ਸਾਕਾ ਨਨਕਾਣਾ ਸਾਹਿਬ ਨੂੰ ਇਤਿਹਾਸਕ ਝਰੋਖੇ ਚੋਂ ਦੇਖਣ ਦਾ ਯਤਨ:
ਡਾ: ਗੁਰਦੇਵ ਸਿੰਘ ਸੰਘਾ ‘ਕਿਚਨਰ`
ਸਿੱਖ ਅਰਦਾਸ ਵਿੱਚ ਜਿਕਰ ਆਉਂਦਾ ਹੈ, ਜਿਨ੍ਹਾਂ ਸਿੰਘਾ ਸਿੰਘਣੀਆਂ ਨੇ ਧਰਮ
ਹੇਤ ਸੀਸ ਦਿੱਤੇ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ `ਜੀਂਦੇ ਜੰਡਾਂ ਨਾਲ
ਬ੍ਹੰਨ ਕੇ ਸਾੜੇ ਗਏ ਅਤੇ ਜੀਂਦਿਆਂ ਨੂੰ ਬਲਦੀਆਂ ਭੱਠੀਆਂ ਵਿੱਚਸੁੱਟਿਆ ਗਿਆ`। ਸਾਡੀ ਅਜ ਦੀ ਵਿਚਾਰ
ਦਾ ਇਨ੍ਹਾਂ ਸਤਰਾਂ ਨਾਲ ਸੰਬੰਧ ਹੈ।
ਅਜ ਤੋਂ ਕੋਈ 91 ਸਾਲ ਪਹਿਲਾਂ ਇਹ ਇਤਿਹਾਸਕ ਸੱਚ ਸਿੱਖਾਂ ਨਾਲ ਵਾਪਰਿਆ ਸੀ।
ਜਿਸ ਨੂੰ ਸ਼ਹੀਦੀ ਸਾਕਾ ਨਨਕਾਣਾ ਸਾਹਿਬ ਕਰਕੇ ਜਾਣਿਆਂ ਜਾਂਦਾ ਹੈ। ਇਹ ਸ਼ਹੀਦੀ ਸਾਕਾ 21 ਫਰਵਰੀ ਸੰਨ
1921 ਨੂੰ ਨਨਕਾਣਾ ਸਾਹਿਬ ਗੁਰਦੁਆਰਾ ਜਨਮ ਅਸਥਾਨ ਵਿੱਚ ਹੋਇਆ ਸੀ। ਨਨਕਾਣਾ ਸਾਹਿਬ ਦਾ ਇਹ
ਗੁਰਦੁਆਰਾ ਉਹ ਇਤਿਹਾਸਕ ਸਥਾਨ ਹੈ, ਜਿੱਥੇ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਸੀ।
ਏਸੇ ਕਰਕੇ ਇਸ ਗੁਰਦੁਆਰੇ ਨੂੰ `ਗੁਰਦੁਆਰਾ ਜਨਮ ਅਸਥਾਨ` ਕਰਕੇ ਜਾਣਿਆਂ ਜਾਂਦਾ ਹੈ।
ਇਹ ਸ਼ਹੀਦੀ ਸਾਕਾ ਕਿਉਂ ਹੋਇਆ? ਇਸ ਦੇ ਕਾਰਨ ਕੀ ਸਨ?
ਇਸ ਸ਼ਹੀਦੀ ਸਾਕੇ ਦੇ ਕਾਰਨ ਜਾਨਣ ਲਈ ਸਾਨੂੰ ਸਿੱਖ ਇਤਿਹਾਸ ਦੇ ਪਿਛੋਕੜ ਦੀ
ਪੜਤਾਲ ਕਰਨੀ ਪਵੇਗੀ, ਖਾਸ ਕਰਕੇ ਗੁਰਦੁਆਰੇ ਦੇ ਕੇਂਦਰ ਦੇ ਪ੍ਰਬੰਧ ਨੂੰ ਇਤਿਹਾਸਕ ਝਰੋਖੇ ਚੋਂ
ਦੇਖਣਾ ਪਵੇਗਾ। ਗੁਰੂ ਕਾਲ ਸਮੇਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਪ੍ਰਬੰਧ ਦਾ ਕੰਮ ਗੁਰੂ
ਸਾਹਿਬਾਨ ਦੀ ਆਪਣੀ ਨਿਗਰਾਨੀ ਅਧੀਨ ਹੁੰਦਾ ਜਾਂ ਉਨ੍ਹਾਂ ਵਲੋਂ ਨੀਯਤ ਕੀਤੇ ਹੋਏ `ਕਹਿਣੀ ਤੇ ਕਰਨੀ`
