.

ਸਿੱਖ ਪੁਨਰਜਾਗਰਨ ਲਹਿਰ:

ਹੁਣ ਕੀ ਹੋਣਾ ਚਾਹੀਦਾ ਹੈ?

ਸੰਨ 1990 ਦੇ ਆਸ-ਪਾਸ ਸ਼ੁਰੂ ਹੋਈ, ਪੁਨਰਜਾਗਰਨ ਲਹਿਰ ਵਿੱਚ ਪੰਥ ਵਿਰੋਧੀ ਸੰਪਰਦਾਈ ਤਾਕਤਾਂ ਦੇ ਇਸ਼ਾਰੇ `ਤੇ ਪੁਜਾਰੀਆਂ ਵੱਲੋਂ ਪ੍ਰੋ. ਦਰਸ਼ਨ ਸਿੰਘ ਜੀ ਨੂੰ ਆਪਣੇ ਪੰਥ ਵਿਚੋਂ ਛੇਕ ਦੇਣ ਦੇ ‘ਕੂੜਨਾਮੇ’ ਨਾਲ ਇੱਕ ਨਿਰਣਾਇਕ ਜੋਸ਼ ਆ ਗਿਆ ਹੈ। ਪੰਥ ਦੇ ਵੱਡੇ (ਜਾਗਰੂਕ) ਹਿੱਸੇ ਵੱਲੋਂ ਥਾਂ-ਥਾਂ ਇਸ ‘ਕੂੜਨਾਮੇ’ ਨੂੰ ਮੁੱਢੋਂ ਹੀ ਰੱਦ ਕਰਨਾ ਇਸ ਜੋਸ਼ ਦਾ ਜਿੰਦਾ-ਜਾਗਦਾ ਸਬੂਤ ਹੈ। ‘ਪੁਨਰਜਾਗਰਨ ਲਹਿਰ’ ਸਿੰਘ ਸਭਾ ਲਹਿਰ ਤੋਂ ਬਾਅਦ ਐਸਾ ਜੋਸ਼ ਪਹਿਲਾਂ ਕਦੀਂ ਵੇਖਣ ਨੂੰ ਨਹੀਂ ਸੀ ਮਿਲਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਾਗਰੂਕਤਾ ਦਾ ਇਹ ਮਾਹੋਲ ਤਿਆਰ ਕਰਨ ਦਾ ਮੁੱਖ ਆਧਾਰ ਸ. ਗੁਰਬਖਸ਼ ਸਿੰਘ ਜੀ ‘ਕਾਲਾ ਅਫਗਾਨਾ’ ਵੱਲੋਂ ਲਿਖੀ ਪੁਸਤਕ ਲੜੀ “ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ’ ਹੈ।

ਪਰ ਇਹ ਵੀ ਸੱਚ ਹੈ ਕਿ ਪੁਨਰਜਾਗਰਨ ਲਹਿਰ ਲਈ ਇਹ ਸਮਾਂ ਬਹੁਤ ਹੀ ਨਾਜ਼ੁਕ ਅਤੇ ਢੁੱਕਵਾਂ ਵੀ ਹੈ, ਜੇ ਇਸ ਸਮੇਂ ਇਸ ਲਹਿਰ ਨੂੰ ਠੀਕ ਤਰੀਕੇ ਨਾਲ ਸੰਭਾਲਿਆ ਅਤੇ ਤੋਰਿਆ ਗਿਆ। ਇਸ ਸਮੇਂ ਲਏ ਗਏ ਫੈਸਲੇ ‘ਗੁਰਮਤਿ’ ਦਾ ਭਵਿੱਖ ਤੈਅ ਕਰਨਗੇ। ਇਸ ਕਰਕੇ ਲੋੜ ਹੈ ਕਿ ਇਸ ਸਮੇਂ ਇਸ ਲਹਿਰ ਨੂੰ ਬਹੁਤ ਹੀ ਗੰਭੀਰਤਾ ਅਤੇ ਸੁਹੀਰਦਤਾ ਨਾਲ ਸੰਭਾਲਿਆ ਅਤੇ ਤੋਰਿਆ ਜਾਵੇ। ਇਸ ਵਿਸ਼ੇ ਵਿੱਚ ‘ਤੱਤ ਗੁਰਮਤਿ ਪਰਿਵਾਰ’ ਪੂਰੀ ਗੰਭੀਰਤਾ, ਸੁਹੀਰਦਤਾ ਅਤੇ ਇਮਾਨਦਾਰੀ ਨਾਲ ਪੰਥਦਰਦੀਆਂ ਸਾਹਮਣੇ ਕੁੱਝ ਵਿਚਾਰ ਸਾਂਝੇ ਕਰਨਾ ਚਾਹੁੰਦਾ ਹੈ।

ਕਿਸੇ ਵੀ ਲਹਿਰ ਦੀ ਸਫਲਤਾ ਲਈ ਕੁਝ-ਕੁਝ ਤਾਕਤਾਂ, ਮਜ਼ਬੂਤ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਦੀ ਮਜ਼ਬੂਤ ਅਗਵਾਈ ਦੀ ਜ਼ਰੂਰਤ ਹੁੰਦੀ ਹੈ। ਇਸ ਵਿੱਚ ਕੁੱਝ ਪ੍ਰਿਸ਼ਟਭੂਮੀ ਵਿੱਚ ਰਹਿ ਕੇ ਅਤੇ ਕੁੱਝ ਸਾਹਮਣੇ ਹੋ ਕੇ ਅਗਵਾਈ ਕਰਦੇ ਹਨ। ਉਪਰੋਕਤ ਹਾਲਾਤ ਵਿੱਚ ਅਸੀਂ ਮੌਜੂਦਾ ਲਹਿਰ ਦੀ ਅਗਵਾਈ ਲਈ ਤਿੰਨ ਧਿਰਾਂ ਦੀ ਲੋੜ ਨੂੰ ਸ਼ਿਦੱਤ ਨਾਲ ਮਹਿਸੂਸ ਕਰਦੇ ਹਾਂ।

(1) ਧਾਰਮਿਕ ਧਿਰ (2) ਰਾਜਨੀਤਕ ਧਿਰ (3) ਮੀਡੀਆ ਧਿਰ

(1) ਪਹਿਲਾਂ ਗੱਲ ਕਰਦੇ ਹਾਂ ਇਸ ਲਹਿਰ ਨਾਲ ਸਬੰਧਿਤ ਇਨ੍ਹਾਂ ਤਿੰਨਾਂ ਧਿਰਾਂ ਦੀਆਂ ਮੁੱਖ ਸ਼ਖਸ਼ੀਅਤਾਂ ਦੀ।

(ਪਹਿਲੀ) ਪ੍ਰੋ. ਦਰਸ਼ਨ ਸਿੰਘ ਜੀ ਦੀ ਅਗਵਾਈ ਵਿੱਚ ਤੱਤ ਗੁਰਮਤਿ ਨੂੰ ਸਮਰਪਿਤ ਸੰਸਥਾਵਾਂ ਅਤੇ ਸ਼ਖਸ਼ੀਅਤਾਂ।

(ਦੂਜੀ) ਸ. ਪਰਮਜੀਤ ਸਿੰਘ ਜੀ (ਸਰਨਾ) ਦੀ ਅਗਵਾਈ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ।

(ਤੀਜੀ) ਪ੍ਰਚਾਰ ਅਤੇ ਪ੍ਰਸਾਰ ਦੇ ਖੇਤਰ ਵਿੱਚ ਆਦਰਸ਼ ਮੀਡੀਏ ਦਾ ਰੋਲ ਨਿਭਾਉਣ ਲਈ ‘ਰੋਜ਼ਾਨਾ ਸਪੋਕਸਮੈਨ’, ‘ਇੰਡੀਆ ਅਵੇਅਰਨੈਸ’ ਅਤੇ ‘ਸਿਖ ਮਾਰਗ’ ਵਰਗੀਆਂ ਵੈਬਸਾਈਟਾਂ ਦੀ ਸਲਾਹੁਣਯੋਗ ਭੂਮਿਕਾ।

(2) ਇਨ੍ਹਾਂ ਤਿੰਨਾਂ ਹੀ ਧਿਰਾਂ ਨੂੰ ਗੰਭੀਰ, ਸੁਹਿਰਦ, ਨਿਸ਼ਕਾਮ ਅਤੇ ਦ੍ਰਿੜ ਹੋ ਕੇ ਚਲਣ ਦੀ ਲੋੜ ਹੈ। ਬੇਸ਼ੱਕ ਪਰਮਜੀਤ ਸਿੰਘ ਜੀ (ਸਰਨਾ) ਇੱਕ ਰਾਜਨੀਤਿਕ ਵਿਅਕਤੀ ਹਨ ਅਤੇ ਮੋਜੂਦਾ ਸਮੇਂ ਦੇ ਜ਼ਿਆਦਾਤਰ ਰਾਜਨੀਤਿਕਾਂ ਦੀਆਂ ਜ਼ਿਆਦਾਤਰ ਕਮਜ਼ੋਰੀਆਂ ਇਨ੍ਹਾਂ ਵਿੱਚ ਵੀ ਹਨ। ਪਰ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇਸ ਸਮੇਂ ਵਿੱਚ ਜਾਗ੍ਰਿਤੀ ਲਹਿਰ ਦਾ ਵੱਧ ਤੋਂ ਵੱਧ ਸਮਰਥਨ ਕਰਨ ਵਾਲੇ ਰਸੂਖੀ ਰਾਜਨੀਤਕ ਲੀਡਰਾਂ ਵਿਚੋਂ ਸਰਵੋਤਮ ਹਨ। ਜੇ ਉਹ, ਕਿਸੇ ਮਜਬੂਰੀ ਕਾਰਨ ਖੁੱਲ ਕੇ ‘ਜੱਥੇਦਾਰਾਂ’ ਦੀ ਸੰਸਥਾ ਦਾ ਵਿਰੋਧ ਨਹੀਂ ਕਰ ਸਕਦੇ ਤਾਂ ਕੋਈ ਗੱਲ ਨਹੀਂ ਪਰ ਉਨ੍ਹਾਂ ਨੂੰ ਪ੍ਰੋ. ਦਰਸ਼ਨ ਸਿੰਘ ਜੀ ਦੀ ਅਗਵਾਈ ਵਾਲੀ ਲਹਿਰ ਦਾ ਆਰਥਿਕ ਅਤੇ ਹੋਰ ਤਰੀਕਿਆਂ ਨਾਲ ਪੂਰਨ ਸਹਿਯੋਗ ਕਰਨਾ ਚਾਹੀਦਾ ਹੈ। ਮੀਡੀਆ ਦੀ ਧਿਰ ਸ. ਜੋਗਿੰਦਰ ਸਿੰਘ ਜੀ ਦੇ ਪ੍ਰਬੰਧ ਹੇਠ ‘ਰੋਜ਼ਾਨਾ ਸਪੋਕਸਮੈਨ’ ਵਲੋਂ ਨਿਭਾਏ ਜਾ ਰਹੇ ਰੋਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਸ. ਜੋਗਿੰਦਰ ਸਿੰਘ ਜੀ ਨੂੰ ਨਿਸ਼ਕਾਮ, ਨਿਰਪੱਖ ਅਤੇ ਸੁਹਿਰਦਤਾ ਦਾ ਪੱਲਾ ਘੁੱਟ ਕੇ ਫੜਨਾ ਚਾਹੀਦਾ ਹੈ। ਪੰਥਕ ਜਾਗ੍ਰਿਤੀ ਵਿੱਚ ਵਿਚਰ ਰਹੀਆਂ ਮੈਗਜ਼ੀਨਾਂ ਅਤੇ ਸੰਸਥਾਵਾਂ ਪ੍ਰਤੀ ਨਿਰਪੱਖ ਸਹਿਯੋਗ ਵਾਲਾ ਵਤੀਰਾ ਅਪਨਾਉਣਾ ਚਾਹੀਦਾ ਹੈ।

