ਗੁਰਬਾਣੀ ਦਾ ਸੱਚ
(ਕਿਸ਼ਤ ਨੰ: 21)
ਗੁਰਬਾਣੀ ਦਾ ਸੱਚ (ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ)
ਬਾਣੀਕਾਰਾਂ ਨੇ ਜਨ-ਸਾਧਾਰਨ ਨੂੰ ਗੁਰਮਤਿ ਦ੍ਰਿੜ ਕਰਾਉਣ ਲਈ, ਉਨ੍ਹਾਂ ਵਿੱਚ
ਪ੍ਰਚਲਤ ਮਾਨਤਾਵਾਂ/ਧਾਰਨਾਵਾਂ ਆਦਿ ਦੇ ਹਵਾਲੇ ਦਿੱਤੇ ਹਨ। ਬਾਣੀਕਾਰਾਂ ਨੇ ਇਨ੍ਹਾਂ ਅਨਮਤੀ
ਵਿਸ਼ਵਾਸਾਂ, ਧਾਰਨਾਵਾਂ ਆਦਿ ਦੇ ਦ੍ਰਿਸ਼ਟਾਂਤ ਦੇ ਕੇ ਉਪਦੇਸ਼ ਮੂਲ ਰੂਪ ਵਿੱਚ ਇੱਕੋ ਹੀ ਦਿੱਤਾ ਹੈ;
ਸੰਦੇਸ਼ ਵਿੱਚ ਕਿਸੇ ਤਰ੍ਹਾਂ ਦੀ ਭਿੰਨਤਾ ਨਹੀਂ ਹੈ। ਇਹੀ ਕਾਰਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਆਦਿ
ਤੋਂ ਲੈ ਕੇ ਅੰਤ ਤਕ ਇਕਸਾਰਤਾ ਜਿਉਂ ਦੀ ਤਿਉਂ ਕਾਇਮ ਹੈ। ਬਾਣੀਕਾਰਾਂ ਨੇ ਗੁਰਮਤਿ ਦਾ ਤੱਤ ਸਮਝਾਉਣ
ਲਈ ਜੋ ਅਨਮਤੀ ਹਵਾਲੇ ਦਿੱਤੇ ਹਨ, ਉਹ ਗੁਰਬਾਣੀ ਦੇ ਸੱਚ ਦੇ ਅੰਗ ਨਹੀਂ ਹਨ। ਚੂੰਕਿ ਉਨ੍ਹਾਂ ਵਿੱਚ
ਬਾਣੀਕਾਰਾਂ ਨੇ ਆਪਣਾ ਮਤ ਨਹੀਂ ਬਲਕਿ ਅਨਮਤਾਂ ਦੀ ਧਾਰਨਾਂ ਦਾ ਵਰਣਨ ਕੀਤਾ ਹੋਇਆ ਹੈ। ਇਹੀ ਕਾਰਨ
ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਕਾਰਾਂ ਵਲੋਂ ਇਨ੍ਹਾਂ ਅਨਮਤੀ ਮਨੌਤਾਂ ਦਾ ਕਈ ਥਾਂਈਂ ਖੰਡਨ
ਵੀ ਕੀਤਾ ਹੋਇਆ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਅਜਿਹੇ ਸ਼ਬਦ, ਜਿਨ੍ਹਾਂ ਵਿੱਚ ਅਨਮਤੀ ਮਨੌਤਾਂ ਦਾ
ਵਰਣਨ ਕੀਤਾ ਹੋਇਆ ਹੈ, ਪਰ ਉਹ ਸ਼ਬਦ ਗੁਰਮਤਿ ਦੀ ਰਹਿਣੀ ਦਾ ਅੰਗ ਨਹੀਂ ਹਨ। ਉਨ੍ਹਾਂ ਵਿਚੋਂ ਹੀ ਇੱਕ
ਸਿਧ ਗੋਸਟਿ ਦੀ ਸਤਵੀਂ ਪਉੜੀ ਹੈ। ਇਸ ਪਉੜੀ ਦੀ ਤੀਜੀ ਪੰਗਤੀ
“ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ
ਨ ਲਾਗੈ ਕਾਈ” ਦੀ ਆਮ ਤੌਰ `ਤੇ ਉਦਾਹਰਣ ਦੇਂਦਿਆਂ
ਕਈ ਸੱਜਣ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਤੀਰਥ ਇਸ਼ਨਾਨ ਦੀ ਮਹੱਤਾ ਨੂੰ ਸਵੀਕਾਰ ਕੀਤਾ
ਹੋਇਆ ਹੈ। ਸਿੱਧ ਗੋਸਟਿ ਦੀ ਇਸ ਪਉੜੀ ਵਿੱਚ ਹੀ ਨਹੀਂ ਸਗੋਂ ਇਸ ਸਮੁੱਚੀ ਬਾਣੀ ਵਿੱਚ ਗੁਰੂ ਨਾਨਕ
ਸਾਹਿਬ ਜੀ ਨੇ ਪਹਿਲਾਂ ਸਿੱਧਾਂ ਦੇ ਮਤ ਅਤੇ ਪ੍ਰਸ਼ਨਾਂ ਦਾ ਜ਼ਿਕਰ ਕੀਤਾ ਹੈ ਅਤੇ ਫਿਰ ਆਪਣੇ ਮਤ ਅਤੇ
ਸਿੱਧਾਂ ਦੇ ਪ੍ਰਸ਼ਨਾਂ ਦੇ ਉੱਤਰ ਦਾ ਵਰਣਨ ਕੀਤਾ ਹੋਇਆ ਹੈ।
ਸੋ, ਇਸ ਸਤਵੀਂ ਪਉੜੀ ਵਿੱਚ ਵੀ ਸਿੱਧਾਂ ਨੇ ਆਪਣੇ ਮਤ ਦੀਆਂ ਮਨੌਤਾਂ ਦਾ
ਜਿਸ ਰੂਪ ਵਿੱਚ ਵਰਣਨ ਕੀਤਾ ਹੈ, ਹਜ਼ੂਰ ਨੇ ਉਸ ਦਾ ਹੀ ਜ਼ਿਕਰ ਕੀਤਾ ਹੈ। ਗੁਰਦੇਵ ਨੇ ਇਸ ਪਉੜੀ ਦੀਆਂ
ਅੰਤਲੀਆਂ ਪੰਗਤੀਆਂ ਵਿੱਚ ਲੋਹਾਰੀਪਾ ਜੋਗੀ ਦੇ ਨਾਮ ਦਾ ਵੀ ਵਰਣਨ ਕਰਦਿਆਂ ਦੱਸਿਆ ਹੈ ਕਿ ਇਹ ਵਿਚਾਰ
ਮੇਰਾ (ਗੁਰੂ ਨਾਨਕ ਸਾਹਿਬ ਜੀ ਦਾ) ਨਹੀਂ ਸਗੋਂ ਲੋਹਾਰੀਪਾ ਜੋਗੀ ਦਾ ਹੈ। ਸਿੱਧ ਗੋਸਟਿ ਦੀ ਇਹ
ਸਤਵੀਂ ਪਉੜੀ ਇਸ ਤਰ੍ਹਾਂ ਹੈ:-
ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ॥ ਕੰਦ ਮੂਲੁ ਅਹਾਰੋ ਖਾਈਐ
ਅਉਧੂ ਬੋਲੈ ਗਿਆਨੇ॥ ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ॥ ਗੋਰਖ ਪੂਤੁ ਲੋਹਾਰੀਪਾ
ਬੋਲੈ ਜੋਗ ਜੁਗਤਿ ਬਿਧਿ ਸਾਈ॥ 7॥ (ਪੰਨਾ 938)
ਅਰਥ: ਜੋਗੀ ਨੇ (ਜੋਗ ਦਾ) ਗਿਆਨ-ਮਾਰਗ ਇਉਂ ਦੱਸਿਆ—ਅਸੀ (ਦੁਨੀਆ ਦੇ) ਮੇਲਿਆਂ-ਮਸਾਧਿਆਂ (ਭਾਵ,
