.

ਗੰਗ ਗੁਸਾਇਨਿ ਗਹਿਰ ਗੰਭੀਰ

ਗੰਗ ਗੁਸਾਇਨਿ ਗਹਿਰ ਗੰਭੀਰ॥ ਜੰਜੀਰ ਬਾਂਧਿ ਕਰਿ ਖਰੇ ਕਬੀਰ॥ 1॥
ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ॥
ਚਰਨ ਕਮਲ ਚਿਤੁ ਰਹਿਓ ਸਮਾਇ॥ ਰਹਾਉ॥
ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ॥ ਮ੍ਰਿਗਛਾਲਾ ਪਰ ਬੈਠੇ ਕਬੀਰ॥ 2॥
ਕਹਿ ਕੰਬੀਰ ਕੋਊ ਸੰਗ ਨ ਸਾਥ॥ ਜਲ ਥਲ ਰਾਖਨ ਹੈ ਰਘੁਨਾਥ॥ 3॥ 10॥ 18॥
ਗੁਰੂ ਗ੍ਰੰਥ ਸਾਹਿਬ, ਪੰਨਾ 1162

ਭਗਤ ਕਬੀਰ ਜੀ ਵਲੋਂ ਗੁਸਾਈਂ ਜੀ ਦੇ ਗਿਆਨ ਦੀ ਗੰਗਾ ਦੀ ਪ੍ਰੋੜਤਾ ਕਰਨੀ ਅਤੇ ਕਰਮਕਾਂਡੀ ਗੰਗਾ ਦਾ ਖੰਡਨ ਕਰਨਾ।
ਨੋਟ – ਇਸ ਸ਼ਬਦ ਅੰਦਰ ਵੀ ਗੁਰਮਤਿ ਸਿਧਾਂਤ ਦਾ ਪਰਤੱਖ ਸ਼ੀਸ਼ਾ ਸਾਹਮਣੇ ਹੈ। ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਹਰੇਕ ਸ਼ਬਦ ਨੂੰ ਕਰਮਕਾਂਡੀ ਕਹਾਣੀਆਂ ਨਾਲ ਜੋੜ ਕੇ ਵਿਆਖਿਆ ਕਰਨੀ ਠੀਕ ਸਮਝੀ ਗਈ ਹੈ। ਇਸੇ ਕਾਰਨ ਅਸੀਂ ਗੁਰਮਤਿ ਸਿਧਾਂਤ ਤੋਂ ਦੂਰ ਹੋ ਕੇ ਕਰਮਕਾਂਡੀ ਦਲਦਲ ਅੰਦਰ ਹੀ ਧਸ ਗਏ ਹਾਂ, ਅਤੇ ਗੁਰਮਤਿ ਸਿਧਾਂਤ ਨੂੰ ਵੀ ਕਰਮਕਾਂਡ ਅੰਦਰ ਰਲਗੱਡ ਕਰ ਦਿੱਤਾ ਹੈ। ਅਸੀਂ ਤਰ੍ਹਾਂ ਤਰ੍ਹਾਂ ਦੇ ਭੁਲੇਖਿਆਂ ਦਾ ਸ਼ਿਕਾਰ ਹੋ ਕੇ ਰਹਿ ਗਏ ਹਾਂ। ਇਸ ਸ਼ਬਦ ਅੰਦਰ ਸਪਸ਼ਟ ਹੈ ਕਿ ਕਰਮਕਾਂਡੀ ਗੰਗਾ ਦੀ ਗੱਲ ਨਹੀਂ ਹੋ ਰਹੀ। ਵਾਹਿਗੁਰੂ ਦੇ ਨਾਮ ਦੀ ਗੰਗਾ, ਗੋਸਾਈਂ ਜੀ ਦੇ ਗਿਆਨ ਦੀ ਗੰਗਾ ਦੀ ਪ੍ਰੋੜਤਾ ਹੋ ਰਹੀ ਹੈ, ਅਤੇ ਨਾਂ ਹੀ ਕਿਸੇ ਕਰਮਕਾਂਡੀ ਨੇ ਕਬੀਰ ਜੀ ਨੂੰ ਸੰਗਲੀਆਂ ਨਾਲ ਬੰਨ੍ਹਿਆ। ਗੋਸਾਈਂ ਜੀ ਦੇ ਗਿਆਨ ਦੀ ਗੰਗਾ ਦੇ ਕੰਢੇ ਅਗਿਆਨਤਾ ਦੀ ਜੋ ਮਨੁੱਖ ਨੇ ਸੰਗਲੀ/ਜ਼ੰਜੀਰ ਪਕੜੀ ਹੋਈ ਹੈ, ਉਹ ਗਿਆਨ ਰਾਹੀਂ ਟੁੱਟ ਸਕਦੀ ਹੈ। ਇਹ ਗੋਸਾਈਂ ਜੀ ਦੇ ਆਤਮਿਕ ਗਿਆਨ ਦੀ ਜੋ ਡੂੰਘੀ ਗੰਗਾ ਹੈ, ਅਗਿਆਨਤਾ ਦੀ ਜ਼ੰਜੀਰ ਟੁੱਟਣ ਤੋਂ ਬਾਅਦ ਹੀ ਇਸ ਦੀ ਡੁੰਘਿਆਈ ਨੂੰ ਜਾਣਿਆਂ ਜਾ ਸਕਦਾ ਹੈ।
ਦੂਸਰੀ ਗੱਲ ਜੇਕਰ ਕੋਈ ਕਿਸੇ ਨੂੰ ਸਜ਼ਾ ਦੇਣੀ ਚਾਹਵੇ ਤਾਂ ਸਜ਼ਾ ਦੇਣ ਵਾਲਾ, ਬੰਦੇ ਨੂੰ ਚੁੱਕੇਗਾ ਅਤੇ ਪਾਣੀ ਦੀ ਗੰਗਾ ਅੰਦਰ ਸੁੱਟ ਦੇਵੇਗਾ, ਪਰ ਕਰਮਕਾਂਡੀ ਕਹਾਣੀ ਮੁਤਾਬਿਕ ਪਹਿਲਾਂ ਬੜੇ ਸਤਿਕਾਰ ਨਾਲ ਉਨ੍ਹਾਂ ਨੂੰ ਹਿਰਨ ਦੀ ਖੱਲ ਉੱਪਰ ਬਿਠਾਇਆ ਅਤੇ ਫਿਰ ਗੰਗਾ ਵਿੱਚ ਸੁੱਟਿਆ। ਇਥੇ ਆਪਣੇ ਆਪ ਹੀ ਕਰਮਕਾਂਡੀ ਕਹਾਣੀ ਖੰਡਨ ਹੋ ਜਾਂਦੀ ਹੈ। ਗੁਰਮਤਿ ਸੱਚ ਦੇ ਸਾਹਮਣੇ ਇਸ ਕਰਮਕਾਂਡੀ ਕਹਾਣੀ ਦਾ ਕੋਈ ਅਧਾਰ ਨਹੀਂ ਰਹਿ ਜਾਂਦਾ। ਸੋ ਸਾਡੇ ਲਈ ਗੁਰਮਤਿ ਸਿਧਾਂਤ ਸਮਝਣਾ ਬੜਾ ਜ਼ਰੂਰੀ ਹੈ। ਗੁਰਮਤਿ ਸਿਧਾਂਤ ਤਾਂ ਹੀ ਸਮਝਿਆ ਜਾ ਸਕਦਾ ਹੈ, ਜੇਕਰ ਅਸੀਂ ਕਰਮਕਾਂਡੀ ਸਿਧਾਂਤ ਤੋਂ ਤੌਬਾ ਕਰ ਲਈਏ।
ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥
ਗੁਰੂ ਗ੍ਰੰਥ ਸਾਹਿਬ ਪੰਨਾ 1159

ਗੰਗ ਗੁਸਾਇਨਿ ਗਹਿਰ ਗੰਭੀਰ॥ ਜੰਜੀਰ ਬਾਂਧਿ ਕਰਿ ਖਰੇ ਕਬੀਰ॥ 1॥
ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ॥
ਚਰਨ ਕਮਲ ਚਿਤੁ ਰਹਿਓ ਸਮਾਇ॥ ਰਹਾਉ॥
ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ॥ ਮ੍ਰਿਗਛਾਲਾ ਪਰ ਬੈਠੇ ਕਬੀਰ॥ 2॥
ਕਹਿ ਕੰਬੀਰ ਕੋਊ ਸੰਗ ਨ ਸਾਥ॥ ਜਲ ਥਲ ਰਾਖਨ ਹੈ ਰਘੁਨਾਥ॥ 3॥ 10॥ 18॥
ਗੁਰੂ ਗ੍ਰੰਥ ਸਾਹਿਬ, ਪੰਨਾ 1162

ਪਦ ਅਰਥ
ਗੰਗ ਗੁਸਾਇਨਿ – ਗੁਸਾਈ ਜੀ ਦੇ ਨਾਮ ਦੀ ਗੰਗਾ, ਵਾਹਿਗੁਰੂ ਦੇ ਨਾਮ ਦੀ ਗੰਗਾ
ਗਹਿਰ – ਡੂੰਘੀ, ਗਹਿਰੀ
ਗਹਿਰ ਗੰਭੀਰ – ਬਹੁਤ ਡੂੰਘੀ
ਜੰਜੀਰ – ਸੰਗਲੀ
ਬਾਂਧਿ – ਕੰਢਾ, ਬੰਨ੍ਹ
ਕਰਿ – (ਹੱਥ) ਵਿਚ, ਕਰਕੇ (ਮਹਾਨ ਕੋਸ਼)
ਖਰੇ – ਖੜਨਾ
ਮਨੁ – ਮਨ
ਨ ਡਿਗੈ – ਨਹੀਂ ਡੋਲਦਾ, ਨਹੀਂ ਡਰਦਾ
ਤਨੁ – ਤਨ, ਸਰੀਰ
ਤਨੁ ਕਾਹੇ ਕਉ ਡਰਾਇ - ਫਿਰ ਸਰੀਰ ਨਹੀਂ ਡਰਦਾ
ਸਮਾਇ – ਅਭਿਆਸ
ਰਹਿਓ ਸਮਾਇ – ਅਭਿਆਸ ਕਰਨਾ
ਗੰਗਾ ਕੀ ਲਹਰਿ – ਵਾਹਿਗੁਰੂ ਦੇ ਆਤਮਿਕ ਗਿਆਨ ਦੀ ਲਹਰਿ
ਮੇਰੀ ਟੁਟੀ ਜੰਜੀਰ – ਮੇਰੀ ਅਗਿਆਨਤਾ ਦੀ ਜ਼ੰਜੀਰ ਟੁਟ ਗਈ
ਮ੍ਰਿਗਛਾਲਾ – ਕੁਦ ਪੈਣਾ, ਹਿਰਨ ਵਾਂਗ ਛਾਲ ਮਾਰਨਾ (ਹਿਰਨ ਦੀ ਛਾਲ ਬਹੁਤ ਮਸ਼ਹੂਰ ਹੈ)
ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ॥
ਗੁਰੂ ਗ੍ਰੰਥ ਸਾਹਿਬ ਪੰਨਾ 469
ਪਰ – ਪਵਿੱਤਰ
ਬੈਠੇ – ਥੱਲੇ ਚਲੇ ਜਾਣਾ, ਡੂੰਘਿਆਈ ਜਾਣ ਲੈਣੀ
ਜਲ – ਸੰ: ਉੱਚਾ, ਸਰਵੋਤਮ, ਸ੍ਰੇਸ਼ਟ, ਪਵਿੱਤ੍ਰ
ਥਲ – ਸੰ: ਅਸਥਾਨ
