ਸੰਪਾਦਕ ਸਿੱਖ
ਮਾਰਗ ਤੇ ਸਮੂਹ ਪਾਠਕ ਸਾਹਿਬਾਨ ਜੀਓ, ਗੁਰੂ ਫਤੇਹਿ ਪ੍ਰਵਾਨ ਕਰਨੀ, ਅੱਜ ਸਿੱਖ ਮਾਰਗ ਦੇ ਕਾਫੀ
ਸਾਰੇ ਪਾਠਕ ਸਾਹਿਬਾਨ ਦੀ ਮੰਗ ਤੇ ਬਾਬੂ ਤੇਜਾ ਸਿੰਘ ਭਸੌੜ ਦੇ ਜੀਵਨ ਸਬੰਧੀ ਭਾਈ ਰਣਜੀਤ ਸਿੰਘ
ਬਹਾਦਰ ਪੁਰ ਜਿਲਾ ਸੰਗਰੂਰ ਦਾ ਲਿੱਖਿਆ ਲੇਖ ਉਹਨਾ ਤੋਂ ਫੋਨ ਕਰਕੇ ਇਜਾਜਿਤ ਲੈ ਕੇ ਲਿੱਖ ਰਿਹਾ
ਹਾਂ। ਜਿਸ ਕਿਸੇ ਪਾਠਕ ਨੂੰ ਕੋਈ ਸ਼ੰਕਾ ਹੋਵੇ ਉਹ, ਭਾਈ ਰਣਜੀਤ ਸਿੰਘ ਉਹਨਾ ਦੇ ਮੋਬਾਈਲ ਨੰ; ੦੦੯੧
੯੯੧੫੬ ੯੭੩੦੦ ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦਾ ਹੈ।
ਸੌ ਸਾਲ ਤੋਂ
ਵੀ ਪਹਿਲਾਂ ਪੰਥ ਦਾ ਸੁਧਾਰਵਾਦੀ ਪੰਥ ਰਤਨ ਬਾਬੂ ਤੇਜਾ ਸਿੰਘ ਭਸੌੜ ਜਿਸ ਨੇ ਸਾਰੀ ਉਮਰ ਲਈ ਪੰਥ
ਵਿੱਚੋਂ ਛੇਕਿਆ ਜਾਣਾ ਪ੍ਰਵਾਨ ਕੀਤਾ, ਪਰ ਧਰਮ ਵਿੱਚ ਰਿਲਾਵਟ ਪ੍ਰਵਾਨ ਨਹੀ ਕੀਤੀ।
ਪੰਥ ਰਤਨ ਬਾਬੂ ਤੇਜਾ ਸਿੰਘ ਨੇ
ਅੱਜ ਤੋਂ ਕਰੀਬ ੧੦੦ ਸਾਲ ਤੋਂ ਪਹਿਲਾਂ ਗੁਰਮਤਿ ਦੇ ਪਰਚਾਰ ਲਈ ਜੋ ਕੰਮ ਕੀਤੇ ਉਹਨਾ ਵਿੱਚੋ ਕੁੱਝ
ਕੁ ਹੇਠਾਂ ਲਿੱਖ ਰਿਹਾਂ ਹਾਂ।
(੧) ਹਰ ਗੁਰਸਿੱਖ ਲਈ ਅੰਮ੍ਰਿਤ ਛਕਣਾ ਤੇ ਬਾਣੀ ਬਾਣੇ ਨਾਲ ਜੁੜਨਾ ਜ਼ਰੂਰੀ ਹੈ। ਬੀਬੀਆਂ ਲਈ ਸਿਰ ਤੇ
ਦਸਤਾਰ ਬੰਨ੍ਹਣੀ ਤੇ ਪੰਜ ਕਕਾਰੀ ਰਹਿਣਾ ਹੈ।
(੨) ਬੀਬੀਆਂ ਲਈ ਵਿਦਿਆ ਪੜ੍ਹਨੀ ਜ਼ਰੂਰੀ ਹੈ। ਜਿੰਨਾ ਚਿਰ ਬੀਬੀਆਂ ਪੁਰਸ਼ਾਂ ਦੇ ਬਰਾਬਰ ਵਿਦਿਆ ਨਹੀ
ਪੜ੍ਹਨਗੀਆਂ, ਸਿੱਖ ਧਰਮ ਉੱਨਤੀ ਨਹੀ ਕਰ ਸਕੇਗਾ। ਇਸ ਕਾਰਜ਼ ਲਈ ਆਪਣੇ ਪਿੰਡ ਭਸੌੜ ਵਿੱਚ ਬੀਬੀਆਂ ਲਈ
ਉਸ ਸਮੇਂ ਮੁਫ਼ਤ ਸਕੂਲ ਤੇ ਬੋਰਡਿੰਗ ਖੋਲ੍ਹ ਲਿਆ। ਜਿਸ ਵਿੱਚ ਦੁਨਿਆਵੀ ਵਿਦਿਆ ਦੇ ਨਾਲ ਨਾਲ
ਗੁਰਬਾਣੀ ਅਤੇ ਕੀਰਤਨ ਸਿਖਾਇਆ ਜਾਂਦਾ ਸੀ। ਇਸ ਤੋਂ ਪਹਿਲਾਂ ਕਿਸੇ ਸਿੱਖ ਸੰਸਥਾ ਜਾਂ ਸ੍ਰੋਮਣੀ
ਕਮੇਟੀ ਨੂੰ ਅਜਿਹਾ ਖਿਆਲ ਵੀ ਨਹੀ ਆਇਆ ਸੀ।
(੩) ਅੱਜ ਜੋ ਅਸੀਂ ਪਦਛੇਦ ਬੀੜ੍ਹਾਂ ਤੋਂ ਬੜੇ ਆਰਾਮ ਨਾਲ ਪਾਠ ਕਰ ਰਹੇ ਹਾਂ, ਇਹ ਬਾਬੂ ਤੇਜਾ ਸਿੰਘ
