ਅਪਣੇ ਬੇਟੇ ਦੇ ਅਨੰਦ ਕਾਰਜ 17-01-2010 ਤੋਂ ਇੱਕ ਹਫ਼ਤੇ ਬਾਅਦ ਮੈਂ ਤੇ
ਮੇਰੀ ਸਿੰਘਣੀ ਮੇਰੇ ਦੋਸਤ ਸ. ਅਮਰਜੀਤ ਸਿੰਘ ਅਨੰਦ ਦੇ ਘਰ ਗ੍ਰੇਟਰ ਨੋਇਡਾ ਵਿੱਚ ਮਿਲਣ ਗਏ। ਅਜੇ
ਅਸੀਂ ਮਸਾਂ ਹੀ ਸਾਰੇ ਉਨ੍ਹਾਂ ਦੇ ਬੈੱਡ ਰੂਮ ਵਿੱਚ ਇਧਰੋਂ ਉਧਰੋਂ ਕੁਰਸੀਆਂ ਖਿੱਚ ਕੇ ਬੈਠੇ ਹੀ ਸੀ
ਕਿ ਮੇਰੇ ਦੋਸਤ ਅਮਰਜੀਤ ਸਿੰਘ ਨੇ ਮੈਨੂੰ ਪੁੱਛਿਆ “ਓਏ ਯਾਰ, ਤੂੰ ਅਪਣੇ ਬੇਟੇ ਦੇ ਅਨੰਦ ਕਾਰਜ ਦੀ
ਅਰਦਾਸ ਆਪ ਕੀਤੀ, ਪਰ ਪ੍ਰਿਥਮ ਭਗੌਤੀ ਸਿਮਰਕੇ ਤੇ ਤੂੰ ਕਿਹਾ ਹੀ ਨਹੀਂ?” ਮੈਂ ਉਸ ਦੀ ਗੱਲ ਖਤਮ
ਹੋਣ ਤੋਂ ਪਹਿਲਾਂ ਹੀ ਬੋਲ ਪਿਆ। “ਮੇਰੇ ਯਾਰ, ਪੁਆੜੇ ਦੀ ਜੜ੍ਹ ਹੀ ਪ੍ਰਿਥਮ ਭਗੌਤੀ ਹੈ”। ਬੱਸ,
ਫਿਰ ਕੀ ਸੀ, ਮੇਰੀ ਭਰਜਾਈ ਬੋਲ ਪਈ, “ਅਨੰਦ ਸਾਹਿਬ, ਇਹ ਕੀ ਤੁਸੀਂ ਇਨ੍ਹਾਂ ਨੂੰ ਛੇੜ ਦਿੱਤਾ ਜੇ,
ਕੋਈ ਹੋਰ ਗੱਲ ਕਰੋ”। ਮੈਂ ਅਪਣੇ ਦੋਸਤ ਨੂੰ ਪੁੱਛਿਆ ਕਿ ਭਗੌਤੀ ਦਾ ਕੀ ਅਰਥ ਤੁਸੀ ਦੱਸੋਗੇ? ਮੇਰੇ
ਦੋਸਤ ਨੇ ਕਿਹਾ – ਤਲਵਾਰ/ਸ਼ਕਤੀ। ਮੈਂ ਪੁੱਛਿਆ ਇਹ ਅਰਥ ਕੀ ਤੁਸੀਂ ਕਿਸੀ ਡਿਕਸ਼ਨਰੀ ਜਾਂ ਸ੍ਰੀ ਗੁਰੁ
ਗ੍ਰੰਥ ਸਾਹਿਬ ਵਿਚਲੇ ਕਿਸੇ ਸ਼ਬਦ ਦੇ ਆਧਾਰ ਤੇ ਦੇ ਸਕਦੇ ਹੋ? ਮੇਰਾ ਦੋਸਤ ਬੋਲਿਆ ਓਏ ਯਾਰ, ਤੂੰ ਹੀ
ਦੱਸ ਦੇ। ਮੈਂ ਕਿਹਾ ਜਰਾ ਸੁਖਮਨੀ ਸਾਹਿਬ ਦਾ ਗੁਟਕਾ ਲਿਆ ਦਿਓ, ਚੱਲੋ 9ਵੀ ਅਸ਼ਟਪਦੀ ਦੇ ਤੀਸਰੇ ਬੰਦ
“ਭਗਉਤੀ ਭਗਵੰਤ ਭਗਤਿ ਕਾ ਰੰਗੁ॥” (ਪੰਨਾ 274) ਦੇ ਅਰਥ ਮਿਲ ਬੈਠ ਕੇ ਕਰ ਲਈਏ। ਕਿਸੀ ਨੇ
ਵੀ ਸੁਖਮਨੀ ਸਾਹਿਬ ਦਾ ਗੁਟਕਾ ਨਹੀਂ ਲਿਆਂਦਾ, ਪਰ ਮੈਂ ਮਹਿਸੂਸ ਕੀਤਾ ਕਿ ਮੇਰੇ ਦੋਸਤ ਦੀ ਸਿੰਘਣੀ
ਜ਼ਿਆਦਾ ਘਬਰਾਈ ਹੋਈ ਸੀ ਅਤੇ ਦੀਵਾਰ ਤੇ ਲੱਗੀ ਲਾਈਟਾਂ ਨਾਲ ਸ਼ਿੰਗਾਰੀ ਹੋਈ ਅਖੌਤੀ ਸੰਤ ਈਸ਼ਰ ਸਿੰਘ
ਦੀ ਵੱਡੀ ਫੋਟੋ ਵੱਲ ਤੱਕ ਰਹੇ ਸਨ। ਗੱਲ ਅੱਗੇ ਤੁਰੀ ਹੀ ਨਾ, ਹੋਰ ਸਤਿਸੰਗ ਬਣਿਆ ਹੀ ਨਾ, ਅਤੇ
ਘਰੇਲੂ ਗੱਲਾਂ ਹੀ ਹੁੰਦੀਆਂ ਰਹੀਆਂ।
ਘਰ ਆ ਕੇ ਪਹਿਲੀ ਵਾਰ ਬੇਟੇ ਦੇ ਅਨੰਦ ਕਾਰਜ ਤੋਂ ਬਾਅਦ ਇੰਟਰਨੈੱਟ ਤੇ ਮੈਂ
ਆਪਣੀ ਈ ਮੇਲ ਚੈਕ ਕਰ ਰਿਹਾ ਸੀ। ਗੁਰਮਤਿ ਗਿਆਨ ਮਿਸ਼ਨਰੀ ਕਾਲਿਜ ਦੀ ਮੇਲ ਚ ਜਨਵਰੀ 2010 ਦਾ ਨਿਊਜ਼
ਲੈਟਰ ਆਇਆ ਸੀ। ਮੈਂ ਜਨਵਰੀ 2010 ਦਾ ਨਿਊਜ਼ ਲੈਟਰ ਪੜ੍ਹਨਾ ਸ਼ੁਰੂ ਕੀਤਾ। ਨਿਊਜ਼ ਲੈਟਰ ਦੇ ਸੱਤਵੇਂ
ਪੇਜ਼ ਤੇ ਸੰਪਾਦਕ ਨੇ “ਪ੍ਰੋ ਦਰਸ਼ਨ ਸਿੰਘ ਵੱਲੋਂ ਰੋਚੈਸਟਰ (ਅਮਰੀਕਾ) ਵਿਖੇ ਕੀਤੀ ਸ਼ਬਦ ਦੀ ਵਿਆਖਿਆ”