ਰਘੁਨਾਥ – ਗੋਸਾਈਂ, ਅਕਾਲ ਪੁਰਖੁ, ਸ੍ਰਿਸਟੀ ਦਾ ਮਾਲਕ
ਅਰਥ
ਕਬੀਰ ਜੀ ਮਨੁੱਖਤਾ ਨੂੰ ਸਮਝਾਉਣ ਵਾਸਤੇ ਕਹਿ ਰਹੇ ਹਨ: -
ਹੇ ਭਾਈ, ਵਾਹਿਗੁਰੂ, ਗੁਸਾਈਂ ਜੀ ਦੇ ਆਤਮਿਕ ਗਿਆਨ ਦੀ ਗੰਗਾ ਬੜੀ ਡੂੰਘੀ ਹੈ – ਬੜੀ ਗੰਭੀਰ ਹੈ। ਮੈਂ ਕਬੀਰ, ਗੋਸਾਈਂ ਜੀ ਦੇ ਆਤਮਿਕ ਗਿਆਨ ਦੀ ਗਹਿਰੀ ਗੰਗਾ ਦੇ ਕੰਢੇ ਉੱਪਰ ਅਗਿਆਨ ਰੂਪੀ ਜ਼ੰਜੀਰ ਨੂੰ ਹੱਥ ਵਿੱਚ ਪਕੜ ਕੇ ਖੜੋ ਗਿਆ (ਕਿਉਂਕਿ ਤਰਨਾ ਨਹੀਂ ਸੀ ਆਉਂਦਾ, ਤਰਨਾ ਕਿਉਂ ਨਹੀਂ ਸੀ ਆਉਂਦਾ? ਕਿਉਂਕਿ ਅਭਿਆਸ ਨਹੀਂ ਸੀ)। ‘ਮਨੁ ਨ ਡਿਗੈ’ - ਜੇਕਰ ਮਨ ਨਾਂਹ ਡੋਲੇ ਤਾਂ ਤਨ ਕਰਕੇ ਗੰਗਾ ਵਿੱਚ ਕੁੱਦਿਆ ਜਾ ਸਕਦਾ ਹੈ। ਤਨ ਕਰਕੇ, ਤਾਂ ਕੁੱਦਿਆ ਜਾ ਸਕਦਾ ਹੈ, ਜੇਕਰ ਅਭਿਆਸ ਕੀਤਾ ਹੋਵੇ, ਭਾਵ ਤਰਨਾ ਆਉਂਦਾ ਹੋਵੇ।
ਫਿਰ ਕਹਿੰਦੇ ਹਨ, ਕਿ ਮੈਂ ਗੋਸਾਈਂ ਜੀ ਦੇ ਆਤਮਿਕ ਗਿਆਨ ਦੀ ਗੰਗਾ ਦੇ ਚਰਨਾਂ ਵਿੱਚ ਚਿਤੁ ਜੋੜ ਕੇ ਅਭਿਆਸ ਕੀਤਾ, ਤਾਂ ਗੋਸਾਈਂ ਜੀ ਦੇ ਆਤਮਿਕ ਗਿਆਨ ਦੀ ਗੰਗਾ ਦੀ ਐਸੀ ਲਹਿਰ ਆਈ ਕਿ ਮੇਰੀ ਅਗਿਆਨਤਾ ਦੀ ਜ਼ੰਜੀਰ ਟੁੱਟ ਗਈ, ਅਤੇ ਮੈਂ ਆਤਮਿਕ ਗਿਆਨ ਦੀ ਗੰਗਾ ਅੰਦਰ ਕੁੱਦ ਪਿਆ ਅਤੇ ਡੂੰਘਿਆਈ ਵਿੱਚ ਗਿਆ। ਫਿਰ ਇਹ ਸੂਝ ਪਈ ਕਿ ਗੋਸਾਈਂ ਦੇ ਆਤਮਿਕ ਗਿਆਨ ਦੀ ਗੰਗਾ ਦਾ ਅਸਥਾਨ ਉੱਚਾ ਹੈ, ਸਰਵੋਤਮ ਹੈ ਭਾਵ ਪਵਿੱਤ੍ਰ ਹੈ। ਗੋਸਾਈਂ ਜੀ ਦੇ ਆਤਮਿਕ ਗਿਆਨ ਦੀ ਗੰਗਾ ਹੀ ਕਰਮਕਾਂਡੀ ਗੰਗਾ ਦੇ ਭਰਮ ਤੋਂ ਬਚਾ ਸਕਦੀ ਹੈ।
ਬਲਦੇਵ ਸਿੰਘ ਟੋਰਾਂਟੋ




.