ਸੰਸਾਰਕ ਝੰਬੇਲਿਆਂ) ਤੋਂ ਵੱਖਰੇ ਜੰਗਲ ਵਿੱਚ ਕਿਸੇ ਰੁੱਖ-ਬਿਰਖ ਹੇਠ ਰਹਿੰਦੇ ਹਾਂ ਤੇ ਗਾਜਰ-ਮੂਲੀ
ਉਤੇ ਗੁਜ਼ਾਰਾ ਕਰਦੇ ਹਾਂ; ਤੀਰਥ ਤੇ ਇਸ਼ਨਾਨ ਕਰਦੇ ਹਾਂ; ਇਸ ਦਾ ਫਲ ਮਿਲਦਾ ਹੈ ‘ਸੁਖ’, ਤੇ (ਮਨ
ਨੂੰ) ਕੋਈ ਮੈਲ (ਭੀ) ਨਹੀਂ ਲੱਗਦੀ। ਗੋਰਖਨਾਥ ਦਾ ਚੇਲਾ ਲੋਹਾਰੀਪਾ ਬੋਲਿਆ ਕਿ ਇਹੀ ਹੈ ਜੋਗ ਦੀ
ਜੁਗਤੀ, ਜੋਗ ਦੀ ਵਿਧੀ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਪੰਗਤੀਆਂ ਗੁਰੂ ਨਾਨਕ ਸਾਹਿਬ ਜੀ ਦੀਆਂ
ਉਚਾਰਣ ਕੀਤੀਆਂ ਹੋਈਆਂ ਹਨ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਪਰੰਤੂ ਫਿਰ ਵੀ ਇਨ੍ਹਾਂ
ਤੁਕਾਂ ਵਿੱਚ ਬਿਆਨ ‘ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ’ ਵਾਲੀ ਧਾਰਨਾ ਗੁਰੂ ਨਾਨਕ
ਸਾਹਿਬ ਜੀ ਦੀ ਨਹੀਂ ਹੈ, ਸਗੋਂ ਗੋਰਖ ਨਾਥ ਦੇ ਚੇਲੇ ਲੋਹਾਰੀਪਾ ਜੋਗੀ ਅਥਵਾ ਜੋਗੀਆਂ ਦੀ ਹੈ। ਇਸ
ਲਈ ਇਸ ਪਉੜੀ ਵਿੱਚ ਗੁਰੂ ਨਾਨਕ ਸਾਹਿਬ ਜੀ ਆਪਣਾ ਮਤ ਪ੍ਰਗਟ ਨਹੀਂ ਕਰ ਰਹੇ, ਬਲਕਿ ਸਿੱਧਾਂ ਦੇ ਮਤ
ਦੀ ਹੀ ਗੱਲ ਕਰ ਰਹੇ ਹਨ। ਪਉੜੀ ਦੀ ਅੰਤਲੀ ਪੰਗਤੀ ਵਿੱਚ ਸਪਸ਼ਟ ਰੂਪ ਵਿੱਚ ਗੁਰਦੇਵ ਆਖ ਰਹੇ ਹਨ ਕਿ
ਗੋਰਖ ਦੇ ਚੇਲੇ ਲੋਹਾਰੀਪਾ ਜੋਗੀ ਨੇ ਇਹ ਆਖਿਆ ਹੈ ਕਿ ਸਾਡਾ (ਸਿੱਧਾਂ ਦਾ) ਇਹ ਮੰਨਣਾ ਹੈ ਕਿ
ਤੀਰਥਾਂ ਉਤੇ ਇਸ਼ਨਾਨ ਕਰਨ ਨਾਲ ਸੁਖ ਮਿਲਦਾ ਹੈ ਅਤੇ ਮਨ ਨੂੰ ਮੈਲ ਵੀ ਨਹੀਂ ਲਗਦੀ।
ਗੁਰੂ ਨਾਨਕ ਸਾਹਿਬ ਜੀ ਲੋਹਾਰੀਪਾ ਜੋਗੀ ਦੇ ਇਨ੍ਹਾਂ ਵਿਚਾਰਾਂ ਨਾਲ ਕਿਤਨੇ
