ਪ੍ਰਹਲਾਦ ਪਠਾਏ ਪੜਨ ਸਾਲ
ਪ੍ਰਹਲਾਦ ਪਠਾਏ ਪੜਨ ਸਾਲ॥ ਸੰਗਿ ਸਖਾ ਬਹੁ ਲੀਏ ਬਾਲ॥
ਮੋ ਕਉ ਕਹਾ ਪੜਾੑਵਸਿ ਆਲ ਜਾਲ॥
ਮੇਰੀ ਪਟੀਆ ਲਿਖਿ ਦੇਹੁ ਸ੍ਰੀ ਗ+ਪਾਲ॥ 1॥
ਨਹੀ ਛੋਡਉ ਰੇ ਬਾਬਾ ਰਾਮ ਨਾਮ॥
ਮੇਰੋ ਅਉਰ ਪੜੑਨ ਸਿਉ ਨਹੀ ਕਾਮੁ॥ 1॥ ਰਹਾਉ॥
ਸੰਡੈ ਮਰਕੈ ਕਹਿਓ ਜਾਇ॥ ਪ੍ਰਹਲਾਦ ਬੁਲਾਏ ਬੇਗਿ ਧਾਇ॥
ਤੂ ਰਾਮ ਕਹਨ ਕੀ ਛੋਡੁ ਬਾਨਿ॥ ਤੁਝੁ ਤੁਰਤੁ ਛਡਾਊ ਮੇਰੋ ਕਹਿਓ ਮਾਨਿ॥ 2॥
ਮੋ ਕਉ ਕਹਾ ਸਤਾਵਹੁ ਬਾਰ ਬਾਰ॥ ਪ੍ਰਭਿ ਜਲ ਥਲ ਗਿਰਿ ਕੀਏ ਪਹਾਰ॥
ਇਕੁ ਰਾਮੁ ਨ ਛੋਡਉ ਗੁਰਹਿ ਗਾਰਿ॥
ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ॥ 3॥
ਕਾਢਿ ਖੜਗੁ ਕੋਪਿਓ ਰਿਸਾਇ॥ ਤੁਝ ਰਾਖਨਹਾਰੋ ਮੋਹਿ ਬਤਾਇ॥
ਪ੍ਰਭ ਥੰਭ ਤੇ ਨਿਕਸੇ ਕੈ ਬਿਸਥਾਰ॥ ਹਰਨਾਖਸੁ ਛੇਦਿਓ ਨਖ ਬਿਦਾਰ॥ 4॥
ਓਇ ਪਰਮ ਪੁਰਖ ਦੇਵਾਧਿ ਦੇਵ॥ ਭਗਤਿ ਹੇਤਿ ਨਰਸਿੰਘ ਭੇਵ॥
ਕਹਿ ਕਬੀਰ ਕੋ ਲਖੈ ਨ ਪਾਰ॥ ਪ੍ਰਹਲਾਦ ਉਧਾਰੇ ਅਨਿਕ ਬਾਰ॥ 5॥ 4॥
ਗੁਰੂ ਗ੍ਰੰਥ ਸਾਹਿਬ, ਪੰਨਾ 1194
ਨੋਟ – ਇਸ ਸ਼ਬਦ ਤੇ ਵੀਚਾਰ ਕਰਨ ਤੋਂ ਪਹਿਲਾਂ ਸਾਰੇ ਸ਼ਬਦ ਦਾ ਸਿਧਾਂਤ ਸਮਝਣਾ ਬਹੁਤ ਜ਼ਰੂਰੀ ਹੈ। ਇਸ
ਸ਼ਬਦ ਅੰਦਰ ਕਬੀਰ ਜੀ ਨੇ ਸਪਸ਼ਟ ਕੀਤਾ ਹੈ ਕਿ ਪ੍ਰਹਿਲਾਦ ਨੇ ਜਿੰਨੇ ਵੀ ਉਸ ਦੇ ਸੰਗੀ ਸਾਥੀ ਸਨ,
