ਸਾਡਾ ਇਤਿਹਾਸਕ ਵਿਰਸਾ
-ਜਸਵੰਤ ਸਿੰਘ ‘ਅਜੀਤ’
ਪੰਥ ਡਾਢੇ ਦਾ ਵੱਧਦਾ ਹੀ ਜਾਏ
ਬਾਬਾ ਬੰਦਾ ਸਿੰਘ ਬਹਾਦਰ ਅਤੇ
ਉਨ੍ਹਾਂ ਦੇ ਸੱਤ ਸੌ ਸੱਠ ਸਾਥੀਆਂ ਨੂੰ ਜਿਸਤਰ੍ਹਾਂ ਖੁਲ੍ਹੇ-ਆਮ ਅਸਹਿ ਅਤੇ ਅਕਹਿ ਤਸੀਹੇ ਦੇ ਕੇ
ਦਿੱਲੀ ਵਿੱਚ ਸ਼ਹੀਦ ਕੀਤਾ ਗਿਆ, ਉਸਦਾ ਮੁੱਖ ਮਨੋਰਥ ਇਹ ਹੀ ਸੀ ਕਿ ਸਿੱਖਾਂ ਅਤੇ ਉਨ੍ਹਾਂ ਦੇ
ਸਮਰਥਕਾਂ ਵਿੱਚ ਅਜਿਹਾ ਡਰ ਅਤੇ ਸਹਿਮ ਪੈਦਾ ਕਰ ਦਿੱਤਾ ਜਾਏ ਕਿ ਜਿਸਦੇ ਫ਼ਲਸਰੂਪ ਸਿੱਖ ਤਾਂ ਕੀ,
ਕੋਈ ਹੋਰ ਵੀ ਸਮੇਂ ਦੀ ਜ਼ਾਲਮ ਹਕੂਮਤ ਨੂੰ ਵੰਗਾਰਨ ਦਾ ਸਾਹਸ ਕਰਨ ਵਾਲਾ ਇਸ ਧਰਤੀ ਤੇ ਨਾ ਰਹੇ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਤੁਰੰਤ ਹੀ ਸਿੱਖਾਂ ਦੇ ਸ਼ਿਕਾਰ ਦੀ ਮੁਹਿੰਮ ਵੀ
ਸ਼ੁਰੂ ਕਰ ਦਿੱਤੀ ਗਈ, ਤਾਂ ਜੋ, ਜੇ ਕਿਧਰੇ ਹਕੂਮਤ ਦੀਆਂ ਨਜ਼ਰਾਂ ਤੋਂ ਬਚਿਆ ਜਾਂ ਲੁਕਿਆ ਛਿਪਿਆ ਕੋਈ
ਟਾਵਾਂ-ਟਾਵਾਂ ਸਿੱਖ ਵੀ ਬਾਕੀ ਰਹਿ ਗਿਆ ਹੋਇਆ ਹੈ, ਤਾਂ ਉਸਨੂੰ ਵੀ ਖ਼ਤਮ ਕਰਕੇ ਸਿੱਖਾਂ ਦਾ ਪੂਰੀ
ਤਰ੍ਹਾਂ ਹੀ ਖੁਰਾ-ਖੋਜ ਮਿਟਾ ਦਿਤਾ ਜਾਏ। ਇਸ ਸਮੇਂ ਦੀ ਸਥਿਤੀ ਦਾ ਵਰਣਨ ਕਰਦਿਆਂ ਭਾਈ ਰਤਨ ਸਿੰਘ
ਭੰਗੂ ਲਿਖਦੇ ਹਨ:
ਟੋਲ ਟੋਲ ਸਿੰਘਨ ਕੋ ਮਾਰੇ। ਜੈਸੇ ਮਾਰੇ ਟੋਲ ਸ਼ਿਕਾਰੇ
ਜੋ ਸਿੰਘਨ ਕੋ ਆਨ ਬਤਾਵੈ। ਤੁਰਤ ਅਨਾਮ ਸੁ ਤਾਹਿ ਦਿਵਾਵੈ।
ਇਸ ਤਰ੍ਹਾਂ ਪੰਜਾਬ ਵਿੱਚ ਅਜਿਹੇ ਹਾਲਾਤ ਬਣਾ ਦਿਤੇ ਗਏ, ਜਿਨ੍ਹਾਂ ਵਿੱਚ ਸਿੱਖਾਂ ਨੂੰ ਆਪਣੀ ਹੋਂਦ