ਦੀ ਦੇਣ ਹੈ। ਉਹਨਾਂ ਨੇ ਸੱਭ ਤੋਂ ਪਹਿਲਾਂ ਪਦਛੇਦ ਬੀੜ੍ਹ ਛਪਵਾਈ। ਸ੍ਰੀ ਗੁਰੁ ਗਰੰਥ ਸਾਹਿਬ ਦੀਆਂ
ਬੀੜ੍ਹਾਂ ਬਾਬੂ ਤੇਜਾ ਸਿੰਘ ਉਹਨਾਂ ਬਿਨਾਂ ਰਾਗ ਮਾਲਾ ਤੋਂ ਛਾਪਵਾਈਆਂ। ਸਾਰਾ ਪੰਥ ਉਹਨਾਂ ਦੇ ਪਿਛੇ
ਹੱਥ ਧੋ ਕੇ ਪੈ ਗਿਆ ਕਿ ਭਸੌੜੀਆਂ ਨੇ ਗੁਰੂ ਸਾਹਿਬ ਦੇ ਅੰਗ ਕੱਟ ਦਿੱਤੇ ਹਨ। ਨਿਹੰਗ ਸਿੰਘਾਂ ਨੂੰ
ਹੱਲਾ ਸ਼ੇਰੀ ਦੇ ਕੇ ਅਤੇ ਭੜਕਾ ਕੇ ਪੰਚ ਖੰਡ ਆਸ਼ਰਮ ਦੁਆਲੇ ਘੇਰਾ ਪਵਾ ਦਿੱਤਾ ਕਿ ਬਾਬੂ ਤੇਜਾ ਸਿੰਘ
ਨੂੰ ਜ਼ਿਉਂਦਾ ਨਹੀ ਛੱਡਣਾ।
(੪) ਬਾਬੂ ਤੇਜਾ ਸਿੰਘ ਦਾ ਪੰਚ ਖਾਲਸਾ ਦੀਵਾਨ ਸੱਭ ਤੋਂ ਪਹਿਲੀ ਸੰਸਥਾ ਹੈ ਜਿਸ ਨੇ ਸਿੱਖ ਧਰਮ ਦੇ
ਵਧੇਰੇ ਪ੍ਰਚਾਰ ਲਈ ਸੱਭ ਤੋਂ ਪਹਿਲਾਂ ਰਸਾਲੇ, ਅਖਬਾਰ ਅਤੇ ਟਰੈਕਟ ਆਦਿ ਛਾਪ ਕੇ ਸਿੱਖ ਧਰਮ ਦਾ
ਪ੍ਰਚਾਰ ਕੀਤਾ।
(੫) ਪੰਚ ਖਾਲਸਾ ਦੀਵਾਨ ਸੱਭ ਤੋਂ ਪਹਿਲੀ ਸੰਸਥਾ ਸੀ ਜਿਸ ਨੇ ਫੌਜੀ ਸਿੰਘਾਂ ਦੀਆਂ ਪਲਟਨਾਂ ਵਿੱਚ
ਗੁਰਬਾਣੀ ਦੇ ਨਿੱਤਨੇਮ ਦੇ ਗੁਟਕੇ ਛਾਪ ਕੇ ਲੱਖਾਂ ਦੀ ਗਿਣਤੀ ਵਿੱਚ ਮੁਫਤ ਭੇਜੇ ਤੇ ਮੁਫਤ ਵੰਡੇ।
(੬) ਇਹ ਹੀ ਪਹਿਲੀ ਸਿੱਖ ਸੰਸਥਾਂ ਸੀ ਜਿਸ ਨੇ ਫੌਜ ਵਿੱਚ ਦਾੜ੍ਹਾ ਨਾ ਬੰਨਣ ਵਾਲੇ ਸਿੰਘਾਂ ਨੂੰ
ਕ੍ਰਿਪਾਨ ਬਹਾਦਰ ਤੇ ਦਾੜ੍ਹਾ ਬਹਾਦਰ ਦੇ ਖਿਤਾਬ ਦਿੱਤੇ। ਪਹਿਲਾਂ ਤਾਂ ਸਾਰੇ ਸਿੰਘ ਸਿਪਾਹੀਆਂ ਦੇ
ਦਾੜ੍ਹੇ ਖੁੱਲ੍ਹੇ ਹੀ ਹੁੰਦੇ ਸਨ ਪਰ ਬਾਅਦ ਵਿੱਚ ਕਿਸੇ ਸਮੇਂ ਰਾਈਫਲ ਨਾਲ ਪ੍ਰੇਡ ਕਰਦੇ ਸਮੇਂ ਜਾਂ
ਆਰਾਮ ਕਰਦੇ ਸਮੇਂ, ਜਦੋਂ ਰਾਈਫਲ ਉਪਰ ਨੂੰ ਚੁੱਕੀ ਜਾਂਦੀ ਸੀ ਤਾਂ ਉਹ ਦਾੜੀ ਵਿੱਚ ਫਸ ਜਾਂਦੀ ਸੀ,
ਜਿਸ ਤੇ ਮੂਵਮੈਂਟ ਠੀਕ ਨਾ ਹੋ ਸਕਦੀ ਸੀ, ਇਸ ਤੋਂ ਪਿਛੋਂ ਅੰਗਰੇਜ਼ ਹਕੂਮਤ ਵੱਲੋਂ ਹੁਕਮ ਕੀਤਾ ਗਿਆ
ਸੀ ਕਿ ਸੱਭ ਸਿੱਖ ਸਿਪਾਹੀ ਦਾੜ੍ਹਾ ਬੰਨ ਕੇ ਹੀ ਪਰੇਡ ਕਰਿਆ ਕਰਨਗੇ। ਜਿੰਨਾ ਸਿੰਘਾਂ ਨੇ ਹੁਕਮ
ਮੰਨਣੋ ਇਨਕਾਰ ਕਰ ਦਿੱਤਾ, ਉਹਨਾ ਨੂੰ ਫੌਜ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ।
(੭) ਅੱਜ ਤੱਕ ਕੇਵਲ ਤੇ ਕੇਵਲ ਬਾਬੂ ਤੇਜਾ ਸਿੰਘ ਹੀ ਅਜੇਹੀ ਸਿੱਖ ਸੰਸਥਾ ਦਾ ਮੁੱਖੀ ਹੋਇਆ ਹੈ।
ਜਿਸ ਨੇ ਲੱਖਾਂ ਰੁਪਿਆਂ ਦਾ ਸਿੱਖ ਸਾਹਿਤ ਸਿੱਖੀ ਤੇ ਸਿੱਖ ਧਰਮ ਦੇ ਪਰਚਾਰ ਲਈ ਮੁਫਤ ਜਾਂ ਨਾਂ
ਮਾਤਰ ਕੀਮਤ ਤੇ ਵੰਡਿਆ ਹੋਵੇ।
(੮) ਪਰ ਗੁਰਦਵਾਰੇ ਦੀ ਇਮਾਰਤ ਬਿੱਲਕੁਲ ਨਾ ਬਣਾਈ ਹੋਵੇ। ਲੱਗਭੱਗ ੪੦-੫੦ ਫੁਟ ਦਾ ਇੱਕ ਟੀਨਾਂ ਦਾ
ਛੱਪਰ ਜਾਂ ਸ਼ੈਡ ਹੀ ਬਣਾਇਆ। ਦਿਨ ਵੇਲੇ ਇਹ ਟੀਨਾ ਉਪਰ ਚੁੱਕੀਆ ਜਾਂਦੀਆ ਅਤੇ ਰਾਤ ਨੂੰ ਆਲੇ ਦੁਆਲੇ
ਟੀਨਾ ਥੱਲੇ ਸੁੱਟ ਕੇ ਕੁੰਡੀਆ ਲਾਕੇ ਕੰਧਾ ਦਾ ਕੰਮ ਦਿੰਦੀਆ। ਗੁਰਦਵਾਰਾ ਸਾਹਿਬ ਦਾ ਕਮਰਾ ਤਾਂ
ਤੇਜਾ ਸਿੰਘ ਦੀ ਮੌਤ ਤੋਂ ਕਈ ਸਾਲ ਬਾਅਦ ਉਹਨਾ ਦੇ ਸੱਪੁਤਰ ਗਿਆਨੀ ਹਰਭਜਨ ਸਿੰਘ ਨੇ ਆਪਣੇ ਪੁਤਰ
ਨਿਰਮਲ ਸਿੰਘ ਦੇ ਨਾਂ ਤੇ ਬਣਾਇਆ ਸੀ। ਅੱਜ ਕੱਲ ਬਿਨਾ ਕਿਸੇ ਮੰਤਵ ਦੇ ਹਜਾਰਾਂ ਗੁਰਦਵਾਰਿਆ ਤੇ
ਲੱਖਾਂ ਰੁਪਇਆਂ ਖਰਚ ਕਰਕੇ ਸਿੱਖ ਕੌਮ ਦਾ ਨੁਕਸਾਨ ਕਰ ਦਿੱਤਾ ਹੈ। ਸਕੂਲ ਅਤੇ ਰਿਹਾਇਸੀ ਕਮਰੇ ਕੱਚੇ
ਜਾਂ ਕੱਚ ਪੱਕੇ ਬਣਾਕੇ ਕੰਮ ਸਾਰ ਲਿਆ ਜਾਂਦਾਂ ਸੀ। ਔਰਤਾਂ ਅਤੇ ਮਰਦਾਂ ਨੂੰ ਉਸ ਸਮੇਂ ਬਰਾਬਰ ਦੇ
ਅਧਿਕਾਰ ਦਿੱਤੇ।
(੯) ਇਹ ਹੀ ਸੱਭ ਤੋਂ ਪਹਿਲੀ ਸੰਸਥਾ ਸੀ ਜਿਸ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਵੇਲੇ ਪਤਾਸੇ ਨਹੀ
ਸਨ ਪਾਏ। ਇਸ ਵਿਚਾਰ ਨਾਲ ਇਹ ਸਿੱਧ ਹੋ ਜਾਂਦਾ ਹੈ ਕਿ ਗੁਰੂ ਜੀ ਨੇ ਜਾਂ ਮਾਤਾ ਜੀ ਨੇ ਵੀ ਪਤਾਸੇ
ਨਹੀ ਪਾਏ ਸਨ, ਪਰ ਬਾਅਦ ਵਿੱਚ ਮਨ ਘੜਤ ਗੱਲ ਬਣਾਈ ਗਈ ਹੈ।
(੧੦) ਪੰਚ ਖਾਲਸਾ ਦੀਵਾਨ ਤੋਂ ਪਹਿਲਾਂ ਸਿੱਖ ਬੀਬੀਆਂ ਨੂੰ ਅੰਮ੍ਰਿਤ ਛਕਾਉਣ ਦੀ ਵਿਧੀ ਵਜੋਂ ਖੰਡੇ
ਦੀ ਬਜਾਏ ਕ੍ਰਿਪਾਨ ਵਰਤੀ ਜਾਣ ਲੱਗ ਪਈ ਸੀ। ਤੇ ਉਹ ਭੀ ਪੰਜਾਂ ਦੀ ਬਜਾਏ ਇੱਕ ਸਿੰਘ ਜਾਂ ਪੁਜ਼ਾਰੀ
ਹੀ ਛਕਾਉਦਾ ਸੀ। ਪਰ ਇਸ ਸੰਸਥਾ ਨੇ ਸੱਭ ਲਈ ਇੱਕ ਹੀ ਤਰੀਕਾ ਵਰਤਿਆ।