ਦੇ ਸੂਰੇ ਸਿੱਖਾਂ ਸੇਵਕਾਂ ਦੇ ਹੱਥ ਹੋਇਆ ਕਰਦਾ ਸੀ। ਜਿਵੇਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ,
ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਆਦਿ। ਇਸ ਸਮੇਂ ਗੁਰਦੁਆਰਾ ਪ੍ਰਬੰਧ ਵਿੱਚ ਕੋਈ
ਢਿੱਲ੍ਹ ਨਹੀਂ ਆਈ ਅਤੇ ਗੁਰਮਤਿ ਪ੍ਰਚਾਰ ਦੇ ਇਹ ਸੋਮੇਂ ਸਿੱਖ ਕੌਂਮ ਦੀ ਅਗਵਾਈ ਕਰਦੇ ਰਹੇ ਅਤੇ
ਕੌਂਮ ਹਮੇਸ਼ਾ ਚੜ੍ਹਦੀ-ਕਲਾ ਵਿੱਚ ਗਈ। ਸੰਨ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ
ਬਾਅਦ ਸਿੱਖ ਲੀਡਰਸ਼ਿਪ ਵਿੱਚ ਬਹੁਤ ਵੱਡਾ ਘਾਪਾ ਪੈ ਗਿਆ। ਸਿੱਖਾਂ ਵਿੱਚ ਕੋਈ ੲੈਸਾ ਆਗੂ ਨਾ ਰਿਹਾ
ਜੋ ਯੋਗ ਅਗਵਾਈ ਕਰ ਸਕੇ। ਦੂਜੇ ਪਾਸੇ ਮੁਗ਼ਲ ਅਤੇ ਪਠਾਣ ਹਕੂਮਤਾਂ ਨੇ ਸਿੱਖਾਂ ਉਪੱਰ ਏਨੇ ਅਤਿਆਚਾਰ
ਕਰਨੇ ਆਰੰਭ ਦਿੱਤੇ ਕਿ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ, ਸਿੱਖਾਂ ਨੂੰ ਜੰਗਲਾਂ ਬੀਆਬਾਨਾਂ ਵਿੱਚ
ਲੁਕ-ਛਿਪ ਕੇ ਗੁਜਾਰਾ ਕਰਨਾ ਪਿਆ।
ਇਸ ਘੋਰ ਸੰਕਟ ਸਮੇਂ ਸਿੱਖੀ ਸਰੂਪ ਵਿੱਚ ਰਹਿ ਕੇ ਗੁਰਦੁਆਰਿਆਂ ਦੀ
ਸੇਵਾ-ਸੰਭਾਲ ਕਰਨੀ ਮੁੱਮਕਨ ਨਹੀਂ ਸੀ। ਸੇਵਾ-ਸੰਭਾਲ ਦਾ ਥੋਹੜਾ-ਬਹੁਤ ਕੰਮ ਜੋ ਹੁੰਦਾ ਰਿਹਾ, ਉਹ
ਉਦਾਸੀ ਅਤੇ ਨਿਰਮਲੇ ਸਾਧੂ ਆਦਿ ਕਰਦੇ ਰਹੇ। ਇਹਨਾਂ ਸਾਧੂਆਂ ਅਤੇ ਪੁਜਾਰੀਆਂ ਦਾ ਪਿਛੋਕੜ ਹਿੰਦੂ
ਧਰਮ ਨਾਲ ਸੰਬੰਧਤ ਸੀ। ਇਨ੍ਹਾਂ ਨੇ ਗੁਰਦੁਰਿਆਂ ਅੰਦਰ ਵੀ ਮੰਦਰਾਂ ਵਾਂਗ ਹਿੰਦੂ ਰਹੁ-ਰੀਤੀਆਂ
ਪ੍ਰਚੱਲਤ ਕਰ ਦਿੱਤੀਆਂ। ਗੁਰਬਾਣੀ ਨੂੰ ਹਿੰਦੂ ਮਿਥਿਹਾਸਕ ਕਥਾ-ਕਹਾਣੀਆਂ ਦੀ ਰੰਗਤ ਦੇ ਕੇ ਪੇਸ਼
ਕਰਦੇ, ਕਈ ਗੁਰਦੁਆਰਿਆਂ ਅੰਦਰ ਮੂਰਤੀਆਂ ਵੀ ਲਿਆ ਰੱਖੀਆਂ। ਗੁਰਦੁਆਰਿਆਂ ਵਿੱਚੋਂ ਗੁਰਮਤਿ ਦਾ