ਕਾਇਮ ਰਖਣ ਦੇ ਲਈ ਸਿਰ ਛੁਪਾਈ ਜੰਗਲ਼ਾਂ ਵਿੱਚ ਭਟਕਦਿਆਂ ਰਹਿਣ `ਤੇ ਮਜਬੂਰ ਹੋਣਾ ਪੈ ਗਿਆ ਹੋਇਆ ਸੀ।
ਜਿਸ ਕਾਰਣ ‘ਰਾਤ ਤੁਰੇ ਦਿਨ ਰਹੈ ਲੁਕਾਇ’ ਵਾਲੀ ਹਾਲਤ ਬਣ ਗਈ ਸੀ। ਦੇਸ਼ ਦਾ ਪੱਤਾ-ਪੱਤਾ ਉਨ੍ਹਾਂ ਦਾ
ਵੈਰੀ ਹੋ ਗਿਆ ਸੀ।
ਸਿੱਖਾਂ ਪਾਸ ਕੋਈ ਅਜਿਹਾ ਆਗੂ ਵੀ ਨਹੀਂ ਸੀ ਰਹਿ ਗਿਆ ਹੋਇਆ, ਜੋ ਇਸ ਸੰਕਟ ਭਰੀ ਸਥਿਤੀ ਵਿਚੋਂ
ਉਭਰਨ ਦੇ ਲਈ ਉਨ੍ਹਾਂ ਦੀ ਬਾਂਹ ਫ਼ੜ ਸਕਦਾ, ਉਨ੍ਹਾਂ ਦਾ ਹੌਸਲਾ ਵਧਾ ਸਕਦਾ ਅਤੇ ਉਨ੍ਹਾਂ ਨੂੰ ਉਸਾਰੂ
ਤੇ ਸੁਚਾਰੂ ਅਗਵਾਈ ਦੇ ਸਕਦਾ।
ਇਸ ਸਮੇਂ ਨੂੰ ਹੋਰ ਵਧੇਰੇ ਸੰਕਟਪੂਰਣ ਬਣਾਉਣ ਲਈ ਇੱਕ ਪਾਸੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਭਰਾ
ਸੂਰਜ ਮਲ ਦਾ ਪੁੱਤਰ ਗੁਲਾਬ ਰਾਏ, ਗੰਗੋਸ਼ਾਹ ਦੀ ਸੰਤਾਨ ਵਿਚੋਂ ਖੜਕ ਸਿੰਘ ਅਤੇ ਮਾਤਾ ਸੁੰਦਰੀ ਜੀ
ਦੇ ਗੋਦ ਲਏ ਪੁੱਤਰ ਅਜੀਤ ਸਿੰਘ ਗੱਦੀਆਂ ਲਾ ਬੈਠੇ ਤੇ ਆਪਣੇ ਆਪਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਦਾ ਵਾਰਸ ਪ੍ਰਚਾਰ ਕੇ ਸਿੱਖ-ਪੰਥ ਨੂੰ ਗ਼ੁਮਰਾਹ ਕਰਨ ਲਗ ਪਏ। ਉਨ੍ਹਾਂ ਤੋਂ ਪਹਿਲਾਂ ਇਸੇ ਕੰਮ ਵਿੱਚ
ਰੁਝੇ ਹਿੰਦਾਲੀਏ, ਮੀਣੇ, ਧੀਰਮਲੀਏ ਅਤੇ ਰਾਮਰਾਈਏ ਵੀ ਮੌਕੇ ਦਾ ਲਾਭ ਉਠਾਣ ਦੇ ਲਈ ਹੋਰ ਵੀ ਵਧੇਰੇ
ਸਰਗਰਮ ਹੋ ਗਏ।
ਦੂਜੇ ਪਾਸੇ ਹਕੂਮਤ ਵਲੋਂ ਸਿੱਖੀ ਦੇ ਪ੍ਰਚਾਰ ਉਤੇ ਹਰ ਤਰ੍ਹਾਂ ਦੀ ਪਾਬੰਧੀ ਲਾ ਦਿੱਤੀ ਗਈ। ਇਥੋਂ
