.

ਪੰਥਕ ਮਸਲੇ –ਕੁਝ ਵਿਚਾਰ

ਮੈਂ ਇੱਕ ਆਮ ਸਿੱਖ ਹਾਂ, ਜਿਸ ਦਾ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਉੱਪਰ ਪੂਰਨ ਨਿਸ਼ਚਾ ਹੈ, ਜਿਸਨੇ ਕੌਮੀ ਮਸਲੇ ਜਾਂ ਕੌਮ ਨਾਲ ਸੰਬੰਧਿਤ ਹਰ ਗੱਲ ਦਾ ਫੈਸਲਾ ਸਿੱਖ ਕੌਮ ਦੀ ‘ਸੁਪਰੀਮ ਕੋਰਟ’ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ-ਸਾਹਿਬਾਨ ਵੱਲੋਂ ਹੋਇਆ ਪ੍ਰਵਾਨ ਕਰਨਾ ਹੈ… ਪਰ ਜਦੋਂ ਤਖਤ-ਸਾਹਿਬਾਨ ਦੇ ਜਥੇਦਾਰਾਂ ਵੱਲੋਂ ਲਏ ਗਏ ਫੈਸਲੇ ਹੀ ਦੁਬਿਧਾ ਵਿੱਚ ਪਾਉਣ ਵਾਲੇ ਹੋਣ ਤਾਂ ਮੈਂ ਕਿਸ ਦੀ ਗੱਲ `ਤੇ ਇਤਬਾਰ ਕਰਾਂ…?
ਜਦੋਂ ਆਪਣੇ-ਆਪ ਨੂੰ ਕੌਮ ਦੇ ਨੁਮਾਇੰਦੇ ਅਖਵਾਉਣ ਵਾਲੀਆਂ ਧਿਰਾਂ ਜਾਂ ਆਗੁ ਹੀ ਅਜਿਹੇ ਫੈਸਲੇ ਲੈਣ ਜੋ ਕੌਮ ਲਈ ਘਾਤਕ ਹੋਣ, ਫਿਰ ਆਮ ਸਿੱਖ ਕਿਸ ਦੀ ਗੱਲ ਮੰਨੇ…?
ਕਿਉਂਕਿ ਆਗੂਆਂ ਦੇ ਲਏ ਗਏ ਗਲਤ ਫੈਸਲਿਆਂ ਦਾ ਜਾਂ ਪੰਥ ਵਿਰੋਧੀ ਕਾਰਵਾਈਆਂ ਦਾ ਵਿਰੋਧ ਕਰਨ ਵਾਲਿਆਂ ਨੂੰ, ‘ਪੰਥ ਵਿੱਚੋਂ ਛੇਕਿਆ’ ਦਾ ਖਿਤਾਬ ਦੇ ਦਿੱਤਾ ਜਾਂਦਾ ਹੈ…
ਜਦੋਂ ਇਹ ਕੌਮੀ ਆਗੂ ਵੋਟ-ਤੰਤਰ ਦਾ ਸ਼ਿਕਾਰ ਹੋ ਕੇ ਫੋਕੀ ਸ਼ੋਹਰਤ ਹਾਸਿਲ ਕਰਨ ਲਈ, ਕਿਸੇ ਆਮ ਇਨਸਾਨ ਦੀ ਤਾਕਤ ਅੱਗੇ ਝੁਕ ਜਾਣ ਅਤੇ ਆਪਣੀ ਐਸ਼ੋ-ਇਸ਼ਰਤ ਲਈ ਆਮ ਸਿੱਖ ਦੀ ਸ਼ਰਧਾ ਅਤੇ ਹੱਕ-ਹਲਾਲ ਦੀ ਕਮਾਈ ਦੀ ਗਲਤ ਵਰਤੋਂ ਕਰਨ ਲੱਗਣ, ਬੇ-ਲੋੜੇ ਮਸਲੇ ਛੇੜ ਕੇ ਟਾਇਮ ਖਰਾਬ ਕਰਨ ਅਤੇ ਕੌਮ ਵਿੱਚ ਫੁੱਟ ਪਾਉਣ ਦੀਆਂ ਹਰਕਤਾਂ ਕਰਨ, ਤਾਂ ਮੈਂ ਆਮ ਸਿੱਖ ਇਹਨਾਂ ਦੇ ਇਸ ਤਰ੍ਹਾਂ ਦੇ ਫੈਸਲਿਆਂ ਤੋਂ ਮੁਨਕਰ ਹੋਣ ਦਾ ਹੱਕ ਰਖਦਾ ਹਾਂ…ਅਤੇ ਇਹਨਾਂ ਦੀ ਪਦਵੀ ਦਾ ਖਿਆਲ ਰਖਦਾ ਹੋਇਆ ਬੇਨਤੀ ਕਰਦਾ ਹਾਂ ਕਿ ਕੌਮੀ ਏਕਤਾ, ਕੌਮੀ ਹੱਕਾਂ ਦੀ ਪ੍ਰਾਪਤੀ ਲਈ ਕੁੱਝ ਕਰਨ ਨਾ ਕਿ ਬਿਨਾਂ ਸਿਰ-ਪੈਰ ਦੀਆਂ ਗੱਲਾਂ ਵਿੱਚ ਆਪਣਾ ਅਤੇ ਕੌਮ ਦਾ ਵਖਤ ਬਰਬਾਦ ਕਰਨ… ਜਿਵੇਂ ਕਿ ਹੁਣੇ ਜਹੇ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਉੱਪਰ ਹੋਇਆ। ਸ਼ਾਇਦ ਇਹਨਾਂ ਨੂੰ ਕੌਮ ਨੂੰ ਮਿਲਿਆ ਆਪਣਾ ਕੈਲੰਡਰ ਰਾਸ ਨਹੀਂ ਆਇਆ, ਇਸੇ ਲਈ ਕੌਮ ਦੀਆਂ ਆਗੂ ਅਤੇ ਸੂਝਵਾਨ ਕਹਾਉਣ ਵਾਲੀਆਂ ਧਿਰਾਂ, ਤਖਤ-ਸਾਹਿਬਾਨਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਅਤੇ ਸੰਤ-ਸਮਾਜ ਨੇ ਕੌਮੀ-ਕੈਲੰਡਰ ਦਾ ਬਿਕਰਮੀਕਰਨ ਕਰਨ ਵਿੱਚ ਸੰਕੋਚ ਨਹੀਂ ਕੀਤਾ। ਜੇਕਰ ਇਹ ਮੰਨ ਲਿਆ
ਜਾਵੇ ਕਿ ਇੱਕ ਕੈਲੰਡਰ ਕੌਮੀ ਵਿਲੱਖਣਤਾ ਦੇ ਮਸਲੇ ਨੂੰ ਹੱਲ ਕਰਨ ਲਈ ਐਨਾ ਜ਼ਰੂਰੀ ਨਹੀਂ, ਫਿਰ ਵੀ ਸਮੇਂ ਦੀ ਚਾਲ ਅਤੇ ਵਿਗਿਆਨਿਕ ਤਰੱਕੀ ਦੇ ਯੁੱਗ ਵਿੱਚ ਇੱਕ ਸੋਧਿਆ ਹੋਇਆ ਕੈਲੰਡਰ ਬਣਾਉਣ ਜਾਂ ਮੰਨਣ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਹੋਣਾ ਚਾਹੀਦਾ…ਹਾਂ ਜੇਕਰ ਕਿਸੇ ਨੂੰ ਕੋਈ ਇਤਰਾਜ਼ ਸੀ ਵੀ ਤਾਂ ਉਸਦਾ ਹੱਲ ਮਿਲ ਬੈਠ ਕੇ ਕਰਨਾ ਬਣਦਾ ਸੀ ਨਾ ਕਿ ਕੌਮ ਨੂੰ ਦੋਫਾੜ ਕਰਨ ਵਾਲੇ, ਕਿਸੇ ਰਾਜਨੀਤਿਕ ਫੈਸਲੇ ਨੂੰ ਕੌਮ ਉਪਰ ਠੋਸਣਾ ਚਾਹੀਦਾ ਸੀ… ਜਥੇਦਾਰ ਸਾਹਿਬਾਨ, ਸ਼੍ਰੋਮਣੀ ਕਮੇਟੀ ਅਤੇ ਸੰਤ-ਸਮਾਜ ਜੇਕਰ ਕੈਲੰਡਰ ਦੇ ਮੁੱਦੇ ਦੀ ਬਜਾਏ ‘ਅਨੰਦ ਮੈਰਿਜ ਐਕਟ’ ਨੂੰ ਲਾਗੂ ਕਰਵਾਉਣ ਦੇ ਮੁੱਦੇ ਉੱਪਰ ਜੋਰ ਦਿੰਦੇ ਤਾਂ ਕੌਮ ਦਾ ਭਲਾ ਕਰਨ ਵਾਲੀ ਗੱਲ ਹੋਣੀ ਸੀ, ਇਸ ਮੁੱਦੇ ਉੱਪਰ ਕੌਮੀ ਸ਼ਕਤੀ ਨੂੰ ਇੱਕਜੁਟ ਕਰਨ ਵਿੱਚ ਵੀ ਅਸਾਨੀ ਹੋਣੀ ਸੀ ਅਤੇ ਅੱਡਰੀ ਅਤੇ ਵਿਲੱਖਣ ਕੌਮ ਦਾ ਚਿਰਾਂ ਤੋਂ ਲਮਕਦਾ ਆ ਰਿਹਾ ਮਸਲਾ ਵੀ ਹੱਲ ਹੋ ਸਕਦਾ ਸੀ… ਚਲੋ ਕੈਲੰਡਰ ਦੇ ਸੰਬੰਧ ਵਿੱਚ ਤਾਂ ਜੋ ਫੈਸਲਾ ਇਹਨਾਂ ਲੈਣਾ ਸੀ, ਲੈ ਲਿਆ, ਪਰ ਹਰ ਕੋਈ ਇਸ ਨੂੰ ਮੰਨਣ ਲਈ ਪਾਬੰਦ ਨਹੀਂ ਹੋਵੇਗਾ, ਕਿਉਂਕਿ ਹਰ ਸੂਝਵਾਨ ਇਨਸਾਨ ਵਿਗਿਆਨਿਕ ਅਤੇ ਸੋਧੇ ਹੋਏ ਕੈਲੰਡਰ ਦੀ ਲੋੜ ਮਹਿਸੂਸ ਕਰਦਾ ਹੈ…
ਹੁਣ ਇਹਨਾਂ ਕੌਮੀ ਨੁਮਾਇੰਦੇ ਕਹਾਉਣ ਵਾਲੀਆਂ ਧਿਰਾਂ ਨੂੰ ‘ਅਨੰਦ ਮੈਰਿਜ ਐਕਟ’ ਦੇ ਮੁੱਦੇ ਉੱਪਰ ਵੀ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਤਾਂ ਜੋ ਕੌਮ ਦੇ ਨਿਆਰੇਪਨ ਨੂੰ ਢਾਹ ਲਾਉਣ ਵਾਲੇ ‘ਹਿੰਦੂ ਮੈਰਿਜ ਐਕਟ’ ਤੋਂ ਛੁਟਕਾਰਾ ਹੋ ਸਕੇ। ਜੋ ਸ਼ਕਤੀ ਜਾਂ ਜੋਰ ਇਹਨਾਂ ਨੇ ਨਾਨਕਸ਼ਾਹੀ ਕੈਲੰਡਰ ਬਦਲਣ ਵਿੱਚ ਵਰਤਿਆ, ਜੇਕਰ ਉਹੀ ਜ਼ੋਰ ‘84 ਦੇ ਦੰਗਾ ਪੀੜਤਾਂ ਨੂੰ ਇਨਸਾਫ ਦਵਾਉਣ ਲਈ ਅਤੇ ਜੋ ਦੰਗਿਆਂ ਦੇ ਉਜਾੜੇ ਗਰੀਬੀ ਦੀ ਜਿੰਦਗੀ ਬਸਰ ਕਰ ਰਹੇ ਹਨ ਉਹਨਾਂ ਦੇ ਭਵਿੱਖ ਨੂੰ ਸੰਵਾਰਨ ਲਈ ਲਗਾਉਂਦੇ ਤਾਂ ਹਰ ਇੱਕ ਪੰਥ-ਦਰਦੀ ਇਹਨਾਂ ਨਾਲ ਜਾ ਰਲਦਾ, ਪਰ ਅਫਸੋਸ ਕਿ ਐਨੇ ਗੰਭੀਰ ਮਸਲਿਆਂ ਦਾ ਇਹਨਾਂ ਨੂੰ ਰਤਾ ਵੀ ਖਿਆਲ ਨਹੀਂ ਆਉਂਦਾ…
ਇਹਨਾਂ ਕੌਮੀ ਨੁਮਾਇੰਦੇ ਕਹਾਉਣ ਵਾਲੀਆਂ ਧਿਰਾਂ ਨੂੰ ਕੌਮ ਦੇ ਸਭ ਮਸਲਿਆਂ ਦਾ ਹੱਲ ਕੱਢਣ ਲਈ ਸਾਰਥਕ ਕਦਮ ਚੁਕਣੇ ਚਾਹੀਦੇ ਹਨ,
ਜਿਨ੍ਹਾਂ ਵਿੱਚੋਂ ਦਸਮ ਗ੍ਰੰਥ ਦਾ ਮਸਲਾ ਇੱਕ ਅਹਿਮ ਮਸਲਾ ਹੈ। ਜਥੇਦਾਰ ਸਾਹਿਬਾਨਾਂ ਅਤੇ ਸ਼ੋਮਣੀ ਕਮੇਟੀ ਨੂੰ ਇਸ ਮਸਲੇ ਦੇ ਹੱਲ ਲਈ ਵਿਦਵਾਨਾਂ ਦੀ ਇੱਕ ਕਮੇਟੀ ਦਾ ਗਠਨ ਕਰਨਾ ਚਾਹੀਦਾ ਹੈ, ਜਿਸ ਵਿੱਚ ਦੋਨਾਂ ਧਿਰਾਂ (ਦਸਮ ਗ੍ਰੰਥ ਪੱਖੀ ਅਤੇ ਵਿਰੋਧੀ) ਦੇ ਨੁਮਾਇੰਦਿਆਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਜੇਕਰ ਪ੍ਰੋ: ਦਰਸ਼ਨ ਸਿੰਘ ਜਿਹਾ ਸੂਝਵਾਨ ਸਿੱਖ ਗੁਰੂ ਸਾਹਿਬ ਦਾ ਨਿਰਾਦਰ ਕਰਨ ਵਾਲੀ ਰਚਨਾ ਤੋ ਸਿੱਖ ਸੰਗਤ ਨੂੰ ਸੁਚੇਤ ਕਰਨ ਦਾ ਉਪਰਾਲਾ ਕਰਦਾ ਹੈ ਜਾਂ ਦਸਮ ਗ੍ਰੰਥ ਵਰਗੀ ਵਿਵਾਦਤ ਰਚਨਾ ਦਾ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨ `ਤੇ ਇਤਰਾਜ ਜਤਾਉਂਦਾ ਹੈ ਤਾਂ ਇਸ ਵਿੱਚ ਉਹਨਾਂ ਨੂੰ ਪੰਥ ਵਿੱਚੋਂ ਛੇਕਿਆ ਦਾ ‘ਇਨਾਮ’ ਦੇਣਾ ਨਹੀਂ ਬਣਦਾ, ਸਗੋਂ ਇਸ ਗੰਭੀਰ ਮਸਲੇ ਬਾਰੇ ਮਿਲ ਬੈਠ ਕੇ ਵਿਚਾਰ ਕਰਨੀ ਬਣਦੀ ਸੀ ਤਾਂ ਜੋ ਕੌਮ ਹਨੇਰੇ ਵਿੱਚ ਡਿੱਗਣ ਤੋਂ ਬਚਾਇਆ ਜਾ ਸਕੇ। ‘ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ’ ਇਹ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਹੈ ਜੋ ਕਿ ਨੁਮਾਇੰਦਾ ਕਹਾਉਣ ਵਾਲੀ ਜਮਾਤ ਦੇ ਅਵੇਸਲੇਪਣ ਸਦਕਾ ‘ਪੂਰੀ ਤਰ੍ਹਾਂ’ ਲਾਗੂ ਨਹੀਂ ਹੋ ਸਕਿਆ, ਜੇ ਕੋਈ ਪੰਥ ਦਰਦੀ ਇਸ ਹੁਕਮਨਾਮੇ ਨੂੰ ਪੂਰਨ ਰੂਪ ਵਿੱਚ ਲਾਗੂ ਕਰਨ ਦੀ ਗੱਲ ਕਰਦਾ ਹੈ ਤਾਂ ਇਸ ਵਿੱਚ ਉਸਨੂੰ ਪੰਥ ਵਿੱਚੋਂ ਛੇਕਣ ਦੀ ਗੱਲ ਹਰ ਸੂਝਵਾਨ ਸਿੱਖ ਦੀ ਸਮਝ ਤੋਂ ਬਾਹਰ ਹੈ। ਇਸ ਪ੍ਰਕਾਰ ਦੇ ਸੰਵੇਦਨਸ਼ੀਲ ਮੁਦਿੱਆਂ ਉਪਰ ਇੱਕ ਪਾਸੜ ਫੈਸਲੇ ਲੈਣ ਦੀ ਨੀਤੀ ਨਹੀਂ ਅਪਣਾਉਣੀ ਚਾਹੀਦੀ।
ਇਹਨਾਂ ਕੌਮੀ ਨੁਮਾਇੰਦੇ ਕਹਾਉਣ ਵਾਲੀਆਂ ਧਿਰਾਂ ਨੂੰ;
• ਪੰਥਕ ਏਕਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਬਣਾਈ ਰੱਖਣ ਲਈ ਦਿਨੋ-ਦਿਨ ਪੈਦਾ ਹੋ ਰਹੇ ਸੰਤਾਂ ਅਤੇ ਖੁੰਭਾਂ ਵਾਂਗ ਉੱਗ ਰਹੇ ਡੇਰਿਆਂ ਨੂੰ ਠੱਲ ਪਾਉਣ ਵੱਲ ਵੀ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
• ਇਹਨਾਂ ਪਾਖੰਡੀ ਸਾਧਾਂ ਨੂੰ ਨੱਥ ਪਾਉਣ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ।
• ਵੋਟਾਂ ਅਤੇ ਸੱਤਾ ਦੀ ਲਾਲਸਾ ਦਾ ਸ਼ਿਕਾਰ ਹੋ ਕੇ ਇਹਨਾਂ ਅਖੌਤੀ ਸੰਤਾਂ ਨੂੰ ਸ਼ਹਿ ਦੇਣ ਵਾਲੀਆਂ ਰਾਜਸੀ ਤਾਕਤਾਂ ਦਾ ਸਾਥ ਦੇਣ ਦੀ ਬਜਾਏ ਇਹਨਾਂ ਨੂੰ ਮੂੰਹ-ਤੋੜ ਜਵਾਬ ਦੇਣਾ ਚਾਹੀਦਾ ਹੈ।
