. |
|
ਗੁਰਦੁਆਰਾ ਸੰਕਲਪ
(Concept)
ਅਤੇ ਪ੍ਰਬੰਧ
ਡਾ: ਗੁਰਦੇਵ ਸਿੰਘ ਸੰਘਾ
kitchener
ਗੁਰਦੁਆਰੇ ਅੰਦਰ ਭਾਵਨਾ ਤੋਂ ਦਿਖਾਵੇ (ਭੇਖ) ਵਲ ਵਧ ਰਿਹਾ ਰੁਝਾਨ, ਗੁਰਮਤਿ
ਪ੍ਰਚਾਰ ਦੀ ਘਾਟ, ਸ਼ਬਦ-ਗੁਰੂ ਦੇ ਸੰਕਲਪ (concept of
shabad Guru) ਬਾਰੇ ਅਗਿਆਨਤਾ ਅਤੇ ਵਧ ਰਹੇ
ਮਨ-ਮਤੀ ਡੇਰੇ ਅਤੇ ਸੰਪ੍ਰਦਾਵਾਂ, ਸਿੱਖ ਕੌਂਮ ਵਿੱਚ ਵਧ ਰਹੀ ਧੜ੍ਹੇਬੰਦੀ, ਜਾਤ-ਬ੍ਰਾਦਰੀਆਂ ਦੇ
ਨਾਂ ਤੇ ਬਣ ਰਹੇ ਗੁਰਦੁਆਰੇ, ਗੁਰਮਤਿ ਸਿਧਾਂਤਾਂ ਦੀ ਜਾਣਕਾਰੀ ਤੋਂ ਅਨਜਾਣ ਪ੍ਰਚਾਰਕ ਸ਼੍ਰੇਣੀ ਅਤੇ
ਗੁਰਦੁਆਰਾ ਪ੍ਰਬੰਧਕਾਂ ਦੀ ਬਹੁ-ਗਿਣਤੀ ਆਦਿ ਕੁੱਝ ਅਜਿਹੀਆਂ ਚੁਣੌਤੀਆਂ
(challanges)
ਹਨ ਜਿਨ੍ਹਾਂ ਦਾ ਅਜ ਗੁਰਦੁਆਰਾ ਸੰਸਥਾ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਜੇ ਇਨ੍ਹਾਂ ਚੁਣੌਤੀਆਂ
ਦੇ ਸੁਲ਼ਝਾਉਣ ਵਲ ਸਿੱਖ ਕੌਂਮ ਨੇ ਉਚੇਚਾ ਧਿਆਨ ਨਾ ਦਿੱਤਾ ਤਾਂ ਡਰ ਹੈ ਕਿ ਸਿੱਖ ਕੌਂਮ ਦਾ ਇਹ ਮਹਾਨ
ਕੇਂਦਰ (institution)
ਗੁਰਦੁਆਰਾ ਮਸੰਦਾਂ ਅਤੇ ਮਹੰਤਾਂ ਦਾ ਡੇਰਾ ਬਣਕੇ ਰਹਿ ਜਾਏਗਾ। ਗੁਰਦੁਆਰਾ ਕੌਂਮੀਂ ਉਸਾਰੀ ਵਿੱਚ
ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਇਹ ਸਿੱਖ ਦੇ ਧਾਰਮਿਕ, ਰਾਜਨੀਤਕ ਅਤੇ ਸਮਾਜਿਕ
ਜੀਵਨ ਦਾ ਹਮੇਸ਼ਾ ਕੇਂਦਰ ਰਿਹਾ ਹੈ। ਗੁਰਦੁਆਰਾ ਸਿੱਖਾਂ ਦਾ ਉਹ ਧਰਮ ਸਥਾਨ ਅਤੇ ਸੰਸਥਾ ਹੈ ਜਿੱਥੋਂ
ਗੁਰਮਤਿ ਵਿਚਾਰਧਾਰਾ ਦਾ ਪਰਚਾਰ ਕੀਤਾ ਜਾਂਦਾ ਹੈ ਅਤੇ ਗੁਰਮਤਿ ਮੁਤਾਬਕ ਜਿੰਦਗੀ ਜੀਣ ਦੀ ਜਾਚ
ਸਿਖਾਈ ਜਾਂਦੀ ਹੈ। ਗੁਰਦੁਆਰਾ ਮਨੁਖ ਨੂੰ ਏਸੇ ਜੀਵਨ-ਕਾਲ ਵਿੱਚ ਏਸੇ ਧਰਤੀ ਤੇ ਰਹਿੰਦਿਆਂ ਹੋਇਆਂ,
ਪਰਿਵਾਰ ਪ੍ਰਤੀ ਅਤੇ ਸੰਸਾਰ ਪ੍ਰਤੀ ਆਪਣੀਆਂ ਜ਼ਿੰਮੇਦਾਰੀਆਂ ਪੂਰੀ ਈਮਾਨਦਾਰੀ ਨਾਲ ਨਿਭਾਉਣ ਦੀ ਸੌਝ
ਦਿੰਦਾ ਹੈ।
ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਮਿਸ਼ਨ ਦੀ ਪ੍ਰਾਪਤੀ ਲਈ `ਗੁਰਦੁਆਰੇ` ਨੂੰ
ਕੇਂਦਰ ਬਣਾ ਕੇ, ਗੁਰਬਾਣੀ ਵਿਚਾਰਧਾਰਾ ਰਾਹੀਂ ਪ੍ਰਚਾਰ ਦਾ ਆਰੰਭ ਕੀਤਾ। ਉਨ੍ਹਾਂ ਤੋਂ ਬਾਅਦ ਨੌ
ਗੁਰੂ ਸਾਹਿਬਨ ਨੇ ਵੀ ਗੁਰਦੁਆਰੇ ਨੂੰ ਕੇਂਦਰ ਬਣਾ ਕੇ ਗੁਰਮਤਿ ਦੇ ਪ੍ਰਚਾਰ ਰਾਹੀਂ ਅਜਿਹੇ ਧਰਮੀ
ਜੀਊੜੇ ਦਾ ਨਿਰਮਾਣ ਕਰਨ ਦਾ ਯਤਨ ਕੀਤਾ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਪਹੁਲ ਦੇ
ਕੇ `ਖਾਲਸਾ` ਆਖ ਕੇ ਵਡਿਆਇਆ ਤੇ ਆਪਣਾ ਰੂਪ ਮੰਨਿਆ। ਭਾਵ ਸ਼ਬਦ-ਗੁਰੂ ਗ੍ਰੰਥ ਸਾਹਿਬ ਦੀ ਸੇਧ ਵਿੱਚ
ਚਲਦਾ ਹੋਇਆ `ਖਾਲਸਾ ਪੰਥ` ਗੁਰੂ ਰੂਪ ਹੀ ਹੋਵੇਗਾ। ਗੁਰਦੁਆਰੇ ਤੋਂ ਸਰਬ-ਸਾਂਝੀ ਬਾਣੀ, `ਧੁਰ ਕੀ
ਬਾਣੀ` ਦਾ ਉਪਦੇਸ਼ ਹੁੰਦਾ ਹੈ ਜਿਹੜਾ ਕਿਸੇ ਇੱਕ ਧਰਮ, ਕੌਂਮ ਜਾਂ ਦੇਸ਼ ਦੇ ਲੋਕਾਂ ਲਈ ਰਾਖਵਾਂ ਨਹੀਂ
ਹੈ। ਗੁਰਦੁਆਰੇ ਦੀ ਸੰਗਤ ਸਾਂਝੀ ਹੈ, ਪੰਗਤ ਸਾਂਝੀ ਹੈ ਅਤੇ ਲੰਗਰ ਸਾਂਝਾ ਹੈ। ਗੁਰਦੁਆਰਾ ਗੁਰਬਾਣੀ
ਦੀ ਸੋਝ ਦੇ ਕੇ ਮਨੁੱਖ ਨੂੰ ਸਚਿਆਰਾ ਅਤੇ ਗੁਰਮੁਖ ਬਣਾਉਂਦਾ ਹੈ। ਇਸ ਕਰਕੇ ਸਿੱਖ ਨੇ ਆਪਣੇ ਹਰ ਅਮਲ
ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਨੂੰ ਮੁੱਖ ਰੱਖਣਾ ਅਤੇ ਸੰਸਾਰ ਵਿੱਚ
ਪ੍ਰਚਾਰਨਾ ਹੈ। ਗੁਰੂ ਸਾਹਿਬਾਨ ਦਾ ਨਿਸ਼ਾਨਾ ਇੱਕ ਨਵੇਂ ਨਰੋਏ ਸਮਾਜ ਦੀ ਉਸਾਰੀ ਸੀ। ਉਹਨਾਂ ਨੇ
ਵਹਿਮਾਂ-ਭਰਮਾਂ ਵਿੱਚ ਗੁਆਚੇ ਅਤੇ ਨੈਤਿਕ (moral)
ਕੀਮਤਾਂ ਤੋਂ ਸੱਖਣੇ ਸਮਾਜ ਨੂੰ ਸਵੀਕਾਰ ਨਹੀਂ
ਕੀਤਾ। ਇੰਝ ਅਸੀਂ ਦੇਖਦੇ ਹਾਂ ਕਿ ਗੁਰਦੁਆਰੇ ਦਾ ਕਾਰਜ-ਖੇਤਰ
(sphere of action, jurisdiction)
ਨਿਰਾ ਪਾਠ-ਪੂਜਾ, ਕਥਾ-ਕੀਰਤਨ ਅਤੇ ਲੰਗਰ ਤਕ ਹੀ ਸੀਮਤ ਨਹੀਂ, ਸਗੋਂ ਸਿੱਖ ਨੂੰ ਉਸ ਦੇ ਜੀਵਨ ਦੇ