ਕੁ ਸਹਿਮਤ ਹਨ, ਇਸ ਦਾ ਵਰਣਨ ਇਸ ਤੋਂ ਅਗਲੀ ਪਉੜੀ ਵਿੱਚ ਹੈ। ਹਜ਼ੂਰ ਦੇ ਇਸ ਉੱਤਰ ਦੀ ਚਰਚਾ ਕਰਨ
ਤੋਂ ਪਹਿਲਾਂ ਅਸੀਂ ਸੰਖੇਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਤੀਰਥ ਦੇ ਸੰਕਲਪ ਸਬੰਧੀ ਚਰਚਾ ਕਰ ਰਹੇ
ਹਾਂ।
ਗੁਰੂ ਗ੍ਰੰਥ ਸਾਹਿਬ
‘ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥
ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ॥
ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ॥ ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ
ਬਿਨਾ॥ ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ॥’
(ਪੰਨਾ 687) ਅਰਥ: ਮੈਂ (ਭੀ) ਤੀਰਥ ਉਤੇ ਇਸ਼ਨਾਨ ਕਰਨ
ਜਾਂਦਾ ਹਾਂ (ਪਰ ਮੇਰੇ ਵਾਸਤੇ ਪਰਮਾਤਮਾ ਦਾ) ਨਾਮ (ਹੀ) ਤੀਰਥ ਹੈ। ਗੁਰੂ ਦੇ ਸ਼ਬਦ ਨੂੰ
ਵਿਚਾਰ-ਮੰਡਲ ਵਿਚ ਟਿਕਾਣਾ (ਮੇਰੇ ਵਾਸਤੇ) ਤੀਰਥ ਹੈ (ਕਿਉਂਕਿ ਇਸ ਦੀ ਬਰਕਤਿ ਨਾਲ) ਮੇਰੇ ਅੰਦਰ
ਪਰਮਾਤਮਾ ਨਾਲ ਡੂੰਘੀ ਸਾਂਝ ਬਣਦੀ ਹੈ। ਸਤਿਗੁਰੂ ਦਾ ਬਖ਼ਸ਼ਿਆ ਇਹ ਗਿਆਨ ਮੇਰੇ ਵਾਸਤੇ ਸਦਾ ਕਾਇਮ
ਰਹਿਣ ਵਾਲਾ ਤੀਰਥ-ਅਸਥਾਨ ਹੈ, ਮੇਰੇ ਵਾਸਤੇ ਦਸ ਪਵਿਤ੍ਰ ਦਿਹਾੜੇ ਹੈ, ਮੇਰੇ ਵਾਸਤੇ ਗੰਗਾ ਦਾ
ਜਨਮ-ਦਿਨ ਹੈ। ਮੈਂ ਤਾਂ ਸਦਾ ਪ੍ਰਭੂ ਦਾ ਨਾਮ ਹੀ ਮੰਗਦਾ ਹਾਂ ਤੇ (ਅਰਦਾਸ ਕਰਦਾ ਹਾਂ-) ਹੇ ਧਰਤੀ
ਦੇ ਆਸਰੇ ਪ੍ਰਭੂ! (ਮੈਨੂੰ ਆਪਣਾ ਨਾਮ) ਦੇਹ। ਜਗਤ (ਵਿਕਾਰਾਂ ਵਿਚ) ਰੋਗੀ ਹੋਇਆ ਪਿਆ ਹੈ, ਪਰਮਾਤਮਾ
