ੴ ਸਤਿ ਗੁਰ
ਪ੍ਰਸਾਦਿ
ਖੰਡੇ ਬਾਟੇ ਦੀ ਪਾਹੁਲ ਦੀ ਲੋੜ?
ਅੱਜ-ਕਲ ਸਿੱਖਾਂ ਵਿੱਚ ਆਮ ਹੀ ਇਹ
ਸਵਾਲ ਉਠਾਇਆ ਜਾਂਦਾ ਹੈ ਕਿ ਪਾਹੁਲ ਲੈਣ ਦੀ ਕੀ ਲੋੜ ਹੈ? ਅੱਜ ਦੇ ਹਾਲਾਤ ਵਿੱਚ ਪੰਜ ਕਕਾਰਾਂ, ਖਾਸ
ਕਰ ਕਿਰਪਾਨ ਦੀ ਕੀ ਲੋੜ ਹੈ? ਸੋਚਦਾ ਹਾਂ ਕਿ ਇਹ ਸਵਾਲ ਕਿਉਂ ਉਠਦੇ ਹਨ?
ਜਦ ਇਸ ਬਾਰੇ ਕੁੱਝ ਵਿਚਾਰ ਕਰਦਾ ਹਾਂ ਤਾਂ ਜੋ ਗੱਲਾਂ ਸਾਮ੍ਹਣੇ ਆਉਂਦੀਆਂ ਹਨ, ਉਹੀ ਅੱਜ ਪੰਥ ਦੀ
ਕਚਹਿਰੀ ਵਿੱਚ ਪੇਸ਼ ਕਰ ਰਿਹਾ ਹਾਂ।
ਸਭ ਤੋਂ ਪਹਿਲਾਂ ਤਾਂ ਇਹ ਗੱਲ ਸਾਮ੍ਹਣੇ ਆਉਂਦੀ ਹੈ ਕਿ ਪੁਜਾਰੀ ਲਾਣੇ ਦੇ, ਖੰਡੇ ਬਾਟੇ ਦੀ ਪਾਹੁਲ
ਨੂੰ ਅੰਮ੍ਰਤਿ ਬਣਾ ਕੇ ਪੁੱਠਾ ਗੇੜਾ ਦੇਣ ਕਾਰਨ ਹੀ ਇਹ ਸਵਾਲ ਪੈਦਾ ਹੋਇਆ ਹੈ। ਇਸ ਨੂੰ ਥੋੜ੍ਹਾ
ਵਿਸਤਾਰ ਨਾਲ ਸਮਝਣ ਲਈ, ਖੰਡੇ ਬਾਟੇ ਦੀ ਪਾਹੁਲ ਅਤੇ ਅੰਮ੍ਰਿਤ ਬਾਰੇ ਜਾਨਣ ਦੀ ਲੋੜ ਹੈ, ਆਉ
ਵਿਚਾਰੀਏ।
ਖੰਡੇ ਬਾਟੇ ਦੀ ਪਾਹੁਲ ਕੀ ਹੈ?
ਪਾਹੁਲ ਉਹ ਰਸਮ ਹੈ, ਜਿਸ ਵਿੱਚ ਬੰਦਾ ਪ੍ਰੱਣ ਕਰਦਾ ਹੈ ਕਿ ਅੱਜ ਮੈਂ ਸ਼ਬਦ ਗੁਰੂ ਦਾ ਸਿੱਖ ਬਣ ਗਿਆ
ਹਾਂ, ਅੱਜ ਤੋਂ ਮੈਂ ਗੁਰਬਾਣੀ ਦੀ ਸਿਖਿਆ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਾਂਗਾ। ਜਦ ਬੰਦਾ ਕਿਸੇ ਨਵੇਂ
ਰਾਹ ਤੇ ਚਲਦਾ ਹੈ, ਤਾਂ ਪੁਰਾਣੀਆਂ ਆਦਤਾਂ ਵੀ ਉਸ ਦੇ ਨਾਲ ਹੀ ਹੁੰਦੀਆਂ ਹਨ। ਬੰਦਾ ਹੌਲੀ ਹੌਲੀੋ
ਪੁਰਾਣੀਆਂ ਆਦਤਾਂ ਛਡ ਕੇ ਨਵੀਆਂ ਗ੍ਰਹਣ ਕਰਦਾ ਰਹਿੰਦਾ ਹੈ, ਇਸ ਦੌਰਾਨ ਹੋਈਆਂ ਗਲਤੀਆਂ ਬਾਰੇ
ਬਹੁਤਾ ਨੋਟਿਸ ਨਹੀਂ ਲਿਆ ਜਾਂਦਾ, ਕਿਉਂਕਿ ਮਾਇਆ ਦੇ ਪ੍ਰਭਾਵ ਹੇਠ, ਜੇ ਇਹ ਗਲਤੀਆਂ ਨਾ ਹੁੰਦੀਆਂ
ਤਾਂ ਨਵਾਂ ਰਾਹ ਅਪਨਾਉਣ ਦੀ ਲੋੜ ਕਿਉਂ ਪੈਂਦੀ?