ਉਨ੍ਹਾਂ ਨੂੰ ਸੱਚ ਦ੍ਰਿੜ੍ਹ ਕਰਵਾ ਦਿੱਤਾ ਸੀ ਅਤੇ ਕਰਮਕਾਂਡੀ ਪਾਂਧੇ ਜਦੋਂ ਪ੍ਰਹਿਲਾਦ ਦੇ ਕਿਸੇ
ਇੱਕ ਵੀ ਸਾਥੀ ਤੇ ਆਪਣਾ ਪ੍ਰਭਾਵ ਪਾਉਣ ਦਾ ਯਤਨ ਕਰਦੇ ਸਨ, ਤਾਂ ਉਹ ਵੀ ਉਨ੍ਹਾਂ ਦੀ ਕਰਮਕਾਂਡੀ
ਸਿੱਖਿਆ ਨੂੰ ਊਲ-ਜਲੂਲ ਦੱਸਦਾ ਸੀ। ਜਿਸ ਤੋਂ ਕਰਮਕਾਂਡੀ ਪਾਂਧੇ ਖ਼ਫ਼ਾ ਸਨ, ਅਤੇ ਵਾਪਸ ਆਪਣੀ ਸਭਾ
ਵਿੱਚ ਆ ਕੇ ਪਿੱਟਦੇ ਸਨ ਕਿ ਪ੍ਰਹਿਲਾਦ ਤਾਂ ਕੀ, ਉਸ ਦੇ ਸਾਥੀ ਵੀ ਸਾਡਾ ਪ੍ਰਭਾਵ ਨਹੀਂ ਕਬੂਲਦੇ।
ਉਹ ਸਗੋਂ ਉਲਟਾ ਸਾਨੂੰ ਵੀ ਸੱਚ ਦ੍ਰਿੜ ਕਰਨ ਲਈ ਪ੍ਰੇਰਦੇ ਹਨ। ਨਾਲੇ ਇਹ ਇਸ ਗੱਲ ਤੋਂ ਚਿੰਤਤ ਸਨ
ਕਿ ਪ੍ਰਹਿਲਾਦ ਦੀ ਇਹ ਵੀਚਾਰਧਾਰਾ ਬੜੀ ਤੇਜ਼ੀ ਨਾਲ ਫੈਲ ਰਹੀ ਹੈ, ਅਤੇ ਗੁਰਮਤਿ ਵੀਚਾਰਧਾਰਾ ਉੱਪਰ
ਪ੍ਰਹਿਲਾਦ ਜੀ ਅਤੇ ਉਨ੍ਹਾਂ ਦੇ ਸਾਥੀ ਇਤਨਾ ਦ੍ਰਿੜ ਵਿਸ਼ਵਾਸ ਰੱਖਦੇ ਹਨ ਕਿ ਚਾਹੇ ਕੋਈ ਉਨ੍ਹਾਂ ਨੂੰ
ਮਾਰ ਦੇਣ ਜਾਂ ਜਾਲ ਦੇਣ ਦਾ ਡਰ ਦੇਵੇ, ਫਿਰ ਵੀ ਉਹ ਰਾਮ ਨਾਮ ਸਿਮਰਨ ਨਹੀਂ ਛੱਡਣਗੇ।
ਪਦ ਅਰਥ
ਪਠਾਏ – ਪਠ – ਸੰ: ਸਿੱਖਣਾ, ਪੜ੍ਹਨਾ, ਪੜ੍ਹਨ ਦੀ ਕ੍ਰਿਆ, ਦ੍ਰਿੜ੍ਹ ਕਰਨਾ
ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ॥
ਗੁਰੂ ਗ੍ਰੰਥ ਸਾਹਿਬ, ਪੰਨਾ 922
ਸੱਚ ਦ੍ਰਿੜ ਕਰਨ ਲਈ ਸਰਵਣ ਕਰਨਾ ਹੈ।
ਪੜਨ ਸਾਲ – ਸੰ: ਪਾਠਸ਼ਾਲਾ – ਸਿੱਖਿਆ ਦੇਣੀ, ਵੀਚਾਰਧਾਰਾ ਦ੍ਰਿੜ੍ਹ ਕਰਵਾਉਣੀ