ਜਾਗ੍ਰਿਤੀ ਲਹਿਰ ਦੀ ਅਗਵਾਈ ਲਈ ਮੋਜੂਦਾ ਸਮੇਂ ਵਿੱਚ ਸਭ ਤੋਂ ਪ੍ਰਵਾਨਿਤ ਅਤੇ ਕਾਬਲ ਸ਼ਖਸ਼ੀਅਤ ਪ੍ਰੋ. ਦਰਸ਼ਨ ਸਿੰਘ ਜੀ ਹਨ। ਪਰ ਉਨ੍ਹਾਂ ਨੂੰ ਵੀ ਇੰਨਾ ਕੁੱਝ ਹੋਣ ਤੋਂ ਬਾਅਦ ਕੌਮ ਨੂੰ ਬਾਰ-ਬਾਰ ਦੀ ਖਜੱਲ-ਖੁਆਰੀ ਤੋਂ ਬਚਾਉਣ ਲਈ ਗੁਰਮਤਿ ਸਿਧਾਂਤਾਂ ਤੋਂ ਸੱਖਣੀ ਵਿਚਾਰਧਾਰਾ ਨਾਲ ਸਬੰਧਿਤ ਮਸਲੇ ਅਤੇ ਮੁੱਦੇ ਇਕੋ ਵਾਰ ਉਭਾਰ ਕੇ ਉਨ੍ਹਾਂ ਦੇ ਹੱਲ ਲਈ ਦ੍ਰਿੜ ਸੰਕਲਪ ਹੋਣਾ ਪਵੇਗਾ।

ਹੁਣ ਕੀ ਹੋਣਾ ਚਾਹੀਦਾ ਹੈ:-

‘ਤੱਤ ਗੁਰਮਤਿ ਪਰਿਵਾਰ’ ਇਸ ਘਟਨਾਕ੍ਰਮ ਦੀ ਸ਼ੁਰੂਆਤ ਤੋਂ ਹੀ ਦ੍ਰਿੜਤਾ ਨਾਲ ਸਲਾਹ ਦਿੰਦਾ ਰਿਹਾ ਹੈ ਕਿ ਇਸ ਸਮੇਂ ਜਾਗਰੂਕ ਸਿੱਖਾਂ ਦੀ ‘ਪੰਥਕ ਕਨਵੈਨਸ਼ਨ’ (ਸਰਬੱਤ ਖ਼ਾਲਸਾ) ਬੁਲਾਉਣੀ ਜ਼ਰੂਰੀ ਹੈ। ਸੰਪਰਦਾਈ, ਬ੍ਰਾਹਮਣੀ ਅਤੇ ਪੁਜਾਰੀਵਾਦੀ ਤਾਕਤਾਂ ਨੂੰ ਇਸ ‘ਕਨਵੈਨਸ਼ਨ’ ਰਾਹੀਂ ‘ਸ਼ਕਤੀ ਪ੍ਰਦਰਸ਼ਨ’ ਵਿਖਾਉਣਾ ਬਹੁਤ ਹੀ ਜ਼ਰੂਰੀ ਹੈ, ਜਿਸ ਨਾਲ ਉਨ੍ਹਾਂ ਦਾ ਵਹਿਮ ਖਤਮ ਹੋ ਜਾਵੇ ਕਿ ‘ਪੰਥ’ ਉਨ੍ਹਾਂ ਦੇ ਗਲਤ ਫੈਸਲਿਆਂ ਦਾ ਸਮਰਥਨ ਕਰਦਾ ਹੈ। ਪਰ ਇਹ ‘ਕਨਵੈਨਸ਼ਨ’ ਬਹੁਤ ਹੀ ਗੰਭੀਰਤਾ, ਸੁਹਿਰਦਤਾ ਅਤੇ ਯੋਜਨਾਬੱਧ ਹੋਣੀ ਚਾਹੀਦੀ ਹੈ ਨਾ ਕਿ ਆਮ ਪੰਥਕ ਇਕੱਠਾਂ ਦੀ ਤਰ੍ਹਾਂ ਮੌਜ-ਮੇਲੇ ਵਾਂਗ ਹੋਵੇ। ਇਸ ਵਿਸ਼ੇ ਵਿੱਚ ਪਿਛਲੇ ਦਿਨੀਂ ਪ੍ਰੋ. ਦਰਸ਼ਨ ਸਿੰਘ ਜੀ ਵਲੋਂ ਮੀਡੀਆ ਵਿੱਚ ਦਿੱਤਾ ਉਹ ਬਿਆਨ ਬਹੁਤ ਹੀ ਕਾਬਲੇ ਗ਼ੌਰ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ “ਇਸ ਸਮੇਂ ਸਰਬੱਤ ਖ਼ਾਲਸਾ ਬੁਲਾਉਣਾ ਬੇਹੱਦ ਜ਼ਰੂਰੀ ਹੈ, ਪਰ ਉਸ ਤੋਂ ਪਹਿਲਾਂ ਇਹ ਤੈਅ ਕਰਨਾ ਹੋਰ ਵੀ ਜ਼ਰੂਰੀ ਹੈ ਕਿ ਉਸ ‘ਸਰਬੱਤ ਖ਼ਾਲਸਾ’ ਦੇ ਮੁੱਦੇ ਕੀ ਹੋਣ? ਇਹ ਵਿਚਾਰ ਸੱਚ-ਮੁੱਚ ਬਹੁਤ ਹੀ ਜ਼ਰੂਰੀ ਹੈ, ਵਰਨਾ ਜ਼ਿਆਦਾਤਰ ਇਕੱਠ, ਪਹਿਲਾਂ ਮੁੱਦੇ ਤੈਅ ਕੀਤੇ ਬਿਨਾਂ ਹੀ ਹੁੰਦੇ ਹਨ ਅਤੇ ਅਗਾਂਹ ਅਗਵਾਈ ਦੇਣ ਤੋਂ ਨਾਕਾਮਯਾਬ ਰਹਿੰਦੇ ਹਨ।

ਇਸ ਬਾਰੇ ਕੀ ਹੋਣਾ ਚਾਹੀਦਾ ਹੈ?

ਇਸ ਲਈ ਜ਼ਰੂਰੀ ਹੈ ਕਿ ਪੰਥਕ ਕਨਵੈਨਸ਼ਨ (ਸਰਬੱਤ ਖ਼ਾਲਸਾ) ਕਰਨ ਤੋਂ ਪਹਿਲਾਂ ਜਾਗਰੂਕ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਦੇ ਨੁਮਾਇੰਦਿਆਂ ਦੀ ਇੱਕ ਬੰਦ ਕਮਰਾ ਮੀਟਿੰਗ ਬੁਲਾਈ ਜਾਵੇ। ਇਸ ਮੀਟਿੰਗ ਵਿੱਚ ਬਲਾਉਣ ਵਾਲਿਆਂ ਨੂੰ ਪਹਿਲਾਂ ਸੂਚਿਤ ਕੀਤਾ ਜਾਵੇ ਕਿ ਉਹ ਲਿਖਤੀ ਰੂਪ ਵਿੱਚ ਲਿਖ ਕੇ ਲਿਆਉਣ ਕਿ ਇਸ ‘ਸਰਬੱਤ ਖ਼ਾਲਸਾ’ ਵਾਸਤੇ ਕੀ-ਕੀ ਮੁੱਦੇ ਹੋਣੇ ਚਾਹੀਦੇ ਹਨ। ਇਸ ਮੀਟਿੰਗ ਵਿੱਚ ਸਭ ਨੁਮਾਇੰਦਿਆਂ ਵਲੋਂ ਸਿਰ-ਜੋੜ ਕੇ, ਨਿਸ਼ਕਾਮ ਅਤੇ ਸੁਹਿਰਦਤਾ ਨਾਲ, ਖੁੱਲੀਆਂ ਵਿਚਾਰਾਂ ਕੀਤੀਆਂ ਜਾਣ ਅਤੇ ਗੁਰਮਤਿ ਸਿਧਾਂਤਾਂ ਦੀ ਰੋਸ਼ਨੀ ਵਿੱਚ ਸਰਬਸੰਮਤੀ ਨਾਲ ਉਹ ਮੁੱਦੇ ਤੈਅ ਕੀਤੇ ਜਾਣ, ਜੋ ‘ਸਰਬੱਤ ਖ਼ਾਲਸਾ’ ਵਿੱਚ ਪੇਸ਼ ਕੀਤੇ ਜਾਣੇ ਹਨ। ਨਾਲ ਹੀ ਜਾਗ੍ਰਿਤੀ ਲਹਿਰ ਦੀ ਰੂਪ-ਰੇਖਾ ਵੀ ਤੈਅ ਕੀਤੀ ਜਾਵੇ ਅਤੇ ‘ਸਰਬੱਤ ਖ਼ਾਲਸਾ’ ਤੋਂ ਉਸ ਦੀ ਪ੍ਰਵਾਨਗੀ ਲਈ ਜਾਵੇ।

ਇਸ ਸਬੰਧੀ ‘ਤੱਤ ਗੁਰਮਤਿ ਪਰਿਵਾਰ’ ਆਪਣੇ ਵਿਚਾਰ ਸਾਂਝੇ ਅਤੇ ਸਪਸ਼ਟ ਕਰਨੇ ਜ਼ਰੂਰੀ ਸਮਝਦਾ ਹੈ।

ਮੁੱਦੇ ਕੀ ਹੋਣ?