• ਆਮ ਸਿੱਖ ਇਹਨਾਂ ਡੇਰਿਆਂ ਵੱਲ ਕਿਉਂ ਖਿੱਚੇ ਜਾਂਦੇ ਹਨ…? ਕਿਉਂ ਪਤਿਤਪੁਣਾ ਨਵੀਂ ਪੀੜ੍ਹੀ ਵਿੱਚ ਘਰ ਕਰ ਰਿਹਾ ਹੈ…? ਇਹਨਾਂ ਸਭ ਕਾਰਨਾਂ ਦੀ ਪੜਚੋਲ ਕਰਕੇ, ਢੁਕਵੇਂ ਹੱਲ ਲੱਭਣ `ਤੇ ਧਿਆਨ ਲਾਉਣਾ ਚਾਹੀਦਾ ਹੈ।
• ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਹੜ੍ਹ ਨੂੰ ਠੱਲ ਪਾਉਣ ਲਈ ਉਚੇਚੇ ਯਤਨ ਕਰਨ ਚਾਹੀਦੇ ਹਨ।
• ਇਹਨਾਂ ਅਖੌਤੀ ਸੰਤਾਂ ਨੂੰ ਚਾਹੀਦਾ ਹੈ ਕਿ ਸ਼ਰਧਾਵਾਨ ਸਿੱਖਾਂ ਦੀ ਸ਼ਰਧਾਂ ‘ਤੋਂ ਇਕੱਠੀ ਕੀਤੀ ਮਾਇਆ, ਆਪਣੇ ਐਸ਼ੋ-ਅਰਾਮ ‘ਤੋਂ ਬਚਾਅ ਕੇ, ਗਰੀਬੀ ਨਾਲ ਨਰਕ ਵਰਗੀ ਜ਼ਿੰਦਗੀ ਜੀਅ ਰਹੇ ਪਰਿਵਾਰਾਂ ਦੀ ਭਲਾਈ ਲਈ ਵੀ ਲਗਾਉਣ ਤਾਂ ਜੋ ਉਹ ਮਾਯੂਸ ਹੋ ਕੇ ‘ਆਪਣਾ ਘਰ’ ਛੱਡ ਕੇ ‘ਦੂਸਰੇ ਦੇ ਘਰ’ ਅੱਗੇ ਝੋਲੀ ਨਾ ਫੈਲਾਉਣ।
• ਵਧੀਆ ਫਸਲ ਲਈ, ਵਧੀਆ ਬੀਜਾਂ ਜਾਂ ਵਧੀਆ ਪਨੀਰੀ ਦਾ ਹੋਣਾ ਬਹੁਤ ਜ਼ਰੂਰੀ ਹੈ, ਇਸ ਲਈ ਬਾਲ-ਮਨਾਂ ਅੰਦਰ ਸਿੱਖੀ ਪ੍ਰਤੀ ਪਿਆਰ ਅਤੇ ਸਕੂਲਾਂ-ਕਾਲਜਾਂ ਵਿੱਚ ਧਰਮ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਦੇ ਯਤਨ ਕਰਨੇ ਚਾਹੀਦੇ ਹਨ।
• ਧਰਮ ਪ੍ਰਚਾਰ ਦੇ ਦਾਵਿਆਂ ਕੇਵਲ ਸਟੇਜਾਂ ਤੱਕ ਹੀ ਸੀਮਿਤ ਨਹੀਂ ਰਹਿਣ ਦੇਣਾ ਚਾਹੀਦਾ, ਇਹਨਾਂ ਨੂੰ ਅਮਲੀ ਰੂਪ ਪਹਿਨਾਉਣ ਦੇ ਵੀ ਯਤਨ ਕਰਨੇ ਚਾਹੀਦੇ ਹਨ।