ਹਰ ਖੇਤਰ ਜਿਵੇਂ ਰਾਜਨੀਤਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਆਦਿ ਖੇਤਰਾਂ ਵਿੱਚ ਗੁਰਬਾਣੀ ਦੀ
ਵਿਚਾਰਧਾਰਾ ਅਨੁਸਾਰ ਸੇਧ ਦੇਣਾ ਹੈ। ਗੁਰਬਾਣੀ ਦੀ ਵਿਚਾਰਧਾਰਾ ਰਾਹੀਂ ਮਨੁੱਖ ਨੂੰ ਸਮੁੱਚੇ ਵਿਸ਼ਵ
(universe)
ਦਾ ਅੰਤਰ-ਰਾਸ਼ਟਰੀ (international)
ਸ਼ਹਿਰੀ ਬਣਾਉਣ ਦਾ ਯਤਨ ਕਰਨਾ ਹੈ।
ਗੁਰਦੁਆਰੇ ਆਕੇ ਸਿੱਖ ਨੇ `ਸਭੁ ਕੋ ਮੀਤੁ ਹਮ ਆਪਨ ਕੀਨਾ, ਹਮ ਸਭਨਾ ਕੇ
ਸਾਜਨ` ਬਣਨ ਦੀ ਸੋਝੀ ਪਾਉਣੀ ਹੈ। ਗੁਰਦੁਆਰੇ ਆ ਕੇ ਸਤਿ ਸੰਗਤਿ ਸੇਵਾ ਅਤੇ ਗੁਰਬਾਣੀ ਦੇ ਕਥਾ
ਕੀਰਤਨ ਰਾਹੀਂ, ਮਨੁੱਖ ਨੇ ਆਪਣੀ ਸੁਰਤ ਨੂੰ ‘ਗੁਰੂ-ਸੁਰਤ` ਵਿੱਚ ਬਦਲਣਾ ਹੈ। ਮੀਰੀ-ਪੀਰੀ ਦਾ ਮਾਲਕ
ਬਣਨ ਯੋਗ ਹੋਣਾ ਹੈ, ਸੰਤ-ਸਿਪਾਹੀ ਬਣਕੇ ‘ਵਾਹਿਗੁਰੂ ਜੀ ਕਾ ਖਾਲਸਾ` ਬਣਨਾ ਹੈ। ਬੰਦਾ ਸਿੰਘ ਬਹਾਦਰ
ਦੀ ਸ਼ਹਾਦਤ ਤੋਂ ਬਾਅਦ ਦਾ ਸਮਾਂ ਸਿੱਖੀ ਦੀ ਹੋਂਦ ਨੂੰ ਬਚਾਈ ਰੱਖਣ ਲਈ ਬੜਾ ਭਿਆਨਕ ਸਮਾਂ ਸੀ। ਇਸ
ਸਮੇਂ ਗੁਰਦੁਆਰਿਆਂ ਦੀ ਦੇਖ ਭਾਲ ਦਾ ਜੋ ਥੋਹੜਾ-ਬਹੁਤਾ ਪ੍ਰਬੰਧ ਹੁੰਦਾ ਰਿਹਾ ਉਹ ਉਦਾਸੀ ਸੰਪ੍ਰਦਾਇ
ਦੇ ਪੈਰੋਕਾਰਾਂ ਅਤੇ ਨਿਰਮਲੇ ਸਾਧੂਆਂ ਨੇ ਕੀਤਾ। ਇਹ ਸਾਧੂ ਸਿੱਖ ਧਰਮ ਦੀ ਨਿਆਰੀ ਹਸਤੀ ਅਤੇ
ਵਿਲੱਖਣਤਾ ਦੇ ਸੰਕਲਪ ਅਤੇ ਦਸ ਗੁਰੂ ਸਾਹਿਬਾਨ ਇਕੋ ‘ਜੋਤਿ` ਦੇ ਸਿਧਾਂਤ ਵਿੱਚ ਵਿਸ਼ਵਾਸ਼ ਨਹੀਂ ਸਨ
ਰਖਦੇ। ਇਹ ਸਾਧੂ ਲੋਕ ਸਿੱਖੀ ਦੇ ਸ਼ਰਧਾਲੂ ਜ਼ਰੂਰ ਸਨ ਪਰ ਇਨ੍ਹਾਂ ਉਪੱਰ ਹਿੰਦੂ ਮਤ, ਵਿਸ਼ੇਸ਼ ਤੌਰ ਤੇ
ਵੇਦਾਂ ਦਾ ਪ੍ਰਭਾਵ ਜ਼ਿਆਦਾ ਸੀ। ਇਨ੍ਹਾਂ ਸਾਧੂਆਂ ਦੀ ਸੇਵਾ-ਸੰਭਾਲ ਅਤੇ ਪ੍ਰਬੰਧ ਸਮੇਂ ਗੁਰਦੁਆਰਿਆਂ
ਦੀ ਅੰਦਰੂਨੀ ਮਾਣ-ਮਰਯਾਦਾ ਹਿੰਦੂ ਮਤ ਦੀਆਂ ਰਹੁ-ਰੀਤੀਆਂ ਦਾ ਮਿਲਗੋਭਾ ਬਣਦੀ ਗਈ। ਸਿੱਖ ਸਰਦਾਰਾਂ
ਦੀ ਗੁਰਦੁਆਰਿਆਂ ਦੀ ਅੰਦਰੂਨੀ ਮਾਣ-ਮਰਯਾਦਾ ਵਲ ਬੇਧਿਆਨੀਂ (ਜਿਵੇਂ ਅਜ ਹੋ ਰਿਹਾ ਹੈ) ਅਤੇ ਸਿੱਖੀ