ਪ੍ਰਚਾਰ ਅਤੇ ਸਿੱਖੀ-ਮਾਣ-ਮਰਯਾਦਾ ਹੌਲੀ ਹੌਲੀ ਅਲੋਪ ਹੁੰਦੇ ਗਏ ਅਤੇ ਕਰਮ-ਕਾਂਢੀ ਰਹੁ-ਰੀਤੀਆਂ ਜੋਰ
ਫੜਦੀਆਂ ਗਈਆਂ। ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਗੁਰਦੁਆਰਿਆਂ ਦੇ ਨਾ ਵੱਡੀਆਂ ਵੱਡੀਆਂ
ਜਾਗੀਰਾਂ ਲਾਈਆਂ ਗਈਆਂ ਅਤੇ ਨਵੀਆਂ ਇਮਾਰਤਾਂ ਦੀ ਉਸਾਰੀ ਕੀਤੀ ਗਈ। ਪਰ ਸਿੱਖ ਸਰਦਾਰਾਂ ਨੇ
ਗੁਰਦੁਆਂਰਿਆਂ ਦੀ ਅੰਦਰੂਨੀ ਮਾਣ-ਮਰਯਾਦਾ ਅਤੇ ਪ੍ਰਬੰਧ ਵਲ ਕੋਈ ਉਚੇਚਾ ਧਿਆਨ ਨਾ ਦਿੱਤਾ। ਇਹ
ਪ੍ਰਬੰਧ ਪੁਜਾਰੀਆਂ ਆਦਿ ਦੇ ਹੱਥ ਹੀ ਰਿਹਾ। ਸਿੱਖਾਂ ਸਰਦਾਰਾਂ ਦੀ ਇਸ ਅਣਗਹਿਲੀ ਕਾਰਨ,
ਗੁਰਦੁਆਰਿਆਂ ਅੰਦਰ ਗੁਰਮਤਿ ਪ੍ਰਚਾਰ ਅਤੇ ਸਿੱਖੀ-ਕਦਰਾਂ ਕੀਮਤਾਂ ਨੂੰ ਖੋਰਾ
(erosion) ਲਗਣਾ ਸ਼ੁਰੂ ਹੋ
ਗਿਆ।
ਸੰਨ 1849 ਈਸਵੀ ਵਿੱਚ ਪੰਜਾਬ ਤੇ ਅੰਗਰੇਜਾਂ ਦਾ ਕਬਜਾ ਹੋ ਗਿਆ। ਉਨ੍ਹਾਂ
ਨੇ ਇਹ ਸੱਚ ਬਹੁਤ ਛੇਤੀਂ ਜਾਣ ਲਿਆ ਸੀ ਕਿ ਗੁਰਦੁਆਰਾ ਐਸਾ ਕੇਂਦਰ
(institution) ਹੈ। ਜਿੱਥੋਂ ਸਿੱਖੀ ਜੀਵਨ ਦੀ
ਉਸਾਰੀ ਹੁੰਦੀ ਹੈ। ਅੰਗਰੇਜਾਂ ਨੇ ਗੁਰਦੁਆਰਿਆਂ ਅੰਦਰ ਆਪਣਾ ਰਸੂਖ
(influence) ਵਧਾਉਣ ਲਈ ਗੁਰਦੁਆਰਿਆਂ ਤੇ ਕਾਬਜ਼
ਪੁਜਾਰੀਆਂ ਦੀ ਸਹਾਇਤਾਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੂੰ ਸਿੱਖ-ਪੰਥ ਵਿਰੁੱਧ ਖੜੇ ਹੋਣ ਲਈ
ਇੱਕ ਧਿਰ ਬਣਨ ਵਿੱਚ ਬਹੁਤ ਸਹਾਈ ਹੋਏ। ਇਸ ਦੇ ਫਲ-ਸਰੂਪ ਇਹ ਮਹੰਤ ਆਦਿ ਗੁਰਦੁਆਰਿਆਂ ਨੂੰ ਆਪਣੀਆਂ
ਨਿੱਜੀ ਜਾਇਦਾਦਾਂ ਸਮਝਣ ਲੱਗ ਪਏ ਅਤੇ ਪੰਥ ਤੋਂ ਬਾਗ਼ੀ ਹੋਣੇ ਸ਼ੁਰੂ ਹੋ ਗਏ।
ਗੁਰਦੁਆਰਿਆਂ ਦੀ ਆਮਦਨ ਕਾਰਨ ਇਨ੍ਹਾਂ ਮਹੰਤਾਂ ਪਾਸ ਏਨਾ ਧੰਨ ਆਉਣਾ ਸ਼ੁਰੂ
ਹੋ ਗਿਆ ਕਿ ਇਹ ਸਿਰੇ ਦੇ ਬਦਮਾਸ਼ ਤੇ ਬਦਚੱਲਣ ਬਣਦੇ ਗਏ। ਕਈ ਇਤਿਹਾਸਕ ਗੁਰਦੁਆਰਿਆਂ ਨੂੰ ਇਨ੍ਹਾਂ