ਬੰਦਾ ਗਲਤੀਆਂ ਦਾ ਪੁਤਲਾ ਹੈ, ਗਲਤੀਆਂ ਕਰਦਾ ਹੈ ਸ਼ਬਦ ਗੁਰੂ ਤੋਂ ਸੇਧ ਲੈ ਕੇ ਉਨ੍ਹਾਂ ਨੂੰ ਸੁਧਾਰਨ
ਦਾ ਯਤਨ ਰਦਾ ਹੈ। ਅਜਿਹੇ ਸ਼ੁਰੂਆਤੀ ਦੌਰ ਵਿੱਚ ਉਸ ਵਲੋਂ ਕੀਤੀਆਂ ਗਲਤੀਆਂ ਦੇ ਅਧਾਰ ਤੇ, ਉਸ ਨਾਲ
ਕੋਈ ਵੀ ਨਫਰਤ ਨਹੀਂ ਕਰੇਗਾ। ਪਰ ਪੁਜਾਰੀਆਂ ਨੇ ਇਸ ਨੂੰ ਅੰਮ੍ਰਿਤ ਬਣਾ ਕੇ ਅਜਿਹਾ ਪ੍ਰਭਾਵ ਦਿੱਤਾ
ਹੈ ਕਿ, ਅੰਮ੍ਰਿਤ ਛਕਣ ਮਗਰੋਂ ਜ਼ਾਹਰਾ ਕਲਾ ਵਰਤਦੀ ਹੈ, ਬੰਦਾ ਸਭ ਗਲਤੀਆਂ ਤੋਂ ਪਾਕ ਹੋ ਜਾਂਦਾ ਹੈ।
(ਜੋ ਕਿ ਕਿਸੇ ਹਾਲਤ ਵਿੱਚ ਵੀ ਸੰਭਵ ਨਹੀਂ ਹੈ) ਅਜਿਹੀ ਹਾਲਤ ਵਿੱਚ ਜੇ ਬੰਦਾ ਗਲਤੀਆਂ ਕਰੇਗਾ ਤਾਂ
ਉਸ ਬੰਦੇ ਦੇ ਨਾਲ ਨਾਲ ਉਸ ਪਰਕਿਰਿਆ ਨਾਲ ਵੀ ਨਫਰਤ ਹੋਵੇਗੀ, ਜਿਸ ਆਸਰੇ ਇਹ ਧਾਰਣਾ ਸਥਾਪਤ ਹੋਈ
ਹੋਵੇ।
ਅੰਮ੍ਰਿਤ ਕੀ ਹੈ?
