੁਆਰਿਆਂ
ਨੂੰ ਆਪਣੀ ਨਿੱਜੀ ਦੁਕਾਨਦਾਰੀ ਦੀ ਤਰ੍ਹਾਂ ਚਲਾ ਰਹੇ ਹਨ ਅਤੇ ਮਨਮਰਜ਼ੀ ਦੇ ਨਾਮ ਦੇ ਕੇ ਆਪਣੇ ਹੀ
ਗੁਰਦੁਆਰੇ ਬਣਾਈ ਜਾ ਰਹੇ ਹਨ। ਕਹਿਣ ਤੋਂ ਭਾਵ ਕਿ ਅੱਜ ਗੁਰਦੁਆਰਿਆਂ ਵਿੱਚ ਫਿਰ ਗੁਰਮਤਿ ਵਿਰੋਧੀ
ਕਾਰਜ ਹੋਣ ਲੱਗ ਪਏ ਹਨ ਅਤੇ ਇਸ ਸੱਭ ਨੂੰ ਸੁਧਾਰ ਕਰਨ ਲਈ ਮੁੜ ਤੋਂ ਇੱਕ ਗੁਰਦੁਆਰਾ ਸੁਧਾਰ ਲਹਿਰ
ਸ਼ੁਰੂ ਕਰਨ ਦੀ ਲੋੜ ਪੈਦਾ ਹੋ ਚੁੱਕੀ ਹੈ। ਇਸ ਲਈ ਸਾਨੂੰ ਸਾਰੇ ਹੀ ਜਾਗਰੂਕ ਸਿੱਖਾਂ ਨੂੰ ਛੇਤੀ ਹੀ
ਇੱਕ ਸਾਂਝੇ ਮੰਚ ਤੇ ਇਕੱਠੇ ਹੋ ਕੇ ਕਾਰਜ ਕਰਨਾ ਚਾਹੀਦਾ ਹੈ, ਜਿਸ ਲਈ ਯੋਗ ਸਮਾਂ ਵੀ (ਸ੍ਰੋਮਣੀ
ਕਮੇਟੀ ਦੀਆਂ ਚੋਣਾਂ) ਆ ਚੁੱਕਾ ਹੈ। ਇਸ ਲਈ ਆਉ! ਗੁਰਮਤਿ ਦੇ ਧਾਰਨੀ ਯੋਗ ਉਮੀਦਵਾਰਾਂ ਨੂੰ ਅੱਗੇ
ਲਿਆਈਏ ਤਾਂ ਕਿ ਗੁਰਦੁਆਰਿਆਂ ਤੋਂ ਬਾਦਲਕਿਆਂ ਅਤੇ ਪੰਥ ਵਿਰੋਧੀਆਂ ਤੋਂ ਆਜ਼ਾਦ ਕਰਵਾ ਕੇ ਫਿਰ ਤੋਂ
ਗੁਰ ਮਰਿਯਾਦਾ ਬਹਾਲ ਕੀਏ ਤਾਂ ਕਿ ਇਹ ਗੁਰਦੁਆਰੇ ਸਿੱਖੀ ਪ੍ਰਚਾਰ ਦੇ ਕੇਂਦਰ ਵੱਜੋਂ ਉੱਭਰ ਕੇ
ਸਾਹਮਣੇ ਆਉਣ ਨਾ ਕਿ ਦੁਕਾਨਦਾਰੀਆਂ ਵੱਜੋਂ। ਉਮੀਦ ਹੈ ਜਾਗਰੂਕ ਨਾਨਕ ਨਾਮ ਲੇਵਾ ਇਸ ਪਾਸੇ ਧਿਆਨ
ਦੇਣਗੇ। ਗੁਰੂ ਭਲੀ ਕਰੇ।
* * * * *
-ਇਕਵਾਕ ਸਿੰਘ ਪੱਟੀ
ਮੁੱਖ ਸਰਪ੍ਰਸਤ
ਗੁਰੂ ਨਾਨਕ ਮਿਸ਼ਨ ਯੂਥ ਕਲੱਬ
ਜੋਧ ਨਗਰ, ਸੁਲਤਾਨਵਿੰਡ ਰੋਡ,
ਅੰਮ੍ਰਿਤਸਰ। ਮੋ. 98150-24920