ਦੇ ਹੈੱਡ ਲਾਈਨ ਨੀਚੇ ਸੰਪਾਦਕ ਦਾ ਨੋਟ ਸੀ ਕਿ ਅਸੀਂ ਉਸੇ ਡੀ. ਵੀ. ਡੀ. ਦੇ ਵਿੱਚ ਕੀਤੀ ਵਿਆਖਿਆ
ਤੇ ਸ਼ਬਦ ਨੂੰ ਛਾਪ ਰਹੇ ਹਾਂ ਤਾਂ ਕਿ ਪਾਠਕਾਂ ਨੂੰ ਅਸਲੀਅਤ ਪਤਾ ਲੱਗ ਸਕੇ। ਨਿਊਜ਼ ਲੈਟਰ ਦੇ 11ਵੇਂ
ਪੇਜ਼ ਤੇ ਵਿਆਖਿਆ ਵਿੱਚ ਪ੍ਰੋ ਦਰਸ਼ਨ ਸਿੰਘ ਨੇ ਭਗਉਤੀ ਸ਼ਬਦ ਦੀ ਵਿਆਖਿਆ ਵੀ ਸੁਖਮਨੀ ਸਾਹਿਬ ਦੇ ਉਸੀ
ਬੰਦ ਦੀ ਕੀਤੀ ਸੀ, ਜੋ ਮੈਂ ਆਪਣੇ ਦੋਸਤ ਨਾਲ ਉਸਦੇ ਘਰ ਵਿੱਚ ਸਾਂਝੀ ਕਰਨੀ ਸੀ। ਮੈਂ ਪ੍ਰੋ. ਜੀ
ਦੇ, ਵਿਆਖਿਆ ਦੇ ਢੰਗ ਅਤੇ ਅਰਥ ਪੜ੍ਹ ਕੇ ਹੈਰਾਨ ਰਹਿ ਗਿਆ। ਉਸ ਵਿਆਖਿਆ ਦਾ ਹਿੱਸਾ ਜੋ ਗੁਰਮਤਿ
ਗਿਆਨ ਮਿਸ਼ਨਰੀ ਕਾਲਜ ਦੇ ਨਿਊਜ਼ ਲੈਟਰ ਦੇ 11ਵੇ ਪੇਜ਼ ਤੇ ਹੈ, ਪਾਠਕਾਂ ਦੀ ਜਾਣਕਾਰੀ ਲਈ ਹੂਬ-ਬ-ਹੂਬ
ਲਿੱਖ ਰਿਹਾਂ ਹਾਂ –
……, ਹੁਣ ਅਸੀਂ ਸ੍ਰੀ ਗੁਰੁ ਗ੍ਰੰਥ ਸਾਹਿਬ ਕੋਲੋਂ ਪੁੱਛੀਏ ਕਿ ਭਗਉਤੀ ਕੀ
ਹੈ?
ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਵੀ ਭਗਉਤੀ ਲਫਜ਼ ਆਇਆ ਹੈ ਤੇ ਉਸ ਦੀ
ਪ੍ਰੀਭਾਸ਼ਾ ਹੈ, ਤੁਸੀਂ ਸਮਝ ਸਕਦੇ ਹੋ:
ਭਗਉਤੀ ਭਗਵੰਤ ਭਗਤਿ ਕਾ ਰੰਗੁ॥ ਸਗਲ ਤਿਆਗੈ ਦੁਸਟ ਕਾ ਸੰਗੁ॥
ਮਨ ਤੇ ਬਿਨਸੈ ਸਗਲਾ ਭਰਮੁ॥ ਕਰਿ ਪੂਜੈ ਸਗਲ ਪਾਰਬ੍ਰਹਮੁ॥
ਸਾਧ ਸੰਗਿ ਪਾਪਾ ਮਲੁ ਖੋਵੈ॥ ਤਿਸੁ ਭਗਉਤੀ ਕੀ ਮਤਿ ਊਤਮ ਹੋਵੈ॥
ਭਗਵੰਤ ਕੀ ਟਹਲ ਕਰੈ ਨਿਤ ਨੀਤਿ॥ ਮਨੁ ਤਨੁ ਅਰਪੈ ਬਿਸਨ ਪਰੀਤਿ॥
ਹਰਿ ਕੇ ਚਰਨ ਹਿਰਦੈ ਬਸਾਵੈ॥ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ॥ 3॥
(ਪੰਨਾ 274)
ਇੱਥੇ ਗੁਰੂ ਅਰਜਨ ਪਾਤਸ਼ਾਹ ਇਹ ਕਹਿ ਰਹੇ ਨੇ ਜਿਹੜਾ ਭਗਵੰਤ ਨਾਲ ਮਿਲਿਆ
ਹੋਇਐ, ਭਗਵੰਤ ਨੂੰ ਪਛਾਣਦੈ, ਭਗਉਤੀ ਉਸ ਸ਼ਕਤੀ ਦਾ, ਉਸ ਵਿਅਕਤੀ ਦਾ ਨਾਮ
ਹੈ, ਕਿਸੇ ਦੇਵੀ ਨੂੰ ਮੈਂ ਭਗਉਤੀ ਨਹੀਂ ਮੰਨਦਾ। ਅਗਲਾ ਜਿਹੜਾ ਹਿੱਸਾ ਹੈ
ਉਹ ਸਾਰਾ
ਦੇਵੀ ਦੀ ਉਪਾਸ਼ਨਾ ਹੈ, ਉਹ ਸਿੱਖ ਨੇ ਨਹੀਂ ਮੰਨਣਾ। ਜਿਨ੍ਹਾਂ ਵਿਦਵਾਨਾਂ ਨੇ
ਫੈਸਲਾ
ਕੀਤਾ ਕਿ ਅਰਦਾਸ ਵਿੱਚ ਭਗਉਤੀ ਵਾਲੀ ਪਉੜੀ ਪੜ੍ਹਨ ਦਾ ਨਿਰਣਾ ਉਹਨਾਂ ਨੇ
ਇਸ ਨਜ਼ਰੀਏ ਨਾਲ ਨਹੀਂ ਕੀਤਾ ਕਿ ਸ੍ਰੀ ਭਗਉਤੀ ਦੀ ਪੂਜਾ ਕਰ ਰਹੇ ਹਾਂ, ਅਸੀਂ
ਵੀ ਨਹੀਂ ਮੰਨਦੇ, ਬਿਲਕੁਲ ਨਹੀਂ ਮੰਨਣਾ। ਪਰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ
ਤੋਂ ਪ੍ਰੇਰਣਾ
ਲੈ ਕੇ ਵੇਖਣਾ ਭਲਾ,
ਸੋ ਭਗਉਤੀ ਜ+ ਭਗਵੰਤੈ ਜਾਣੈ॥ (ਪੰਨਾ 88)
ਗੁਰੂ ਦੀ ਨਜ਼ਰ ਵਿੱਚ ਭਗਉਤੀ ਦਾ ਅਰਥ ਹੈ ਭਗਵੰਤ ਨੂੰ ਜਾਨਣ ਵਾਲਾ, ਕਿਸੇ
ਦੇਵੀ