ਸਿਧਾਂਤ ਪ੍ਰਤੀ ਬੋਧਿਕ ਘਾਟ ਕਰਕੇ ਗੁਰਦੁਆਰਿਆਂ ਵਿਚੋਂ ਸਿੱਖ ਸਿਧਾਂਤ ਅਤੇ ਸਿੱਖ ਮਾਣ-ਮਰਯਾਦਾ
ਹੌਲੀ ਹੌਲੀ ਅਲੋਪ ਹੁੰਦੇ ਗਏ ਗੁਰਦੁਆਰਿਆਂ ਅੰਦਰ ਗੁਰਮਤਿ ਦੇ ਪ੍ਰਚਾਰ ਦੀ ਥਾਂ ਕਰਮ-ਕਾਂਡ ਅਤੇ
ਮਨਮਤ ਵਧਦੇ ਗਏ। ਗੁਰਦੁਆਰੇ ਭ੍ਰਿਸ਼ਟਾਚਾਰ ਦੇ ਅੱਡੇ ਬਣਦੇ ਗਏ। ਗੁਰਦੁਆਰਿਆਂ ਦੇ ਭ੍ਰਿਸ਼ਟ
ਪ੍ਰਬੰਧਕਾਂ ਪਾਸੋਂ ਗੁਰਦੁਆਰੇ ਆਜਾਦ ਕਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ
ਲੰਮਾਂ ਸੰਘਰਸ਼ ਕਰਨਾ ਪਿਆ। ਅਜ ਬਹੁਤੇ ਗੁਰਦੁਆਰਿਆਂ ਵਿੱਚ ਸੰਗਤ ਦੇ ਸੰਕਲਪ ਨੂੰ ਉਸ ਦੇ ਸਹੀ ਸੰਦਰਭ
(context)
ਵਿੱਚ ਨਹੀਂ ਵਰਤਿਆ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਅਨੁਸਾਰ ਗੁਰੂ ਦੁਆਰਾ ਸਥਾਪਿਤ
ਸੰਗਤ ਦੀ ਸੰਸਥਾ ਦਾ ਗੁਣ ਇਹ ਹੈ ਕਿ ਇਸ ਵਿੱਚ ਗੁਰੂ ਆਪ ਹਾਜਰ ਰਹਿੰਦਾ ਹੈ। ਗੁਰੂ ਵਰੋਸਾਏ ਸਿੱਖ
ਗੁਰੂ ਰੂਪ ਹੋ ਜਾਂਦੇ ਹਨ।
ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸ਼ ਚਲਾਏ।। 1
ਅਜਿਹੇ ਸਿੱਖਾਂ ਦੀ ਸੰਗਤ ਵਿੱਚ ਅਕਾਲ ਪੁਰਖ ਦਾ ਵਾਸਾ ਮੰਨਿੱਆਂ ਜਾਂਦਾ ਹੈ।
ਮਿਲਿ ਸਤ ਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿਪ੍ਰਭ ਵਸੈ ਜੀਉ।। 2
ਇਸ ਲਈ ‘ਸਾਧ-ਸੰਗਤ` ਉਹ ਇਕੱਤਰਤਾ ਨਹੀਂ ਹੈ, ਜਿੱਥੇ ਭੀੜ ਆ ਜੁੜਦੀ ਹੈ।
ਗੁਰਬਾਣੀ ਵਿੱਚ ਦੱਸੇ ਸਾਧ-ਸੰਗਤ ਦੇ ਸੰਕਲਪ ਨੂੰ ਉਸ ਦੇ ਸਮੁੱਚ ਵਿੱਚ ਸਮਝਣ ਦੀ ਲੋੜ ਹੈ।
ਗੁਰੂ ਕਾਲ ਸਮੇਂ ਗੁਰਦੁਆਰੇ ਦਾ ਪ੍ਰਬੰਧ ਅਤੇ ਮਾਣ ਮਰਯਾਦਾ ਗੁਰੂ ਸਾਹਿਬਾਨ
ਦੀ ਨਿੱਜੀ ਅਗਵਾਈ ਵਿੱਚ ਅਤੇ ਉਨ੍ਹਾਂ ਵਲੋਂ ਨਿਯੁਕਤ ਕੀਤੇ ਹੋਏ ਕਹਿਣੀ ਅਤੇ ਕਰਨੀ ਦੇ ਸੂਰੇ
ਸਿੱਖ-ਸੇਵਕਾਂ ਦੀ ਦੇਖ-ਭਾਲ ਵਿੱਚ ਰਿਹਾ। ਇਨ੍ਹਾਂ ਸਿੱਖ-ਸੇਵਕਾਂ ਵਿੱਚ ਬਾਬਾ ਬੁੱਢਾ ਜੀ, ਭਾਈ
ਗੁਰਦਾਸ ਜੀ, ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਆਦਿ ਦੇ ਨਾਵਾਂ ਤੋਂ ਸਿੱਖ ਸੰਸਾਰ
ਭਲੀ-ਭਾਂਤੀ ਜਾਣੂ ਹੈ। ਗੁਰਦੁਆਰਾ ਸੁਧਾਰ ਲਈ ਆਰੰਭ ਹੋਏ ਸੰਘਰਸ਼ ਸਮੇਂ ਸਿੱਖ ਲੀਡਰਾਂ ਵਿੱਚ ਜੋ
ਕੌਮੀਂ ਸੇਵਾ ਦੀ ਭਾਵਨਾ ਅਤੇ ਕੁਰਬਾਨੀਦਾ ਜਜ਼ਬਾ ਸੀ, ਉਹ ਕੁੱਝ ਦੇਰ ਬਾਅਦ ਖਤਮ ਹੋ ਗਿਆ। ਹੌਲੀ
ਹੌਲੀ ਉਸ ਦੀ ਥਾਂ ਸੁਆਰਥ ਅਤੇ ਆਪੋ-ਧਾਪੀ ਨੇ ਲੈ ਲਈ। ਅਜ ਗੁਰਦੁਆਰਾ ਪ੍ਰਬੰਧ ਨੂੰ ਗੁਰਮਤਿ ਲੀਹਾਂ
ਤੇ ਚਲਾਉਣ ਲਈ ਸਿਦਕੀ ਸਿੱਖਾਂ ਦੀ ਲੋੜ ਹੈ। ਸੰਸਾਰ ਭਰ ਵਿੱਚ ਸ਼ਾਇਦ ਹੀ ਕੋਈ ਐਸਾ ਗੁਰਦੁਆਰਾ ਹੋਵੇ
ਜਿੱਥੇ ਗੁਰਦੁਆਰੇ ਦੇ ਪ੍ਰਬੰਧ ਨੂੰ ਮੁੱਖ ਰੱਖ ਕੇ ਆਪਸੀ ਧੜੇ ਬੰਦੀ ਅਤੇ ਲੜਾਈ ਝਗੜੇ ਨਾ ਹੁੰਦੇ
ਹੋਣ ਅਤੇ ਅਗੋਂ ਝਗੜੇ ਹੋਣ ਦੀ ਸੰਭਾਵਨਾ ਨਾ ਹੋਵੇ। ਗੁਰਦੁਆਰੇ ਦੇ ਪ੍ਰਬੰਧ ਤੇ ਕਬਜਾ ਕਰਨ ਦੀ ਖਾਤਰ
ਹੋਏ ਆਪਸੀ ਝਗੜਿਆਂ ਕਾਰਨ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਦੀਆਂ ਅਦਾਲਤਾਂ ਵਿੱਚ ਮੁਕੱਦਮੇ ਚਲ
ਚੁਕੇ ਹਨ ਇਨ੍ਹਾਂ ਮੁਕੱਦਮਿਆਂ ਉਪੱਰ ਸਿੱਖ ਸੰਗਤਾਂ ਦੀ ਖੂਨ-ਪਸੀਨੇ ਦੀ ਕਮਾਈ ਦਾ ਲੱਖਾਂ ਡਾਲਰ
ਖਰਚਿਆ ਜਾ ਚੁੱਕਾ ਹੈ ਅਤੇ ਅਗੋਂ ਵੀ ਖਰਚਿਆ ਜਾ ਰਿਹਾ ਹੈ। ਇਸ ਤਰ੍ਹਾਂ ਇਹ ਕੌਮੀਂ ਸਰਮਾਇਆ ਕਿਸੇ
ਉਸਾਰੂ ਕੰਮ ਉਪੱਰ ਖਰਚਣ ਦੀ ਥਾਂ ਅਜਾਈਂ ਖਰਚ ਹੋ ਰਿਹਾ ਹੈ। ਇੰਝ ਇਸ ਧੜੇਬੰਦੀ ਅਤੇ ਆਪਸੀ ਝਗੜਿਆਂ
ਕਾਰਨ ਉਸਾਰੂ ਕੰਮਾਂ ਵਿੱਚ ਵਿਘਨ ਪੈ ਰਿਹਾ ਹੈ ਅਤੇ ਦੇਸ਼-ਪ੍ਰਦੇਸ਼ ਵਿੱਚ ਸਿੱਖ ਕੌਂਮ ਦੀ ਬਦਨਾਮੀ ਵੀ
ਹੋ ਰਹੀ ਹੈ। ਗੁਰਦੁਆਰੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਭਾਵ ਅਰਥਾਂ ਭਰਪੂਰ
ਵਿਆਖਿਆ ਦੀ ਘਾਟ ਹੈ। ਗੁਰਦੁਆਰਿਆਂ ਵਿੱਚ ਗੁਰਬਾਣੀ ਦੇ ਪਾਠ ਅਤੇ ਕਥਾ ਕੀਰਤਨ ਤਾਂ ਨਿਤਾ-ਪ੍ਰਤੀ