ਅੰਮ੍ਰਿਤ, ਮੌਤ ਤੋਂ ਰਹਤ ਦੁਨੀਆਂ ਦੀ ਉਹ ਦੁਰਲੱਭ ਵਸਤ ਹੈ, ਜਿਸ ਨੂੰ ਸਿੱਖ ਨੇ ਲੱਭਣਾ ਹੈ, ਜਿਸ
ਨੂੰ ਪਰਾਪਤ ਕਰਨਾ ਹੈ, ਜੋ ਬੰਦੇ ਦੀ ਜ਼ਿੰਦਗੀ ਦਾ ਮਨੋਰਥ ਹੈ। ਪਰ ਬ੍ਰਾਹਮਣਵਾਦ ਤੋਂ ਪ੍ਰਭਾਵਤ
ਪੁਜਾਰੀਆਂ ਨੇ, ਪਾਹੁਲ ਨੂੰ ਹੀ ਅੰਮ੍ਰਿਤ ਬਣਾ ਧਰਿਆ। ਜਿਸ ਅਨੁਸਾਰ ਬੰਦਾ ਬਿਨਾ ਕਿਸੇ ਉਪਰਾਲੇ ਦੇ,
ਬਿਨਾ ਸ਼ਬਦ ਵਿਚਾਰ ਨਾਲ ਜੁੜਿਆਂ, ਡੇਰੇਦਾਰਾਂ ਦੇ ਨੌਕਰਾਂ (ਜਿਨ੍ਹਾਂ ਨੂੰ ਪੰਜ ਪਿਆਰਿਆਂ ਦਾ ਨਾਮ
ਦੇ ਕੇ, ਪੰਜ ਪਿਆਰਿਆਂ ਦੇ ਸਿਧਾਂਤ ਨੂੰ ਰੋਲਿਆ ਜਾਂਦਾ ਹੈ) ਵਲੋਂ ਕੀਤੇ ਡਰਾਮੇ ਆਸਰੇ ਅੰਮ੍ਰਿਤ
ਧਾਰੀ (ਰੱਬ ਨੂੰ ਮਿਲਿਆ ਹੋਇਆ) ਬਣ ਜਾਂਦਾ ਹੈ। ਜਿਸ ਬੰਦੇ ਨੂੰ ਜੀਵਨ ਵਿੱਚ ਹੋਏ ਕਿਸੇ ਸੁਧਾਰ ਤੋਂ
ਬਗੈਰ ਹੀ, ਰੱਬ ਨੂੰ ਮਿਲਿਆ ਹੋਇਆ ਮਿੱਥ ਲਿਆ ਜਾਵੇ, ਅਤੇ ਬੰਦਾ ਉਹੀ ਕੁਕਰਮ ਕਰਦਾ ਰਹੇ, ਜੋ ਇੱਕ
ਆਮ ਇਨਸਾਨ ਨੂੰ ਵੀ ਨਹੀਂ ਸੋਭਦੇ, ਤਾਂ ਉਸ ਬੰਦੇ ਦੇ ਨਾਲ ਨਾਲ, ਉਸ ਵਿੱਧੀ ਨਾਲ ਵੀ ਨਫਰਤ ਹੁੰਦੀ
ਹੈ, ਜੋ ਇੰਸਾਨੀਅਤ ਤੋਂ ਗਿਰੇ ਹੋਏ ਬੰਦੇ ਨੂੰ ਅਜਿਹੀ ਉੱਚ ਅਵਸਥਾ ਦਾ ਮਾਲਕ ਦਰਸਾਉਣ ਵਿੱਚ ਸਹਾਈ
ਹੁੰਦੀ ਹੈ।
ਉਹ ਡੇਰਦਾਰ, ਟਕਸਾਲੀਏ, ਧਾਰਮਕ ਕੇਂਦਰਾਂ ਦੇ ਮਾਲਕ, ਜੋ ਪੰਜ ਪਿਆਰੇ ਪਾਲ ਕੇ, ਉਨ੍ਹਾਂ ਆਸਰੇ ਕੌਮ
ਨੂੰ ਅੰਮ੍ਰਿਤ ਧਾਰੀ ਬਨਾਉਣ ਦੀਆਂ ਗਿਣਤੀਆਂ ਮਿਣਤੀਆਂ ਆਸਰੇ ਪੰਥ ਵਿੱਚ ਪਰਵਾਣਤ ਹੋ ਰਹੇ ਹਨ,