ਦਾ ਉਪਾਸ਼ਕ ਨਹੀਂ ਤੇ ਹੁਣ ਇਹ ਪਉੜੀ ਪੜ੍ਹੋ ‘ਪ੍ਰਥਮ ਭਗਉਤੀ ਸਿਮਰ ਕੈ’ ਕਿ
ਸਭ ਤੋਂ
ਪਹਿਲਾਂ ਮੈਂ ਉਹਨਾਂ ਨੂੰ ਯਾਦ ਕਰਨਾਂ ਜਿਹੜੇ ਰੱਬ ਦੇ, ਪ੍ਰਭੂ ਦੇ ਨੇੜੇ ਹਨ
ਤੇ ਪ੍ਰਭੂ ਨੂੰ
ਜਾਨਣ ਵਾਲੇ ਹਨ ਤੇ ਉਹਨਾਂ ਦੀ ਲਿਸਟ ਬਿਆਨ ਕਰਨਾਂ।
ਉਹਨਾਂ ਦੀ ਲਿਸਟ ਇਹ ਹੈ ਕਿ ਸਭ ਤੋਂ ਉੱਪਰ ਗੁਰੂ ਨਾਨਕ ਦਾ ਨਾਮ ਹੈ:
ਪ੍ਰਥਮ ਭਗਉਤੀ ਸਿਮਰਿ ਕੈ
ਗੁਰੂ ਨਾਨਕ ਲਈਂ ਧਿਆਇ॥
ਸਭ ਤੋਂ ਪਹਿਲਾਂ ਜਿਹੜੇ ਰੱਬ ਨੂੰ ਜਾਨਣ ਵਾਲੇ ਹਨ, ਉਹਨਾਂ ਨੂੰ ਮਿਲੇ ਹੋਏ
ਹਨ, ਮੈਂ
ਉਹਨਾਂ ਦੀ ਲਿਸਟ ਤੁਹਾਡੇ ਸਾਹਮਣੇ ਰੱਖਦਾਂ। ਓਇ ਭਲਿਓ!
ਵਿਦਵਾਨਾਂ ਦੇ ਹੋਏ ਪੰਥਕ ਫੈਸਲਿਆਂ
ਅੱਗੇ ਆਪਣਾ ਸਿਰ ਨਿਵਾਈਏ,
ਅਸੀਂ ਉਹ ਤਿਆਗਣੇ ਨਹੀਂ। ਦੇਵੀ ਭਗਉਤੀ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ।
……
ਹੁਣ ਮੈਂ ਆਪਣੀ ਦਲੀਲ ਲਿੱਖਣ ਤੋਂ ਪਹਿਲਾਂ ਅੰਡਰ ਲਾਈਨ ਕੀਤੀ ਲਾਈਨ
ਓਇ ਭਲਿਓ, ਵਿਦਵਾਨਾਂ ਦੇ ਹੋਏ ਪੰਥਕ ਫੈਸਲੇ
ਅੱਗੇ ਸਿਰ ਨਿਵਾਈਏ ਤੋਂ ਹੀ ਸ਼ੁਰੂ ਕਰਦਾ ਹਾਂ। ਸਤਿਕਾਰਯੋਗ ਪ੍ਰੋ.
ਜੀਓ, ਜੇ ਸਮੁੱਚਾ ਪੰਥ ਹੀ ਵਿਦਵਾਨਾਂ ਦਾ ਹੋਏ ਅਤੇ ਉਨ੍ਹਾਂ ਦੇ ਫੈਸਲੇ ਦੀ ਪੁਸ਼ਟੀ ਸ੍ਰੀ ਗੁਰੁ
ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ, ਤਾਂ ਮੇਰਾ ਸਿਰ ਉਸ ਫੈਸਲੇ ਅੱਗੇ
ਨਹੀਂ ਨਿਵੇਗਾ।
ਆਪ ਜੀ ਪੰਥ ਦੇ ਉਨ੍ਹਾਂ ਉੱਚ ਵਿਦਵਾਨਾਂ ਦੀ ਲਾਈਨ ਵਿੱਚ ਆ ਗਏ ਹੋ ਜਿਨ੍ਹਾਂ
ਦੀ ਹਰ ਵਿਚਾਰ ਨੂੰ ਗੁਰਬਾਣੀ ਦੇ ਸ਼ਬਦ-ਗਿਆਨ ਤੋਂ ਕੋਰੇ ਹਰ ਸਿੱਖ ਲਈ ਗੁਰਬਾਣੀ ਦੀ ਸਹੀ ਵਿਚਾਰ
ਮੰਨੀ ਜਾਣ ਦੀ ਸੰਭਾਵਨਾ ਹੈ। ਆਪ ਜੀ ਸਿੱਖ ਪੰਥ ਦੇ ਬਹੁ-ਗਿਣਤੀ ਦੇ ਅੱਖਾਂ ਦੇ ਤਾਰੇ ਹੋ। ਆਪ
ਨਿਡੱਰ ਤੇ ਨਿਰਪੱਖ ਸ਼ਖਸੀਅਤ ਵਜੋਂ ਮੇਰੇ ਦਿੱਲ ਵਿੱਚ ਵਸੇ ਹੋਏ ਹੋ, ਪਰ ਭਗੌਤੀ ਲਫਜ਼ ਦੀ ਪ੍ਰੀਭਾਸ਼ਾ
ਤੇ ਰੱਲ ਮਿਲ ਕੇ ਵਿਚਾਰ ਵਟਾਂਦਰਾ ਕਰ ਲੈਣਾ ਚਾਹੀਦਾ ਹੈ।
ਆਪ ਜੀ ਨੇ ਸੁਖਮਨੀ ਸਾਹਿਬ ਦੀ ਨੌਵੀਂ ਅਸ਼ਟਪਦੀ ਦੇ ਤੀਜੇ ਬੰਦ ਦੀ ਵਿਆਖਿਆ
ਕੀਤੀ ਹੈ। ਉਸ ਨੌਵੀਂ ਅਸ਼ਟਪਦੀ ਦਾ ਸਲੋਕੁ॥ ਉਰਿ ਧਾਰੈ ਜੋ ਅੰਤਰਿ ਨਾਮੁ॥ ਸਰਬ ਮੈ ਪੇਖੈ
ਭਗਵਾਨੁ॥ ਨਿਮਖ ਨਿਮਖ ਠਾਕੁਰ ਨਮਸਕਾਰੈ॥ ਨਾਨਕ ਓਹੁ ਅਪਰਸੁ ਸਗਲ ਨਿਸਤਾਰੈ॥ 1॥ ਸਲੋਕ ਵਿੱਚ
ਸਪਸ਼ਟ ਹੈ ਕਿ ਪੰਜਵੇਂ ਗੁਰੂ ਨਾਨਕ ਜੀ ਅਗਲੇ ਬੰਦਾਂ ਚ ਅਲੱਗ-ਅਲੱਗ ਨਾਵਾਂ ਨਾਲ ਜਾਣਨ ਵਾਲੇ
ਵਿਅਕਤੀਆਂ ਦੀ ਗੱਲ ਕਰ ਰਹੇ ਹਨ। ਜੋ ਲੋਕਾਂ ਦੀ ਨਜ਼ਰਾਂ ਵਿੱਚ ਸਤਿਕਾਰੇ ਜਾਂਦੇ ਸਨ/ਹਨ। ਉਹ ਵਿਅਕਤੀ