ਹੁੰਦੇ ਰਹਿੰਦੇ ਹਨ। ਪਰ ਗੁਰਦੁਆਰੇ ਆਈ ਸੰਗਤ ਦੀ ਬਹੁ-ਗਿਣਤੀ ਨੂੰ ਗੁਰਬਾਣੀ ਦੇ ਭਾਵ-ਅਰਥਾਂ ਦੀ
ਸਮਝ ਨਹੀਂ ਪੈਂਦੀ। ਨਤੀਜੇ ਵਜੋਂ ਗੁਰਬਾਣੀ ਦੇ ਸ਼ਬਦ ਕੀਰਤਨ ਰਾਹੀਂ ਜੋ ਸੁਨੇਹਾ ਦੇਣ ਦਾ ਯਤਨ ਕੀਤਾ
ਜਾਂਦਾ ਹੈ ਉਹ ਬਹੁਤ ਘੱਟ ਲੋਕਾਂ ਤੀਕ ਪਹੁੰਚ ਪਾਉਂਦਾ ਹੈ। ਗੁਰਬਾਣੀ ਗਿਆਨ ਰਾਹੀਂ ਆਮ ਸਿੱਖ ਦੇ
ਜੀਵਨ ਵਿੱਚ ਜੋ ਇਨਕਲਾਬੀ ਸੁਧਾਰ ਹੋਣਾ ਸੀ, ਉਹ ਹੋ ਨਹੀਂ ਰਿਹਾ।
ਇਸ ਕਰਕੇ ਗੁਰਬਾਣੀ ਦੇ ਭਾਵ ਅਰਥਾਂ ਦੀ ਸਹੀ ਢੰਗ ਨਾਲ ਵਿਆਖਿਆ ਕਰਕੇ ਸੰਗਤ
ਨੂੰ ਗੁਰਬਾਣੀ ਦੀ ਵਿਚਾਰਧਾਰਾ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਬਹੁਤੇ ਗੁਰਦੁਆਰਿਆਂ ਅੰਦਰ ਬਾਣੀ ਨੂੰ
ਸਮਝਣ-ਸਮਝਾਉਣ ਅਤੇ ਉਸ ਉਪੱਰ ਅਮਲ ਕਰਨ ਤੇ ਜੋਰ ਦੇਣ ਦੀ ਥਾਂ ਕਈ ਬੇਲੋੜੀਆਂ ਅਤੇ ਗੁਰਮਤਿ ਵਿਰੋਧੀ
ਰਸਮਾਂ-ਰੀਤਾਂ ਅਤੇ ਕਥਾ ਕਹਾਣੀਆਂ ਉਪੱਰ ਵਧੇਰੇ ਜੋਰ ਦਿੱਤਾ ਜਾਂਦਾ ਹੈ। ਗੁਰਦੁਆਰਾ ਪ੍ਰਬੰਧ ਮੁੜ
ਪ੍ਰੋਹਤਵਾਦੀ ਪੁਜਾਰੀਆਂ ਦੇ ਕਬਜੇ ਵਿੱਚ ਆ ਰਿਹਾ ਹੈ। ਸਿੱਖ ਸਿਧਾਂਤ ਵਿੱਚ ਸ਼ਬਦ ਗੁਰੂ, ਭਾਵ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਗੁਰੂ ਮੰਨਣ ਦਾ ਹੁਕਮ ਹੈ। ਬਹੁਤੇ ਡੇਰਾਵਾਦੀ ਸਾਧ ਅਤੇ
ਸੰਪ੍ਰਦਾਵਾਂ ਆਪਣੇ ਡੇਰਿਆਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਾਂ ਕਰਦੇ ਹਨ ਪਰ
ਆਪਣੀ ਮਨ-ਮਤ ਦੇ ਪਰਚਾਰ ਰਾਹੀਂ ਲੋਕਾਂ ਨੂੰ ਗੁਮਰਾਹ ਕਰਕੇ, ਸ਼ਬਦ-ਗੁਰੂ ਦੀ ਵਿਚਾਰ ਧਾਰਾ ਨਾਲ ਜੋੜਨ
ਦੀ ਥਾਂ ਆਪਣੇ ਨਿੱਜ ਨਾਲ ਜੋੜਨ ਦਾ ਵਧੇਰੇ ਯਤਨ ਕਰਦੇ ਹਨ। ਇਨ੍ਹਾਂ ਡੇਰਿਆਂ ਦੁਆਰਾ ਸਿੱਖ ਕੌਂਮ ਦੇ
ਵਿਲੱਖਣ ਸਿਧਾਤਾਂ ਅਤੇ ਰਹੁ-ਰੀਤਾਂ ਨੂੰ ਮਿਲਗ੍ਹੋਭਾ ਕਰਨ ਦੇ ਯਤਨ ਮਾਹੌਲ ਨੂੰ ਵਿਗਾੜਨ ਲਈ ਹਵਾ ਦੇ
ਰਹੇ ਹਨ।
ਸਿੱਖ ਧਰਮ ਮਾਨਵਤਾ ਨੂੰ ਜੋੜਨ ਦਾ ਧਰਮ ਹੈ, ਤੋੜਨ ਦਾ ਨਹੀਂ। ਭਾਈ ਗੁਰਦਾਸ