(1) ਪੁਜਾਰੀਵਾਦ:- ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਮੱਤ (ਪ੍ਰਚਲਿਤ ਨਾਂ ਧਰਮ) ਵਿੱਚ ਖਰਾਬੀ ਦਾ ਸਭ ਤੋਂ ਵੱਡਾ ਕਾਰਨ ‘ਪੁਜਾਰੀਵਾਦ’ ਹੀ ਹੈ। ਇਸ ਸੱਚਾਈ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ ਕਿ ਜ਼ਿਆਦਾਤਰ ਮੱਤਾਂ ਦਾ ਆਧਾਰ ਹੀ ‘ਪੁਜਾਰੀਵਾਦ’ ਬਣ ਚੁੱਕਿਆ ਸੀ, ਜਿਸ ਕਾਰਨ ਉਹ ਮੱਤ ਨਿਰੋਲ ਸੱਚ ਦੀ ਰਾਹ ਤੋਂ ਭਟਕ ਗਏ ਸਨ। ਨਾਨਕ ਪਾਤਸ਼ਾਹ ਜੀ ਨੇ ਇਸ ਬੁਰਾਈ ਨੂੰ ਪਛਾਣਦੇ ਹੋਏ ‘ਪੁਜਾਰੀਵਾਦ’ ਨੂੰ ਹਰ ਰੂਪ ਵਿੱਚ ਰੱਦ ਕੀਤਾ ਅਤੇ ‘ਗੁਰਮਤਿ ਮਾਰਗ’ ਨੂੰ ‘ਪੁਜਾਰੀਵਾਦ’ ਤੋਂ ਦੂਰ ਰੱਖਿਆ। ਪਰ ਅਫ਼ਸੋਸ ਅਨੇਕਾਂ ਕਾਰਨਾਂ ਕਰਕੇ, ਪੁਜਾਰੀਵਾਦ ਵੱਖ-ਵੱਖ ਰੂਪਾਂ ਵਿੱਚ ਸਿੱਖ ਸਮਾਜ `ਤੇ ਪੂਰੀ ਤਰ੍ਹਾਂ ਹਾਵੀ ਹੋ ਗਿਆ। ਸਿੱਖ ਸਮਾਜ ਵਿੱਚ ਆਈਆਂ ਲਗਭਗ ਸਾਰੀਆਂ ਬਿਮਾਰੀਆਂ (ਕਮਜ਼ੋਰੀਆਂ) ਦੀ ਜੜ੍ਹ ਇਹ ‘ਪੁਜਾਰੀਵਾਦ’ ਹੀ ਹੈ। ਇਸ ਵਿਸ਼ੇ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਨੂੰ ਛੇਕਣ ਤੋਂ ਬਾਅਦ ‘ਰੋਜ਼ਾਨਾ ਸਪੋਕਸਮੈਨ’ ਵਿੱਚ ਸ. ਜੋਗਿੰਦਰ ਸਿੰਘ ਜੀ ਵੱਲੋਂ ਲਿਖੀ ਗਈ ‘ਸੰਪਾਦਕੀ ਲੜੀ’ ਵੀ ਧਿਆਨਯੋਗ ਹੈ। ਇਸ ਲੜੀ ਵਿੱਚ ਕਿਹਾ ਗਿਆ ਹੈ ਕਿ ਸਾਰੀਆਂ ਕਮਜ਼ੋਰੀਆਂ ਦੀ ‘ਜੜ੍ਹ’ ‘ਪੁਜਾਰੀਵਾਦ’ ਹੀ ਹੈ। ਪਰ ‘ਸਪੋਕਸਮੈਨ’ ਦੀ ਇਸ ‘ਸੰਪਾਦਕੀ ਲੜੀ’ ਦੇ ਕੁੱਝ ਉਹ ਅੰਸ਼ ਠੀਕ ਨਹੀਂ ਲਗਦੇ ਜਿਨ੍ਹਾਂ ਅਨੁਸਾਰ ਇਸ ‘ਕਨਵੈਨਸ਼ਨ’ ਵਿੱਚ ਸਿਰਫ਼ ‘ਪੁਜਾਰੀਵਾਦ’ ਦਾ ਇਕੋ-ਇਕ ਮੁੱਦਾ (ਮਤਾ) ਹੀ ਉਠਾਇਆ ਜਾਵੇ, ਦਸਮ ਗ੍ਰੰਥ ਅਤੇ ਨਾਨਕਸ਼ਾਹੀ ਕੈਲੰਡਰ ਵਾਲਾ ਨਹੀਂ। ਇਹ ਦੋਵੇਂ ‘ਮੁੱਦੇ’ ਵੀ ਮੌਜੂਦਾ ਸਮੇਂ ਵਿੱਚ ਬੇਹੱਦ ਮਹਤੱਵਪੂਰਨ ਹਨ ਅਤੇ ਨਾਲ ਹੀ ਉਠਾਏ ਜਾਣੇ ਜ਼ਰੂਰੀ ਹਨ। ਸੋ ਇਸ ‘ਸਰਬੱਤ ਖ਼ਾਲਸਾ’ ਦਾ ਮੁੱਖ ਨੁੱਕਤਾ ‘ਪੁਜਾਰੀਵਾਦ’ ਦਾ ਹਰ ਰੂਪ ਵਿੱਚ ਬੀਜ ਨਾਸ਼ ਹੀ ਹੋਣਾ ਚਾਹੀਦਾ ਹੈ। ਇਹੀ ਗੱਲ ਸ਼ੁਰੂ ਤੋਂ ‘ਤੱਤ ਗੁਰਮਤਿ ਪਰਿਵਾਰ’ ਕਰ ਰਿਹਾ ਹੈ। ਕੌਮ ਵਿੱਚ ਫੈਲ ਚੁੱਕੇ ‘ਪੁਜਾਰੀਵਾਦ’ ਦਾ ਸਿਖਰ ‘ਜੱਥੇਦਾਰ’, ‘ਸਿੰਘ ਸਾਹਿਬਾਨ’ ਆਦਿ ਹਨ। ਪਰ ਇਹ ਹੋਰ ਵੀ ਅਨੇਕਾਂ ਰੂਪਾਂ ਵਿੱਚ ਕੌਮ ਵਿੱਚ ਹੇਠਲੇ ਪਧੱਰ ਤੱਕ ਘਰ ਕਰ ਚੁੱਕਾ ਹੈ। ਸੋ ਇਸ ਦੀ ਪੂਰੀ ਪਛਾਣ ਲਈ ਵਿਦਵਾਨਾਂ ਦੀ ਇੱਕ ਕਮੇਟੀ ਵੀ ਬਣਾਈ ਜਾਵੇ।

(2) ਦਸਮ ਗ੍ਰੰਥ ਅਤੇ ਕੱਚੀਆਂ ਰਚਨਾਵਾਂ:- ਪੁਜਾਰੀਵਾਦੀ ਅਤੇ ਵਿਰੋਧੀ ਤਾਕਤਾਂ ਵੱਲੋਂ ਕੌਮ ਨੂੰ ਨਿਰੋਲ ‘ਗੁਰਮਤਿ ਮਾਰਗ’ ਤੋਂ ਭਟਕਾਉਣ ਦਾ ਇੱਕ ਮੁੱਖ ਹਥਿਆਰ ‘ਖੰਡ ਵਿੱਚ ਲਪੇਟੇ ਜ਼ਹਿਰ ਰੂਪ’ ਵਿੱਚ ਤਿਆਰ ਕੀਤਾ (ਗੁਰਮਤਿ ਤੋਂ ਉਲਟ) ਕੱਚਾ ਸਾਹਿਤ ਹੈ। ਐਸੇ ਸਾਹਿਤ ਦਾ ਸਰਦਾਰ ‘ਬਚਿਤ੍ਰ ਨਾਟਕ’ (ਮਹਾਂਕਾਲ ਗ੍ਰੰਥ) ਨਾਂ ਦਾ ਗ੍ਰੰਥ ਹੈ, ਜਿਸ ਨੂੰ ਬਾਅਦ ਵਿੱਚ ਦਸਮ ਗ੍ਰੰਥ ਪ੍ਰਚਾਰਿਆ ਜਾਣ ਲੱਗ ਪਿਆ। ਇਸ ਗ੍ਰੰਥ ਨੂੰ ਸ਼ਰਧਾ ਪੈਦਾ ਕਰਨ ਦੇ ਮਕਸਦ ਨਾਲ ‘ਦਸ਼ਮੇਸ਼ ਜੀ’ ਦੀ ਕ੍ਰਿਤ ਪ੍ਰਚਾਰਿਆ ਗਿਆ, ਜੋ ਭੁਲੇਖੇ ਅਧੀਨ ਕਾਫੀ ਹੱਦ ਤੱਕ ਕੌਮ ਨੇ ਪ੍ਰਵਾਨ ਵੀ ਕਰ ਲਿਆ। ਪਰ ਇਸ ਦੀਆਂ ਲਗਭਗ ਸਾਰੀਆਂ ਰਚਨਾਵਾਂ ਗੁਰਮਤਿ ਦੀ ਘੋਰ ਉਲੰਘਣਾ ਕਰਨ ਵਾਲੀਆਂ ਹਨ। ਇਨ੍ਹਾਂ ਦਾ ਮਕਸਦ ਕੌਮ ਨੂੰ ‘ਅਕਾਲ’ ਦੇ ਲੜ ਤੋਂ ਤੋੜ ਕੇ ‘ਕਾਲਕਾ/ਭਗੌਤੀ’ ਦੇ ਲੜ ਲਾਉਣਾ ਸੀ। ਇਸ ਕਰਕੇ ਸਭ ਤੋਂ ਪਹਿਲਾਂ ‘ਦਸਮ ਗ੍ਰੰਥ’ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਬਹੁਤ ਜ਼ਰੂਰੀ ਹੈ। ਜਾਗਰੂਕ ਸੰਸਥਾਵਾਂ ਦਾ ਵੱਡਾ ਹਿੱਸਾ ‘ਸਿੱਖ ਰਹਿਤ ਮਰਿਯਾਦਾ’ ਦੇ ਨਾਂ `ਤੇ ਇਸ ਗ੍ਰੰਥ ਨੂੰ ਪੂਰੀ ਤਰ੍ਹਾਂ ਰੱਦ ਕਰਨ ਤੋਂ ਘਬਰਾਉਂਦਾ ਹੈ। ਪ੍ਰੋ. ਦਰਸ਼ਨ ਸਿੰਘ ਜੀ ਵੀ ਪਹਿਲਾਂ ਇਸੇ ਸੋਚ ਦੇ ਧਾਰਨੀ ਸਨ। ਪਰ ਪੁਜਾਰੀਆਂ ਵੱਲੋਂ ਅੰਤਿਮ ਗਲਤੀ (ਛੇਕੇ ਜਾਣ) ਤੋਂ ਬਾਅਦ ਉਨ੍ਹਾਂ ਵੱਲੋਂ ਚੰਡੀਗੜ੍ਹ ਵਿਖੇ ਦਿੱਤਾ ਇੱਕ ਬਿਆਨ ਸ਼ਲਾਘਾਯੋਗ ਅਤੇ ਧਿਆਨ ਦੇਣ ਯੋਗ ਹੈ। ਇਸ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ “ਗੁਰੂ ਗ੍ਰੰਥ ਸਾਹਿਬ ਜੀ’ ਦੇ ਸਿੱਖਾਂ ਲਈ ਜ਼ਰੂਰੀ ਹੈ ਕਿ ‘ਦਸਮ ਗ੍ਰੰਥ’ ਨਾਲੋਂ ‘ਪੂਰੀ ਤਰ੍ਹਾਂ’ ਨਾਤਾ ਤੋੜ ਲੈਣ”।

ਪਰ ‘ਨਿਤਨੇਮ’ ਅਤੇ ‘ਖੰਡੇ ਦੀ ਪਾਹੁਲ’ ਦੀ ਰਸਮ ਵਿਚਲੀਆਂ ‘ਦਸਮ ਗ੍ਰੰਥ’ ਦੀਆਂ ਰਚਨਾਵਾਂ ਨੂੰ ਰੱਦ ਕੀਤੇ ਬਿਨਾਂ ‘ਪੂਰੀ ਤਰ੍ਹਾਂ’ ਨਾਤਾ ਤੋੜਨਾ ਸੰਭਵ ਨਹੀਂ। ਇਸ ਲਈ ਇਸ ‘ਸਰਬੱਤ ਖ਼ਾਲਸਾ’ ਦਾ ਦੂਜਾ ਮੁੱਦਾ (ਮਤਾ) ਦਸਮ ਗ੍ਰੰਥ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਹੋਣਾ ਚਾਹੀਦਾ ਹੈ।

ਘੱਟੋ-ਘੱਟ ਇੰਨਾ ਤਾਂ ਜ਼ਰੂਰੀ ਹੈ ਕਿ ਇਸ ਦੀ ਕਿਸੇ ਵੀ ਰਚਨਾ ਨੂੰ ‘ਦਸ਼ਮੇਸ਼ ਕ੍ਰਿਤ’ ਨਾ ਮੰਨਿਆ ਜਾਵੇ। ਜੇਕਰ 1% ਰਚਨਾਵਾਂ ਗੁਰਮਤਿ ਨਾਲ ਮੇਲ ਖਾਂਦੀਆਂ ਪ੍ਰਤੀਤ ਹੁੰਦੀਆਂ ਵੀ ਹਨ ਤਾਂ ਉਨ੍ਹਾਂ ਨੂੰ ਕਿਸੇ ਗੁਰਸਿੱਖ ਦੀਆਂ ਰਚਨਾਵਾਂ ਮੰਨ ਕੇ, ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਵਾਂਗੂ ਹਵਾਲੇ ਵਾਸਤੇ ਵਰਤਿਆ ਜਾ ਸਕਦਾ ਹੈ। ਪਰ ਉਸ ਨੂੰ ਗੁਰਬਾਣੀ ਮੰਨ ਕੇ ‘ਨਿਤਨੇਮ’ ਆਦਿ ਦਾ ਹਿੱਸਾ ਨਾ ਬਣਾਇਆ ਜਾਵੇ। 1% ਰਚਨਾਵਾਂ (ਜੇ ਹਨ ਤਾਂ) ਦੀ ਪਛਾਣ ਲਈ ਢੁੱਕਵੇਂ ਵਿਦਵਾਨਾਂ ਦੀ ਕਮੇਟੀ ਬਣਾਈ ਜਾਵੇ। ਜਨਮ ਸਾਖੀਆਂ, ਗੁਰਬਿਲਾਸ, ਰਹਿਤਨਾਮੇ, ਸੂਰਜ ਪ੍ਰਕਾਸ਼ ਆਦਿ ਰਚਨਾਵਾਂ ਵੀ ਗੁਰਮਤਿ ਵਿਰੋਧੀ ਅੰਸ਼ਾਂ ਵਾਲੀਆਂ ਹਨ। ਸੋ ਇਨ੍ਹਾਂ ਵਿਚਲੇ ਕੱਚੇ ਅੰਸ਼ਾਂ ਦੀ ਪਛਾਣ ਲਈ ਵੀ ਇੱਕ ਕਮੇਟੀ ਬਣਾਈ ਜਾਵੇ।

(3) ‘ਸਿੱਖ ਰਹਿਤ ਮਰਿਯਾਦਾ’ ਵਿੱਚ ਸੋਧਾਂ:- ਮੌਜੂਦਾ ‘ਸਿੱਖ ਰਹਿਤ ਮਰਿਯਾਦਾ’ ਵਿੱਚ ਅਨੇਕਾਂ ਨੁੱਕਤੇ ਗੁਰਮਤਿ ਤੋਂ ਉਲਟ ਹਨ। ਇਸ ਬਾਰੇ ਖੁੱਲੀ ਵਿਚਾਰ ‘ਤੱਤ ਗੁਰਮਤਿ ਪਰਿਵਾਰ’ ਦੀ ਪੁਸਤਕ “ਮਨਮੱਤ ਤੋਂ ਗੁਰਮਤਿ ਵੱਲ ਵਾਪਸੀ ਦਾ ਸਫ਼ਰ-ਭਾਗ ਪਹਿਲਾ” ਵਿੱਚ ਕੀਤੀ ਗਈ ਹੈ। ਸੋ ਇਸ ਵਿੱਚ ਸੋਧਾਂ ਕਰਕੇ ਨਿਰੋਲ ਗੁਰਮਤਿ ਅਨੁਸਾਰੀ ਬਣਾਉਣਾ ਬੇਹੱਦ ਜ਼ਰੂਰੀ ਹੈ। ਜੋ ਜਾਗਰੂਕ ਸਿੱਖ ਮੌਜੂਦਾ ‘ਸਿੱਖ ਰਹਿਤ ਮਰਿਯਾਦਾ’ ਵਿਚਲੀਆਂ ਕਮੀਆਂ ਨੂੰ ਸੋਧਣ ਦਾ ਵਿਰੋਧ ਅਤੇ ਇਸ ਨੂੰ ਇੰਨ-ਬਿੰਨ ਮੰਨਣ ਦੀ ਜ਼ਿੱਦ ਕਰਦੇ ਹਨ, ਉਹ ਜਿੱਥੇ ਸਿਧਾਂਤ ਨਾਲ ਸਮਝੋਤਾ ਕਰਦੇ ਹਨ, ਉੱਥੇ 1936 ਤੋਂ ਅੱਗੇ ਨਹੀਂ ਵੱਧਣਾ ਚਾੰਹੁਦੇ। ਇਸ ‘ਸਰਬੱਤ ਖ਼ਾਲਸਾ’ ਦਾ ਤੀਸਰਾ ਮੁੱਦਾ (ਮਤਾ) ‘ਸਿੱਖ ਰਹਿਤ ਮਰਿਯਾਦਾ’ ਵਿਚਲੀਆਂ ਕਮੀਆਂ ਦੀ ਸੋਧ ਲਈ ਇੱਕ ਕਮੇਟੀ ਬਣਾਉਣ ਸੰਬੰਧੀ ਹੋਣਾ ਚਾਹੀਦਾ ਹੈ।

(4) ਮਜ਼ਬੂਤ ਮੀਡੀਆ ਦੀ ਸਥਾਪਤੀ:- ਸਿੱਖ ਕੌਮ ਇਸ ਸਮੇਂ ਗਿਰਾਵਟ ਵੱਲ ਜਾ ਰਹੀ ਹੈ, ਉਸ ਦਾ ਵੱਡਾ ਕਾਰਨ ‘ਜਾਗਰੂਕ ਮੀਡੀਆ’ ਦੀ ਕਮੀ ਹੈ। ‘ਰੋਜ਼ਾਨਾ ਸਪੋਕਸਮੈਨ’, ‘ਇੰਡੀਆ ਅਵੇਅਰਨੈਸ’ ‘ਸਿੱਖ ਮਾਰਗ’ ਆਦਿ ਇਸ ਖੇਤਰ ਵਿੱਚ ਯੋਗਦਾਨ ਪਾ ਰਹੇ ਹਨ, ਪਰ ਇਹ ਕਾਫੀ ਨਹੀਂ ਹੈ। ਇਸ ਖੇਤਰ ਵਿੱਚ ‘ਟੀ ਵੀ ਚੈਨਲ’ ਅਤੇ ਹੋਰ ਬਹੁਤ ਕੁੱਝ ਕਰਨਾ ਜ਼ਰੂਰੀ ਹੈ। ਇਸ ਲਈ ‘ਸਰਬੱਤ ਖ਼ਾਲਸਾ’ ਦਾ ਇੱਕ ਮੁੱਦਾ (ਮਤਾ) ‘ਮਜ਼ਬੂਤ ਮੀਡੀਆ’ ਦੀ ਕਾਇਮੀ ਲਈ ਗੰਭੀਰ ਜਤਨਾਂ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ‘ਮਜ਼ਬੂਤ ਮੀਡੀਆ’ ਦੀ ਸਥਾਪਨਾ ਲਈ ਰੂਪ-ਰੇਖਾ ਤਿਆਰ ਕਰਨ ਸਬੰਧੀ ਯੋਗ ਮਾਹਿਰਾਂ ਦੀ ਇੱਕ ਕਮੇਟੀ ਬਣਾਈ ਜਾਵੇ।

(5) ਨਾਨਕਸ਼ਾਹੀ ਕੈਲੰਡਰ ਦੀ ਪੁਨਰਸੁਰਜੀਤੀ:- 2003 ਵਿੱਚ ਜਾਰੀ ਕੀਤਾ ਗਿਆ ‘ਨਾਨਕਸ਼ਾਹੀ’ ਕੈਲੰਡਰ ‘ਬ੍ਰਾਹਮਣਵਾਦੀ ਗਲਬੇ’ ਵਿਚੋਂ ਬਾਹਰ ਨਿਕਲਣ ਦਾ ਚੰਗਾ ਯਤਨ ਸੀ। ਪਰ ਫੇਰ ਵੀ ਕੁੱਝ ਬ੍ਰਾਹਮਣੀ ਸੰਪਰਦਾਈ ਤਾਕਤਾਂ ਦੇ ਦਬਾਅ ਕਾਰਨ, ਇਸ ਵਿੱਚ ਕੁੱਝ ਕਮੀਆਂ ਰਹਿ ਗਈਆਂ ਸਨ। ਪਰ ਇਨ੍ਹਾਂ ਬ੍ਰਾਹਮਣੀ ਸੰਪਰਦਾਈ ਤਾਕਤਾਂ ਨੇ ਭ੍ਰਿਸ਼ਟ ਰਾਜਨੀਤਕਾਂ ਦੇ ਸਹਿਯੋਗ ਨਾਲ ਇਸ ਕੈਲੰਡਰ ਦੀ ‘ਵਿਲੱਖਣਤਾ’ ਦਾ ਭੋਗ ਹੀ ਪਾ ਦਿੱਤਾ ਹੈ। ਇਸ ਲਈ ਜ਼ਰੂਰੀ ਹੈ ਕਿ ਸਹੀ ‘ਨਾਨਕਸ਼ਾਹੀ ਕੈਲੰਡਰ’ ਦੀ ਪੁਨਰਸਰਜੀਤੀ ਕੀਤੀ ਜਾਵੇ। ਇਸ ਵਿੱਚ 2003 ਵੇਲੇ ਰਹਿ ਗਈਆਂ ਕਮੀਆਂ ਨੂੰ ਵੀ ਦੂਰ ਕਰਨ ਦਾ ਹੀਲਾ ਕੀਤਾ ਜਾਵੇ। ਮਿਸਾਲ ਦੇ ਤੌਰ `ਤੇ ਬਾਬਾ ਨਾਨਕ ਦੀ ਜਨਮ ਤਰੀਖ ਬਾਰੇ। ਇਸ ‘ਸਰਬੱਤ ਖ਼ਾਲਸਾ’ (ਕਨਵੈਨਸ਼ਨ) ਵਿੱਚ ਇੱਕ ਮਤਾ ‘ਨਾਨਕਸ਼ਾਹੀ ਕੈਲੰਡਰ’ ਦੀ ਪੁਨਰਸੁਰਜੀਤੀ ਵਾਲਾ ਵੀ ਹੋਵੇ। ਇਸ ‘ਸਰਬੱਤ ਖ਼ਾਲਸਾ’ ਵਿੱਚ ‘ਸਹੀ ਨਾਨਕਸ਼ਾਹੀ ਕੈਲੰਡਰ’ ਨੂੰ ਸਾਹਮਣੇ ਲਿਆਉਣ ਲਈ ਯੋਗ ਵਿਦਵਾਨਾਂ ਅਤੇ ਮਾਹਿਰਾਂ ਦੀ ਇੱਕ ਕਮੇਟੀ ਬਣਾਈ ਜਾਵੇ।

(6) ਨਿਰੋਲ ਗੁਰਮਤਿ ਨੂੰ ਸਮਰਪਿਤ ਇੱਕ ਜੱਥੇਬੰਦੀ ਦਾ ਗਠਨ:- ਬੇਸ਼ੱਕ ਇਸ ਸਮੇਂ ਵਿੱਚ ਅਨੇਕਾਂ ਜੱਥੇਬੰਦੀਆਂ ਗੁਰਮਤਿ ਨੂੰ ਸਮਰਪਿਤ ਹੋ ਕੇ ਕੰਮ ਕਰ ਰਹੀਆਂ ਹਨ, ਪਰ ਇਨ੍ਹਾਂ ਦੇ ਖੇਤਰ, ਟੀਚੇ ਅਤੇ ਸਾਧਨ ਸੀਮਿਤ ਹਨ। ਇਸ ਕਰਕੇ ਇੱਕ ਵਿਸ਼ਵ ਪੱਧਰ ਦੀ ਗੁਰਮਤਿ ਨੂੰ ਸਮਰਪਿਤ ਜੱਥੇਬੰਦੀ ਦਾ ਗਠਨ ਕਰਨਾ ਜ਼ਰੂਰੀ ਹੈ। ਕਿਸੇ ਵੀ ਪੁਰਾਣੀ ਸੰਸਥਾ ਦੀ ਪੁਨਰਸੁਰਜੀਤੀ ਦੇ ਯਤਨਾਂ ਵਿੱਚ ਨਾ ਪਿਆ ਜਾਵੇ। ਇਸ ਜੱਥੇਬੰਦੀ ਦੀ ਰੂਪ-ਰੇਖਾ ਵਖਰੇ ਤੌਰ `ਤੇ ਵਿਚਾਰ ਕਰਕੇ ਤੈਅ ਕੀਤੀ ਜਾ ਸਕਦੀ ਹੈ। ਇਸ ਵਾਸਤੇ ਵੀ ਜਾਗਰੂਕ ਪੰਥਦਰਦੀਆਂ ਦੀ ਇੱਕ ਕਮੇਟੀ ਬਣਾਈ ਜਾ ਸਕਦੀ ਹੈ।

(7) ‘ਗੁਰੁ ਗ੍ਰੰਥ ਸਾਹਿਬ ਜੀ’ ਦੀ ਸਹੀ ਵਿਆਖਿਆ:- ਸੰਨ 1708 ਤੋਂ ਬਾਅਦ ਨਿਰਮਲਿਆਂ, ਸੰਪਰਦਾਈਆਂ ਅਤੇ ਬ੍ਰਾਹਮਣੀ ਵਿਦਾਂਤ ਦੇ ਪ੍ਰਭਾਵ ਹੇਠ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਵਿਆਖਿਆ ਦਾ ਮੂੰਹ-ਮੁਹਾਂਦਰਾ ਹੀ ਪਲਟਣਾ ਸ਼ੁਰੂ ਕਰ ਦਿੱਤਾ ਸੀ। ਫਰੀਦਕੋਟੀ ਟੀਕਾ ਇਸ ਦੀ ਇੱਕ ਸਿਖੱਰ ਸੀ। ਪ੍ਰੋ. ਸ਼ਾਹਿਬ ਸਿੰਘ ਜੀ ਵਲੋਂ ਗੁਰੂ ਗ੍ਰੰਥ ਸਾਹਿਬ ਜੀ ‘ਦਰਪਣ’ ਰਾਹੀਂ ਗੁਰਬਾਣੀ ਵਿਆਖਿਆ ਸੁਧਾਰ ਖੇਤਰ ਵਿੱਚ ਸ਼ਲਾਘਾਯੋਗ ਕੰਮ ਕੀਤਾ ਗਿਆ। ਪਰ ਇਹ ਟੀਕਾ ਵੀ ਖਾਮੀਆਂ ਤੋਂ ਰਹਿਤ ਨਹੀਂ ਕਿਹਾ ਜਾ ਸਕਦਾ।