ਜਿਨ੍ਹਾਂ ਦਾ ਜ਼ਿਕਰ ਅਸਟਪਦੀ ਵਿੱਚ ਕੀਤਾ ਗਿਆ ਹੈ ਲੋਕਾਂ ਦੀ ਨਜ਼ਰਾਂ ਚ ਤਾਂ ਭਗਵੰਤ ਨਾਲ ਮਿਲਿਆ
ਹੋਇਐ ਤੇ ਭਗਵੰਤ ਨੂੰ ਪਛਾਣਦੈ ਪਰ ਗੁਣਾਂ ਤੋਂ ਸੱਖਣਾ ਹੈ। ਗੁਰੂ ਜੀ ਬੰਦਾਂ ਚ ਦੱਸ ਰਹੇ ਹਨ, ਮੇਰੀ
ਨਜ਼ਰ ਚ ਸਭ ਨਾਂ ਪ੍ਰਵਾਨ ਹਨ, ਪਰ ਉਸ ਨਾਮ ਵਾਲੇ ਵਿਅਕਤੀ ਵਿੱਚ ਇਹ ਦੱਸੇ ਹੋਏ ਗੁਣ ਹੋਣੇ ਚਾਹੀਦੇ
ਹਨ। ਉਸ ਲਿਸਟ ਵਿੱਚ ਸਭ ਤੋਂ ਉੱਪਰ ਗੁਰੂ ਨਾਨਕ ਦਾ ਨਾਮ ਨਹੀਂ ਹੈ ਸਗੋਂ ਉਨ੍ਹਾਂ ਵਿਸ਼ੇਸ ਵਿਅਕਤੀਆਂ
ਦੀ ਲਿਸਟ ਹੈ ਜੋ; (ੳ) ਅਪਰਸ (ਅ) ਬੈਸਨੋ (ੲ) ਭਗਉਤੀ (ਸ) ਪੰਡਿਤ (ਹ) ਰਾਮਦਾਸੁ ਅਤੇ (ਕ) ਪੁਰਖੁ
ਰੂਪੀ ਵਿਸ਼ੇਸ਼ਣ ਆਪਣੇ ਨਾਮ ਦੇ ਅੱਗੇ ਲਗਾਉਦੇ ਹਨ ਜਾਂ ਜਾਣੇ ਜਾਂਦੇ ਹਨ।
ਸੋ ਇਨ੍ਹਾਂ ਅਰਥਾਂ ਦੀ ਛਾਂ ਹੇਠ ਤੇ ਲਿਸਟ ਗੁਰੂ ਨਾਨਕ ਲਈ ਧਿਆਇ ਤੋਂ ਨਹੀਂ
ਬਣਦੀ ਇਹ ਤਾਂ ਹੋ ਸਕਦੀ ਹੈ “ਪ੍ਰਥਮ ਭਗਉਤੀ ਸਿਮਰਿ ਕੈ ਨਾਲ ਪੰਡਿਤ ਜੀ ਲਏ ਰਲਾਏ ਫਿਰ ਅਪਰਸ,
ਬੈਸਨੋ, ਪੁਰਖੁ ਤੇ ਰਾਮਦਾਸੁ ਨੂੰ ਲਓ ਮਿਲਾਇ”।
ਅਸੀਂ ਸਾਰੇ ਜਾਣਦੇ ਹਾਂ ਕਿ ਭਗਉਤੀ, ਪੰਡਤ, ਅਪਰਸ, ਬੈਸਨੋ, ਅਤੇ ਰਾਮਦਾਸੁ
ਸਭ ਵੱਖਰੇ ਵੱਖਰੇ ਬਾਮ੍ਹਣਾਂ ਦੇ ਨਾਵਾਂ ਅੱਗੇ ਵਿਸ਼ੇਸ਼ਣ ਹਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ
ਗੁਰਬਾਣੀ ਮਨੁੱਖਤਾ ਨੂੰ ਕਹਿ ਰਹੀ ਹੈ। (ਸਿਰਫ਼ ਸਿੱਖਾਂ ਨੂੰ ਨਹੀਂ)
ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥
ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ॥ 237॥
(ਸਲੋਕ ਭਗਤ ਕਬੀਰ ਜੀਉ ਕੇ, ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 1377)
ਗੁਰੂ ਜੀ ਕਹਿ ਰਹੇ ਹਨ;
ਸੰਤਹੁ ਸੁਨਹੁ ਸੁਨਹੁ ਜਨ ਭਾਈ ਗੁਰਿ ਕਾਢੀ ਬਾਹ ਕੁਕੀਜੈ॥
ਜੇ ਆਤਮ ਕਉ ਸੁਖੁ ਸੁਖੁ ਨਿਤ ਲੋੜਹੁ ਤਾਂ ਸਤਿਗੁਰ ਸਰਨਿ ਪਵੀਜੈ॥ 5॥
(ਕਲਿਆਨੁ ਮਹਲਾ 4 ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 1326)
ਗੁਰੂ ਜੀ ਪੁਕਾਰ ਪੁਕਾਰ ਕੇ ਕਹਿ ਰਹੇ ਹਨ, “ਹੇ ਅਕਾਲ ਪੁਰਖ ਦੇ ਭਗਤੋ” ਜਿਸ
ਨੂੰ ਸਿੱਖ ਕਰਕੇ ਗੁਰੂ ਗ੍ਰੰਥ ਸਾਹਿਬ ਚ ਅਨੇਕ ਵਾਰੀ ਬਾਣੀ ਵਿੱਚ ਸੰਬੋਧਨ ਕੀਤਾ ਹੋਇਆ ਹੈ, ਹੇ
ਮੇਰੇ ਭਾਈਓ ਬਾਮ੍ਹਣ ਵਿਅਕਤੀ ਜਗਤ ਦੇ ਮਨੁੱਖਾਂ ਦਾ ਗੁਰੂ ਬਣੀ ਬੈਠਾ ਹੈ ਪਰ ਇੱਕ ਅਕਾਲ ਪੁਰਖ ਦੇ
ਆਸ਼ਿਕ ਭਗਤ ਓਸ ਨੂੰ ਗੁਰੂ ਨਹੀਂ ਮੰਨਦੇ।
ਹਿੰਦੂ ਬ੍ਰਹਮਣ ਵਿਦਵਾਨਾਂ ਨੇ ਬੜੀ ਦੂਰ ਅੰਦੇਸ਼ੀ ਨਾਲ ਸਹਿਜੇ ਸਹਿਜੇ (ਸੰਨ