ਮਹੰਤਾਂ ਨੇ ਬਦਮਾਸ਼ੀ ਦੇ ਅੱਡੇ ਬਣਾ ਦਿੱਤਾ। ਦਰਸ਼ਣਾ ਨੂੰ ਆਈਆਂ ਸੰਗਤਾਂ ਦੀ ਬੇਪਤੀ ਕੀਤੀ ਜਾਂਦੀ।
ਦਰਬਾਰ ਸਾਹਿਬ ਅਮ੍ਰਿਤਸਰ ਦੇ ਇੱਕ ਪੁਜਾਰੀ ਨੇ ਤਾਂ ਇਥੋਂ ਤਕ ਕਹਿ ਦਿਤਾ ਸੀ ਕਿ `ਲੋਕਾਂ ਦੀਆਂ
ਦੁਕਾਨਾਂ ਵਾਂਗ ਦਰਬਾਰ ਸਾਹਿਬ ਸਾਡੀ ਦੁਕਾਨ ਹੈ, ਜੋ ਔਰਤਾਂ ਦਰਬਾਰ ਸਾਹਿਬ ਆਉਣਗੀਆਂ ਬੇਪੱਤ
ਕਰਾਂਗੇ, ਜਿਨ੍ਹਾਂ ਨੂੰ ਸ਼ਰਮ ਹੈ, ਉਹ ਨਾ ਭੇਜਣ`। 1
ਇਨ੍ਹਾਂ ਦਿਨਾਂ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ਦਾ ਪ੍ਰਬੰਧ ਉਦਾਸੀ ਸਾਧ
ਮਹੰਤ ਨਰੈਣ ਦਾਸ ਦੇ ਕਬਜ਼ੇ ਵਿੱਚ ਸੀ। ਇਹ ਮਹੰਤ ਸਿਰੇ ਦਾ ਬਦਚਲਣ ਅਤੇ ਸ਼ਰਾਬੀ ਸੀ। ਇਹ ਸਾਧ ਚਾਲਚਲਣ
ਦਾ ਏਨਾਂ ਗਿਰਿਆ ਹੋਇਆ ਸੀ ਕਿ ਇਸ ਨੇ `ਅਗਸਤ 1917 ਵਿੱਚ ਗੁਰਦੁਆਰੇ ਅੰਦਰ ਕੰਜਰੀਆਂ ਦਾ ਨਾਚ
ਕਰਾਇਆ, ਸੰਨ 1918 ਵਿੱਚ ਦਰਸ਼ਣਾ ਲਈ ਆਏ ਇੱਕ ਸਿੰਧੀ ਪ੍ਰਵਾਰ ਦੀ 13 ਸਾਲਾਂ ਦੀ ਲੜਕੀ ਨੂੰ ਮਹੰਤ
ਦੇ ਗੁੰਡੇ ਜਬਰਦਸਤੀ ਚੁੱਕ ਕੇ ਲੈ ਗਏ ਅਤੇ ਉਸ ਦੀ ਪੱਤ ਲੁਟੀ`। 2
ਅਜੀਬ ਕਹਾਣੀ ਹੈ ਕਿ ਅੰਗਰੇਜ ਸਰਕਾਰ, ਸਿੱਖਾਂ ਦੇ ਰੱਜੇ-ਪੁੱਜੇ ਅਮੀਰ
ਘਰਾਣੇ, ਸਰਦਾਰ ਬਹਾਦਰ ਕਹਾਉਣ ਵਾਲੇ ਜਾਗੀਰਦਾਰ, ਬਾਬਾ ਖੇਮ ਸਿੰਘ ਬੇਦੀ ਦਾ ਪੁੱਤਰ ਬਾਬਾ ਸਰ
ਕਰਤਾਰ ਸਿੰਘ ਬੇਦੀ, ਵੱਡੀਆਂ ਵੱਡੀਆਂ ਜਾਗੀਰਾਂ ਦੇ ਮਾਲਕ ਸੋਢੀ, ਨਾਮਧਾਰੀਏ, ਨਿਰਮਲੇ, ਉਦਾਸੀ
ਸਾਧਾਂ ਦੇ ਡੇਰੇ ਅਤੇ ਨਿਰੰਕਾਰੀ ਆਦਿ ਸਭ ਮਿਲਕੇ ਪੰਥ ਵਿਰੁੱਧ, ਕਪਟੀ ਮਹੰਤ ਨਰੈਣ ਦਾਸ ਦਾ ਸਾਥ ਦੇ
ਰਹੇ ਸਨ। ਨਨਕਾਣਾ ਸਾਹਿਬ ਗੁਰਦੁਆਰੇ ਅੰਦਰ ਮਹੰਤ ਵਲੋਂ ਇਖ਼ਲਾਕ ਤੋਂ ਗਿਰੀਆਂ ਹੋਈਆਂ ਕਾਰਵਾਈਆਂ ਨੂੰ
ਮੁੱਖ ਰੱਖ ਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 24 ਜਨਵਰੀ ਨੂੰ ਫੈਸਲਾ ਕੀਤਾ ਕਿ 4 ਤੋਂ