ਤਕ ਕਿ ‘ਗੁੜ’ ਨੂੰ ‘ਗੁੜ’ ਅਤੇ ਕਿਸੇ ਪੁਸਤਕ ਨੂੰ ‘ਗ੍ਰੰਥ’ ਨਹੀਂ ਸੀ ਆਖਿਆ ਜਾ ਸਕਦਾ, ਕਿਉਂਕਿ
ਅਜਿਹਾ ਕਰਨ ਨਾਲ ‘ਗੁਰੂ’ ਅਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਯਾਦ ਆਉਣ ਦੀ ਸੰਭਾਵਨਾ ਬਣ ਸਕਦੀ
ਸੀ। ਧਰਮ ਪ੍ਰਚਾਰ ਦੇ ਰਸਤੇ ਵਿੱਚ ਖੜੀਆਂ ਕੀਤੀਆਂ ਗਈਆਂ ਇਤਨੀਆਂ ਰੁਕਾਵਟਾਂ ਦੇ ਬਾਵਜੂਦ ਨਿਰਮਲੇ
ਸਾਧੂ ਅਤੇ ਸੇਵਾ ਪੰਥੀ ਸੰਤ ਸਹਿਜੇ-ਸਹਿਜੇ ਸਿੱਖੀ ਦੇ ਪ੍ਰਚਾਰ ਵਿੱਚ ਜੁਟੇ ਹੋਏ ਸਨ। ਯਾਤਰਾਵਾਂ
ਕਰਦਿਆਂ ਉਹ ਲੋਕਾਂ ਨੂੰ ਸਿੱਖਾਂ ਦੀਆਂ ਸ਼ਹੀਦੀਆਂ ਅਤੇ ਉਨ੍ਹਾਂ ਵਲੋਂ ਮਨੁਖਾ ਧਰਮ ਦੀ ਰਖਿਆ ਲਈ
ਕੀਤੀਆਂ ਜਾ ਰਹੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਉਂਦੇ ਜਾ ਰਹੇ ਸਨ। ਇਨ੍ਹਾਂ ਦਾ ਪ੍ਰਚਾਰ
ਦਬਿਆ-ਘੁਟਿਆ ਹੋਇਆ ਸੀ, ਜਦਕਿ ਇਸ ਦੇ ਮੁਕਾਬਲੇ `ਤੇ ਆਪਣੇ ਆਪ ਗੁਰੂ ਬਣ ਬੈਠੇ ਪਖੰਡੀਆਂ ਦਾ
ਪ੍ਰਚਾਰ ਖੁਲ੍ਹੇ-ਆਮ ਹੋ ਰਿਹਾ ਸੀ। ਜਿਸਦਾ ਨਤੀਜਾ ਇਹ ਹੋਇਆ ਕਿ ਪਖੰਡ ਵੱਧ ਗਿਆ। ਜਿਸ ਦੇ ਨਾਲ ਆਮ
ਸਿੱਖ ਭੰਬਲ-ਭੂਸੇ ਵਿੱਚ ਪੈ ਗਿਆ, ਉਸਨੂੰ ਸਮਝ ਹੀ ਨਹੀਂ ਸੀ ਆ ਰਹੀ ਕਿ ਉਹ ਕਿਸ ਨੂੰ ਗੁਰੂ ਮੰਨੇ
ਤੇ ਕਿਸਦੀਆਂ ਸਿੱਖਿਆਵਾਂ ਪੁਰ ਨੂੰ ਅਮਲ ਕਰੇ।
ਸਿੱਖ ਪੰਥ ਵਿੱਚ ਫੁੱਟ: ਗੁਰਦਾਸ ਨੰਗਲ ਦੇ ਘੇਰੇ ਸਮੇਂ ਹੀ ਸਿੱਖ ਪੰਥ ਵਿੱਚ ਫੁੱਟ ਪੈ ਗਈ ਸੀ।
ਬਾਬਾ ਬਿਨੋਦ ਸਿੰਘ ਦੇ ਆਪਣੇ ਸਾਥੀਆਂ ਸਮੇਤ, ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਛੱਡ ਜਾਣ ਅਤੇ ਉਸ
ਪਿਛੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਕੇ ਸਾਥੀਆਂ ਸਮੇਤ ਦਿੱਲੀ ਵਿੱਚ ਸ਼ਹੀਦ ਕਰ
ਦਿਤੇ ਜਾਣ ਤੋਂ ਬਾਅਦ, ਤੱਤ ਖਾਲਸਾ ਅਤੇ ਬੰਦਈ ਖਾਲਸਾ ਦੇ ਰੂਪ ਵਿੱਚ ਦੋ ਧੜੇ ਆਹਮੋ-ਸਾਹਮਣੇ ਖੜੇ
ਹੋ ਗਏ ਅਤੇ ਇਕ-ਦੂਜੇ ਨੂੰ ਨੁਕਸਾਨ ਪਹੁੰਚਾਣ ਦੀਆਂ ਸਾਜ਼ਸ਼ਾਂ ਦਾ ਸ਼ਿਕਾਰ ਬਣਨ ਲਗੇ।
ਦੁਸ਼ਮਣ ਬਨਾਮ ਸਾਥੀ: ਸਿੱਖਾਂ ਵਿੱਚ ਪੈਦਾ ਹੋਈ ਇਸ ਫੁਟ ਦੇ ਕਾਰਣ ਇਕ-ਦੂਜੇ ਨੂੰ ਨੁਕਸਾਨ ਪਹੁੰਚਾਣ
ਦੀਆਂ ਹੋ ਰਹੀਆਂ ਸਾਜ਼ਸ਼ਾਂ ਤੋਂ ਲਾਭ ਉਠਾਣ ਲਈ ਸਮੇਂ ਦੀ ਹਕੂਮਤ ਵੀ ਵਧੇਰੇ ਜ਼ੋਰ ਦੇ ਨਾਲ ਹਰਕਤ ਵਿੱਚ
ਆ ਗਈ। ਉਸਨੇ ਸਿੱਖਾਂ ਦਾ ਖੁਰਾ-ਖੋਜ ਮਿਟਾ ਦੇਣ ਲਈ ਸ਼ੁਰੂ ਕੀਤੀ ਗਈ ਹੋਈ, ਮੁਹਿੰਮ ਵਿੱਚ ਤੇਜ਼ੀ ਲੈ
ਆਂਦੀ। ਜੰਗਲੀ ਜਾਨਵਰਾਂ ਵਾਂਗ ਟੋਹ ਲੈ ਕੇ ਉਨ੍ਹਾਂ ਦਾ ਸ਼ਿਕਾਰ ਕੀਤਾ ਜਾਣ ਲਗਾ। ਇਹੀ ਨਹੀਂ ਉਨ੍ਹਾਂ
ਦੇ ਸਿਰਾਂ ਦੇ ਮੁੱਲ ਵੀ ਨਿਸ਼ਚਿਤ ਕਰ ਦਿੱਤੇ ਗਏ। ਸਿੱਖਾਂ ਦਾ ਪਤਾ ਦਸਣ ਵਾਲੇ ਨੂੰ ਦੱਸ ਰੁਪਏ ਅਤੇ
ਉਨ੍ਹਾਂ ਦਾ ਸਿਰ ਵੱਡ ਲਿਆਉਣ ਵਾਲੇ ਨੂੰ ਅੱਸੀ ਰੁਪਏ ਦਿੱਤੇ ਜਾਂਦੇ ਸਨ। ‘ਪ੍ਰਾਚੀਨ ਪੰਥ ਪ੍ਰਕਾਸ਼’
ਦੇ ਲੇਖਕ ਦੇ ਸ਼ਬਦਾਂ ਵਿਚ: ਲੁੱਟ ਮਾਰ ਸਿੰਘ ਸੁ ਪਾਵਾ। ਸਿਰ ਪਰ ਹੋਵੈਂ ਜਿਸ ਕੇ ਕੇਸ। ਰਹਿਣ ਨਾ
ਦੇਣੋਂ ਆਪਣੇ ਦੇਸ।
ਹੋਰ: ਦੱਸਣ ਵਾਲੇ ਦਸ ਰੁਪਏ। ਔਰ ਮਾਰਨ ਵਾਲੇ ਪਚਾਸ। ਯਹ ਲਾਲਚ ਤੁਰਕਨ ਦਯੋ। ਤਬ ਬਹੁਤ ਸਿੰਘਨ ਭਯੋ