ਪ੍ਰਹਲਾਦ ਪਠਾਏ ਪੜਨ ਸਾਲ – ਪ੍ਰਹਿਲਾਦ ਨੇ ਆਪਣੀ ਗੁਰਮਤਿ ਵੀਚਾਰਧਾਰਾ ਦ੍ਰਿੜ੍ਹ ਕਰਵਾਈ
ਆਲ ਜਾਲ – ਊਲ-ਜਲੂਲ, ਕਰਮਕਾਂਡੀ ਊਲ-ਜਲੂਲ, ਬੇਤੁਕੀਆਂ
ਮੇਰੀ ਪਟੀਆ – ਮੇਰੇ ਹਿਰਦੇ ਰੂਪੀ ਪੱਟੀਆਂ ਉੱਪਰ
ਲਿਖਿ ਦੇਹੁ – ਲਿਖਿਆ ਜਾ ਚੁੱਕਾ ਹੈ
ਸੰਗਿ – ਸੰ: ਮੰਡਲੀ
ਸਖਾ – ਸੰ: ਸਮਾਨਤਾ ਭਾਵ ਬਰਾਬਰ ਦੇ ਸਾਥੀ, ਇਕੋ ਸੋਚ ਦੇ ਧਾਰਨੀ
ਲੀ – ਸੰ: ਧਾ ਜੁੜਨਾ, ਭਾਵ ਇੱਕ ਦਮ ਜੁੜ ਜਾਣਾ
ਏ – ਸੰ: ਕਰਤਾਰ
ਲੀਏ – ਧਾ ਕਰਤਾਰ ਨਾਲ ਜੁੜ ਜਾਣਾ
ਬਾਲ – ਅਣਜਾਣ
ਸੰਡੇ ਮਰਕੇ – ਊਲ-ਜਲੂਲ ਪੜ੍ਹਾਉਣ ਵਾਲੇ ਪਾਂਧੇ
ਪ੍ਰਹਿਲਾਦ – ਪ੍ਰਹਿਲਾਦ ਭਗਤ ਜੀ
ਬੁਲਾਏ – ਪ੍ਰਹਿਲਾਦ ਜੀ ਦਾ ਬੋਲਿਆ ਹੋਇਆ
ਬੇਗਿ – ਸੰ: ਪ੍ਰਵਾਹ, ਹੜ, ਜ਼ੋਰ, ਤੇਜ਼ੀ
ਧਾਇ – ਸੰ: ਚੱਲਣਾ, ਫੈਲਣਾ, ਅਗੇ ਵਧਦੇ ਜਾਣਾ, ਫੈਲਾਉ ਹੋਣਾ
ਪ੍ਰਭਿ – ਪ੍ਰਭੂ ਪ੍ਰਮਾਤਮਾ
ਜਲਦ ਸੰ: ਧੰਨਵਾਨ, ਉੱਚਾ
ਪ੍ਰਭਿ ਜਲ – ਪ੍ਰਭੂ ਸਭ ਤੋਂ ਉੱਚਾ ਹੈ, ਪ੍ਰਭੂ ਦਾ ਨਾਮ ਹੀ ਸੁਚਾ ਹੈ ਗੁਰਮਤਿ ਅਨੁਸਾਰ
ਥਲ – ਸੰ: ਅਸਥਾਨ
ਜਲ ਥਲ – ਉੱਚਾ ਅਸਥਾਨ
ਗਿਰਿ –: ਸੰ: ਵਾਕਿਯਾ ਬਾਣੀ, ਸੱਚੀ ਬਾਣੀ, ਸੱਚੇ ਦੀ ਸੱਚੀ ਬਖ਼ਸ਼ਿਸ਼
ਕੀਏ – ਸੰ: ਕਰਨ ਵਾਲਾ
ਪਹਾਰ – ਸੰ: ਪ੍ਰਚਾਰ, ਪ੍ਰਚਾਰ ਕਰਨਾ
ਗਾਰਿ – ਸੰ: ਗਰਬ: ਮਾਣ ਕਰਨਾ, ਕਿਸੇ ਚੰਗੀ ਗੱਲ ਤੋਂ ਕੁਰਬਾਨ ਜਾਣਾ
ਕਾਢਿ – ਸੰ: ਕੋਈ ਕਾਢਿ ਕੱਢਣੀ (ਇਥੇ ਕਰਮਕਾਂਡੀਆਂ ਵਲੋਂ ਕੱਢੀ ਕਾਢਿ ਆਤਮਿਕ ਤੌਰ ਤੇ ਮਾਰ ਦੇਣ
ਵਾਲੀ ਵਿਚਾਰਧਾਰਾ ਹੈ)
ਰਿਸਾਇ – ਸੰ: ਮਾਰ ਸੁੱਟਣਾ, ਖ਼ਤਮ ਕਰ ਦੇਣਾ, ਮਾਰ ਮੁਕਾਉਣਾ
ਕਾਢਿ ਖੜਗੁ ਕੋਪਿਓ ਰਿਸਾਇ – ਅਤਾਮਿਕ ਤੌਰ ਤੇ ਮਾਰ ਦੇਣ ਵਾਲੀ ਵੀਚਾਰਧਾਰਾ ਰੂਪੀ ਖੜਗ
ਪ੍ਰਭ – ਪ੍ਰਭੂ
ਪ੍ਰਭ ਥੰਭ ਤੇ – ਪ੍ਰਭੂ ਦੇ ਆਸਰੇ ਨਾਲ
ਥੰਭ – ਆਸਰਾ
ਨਿਕਸੇ – ਸੰ: ਨਿਕਲ ਆਉਣਾ, ਬਾਹਰ ਕੱਢਣਾ
ਬਿਸਥਾਰ – ਸੰ: ਫੈਲਾਉ
ਹਰਨਾਖਸੁ – ਅਤਮਿਕ ਤੌਰ ਤੇ ਮਾਰ ਮੁਕਾਉਣ ਵਾਲੀ ਵੀਚਾਰਧਾਰਾ (ਉੱਚੀ ਕੁਲ ਦਾ ਭਰਮ)
ਛੇਦਿਓ – ਖ਼ਤਮ ਕਰ ਦੇਣਾ
ਨਖ – ਉੱਚੀ ਕੁਲ ਦਾ ਭਰਮ
ਨਖ ਬਿਦਾਰ –ਉੱਚੀ ਕੁਲ ਦਾ ਭਰਮ ਖ਼ਤਮ ਕਰਨਾ
ਪਰਮ ਪੁਰਖ – ਅਕਾਲ ਪੁਰਖ
ਦੇਵਾਧਿ ਦੇਵ – ਦੈਵ ਗੁਣਾਂ ਦੀ ਬਖ਼ਸ਼ਿਸ਼ ਕਰਨ ਵਾਲਾ
ਭਗਤਿ ਹੇੁਤ – ਬੰਦਗੀ ਨਾਲ ਜੁੜਨ ਕਰਕੇ
ਭਗਤਿ – ਬੰਦਗੀ ਕਰਨ ਨਾਲ
ਹੇਤਿ – ਜੁੜਨਾ
ਨਰਸਿੰਘ – ਆਤਮਿਕ ਤੌਰ ਤੇ ਮਾਰ ਮੁਕਾਉਣ ਵਾਲੀ ਹਰਨਾਖਸ਼ੀ ਬਿਰਤੀ ਨੂੰ ਖ਼ਤਮ ਕਰਨ ਵਾਲਾ ਆਤਮਿਕ ਗਿਆਨ
ਭੇਵ – ਰੂਪ
ਅਰਥ
ਕਰਮਕਾਂਡੀ ਕਹਿੰਦੇ ਹਨ - ਪ੍ਰਹਿਲਾਦ ਨੇ ਆਪ, ਅਤੇ ਆਪਣੇ ਸਾਥੀਆਂ ਨੂੰ ਅਜਿਹੀ ਉੱਚੀ ਸਿੱਖਿਆ
ਦ੍ਰਿੜ੍ਹ ਕਰਵਾ ਦਿੱਤੀ ਹੈ ਕਿ ਹੁਣ ਉਹ ਬਾਲ (ਅਣਜਾਣ) ਨਹੀਂ ਹਨ। ਜਿਸ ਕਿਸੇ ਨਾਲ ਵੀ ਗੱਲ ਕਰਨ ਦੀ