(੧੧) ਇਸ ਸੰਸਥਾ ਨੇ ਸੱਭ ਤੋਂ ਪਹਿਲਾਂ ਇੱਕ ਮੁਸਲਮਾਨ ਵੀਰ ਕਰੀਮ ਬਖ਼ਸ਼ ਨੂੰ ਪ੍ਰੇਰ ਕੇ ਸਾਲ ਭਰ
ਪਹਿਲਾਂ ਰਹਿਤ ਰੱਖਵਾਈ ਫਿਰ ਹੀ ਉਸ ਨੂੰ ਅੰਮ੍ਰਿਤ ਛਕਾਇਆ ਤੇ ਬਾਅਦ ਵਿੱਚ ਉਸ ਦਾ ਨਾਂਮ ਲੱਖਬੀਰ
ਸਿੰਘ ਰੱਖਿਆ ਗਿਆ। ਪਰ ਹੁਣ ਅੰਮ੍ਰਿਤ ਛੱਕਣ ਵਾਲੇ ਨੂੰ ਬਿਨਾਂ ਤਨੋਂ ਮਨੋਂ ਤਿਆਰ ਕੀਤੇ ਅੰਮ੍ਰਿਤ
ਛੱਕਾ ਦਿੰਦੇ ਹਨ।
(੧੨) ਬਾਬੂ ਤੇਜਾ ਸਿੰਘ ਬਹੁਤ ਸੋਝੀਵਾਨ ਸੀ ਉਸ ਮੌਕੇ ਦਾ ਪਟਿਆਲੇ ਰਿਆਸਤ ਦਾ ਮਹਾਰਾਜਾ ਭੁਪਿੰਦਰ
ਸਿੰਘ ਨੌਜਵਾਨ ਕੁੜੀਆਂ ਦਾ ਬਹੁਤ ਸ਼ੌਕੀਨ ਸੀ, ਪੰਚ ਖੰਡ ਭਸੌੜ ਵਿੱਚ ਜੁਆਨ ਕੁੜੀਆਂ ਗੁਰਬਾਣੀ ਦਾ
ਕੀਰਤਨ ਕਰਦੀਆਂ ਸਨ। ਉਸ ਨੇ ਪਹਾੜੀ ਆਸ਼ਰਮ (ਰੈਸਟ ਹਾਊਸ) ਚੈਲ ੍ਹਵਿੱਚ ਇਸ ਆਸ਼ਰਮ ਦੀਆਂ ਕੁੜੀਆਂ ਨੂੰ
ਕੀਰਤਨ ਕਰਨ ਦੇ ਬਹਾਨੇ ਬੁਲਾ ਲਿਆ। ਬਾਬੂ ਜੀ ਜੁਆਨ ਕੁੜੀਆਂ ਦੀ ਥਾਂ ਦਸ, ਦਸ ਜਾਂ ਬਾਂਰਾਂ,
ਬਾਂਰਾਂ ਸਾਲ ਦੀਆਂ ਕੁੜੀਆਂ ਦੇ ਜੱਥੇ ਨੂੰ ਕੀਰਤਨ ਕਰਨ ਕਈ ਲੈ ਗਏ। ਰਾਜੇ ਦੇ ਮਨ ਦੀ ਗੱਲ ਪੂਰੀ ਨਾ
ਹੋਈ। ਬਾਅਦ ਵਿੱਚ ਜਦ ਭੋਗ ਪਿਆ, ਬਾਬੂ ਤੇਜਾ ਸਿੰਘ ਖੁਦ ਦੇਗ ਵਰਤਾਉਣ ਲੱਗ ਪਏ। ਜਦ ਪੰਜਾਂ
ਪਿਆਰਿਆਂ ਦਾ ਗੱਫਾ ਵਰਤਾਉਣ ਲੱਗਾ ਤਾਂ ਅੱਗੇ ਬੈਠੇ ਰਾਜੇ ਨੇ ਦੋਵੇਂ ਹੱਥ ਅੱਗੇ ਕਰ ਦਿੱਤੇ। ਪਰ
ਬਾਬੂ ਤੇਜਾ ਸਿੰਘ ਨੇ ਜਵਾਬ ਦੇ ਦਿੱਤਾ ਕਿ ਹਜ਼ੂਰ ਆਪ ਅੰਮ੍ਰਿਤਧਾਰੀ ਪੰਜ ਕਕਾਰੀ ਨਹੀ ਹੋ। ਇਸ ਤੇ
ਰਾਜੇ ਨੇ ਆਪਣੀ ਡਾਢੀ ਹੱਤਕ ਸਮਝੀ ਤੇ ਅੱਗੋਂ ਲਈ ਵੈਰ ਬੰਨ ਲਿਆ।
(੧੩) ਲਫਜ਼ ਪਾਰਲੀਮੈਂਟ ਤੇ ਇਤੱਰਾਜ਼ ਉਸ ਸਮੇਂ ਇਸ ਸੰਸਥਾ ਦਾ ਨਾਮ “ਪੰਚ ਖਾਲਸਾ ਦੀਵਾਨ” ਅਰਥਾਤ
“ਖਾਲਸਾ ਪਾਰਲੀਮੈਂਟ” ਰੱਖਿਆ ਗਿਆ। ਮੁਕਾਮ ਪੰਚ ਖੰਡ ਪਿੰਡ ਭਸੌੜ ਰਿਆਸਤ ਪਟਿਆਲਾ ਵਿੱਚ ਪੈਦਾਂ ਸੀ।
ਅੰਗਰੇਜ ਸ਼ਰਕਾਰ ਨੇ ਇਸ ਪਾਰਲੀਮੈਂਟ ਸ਼ਬਦ ਤੋਂ ਘਬਰਾ ਕੇ ਰਿਆਸਤ ਤੇ ਇਹ ਸ਼ਬਦ ਨਾ ਵਰਤਣ ਦਾ ਹੁਕਮ ਚਾੜ
ਦਿੱਤਾ। ਬਾਬੂ ਤੇਜਾ ਸਿੰਘ ਦਾ ਕਹਿਣਾ ਸੀ ਕਿ ਇਹ ਸਾਡੀ ਧਾਰਮਕਿ ਪਾਰਲੀਮੈਂਟ ਹੈ। ਜਿਸ ਵਿੱਚ