ਨਾਸ਼।
ਜਦੋਂ ਇਹ ਸਥਿਤੀ ਆ ਗਈ ਤਾਂ ਆਪਣੇ ਵੀ ਬੇਗਾਨੇ ਹੋ ਗਏ। ਪੱਤਾ-ਪੱਤਾ ਸਿੱਖਾਂ ਦਾ ਵੈਰੀ ਹੋ ਗਿਆ।
ਜਿਨ੍ਹਾਂ ਦੇ ਧਰਮ ਦੀ ਰਖਿਆ ਲਈ ਗੁਰੂ ਸਾਹਿਬਾਨ ਨੇ ਸ਼ਹਾਦਤਾਂ ਦਿੱਤੀਆਂ ਸਨ ਅਤੇ ਸਿੱਖ ਆਪਣੇ
ਘਰ-ਬਾਰ ਛੱਡ ਅਤੇ ਸੁੱਖ-ਆਰਾਮ ਤਿਆਗ ਕੇ ਦੁਸ਼ਮਣਾ ਦੇ ਨਾਲ ਜੂਝ ਰਹੇ ਸਨ, ਉਨ੍ਹਾਂ ਵਿੱਚੋਂ ਵੀ ਕੁੱਝ
ਡਰ ਕੇ ਅਤੇ ਕੁੱਝ ਲਾਲਚ-ਵਸ, ਉਨ੍ਹਾਂ ਦੇ ਦੁਸ਼ਮਣਾਂ ਦੇ ਨਾਲ ਜਾ ਮਿਲੇ ਸਨ। ਇਸਦੇ ਬਾਵਜੂਦ ਕਈ
ਅਜਿਹੇ ਵੀ ਸਨ, ਜੋ ਸਿੱਖਾਂ ਦੀ ਮੱਦਦ ਕਰਨ ਲਈ ਆਪਣੀਆਂ ਜਾਨਾਂ ਹੂਲਣ ਵਾਸਤੇ ਵੀ ਤਿਆਰ ਸਨ। ਜਿੱਥੇ
ਸਾਹਿਬ ਰਾਏ, ਹਰਿਭਗਤ ਨਿਰੰਜਨੀਆ, ਜਸਪਤ ਰਾਏ, ਲੱਖਪਤ ਰਾਏ ਅਤੇ ਛੀਨੇ ਦਾ ਕਰਮਾ ਆਦਿ ਸਿੱਖਾਂ ਦਾ
ਖੁਰਾ-ਖੋਜ ਮਿਟਾਉਣ ਵਿੱਚ ਹਕੂਮਤ ਦਾ ਸਾਥ ਦੇ ਰਹੇ ਸਨ, ਉਥੇ ਹੀ ਸਿੱਖਾਂ ਨੂੰ ਹੱਕ, ਇਨਸਾਫ਼ ਅਤੇ
ਮਜ਼ਲੂਮਾਂ ਤੇ ਬੇਸਹਾਰਿਆਂ ਦੇ ਲਈ ਜਾਨਾਂ ਹੂਲਦਿਆਂ ਵੇਖ ਕੇ ਦੀਵਾਨ ਕੌੜਾ ਮਲ ਅਤੇ ਅਗਿਯਾਰ ਗੌਂਸ
ਆਦਿ ਵਰਗੇ ਕਈ ਹਿੰਦੂ ਅਤੇ ਮੁਸਲਮਾਣ ਸਿੱਖਾਂ ਦੇ ਮਦਦਗਾਰ ਵੀ ਬਣੇ ਹੋਏ ਸਨ।
ਸੰਕਟ ਭਰੇ ਇਸ ਸਮੇਂ ਵਿੱਚ ਸਿੱਖਾਂ ਦੀ ਮੱਦਦ ਕਰਨ ਵਾਲੀ ਹਿੰਦੂਆਂ ਦੀ ਇੱਕ ਅਜਿਹੀ ਸ਼੍ਰੇਣੀ ਤਿਆਰ
ਹੁੰਦੀ ਗਈ, ਜੋ ਬਾਅਦ ਵਿੱਚ ‘ਸਹਿਜਧਾਰੀਆਂ’ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਈ। ਇਹ ਹਿੰਦੂ