ਕੋਸ਼ਿਸ਼ ਕਰੀਦੀ ਹੈ ਤਾਂ ਉਹ ਇਹ ਕਹਿੰਦਾ ਹੈ ਕਿ ਮੈਨੂੰ ਊਲ-ਜਲੂਲ ਭਾਵ ਕਰਮਕਾਂਡ ਪੜ੍ਹਾਉਣ ਦੀ ਲੋੜ
ਨਹੀਂ। ਕਿਉਂਕਿ ਮੇਰੀ ਹਿਰਦੈ ਰੂਪੀ ਪੱਟੀਆਂ ਉੱਪਰ ਸ੍ਰੀ ਗੋਪਾਲ ਲਿਖਿਆ ਜਾ ਚੁੱਕਾ ਹੈ। ਰਾਮ ਨਾਮ
ਮੈਂ ਛੱਡਣਾ ਨਹੀਂ ਅਤੇ ਹੋਰ ਕਿਸੇ ਊਲ-ਜਲੂਲ ਨਾਲ ਮੇਰਾ ਕੋਈ ਵਾਸਤਾ ਨਹੀਂ।
ਇਹ ਗੱਲ ਸੰਡੇ ਮਰਕੇ ਨੇ ਵਾਪਸ ਆਪਣੀ ਸਭਾ ਵਿੱਚ ਜਾ ਕੇ ਕਹੀ ਕਿ ਤੁਸੀਂ ਤਾਂ ਰਾਮ ਨਾਮ ਸਿਮਰਨ ਕਰਨ
ਦਾ ਪ੍ਰਹਿਲਾਦ ਦਾ ਸੁਭਾਉ ਬਦਲਣ ਲਈ ਕਹਿ ਰਹੇ ਹੋ? ਪ੍ਰਹਿਲਾਦ ਤਾਂ ਇਹ ਕਹਿੰਦਾ ਹੈ ਕਿ ਮੇਰਾ ਕਹਿਣਾ
ਮੰਨ ਕੇ ਤੁਹਾਨੂੰ ਵੀ ਰਾਮ ਨਾਮ ਦਾ ਸਿਮਰਨ ਹੀ ਕਰਨਾ ਚਾਹੀਦਾ ਹੈ, ਤਾਂ ਜੋ ਤੁਹਾਨੂੰ ਵੀ ਤੁਰੰਤ
ਆਤਮਿਕ ਤੌਰ ਤੇ ਮਾਰ ਮੁਕਾਉਣ ਵਾਲੀ ਵੀਚਾਰਧਾਰਾ ਤੋਂ ਨਿਜਾਤ ਮਿਲ ਜਾਏ। ਪ੍ਰਹਿਲਾਦ ਦਾ ਇਹ ਬੁਲਾਇਆ
ਹੋਇਆ ਭਾਵ ਸਮਝਾਇਆ ਹੋਇਆ ਗਿਆਨ ਧਰਮ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ।
ਪ੍ਰਹਿਲਾਦ ਅਤੇ ਪ੍ਰਹਿਲਾਦ ਦੀ ਇਸ ਵੀਚਾਰਧਾਰਾ ਦੇ ਹਾਮੀਆਂ ਵਲੋਂ ਇੱਕ ਰਾਮ ਨਾਮ ਦਾ ਸਿਮਰਨ ਨਾਂਹ
ਛੱਡਣਾ ਅਤੇ ਦੂਸਰਾ ਰਾਮ ਨਾਮ ਸਿਮਰਨ ਉੱਪਰ ਇਨ੍ਹਾਂ ਮਾਣ ਕਰਨਾ ਕਿ ਭਾਵੇਂ ਸਾਨੂੰ ਕੋਈ ਮਾਰ ਦੇਵੇ
ਜਾਂ ਜਾਲ ਦੇਵੇ ਪਰ ਅਸੀਂ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕਰਦੇ। ਤੀਜਾ ਉਨ੍ਹਾਂ ਵਲੋਂ ਪ੍ਰਭੂ ਦੇ