1710-1745) ਤੱਕ ਇੱਕ ਪੁਸਤਕ ਬਚਿਤ੍ਰ ਨਾਟਕ ਨੂੰ ਜੰਗਲਾਂ ਚ ਵਿਚਰਦੇ ਪਰਉਪਕਾਰੀ ਸਿੰਘਾਂ ਦੇ
ਜੱਥਿਆਂ ਵਿੱਚ ਇਸ ਦੀ ਕਥਾ ਆਰੰਭ ਕੀਤੀ ਪਰ ਕਾਮਯਾਬ ਨਾ ਹੋਈ। ਪੁਰਾਤਨ ਸਿੰਘ ਜੋ ਕਥਨੀ-ਕਰਨੀ ਦੇ
ਸੂਰਮੇ ਅਤੇ ਗੁਰਬਾਣੀ ਵਿਚਾਰਨ ਵਾਲੇ ਸਨ, ਸਮੇਂ ਦੀ ਲੋੜ ਮੁਤਾਬਿਕ ਜ਼ੁਲਿਮ ਨਾਲ ਝੂਝਣ ਲਈ ਘਰ-ਬਾਰ
ਛੱਡ ਕੇ ਜੰਗਲਾਂ ਤੋ ਹਾਕਮਾਂ ਨਾਲ ਲੜਾਈਆਂ ਵਿੱਚ ਸ਼ਹੀਦ ਹੁੰਦੇ ਗਏ ਅਤੇ ਆਖੀਰ ਟਾਵਾਂ-ਟਾਵਾਂ ਗੁਰੂ
ਨਾਨਕ ਦੇ ਉਂਗਲੀਆਂ ਤੇ ਗਿਣਤੀ ਮਾਤਰ ਸਿੱਖ ਹੀ ਗੁਰਬਾਣੀ ਦੀ ਸ਼ਬਦ ਵੀਚਾਰ ਨਾਲ ਰੰਗੇ ਹੋਏ ਬਚੇ।
ਜਿਨ੍ਹਾਂ ਦਾ ਸਦਕਾ ਅੱਜ ਸਾਡੇ ਵਿੱਚ ਗੁਰਮਤਿ ਦੇ ਤੱਤ ਗਿਆਨ ਦੇ ਵਿਦਵਾਨ ਪੈਦਾ ਹੁੰਦੇ ਰਹੇ ਪਰ ਓਹ
ਆਟੇ ਚ ਨਮਕ ਬਰਾਬਰ ਹੀ ਸਨ।
ਸਾਡੀ ਸਦੀ ਦੇ ਬਹੁ-ਗਿਣਤੀ ਦੇ ਸਿੱਖਾਂ ਨੇ ਗਿਆਨੀ ਦਿੱਤ ਸਿੰਘ ਜੀ ਦਾ ਨਾਂ
ਸੁਣਿਆ ਤੇ ਜਰੂਰ ਹੋਣੈ ਪਰ ਉਨ੍ਹਾਂ ਦੀ ਵਿਚਾਰ ਦੀ ਪੁਸਤਕ ਅੱਜ ਘੱਟੋ ਘੱਟ ਮੈਨੂੰ ਤਾਂ ਦਿੱਲੀ
ਗੁਰਦੁਆਰਾ ਬੰਗਲਾ ਸਹਿਬ ਤੋਂ ਮੇਰੇ ਦੋ ਮਹੀਨੇ ਦਿੱਲੀ ਚ ਰਹਿਣ ਦੌਰਾਨ ਚਾਰ ਪੰਜ ਵਾਰ ਬੇਨਤੀ ਕਰਨ
ਤੇ ਵੀ ਕਿਸੀ ਦੁਕਾਨ ਤੋਂ ਉਪਲਬਧ ਨਾ ਹੋ ਸਕੀ। ਗਿਆਨੀ ਦਿੱਤ ਸਿੰਘ ਜੀ ਨੇ ਸਵਾਮੀ ਦਯਾਨੰਦ ਨੂੰ ਕਈ
ਵਿਚਾਰ ਗੋਸ਼ਟਿਆ ਵਿੱਚ ਹਿੰਦੂਆਂ ਦੇ ਗ੍ਰੰਥਾਂ ਦੇ ਹਵਾਲੇ ਦੇ ਕੇ ਗੁਰੂ ਸ਼ਬਦਾਂ ਨਾਲ ਜਨਤਾ ਵਿੱਚ ਮਾਤ
ਦਿੱਤੀ। ਅਫ਼ਸੋਸ ਹੈ ਮੈਨੂੰ ਓਸ ਸਮੇਂ ਦੇ ਸਿੱਖਾਂ ਤੇ ਜੋ ਉਨ੍ਹਾਂ ਦੇ ਵਿਚਾਰਾਂ ਨੂੰ ਆਮ ਆਦਮੀ ਤੱਕ
ਨਹੀਂ ਪਹੁੰਚਾ ਸਕੇ। ਅੰਗ੍ਰੇਜ਼ਾਂ ਦੇ ਪਿੱਠੂ ਪੰਜ ਕਕਾਰੀ ਸਿੱਖਾਂ ਤੇ ਜੱਥੇਦਾਰਾਂ ਨੇ ਉਨ੍ਹਾਂ ਨੂੰ
ਘਰੋ ਬੇਘਰ ਕਰ ਕੇ ਰੱਖ ਦਿੱਤਾ ਅਤੇ ਓਹ ਜਵਾਨੀ ਵਿੱਚ ਹੀ ਬਿਮਾਰੀ ਦੇ ਸ਼ਿਕਾਰ ਹੋ ਕੇ ਬਿਨਾਂ ਮੈਡੀਕਲ
ਸਹਾਇਤਾ ਦੇ ਇਸ ਸੰਸਾਰ ਤੋਂ ਚਲਾਣਾ ਕਰ ਗਏ। ਇਹ ਓਹ ਸਮਾਂ ਸੀ ਜਦ ਹਕੂਮਤ ਤੇ ਮੀਡੀਆ (ਪ੍ਰਚਾਰ)
ਅੰਗ੍ਰੇਜ਼ਾਂ ਦਾ ਸੀ ਅਤੇ ਆਮ ਸਿੱਖ ਗੁਰਬਾਣੀ ਵਿਚਾਰ ਤੋਂ ਸੱਖਣਾ ਸੀ। ਹਿੰਦੂ ਮੱਤ ਦਾ ਪ੍ਰਚਾਰ
ਸਵਾਮੀ ਦਯਾਨੰਦ ਦੀ ਸਰਪ੍ਰਸਤੀ ਚ ਪੰਜਾਬ ਵਿੱਚ ਠਾਠਾਂ ਮਾਰ ਰਿਹਾ ਸੀ।
ਪ੍ਰੋ ਦਰਸ਼ਨ ਸਿੰਘ ਖਾਲਸਾ ਜੀਓ ਅੱਜ ਆਪ ਸਿੱਖ ਪੰਥ ਤੋਂ ਛੇਕੇ ਜਾਣ ਵਾਲੇ
ਤੀਜੇ ਸੂਰਮੇ ਹੋ, ਜੋ ਮਨੁੱਖੀ ਜਾਮੇ ਚ ਸਾਡੇ ਵਿੱਚ ਵਿਚਰ ਰਹੇ ਹੋ। ਆਪ ਤੋਂ ਪਹਿਲਾਂ 90 ਸਾਲਾਂ ਦਾ
ਬਿਰਧ ਸੂਰਮਾ ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਜੀ ਅਪਣੇ ਅੰਤਿਮ ਸਮੇਂ ਦੇ ਨੇੜੇ ਅਤਿ ਗਰੀਬੀ ਦੀ ਹਾਲਾਤ