ਦਾ ਨਾਮ (ਇਹਨਾਂ ਰੋਗਾਂ ਦਾ) ਇਲਾਜ ਹੈ। ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ (ਮਨ ਨੂੰ ਵਿਕਾਰਾਂ
ਦੀ) ਮੈਲ ਲੱਗ ਜਾਂਦੀ ਹੈ। ਗੁਰੂ ਦਾ ਪਵਿਤ੍ਰ ਸ਼ਬਦ (ਮਨੁੱਖ ਨੂੰ) ਸਦਾ (ਆਤਮਕ) ਚਾਨਣ (ਦੇਂਦਾ ਹੈ,
ਇਹੀ) ਨਿੱਤ ਸਦਾ ਕਾਇਮ ਰਹਿਣ ਵਾਲਾ ਤੀਰਥ ਹੈ, ਇਹੀ ਤੀਰਥ-ਇਸ਼ਨਾਨ ਹੈ। ਇਸ ਤੀਰਥ ਵਿੱਚ ਮਨ ਨੂੰ
ਇਸ਼ਨਾਨ ਕਰਾਇਆਂ, ਭਾਵ ਗੁਰੂ ਦੀ ਮੱਤ ਲਿਆਂ ਹੀ ਮਨ ਤੋਂ ਵਿਕਾਰਾਂ ਦੀ ਮੈਲ ਲਹਿੰਦੀ ਹੈ। ਗੁਰੂ
ਗ੍ਰੰਥ ਸਾਹਿਬ ਵਿੱਚ ਅਸਲ ਤੀਰਥ ਦੀ ਸੋਝੀ ਕਰਾਉਂਦਿਆਂ ਸਪਸ਼ਟ ਕੀਤਾ ਹੈ:-ਅੰਤਰਿ
ਤੀਰਥੁ ਗਿਆਨੁ ਹੈ ਸਤਿਗੁਰਿ ਦੀਆ ਬੁਝਾਇ॥ ਮੈਲੁ ਗਈ ਮਨੁ ਨਿਰਮਲੁ ਹੋਆ ਅੰਮ੍ਰਿਤ ਸਰਿ ਤੀਰਥਿ ਨਾਇ॥
(ਪੰਨਾ 587) ਅਰਥ: ਮਨੁੱਖ ਦੇ ਅੰਦਰ ਹੀ ਗਿਆਨ
(-ਰੂਪ) ਤੀਰਥ ਹੈ, (ਜਿਸ ਮਨੁੱਖ ਨੂੰ) ਸਤਿਗੁਰੂ ਨੇ (ਇਸ ਤੀਰਥ ਦੀ) ਸਮਝ ਬਖ਼ਸ਼ੀ ਹੈ ਉਹ ਮਨੁੱਖ
ਨਾਮ-ਅੰਮ੍ਰਿਤ ਦੇ ਸਰੋਵਰ ਵਿਚ, ਅੰਮ੍ਰਿਤ ਦੇ ਤੀਰਥ ਤੇ ਨ੍ਹਾਉਂਦਾ ਹੈ, ਤੇ ਉਸ ਦਾ ਮਨ ਪਵਿਤ੍ਰ ਹੋ
ਜਾਂਦਾ ਹੈ (ਮਨ ਦੀ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ।
ਜਿੱਥੋ ਤਕ ਸਰੀਰਕ ਇਸ਼ਨਾਨ ਦੁਆਰਾ ਮਨ ਦੀ ਪਵਿੱਤਰਤਾ ਦਾ ਸਵਾਲ ਹੈ, ਇਸ ਬਾਰੇ
ਗੁਰੂ ਗ੍ਰੰਥ ਸਾਹਿਬ ਦਾ ਨਿਰਣਾਇਕ ਫੈਸਲਾ ਹੈ:-
(ੳ) ਦੇਹੀ ਧੋਇ ਨ ਉਤਰੈ ਮੈਲੁ॥ ਹਉਮੈ ਬਿਆਪੈ ਦੁਬਿਧਾ ਫੈਲੁ॥ (ਪੰਨਾ 893)
ਅਰਥ: (ਹੇ ਸੰਤ ਜਨੋ! ਤੀਰਥ ਆਦਿਕਾਂ ਤੇ) ਸਰੀਰ
ਨੂੰ ਧੋਤਿਆਂ (ਮਨ ਦੀ ਵਿਕਾਰਾਂ ਵਾਲੀ) ਮੈਲ ਦੂਰ ਨਹੀਂ ਹੁੰਦੀ, (ਸਗੋਂ ਇਹ) ਹਉਮੈ ਆਪਣਾ ਦਬਾਉ ਪਾ