ਧਾਰਮਕਿ ਮਸਲਿਆਂ ਤੇ ਬਕਾਇਦਾ ਬਹਿਸ ਹੁੰਦੀ ਹੈ। ਇਸ ਸੰਸਥਾ ਵਿੱਚ ਸਿੱਖ ਮਸਲਿਆ ਦਾ ਹੱਲ ਬਹੁ ਗਿਣਤੀ
ਦੇ ਅਧਾਰ ਤੇ ਨਹੀ ਸਗੋਂ ਸਰਬ ਸੰਮਤੀ ਦੇ ਅਧਾਰ ਤੇ ਬਹਿਸ ਪਿਛੋਂ ਹੱਲ ਕੀਤਾ ਜਾਂਦਾਂ ਹੈ। ਸ੍ਰੋਮਣੀ
ਕਮੇਟੀ ਆਕਾਲ ਤਖਤ ਤੇ ਆਮ ਗੁਰਦਵਾਰਿਆ ਦਾ ਪਰਬੰਧ ਮਹੰਤਾਂ ਤੋ ਲੈਣ ਲਈ ਸਿੱਖ ਇਕੱਠੇ ਹੋ ਗਏ।
ਮਹਾਰਾਜਾ ਭੂਪਿੰਦਰ ਸਿੰਘ ਜ਼ਾਤੀ ਤੌਰ ਤੇ ਬਾਬੂ ਤੇਜਾ ਸਿੰਘ ਦਾ ਵੈਰੀ ਬਣ ਗਿਆ। ਪੁਸਤਕਾ ਦੇ ਸਟੋਰ
ਸੀਲ ਕਰਕੇ ਨੌਂ ਗੱਡਿਆਂ ਤੇ ਲੱਦ ਕੇ ਸਿੱਖ ਪੁਸਤਕਾਂ ਪਟਿਆਲੇ ਲਿਜਾਈਆਂ ਗਈਆਂ, ਇਸ ਤੋਂ ਇਲਾਵਾ
ਹਜ਼ਾਰਾ ਪੁਸਤਕਾਂ ਮੀਹ ਅਤੇ ਸ਼ਿਉਂਕ ਨੇ ਖਰਾਬ ਕਰ ਦਿਤੀਆਂ
(੧੪) ਬਾਬੂ ਤੇਜਾ ਸਿੰਘ ਹੁਣ ਵਾਲੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਸਹੀ ਬੀੜ ਨਹੀ ਮੰਨਦੇ ਸੀ।
ਉਸ ਕੋਲ ਉਸ ਸਮੇਂ ਦੇ ਪ੍ਰਮੁਖ ਵਿਦਵਾਨ ਜਿਵੇਂ ਕਿ ਭਾਈ ਕਾਹਨ ਸਿੰਘ ਨਾਭਾ, ਸ. ਸਮਸੇਰ ਸਿੰਘ ਅਸ਼ੋਕ
ਸ. ਮੋਹਨ ਸਿੰਘ ਵੈਦ ਤਰਨਤਾਰਨ ਵਾਲੇ, ਗਿਆਨੀ ਸ਼ੇਰ ਸਿੰਘ, ਭਾਈ ਰਣਧੀਰ ਸਿੰਘ ਆਦਿ ਪਰ ਉਸ ਕੋਲ ਪੰਥ
ਦਾ ਵੱਡਾ ਵਿਦਵਾਨ ਗਿਆਨੀ ਲਾਲ ਸਿੰਘ ਸੰਗਰੂਰ ਸੀ। ਜਿਸ ਦੀ ਦਲੀਲ ਅੱਗੇ ਵੱਡੇ ਵੱਡੇ ਵਿਦਵਾਨ
ਨਿਰਉੱਤਰ ਹੋ ਜਾਂਦੇ ਸਨ।
(੧੫) ਗੁਰਬਿਲਾਸ ਨੂੰ ਇਹ ਭੁਲੇਖੇ ਪਾਊ ਬਾਣੀ ਕਹਿੰਦੇ ਸਨ। ਪਰ ਇਹ ਗੁਰੂ ਸਾਹਿਬ ਦੀ ਬਾਣੀ ਦੀ
ਤਰਤੀਬ ਅਰਦਾਸ ਦਾ ਸਦਾ ਲਈ ਜੁੜਵਾ ਭਾਗ ਬਣ ਗਈ ਹੈ। ਇਸ ਤੋਂ ਪਹਿਲਾਂ ਸਾਰੇ ਗੁਰਦਵਾਰਿਆਂ ਵਿੱਚ
ਅਰਦਾਸ ਕੀਤੀ ਜਾਂਦੀ ਸੀ ਪਰ “ਤੂ ਠਾਕੁਰ ਤੁਮ ਪਹਿ ਅਰਦਾਸ ਵਾਲਾ ਸ਼ਬਦ ਨਹੀ ਪੜਿਆ ਜਾਂਦਾ ਸੀ। ਇਹ
ਸ਼ਬਦ ਇਸ ਸੰਸਥਾ ਨੇ ਪੜਨਾ ਸੁਰੂ ਕੀਤਾ ਸੀਇਕ ਪਾਸੇ ਭਾਈ ਦੋ ਵਾਰੀ ਇਹੋ ਤੁਕ ਬੋਲਦੇ ਸਨ ਤੇ ਦੂਜੇ
ਪਾਸੇ ਬੀਬੀਆਂ: “ਜੀਓ ਪਿੰਡ ਸਭ ਤੇਰੀ ਰਾਸਿ, ਜੀਓ ਪਿੰਡ ਸਭ ਤੇਰੀ ਰਾਸਿ” ਵੈਰਾਗਮਈ ਲੈਅ ਵਿੱਚ