ਮਹਿਸੂਸ ਕਰਦੇ ਸਨ ਕਿ ਸਿੱਖ ਜਿਸ ਉਦੇਸ਼ ਦੇ ਲਈ ਜੂਝਦੇ ਹੋਏ ਜੰਗਲ-ਜੰਗਲ ਭਟਕਣ ਲਈ ਮਜਬੂਰ ਹੋ ਰਹੇ
ਹਨ, ਉਹ ਦੇਸ਼, ਧਰਮ ਅਤੇ ਗ਼ਰੀਬ-ਮਜ਼ਲੂਮਾਂ ਤੇ ਬੇਸਹਾਰਿਆਂ ਦੀ ਰਖਿਆ ਦਾ ਉਦੇਸ਼ ਹੈ। ਇਹੀ ਕਾਰਣ ਹੈ ਕਿ
ਉਹ ਸਮਝਦੇ ਸਨ ਕਿ ‘ਸਿੱਖ ਛੁਡਾਵਣ ਹੈ ਬਡ ਧਰਮ। ਗਊ ਬ੍ਰਾਹਮਣ ਤੇ ਸੋ ਗੁਨ ਕਰਮ। ਹਾਲਾਂਕਿ ਹਕੂਮਤ
ਦੀ ਜ਼ਾਲਮ ਸੋਚਣੀ ਅਤੇ ਸਿੱਖਾਂ ਦਾ ਖੁਰਾ-ਖੋਜ ਮਿਟਾ ਦੇਣ ਦੀ ਨੀਤੀ ਦੇ ਫਲਸਰੂਪ, ਉਨ੍ਹਾਂ ਦੀ ਮੱਦਦ
ਲਈ ਕੋਈ ਖੁਲ੍ਹ ਕੇ ਸਾਹਮਣੇ ਆਉੇਣ ਲਈ ਤਿਆਰ ਨਹੀਂ ਸੀ ਹੁੰਦਾ। ਹਿੰਦੂਆਂ ਅਤੇ ਮੁਸਲਮਾਣਾਂ ਵਲੋਂ ਜੋ
ਵੀ ਸਹਾਇਤਾ ਕੀਤੀ ਜਾਂਦੀ ਉਹ ਲੁਕੀ-ਛੁਪੀ ਹੁੰਦੀ ਸੀ। ਉਨ੍ਹਾਂ ਨੂੰ ਇਸ ਗਲ ਦਾ ਡਰ ਹੁੰਦਾ ਸੀ ਕਿ
ਜੇ ਕਿਧਰੇ ਹਕੂਮਤ ਨੂੰ ਪਤਾ ਲਗ ਗਿਆ ਕਿ ਉਹ ਸਿੱਖਾਂ ਦੀ ਮੱਦਦ ਕਰ ਰਹੇ ਹਨ, ਤਾਂ ਉਹ ਵੀ ਉਸਦੇ
ਜ਼ੁਲਮ ਦਾ ਸ਼ਿਕਾਰ ਹੋਣੋਂ ਬਚ ਨਹੀਂ ਸਕਣਗੇ। ਇਸੇ ਡਰ ਅਤੇ ਸਹਿਮ ਦਾ ਹੀ ਸਿੱਟਾ ਸੀ ਕਿ ਸਿੱਖਾਂ
ਪ੍ਰਤੀ ਹਮਦਰਦੀ ਅਤੇ ਉਨ੍ਹਾਂ ਨੂੰ ਬਚਾਉਣ ਦੀ ਪ੍ਰਬਲ ਇੱਛਾ ਹੋਣ ਦੇ ਬਾਵਜੂਦ, ਉਨ੍ਹਾਂ ਦੇ ਹਮਦਰਦ,
ਹਿੰਦੂ ਅਤੇ ਮੁਸਲਮਾਣ, ਉਨ੍ਹਾਂ ਦੇ ਲਈ ਬਹੁਤ ਕੁੱਝ ਨਹੀਂ ਸੀ ਕਰ ਪਾ ਰਹੇ।
ਮਿਟਾਏ ਨਾ ਜਾ ਸਕੇ: ਦੇਸ਼ ਦਾ ਪੱਤਾ-ਪੱਤਾ ਦੁਸ਼ਮਣ ਹੋ ਜਾਣ ਅਤੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ
ਚਲਾਈਆਂ ਗਈਆਂ ਮੁਹਿੰਮਾਂ ਦੇ ਬਾਵਜੂਦ ਸਿੱਖਾਂ ਦਾ ਖੁਰਾ-ਖੋਜ ਮਿਟਾਇਆ ਨਾ ਜਾ ਸਕਿਆ। ਭਾਈ ਕੇਸਰ