ਲੈਂਦੀ ਹੈ (ਕਿ ਮੈਂ ਤੀਰਥਾਂ ਦੇ ਇਸ਼ਨਾਨ ਕਰ ਆਇਆ ਹਾਂ। ਮਨੁੱਖ ਦੇ ਅੰਦਰ) ਅੰਦਰੋਂ ਹੋਰ ਤੇ
ਬਾਹਰੋਂ ਹੋਰ ਹੋਣ ਦਾ ਪਸਾਰਾ ਪਸਰ ਜਾਂਦਾ ਹੈ (ਮਨੁੱਖ ਪਖੰਡੀ ਹੋ ਜਾਂਦਾ ਹੈ।
(ਅ) ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥ ਜੈਸੇ ਮੇਂਡੁਕ
ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ॥ (ਪੰਨਾ 484)
ਅਰਥ: ਪਾਣੀ ਵਿੱਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ
ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਹਨ। ਜਿਵੇਂ ਉਹ ਡੱਡੂ ਹਨ ਤਿਵੇਂ ਉਹ ਮਨੁੱਖ ਸਮਝੋ; (ਪਰ ਨਾਮ
ਤੋਂ ਬਿਨਾ ਉਹ) ਸਦਾ ਜੂਨਾਂ ਵਿੱਚ ਪਏ ਰਹਿੰਦੇ ਹਨ।
ਤੀਰਥ ਸਬੰਧੀ ਸੰਖੇਪ ਚਰਚਾ ਕਰਨ ਮਗਰੋਂ ਗੁਰੂ ਨਾਨਕ ਸਾਹਿਬ ਨੇ ਲੋਹਾਰੀਪਾ
ਜੋਗੀ ਦੇ ਉਪਰੋਕਤ ਵਿਚਾਰਾਂ ਦੇ ਸਬੰਧ ਵਿੱਚ ਜੋ ਕਿਹਾ ਹੈ, ਉਸ ਵਲ ਆਉਂਦੇ ਹਾਂ। ਸਤਿਗੁਰੂ ਜੀ ਆਪਣੇ
ਮਤ ਦਾ ਪ੍ਰਗਟਾਵਾ ਕਰਦੇ ਹੋਏ ਫ਼ਰਮਾਂਦੇ ਹਨ ਕਿ:-
ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡ+ਲਾਈ॥ ਬਿਨੁ ਨਾਵੈ ਮਨੁ ਟੇਕ ਨ
ਟਿਕਈ ਨਾਨਕ ਭੂਖ ਨ ਜਾਈ॥ ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ॥ ਖੰਡਿਤ ਨਿਦ੍ਰਾ ਅਲਪ
ਅਹਾਰੰ ਨਾਨਕ ਤਤੁ ਬੀਚਾਰੋ॥ 8॥ (ਪੰਨਾ 939)
ਅਰਥ: ਹੇ ਨਾਨਕ! ਅਸਲ (ਗਿਆਨ ਦੀ) ਵਿਚਾਰ ਇਹ ਹੈ ਕਿ ਦੁਨੀਆ ਦੇ ਧੰਧਿਆਂ
ਵਿੱਚ ਰਹਿੰਦਿਆਂ ਮਨੁੱਖ ਨੂੰ ਨੀਂਦ ਨਾਹ ਆਵੇ (ਭਾਵ, ਧੰਧਿਆਂ ਵਿੱਚ ਹੀ ਨਾਹ ਗ਼ਰਕ ਹੋ ਜਾਏ), ਪਰਾਏ