ਪੜ੍ਹਦੀਆਂ ਸਨ। ਹੌਲੀ ਹੌਲੀ ਇਹ ਨੀਤੀ ਸਾਰੇ ਪੰਥ ਵਿੱਚ ਪਰਚੱਲਤ ਹੋ ਕੇ ਚਾਲੂ ਹੋ ਗਈ।
(੧੬) ਸਕੂਲ ਦੀ ਵਿਦਿਆਰਥਣ ਨਾਲ ਸ਼ਾਦੀ- ਬੀਬੀ ਨਿਰੰਜਣ ਕੌਰ ਅਤਿਅੰਤ ਸੂਝ ਬੂਝ ਵਾਲੀ, ਗੁਰਬਾਣੀ ਨੂੰ
ਚੰਗੀ ਤਰਾਂ ਸਮਝਣ ਵਾਲੀ ਤੇ ਪ੍ਰਬੰਧਕੀ ਗੁਣਾਂ ਵਿੱਚ ਬਹੁਤ ਹੁਸਿਆਰ ਸੀ ਜੋ ਬੀਬੀਆਂ ਦੇ ਸਕੂਲ,
ਖਾਲਸਾ ਕੁਆਰੀ ਕਾਲਜ ਦਾ ਪ੍ਰਬੰਧ ਹੱਥ ਵਿੱਚ ਲੈਣ ਦੇ ਯੋਗ ਸੀ। ਬਾਬੂ ਤੇਜਾ ਸਿੰਘ ਨੇ ਇਸ ਨੂੰ ਸਦਾ
ਲਈ ਆਪਣੇ ਨਾਲ ਜੋੜ ਕੇ ਰੱਖਣ ਲਈ ਇਸ ਦੇ ਵਾਰਸਾਂ ਦੀ ਸਲਾਹ ਨਾਲ ਇਸ ਦੇ ਨਾਨਾ ਜੀ ਦੀ ਹਾਜ਼ਰੀ ਵਿੱਚ
ਅਨੰਦ ਕਾਰਜ ਕਰ ਲਿਆ ਸੀ। ਨਿਸ਼ਾਨਾ ਇਸਤਰੀ ਵਿਦਿਆ ਦੇ ਪ੍ਰਚਾਰ ਦਾ ਸੀ ਨਾਂਕਿ ਜਿਨਸੀ ਭੁੱਖ ਦਾ। ਅੱਜ
ਕੱਲ ਦੇ ਡੇਰਿਆਂ ਵਿੱਚ ਬਲਾਤਕਰ ਵਰਗੇ ਕੇਸਾਂ ਤੋਂ ਇਹ ਨਿਰਲੇਪ ਕੇਸ ਸੀ। ਫਿਰ ਵੀ ਕਈ ਵਿਦਵਾਨਾਂ ਦੇ
ਖਿਆਲ ਵਿੱਚ ਇਹ ਬਾਬੂ ਤੇਜਾ ਸਿੰਘ ਨੂੰ ਬਦਨਾਮ ਕਰਨ ਲਈ ਸਾਜ਼ਸ ਘੜੀ ਗਈ ਸੀ।
(੧੭) ੳ: ਪੰਚ ਖਾਲਸਾ ਦੀਵਾਨ ਭਸੌੜ ਨੇ ਬਹੁਤ ਸਾਰੇ ਪੁਸਤਕ, ਟਰੈਕਟ ਆਦਿ ਛਾਪ ਕੇ ਸਿੱਖ ਧਰਮ ਦਾ
ਪ੍ਰਚਾਰ ਕੀਤਾ। ਵਿਹਾਰ ਸੁਧਾਰ ਤੇ ਪੁਸਤਕ ਲਿੱਖੀ। ਉਸ ਵੇਲੇ ਮਰਦਮ ਸੁਮਾਰੀ ਵੇਲੇ ਸਿੱਖਾਂ ਨੂੰ ਜੱਟ
ਸਿੱਖ, ਝਿਊਰ ਸਿੱਖ, ਤਰਖਾਣ ਸਿੱਖ, ਰਵਦਾਸੀਏ ਸਿੱਖ ਤੇ ਮਜ਼ਬੀ ਸਿੱਖ ਆਦਿ ਲਿਖਿਆ ਜਾਂਦਾਂ ਸੀ, ਪਰ
ਇਸ ਸੰਸਥਾ ਨੇ ਸੱਭ ਨੂੰ ਕੇਵਲ ੁਸਿੱਖ ਲਿਖਾਉਣ ਦਾ ਪ੍ਰਚਾਰ ਕੀਤਾ।
(ਅ) ਸਾਰੇ ਸਿੱਖ ਪੰਥ ਵਿੱਚ ਪੰਚ ਖਾਲਸਾ ਦੀਵਾਨ ਦੀ ਇਕੋ ਇੱਕ ਅਜੇਹੀ ਸਟੇਜ ਸੀ, ਜਿਥੇ ਕੋਈ ਦਾਹੜੀ
ਬੰਨੀ ਵਾਲਾ ਵਿਅਕਤੀ ਸਟੇਜ ਤੋਂ ਬੋਲ ਨਹੀ ਸਕਦਾ ਸੀ। ਪੈਪਸੂ ਦੇ ਤੱਤਕਾਲੀਨ ਮੁੱਖ ਮੰਤਰੀ ਗਿਆਨ
ਸਿੰਘ ਨੂੰ ਇਹਨਾਂ ਦੀ ਸਟੇਜ ਤੋਂ ਦਾਹੜਾ ਖੋਲ ਕੇ ਬੋਲਣਾ ਪਿਆ ਸੀ।
(੧੮) ਇਸ ਸੰਸਥਾ ਨੇ ਨਿੱਤਨੇਮ ਦੇ ਗੁਟਕੇ ਸਿੱਖ ਸੰਗਤਾਂ ਵਿੱਚ ਨਾ ਮਾਤਰ ਕੀਮਤ ਤੇ ਪਹੁੰਚਦੇ ਕੀਤੇ
ਸਨ।