ਜੀ ਨੇ ਵੀ ਕਿਹਾ ਹੈ ਕਿ ਸਿੱਖ ਧਰਮ ਦਾ ਰੋਲ ਕੈਂਚੀ ਦੀ ਤਰ੍ਹਾਂ ਨਹੀਂ ਬਲਕਿ ਸੂਈ (3) ਦੀ ਤਰ੍ਹਾਂ
ਹੈ, ਜਿਸ ਨੇ ਸਾਡੇ ਸਮਾਜਕ ਢਾਂਚੇ ਨੂੰ ਪਾੜਨਾ ਨਹੀਂ ਬਲਕਿ ਏਕੇ ਵਿੱਚ ਸੀਣਾ ਹੈ। ਕਿਸੇ ਸਿੱਖ ਨੂੰ
ਸਿੱਖੀ ਵਿੱਚੋਂ ਛੇਕਣਾ ਜਾਂ ਗੁਰਦੁਆਰੇ ਆਉਣ ਤੇ ਪਾਬੰਦੀ ਲਾਉਣੀ ਆਦਿ ਸਿੱਖ ਸਿਧਾਂਤ ਦੇ ਅਨੁਕੂਲ
ਨਹੀਂ ਜਾਪਦਾ। ਇਸ ਤਰ੍ਹਾਂ ਕਰਨਾ ਸਮੁਚੀ ਸਿੱਖ ਕੌਂਮ ਨੂੰ ਧੜੇਬੰਦੀ ਵਲ ਧਕੇਲ ਰਿਹਾ ਹੈ। ਲੋਕਤੰਤਰੀ
ਚੋਣ-ਪ੍ਰਣਾਲ਼ੀ (ਵੋਟਾਂ ਰਾਹੀਂ ਗੁਰਦੁਆਰਾ ਪ੍ਰਬੰਧਕਾਂ ਦੀ ਚੋਣ) ਆਧੁਨਿਕ ਯੁਗ ਵਿੱਚ ਆਮ ਪ੍ਰਚਲਤ ਹੋ
ਗਈ ਹੈ। ਰਾਜਨੀਤਕ ਖੇਤਰ ਵਿੱਚ ਸ਼ਾਇਦ ਇਹ ਪ੍ਰਨਾਲ਼ੀ ਦੂਜੇ ਚੋਣ ਪ੍ਰਬੰਧਾਂ ਨਾਲੋਂ ਬੇਹਤਰ ਹੋਵੇਗੀ।
ਪਰ ਧਾਰਮਿਕ ਅਦਾਰਿਆਂ ਦੇ ਮਾਮਲੇ ਵਿੱਚ ਇਹ ਢੰਗ ਸਫਲ ਸਾਬਤ ਨਹੀਂ ਹੋ ਰਿਹਾ। ਗਣਤੰਤਰੀ, ਲੋਕਤੰਤਰੀ
ਵਿਧੀ ਵਿੱਚ ਹਰ ਅਗਿਆਨੀ ਅਤੇ ਗਿਆਨਵਾਨ ਵਿਅਕਤੀ ਦਾ ਹੱਕ ਬਰਾਬਰ ਹੈ ਜਦੋਂ ਕਿ ਧਾਰਮਿਕ ਅਦਾਰਿਆਂ ਦੇ
ਪ੍ਰਬੰਧ ਹਿਤ ਚੋਣ ਗਿਆਨਵਾਨ ਵਿਅਕਤੀਆਂ ਦੁਆਰਾ ਬਹੁਤ ਸੋਚ-ਸਮਝ ਕੇ ਕੀਤੀ ਜਾਣੀ ਚਾਹੀਦੀ ਹੈ। ਇਸ
ਚੋਣ ਪ੍ਰਨਾਲ਼ੀ ਨੇ ਸਿੱਖ ਕੌਂਮ ਨੂੰ ਖਾਸ ਕਰਕੇ ਗੁਰਦੁਆਰਾ ਪ੍ਰਬੰਧਕਾਂ ਨੂੰ ਧੜੇਬੰਦੀ ਵਿੱਚ ਵੰਡ ਕੇ
ਬਹੁਤ ਨੁਕਸਾਨ ਕੀਤਾ ਹੈ ਅਤੇ ਅਗੋਂ ਕਰ ਰਹੀ ਹੈ। ਬਹੁਤੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਵਿੱਚ ਇਹ
ਤੱਥ ਦੇਖਣ ਵਿੱਚ ਆਇਆ ਹੈ ਕਿ ਪ੍ਰਬੰਧ ਹਿਤ ਜਿੱਤੀ ਹੋਈ ਧਿਰ ਆਪਣੀ ਸੱਤਾ ਜਮਾਈ ਰੱਖਣ ਲਈ ਹਰ
ਜਾਇਜ਼-ਨਾਜਾਇਜ਼ ਹੀਲਾ ਅਪਨਾਉਂਦੀ ਹੈ। ਗੁਰਦੁਆਰੇ ਗੁਰਮਤਿ ਦੀਆਂ ਟਕਸਾਲਾਂ ਹੋਣ ਦੀ ਥਾਂ ਜੋਰ ਅਜਮਾਈ
ਦੇ ਅਖਾੜੇ ਬਣਦੇ ਜਾ ਰਹੇ ਹਨ।
ਸਿੱਖ ਯੂਥ ਨੂੰ ਮੁੱਖ ਰੱਖ ਕੇ ਗੁਰਦੁਆਰਿਆਂ ਵਿੱਚ ਪ੍ਰਸਾਰਿਤ ਹੋਣ ਵਾਲੇ