ਉਨ੍ਹਾਂ ਦੀਆਂ ਕਰਤੂਤਾਂ ਤਾਂ ਕਿਸੇ ਪਾਸਿਉਂ ਵੀ ਪਰਮਾਤਮਾ ਨਾਲ ਮਿਲਿਆਂ ਵਾਲੀਆਂ ਤਾਂ ਕੀ ਪਰਮਾਤਮਾ
ਦੇ ਰਾਹ ਦਾ ਸਫਰ ਸ਼ੁਰੂ ਕਰਨ ਵਾਲਿਆਂ ਵਰਗੀਆਂ ਵੀ ਨਹੀਂ ਹੁੰਦੀਆਂ, ਉਨ੍ਹਾਂ ਦੇ ਬਹੁਤ ਸਾਰੇ ਨੀਚਾਂ
ਤੋਂ ਵੀ ਨੀਚ ਕਰਮ, ਅਕਸਰ ਉਘੜਦੇ ਰਹਿਂਦੇ ਹਨ। ਫਿਰ ਵੀ ਉਹ ਅਪਣੇ ਚੇਲਿਆਂ ਆਸਰੇ, ਅਪਣੇ ਆਪ ਨੂੰ
ਰੱਬ ਨੂੰ ਮਿਲਿਆ ਹੀ ਨਹੀਂ, ਰੱਬ ਦੇ ਬਰਾਬਰ ਵੀ ਨਹੀਂ, ਰੱਬ ਤੋਂ ਕਿਤੇ ਉਚੇ, ਪਰਮਾਤਮਾ ਦੇ ਬਣਾਏ
ਅਟੱਲ ਨਿਯਮ-ਕਾਨੂਨਾਂ ਨੂੰ ਬਦਲਣ ਦੇ ਸਮਰੱਥ ਪਰਚਾਰਦੇ ਹਨ। ਅਜਿਹੀ ਹਾਲਤ ਵਿੱਚ ਅੰਮ੍ਰਿਤ ਧਾਰੀਆਂ
(ਰੱਬ ਨੂੰ ਮਿਲਿਆਂ) ਦਾ ਅਕਸ ਲੋਕਾਂ ਸਾਹਵੇਂ, ਬੜੇ ਨੀਵੇਂ ਪੱਧਰ ਦਾ ਸਥਾਪਤ ਹੁੰਦਾ ਹੈ। ਜਿਸ ਕਾਰਨ
ਆਮ ਬੰਦਾ ਉਨ੍ਹਾਂ ਦੀ ਕਤਾਰ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ।
ਇੱਕ ਹੋਰ ਪਰਮੁੱਖ ਕਾਰਨ ਹੈ ਪਾਹੁਲ ਤੇ ਕਿੰਤੂ ਕਰਨ ਦਾ,
ਬ੍ਰਾਹਮਣ ਵਾਦੀ ਪ੍ਰਭਾਵ ਹੇਠ ਗੁਰੂ ਸਾਜਿਬ ਵਲੋਂ ਰੱਦ ਕੀਤੇ ਵਰਨਵੰਡ ਨੂੰ ਅਸੀਂ ਪੂਰੀ ਤਰ੍ਹਾਂ
ਮਾਨਤਾ ਦੇ ਚੁੱਕੇ ਹਾਂ, ਅਸੀਂ ਇਹ ਕਬੂਲ ਕਰ ਲਿਆ ਹੈ ਕਿ ਜਿਵੇਂ ਬ੍ਰਾਹਮਣ ਦੇ ਘਰ ਜੰਮਿਆ, ਬ੍ਰਾਹਮਣ
ਹੁੰਦਾ ਹੈ। ਖੱਤਰੀ ਦੇ ਘਰ ਜੰਮਿਆ, ਖੱਤਰੀ ਹੁੰਦਾ ਹੈ। ਵੈਸ਼ ਦੇ ਘਰ ਜੰਮਿਆ, ਵੈਸ਼ ਹੁੰਦਾ ਹੈ। ਸ਼ੂਦਰ