• ਪੰਥਕ ਏਕਤਾ ਬਣਾਈ ਰੱਖਣ ਲਈ ਸੁਚਾਰੂ ਯਤਨ ਕਰਨ ਵਿੱਚ ਪਹਿਲ-ਕਦਮੀਂ ਕਰਨੀ ਚਾਹੀਦੀ ਹੈ। ਪੰਥਕ-ਏਕਤਾ ਦੀ ਦੁਹਾਈ ਪਾ ਕੇ ਆਪਣਾ ਸਵਾਰਥ ਪੂਰਾ ਕਰਨ ਵਾਲਿਆਂ ਨੂੰ ਆਪਣੇ ਨਿੱਜੀ ਸਵਾਰਥ ਤਿਆਗ ਕੇ ਕੌਮੀ ਹੱਕਾਂ ਦੀ ਪ੍ਰਾਪਤੀ ਦੇ ਲਈ ਪਹਿਲਾਂ ਆਪ ਇੱਕ ਹੋਣਾ ਚਾਹੀਦਾ ਹੈ।
• ਪੰਥ ਪ੍ਰਵਾਨਿਤ ਰਹਿਤ ਮਰਯਾਦਾ ਹਰ ਇੱਕ ਗੁਰਦੁਆਰੇ, ਡੇਰੇ ਜਾਂ ਟਕਸਾਲ ਵਿੱਚ ਲਾਗੂ ਕਰਨੀ ਚਾਹੀਦੀ ਹੈ।
• ਅਕਾਲ ਤਖਤ ਸਾਹਿਬ ਵਲੋਂ ਗੁਰਮਤਿ ਨਾਲ ਪ੍ਰੇਰਤ ਜਾਰੀ ਹੁਕਮਨਾਮੇ ਲਾਗੂ ਹੋਣੇ ਚਾਹੀਦੇ ਹਨ।

ਜੋ ਆਪ ਪੰਥ ਪ੍ਰਵਾਨਿਤ ਰਹਿਤ ਮਰਯਾਦਾ ਅਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਉਲੰਘਣਾ ਕਰ ਰਹੇ ਹਨ, ਜੇਕਰ ਉਹ ਦੂਸਰਿਆਂ ਨੂੰ ਸਿੱਖੀ-ਸਿਧਾਂਤਾਂ ਉਪਰ ਚੱਲਣ ਦੀ ਨਸੀਹਤ ਦੇਣਗੇ ਤਾਂ ਇਹ ਇੱਕ ਮਜ਼ਾਕ ‘ਤੋਂ ਵੱਧ ਕੁੱਝ ਨਹੀਂ ਹੋਵੇਗਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਦਾ ਇਹ ਫਰਜ਼ ਬਣਦਾ ਹੈ ਕਿ ਉਹ ਪੰਥ ਪ੍ਰਵਾਨਿਤ ਰਹਿਤ ਮਰਯਾਦਾ ਦਾ ਹਰ ਇੱਕ ਗੁਰਦੁਆਰੇ ਜਾਂ ਟਕਸਾਲ ਵਿੱਚ ਪਾਲਣ ਯਕੀਨੀ ਬਣਾਉਣ ਲਈ ਠੋਸ ਕਦਮ ਚੁਕਣ, ਇਸ ਕੰਮ ਵਿੱਚ ਸਮੁੱਚੀ ਕੌਮ ਉਹਨਾਂ ਦਾ ਭਰਪੂਰ ਸਾਥ ਦੇਵੇਗੀ।
ਅੰਤ ਵਿੱਚ ਮੈਂ ਇਹੀ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਭ ਨੂੰ ਸੁਮੱਤ ਬਖਸ਼ਣ ਅਤੇ ਆਪਣੇ ਦਰਸਾਏ ਰਸਤੇ `ਤੇ ਅਡੋਲਤਾ ਨਾਲ ਚੱਲਣ ਦਾ ਬਲ ਅਤੇ ਬੁੱਧੀ ਬਖਸ਼ਣ।
ਸਤਿੰਦਰਜੀਤ ਸਿੰਘ ਗਿੱਲ `ਚੰਡੀਗੜ੍ਹ’




.