6 ਮਾਰਚ1921 ਨੂੰ ਗੁਰਦੁਆਰਾ ਜਨਮ ਅਸਥਾਨ ਵਿਖੇ ਸਮੂੰਹ ਪੰਥ ਦੀ ਇੱਕ ਮੀਟਿੰਗ ਕੀਤੀ ਜਾਵੇ ਅਤੇ
ਮਹੰਤ ਨੂੰ ਆਪਣਾ ਆਪ ਸੁਧਾਰਨ ਲਈ ਚਿਤਾਵਨੀ ਦਿੱਤੀ ਜਾਏ। 3
ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਦੀ ਖਬਰ ਮਿਲਦਿਆਂ ਹੀ ਮਹੰਤ ਨੇ ਗੁਰਦੁਆਰੇ
ਅੰਦਰ ਹਥਿਆਰ ਜਮ੍ਹਾਂ ਕਰਨੇ ਸ਼ੁਰੂ ਕਰ ਦਿੱਤੇ। ਕੁੱਝ ਬਦਮਾਸ਼ਾਂ ਤੇ ਗੁੰਡਿਆਂ ਨੂੰ ਪੈਸੇ ਦੇ ਕੇ
ਭਰਤੀ ਕਰ ਲਿਆ। ਮਹੰਤ ਨੇ ਸਾਜਸ਼ ਇਹ ਰਚੀ ਕਿ ਜਦੋਂ ਗੁਰਦੁਆਰੇ ਅੰਦਰ ਸਿੱਖ ਲੀਡਰਸ਼ਿਪ ਮੀਟਿੰਗ ਕਰ
ਰਹੀ ਹੋਵੇਗੀ, ਚੌਹਾਂ ਪਾਸਿਆਂ ਤੋਂ ਹਮਲਾ ਕਰਕੇ ਸਾਰੀ ਸਿੱਖ ਲੀਡਰਸ਼ਿਪ ਖਤਮ ਕਰ ਦਿੱਤੀ ਜਾਏ।
ਕੁੱਝ ਜੋਸ਼ੀਲੇ ਸਿੱਖਾਂ ਨੇ ਸੁਲਾਹ ਬਣਾਈ ਕਿ ਮਾਰਚ ਦੀ ਮੀਟਿੰਗ ਤੱਕ ਉਡੀਕ
ਕਰਨੀ ਦੂਰ ਦੀ ਗਲ ਹੈ। ਇਸ ਤੋਂ ਪਹਿਲਾਂ ਹੀ ਸਾਨੂੰ ਗੁਰਦੁਆਰੇ ਦੀ ਸੇਵਾ-ਸੰਭਾਲ ਦਾ ਪ੍ਰਬੰਧ ਮਹੰਤ
ਪਾਸੋਂ ਲੈ ਲੈਣਾ ਚਾਹੀਦਾ ਹੈ। ਭਾਈ ਲਛਮਣ ਸਿੰਘ ਧਾਰੋਵਾਲ ਦੀ ਅਗਵਾਈ ਵਿੱਚ ਕੋਈ 150 ਸਿੰਘਾਂ ਦਾ
ਜਥਾ, 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਵਲ ਚਲ ਪਿਆ ਇਸ ਜੱਥੇ ਨੂੰ ਮਹੰਤ ਦੀ ਸਾਜਸ਼ ਵਾਰੇ ਕੋਈ
ਥੌਹ-ਪਤਾ ਨਹੀਂ ਸੀ। ਸ਼੍ਰੋਮਣੀ ਕਮੇਟੀ ਨੂੰ ਮਹੰਤ ਦੀ ਸਕੀਮ ਵਾਰੇ ਸੂਹ ਮਿਲ ਗਈ। ਉਨ੍ਹਾਂ ਨੇ ਭਾਈ
ਲਛਮਣ ਸਿੰਘ ਦੇ ਜਥੇ ਨੂੰ ਰਾਹ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਰੋਕ ਨਾ ਸਕੇ। ਇਹ ਜਥਾ 21
ਫਰਵਰੀ ਸੰਨ 1921 ਨੂੰ ਸੁਵੇਰੇ ਮੂੰਹ ਨੇਰ੍ਹੇ ਨਨਕਾਣਾ ਸਾਹਿਬ ਗੁਰਦੁਆਰਾ ਜਨਮ ਅਸਥਾਨ ਜਾ ਪੁੱਜਾ
ਅਤੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ ਹੀ ਸੀ ਕਿ ਚੌਹਾਂ ਪਾਸਿਆਂ ਤੋਂ ਗੋਲੀਆਂ ਦੀ ਵਾਛਾੜ ਸ਼ੁਰੂ