ਪ੍ਰੋਗਰਾਮਾਂ ਦੀ ਘਾਟ ਕਰਕੇ ਅਤੇ ਪ੍ਰਬੰਧਕਾਂ ਵਲੋਂ ਕੋਈ ਰੋਲ-ਮਾਡਲ ਨਾ ਪੇਸ਼ ਕਰਨਾ ਵੀ ਇੱਕ ਗੰਭੀਰ
ਚੁਣੌਤੀ ਹੈ। ਜਿਸ ਦੇ ਨਤੀਜੇ ਵਜੋਂ ਸਿੱਖ ਨੌਜਵਾਨ ਗੁਰਦੁਆਰੇ ਨਾਲੋਂ ਟੁੱਟ ਰਹੇ ਹਨ। ਯੁਵਕ ਨੂੰ
ਗੁਰੂ ਅਤੇ ਗੁਰਦੁਆਰੇ ਨਾਲ ਜੋੜਨ ਲਈ ਲੋਕਲ, ਕੌਮੀਂ ਤੇ ਵਿਸ਼ਵ ਪਧੱਰ ਤੇ ਉਚੇਚੇ ਉਪਰਾਲੇ ਕਰਨ ਦੀ
ਲੋੜ ਹੈ।
ਦੇਸ਼ ਵਿਦੇਸ਼ ਵਿੱਚ ਗੁਰਦੁਆਰੇ ਦੇ ਕੇਂਦਰ ਪ੍ਰਬੰਧਕਾਂ ਦੀ ਸੌੜੀ ਸੋਚ ਅਤੇ
ਨੀਤੀ ਕਾਰਨ ਆਪਣੇ ਨਿਰਧਾਰਤ (assigned)
ਮੰਤਵ ਦੀ ਪੂਰਤੀ ਕਰਨ ਤੋਂ ਹਟ ਰਹੇ ਹਨ। ਅਜ ਅਸੀਂ ਦੇਖ ਰਹੇ ਹਾਂ ਕਿ ਇੰਝ ਗੁਰਮਤਿ ਪ੍ਰਚਾਰ ਦਾ
ਇਹਮਹਾਨ ਕੇਂਦਰ ਆਪਣੀ ਮੁਢਲੀ ਜਿੰਮੇਦਾਰੀ (ਗੁਰਮਤਿ ਪ੍ਰਚਾਰ) ਨਿਭਾਉਣ ਤੋਂ ਅਸਮਰਥ ਹੁੰਦਾ ਜਾ ਰਿਹਾ
ਹੈ। ਬਹੁਤਾ ਗੁਰਦੁਆਰਾ ਪ੍ਰਬੰਧ ਧਾਰਮਿਕ ਬਿਰਤੀ ਦੇ ਸੱਚੇ-ਸੁੱਚੇ ਵਿਅਕਤੀਆਂ ਦੇ ਹੱਥਾਂ ਵਿੱਚ ਨਹੀਂ
ਰਿਹਾ। ਸਗੋਂ ਇਸ ਦਾ ਪ੍ਰਬੰਧ ਰਾਜਨੀਤਿਕ ਨੇਤਾਵਾਂ ਦੇ ਹੱਥ ਵਿੱਚ ਆ ਰਿਹਾ ਹੈ ਜਿਹੜੇ ਆਪਣੇ
ਰਾਜਨੀਤਿਕ ਏਜੰਡੇ ਦੀ ਪ੍ਰਾਪਤੀ ਲਈ ਇਸ ਨੂੰ ਇੱਕ ਵਸੀਲੇ ਵਜੋਂ ਵਰਤ ਰਹੇ ਹਨ। ਜੇ ਇਸ ਦਾ ਪੰਥਕ
ਪਧੱਰ ਤੇ ਫੌਰਨ ਸੁਧਾਰ ਨਾ ਕੀਤਾ ਗਿਆਂ ਤਾਂ ਗੁਰਦੁਆਰਾ ਸੰਸਥਾ ਦਾ ਆਪਣੇ ਅਸਲੀ ਮਨੋਰਥ (ਗੁਰਮਤਿ
ਪ੍ਰਚਾਰ) ਤੋਂ ਹਟ ਕੇ ਰਾਜਨੀਤੀ ਦਾ ਅਖਾੜਾ ਬਣ ਜਾਣ ਦਾ ਡਰ ਹੈ। ਗੁਰਦੁਆਰਾ ਪ੍ਰਬੰਧ ਵਿੱਚ ਆ
ਚੁਕੀਆਂ ਅਤੇ ਅਗੋਂ ਆਉਣ ਵਾਲੀਆਂ ਕੰਮਜੋਰੀਆਂ ਨੂੰ ਦੂਰ ਕਰਨ ਲਈ ਸਿੱਖ ਸੰਗਤ ਨੂੰ ਸੁਚੇਤ ਹੋਣ ਦੀ
ਲੋੜ ਹੈ ਤਾਂਕਿ ਇਨ੍ਹਾਂ ਕਮਜੋਰੀਆਂ ਨੂੰ ਗੁਰਮਤਿ ਸਿਧਾਂਤਾਂ ਦੇ ਅੰਤਰਗਤ ਦੂਰ ਕਰਨ ਦੇ ਉਪਰਾਲੇ
ਕੀਤੇ ਜਾ ਸਕਣ।
ਹਵਾਲੇ:----
1. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 444
2.” ““ ““ “94
3. ਵਾਰਾਂ ਭਾਈ ਗੁਰਦਾਸ ਜੀ, ਵਾਰ 4 ਪਾਊੜੀ 10 ਵੀਂ
|
. |