ਸੋ, ਲੋੜ ਹੈ ਕਿ ਜਾਗਰੂਕ ਗੁਰਮਤਿ ਵਿਦਵਾਨਾਂ ਦੀ ਦੇਖ-ਰੇਖ ਹੇਠ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਨਵਾਂ ਟੀਕਾ ਤਿਆਰ ਕੀਤਾ ਜਾਵੇ।

ਗੁਰਬਾਣੀ ਵਿਆਖਿਆ ਨੂੰ ਵਿਗਾੜ ਕੇ ਪੇਸ਼ ਕਰਨ ਦੇ ਮੰਤਵ ਨਾਲ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਟੀਕਾ ਤਿਆਰ ਕਰਨ ਦੀ ਸਾਜਿਸ਼ ਸ਼੍ਰੋਮਣੀ ਕਮੇਟੀ ਦੀ ਦੇਖ-ਰੇਖ ਹੇਠ, ਜੋਗਿੰਦਰ ਸਿੰਘ ਵਿਦਾਂਤੀ ਦੀ ਪ੍ਰਧਾਨਗੀ ਵਿੱਚ ਸ਼ਾਇਦ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਯਾਦ ਰਹੇ ਕਿ ਵਿਦਾਂਤੀ ਉਹੀ ‘ਵਿਦਵਾਨ’ ਹੈ, ਜਿਸ ਨੇ ‘ਗੁਰਬਿਲਾਸ ਪਾ. 6’ ਵਰਗੀ ਗੁਰ ਨਿੰਦਕ ਪੁਸਤਕ ਦੀ ਸ਼ਲਾਘਾ ਕਰਦੇ ਹੋਏ, ਗੁਰਦੁਆਰਿਆਂ ਵਿੱਚ ਇਸ ਦੀ ਕਥਾ ਦੁਬਾਰਾ ਸ਼ੁਰੂ ਕਰਨ ਦੀ ਸ਼ਿਫਾਰਿਸ਼ ਕੀਤੀ ਸੀ।

ਇਸ ਲਈ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਸਹੀ ਗੁਰਮਤਿ ਪੇਸ਼ ਕਰਦਾ ਟੀਕਾ ਤਿਆਰ ਕਰਨ ਸੰਬੰਧੀ ਵੀ ਇੱਕ ਮਤਾ ਇਸ ਕਨਵੈਨਸ਼ਨ (ਸਰਬੱਤ ਖਾਲਸਾ) ਵਿੱਚ ਪਾਸ ਕੀਤਾ ਜਾਵੇ। ਇਸ ਅਹਿਮ ਲੋੜੀਂਦੇ ਕਾਰਜ ਲਈ ਯੋਗ ਵਿਦਵਾਨਾਂ ਦੀ ਇੱਕ ਕਮੇਟੀ ਬਣਾਈ ਜਾਵੇ।

(8) ਸ਼੍ਰੋਮਣੀ ਕਮੇਟੀ ਨੂੰ ਨਵੇਂ ਮਹੰਤਾਂ ਤੋਂ ਆਜ਼ਾਦ ਕਰਵਾਉਣਾ:- ਪਿਛਲੇ 50 ਸਾਲਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਦੀ ਘੋਖਵੀਂ ਪੜਚੋਲ ਕੀਤੀ ਜਾਵੇ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਸ ਨੇ ‘ਸ਼੍ਰੋਮਣੀ ਗੁਰਮਤਿ ਵਿਗਾੜ ਕਮੇਟੀ’ ਦਾ ਹੀ ਰੋਲ ਅਦਾ ਕੀਤਾ ਹੈ। ਮੌਜੂਦਾ ਸਮੇਂ ਵਿੱਚ ਤਾਂ ਗੁਰਮਤਿ ਸਿਧਾਂਤਾਂ `ਤੇ ਮਾਰੂ ਹਮਲੇ ਕਰਨ ਵਿੱਚ ਇਸ ਕਮੇਟੀ ਨੇ ਸਾਰੀਆਂ ਹੱਦਾਂ ਹੀ ਪਾਰ ਕਰ ਦਿਤੀਆਂ ਹਨ।

ਬਾਦਲ ਪ੍ਰਵਾਰ ਰਾਹੀਂ ਪੰਥ ਵਿਰੋਧੀ ਸ਼ਕਤੀਆਂ ਦੀ ਗੁਲਾਮੀ ਹੇਠ ਵਿਚਰ ਰਹੀ ਕਮੇਟੀ 1920 ਤੋਂ ਪਹਿਲਾਂ ਹੀ ਕਾਬਜ਼ ਦੀ ਹੀ ਨਵੀਂ ਪੀੜੀ ਜਾਪਦੀ ਹੈ। ਅਖ਼ਬਾਰੀ ਖ਼ਬਰਾਂ ਅਨੁਸਾਰ ਇਸ ਵਿੱਚ ਭ੍ਰਿਸ਼ਟਾਚਾਰ ਜੜਾਂ ਤੱਕ ਫੈਲ ਚੁਕਿਆ ਹੈ।

ਇਸ ਲਈ ਇਸ ਕਮੇਟੀ ਨੂੰ ਨਵੇਂ ਮਹੰਤਾਂ ਤੋਂ ਆਜ਼ਾਦ ਕਰਵਾਉਣ ਸੰਬੰਧੀ ਵੀ ਮਤਾ ਸਰਬੱਤ ਖ਼ਾਲਸਾ ਸਾਹਮਣੇ ਪੇਸ਼ ਕੀਤਾ ਜਾਵੇ।

ਨਸ਼ੇ ਅਤੇ ਭ੍ਰਿਸ਼ਟਾਚਾਰ ਤੋਂ ਮੁਕੱਤ ਹੋ ਕੇ ਆਮ ਸਿੱਖ ਵੋਟਰਾਂ ਨੂੰ ਚੋਣਾ ਵਿੱਚ ਹਿਸਾ ਲੈ ਕੇ ਸੁਹਿਰਦ ਗੁਰਮੁਖਾਂ ਨੂੰ ਮੈSਬਰ ਚੁਣਨ ਲਈ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।

ਇਸ ਮਕਸਦ ਲਈ ਕਿਸੇ ਯੋਗ ਜਾਗਰੂਕ ਰਾਜਨੀਤਕ ਲੀਡਰ ਦੀ ਅਗਵਾਈ ਹੇਠ ਪੰਥਦਰਦੀਆਂ ਦੀ ਇੱਕ ਕਮੇਟੀ ਬਣਾਈ ਜਾਵੇ।

‘ਸਰਬੱਤਖ਼ਾਲਸਾ’ ਕੌਣ ਕਰਵਾਏ?

ਵੈਸੇ ਤਾਂ ਸ. ਪਰਮਜੀਤ ਸਿੰਘ (ਸਰਨਾ) ਨੇ ਅਪ੍ਰੈਲ ਨੂੰ ‘ਪੰਥਕ ਕਨਵੈਨਸ਼ਨ’ ਬੁਲਾਉਣ ਦਾ ਐਲਾਨ ਕਰ ਦਿੱਤਾ ਹੈ। ਪਰ ਸਾਡੀ ਜਾਚੇ ਸ. ਪਰਮਜੀਤ ਸਿੰਘ ਜੀ ਦਾ ਪਿਛਲੇ ਬਿਆਨਾਂ ਦੇ ਆਧਾਰ `ਤੇ ਇਹ ਨਿਸ਼ਕਰਸ਼ ਆਸਾਨੀ ਨਾਲ ਕੱਢਿਆ ਜਾ ਸਕਦਾ ਹੈ ਕਿ ਉਹ ਪੁਜਾਰੀਵਾਦ (ਜੱਥੇਦਾਰ, ਸਿੰਘ ਸਾਹਿਬਾਨ ਆਦਿ) ਨਾਲ ਸਿੱਧੀ ਟੱਕਰ ਲੈਣ ਦਾ ਮਾਦਾ ਜਾਂ ਇੱਛਾ-ਸ਼ਕਤੀ ਨਹੀਂ ਰੱਖਦੇ। ਐਸਾ ਸੰਕੇਤ ਪਿਛਲੇ ਦਿਨੀ ਦਿੱਤੇ ਉਸ ਬਿਆਨ ਤੋਂ ਸਪਸ਼ਟ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ‘ਪੁਜਾਰੀਆਂ’ ਦੇ ਹੁਕਮ `ਤੇ ਭਾਂਡੇ ਮਾਂਜਣ ਨੂੰ ਵੀ ਤਿਆਰ ਹਨ। ਇਸ ਪਹੁੰਚ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ਦੀਆਂ ਮੌਜੂਦਾ ਰਾਜਨੀਤਕ ਮਜਬੂਰੀਆਂ ਵੀ ਹੋ ਸਕਦੀਆਂ ਹਨ, ਪਰ ਇਹ ਪਹੁੰਚ ਇਹ ਗੱਲ ਸਪਸ਼ਟ ਕਰਦੀ ਹੈ ਕਿ ਦਿੱਲੀ ਕਮੇਟੀ ਜਾਂ ਸ. ਪਰਮਜੀਤ ਸਿੰਘ ਜੀ ਦੀ ਅਗਵਾਈ ਵਿੱਚ ਕਰਵਾਈ ਕਨਵੈਨਸ਼ਨ ‘ਪੁਜਾਰੀਵਾਦ ਖਿਲਾਫ ਮਜ਼ਬੂਤ ਫੈਸਲਾ’ ਲੈਣ ਤੋਂ ਨਾਕਾਮ ਵੀ ਹੋ ਸਕਦੀ ਹੈ।

ਇਸ ਕਰਕੇ ‘ਤੱਤ ਗੁਰਮਤਿ ਪਰਿਵਾਰ’ ਦਾ ਇਮਾਨਦਾਰਾਨਾ ਵਿਚਾਰ ਹੈ ਕਿ ਜੇ ਸ. ਪਰਮਜੀਤ ਸਿੰਘ ਜੀ ਦਿਲੋਂ ਸੁਹਿਰਦਤਾ ਨਾਲ ਕੌਮ ਦਾ ਭਲਾ ਚਾੰਹੁਦੇ ਹਨ ਅਤੇ ਜਾਗਰੂਕ ਗੁਰਮਤਿ ਧਿਰਾਂ ਦੇ ਹਮਦਰਦ ਹਨ ਤਾਂ ਇਹ ‘ਪੰਥਕ ਕਨਵੈਨਸ਼ਨ’ (ਸਰਬੱਤ ਖਾਲਸਾ) ਦਿੱਲੀ ਕਮੇਟੀ ਦੀ ਅਗਵਾਈ ਦੀ ਥਾਂ ਨਿਰੋਲ ਨਾਨਕ ਵਿਚਾਧਾਰਾ ਨੂੰ ਸਮਰਪਿਤ ਪੰਥਦਰਦੀਆਂ ਦੇ ਇੱਕ ਪੈਨਲ ਦੀ ਅਗਵਾਈ ਵਿੱਚ ਬੁਲਾਈ ਜਾਵੇ। ਸ. ਤਰਸੇਮ ਸਿੰਘ ਜੀ ਇਸ ਪੈਨਲ ਦੇ ਕਨਵੀਨਰ ਲਈ ਉਚਿਤ ਹਨ। ਇਸ ਕਨਵੈਨਸ਼ਨ ਲਈ ਆਰਥਿਕ ਅਤੇ ਹੋਰ ਸਹਾਇਤਾ ਸ. ਪਰਮਜੀਤ ਸਿੰਘ ਜੀ ਦੀ ਅਗਵਾਈ ਵਿੱਚ ਦਿੱਲੀ ਕਮੇਟੀ ਖੁੱਲੇ ਦਿਲ ਨਾਲ ਕਰੇ।

ਕੀ ਇਸ ਨਾਲ ਪੰਥ ਵਿੱਚ ਫੁੱਟ ਪੈ ਜਾਵੇਗੀ?