ਘਰ ਵਿੱਚ ਮਨ ਨੂੰ ਡੋਲਣ ਨਾਹ ਦੇਵੇ; (ਪਰ) ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਮਨ ਟਿਕ ਕੇ ਨਹੀਂ
ਰਹਿ ਸਕਦਾ ਤੇ (ਮਾਇਆ ਦੀ) ਤ੍ਰਿਸ਼ਨਾ ਹਟਦੀ ਨਹੀਂ।
(ਜਿਸ ਮਨੁੱਖ ਨੂੰ) ਸਤਿਗੁਰੂ ਨੇ (ਨਾਮ ਵਿਹਾਝਣ ਦਾ ਅਸਲ) ਟਿਕਾਣਾ, ਸ਼ਹਿਰ
ਤੇ ਘਰ ਵਿਖਾ ਦਿੱਤਾ ਹੈ ਉਹ (ਦੁਨੀਆ ਦੇ ਧੰਧਿਆਂ ਵਿੱਚ ਭੀ) ਅਡੋਲ ਰਹਿ ਕੇ ‘ਨਾਮ’ ਵਿਹਾਝਦਾ ਹੈ;
ਉਸ ਮਨੁੱਖ ਦੀ ਨੀਂਦ ਭੀ ਘੱਟ ਤੇ ਖ਼ੁਰਾਕ ਭੀ ਥੋੜ੍ਹੀ ਹੁੰਦੀ ਹੈ। (ਭਾਵ, ਉਹ ਚਸਕਿਆਂ ਵਿੱਚ ਨਹੀਂ
ਪੈਂਦਾ)।
ਸਿੱਧ ਗੋਸਟਿ ਦੀ ਇਸ ਅੱਠਵੀਂ ਪਉੜੀ ਵਿੱਚ ਗੁਰਬਾਣੀ ਦਾ ਸੱਚ ਹੈ, ਜਿਸ ਵਿੱਚ
ਗੁਰਦੇਵ ਨੇ ਆਪਣਾ ਦ੍ਰਿਸ਼ਟੀਕੋਣ ਦਰਸਾਇਆ ਹੈ। ਇਹੀ ਸੱਚ ਬਾਣੀਕਾਰਾਂ ਨੇ ਮਨੁੱਖਤਾ ਨੂੰ ਦ੍ਰਿੜ
ਕਰਵਾਇਆ ਹੈ। ਇਸ ਸੱਚ ਨੂੰ ਹੀ ਧਾਰਨ ਕਰਨ ਨਾਲ ਵਿਕਾਰਾਂ ਦੀ ਮੈਲ ਤੋਂ ਖ਼ਲਾਸੀ ਹਾਸਲ ਕਰ ਸਕੀਦੀ ਹੈ।
ਇਸ ਬਾਣੀ ਦੇ ਤੀਰਥ ਵਿੱਚ ਇਸ਼ਨਾਨ ਕਰਨ ਦੀ ਹੀ ਮਨੁੱਖ ਨੂੰ ਪ੍ਰੇਰਨਾ ਦਿੱਤੀ ਗਈ ਹੈ। ਹੇਠ ਲਿਖਿਆ
ਫ਼ਰਮਾਨ ਇਸ ਸੱਚ ਨੂੰ ਹੀ ਸਾਡੇ ਸਾਹਮਣੇ ਰੱਖਦਾ ਹੈ:-
ਸਚਾ ਤੀਰਥੁ ਜਿਤੁ ਸਤ ਸਰਿ ਨਾਵਣੁ ਗੁਰਮੁਖਿ ਆਪਿ ਬੁਝਾਏ॥ ਅਠਸਠਿ ਤੀਰਥ ਗੁਰ
ਸਬਦਿ ਦਿਖਾਏ ਤਿਤੁ ਨਾਤੈ ਮਲੁ ਜਾਏ॥ ਸਚਾ ਸਬਦੁ ਸਚਾ ਹੈ ਨਿਰਮਲੁ ਨਾ ਮਲੁ ਲਗੈ ਨ ਲਾਏ॥ ਸਚੀ ਸਿਫਤਿ
ਸਚੀ ਸਾਲਾਹ ਪੂਰੇ ਗੁਰ ਤੇ ਪਾਏ॥ (ਪੰਨਾ 753)
ਅਰਥ: ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ ਉਸ ਨੂੰ ਪ੍ਰਭੂ ਆਪ ਇਹ ਸੂਝ ਬਖ਼ਸ਼ਦਾ ਹੈ ਕਿ ਜਿਸ