ਦੇ ਘਰ ਜੰਮਿਆ, ਸ਼ੂਦਰ ਹੁੰਦਾ ਹੈ, ਇਵੇਂ ਹੀ ਸਿੱਖ ਦੇ ਘਰ ਜੰਮਿਆ, ਸਿੱਖ ਹੁੰਦਾ ਹੈ। ਫਿਰ ਕੋਈ
ਖੰਡੇ ਦੀ ਪਾਹੁਲ ਲਵੇ ਜਾਂ ਨਾ ਲਵੇ, ਉਹ ਜੋ ਮਰਜ਼ੀ ਕਰਦਾ ਰਹੇ, ਸਿੱਖ ਤਾਂ ਉਹ ਹੈ ਹੀ।
ਮਾਇਆ ਦੇ ਪਸਾਰੇ ਕਾਰਨ, ਬਾਣੀ ਦੀ ਸੇਧ ਤੋਂ ਸੱਖਣੇ, ਹਉਮੈ ਭਰਪੂਰ, ਸਿੱਖ ਦੇ ਘਰ ਜੰਮ ਕੇ, ਮਾਇਆ
ਆਸਰੇ, ਸਿੱਖ ਹੀ ਨਹੀਂ, ਸਿੱਖਾਂ ਦੇ ਲੀਡਰ ਬਣ ਕੇ, ਸਿੱਖ ਸੰਸਥਾਵਾਂ ਤੇ ਕਬਜ਼ਾ ਕਰ ਕੇ, ਹਰ ਕੋਈ
ਅਪਣੀ ਮਨ ਮਰਜ਼ੀ ਦੀ ਸਿੱਖੀ ਸਥਾਪਤ ਕਰ ਰਿਹਾ ਹੈ। ਸਿਧਾਂਤ ਨੂੰ ਤਿਆਗ, ਦੇਹਾਂ ਨਾਲ ਜੁੜ ਕੇ, ਨਾਨਕ
ਜਾਮਿਆਂ, ਨਾਨਕ ਦੇ ਅੰਗ ਵਿੱਚ ਵੰਡੀਆਂ ਪਾਉਂਦੇ, (ਬਾਬਾ ਨਾਨਕ ਨੇ ਸਿਧਾਂਤ ਦਿੱਤਾ ਸੀ ਕਿ ਇਹ ਭਾਈ
ਲਹਣਾ, ਮੇਰੇ ਨਾਲੋਂ ਵੱਖਰੀ ਕੋਈ ਹਸਤੀ ਨਹੀਂ, ਮੇਰਾ ਅੰਗ ਹੀ ਹੈ। ਏਸੇ ਅਧਾਰ ਤੇ ਗੁਰੂ ਗ੍ਰੰਥ
ਸਾਹਿਬ ਵਿਚ, ਸਿਰਫ ਨਾਨਕ ਦੀ ਗੱਲ ਆਉਂਦੀ ਹੈ।) ਉਨ੍ਹਾਂ ਦੇ ਅਧਾਰ ਤੇ ਗੁਰਦਵਾਰਿਆਂ ਵਿੱਚ ਵੰਡੀਆਂ
ਪਾ ਕੇ ਆਪੋ ਅਪਣੀ ਸਿੱਖੀ ਪਰਚਾਰ ਰਹੇ ਹਨ।
ਅਜਿਹੀ ਹਾਲਤ ਵਿਚ, ਗੁਰੂ ਵਲੋਂ ਦਿੱਤੇ ਸਿਧਾਂਤ ਨਾਲ ਜੋੜਨ ਲਈ, ਸਾਰਿਆਂ ਨੂੰ ਇੱਕ ਲੜੀ ਵਿੱਚ ਪਰੋਣ
ਲਈ, ਕੋਈ ਢੰਗ ਤਾਂ ਅਪਨਾਉਣਾ ਹੀ ਪਵੇਗਾ, ਫਿਰ ਉਸ ਦੇ ਨਾਮ, ਖੰਡੇ ਬਾਟੇ ਦੀ ਪਾਹੁਲ ਵਿੱਚ ਕੀ ਗਲਤੀ
ਹੈ?