ਆਤਮਿਕ ਗਿਆਨ ਰੂਪੀ ਸਿਮਰਨ ਨੂੰ ਸਭ ਤੋਂ ਉੱਚਾ ਦੱਸਣਾ ਅਤੇ ਇਸ ਵੀਚਾਰਧਾਰਾ ਦਾ ਬਹੁਤ ਤੇਜ਼ੀ ਨਾਲ
ਪ੍ਰਚਾਰ ਹੋਣਾ ਮੇਰੇ ਲਈ ਇੱਕ ਚਿੰਤਾ ਦਾ ਵਿਸ਼ਾ ਹੈ। ਇਹ ਗੱਲ ਮੈਨੂੰ ਬਾਰ ਬਾਰ ਸਤਾ ਰਹੀ ਹੈ। ਇਹ
ਗੱਲ ਸੰਡੇ ਮਰਕੇ ਨੇ ਆਪਣੀ ਸਭਾ ਵਿੱਚ ਵਾਪਸ ਆ ਕੇ ਕਹੀ। ਨਾਲ ਹੀ ਮੈਨੂੰ ਉਨ੍ਹਾਂ ਵਲੋਂ ਇਹ ਗੱਲ
ਕਹੀ ਕਿ ਕਰਮਕਾਂਡੀ ਵੀਚਾਰਧਾਰਾ ਰੂਪੀ ਖੜਗ ਆਤਮਿਕ ਤੌਰ ਤੇ ਮਾਰ ਮੁਕਾਉਣ ਵਾਲੀ ਹੈ। ਇਸ ਆਤਮਿਕ ਤੌਰ
ਤੇ ਮਾਰ ਮੁਕਾਉਣ ਵਾਲੀ ਵੀਚਾਰਧਾਰਾ ਤੋਂ ਤੈਨੂੰ ਵੀ ਸਿਰਫ ਪ੍ਰਭੂ ਦੇ ਨਾਮ ਦਾ ਆਸਰਾ ਹੀ ਨਿਜਾਤ
ਦਿਵਾ ਸਕਦਾ ਹੈ।
ਗੁਰਮਤਿ ਗਿਆਨ ਦੀ ਸੂਝ ਨਾਲ ਹੀ ਉੱਚੀ ਕੁੱਲ ਦੇ ਭਰਮ ਰੂਪੀ ਹਰਨਾਖਸ਼ੀ ਬਿਰਤੀ ਖ਼ਤਮ ਹੁੰਦੀ ਹੈ। ਉਹ
ਪਰਮ ਪੁਰਖ ਜੋ ਦੈਵੀ ਗੁਣਾਂ ਦੀ ਬਖ਼ਸ਼ਿਸ਼ ਕਰਨ ਵਾਲਾ ਹੈ, ਉਸ ਦੀ ਬਖ਼ਸ਼ਿਸ਼ ਰੂਪ ਦੈਵੀ ਗੁਣਾਂ ਨਾਲ
ਜੁੜਨਾ ਹੀ ਉਸ ਦਾ ਨਰ ਸਿੰਘ ਰੂਪ ਹੈ। ਇਹ ਉਹ ਰੂਪ ਹੈ ਜੋ ਆਤਮਿਕ ਤੌਰ ਤੇ ਮਾਰ ਮੁਕਾਉਣ ਵਾਲੀ
ਕਰਮਕਾਂਡੀ ਹਰਨਾਖਸ਼ੀ ਵੀਚਾਰਧਾਰਾ ਨੂੰ ਖ਼ਤਮ ਕਰਦਾ ਹੈ। ਉਸ ਵਾਹਿਗੁਰੁ ਦੀ ਅਥਾਹ ਸ਼ਕਤੀ, ਤਾਕਤ ਦਾ
ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਜਿਸ ਨੇ ਸਿਫ਼ਤੋ-ਸਲਾਹ ਕਰਨ ਵਾਲੇ ਪ੍ਰਹਿਲਾਦ ਅਤੇ ਹੋਰ ਅਨੇਕਾਂ