ਸੱਚੇ ਸਰੋਵਰ ਵਿਚ ਇਸ਼ਨਾਨ ਕਰਨਾ ਚਾਹੀਦਾ ਹੈ ਉਹ ਸਦਾ ਕਾਇਮ ਰਹਿਣ ਵਾਲਾ ਤੀਰਥ (ਗੁਰੂ ਦਾ ਸ਼ਬਦ ਹੀ
ਹੈ) ਗੁਰੂ ਦੇ ਸ਼ਬਦ ਵਿਚ (ਹੀ ਪ੍ਰਭੂ ਉਸ ਨੂੰ) ਅਠਾਹਠ ਤੀਰਥ ਵਿਖਾ ਦੇਂਦਾ ਹੈ (ਅਤੇ ਵਿਖਾ ਦੇਂਦਾ
ਹੈ ਕਿ) ਉਸ (ਗੁਰੂ-ਸ਼ਬਦ-ਤੀਰਥ) ਵਿਚ ਨ੍ਹਾਤਿਆਂ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ। (ਉਸ ਮਨੁੱਖ
ਨੂੰ ਯਕੀਨ ਬਣ ਜਾਂਦਾ ਹੈ ਕਿ) ਗੁਰੂ ਦਾ ਸ਼ਬਦ ਹੀ ਸਦਾ ਕਾਇਮ ਰਹਿਣ ਵਾਲਾ ਅਤੇ ਪਵਿਤ੍ਰ ਤੀਰਥ ਹੈ
(ਉਸ ਵਿਚ ਇਸ਼ਨਾਨ ਕੀਤਿਆਂ ਵਿਕਾਰਾਂ ਦੀ) ਮੈਲ ਨਹੀਂ ਲੱਗਦੀ, (ਉਹ ਤੀਰਥ) ਮੈਲ ਨਹੀਂ ਚੰਬੋੜਦਾ। ਉਹ
ਮਨੁੱਖ ਪੂਰੇ ਗੁਰੂ ਪਾਸੋਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪ੍ਰਾਪਤ ਕਰ ਲੈਂਦਾ
ਹੈ।
ਇਸ ਲਈ ਭਾਂਵੇਂ ਇਹ ਪੰਗਤੀ ‘ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ
ਕਾਈ’ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਅਸਲ ਵਿੱਚ ਜੋਗੀਆਂ ਦੇ ਮਤ ਦਾ ਜ਼ਿਕਰ ਕਰ ਰਹੇ ਹਨ ਜੋ
ਕੇ ਗੁਰਬਾਣੀ ਦਾ ਸੱਚ ਨਹੀਂ ਹੈ। ਗੁਰਬਾਣੀ ਦਾ ਸੱਚ ਇਸ ਪਉੜੀ ਤੋਂ ਅਗਲੀ ਪਉੜੀ (ਅਠਵੀਂ) ਵਿੱਚ ਹੈ।
ਗੁਰਮਤਿ ਦੇ ਅਨੁਯਾਈਆਂ ਨੇ ਜੋਗੀਆਂ ਦੀ ਧਾਰਨਾ ਨੂੰ ਨਕਾਰਦੇ ਹੋਏ, ਗੁਰੂ ਨਾਨਕ ਸਾਹਿਬ ਵਲੋਂ
ਪ੍ਰਗਟਾਏ ਸੱਚ ਨੂੰ ਹੀ ਸਵੀਕਾਰ ਕਰਨਾ ਹੈ। ਇਹੀ ਗੁਰਬਾਣੀ ਦਾ ਸੱਚ ਹੈ। ਇਹ ਸੱਚ ਹੀ ਗੁਰੂ ਗ੍ਰੰਥ
ਸਾਹਿਬ ਜੀ ਦਾ ਸੰਦੇਸ਼ ਹੈ।
ਜਸਬੀਰ ਸਿੰਘ ਵੈਨਕੂਵਰ