ਹੋ ਗਈ। ਜਥੇ ਵਿੱਚ ਸ਼ਾਮਲ ਬਹੁਤੇ ਸਿੰਘ ਸ਼ਹੀਦ ਕਰ ਦਿੱਤੇ ਗਏ। ਕਈਆਂ ਨੂੰ ਬਰਛਿਆਂ ਅਤੇ ਗੰਡਾਸਿਆਂ
ਨਾਲ ਵੱਡ-ਟੁੱਕ ਦਿੱਤਾ। ਸ਼ਹੀਦਾਂ ਅਤੇ ਜ਼ਖ਼ਮੀਆਂ ਦੇ ਢੇਰ ਕੱਠੇ ਕਰਕੇ ਤੇਲ ਪਾ ਕੇ ਸਾੜ ਦਿੱਤੇ ਗਏ।
ਕਈਆਂ ਨੂੰ ਜੀਂਦਿਆਂ ਹੀ ਬਲਦੀਆਂ ਭੱਠੀਆਂ ਵਿੱਚ ਸੁੱਟ ਕੇ ਸਾੜ ਦਿੱਤਾ ਗਿਆ। ਇੱਕ ਸਿੰਘ ਨੂੰ
ਜੀਂਦਿਆਂ ਹੀ ਜੰਡ ਦੇ ਦਰਖਤ ਨਾਲ ਬੰਨ੍ਹ ਕੇ, ਤੇਲ ਪਾ ਕੇ ਸਾੜ ਦਿੱਤਾ ਗਿਆ। ਜਥੇ ਵਿੱਚ ਸ਼ਾਮਲ 150
ਸਿੰਘ ਸ਼ਹੀਦ ਕਰ ਦਿੱਤੇ ਗਏ।
ਇਸ ਖ਼ੂਨੀ ਸਾਕੇ ਦੀ ਖ਼ਬਰ ਜੰਗਲ ਦੀ ਅਗ ਵਾਂਗ ਸਾਰੇ ਦੇਸ਼ ਵਿੱਚ ਫੈਲ ਗਈ।
ਕੁੱਝ ਹੀ ਘੰਟਿਆਂ ਵਿੱਚ ਸਭ ਪਾਸਿਆਂ ਤੋਂ ਸਿੱਖਾਂ ਨੇ ਨਨਕਾਣਾ ਸਾਹਿਬ ਵਲ ਵਹੀਰਾਂ ਪਾ ਦਿੱਤੀਆਂ।
21 ਫਰਵਰੀ 1921 ਨੂੰ ਸ਼ਾਮ ਵੇਲੇ ਤੱਕ ਜਥੇਦਾਰ ਕਰਤਾਰ ਸਿੰਘ ਝੱਬਰ 2200 ਸਿੰਘਾਂ ਦਾ ਸ਼ਹੀਦੀ ਜਥਾ
ਲੈ ਕੇ ਨਨਕਾਣਾ ਸਾਹਿਬ ਪਹੁੰਚ ਗਿਆ। ਉਧਰ ਪੁਲਸ ਨੇ ਗੁਰਦੁਆਰੇ ਨੂੰ ਤਾਲਾ ਲਾਕੇ ਫੌਜੀ ਨਾਕਾਬੰਦੀ
ਕੀਤੀ ਹੋਈ ਸੀ। ਡਿਪਟੀ ਕਮਿਸ਼ਨਰ ਨੇ ਜਥੇ ਨੂੰ ਅੱਗੇ ਜਾਣ ਤੋਂ ਰੋਕਦਿਆਂ ਹੁਕਮ ਦਿੱਤਾ ਕਿ ਅਗੇ ਵਧੇ
ਤਾਂ ਮਸ਼ੀਨਗਨਾਂ ਦੀ ਗੋਲ਼ੀ ਚਲ ਜਾਏਗੀ। ਅਗੋਂ ਕਰਤਾਰ ਸਿੰਘ ਝਬੱਰ ਨੇ ਜੁਆਬ ਦਿੱਤਾ `ਅਸੀਂ ਅਰਦਾਸ
ਕਰਕੇ ਚੱਲੇ ਹਾਂ ਕਿ ਗੁਰਦੁਆਰੇ ਤੇ ਕਬਜਾ ਕਰਨਾ ਹੈ, ਤੁਸੀਂ ਗੋਲੀ ਚਲਾਓ, ਤੁਹਾਡੀਆਂ ਮਸ਼ੀਨਗੱਨਾਂ
ਸਾਨੂੰ ਰੋਕ ਨਹੀਂ ਸਕਦੀਆਂ`। ਜਥੇਦਾਰ ਦੇ ਦ੍ਰਿੜ ਈਰਾਦੇ ਅੱਗੇ ਪੋਲੀਸ ਨੂੰ ਝੁਕਣਾ ਪਿਆ ਅਤੇ
ਗੁਰਦੁਆਰੇ ਦੇ ਦਰਬਾਜੇ ਖੋਲ੍ਹ ਦਿੱਤੇ ਗਏ। ਇਸ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਹੋਰ ਤੇਜ ਹੁੰਦੀ
ਗਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ, ਗੁਰਦੁਆਰਾ ਪ੍ਰਬੰਧ ਮਹੰਤਾਂ ਦੇ
ਕਬਜੇ ਚੋਂ ਕੱਢ ਕੇ ਸ਼੍ਰੋਮਣੀ ਕਮੇਟੀ ਦੇ ਹੱਥ ਆਇਆ।
ਆਪਣਾ ਇਤਿਹਾਸ ਪੜ੍ਹੀਏ ਤਾਂ ਪਤਾ ਲਗਦਾ ਹੈ ਕਿ ਗੁਰਦੁਆਰਾ ਪ੍ਰਬੰਧ ਨੂੰ
ਆਪਣੇ ਕਬਜੇ ਵਿੱਚ ਕਰਨ ਲਈ ਗੁਰਮਤਿ ਅਤੇ ਪੰਥ ਵਿਰੋਧੀ ਤਾਕਤਾਂ ਹਮੇਸ਼ਾ ਉਪੱਦਰ ਕਰਦੀਆਂ ਆ ਰਹੀਆਂ
ਹਨ। ਆਮ ਸਿੱਖ ਲਈ ਇਨ੍ਹਾਂ ਪੰਥ ਵਿਰੋਧੀ ਤਾਕਤਾਂ ਨੂੰ ਪਛਾਣ ਕੇ ਲਿਤਾੜਨ ਦੀ ਲੋੜ ਹੈ। ਸਿੱਖ ਸੰਸਾਰ
ਵਿੱਚ ਖਾਸ ਕਰਕੇ ਅਕਾਲ ਤਖ਼ਤ ਸਾਹਿਬ ਤੇ ਵਾਪਰ ਰਹੀਆਂ ਵਰਤਮਾਨ ਘਟਨਾਵਾਂ ਨੂੰ ਇਤਿਹਾਸਕ ਝਰੋਖੇ ਚੋਂ
ਦੇਖਣ ਦੀ ਲੋੜ ਹੈ।
ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਦੀ ਵਿਚਾਰਧਾਰਾ ਰਾਹੀਂ ਇੱਕ ਨਿਆਂਕਾਰੀ
ਸਮਾਜ
(just society)
ਦੀ ਨੀਂਹ ਰੱਖੀ। ਜਿਸ ਵਿੱਚ ਹਰ ਇਸਤਰੀ ਅਤੇ ਪੁਰਸ਼ ਨੂੰ ਬਿਨਾਂ ਕਿਸੇ ਵਿਤਕਰੇ ਦੇ ਬਰਾਬਰ ਦਾ ਹੱਕ
ਦਿੱਤਾ। ਬੇਇਨਸਾਫੀ ਅਤੇ ਧੱਕੇ-ਸ਼ਾਹੀ ਦੇ ਸਹਾਰੇ ਚਲ ਰਹੇ ਰਾਜ-ਭਾਗ ਦਾ ਖੰਡਨ ਕੀਤਾ। ਸਰਕਾਰ ਦੀਆਂ
ਜਨਤਾ ਵਿਰੋਧੀ ਕਾਰਵਾਈਆਂ ਨੂੰ ਭੰਡਿਆ ਅਤੇ ਵੰਗਾਰਿਆ। ਬੇ-ਗ਼ੈਰਤ ਅਤੇ ਬੇ-ਪੱਤ ਦਾ ਖਾਣਾ-ਪੀਣਾ ਵੀ
ਹਰਾਮ ਦੱਸਿਆ। ਗੁਰੂ ਪਾਤਸ਼ਾਹ ਦਾ ਫੁਰਮਾਨ ਹੈ:
ਜੇ ਜੀਵੈ ਪਤਿ ਲਥੀ ਜਾਏ।। ਸਭ ਹਰਾਮ ਜੇਤਾ ਕਿਛ ਖਾਇ।। 4
ਗੁਰਦੁਆਰਾ ਗੁਰਮਤਿ ਦੀ ਯੁਨੀਵਰਸਟੀ ਹੈ, ਸਿੱਖੀ ਦੀ ਟਕਸਾਲ ਹੈ। ਏਥੋਂ ਗੁਰੂ
ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇਅੰਤਰਗਤ ਸਿੱਖੀ ਜੀਵਨ ਦੀ ਉਸਾਰੀ ਹੋਣੀ ਚਾਹੀਦੀ ਹੈ। ਜਦੋਂ ਇਸ
ਕੇਂਦਰ ਦਾ ਪ੍ਰਬੰਧ, ਖਾਸ ਕਰਕੇ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ `ਗੁਰੂ ਗ੍ਰੰਥ ਅਤੇ ਗੁਰੂ ਖ਼ਾਲਸਾ