ਪ੍ਰਹਿਲਾਦ ਜੀ ਵਰਗੇ ਜਨਾਂ ਦੀ ਰੱਖਿਆ ਕੀਤੀ ਹੈ, ਅਤੇ ਕਰਦਾ ਹੈ। ਕਬੀਰ ਜੀ ਇਸ ਗੱਲ ਉੱਪਰ ਸਹੀ
ਪਾਉਂਦੇ ਹਨ ਕਿ ਵਾਕਿਯਾ ਹੀ ਪ੍ਹਹਿਲਾਦ ਨੂੰ ਵਾਹਿਗੁਰੂ ਦਾ ਬਖਸ਼ਿਆ ਹੋਇਆ ਆਤਮਿਕ ਗਿਆਨ ਹੀ ਨਰਸਿੰਘ
ਰੂਪ ਸੀ, ਜੋ ਆਤਮਿਕ ਤੌਰ ਤੇ ਮਾਰ ਮੁਕਾਉਣ ਵਾਲੀ ਕਰਮਕਾਂਡੀ ਵੀਚਾਰਧਾਰਾ ਨੂੰ ਖ਼ਤਮ ਕਰਦਾ ਹੈ। ਉਸ
ਵਾਹਿਗੁਰੂ ਦੀ ਅਥਾਹ ਸ਼ਕਤੀ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਨੋਟ – ਕਬੀਰ ਜੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਆਤਮਿਕ ਤੌਰ ਤੇ ਖ਼ਤਮ ਕਰ ਦੇਣ ਵਾਲੀ, ਉੱਚੀ ਕੁੱਲ ਦੀ
ਭਰਮ ਰੂਪੀ ਵੀਚਾਰਧਾਰਾ ਦਾ ਨਾਮ ਹਰਨਾਖ਼ਸ ਹੈ ਅਤੇ ਇਸ ਵੀਚਾਰਧਾਰਾ ਨੂੰ ਖ਼ਤਮ ਕਰ ਦੇਣ ਵਾਲੇ ਆਤਮਿਕ
ਗਿਆਨ ਦਾ ਨਾਮ ਨਰਸਿੰਘ ਹੈ।
ਭਉ ਭਗਤਿ ਕਰਿ ਨੀਚੁ ਸਦਾਏ॥ ਤਉ ਨਾਨਕ ਮੋਖੰਤਰੁ ਪਾਏ॥ 2॥
ਗੁਰੂ ਗ੍ਰੰਥ ਸਾਹਿਬ, ਪੰਨਾ 470
ਜਿੰਨਾਂ ਚਿਰ ਮਨੁੱਖ ਨਿਮਾਣਾ ਨਹੀਂ ਬਣਦਾ, ਓਨਾਂ ਚਿਰ ਮੋਖ ਦੁਆਰਾ ਆਤਮਿਕ ਗਿਆਨ ਦੀ ਸੂਝ ਪ੍ਰਾਪਤ
ਨਹੀਂ ਹੁੰਦੀ। ਜੇਕਰ ਕੋਈ ਆਪਣੇ ਆਪ ਨੂੰ ਉੱਚੀ ਕੁੱਲ ਦਾ ਸਮਝੇ ਤਾਂ ਜਾਣ ਲਓ ਉਸ ਦਾ ਨਾਮ ਹਰਨਾਖ਼ਸ
ਹੈ ਕਿਉਂਕਿ ਇਹ ਭਰਮ ਉਸ ਨੂੰ ਆਤਮਿਕ ਤੌਰ ਤੇ ਖ਼ਤਮ ਕਰ ਦੇਣ ਵਾਲਾ ਹੈ।
ਬਲਦੇਵ ਸਿੰਘ ਟੋਰਾਂਟੋ