ਸਿੰਘ ਛਿੱਬਰ ਦੇ ਸਬਦਾਂ ਵਿਚ: ‘ਲੱਖ ਹਜ਼ਾਰ ਸਿੱਖ ਤੁਰਕਾਂ ਖਪਾਏ। ਪਰ ਪੰਥ ਡਾਢੇ ਪੁਰਖ ਦਾ ਵੱਧਦਾ
ਹੀ ਜਾਏ’।
ਉਸ ਸਮੇਂ ਦੀ ਭਿਆਨਕ ਸਥਿਤੀ ਨੂੰ ਗੰਭੀਰਤਾ ਨਾਲ ਘੋਖਿਆਂ ਹੈਰਾਨੀ ਹੁੰਦੀ ਹੈ ਕਿ ਇਹ ਸਭ ਕੁੱਝ
ਕਿਵੇਂ ਹੋਇਆ? ਕੀ ਇਸਦੇ ਪਿੱਛੇ ਕੋਈ ਗ਼ੈਬੀ ਸ਼ਕਤੀ ਕੰਮ ਕਰ ਰਹੀ ਸੀ?
ਇਤਿਹਾਸ ਦਸਦਾ ਹੈ ਕਿ ਅਜਿਹੇ ਭਿਆਨਕ ਸੰਕਟ ਭਰੇ ਸਮੇਂ ਵਿੱਚ ਉਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਬਣਾਈ
ਰਖਣ ਦੇ ਕਈ ਕਾਰਣ ਸਨ। ਸਭ ਤੋਂ ਵੱਡਾ ਕਾਰਣ ਇਹ ਸੀ ਕਿ ਉਹ ਸਮਝਦੇ ਸਨ ਕਿ ਜੋ ਕੁੱਝ ਹੋ ਰਿਹਾ ਹੈ,
ਗੁਰੂ ਦੇ ਭਾਣੇ ਵਿੱਚ ਹੀ ਹੋ ਰਿਹਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ
ਸਾਹਿਬ ਅਤੇ ਚਹੁੰ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਛੀਵਾੜੇ
ਜੰਗਲਾਂ ਵਿੱਚ ਵਿਚਰਨ ਨਾਲ ਸਬੰਧਤ ਕਥਾਵਾਂ, ਉਨ੍ਹਾਂ ਦੇ ਵਿਸ਼ਵਾਸ ਅਤੇ ਸਹਿਣਸ਼ਕਤੀ ਨੂੰ ਦ੍ਰਿੜ੍ਹ
ਕਰਦੀਆਂ ਸਨ: ‘ਸਿੱਖ ਬਾਤ ਬਾਤ ਮੇਂ ਇਹੀ ਅਲੈ ਹੈਂ। ਜੁ ਗੁਰੂ ਕਰਹੈ ਸੋਈ ਹੋਹੈਂ’।
ਉਨ੍ਹਾਂ ਦੀ ਇਸਤਰ੍ਹਾਂ ਦੀ ਚੜ੍ਹਦੀਕਲਾ ਦੀ ਸੋਚਣੀ, ਉਨ੍ਹਾਂ ਦੇ ਵਿਸ਼ਵਾਸ ਅਤੇ ਹੌਂਸਲੇ ਨੂੰ
ਡਗਮਗਾਉਣ ਦੀ ਬਜਾਏ, ਹਰ ਤਰ੍ਹਾਂ ਦੇ ਜ਼ੁਲਮ ਦਾ ਟਾਕਰਾ ਕਰਨ ਦੇ ਲਈ, ਉਨ੍ਹਾਂ ਵਿਚਲੇ ਆਤਮ-ਵਿਸ਼ਵਾਸ