ਚ ਕਨੇਡਾ ਵਿੱਚ ਰਹਿ ਰਹੇ ਹਨ ਤੇ ਦੂਸਰਾ ਸੂਰਮਾ ਰੋਜ਼ਾਨਾ ਸਪੋਕਸਮੈਨ ਦਾ ਚੀਫ਼ ਅਡੀਟਰ ਸ੍ਰ. ਜੁਗਿੰਦਰ
ਸਿੰਘ ਜੀ ਗੁਰੂ ਨਾਨਕ ਦੇ ਸਿਧਾਤਾਂ ਦਾ ਝੰਡਾ ਅਪਣੇ ਅਖਬਾਰ ਰਾਹੀਂ ਮੋਹਾਲੀ-ਚੰਡੀਗੜ੍ਹ ਤੋਂ ਬੁਲੰਦ
ਕਰਦੇ ਹੋਏ ਇਸ ਪੰਥ ਚੋਂ ਛੇਕੇ ਗਏ ਹਨ।
ਅੱਜ ਸੰਸਾਰ ਭਰ ਦੇ ਕੁੱਝ ਮੁਲਕਾਂ ਨੂੰ ਛੱਡ ਕੇ ਤਕਰੀਬਨ ਹਰ ਜਗ੍ਹਾ ਮੀਡੀਆ
ਫ੍ਰੀ ਹੈ ਅਤੇ ਕੋਈ ਵੀ ਮਸਲਾ ਇੰਟਰਨੈੱਟ ਤੇ ਅਖਬਾਰਾਂ ਰਾਹੀਂ ਸੁਲਝਾਇਆ ਜਾ ਸਕਦਾ ਹੈ। ਮੈਂ ਆਪ ਨੂੰ
ਸਨਿਮਰ ਬੇਨਤੀ ਕਰਦਾ ਹਾਂ ਕਿ ਆਪ ਆਪਣੇ ਵਿਚਾਰ “ਭਗਉਤੀ” ਲਫ਼ਜ਼ਾਂ ਦੇ ਗੁਰਬਾਣੀ ਦੇ ਹੋਰ ਸ਼ਬਦਾਂ
ਦੁਆਰਾ ਸਾਂਝ ਕਰੋ ਜੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਸ਼ਬਦ ਜੋ ਮੈਂ “ਭਗਉਤੀ” ਲਫ਼ਜ਼ ਦੇ
ਗੁਰਬਾਣੀ ਰਿਸਰਚਰ ਦੁਆਰਾ ਲੱਭੇ ਹਨ। ਹੇਠਾਂ ਲਿਖ ਰਿਹਾ ਹਾਂ, ਜੋ ਕੁੱਲ ਨੌ ਵਾਰ ਸ੍ਰੀ ਗੁਰੂ ਗ੍ਰੰਥ
ਸਾਹਿਬ ਵਿੱਚ ਭਗਉਤੀ ਸ਼ਬਦਾਂ ਚ ਆਇਆ ਹੈ;
1) ਭਗਉਤੀ ਰਹਤ ਜੁਗਤਾ॥ ਜੋਗੀ ਕਹਤ ਮੁਕਤਾ॥ ਤਪਸੀ ਤਪਹਿ ਰਾਤਾ॥ 2॥
(ਸਿਰੀਰਾਗੁ ਮਹਲਾ 5 ਘਰੁ 5, ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 71)
2) ਸੋ ਭਗਉਤੀ ਜ+ ਭਗਵੰਤੈ ਜਾਣੈ॥ ਗੁਰ ਪਰਸਾਦੀ ਆਪੁ ਪਛਾਣੈ॥
(ਸਲੋਕ ਮਹਲਾ 3, ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 88)
3) ਐਸਾ ਭਗਉਤੀ ਉਤਮੁ ਹੋਇ॥ ਨਾਨਕ ਸਚਿ ਸਮਾਵੈ ਸੋਇ॥ 2॥
(ਸਲੋਕ ਮਹਲਾ 3, ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 88)
4) ਅੰਤਰਿ ਕਪਟੁ ਭਗਉਤੀ ਕਹਾਏ॥ ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ॥
(ਸਲੋਕ ਮਹਲਾ 3, ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 88)
5) ਭਗਉਤੀ ਭਗਵੰਤ ਭਗਤਿ ਕਾ ਰੰਗੁ॥ ਸਗਲ ਤਿਆਗੈ ਦੁਸਟ ਕਾ ਸੰਗੁ॥
(ਗਉੜੀ ਸੁਖਮਨੀ ਮਃ 5, ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 274)
6) ਤਿਸੁ ਭਗਉਤੀ ਕੀ ਮਤਿ ਊਤਮ ਹੋਵੈ॥ ਭਗਵੰਤ ਕੀ ਟਹਲ ਕਰੈ ਨਿਤ
ਨੀਤਿ॥
(ਗਉੜੀ ਸੁਖਮਨੀ ਮਃ 5, ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 274)
7) ਹਰਿ ਕੇ ਚਰਨ ਹਿਰਦੈ ਬਸਾਵੈ॥ ਨਾਨਕ ਐਸਾ ਭਗਉਤੀ ਭਗਵੰਤ ਕਉ
ਪਾਵੈ॥ 3॥