ਕਈ ਸਾਧਨਾਂ ਰਾਹੀਂ ਅਨੇਕਾਂ ਪੰਥ ਦੋਖੀਆਂ ਵੱਲੋਂ ਇਹ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ‘ਪੁਜਾਰੀਵਾਦ’ ਅਤੇ ‘ਦਸਮ ਗ੍ਰੰਥ’ ਨੂੰ ਰੱਦ ਕਰਨ ਦੇ ਫੈਸਲਿਆਂ ਨਾਲ ਕੌਮ ਵਿੱਚ ਫੁੱਟ ਪੈ ਜਾਵੇਗੀ। ਇਸ ਵਿਸ਼ੇ ਵਿੱਚ ਸਭ ਤੋਂ ਅਹਿਮ ਨੁੱਕਤਾ ਹੈ ਕਿ ਸਾਡਾ ਟੀਚਾ ਨਾਨਕ ਪਾਤਸ਼ਾਹ ਜੀ ਦੇ ਮਾਰਗ ਨੂੰ ਅੱਗੇ ਵਧਾਉਣਾ ਹੈ ਜਾਂ ਮਿਲਗੋਭਾ ਵਿਚਾਰਾਂ ਵਾਲੇ ਲੋਕਾਂ ਦੀ ਗਿਣਤੀ ਵਧਾਉਣਾ ਹੈ? ਗੁਰਮਤਿ ਵਿੱਚ ਹਮੇਸ਼ਾਂ ਗਿਣਤੀ ਦੀ ਥਾਂ ਗੁਣਾਂ ਨੂੰ ਪਹਿਲ ਦਿੱਤੀ ਗਈ ਹੈ। ਵੈਸੇ ਵੀ ਕੌਮ ਪਹਿਲਾਂ ਹੀ ਅਨੇਕਾਂ ਹਿੱਸਿਆਂ ਵਿੱਚ ਵੰਡੀ ਪਈ ਹੈ। ਜਿਹੜੀ ਪਹਿਲਾਂ ਹੀ ‘ਕਈ-ਫਾੜ’ ਹੋਈ ਪਈ ਹੈ, ਉਸ ਦੇ ਦੁਫਾੜ ਹੋਣ ਦਾ ਕੈਸਾ ਡਰ? ਇਸ ਸਮੇਂ ਸਵਾਲ ਗਿਣਤੀ ਵਧਾਉਣ ਦਾ ਨਹੀਂ, ਨਾਨਕ ਪਾਤਸ਼ਾਹ ਜੀ ਦੀ ‘ਮੂਲ ਵਿਚਾਰਧਾਰਾ’ (ਗੁਰਮਤਿ) ਦੀ ਹੋਂਦ ਨੂੰ ਬਚਾਉਣ ਦਾ ਹੈ ਅਤੇ ਉਸ ਲਈ ‘ਪੁਜਾਰੀਵਾਦ’ ਦਾ ਬੀਜ ਨਾਸ਼ ਕਰਨਾ ਬਹੁਤ ਜ਼ਰੂਰੀ ਹੈ। ਜੇ ਇਸ ਕਦਮ ਨਾਲ ‘ਖੋਟ’ ਅਲੱਗ ਹੋ ਜਾਂਦਾ ਹੈ ਤਾਂ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ। ਇਸ ਵਿਸ਼ੇ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਵੱਲੋਂ ਸ਼ੇਰੇ-ਪੰਜਾਬ ਰੇਡੀਉ `ਤੇ ਪੇਸ਼ ਕੀਤੇ ਗਏ ਕੁੱਝ ਵਿਚਾਰ ਸ਼ਲਾਘਾਯੋਗ ਅਤੇ ਧਿਆਨਯੋਗ ਹਨ।

ਇਸ ਰੇਡੀਉ ਦੇ ਇੱਕ ਪ੍ਰੋਗਰਾਮ ਵਿਚੋਂ ਜਦੋਂ ਐਂਂਕਰ ਨੇ ਪ੍ਰੋ. ਦਰਸ਼ਨ ਸਿੰਘ ਜੀ ਨੂੰ ਸਵਾਲ ਕੀਤਾ ਕਿ ਕੀ ਤੁਹਾਡੇ ਇਸ (ਜਾਗ੍ਰਿਤੀ ਲਿਆਉਣ ਵਾਲੇ) ਕਦਮ ਨਾਲ ਕੌਮ ਦੁਫਾੜ ਨਹੀਂ ਹੋ ਰਹੀ? ਪ੍ਰੋ. ਦਰਸ਼ਨ ਸਿੰਘ ਜੀ ਨੇ ਭਾਈ ਗੁਰਦਾਸ ਜੀ ਦੇ ਇੱਕ ਕਬਿੱਤ ਦਾ ਹਵਾਲਾ ਦਿਂਦੇ ਹੋਏ, ਖੂਬਸੂਰਤ ਦਲੀਲ ਦਿੱਤੀ ਕਿ “ਜਦੋਂ ਘਰ ਵਿੱਚ ਅੱਗ ਲੱਗ ਜਾਵੇ ਜਾਂ ਬੇੜੀ ਡੁੱਬਦੀ ਹੋਵੇ ਤਾਂ ਜੋ ਬਚਦਾ ਹੈ, ਉਹੀ ਬਚਾ ਲੈਣਾ, ਅਕਲਮੰਦੀ ਹੁੰਦੀ ਹੈ”।

ਲਗਭਗ ਦੋ ਸਦੀਆਂ ਤੋਂ ਕੌਮ ਬ੍ਰਾਹਮਣਵਾਦ (ਪੁਜਾਰੀਵਾਦ) ਦੀ ਅੱਗ ਵਿੱਚ ਸੜ ਰਹੀ ਹੈ, ਜਿਸ ਦਾ ਹੁਣ ਸਿਖਰ ਹੈ। ਇਸ ਕਰਕੇ ਸਭ ਤੋਂ ਅਹਿਮ ਸਵਾਲ ਨਿਰੋਲ ਨਾਨਕ ਫਲਸਫੇ ਨੂੰ ਬਚਾਉਣ ਦਾ ਹੈ।

ਮਿਸ਼ਨਰੀ ਸੰਸਥਾਵਾਂ ਲਈ ਇੱਕ ਮਜ਼ਬੂਤ ਫੈਸਲੇ ਦੀ ਘੜੀ

ਕੌਮ ਦੇ ਜਾਗਰੂਕ ਤਬਕੇ ਦਾ ਹਿੱਸਾ ਮਿਸ਼ਨਰੀ ਸੰਸਥਾਵਾਂ ਵੀ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਵਲੋਂ ਗੁਰਮਤਿ ਪ੍ਰਚਾਰ ਦੇ ਖੇਤਰ ਵਿੱਚ ਪਾਇਆ ਜਾ ਰਿਹਾ ਯੋਗਦਾਨ ਸ਼ਲਾਘਾਯੋਗ ਹੈ। ਪਰ ਅਨੇਕਾਂ ਕਾਰਨਾਂ ਮਿਸ਼ਨਰੀ ਸੰਸਥਾਵਾਂ ਪੂਰੀ ਤਰ੍ਹਾਂ ਪੁਜਾਰੀਵਾਦ ਅਤੇ ਕੱਚੀਆਂ ਰਚਨਾਵਾਂ ਦੀ ਪਕੜ ਤੋਂ ਛੁਟਕਾਰਾ ਪਾਉਣ ਲਈ ਦ੍ਰਿੜ ਨਹੀਂ ਹਨ, ਇਸ ਦਾ ਸਭ ਤੋਂ ਵੱਡਾ ਕਾਰਨ ਮੌਜੂਦਾ ‘ਸਿੱਖ ਰਹਿਤ ਮਰਿਯਾਦਾ’ ਹੈ। ‘ਦਸਮ ਗ੍ਰੰਥ’ ਸੰਬੰਧੀ ਵੀ ਇਨ੍ਹਾਂ ਦੀ ਪਹੁੰਚ ਸਮਝੋਤਾਵਾਦੀ ਹੈ, ਜਿਸ ਕਾਰਨ ਇਹ ਦੁਬਿਧਾ ਵਿੱਚ ਹਨ। ਬੇਸ਼ੱਕ ਜਾਗ੍ਰਿਤੀ ਦੇ ਮਾਹੌਲ ਦੇ ਦਬਾਅ ਹੇਠ ਇਨ੍ਹਾਂ ਨੇ ਕੁਝ-ਕੁਝ ਕਹਿਣਾ ਸ਼ੁਰੂ ਕਰ ਦਿੱਤਾ ਹੈ, ਪਰ ਫੇਰ ਵੀ ਇਨ੍ਹਾਂ ਦੀ ਪਹੁੰਚ ਸਿਧਾਂਤ ਪ੍ਰਤੀ ਸਮਝੋਤਾਵਾਦੀ ਹੈ। ਇਨ੍ਹਾਂ ਵਿਚੋਂ ਮੁੱਖ ‘ਸਿੱਖ ਮਿਸ਼ਨਰੀ ਕਾਲਜ ਲੁਧਿਆਣਾ’ ਹੈ।

‘ਦਸਮ ਗ੍ਰੰਥ’ ਦਾ ਮੁੱਦਾ ਇਸ ਸਮੇਂ ਸਿਖੱਰ `ਤੇ ਹੈ। ਕੌਮ ਦੇ ਜਾਗਰੂਕ ਵਿਦਵਾਨਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਅਖੌਤੀ ਦਸਮ ਗ੍ਰੰਥ ਦੀ ਕੋਈ ਵੀ ਰਚਨਾ ‘ਦਸ਼ਮੇਸ਼ ਜੀ ਕ੍ਰਿਤ’ ਨਹੀਂ ਹੈ ਅਤੇ ਇਸ ਦੀਆਂ ਲਗਭਗ ਸਾਰੀਆਂ ਰਚਨਾਵਾਂ ਗੁਰਮਤਿ (ਗੁਰੂ ਗ੍ਰੰਥ ਸਾਹਿਬ ਜੀ) ਦੀ ਕਾਟ ਕਰਨ ਵਾਲੀਆਂ ਹਨ। ਪਰ ‘ਸਿੱਖ ਰਹਿਤ ਮਰਿਯਾਦਾ’ ਦੇ ਬਹਾਨੇ ਹੇਠ ਮਿਸ਼ਨਰੀ ਕਾਲਜਾਂ ਦਾ ਦਸਮ ਗ੍ਰੰਥ ਵਿਚਲੀਆਂ (ਕੁਝ) ਕੱਚੀਆਂ ਰਚਨਾਵਾਂ ਪ੍ਰਤੀ ਹੇਜ (ਪਿਆਰ) ਖ਼ਤਮ ਨਹੀਂ ਹੋ ਰਿਹਾ।