ਨੂੰ ਦ੍ਰਿੜ੍ਹ ਕਰ ਕੇ, ਉਨ੍ਹਾਂ ਨੂੰ ਜੋਸ਼ ਭਰਪੂਰ ਸ਼ਕਤੀ ਦੇ ਰਹੀ ਸੀ। ਗੁਰੂ ਸਾਹਿਬਾਨ ਦੇ
ਜੀਵਨ-ਕਾਰਜਾਂ ਤੇ ਸਿੱਖਾਂ ਦੀਆਂ ਸ਼ਹਾਦਤਾਂ ਨਾਲ ਭਰਪੂਰ ਇਤਿਹਾਸ ਉਨ੍ਹਾਂ ਦੀ ਪ੍ਰੇਰਨਾ ਦਾ ਸ੍ਰੋਤ
ਸੀ।
ਕਾਜੀ ਨੂਰ ਮੁਹੰਮਦ, ਜੋ ਆਪਣੀਆਂ ਲਿਖਤਾਂ ਵਿੱਚ ਨਫ਼ਰਤ ਦੇ ਨਾਲ ਸਿੱਖਾਂ ਨੂੰ ਸੱਗ (ਕੁੱਤੇ) ਲਿਖਦਾ
ਹੈ, ਉਹ ਵੀ ਇਸ ਸੰਕਟ-ਪੂਰਣ ਸਮੇਂ ਵਿੱਚ ਉਨ੍ਹਾਂ ਦੇ ਆਚਰਣ ਦੀ ਉੱਚਤਾ ਵੇਖ ਕੇ ਇਹ ਲਿਖਣੋਂ
ਆਪਣੇ-ਆਪ ਨੂੰ ਰੋਕ ਨਹੀਂ ਸਕਿਆ, ਕਿ ‘ਸ਼ਾਬਾਸ਼, ਉਹ ਸੱਗਾਂ ਦੀ ਕੌਮ, ਜੋ ਦੁਸ਼ਮਣ ਦੀ ਮਾਂ-ਬੇਟੀ ਨੂੰ
ਵੀ ਆਪਣੀ ਮਾਂ-ਬੇਟੀ ਸਮਝਦੀ ਹੈ’।
ਇਹੀ ਉਹ ਕਾਰਣ ਸਨ, ਜਿਨ੍ਹਾਂ ਦੇ ਫਲਸਰੂਪ ਆਮ ਲੋਕਾਂ ਦੇ ਦਿਲ ਵਿੱਚ ਸਿੱਖਾਂ ਦੇ ਲਈ ਹਮਦਰਦੀ ਅਤੇ
ਜਜ਼ਬਾਤੀ ਲੋਕਾਂ ਦੇ ਦਿਲ ਵਿੱਚ ਸਿੱਖ ਬਣਨ ਦੀ ਲਾਲਸਾ ਪੈਦਾ ਹੁੰਦੀ ਰਹੀ। ਅਬਦੁਸਮਦ ਖ਼ਾਨ ਅਤੇ ਜ਼ਕਰੀਆ
ਖ਼ਾਨ ਆਦਿ ਵਰਗੇ ਜ਼ਾਲਮ ਹੁਕਮਰਾਨਾਂ ਦੇ ਬੇ-ਬਹਾ ਜ਼ੁਲਮੀ ਤੂਫ਼ਾਨਾਂ ਵਿੱਚ ਵੀ, ਇਸੇ ਭਾਵਨਾ ਨੇ ਸਿੱਖੀ
ਜਜ਼ਬੇ ਦੀ ਜੋਤ ਨੂੰ ਬੁਝਣ ਨਹੀਂ ਦਿੱਤਾ।
ਇਸੇ ਰੋਸ਼ਨੀ ਵਿੱਚ ਕੇਸਰ ਸਿੰਘ ਛਿੱਬਰ ਦੇ ਇਹ ਸ਼ਬਦ ਫਿਰ ਦੁਹਰਾਏ ਜਾ ਸਕਦੇ ਹਨ:
‘ਲੱਖ ਹਜ਼ਾਰ ਸਿੱਖ ਤੁਰਕਾਂ ਖਪਾਏ। ਪਰ ਪੰਥ ਡਾਢੇ ਪੁਰਖ ਦਾ ਵੱਧਦਾ ਹੀ ਜਾਏ’। ੦੦੦੦
-ਜਸਵੰਤ ਸਿੰਘ ‘ਅਜੀਤ’
(Mobile: +91 98 68 91 77 31) Address: 64-C, U&V/B, Shalimar Bagh, DELHI-110088