(ਗਉੜੀ ਸੁਖਮਨੀ ਮਃ 5, ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 274)
8) ਕੋਈ ਕਹਤਉ ਅਨੰਨਿ ਭਗਉਤੀ॥ ਮੋਹਿ ਦੀਨ ਹਰਿ ਹਰਿ ਓਟ ਲੀਤੀ॥ 2॥
(ਰਾਮਕਲੀ ਮਹਲਾ 5 ਅਸਟਪਦੀਆ, ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 912)
9) ਪ੍ਰਭਾਤੀ ਮਹਲਾ 5॥ ਦੇ ਅੱਠ ਪਦਿਆ ਚ ਦੋ ਰਹਾਉ ਹਨ, ਪਹਿਲੇ ਰਹਾਉ ਵਿੱਚ
ਕਰਮ ਕਾਂਡੀ ਭਗਉਤੀ ਦੇ ਮਨ ਨੂੰ ਮਾਇਆ ਚ ਮੋਹਿਆ ਦੱਸਿਆ ਹੈ ਤੇ ਦੂਜੇ ਰਹਾਉ ਵਿੱਚ ਕਿਸੇ ਕੋਟਿ ਮਧੇ
ਕੋਈ ਸੰਤੁ ਦਿਖਾਇਆ॥ ਵਿੱਚ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੇ ਸੰਤੁ/ਗੁਰੂ ਦੇ ਦਰਸ਼ਨ ਦੱਸਿਆ ਹੈ।
ਦੋਨੋ ਰਹਾਉ ਦੀਆਂ ਸਤਰਾਂ ਇਸ ਤਰ੍ਹਾਂ ਹਨ;
ਪ੍ਰਭਾਤੀ ਮਹਲਾ 5॥
ਮਨ ਮਹਿ ਕ੍ਰੋਧੁ ਮਹਾ ਅਹੰਕਾਰਾ॥
ਪੂਜਾ ਕਰਹਿ ਬਹੁਤੁ ਬਿਸਥਾਰਾ॥
ਕਰਿ ਇਸਨਾਨੁ ਤਨਿ ਚਕ੍ਰ ਬਣਾਏ॥
ਅੰਤਰ ਕੀ ਮਲੁ ਕਬ ਹੀ ਨ ਜਾਏ॥ 1॥
ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ॥
ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ॥ 1॥ ਰਹਾਉ॥ …………
ਜਿਸ ਨੋ ਭਏ ਗ+ਬਿੰਦ ਦਇਆਲਾ॥
ਗੁਰ ਕਾ ਬਚਨੁ ਤਿਨਿ ਬਾਧਿਓ ਪਾਲਾ॥
ਕੋਟਿ ਮਧੇ ਕੋਈ ਸੰਤੁ ਦਿਖਾਇਆ॥
ਨਾਨਕੁ ਤਿਨ ਕੈ ਸੰਗਿ ਤਰਾਇਆ॥ 8॥
ਜੇ ਹੋਵੈ ਭਾਗੁ ਤਾ ਦਰਸਨੁ ਪਾਈਐ॥
ਆਪਿ ਤਰੈ ਸਭੁ ਕੁਟੰਬੁ ਤਰਾਈਐ॥ 1॥ ਰਹਾਉ ਦੂਜਾ॥ 2॥
(ਪ੍ਰਭਾਤੀ ਮਹਲਾ 5, ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 1347-48)
ਮੈਂ ਇਹ ਆਰਟੀਕਲ ਪੰਥ ਦੇ ਬਿਰਧ ਵਿਦਵਾਨ ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ
ਜੀ ਮੈਂਬਰ ਧਰਮ ਪ੍ਰਚਾਰ ਕਮੇਟੀ ਸਿੱਖ ਮਿਸ਼ਨਰੀ ਦੇ ਦਿੱਲੀ ਦਫ਼ਤਰ ਵਿੱਚ ਬੈਠ ਕੇ ਉਨ੍ਹਾਂ ਨਾਲ ਸਾਝਾਂ
ਕੀਤਾ ਸੀ ਅਤੇ 4 ਫਰਵਰੀ ਨੂੰ ਪੰਥ ਦੀ ਨੌਜਵਾਨ ਪੀੜ੍ਹੀ ਦੇ ਉੱਭਰ ਰਹੇ ਵਿਦਵਾਨ ਗੁਰਮਤਿ ਗਿਆਨ
ਮਿਸ਼ਨਰੀ ਕਾਲਿਜ ਦੇ ਪ੍ਰੋ. ਸਰਬਜੀਤ ਸਿੰਘ ਧੂੰਦਾਂ ਜੀ, ਜੋ ਨਿਊਜ਼ੀਲੈਂਡ ਜਾਣ ਤੋਂ ਪਹਿਲਾਂ ਮੇਰੇ
ਕੋਲ ਠਹਿਰੇ ਸਨ, ਨਾਲ ਵੀ ਸਾਝੀਆਂ ਕੀਤੀਆਂ ਸਨ। ਜਦੋਂ 4 ਫਰਵਰੀ ਰਾਤ ਨੂੰ ਮੈਂ ਤੇ ਪ੍ਰੋ. ਸਰਬਜੀਤ
ਸਿੰਘ ਧੂੰਦਾਂ ਆਪ ਜੀ ਨੂੰ ਮਿਲਣ ਲਈ ਮੋਤੀ ਨਗਰ ਸ੍ਰ. ਤੇਜਪਾਲ ਸਿੰਘ ਦੇ ਘਰ ਆਪ ਜੀ ਨੂੰ ਮਿਲੇ ਸੀ
ਤਾਂ ਮੈ ਇਹ ਆਰਟੀਕਲ ਆਪ ਜੀ ਨਾਲ ਸਾਝਾਂ ਕਰਨਾਂ ਸੀ ਪਰ ਉੱਥੇ ਦੋ ਤਿੰਨ ਘੰਟੇ 3 ਫਰਵਰੀ ਦੀ ਸ੍ਰ.