ਪੰਥ` ਦੇ ਉਪਾਸ਼ਕਾਂ ਦੇ ਹੱਥ ਆਉਂਦਾ ਹੈ, ਸਿੱਖ ਕੌਂਮ ਚ੍ਹੜਦੀ ਕਲਾ ਵਿੱਚ ਜਾਂਦੀ ਹੈ। ਸਿੱਖੀ ਭੇਖ
ਵਿੱਚ ਵਿਚਰ ਰਹੇ ਸੁਆਰਥੀ ਲੋਕ, ਜਿਨ੍ਹਾਂ ਵਿੱਚ ਮਸੰਦ, ਮੀਣੇ, ਰਾਮ ਰਾਈਏ, ਧੀਰਮੱਲੀਏ, ਨਿਰੰਕਾਰੀ,
ਨਾਮਧਾਰੀ, ਅਜੋਕਾ ਸੰਤ-ਸਮਾਜ, ਬਹੁਤੇ ਡੇਰਿਆਂ ਵਾਲੇ ਬਾਬੇ, ਸਿੱਖੀ ਭੇਖ ਵਿੱਚ ਤਖ਼ਤਾਂ ਤੇ ਬੈਠੇ
ਜਥੇਦਾਰ (ਪੁਜਾਰੀ) ਅਤੇ ਆਪੂੰ ਸਜੇ ਸਿੰਘ ਸਾਹਿਬਾਨ, ਸਿੱਖੀ ਦੀ ਚੜ੍ਹਦੀ ਕਲਾ ਦੇਖ ਕੇ ਬੁੰਦਲ਼ਾ
ਜਾਂਦੇ ਹਨ। ਇਨ੍ਹਾਂ ਨੂੰ ਆਪਣੀਆਂ ਗੱਦੀਆਂ ਖਿਸਕਦੀਆਂ ਨਜਰ ਆਉਂਦੀਆਂ ਹਨ। ਇਹ ਲੋਕ ਗੁਰੂ ਗ੍ਰੰਥ ਤੇ
ਪੰਥ ਦੀ ਆਵਾਜ ਨੂੰ ਖ਼ਾਮੋਸ਼ ਕਰਨ ਲਈ, ਸਮੇਂ ਦੀਆਂ ਸਰਕਾਰਾਂ ਨਾਲ ਮਿਲਕੇ ਸਾਜਸ਼ਾਂ ਘੜਦੇ ਹਨ।
ਜਿਨ੍ਹਾਂ ਦੇ ਫਲ-ਸਰੂਪ ਸ਼ਹੀਦੀ ਸਾਕੇ ਹੁੰਦੇ ਹਨ।
ਇਨ੍ਹਾਂ ਗੁਰੂ ਗ੍ਰੰਥ ਅਤੇ ਖ਼ਾਲਸਾ ਪੰਥ ਦੇ ਵਿਰੋਧੀ, ਸੁਆਰਥੀ ਲੋਕਾਂ ਦੀਆਂ
ਸਾਜਸ਼ਾਂ ਕਾਰਨ ਗੁਰੂ ਸਾਹਿਬਾਨ ਦੀਆਂ ਸ਼ਹੀਦੀਆਂ ਹੋਈਆਂ, ਘਲੂੱਘਾਰੇ ਹੋਏ, ਅਕਾਲ ਤਖ਼ਤ ਅਤੇ ਹਰਮੰਦਰ
ਸਾਹਿਬ ਢਾਏ ਗਏ। ਅਜ ਏਸੇ ਸੋਚ ਦੇ ਮਾਲਕ, ਸਿੱਖੀ ਦੇ ਤਖ਼ਤਾਂ ਤੇ ਬੈਠੇ ਪੁਜਾਰੀ ਫਿਰ ਗੁਰੂ ਗ੍ਰੰਥ
ਤੇ ਪੰਥ ਦੀ ਆਵਾਜ ਨੂੰ ਬੰਦ ਕਰਨ ਲਈ ਕਿਸੇ ਨਵੇਂ ਸ਼ਹੀਦੀ ਸਾਕੇ ਦੀ ਸਾਜਸ਼ ਘੜਦੇ ਨਜਰ ਆਉਂਦੇ ਹਨ।
ਹਾਵਾਲੇ:-----
1. ਸਾਕਾ ਨਨਕਾਣਾ ਸਾਹਿਬ, ਸਿੱਖ ਮਿਸ਼ਨਰੀ ਕਲਜ, ਲੁਧਿਆਣਾ, ਪੰਨਾ 11
2. ਡਾ: ਹਰਜਿੰਦਰ ਸਿੰਘ ਦਲਗੀਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਕਿਵੇਂ ਬਣੀ? ਪੰਨਾ 33
3. ਸੰਗਤ ਸਿੰਘ, ਇਤਿਹਾਸ `ਚ ਸਿੱਖ, ਪੰਨਾ 156
4. ਗੁਰੂ ਗ੍ਰੰਥ ਸਾਹਿਬ ਜੀ, ਮਹਲਾ 1, ਪੰਨਾ 142