ਇਸ ਸਮੇਂ ਫੈਸਲੇ ਦੀ ਘੜੀ ਹੈ। ਜੋ ਵੀ ਸਿੱਖ ਇਸ ਸਮੇਂ ‘ਦਸਮ ਗ੍ਰੰਥ’ ਦੀ ਕਿਸੇ ਵੀ ਰਚਨਾ ਨੂੰ ‘ਦਸ਼ਮੇਸ਼ ਕ੍ਰਿਤ’ ਮੰਨਦਾ ਅਤੇ ਪ੍ਰਚਾਰਦਾ ਹੈ, ਉਹ ਬੇਸ਼ੱਕ ‘ਕਾਲਕਾ ਪੰਥ’ ਦਾ ਮੈਂਬਰ ਹੈ, ਪਰ ਖ਼ਾਲਸਾ ਪੰਥ ਦਾ ਨਹੀਂ। ‘ਤੱਤ ਗੁਰਮਤਿ ਪਰਿਵਾਰ’ ਵੀ ਕਈਂ ਵਾਰ ਸਪਸ਼ਟ ਕਰ ਚੁੱਕਿਆ ਹੈ ਕਿ ਜਿਹੜੀਆਂ ਮਿਸ਼ਨਰੀ ਸੰਸਥਾਵਾਂ ‘ਸਿੱਖ ਰਹਿਤ ਮਰਿਯਾਦਾ’ ਦੀ ਮਜਬੂਰੀ ਕਾਰਨ ‘ਨਿਤਨੇਮ’ ਵਿਚਲੀਆਂ ‘ਦਸਮ ਗ੍ਰੰਥੀ’ ਰਚਨਾਵਾਂ ਦਾ ਵਿਰੋਧ ਨਹੀਂ ਕਰ ਸਕਦੀਆਂ ਤਾਂ ਕੋਈ ਗੱਲ ਨਹੀਂ, ਘੱਟੋ-ਘੱਟ ਉਨ੍ਹਾਂ ਦਾ ਸਮਰਥਨ ਤਾਂ ਉਨ੍ਹਾਂ ਨੂੰ ਨਹੀਂ ਕਰਨਾ ਚਾਹੀਦਾ ਅਤੇ ਇਸ ਵਿਸ਼ੇ ਬਾਰੇ ਉਨ੍ਹਾਂ ਨੂੰ ਚੁੱਪੀ ਧਾਰ ਲੈਣੀ ਚਾਹੀਦੀ ਹੈ। ਪਰ ਲਗਦਾ ਹੈ ਕਿ ਇਹ ਆਪਣੇ ‘ਦਸਮ ਗ੍ਰੰਥੀ’ ਰੂਝਾਨ ਨੂੰ ਛੱਡਣ ਲਈ ਤਿਆਰ ਨਹੀਂ ਹਨ। ਇਸ ਵਿਸ਼ੇ ਵਿੱਚ ਮਾਸਿਕ ਪਰਚੇ ‘ਸਿੱਖ ਫੁਲਵਾੜੀ’ ਦੇ ਪਿਛਲੇ ਦੋ ਅੰਕ ਵਿਚਾਰਨਯੋਗ ਹਨ। ਇਨ੍ਹਾਂ ਪਰਚਿਆਂ ਵਿੱਚ ‘ਜਾਪ’, ‘ਸਵੱਈਏ’, (ਅ) ਕਾਲ ਉਸਤਤ ਨੂੰ ‘ਦਸ਼ਮੇਸ਼ ਕ੍ਰਿਤ’ ਪ੍ਰਚਾਰਦੇ ਹੋਏ, ਇਨ੍ਹਾਂ ਦਾ ਸਮਰਥਨ ਕੀਤਾ ਮਿਲਦਾ ਹੈ। ਸੋ ਸਪਸ਼ਟ ਹੈ ਕਿ ਇਹ ਸਮਝੋਤਾਵਾਦੀ ਪਹੁੰਚ ਨਹੀਂ ਤਿਆਗਣਾ ਚਾਹੁੰਦੇ।

ਮਿਸ਼ਨਰੀ ਸੰਸਥਾਵਾਂ ਲਈ ਇਹ ਤੈਅ ਕਰਨ ਦਾ ਵੇਲਾ ਆ ਗਿਆ ਹੈ ਕਿ ਉਨ੍ਹਾਂ ਨੇ ‘ਕਾਲਕਾ ਪੰਥ’ ਦਾ ਮੈਂਬਰ ਬਣਨਾ ਹੈ ਜਾਂ ‘ਦਸਮ ਗ੍ਰੰਥ ਤੋਂ ਛੁੱਟਕਾਰਾ ਪਾ ਕੇ ਖ਼ਾਲਸਾ ਪੰਥ’ ਦਾ ਮੈਂਬਰ ਬਣਨਾ ਹੈ? ਇਸ ਵਿਸ਼ੇ ਵਿੱਚ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਚੌਂਤਾ ਆਦਿ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਜ਼ਰੂਰੀ ਹੈ। ਬੇਸ਼ੱਕ ਸਾਡੀ ਇੱਛਾ ਅਤੇ ਬੇਨਤੀ ਹੈ ਕਿ ਉਹ ‘ਖ਼ਾਲਸਾ ਪੰਥ’ ਦੇ ਮੈਂਬਰ ਬਣ ਜਾਣ, ਪਰ ਕੋਈ ਜ਼ਬਰਦਸਤੀ ਨਹੀਂ ਹੈ। ਪਰ ਉਨ੍ਹਾਂ ਨੂੰ ਇਸ ਸਮੇਂ ਆਪਣਾ ਸਟੈਂਡ ਜ਼ਰੂਰ ਸਪਸ਼ਟ ਕਰ ਦੇਣਾ ਚਾਹੀਦਾ ਹੈ।

ਕਮੇਟੀਆਂ ਲਈ ਸਮੇਂ ਦੀ ਸੀਮਾ

‘ਸਰਬੱਤ ਖ਼ਾਲਸਾ’ ਦੀ ਸਹਿਮਤੀ ਨਾਲ ਬਣਾਈਆਂ ਗਈਆਂ ਕਮੇਟੀਆਂ ਨੂੰ ਆਪਣਾ ਕੰਮ ਪੂਰਾ ਕਰਨ ਲਈ ਇੱਕ ਸਮੇਂ ਦੀ ਸੀਮਾ ਨਿਸ਼ਚਿਤ ਕੀਤੀ ਜਾਵੇ। ਇਨ੍ਹਾਂ ‘ਕਮੇਟੀਆਂ’ ਦਾ ਹਾਲ ਵੀ ਵੈਸਾ ਨਾ ਹੋਵੇ, ਜਿਹੋ ਜਿਹਾ ਆਮ ਕਮੇਟੀਆਂ ਦਾ ਹੁੰਦਾ ਹੈ।

ਸੰਖੇਪ ਅੰਤਿਕਾ

ਉਪਰੋਕਤ ਕੀਤੀ ਗਈ ਖੁੱਲੀ ਵਿਚਾਰ ਵਿੱਚ ਅਸੀਂ ਜਾਗ੍ਰਿਤੀ ਲਹਿਰ ਦੇ ਅਗਲੇ ਪੜਾਅ ਦੀ ਰੂਪ-ਰੇਖਾ ਲਈ ਸੁਝਾਅ ਦਿੱਤੇ ਹਨ, ਜੋ ਸੰਖੇਪ ਵਿੱਚ ਇਸ ਤਰ੍ਹਾਂ ਹਨ:-

ਸਭ ਤੋਂ ਪਹਿਲਾਂ, ਜਾਗਰੂਕ ਸਿੱਖਾਂ (ਖ਼ਾਲਸਾ ਪੰਥ) ਦੀ ਇੱਕ ‘ਪੰਥਕ ਕਨਵੈਨਸ਼ਨ’ (ਸਰਬੱਤ ਖ਼ਾਲਸਾ) ਬੁਲਾਈ ਜਾਵੇ। ਇਸ ਦਾ ਐਲਾਨ ਪਹਿਲਾਂ ਹੀ ਦਿੱਲੀ ਕਮੇਟੀ ਵਲੋਂ ਅਪ੍ਰੈਲ ਵਿੱਚ ਕਰਵਾਉਣ ਲਈ ਕਰ ਦਿੱਤਾ ਹੈ। ਪਰ ਇਹ ਕਨਵੈਨਸ਼ਨ ਸ. ਪਰਮਜੀਤ ਸਿੰਘ ਜੀ ਜਾਂ ਦਿੱਲੀ ਕਮੇਟੀ ਦੀ ਅਗਵਾਈ ਵਿੱਚ ਨਾ ਹੋਵੇ। ਬਲਕਿ ਇਸ ਕਨਵੈਨਸ਼ਨ ਦਾ ਪ੍ਰਬੰਧ ‘ਜਾਗਰੂਕ ਪੰਥ ਦਰਦੀਆਂ’ ਦਾ ਇੱਕ ਪੈਨਲ ਕਰੇ। ਸ. ਪਰਮਜੀਤ ਸਿੰਘ ਜੀ ਦੀ ਅਗਵਾਈ ਵਾਲੀ ਦਿੱਲੀ ਕਮੇਟੀ ਵਲੋਂ, ਇਸ ਕਨਵੈਨਸ਼ਨ ਨੂੰ ਆਰਥਿਕ ਅਤੇ ਹੋਰ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇ। ਇਸ ਕਨਵੈਨਸ਼ਨ ਤੋਂ 20-25 ਦਿਨ ਪਹਿਲਾਂ ‘ਗੁਰਮਤਿ ਨੂੰ ਪ੍ਰਣਾਏ’ ਲਗਭਗ 100 ਦੇ ਆਸ-ਪਾਸ ਪੰਥਦਰਦੀਆਂ (ਜਿਸ ਵਿੱਚ ਜਾਗਰੂਕ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਹੋਣ) ਦੀ ਇੱਕ ਇਕੱਤਰਤਾ ਬੁਲਾਈ ਜਾਵੇ। ਇਸ ਵਿੱਚ ਆਉਣ ਵਾਲੀ ਹਰ ਸ਼ਖਸ਼ੀਅਤ ਨੂੰ ਪਹਿਲਾਂ ਦਸਿਆ ਜਾਵੇ ਕਿ ਇਸ ਮੀਟਿੰਗ ਵਿੱਚ ਉਹ ਮੁੱਦੇ (ਮਤੇ) ਤੈਅ ਕੀਤੇ ਜਾਣੇ ਹਨ, ਜੋ ‘ਸਰਬੱਤ ਖ਼ਾਲਸਾ’ ਸਾਹਮਣੇ ਰੱਖੇ ਜਾਣਗੇ। ਸੋ ਹਰ ਕੋਈ ਉਨ੍ਹਾਂ ਬਾਰੇ ਆਪਣੀ ਰਾਏ ਲੈ ਕੇ ਆਵੇ।

ਦੂਜਾ, ਇਕੱਤਰਤਾ ਉਸ ਪੈਨਲ ਦਾ ਗਠਨ ਕਰੇ, ਜਿਸ ਦੀ ਅਗਵਾਈ ਹੇਠ ‘ਸਰਬੱਤ ਖ਼ਾਲਸਾ’ ਬੁਲਾਇਆ ਜਾਣਾ ਹੈ।

ਤੀਜਾ, ਇਸ ਇਕੱਤਰਤਾ ਵਿੱਚ ‘ਸਰਬੱਤ ਖ਼ਾਲਸਾ’ ਸਮਾਗਮਾਂ ਦੀ ਰੂਪ-ਰੇਖਾ ਵੀ ਤੈਅ ਕੀਤੀ ਜਾਵੇ।

ਸਰਬੱਤ ਖ਼ਾਲਸਾ ਸਾਹਮਣੇ ਪੇਸ਼ ਕੀਤੇ ਜਾਣ ਵਾਲੇ ਮਤੇ (ਮੁੱਦੇ) ਹੇਠ ਲਿਖੇ ਹੋ ਸਕਦੇ ਹਨ:-

(1) ਪੁਜਾਰੀਵਾਦ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ, ਇਸ ਦਾ ਹਰ ਰੂਪ ਵਿੱਚ ਬੀਜ ਨਾਸ਼ ਕਰਨ ਦਾ ਪ੍ਰਣ ਕੀਤਾ ਜਾਵੇ। ਕੌਮ ਵਿੱਚ ਫੈਲ ਚੁੱਕੇ ਪੁਜਾਰੀਵਾਦ ਦੀ ਪਹਿਚਾਣ ਲਈ ਵਿਦਵਾਨਾਂ ਦੀ ਇੱਕ ਕਮੇਟੀ ਗਠਿਤ ਕੀਤੀ ਜਾਵੇ।

(2) ਅਖੌਤੀ ਦਸਮ ਗ੍ਰੰਥ ਨੂੰ ਪੂਰੀ ਤਰ੍ਹਾਂ ਰੱਦ ਕਰਨ ਦਾ ਮਤਾ ਪਾਸ ਕੀਤਾ ਜਾਵੇ, ਭਾਵ ਕਿ ਐਲਾਨ ਕੀਤਾ ਜਾਵੇ ਕਿ ਅਖੌਤੀ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਦਸ਼ਮੇਸ਼ ਕ੍ਰਿਤ ਨਹੀਂ ਹੈ। ਨਾਲ ਹੀ ਬਾਕੀ ਗ੍ਰੰਥਾਂ ਵਿਚੋਂ ਵੀ ਗੁਰਮਤਿ ਵਿਰੋਧੀ ਅੰਸ਼ਾਂ ਦੀ ਪਹਿਚਾਣ ਕਰਨ ਲਈ ਮਾਹਿਰ ਵਿਦਵਾਨਾਂ ਦੀ ਕਮੇਟੀ ਬਣਾਈ ਜਾਵੇ।