(੧੯) ਇਸ ਹੀ ਸੰਸਥਾ ਨੇ ਗੁਰੂ ਗ੍ਰੰਥ ਦਾ ਦਰਜ਼ਾ ਗੁਰੂਆਂ ਤੋਂ ਪਹਿਲਾਂ ਰੱਖਿਆ ਸੀ। ਇਹਨਾਂ ਨੇ ਹੀ
ਅਰਦਾਸ ਵਿੱਚ ਚੰਡੀ ਦੀ ਵਾਰ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਸਲੋਕ ਮਹਲਾ ੨ ਆਪੇ ਜਾਣੈ ਕਰੇ
ਆਪਿ, ਆਪੇ ਆਣੈ ਰਾਸਿ॥ ਤਿਸੈ ਅਗੈ ਨਾਨਕਾ, ਖਲਿਇ ਕੀਚੈ ਅਰਦਾਸਿ॥ ੧॥ ਨਾਲ ਸੁਰੂ ਕੀਤਾ ਸੀ। ਅੰਤ
ਵਿੱਚ {ਵਾਹਿਗੁਰ ਜੀ ਕਾ ਖਾਲਸਾ, ਵਾਹਿਗੁਰ ਜੀ ਕੀ ਫ਼ਤਹ॥} ਲਿਖਿਆ, ਅੱਜ ਵਾਲਿਆਂ ਵਾਙ “ਵਹਿਗੁਰੂ
“ਨਹੀ ਲਿਖਿਆ ਹੋਇਆ। ਬਾਬੂ ਤੇਜਾ ਸਿੰਘ ਅਤੇ ਇਸ ਸੰਸਥਾ ਦੇ ਹੋਰ ਬਹੁਤ ਸਾਰੈ ਸਿੱਖ ਲੰਗਰ ਬਿਬੇਕ ਦਾ
ਹੀ ਛਕਦੇ ਸਨ, ਭਾਵ ਅੰਮ੍ਰਿਤਧਾਰੀ ਸਿੰਘ ਜਾਂ ਸਿੰਘਣੀਆਂ ਦੇ ਹੱਥ ਦਾ ਤਿਆਰ ਕੀਤਾ ਅਤੇ ਵਰਤਾਇਆ
ਪ੍ਰਸ਼ਾਦਾ ਹੀ ਛਕਦੇ ਸਨ। ਪੰਚ ਖਾਲਸਾ ਦੀਵਾਨ ਇੱਕ ਅਜੇਹੀ ਸੰਸਥਾ ਸੀ ਜਿਸ ਨੇ ਲੜਕੀਆਂ ਦੇ ਬਿਨਾਂ
ਗਹਿਣੇ ਪਾਏ, ਬਿਨਾਂ ਪਰਦੇ, ਬਿਨਾਂ ਘੱਗਰੇ ਦੇ ਨੰਗੇ ਮੂੰਹ ਅਨੰਦ ਕਾਰਜ਼ ਕਰਾਉਣੇ ਸੁਰੂ ਕੀਤੇ ਸਨ।
ਸੁਰੂ ਵਿੱਚ ਸਾਰੇ ਵੱਲੋਂ ਇਸ ਸੁਧਾਰ ਦੀ ਬਹੁਤ ਵਿਰੋਧਤਾ ਕੀਤੀ ਗਈ ਸੀ। ਸੱਭ ਤੋਂ ਵੱਡੀ ਗੱਲ ਇਹ ਸੀ
ਕਿ ਇਸ ਸੰਸਥਾ ਦੇ ਮੈਂਬਰ ਦਾਜ਼ ਲੈਣ ਦੇਣ ਦੇ ਕੱਟੜ ਵਿਰੋਧੀ ਸਨ। ਮਿਸਾਲ ਦੇ ਤੌਰ `ਤੇ ਭਾਈ ਬਸੰਤ
ਸਿੰਘ ਸਿਦਕੀ ਪਿੰਡ ਬਹਾਦਰ ਪੁਰ ਜਿਲਾ ਸੰਗਰੂਰ ਤੋਂ ਆਪਣੇ ਲੜਕੇ ਹਰਚਰਨ ਸਿੰਘ ਨੂੰ ੧੯੬੦ ਵਿੱਚ
ਪਿੰਡ ਕਰਤਾਰ ਪੁਰ ਜਿਲਾ ਲੁਧਿਆਣਾ ਵਿਆਹੁਣ ਗਿਆ, ਲੜਕੀ ਵਾਲਿਆਂ ਨੇ ਵਾਰ ਵਾਰ ਮਨਾਂ ਕਰਨ ਦੇ
ਬਾਵਯੂਦ, ਦੋ ਕੁਰਸੀਆਂ ਤੇ ਇੱਕ ਮੇਜ਼ ਬੱਸ ਉਪਰ ਰੱਖ ਦਿਤਾ ਸੀ। ਭਸੌੜ ਦੇ ਗੁਰਦਵਾਰੇ ਬਸੰਤ ਸਿੰਘ
ਨੂੰ ਸੰਗਤ ਵਿੱਚ ਖੜਾ ਕਰ ਕੇ ਤਨਖਾਹ ਲਗਾਈ ਗਈ ਕਿ ਦਾਜ਼ ਨਾ ਲੈਣ ਦਾ ਨਿਯਮ ਕਿਉਂ ਤੋੜਿਆ ਹੈ।
ਬਾਬੂ ਤੇਜਾ ਸਿੰਘ ਦੀ ਰਹਿਣੀ- ਉਹ ਸਾਦਾ ਪੁਸਾਕ ਪਹਿਨਦੇ ਸਨ। ਗਰਮੀਆਂ ਵਿੱਚ ਖੱਦਰ ਦਾ ਕੁੜਤਾ
ਪਜਾਮਾ, ਖੱਦਰ ਦੀ ਦਸਤਾਰ, ਸਿਰ ਤੇ ਚੱਕਰ ਖਾਸ ਕਰਕੇ ਗਾਤਰੇ ਵਾਲੀ ਵੱਡੀ ਸਿਰੀ ਸਾਹਿਬ ਅਤੇ ਹਰ