ਜਸਜੀਤ ਸਿੰਘ ਟੋਨੀ (ਸੇਵਾਦਾਰ ਸ਼੍ਰੋਮਣੀ ਅਕਾਲੀ ਦਲ ਖ਼ਾਲਸਾ ਯੂ. ਕੇ. ਵਾਲੇ) ਦੇ ਪੰਜਾਬੀ ਬਾਗ
ਦਿੱਲੀ ਵਾਲੇ ਘਰ ਚ ਹੋਈ ਬੈਠਕ ਬਾਰੇ ਹੀ ਸਾਝਾਂ ਹੁੰਦੀਆਂ ਰਹੀਆਂ। ਇਹ ਸਾਝਾਂ ਵੀ ਜਰੂਰੀ ਸਨ ਜੋ ਆਪ
ਜੀ ਨੂੰ ਪੰਥ ਤੋ ਛੇਕੇ ਜਾਣ ਦਾ ਹੁਕਮ ਅਖੌਤੀ ਅਕਾਲ ਤਖ਼ਤ ਤੋਂ ਪੰਜ ਪੁਜਾਰੀ ਜਥੇਦਾਰਾਂ ਵਲੋਂ ਜ਼ਾਰੀ
ਕੀਤਾ ਗਿਆ ਸੀ। ਅਖੌਤੀ ਅਕਾਲ ਤਖ਼ਤ ਇਸ ਕਰਕੇ ਲਿਖ ਰਿਹਾ ਹਾਂ ਕਿਉਂ ਕਿ ਗੁਰਬਾਣੀ ਅਨੁਸਾਰ
ਇੱਟਾਂ-ਪੱਥਰ ਦੀ ਇਮਾਰਤ ਨੂੰ ਇੱਕ ਅਕਾਲ ਪੁਰਖ ਦਾ ਤਖ਼ਤ ਨਹੀਂ ਕਿਹਾ। ਗੁਰਬਾਣੀ ਅਨੁਸਾਰ ਮਨੁੱਖ ਦਾ
ਹਿਰਦਾ ਹੀ ਅਕਾਲ ਪੁਰਖ ਦਾ ਤਖ਼ਤ ਦੱਸਿਆ ਹੈ। ਇਸ ਇਮਾਰਤ ਦਾ ਨਾਂ ਅਕਾਲ ਤਖ਼ਤ ਕਿਸ ਤਰ੍ਹਾਂ, ਕਦੋਂ
ਅਤੇ ਕਿਸ ਨੇ ਪਾਇਆ? ਇਹ ਖੋਜ਼ ਦਾ ਵਿਸ਼ਾ ਹੈ ਕਿਉਂ ਕਿ ਪਹਿਲੇ ਇਸ ਇਮਾਰਤ ਦਾ ਨਾਂ ਅਕਾਲ ਬੁੰਗਾ ਦੇ
ਨਾਮ ਨਾਲ ਇਤਿਹਾਸ ਵਿੱਚ ਮਿਲਦਾ ਹੈ।
ਆਪ ਜੀ ਨੂੰ ਜਿਸ ਕਾਰਨ ਕਰਕੇ ਪੰਥ ਚੋਂ ਛੇਕਿਆ ਗਿਆ ਹੈ ਓਹ ਅਖੌਤੀ ਦਸਮ
ਗ੍ਰੰਥ ਦੇ ਇੱਕ ਕਹਾਣੀ ਦੀ ਵਿਆਖਿਆ ਕਾਰਨ ਛੇਕਿਆ ਗਿਆ ਹੈ। “ਪ੍ਰਿਥਮ ਭਗਉਤੀ ਸਿਮਰਿ ਕੈ” ਵੀ ਉਸੀ
ਅਖੌਤੀ ਦਸਮ ਗ੍ਰੰਥ ਦੀ ਦੇਣ ਹੈ। ਜਿਸ ਵਿੱਚ ਸਮੁੱਚਾ ਸਿੱਖ ਪੰਥ ਪਹਿਲਾਂ ਬਾਮ੍ਹਣ ਨੂੰ ਸਿਮਰਨ ਲਈ
ਅਰਦਾਸ ਦਾ ਹਿੱਸਾ ਬਣਾਇਆ ਹੋਇਆ ਹੈ। ਇਹੀ ਪ੍ਰਿਥਮ ਭਗਉਤੀ ਹੀ ਪੁਆੜੇ ਦੀ ਜੜ੍ਹ ਹੈ। ਇਸੇ ਲਈ ਸਿੱਖ
ਪੰਥ ਦੀਆਂ ਅਰਦਾਸਾਂ ਅਕਾਲ ਪੁਰਖ ਨਹੀਂ ਸੁਣਦਾ ਕਿਉਂ ਕਿ ਇਹ ਅਗਿਆਨੀ ਸਿੱਖ ਅਪਣੀ ਅਰਦਾਸ ਵਿੱਚ
ਪਹਿਲਾਂ ਵਾਜਾਂ ਹੀ ਉਸ ਕਪਟੀ ਤੇ ਪਖੰਡੀ ਬਾਮ੍ਹਣ (ਭਗਉਤੀ) ਨੂੰ ਮਾਰਦੇ ਹਨ ਜਿਸ ਦਾ ਜ਼ਿਕਰ
(ਵਿਆਖਿਆ) ਪੰਜਵੇਂ ਗੁਰੂ ਨਾਨਕ ਨੇ ਹੀ ਪ੍ਰਭਾਤੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਪੰਨਾ 1347-48 ਚ ਲਿਖੀ ਹੋਈ ਹੈ। ਇਸ ਅਖੌਤੀ ਅਕਾਲ ਤਖ਼ਤ ਨੂੰ ਅਖੌਤੀ ਜਥੇਦਾਰਾਂ ਤੋਂ ਅਜ਼ਾਦ
ਕਰਵਾਉਣਾ ਹੀ ਪਵੇਗਾ। ਅਖੌਤੀ ਜਥੇਦਾਰ ਇਸ ਕਰਕੇ ਲਿਖਿਆ ਹੈ ਕਿਉਂ ਕਿ ਜੱਥੇ ਦੀ ਗਿਣਤੀ ਦਾ ਤੇ ਪਤਾ
ਹੀ ਨਹੀਂ ਪਰ ਇੱਕਲੇ ਆਪ ਹੀ ਪੂਰੇ ਸਿੱਖਾਂ ਦੀ 2 ਕਰੋੜ ਗਿਣਤੀ ਦੇ ਜਥੇਦਾਰ ਥਾਪੇ ਗਏ ਹਨ। ਅਖੌਤੀ
ਜਥੇਦਾਰਾਂ ਤੋਂ ਥਾਣਾਂ ਬੰਦ ਕਰਵਾਉਣਾ ਹੀ ਨਾਨਕ ਨਿਰਮਲ ਪੰਥੀਆਂ ਦਾ ਮਕਸਦ ਹੋਣਾ ਚਾਹੀਦਾ ਹੈ।
ਗੁਰਬਾਣੀ ਵਿਚਾਰ ਕਰਨ ਵਾਲਿਆਂ ਦੀ ਚਰਨ ਧੂੜ
ਪ੍ਰਭਜੀਤ ਸਿੰਘ ਧਵਨ
(ਦੁਬਈ ਯੂ. ਏ. ਈ.)
ਮੋਬਾਇਲ ਨੰ. 00971-50-8954294