(3) ਪ੍ਰਚਲਿਤ ‘ਨਿਤਨੇਮ’, ‘ਖੰਡੇ ਦੀ ਪਾਹੁਲ’ ਵਾਲੀ ਰਸਮ ਵਿੱਚ ਪੜ੍ਹੀਆਂ ਜਾਣ ਵਾਲੀਆਂ ਕੁੱਝ ਰਚਨਾਵਾਂ ਕੱਚੀਆਂ (ਦਸਮ ਗ੍ਰੰਥੀ) ਹਨ। ਐਸੀਆਂ ਹੀ ਹੋਰ ਕਈਂ ਸਿਧਾਂਤ ਵਿਰੁਧ ਗੱਲਾਂ ‘ਮੌਜੂਦਾ ਸਿੱਖ ਰਹਿਤ ਮਰਿਯਾਦਾ’ ਦਾ ਹਿੱਸਾ ਹਨ। ਸੋ ਇਸ ਰਹਿਤ ਮਰਿਯਾਦਾ ਦੀ ਸੁਧਾਈ ਕਰਨ ਦਾ ਮਤਾ ਪਾਸ ਕੀਤਾ ਜਾਵੇ, ਜਿਸ ਦਾ ਨਾਂ ਬਦਲ ਕੇ ‘ਸਿੱਖ ਜੀਵਨ ਜਾਚ’ ਰੱਖਿਆ ਜਾ ਸਕਦਾ ਹੈ।

ਨਿਰੋਲ ਗੁਰਮਤਿ ਅਨੁਸਾਰ ‘ਸਿੱਖ ਜੀਵਨ ਜਾਚ’ ਤਿਆਰ ਕਰਨ ਲਈ ਵਿਦਵਾਨਾਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ।

(4) ਚੌਥਾ ਮਤਾ, ‘ਮਜ਼ਬੂਤ ਗੁਰਮਤਿ ਮੀਡੀਆ’ ਦੀ ਸਥਾਪਨਾ ਨਾਲ ਸਬੰਧਿਤ ਹੋਵੇ। ਇਸ ਮੀਡੀਏ ਦੀ ਸਥਾਪਤੀ ਲਈ ਰੂਪ-ਰੇਖਾ ਤਿਆਰ ਕਰਨ ਲਈ ਜਾਗਰੂਕ ਅਤੇ ਮਾਹਿਰਾਂ ਅਤੇ ਪੰਥਦਰਦੀਆਂ ਦੀ ਇੱਕ ਕਮੇਟੀ ਬਣਾਈ ਜਾਵੇ।

(5) ਕੌਮ ਵੱਲੋਂ ਪਹਿਲਾਂ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਨੂੰ ਸਵੀਕਾਰਦਿਆਂ, ਉਸ ਵਿੱਚ ਰਹਿ ਗਈਆਂ ਕੁੱਝ ਕਮੀਆਂ ਦੇ ਸੁਧਾਰ ਲਈ ਮਾਹੀਰਾਂ ਦੀ ਇੱਕ ਕਮੇਟੀ ਦਾ ਗਠਨ ਕਰ ਕੇ ਨਿਰਧਾਰਿਤ ਸਮੇਂ ਦੀ ਸੀਮਾਂ ਵਿੱਚ ਇਸ ਨੂੰ ਸੰਪੂਰਨ ਰੂਪ ਦਿੱਤਾ ਜਾਵੇ।

(6) ਛੇਵਾਂ ਮਤਾ, ਇੱਕ ਵੱਡੇ ਪੱਧਰ ਦੀ ਨਵੀਂ ਜੱਥੇਬੰਦੀ ਦੇ ਗਠਨ ਨਾਲ ਸਬੰਧਿਤ ਹੋ ਸਕਦਾ ਹੈ। ਇਸ ਜੱਥੇਬੰਦੀ ਦੇ ਸੰਵਿਧਾਨ, ਕਾਰਜ ਖੇਤਰ ਅਤੇ ਹੋਰ ਮੱਦਾਂ ਦੀ ਰੂਪ-ਰੇਖਾ ਤਿਆਰ ਕਰਨ ਲਈ ਗੁਰਮਤਿ ਸਿਧਾਂਤਾਂ ਅਤੇ ਵਿਚਾਰਧਾਰਾ ਨੂੰ ਸਮਰਪਿਤ ਪੰਥਦਰਦੀਆਂ ਦੀ ਇੱਕ ਕਮੇਟੀ ਬਣਾਈ ਜਾਵੇ।

(7) ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਸਹੀ ਗੁਰਮਤਿ ਪੇਸ਼ ਕਰਦਾ ਟੀਕਾ ਤਿਆਰ ਕਰਨ ਸੰਬੰਧੀ ਵੀ ਇੱਕ ਮਤਾ ਇਸ ਕਨਵੈਨਸ਼ਨ (ਸਰਬੱਤ ਖਾਲਸਾ) ਵਿੱਚ ਪਾਸ ਕੀਤਾ ਜਾਵੇ। ਇਸ ਅਹਿਮ ਲੋੜੀਂਦੇ ਕਾਰਜ ਲਈ ਯੋਗ ਵਿਦਵਾਨਾਂ ਦੀ ਇੱਕ ਕਮੇਟੀ ਬਣਾਈ ਜਾਵੇ।

(8) ਸ਼੍ਰੋਮਣੀ ਕਮੇਟੀ ਨੂੰ ਨਵੇਂ ਮਹੰਤਾਂ ਤੋਂ ਆਜ਼ਾਦ ਕਰਵਾਉਣ ਸੰਬੰਧੀ ਵੀ ਮਤਾ ਸਰਬੱਤ ਖ਼ਾਲਸਾ ਸਾਹਮਣੇ ਪੇਸ਼ ਕੀਤਾ ਜਾਵੇ।

ਨਸ਼ੇ ਅਤੇ ਭ੍ਰਿਸ਼ਟਾਚਾਰ ਤੋਂ ਮੁਕੱਤ ਹੋ ਕੇ ਆਮ ਸਿੱਖ ਵੋਟਰਾਂ ਨੂੰ ਚੋਣਾ ਵਿੱਚ ਹਿਸਾ ਲੈ ਕੇ ਸੁਹਿਰਦ ਗੁਰਮੁਖਾਂ ਨੂੰ ਮੈਂਬਰ ਚੁਣਨ ਲਈ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।

ਇਸ ਮਕਸਦ ਲਈ ਕਿਸੇ ਯੋਗ ਜਾਗਰੂਕ ਰਾਜਨੀਤਕ ਲੀਡਰ ਦੀ ਅਗਵਾਈ ਹੇਠ ਪੰਥਦਰਦੀਆਂ ਦੀ ਇੱਕ ਕਮੇਟੀ ਬਣਾਈ ਜਾਵੇ।

‘ਸਰਬੱਤ ਖ਼ਾਲਸਾ’ ਤੋਂ ਪਹਿਲਾਂ ਹੋਣ ਵਾਲੀ ਮੀਟਿੰਗ ਵਿੱਚ ਇਨ੍ਹਾਂ ਸਾਰੀਆਂ ਕਮੇਟੀਆਂ ਦੇ ਮੈਂਬਰ ਤੈਅ ਹੋ ਜਾਣੇ ਚਾਹੀਦੇ ਹਨ। ਨਾਲ ਹੀ ਸਾਰੀਆਂ ਕਮੇਟੀਆਂ ਨੂੰ ਆਪਣਾ ਕੰਮ ਖਤਮ ਕਰਨ ਲਈ ਇੱਕ ਨਿਸ਼ਚਿਤ ਸਮਾਂ ਤੈਅ ਕੀਤਾ ਜਾਵੇ। ਹਰ ਸਾਲ ਇੱਕ ਨਿਸ਼ਚਿਤ ਸਮੇਂ ਦੌਰਾਨ ‘ਸਰਬੱਤ ਖ਼ਾਲਸਾ’ ਬੁਲਾਉਣ ਦੀ ਪਿਰਤ ਪਾਈ ਜਾਵੇ। ਇਸ ਵਿੱਚ ਉਸ ਸਾਲ ਦੀ ਕਾਰਗੁਜ਼ਾਰੀ ਪੇਸ਼ ਕੀਤੀ ਜਾਵੇ। ਇਨ੍ਹਾਂ ਸਾਰੇ ਕਾਰਜਾਂ ਵਾਸਤੇ ਧਨ ਦੇ ਪ੍ਰਬੰਧ ਲਈ ‘ਜਾਗਰੂਕ ਆਰਥਿਕ ਮਾਹਿਰ’ ਪੰਥਦਰਦੀਆਂ ਦੀ ਇੱਕ ਕਮੇਟੀ ਬਣਾਈ ਜਾਵੇ।

ਆਸ ਹੈ ਕਿ ਸਾਰੀਆਂ ਜਾਗਰੂਕ ਧਿਰਾਂ ‘ਤੱਤ ਗੁਰਮਤਿ ਪਰਿਵਾਰ’ ਵਲੋਂ ਪੇਸ਼ ਕੀਤੀਆਂ ਸੁਝਾਅ ਰੂਪੀ ਬੇਨਤੀਆਂ ਨੂੰ ਸੁਹਿਰਦਤਾ, ਨਿਸ਼ਕਾਮਤਾ ਅਤੇ ਇਮਾਨਦਾਰੀ ਨਾਲ ਵਿਚਾਰਨਗੀਆਂ ਅਤੇ ਉਸ ਅਨੁਸਾਰ ਜਾਗ੍ਰਿਤੀ ਲਹਿਰ ਦੀ ਅਗਲੀ ਰੂਪ-ਰੇਖਾ ਤੈਅ ਕਰਨ ਲਈ ਹੰਭਲਾ ਮਾਰਨਗੀਆਂ।

ਸਾਡੀ ਨਿਸ਼ਕਾਮ ਅਤੇ ਨਿਮਰਤਾ ਸਹਿਤ, ਦੋਵੇਂ ਹੱਥ ਜੋੜ ਕੇ, ਸਾਰੀਆਂ ਜਾਗਰੂਕ ਧਿਰਾਂ ਨੂੰ ਬੇਨਤੀ ਹੈ ਕਿ ਇਸ ਨਾਜ਼ੁਕ ਮੌਕੇ ਨੂੰ ਵੀ ਐਂਵੇ ਹੀ ਅਜਾਈਂ ਨਾ ਗੰਵਾ ਬੈਠੀਏ। ਵਰਨਾ ਆਉਣ ਵਾਲਾ ਇਤਿਹਾਸ ਅਤੇ ਪੀੜੀਆਂ ਸਾਨੂੰ ਇਸ ਅਣਗਹਿਲੀ ਬਦਲੇ ਕਦੇ ਮੁਆਫ ਨਹੀਂ ਕਰਨਗੀਆਂ।

ਅੰਤ ਵਿਚ, ਜੇ ਜਾਗਰੂਕ ਧਿਰਾਂ ਚਾਹੁਣ ਤਾਂ ‘ਤੱਤ ਗੁਰਮਤਿ ਪਰਿਵਾਰ’ ਇਨ੍ਹਾਂ ਸਾਰੇ ਕਾਰਜਾਂ ਅਤੇ ਕਮੇਟੀਆਂ ਲਈ ਯੋਗ ਵਿਦਵਾਨਾਂ ਅਤੇ ਪੰਥਦਰਦੀਆਂ ਦੇ ਨਾਂ ਵੀ ਸੁਝਾਅ ਸਕਦਾ ਹੈ।

ਨਿਸ਼ਕਾਮ ਨਿਮਰਤਾ ਸਹਿਤ

ਨਿਰੋਲ ਨਾਨਕ ਫਲਸਫੇ ਦੀ ਰਾਹ `ਤੇ

‘ਤੱਤ ਗਰਿਮਤਿ ਪਰਿਵਾਰ’




.