ਪੰਜ ਕਕਾਰਾਂ ਵਿਚੋਂ ਕਿਰਪਾਨ ਬਾਰੇ ਵਿਚਾਰ।
ਕਿਰਪਾਨ ਇੱਕ ਸ਼ਸਤ੍ਰ ਹੈ, ਜਿਸ ਨੂੰ ਬੜੀ ਚਤਰਾਈ ਨਾਲ, ਸਿੱਖੀ ਦਾ ਚਿੰਨ੍ਹ ਬਣਾ ਦਿੱਤਾ ਗਿਆ ਹੈ, ਇਸ
ਦੀ ਲੰਬਾਈ ਵੀ ਇੱਕ ਸੈਂਟੀ ਮੀਟਰ ਤਕ ਅਪੜਾ ਦਿੱਤੀ ਗਈ ਹੈ। ਬਹੁਤ ਸਾਰੀਆਂ ਮਿਸਾਲਾਂ ਸਾਮ੍ਹਣੇ ਹਨ,
ਜਿਨ੍ਹਾਂ ਵਿੱਚ (ਮੌਜੂਦਾ ਸਮੇ) ਬੱਚੀਆਂ ਨੇ ਇਸ ਸ਼ਸਤ੍ਰ ਆਸਰੇ ਅਪਣੀ ਇਜ਼ਤ ਬਚਾਈ, ਸਿੱਖਾਂ ਨੇ
ਪਰਾਈਆਂ ਬੱਚੀਆਂ ਦੀ ਇਜ਼ਤ ਬਚਾਈ। ਇਸ ਨੂੰ ਰੱਦ ਕਰ ਕੇ ਮੌਜੂਦਾ ਸ਼ਸਤਰਾਂ ਦੀ ਗੱਲ ਕਰਨ ਵਾਲਿਆਂ ਨੂੰ
ਇਹ ਗਿਆਨ ਹੋਣਾ ਚਾਹੀਦਾ ਹੈ ਕਿ ਪੁਰਾਤਨ ਸਿੱਖਾਂ ਕੋਲ ਕਿਰਪਾਨ ਦੇ ਨਾਲ ਨਾਲ ਹੋਰ ਵੀ ਸ਼ਸਤ੍ਰ ਹੁੰਦੇ
ਸਨ, ਤੁਸੀਂ ਵੀ ਜੋ ਮਰਜ਼ੀ ਹੋਰ ਰੱਖੋ ਪਰ ਕਿਰਪਾਨ ਨੁੰ ਰੱਦ ਕਰ ਕੇ ਨਹੀਂ। ਹਰ ਵੱਡੀ ਤੋਂ ਵੱਡੀ
ਲੜਾਈ ਦਾ ਅੰਤ, ਹਥੋ-ਹੱਥ ਲੜਾਈ ਨਾਲ ਹੁੰਦਾ ਹੈ, ਜਿਸ ਲਈ ਕਿਰਪਾਨ ਇੱਕ ਵਧੀਆ ਸ਼ਸਤ੍ਰ ਹੈ।
ਜੇ ਅਸੀਂ ਸਿੱਖੀ ਨੂੰ ਸੀਮਤ ਦਾਇਰੇ ਵਿਚੋਂ ਕੱਢ ਕੇ, ਦੁਨੀਆ ਵਿੱਚ ਪਰਚਾਰਨਾ ਹੈ ਤਾਂ
ਬ੍ਰਾਹਮਣਵਾਦੀ, ਵਰਨ ਵੰਡ ਦੇ ਫਲਸਫੇ ਨੂੰ ਰੱਦ ਕਰ ਕੇ, ਦੁਨੀਆ ਦੇ ਹਰ ਬੰਦੇ ਨੂੰ ਇੱਕ ਸਮਾਨ
ਸਮਝਦੇ, ਉਨ੍ਹਾਂ ਦੇ ਸਿੱਖੀ ਵਿੱਚ ਪਰਵੇਸ਼ ਦੀ ਕੋਈ ਵਿੱਧੀ ਤਾਂ ਬਨਾਉਣੀ ਹੀ ਪਵੇਗੀ। ਪੁਜਾਰੀਆਂ ਦੇ
ਇਹ ਕੇਵਲ ਖਾਲੀ ਗਪੌੜੇ ਹੀ ਹਨ ਕਿ ਅੰਮ੍ਰਿਤ ਛਕਣ ਨਾਲ ਜ਼ਾਹਰਾ ਕਲਾ ਵਾਪਰਦੀ ਹੈ।