ਵੇਲੇ ਸਫਾ ਜੰਗ ਨਾਲ ਰੱਖਦੇ ਸਨ। ਸਰਦੀਆਂ ਵਿੱਚ ਕੰਬਲ ਅਤੇ ਅਚਕਨ ਪਹਿਨਦੇ ਸਨ। ਇਸ ਸੰਸਥਾ ਦੇ ਹੋਰ
ਕਈ ਸਿੰਘਾਂ ਵਾਂਗ, ਹਰ ਮੌਸਮ ਵਿੱਚ ਸਵੇਰੇ ਦੋ ਵਜ਼ੇ ਉਠ ਕੇ ਇਸ਼ਨਾਨ ਕਰ ਕੇ ਨਾਮ ਅਭਿਆਸ ਕਰਦੇ ਸਨ।
ਬਾਬੂ ਜੀ ਉਹਨਾਂ ਨੂੰ ਇਸ ਕਰਕੇ ਕਿਹਾ ਜਾਦਾਂ ਸੀ ਕਿ ਉਹ ਪਹਿਲਾਂ ਨਹਿਰੀ ਮਹਿਕਮੇਂ ਵਿੱਚ ਓਵਰਸੀਅਰ
(ਬਾਅਦ ਵਿੱਚ ਐਸ. ਡੀ. ਓ.) ਦੇ ਤੌਰ ਤੇ ਨੌਕਰੀ ਕਰਦੇ ਸਨ। ਬਾਬੂ ਤੇਜਾ
ਸਿੰਘ ਦੀ ਮੌਤ ਨਿਮੂਨੀਆਂ ਹੋਣ ਨਾਲ ਹੋਈ ਸੀ। ਰਾਗ ਮਾਲਾ ਨੂੰ ਗੁਰਬਾਣੀ ਮੰਨਣ ਵਾਲੇ ਝੂਠਾ ਪ੍ਰਚਾਰ
ਕਰ ਰਹੇ ਹਨ ਕਿ ਬਾਬੂ ਤੇਜਾ ਸਿੰਘ ਦੀ ਜੀਭ ਖਰਾਬ ਹੋ ਗਈ ਸੀ ਤੇ ਕਈ ਤਾਂ ਇਹ ਵੀ ਪ੍ਰਚਾਰ ਕਰ ਰਹੇ
ਹਨ ਕਿ ਬਾਬੂ ਤੇਜਾ ਸਿੰਘ ਦੇ ਜੀਭ ਵਿੱਚ ਕੀੜੇ ਪੈ ਗਏ ਸਨ, ਜੋ ਕੇ ਸਰਾਸਰ ਝੂਠ ਹੈ। ਬਾਬੂ ਤੇਜਾ
ਸਿੰਘ ਆਖਰੀ ਦਮ ਤੱਕ ਸੁਧਾਰ ਵਾਦੀ ਖੋਜ ਤੇ ਪਹਿਰਾ ਦਿੰਦੇ ਰਹੇ। ਹਾਰ ਮੰਨਣੀ ਪਰਵਾਨ ਨਾ ਕੀਤੀ, ਨਾ
ਹੀ ਪੁਜ਼ਾਰੀਆਂ ਕੋਲੋਂ ਭੁੱਲ ਬਖਸਾਉਣ ਦੀ ਗੱਲ ਪ੍ਰਵਾਨ ਕੀਤੀ ਸੀ। ਆਪ ਨੇ ਛੇਕੇ ਜਾਣ ਦੀ ਕੋਈ ਪਰਵਾਹ
ਨਾ ਕੀਤੀ ਤੇ ਸੱਚ ਦਾ ਝੰਡਾ ਫੜੀ ਰੱਖਿਆ ਤੇ ਸੰਸਾਰ ਤੋਂ ਵਿਦਾ ਹੋ ਗਏ। ਜਦ ਤੱਕ ਪੰਥ ਵਿੱਚ
ਤੱਤ ਗੁਰਮਤਿ ਦੇ ਵਿਦਵਾਨ ਪੈਦਾ ਹੁੰਦੇ ਰਹਿਣਗੇ, ਉਹ ਬਾਬੂ ਤੇਜਾ ਸਿੰਘ ਦੇ ਨਕਸ਼ੇ ਕਦਮਾਂ ਤੇ ਪਹਿਰਾ
ਦਿੰਦੇ ਰਹਿਣਗੇ ਅਤੇ ਉਹਨਾ ਦੇ ਉਠਾਏ ਨੁਕਤਿਆਂ ਤੇ ਵੀਚਾਰ ਕਰਨ ਲਈ ਮਜ਼ਬੂਰ ਹੁੰਦੇ ਹੋਏ ਅੱਗੇ ਦੀ
ਅੱਗੇ ਖੋਜ਼ ਕਰਦੇ ਰਹਿਣਗੇ।
ਡਾ: ਪਰਮਜੀਤ ਸਿੰਘ ੦੦੯੧ ੯੮੧੪੯ ੫੬੨੪੭.
(ਨੋਟ:- ਇਸ ਲੇਖ ਵਿਚੋਂ ਭੱਟਾਂ ਦੇ ਸਵੱਈਆਂ ਬਾਰੇ ਅਤੇ ਦਸਮ ਗ੍ਰੰਥ ਬਾਰੇ ਕੁੱਝ ਲਾਈਨਾ ਕੱਟ
ਦਿੱਤੀਆਂ ਹਨ। ਕਿਉਂਕਿ ਅਸੀਂ ਸਿੱਖ ਮਾਰਗ ਤੇ ਦਸਮ ਗ੍ਰੰਥ ਦੇ ਹੱਕ ਵਿੱਚ ਅਤੇ ਭੱਟਾਂ ਦੀ ਬਾਣੀ ਦੇ
ਵਿਰੋਧ ਵਿੱਚ ਕੋਈ ਵੀ ਲਿਖਤ ਨਹੀਂ ਛਾਪ ਸਕਦੇ-ਸੰਪਾਦਕ)