ਜ਼ਾਹਰਾ ਕਲਾ ਸਿਰਫ ਤੇ ਸਿਰਫ ਗੁਰਬਾਣੀ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਢਾਲਿਆਂ ਹੀ ਵਾਪਰਦੀ ਹੈ।
ਆਰਿਆਂ ਨਾਲ ਚੀਰੇ ਜਾਣਾ, ਦੇਗਾਂ ਵਿੱਚ ਉਬਾਲੇ ਖਾ ਲੈਣੇ, ਡੰਡਿਆਂ ਅਤੇ ਖੁਰਪਿਆਂ ਨਾਲ ਹਿੰਦੂ
ਰਾਜਿਆਂ ਦੀਆਂ ਸਿਖਿਆ ਪਰਾਪਤ ਫੌਜਾਂ ਨੂੰ ਹਰਾ ਦੇਣਾ, ਪਾਤਸ਼ਾਹ ਹਰਗੋਬਿੰਦ ਸਾਹਿਬ ਵੇਲੇ ਦੀਆਂ,
ਚਾਰੇ ਜੰਗਾਂ ਜਿੱਤ ਲੈਣੀਆਂ ਤਾਂ ਉਸ ਵੇਲੇ ਦੀ ਜ਼ਾਹਰਾ ਕਲਾ ਹੈ ਜਦ ਅਜੇ ਖੰਡੇ ਦੀ ਪਾਹੁਲ ਦੀ ਕੋਈ
ਗੱਲ ਵੀ ਨਹੀਂ ਸੀ। ਨੀਹਾਂ ਵਿੱਚ ਚੁਣੇ ਜਾਣਾ, ਬੰਦ ਬੰਦ ਕਟਵਾ ਲੈਣੇ, ਖੋਪੜੀਆਂ ਲੁਹਾ ਲੈਣੀਆਂ,
ਚਰਖੜੀਆਂ ਤੇ ਤੂੰਬਾ ਤੂੰਬਾ ਹੋ ਜਾਣਾ, ਬੱਚਿਆਂ ਦੇ ਟੋਟੇ ਕਰਵਾ ਕੇ ਝੋਲੀਆਂ ਵਿੱਚ ਪਵਾ ਲੈਣੇ, ਆਦਿ
ਲੱਖਾਂ ਮਿਸਾਲਾਂ ਉਸ ਵੇਲੇ ਦੀਆਂ ਹਨ ਜਦ ਅਜੇ ਇਹ ਖੰਡੇ ਬਾਟੇ ਦੀ ਪਾਹੁਲ ਹੀ ਸੀ, ਅੰਮ੍ਰਿਤ ਨਹੀਂ
ਬਣਿਆ ਸੀ। ਇਹ ਸਭ ਗੁਰਬਾਣੀ ਸਿਧਾਂਤ ਨੂੰ ਸਮਝਣ ਦਾ ਹੀ ਸਿੱਟਾ ਸੀ। ਕਿਸੇ ਕਲਪਿਤ ਅੰਮ੍ਰਿਤ ਨੂੰ
ਪੀਣ ਦਾ ਨਹੀਂ।
ਆਉ ਅਜਿਹੇ ਸਿਧਾਂਤ ਨੂੰ, ਜਿਸ ਨਾਲ ਦੁਨੀਆ ਦੇ ਕਿਸੇ ਵੀ ਬੰਦੇ ਨੂੰ ਸਿੱਖੀ ਵਿੱਚ ਪਰਵੇਸ਼ ਮਿਲ ਸਕਦਾ
ਹੋਵੇ, ਰੱਦ ਕਰਨ ਦੀ ਥਾਂ, ਸਤਿਕਾਰ ਨਾਲ ਲਾਗੂ ਕਰੀਏ।
ਅਮਰ ਜੀਤ ਸਿੰਘ ਚੰਦੀ
ਫੋਨ: ੯੭੫੬੨੬੪੬੨੧.